ਭਾਗ ੨
ਭਾਈ ਸੁੰਦਰ ਸਿੰਘ ਦਾ ਜਨਮ ੧੮੮੩ ਈ ਵਿੱਚ ਸ੍ਰ. ਖਜ਼ਾਨ ਸਿੰਘ ਦੇ ਘਰ ਪਿੰਡ
ਭਿੰਡਰ ਕਲਾਂ ਜ਼ਿਲਾ ਫਿਰੋਜ਼ਪੁਰ ਵਿੱਚ ਹੋਇਆ। ਸ੍ਰ. ਖਜ਼ਾਨ ਸਿੰਘ ਨਿਰਮਲਾ ਸੰਪਰਦਾ ਨਾਲ ਸਬੰਧ ਰਖਦੇ
ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਘਰ ਵਿੱਚ ਬਚਪਨ ਤੋਂ ਹੀ ਸੁੰਦਰ ਸਿੰਘ ਨੂੰ ਧਾਰਮਿਕ ਗ੍ਰੰਥ
ਪੜ੍ਹਾਉਣੇ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ਦੀ ਆਪਣੀ ਇੱਕ ਕਿਤਾਬ ਖਾਲਸਾ ਜੀਵਨ ਅਨੁਸਾਰ ੯-੧੦ ਸਾਲ
ਦੀ ਉਮਰ ਤੱਕ ਉਹ ਅਖੰਡ ਪਾਠੀ ਬਣ ਗਏ ਅਤੇ ਅੰਮ੍ਰਿਤ ਛੱਕ ਕੇ ਖਾਲਸਾ ਸੱਜ ਗਏ। ਇੱਕ ਪੰਡਤ ਤੋਂ
ਸੰਸਕ੍ਰਿਤ ਪੜ੍ਹੀ, ਪੰਡਤ ਜਾਵਾਲਾ ਦਾਸ ਉਦਾਸੀ ਤੋਂ ਗ੍ਰੰਥ ਪੜ੍ਹੇ ਅਤੇ ਗਿਆਨੀ ਭਗਤ ਰਾਮ ਤੋਂ
ਬ੍ਰਹਮ ਵਿਦਿਆ ਪੜ੍ਹੀ (ਖਾਲਸਾ ਜੀਵਨ ਪੰਨਾ ੨੬)। ਸੋ ਇਨ੍ਹਾਂ ਮੁਤਾਬਕ ੧੬ ਸਾਲ ਦੀ ਜੁਆਨੀ ਦੀ ਉਮਰੇ
ਪਹੁੰਚਣ ਤੱਕ ਸੁੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਭਾਈ ਗੁਰਦਾਸ ਜੀ ਦੇ ਕਬਿਤ, ਸਵੱਈਏ,
ਭਾਈ ਨੰਦ ਲਾਲ ਸਿੰਘ ਜੀ ਦਾ ਜ਼ਿੰਦਗੀ ਨਾਮਾ ਅਤੇ ਹਿੰਦੂ ਧਰਮ ਗ੍ਰੰਥ ਮਹਾਭਾਰਤ, ਭਗਵਦ ਗੀਤਾ,
ਹਨੁਮਾਨ ਨਾਟਕ, ਭਵਰ ਸਿਮ੍ਰਿਤੀ, ਵੈਰਾਗ ਸ਼ਕਤੀ, ਪ੍ਰਬੋਧ ਚੰਦਰ ਨਾਟਕ ਆਦਿ ਪੜ੍ਹ ਲਏ ਸਨ।
ਤੁਲਨਾਤਮਕ ਦ੍ਰਿਸ਼ਟੀ ਤੋਂ ਦੂਸਰੇ ਧਰਮਾਂ ਦਾ ਸਾਹਿਤ ਜਾਂ ਧਰਮ ਗ੍ਰੰਥ
ਪੜ੍ਹਨੇ ਕੋਈ ਮਾੜੀ ਗੱਲ ਨਹੀਂ ਸਗੋਂ ਇੱਕ ਚੰਗੀ ਸੋਚ ਹੈ, ਪਰ ਉਸ ਨੂੰ ਆਪਣੇ ਕੌਮੀ ਸਾਹਿਤ ਦਾ ਅੰਗ
ਮੰਨ ਕੇ ਸ਼ਰਧਾ ਨਾਲ ਪੜ੍ਹਨਾ ਇੱਕ ਖਤਰਨਾਕ ਰੁਝਾਨ ਹੈ। ਆਪਣੇ ਪਿਤਾ ਜੀ ਦੀ ਨਿਰਮਲਾ ਸੋਚ ਦਾ ਪ੍ਰਭਾਵ
ਅਤੇ ਪੰਡਤ ਜਾਵਾਲਾ ਦਾਸ ਉਦਾਸੀ ਤੋਂ ਬਹੁਤ ਸਾਰੀ ਵਿਦਿਆ ਲੈਣ ਕਰਕੇ ਉਦਾਸੀ ਵਿਚਾਰਧਾਰਾ ਦਾ ਪ੍ਰਭਾਵ
ਹੋਣ ਕਾਰਨ ਭਾਈ ਸੁੰਦਰ ਸਿੰਘ ਦੀ ਵਿਚਾਰਧਾਰਾ ਨਿਰਮਲਾ ਅਤੇ ਉਦਾਸੀ ਵਿਚਾਰਧਾਰਾ ਦਾ ਮਿਲਗੋਭਾ ਸੀ।
ਉਤੋਂ ਵਧੇਰੇ ਹਿੰਦੂ ਗ੍ਰੰਥ ਪੜ੍ਹੇ ਹੋਣ ਕਾਰਨ, ਸਾਰੀ ਜ਼ਿੰਦਗੀ ਇਨ੍ਹਾਂ ਦੀ ਮੱਤ `ਤੇ ਵਧੇਰੇ
ਸਨਾਤਨੀ ਪ੍ਰਭਾਵ ਹੀ ਰਿਹਾ ਅਤੇ ਗੁਰਬਾਣੀ ਦੀ ਵੀ ਸਨਾਤਨੀ ਵਿਆਖਿਆ ਹੀ ਕਰਦੇ ਰਹੇ। ਉਹੀ ਪ੍ਰਭਾਵ
ਅੱਜ ਤਕ ਇਨ੍ਹਾਂ ਦੀ ਸੰਪਰਦਾ ਜਥਾ ਭਿੰਡਰਾਂ `ਤੇ ਕਾਬਜ਼ ਹੈ।
ਇਨ੍ਹਾਂ ਦੇ ਆਪਣੇ ਸਾਹਿਤ ਅਨੁਸਾਰ ਇਹ ੧੮-੧੯ ਸਾਲ ਦੀ ਉਮਰ ਵਿੱਚ ਦੋ ਕੁ
ਸਾਲ ਭਾਈ ਬਿਸ਼ਨ ਸਿੰਘ ਮੁਰਾਲੇ ਵਾਲਿਆਂ ਦੀ ਸੰਗਤ ਵਿੱਚ ਰਹੇ ਅਤੇ ਉਸ ਤੋਂ ਬਾਅਦ ਧਰਮ ਪ੍ਰਚਾਰ ਦਾ
ਕੰਮ ਸ਼ੁਰੂ ਕਰ ਦਿੱਤਾ। ਥੋੜ੍ਹੇ ਸਮੇਂ ਵਿੱਚ ਹੀ ਇਨ੍ਹਾਂ ਆਪਣਾ ਇੱਕ ਜਥਾ ਬਣਾ ਲਿਆ। ਆਪਣੇ ਨੇੜਲੇ
ਇਲਾਕੇ ਵਿੱਚ ਇਨ੍ਹਾਂ ਦਾ ਪ੍ਰਭਾਵ ਅਤੇ ਮਾਨਤਾ ਵੀ ਕਾਫੀ ਹੋ ਗਈ ਅਤੇ ਇਨ੍ਹਾਂ ਨੇ ਆਪਣੇ ਘਰ ਵਿੱਚ
ਹੀ ਆਪਣਾ ਡੇਰਾ ਵੀ ਸਥਾਪਤ ਕਰ ਲਿਆ, ਪਰ ਇਸ ਡੇਰੇ ਦਾ ਕੋਈ ਨਾਂ ਨਹੀਂ ਸੀ ਰਖਿਆ। ਭਿੰਡਰ ਕਲਾਂ
ਪਿੰਡ ਦੇ ਵਾਸੀ ਹੋਣ ਕਾਰਨ ਡੇਰੇ ਦਾ ਅਤੇ ਜਥੇ ਦਾ ਨਾਂ ਵੀ ਜਥਾ ਭਿੰਡਰਾਂ ਪ੍ਰਚਲਤ ਹੋਇਆ।
ਜਿਵੇਂ ਹਰ ਡੇਰੇ ਦੇ ਨਾਲ ਹੁੰਦਾ ਹੈ, ਕਿ ਆਪਣੇ ਡੇਰੇ ਦੀ ਮਹੱਤਤਾ ਬਨਾਉਣ
ਲਈ ਕੁੱਝ ਕਰਾਮਾਤੀ ਅਤੇ ਤੱਪ ਸਾਧਨ ਅਤੇ ਹੱਠ ਕਰਮ ਕਰਨ ਦੀਆਂ ਕਹਾਣੀਆਂ ਆਪਣੇ ਅਖੌਤੀ ਸਾਧ ਸੰਤਾਂ
ਦੇ ਨਾਂਵਾਂ ਨਾਲ ਜੋੜ ਦਿੱਤੀਆਂ ਜਾਂਦੀਆਂ ਹਨ, ਇਨ੍ਹਾਂ ਦੇ ਨਾਂ ਨਾਲ ਵੀ ਕਈ ਕਰਾਮਾਤੀ ਕਹਾਣੀਆਂ
ਜੋੜੀਆਂ ਹੋਈਆਂ ਹਨ। ਇਸੇ ਕਿਤਾਬ ਖਾਲਸਾ ਜੀਵਨ ਦੇ ਪੰਨਾ ੨੮ ਅਨੁਸਾਰ, ਇੱਕ ਵਾਰੀ ਇਹ ਦੀਵਾਨ ਵਿੱਚ
ਕਥਾ ਕਰ ਰਹੇ ਸਨ ਕਿ ਉਪਰ ਲੱਗੀ ਚਾਨਣੀ ਵਿਚੋਂ ਦੇਵਤਿਆਂ ਦਾ ਮਿੱਠਾ ਰਸ ਚੋਣ ਲੱਗਾ। ਉਪਰ ਵੇਖਿਆ
ਤਾਂ ਬਦਲ ਵੀ ਨਹੀਂ ਸਨ, ਪਰ ਚਾਨਣੀ `ਤੇ ਦੋ ਤਿੰਨ ਬੁੱਕਾਂ ਦੇਵਤਿਆਂ ਦਾ ਮਿੱਠੇ ਸੁਆਦ ਵਾਲਾ ਰਸ
ਜਮ੍ਹਾਂ ਹੋਇਆ ਹੋਇਆ ਸੀ। ਕਹਿੰਦੇ ਹਨ ਕਿ ਕੁੱਝ ਸੰਗਤਾਂ ਨੇ ਵੀ ਉਹ ਅੰਮ੍ਰਿਤ ਚੱਖ ਕੇ ਵੇਖਿਆ ਉਸ
ਦਾ ਸੁਆਦ ਕਮਾਲ ਦਾ ਮਿੱਠਾ ਸੀ। ਹੈਰਾਨਗੀ ਦੀ ਗੱਲ ਹੈ ਕਿ ਸਤਿਗੁਰੂ ਦਾ ਬਖਸ਼ਿਆ ਹੋਇਆ ਪਾਹੁਲ ਰੂਪੀ
ਅਨਮੋਲ ਅੰਮ੍ਰਿਤ ਛੱਕ ਕੇ ਵੀ ਇਹ ਦੇਵੀ ਦੇਵਤਿਆਂ ਦਾ ਰੱਸ ਹੀ ਭਾਲਦੇ ਰਹੇ। ਜਿਨ੍ਹਾਂ ਦੇਵਤਿਆਂ ਦੇ
ਰੱਸ ਬਾਰੇ ਇਤਨੀ ਮਹੱਤਤਾ ਦਿੱਤੀ ਗਈ ਹੈ, ਉਨ੍ਹਾਂ ਦੇਵੀ ਦੇਵਤਿਆਂ ਨੂੰ ਗੁਰਬਾਣੀ ਕੋਈ ਵਿਸ਼ੇਸ਼
ਮਹੱਤਤਾ ਵੀ ਨਹੀਂ ਦੇਂਦੀ। ਬਲਕਿ ਸਤਿਗੁਰੂ ਤਾਂ ਫੁਰਮਾਉਂਦੇ ਹਨ ਕਿ ਇਹ ਦੇਵੀ ਦੇਵਤੇ ਵੀ ਆਮ
ਮਨੁੱਖਾਂ ਦੀ ਤਰ੍ਹਾਂ ਹੀ ਮਾਇਆ ਦੀ ਉਪਜ ਹਨ ਅਤੇ ਇਨ੍ਹਾਂ ਦੇ ਧਾਰਮਿਕ ਗ੍ਰੰਥਾਂ ਮੁਤਾਬਕ ਆਪ ਹੀ
ਮਾਇਆ ਦੇ ਖੇਲ ਵਿੱਚ ਭਟਕਦੇ ਫਿਰਦੇ ਹਨ। ਸਤਿਗੁਰੂ ਦੇ ਪਾਵਨ ਫੁਰਮਾਨ ਹਨ:
"ਮਾਇਆ ਮੋਹੇ ਦੇਵੀ ਸਭਿ ਦੇਵਾ।। ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ।।
ਓਹੁ ਅਬਿਨਾਸੀ ਅਲਖ ਅਭੇਵਾ।। " {ਗਉੜੀ ਮਹਲਾ ੧, ਪੰਨਾ ੨੨੭}
ਸਾਰੇ ਦੇਵੀਆਂ ਤੇ ਦੇਵਤੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ (ਇਹੀ ਹੈ ਆਤਮਕ
ਮੌਤ, ਇਹ ਆਤਮਕ) ਮੌਤ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਖ਼ਲਾਸੀ ਨਹੀਂ ਕਰਦੀ। (ਇਸ ਆਤਮਕ) ਮੌਤ
ਤੋਂ ਬਚਿਆ ਹੋਇਆ ਸਿਰਫ਼ ਇੱਕ ਪਰਮਾਤਮਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ, ਜਿਸ ਦਾ ਭੇਤ ਪਾਇਆ
ਨਹੀਂ ਜਾ ਸਕਦਾ।
"ਭਰਮੇ ਸੁਰਿ ਨਰ ਦੇਵੀ ਦੇਵਾ।। ਭਰਮੇ ਸਿਧ ਸਾਧਿਕ ਬ੍ਰਹਮੇਵਾ।। "
{ਗਉੜੀ ਬਾਵਨ ਅਖਰੀ ਮ: ੫, ਪੰਨਾ ੨੫੮}
(ਇਸ ਮਾਇਆ ਦੇ ਚੋਜ-ਤਮਾਸ਼ਿਆਂ ਦੀ ਖ਼ਾਤਰ) ਸੁਰਗੀ ਜੀਵ, ਮਨੁੱਖ, ਦੇਵੀ
ਦੇਵਤੇ ਖ਼ੁਆਰ ਹੁੰਦੇ (ਸੁਣੀਦੇ ਰਹੇ) ਵੱਡੇ ਵੱਡੇ ਸਾਧਨਾਂ ਵਿੱਚ ਪੁੱਗੇ ਹੋਏ ਜੋਗੀ, ਸਾਧਨ ਕਰਨ
ਵਾਲੇ ਜੋਗੀ, ਬ੍ਰਹਮਾ ਵਰਗੇ ਭੀ (ਇਹਨਾਂ ਪਿਛੇ) ਭਟਕਦੇ (ਸੁਣੀਦੇ) ਰਹੇ।
ਸਤਿਗੁਰੂ ਨੇ ਇਹ ਨਿਰਣਾ ਕਰ ਕੇ ਦਸ ਦਿੱਤਾ ਹੈ ਕਿ ਕੋਈ ਅਖੌਤੀ ਦੇਵੀ,
ਦੇਵਤਾ, ਜੋਗੀ ਜਾਂ ਸਿਧ ਇਸ ਸੰਸਾਰ `ਤੇ ਸਦਾ ਨਹੀਂ ਰਿਹਾ ਅਤੇ ਨਾ ਹੀ ਰਹਿ ਸਕਦਾ ਹੈ। ਕੇਵਲ ਇੱਕ
ਅਕਾਲ-ਪੁਰਖ ਹੀ ਹੈ ਜੋ ਸਦਾ ਤੋਂ ਹੈ ਅਤੇ ਸਦਾ ਹੀ ਰਹੇਗਾ। ਇਸ ਵਾਸਤੇ ਉਨ੍ਹਾਂ ਨਾਸਵਾਨਾਂ ਨੂੰ ਛੱਡ
ਕੇ ਸਿੱਖ ਨੂੰ ਕੇਵਲ ਉਸ ਅਕਾਲ–ਪੁਰਖ ਨਾਲ ਹੀ ਜੁੜੇ ਰਹਿਣ ਦਾ ਉਪਦੇਸ਼ ਦਿੱਤਾ ਹੈ। ਪਾਵਨ ਗੁਰਬਾਣੀ
ਦਾ ਬਚਨ ਹੈ:
"ਨ ਦੇਵ ਦਾਨਵਾ ਨਰਾ।। ਨ ਸਿਧ ਸਾਧਿਕਾ ਧਰਾ।।
ਅਸਤਿ ਏਕ ਦਿਗਰਿ ਕੁਈ।। ਏਕ ਤੁਈ ਏਕ ਤੁਈ।। ੨।। " {ਮ: ੧, ਪੰਨਾ
੧੪੩}
ਨਾਹ ਦੇਵਤੇ, ਨਾਹ ਦੈਂਤ, ਨਾਹ ਮਨੁੱਖ, ਨਾਹ ਜੋਗ-ਸਾਧਨਾਂ ਵਿੱਚ ਪੁੱਗੇ
ਜੋਗੀ, ਨਾਹ ਜੋਗ-ਸਾਧਨ ਕਰਨ ਵਾਲੇ, ਕੋਈ ਭੀ ਧਰਤੀ `ਤੇ ਨਾਹ ਰਿਹਾ। ਸਦਾ-ਥਿਰ ਰਹਿਣ ਵਾਲਾ ਹੋਰ
ਦੂਜਾ ਕੌਣ ਹੈ? ਸਦਾ ਕਾਇਮ ਰਹਿਣ ਵਾਲਾ, ਹੇ ਪ੍ਰਭੂ! ਇੱਕ ਤੂੰ ਹੀ ਹੈਂ, ਇੱਕ ਤੂੰ ਹੀ ਹੈਂ। ੨।
ਨਾਲੇ ਕੀ ਦੇਵਤਿਆਂ ਦੇ ਅੰਮ੍ਰਿਤ ਦੀ ਮੂਲ ਪਛਾਣ ਇਹੀ ਹੈ ਕਿ ਉਸ ਦਾ ਸੁਆਦ
ਬਹੁਤ ਕਮਾਲ ਦਾ ਮਿੱਠਾ ਹੁੰਦਾ ਹੈ? ਬਸ …। ਇਹ ਕਹਾਣੀ ਭਾਵੇਂ ਭਾਈ ਸੁੰਦਰ ਸਿੰਘ ਦੀ ਮਹਾਨਤਾ
ਦਰਸਾਉਣ ਵਾਸਤੇ ਬਣਾਈ ਗਈ ਹੈ ਪਰ ਇਹ ਕਹਾਣੀ ਹੀ ਆਪਣੇ ਆਪ ਵਿੱਚ ਇਨ੍ਹਾਂ ਦੀ ਸਨਾਤਨੀ ਸੋਚ ਦਾ ਵੱਡਾ
ਪ੍ਰਮਾਣ ਹੈ।
ਇਸੇ ਤਰ੍ਹਾਂ ਹੀ ਗੁਰਮਤਿ ਅਤੇ ਬ੍ਰਾਹਮਣੀ ਸੋਚ ਦਾ ਮਿਲਗੋਭਾ ਬਣਾ ਕੇ
ਪ੍ਰਚਾਰ ਕਰਦੇ ਹੋਏ ਇਹ ਕੁੱਝ ਬਿਮਾਰ ਰਹਿਣ ਲੱਗ ਪਏ ਅਤੇ ੧੫ ਫਰਵਰੀ ੧੯੩੦ ਨੂੰ ਇਨ੍ਹਾਂ ਦੀ ਮੌਤ ਹੋ
ਗਈ। ਮਰਨ ਤੋਂ ਪਹਿਲਾਂ ਇਨ੍ਹਾਂ ਨੇ ਅਖੰਡ ਪਾਠੀ ਸਿੰਘ ਅਤੇ ਪ੍ਰਚਾਰਕਾਂ ਦੇ ਨਾਂ `ਤੇ ਸਿੱਖ ਕੌਮ
ਅੰਦਰ ਇੱਕ ਅੱਡਰੀ ਪੁਜਾਰੀ ਸ਼੍ਰੇਣੀ ਦੀ ਸਥਾਪਨਾ ਦਾ ਵੱਡਾ ਗੁਰਮਤਿ ਵਿਰੋਧੀ ਕਾਰਜ ਕਰ ਦਿੱਤਾ ਸੀ,
ਜੋ ਅੱਜ ਘੁਣ ਵਾਂਗੂੰ ਸਿੱਖ ਕੌਮ ਨੂੰ ਅੰਦਰੋ ਅੰਦਰੀ ਖਾਈ ਜਾ ਰਿਹਾ ਹੈ।
ਭਾਈ ਸੁੰਦਰ ਸਿੰਘ ਦੀ ਮੌਤ `ਤੇ ਉਨ੍ਹਾਂ ਦਾ ਚੇਲਾ ਗੁਰਬਚਨ ਸਿੰਘ ਇਨ੍ਹਾਂ
ਦੀ ਗੱਦੀ `ਤੇ ਬੈਠਾ ਅਤੇ ਜਥਾ ਭਿੰਡਰਾਂ ਦਾ ਦੂਜਾ ਜਥੇਦਾਰ ਬਣਿਆ। ਭਾਵੇਂ ਇਸ ਦਾ ਜੱਦੀ ਪਿੰਡ ਅਤੇ
ਜਨਮ ਪਿਡ ਅਖਾੜੇ ਦਾ ਸੀ, ਪਰ ਜਥਾ ਭਿੰਡਰਾਂ ਦਾ ਜਥੇਦਾਰ ਬਣਨ ਕਰ ਕੇ ਨਾਂ ਗੁਰਬਚਨ ਸਿੰਘ
ਭਿੰਡਰਾਂਵਾਲੇ ਪ੍ਰਚਲਤ ਹੋਇਆ। ਕਿਹਾ ਜਾਂਦਾ ਹੈ ਕਿ ਗੁਰਸਿੱਖ ਪਰਿਵਾਰ ਵਿੱਚ ਜਨਮ ਲੈਣ ਕਰਕੇ ਬਚਪਨ
ਵਿੱਚ ਹੀ ਇਨ੍ਹਾਂ ਨੇ ਨਿਤਨੇਮ ਦੀਆਂ ਪੰਜ ਬਾਣੀਆਂ ਕੰਠ ਕਰ ਲਈਆਂ ਅਤੇ ਹੋਰ ਵੀ ਕੁੱਝ ਬਾਣੀਆਂ
ਪੜ੍ਹੀਆਂ ਅਤੇ ਸੱਤ ਸਾਲ ਦੀ ਉਮਰ ਵਿੱਚ ਅਖੰਡ ਪਾਠੀ ਬਣ ਗਏ। ਤੇਰ੍ਹਾਂ ਸਾਲ ਦੀ ਉਮਰ ਵਿੱਚ ਇਸ ਨੇ
ਸੰਸਕ੍ਰਿਤ ਪੜ੍ਹੀ ਅਤੇ ਹਿੰਦੂ ਧਰਮ ਦੇ ਰਾਮਾਇਣ, ਮਹਾਂਭਾਰਤ, ਯੋਗ ਵਸ਼ਿਸ਼ਟ ਅਤੇ ਹੋਰ ਵੈਦਿਕ ਗ੍ਰੰਥ
ਪੜ੍ਹੇ। ਇਨ੍ਹਾਂ ਗ੍ਰੰਥਾ ਦੀਆਂ ਸਿੱਖਿਆ ਪ੍ਰਾਪਤ ਕਰ ਕੇ ਇਸ ਨੇ ਗੁਰੂ ਗ੍ਰੰਥ ਸਾਹਿਬ ਦਾ ਫਰੀਦ
ਕੋਟੀ ਟੀਕਾ ਪੜ੍ਹਿਆ। ਇਥੇ ਇਹ ਦੱਸ ਦੇਣਾ ਯੋਗ ਹੋਵੇਗਾ ਕਿ ਇਹ ਟੀਕਾ ਨਿਰਮਲਾ ਵਿਦਵਾਨਾਂ ਵਲੋਂ
ਤਿਆਰ ਕੀਤਾ ਗਿਆ ਹੈ ਅਤੇ ਇਸ ਵਿੱਚ ਉਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਵੀ ਸਨਾਤਨੀ ਵਿਚਾਰਧਾਰਾ
ਅਨੁਸਾਰ ਕੀਤੀ ਹੈ। ਇਸ ਤੋਂ ਇਲਾਵਾ ਹਿੰਦੂ ਧਰਮ ਦੇ ਹੀ ਯੋਗ ਵੇਦਾਂਤ, ਪੰਜ ਦਾਸੀ, ਮੋਕਸ਼ ਪੰਥ ਅਤੇ
ਇਸ ਲੜੀ ਦੇ ਕੁੱਝ ਹੋਰ ਗ੍ਰੰਥ ਵੀ ਪੜ੍ਹੇ।
ਸੁਭਾਵਕ ਹੈ ਕਿ ਬ੍ਰਾਹਮਣੀ ਗ੍ਰੰਥਾਂ ਅਤੇ ਨਿਰਮਲਿਆਂ ਦੇ ਸਨਾਤਨੀ
ਵਿਚਾਰਧਾਰਾ ਵਿੱਚ ਰੰਗੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਫਰੀਦਕੋਟੀ ਟੀਕੇ ਦਾ ਪ੍ਰਭਾਵ, ਇਨ੍ਹਾਂ ਦੀ
ਵਿਚਾਧਾਰਾ `ਤੇ ਪੂਰਾ ਅਸਰਦਾਇਕ ਹੋਇਆ ਅਤੇ ਇਨ੍ਹਾਂ ਦੀ ਸੋਚ ਬਿਲਕੁਲ ਭਾਈ ਸੁੰਦਰ ਸਿੰਘ ਦੀ
ਵਿਚਾਧਾਰਾ ਮੁਤਾਬਕ ਹੀ ਗੁਰਮਤਿ ਅਤੇ ਸਨਾਤਨੀ ਵਿਚਾਰਧਾਰਾ ਦਾ ਮਿਲ ਗੋਭਾ ਬਣ ਗਈ।
ਉਂਝ ਤਾਂ ਇਨ੍ਹਾਂ ਨੂੰ ਵੀ ਆਮ ਮਨੁੱਖਾਂ ਤੋਂ ਉਪਰ ਕੋਈ ਮਹਾਂਪੁਰਖ ਸਾਬਤ
ਕਰਨ ਲਈ ਕਈ ਕਰਾਮਾਤੀ ਜਾਂ ਤੱਪ ਸਾਧਨ ਅਤੇ ਹੱਠ ਕਰਮਾਂ ਦੀਆਂ ਕਹਾਣੀਆਂ ਜੋੜੀਆਂ ਹੋਈਆਂ ਹਨ, ਜੋ ਹਰ
ਡੇਰੇਦਾਰ ਨਾਲ ਜੋੜ ਦਿੱਤੀਆਂ ਜਾਂਦੀਆਂ ਹਨ, ਮੈਂ ਉਨ੍ਹਾਂ ਕਹਾਣੀਆਂ ਵਿੱਚ ਪਾਠਕਾਂ ਦਾ ਅਤੇ ਆਪਣਾ
ਹੋਰ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ। ਹਾਂ ਇੱਕ ਖਾਸ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਹਾਂ:
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਵਲੋਂ
ਮਨੁੱਖਤਾ ਨੂੰ ਸੱਚ ਧਰਮ ਦੇ ਮਾਰਗ `ਤੇ ਪਾਉਣ ਦੇ ਮਕਸਦ ਨਾਲ ਭੇਜੇ ਗਏ ਇੱਕ ਇਲਾਹੀ ਜੋਤਿ ਸਨ। ਬਾਕੀ
ਗੁਰੂ ਸਾਹਿਬਾਨ ਦੀ ਘਾੜਨਾ ਪਹਿਲੇ ਸਤਿਗੁਰੂ ਸਾਹਿਬਾਨ ਨੇ ਘੜੀ ਹੈ। ਜਿਵੇਂ ਭਾਈ ਲਹਿਣਾ ਜੀ ਦੇ
ਗੁਰੂ ਨਾਨਕ ਪਾਤਿਸ਼ਾਹ ਦੇ ਦਰ `ਤੇ ਆਉਣ ਤੋਂ ਪਹਿਲਾਂ ਹੀ ਸ਼ਰਧਾ ਤਾਂ ਅਥਾਹ ਸੀ, ਪਰ ਇਹ ਸ਼ਰਧਾ
ਅੰਧਵਿਸ਼ਵਾਸੀ ਹੋਣ ਕਾਰਨ ਕੁਰਾਹੇ ਪੈਕੇ ਆਪ ਵੀ ਹਰ ਸਾਲ ਦੇਵੀਆਂ ਦੇ ਦਰਸ਼ਨ ਲਈ ਯਾਤਰਾ `ਤੇ ਜਾਂਦੇ
ਸਨ ਅਤੇ ਹੋਰਾਂ ਸੰਗੀ ਸਾਥੀਆਂ ਨੂੰ ਵੀ ਲੈਕੇ ਜਾਂਦੇ ਸਨ। ਜਦੋਂ ਗੁਰੂ ਨਾਨਕ ਪਾਤਿਸ਼ਾਹ ਦੀ ਸ਼ਰਨ
ਵਿੱਚ ਆ ਗਏ ਤਾਂ ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਦੀ ਘਾੜਨਾ ਘੜੀ। ਉਨ੍ਹਾਂ ਦੀ ਅਥਾਹ ਸ਼ਰਧਾ ਵਿੱਚ
ਅਕਾਲ ਪੁਰਖ ਵਲੋਂ ਮਿਲੇ ਇਲਾਹੀ ਗਿਆਨ ਦਾ ਰੰਗ ਭਰ ਕੇ, ਉਨ੍ਹਾਂ ਦੀ ਸ਼ਰਧਾ ਨੂੰ ਸੱਚ ਧਰਮ ਵਿੱਚ
ਤਬਦੀਲ ਕਰ ਦਿੱਤਾ। ਸਤਿਗੁਰੂ ਨੇ ਉਨ੍ਹਾਂ ਦੀ ਘਾੜਨਾ ਘੜ ਕੇ ਉਨ੍ਹਾਂ ਨੂੰ ਭਾਈ ਲਹਿਣਾ ਜੀ ਤੋਂ
ਦੂਸਰੇ ਨਾਨਕ, ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਬਿਲਕੁਲ ਇਸੇ ਤਰ੍ਹਾਂ ਗੁਰੂ ਅਮਰ ਦਾਸ ਜੀ, ਬਾਬਾ
ਅਮਰੂ ਜੀ ਦੇ ਤੌਰ `ਤੇ ਅਠਾਹਠ ਤੀਰਥਾਂ `ਤੇ ਭਟਕਦੇ ਫਿਰਦੇ ਸਨ। ਭਾਵੇਂ ਵਡੇਰੀ ਉਮਰ ਵਿੱਚ ਹੀ ਸਹੀ,
ਜਦੋਂ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆ ਗਏ ਅਤੇ ਸਤਿਗੁਰੂ ਨੇ ਉਨ੍ਹਾਂ ਦੀ ਘਾੜਨਾ ਘੜੀ ਅਤੇ
ਤੀਸਰੇ ਨਾਨਕ ਗੁਰੂ ਅਮਰਦਾਸ ਸਾਹਿਬ ਬਣਾ ਦਿੱਤਾ ਤਾਂ ਉਸੇ ਗੁਰੂ ਅਮਰਦਾਸ ਪਾਤਿਸ਼ਾਹ ਨੇ ਤੀਰਥਾਂ `ਤੇ
ਭਟਕਣ ਵਾਲਿਆਂ ਬਾਰੇ ਫੁਰਮਾਇਆ:
"ਇਹੁ ਮਨੁ ਮੈਲਾ ਇਕੁ ਨ ਧਿਆਏ।। ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ।।
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ।। "
{ਮਾਝ ਮਹਲਾ ੩, ਪੰਨਾ ੧੧੬}
(ਜਿਤਨਾ ਚਿਰ ਮਨੁੱਖ ਦਾ) ਇਹ ਮਨ (ਵਿਕਾਰਾਂ ਦੀ ਮੈਲ ਨਾਲ) ਮੈਲ਼ਾ
(ਰਹਿੰਦਾ) ਹੈ, (ਤਦੋਂ ਤਕ ਮਨੁੱਖ) ਇੱਕ ਪਰਮਾਤਮਾ ਨੂੰ ਨਹੀਂ ਸਿਮਰਦਾ। ਮਾਇਆ ਵਿੱਚ ਪਿਆਰ ਪਾਣ ਦੇ
ਕਾਰਨ ਮਨੁੱਖ ਦੇ ਅੰਦਰ (ਮਨ ਵਿੱਚ ਵਿਕਾਰਾਂ ਦੀ) ਬਹੁਤ ਮੈਲ ਲੱਗੀ ਰਹਿੰਦੀ ਹੈ। (ਅਜੇਹੇ ਜੀਵਨ
ਵਾਲਾ ਮਨੁੱਖ ਕਿਸੇ) ਨਦੀ ਦੇ ਕੰਢੇ `ਤੇ ਜਾਂਦਾ ਹੈ (ਕਿਸੇ) ਤੀਰਥ ਉੱਤੇ (ਭੀ) ਜਾਂਦਾ ਹੈ, (ਹੋਰ
ਹੋਰ) ਦੇਸ ਵਿੱਚ ਭੀ ਭੌਂਦਾ ਹੈ (ਪਰ ਇਸ ਤਰ੍ਹਾਂ ਉਹ ਤੀਰਥ-ਜਾਤ੍ਰਾ ਆਦਿ ਦੇ ਮਾਣ ਨਾਲ) ਹੋਰ ਵਧੀਕ
ਅਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ।
ਇਤਨਾ ਹੀ ਨਹੀਂ ਸਾਰੀ ਮਨੁੱਖਤਾ ਨੂੰ ਹੋਕਾ ਦੇ ਕੇ ਸਮਝਾਇਆ ਕਿ ਤੱਟ ਤੀਰਥਾਂ
`ਤੇ ਭਟਕਣਾ ਬੰਦ ਕਰ ਦਿਓ, ਅਸਲ ਤੀਰਥ ਗੁਰੂ ਦਾ ਸ਼ਬਦ ਹੈ, ਜਿਸ ਵਿੱਚ ਇਸ਼ਨਾਨ ਕਰਨ ਨਾਲ ਮਨ ਦੀ ਸਾਰੀ
ਮੈਲ ਉਤਰ ਜਾਂਦੀ ਹੈ। ਸਤਿਗੁਰੂ ਦਾ ਪਾਵਨ ਫੁਰਮਾਨ ਹੈ:
"ਸਚਾ ਤੀਰਥੁ ਜਿਤੁ ਸਤਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ।।
ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਏ।। " {ਰਾਗੁ
ਸੂਹੀ ਮਹਲਾ ੩, ਪੰਨਾ ੭੫੩}
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ
ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ
(ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੇ ਸ਼ਬਦ ਵਿੱਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ
(ਅਤੇ ਵਿਖਾ ਦੇਂਦਾ ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿੱਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ
ਜਾਂਦੀ ਹੈ। (ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ
ਅਤੇ ਪਵਿਤ੍ਰ ਤੀਰਥ ਹੈ (ਉਸ ਵਿੱਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ।
ਕਹਿਣ ਤੋਂ ਭਾਵ ਇਹ ਹੈ ਕਿ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਦੀ ਪਹਿਲੇ ਗੁਰੂ
ਸਾਹਿਬਾਨ ਨੇ ਪਹਿਲਾਂ ਘਾੜਤ ਘੜੀ ਅਤੇ ਪੂਰਨ ਸਮਰੱਥ ਹੋਣ `ਤੇ ਹੀ ਉਨ੍ਹਾਂ ਨੂੰ ਗੁਰਗੱਦੀ `ਤੇ
ਸੁਸ਼ੋਭਤ ਕੀਤਾ। ਇਸੇ ਤਰ੍ਹਾਂ ਅੱਜ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆ ਜਾਂਦਾ ਹੈ ਅਤੇ
ਆਪਣਾ ਜੀਵਨ ਸਤਿਗੁਰੂ ਦੇ ਪਾਵਨ ਸ਼ਬਦ ਅਨੁਸਾਰ ਢਾਲ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ
ਲੈਂਦਾ ਹੈ। ਪਰ ਇਨ੍ਹਾਂ ਦੇ ਅਖੌਤੀ ਮਹਾਪੁਰਖਾਂ ਨਾਲ ਸ਼ੁਰੂ ਤੋਂ ਹੀ ਐਸੀਆਂ ਕਹਾਣੀਆਂ ਜੋੜੀਆਂ
ਹੋਈਆਂ ਹਨ, ਜਿਵੇਂ ਕਿ ਉਹ ਜਨਮ ਤੋਂ ਹੀ ਕੋਈ ਅਵਤਾਰ ਪੈਦਾ ਹੋਏ ਸਨ, ਅਤੇ ਧੁਰੋਂ ਹੀ ਕੋਈ ਅਲੌਕਿਕ
ਸ਼ਕਤੀਆਂ ਲੈ ਕੇ ਆਏ ਸਨ। ਇਸ ਤਰ੍ਹਾਂ ਉਹ ਤਾਂ ਗੁਰੂ ਸਾਹਿਬਾਨ ਤੋਂ ਵੀ ਉੱਚੇ ਹੋ ਗਏ।
ਅਸਲ ਵਿੱਚ ਕਿਸੇ ਵੀ ਸ਼ਖਸ਼ੀਅਤ ਦੀ ਵਿਚਾਰਧਾਰਾ ਨੂੰ ਸਮਝਣਾ ਹੋਵੇ ਤਾਂ
ਪਹਿਲਾਂ ਇਹੀ ਵੇਖਣਾ ਚਾਹੀਦਾ ਹੈ ਕਿ ਉਸ ਨੇ ਵਿੱਦਿਆ ਕਿਥੋਂ ਅਤੇ ਕਿਸ ਵਿਚਾਰਧਾਰਾ ਦੀ ਪ੍ਰਪਤ
ਕੀਤੀ। ਉਸ ਤੋਂ ਬਾਅਦ ਉਸ ਦੀ ਆਪਣੀ ਵਿਕਸਿਤ ਵਿਚਾਰਧਾਰਾ ਦਾ ਪਤਾ, ਜਿਥੇ ਉਸ ਦੇ ਜੀਵਨ, ਉਸ ਦੇ
ਬੋਲ, ਪ੍ਰਚਾਰ ਆਦਿ ਤੋਂ ਲਗਦਾ ਹੈ, ਉਥੇ ਸਭ ਤੋਂ ਵਧੇਰੇ ਸੱਚਾਈ, ਜੇ ਉਸ ਨੇ ਕੋਈ ਸਾਹਿਤ ਰਚਿਆ ਹੈ
ਤਾਂ ਉਸ ਸਾਹਿਤ ਤੋਂ ਉੱਘੜ ਕੇ ਸਾਮ੍ਹਣੇ ਆਉਂਦੀ ਹੈ। ਜਿਥੇ ਇਨ੍ਹਾਂ ਦੀ ਵਿਦਿਆ, ਵਿਦਿਆ ਸ੍ਰੋਤ ਅਤੇ
ਸੰਗਤ ਬਾਰੇ ਤਾਂ ਉਪਰ ਦੱਸਿਆ ਜਾ ਚੁੱਕਿਆ ਹੈ, ਉਥੇ ਉਨ੍ਹਾਂ ਵਲੋਂ ਰਚੇ ਸਾਹਿਤ ਦੇ ਤੌਰ `ਤੇ ਸਾਡੇ
ਕੋਲ ਇਨ੍ਹਾਂ (ਸ੍ਰੀਮਾਨ, ਪੰਥ ਰਤਨ, ਵਿੱਦਿਆ ਮਾਰਤੰਡ, ਸੰਤ, ਗਿਆਨੀ) ਗੁਰਬਚਨ ਸਿੰਘ ਜੀ ਖ਼ਾਲਸਾ
ਭਿੰਡਰਾਂਵਾਲੇ ਦੀ ਲਿੱਖੀ ਹੋਈ ਇੱਕ ਕਿਤਾਬ ਹੈ, "ਗੁਰਬਾਣੀ ਪਾਠ ਦਰਪਣ", ਜਿਸਨੂੰ
ਮਰਯਾਦਾ`ਤੇ ਕਰੜਾ ਪਹਿਰਾ ਦੇਣ ਦਾ ਦਾਅਵਾ ਕਰਨ ਵਾਲਾ ਭਿੰਡਰਾਂਜਥਾ, ਆਪਣੇ ਜਥੇ ਦੀ ਮਰਯਾਦਾ ਦਾ
ਆਧਾਰ ਮੰਨਦਾ ਹੈ। ਇਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਇਹ ਸਾਰੀਆਂ ਡਿਗਰੀਆਂ (ਸ੍ਰੀਮਾਨ, ਪੰਥ
ਰਤਨ, ਵਿੱਦਿਆ ਮਾਰਤੰਡ, ਸੰਤ, ਗਿਆਨੀ) ਇਨ੍ਹਾਂ ਨੇ ਆਪ ਹੀ ਆਪਣੇ ਨਾਂ ਨਾਲ ਜੋੜੀਆਂ ਹਨ। ਇਹ ਕਿਸੇ
ਯੂਨੀਵਰਸਿਟੀ ਜਾਂ ਪ੍ਰਵਾਨਤ ਪੰਥਕ ਸੰਸਥਾ ਵਲੋਂ ਨਹੀਂ ਦਿੱਤੀਆਂ ਗਈਆਂ।
ਜੇ ਮੈਂ ਇਸ ਸਾਰੀ ਕਿਤਾਬ ਦੀ ਪੜਚੋਲ ਕਰਕੇ ਪਾਠਕਾਂ ਸਾਮ੍ਹਣੇ ਰਖਣਾਂ ਚਾਹਾਂ
ਤਾਂ ਇਨ੍ਹਾਂ ਦੀ ੬੯੦ ਪੰਨਿਆਂ ਦੀ ਕਿਤਾਬ ਦੇ ਬਦਲੇ ਤਕਰੀਬਨ ਇਸੇ ਕਿਤਾਬ ਦੇ ਆਕਾਰ ਦੀਆਂ ਦੋ ਤਿੰਨ
ਕਿਤਾਬਾਂ ਲਿਖਣੀਆਂ ਪੈਣਗੀਆਂ, ਜੋ ਨਾ ਇਸ ਕਿਤਾਬ ਦਾ ਅਤੇ ਨਾ ਹੀ ਇਸ ਕਿਤਾਬ ਦੇ ਲੇਖਕ ਦਾ ਮੱਕਸਦ
ਹੈ। ਮੈਂ ਤਾਂ ਕੇਵਲ ਪਾਠਕਾਂ ਨੂੰ ਜਥਾ ਭਿੰਡਰਾਂ ਦੀ ਵਿਚਾਰਧਾਰਾ ਤੋਂ ਜਾਣੂ ਕਰਾਉਣਾ ਚਾਹੁੰਦਾ
ਹਾਂ। ਜਿਵੇਂ ਬੀਬੀਆਂ ਇੱਕ ਵੱਡੇ ਦੇਗਚੇ `ਚੋਂ ਚਾਵਲ ਦੇ ਕੁੱਝ ਦਾਣੇ ਕੱਢ ਕੇ ਦਸ ਦੇਂਦੀਆਂ ਹਨ ਕਿ
ਚਾਵਲ ਪੱਕ ਗਏ ਹਨ ਕਿ ਨਹੀਂ, ਇਸ ਤਰ੍ਹਾਂ ਸਾਹਿਤ ਵਿਚੋਂ ਵਿਚਾਰਧਾਰਾ ਦਾ ਅੰਦਾਜ਼ਾ ਕੁੱਝ ਇੱਕ
ਵਣਗੀਆਂ ਤੋਂ ਹੀ ਲੱਗ ਜਾਂਦਾ ਹੈ। ਮੈਂ ਉਸ ਕਿਤਾਬ ਵਿਚੋਂ ਕੁੱਝ ਕੁ ਕਿਣਕੇ ਕੱਢ ਕੇ ਸੰਗਤਾਂ ਦੇ
ਸਾਮ੍ਹਣੇ ਪੇਸ਼ ਕਰ ਦੇਂਦਾ ਹਾਂ ਬਾਕੀ ਨਿਰਣਾ ਸੰਗਤਾਂ ਆਪ ਕਰ ਲੈਣ ਕਿ ਇਨ੍ਹਾਂ ਮਹਾਂਪੁਰਖਾਂ (?) ਨੇ
ਗੁਰਸਿੱਖੀ ਦੀ ਕਿਤਨੀ ਮਹਾਨ ਸੇਵਾ ਕੀਤੀ ਹੈ:
ਇਸ ਕਿਤਾਬ ਵਿੱਚ ਸਭ ਤੋਂ ਪਹਿਲਾਂ ਤਾਂ ਇਨ੍ਹਾਂ ਨੇ ਸਾਰੇ ਗੁਰੂ ਸਾਹਿਬਾਨ
ਨੂੰ ਹਿੰਦੂ ਅਵਤਾਰ ਰਾਮ ਚੰਦਰ ਦੀ ਕੁੱਲ ਵਿਚੋਂ ਸਾਬਤ ਕਰ ਦਿੱਤਾ ਹੈ। ਇਸ ਕਿਤਾਬ ਦੀ ਸ਼ੁਰੂਆਤ ਇਸ
ਨੇ ‘ਪਵਿੱਤ੍ਰ ਗੁਰ ਬੰਸਾਵਲੀ` ਨਾਲ ਕੀਤੀ ਹੈ ਅਤੇ ਪੰਨਾ ੧੧ `ਤੇ ਗੁਰੂ ਨਾਨਕ ਸਾਹਿਬ ਨੂੰ ਰਾਮਚੰਦਰ
ਜੀ ਦੇ ਪੁਤਰ ਕੁਸ਼ੂ ਦੇ ਖਾਨਦਾਨ ਨਾਲ ਜੋੜਿਆ ਹੈ। ਉਸ ਦਾ ਵਿਸਥਾਰ ਦਸਦੇ ਹੋਏ ਲਿਖਦੇ ਹਨ; ਸ੍ਰੀ
ਰਾਮਚੰਦ੍ਰ ਜੀ ਦੇ ਪੁੱਤ੍ਰ ਕੁਸ਼ੂ, ਕੁਸ਼ੂ ਦੀ ਵੰਸ ਕਾਲਕੇਤ ਨੇ ਕਾਸ਼ੀ ਜਾ ਕੇ ਬੇਦ ਪੜ੍ਹੇ, ਇਨ੍ਹਾਂ
ਤੋਂ ਬੇਦੀ ਵੰਸ ਚਲੀ ਅਤੇ ਬੇਦੀ ਵੰਸ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ।
ਗੁਰੂ ਅੰਗਦ ਸਾਹਿਬ ਨੂੰ ਰਾਮਚੰਦ੍ਰ ਜੀ ਦੇ ਭਰਾ ਲਛਮਣ ਦੇ ਖਾਨਦਾਨ ਨਾਲ
ਜੋੜਿਆ ਹੈ। ਪੰਨਾ ੧੨ `ਤੇ ਲਿਖਿਆ ਹੈ: ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਤੇਹਣ ਵੰਸ। ਲਛਮਣ ਦੇ
ਤੱਖ ਨਾਮੇ ਪੁੱਤ੍ਰ ਤੋਂ ਤੇਹਣ ਵੰਸ ਚਲੀ।
ਪੰਨਾ ੧੩ `ਤੇ ਲਿਖਿਆ ਹੈ: ਸਤਿਗੁਰੂ ਅਮਰਦਾਸ ਜੀ, ਭੱਲੇ ਵੰਸ। ਸ੍ਰੀ
ਰਾਮਚੰਦ੍ਰ ਜੀ ਦੇ ਭਾਈ ਭਰਥ ਦੇ ਪੁੱਤ੍ਰ ਭੱਲਣ ਤੋਂ ਭੱਲੇ ਵੰਸ ਚੱਲੀ।
ਇਸੇ ਤਰ੍ਹਾਂ ਪੰਨਾ ੧੪ `ਤੇ ਗੁਰੂ ਰਾਮਦਾਸ ਜੀ ਦੀ ਵੰਸ ਬਾਰੇ ਲਿਖਿਆ ਹੈ:
ਸਤਿਗੁਰੂ ਰਾਮ ਦਾਸ ਜੀ ਸੋਢ ਵੰਸ। ਲਊ ਦੀ ਵੰਸ `ਚੋਂ ਇੱਕ ਨੇ ਸਨੌਢ ਦੇਸ ਦੇ ਰਾਜੇ ਨੂੰ ਜਿੱਤ ਕੇ
ਉਸ ਦੀ ਪੁੱਤ੍ਰੀ ਵਿਆਹੀ ਤਾਂ ਉਸ ਤੋਂ ਸੋਢ ਵੰਸ ਚਲੀ।
ਅਗਲੇ ਸਾਰੇ ਗੁਰੂ ਸਾਹਿਬਾਨ ਤਾਂ ਆਪੇ ਰਾਮਚੰਦ੍ਰ ਜੀ ਦੀ ਕੁਲ `ਚੋਂ ਹੋ ਗਏ,
ਕਿਉਂਕਿ ਉਹ ਸਾਰੇ ਸੋਢ ਬੰਸ ਵਿਚੋਂ ਹੀ ਸਨ।
ਸਾਰੇ ਗੁਰੂ ਸਾਹਿਬਾਨਾਂ ਦੇ ਜਨਮ ਦੀਆਂ ਤਾਰੀਕਾਂ, ਸਾਲ ਆਦਿ ਦੇਣ ਦੇ ਨਾਲ
ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਨਛੱਤ੍ਰ ਵੀ ਨਾਲ ਦਿੱਤੇ ਹਨ। ਇਸ ਤਰ੍ਹਾਂ ਜਿਨ੍ਹਾਂ ਗ੍ਰਹ ਲਗਨ ਆਦਿ
ਦੇ ਭਰਮ `ਚੋਂ ਸਤਿਗੁਰੂ ਨੇ ਸਾਨੂੰ ਮੁਕਤ ਕਰਾਇਆ, ਉਹ ਭਰਮ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਹੀ
ਜੋੜ ਦਿੱਤੇ ਹਨ।
ਅਸਲ ਵਿੱਚ ਇਨ੍ਹਾਂ ਦੇ ਇਹ ਸਾਰੇ ਵਿਚਾਰ, ਬਚਿਤ੍ਰ ਨਾਟਕ (ਅਖੌਤੀ ਦਸਮ
ਗ੍ਰੰਥ) `ਤੇ ਅਧਾਰਤ ਹਨ। ਇਹ ਅਖੌਤੀ ਗ੍ਰੰਥ ਕਿਉਂਕਿ ਰਚਿਆ ਹੀ ਸਿੱਖ ਕੌਮ ਨੂੰ ਹਿੰਦੂ ਧਰਮ ਦਾ
ਹਿੱਸਾ ਦਰਸਾਉਣ ਲਈ ਅਤੇ ਸਿੱਖੀ ਦੀ ਨਿਵੇਕਲੀ ਹੋਂਦ ਨੂੰ ਖਤਮ ਕਰ ਕੇ ਬ੍ਰਾਹਮਣਵਾਦ ਦੇ ਖਾਰੇ
ਸਮੁੰਦਰ ਵਿੱਚ ਗਰਕ ਕਰਨ ਲਈ ਹੈ, ਉਨ੍ਹਾਂ ਤਾਂ ਐਸੀ ਮਹਾਨ ਖੋਜ ਕਰਨੀ ਹੀ ਸੀ। ਇਸ ਨਾਲ ਉਨ੍ਹਾਂ
ਦੇ ਮਿਥਿਹਾਸਕ ਕਿਰਦਾਰਾਂ ਦੀ ਸਤਿਅਤਾ ਵੀ ਸਾਬਤ ਹੁੰਦੀ ਹੈ। ਇਸ ਜਥਾ ਭਿੰਡਰਾਂ ਦੇ ਸਾਰੇ ਗੱਦੀਦਾਰ
ਤਿਆਰ ਹੀ ਰਾਮਾਇਣ, ਮਹਾਂਭਾਰਤ ਅਤੇ ਹੋਰ ਵੈਦਿਕ ਗ੍ਰੰਥ ਪੜ੍ਹ ਕੇ ਹੁੰਦੇ ਹਨ। ਉਹ ਇਨ੍ਹਾਂ ਗ੍ਰੰਥਾਂ
ਨੂੰ ਕੋਈ ਤੁਲਨਾਤਮਕ ਅਧਿਐਨ ਵਾਸਤੇ ਨਹੀਂ ਪੜ੍ਹਦੇ ਸਗੋਂ ਇਨ੍ਹਾਂ ਗ੍ਰੰਥਾਂ ਵਿੱਚ ਪੂਰਨ ਸ਼ਰਧਾ ਅਤੇ
ਵਿਸ਼ਵਾਸ ਰਖਦੇ ਹਨ। ਇਸ ਲਈ ਉਨ੍ਹਾਂ ਨੂੰ ਗੁਰੂ ਸਾਹਿਬਾਨ ਨੂੰ ਹਿੰਦੂ ਅਵਤਾਰਾਂ ਨਾਲ ਜੋੜਨ ਵਿੱਚ
ਕੁੱਝ ਗਲਤ ਨਜ਼ਰ ਨਹੀਂ ਆਉਂਦਾ। ਸਗੋਂ ਇਨ੍ਹਾਂ ਤਾਂ ਬਚਿਤ੍ਰ ਨਾਟਕ ਤੋਂ ਅੱਗੇ ਵੀ ਖੋਜ ਕਰ ਲਈ ਹੈ।
ਜੋ ਭੱਲੇ ਵੰਸ਼ ਦੀ ਰਾਮਚੰਦ੍ਰ ਜੀ ਦੇ ਭਰਾ ਭਰਥ ਤੋਂ ਅਤੇ ਤ੍ਰਿਹਣ ਵੰਸ਼ ਦੀ ਲਛਮਣ ਤੋਂ ਚਲਣ ਦੀ ਖੋਜ
ਹੈ, ਇਹ ਬਚਿਤ੍ਰ ਨਾਟਕ ਵਿੱਚ ਵੀ ਨਹੀਂ ਹੈ। ਉਹ ਇਨ੍ਹਾਂ ਦੀ ਆਪਣੀ ਮਹਾਨ ਖੋਜ ਹੈ।
ਪੰਨਾ ੨੧ `ਤੇ ਪੰਜ ਪਿਆਰਿਆਂ ਬਾਰੇ ਸੰਖੇਪ ਵਰਨਣ ਦਿੱਤਾ ਹੈ। ਇਸ ਵਿੱਚ
ਸਾਰੇ ਪੰਜ ਪਿਆਰਿਆਂ ਨੂੰ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਕਿਸੇ ਨਾ ਕਿਸੇ ਦਾ ਅਵਤਾਰ ਦੱਸਿਆ ਹੈ।
ਇੱਕ ਗੱਲ ਵਿਸ਼ੇਸ਼ ਧਿਆਨ ਦੇਣ ਵਾਲੀ ਹੈ ਕਿ ਇਸ ਅਵਤਾਰ ਪਰੰਪਰਾ ਨੂੰ ਇਤਨੀ ਇਮਾਨਦਾਰੀ ਨਾਲ ਨਿਬਾਹਿਆ
ਗਿਆ ਹੈ ਕਿ ਪੂਰਾ ਖਿਆਲ ਰਖਿਆ ਗਿਆ ਹੈ ਕਿ ਬ੍ਰਾਹਮਣ ਦੀ ਬਣਾਈ ਵਰਣ ਵਿਵਸਥਾ ਨੂੰ ਕੋਈ ਮਾੜੀ ਜਿਹੀ
ਠੇਸ ਵੀ ਨਾ ਪਹੁੰਚੇ। ਜੇ ਭਾਈ ਦਯਾ ਸਿੰਘ ਜੀ ਬ੍ਰਾਹਮਣ ਦੀ ਬਣਾਈ ਵਰਣਵੰਡ ਅਨੁਸਾਰ ਅਖੌਤੀ ਖਤ੍ਰੀ
ਕੁਲ `ਚੋਂ ਸਨ ਤਾਂ ਉਨ੍ਹਾਂ ਨੂੰ ਕਸ਼ਤਰੀ ਵੰਸ ਦੇ ਹੀ ਲਊ ਦਾ ਅਵਤਾਰ ਦੱਸਿਆ ਹੈ। ਭਾਵੇਂ ਬ੍ਰਾਹਮਣੀ
ਵਿਵਸਥਾ ਦੇ ਤ੍ਰੇਤੇ ਯੁਗ ਤੋਂ ਸਿੱਧਾ ਕਲਯੁਗ ਵਿੱਚ ਪਹੁੰਚਣਾ ਪਿਆ। ਜੇ ਭਾਈ ਧਰਮ ਸਿੰਘ ਜੀ ਅਖੌਤੀ
ਜੱਟ ਕੁਲ `ਚੋਂ ਸਨ ਤਾਂ ਉਨ੍ਹਾਂ ਨੂੰ ਜੱਟ ਪਰਿਵਾਰ ਵਿੱਚ ਜਨਮੇ ਭਗਤ ਧੰਨਾ ਜੀ ਦਾ ਅਵਤਾਰ ਦੱਸਿਆ
ਹੈ। ਭਾਈ ਸਾਹਿਬ ਸਿੰਘ ਜੀ ਦਾ ਜਨਮ ਅਖੌਤੀ ਨਾਈ ਕੁਲ ਵਿੱਚ ਹੋਣ ਕਾਰਨ, ਉਨ੍ਹਾਂ ਨੂੰ ਭਗਤ ਸੈਣ ਜੀ,
ਜੋ ਉਸੇ ਬ੍ਰਾਹਮਣੀ ਵਿਵਸਥਾ ਮੁਤਾਬਕ ਅਖੌਤੀ ਨਾਈ ਕੁਲ ਦੇ ਸਨ, ਦਾ ਅਵਤਾਰ ਦੱਸਿਆ ਹੈ। ਭਾਈ ਮੁਹਕਮ
ਸਿੰਘ ਜੀ ਦੇ ਪਿਤਾ ਜਗਜੀਵਨ ਰਾਇ, ਜੋ ਕਪੜਿਆਂ ਦੀ ਛਪਾਈ ਦਾ ਕੰਮ ਕਰਨ ਕਾਰਨ ਛੀਂਬੇ ਕਹੇ ਜਾਂਦੇ ਸਨ
ਤਾਂ ਉਨ੍ਹਾਂ ਨੂੰ ਛੀਂਬੇ ਕੁਲ ਵਿੱਚ ਹੀ ਜਨਮੇ ਭਗਤ ਨਾਮਦੇਵ ਜੀ ਦਾ ਅਵਤਾਰ ਆਖਿਆ ਹੈ। ਇਸੇ ਤਰ੍ਹਾਂ
ਭਾਈ ਹਿੰਮਤ ਸਿੰਘ ਜੀ ਜੋ ਬਿਪਰ ਵਰਣਵੰਡ ਮੁਤਾਬਕ ਝੀਵਰ ਜਾਤੀ `ਚੋਂ ਸਨ, ਨੂੰ ਚਤੁਰਭੁਜੀ (ਭਾਵ ਚਾਰ
ਬਾਹਾਂ ਵਾਲੇ) ਨੂੰ ਪਕੜਨ ਵਾਲੇ ਫੰਧਕ ਦਾ ਅਵਤਾਰ ਲਿਖਿਆ ਹੈ। ਦਾਸ ਨੇ ਫੰਧਕ ਬਾਰੇ ਭਾਈ ਕਾਨ੍ਹ
ਸਿੰਘ ਨਾਭਾ ਜੀ ਵਲੋਂ ਲਿਖਤ ਮਹਾਨ ਕੋਸ਼ `ਚੋਂ ਜਾਣਕਾਰੀ ਲੈਣੀ ਚਾਹੀ ਤਾਂ ਉਥੇ ਫੰਧਕ ਦੇ ਦੋ ਅਰਥ
ਲਿਖੇ ਹਨ; ਮਾਹੀਗੀਰ ਅਤੇ ਸ਼ਿਕਾਰੀ, ਜੋ ਫੰਧਾ ਲਾਕੇ ਜੀਵ ਫਾਹੁੰਦਾ ਹੈ। ਐਸਾ ਕੋਈ ਚਰਿਤਰ ਨਹੀਂ
ਮਿਲਿਆ ਜਿਸ ਬਾਰੇ ਕਿਹਾ ਜਾ ਸਕੇ ਕਿ ਭਾਈ ਹਿੰਮਤ ਸਿੰਘ ਜੀ ਉਸ ਦੇ ਅਵਤਾਰ ਸਨ। ਆਪਣੀ ਕਿਤਾਬ ਦੇ
ਪੰਨਾ ੪੨-੪੩ `ਤੇ ਇਨ੍ਹਾਂ ਨੇ ਫੰਧਕ ਬਾਰੇ ਬੜੀ ਸੁਆਦਲੀ ਕਹਾਣੀ ਲਿਖੀ ਹੈ, ਜੋ ਇੰਝ ਹੈ:
"ਫੰਧਕ (ਭਾਵ ਸ਼ਿਕਾਰੀ) ਨੇ ਕਿਸੇ ਚੰਦ੍ਰਕ ਮੁਨੀ ਦੇ ਅਸਥਾਨ `ਤੇ ਸੁੱਖਣਾ
ਸੁੱਖੀ ਕਿ ਜੇ ਅਜ ਮੈਨੂੰ ਬਹੁਤੇ ਜਾਨਵਰ ਮਿਲਣ ਤਾਂ ਚੌਥਾਂ ਹਿੱਸਾ ਭੇਟ ਕਰਾਂਗਾ। ਉਸ ਨੂੰ ਬਹੁਤ
ਸਾਰੇ ਜਾਨਵਰ ਮਿਲ ਗਏ। ਚੰਦ੍ਰਕ ਮੁਨੀ ਜਿਥੇ ਤੱਪ ਕਰਦਾ ਸੀ ਉਥੇ ਜਾਕੇ ਉਸ ਨੇ ਕਿਹਾ ਕਿ ਲਓ ਜੀ,
ਚੌਥਾ ਹਿੱਸਾ ਲੈ ਲਓ। ਚੰਦ੍ਰਕ ਮੁਨੀ ਨੇ ਕਿਹਾ ਕਿ ਤੂੰ ਸੁੱਖਣਾ ਸੁੱਖ ਕੇ ਗਿਆ ਹੈਂ, ਮੈਨੂੰ ਇਸ
ਗੱਲ ਦਾ ਪਾਪ ਲਗੇਗਾ। ਮੈਂ ਤੈਨੂੰ ਸਰਾਪ ਦਿਆਂਗਾ। ਜੇ ਮੇਰੀ ਸੁਖਣਾ ਪੂਰੀ ਹੋ ਸਕਦੀ ਹੈ ਤਾਂ ਸਰਾਪ
ਵੀ ਪੂਰਾ ਹੋ ਸਕਦਾ ਹੈ। ਉਸ ਫੰਧਕ ਨੇ ਤਰਲਾ ਮਾਰਿਆ ਕਿ ਬਾਬਾ ਸਰਾਪ ਨਾ ਦੇਈਂ। ਰਿਖੀ ਕਹਿੰਦਾ ਕਿ
ਤਾਂ ਤੂੰ ਮੈਨੂੰ ਚਤੁਰਭੁਜੀ ਜਾਨਵਰ ਪਕੜ ਕੇ ਲਿਆ ਦੇ। ਫੰਧਕ ਕਹਿੰਦਾ ਕਿ ਹੁਣੇ ਲਿਆਉਂਦਾ ਹਾਂ।
ਸ਼ਿਕਾਰ ਗਾਹ ਵਿੱਚ ਵੇਖਣ ਗਿਆ ਪਰ ਚਤੁਰਭੁਜੀ ਜਾਨਵਰ ਕਿਥੇ ਮਿਲਣਾ ਸੀ? ਫੰਧਕ ਦੀ ਇਸਤ੍ਰੀ ਕਹਿਣ
ਲੱਗੀ ਕਿ ਸਾਧ ਨੇ ਐਵੇਂ ਤੈਨੂੰ ਮੂਰਖ ਬਣਾ ਦਿੱਤਾ ਹੈ, ਚਤੁਰਭੁਜੀ ਜਾਨਵਰ ਤੂੰ ਕਦੇ ਸੁਣਿਆਂ ਹੈ?
ਫੰਧਕ ਉਸ ਨਾਲ ਨਰਾਜ਼ ਹੋ ਗਿਆ ਤੇ ਉਸ ਨੂੰ ਛੁਰਾ ਲੈ ਕੇ ਮਾਰਨ ਨੂੰ ਪਿਆ, ਉਹ ਰੋਟੀ ਛੱਡ ਕੇ ਭਜ ਗਈ।
ਫਿਰ ਉਸ ਫੰਧਕ ਨੇ ਚਿੱਖਾ ਬਣਾ ਲਈ ਤੇ ਸੜਨ ਲੱਗਾ। ਮਹਾਰਾਜ ਸਾਹਿਬ ਜੀ ਸਾਧ ਦਾ ਬਚਨ ਪੂਰਾ ਕਰਨ ਲਈ
ਚਤੁਰਭੁਜੀ ਪੰਛੀ ਦਾ ਰੂਪ ਧਾਰ ਕੇ ਆ ਗਏ। ਇਹ ਚਿਤਾ ਤੋਂ ਉਠ ਖੜੋਤਾ ਤੇ ਪਕੜਨ ਲੱਗਾ ਤਾਂ ਝਾੜੀਆਂ
ਵਾਲੇ ਰੁੱਖਾਂ ਦੇ ਵਿੱਚ ਇਸ ਦਾ ਸਾਰਾ ਸਰੀਰ ਵਿੰਨ੍ਹਿਆ ਗਿਆ, ਪਕੜੇ ਨਾ ਜਾਣ। ਫਿਰ ਇਹ ਆਪ ਦੇ ਛੁਰਾ
ਮਾਰਨ ਲੱਗਾ ਤਾਂ ਮਹਾਰਾਜ ਅੜ ਕੇ ਖੜ ਗਏ ਝਾੜੀਆਂ ਵਿਚ। ਫਿਰ ਇਸ ਨੇ ਜਾਲ ਪਾ ਕੇ ਪਕੜ ਲਿਆ ਤੇ ਮੋਢੇ
`ਤੇ ਰੱਖ ਕੇ ਹਰੀ ਹਰ ਛੇਤ੍ਰ ਜਿਥੇ ਮੁਨੀ ਤਪ ਕਰਦਾ ਸੀ, ਲੈ ਆਇਆ ਤੇ ਕਹਿਣ ਲੱਗਾ- ਲਓ ਜੀ ਸੰਤ ਜੀ!
ਚਤੁਰ ਭੁਜੀ ਇਹੋ ਹੀ ਹੈ ਕਿ ਕੋਈ ਹੋਰ ਹੈ।
ਉਸ ਵਕਤ ਚੰਦ੍ਰਕ ਮੁਨੀ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ! ਫੰਧਕ ਦੇ ਅੜਿੱਕੇ
ਕਿਉਂ ਆ ਗਏ। ਕਹਿੰਦੇ, ਭਾਈ! ਤੂੰ ਜੋ ਕਿਹਾ ਸੀ, ਸਾਨੂੰ ਚਤੁਰ ਭੁਜੀ ਪਕੜ ਕੇ ਲਿਆ ਦੇਹ। ਉਹ ਤੇਰਾ
ਬਚਨ ਪੂਰਾ ਕਰਨ ਵਾਸਤੇ ਅਸੀਂ ਚਤੁਰ ਭੁਜੀ ਰੂਪ ਧਾਰਿਆ ਹੈ।
ਇਥੇ ਇਸ ਨੇ ਬ੍ਰਾਹਮਣੀ ਗ੍ਰੰਥਾਂ ਦਾ ਇੱਕ ਪ੍ਰਮਾਣ ਦਿੱਤਾ ਹੈ।
"ਭਾਵੋ ਹੀ ਵਿਦਤੇ ਦੇਵਾ।। "
ਭਾਵ ਜਿਹੋ ਜਿਹੀ ਭਾਵਨਾ ਕਰੇ ਓਹੋ ਜਿਹਾ ਰੂਪ ਧਾਰ ਕੇ ਪ੍ਰਮੇਸ਼ਰ ਪ੍ਰਗਟ
ਹੁੰਦਾ ਹੈ। ਉਸ ਵੇਲੇ ਚਤੁਰਭੁਜੀ ਬਣ ਕੇ ਦਰਸ਼ਨ ਦਿੱਤੇ ਚੰਦ੍ਰਕ ਮੁਨੀ ਨੂੰ। ਉਸ ਵੇਲੇ ਫੰਧਕ ਨੂੰ
ਦਿਲ ਵਿੱਚ ਖਿਆਲ ਆਇਆ ਕਿ ਮੈਂ ਬੜੀ ਗ਼ਲਤੀ ਕੀਤੀ ਹੈ ਕਿ ਮੈਂ ਭਗਵਾਨ ਨੂੰ ਪਕੜ ਲਿਆਇਆ ਹਾਂ।
ਕਹਿੰਦਾ, ਜੀ! ਮੈਨੂੰ ਮੁਆਫ਼ ਕਰੋ। ਭਗਵਾਨ ਕਹਿਣ ਲੱਗੇ- ਭਾਈ ਕਲਜੁਗ ਵਿੱਚ ਜਦੋਂ ਦਸਮ ਸਰੂਪ
ਧਾਰਾਂਗੇ ਤੇਰਾ ਸਿਰ ਲੈ ਕੇ ਤੈਨੂੰ ਬਖਸ਼ਾਂਗੇ। ਇਹ ਵਾਕ ਕੀਤਾ ਉਸ ਵੇਲੇ। ਫਿਰ ਇਹ ਫੰਧਕ ਤਪ ਕਰਨ ਲਗ
ਪਿਆ।
ਸਾਧ ਸੰਗਤ ਜੀ! ਇਸ ਪ੍ਰਕਾਰ ਇਹ ਫੰਧਕ ਦੇ ਅਵਤਾਰ ਜਗਨ ਨਾਥ ਪੁਰੀ ਵਿੱਚ ਹੋਏ
ਹਨ ਭਾਈ ਹਿੰਮਤ ਸਿੰਘ ਜੀ। "
ਆਸ ਹੈ ਪਾਠਕਾਂ ਨੇ ਕਹਾਣੀ ਦਾ ਪੂਰਾ ਆਨੰਦ ਮਾਣਿਆ ਹੋਵੇਗਾ। ਵੇਖ ਲਓ
ਬ੍ਰਾਹਮਣੀ ਪਰੰਪਰਾ ਕਿਸ ਨੇਕ ਨੀਤੀ ਨਾਲ ਨਿਭਾਈ ਹੈ। ਜੇ ਭਾਈ ਹਿੰਮਤ ਸਿੰਘ ਜੀ ਮਨੂੰਵਾਦੀ ਵਿਵਸਥਾ
ਅਨੁਸਾਰ ਝੀਵਰ ਜਾਤੀ ਵਿਚੋਂ ਸਨ ਤਾਂ ਉਨ੍ਹਾਂ ਨੂੰ ਨੀਚ ਕੁਲ `ਚੋਂ ਹੀ ਸਾਬਤ ਕਰਨ ਲਈ ਫੰਧਕ ਦਾ
ਅਵਤਾਰ ਬਣਾ ਦਿੱਤਾ ਹੈ, ਭਾਵੇਂ ਇਸ ਵਾਸਤੇ ਪ੍ਰਮੇਸ਼ਰ ਨੂੰ ਜਾਨਵਰ ਜਾਂ ਪੰਛੀ ਹੀ ਕਿਉਂ ਨਹੀਂ
ਬਨਾਉਣਾ ਪਿਆ ਹੋਵੇ।
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)