ਜੋ ਪੈਦਾ ਹੋਇਆ ਹੈ ਉਸ ਨੇ ਇੱਕ ਦਿਨ ਜ਼ਰੂਰ ਮਰਨਾ ਹੈ।
ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ:- ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ।। ਪੰਨਾ ੪੭੪
ਸਭਨਾ ਮਰਣਾ ਆਇਆ ਵੇਛੋੜਾ ਸਭਨਾਹ।। ਪੰਨਾ ੫੯੫। ਹਰ ਕੋਈ ਵਾਹਗਿੁਰੂ ਦੇ ਹੁਕਮ ਨਾਲ ਇਸ
ਸੰਸਾਰ ਵਿੱਚ ਆਂਦਾ ਹੈ ਤੇ ਉਸ ਦੇ ਹੁਕਮ ਅਨੁਸਾਰ ਹੀ ਇਥੋਂ ਜਾਂਦਾ ਹੈ:- ਹੁਕਮੇ ਆਵੈ ਹੁਕਮੇ
ਜਾਵੈ ਹੁਕਮੇ ਰਹੈ ਸਮਾਈ।। ਪੰਨਾ ੯੪੦ ਗੁਰੂ ਅੰਗਦ ਦੇਵ ਵੀ ਇਸ ਵਿਚਾਰ ਨਾਲ ਸਹਿਮਤ ਹਨ ਤੇ
ਲਿਖਦੇ ਹਨ:- ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ।। ੧।। ਪੰਨਾ ੧੨੩੯। ਭਾਵ:-ਮੱਨੁਖ ਪ੍ਰਭੂ
ਦਾ ਭੇਜਿਆ ਇਸ ਜਗਤ ਵਿੱਚ ਆਂਦਾ ਹੈ ਤੇ ਉਸ ਦੇ ਹੁਕਮ ਨਾਲ ਹੀ ਕੂਚ ਕਰਦਾ ਹੈ`। ਆਪ ਨੇ ਇਹ ਵੀ
ਲਿਖਿਆ ਹੈ:- ਕਾਲੁ ਚਲਾਏ ਬੰਨਿ ਕੋਇ ਨ ਰਖਸੀ।। ਪੰਨਾ ੧੨੯੦। ਭਾਵ:- ਜਦੋਂ ਮੌਤ ਜੀਵ ਨੂੰ
ਲੈ ਜਾਦੀ ਹੈ ਤਾਂ ਕੋਈ ਵੀ ਉਸ ਨੂੰ ਨਹੀਂ ਬਚਾਅ ਸਕਦਾ।
ਕੇਵਲ ਵਾਹਿਗੁਰੂ ਹੀ ਮੌਤ ਦੇ ਸਮੇਂ ਨੂੰ ਜਾਣਦਾ ਹੈ ਨਹੀਂ ਤਾਂ ਸੰਸਾਰ
ਦਾ ਕੰਮ ਰੁਕ ਜਾਣਾ ਸੀ। ਕਈ ਬਚਪਨ ਵਿੱਚ ਹੀ ਮਰ ਜਾਂਦੇ ਹਨ, ਕਈਆਂ ਨੂੰ ਮੌਤ ਜਵਾਨੀ ਵਿੱਚ ਹੀ ਬੁਲਾ
ਲੈਂਦੀ ਹੈ ਤੇ ਕਈ ਬੁੱਢੇ ਹੋ ਕੇ ਮਰਦੇ ਹਨ। ਮੌਤ ਦਾ ਕੋਈ ਸਮਾਂ ਨੀਯਤ ਨਹੀਂ ਹੈ। ਇਹ ਉਮਰ
ਜਾਂ ਸਮੇਂ ਦੀ ਪਰਵਾਹ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਨੇ ਠੀਕ ਹੀ ਕਿਹਾ ਹੈ:- ਮਰਣਿ ਨ
ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ।। ਪੰਨਾ ੧੨੪੪ ਭਾਵ:- ਮੌਤ ਸਮਾਂ, ਵਾਰ ਜਾਂ ਦਿਨ ਦਾ ਖਿਆਲ
ਨਹੀਂ ਕਰਦੀ। ਸ਼ੇਖ ਫਰੀਦ ਦਾ ਵੀ ਇਹੋ ਵਿਚਾਰ ਹੈ। ਆਪ ਇੱਕ ਬਗਲੇ ਦੀ ਮਿਸਾਲ ਦੇ ਕੇ ਲਿਖਦੇ ਹਨ:-
ਫਰੀਦਾ ਦਰੀਆਵੈ ਕੰਨੈੑ ਬਗੁਲਾ ਬੈਠਾ ਕੇਲ ਕਰੇ।। ਕੇਲ ਕਰੇਦੇ ਹੰਝ ਨੋ
ਅਚਿੰਤੇ ਬਾਜ ਪਏ।।
ਬਾਜ ਪਏ ਤਿਸੁ ਰਬੁ ਦੇ ਕੇਲਾਂ ਵਿਸਰੀਆਂ।। ਜੋ ਮਨਿ ਚਿਤਿ ਨ ਚੇਤੇ ਸਨ ਸੇ
ਗਾਲੀ ਰਬ ਕੀਆਂ।। ਪੰਨਾ ੧੩੮੩
‘ਹੇ ਫਰੀਦ! (ਬੰਦਾ ਜਗਤ ਦੇ ਰੰਗ-ਤਮਾਸ਼ਿਆਂ ਵਿੱਚ ਮਸਤ ਹੈ, ਜਿਵੇਂ)
ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ ਅਤੇ ਉਸ ਹੰਸ ਵਰਗੇ ਕਲੋਲ ਕਰਦੇ ਚਿੱਟੇ
ਬਗਲੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ, (ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ)। ਜਦੋਂ ਉਸ
ਬਗਲੇ ਨੂੰ ਬਾਜ਼ ਆ ਕੇ ਪੈਂਦੇ ਹਨ, ਤਾਂ ਸਾਰੇ ਕਲੋਲ ਉਸ ਨੂੰ ਭੁੱਲ ਜਾਂਦੇ ਹਨ (ਇਹੀ ਹਾਲਤ ਬੰਦੇ ਦੀ
ਮੌਤ ਦੇ ਆਇਆਂ ਹੁੰਦੀ ਹੈ)। ਜੋ ਗੱਲਾਂ ਮਨੁੱਖ ਦੇ ਕਦੇ ਮਨ ਵਿੱਚ ਚਿੱਤ-ਚੇਤੇ ਨਹੀਂ ਸਨ, ਰੱਬ ਨੇ
ਉਹ ਕਰ ਦਿਤੀਆਂ। `
ਜਦੋਂ ਮੌਤ ਇੱਕ ਅਟੱਲ ਸਚਾਈ ਹੈ ਤੇ ਉਹ ਕਿਸੇ ਵੇਲੇ ਵੀ ਆ ਸਕਦੀ ਹੈ ਤਾਂ
ਅਸਾਨੂੰ ਦੁਨੀਆ ਦੇ ਧੰਦਿਆਂ ਵਿੱਚ ਜ਼ਿਆਦਾ ਖਚਤ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਆਪਣੇ ਧਨ
–ਦੌਲਤ ਦਾ ਮਾਣ ਕਰਨਾ ਚਾਹੀਦਾ ਹੈ। ਅਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇੱਕ ਚੰਗੇ
ਇਨਸਾਨ ਬਣੀਏ ਤੇ ਹਮੇਸ਼ਾ ਵਾਹਿਗੁਰੂ ਨੂੰ ਯਾਦ ਰਖੀਏ। ਗੁਰੂ ਨਾਨਕ ਦੇਵ ਲਿਖਦੇ ਹਨ:-
ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ।।
ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀ ਪਰਾਣਾ।। ਪੰਨਾ ੬੬੦
ਭਾਵ:- ਅਸੀਂ ਆਦਮੀ ਇੱਕ ਦਮ ਦੇ ਹੀ ਮਾਲਕ ਹਾਂ (ਕੀਹ ਪਤਾ ਹੈ ਕਿ ਦਮ ਕਦੋਂ
ਮੁੱਕ ਜਾਏ)। ਸਾਨੂੰ ਇਹ ਪਤਾ ਨਹੀਂ ਕਿ ਮੌਤ ਦਾ ਵਕਤ ਕਦੋਂ ਆ ਜਾਣਾ ਹੈ। ਨਾਨਕ ਬੇਨਤੀ ਕਰਦਾ ਹੈ ਕਿ
ਉਸ ਪ੍ਰਭੂ ਦਾ ਸਿਮਰਨ ਕਰੋ ਜਿਸ ਨੇ ਇਹ ਜਿੰਦ ਤੇ ਸੁਆਸ ਦਿੱਤੇ ਹਨ।
ਭਗਤ ਨਾਮ ਦੇਵ ਜੀ ਨ ਵੀ ਕਿਹਾ ਹੈ; - ਜਲ ਕੀ ਭੀਤਿ ਪਵਨ ਕਾ ਥੰਭਾ ਰਕਤ
ਬੁੰਦ ਕਾ ਗਾਰਾ।।
ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ।। ਪੰਨਾ ੬੫੯
ਭਾਵ:- ਜੀਵ- ਪੰਛੀ ਵਿਚਾਰਾ ਉਸ ਸਰੀਰ ਵਿੱਚ ਵੱਸ ਰਿਹਾ ਹੈ ਜਿਸ ਦੀ ਕੰਧ
ਪਾਣੀ ਦੀ ਹੈ, ਜਿਸ ਦੀ ਥੰਮ੍ਹੀ ਹਵਾ (ਸੁਆਸਾਂ) ਦੀ ਹੇ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ
ਨੂੰ ਗਾਰਾ ਲੱਗਾ ਹੈ, ਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ।
ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਮੌਤ ਤੋਂ ਨਹੀਂ ਡਰਨਾ ਚਾਹੀਦਾ
ਕਿੳਂਕਿ ਇਨਸਾਨ ਮਰਣ ਲਈ ਹੀ ਜੰਮਦਾ ਹੈ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ:- ਮਰਣੁ
ਲਿਖਾਇ ਆਏ ਨਹੀ ਰਹਣਾ।। ਪੰਨਾ ੧੫੩
ਭਾਵ:- ਜਦੋਂ ਜੀਵ ਜੰਮਦਾ ਹੈ ਤਾਂ ਮੌਤ ਉਸ ਦੇ ਮੱਥੇ ਤੇ ਲਿਖੀ ਹੁੰਦੀ ਹੈ;
ਉਹ ਇਸ ਜਹਾਨ ਵਿੱਚ ਹਮੇਸ਼ਾ ਨਹੀਂ ਰਹਿ ਸਕਦਾ`।
ਜੇਹੜੇ ਲੋਕ ਵਾਹਿਗੁਰੂ ਤੋਂ ਡਰਦੇ ਹਨ ਤੇ ਸੱਚਾ-ਸੁੱਚਾ ਜੀਵਨ ਜੀਂਦੇ ਹਨ
ਮੌਤ ਉਨ੍ਹਾਂ ਲਈ ਪ੍ਰਭੂ ਮਿਲਾਪ ਸੌਖਾ ਬਣਾ ਦਿੰਦੀ ਹੈ। ਸੋ ਅਸਾਨੂੰ ਵਾਹਿਗੁਰੂ ਨੂੰ ਯਾਦ ਰਖ
ਕੇ ਸਾਫ-ਸੁਥਰਾ ਜੀਵਨ ਬਿਤੀਤ ਕਰਨਾ ਚਾਹੀਦਾ ਹੈ। ਗੁਰੂ ਨਾਨਕ ਦੇਵ ਨੇ ਕਿਹਾ ਹੈ:- ਮਰਣੁ ਨ
ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ।। ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ
ਹੋਇ।। ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ।। ਭੇਟੈ ਸਿਉ ਜਾਵਹੁ ਸਚਿ ਸਮਾਵਹੁ
ਤਾਂ ਪਤਿ ਲੇਖੈ ਪਾਈ।।
ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ।। ਮਰਣੁ ਨ ਮੰਦਾ
ਲੋਕਾ ਆਖੀਐ ਜੇ ਕੋਈ ਮਰਿ ਜਾਣੈ।। ਪੰਨਾ ੫੭੯
ਭਾਵ:- ਹੇ ਲੋਕੋ! ਮੌਤ ਨੂੰ ਮਾੜਾ ਨਾਂਹ ਆਖੋ। ਮੌਤ ਚੰਗੀ ਹੈ ਜੇ ਕੋਈ
ਮਨੁੱਖ ਠੀਕ ਤਰੀਕੇ ਨਾਲ (ਜਿਉ ਕੇ) ਮਰਨਾ ਜਾਣਦਾ ਹੋਵੇ। ਉਹ ਤਰੀਕਾ ਇਹ ਹੈ ਕਿ ਆਪਣੇ ਸਰਬ-ਸ਼ਕਤੀਮਾਨ
ਪ੍ਰਭੂ ਨੂੰ ਸਿਮਰੋ। ਇਸ ਤਰੀਕੇ ਨਾਲ ਜੀਵਨ- ਰਸਤੇ ਤੇ ਤੁਰਣ ਦਾ ਫਲ ਵੀ ਮਿਲੇਗਾ ਤੇ ਪ੍ਰਭੂ ਦੀ
ਹਜ਼ੂਰੀ ਵਿੱਚ ਇਜ਼ਤ ਮਿਲੇਗੀ। ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ
ਵਿੱਚ ਇੱਕ ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ, ਪ੍ਰਭੂ ਦੀ ਹਜ਼ੂਰੀ
ਵਿੱਚ ਥਾਂ ਪ੍ਰਾਪਤ ਕਰੋਗੇ, ਵਾਹਿਗੁਰੂ ਨੂੰ ਚੰਗੇ ਲਗੋਗੇ ਤੇ ਆਤਮਕ ਆਨੰਦ ਮਾਣੋਗੇ। ਹੇ ਲੋਕੋ! ਮੌਤ
ਨੂੰ ਮਾੜਾ ਨਾਂਹ ਆਖੋ, ਪਰ ਇਸ ਗੱਲ ਨੂੰ ਉਹੀ ਸਮਝਦਾ ਹੈ ਜੇਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ।
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ।। ਸੂਰੇ ਸੇਈ ਆਗੈ
ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ।। ਪੰਨਾ ੫੭੯
ਭਾਵ:-ਜੇਹੜੇ ਮਨੁੱਖ ਪ੍ਰਭੂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਕੇ ਮਰਦੇ ਹਨ ਉਹ
ਸੂਰਮੇ ਹਨ। ਉਹਨਾਂ ਦਾ ਮਰਨਾ ਭੀ ਹਰ ਥਾਂ ਸਲਾਹਿਆ ਜਾਂਦਾ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਉਹ ਬੰਦੇ
ਸੂਰਮੇ ਆਖੇ ਜਾਂਦੇ ਹਨ ਤੇ ਉਹ ਪ੍ਰਭੂ ਦੇ ਦਰਬਾਰ ਵਿੱਚ ਸਲਾਹੇ ਜਾਂਦੇ ਹਨ।
ਗੁਰਬਾਣੀ ਅਨੁਸਾਰ ਸਾਡੀ ਆਤਮਾ ਅੱਮਰ ਹੈ ਤੇ ਕਦੇ ਨਹੀਂ ਮਰਦੀ ਜਦੋਂ ਕਿ ਇਹ
ਸਰੀਰ ਫਾਨੀ ਹੈ। ਮੌਤ ਦਾ ਭਾਵ ਆਤਮਾ ਦੀ ਮੌਤ ਨਹੀਂ ਸਮਝਣਾ ਚਾਹੀਦਾ। ਮਰਨ ਉਪ੍ਰੰਤ ਨੇਕ ਤੇ
ਵਾਹਿਗੁਰੂ ਤੋਂ ਡਰਣ ਵਾਲੇ ਮਨੁੱਖਾਂ ਦੀ ਆਤਮਾ ਪ੍ਰਮਾਤਮਾ ਵਿੱਚ ਸਮਾ ਜਾਂਦੀ ਹੈ। ਗੁਰੂ ਅਰਜਨ ਦੇਵ
ਜੀ ਨੇ ਇਹ ਵਿਚਾਰ ਹੇਠ ਲਿਖੀਆਂ ਤੁਕਾਂ ਵਿੱਚ ਪ੍ਰਗਟ ਕੀਤਾ ਹੈ:-
ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ।। ਜੋਤੀ ਜੋਤਿ ਰਲੀ ਸੰਪੂਰਨੁ ਥੀਆ
ਰਾਮ।। ਪੰਨਾ ੮੪੬
ਭਾਵ:- ਜਿਵੇਂ ਸੂਰਜ ਦੀ ਕਿਰਨ ਨਾਲ ਮਿਲ ਕੇ (ਬਰਫ ਤੋਂ) ਪਾਣੀ ਦਾ ਪਾਣੀ ਬਣ
ਜਾਂਦਾ ਹੈ ਤਿਵੇਂ ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕਮਿਕ ਹੋ ਜਾਂਦੀ ਹੈ। ਜੀਵ ਸਾਰੇ ਗੁਣਾਂ ਦੇ
ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।
ਪਵਨੈ ਮਹਿ ਪਵਨੁ ਸਮਾਇਆ।। ਜੋਤੀ ਮਹਿ ਜੋਤਿ ਰਲਿ ਜਾਇਆ।।
ਮਾਟੀ ਮਾਟੀ ਹੋਈ ਏਕ।। ਰੋਵਨਹਾਰੇ ਕੀ ਕਵਨ ਟੇਕ।। ਪਨਾ ੮੮੫
ਭਾਵ:- ਮਰਣ ਤੇ ਸੁਆਸ ਹਵਾ ਵਿੱਚ ਮਿਲ ਜਾਂਦਾ ਹੈ, ਸਰੀਰ ਦੀ ਮਿੱਟੀ ਧਰਤੀ
ਦੀ ਮਿੱਟੀ ਨਾਲ ਮਿਲ ਜਾਂਦੀ ਹੈ। ਆਤਮਾ ਦੀ ਰੋਸ਼ਨੀ ਸਰਬ ਵਿਆਪਕ ਵਾਹਿਗੁਰੂ ਦੀ ਜੋਤ ਨਾਲ ਜਾ ਮਿਲਦੀ
ਹੈ। ਮਰਨ ਵਾਲੇ ਦੇ ਵਾਸਤੇ ਰੋਣ ਵਾਲਾ ਭੁਲੇਖੇ ਕਾਰਨ ਹੀ ਰੋਂਦਾ ਹੈ।
ਕਉਨੁ ਮੂਆ ਰੇ ਕਉਨੁ ਮੂਆ।। ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ।। ਪੰਨਾ
੮੮੫
ਭਾਵ:- ਹੇ ਭਾਈ! ਕੌਣ ਮਰ ਗਿਆ ਹੈ? (ਜੀਵਾਤਮਾ ਤਾਂ ਨਹੀਂ ਮਰਦੀ।) ਹੇ
ਵਾਹਿਗੁਰੂ ਦਾ ਗਿਆਨ ਰਖਣ ਵਾਲਿਓ! ਮਿਲ ਕੇ ਵਿਚਾਰ ਕਰੋ। ਇਹ (ਜਮਣ ਮਰਨ) ਤਾਂ ਇੱਕ ਵਾਹਿਗੁਰੂ ਦੀ
ਖੇਡ ਹੈ।
ਭਗਤ ਕਬੀਰ ਜੀ ਨੇ ਠੀਕ ਹੀ ਲਿਖਿਆ ਹੈ: _ ਕਬੀਰ ਜਿਸੁ ਮਰਨੇ ਤੇ ਜਗੁ
ਡਰੈ ਮੇਰੇ ਮਨ ਆਨੰਦੁ।।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ।। ਪੰਨਾ ੧੩੬੫
ਹੇ ਕਬੀਰ! ਜਿਸ ਮੌਤ ਤੋਂ ਜਗਤ ਡਰਦਾ ਹੈ, ਉਸ ਨਾਲ ਮੇਰੇ ਮਨ ਵਿੱਚ ਖੁਸ਼ੀ
ਪੈਦਾ ਹੁੰਦੀ ਹੈ। ਇਸ ਮੌਤ ਨਾਲ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ।
ਗੁਰਬਾਣੀ ਸਾਨੂੰ ਸਿੱਖਿਆ ਦੇਂਦੀ ਹੈ ਕਿ ਸਾਨੂੰ ਕਿਸੇ ਦੇ ਮਰਨ ਤੇ ਨਹੀਂ
ਰੋਣਾ ਚਾਹੀਦਾ। ਸਾਨੂੰ ਵਾਹਿਗੁਰੂ ਦਾ ਭਾਣਾ ਮੰਨਣਾ ਚਾਹੀਦਾ ਹੈ ਤੇ ਵਿਛੜੀ ਆਤਮਾ ਦੀ ਸ਼ਾਂਤੀ
ਲਈ ਅਰਦਾਸ ਕਰਨੀ ਚਾਹੀਦੀ ਹੈ। ਰਾਮਕਲੀ ਸੱਦ ਵਿੱਚ ਲਿਖਿਆ ਹੈ:-
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ।। ਪੰਨਾ ੯੨੩
ਭਾਵ:- ਮਤਾਂ ਮੇਰੀ ਮੌਤ ਤੇ ਕੋਈ ਰੋਵੇ। ਇਹ ਮੈਨੂੰ ਚੰਗਾ ਨਗੀਂ ਲੱਗਣਾ।
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ।।
ਪੰਨਾ ੯੨੩
ਭਾਵ:- ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ- ਮੇਰੇ ਪਿੱਛੋਂ
ਨਿਰੋਲ ਕੀਰਤਨ ਕਰਿਓ।
ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ।। ਪੰਨਾ ੯੨੩
ਭਾਵ:-ਉਹੀ ਮਨੁੱਖ ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ
ਮਿੱਠਾ ਲੱਗਦਾ ਹੈ।
ਵਡਹੰਸ ਰਾਗ ਵਿੱਚ ਗੁਰੂ ਨਾਨਕ ਦੇਵ ਨੇ ਵੀ ਲਿਖਿਆ ਹੈ:-
ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ।। ਪੰਨਾ ੫੭੯
ਭਾਵ:-ਜਿਸ ਪ੍ਰਭੂ ਦਾ ਇਹ ਜੀਵ ਪੈਦਾ ਕੀਤਾ ਹੋਇਆ ਸੀ, ਉਸੇ ਨੇ ਜਿੰਦ ਵਾਪਸ
ਲੈ ਲਈ ਹੈ, ਉਸੇ ਦੀ ਰਜ਼ਾ ਹੋਈ ਹੈ।
ਗੁਰਬਾਣੀ ਸਮਝਾੳਂਦੀ ਹੈ ਕਿ ਸਾਨੂੰ ਸੁਰਗ ਦੀ ਲਾਲਸਾ ਨਹੀਂ ਕਰਨੀ ਚਾਹੀਦੀ
ਤੇ ਨਰਕ ਤੋਂ ਨਹੀਂ ਡਰਨਾ ਚਾਹੀਦਾ, ਸਗੋਂ ਰੱਬ ਦੀ ਰਜ਼ਾ ਵਿੱਚ ਜੀਵਨ ਗੁਜ਼ਾਰ ਕੇ ਵਾਹਿਗੁਰੂ ਦੇ
ਚਰਨਾਂ ਵਿੱਚ ਪਹੁੰਚਣ ਦੀ ਇੱਛਿਆ ਕਰਨੀ ਚਾਹੀਦੀ ਹੈ:-
ਦੇਹੁ ਸਜਣ ਅਸੀਸੜੀਆ ਜਿੁ ਮੇਲੁ ਉ ਹੋਵੈ ਸਾਹਿਬ ਸਿੳ।। ਪੰਨਾ ੧੨
ਭਾਵ:- ਹੇ ਸਜਣੋ! ਮੈਨੂੰ ਇਹ ਅਸੀਸ ਦਿਉ ਕਿ ਮਰਨ ਉਪਰੰਤ ਮੇਰਾ ਪ੍ਰਭੂ ਨਾਲ
ਮਿਲਾਪ ਹੋ ਜਾਵੇ।
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ।।
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ।। ਰਗ ਨਪੰਨਾ ੧੩੭੦
ਭਾਵ:- ਹੇ ਕਬੀਰ! ਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਯਾਦ
ਦੇ ਹੁਲਾਰੇ ਵਿੱਚ ਰਹਿੰਦਾ ਹਾਂ। ਸਤਗੁਰ ਦੀ ਕਿਰਪਾ ਨਾਲ ਮੈਂ ਸੁਰਗ ਦੀ ਲਾਲਸਾ ਤੇ ਨਰਕ ਦੇ ਡਰ ਤੋਂ
ਬਚ ਗਿਆ ਹਾਂ।
ਅਸੀਂ ਫਾਨੀ ਜੀਵ ਦੁਨਿਆਵੀ ਧੰਧਿਆਂ ਵਿੱਚ ਇਤਨੇ ਉਲਝ ਜਾਂਦੇ ਹਾਂ ਕਿ ਅਸੀਂ
ਮੌਤ ਤੁੇ ਰੱਬ ਦੋਹਾਂ ਨੂੰ ਭੁੱਲ ਜਾਂਦੇ ਹਾਂ। ਗੁਰੂ ਅਰਜਨ ਦੇਵ ਜੀ ਨੇ ਵੀ ਫਰਮਾਇਆ ਹੈ:- ਬੋਲਿ
ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ।। ਪੰਨਾ ੭੪੯
‘ਧਨ- ਦੌਲਤ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਪ੍ਰਾਣੀ ਸੱਚੇ ਨਾਮ ਦੇ
ਉਚਾਰਨ ਨੂੰ ਨਹੀਂ ਜਾਣਦਾ ਅਤੇ ਮੌਤ ਨੂੰ ਯਾਦ ਹੀ ਨਹੀਂ ਕਰਦਾ`।
ਇਸ ਸੰਬੰਧੀ ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਹੈ:-
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ।। ਪੰਨਾ ੧੨੫੪
‘ਪ੍ਰਾਣੀ ਖਾਣ, ਪੀਣ, ਹਸਣ ਤੇ ਸੌਣ ਵਿੱਚ ਇਤਣਾ ਮਸਤ ਹੋ ਜਾਂਦਾ ਹੈ ਕਿ ਉਸ
ਨੂੰ ਮੌਤ ਵਿਸਰ ਜਾਂਦੀ ਹੈ`।