.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਸੈਂਤੀਵਾਂ)

ਮੌਜੂਦਾ ਦੌਰ ਦਾ ਸੰਤਵਾਦ

ਜਥਾ ਭਿੰਡਰਾਂ (ਅਖੌਤੀ ਦਮਦਮੀ ਟਕਸਾਲ) ਭਾਗ ੩

ਇਸ ਕਿਤਾਬ ਦੇ ਪੰਨਾ ੧੦੧ `ਤੇ ਕਕਾਰਾਂ ਦੀ ਮਹਤੱਤਾ ਦਸਦੇ ਹੋਏ ਲਿਖਦੇ ਹਨ:

"ਕੜਾ- ਸ਼ਿਵ ਜੀ ਉਪਾਸਨਾ ਕਰਨ ਤੋਂ ਭਸਮਾਰਦ ਦੈਂਤ ਨੇ ਕੜਾ ਹੀ ਮੰਗਿਆ ਸੀ।

ਕਛਹਿਰਾ- ਹਨੂੰਮਾਨ ਨੇ ਸੀਤਾ ਦੀ ਖ਼ਬਰ ਲਿਆਂਦੀ ਤੇ ਜੰਗ ਵਿੱਚ ਬੇਅੰਤ ਹੀ ਕੰਮ ਕੀਤਾ, ਸੰਜੀਵਨੀ ਬੂਟੀ ਲਿਆਂਦੀ ਪਰ ਸਰਬੰਸ ਦਾਨ ਵੇਲੇ ਕਛਹਿਰਾ ਹੀ ਹਨੂੰਮਾਨ ਨੂੰ ਸ੍ਰੀ ਰਾਮ ਚੰਦਰ ਜੀ ਨੇ ਦਿੱਤਾ, ਭਾਵੇਂ ਰਾਜ ਪ੍ਰਾਪਤ ਕਰ ਸਕਦਾ ਸੀ। "

ਇਸ ਕਿਤਾਬ ਦੇ ਪੰਨਾ ੨੩ `ਤੇ ਜੇ ਪਤੀਬ੍ਰਤਾ ਔਰਤ ਦੀ ਵਡਿਆਈ ਕੀਤੀ ਹੈ, ਜੋ ਬਿਲਕੁਲ ਕਰਨੀ ਬਣਦੀ ਹੈ ਤਾਂ ਉਸ ਨੂੰ ਵੀ ਜਾਦੂਈ ਕਰਾਮਾਤਾਂ ਨਾਲ ਜੋੜ ਦਿੱਤਾ ਹੈ ਕਿ ਇੱਕ ਬੀਬੀ ਕਾਬਲ ਤੋਂ ਰੋਜ਼ ਗੋਇੰਦਵਾਲ ਬਉਲੀ ਦੀ ਸੇਵਾ ਕਰਨ ਆਉਂਦੀ ਅਤੇ ਰਾਤ ਵਾਪਸ ਕਾਬਲ ਪਹੁੰਚ ਜਾਂਦੀ। ਇਸ ਪ੍ਰਸੰਗ ਵਿੱਚ ਤਾਂ ਗੁਰੂ ਅਮਰਦਾਸ ਪਾਤਿਸ਼ਾਹ ਨੂੰ ਵੀ ਉਸ ਬੀਬੀ ਤੋਂ ਛੋਟਾ ਕਰ ਕੇ ਵਿਖਾ ਦਿੱਤਾ ਹੈ ਕਿਉਂਕਿ ਸਤਿਗੁਰੂ ਨੂੰ ਵੀ ਇਹ ਪਤਾ ਨਹੀਂ ਸੀ ਕਿ ਇਹ ਬੀਬੀ ਇਤਨੀ ਕਰਨੀ ਵਾਲੀ ਹੈ। ਸਤਿਗੁਰੂ ਦੇ ਪੁਛਣ `ਤੇ ਹੀ ਉਸ ਬੀਬੀ ਨੇ ਦੱਸਿਆ ਕਿ ਮੈਂ ਪਤੀਬ੍ਰਤਾ ਧਰਮ ਵਿੱਚ ਪੱਕੀ ਰਹਿ ਕੇ ਇਤਨੀ ਸ਼ਕਤੀ ਹਾਸਲ ਕਰ ਲਈ ਕਿ ਮੈਂ ਸਵੇਰੇ ਕਾਬਲ ਤੋਂ ਇਥੇ ਸੇਵਾ ਕਰਨ ਲਈ ਪਹੁੰਚ ਜਾਂਦੀ ਹਾਂ ਅਤੇ ਸ਼ਾਮ ਨੂੰ ਵਾਪਸ ਕਾਬਲ ਪੁਜ ਜਾਂਦੀ ਹਾਂ।

ਇਸੇ ਤਰ੍ਹਾਂ ਪੰਨਾ ੨੪ `ਤੇ ਇੱਕ ਹੋਰ ਪਤੀਬ੍ਰਤਾ ਇਸਤਰੀ ਦਾ ਵਰਣਨ ਕੀਤਾ ਹੈ ਕਿ ਉਸਨੇ ਆਪਣੇ ਪਤੀਬ੍ਰਤਾ ਧਰਮ ਨਿਭਾਉਣ ਕਰਕੇ ਆਪਣੇ ਪਤੀ ਦੇ ਮਰਨ `ਤੇ ਸੂਰਜ ਨਹੀਂ ਸੀ ਚੜ੍ਹਨ ਦਿੱਤਾ। ਅਖੀਰ ਦੇਵਤਿਆਂ ਨੂੰ ਉਸ ਦਾ ਮਰਿਆ ਪਤੀ ਜਿਉਂਦਾ ਕਰਨਾ ਪਿਆ ਤਾਂ ਉਸ ਸੂਰਜ ਨੂੰ ਚੜ੍ਹਨ ਦਿੱਤਾ। ਸਤਿਗੁਰੂ ਦੀ ਬਾਣੀ ਸੂਰਜ ਅਤੇ ਚੰਦ੍ਰਮਾਂ ਬਾਰੇ ਫੁਰਮਾਉਂਦੀ ਹੈ:

"ਭੈ ਵਿਚਿ ਸੂਰਜੁ ਭੈ ਵਿਚਿ ਚੰਦੁ।। ਕੋਹ ਕਰੋੜੀ ਚਲਤ ਨ ਅੰਤੁ।। " {ਸਲੋਕ ਮਃ ੧, ਪੰਨਾ ੪੬੪}

ਸੂਰਜ ਭੀ ਤੇ ਚੰਦ੍ਰਮਾ ਭੀ ਰੱਬ ਦੇ ਹੁਕਮ ਵਿੱਚ ਹਨ, ਕ੍ਰੋੜਾਂ ਕੋਹਾਂ ਚਲਦਿਆਂ ਦੇ ਪੈਂਡੇ ਦਾ ਓੜਕ ਨਹੀਂ ਆਉਂਦਾ।

ਜਿਸ ਸੂਰਜ ਬਾਰੇ ਸਤਿਗੁਰੂ ਕਹਿ ਰਹੇ ਹਨ ਕਿ ਇਹ ਅਕਾਲ ਪੁਰਖ ਦੇ ਹੁਕਮ ਵਿਚ, ਭਾਵ ਅਟੱਲ ਨੇਮ ਅਨੁਸਾਰ ਚਲ ਰਿਹਾ ਹੈ, ਉਸ ਸੂਰਜ ਨੂੰ ਅਕਾਲ ਪੁਰਖ ਦੇ ਨੇਮ ਤੋਂ ਬਾਗ਼ੀ ਕਰਾ ਕੇ, ਇੱਕ ਬੀਬੀ ਦੇ ਹੁਕਮ ਅਧੀਨ ਕਰ ਦਿੱਤਾ। ਜਿਨ੍ਹਾਂ ਜਾਦੂਈ ਕਰਿਸ਼ਮਿਆਂ ਤੋਂ ਮੁਕਤ ਕਰਾ ਕੇ ਸਤਿਗੁਰੂ ਨੇ ਸਿੱਖ ਨੂੰ ਇੱਕ ਨਿਰਮਲ, ਸ਼ੁਭ ਕਰਮਾਂ ਵਾਲਾ, ਅਮਲੀ ਜੀਵਨ ਬਖਸ਼ਿਆ ਹੈ, ਉਸ ਨੂੰ ਫਿਰ ਬ੍ਰਾਹਮਣੀ ਕਰਾਮਾਤਾਂ ਅਤੇ ਕਰਿਸ਼ਮਿਆਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਹਾਣੀ ਇਸ ਕਿਤਾਬ ਵਿੱਚ ਦੋ ਵਾਰੀ ਲਿਖੀ ਹੈ। ਪਹਿਲਾਂ ਪੰਨਾ ੨੪ ਉਤੇ ਤੇ ਫਿਰ ਦੁਬਾਰਾ ਪੰਨਾ ੧੦੪ ਤੇ। ਪੰਨਾ ੧੦੪ `ਤੇ ਇਸ ਬੀਬੀ ਦਾ ਨਾ ਮਾਈ ਸੇਵਾਂ ਲਿਖਿਆ ਹੈ ਅਤੇ ਨਾਲ ਇਹ ਵੀ ਜੋੜ ਦਿੱਤਾ ਹੈ ਕਿ ਉਹ ਗੋਇੰਦਵਾਲ ਸਾਹਿਬ ਸੇਵਾ ਕਰਦੇ ਹੋਵੇ ਟੋਕਰੇ ਨੂੰ ਇਸ ਤਰ੍ਹਾਂ ਝੂਟਾ ਦੇਵੇ ਜਿਵੇਂ ਪੰਘੂੜੇ ਨੂੰ ਹਲੂਣਾ ਦੇਈਦਾ ਹੈ। ਇਸ ਤਰ੍ਹਾਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਉਥੇ ਸੇਵਾ ਕਰਦੀ ਹੋਈ ਕਾਬਲ ਵਿੱਚ ਆਪਣੇ ਬੱਚੇ ਦਾ ਪੰਘੂੜਾ ਝੁਲਾਉਂਦੀ ਰਹਿੰਦੀ ਸੀ। ਇਸ ਕਹਾਣੀ ਦੇ ਨਾਲ ਉਹ ਸੂਰਜ ਨਾ ਚੜ੍ਹਨ ਦੇਣ ਵਾਲੀ ਬੀਬੀ ਦੀ ਕਹਾਣੀ ਵੀ ਪੰਨਾ ੧੦੫ `ਤੇ ਫੇਰ ਦੁਹਰਾ ਦਿੱਤੀ ਹੈ।

ਪੰਨਾ ੨੬ `ਤੇ ਕੁੱਝ ਸ਼ਬਦ ਦਿੱਤੇ ਹਨ ਕਿ ਜਦੋਂ ਇਸਤ੍ਰੀ ਗਰਭਵਤੀ ਹੋਵੇ ਤਾਂ ਉਹ ਇਹ ਸ਼ਬਦ ਬਾਰ ਬਾਰ ਰੱਟੇ ਤਾਂ ਇਹ ਸ਼ਬਦ ਕੁੱਖ ਵਿੱਚ ਬੱਚੇ ਦੀ ਰਖਿਆ ਕਰਨਗੇ। ਜਪੁਜੀ ਸਾਹਿਬ ਤੋਂ ਬਾਅਦ ਇਥੇ ਦੂਸਰਾ ਸ਼ਬਦ ਇਹ ਹੈ:

"ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯ੍ਯਾ ਪਰਮੇਸ੍ਵਰਹ।। ਆਤਮ ਰਖ੍ਯ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯ੍ਯਾ ਜਗਦੀਸ੍ਵਰਹ।।

ਸਰਬ ਰਖ੍ਯ੍ਯਾ ਗੁਰ ਦਯਾਲਹ ਭੈ ਦੂਖ ਬਿਨਾਸਨਹ।। ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ।। ੫੨।। "

(ਸਲੋਕ ਸਹਸਕ੍ਰਿਤੀ ਮਹਲਾ ੫, ਪੰਨਾ ੧੩੫੮)

ਸਹਸਕ੍ਰਿਤੀ ਦੇ ਸਲੋਕਾਂ `ਚੋਂ ਇਸ ੫੨ਵੇਂ ਸਲੋਕ ਦੇ ਅਰਥ ਸਿੱਖ ਕੌਮ ਦੇ ਉਘੇ ਵਿਦਵਾਨ ਪ੍ਰੋ. ਸਾਹਿਬ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦਰਪਨ ਵਿੱਚ ਇੰਝ ਕਰਦੇ ਹਨ:

ਸਿਰ, ਮੱਥਾ, ਹੱਥ, ਸਰੀਰ, ਜਿੰਦ, ਪੈਰ, ਧਨ-ਪਦਾਰਥ—ਜੀਵਾਂ ਦੀ ਹਰ ਪ੍ਰਕਾਰ ਦੀ ਰਾਖੀ ਕਰਨ ਵਾਲਾ ਪਾਰਬ੍ਰਹਮ ਪਰਮੇਸਰ, ਗੋਪਾਲ, ਸੁਆਮੀ, ਜਗਦੀਸਰ, ਸਭ ਤੋਂ ਵੱਡਾ ਦਇਆ ਦਾ ਘਰ ਪਰਮਾਤਮਾ ਹੀ ਹੈ। ਉਹੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।

ਹੇ ਨਾਨਕ! ਉਹ ਪ੍ਰਭੂ ਨਿਆਸਰਿਆਂ ਦਾ ਆਸਰਾ ਹੈ, ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਉਸ ਅਵਿਨਾਸ਼ੀ ਸਰਬ-ਵਿਆਪਕ ਪ੍ਰਭੂ ਦਾ ਆਸਰਾ ਲੈ। ੫੨।

ਸ਼ਬਦ ਦੇ ਭਾਵ ਤੋਂ ਇਹ ਸਪੱਸ਼ਟ ਹੈ ਕਿ ਸਾਡੀ ਜੀਵਾਂ ਦੀ ਹਰ ਤਰ੍ਹਾਂ ਦੀ ਰੱਖਿਆ ਅਕਾਲ ਪੁਰਖੁ ਆਪ ਹੀ ਕਰਦਾ ਹੈ। ਸਾਨੂੰ ਹੋਰ ਸਭ ਆਸਰੇ ਛੱਡ ਕੇ ਇੱਕ ਉਸੇ ਦਾ ਆਸਰਾ ਹੀ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ੫੩ਵਾਂ ਸਲੋਕ ਇੰਝ ਹੈ:

"ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ।।

ਜੇਨ ਕਲਾ ਸਸਿ ਸੂਰ ਨਖ੍ਯ੍ਯਤ੍ਰ ਜੋਤਿੵੰ ਸਾਸੰ ਸਰੀਰ ਧਾਰਣੰ।।

ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ।।

ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ।। ੫੩।। "

(ਸਲੋਕ ਸਹਸਕ੍ਰਿਤੀ ਮਹਲਾ ੫, ਪੰਨਾ ੧੩੫੮-੧੩੫੯)

ਜਿਸ (ਪਰਮਾਤਮਾ) ਨੇ ਆਪਣੀ ਸੱਤਿਆ ਨਾਲ ਆਕਾਸ਼ ਨੂੰ ਟਿਕਾਇਆ ਹੋਇਆ ਹੈ ਅਤੇ ਅੱਗ ਨੂੰ ਲੱਕੜ ਨਾਲ ਢਕਿਆ ਹੋਇਆ ਹੈ;

ਜਿਸ ਪ੍ਰਭੂ ਨੇ ਆਪਣੀ ਤਾਕਤ ਨਾਲ ਚੰਦ੍ਰਮਾ ਸੂਰਜ ਤਾਰਿਆਂ ਵਿੱਚ ਆਪਣਾ ਪ੍ਰਕਾਸ਼ ਟਿਕਾਇਆ ਹੋਇਆ ਹੈ ਅਤੇ ਸਭ ਸਰੀਰਾਂ ਵਿੱਚ ਸੁਆਸ ਟਿਕਾਏ ਹੋਏ ਹਨ;

ਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ ਦੇ ਪੇਟ ਵਿੱਚ ਜੀਵਾਂ ਦੀ ਰਾਖੀ (ਦਾ ਪ੍ਰਬੰਧ ਕੀਤਾ ਹੋਇਆ ਹੈ), ਮਾਂ ਦੇ ਪੇਟ ਦੀ ਅੱਗ-ਰੂਪ ਰੋਗ ਜੀਵ ਦਾ ਨਾਸ ਨਹੀਂ ਕਰ ਸਕਦਾ।

ਹੇ ਨਾਨਕ। ਉਸ ਪ੍ਰਭੂ ਨੇ ਇਸ (ਸੰਸਾਰ-) ਸਰੋਵਰ ਨੂੰ ਆਪਣੀ ਤਾਕਤ ਨਾਲ ਆਸਰਾ ਦਿੱਤਾ ਹੋਇਆ ਹੈ, ਇਸ ਸਰੋਵਰ ਦੇ ਪਾਣੀ ਦੀਆਂ ਲਹਿਰਾਂ (ਜੀਵਾਂ ਦਾ) ਨਾਸ ਨਹੀਂ ਕਰ ਸਕਦੀਆਂ।

ਹੁਣ ਇਸ ਸ਼ਬਦ ਵਿੱਚ ਆਈ ਪੰਕਤੀ, ‘ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ।। ` ਇਹ ਬਿਲਕੁਲ ਸਪੱਸ਼ਟ ਸਮਝਾ ਰਹੀ ਹੈ ਕਿ ਉਸ ਅਕਾਲ ਪੁਰਖ ਨੇ ਮਾਂ ਦੇ ਪੇਟ ਵਿੱਚ ਜੀਵ ਦੀ ਰਖਿਆ ਦਾ ਪ੍ਰਬੰਧ ਆਪ ਹੀ ਕੀਤਾ ਹੋਇਆ ਹੈ। ਇਸ ਗੱਲ ਦੀ ਪ੍ਰੋੜਤਾ ਕਰਦੇ ਗੁਰਬਾਣੀ ਵਿੱਚ ਕਈ ਪ੍ਰਾਮਣ ਹਨ, ਜਿਵੇਂ:

"ਐਥੈ ਓਥੈ ਤੂੰ ਹੈ ਰਖਵਾਲਾ।। ਮਾਤ ਗਰਭ ਮਹਿ ਤੁਮ ਹੀ ਪਾਲਾ।।

ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ।। " {ਮਾਝ ਮਹਲਾ ੫, ਪੰਨਾ ੧੩੨}

ਹੇ ਪ੍ਰਭੂ ! ਇਸ ਲੋਕ ਵਿੱਚ ਪਰਲੋਕ ਵਿੱਚ ਤੂੰ ਹੀ (ਸਭ ਜੀਵਾਂ ਦਾ) ਰਾਖਾ ਹੈਂ। ਮਾਂ ਦੇ ਪੇਟ ਵਿੱਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਦਾ ਹੈਂ। ਉਹਨਾਂ ਬੰਦਿਆਂ ਨੂੰ ਮਾਇਆ (ਦੀ ਤ੍ਰਿਸ਼ਨਾ) ਦੀ ਅੱਗ ਪੋਹ ਨਹੀਂ ਸਕਦੀ, ਜੇਹੜੇ ਤੇਰੇ ਪ੍ਰੇਮ-ਰੰਗ ਵਿੱਚ ਰੰਗੇ ਹੋਏ ਤੇਰੇ ਗੁਣ ਗਾਂਦੇ ਰਹਿੰਦੇ ਹਨ।

"ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ।। ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ।। "

{ਸੋਰਠਿ ਮਹਲਾ ੫, ਪੰਨਾ ੬੧੩}

ਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ ! ਮਾਂ ਦੇ ਪੇਟ ਵਿੱਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ। (ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿੱਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ।

ਇਥੇ ਸਤਿਗੁਰੂ ਨੇ ਕੋਈ ਐਸੀ ਸ਼ਰਤ ਨਹੀਂ ਦੱਸੀ ਕਿ ਜੇ ਮਾਤਾ ਕਿਸੇ ਖਾਸ ਸ਼ਬਦ ਦਾ ਰੱਟਨ ਕਰੇਗੀ ਤਾਂ ਹੀ ਵਾਹਿਗੁਰੂ ਮਾਤ ਗਰਭ ਵਿੱਚ ਬੱਚੇ ਦੀ ਰਖਿਆ ਕਰੇਗਾ। ਉਹ ਤਾਂ ਆਪਣੇ ਬਿਰਧ ਦੇ ਤੌਰ `ਤੇ ਸਭ ਦੀ ਰਖਿਆ ਕਰਦਾ ਹੈ।

ਅਸਲ ਸਮੱਸਿਆ ਇਕੋ ਹੀ ਹੈ ਕਿ ਉਸੇ ਬ੍ਰਾਹਮਣੀ ਪ੍ਰਭਾਵ ਅਧੀਨ ਇਨ੍ਹਾਂ ਨੇ ਗੁਰਬਾਣੀ ਨੂੰ ਗੁਰੂ ਦੇ ਅਲੌਕਿਕ ਗਿਆਨ ਦੀ ਬਜਾਏ, ਮੰਤਰ ਬਣਾ ਦਿੱਤਾ ਹੈ। ਇਹ ਗੁਰਬਾਣੀ ਵਿਚੋਂ ਇੱਕ ਆਦਰਸ਼ ਜੀਵਨ ਜੁਗਤਿ ਦੇ ਦਰਸ਼ਨ ਕਰਨ ਦੀ ਬਜਾਏ, ਜਾਦੂਈ ਸ਼ਕਤੀਆਂ ਅਤੇ ਕਰਿਸ਼ਮੇ ਭਾਲਦੇ ਰਹਿੰਦੇ ਹਨ।

ਉਂਝ ਵੀ ਬਹੁਤੀਆਂ ਗੱਲਾਂ ਐਸੀਆਂ ਹਨ ਜੋ ਸ਼ਾਇਦ ਬੇਸਮਝ ਲੋਕਾਂ ਨੂੰ ਭਾਵੁਕ ਤੌਰ `ਤੇ ਤਾਂ ਬਹੁਤ ਚੰਗੀਆ ਲੱਗਣ, ਪਰ ਪੂਰੀ ਤਰ੍ਹਾਂ ਗੈਰ ਅਮਲੀ ਹਨ। ਜਿਵੇਂ ਇਸੇ ਭਾਗ ਵਿੱਚ ਪੰਨਾ ੨੯ `ਤੇ ਲਿਖਿਆ ਹੈ, "ਦਾਈ ਵੀ ਸਿੱਖਣੀ ਹੋਣੀ ਚਾਹੀਦੀ ਹੈ, ਕਿਉਂਕਿ ਬੱਚੇ ਦੇ ਜਨਮ ਵਕਤ ਜਿਸ ਦੇ ਮੂੰਹੋਂ ਝੱਟ ਹੀ ਵਾਹਿਗੁਰੁ ਨਿਕਲੇ। ਹੋਰਨਾਂ ਨੇ ਤਾਂ ਆਪਣੇ ਮਜ਼ਹਬ ਅਨੁਸਾਰ ਹੋਰ ਕੁੱਝ ਅਵਾਜ਼ ਹੀ ਕੰਨ ਵਿੱਚ ਪਾਉਣੀ ਹੈ। ਪਹਿਲੀ ਅਵਾਜ਼ ਤੇ ਗੁੜ੍ਹਤੀ ਤੇ ਮਥੇ ਲਗਣ ਵਾਲੀਆਂ ਸਿੰਘਣੀਆਂ ਹੋਣ। "

ਹੁਣ ਆਪ ਹੀ ਸੋਚ ਲਓ ਕਿ ਅੱਜ ਦੇ ਯੁਗ ਵਿੱਚ ਜਿੱਥੇ ੯੯% ਬੱਚੇ ਹਸਪਤਾਲਾਂ ਵਿੱਚ ਜੰਮਦੇ ਹਨ, ਵਿਸ਼ੇਸ਼ ਤੌਰ `ਤੇ ਸਿੱਖਣੀ ਦਾਈ ਅਤੇ ਪਹਿਲਾਂ ਮਥੇ ਲਗਣ ਵਾਸਤੇ ਅੰਮ੍ਰਿਤਧਾਰੀ ਬੀਬੀਆਂ ਕਿਥੋਂ ਲਭੋਗੇ? ਨਾਲੇ ਕੀ ਇਨ੍ਹਾਂ ਟਕਸਾਲੀਆਂ ਦੇ ਬੱਚੇ ਹਸਪਤਾਲਾਂ ਵਿੱਚ ਨਹੀਂ ਜੰਮਦੇ? ਕੀ ਇਨ੍ਹਾਂ ਪਹਿਲਾਂ ਅੰਮ੍ਰਿਤਧਾਰੀ ਦਾਈਆਂ ਜਾਂ ਡਾਕਟਰਨੀਆਂ ਦਾ ਪ੍ਰਬੰਧ ਕੀਤਾ ਹੁੰਦਾ ਹੈ?

ਸਾਰੀ ਕਿਤਾਬ ਵਿੱਚ ਹੀ ਗੁਰਬਾਣੀ ਨੂੰ ਮੰਤਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਸੇ ਨਾਲ ਸਬੰਧਤ ਇਨ੍ਹਾਂ ਦੀ ਇੱਕ ਹੋਰ ਕਹਾਣੀ ਪਾਠਕਾਂ ਨਾਲ ਸਾਂਝੀ ਕਰ ਕੇ ਅੱਗੇ ਚਲਾਂਗੇ। ਇਹ ਕਹਾਣੀ ‘ਗੁਰਬਾਣੀ ਪਾਠ ਦਰਪਣ` ਕਿਤਾਬ ਦੇ ਪੰਨਾ ੧੯੩ `ਤੇ ਸ਼ਬਦ–ਬਾਸ਼ਬਦ ਇੰਝ ਲਿਖੀ ਹੈ:

"ਦੂਸਰੀ ਉਥਾਨਕਾ- ਸਾਧ ਸੰਗਤ ਜੀ! ਜਿਸ ਵਕਤ ਸਤਿਗੁਰੂ ਅੰਤਰ-ਜਾਮੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ-ਗੱਦੀ `ਤੇ ਬਿਰਾਜਮਾਨ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਰਹੇ ਸਨ, ਸੰਗਤ `ਤੇ ਪਰਉਪਕਾਰ ਕਰ ਰਹੇ ਸਨ, ਉਸ ਵੇਲੇ ਇੱਕ ਸੌਦਾਗਰ ਸਿੱਖ ਸੀ। ਉਹ ਸਿੱਖ ਘੋੜਿਆਂ ਦਾ ਵਪਾਰ ਕਰਿਆ ਕਰਦਾ ਸੀ। ਇੱਕ ਮੰਡੀ ਤੋਂ ਲਿਆਉਂਦਾ ਦੂਜੀ ਵਿੱਚ ਵੇਚਿਆ ਕਰਦਾ ਸੀ। ਇਸ ਪ੍ਰਕਾਰ ਓਹ ਸੌਦਾਗਰੀ ਦਾ ਕੰਮ ਕਰਦਾ ਸੀ। ਸਾਧ ਸੰਗਤ ਜੀ! ਇਸ ਦੇ ਮਗਰ ਚੋਰ ਲੱਗੇ ਹੋਏ ਸਨ। ਜਦੋਂ ਉਹ ਘੋੜੇ ਖਰੀਦ ਕੇ ਮੰਡੀ ਨੂੰ ਜਾਵੇ, ਰਸਤੇ ਵਿੱਚ ਇਸ ਦੇ ਘੋੜੇ ਚੁਰਾ ਲਿਆ ਕਰਨ। ਰਸਤੇ ਵਿੱਚ ਇਸ ਦਾ ਬਹੁਤ ਨੁਕਸਾਨ ਹੋਇਆ ਕਰੇ।

ਉਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਰਨ ਵਿੱਚ ਆਇਆ। ਕਹਿਣ ਲੱਗਾ ਕਿ ਮਹਾਰਾਜ ਸਾਹਿਬ ਜੀ! ਮੈਂ ਘੋੜਿਆਂ ਦਾ ਵਪਾਰ ਕਰਦਾ ਹਾਂ। ਜਦੋਂ ਮੰਡੀ ਤੋਂ ਖਰੀਦ ਕੇ ਜਾਂਦਾ ਹਾਂ ਰਸਤੇ ਵਿੱਚ ਚੋਰ ਖੋਹ ਕੇ ਲੈ ਜਾਂਦੇ ਹਨ ਤੇ ਮੈਥੋਂ ਉਪਾਵ ਨਹੀਂ ਹੁੰਦਾ, ਆਪ ਜੀ ਕੋਈ ਉਪਾਵ ਦੱਸੋ। ਕਿਰਪਾ ਕਰ ਕੇ ਰਖਿਆ ਦੇ ਸ਼ਬਦ ਬਖਸ਼ੋ, ਜਿਸ ਕਰ ਕੇ ਮੇਰੀ ਚੋਰੀ ਨਾ ਹੋ ਸਕੇ।

ਇਹ ਸੁਣ ਕੇ ਸਤਿਗੁਰੂ ਜੀ ਨੇ ਕਿਹਾ ਕਿ ਸਿੱਖਾ! ਕੀਰਤਨ ਸੋਹਿਲੇ ਦਾ ਪਾਠ ਕਰਕੇ ਬਿਰਾਜਿਆ ਕਰ। ਲੋਹੇ ਦਾ ਕੋਟ ਤੇਰੇ ਦੁਆਲੇ ਹੋ ਜਾਇਆ ਕਰੇਗਾ, ਚੋਰ ਨਹੀਂ ਆ ਸਕਣਗੇ। ਸਾਹਿਬ ਜੀ ਕਿਰਪਾ ਕਰਕੇ ਮੈਨੂੰ ਉਹ ਰੱਖਿਆ ਦੇ ਸ਼ਬਦ ਬਖਸ਼ੋ ਜੀ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਸ਼ਬਦ ਦਸੇ।

ਇਕ ਸ਼ਬਦ- ਸੋਰਠਿ ਮਹਲਾ ੫।। ਗੁਰ ਕਾ ਸ਼ਬਦ ਰਖਵਾਰੇ।। ਚਉਕੀ ਚਉਗਿਰਦ ਹਮਾਰੇ।। (ਅੰਗ ੬੨੬)

ਦੂਜਾ ਸ਼ਬਦ- ਬਿਲਾਵਲੁ ਮ: ੫।। ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ।। (ਅੰਗ ੮੧੯)

ਤੀਜਾ ਸ਼ਬਦ-ਬਾਵਨ ਅਖਰੀ ਦਾ ਸਲੋਕ।।

ਸਲੋਕ।। ਜਹਿ ਸਾਧੂ ਗੋਬਿੰਦ ਭਜਨੁ ਕੀਰਤਨ ਨਾਨਕ ਨੀਤ।।

ਣਾ ਹਉ ਣਾ ਤੂੰ ਣਹਿ ਛੁਟਹਿ ਨਿਕਟਿ ਨ ਜਾਈਅਹੁ ਦੂਤ।। (ਅੰਗ ੨੫੬)

ਚੌਥਾ ਸ਼ਬਦ- ਗੂਜਰੀ ਦੀ ਵਾਰ ਦਾ ਸਲੋਕ।।

ਸਲੋਕ ਮ: ੫।। ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ।।

ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ।। (ਅੰਗ ੫੧੯)

ਅਤੇ ਕਿਹਾ-ਸਿਖਾ! ਇਹਨਾ ਚੌਹਾਂ ਸ਼ਬਦਾਂ ਦਾ ਪਾਠ ਕੀਰਤਨ ਸੋਹਿਲੇ ਤੋਂ ਪਹਿਲਾਂ ਕਰਿਆ ਕਰ ਤੇ ਬਾਅਦ ਵਿੱਚ ਅਰਦਾਸ ਕਰਿਆ ਕਰ।

ਇਹ ਚਾਰ ਸ਼ਬਦ- (ਦੋ ਸ਼ਬਦ ਤੇ ਦੋ ਸਲੋਕ) ਅਤੇ ਕੀਰਤਨ ਸੋਹਿਲੇ ਦਾ ਪਾਠ ਇਹ ਪੰਜ ਸ਼ਬਦ ਤੇ ਦਸਵੀਂ ਅਰਦਾਸ, ਇਸ ਤਰ੍ਹਾਂ ਪਾਠ ਕਰਕੇ ਬਿਰਾਜਿਆ ਕਰ, ਕੋਈ ਵਿਘਨ ਨਹੀਂ ਪਵੇਗਾ। ਤੇਰੇ ਅਗੇ ਲੋਹੇ ਦਾ ਕੋਟ ਹੋ ਜਾਇਆ ਕਰੇਗਾ। ਜਿਨਾਂ ਚਿਰ ਤੂੰ ਇਸ਼ਨਾਨ ਕਰਕੇ ਸ੍ਰੀ ਜਪੁਜੀ ਸਾਹਿਬ ਜੀ ਨਹੀਂ ਪੜ੍ਹਿਆ ਕਰੇਂਗਾ ਉਨ੍ਹਾਂ ਚਿਰ ਕੋਟ ਰਿਹਾ ਕਰੇਗਾ। ਜਿਹੜਾ ਚੋਰ ਚੋਰੀ ਕਰਨ ਵਾਲਾ ਹੋਵੇਗਾ ਉਹ ਹੀ ਪਕੜਿਆ ਜਾਵੇਗਾ।

ਸੁਣ ਕੇ ਸਿਖ ਨੇ ਮਹਾਰਾਜ ਸਾਹਿਬ ਜੀ ਦਾ ਬਚਨ ਮੰਨ ਲਿਆ। ਬਚਨ ਮੰਨ ਕੇ ਚਲਾ ਗਿਆ। ਜਿਸ ਵੇਲੇ ਉਹ ਘੋੜੇ ਮੰਡੀ ਤੋਂ ਖ਼ਰੀਦ ਕੇ ਆਇਆ ਤੇ ਜਿਥੇ ਉਹਨੇ ਘੋੜੇ ਬੰਨੇ ਤੇ ਰਾਤ ਨੂੰ ਪੜ੍ਹਨ ਲੱਗਾ ਤਾਂ ਉਸ ਵੇਲੇ ਚੋਰ ਆ ਗਏ। ਸਿਖ ਕੀਰਤਨ ਸੋਹਿਲੇ ਦਾ ਪਾਠ ਕਰਕੇ ਸੌਂ ਗਿਆ। ਜਿਸ ਵੇਲੇ ਸੌਂ ਗਿਆ। ਚੋਰਾਂ ਨੂੰ ਲੋਹੇ ਦਾ ਕਿਲਾ ਚਾਰੇ ਪਾਸੇ ਪ੍ਰਤੀਤ ਹੋਇਆ, ਉਹ ਅੰਦਰ ਨਾ ਵੜ ਸਕੇ। ਸਵੇਰੇ ਉੱਠ ਕੇ ਸਿਖ ਨੇ ਇਸ਼ਨਾਨ ਕੀਤਾ। ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕੀਤਾ, ਦਿਨ ਚੜ੍ਹਦੇ ਲੋਹੇ ਦਾ ਕੋਟ ਹਟ ਗਿਆ, ਇਸ ਤਰ੍ਹਾਂ ਸਿਖ ਦੀ ਰੱਖਿਆ ਹੁੰਦੀ ਰਹੀ। ਇਹ ਚੋਰ ਵੀ ਗਿਝੇ ਹੋਏ ਮਗਰ ਲੱਗੇ ਰਹੇ।

ਇਕ ਦਿਨ ਦੀ ਗੱਲ ਹੈ, ਸਿਖ ਨੂੰ ਕੀਰਤਨ ਸੋਹਿਲੇ ਦਾ ਪਾਠ ਕਰਦੇ ਨੂੰ ਆਲਸ ਆ ਗਈ, ਸਾਰਾ ਪਾਠ ਨਾ ਹੋ ਸਕਿਆ ਤੇ ਆਲਸ ਆਉਣ ਤੋਂ ਉਹ ਕਿਲਾ ਕੋਟ ਪੂਰਾ ਨਾ ਹੋ ਸਕਿਆ। ਸਾਧਸੰਗਤ ਜੀ! ਉਸ ਵਕਤ ਉਨ੍ਹਾਂ ਚੋਰਾਂ ਦਾ ਦਾਅ ਲਗ ਗਿਆ। ਉਨ੍ਹਾਂ ਨੇ ਅਗਾੜੀ ਪਿਛਾੜੀ ਖੋਹਲ ਲਈ, ਕੜਿਆਲਾ (ਕੰਡਿਆਲਾ) ਮੂੰਹ ਵਿੱਚ ਦੇ ਲਿਆ। ਜਦੋਂ ਉੱਪਰ ਚੜ੍ਹਨ ਲਗੇ ਸਿਖ ਨੂੰ ਫੇਰ ਜਾਗ ਆ ਗਈ ਤਾਂ ਪੰਜ ਇਸ਼ਨਾਨਾ ਕਰਕੇ ਸ੍ਰੀ ਕੀਰਤਨ ਸੋਹਿਲੇ ਦਾ ਪਾਠ ਕੀਤਾ ਸ਼ਬਦਾਂ ਸਮੇਤ ਤੇ ਅਰਦਾਸ ਕੀਤੀ। ਫਿਰ ਲੋਹੇ ਦਾ ਕੋਟ ਹੋ ਗਿਆ, ਵਿਚੇ ਹੀ ਚੋਰ ਰਹਿ ਗਏ ਉਹ ਜਾ ਨਹੀਂ ਸਕੇ।

ਅਖ਼ੀਰ ਫਿਰ ਸਿਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਕੇ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕੀਤਾ ਲੋਹੇ ਦਾ ਕੋਟ ਹਟ ਗਿਆ। ਚੋਰਾਂ ਨੇ ਸੋਚਿਆ ਇਸ ਸਿਖ ਦੇ ਕੋਲ ਕੋਈ ਐਸਾ ਮੰਤ੍ਰ ਹੈ ਜਿਸ ਨਾਲ ਲੋਹੇ ਦਾ ਕੋਟ ਕਰ ਲੈਂਦਾ ਹੈ। ਇਹ ਅਸੀਂ ਇਸ ਕੋਲੋਂ ਪੁੱਛ ਕੇ ਮੰਤ੍ਰ ਲੈ ਕੇ ਹੀ ਜਾਵਾਂਗੇ ਭਾਵੇਂ ਸਾਨੂੰ ਪਕੜਾ ਦੇਵੇ ਭਾਵੇਂ ਕੈਦ ਕਰਾ ਦੇਵੇ।

ਸਿਖ ਜਦੋਂ ਘੋੜਿਆਂ ਕੋਲ ਆਇਆ ਚੋਰ ਬੈਠੇ ਵੇਖ ਕੇ ਪੁੱਛਣ ਲੱਗਾ- ਤੁਸੀਂ ਕੌਣ ਹੋ? ਕੀ ਕਾਰਨ ਹੈ, ਕਿਉਂ ਬੈਠੇ ਹੋ? ਤਾਂ ਚੋਰਾਂ ਨੇ ਦੱਸਿਆ ਅਸੀਂ ਤੁਹਾਡੇ ਚੋਰ ਹਾਂ, ਤੁਹਾਡੇ ਘੋੜੇ ਚੁਰਾਂਦੇ ਰਹੇ ਹਾਂ। ਸਾਨੂੰ ਭਾਵੇਂ ਮਾਰੋ, ਭਾਵੇਂ ਕੈਦ ਕਰਾਵੋ ਪਰ ਸਿੱਖਾ! ਸਾਨੂੰ ਇਹ ਮੰਤ੍ਰ ਦੱਸ ਜਿਸ ਦੇ ਨਾਲ ਲੋਹੇ ਦਾ ਕੋਟ ਬਣਦਾ ਹੈ ਤੇ ਜਿਵੇਂ ਇਹ ਕਿਲਾ ਚੁਕਿਆ ਜਾਂਦਾ ਹੈ।

ਇਸ ਨੇ ਕਿਹਾ- ਭਾਈ! ਇਹ ਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਬਖਸ਼ਸ਼ ਹੋਈ ਹੈ ਤੇ ਉਹਨਾਂ ਚੋਰਾਂ ਨੂੰ ਮਹਾਰਾਜ ਸਾਹਿਬ ਜੀ ਦੇ ਪਾਸ ਲਿਆਂਦਾ। ਮਹਾਰਾਜ ਸਾਹਿਬ ਜੀ ਨੇ ਚੋਰੀ ਛੁਡਾ ਕੇ ਉਹਨਾਂ ਨੂੰ ਸਿਖ ਬਣਾਇਆ। ਇਹਨਾਂ ਨੇ ਵੀ ਜਨਮ ਸਫਲਾ ਕਰ ਲਿਆ। ਇਸ ਪ੍ਰਕਾਰ ਇਹ ਸੋਹਿਲੇ ਦੀਆਂ ਉਥਾਨਕਾਂ ਹਨ।

ਸੋ ਰਾਤ ਨੂੰ ਕੀਰਤਨ ਸੋਹਿਲੇ ਦਾ ਪਾਠ ਕਰਨਾ ਕਾਮ, ਕ੍ਰੋਧ, ਚੋਰਾਂ ਤੋਂ ਬਚਣ ਵਾਸਤੇ ਹੈ ਕਿ ਸਾਡੇ ਸ਼ੁਭ ਗੁਣਾਂ ਨੂੰ ਸੰਨ੍ਹ ਨਾ ਮਾਰ ਸਕਣ। ਇਸ ਪ੍ਰਕਾਰ ਸਾਧ ਸੰਗਤ ਜੀ! ਜੇ ਮਨ ਇਕਾਗਰ ਹੋ ਜਾਵੇ। ਫਿਰ ਕਾਮ ਕਰੋਧ ਆਦਿ ਚੋਰ ਸ਼ੁਭ ਗੁਣਾਂ ਦੇ ਧਨ ਨੂੰ ਖੋਹ ਨਹੀਂ ਸਕਦੇ ਅਤੇ ਦੈਵੀ ਸੰਪਤਾ ਰੂਪੀ ਸ੍ਰਵਣ ਰੂਪੀ ਮੰਨਣ ਰੂਪੀ ਘੋੜਿਆਂ ਨੂੰ ਇਹ ਪਕੜ ਕੇ ਨਹੀਂ ਲੈ ਜਾ ਸਕਦੇ। ਗੁਣਾਂ ਦੀ ਚੋਰੀ ਨਹੀਂ ਕਰ ਸਕਦੇ ਹਨ। ਐਸਾ ਇਹ ਮਹਾਤਮ ਹੈ ਕੀਰਤਨ ਸੋਹਿਲੇ ਦਾ। ਅਤੇ ਇਸੇ ਮਰਯਾਦਾ ਨਾਲ ਹੀ ਸਾਰੇ ਸਿੰਘ ਪਾਠ ਕਰਦੇ ਸਨ। ਪਹਿਲਾਂ ਚਾਰ ਸ਼ਬਦ ਫਿਰ ਕੀਰਤਨ ਸੋਹਿਲਾ ਪੰਜ ਸ਼ਬਦ ਤੇ ਫਿਰ ਦਸਵੀਂ ਅਰਦਾਸ ਇਸੇ ਮਰਯਾਦਾ ਨਾਲ ਪਾਠ ਕਰਿਆ ਕਰਦੇ। "

ਉਂਝ ਤਾਂ ਇਹ ਕਹਾਣੀ ਪੜ੍ਹ ਕੇ ਹੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਇਆਣੇ ਬੱਚੇ ਦਾ ਮਨ ਪ੍ਰਚਾਉਣ ਲਈ ਘੜੀ ਗਈ ਹੋਵੇ। ਚਲੋ ਇਸ ਨੂੰ ਗੁਰਮਤਿ ਦੀ ਕਸਵੱਟੀ `ਤੇ ਵੀ ਪਰਖ ਲਈਏ:

ਸਭ ਤੋਂ ਪਹਿਲਾਂ ਤਾਂ ਉਸ ਦੇ ਪੁੱਛਣ `ਤੇ ਜਦ ਸਤਿਗੁਰੂ ਨੇ ਦੱਸ ਦਿੱਤਾ ਕਿ ਸੌਣ ਤੋਂ ਪਹਿਲਾਂ ਸੋਹਿਲਾ ਬਾਣੀ (ਇਨ੍ਹਾਂ ਕੀਰਤਨ ਸੋਹਿਲਾ ਲਿਖਿਆ ਹੈ। ਬਾਣੀ ਦਾ ਨਾਮ ਸੋਹਿਲਾ ਹੈ। ਕਿਸੇ ਪ੍ਰਾਣੀ ਦੇ ਚਲਾਣਾ ਕਰ ਜਾਣ `ਤੇ ਕਿਉਂਕਿ ਇਸ ਬਾਣੀ ਦਾ ਕੀਰਤਨ ਕਰਨ ਦੀ ਰਵਾਇਤ ਬਣੀ ਹੋਈ ਹੈ, ਉਸ ਤੋਂ ਨਾਂ ਕੀਰਤਨ ਸੋਹਿਲਾ ਪ੍ਰਚਲਤ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਇਸ ਗੱਲ ਦੇ ਸਭ ਤੋਂ ਵੱਡੇ ਸਾਕਸ਼ੀ ਹਨ ਕਿ ਬਾਣੀ ਦਾ ਨਾਮ ਸੋਹਿਲਾ ਹੈ।) ਦਾ ਪਾਠ ਕਰ ਕੇ ਬਿਰਾਜਿਆ ਕਰ ਤਾਂ ਫਿਰ ਉਸ ਦੇ ਦੁਬਾਰਾ ਪੁੱਛਣ ਦਾ, ਕਿ ਰਖਿਆ ਦੇ ਸ਼ਬਦ ਦਸੋ, ਕੋਈ ਮਤਲਬ ਨਹੀਂ ਬਣਦਾ। ਨਾਲੇ ਸਤਿਗੁਰੂ ਨੇ ਕਿਹਾ ਸੀ ਕਿ ਤੇਰੇ ਦੁਆਲੇ ਲੋਹੇ ਦਾ ਕੋਟ ਬਣ ਜਾਇਆ ਕਰੇਗਾ, ਪਰ ਇਹ ਕੋਟ ਘੋੜਿਆਂ ਦੇ ਬਾੜੇ ਦੁਆਲੇ ਉਸਰਨਾ ਸ਼ੁਰੂ ਹੋ ਗਿਆ।

ਦੂਸਰਾ ਜੇ ਇਨ੍ਹਾਂ ਚਾਰ ਸ਼ਬਦਾਂ ਦੀ ਇਤਨੀ ਮਹੱਤਤਾ ਸੀ ਕਿ ਇਨ੍ਹਾਂ ਬਗੈਰ ਰੱਖਿਆ ਨਹੀਂ ਸੀ ਹੁੰਦੀ (ਇਨ੍ਹਾਂ ਅਨੁਸਾਰ ਲੋਹੇ ਦਾ ਕਿਲਾ ਬਣਨਾ), ਤਾਂ ਜਦ ਸਤਿਗੁਰੂ ਨੇ ਸੋਹਿਲਾ ਬਾਣੀ ਤਿਆਰ ਕਰਨ ਲੱਗਿਆਂ, ਤਿੰਨ ਅਲੱਗ ਅਲੱਗ ਰਾਗਾਂ ਵਿਚੋਂ, ਅਲੱਗ ਅਲੱਗ ਪੰਨਿਆਂ ਤੋਂ, ਤਿੰਨ ਅਲੱਗ ਅਲੱਗ ਗੁਰੂ ਸਾਹਿਬਾਨ ਦੇ ਪੰਜ ਸ਼ਬਦ ਇਕੱਤਰ ਕਰਕੇ ਸੋਹਿਲਾਂ ਬਾਣੀ ਤਿਆਰ ਕੀਤੀ ਤਾਂ ਕੀ ਸਤਿਗੁਰੂ ਇਹ ਰੱਖਿਆ ਦੇ ਸ਼ਬਦ (ਇਨ੍ਹਾਂ ਅਨੁਸਾਰ) ਨਾਲ ਦਰਜ ਨਹੀਂ ਸੀ ਕਰ ਸਕਦੇ?

ਕੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਹਨ?

ਸਭ ਤੋਂ ਉਪਰ ਗੁਰਬਾਣੀ ਤਾਂ ਹਰ ਤਰ੍ਹਾਂ ਦੇ ਮੰਤਰ ਜਾਪਾਂ ਨੂੰ ਰੱਦ ਕਰਦੀ ਹੈ। ਕਿਸੇ ਮੰਤ੍ਰ ਦੇ ਜੱਪਣ ਨਾਲ ਕਿਸੇ ਕਾਰਜ ਦੀ ਸਿੱਧੀ, ਜਾਂ ਕੋਈ ਰੱਖਿਆ, ਜਾਂ ਪ੍ਰਾਪਤੀ ਨਿਰੋਲ ਬ੍ਰਾਹਮਣੀ ਵਿਚਾਰਧਾਰਾ ਹੈ, ਜਿਸ ਦਾ ਗੁਰਮਤਿ ਵਿੱਚ ਕੋਈ ਸਥਾਨ ਨਹੀਂ। ਸਤਿਗੁਰੂ ਦੇ ਪਾਵਨ ਫੁਰਮਾਨ ਹਨ:

"ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ।। ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰਸਬਦੀ ਸਚੁ ਜਾਨਿਆ।। "

{ਸੂਹੀ ਮਹਲਾ ੧, ਪੰਨਾ ੭੬੬}

(ਪਰਮਾਤਮਾ ਦਾ ਪਿਆਰ ਪ੍ਰਾਪਤ ਕਰਨ ਲਈ) ਮੈਂ ਕੋਈ ਜਾਦੂ-ਟੂਣਾ ਕੋਈ ਮੰਤ੍ਰ ਆਦਿਕ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਕੇਵਲ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਮੇਰਾ ਮਨ ਉਸ ਦੀ ਯਾਦ ਵਿੱਚ ਗਿੱਝ ਗਿਆ ਹੈ।

ਸਤਿਗੁਰੂ ਤਾਂ ਸਭ ਮੰਤ੍ਰ, ਤੰਤ੍ਰ ਆਦਿ ਨੂੰ ਪਾਖੰਡ ਦਸ ਰਹੇ ਹਨ, ਗੁਰਬਾਣੀ ਕੇਵਲ ਅਕਾਲ-ਪੁਰਖ ਵਾਹਿਗੁਰੂ ਨੂੰ ਹਰ ਸਮੇਂ ਆਪਣੇ ਹਿਰਦੇ ਵਿੱਚ ਯਾਦ ਰਖਣ ਦਾ ਉਪਦੇਸ਼ ਦੇਂਦੀ ਹੈ। ਅਗਲੇ ਪ੍ਰਮਾਣ ਵਿੱਚ ਵੀ ਸਤਿਗੁਰੂ ਇਹੀ ਉਪਦੇਸ਼ ਦੇ ਰਹੇ ਹਨ ਕਿ ਸਭ ਤੰਤ੍ਰ, ਮੰਤ੍ਰ ਜਿਨ੍ਹਾਂ ਨੂੰ ਤੁਸੀਂ ਆਪਣੀਆਂ ਔਕੜਾਂ ਦਾ ਹੱਲ ਸਮਝ ਰਹੇ ਹੋ, ਬਿਲਕੁਲ ਬੇਕਾਰ ਹਨ। ਇਨ੍ਹਾਂ ਦਾ ਖਹਿੜਾ ਛੱਡ ਕੇ ਕੇਵਲ ਅਕਾਲ-ਪੁਰਖ `ਤੇ ਪੂਰਨ ਭਰੋਸਾ ਰਖੋ:

"ਅਉਖਧ ਮੰਤ੍ਰ ਤੰਤ ਸਭਿ ਛਾਰੁ।। ਕਰਣੈਹਾਰੁ ਰਿਦੇ ਮਹਿ ਧਾਰੁ।। " {ਗਉੜੀ ਮਹਲਾ ੫, ਪੰਨਾ ੧੯੬}

(ਹੇ ਭਾਈ !) ਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖ, (ਇਸ ਦੇ ਟਾਕਰੇ ਤੇ ਹੋਰ) ਸਾਰੇ ਦਾਰੂ ਸਾਰੇ ਮੰਤਰ ਤੇ ਟੂਣੇ ਤੁੱਛ ਹਨ।

ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ ਕਿ ਜੋ ਮਨੁੱਖ ਅਕਾਲ-ਪੁਰਖ ਨੂੰ ਭੁਲਾ ਕੇ ਹੋਰ ਮੰਤ੍ਰ ਆਦਿ ਜਪਣ ਵਿੱਚ ਉਲਝੇ ਰਹਿੰਦੇ ਹਨ, ਉਹ ਆਪਣਾ ਜੀਵਨ ਅਜਾਈਂ ਗੁਆ ਲੈਂਦੇ ਹਨ, ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਭੁਗਤਣੀ ਪੈਂਦੀ ਹੈ। ਪਾਵਨ ਗੁਰਵਾਕ ਹੈ:

"ਜਿਨੀੑ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ।। ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ।।

ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ।। ੨।। " (ਮਃ ੩, ਪੰਨਾ ੧੨੪੭)

ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਕਿਸੇ ਹੋਰ ਰਸ ਵਿੱਚ ਪੈ ਕੇ ਜਪ, ਜਪਣ ਦਾ, ਉਹਨਾਂ ਨੂੰ ਕੋਈ ਲਾਭ ਨਹੀਂ ਹੋ ਸਕਦਾ, ਕਿਉਂਕਿ ਜਿਨ੍ਹਾਂ ਨੂੰ ਦੁਨੀਆ ਦੇ ਜੰਜਾਲ-ਰੂਪ ਚੋਰ ਨੇ ਠੱਗਿਆ ਹੋਇਆ ਹੈ ਉਹ (ਇਉਂ ਵਿਲੂੰ ਵਿਲੂੰ ਕਰਦੇ) ਹਨ ਜਿਵੇਂ ਵਿਸ਼ਟੇ ਵਿੱਚ ਕੀੜੇ।

ਹੇ ਨਾਨਕ! (ਇਹੀ ਅਰਦਾਸ ਕਰ ਕਿ) ਪ੍ਰਭੂ ਦਾ ਨਾਮ ਨਾਹ ਭੁੱਲੇ, ਹੋਰ ਸਾਰੇ ਲਾਲਚ ਵਿਅਰਥ ਹਨ।

ਗੁਰਬਾਣੀ ਵਿੱਚ ਜਿਥੇ ਵੀ ਮੰਤ੍ਰ ਦ੍ਰਿੜ ਕਰਨ ਲਈ ਕਿਹਾ ਗਿਆ ਹੈ, ਉਥੇ ਮੰਤ੍ਰ ਸ਼ਬਦ ਗੁਰੂ ਪਾਤਿਸ਼ਾਹ ਦੇ ਉਪਦੇਸ਼ ਵਾਸਤੇ ਆਉਂਦਾ ਹੈ। ਜਿਸ ਦਾ ਭਾਵ ਇਹ ਹੈ ਕਿ ਗੁਰੂ ਦਾ ਉਪਦੇਸ਼ ਸੁਣ ਕੇ ਉਸਨੂੰ ਪੂਰੀ ਤਰ੍ਹਾਂ ਜੀਵਨ ਵਿੱਚ ਧਾਰਨ ਕਰ ਲੈਣਾ ਚਾਹੀਦਾ ਹੈ। ਗੁਰਬਾਣੀ ਦਾ ਪਾਵਨ ਸ਼ਬਦ ਹੈ:

"ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ।।

ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ।। " {ਬਿਲਾਵਲੁ ਮਹਲਾ ੫, ਪੰਨਾ ੮੨੨}

(ਹੇ ਭਾਈ! ਜਦੋਂ ਕਿਸੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸੇਵਾ, ਸੰਤੋਖ, ਦਇਆ, ਧਰਮ, ਪਵਿੱਤ੍ਰ ਜੀਵਨ (ਆਪਣੇ ਅੰਦਰ ਪੈਦਾ ਕਰਨ ਦਾ) ਇਹ ਉਪਦੇਸ਼ ਸੰਤ ਜਨਾਂ ਪਾਸੋਂ ਗ੍ਰਹਿਣ ਕਰਦਾ ਹੈ। ਹੇ ਨਾਨਕ ! ਆਖ—ਜਿਸ ਜਿਸ ਮਨੁੱਖ ਨੇ ਆਪਣੇ ਮਨ ਦੀ ਰਾਹੀਂ (ਗੁਰੂ ਨਾਲ) ਸਾਂਝ ਪਾਈ, ਉਹਨਾਂ ਨੂੰ (ਉੱਚੇ ਆਤਮਕ ਜੀਵਨ ਦੀ) ਸਾਰੀ ਸਮਝ ਆ ਗਈ।

ਹੁਣ ਸਤੁ, ਸੰਤੋਖ, ਦਇਆ ਅਤੇ ਪਵਿੱਤ੍ਰ ਜੀਵਨ ਇਹ ਕੋਈ ਰਟਣ ਵਾਲੇ ਮੰਤ੍ਰ ਨਹੀਂ ਹਨ, ਸਗੋਂ ਧਰਮ ਦੇ ਉਹ ਅਮੋਲਕ ਗੁਣ ਹਨ, ਜਿਨ੍ਹਾਂ ਨੂੰ ਜੀਵਨ ਵਿੱਚ ਧਾਰਨ ਕਰਨ ਨਾਲ ਸਾਡਾ ਜੀਵਨ ਸਫਲਾ, ਪ੍ਰਵਾਨ ਜੀਵਨ ਬਣ ਸਕਦਾ ਹੈ। ਇਸੇ ਲਈ ਅਗਲੇ ਪ੍ਰਮਾਣ ਵਿੱਚ ਸਤਿਗੁਰੂ ਸਮਝਾਉਂਦੇ ਹਨ ਕਿ ਸਤਿਗੁਰੂ ਦੀ ਬਾਣੀ, ਗੁਰੂ ਦਾ ਉਹ ਉਪਦੇਸ਼ ਹੈ ਜਿਸਨੂੰ ਅਪਨਾਉਣ ਨਾਲ ਸਾਡੀ ਹਉਮੈ ਖਤਮ ਹੋ ਜਾਂਦੀ ਹੈ ਅਤੇ ਸਾਨੂੰ ਸਾਰੇ ਸੁੱਖਾਂ ਦਾ ਸਾਧਨ ਆਤਮਕ ਸ਼ਾਂਤੀ ਪਰਾਪਤ ਹੋ ਜਾਂਦੀ ਹੈ:

"ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ।।

ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ।। " {ਸਾਰਗ ਮਹਲਾ ੫, ਪੰਨਾ ੧੨੦੮}

ਹੇ ਭਾਈ ! ਮਹਾਂ ਪੁਰਖਾਂ ਦੀ ਬਾਣੀ, ਮਹਾਂ ਪੁਰਖਾਂ ਦਾ ਉਪਦੇਸ਼ ਹੀ ਮਨ ਦਾ ਮਾਣ ਦੂਰ ਕਰਨ ਲਈ ਸਮਰਥ ਹੈ । ਹੇ ਨਾਨਕ ! (ਆਖ—ਹੇ ਭਾਈ !) ਆਤਮਕ ਸ਼ਾਂਤੀ ਵਾਸਤੇ ਪਰਮਾਤਮਾ ਦਾ ਨਾਮ ਹੀ ਸੁਖਾਂ ਦਾ ਥਾਂ ਹੈ (ਇਹ ਥਾਂ ਸਾਧ ਸੰਗਤਿ ਵਿਚ) ਖੋਜ ਕੀਤਿਆਂ ਲੱਭਦੀ ਹੈ ।

ਬ੍ਰਾਹਮਣ ਨੇ ਮਨੁੱਖੀ ਸਮਾਜ ਵਿੱਚ ਇੱਕ ਭਰਮ ਪਾਇਆ ਹੋਇਆ ਸੀ ਕਿ ਗਿਆਨ ਉਤੇ ਉਸ ਦਾ ਏਕਾਧਿਕਾਰ ਹੈ। ਬਾਕੀ ਹੋਰ ਕੋਈ ਵਰਣ ਗਿਆਨ ਪਰਾਪਤ ਕਰਨ ਦਾ ਹੱਕ ਨਹੀਂ ਰਖਦਾ। ਗੱਲ ਬੜੀ ਸਪੱਸ਼ਟ ਹੈ ਕਿ ਜੇ ਲੋਕਾਈ ਅਗਿਆਨੀ ਰਹੇਗੀ ਤਾਂਹੀ ਅੱਖਾਂ ਬੰਦ ਕਰਕੇ ਉਸ ਦੇ ਫੈਲਾਏ ਭਰਮ-ਜਾਲ ਦਾ ਸ਼ਿਕਾਰ ਹੁੰਦੀ ਰਹੇਗੀ। ਸਤਿਗੁਰੂ ਨੇ ਇਸ ਭਰਮ ਜਾਲ ਨੂੰ ਤੋੜਦੇ ਹੋਏ ਫੁਰਮਾਇਆ ਕਿ ਸਭ ਤੋਂ ਵੱਡਾ ਮੁਢਲਾ ਮੰਤ੍ਰ ਇਹ ਹੈ ਕਿ ਹਰ ਮਨੁੱਖ ਨੂੰ ਅਕਾਲ-ਪੁਰਖ ਦਾ ਇਲਾਹੀ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਭਾਵੇਂ ਉਹ ਕਿਸੇ ਜਾਤ-ਪਾਤ, ਬ੍ਰਾਹਮਣ ਦੇ ਬਣਾਏ ਕਿਸੇ ਵਰਣ ਦਾ ਹੋਵੇ। ਸੁਖਮਨੀ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਦਾ ਪਾਵਨ ਉਪਦੇਸ਼ ਹੈ:

"ਬੀਜ ਮੰਤ੍ਰੁ ਸਰਬ ਕੋ ਗਿਆਨੁ।। ਚਹੁ ਵਰਣਾ ਮਹਿ ਜਪੈ ਕੋਊ ਨਾਮੁ।। " {ਗਉੜੀ ਸੁਖਮਨੀ ਮਹਲਾ ੫, ਪੰਨਾ ੨੭੪}

(ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਵਿਚੋਂ ਕੋਈ ਭੀ ਮਨੁੱਖ (ਪ੍ਰਭੂ ਦਾ) ਨਾਮ ਜਪ (ਕੇ ਵੇਖ ਲਏ), ਨਾਮ (ਹੋਰ ਸਭ ਮੰਤ੍ਰਾਂ ਦਾ) ਮੁੱਢ ਮੰਤ੍ਰ ਹੈ ਅਤੇ ਸਭ ਦਾ ਗਿਆਨ (ਦਾਤਾ) ਹੈ।

ਜੇ ਉਪਰਲੀ ਕਹਾਣੀ ਵਿੱਚ ਕੁੱਝ ਵੀ ਸੱਚਾਈ ਹੁੰਦੀ ਤਾਂ ਸਤਿਗੁਰੂ ਉਸ ਸਿੱਖ ਸੌਦਾਗਰ ਨੂੰ ਉਨ੍ਹਾਂ ਚੋਰਾਂ ਕੋਲੋਂ ਆਪਣੇ ਮਾਲ ਦਾ ਬਚਾ ਕਰਨ ਲਈ ਕੋਈ ਯੋਗ ਉਪਾਅ ਕਰਨ ਦਾ ਸੁਝਾ ਦੇਂਦੇ। ਨਾ ਕਿ ਗੁਰਬਾਣੀ ਨੂੰ ਮੰਤ੍ਰ ਵਾਂਗ ਵਰਤ ਕੇ ਲੋਹੇ ਦੇ ਹਵਾਈ ਕਿਲੇ ਬਨਾਉਣ ਦਾ। ਇੱਕ ਗੱਲ ਮੰਨਣੀ ਪਵੇਗੀ ਕਿ ਇਨ੍ਹਾਂ ਕੋਲ ਸੁਆਦਲੀਆਂ ਕਹਾਣੀਆਂ ਘੜਨ ਦੀ ਬਹੁਤ ਕਲਾ ਹੈ, ਜਿਸ ਨਾਲ ਇਹ ਭੋਲੀ-ਭਾਲੀ ਲੋਕਾਈ ਨੂੰ ਤਾਂ ਭਰਮਾ ਹੀ ਲੈਂਦੇ ਹਨ, ਸਗੋਂ ਇਨ੍ਹਾਂ ਕਹਾਣੀਆਂ ਰਾਹੀਂ ਸਤਿਗੁਰੂ ਨੂੰ ਵੀ ਆਪਣੇ ਅਗਿਆਨੀ ਭਰਮ-ਜਾਲ ਵਿੱਚ ਭਾਈਵਾਲ ਬਣਾ ਲੈਂਦੇ ਹਨ।

ਇਸ ਕਹਾਣੀ ਤੋਂ ਬਾਅਦ ਅਗਲੇ ਪੈਰ੍ਹੇ ਵਿੱਚ ਇਨ੍ਹਾਂ ਅਖੌਤੀ ਮਹਾਪੁਰਖਾਂ ਨੇ ਕੁੱਝ ਗੁਰਮਤਿ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਅਸੀਂ ਸੋਹਿਲਾ ਬਾਣੀ ਦਾ ਪਾਠ ਕਰਕੇ ਸੌਵਾਂਗੇ ਤਾਂ ਵਿਕਾਰ ਰੂਪੀ ਚੋਰ ਸਾਡੇ ਸਦ ਗੁਣਾਂ ਦੀ ਚੋਰੀ ਨਹੀਂ ਕਰ ਸਕਣਗੇ, ਪਰ ਗੁਰਬਾਣੀ ਨੂੰ ਵਰਤਿਆ ਫੇਰ ਮੰਤ੍ਰ ਵਾਂਗ ਹੀ ਹੈ। ਕੋਈ ਪੁੱਛੇ ਕਿ ਕੀ ਵਿਕਾਰ ਸਾਡੇ `ਤੇ ਕੇਵਲ ਰਾਤ ਨੂੰ ਸੁੱਤਿਆਂ ਹੀ ਹਮਲਾ ਕਰਦੇ ਹਨ? ਰਾਤ ਸੁੱਤਿਆਂ ਤਾਂ ਭਾਵੇਂ ਸੁਫਨਿਆਂ ਰਾਹੀਂ ਕੁੱਝ ਭਾਰੂ ਹੁੰਦੇ ਹੋਣ ਪਰ ਅਸਲੀਅਤ ਵਿੱਚ ਸਾਰੀ ਦਿਹਾੜੀ ਸੰਸਾਰਕ ਧੰਦਿਆਂ ਵਿੱਚ ਗਲਤਾਨ ਹੋਇਆਂ `ਤੇ ਇਹ ਵਧੇਰੇ ਪ੍ਰਭਾਵ ਪਾਉਂਦੇ ਹਨ। ਸੱਚਾਈ ਇਹ ਹੈ ਕਿ ਜੇ ਅਸੀਂ ਗੁਰਬਾਣੀ ਨੂੰ ਪੜ੍ਹ ਕੇ, ਵਿਚਾਰ ਕੇ, ਸਤਿਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਅਪਣਾ ਲਵਾਂਗੇ ਤਾਂ ਸਾਡੀ ਆਤਮਾ ਇਤਨੀ ਬਲਵਾਨ ਹੋ ਜਾਵੇਗੀ ਕਿ ਕੋਈ ਵੀ ਵਿਕਾਰ ਉਸ `ਤੇ ਭਾਰੂ ਨਹੀਂ ਹੋ ਸਕਣਗੇ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.