.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਮੈਂ `ਤੇ ਮਸਾਂ ਬਚਿਆ

ਦਿਵਾਲੀ ਦੇ ਦਿਨਾਂ ਵਿੱਚ ਆਮ ਕਰਕੇ ਰਾਤਾਂ ਠੰਡੀਆਂ ਹੋ ਜਾਂਦੀਆਂ ਹਨ। ਠੰਡ ਦੇ ਬਚਾ ਤੋਂ ਗ੍ਰੰਥੀ ਸਿੰਘ ਨੇ ਕੋਟੀ ਪਹਿਨ ਰੱਖੀ ਸੀ ਤੇ ਊਪਰ ਦੀ ਲੋਈ ਨਾਲ ਬੁਕਲ ਮਾਰੀ ਹੋਈ ਸੀ। ਗ੍ਰੰਥੀ ਸਿੰਘ ਦੂਜੇ ਪਿੰਡੋਂ ਆ ਕੇ ਸਾਡੇ ਪਿੰਡ ਗ੍ਰੰਥੀ ਦੀ ਸੇਵਾ ਨਿਭਾਅ ਰਿਹਾ ਹੈ। ਸਾਹੋ ਸਾਹੀ ਹੋਇਆ ਸਵੇਰੇ ਸਾਢੇ ਚਾਰ ਵਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਹੀ ਸਪੀਕਰ ਲਗਾ ਕੇ ਸਾਰੇ ਪਿੰਡ ਨੂੰ ਇੱਕ ਬਹੁਤ ਵੱਡੀ ਸੂਚਨਾ ਦੇ ਰਿਹਾ ਹੈ ਤੇ ਨਾਲੇ ਆਪਣਾ ਪਸੀਨਾ ਪੂੰਝੀ ਜਾ ਰਿਹਾ ਹੈ। ਉੱਚੀ ਉੱਚੀ ਬੋਲਦਾ ਹੈ ਕਿ "ਸਾਧ ਸੰਗਤ ਜੀ ਮੈਂ ਅੱਜ ਮਸਾਂ ਹੀ ਬਚਿਆ ਹਾਂ ਮੇਰਾ ਗੁਰੂ ਨੇ ਆਪਣਾ ਹੱਥ ਦੇ ਕੇ ਬਚਾ ਕਰ ਦਿੱਤਾ ਹੈ। ਗ੍ਰੰਥੀ ਅੱਗੇ ਕਹਿੰਦਾ ਹੈ ਕਿ ਮੈਂ ਅੱਜ ਗੁਰਦੁਆਰੇ ਦੇ ਅੱਗੇ ਕੀਤੇ ਹੋਏ ਟੂਣੇ ਨੂੰ ਟੱਪ ਚੱਲਿਆ ਸੀ। ਇਹ ਤੇ ਮੈਂ ਅਚਾਨਕ ਦੇਖ ਲਿਆ ਤੇ ਮੇਰਾ ਬਚਾ ਹੋ ਗਿਆ ਹੈ। ਜੇ ਮੈਂ ਟੂਣਾ ਟੱਪ ਜਾਂਦਾ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ? ਜਿੰਨ੍ਹੇ ਇਹ ਟੁਣਾ ਕੀਤਾ ਹੈ ਉਸ ਦਾ ਸੱਤਿਆ ਨਾਸ ਹੋ ਜਾਏ। ਉਹਦਾ ਰਹੇ ਕੱਖ ਨਾ ਜਿੰਨੇ ਇਹ ਟੂਣਾ ਕੀਤਾ ਹੈ। ਅਜੇਹੀਆਂ ਗੱਲਾਂ ਕਰਦਾ ਹੋਇਆ ਕਹਿੰਦਾ ਹੈ ਕਿ ਸਾਧ ਸੰਗਤ ਜੀ ਹੁਣ ਜਿਹੜਾ ਵੀ ਗੁਰਦੁਆਰੇ ਆਏ ਉਹ ਧਿਆਨ ਨਾਲ ਆਵੇ ਕਿਤੇ ਕੋਈ ਇਸ ਟੂਣੇ ਦੇ ਊਪਰ ਦੀ ਨਾ ਲ਼ੰਘ ਆਏ"। ਅਜੇਹੀ ਮੰਦਭਾਗੀ ਸੂਚਨਾ ਸਾਰੇ ਪਿੰਡ ਵਿੱਚ ਜੰਗਲ਼ ਦੀ ਅੱਗ ਵਾਂਗ ਫੈਲ ਗਈ ਜਿਹੜਾ ਨਹੀਂ ਵੀ ਗੁਰਦੁਆਰੇ ਆਉਂਦਾ ਸੀ ਉਹ ਵੀ ਫਟਾ ਫੱਟ ਆ ਗਿਆ ਕੋਈ ਜਣਾ ਕੋਈ ਗੱਲ ਕਰਦਾ ਹੈ ਤੇ ਕੋਈ ਜਣਾ ਉਪਾਅ ਦੱਸ ਰਿਹਾ ਹੈ ਜਿੰਨੇ ਮੂੰਹ ਓਨੀਆਂ ਗੱਲਾਂ ਹੀ ਸਭ ਤੇ ਸਾਹਮਣੇ ਆ ਰਹੀਆਂ ਹਨ। ਮਿੰਟੋ ਮਿੰਟੀ ਕਾਂਵਾਂ ਰੌਲ਼ੀ ਪੈ ਗਈ। ਕਈ ਤਾਂ ਇਹ ਵੀ ਸੋਚਣ ਲੱਗ ਪਏ ਸਨ ਪਤਾ ਨਹੀਂ ਹੁਣ ਕਿਹੜੀ ਬਿਪਤਾ ਨੇ ਸਾਨੂੰ ਘੇਰ ਲੈਣਾ ਹੈ।

ਅਜੇ ਟੂਣੇ ਹੋਏ ਨੂੰ ਥੋੜੇ ਦਿਨ ਹੀ ਹੋਏ ਸਨ। ਅਚਾਨਕ ਜਦੋਂ ਮੈਂ ਪਿੰਡ ਆਇਆ ਤਾਂ ਮੇਰੇ ਭਤੀਜੇ ਨੇ ਗੱਲ ਸੁਣਾਈ, ਕਿ "ਤਾਇਆ ਜੀ ਸਾਡੇ ਪਿੰਡ ਬਹੁਤ ਹੀ ਮਾੜਾ ਕੰਮ ਹੋਇਆ ਹੈ। ਕਿਸੇ ਨੇ ਗੁਰਦੁਆਰੇ ਦੇ ਅੱਗੇ ਟੂਣਾ ਕੀਤਾ ਹੋਇਆ ਸੀ। ਕਿਸੇ ਨੂੰ ਵੀ ਏਦਾਂ ਨਹੀਂ ਕੁੱਝ ਕਰਨਾ ਚਾਹੀਦਾ ਸੀ। ਐਵੇਂ ਕਿਸੇ ਦਾ ਨੁਕਸਾਨ ਹੋ ਜਾਏ, ਕੀ ਫਾਇਦਾ ਹੋਏਗਾ ਟੂਣੇ ਕਰਨ ਵਾਲੇ ਨੂੰ" ਮੈਂ ਕਿਹਾ, "ਟੂਣੇ ਦੇ ਵਿੱਚ ਹੈ ਕੀ ਸੀ"? ਉਹ, "ਕਹਿੰਦਾ ਮੈਂ ਆਪਣੀ ਅੱਖੀਂ ਦੇਖਿਆ ਸੀ ਕਿ ਆਟੇ ਨਾਲ ਇੱਕ ਚੱਕਰ ਕੱਢਿਆ ਹੋਇਆ ਸੀ। ਉਸ ਦੇ ਅੰਦਰ ਹਲਦੀ ਦਾ ਚੱਕਰ ਕੱਢਿਆ ਹੋਇਆ ਸੀ ਤੇ ਵਿਚਕਾਰ ਸੰਧੂਰ ਪਾਇਆ ਹੋਇਆ ਸੀ। ਇੱਕ ਲਾਗੇ ਕਾਲੇ ਰੰਗ ਨਾਲ ਲਬੇੜ ਕੇ ਪੰਜ ਰੁਪਇਆਂ ਵਾਲਾ ਸਿੱਕਾ ਸੁੱਟਿਆ ਹੋਇਆ ਸੀ। ਐਨ ਗੁਰਦੁਆਰੇ ਦੇ ਅੱਗੇ ਸੁਟਿਆ ਹੋਇਆ ਸੀ। ਕਹਿੰਦਾ ਕਿਸੇ ਨੇ ਗੁਰਦੁਆਰੇ ਦਾ ਲਿਹਾਜ ਵੀ ਨਹੀਂ ਕੀਤਾ ਸਤਿਆ ਨਾਸ ਹੋ ਜਾਏ ਹੋ ਜਾਏ ਟੂਣਾ ਕਰਨ ਵਾਲੇ ਦਾ" ਉਸ ਨੇ ਟੂਣੇ ਨਾਲ ਵਾਪਰੀ ਸਾਰੀ ਘਟਨਾ ਥੋੜੇ ਸਮੇਂ ਵਿੱਚ ਹੀ ਸੁਣਾ ਦਿੱਤੀ ਪਰ ਟੂਣੇ ਦੀ ਚਰਚਾ ਅਸੀਂ ਲੰਬਾ ਸਮਾਂ ਕਰਦੇ ਰਹੇ।

ਜਿਹੜੀ ਮਾਈ ਵੀ ਆਏ ਉਹ ਹੀ ਟੂਣਾ ਕਰਨ ਵਾਲੇ ਜਾਂ ਵਾਲੀ ਨੂੰ ਪੂਰੀ ਤਨ ਦੇਹੀ ਨਾਲ ਗਾਲ਼ ਮੰਦਾ ਕਰੀ ਜਾਏ ਤੇ ਕਹੀ ਜਾਣ ਉਹਦਾ ਕਿਸੇ ਯੁੱਗ ਵਿੱਚ ਵੀ ਭਲਾ ਨਹੀਂ ਹੋਣਾ। ਹੁਣ ਇਹ ਕਿਸੇ ਨੂੰ ਵੀ ਨਹੀਂ ਪਤਾ ਕਿ ਇਹ ਟੂਣਾ ਕਿਸੇ ਬੰਦੇ ਨੇ ਕੀਤਾ ਹੈ ਕਿ ਜਾਂ ਕਿਸੇ ਜ਼ਨਾਨੀ ਨੇ ਕੀਤਾ ਹੈ, ਪਰ ਕੋਸ ਸਾਰੇ ਜ਼ਨਾਨੀਆਂ ਨੂੰ ਹੀ ਰਹੇ ਸਨ। ਸਾਰਾ ਪਿੰਡ ਇਕੱਠਾ ਹੋਇਆ ਸੀ। ਇੱਕ ਗਿਆਨਣ ਬੀਬੀ ਵੀ ਆਈ ਜਿਹੜੀ ਗੁਰਬਾਣੀ ਦੀ ਜਾਣਕਾਰੀ ਰੱਖਦੀ ਸੀ ਤੇ ਗਾਤਰਾ ਵੀ ਤਿੰਨ ਇੰਚ ਚੌੜਾ ਪਾਇਆ ਸੀ। ਉਹ ਬੀਬੀ ਸਾਰੀਆਂ ਨਾਲੌਂ ਕਾਹਲੀ ਵਿੱਚ ਸੀ ਕਿ ਜਿਸ ਨੇ ਟੂਣਾ ਕੀਤਾ ਹੈ ਉਸ ਦਾ ਕੱਖ ਨਹੀਂ ਰਹਿਣਾ ਤੇ ਇਸ ਨੂੰ ਹੋਣੇ ਹੀ ਪਾਣੀ ਨਾਲ ਧੋ ਦਿਓ ਉਸ ਨੇ ਆਪਣੀ ਸਾਰੀ ਵਿਦਿਆ ਨਾਲ ਸੁਝਾਅ ਦਿੱਤਾ। ਕੋਈ ਬੀਬੀ ਕਹੀ ਜਾਏ ਰੱਬਾ ਮਾਲ ਮਨੁੱਖੀ ਸੁੱਖ ਰੱਖੀ ਤੇ ਟੂਣਾ ਕਰਨ ਵਾਲੇ ਦਾ ਰਹੇ ਕੱਖ ਨਾ। ਇੱਕ ਕਹਿੰਦੀ ਹੈ ਚਲੋ ਟੂਣਾ ਕਰਨ ਵਾਲੇ ਦਾ ਵੀ ਰੱਬ ਭਲਾ ਕਰੇ ਪਰ ਇਹ ਟੂਣੇ ਕਰਨ ਵਾਲੇ ਦੇ ਘਰ `ਤੇ ਜ਼ਰੂਰ ਰੱਬਾ ਮਾਰ ਪਾਈਂ ਤਾਂ ਕਿ ਅੱਗੋਂ ਤੋਂ ਕੋਈ ਅਜੇਹੀ ਹਰਕਤ ਨਾ ਕਰੇ।

ਹਿੰਮਤ ਕਰਕੇ ਇੱਕ ਨੌਜਵਾਨ ਨੇ ਟੂਣੇ ਨੂੰ ਲੱਤ ਮਾਰ ਦਿੱਤੀ ਤੇ ਟੂਣਾ ਢਹਿ ਢੇਰੀ ਹੋ ਗਿਆ ਪਰ ਡਰਦਾ ਮਾਰਾ ਉਹ ਵੀ ਪਹਿਲਾਂ ਮਹਿਮੇ ਚੱਕੋਂ ਇਸ਼ਨਾਨ ਕਰਕੇ ਆਇਆ ਫਿਰ ਨਾਨਕ ਚੱਕੋਂ ਇਸ਼ਨਾਨ ਕਰਕੇ ਆਉਣ ਦੀਆਂ ਖਬਰਾਂ ਵੀ ਪਿੰਡ ਵਿੱਚ ਫੈਲ ਰਹੀਆਂ ਸਨ।

ਟੂਣਾ ਕੀ ਹੈ-

ਪੁਰਾਣੇ ਸਮੇਂ ਵਿੱਚ ਨਾ ਤਾਂ ਹਰੀਆਂ ਲਾਲ-ਬੱਤੀਆਂ ਹੁੰਦੀਆਂ ਸਨ ਤੇ ਨਾ ਹੀ ਰਾਹ ਦੱਸਣ ਲਈ ਕੋਈ ਹੋਰ ਸਾਧਨ ਹੁੰਦੇ ਸਨ। ਪਹਿਲਾਂ ਪਹਿਲ ਰਾਹ ਦੱਸਣ ਲਈ ਚੁਰਾਹਿਆਂ ਵਿੱਚ ਆਟਾ, ਹਲਦੀ ਜਾਂ ਕੋਈ ਹੋਰ ਰੰਗ ਵਾਲੀ ਚੀਜ਼ ਸੁੱਟ ਕੇ ਰਾਹ ਦੱਸਿਆ ਜਾਂਦਾ ਹੁੰਦਾ ਸੀ। ਆਮ ਕਰਕੇ ਕਿਹਾ ਜਾਂਦਾ ਸੀ ਕਿ ਕਿਤੇ ਕੋਈ ਇਸ ਦੇ ਉੱਤੇ ਦੀ ਨਾ ਲੰਘੇ ਨਹੀਂ ਤਾਂ ਉਸ ਦਾ ਨੁਕਸਾਨ ਹੋ ਜਾਏਗਾ। ਪੁਰਾਣੇ ਸਮਿਆਂ ਵਿੱਚ ਟਾਂਵੇਂ ਟਾਂਵੇਂ ਪਿੰਡਾਂ ਵਿੱਚ ਵੈਦ ਹੁੰਦੇ ਸਨ। ਜਦੋਂ ਉਹ ਇਲਾਜ ਲਈ ਆਪਣੇ ਪਿੰਡੋਂ ਦੂਜੇ ਪਿੰਡ ਇਲਾਜ ਕਰਨ ਜਾਂਦੇ ਸਨ ਤਾਂ ਲੋਕਾਂ ਨੇ ਵੈਦ ਨੂੰ ਆਪਣੇ ਪਿੋੰਡ ਸੱਦਣ ਲਈ ਰਾਹ ਵਿੱਚ ਕੋਈ ਨਿਸ਼ਾਨੀ ਲਗਾ ਦੇਂਦੇ ਸਨ। ਵੈਦ ਨਿਸ਼ਾਨੀ ਦੇਖ ਕੇ ਉਸ ਪਿੰਡ ਨੂੰ ਚਲਾ ਜਾਂਦਾ ਸੀ। ਲੋਕ ਹਲਦੀ ਆਦਿਕ ਰਾਹ ਵਿੱਚ ਸੁੱਟ ਦੇਂਦੇ ਸਨ ਵੈਦ ਸਮਝਦਾ ਸੀ ਕਿ ਇਸ ਪਿੰਡ ਵਿੱਚ ਪੇਟ ਦੇ ਮਰੀਜ਼ ਹੋਣਗੇ। ਵੈਦ ਲਈ ਇਹ ਇੱਕ ਸੰਕੇਤਿਕ ਭਾਸ਼ਾ ਹੁੰਦੀ ਸੀ। ਦੂਸਰਾ ਬਾਦਸ਼ਾਹਾਂ ਦੀਆਂ ਫੌਜਾਂ ਲੰਘਣ ਲਈ ਵੀ ਨਿਸ਼ਾਨੀਆਂ ਲਗਾਈਆਂ ਜਾਂਦੀਆਂ ਸਨ। ਆਮ ਲੋਕਾਂ ਨੂੰ ਤਾਗੀਦ ਕੀਤੀ ਜਾਂਦੀ ਸੀ ਕਿ ਇਸ ਦੇ ਊਪਰ ਦੀ ਨਹੀਂ ਲੰਘਣਾ। ਅਸਲ ਮਕਸਦ ਤਾਂ ਇਹ ਹੀ ਹੁੰਦਾ ਸੀ ਕਿ ਕਿਤੇ ਨਿਸ਼ਾਨੀ ਢਹਿ ਢੇਰੀ ਨਾ ਹੋ ਜਾਏ। ਜੇ ਕਿਸੇ ਪਾਸੋਂ ਅਚਾਨਕ ਢੇਰੀ ਢਾਹਿ ਜਾਂਦੀ ਸੀ ਬਾਦਸ਼ਾਹ ਦੇ ਬੰਦਿਆਂ ਪਾਸੋਂ ਉਸ ਨੂੰ ਸਜਾ ਵੀ ਦਿੱਤੀ ਜਾਂਦੀ ਸੀ। ਅਸਲ ਵਿੱਚ ਇਹ ਸੰਕੇਤਕ ਭਾਸ਼ਾ ਆਮ ਸਰਕਾਰਾਂ ਦੀ ਵੀ ਹੁੰਦੀ ਸੀ। ਘਰ ਦੇ ਆਟੇ ਤੇ ਹਲਦੀ ਆਦਿ ਨਾਲ ਹੀ ਨਿਸ਼ਾਨੀਆਂ ਲਗਾ ਲੈਂਦੇ ਹੁੰਦੇ ਸੀ। ਇੰਜ ਕਹੀਏ ਇਹ ਰਾਹ ਦੱਸਣ ਲਈ ਦਿਸ਼ਾ ਸੂਚਕ ਆਪੇ ਬਣਾਇਆ ਪੇਂਡੂ ਯੰਤਰ ਹੁੰਦਾ ਸੀ। ਟੂਣੇ ਦੇ ਉਪਰ ਦੀ ਨਾ ਲੰਘਣ ਦੀ ਤਾਗੀਦ ਇਸ ਲਈ ਕੀਤੀ ਜਾਂਦੀ ਸੀ ਕਿ ਕਿ ਕਿਤੇ ਇਹ ਮਿੱਟੀ ਨਾਲ ਨਾ ਮਿਲ ਜਾਏ ਤੇ ਲੋਕ ਰਾਹ ਤੋਂ ਨਾ ਖੂੰਝ ਜਾਣ। ਅਸਲੀ ਤੱਥ ਨੂੰ ਨਾ ਸਮਝਦਿਆਂ ਹੋਇਆਂ ਅਸੀਂ ਧਰਮ ਦੇ ਨਾਂ `ਤੇ ਵਹਿਮ ਖੜੇ ਕਰ ਲਏ ਹਨ ਜੋ ਸਾਡੀ ਆਗਿਆਨਤਾ ਹੀ ਕਿਹਾ ਜਾ ਸਕਦਾ ਹੈ।

ਅੱਜ ਦੀ ਤਰੀਕ ਵਿੱਚ ਵੀ ਜਦੋਂ ਫੌਜੀ ਆਪਣਾ ਜੰਗੀ ਅਭਿਆਸ ਕਰਦੇ ਹਨ ਤਾਂ ਉਹ ਚੂਨੇ ਨਾਲ ਨਿਸ਼ਾਨੀਆਂ ਲਗਾ ਲੈਂਦੇ ਹਨ। ਸ਼ਹਿਰਾਂ ਵਿੱਚ ਸਵੇਰੇ ਦੇ ਸਮਾਗਮਾਂ ਲਈ ਘਰ ਦੱਸਣ ਲਈ ਦੁਰ ਤੋਂ ਹੀ ਚੂਨੇ ਨਾਲ ਸੰਕੇਤ ਦਿੱਤੇ ਹੁੰਦੇ ਹਨ। ਇਹਨਾਂ ਨਿਸ਼ਨੀਆਂ ਦੀ ਥਾਂ `ਤੇ ਹੌਲ਼ੀ ਹੌਲ਼ੀ ਪੱਕੀਆਂ ਇੱਟਾਂ ਦੀਆਂ ਨਿਸ਼ਾਂਨੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਤੇ ਅੱਜ ਕਲ੍ਹ ਇਸ ਕੰਮ ਲਈ ਬਹੁਤ ਸੋਹਣੇ ਬੋਰਡ ਲੱਗੇ ਹੋਏ ਹਨ। ਹੁਣ ਤਾਂ ਸਾਡਿਆਂ ਟੈਲੀ ਫੂਨਾਂ ਵਿੱਚ ਇਹ ਵਿਵਸਥਾ ਦਿੱਤੀ ਹੋਈ ਹੈ। ਇਸ ਨੂੰ ਜੀ ਪੀ ਐਸ ਕਿਹਾ ਜਾਂਦਾ ਹੈ।

ਗੁਰਬਾਣੀ ਸੂਝ ਦੀ ਵੱਡੀ ਘਾਟ—

ਮੇਰੇ ਪਿੰਡ ਵਿੱਚ ਦੋਹਾਂ ਪੱਤੀਆਂ ਦੇ ਦੋ ਗੁਰਦੁਆਰੇ ਹਨ ਪਰ ਸੂਝਵਾਨ ਗ੍ਰੰਥੀ ਕਿਸੇ ਵਿੱਚ ਵੀ ਨਹੀਂ ਹੈ। ਇਹ ਤੇ ਏਸੇ ਤਰ੍ਹਾਂ ਹੀ ਕਿ ਹਸਪਤਾਲ ਤਾਂ ਬਣਾ ਲਿਆ ਪਰ ਵਿੱਚ ਡਾਕਟਰ ਕੋਈ ਨਹੀਂ ਹੈ। ਕੀ ਇਕੱਲਾ ਹਸਪਤਾਲ ਬਣਾਉਣ ਨਾਲ ਰੋਗੀ ਠੀਕ ਹੋ ਜਾਣਗੇ? ਸਕੂਲ ਦੀ ਇਮਾਰਤ ਤਾਂ ਬਹੁਤ ਵੱਡੀ ਹੈ ਪਰ ਉਸ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਨਹੀਂ ਹਨ ਕੀ ਅਧਿਆਪਕਾਂ ਤੋਂ ਬਿਨਾ ਬੱਚਿਆਂ ਦੀ ਪੜ੍ਹਾਈ ਹੋ ਜਾਏਗੀ? ਜ਼ਿਦੋ ਜ਼ਿਦੀ ਉੱਚੀ ਅਵਾਜ਼ ਵਿੱਚ ਸਪੀਕਰ ਜ਼ਰੁਰ ਲੱਗੇ ਹਨ ਪਰ ਕਥਾ ਵਿਚਾਰ ਕੋਈ ਨਹੀਂ ਹੈ। ਇਸ ਦੇ ਇਲਾਵੇ ਮੇਰੇ ਪਿੰਡ ਦੇ ਨੇੜੇ ਹੋਰ ਵੀ ਇਤਿਹਾਸਕ ਗੁਰਦੁਆਰੇ ਹਨ ਜਿੱਥੇ ਸੰਗਤ ਆਮ ਹਾਜ਼ਰੀ ਭਰਨ ਤੋਂ ਕਦੇ ਵੀ ਨਹੀਂ ਉਕਦੀ।

ਮੇਰੇ ਪਿੰਡ ਵਿੱਚ ਇੱਕ ਸਾਲ ਵਿੱਚ ਤਿੰਨ ਨਗਰ ਕੀਰਤਨ ਵੀ ਆਉਂਦੇ ਹਨ ਇਸ ਦਿਨ ਨਗਰ ਕੀਰਤਨ ਵਿੱਚ ਹਿੱਸਾ ਲੈਣ ਵਾਲਿਆਂ ਦੀ ਲੰਗਰ ਆਦਿਕ ਨਾਲ ਬਹੁਤ ਪ੍ਰੇਮ ਨਾਲ ਸੇਵਾ ਕੀਤੀ ਜਾਂਦੀ ਹੈ। ਮੇਰੇ ਪਿੰਡ ਵਿੱਚ ਸਾਲ ਬਾਅਦ ਹੁਣ ਇੱਕ ਬਹੁਤ ਵੱਡੀ ਪੱਧਰ ਦੋ ਦਿਨਾਂ ਗੁਰਮਤਿ ਦਾ ਸਮਾਗਮ ਵੀ ਕੀਤਾ ਜਾਂਦਾ ਹੈ ਜਿਸ ਵਿੱਚ ਕਥਾਵਾਚਕ, ਰਾਗੀ ਢਾਡੀ ਤੇ ਕਵੀਸ਼ਰ ਭਾਗ ਲੈਂਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਏਡੇ ਵੱਡੇ ਸਮਾਗਮ ਕਰਕੇ ਕੀ ਅਸੀਂ ਗੁਰਬਾਣੀ ਤੋਂ ਕੋਈ ਸੇਧ ਲਈ ਹੈ? ਏੰਨਾ ਕੁੱਝ ਕਰਨ ਦੇ ਬਾਵਜੂਦ ਵੀ ਰੋਟੀਆਂ ਪਕਾਉਣ ਵਾਲੇ ਆਟੇ ਤੇ ਹਲਦੀ ਤੋਂ ਡਰੀ ਜਾਂਦੇ ਹਾਂ। ਸਦਕੇ ਜਾਈਏ ਉਸ ਗ੍ਰੰਥੀ ਦੇ ਜਿਹੜਾ ਲੋਕਾਂ ਦਿਆਂ ਘਰਾਂ ਵਿੱਚ ਜਾ ਕੇ ਸਵੇਰੇ ਸ਼ਾਮ ਇਹ ਪਾਠ ਪੜ੍ਹਦਾ ਹੈ-ਨਿਰਭਉ ਜਪੈ ਸਗਲ ਭਉ ਮਿਟੈ ਉਹ ਆਟੇ ਨੂੰ ਦੇਖ ਕੇ ਡਾਢਾਂ ਮਾਰ ਰਿਹਾ ਹੈ। ਜਿਹੜੇ ਪਰਵਾਰ ਹਰ ਰੋਜ਼ ਇਹ ਪਾਠ ਪੜ੍ਹਦੇ ਹਨ ਜਿਨ ਨਿਰਭਉ ਜਿਨ ਨਿਰਭਉ ਹਰਿ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਉਹ ਵਿਚਾਰਾ ਸੰਧੂਰ ਨੂੰ ਦੇਖ ਹੀ ਪਸੀਨਿਓਂ ਹੋਈ ਫਿਰਦਾ ਨਜ਼ਰ ਆ ਰਿਹਾ ਹੈ।

ਜਿਦੋ ਜਿਦੀ ਗੁਰਦੁਆਰੇ ਤਾਂ ਬਣਾ ਲਏ ਪਰ ਗੁਰਬਾਣੀ ਪੜ੍ਹਾਉਣ ਵਾਲੇ ਨਹੀਂ ਰੱਖੇ ਤੇ ਹੀ ਅਸੀਂ ਰੱਖਣ ਲਈ ਤਿਆਰ ਹਾਂ। ਅਸੀਂ ਤਾਂ ਘਰਦੇ ਆਟੇ ਤੋਂ ਹੀ ਡਰੀ ਜਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਬੰਦਾ ਕੁੱਝ ਵੀ ਸਮਝ ਨਹੀਂ ਰਿਹਾ ਹੈ ਪਰ ਕਿਸੇ ਸਰੋਵਰ ਵਿਚੋਂ ਇਸ਼ਨਾਨ ਕਰਕੇ ਆਪਣਾ ਬਚਾ ਕਰਨ ਵਿੱਚ ਰੁਝਿਆ ਹੋਇਆ ਹੈ। ਇੰਜ ਲਗਦਾ ਹੈ ਕਿ ਗੁਰਦੁਆਰੇ ਕੇਵਲ ਸੁਖਣਾ ਦੀ ਪੂਰਤੀ ਲਈ ਹੀ ਰਹਿ ਗਏ ਹੋਣ। ਗੁਰਬਾਣੀ ਦਾ ਵਾਕ ਹੈ। ਗੁਰਦੁਆਰੇ ਸੋਝੀ ਹੋਏਸੀ

ਟੂਣਿਆਂ ਨੂੰ ਗੁਰਬਾਣੀ ਰੱਦ ਕਰਦੀ ਹੈ—

ਸਾਡਿਆਂ ਘਰਾਂ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਹਨ ਇਹਨਾਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਬਜਾਏ ਅਸੀਂ ਸਿਆਣਿਆਂ ਪਾਸੋਂ ਉਪਾਅ ਪੁੱਛਣ ਤੁਰ ਪੈਂਦੇ ਹਾਂ। ਜਿੰਨ੍ਹਾਂ ਪਾਸੋਂ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਪੁੱਛਦੇ ਹਾਂ ਉਹ ਸਿਆਣੇ ਨਹੀਂ ਹੁੰਦੇ ਸਗੋਂ ਚਲਾਕ ਬਿਰਤੀ ਦੇ ਮਾਲਕ ਹੁੰਦੇ ਹਨ। ਉਹ ਸਭ ਤੋਂ ਪਹਿਲਾਂ ਵਹਿਮ ਪਉਣਗੇ ਫਿਰ ਉਸ ਦਾ ਹੱਲ ਦਸਣਗੇ। ਕਈ ਲੋਕ ਜੋਤਸ਼ੀਆਂ ਪਾਸੋਂ ਆਪਣੇ ਆਉਣ ਵਾਲੇ ਸਮੇਂ ਸਬੰਧੀ ਜਾਣਕਾਰੀ ਲੈਣ ਲਈ ਸਲਾਹ ਲੈਣ ਜਾਣਗੇ। ਜੋਤਸ਼ੀ ਅਸਲੀ ਹੱਲ ਦੱਸਣ ਦੀ ਥਾਂ `ਤੇ ਟੂਣੇ ਕਰਨ ਦੀਆਂ ਵਿਧੀਆਂ ਦਸਣਗੇ। ਆਤਮਿਕ ਸੂਝ ਦੀ ਘਾਟ ਕਰਕੇ ਪੜ੍ਹੇ ਲਿਖੇ ਵੀ ਅਜੇਹੀ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ। ਮਾਨਸਿਕ ਰੋਗੀ ਜੋਤਸ਼ੀਆਂ ਦੇ ਕਹੇ `ਤੇ ਅਨਹੋਣੀਆਂ ਗੱਲਾਂ ਕਰਦੇ ਸਮਾਜ ਵਿੱਚ ਦਿਖਾਈ ਦੇਂਦੇ ਹਨ। ਗੁਰਬਾਣੀ ਸਾਨੂੰ ਬੜਾ ਪਿਆਰਾ ਉਪਦੇਸ਼ ਦੇਂਦੀ ਹੈ ਕਿ—

ਸੋਈ ਸਾਸਤੁ ਸਉਣ ਸੋਇ ਜਿਤੁ ਹਰਿ ਜਪੀਐ ਹੋਰਿ ਨਾਉ।।

ਚਰਨ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ।।

ਸਿਰੀ ਰਾਗੁ ਮਹਲਾ ੫ ਪੰਨਾ ੪੯

ਗੁਰੂ ਜੀ ਦਾ ਉਪਦੇਸ਼ ਹੀ ਸਾਡੇ ਲਈ ਜੋਤਸ਼ ਸ਼ਾਸਤਰ ਤੇ ਗੁਰੂ ਹੀ ਸਾਡੇ ਲਈ ਜੋਤਸ਼ੀ ਹੈ ਇਸ ਲਈ ਸਾਨੂੰ ਟੂਣਿਆਂ ਤੋਂ ਡਰਨ ਦੀ ਲੋੜ ਨਹੀਂ ਹੈ। ਆਸਾ ਰਾਗ ਅੰਦਰ ਗੁਰਦੇਵ ਪਿਤਾ ਜੀ ਫਰਮਾਉਂਦੇ ਹਨ –

ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ।।

ਤਿਸੁ ਜੁਮੁ ਨੇੜਿ ਨ ਅਵਈ ਜੋ ਹਰਿ ਪ੍ਰਭਿ ਭਾਵੈ।।

ਆਸਾ ਰਾਗ ਮਹਲਾ ੫

ਗੁਰ ਉਪਦੇਸ਼ ਤੇ ਤੁਰਨ ਵਾਲੇ ਨੂੰ ਸਗਨਾਂ ਅਪਸਗਨਾਂ ਦਾ ਕੋਈ ਵਹਿਮ ਨਹੀਂ ਰਹਿ ਜਾਂਦਾ। ਵਹਿਮ ਭਰਮ ਓਸੇ ਮਨੁੱਖ ਨੂੰ ਚੰਬੜਦੇ ਹਨ ਜਿਹੜੇ ਆਪਣੇ ਗੁਰੂ ਦੇ ਉਪਦੇਸ਼ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਜਿਹੜੇ ਮਨੁੱਖ ਗੁਰੂ ਦੇ ਉਪਦੇਸ਼ `ਤੇ ਚਲਦੇ ਹਨ ਉਹਨਾਂ ਦੇ ਰਾਹ ਵਿੱਚ ਕੋਈ ਜਮ ਆਦਿਕ ਨਹੀਂ ਆ ਸਕਦਾ ਭਾਵ ਜੀਵਨ ਕੋਈ ਰੁਕਾਵਟ ਨਹੀਂ ਰਹਿ ਜਾਂਦੀ। ਗੁਰ-ਉਪਦੇਸ਼ ਤੋਂ ਟੁਟੇ ਹੋਏ ਮਨੁੱਖ ਨਿਰਾ ਟੂਣਿਆਂ ਦਾ ਆਸਰਾ ਹੀ ਨਹੀਂ ਲੈਂਦੇ ਸਗੋਂ ਉਹ ਵੱਖ ਵੱਖ ਡੇਰਿਆਂ `ਤੇ ਜਾ ਕੇ ਬੁਜ਼ਦਿੱਲਾਂ ਵਾਂਗ ਸਿਰ ਚੁਕਾਈ ਜਾਂਦੇ ਹਨ। ਅਜੇਹੇ ਨਾ-ਸ਼ੁਕਰੇ ਮਨੁੱਖ ਊਪਰੋਂ ਸਿੱਖੀ ਦਾ ਦਾਅਵਾ ਵੀ ਕਰਦੇ ਹਨ ਦੂਜੇ ਪਾਸੇ ਇਹਨਾਂ ਨੇ ਕੋਈ ਹੋਰ ਗੁਰੂ ਵੀ ਧਾਰਨ ਕੀਤਾ ਹੁੰਦਾ ਹੈ।

ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਹਨ

ਸਉਣ ਸਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸ ਵੀਚਾਰਾ।।

ਕਈ ਲੋਕ ਨੌਂ ਗ੍ਰਿਹ ਚੰਦ, ਸੂਰਜ, ਛਨਿਚਰ, ਸ਼ੁਕਰ, ਬ੍ਰਹਸਪਤ, ਮੰਗਲ਼, ਬੁੱਧ, ਰਾਹੂ, ਕੇਤੂ, ਅਰ ਬਾਰ੍ਹਾਂ ਰਾਸਾਂ ਮੇਖ, ਬ੍ਰਿਖ, ਮਿਥਨ, ਕਰਕ, ਸਿੰਘ, ਕੰਨਿਆ, ਤੁਲਾ, ਬ੍ਰਿਸਚਕ, ਧਨ, ਮਕਰ, ਕੁੰਭ, ਮੀਨ ਆਦਿ ਦੀਆਂ ਵਿਚਾਰਾਂ ਕਰਦੇ ਰਹਿੰਦੇ ਹਨ।

ਕਾਮਣ ਟੂਣੇ ਆਉਸੀਆਂ ਕਣਸੋਈ ਪਾਸਾਰ ਪਸਾਰਾ।।

ਕਈ ਇਸਤ੍ਰੀਆਂ ਬਾਹਰਲੀਆਂ ਲੀਕਾਂ ਖਿੱਚ ਕੇ ਗਿਣਨ ਤੋਂ ਪਿੱਛੋਂ ਜੇ ਟਾਂਕ ਵੱਧੇ ਤਾਂ ਚੰਗੀ ਜੇ ਜਿਸਤ ਵੱਧੇ ਤਾਂ ਮੰਦੀ ਆਦਿਕ ਪਾਸਰ ਪਸਾਰਦੀਆਂ ਰਹਿੰਦੀਆਂ ਹਨ।

ਗਦਹੁ ਕੁਤੇ ਬਿੱਲੀਆਂ ਇੱਲ ਮਲਾਲੀ ਗਿਦੜ ਛਾਰਾ।।

ਕੋਈ ਖੋਤਿਆਂ, ਕੁੱਤਿਆਂ, ਬਿੱਲੀਆਂ, ਇੱਲ, ਮੈਨਾਂ, ਗਿੱਦੜ, ਛਾਰਾ ਵਾ ਵਰੋਲਿਆਂ ਦੇ ਸਗਨ ਮਨਾਉਂਦੇ ਹਨ ਅਤੇ ਸਮਝਦੇ ਹਨ ਕਿ ਜੇ ਤੁਰਨ ਵੇਲੇ ਖਬੇ ਖੋਤਾ ਬੋਲੇ ਤਾਂ ਅਰ ਗਿਦੜ ਦਿਨੇ ਬੋਲੇ ਤਾਂ ਭੈੜਾ ਸਗਨ ਹੈ।

ਨਾਰਿ ਪੁਰਖ ਪਾਣੀ ਅਗਨਿ ਛਿੱਕ ਪਦ ਹਿਡਕੀ ਵਰਤਾਰਾ।।

ਤੁਰਨ ਵੇਲੇ ਨਾਰ ਪਾਣੀ ਦਾ ਘੜਾ ਲੈ ਕੇ ਮਿਲ ਜਾਏ ਤਾਂ ਸਮਝੋ ਲੰਮ ਫਤਹ ਜੇ ਬੰਦਾ ਪਾਣੀ ਲੈ ਕੇ ਮਿਲੇ ਤਾਂ ਸਮਝੋ ਕੰਮ ਵਿਗੜ ਗਿਆ। ਅੱਗ ਮਿਲੇ ਤਾਂ ਮਾੜੀ ਇੱਕ ਵਾਰ ਨਿੱਛ ਵੱਜ ਜਾਏ ਤਾਂ ਮਾੜੀ ਜੇ ਦੋ ਵਾਰ ਨਿੱਛ ਵੱਜ ਜਾਏ ਤਾਂ ਬਹੁਤ ਚੰਗੀ ਮੰਨੀ ਗਈ ਹੈ ਭਾਵ ਸਗਨ ਸਮਝਿਆ ਜਾਂਦਾ ਹੈ।

ਥਿਤਿ ਵਾਰ ਭਦ੍ਰਾ ਭਰਮ ਦਿਸਾਸੂਲ ਸਹਸਾ ਸੈਸਾਰਾ।

ਥਿੱਤ ਤੇ ਵਾਰ ਭੱਦ੍ਰਾ ਦਾ ਭਰਮ ਕਿ ਸਾਹਮਣੇ ਭਦਰਾ ਹੋਵੇ ਤਾਂ ਮੌਤ ਹੁੰਦੀ ਹੈ। ਦਿਸ਼ਾ ਸ਼ੂਲ ਦਾ ਸੰਸਾ ਸੰਸਾਰ ਨੂੰ ਪਿਆ ਹੋਇਆ ਹੈ।

ਵਲ਼ ਛਲ਼ ਕਰਿ ਵਿਸਵਾਸ ਲਖ ਬਹੁ ਚੁੱਖੀ ਕਿਉਂ ਰਵੈ ਭਤਾਰਾ।

ਵਲ਼ ਛਲ਼ ਕਰਕੇ ਲੱਖਾਂ ਨੂੰ ਭਰਮਾਉਣ ਵਾਲੀ ਵੇਸਵਾ ਕਦੇ ਸੁੱਖੀ ਨਹੀਂ ਹੋ ਸਕਦੀ। ਲਖਾਂ ਨੂੰ ਭਰਮਾਉਣ ਵਾਲੀ ਆਪਣੀ ਪਤੀ ਨੂੰ ਖੁਸ਼ ਕਰ ਸਕਦੀ ਹੈ।

ਗੁਰਮੁਖਿ ਸੁਖ ਫਲ਼ ਪਾਰ ਉਤਾਰਾ।।

ਅਸਲ ਸੁੱਖ ਤਾਂ ਗੁਰੂ ਦੀ ਸਿੱਖਿਆ `ਤੇ ਚਲਣ ਨਾਲ ਹੀ ਹੋ ਸਕਦਾ ਹੈ।

ਇਸ ਦਾ ਭਾਵ ਹੈ ਕਿ ਹੋ ਲੋਕ ਗੁਰੂ ਭਰੋਸਾ ਛੱਡ ਕੇ ਬਾਹਲੇ ਸ਼ਗਨਾਂ ਤੇ ਜੋਤਸ਼ ਵਿਖੇ ਫਸੇ ਹੋਏ ਹਨ ਉਹ ਲੋਕ ਬਹੁਚੱਖੀ, ਜਿਹੜੇ ਲੋਕਾਂ ਲੱਖਾਂ `ਤੇ ਭਰੋਸਾ ਰੱਕਦੇ ਹਨ ਉਹ ਉਸ ਵੇਸਵਾ ਵਰਗੇ ਹਨ ਜਿਹੜੀ ਆਪਣੇ ਪਤੀ ਨੂੰ ਛੱਡ ਕੇ ਦੂਜਿਆਂ ਦੁਜਿਆਂ ਨਾਲ ਤੁਰੀ ਫਿਰਦੀ ਹੈ। ਏਸੇ ਤਰ੍ਹਾਂ ਜਿਹੜੇ ਆਪਣੇ ਗੁਰੂ ਦਾ ਦਰ ਛੱਡ ਕੇ ਟੂਣੇ ਆਦਿਕ ਤੇ ਭਰੋਸਾ ਰੱਖਦੇ ਹਨ ਉਹ ਵੇਸਾਵਾ ਤੁਲ ਹੀ ਹਨ।

ਅਸਲ ਟੂਣਾ

ਜਿਸ ਤਰ੍ਹਾਂ ਕੋਈ ਅਧਿਆਪਕ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਂਦਾ ਹੈ, ਬੱਚੇ ਮਿਹਨਤ ਕਰਕੇ ਤਰੱਕੀ ਕਰਦੇ ਹਨ ਤੇ ਚੰਗੀਆਂ ਨੌਕਰੀਆਂ ਹਾਸਲ ਕਰਦੇ ਹਨ ਕਿਹਾ ਜਾ ਸਕਦਾ ਹੈ ਕਿ ਅਧਿਆਪਕ ਨੇ ਆਪਣੀ ਮਿਹਨਤ ਦੁਆਰਾ ਬੱਚਿਆਂ ਤੇ ਟੂਣਾ ਕੀਤਾ। ਵਿਗਿਆਨੀਆਂ ਦੇ ਕੀਤੇ ਟੂਣਿਆਂ ਨੂੰ ਵਰਤੋਂ ਵਿੱਚ ਲਿਆਉਣ ਨਾਲ ਮਨੁੱਖ ਤਰੱਕੀਆਂ ਕਰਦਾ ਨਜ਼ਰ ਆ ਰਿਹਾ ਹੈ।




.