ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਸੱਤੇ ਬਲਵੰਡ ਦੀ ਵਾਰ ਦਾ ਤੱਤਸਾਰ
ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆਂ ਨੂੰ ਉੱਚਾ, ਤਰਕ ਸੰਗਤ, ਸਾਰੇ ਹੀ ਝੂਠੇ
ਬੰਧਨਾ ਤੋਂ ਮੁਕਤੀ ਦਿਵਾਉਣ ਵਾਲਾ, ਆਪਸੀ ਈਰਖਾ ਤੋਂ ਰਹਿਤ, ਭਾਈਚਾਰਕ ਸਾਂਝਾਂ ਵਧਾਉਣ ਵਾਲਾ ਤੇ
ਮਨੁੱਖੀ ਹੱਕਾਂ ਨੂੰ ਅਜ਼ਾਦੀ ਦਿਵਾਉਣ ਵਾਲਾ ਆਲਮਗੀਰੀ ਫ਼ਲਸਫ਼ਾ ਦਿੱਤਾ ਹੈ। ਇਸ ਦੀ ਅਧਾਰਸ਼ਿਲਾ ਇੱਕ
ਅਕਾਲਪੁਰਖ ਦੇ ਗੁਣਾਂ `ਤੇ ਰੱਖੀ ਹੈ। ਜੇਹੋ ਜੇਹਾ ਅਕਾਲਪੁਰਖ ਹੈ ਉਹ ਜੇਹਾ ਹੀ ਮਨੁੱਖ ਨੇ ਆਪਣੇ
ਜੀਵਨ ਵਿੱਚ ਬਣਨਾ ਹੈ।
ਭਾਰਤ ਵਿੱਚ ਮਨੁੱਖਤਾ ਦੀਆਂ ਚਾਰ ਪ੍ਰਕਾਰ ਦੀਆਂ ਵੰਡੀਆਂ ਪਈਆਂ ਹੋਈਆਂ ਸਨ।
ਬ੍ਰਾਹਮਣ ਭਾਵ ਉੱਚ ਸ਼੍ਰੇਣੀ ਵਾਲੇ ਲੋਕ, ਸ਼ੂਦਰਾਂ ਦੇ ਪਰਛਾਵੇਂ ਤੋਂ ਵੀ ਡਰਦੇ ਸਨ। ਇਹਨਾਂ ਲੋਕਾਂ
ਨੂੰ ਵਿਦਿਆ ਤੋਂ ਕੋਰੇ ਰੱਖਿਆ ਹੋਇਆ ਸੀ। ਖਲੋਤੇ ਪਾਣੀ ਵਿੱਚ ਇਨ੍ਹਾਂ ਨੂੰ ਇਸ਼ਨਾਨ ਕਰਨ ਦਾ ਕੋਈ
ਅਧਿਕਾਰ ਨਹੀਂ ਸੀ। ਸਮਾਜ ਵਿੱਚ ਪਸਰੀ ਹਰ ਪ੍ਰਕਾਰ ਦੀ ਈਰਖਾ ਤੇ ਵਿਤਕਰਿਆਂ ਭਰਪੂਰ ਜ਼ਿੰਦਗੀ ਤੋਂ
ਨਾਨਕਈ ਵਿਚਾਰਧਾਰਾ ਨੇ ਅਜ਼ਾਦੀ ਦਿਵਾਈ ਹੈ।
ਨਾਨਕਈ ਫ਼ਲਸਫੇ ਦੀ ਇੱਕ ਬਹੁਤ ਅਹਿਮ ਵਿਸ਼ਾਲਤਾ ਹੈ ਕਿ ਉਹਨਾਂ ਮਹਾਨ
ਵਿਦਵਾਨਾਂ ਦੇ ਰੱਬੀ ਵਿਚਾਰਾਂ ਨੂੰ ਇਕੱਠਿਆਂ ਕੀਤਾ ਜਿਹੜੀ ਸਮੁੱਚੀ ਮਨੁੱਖਤਾ ਦੀ ਅਗਵਾਈ ਕਰਦੇ ਸਨ।
ਭਾਵ ਜਿਹੜੀ ਵਿਚਾਰਧਾਰਾ ਗੁਰਮਤ ਸਿਧਾਂਤ ਨਾਲ ਮੇਲ ਖਾਂਦੀ ਸੀ ਉਸ ਵਿਚਾਰਧਾਰਾ ਨੂੰ ਪਿਆਰ ਗਲਵੱਕੜੀ
ਵਿੱਚ ਲੈ ਕੇ ਨਵੀਂ ਕ੍ਰਾਤੀ ਨੂੰ ਜਨਮ ਦਿੱਤਾ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਸਭ ਕੱਚੀਆਂ ਤੇ ਗੈਰ ਕੁਦਰਤੀ ਧਾਰਨਾਵਾਂ
ਨੂੰ ਰੱਦ ਕੀਤਾ ਹੈ ਜਿਹੜੀਆਂ ਤਰਕ ਸੰਗਤ ਨਹੀਂ ਸਨ। ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦੇ ਗੁਣਾਂ ਦੀ
ਗੱਲ ਕਰਦਿਆਂ ਸਮਝਾਇਆ ਹੈ ਕਿ ਅਸਾਂ ਆਪਣੇ ਜੀਵਨ ਨੂੰ ਸਚਿਆਰ ਬਣਾ ਕੇ ਸਫਲ ਬਣਾਉਣਾ ਹੈ। ਸਚਿਆਰ ਦੀ
ਬੁਨਿਆਦ ਸੰਤੋਖ, ਧਰਮ ਤੇ ਦਇਆ ਤੇ ਰੱਖੀ ਹੈ। ਸਭ ਤੋਂ ਵੱਡੀ ਤੇ ਅਹਿਮ ਗੱਲ, ਮਨੁੱਖ ਨੇ ਰੱਬੀ
ਗੁਣਾਂ ਦਾ ਧਾਰਨੀ ਹੋ ਕੇ ਕੂੜ ਦੀ ਦੀਵਾਰ ਨੂੰ ਤੋੜਨਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਇੱਕ ਹੋਰ
ਵਡੱਪਣਾ ਹੈ ਕਿ ਉਨ੍ਹਾਂ ਨੇ ਕਦੇ ਕਿਸੇ ਨੂੰ ਇਹ ਨਹੀਂ ਕਹਿਆ ਕਿ ਤੂੰ ਆਪਣਾ ਮਤ ਤਿਆਗ ਕੇ ਮੇਰੇ ਮੱਤ
ਦਾ ਧਾਰਨੀ ਹੋ ਜਾ। ਗੁਰੂ ਸਾਹਿਬ ਜੀ ਨੇ ਤਾਂ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਲਿਆ ਜਿੱਥੇ ਵੀ
ਤੂੰ ਹੈਂ ਰਹੋ, ਪਰ ਇੱਕ ਚੰਗਾ ਇਨਸਾਨ ਬਣਨ ਦਾ ਯਤਨ ਜਾਰੀ ਰੱਖੀਂ—
ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ।। ਜਪੁ ਤਪੁ ਸੰਜਮੁ ਕਮਾਵੈ ਕਰਮੁ।।
ਅਤੇ
ਖਤ੍ਰੀ ਸੋ ਜੁ ਕਰਮਾ ਕਾ ਸੂਰੁ।। ਪੁੰਨ ਦਾਨ ਕਾ ਕਰੈ ਸਰੀਰੁ॥
ਪੰਡਤ ਜੀ ਨੂੰ ਇਹ ਨਹੀਂ ਕਹਿਆ ਕਿ ਤੂੰ ਜਨੇਊ ਨਾ ਧਾਰਨ ਕਰ ਸਗੋਂ ਸਮਝਾਇਆ
ਹੈ ਆ ਮੈਂ ਤੈਨੂੰ ਦੱਸਾਂ ਕਿ ਅਸਲੀ ਜਨੇਊ ਕਿਹੜਾ ਹੈ ਤੇ ਤੂੰ ਉਸ ਜਨੇਊ ਨੂੰ ਆਤਮਕ ਤਲ਼ `ਤੇ ਸੰਭਾਲਣ
ਦਾ ਯਤਨ ਕਰ। ਏਸੇ ਤਰ੍ਹਾਂ ਮੁਸਲਮਾਨ ਵੀਰ ਤੇ ਜੋਗੀ ਨੂੰ ਸਿੱਖਿਆ ਦਿੱਤੀ ਹੈ। ਸਾਰਿਆਂ ਲਈ ਸਾਂਝਾ
ਉਪਦੇਸ਼ ਹੈ---
ਬਾਬਾ, ਏਹੁ ਲੇਖਾ ਲਿਖਿ ਜਾਣੁ।।
ਜਿਥੈ ਲੇਖਾ ਮੰਗੀਐ, ਤਿਥੈ ਹੋਇ ਸਚਾ ਨੀਸਾਣੁ।। ੧।। ਰਹਾਉ।।
ਸਿਰੀ ਰਾਗ ਮਹਲਾ ੧ ਪੰਨਾ ੧੬
ਅੱਖਰੀਂ ਅਰਥ--ਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ। ਜਿਸ ਥਾਂ (ਜ਼ਿੰਦਗੀ
ਵਿੱਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ।
ਪ੍ਰੋ. ਪੂਰਨ ਸਿੰਘ ਨੇ ਇੱਕ ਜਗ੍ਹਾ ਬੜਾ ਪਿਆਰ ਖ਼ਿਆਲ ਦਿੱਤਾ ਹੈ ਕਿ ਗੁਰੂ
ਨਾਨਕ ਸਾਹਿਬ ਜੀ ਦਾ ਨਾਂ ਕਾਗਜ਼ `ਤੇ ਲਿਖਣ ਨਾਲ ਹੀ ਕਾਗਜ਼ ਖੂਬਸੂਰਤ ਹੋ ਜਾਂਦਾ ਹੈ ਤੇ ਜੇ ਉਨ੍ਹਾਂ
ਦਾ ਉਪਦੇਸ਼ ਕੋਈ ਧਾਰਨ ਕਰ ਲਵੇ ਤਾਂ ਜ਼ਿੰਦਗੀ ਚੰਦਨ ਦੀ ਖੁਸ਼ਬੂਈ ਨਾਲ ਭਰੀ ਜਾਂਦੀ ਹੈ।
ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾਂ ਸਾਰੀ ਮਨੁੱਖਤਾ ਲਈ ਸਾਂਝਾ ਹੈ।
ੳਨ੍ਹਾਂ ਨੇ ਨਫ਼ਰਤ ਦੀ ਵਲ਼ਗਣ ਨੂੰ ਤੋੜਿਆ ਹੈ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਜਿਸ ਨਫਰਤ ਦੀ ਵਲ਼ਗਣ
ਵਿਚੋਂ ਸਾਨੂੰ ਬਾਹਰ ਕੱਢਿਆ ਸੀ ਅੱਜ ਉਸ ਤੋਂ ਵੀ ਵੱਡੀ ਵਲ਼ਗਣ ਅਸੀਂ ਬਣਾਈ ਬੈਠੇ ਹਾਂ। ਸਾਡੀਆਂ
ਸਾਰੀਆਂ ਸਿੱਖ ਜੱਥੇਬੰਦੀਆਂ ਵਿੱਚ ਇੱਕ ਦੂਜੇ ਪ੍ਰਤੀ ਨਫਰਤ ਦੇ ਪਿਆਲੇ ਭਰੇ ਪਏ ਹਨ। ਸਭ ਤੋਂ ਵੱਡਾ
ਦੁਖਾਂਤ ਹੈ ਕਿ ਕੁੱਝ ਜੱਥੇਬੰਦੀਆਂ ਨੇ ਬਾਹਰਲੇ ਪਹਿਰਾਵੇ ਨੂੰ ਹੀ ਧਰਮ ਸਮਝ ਲਿਆ ਹੋਇਆ ਹੈ। ਧਰਮ
ਦੀ ਗੱਲ ਕਰਨ ਵਾਲੇ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕ ਈਰਖਾ ਦੇ ਭਾਂਬੜਾਂ ਵਿੱਚ ਸੜ੍ਹ ਰਹੇ ਹਨ
ਤੇ ਇੱਕ ਦੂਜੇ ਦੀਆਂ ਪੱਗਾਂ ਉਤਾਰਨ ਤੋਂ ਵੀ ਸੰਕੋਚ ਨਹੀਂ ਕਰਦੇ।
ਅਦਰਸ਼ਕ ਮਨੁੱਖ ਬਣਨ ਸਬੰਧੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਹੋਰ ਅਗੰਮੀ ਵਾਕ
ਹੈ ਜਿਸ ਤੋਂ ਸਾਨੂੰ ਸੇਧ੍ਹ ਲੈਣੀ ਚਾਹੀਦੀ ਹੈ---
ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ।।
ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ।। ੭।।
ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇਆ।।
ਨਾਨਕੁ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖਿ ਸਾਚਾ ਭਾਇਆ।। ੮।।
ਅੱਖਰੀਂ ਅਰਥ--
ਜਗਤ ਵਿੱਚ ਅਜੇਹੇ ਬੰਦੇ ਵਿਰਲੇ ਹਨ
ਜਿਨ੍ਹਾਂ ਦੇ ਜੀਵਨ ਨੂੰ ਪਰਖ ਕੇ (ਤੇ ਪਰਵਾਨ ਕਰ ਕੇ) ਪਰਮਾਤਮਾ ਨੇ ਆਪਣੇ ਖ਼ਜ਼ਾਨੇ ਵਿੱਚ ਪਾ ਲਿਆ,
ਅਜੇਹੇ ਬੰਦੇ ਜਾਤਿ ਤੇ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਦੇ ਮਾਣ ਤੋਂ ਨਿਰਲੇਪ ਰਹਿੰਦੇ ਹਨ, ਤੇ ਮਾਇਆ
ਦੀ ਮਮਤਾ ਤੇ ਮਾਇਆ ਦਾ ਲੋਭ ਦੂਰ ਕਰ ਲੈਂਦੇ ਹਨ। ਹੇ ਨਾਨਕ! (ਆਖ—) ਗੁਰੂ ਦੀ ਸਰਨ ਪੈ ਕੇ ਜਿਨ੍ਹਾਂ
ਬੰਦਿਆਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਦਾ ਹੈ ਮੈਂ ਉਹਨਾਂ ਦੇ ਚਰਨ ਧੋਂਦਾ ਹਾਂ।
ਪਰਮਾਤਮਾ ਦੇ ਨਾਮ-ਰੰਗ ਵਿੱਚ ਰੰਗੇ ਹੋਏ ਬੰਦੇ ਅਸਲੀ ਪਵਿਤ੍ਰ ਤੀਰਥ ਹਨ, ਉਹਨਾਂ ਨੇ ਹਉਮੈ ਦਾ ਦੁੱਖ
ਹਉਮੈ ਦੀ ਮੈਲ ਆਪਣੇ ਮਨ ਵਿਚੋਂ ਮੁਕਾ ਲਈ ਹੁੰਦੀ ਹੈ।
ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ "ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ
ਪੰਥ ਚਲਾਇਆ" ਤੇ ਇਸ ਦੀ ਸੌਂਪਣਾ ਵੀ ਓਸੇ ਨੂੰ ਕਰਨੀ ਸੀ ਜਿਹੜਾ ਏਨੀਆਂ ਡੂੰਘਾਈਆਂ ਨੂੰ ਸਮਝ ਸਕੇ।
ਭਾਈ ਲਹਿਣਾ ਜੀ ਦੇ ਬਹੁਤ ਸਾਰੇ ਇਮਤਿਹਾਨ ਹੋਏ ਤੇ ਹਰ ਇਮਤਿਹਾਨ ਵਿਚੋਂ ਪਾਸ ਹੋ ਕੇ ਨਿਕਲੇ। ਡਾ.
ਦਿਲਗੀਰ ਜੀ ਦੇ ਕਥਨ ਅਨੁਸਾਰ ਭਾਈ ਲਹਿਣਾ ਜੀ ਸਿਰਫ ਸਿੱਖੀ ਸਿਦਕ ਵਿੱਚ ਹੀ ਕਾਮਯਾਬ ਨਹੀਂ ਹੋਏ ਬਲ
ਕੇ ਬਾਣੀ ਫ਼ਲਸਫ਼ੇ ਦੀ ਸਮਝ, ਜ਼ਿੰਮੇਵਾਰੀ ਪਰਚਾਰ ਤੇ ਹਰ ਨੁਕਤੇ ਤੋਂ ਕਾਬਲ ਸਨ।
ਅਸੀਂ ਵਿਚਾਰ ਕਰ ਰਹੇ ਸੀ ਸੱਤਾ ਬਲਵੰਡ ਜੀ ਵਲੋਂ ਉਚਾਰਨ ਕੀਤੀ ਬਾਣੀ ਦੀ,
ਜਿਸ ਵਿੱਚ ਉਸ ਸਮੇਂ ਦੀ ਮਰਯਾਦਾ, ਪ੍ਰਪੱਕਤਾ, ਇੱਕ ਜੋਤ, ਇੱਕ ਸਿਧਾਂਤ, ਸ਼ਬਦ ਰਿੜਕਣਾ, ਸੇਵਾ,
ਹਿਰਦੇ ਦੀ ਵਿਸ਼ਾਲਤਾ, ਸੰਪੂਰਨ ਨਿਯਮਾਵਲੀ ਆਦ ਗੁਣਾਂ ਦੀ ਗਹਿਰਾਈ ਦੀਆਂ ਪਰਤਾਂ ਦਾ ਪਤਾ ਲਗਦਾ ਹੈ।
ਪਹਿਲੀ ਪਉੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕੀਤੀ ਹੈ ਤੇ ਆਖਿਆ
ਹੈ ਕਿ ਕਰਤਾਰੀ ਗੁਣਾਂ ਦਾ ਪ੍ਰਗਟਾਅ ਗੁਰੂ ਸਾਹਿਬ ਜੀ ਦੇ ਜੀਵਨ ਵਿਚੋਂ ਪ੍ਰਤੱਖ ਦੇਖਿਆ ਜਾ ਸਕਦਾ
ਹੈ। ਗੁਰੂ ਸਾਹਿਬ ਜੀ ਨੇ ਧਰਮ ਦਾ ਰਾਜ ਚਲਾਇਆ ਹੈ—
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ।। …
ਗੁਰਿ ਚੇਲੇ ਰਹਿਰਾਸਿ ਕੀਈ, ਨਾਨਕਿ ਸਲਾਮਤਿ ਥੀਵਦੈ।। ੧।।
ਦੂਜੀ ਗੱਲ ਕੇ ਭਾਈ ਲਹਿਣਾ ਜੀ ਨੂੰ ਆਪਣੇ ਵਰਗਾ ਬਣਾ ਲਿਆ ਹੈ। ਰੱਬ ਜੀ ਨੂੰ
ਪਾਉਣ ਲਈ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਭਗਤੀ ਕਰ ਰਿਹਾ ਹੈ ਤੇ ਕੋਈ ਤੀਰਥਾਂ ਦੇ ਇਸ਼ਨਾਨ ਕਰਨ
ਨੂੰ ਤਰਜੀਹ ਦੇ ਰਿਹਾ ਹੈ। ਕੋਈ ਚੁਪ ਰਹਿ ਕੇ ਬੰਦਗੀ ਕਰ ਰਿਹਾ ਹੈ ਤੇ ਕੋਈ ਅੱਖਾਂ ਬੰਦ ਕਰਕੇ ਬੈਠਾ
ਰੱਬ ਜੀ ਵਿੱਚ ਜੁੜਨ ਦਾ ਢੌਂਗ ਰਚਦਾ ਹੋਇਆ ਹਰ ਪਾਸੇ ਦਿਸ ਰਿਹਾ ਹੈ। ਇਨ੍ਹਾਂ ਪ੍ਰਕਿਰਿਆਵਾਂ ਵਿੱਚ
ਧਰਮ ਵਾਲਾ ਕੋਈ ਤੱਤ ਨਹੀਂ ਹੈ। ਅਜੇਹਾ ਕਰਦਿਆਂ ਸੁਭਾਅ ਵਿੱਚ ਵੀ ਕੋਈ ਕ੍ਰਾਂਤੀ ਨਹੀਂ ਆਈ ਹੈ। ਹਾਂ
ਇਨ੍ਹਾਂ ਸਾਰਿਆਂ ਲੋਕਾਂ ਵਲੋਂ ਅਜੇਹਾ ਕਰਨ ਦੀ ਜੀਵਨ ਸ਼ੈਲੀ ਬਣ ਗਈ ਹੈ ਪਰ ਇਸ ਦਾ ਸਮਾਜ ਨੂੰ ਕੋਈ
ਵੀ ਲਾਭ ਨਹੀਂ ਹੈ ਤੇ ਨਾ ਹੀ ਕੋਈ ਕਿਰਤੀ ਏਦਾਂ ਦੀ ਵਿਹਲੀ ਬੰਦਗੀ ਕਰ ਸਕਦਾ ਹੈ। ਭਾਵ ਲੋਕ ਯਤਨਾਂ
ਨਾਲ ਰੱਬੀ ਗੁਣ ਲੱਭ ਰਹੇ ਹਨ ਪਰ ਗੁਰੂ ਨਾਨਕ ਸਾਹਿਬ ਦੇ ਅੰਦਰ ਰੱਬੀ ਗੁਣ ਸੁਭਾਵਕ ਹੀ ਭੈਣ ਭਰਾ ਦੇ
ਰੂਪ ਵਿੱਚ ਮੌਜੂਦ ਹਨ। ਸੱਚ ਦਾ ਰਾਜ ਚਲਾਉਣ ਲਈ ਧਰਮ ਦਾ ਹੋਣਾ ਜ਼ਰੂਰੀ ਹੈ। ਪਹਿਲੀ ਪਉੜੀ ਵਿੱਚ ਇੱਕ
ਹੋਰ ਵਿਚਾਰ ਖੁਲ੍ਹ ਕੇ ਸਾਹਮਣੇ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜ਼ਿਉਂਦੇ ਜੀਅ ਭਾਈ
ਲਹਿਣਾ ਜੀ ਨੂੰ ਆਪਣੇ ਅਸਥਾਨ `ਤੇ ਬੈਠਾ ਕੇ ਗੁਰਿਆਈ ਦਾ ਤਿਲਕ ਲਗਾ ਦਿੱਤਾ। ਏੱਥੇ ਨੋਟ ਕਰਨ ਵਾਲੀ
ਗੱਲ ਹੈ ਬਿੱਪਰਵਾਦੀ ਵਾਲਾ ਮੱਥੇ `ਤੇ ਤਿਲਕ ਨਹੀਂ ਲਗਾਇਆ, ਬਲ ਕੇ ਸਾਰੀਆਂ ਜ਼ਿੰਮੇਵਾਰੀਆਂ ਦਾ
ਅਹਿਸਾਸ ਕਰਾ ਦਿੱਤਾ। ਦੂਜਾ ਮੱਥੇ ਦੇ ਤਿਲਕ ਤੋਂ ਭਾਵ ਸਮਝ ਵਿੱਚ ਆਉਂਦਾ ਹੈ ਕਿ ਪਹਿਲੀ ਮਤ ਦਾ
ਤਿਆਗ ਕਰਕੇ ਗੁਰੂ ਜੀ ਦੀ ਮਤ ਨੂੰ ਗ੍ਰਹਿਣ ਕਰ ਲਿਆ।
ਵਾਰ ਦੀ ਦੂਜੀ ਪਉੜੀ ਵਿੱਚ ਭਾਈ ਬਲਵੰਡ ਜੀ ਫਰਮਾਉਂਦੇ ਹਨ ਗੁਰੂ ਨਾਨਕ
ਸਾਹਿਬ ਜੀ ਦੀ ਬਖਸ਼ਸ਼ ਦੁਆਰਾ ਜਦੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਮਿਲੀ ਤਾਂ ਇਹ ਇੱਕ ਅਨੋਖੀ ਮਰਯਾਦਾ
ਸੀ। ਜਿੱਥੇ ਦੁਨੀਆਂ ਹੈਰਾਨ ਹੋਈ ਓੱਥੇ ਭਾਈ ਲਹਿਣਾ ਜੀ ਦੀ ਸਾਰੇ ਧੁੰਮ ਪੈ ਗਈ। ਕਿਉਂਕਿ ਭਾਈ
ਲਹਿਣਾ ਜੀ ਵਿੱਚ ਗੁਰੂ ਨਾਨਕ ਸਾਹਿਬ ਵਾਲੀ ਹੀ ਜੋਤ ਹੈ ਜਨੀ ਕਿ ਸਰੀਰ ਬਦਲਿਆ ਹੈ ਜੀਵਨ ਦਾ ਢੰਗ,
ਸਿਧਾਂਤ, ਸੋਚਣੀ, ਸ਼ਹਿਣ-ਸ਼ੀਲਤਾ, ਦੂਰਅੰਦੇਸ਼ੀ ਉਹ ਹੀ ਰਿਹਾ ਹੈ।
ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ।।
ਜੋਤਿ ਓਹਾ, ਜੁਗਤਿ ਸਾਇ, ਸਹਿ ਕਾਇਆ ਫੇਰਿ ਪਲਟੀਐ।।
ਇਸ ਪਉੜੀ ਵਿੱਚ ਹੁਕਮ ਮੰਨਣ ਦੀ ਗੱਲ ਕੀਤੀ ਗਈ ਹੈ। ਹੁਕਮ ਕਰਨਾ ਤਾਂ ਬਹੁਤ
ਸੌਖਾ ਹੈ ਪਰ ਹੁਕਮ ਮੰਨਣਾ ਬਹੁਤ ਕਠਨ ਹੈ। ਹੁਕਮ ਮੰਨਣ ਦਾ ਭਾਵ ਅਰਥ ਹੈ ਕਿ ਅਸੀਂ ਆਪਣੇ
ਕਰਮ-ਕਾਂਡੀ ਖ਼ਿਆਲਾਂ ਨੂੰ ਬਾਹਰ ਦਾ ਰਸਤਾ ਦਿਖਾਈਏ ਤੇ ਨਵੇਂ ਤਰਕ ਸੰਗਤ ਵਿਚਾਰਾਂ ਨੂੰ ਆਪਣੇ ਜੀਵਨ
ਤਥਾ ਸਮਾਜ ਦਾ ਹਿੱਸਾ ਬਣਾਉਣ ਦਾ ਯਤਨ ਕਰੀਏ। ਸਿੱਖ ਕੌਮ ਅੰਦਰ ਅੱਜ ਸਭ ਤੋਂ ਵੱਡੀ ਖੜੋਤ ਹੀ ਹੁਕਮ
ਨਾ ਮੰਨਣ ਦੀ ਆਈ ਹੈ। ਸਾਡਾ ਗੁਰਦੁਆਰਿਆਂ ਵਿੱਚ ਆਉਣਾ ਕੀਰਤਨ ਸੁਣਨਾ ਕਥਾ ਵਖਿਆਨ ਸੁਣਨੇ ਨਿੱਤਾ
ਪ੍ਰਤੀ ਦਾ ਕਰਮ ਬਣ ਗਿਆ ਹੈ। ਹਾਂ ਅਸੀਂ ਉਹ ਹੁਕਮ ਮੰਨਣ ਨੂੰ ਤਰਜੀਹ ਦੇਂਦੇ ਹਾਂ ਜਿਸ ਵਿੱਚ ਨਿੱਜੀ
ਤੌਰ `ਤੇ ਜਾਂ ਸਾਡੀ ਜੱਥੇਬੰਦੀ ਨੂੰ ਫਾਇਦਾ ਹੁੰਦਾ ਹੋਵੇ ਤੇ ਦੂਜਿਆਂ ਦੇ ਮੋਢੇ ਲਗਦੇ ਹੋਣ। ਹੁਕਮ
ਮੰਨਣ ਨਾਲ ਨਵੀਆਂ ਖੋਜਾਂ ਜਨਮ ਲੈਂਦੀਆਂ ਹਨ। ਹੁਕਮ ਨੂੰ ਸਮਝਣ ਵਾਲਾ ਪਰਵਾਰਕ ਮੋਹ ਤੋਂ ਊਪਰ ਚਲਾ
ਜਾਂਦਾ ਹੈ ਗੁਰਬਾਣੀ ਦਾ ਵਾਕ ਹੈ—
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ।।
ਹੁਕਮ ਮੰਨਣਾ ਅਲੂਣੀ ਸਿੱਲ਼ ਚੱਟਣ ਦੇ ਬਰਾਬਰ ਹੈ।
ਕਰਹਿ ਜਿ ਗੁਰ ਫੁਰਮਾਇਆ, ਸਿਲ ਜੋਗੁ ਅਲੂਣੀ ਚਟੀਐ।।
ਇਸ ਪਉੜੀ ਵਿੱਚ ਇੱਕ ਹੋਰ ਬੜਾ ਅਹਿਮ ਵਿਚਾਰ ਆਇਆ ਹੈ ਕਿ ਸ਼ਬਦਿ ਦਾ ਲੰਗਰ
ਚੱਲਿਆ ਹੈ।
ਲੰਗਰੁ ਚਲੈ ਗੁਰ ਸਬਦਿ, ਹਰਿ ਤੋਟਿ ਨ ਆਵੀ ਖਟੀਐ।।
ਗੁਰ ਸ਼ਬਦਿ ਦੇ ਲੰਗਰ ਤੋਂ ਭਾਵ ਵਿਦਿਆ, ਵਪਾਰ, ਮੱਲ
ਅਖਾੜੇ, ਨਵੇਂ ਸ਼ਹਿਰਾਂ ਦੀ ਉਸਾਰੀ, ਪੰਜਾਬੀ ਬੋਲੀ ਦਾ ਵਿਕਾਸ ਆਦ ਕੰਮਾਂ ਨੂੰ ਪਹਿਲ ਦਿੱਤੀ। ਸੁਜਾਨ
ਰਾਇ ਭੰਡਾਰੀ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਇਨਕਲਾਬ ਹੀ ਇਹ ਲਿਆਂਦਾ ਕਿ ਰੱਬੀ ਉਸਤਤ
ਨੂੰ ਗੁਰਮੁਖੀ ਅੱਖਰਾਂ ਵਿੱਚ ਯਾਦ ਕੀਤਾ। ਇਹ ਪ੍ਰੋਹਤਵਾਦ ਤੇ ਬ੍ਰਾਹਮਣ ਵਾਦ `ਤੇ ਇੱਕ ਤਕੜੀ ਸੱਟ
ਸੀ।
ਤੀਜੀ ਪਉੜੀ ਵਿੱਚ ਫਿਰ ਇਸ ਵਿਚਾਰ ਦਾ ਦੁਹਰਾਓ ਕੀਤਾ ਹੈ ਕਿ ਜੋਤ-ਜੁਗਤ
ਗੁਰੂ ਨਾਨਕ ਸਾਹਿਬ ਜੀ ਵਾਲੀ ਹੈ ਪਰ ਸਰੀਰ ਬਦਲਿਆ ਹੈ—
ਗੁਰ ਅੰਗਦ ਦੀ ਦੋਹੀ ਫਿਰੀ, ਸਚੁ ਕਰਤੈ ਬੰਧਿ ਬਹਾਲੀ।।
ਨਾਨਕੁ ਕਾਇਆ ਪਲਟੁ ਕਰਿ, ਮਲਿ ਤਖਤੁ ਬੈਠਾ ਸੈ ਡਾਲੀ।।
ਇਸ ਪਉੜੀ ਵਿਚੋਂ ਇੱਕ ਹੋਰ ਨੁਕਤਾ ਸਾਹਮਣੇ ਆਉਂਦਾ ਹੈ ਕਿ ਮਾਤਾ ਖੀਵੀ ਜੀ
ਆਪਣੇ ਪਤੀ ਜੀ ਵਾਂਗ ਸੇਵਾ ਵਿੱਚ ਜੁੜ ਗਏ। ਜਿਹੜੀ ਗੁਰਸਿੱਖਾਂ ਨੇ ਗੁਰੂ ਜੀ ਦੀ ਮਤ ਨੂੰ ਸਮਝ ਲਿਆ
ਉਹ ਸੁਭਾਅ ਕਰਕੇ ਅੰਦਰੋਂ ਬਾਹਰੋਂ ਇੱਕ ਹੋ ਗਏ ਪਰ ਜਿੰਨ੍ਹਾਂ ਨੂੰ ਸਮਝ ਨਹੀਂ ਆਈ ਉਹ ਪੁਰਾਣੇ
ਸੰਸਕਾਰਾਂ ਦੇ ਅਧੀਨ ਹੋ ਕੇ ਤੇ ਵਹਿਮਾਂ ਭਰਮਾਂ ਵਿੱਚ ਹੀ ਆਪਣੇ ਜੀਵਨ ਨੂੰ ਗੁਜ਼ਾਰ ਰਹੇ ਹਨ।
ਚਉਥੀ ਪਉੜੀ ਵਿੱਚ ਭਾਈ ਸਤਾ ਜੀ ਫਰਮਾਉਂਦੇ ਹਨ ਕਿ ਸੰਸਾਰ ਦੀਆਂ ਸਾਰੀਆਂ
ਮਰਯਾਦਾਵਾਂ ਉਲਟ ਕਰ ਦਿੱਤੀਆਂ, ਭਾਵ ਜਿਹੜੇ ਪਿਤਾ ਪੁਰਖੀ ਕਰਮ ਕਾਂਡ ਕਰਦੇ ਆ ਰਹੇ ਸਨ ਉਨ੍ਹਾਂ
ਸਾਰਿਆਂ ਨੂੰ ਇਕਵੱਢਿਓਂ ਤਿਆਗ ਦਿੱਤਾ। ਇਸ ਦਾ ਅਰਥ ਹੈ ਕਿ ਚੱਲ ਰਹੀ ਗੰਗਾ ਦਾ ਵਹਾ ਉਲਟੇ ਪਾਸੇ
ਮੋੜ ਦਿੱਤਾ।
"ਸਬਦਿ
ਰਿੜਕਿਓਨੁ"
ਦਾ ਭਾਵ ਅਰਥ ਬਹੁਤ ਡੂੰਘਾ ਹੈ—
‘ਸ਼ਬਦਿ ਰਿੜਕਿਓਨੁ`
ਵਿੱਚ ਸਭ ਤੋਂ ਪਹਿਲਾਂ ਵਿਦਿਆ ਦਾ ਪੱਖ ਉਗੜ ਕੇ ਸਾਹਮਣੇ ਆਉਂਦਾ ਹੈ। ਭਾਰਤ ਅੰਦਰ ਉਸ ਵੇਲੇ ਸ਼ੂਦਰਾਂ
ਨੂੰ ਵਿਦਿਆ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਸੀ ਦੂਜਾ ਉਨ੍ਹਾਂ ਨੂੰ ਸਮਾਜ ਵਿੱਚ ਕੋਈ ਸਨਮਾਨ ਜਨਕ
ਥਾਂ ਨਹੀਂ ਸੀ। ਬਿਨਾਂ ਭਿੰਨ ਭਾਵ ਦੇ ਵਿਦਿਆ ਦੇਣੀ ਬਾਕੀ ਧਰਮਾਂ ਦਾ ਅਧਿਐਨ ਕਰਨਾ ਸਮੇਂ ਦੀ
ਰਾਜਨੀਤੀ ਨੂੰ ਸਮਝਣਾ, ਧਰਮ ਦੇ ਨਾਂ ਲੋਕਾਂ ਦੇ ਸ਼ੋਸ਼ਣ ਨੂੰ ਰੋਕਣਾ, ਨੌਜਵਾਨਾਂ ਦੀ ਸੰਭਾਲ ਕਰਨੀ,
ਨਵੇਂ ਸ਼ਹਿਰਾਂ ਨੂੰ ਵਸਾਉਣਾ, ਅੰਤਰਰਾਸ਼ਟਰੀ ਪੱਧਰ `ਤੇ ਵਪਾਰ ਨੂੰ ਬੜਾਵਾ ਦੇਣਾ, ਮਰਨ ਤੋਂ ਬਾਅਦ
ਵਾਲੇ ਲਾਰਿਆਂ ਨੂੰ ਰੱਦ ਕਰਕੇ ਏਸੇ ਜੀਵਨ ਨੂੰ ਹੀ ਆਵਾ ਗਉਣ ਦੇ ਚੱਕਰ ਤੋਂ ਬਚਾ ਕੇ ਰੱਖਣਾ ਆਦ
ਬੁਨਿਆਦੀ ਵਿਚਾਰਾਂ ਨੂੰ ਲੋਕਾਂ ਸਾਹਮਣੇ ਰੱਖਿਆ—ਇਸ ਨੂੰ ਸ਼ਬਦ ਰਿੜਕਣਾ ਕਿਹਾ ਗਿਆ ਹੈ ਦੂਜਾ ਵਰਤਮਾਨ
ਜੀਵਨ ਵਿਚੋਂ ਵਿਕਾਰਾਂ ਵਾਲਾ ਆਵਾਗਉਣ ਖਤਮ ਕਰਨਾ ਹੈ।
"ਕਰਿ ਆਵਾ ਗਉਣੁ ਚਿਲਕਿਓਨੁ"
ਆਮ ਲੋਕਾਂ ਨੇ ਆਪਣੇ ਜੀਵਨ ਵਿੱਚ ਬਹੁਤ ਵੱਡੀ
ਰਾਹਤ ਨੂੰ ਮਹਿਸੂਸ ਕੀਤਾ ਕਿਉਂਕਿ ਉਹ ਧਾਰਮਕ ਕੱਟੜਤਾ ਵਾਲੀ ਗ਼ੁਲਾਮੀ ਤੋਂ ਮੁਕਤ ਹੋ ਕੇ ਅਜ਼ਾਦੀ ਨਾਲ
ਸਾਹ ਲੈਣ ਲੱਗ ਪਏ। ਅਜੇਹੀ ਕ੍ਰਾਂਤੀ ਨੂੰ ਕਿਹਾ ਹੈ ਕਿ
"ਹੋਰਿਓ
ਗੰਗ ਵਹਾਈਐ, ਦੁਨਿਆਈ ਆਖੈ ਕਿ ਕਿਓਨੁ"
ਸ਼ਬਦ ਰਿੜਕ ਦੁਆਰਾ ਹੀ ਪੁੱਤਾਂ ਤੇ ਸਿੱਖਾਂ ਦੀ
ਪੂਰੀ ਪਰਖ ਹੋਈ ਹੈ। "ਸਿਖਾਂ
ਪੁਤ੍ਰਾਂ ਘੋਖਿ ਕੈ", ਜਿਹੜਾ ਇਸ ਪਰਖ ਵਿੱਚ ਪੂਰਾ
ਉਤਰਿਆ ਹੈ ਗੁਰਿਆਈ ਓਸੇ ਨੂੰ ਹੀ ਮਿਲੀ ਹੈ। ਇਸ ਤੁਕ ਵਿੱਚ ਘੋਖ ਸ਼ਬਦ ਆਇਆ ਹੈ ਜਿਸ ਦਾ ਮਹਾਨ ਕੋਸ਼
ਵਿੱਚ ਅਰਥ ਉੱਚੀ ਸੁਰ ਨਾਲ ਸੂਚਨਾ ਕਰਨੀ ਤੇ ਪੋਠੋਹਾਰੀ ਬੋਲੀ ਵਿੱਚ ਘੋਖਿ ਸ਼ਬਦ ਡੂੰਘੀ ਵਿਚਾਰ ਲਈ
ਆਇਆ ਹੈ। ਇਸ ਤੁਕ ਦਾ ਭਾਵ ਅਰਥ ਬਹੁਤ ਰਹੱਸਮਈ ਹੈ। ਕੌਮ ਨੂੰ ਜੱਥੇਬੰਦ ਕਰਨ ਲਈ ਡੂਘੇ ਚਿੰਤਕ ਦੀ
ਲੋੜ ਸੀ। ਕਿਸੇ ਨੂੰ ਕੋਈ ਮੁਗਾਲਤਾ ਨਾ ਲੱਗ ਜਾਏ ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦੀ
ਜ਼ਿੰਮੇਵਾਰੀ ਦੇਣ ਸਮੇਂ ਪੂਰੀ ਘੋਖ ਕੀਤੀ ਫਿਰ ਜਾ ਕੇ ਭਾਈ ਲਹਿਣਾ ਜੀ ਨੂੰ ਇਸ ਯੋਗ ਸਮਝਿਆ। ਆਮ ਜੋ
ਸੁਣਾਇਆ ਜਾ ਰਿਹਾ ਹੈ ਕਿ ਭਾਈ ਲਹਿਣਾ ਜੀ ਨੇ ਸੇਵਾ ਕੀਤੀ ਤੇ ਉਨ੍ਹਾਂ ਨੂੰ ਗੁਰਿਆਈ ਦੀ ਬਖਸ਼ਿਸ਼ ਹੋ
ਗਈ। ਇਹ ਇੱਕ ਪੱਖ ਹੋ ਸਕਦਾ ਹੈ ਪਰ ਸਭ ਤੋਂ ਵੱਡਾ ਪੱਖ ਹੈ ਕਿ ਭਾਈ ਲਹਿਣਾ ਜੀ ਨੇ ਕਰਤਾਰਪੁਰ ਰਹਿ
ਕੇ ਹਰ ਪ੍ਰਕਾਰ ਦੇ ਗ੍ਰੰਥਾਂ ਦਾ ਡੂੰਘਾਈ ਨਾਲ ਮੁਤਾਲਿਆ ਕੀਤਾ। ਸਮੇਂ ਦੀ ਰਾਜਨੀਤੀ, ਧਾਰਮਕ
ਸਥਿੱਤੀ, ਸਮਜਾਕ ਬੁਰਾਈਆਂ ਤੋਂ ਛੁਟਕਾਰਾ ਸਮਾਜ ਨੂੰ ਬੇਹਤਰ ਬਣਾਉਣਾ ਵਾਲੀ ਸਾਰੀ ਵਿਉਂਤ ਬੰਦੀ ਨੂੰ
ਸਮਝਿਆ।
ਚੌਥੀ ਪਉੜੀ ਸ਼ੂਰੂ ਕਰਦਿਆਂ ਹੀ ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਗੁਰੂ ਨਾਨਕ
ਸਾਹਿਬ ਜੀ ਦੇ ਨਵੇਂ ਤੌਰ ਤਰੀਕਿਆਂ ਨੂੰ ਸਾਰੀ ਦੁਨੀਆਂ ਦੇਖ ਕੇ ਹੈਰਾਨ ਰਹਿ ਗਈ। ਨਵੇਂ ਪਰਚਾਰ
ਕੇਂਦਰ ਨੂੰ ਸਥਾਪਤ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਖਡੂਰ ਵਿਖੇ ਭੇਜ
ਦਿੱਤਾ। ਪੰਜਵੀਂ ਪਉੜੀ ਵਿੱਚ ਭਾਈ ਲਹਿਣਾ ਜੀ ਦੇ ਸਬੰਧ ਵਿੱਚ ਭਾਈ ਸੱਤਾ ਜੀ ਫਰਮਾਉਂਦੇ ਹਨ ਕਿ
ਗੁਰੂ ਨਾਨਕ ਸਾਹਿਬ ਜੀ ਦੀ ਆਗਿਆ ਮੂਜਬ ਖਡੂਰ ਸ਼ਹਿਰ ਨੂੰ ਨਵੇਂ ਸਿਰੇ ਤੋਂ ਵਸਾਇਆ। ਨਵੇਂ ਸਿਰੇ ਤੋਂ
ਵਸਾਉਣ ਦਾ ਭਾਵ ਅਰਥ ਹੈ ਕਿ ਰੋਜ਼ ਮਰਾ ਦੀ ਜ਼ਿੰਦਗੀ ਨੂੰ ਨਵੀਂ ਤਰਤੀਬ ਦਿੱਤੀ। ਇਸ ਨਵੀਂ ਪ੍ਰਕਿਰਿਆ
ਵਿਚੋਂ ਰੂਹਾਨੀਅਤ ਦਾ ਪ੍ਰਗਟਾਅ ਹੋਣਾ ਚਾਹੀਦਾ ਹੈ। ਇਮਾਨਦਾਰ, ਸਖਤ ਮਿਹਨਤ, ਸੱਚ ਦੀ ਪ੍ਰੀਭਾਸ਼ਾ
ਨੂੰ ਸੁਭਾੳ ਦਾ ਹਿੱਸਾ ਬਣਾਉਣਾ, ਅਣਖ਼ੀ ਜੀਵਨ ਨੂੰ ਪਹਿਲ ਦੇਣੀ ਤੇ ਹੰਕਾਰ ਤੋਂ ਸਦਾ ਦੂਰੀ ਬਣਾ ਕੇ
ਰੱਖਣ ਦਾ ਨਾਂ ਹੀ ਅਸਲ ਰੂਹਾਨੀਅਤ ਹੈ। ਜੇਹਾ ਕਿ—
"ਜਪੁ ਤਪੁ ਸੰਜਮੁ ਨਾਲਿ ਤੁਧੁ, ਹੋਰੁ
ਮੁਚੁ ਗਰੂਰੁ"।
‘
ਫੇਰਿ ਵਸਾਇਆ ਫੇਰੁਆਣਿ`
ਅੰਦਰਲੀ ਸੋਚ ਨੂੰ ਬਦਲਿਆ। ਜ਼ਿਆਦਾਤਰ ਲੋਕ ਸੰਸਾਰ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ ਪਰ ਦੁਨੀਆਂ
ਕਦੇ ਖੁਸ਼ ਨਹੀਂ ਹੋਈ ਹੈ। ਖਡੂਰ ਦੀ ਧਰਤੀ ਤੋਂ ਪੈਗ਼ਾਮ ਮਿਲਿਆ ਕਿ ਦੁਨੀਆਂ ਦੀ ਖ਼ਾਤਰ ਨੀਵੇਂ ਪੱਧਰ
ਦੀ ਸੋਚ ਨੂੰ ਛੱਡਣ ਦਾ ਯਤਨ ਕਰਨਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਪਛਤਾਵਾ ਹੀ ਰਹਿ
ਜਾਏਗਾ। "ਨੇੜੈ ਦਿਸੈ ਮਾਤ
ਲੋਕ, ਤੁਧੁ ਸੁਝੈ ਦੂਰੁ"
ਸੁਭਾਅ ਵਿੱਚ ਆਈ ਤਬਦੀਲੀ ਦਾ ਨਾਂ ਹੀ ਨਵਾਂ ਸ਼ਹਿਰ
ਵਸਾਉਣਾ ਤੋਂ ਹੈ।
ਭਾਈ ਲਹਿਣਾ ਜੀ ਨੇ ਖਡੂਰ ਦੀ ਧਰਤੀ `ਤੇ ਵਿਦਿਆ, ਸਾਂਝਾ ਲੰਗਰ ਆਦ
ਕਈ ਤਰੀਕਿਆਂ ਨਾਲ ਸਿੱਖ ਕੌਮ ਨੂੰ ਸਗੰਠਤ ਕੀਤਾ। ਉਨ੍ਹਾਂ ਨੇ ਗੁਰਿਆਈ ਗੁਰੂ ਅਮਰਦਾਸ ਜੀ
ਨੂੰ ਦੇ ਕੇ ਨਵਾਂ ਪ੍ਰਚਾਰ ਕੇਂਦਰ ਸਥਾਪਤ ਕਰਨ ਲਈ ਕਿਹਾ। ਗੁਰੂ ਅਮਰਦਾਸ ਜੀ ਨੂੰ ਸੱਤਾ
ਜੀ ਪੋਤਰੇ ਸ਼ਬਦ ਨਾਲ ਸੰਬੋਧਨ ਕਰਦੇ ਹਨ ਭਾਵ ਗੁਰੂ ਨਾਨਕ ਸਾਹਿਬ ਜੀ ਦਾਦਾ ਤੇ ਗੁਰੂ ਅਗੰਦ
ਪਾਤਸ਼ਾਹ ਨੂੰ ਪਿਤਾ ਆਖ ਕੇ ਬਹੁਤ ਵੱਡੀ ਵਡਿਆਈ ਦਿੱਤੀ ਹੈ—
"ਸੋ ਟਿਕਾ, ਸੋ ਬੈਹਣਾ, ਸੋਈ
ਦੀਬਾਣੁ।। ਪਿਯੂ ਦਾਦੇ ਜੇਵਿਹਾ, ਪੋਤਾ ਪਰਵਾਣੁ।।
ਗੁਰੂ ਅਮਰਦਾਸ ਜੀ ਨੇ ਸ਼ਬਦ ਨੂੰ ਰਿੜਕਿਆ ਭਾਵ ਸਮਾਜਕ, ਰਾਜਨੀਤਕ, ਆਰਥਕ ਤੇ
ਧਾਰਮਕ ਗਤੀ ਵਿਧੀਆਂ ਦਾ ਪੂਰਾ ਅਧਿਐਨ ਕੀਤਾ। ਹੋਰਨਾ ਧਰਮਾਂ ਦਾ ਪੂਰ ਮੁਤਾਲਿਆ ਕੀਤਾ। ਪੁਰਾਣੇ
ਸੁਭਾਅ ਵਿਚੋਂ ਮੂਰਤੀ ਪੂਜਾ, ਬਹੁ ਦੇਵ ਪੂਜਾ, ਤੀਰਥਾਂ ਦੀ ਯਾਤਾਰਾ ਅਤੇ ਬਿੱਪਰਵਾਦੀ ਕਰਮ ਕਾਂਡਾਂ
ਨੂੰ ਸਦਾ ਲਈ ਤਿਆਗਣ ਲਈ ਸ਼ਬਦ ਰੂਪੀ ਸਮੁੰਦਰ ਨੂੰ ਰਿੜਕਿਆ। ਹਰ ਪ੍ਰਕਾਰ ਦੀ ਵਿਦਿਆ ਨੂੰ ਸਮਝਿਆ
ਜਿਨਿ ਸਮੁੰਦੁ ਵਿਰੋਲਿਆ, ਕਰਿ ਮੇਰੁ ਮਧਾਣੁ।।
ਚਉਦਹ ਰਤਨ ਨਿਕਾਲਿਅਨੁ ਕੀਤੋਨੁ ਚਾਨਾਣੁ।।
ਗੁਰੂ ਅਮਰਦਾਸ ਜੀ ਨੇ ਮਨੁੱਖੀ ਜ਼ਿੰਦਗੀ ਨੂੰ ਸਮਤੋਲ ਕਰ ਦਿੱਤਾ। ਨਾਮ, ਦਾਨ
ਤੇ ਇਸ਼ਨਾਨ ਦੇ ਅੰਤਰੀਵ ਭਾਵ ਨੂੰ ਦ੍ਰਿੜ ਕਰਵਾ ਕੇ ਜੀਵਨ ਦਾ ਰਾਹ ਪੱਧਰਾ ਕੀਤਾ। ਸਤ, ਸੰਤੋਖ,
ਵਿਚਾਰ, ਤੇ ਨਾਮ ਰੂਪੀ ਉਪਦੇਸ਼ ਦੇ ਕੇ ਜੀਵਨ ਵਿੱਚ ਪੱਕਾ ਭਰ
ਦਿੱਤਾ--ਘੋੜਾ
ਕੀਤੋ ਸਹਜ ਦਾ, ਜਤੁ ਕੀਓ ਪਲਾਣੁ।।
ਬਿੱਪਰਵਾਦੀ ਸੋਚ ਵਿੱਚ ਆਵਾਗਉਣ ਭਾਵ ਮਰਨ ਉਪਰੰਤ ਚਉਰਾਸੀ ਲੱਖ ਦੀਆਂ ਜੂਨਾਂ
ਵਿਚੋਂ ਦੀ ਹੁੰਦਾ ਹੋਇਆ ਬੜੀ ਮੁਸ਼ਕਲ ਨਾਲ ਇਸ ਨੂੰ ਮਨੁੱਖਾ ਜੀਵਨ ਮਿਲਿਆ ਹੈ। ਗੁਰੂ ਅਮਰਦਾਸ ਜੀ ਨੇ
ਆਤਮਕ ਤਲ਼ ਵਾਲਾ ਜਨਮ ਮਰਣ ਸਦਾ ਮੁਕਾ ਦਿੱਤਾ—
"ਆਵਾ ਗਉਣੁ ਨਿਵਾਰਿਓ, ਕਰਿ ਨਦਰਿ
ਨੀਸਾਣੁ"।।
ਗੁਰੂ ਅਮਰਦਾਸ ਜੀ ਨੇ ਇੱਕ ਵਿਲੱਖਣ ਹਸਤੀ ਦਾ ਅਹਿਸਾਸ ਭਰਨ ਲਈ ਸਿਖਾਂ ਦੀਆਂ
ਰੋਜ਼ਮਰਾ ਦੀਆਂ ਰਸਮਾਂ ਨੂੰ ਨੇਮਬੱਧ ਕੀਤਾ। ਸਮਾਜਕ ਕੁਰੀਤੀਆਂ ਤੇ ਧਰਮ ਦੇ ਨਾਂ `ਤੇ ਕੀਤੇ ਜਾਂਦੇ
ਕਰਮ ਕਾਂਡਾਂ ਨੂੰ ਨਿਕਾਰਦਿਆਂ ਅਮਲੀ ਜੀਵਨ `ਤੇ ਜ਼ੋਰ ਦਿੱਤਾ। ਲੰਗਰ ਦੀ ਪ੍ਰਥਾ ਨੂੰ ਚਲਾ ਕੇ ਹਰ
ਮਨੁੱਖ ਨੂੰ ਬਰਾਬਰ ਦਾ ਅਹਿਸਾਸ ਕਰਾਇਆ। ਗੁਰੂ ਅਮਰਦਾਸ ਜੀ ਦੀ ਆਤਮਕ ਮਜਬੂਤੀ ਸਬੰਧੀ ਏਸੇ ਪੳੜੀ
ਵਿੱਚ ਖਿਆਲ ਆਇਆ ਹੈ ਉਨ੍ਹਾਂ ਵਿੱਚ ਸਹਿਜ, ਸੰਤੌਖ, ਨਿਮ੍ਰਤਾ ਵਾਲੇ ਸਾਰੇ ਗੁਣ ਮੋਜੂਦ ਸਨ ਸੰਸਾਰ
ਵਿੱਚ ਚੱਲ ਰਹੇ ਝੱਖੜ ਉਨ੍ਹਾਂ ਦੇ ਅੰਦਰਲੇ ਬਲ ਨੂੰ ਹਿਲਾ ਨਹੀਂ ਸਕਦੇ ਸਨ—
"ਝਖੜਿ ਵਾਉ ਨ ਡੋਲਈ, ਪਰਬਤੁ ਮੇਰਾਣੁ"
ਇਸ ਤੁਕ ਵਿਚੋਂ ਭਲੀ ਭਾਂਤ ਸਮਝ ਆਉਂਦੀ ਹੈ ਕਿ ਗੁਰੂ ਅਮਰਦਾਸ ਜੀ ਦਾ ਆਤਮਕ
ਬਲ ਇੱਕ ਸੁਮੇਰ ਪਰਬਤ ਦੀ ਨਿਆਂਈਂ ਹੈ। ‘ਪਰਬਤ ਮੇਰਾਣ` ਵਰਗੇ ਜਿਗਰੇ ਤੇ ਨਾਨਕਈ ਫਲਸਫੇ ਵਿਚੋਂ ਹੀ
ਸ਼ਹਾਦਤਾਂ ਦਾ ਜਨਮ ਹੋਇਆ ਹੈ। ‘ਪਰਬਤ ਮੇਰਾਣ` ਵਾਲੀ ਅਡੋਲਤਾ ਸੱਚੇ ਪਾਤਸ਼ਾਹ ਦੀ ਪ੍ਰਤੱਖ ਦਿਸਦੀ ਹੈ।
ਭਾਈ ਸੱਤਾ ਜੀ ਫਰਮਾਉਂਦੇ ਹਨ ਕਿ ਗੁਰੂ ਅਮਰਦਾਸ ਜੀ ਦੀ ਸੁੰਦਰ ਆਤਮਾ, ਦੂਰ ਅੰਦੇਸ਼ੀ ਤੇ ਜ਼ਿੰਦਗੀ ਦੀ
ਪ੍ਰਪੱਕਤਾ ਵਾਲੇ ਹਨ—
"ਕਿਆ
ਸਾਲਾਹੀ ਸਚੇ ਪਾਤਿਸਾਹ, ਜਾਂ ਤੂ ਸੁਘੜੁ ਸੁਜਾਣ"।।
ਅਗਲੇਰੀ ਪਉੜੀ ਵਿੱਚ ਗੁਰੂ ਰਾਮਦਾਸ ਜੀ ਦੇ ਜੀਵਨ ਸਬੰਧੀ ਭਾਈ ਸੱਤਾ ਜੀ
ਫਰਮਾਉਂਦੇ ਹਨ ਕਿ ਗੁਰਬਾਣੀ ਸੂਝ ਦੁਆਰਾ ਭਾਈ ਜੇਠਾ ਜੀ ਨੇ ਆਪਣੇ ਅੰਦਰੋਂ ਲਬ, ਲੋਭ, ਕਾਮ ਕ੍ਰੋਧ,
ਅਤੇ ਮੋਹ ਦੀਆਂ ਤੰਦਾਂ ਨੂੰ ਸਦਾ ਲਈ ਖਤਮ ਕਰ ਦਿੱਤਾ ਸੀ—
"ਲਬੁ ਲੋਭੁ ਕਾਮੁ ਕ੍ਰੋਧੁ ਮੋਹੁ,
ਮਾਰਿ ਕਢੇ ਤੁਧੁ ਸਪਰਵਾਰਿਆ"ਇਹ
ਇੱਕ ਕਰਾਮਾਤ ਹੈ ਕਿ ਸਿੱਖੀ ਕੇਵਲ ਸਰੀਰ ਦੇ ਤਲ਼ ਵਾਲੀ ਨਹੀਂ ਸਗੋਂ ਇਹ ਸ਼ਬਦ ਤੇ ਸੁਰਤ ਦੇ ਸੁਮੇਲ
`ਤੇ ਖੜੀ ਹੈ। ਜਿਹੜਾ ਸਿਧਾਂਤ ਪਹਿਲੇ ਗੁਰੂ ਸਾਹਿਬਾਨ ਨੇ ਪ੍ਰਪੱਕ ਕਰਾਇਆ ਹੈ ਗੁਰੂ ਰਾਮਦਾਸ ਜੀ ਨੇ
ਓਸੇ ਵਿਚਾਰਧਾਰਾ ਨੂੰ ਅੱਗੇ ਤੋਰਿਆ—
"ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ
ਤੂ ਵੀਚਾਰਿਆ"
ਦੂਸਰੀ ਗੱਲ ਕਿ ਜਿਸ ਮਨੁੱਖ ਨੇ ਵੀ ਗੁਰੂ ਨਾਨਕ ਸਾਹਿਬ ਜੀ
ਦੇ ਸਰਲ ਫਲਸਫੇ ਨੂੰ ਸਮਝਿਆ ਕਿ ਜੀਵਨ ਵਿੱਚ ਅਪਨਾਇਆ ਹੈ ਉਸ ਦਾ ਮਨ ਟਿਕਾਣੇ ਆ ਗਿਆ ਭਾਵ ਜ਼ਿੰਦਗੀ
ਦੀਆਂ ਹਕੀਕਤਾਂ ਦੀ ਸਮਝ ਆ ਗਈ—
"ਗੁਰੁ ਡਿਠਾ ਤਾਂ ਮਨੁ ਸਾਧਾਰਿਆ"
ਪ੍ਰਪੱਕ ਮਕਾਨ ਦੀ ਉਸਾਰੀ ਵੀ ਪ੍ਰਪੱਕਤਾ ਵਾਲੀ
ਹੁੰਦੀ ਹੈ। ਕਿਸੇ ਮਕਾਨ ਦੀ ਉਸਾਰੀ ਮਜ਼ਬੂਤ ਨੀਹਾਂ ਤੇ ਦੀਵਾਰਾਂ ਦੀ ਪੱਕਿਆਈ ਵਿੱਚ ਹੁੰਦੀ ਹੈ।
ਦੁਨੀਆਂ ਨੂੰ ਰੱਬੀ ਰੰਗ ਵਿੱਚ ਰੰਗਣ ਲਈ ਗੁਰੂ ਰਾਮਦਾਸ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ
ਪਾਤਸ਼ਾਹ ਜੀ ਨੂੰ ਸੌਂਪਣਾ ਕੀਤੀ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਰਾਜ ਦੁਨੀਆਂ ਨੂੰ ਦਿੱਤਾ ਹੈ
ਉਹ ਸਤਿ ਦੇ ਅਧਾਰਤ ਹੈ। ਸਤਿ ਕਦੇ ਵੀ ਪੁਰਾਣਾ ਨਹੀਂ ਹੁੰਦਾ। ਸੱਚ ਨੂੰ ਕਾਇਮ ਰੱਖਣ ਲਈ ਆਪਣੀ ਜਾਨ
ਦੀ ਬਾਜ਼ੀ ਵੀ ਲਗਾਉਣੀ ਪੈਂਦੀ ਹੈ। ਗੁਰੂ ਅਰਜਨ ਪਾਤਸ਼ਾਹ ਜੀ ਜਿਸ ਤੱਖਤ `ਤੇ ਬਰਾਜਮਾਨ ਹੋਏ ਹਨ ਉਸ
ਦੀ ਅਧਾਰ ਸ਼ਿਲਾ ਹੀ
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।। ੨੦।।
ਸਲੋਕ ਮ: ੧ ਪੰਨਾ ੧੪੧੨
‘
ਤੇ ਰੱਖੀ ਹੈ। ਪ੍ਰੇਮ ਦੀ
ਗਲ਼ੀ ਵਿੱਚ ਚੱਲਣ ਵਾਲੇ ਮਹਾਨ ਰਹਿਬਰ ਦੀ ਸੌਭਾ ਚਾਰ ਚੁਫੇਰੇ ਫੈਲ ਗਈ---
"ਤਖਤਿ ਬੈਠਾ ਅਰਜਨ ਗੁਰੂ, ਸਤਿਗੁਰ ਕਾ
ਖਿਵੈ ਚੰਦੋਆ"।।
ਡਾਕਟਰ ਗੋਕਲ ਚੰਦ ਨਾਰੰਗ ਇੱਕ ਜਗ੍ਹਾ ਲਿਖਦੇ ਹਨ ਕਿ ਹੁਣ ਲੋਕਾਂ ਦੇ
ਸਾਹਮਣੇ ਉਹ ਗੁਰੂ ਆਇਆ ਜੋ ਜਨਮਤ ਕਵੀ, ਅਮਲੀ ਚਿੰਤਕ, ਵੱਡਾ ਜੱਥੇਦਾਰ ਅਤੇ ਇੱਕ ਨੀਤੀ ਵੇਤਾ ਸੀ।
ਗੁਰੂ ਸਾਹਿਬ ਜੀ ਸਭ ਉਨ੍ਹਾਂ ਸਿਫਤਾਂ ਦੇ ਮਾਲਕ ਸਨ ਜੋ ਕਿਸੇ ਕੌਮ ਦੀ ਉਸਾਰੀ ਵੇਲੇ ਆਗੂ ਵਿੱਚ
ਹੋਣੀਆਂ ਲੋੜੀਂਦੀਆਂ ਹਨ। ਕਨਿੰਘਮ ਲਿਖਦਾ ਹੈ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ
ਦੇ ਉਪਦੇਸ਼ਾਂ ਨੂੰ ਨੀਝ ਨਾਲ ਦੇਖਿਆ ਤੇ ਸਹਿਜੇ ਹੀ ਜੀਵਨ ਅਪਨਾ ਲਿਆ। ਮੁਹੰਮਦ ਲਤੀਫ਼ ਲਿਖਦਾ ਹੈ ਕਿ
ਗੁਰੂ ਅਰਜਨ ਪਾਤਸ਼ਾਹ ਉਮਾਹ ਨਾਲ ਭਰੇ ਜ਼ਜ਼ਬੇ ਵਾਲੇ ਗੁਰੂ ਸਨ।
ਉਪਰੋਕਤ ਪਉੜੀ ਵਿੱਚ ਵੀ ਅਜੇਹਾ ਸੱਤਾ ਜੀ ਫਰਮਾਉਂਦੇ
ਹਨ-ਦੂਣੀ ਚਉਣੀ ਕਰਾਮਾਤਿ, ਸਚੇ ਕਾ
ਸਚਾ ਢੋਆ।। ਚਾਰੇ ਜਾਗੇ ਚਹੁ ਜੁਗੀ, ਪੰਚਾਇਣੁ ਆਪੇ ਹੋਆ।।
ਦੁਨੀਆਂ ਵਿੱਚ ਮਤ ਅਨੇਕ ਹਨ ਪਰ ਧਰਮ ਇਨਸਾਨੀਅਤ-ਇਨਸਾਨੀ ਫ਼ਰਜ਼ ਅਤੇ ਹੱਕ,
ਭਾਵ ਨੈਤਿਕ ਕਦਰਾਂ ਕੀਮਤਾਂ ਸਭ ਦੁਨੀਆਂ ਲਈ ਇੱਕ ਹੀ ਹਨ।
ਇਸ ਵਾਰ ਵਿਚੋਂ ਸਹਿਜੇ ਹੀ ਸਮਝ ਵਿੱਚ ਆਉਂਦਾ ਹੈ ਕਿ ਸੱਤਾ ਜੀ ਅਤੇ ਬਲਵੰਡ
ਜੀ ਨੇ ਨਾਨਕਈ ਫਲਸਫੇ ਦੀ ਵਿਆਖਿਆ ਕਰਦਿਆਂ ਸਮਝਾਇਆ ਹੈ ਕਿ ਸਿੱਖੀ ਦੀ ਅਧਾਰ ਸ਼ਿਲ਼ਾ ਸੱਚ ਅਤੇ ਧਰਮ
`ਤੇ ਰੱਖੀ ਹੈ।
ਸ਼ਬਦਿ ਰਿੜਕਣ ਤੋਂ ਭਾਵ ਹੈ ਕਿ ਵਿਦਿਆ ਦਾ ਪ੍ਰਚਾਰ ਤੇ ਪਾਸਾਰ ਕੀਤਾ।
ਮਲਾਲਾ ਯੂਸਫਜ਼ਈ ਦੁਨੀਆਂ ਦੀ ਸਭ ਤੋਂ ਛੋਟੀ ਨੋਬਲ ਇਨਾਮ ਜੇਤੂ, ਨੇ ਮਹਿਸੂਸ
ਕਰਦਿਆਂ ਲਿਖਿਆ ਹੈ ਕਿ ਇੱਕ ਬੱਚਾ, ਇੱਕ ਅੀਧਆਪਕ, ਇੱਕ ਕਿਤਾਬ ਤੇ ਇੱਕ ਕਲਮ ਪੂਰੇ ਵਿਸ਼ਵ ਨੂੰ ਬਦਲਣ
ਦੀ ਸ਼ਕਤੀ ਰੱਖਦੀ ਹੈ। ਬੜਾ ਸਪੱਸ਼ਟ ਹੈ ਛੋਟੀ ਬੱਚੀ ਨੇ ਕਲਮ ਦੀ ਸ਼ਕਤੀ ਨੂੰ ਮਹਿਸੂਸ ਕੀਤਾ।
ਜਿੰਨ੍ਹਾਂ ਲੋਕਾਂ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਨਹੀਂ ਸੀ ਸਿੱਖੀ ਵਿੱਚ
ਉਨ੍ਹਾਂ ਨੂੰ ਵਿਦਿਆ ਪੜ੍ਹਨ ਦਾ ਹੱਕ ਦਿੱਤਾ। ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਣ ਦੀ ਜਾਚ ਸਿਖਾਈ।
ਸੱਤਾ ਅਤੇ ਬਲਵੰਡ ਜੀ ਨੇ ਪਹਿਲੇ ਪੰਜ ਗੁਰੂ ਸਹਿਬਾਨ ਜੀ ਦੇ ਸਾਰੀ
ਵਿਚਾਰਧਾਰਾ ਨੂੰ ਨੇੜਿਓਂ ਤੱਕ ਕੇ ਕਿਹਾ ਹੈ ਕਿ ਸਰੀਰ ਬਦਲੇ ਹਨ ਪਰ ਸਿਧਾਂਤ ਗੁਰੂ ਨਾਨਕ ਸਾਹਿਬ ਜੀ
ਵਾਲਾ ਹੀ ਹੈ।
ਗੁਰਗੱਦੀ ਦੇਣ ਸਮੇਂ ਗੁਰੂ ਸਾਹਿਬਾਨ ਜੀ ਨੇ ਹਰ ਪਹਿਲੂ ਤੋਂ ਪਰਖ ਕੀਤੀ ਹੈ।
ਨਵੇਂ ਸ਼ਹਿਰ ਵਸਾ ਕੇ ਲੋਕਾਂ ਦੇ ਆਰਥਕ ਪੱਖ ਵਲ ਉਚੇਚਾ ਧਿਆਨ ਦਿੱਤਾ ਗਿਆ।
ਭਾਰਤ ਦੀ ਗੁਲਾਮੀ ਦਾ ਮੂਲ ਕਾਰਨ ਲੋਕਾਂ ਦਾ ਜਾਤਾਂ ਪਾਤਾਂ ਵਿੱਚ ਵੰਡੇ
ਹੋਣਾ ਸੀ। ਗੁਰੂ ਸਾਹਿਬਾਨ ਜੀ ਨੇ ਇਸ ਬਿਮਾਰੀ ਦਾ ਮੁੱਢੋਂ ਖਾਤਮਾ ਕਰਦਿਆਂ ਹੋਇਆਂ ਬਰਾਬਰਤਾ ਦਾ
ਸੰਕਲਪ ਦਿੱਤਾ। ਇਸ ਦਾ ਅਭਿਆਸ ਸਾਂਝੀ ਰਸੋਈ ਬਰਾਬਰ ਬੈਠ ਕੇ ਲੰਗਰ ਛੱਕਣਾ ਤੋਂ ਪ੍ਰਗਟ ਹੁੰਦਾ ਹੈ।
ਖੜੇ ਪਾਣੀ ਵਿੱਚ ਕੇਵਲ ਉੱਚ ਜਾਤੀਏ ਹੀ ਇਸ਼ਨਾਨ ਕਰ ਸਕਦੇ ਸਨ ਗੁਰੂ ਸਾਹਿਬਾਨ ਜੀ ਨੇ ਇਸ ਭਰਮ ਨੂੰ
ਦੂਰ ਕਰਨ ਲਈ ਤੇ ਮਨੁੱਖੀ ਜੀਵਨ ਵਿੱਚ ਪਾਣੀ ਦੀ ਲੋੜ ਨੂੰ ਮਹਿਸੂਸ ਕਰਦਿਆਂ ਸਾਂਝੇ ਸਰੋਵਰਾਂ ਨੂੰ
ਹੋਂਦ ਵਿੱਚ ਲਿਆਂਦਾ।
ਨੌਜਵਾਨੀ ਨੂੰ ਸੰਭਾਲਣ ਲਈ ਮੱਲ ਅਖਾੜਿਆਂ ਨੂੰ ਤਰਜੀਹ ਦੇ ਕੇ ਇੱਕ ਨਿਵੇਕਲੀ
ਪੈੜ ਪਾਈ।
ਗੁਰੂ ਸਾਹਿਬਾਨ ਜੀ ਨੇ ਸਹਿਜ ਦਾ ਰਾਜ ਚਲਾਇਆ ਜਿਸ ਵਿੱਚ ਹਰ ਮਨੁੱਖ ਨੂੰ
ਆਪਣੀ ਗੱਲ ਕਰਨ ਦਾ ਅਧਿਕਾਰ ਦਿੱਤਾ।
ਵਰਤਮਾਨ ਜੀਵਨ ਨੂੰ ਹੀ ਸਚਿਆਰ ਬਣਾਉਣ ਦਾ ਹੋਕਾ ਦਿੱਤਾ ਹੈ ਨਾ ਕਿ ਮਰਣ
ਉਪਰੰਤ ਕਿਸੇ ਸਵਰਗ ਦਾ ਲਾਰਾ ਲਾਇਆ ਹੈ—
ਨਿਤ ਰਸੋਈ ਤੇਰੀਐ, ਘਿਉ ਮੈਦਾ ਖਾਣੁ।। ਚਾਰੇ ਕੁੰਡਾਂ ਸੁਝੀਓਸੁ, ਮਨ ਮਹਿ
ਸਬਦੁ ਪਰਵਾਣੁ।।
ਆਵਾ ਗਉਣੁ ਨਿਵਾਰਿਓ, ਕਰਿ ਨਦਰਿ ਨੀਸਾਣੁ।।
ਸ਼ਬਦ ਰਿੜਕਣ ਅਤੇ ਲੰਗਰ ਚਲੈ ਗੁਰ ਸ਼ਬਦਿ –
"ਲੰਗਰੁ ਚਲੈ ਗੁਰ ਸਬਦਿ, ਹਰਿ ਤੋਟਿ ਨ
ਆਵੀ ਖਟੀਐ"
ਇਸ ਬਾਣੀ ਇਹ ਵਾਕ ਬਹੁਤ ਧਿਆਨ ਮੰਗਦੇ—ਜਿਵੇਂ ਸ਼ਬਦ ਰਿੜਕਣਾ ਅਤੇ ਲੰਗਰੁ ਚਲੈ
ਗੁਰ ਸ਼ਬਦਿ ਇਨ੍ਹਾਂ ਵਾਕਾਂ ਵਿਚੋਂ ਸੱਚੀ ਵਿਦਿਆ ਦਾ ਪ੍ਰਗਟਾਅ ਹੁੰਦਾ ਹੈ। ਕਿਸੇ ਵੀ ਸਮਾਜ ਦੀ
ਸਿਰਜਣਾ ਤੇ ਤਰੱਕੀ ਤਾਂ ਹੀ ਹੋ ਸਕਦੀ ਹੈ ਜਿੱਥੇ ਵਿਦਿਆ ਦਾ ਪਰਾਚਾਰ ਤੇ ਪਾਸਾਰ ਹੈ।
ਵਰਤਮਾਨ ਜੀਵਨ ਵਿੱਚ ਦਲਿੱਦਰ, ਆਲਸ, ਕਰਮ ਕਾਂਡ ਤੇ ਵਿਕਾਰ ਖਤਮ ਹੁੰਦੇ ਹਨ
ਜਦੋਂ ਅਸੀਂ ਉਦਮ ਕਰਕੇ ਗੁਰਬਾਣੀ ਵਿਚਾਰ ਵਲ ਵਧ ਕੇ ਜੀਵਨ ਵਿੱਚ ਧਾਰਨ ਕਰਾਂਗੇ—
ਤੁਧੁ ਡਿਠੇ ਸਚੇ ਪਾਤਿਸਾਹ, ਮਲੁ ਜਨਮ ਜਨਮ ਦੀ ਕਟੀਐ।।
ਸਿੱਖੀ ਸਿਧਾਂਤ ਵਿੱਚ ਗੁਰਦੇਵ ਪਿਤਾ ਜੀ ਨੇ ਆਪਣੇ ਪਰਵਾਰ ਨੂੰ ਤਰਜੀਹ ਨਹੀਂ
ਦਿੱਤੀ ਬਲ ਕੇ ਗੁਣਾਂ ਦੇ ਅਧਾਰਤ ਫੈਸਲੇ ਕੀਤੇ ਹਨ।
ਅੱਜ ਸਿੱਖੀ ਵਿੱਚ ਗੁਰੂ ਗੰਥ ਸਾਹਿਬ ਜੀ ਨੂੰ ਮੱਥਾ ਤਾਂ ਜ਼ਰੂਰ ਟੇਕਿਆ ਜਾ
ਰਿਹਾ ਹੈ ਪਰ ਕਰਦੇ ਅਸੀਂ ਆਪਣੀ ਮਰਜ਼ੀ ਹਾਂ। ਕੌਮ ਵੱਖ ਵੱਖ ਜੱਥੇਬੰਦੀਆਂ ਵਿੱਚ ਵੰਡੀ ਗਈ ਹੈ,
ਡੇਰਾਵਾਦ ਭਾਰੂ ਹੋ ਚੁੱਕਿਆ ਹੈ। ਅਸੀਂ ਤਰਜੀਹ ਆਪਣੇ ਪਰਵਾਰ ਤੇ ਆਪਣੀ ਜੱਥੇਬੰਦੀ ਨੂੰ ਦੇ ਰਹੇ
ਹਾਂ। ਅੱਜ ਅਜੇਹੀ ਖੜੋਤ ਆ ਗਈ ਹੈ ਕਿ ਰਾਜ ਭਾਗ ਪ੍ਰਾਪਤੀ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ।
ਇਸ ਵਾਰ ਦਾ ਵਿਸ਼ਾ ਵਸਤੂ ਦਸਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਉਲਟੀ
ਗੰਗਾ ਵਹਾ ਦਿੱਤੀ। ਭਾਵ ਮਨੁੱਖ ਦੀ ਜ਼ਿੰਦਗੀ ਨੂੰ ਇੱਕ ਨਵਾਂ ਮੋੜ ਦਿੱਤਾ।