ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਭਾਗ - 9
ਵੀਰ ਭੁਪਿੰਦਰ ਸਿੰਘ
7. ਸਤਵਾਂ ਸਲੋਕ -
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥7॥
ਜਿਸਨੇ ਤੈਨੂੰ ਇਹ ਤਨ ਅਤੇ ਧਨ ਦਿੱਤਾ ਉਸਦਾ ਤੂੰ ਧਨਵਾਦ ਨਹੀਂ ਕਰਦਾ। ਉਸਦੇ
ਨਾਲ ਪਿਆਰ ਨਹੀਂ ਕਰਦਾ।
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥
ਬੜੇ ਅਫਸੋਸ ਨਾਲ ਪੁੱਛਦੇ ਹਨ ਐ ਮੂਰਖ-ਬਾਵਰੇ ਇਨਸਾਨ ਤੇਰਾ ਦੀਨ ਕਿਉਂ ਡੋਲ
ਜਾਂਦਾ ਹੈ। ਜਦੋਂ ਅਸੀਂ ਆਪਣੇ ਇਸ ਤਨ ਦੇ ਸੁਖਾਂ ਵਾਸਤੇ, ਆਪਣੇ ਸਰੀਰ ਵਾਸਤੇ, ਆਪਣੇ ਸਾਰੇ ਰਾਜ
ਪਾਠ ਵਾਸਤੇ ਆਪਣੇ ਦੀਨ ਇਮਾਨ ਤੋਂ ਡਿਗ ਜਾਂਦੇ ਹਾਂ ਉਸ ਵੇਲੇ ਅਸੀਂ ਰਬ ਜੀ ਨੂੰ ਨੇੜੇ ਨਹੀਂ ਸਮਝਦੇ
ਹਾਂ। ਜਦੋਂ ਅਸੀਂ ਰਿਸ਼ਵਤ ਲੈਂਦੇ ਹਾਂ, ਉਸ ਵੇਲੇ ਅਸੀਂ ਰਬ ਨੂੰ ਨੇੜੇ ਨਹੀ ਸਮਝਦੇ ਹਾਂ। ਜਦੋਂ
ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ, ਉਸ ਵੇਲੇ ਅਸੀਂ ਰੱਬ ਨੂੰ ਨੇੜੇ ਨਹੀਂ ਸਮਝਦੇ ਹਾਂ। ਜਦੋਂ ਅਸੀਂ
ਕਿਸੇ ਗੁਰਦੁਆਰੇ ਅੰਦਰ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਮੈਂ ਗੁਰਦੁਆਰੇ ਖੜ੍ਹੀ ਹਾਂ ਜੇ ਮੈਂ ਝੂਠ
ਬੋਲਾਂ, ਸਾਹਮਣੇ ਲਾਈਟ ਜੱਗ ਰਹੀ ਹੈ, ਜੇ ਮੈਂ ਝੂਠ ਬੋਲਾਂ ਸਾਹਮਣੇ ਅਨਾਜ ਪਿਆ ਹੈ, ਜੇ ਮੈਂ ਝੂਠ
ਬੋਲਾਂ, ਗੁਟਕੇ ਤੇ ਹੱਥ ਰੱਖ ਕੇ ਸੌਂ ਚੁੱਕਕੇ ਕਹਿੰਦੀ ਹਾਂ ਜੇ ਮੈਂ ਝੂਠ ਬੋਲਾਂ, ਲੇਕਿਨ ਜੇ ਮੈਂ
ਹੱਥ ਨਹੀਂ ਰਖਿਆ ਤਾਂ ਮੈਂ ਝੂਠ ਬੋਲ ਸਕਦੀ ਹਾਂ, ਗੁਰਦੁਆਰੇ ਨਹੀਂ ਖੜੀ ਮੈਂ ਝੂਠ ਬੋਲ ਸਕਦੀ ਹਾਂ।
ਬਸ! ਸਾਰੀਆਂ ਥਾਵਾਂ ਤੇ ਰੱਬ ਜੀ ਨਹੀ ਸਮਝੇ, ਹੁਣ ਮੇਰਾ ਦੀਨ ਇਮਾਨ ਕਿਥੇ ਵੀ ਡੋਲ ਸਕਦਾ ਹੈ।
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥7॥
ਤੇਰਾ ਦੀਨ ਕਿਉਂ ਡੋਲ ਜਾਂਦਾ ਹੈ। ਦਿਨ ਵਿਚ ਅਨੇਕਾਂ ਵਾਰ ਸਾਡਾ ਮਨ ਡੋਲ
ਜਾਂਦਾ ਹੈ। ਉਸਦਾ ਮਕਸਦ ਹੀ ਇਹੋ ਹੈ ਕਿ ਉਸ ਵੇਲੇ ਅਸੀਂ ਭੁਲ ਜਾਂਦੇ ਹਾਂ। ਸਿਮਰਤੀ ਵਿਚ ਨਹੀਂ ਹੈ।
ਕਿਸੇ ਲਫਜ਼ ਦੇ ਰਟਨ ਦੀ ਗਲ ਨਹੀ ਚਲ ਰਹੀ। ‘ਸਿਮਰਤ ਕਾਹਿ ਨ ਰਾਮੁ’ ਭਾਵ ਸੱਚ ਦੀ ਫਿਲਾਸਫੀ ਨੂੰ ਯਾਦ
ਕਿਉਂ ਨਹੀਂ ਰਖਦਾ।
ਸਾਦੇ ਲਫਜ਼ਾ ਵਿਚ ਜਿਸ ਕਰਤੂਤ ਨੂੰ ਕਰਨ ਤੋਂ ਮਗਰੋਂ ਤੈਨੂੰ ਲਗਦਾ ਹੈ ਕਿ ਇਹ
ਇਨਸਾਨ ਵਾਲੀ ਕਰਤੂਤ ਹੀ ਨਹੀਂ ਸੀ। ਮੈਂ ਮਾਨਸ ਜਾਤ ਹਾਂ ਪਰ ਇਹ ਕਰਤੂਤਾਂ ਪਸ਼ੂਆਂ ਵਾਲੀਆਂ ਕਰਦਾ
ਹੈਂ। ਉਸ ਤੋਂ ਮਗਰੋਂ ਪਛਤਾਉਂਦਾ ਹਾਂ। ਅਤੇ ਆਪਣੇ ਆਪ ਅੰਦਰ ਮਹਿਸੂਸ ਕਰਦਾ ਹੈਂ ਕਿ ਮੈਂ ਗਲਤ ਕੀਤਾ
ਸੀ। ਦਰਅਸਲ ਜਦੋਂ ਮਨੁੱਖ ਆਪਣੀ ਕੋਈ ਗਲਤੀ ਕਰਕੇ ਸਮਾਜਕ ਤੋਰ ਤੇ ਆਪਣੇ ਮਾਤਾ-ਪਿਤਾ ਕੋਲੋਂ, ਆਪਣੇ
ਬਜ਼ੁਰਗਾਂ ਕੋਲੋਂ, ਆਪਣੇ ਸਮਾਜ ਵਿਚ ਜਾਂ ਪੁਲਿਸ ਵੱਲੋਂ ਜਦੋਂ ਪਕੜਿਆ ਜਾਂਦਾ ਹੈ ਤਾਂ ਉਸਨੂੰ ਨਮੋਸ਼ੀ
ਹੁੰਦੀ ਹੈ। ਸਮਾਜਕ ਤੋਰ ਤੇ ਉਸ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ, ਜਾਂ ਉਸ ਨੂੰ ਪੁਲਿਸ ਵਲੋਂ ਸਜ਼ਾ
ਦਿਤੀ ਜਾਂਦੀ ਹੈ ਪਰ ਦੁਨੀਆਂ ਵਿਚ ਸਭ ਤੋਂ ਵਡੀ ਸਜ਼ਾ ਹੈ ਕਿਸੇ ਨੇ ਵੀ ਕੁਝ ਨਹੀਂ ਕਿਹਾ ਪਰ ਮਨੁੱਖ
ਜਦੋਂ ਆਪਣੀ ਨਜ਼ਰਾਂ ਵਿਚ ਆਪ ਹੀ ਗਿਰ ਜਾਂਦਾ ਹੈ। ਦਿਨ ਵਿਚ ਐਸੇ ਕਈ ਕੰਮ ਕਰਦੇ ਹਾਂ ਜਿਨ੍ਹਾਂ ਵਿਚ
ਸਾਨੂੰ ਪਤਾ ਲਗਦਾ ਹੈ ਕਿ ਮੈਂ ਗਲਤ ਕਰ ਰਿਹਾ ਹਾਂ ਪਰ ਉਸਨੂੰ ਨਜ਼ਰਅੰਦਾਜ਼ ਇਹ ਕਹਿਕੇ ਕਰ ਦੇਂਦਾ ਹਾਂ
ਕਿ ਚਲਦਾ ਹੈ ਨਾ! ਸਾਰੇ ਕਰਦੇ ਹੀ ਹਨ। ਅਸੀਂ ਜਿਸ ਕੰਮ ਵਿਚ ਆਪਣੀ ਨਜ਼ਰਾਂ ਤੋਂ ਡਿੱਗ ਪੈਂਦੇ ਹਾਂ
ਜਿਸ ਸੋਚਨੀ ਵਿਚ ਵੀ ਆਪਣੀ ਨਜ਼ਰਾਂ ਵਿਚੋ ਡਿੱਗ ਪੈਂਦੇ ਹਾਂ ਤਾਂ ਸਾਡੀ ਸਿਮਰਤੀ ਤੋਂ ਰੱਬ ਵਿਸਰ
ਜਾਂਦਾ ਹੈ।
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ
ਕੀਨ ॥
ਇੱਕ ਅਕਿਰਤਘਣ ਅਤੇ ਨਾਸ਼ੁਕਰੇ ਇਨਸਾਨ ਦੀ ਅਵਸਥਾ ਬਿਆਨ ਕਰ ਰਹੇ ਹਨ। ਮਨ ਨੂੰ
ਕਹਿ ਰਹੇ ਹਨ ਕਿ ਜਿਸਨੇ ਤੈਨੂੰ ਤਨ ਅਤੇ ਧਨ ਦਿੱਤਾ ਹੈ ਉਸ ਨਾਲ ਨੇਹ ਕਿਉਂ ਨਹੀਂ ਕਰਦਾ।
‘ਰਮਈਆ ਕੇ ਗੁਨ ਚੇਤਿ ਪਰਾਨੀ ॥’
(266) ਜਿਸ ਰੱਬ ਨੇ ਤੈਨੂੰ ਗੁਣ ਦਿੱਤੇ ਹਨ।
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥ (266)
ਇਸੇ ਪਦੇ ਦੇ ਅੰਤ ਵਿਚ ਕਹਿੰਦੇ ਹਨ, ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ ਬਿਲਕੁਲ ਵੀ ਸਮਝਦਾ ਨਹੀਂ
ਹੈ। ਗਲ-ਗਲ ਤੇ ਰੋਂਦਾ ਹੈਂ। ਮੈਨੂੰ ਇਹ ਨਹੀਂ ਦਿੱਤਾ, ਉਹ ਨਹੀਂ ਦਿੱਤਾ, ਰੰਗ ਅੱਛਾ ਨਹੀ ਦਿੱਤਾ,
ਮੇਰੀ ਨੱਕ ਅਛੀ ਨਹੀਂ ਹੈ, ਮੇਰਾ ਰੰਗ ਕਾਲਾ ਕਿਉਂ ਹੈ। ਮੇਰਾ ਕੱਦ ਕਿਉਂ ਨਹੀਂ ਉੱਚਾ, ਮੈਂ ਗਰੀਬ
ਘਰ ਵਿਚ ਕਿਉਂ ਜੰਮਿਆ, ਮੈਂ ਇੱਥੇ ਕਿਉਂ ਹੋਇਆ ਉੱਥੇ ਕਿਉਂ ਨਹੀਂ ਹੋਇਆ। ਮੈਂ ਲੰਡਨ ਵਿਚ ਕਿਉਂ
ਨਹੀਂ ਪੈਦਾ ਹੋਇਆ, ਭਾਰਤ ਵਿਚ ਕਿਉਂ ਪੈਦਾ ਹੋ ਗਿਆ। ਇੱਥੇ ਗਰਮੀ ਬੜੀ ਹੈ ਉਥੇ ਮੋਸਮ ਬੜਾ ਸੋਹਣਾ
ਹੈ। ਸਾਰੀਆਂ ਗੱਲਾਂ ਜਿਤਨੀਆਂ ਵੀ ਅਸੀਂ ਰੱਬ ਨੂੰ ਜਾਂ ਆਪਣੇ ਮਾਤਾ-ਪਿਤਾ ਨੂੰ ਗਿਲੇ-ਸ਼ਿਕਵੇ ਕਰ
ਰਹੇ ਹੁੰਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਹਨ
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥ ਬਖਸਿ ਲੇਹੁ ਤਉ ਨਾਨਕ ਸੀਝੈ ॥
(267) ਅਕਿਰਤਘਣਤਾ ਆਪਣੇ ਆਪ ਵਿਚ ਬੜਾ ਵਡਾ ਰੋਗ ਹੈ। ਇਹ ਵਿਕਾਰਾਂ ਵਿੱਚੋ ਇੱਕ ਵਿਕਾਰ ਹੈ।
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥
ਜਦੋਂ ਸਾਡਾ ਦੀਨ ਡੋਲਦਾ ਹੈ ਉਸਦੀ ਨਿਸ਼ਾਨੀ ਹੈ ਕਿ ਮੈਂ ਰੱਬ ਨੂੰ ਭੁੱਲ
ਗਿਆ। ਇਹ ਗਲ ਵਖਰੀ ਹੈ ਕਿ ਜ਼ੁਬਾਨ ਤੋਂ ਰਾਮ-ਰਾਮ, ਖੁਦਾ-ਖੁਦਾ, ਵਾਹਿਗੁਰੂ-ਵਾਹਿਗੁਰੂ ਅਲਾਹ-ਅਲਾਹ
ਤਸ਼ਬੀ ਫੇਰਦਾ ਹਾਂ।
ਇਹ ਗਲ ਵਖਰੀ ਹੈ ਕਿ ਮੈਂ ਸਵੇਰੇ-ਸ਼ਾਮ ਮੰਦਰ, ਮਸਜਿਤ ਜਾਂਦਾ ਹਾਂ। ਪਰ ਜਦੋਂ
ਮੇਰਾ ਦੀਨ ਡੋਲ ਜਾਂਦਾ ਹੈ ਤਾਂ ਸਮਝੋ ਉਸ ਵੇਲੇ ਮੈਂ ਰੱਬ ਨੂੰ ਵਿਸਾਰ ਦਿੱਤਾ। ਇਸ ਦਾ ਮਤਲਬ ਹੋ
ਗਿਆ ‘ਸਿਮਰਤ ਕਾਹਿ ਨ ਰਾਮੁ’ ਦਾ ਭਾਵ ਹੈ ਕਿ ਮੈਂ ਮੋਕੇ ਤੇ ਇਮਤਿਹਾਨ ਵੇਲੇ ਨਾ ਥਿੜਕਾਂ! ਜੇ ਮੈਂ
ਥਿੜਕ ਗਿਆ ਤਾਂ ਸਭ ਕੁਝ ਵਿਆਰਥ ਹੋ ਗਿਆ। ਇਹ ਗਲ ਇੱਕ ਵਾਰ ਫਿਰ ਦੁਹਰਾ ਦਿਆਂ ਕਿ ਵਾਹਿਗੁਰੂ ਕਹਿਣਾ
ਕੋਈ ਮਾੜੀ ਗਲ ਨਹੀਂ! ਅਤੇ ਇਸ ਦਾ ਸ਼ੁਧ ਉੱਚਾਰਨ ਤਾਂ ਵਾਹ! ਗੁਰੂ ਹੈ। ਸਾਡੀ ਸਭ ਦੀ ਬਚਪਨ ਤੋਂ ਆਦਤ
ਪਈ ਹੋਈ ਹੈ ਵਾਹੇ ਗੁਰੂ ਉੱਚਾਰਨ ਕਰਨ ਦੀ। ਇਸ ਦੀ ਸਿਹਾਰੀ ਉੱਚਾਰਨ ਨਹੀਂ ਹੁੰਦੀ।
ਗੁਰੂ ਮਹਾਨ ਹੈ ਉਸਦੀ ਵਾਹ ਹੈ। ਕਿਉਂਕਿ ਗੁਰੂ ਨੇ ਹੀ ਮੈਨੂੰ ਸੁਮਤ ਬਖਸੀ
ਹੈ। ਮੇਰੇ ਲਈ ਗੁਰੁ ਹੀ ‘ਈਸਰੁ’ ਹੈ, ਗੁਰੁ ਹੀ ‘ਗੋਰਖੁ’ ਅਤੇ ‘ਬਰਮਾ’ ਹੈ ਗੁਰੁ ਹੀ ‘ਪਾਰਬਤੀ
ਮਾਈ’ ਹੈ।
ਗੁਰਬਾਣੀ ਦਾ ਕਥਨ ਹੈ, ਪਾਰਬ੍ਰਹਮ ਗੁਰ ਨਾਹੀ ਭੇਦ ॥ ਗੁਰ ਹੀ ਪਰਮਾਤਮਾ ਹੈ।