ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਭਾਗ - 10
ਵੀਰ ਭੁਪਿੰਦਰ ਸਿੰਘ
8. ਅਠਵਾਂ ਸਲੋਕ -
ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥
ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥8॥
ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥
(337) ਜੋ ਕੋਈ ਵੀ ਮਨੁੱਖ ਜੀਵਨ ਦੇ ਜਿਸ ਵੀ ਪੜਾਉ ਤੇ ਹੁੰਦਾ ਹੈ ਉਸਦਾ ਆਪਣਾ ਰਾਜ ਪਾਠ ਹੈ।
ਅਮੀਰਾਂ ਅਤੇ ਗਰੀਬਾਂ ਦਾ, ਹਰ ਕਿਸੇ ਦਾ ਆਪਣਾ-ਆਪਣਾ ਰਾਜ ਪਾਠ ਹੈ। ਸਮਝ ਆਇਆ ਕਿ ਇਸ ਰਾਜ ਤੋਂ
ਡਿਗਣਾ ਅਤੇ ਇਹ ਸਾਰੀ ਔਖੀ ਘੜੀ ਵਾਲੀ ਬਿਪਤਾ ਜਦੋਂ ਤੈਨੂੰ ਪੈਂਦੀ ਹੈ। ਇਨ੍ਹਾਂ ਸਾਰਿਆਂ ਨਾਲ
ਜਿਨ੍ਹਾਂ ਨਾਲ ਤੂੰ ਮਨ ਲਾਇਆ ਹੋਇਆ ਹੈ ਕੋਈ ਸਾਥ ਦੇਂਦਾ ਨਹੀਂ ਅਤੇ ਤੂੰ
‘ਮਨ ਮੇਰੇ ਭੂਲੇ ਕਪਟੁ ਨ ਕੀਜੈ ॥
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥’
(656) ਤੂੰ ਕਪਟ ਕਰਦਾ ਹੈਂ। ਇਸ ਲਈ ਮਨ ਨੂੰ ਸਮਝਾ ਕੇ ਕਹਿ ਰਹੇ ਹਨ
‘ਕਹੁ ਨਾਨਕ ਸੁਨੁ ਰੇ ਮਨਾ ਸਿਮਰਤ
ਕਾਹਿ ਨ ਰਾਮੁ ॥’
ਮਨ ਨੂੰ ਡੋਲਨ ਤੋਂ ਬਚਾ ਰਹੇ ਹਨ। ਇਹ ਗਲ-ਗਲ ਤੇ ਡੋਲਦਾ ਰਹਿੰਦਾ ਹੈ।
ਇਨ੍ਹਾਂ ਪਿਛੇ ਦੀਨ ਆਪਣਾ ਡੁਲਾਉਦਾ ਰਹਿੰਦਾ ਹੈਂ। ਅੱਜ ਇਸਨੂੰ ਸਮਝਾਉਂਦੇ ਹਨ। ਅਸੀਂ ਇਹ ਵਿਚਾਰ ਕਰ
ਚੁਕੇ ਹਾਂ ਕਿ ਮਨ ਨੂੰ ਕਿਹਾ ਜਾ ਰਿਹਾ ਹੈ ‘ਕਹੁ ਨਾਨਕ ਸੁਨੁ ਰੇ ਮਨਾ’। ਮਨ ਨੂੰ ਪਦਾਰਥਵਾਦ ਦਾ
ਕੁਝ ਵੀ ਖੁਆਇਆ ਨਹੀਂ ਜਾ ਸਕਦਾ। ਦਰਅਸਲ ਮਨ ਬੇਤੁਕੀ-ਬੇਲੋੜੀਂਦੇ ਪਦਾਰਥਾਂ ਨੂੰ ਭਜਦਾ ਹੈ, ਇਨ੍ਹਾਂ
ਦਾ ਹੀ ਸੇਵਨ ਕਰਦਾ ਹੈ। ਇਸ ਲਈ ਮਨ ਨੂੰ ਕਿਹਾ ਹੈ ਤੂੰ ਗੁਣ ਸਿੱਖ। ਮਨ ਨੂੰ ਕਿਹਾ ਗਿਆ ਹੈ ਉਹ
ਮੇਰੇ ਮਨ ਤੂੰ ਗਿਝ ਜਾ। ਤੂੰ ਸੱਚ ਦੀ ਵਿਚਾਰ ਦਾ, ਰੱਬੀ ਗੁਣਾਂ ਦਾ ਭੋਜਨ ਭਜ ਲੈ ਤਾਂ ਕਿ ਪੱਕੇ
ਸੁਭਾ ਵਿਚ ਤੇਰੀ ਆਦਤ ਬਣ ਜਾਏ। ਫਿਰ ਤੂੰ ਡੋਲੇਂ ਨਾ।
‘ਸਵੈਭਿਮਾਨ’ ਸੈਮਿਨਾਰ ਵਿਚ ਇਹ ਸਾਂਝ ਕੀਤਾ ਸੀ ਕਿ ਜਦੋਂ ਕੋਈ ਇਨਸਾਨ ਸਾਰੇ
ਸਮਾਜ ਵਿਚ, ਆਪਣੇ ਪਰਿਵਾਰ ਵਿਚ ਉੱਚੇ ਆਚਰਨ ਵਾਲਾ, ਅਸੂਲਾਂ ਦਾ ਪੱਕਾਂ, ਦੀਨਇਮਾਨ ਵਾਲਾ ਹੁੰਦਾ ਹੈ
ਉਹ ਸਾਨੂੰ ਇਹ ਲਗ ਰਿਹਾ ਹੁੰਦਾ ਹੈ ਕਿ ਉਹ ਦੀਨ ਇਮਾਨ ਵਾਲਾ ਧਾਰਮਿਕ ਮਨੁੱਖ ਹੈ। ਪਹੁੰਚਿਆ ਹੋਇਆ
ਹੈ। ਜਾਂ ਇਸ ਨੂੰ ਇੰਝ ਢੁਕਾ ਲਈਏ ਕਿ ਪੈਸੇ ਵਾਲਾ ਹੈ। ਪਰ ਜਦੋਂ ਬਹੁਤ ਪੈਸੇ ਵਾਲਾ ਇਨਸਾਨ ਆਪਣੇ
ਧੀਆਂ-ਪੁੱਤਰਾਂ ਦੇ ਵਿਆਹ ਤੇ ਦਾਜ ਦੀ ਮੰਗ ਕਰਦਾ ਹੈ ਤਾਂ ਕੁੜੀ ਵਾਲੇ ਦੂਜੇ ਪਾਸੋਂ ਕਹਿੰਦੇ ਹਨ ਕਿ
ਇਨ੍ਹਾਂ ਕੋਲੋ ਇਹ ਉੱਮੀਦ ਨਹੀਂ ਸੀ। ਕਿ ਇਹ ਇਸ ਤਰ੍ਹਾਂ ਸੋਚ ਵੀ ਸਕਦੇ ਹਨ। ਉਹ ਚੀਜ਼ਾ ਮੰਗਣਗੇ ਇਹ
ਉਮੀਦ ਨਹੀਂ ਸੀ। ਹੁਣੇ ਮੰਗੀਆਂ ਹਨ ਦਿੱਤੀਆਂ ਨਹੀਂ। ਇਸੇ ਤਰ੍ਹਾਂ ਜਦੋਂ ਸਾਨੂੰ ਆਪਣੇ ਸਵੈਭਿਮਾਨ
ਨੂੰ ਵਾਚਣਾ ਆ ਜਾਏਗਾ ਤਾਂ ਅਸੀਂ ਕਹਾਂਗੇ ਕਿ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਿ ਤੂੰ ਇਤਨਾ ਨੀਵਾਂ
ਸੋਚ ਸਕਦਾ ਹੈਂ। ਬਸ! ਜੇ ਨੀਵਾਂ ਸੋਚ ਲਿਆ ਆਪਣੀਆਂ ਨਜ਼ਰਾਂ ਤੋਂ ਡਿੱਗ ਗਏ। ਆਪਣੀ ਅੰਦਰਲੀ ਦਰਗਾਹ
ਤੋਂ ਡਿਗ ਗਏ। ਮੈਂ ਇਹ ਸੋਚ ਰਿਹਾ ਸਾਂ ਕਿ ਅੰਦਰ ਦੀ ਦਰਗਾਹ ਬਾਰੇ ਸਾਨੂੰ ਵਿਚਾਰ ਕਰਨੀ ਚਾਹੀਦੀ
ਹੈ। ਇਹ ਪ੍ਰਚਲਤ ਹੈ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਤਾਂ ਮਰਨ ਮਗਰੋਂ ਰੱਬ, ਖੁਦਾ, ਭਗਵਾਨ ਦੀ
ਦਰਗਾਹ ਹੁੰਦੀ ਹੈ, ਉਥੇ ਇੱਕ ਧਰਮਰਾਜ ਬੈਠਾ ਹੁੰਦਾ ਹੈ ਅਤੇ ਉਹ ਧਰਮਰਾਜ ਦਸਦਾ ਹੈ ਕਿ ਇਸਨੇ ਕੀ
ਕੀਤਾ ਹੈ ਤੇ ਇਸ ਦੇ ਮੁਤਾਬਕ ਉਸ ਦੇ ਖਾਤੇ ਖੋਲੇ ਜਾਂਦੇ ਹਨ, ਸਜ਼ਾ ਹੁੰਦੀ ਹੈ। ਪਰ ਅਸੀਂ ਵਿਚਾਰਨਾ
ਇਹ ਹੈ ਕਿ ਮਰਨ ਮਗਰੋਂ ਕੀ ਹੁੰਦਾ ਹੈ, ਪਤਾ ਨਹੀਂ! ਪਰ ਆਪਣਾ ਜੀਵਨ ਉੱਚਾ ਕਰਨ ਲਈ ਸਮਝਣਾ ਪਵੇਗਾ
ਕਿ ਅੱਜ ਇਥੇ ਹੁਣੇ ਹੀ ਦਰਗਾਹ ਹੈ। ਉਸ ਬਾਰੇ ਜੇ ਵਿਚਾਰ ਕਰ ਲਈਏ ਤਾਂ ਅਸੀਂ ਛੁਟ ਜਾਵਾਂਗੇ। ਗੁਰੂ
ਪਾਤਸ਼ਾਹ ਕਹਿੰਦੇ ਹਨ,
ਐਥੈ
ਸਾਚੇ ਸੁ ਆਗੈ ਸਾਚੇ ॥ (116)
ਜਦੋਂ ਅਸੀਂ ਐਥੇ ਹੀ ਸੱਚੇ ਨਹੀਂ ਤਾਂ ਅਸੀਂ ਅੱਗੇ ਦੀ ਕਿਹੜੀ ਦਰਗਾਹ ਦੀਆਂ
ਗੱਲਾਂ ਕਰਦੇ ਹਾਂ। ਜਦੋਂ ਅਸੀ ਐਥੇ ਸੱਚੇ ਨਹੀਂ ਤਾਂ ਕਿਹੜੇ ਧਰਮਰਾਜ ਦੇ ਲੇਖੇ ਦੀ ਗੱਲ ਕਰ ਰਹੇ
ਹਾਂ। ਸਾਨੂੰ ਐਥੇ ਸੱਚੇ ਹੋਣ ਵਾਲੀ ਵਿਚਾਰ ਕੀਤੀ ਜਾਏ। ਅੱਜ ਹੀ ਐਥੇ ਹੀ ਦੁਨੀਆਂ ਮੰਨਦੀ ਹੈ ਕਿ
ਕੋਈ ਸਤਜੁਗ ਸੀ, ਕੋਈ ਦੁਆਪਰ ਜੁਗ ਸੀ, ਕੋਈ ਤ੍ਰੇਤਾ ਜੁਗ ਸੀ। ਲੋਕੀ ਸਮਝਦੇ ਹਨ ਕਿ ਦੁਆਪਰ ਵੇਲੇ
ਬੜਾ ਚੰਗਾ ਹੁੰਦਾ ਸੀ। ਭਾਵੇਂ ਉਸ ਵੇਲੇ ਵੀ ਰਾਵਣ ਅਤੇ ਕੰਸ ਸੀ ਪਰ ਗੁਰੂ ਪਾਤਸ਼ਾਹ ਤਾਂ ਸਤਿਜੁਗ,
ਦੁਆਪਰ, ਤ੍ਰੇਤਾ ਅਤੇ ਕਲਜੁਗ ਮੰਨਦੇ ਨਹੀਂ ਹਨ। ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਜੇ ਤੇਰੀ ਬਿਰਤੀ ਉਸ
ਵੇਲੇ ਵੀ ਰਾਵਣ ਵਾਲੀ ਸੀ ਤਾਂ ਕਲਜੁਗ ਸੀ। ਉਸ ਵੇਲੇ ਵੀ ਤੇਰੀ ਬਿਰਤੀ ਜੇ ਕੰਸ ਵਾਲੀ ਸੀ ਤਾਂ
ਕਲਜੁਗ ਹੀ ਸੀ ਲੇਕਿਨ ਜੇ ਤੇਰੀ ਬਿਰਤੀ ਅੱਜ ਵੀ ਚੰਗੇ ਗੁਣਾਂ ਵਾਲੀ ਹੈ ਰੱਬੀ ਗੁਣਾਂ ਵਾਲੀ ਹੈ ਤਾਂ
ਅੱਜ ਵੀ ਸਤਜੁਗ ਹੀ ਹੈ।
ਗੁਰਮਤ ਕਲਜੁਗ, ਦੁਆਪੁਰ, ਤ੍ਰੇਤਾ ਅਤੇ ਸਤਿਜੁਗ ਨਹੀਂ ਮੰਨਦੀ। ਪਰ ਗੁਰੂ
ਪਾਤਸ਼ਾਹ ਕਹਿੰਦੇ ਹਨ ਕਿ ਮੰਨ ਲਿਆ ਕਿ ਇਹ ਕਲਜੁਗ ਹੈ ਪਰ ਇਹ ਕਲਜੁਗ ਬੜਾ ਮਹਾਨ ਹੈ,
ਸਤਜੁਗੁ ਤ੍ਰੇਤਾ ਦੁਆਪਰੁ ਭਣੀਐ
ਕਲਿਜੁਗੁ ਊਤਮੋ ਜੁਗਾ ਮਾਹਿ ॥’ ਕਿਉਂ ਮਹਾਨ
ਹੈ? ਕਿਉਂਕਿ
‘ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥’
(406)
ਕੋਈ ਕਿਸੇ ਦੇ ਬਦਲੇ ਨਹੀਂ ਪਕੜਿਆ ਜਾਂਦਾ। ਜਿਹੜਾ ਹੱਥ ਭੱਠੀ ਵਿਚ ਪਾਉਗੇ
ਉਹੀ ਸੜੇਗਾ। ਇਸ ਕਲਜੁਗ ਵਿਚ ਜਿਹੜਾ ਹੱਥ ਕਸੂਰ ਕਰਦਾ ਹੈ ਉਸੇ ਹੱਥ ਨੂੰ ਸਜ਼ਾ ਮਿਲਦੀ ਹੈ। ਪਰ
ਮੈਨੂੰ ਖਿਮਾ ਕਰਨਾ ਇਹ ਸਜ਼ਾ ਬਾਹਰਲੀ ਨਹੀਂ ਕਿਉਂਕਿ ਬਾਹਰਲੀ ਸਜ਼ਾ ਵਕੀਲਾਂ ਅਤੇ ਗਵਾਹੀ ਦੇਣ ਵਾਲੇ
ਤੇ ਨਿਰਭਰ ਕਰਦੀ ਹੈ।
ਜਿਹੜੀ ਅੰਦਰ ਦਰਗਾਹ ਲੱਗੀ ਹੈ ਉਸ ਬਾਰੇ ਗੁਰੂ ਪਾਤਸ਼ਾਹ ਜੀ ਦਾ ਪੂਰਾ ਸ਼ਬਦ
ਪੜ੍ਹਾਂਗੇ ਕਿ ਉਹ ਦਰਗਾਹ ਕਿਹੜੀ ਹੈ। ਉਹ ਕਿਸ ਤਰ੍ਹਾਂ ਲਗਦੀ ਹੈ। ਜਿਹੜੀ ਦਿਬਾਣ ਅੰਦਰ ਲਗਦੀ ਹੈ
ਉਹ ਹੈ -
‘ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ’
ਵਾਲੀ। ਇਹ ਉਹ ਅੰਦਰ ਦੀ ਦਰਗਾਹ ਹੈ ਉਸ ਵਿਚ ਤੂੰ ਮਾੜਾ ਸੋਚਿਆ ਹੈ। ਇਸ ਦਾ ਦੁਖ ਵੀ ਤੈਨੂੰ ਹੀ
ਭੋਗਣਾ ਪਵੇਗਾ। ਜੇ ਮੈਂ ਕਿਸੇ ਮਨੁੱਖ ਦਾ ਵਿਗਾੜ ਕਰਨਾ ਚਾਹੁੰਦਾ ਹਾਂ ਅਤੇ ਵਿਗਾੜ ਕਰਨ ਵੇਲੇ ਮੈਂ
ਸੋਚ ਲਿਆ ਕਿ ਮੈਂ ਇਸ ਮਨੁੱਖ ਦਾ ਵਿਗਾੜ ਕਰਨਾ ਹੈ ਤਾਂ ਉਸ ਮਨੁੱਖ ਦਾ ਵਿਗਾੜ ਕਰਨ ਲਈ ਇਕ ਦਿਨ
ਲਗੇ, 15 ਦਿਨ ਲੱਗਣ ਜਾਂ 6 ਮਹੀਨੇ ਲੱਗਣ। ਜਿਤਨਾ ਮਰਜ਼ੀ ਸਮਾ ਲੱਗੇ! ਉਸ ਵਿਗਾੜ ਨੂੰ ਕਰਨ ਲਈ
ਜਿਹੜੀ ਵਿਉਂਤ ਘੜਨੀ ਹੈ। ਉਸਨੂੰ ਅਮਲੀ ਜਾਮਾ ਜਦੋਂ ਪਾਇਆ ਜਾਏਗਾ ਤਾਂ ਵਿਗਾੜ ਹੋਵੇਗਾ। ਪਰ ਅਮਲੀ
ਜਾਮਾ ਪਹਿਨਾਉਣ ਤਕ ਜਿਹੜਾ ਨਰਕ ਵਿਚ ਪਿਆ ਰਿਹਾ ਕਿਉਕਿ ਵਿਗਾੜ ਬਾਰੇ ਸੋਚਦਾ ਰਿਹਾ। ਜਿਸ ਪਲ ਵੀ
ਵਿਗਾੜ ਕਰਨ ਬਾਰੇ ਸੋਚਿਆ ਉਸੇ ਦਿਨ ਮੌਤ ਵਾਪਰ ਗਈ। ਮਾੜਾ ਸੋਚਿਆ ਨਰਕ ਵਿਚ ਉਸੇ ਪਲ ਗਿਆ। ਜਿਸਦਾ
ਵਿਗਾੜ ਕਰਨਾ ਹੈ ਉਹ ਮਗਰੋਂ ਨੁਕਸਾਨ ਪਾਏਗਾ, ਪਰ ਜਿਸਨੇ ਵਿਗਾੜ ਕਰਨਾ ਹੈ ਉਸ ਦਾ ਨੁਕਸਾਨ ਤੇ ਉਸੇ
ਪਲ ਤੋਂ ਸ਼ੁਰੂ ਹੋ ਗਿਆ ਜਿਸ ਪਲ ਉਸਨੇ ਵਿਗਾੜ ਕਰਨ ਬਾਰੇ ਸੋਚਿਆ।
ਸੋ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਸਾਰੀ ਖੇਡ ਮਨ ਦੀ ਹੈ,
‘ਮਨਿ ਮੈਲੈ ਸਭੁ ਕਿਛੁ ਮੈਲਾ ਤਨਿ
ਧੋਤੈ ਮਨੁ ਹਛਾ ਨ ਹੋਇ ॥’ (558)
ਐ ਮਨੁੱਖ ਤੂੰ ਬਾਹਰੋਂ-ਬਾਹਰੋਂ ਤਨ ਧੋਂਦਾ ਹੈਂ, ਬਾਹਰੋਂ-ਬਾਹਰੋਂ ਤੀਰਥਾਂ
ਤੇ ਜਾਂਦਾ ਹੈਂ, ਇਸ਼ਨਾਨ ਕਰਦਾ ਹੈਂ ਅਤੇ ਸੋਚਦਾ ਹੈਂ ਕਿ ਮੈਂ ਪਾਪ ਦੂਰ ਕਰ ਲਵਾਂਗਾ। ਗੁਰੂ ਪਾਤਸ਼ਾਹ
ਕਹਿੰਦੇ ਹਨ ਕਿ ਤੇਰਾ ਮਨ ਮੈਲਾ ਹੈ। ਜੇ ਮਨ ਦੀ ਮੈਲ ਦੂਰ ਕਰਨੀ ਹੈ ਤਾਂ ਗੁਰੂ ਦੇ ਗਿਆਨ ਨਾਲ ਕਰ
ਲੈ। ਇਸ ਮੈਲੇ ਮਨ ਕਾਰਨ ਤੂੰ ਅਕਿਰਤਘਣ ਹੋਇਆ ਪਿਆ ਹੈਂ। ਮਨ ਮੈਲੇ ਕਾਰਨ ਤੈਨੂੰ ਕਿਸੇ ਦਾ ਕੁਝ
ਕੀਤਾ ਨਜ਼ਰ ਨਹੀਂ ਆਉਂਦਾ। ਮਨ ਮੈਲੇ ਕਾਰਨ ਤੂੰ ਚਾਰੇ ਪਾਸੇ ਮੈਲ ਖਿਲਾਰੀ ਹੋਈ ਹੈ। ਤੂੰ ਸਾਰੀ ਖੇਡ
ਗੜ-ਬੜ ਕਰ ਰਿਹਾ ਹੈਂ।
ਇਸੇ ਲਈ ਗੁਰੂ ਪਾਤਸ਼ਾਹ ਕਹਿੰਦੇ ਹਨ
‘ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥’
(730) ਸਾਡੇ ਮਨ ਨੂੰ ਭਾਂਡਾ ਕਹਿ ਰਹੇ ਹਨ। ਭਾਂਡਾ ਉਹ ਚੰਗਾ ਹੈ ਜਿਹੜਾ ਰੱਬ ਜੀ ਨੂੰ ਚੰਗਾ ਲਗਦਾ
ਹੈ। ਅਸੀ ਤਾਂ ਦੁਨੀਆਂ ਸਾਹਮਣੇ ਚੰਗਾ ਬਣਨਾ ਚਾਹੁੰਦੇ ਹਾਂ।
‘ਭਾਂਡਾ ਅਤਿ ਮਲੀਣੁ ਧੋਤਾ ਹਛਾ ਨ
ਹੋਇਸੀ ॥’ (730) ਭਾਂਵੇ ਤੂੰ ਜਿਨ੍ਹੇ ਮਰਜ਼ੀ
ਵਧੀਆ ਸਾਬਣ ਨਾਲ ਨਹਾ ਲੈ, ਜਿਸ ਮਰਜ਼ੀ ਤੀਰਥ ਤੇ ਜਾ ਕੇ ਨਹਾ ਲੈ।
‘ਗੁਰੂ ਦੁਆਰੈ ਹੋਇ ਸੋਝੀ ਪਾਇਸੀ’ (730) ਪਰ
ਸਤਿਗੁਰ ਦੀ ਮੱਤ ਰਾਹੀਂ ਹੀ ਇਸਨੂੰ ਇੱਕ ਸਮਝ (ਬਿਬੇਕ ਬੁਧਿ) ਪ੍ਰਾਪਤ ਹੁੰਦੀ ਹੈ, ਚੰਗਾ ਕੀ ਹੈ ਤੇ
ਮੰਦਾ ਕੀ ਹੈ।
ਗੁਰੂ ਪਾਤਸ਼ਾਹ ਤੈਨੂੰ ਸੋਝੀ ਬਖਸ਼ ਦੇਣਗੇ ਚੰਗਾ ਕੀ ਹੈ ਤੇ ਮੰਦਾ ਕੀ ਹੈ।
ਸਤਿਗੁਰ ਦੀ ਮੱਤ ਸੱਚ ਸਮਝਾ ਦੇਂਦੀ ਹੈ ਅਤੇ ਐਸੀ ਬਿਬੇਕ ਬੁਧਿ ਦੇਂਦੀ ਹੈ ਜੋ ਚੰਗੇ ਤੇ ਮੰਦੇ ਦਾ
ਨਿਖੇੜਾ ਕਰ ਸਕੇ। ਗੁਰੂ ਪਾਤਸ਼ਾਹ ਕਹਿੰਦੇ ਹਨ -
‘ਮੈਲੇ ਹਛੇ ਕਾ ਵਿਚਾਰੁ ਆਪਿ ਵਰਤਾਇਸੀ ॥’
(730) ਜਿਸ ਮਨੁੱਖ ਨੂੰ ਸੱਚ ਸਮਝ ਆ ਗਿਆ ਹੈ ਉਹ ‘ਜਾਨਤ ਹੀ ਅਉਗਨੁ ਕਰੈ’ ਵਾਲੀ ਆਦਤ ਤੋਂ ਛੁੱਟ
ਜਾਂਦਾ ਹੈ। ਜਿਸਨੂੰ ਸਮਝ ਨਹੀਂ ਆਇਆ ਹੈ ਉਹ ਦਰਅਸਲ ਹੱਥ ਵਿਚ ਦੀਵਾ ਫੜ ਕੇ ਵੀ ਡਿਗਦਾ ਹੈ। ਮੈਂ ਇਕ
ਕਿਤਾਬ ਵਿਚ, ਹਨੇਰੇ ਵਿਚ ਰਾਹ ਜਾਂਦੇ ਡਿੱਗੇ ਮਨੁੱਖ ਬਾਰੇ ਪੜ੍ਹ ਰਿਹਾ ਸੀ। ਉਸਨੂੰ ਕਿਸੇ ਨੇ ਸਵਾਲ
ਕੀਤਾ ਕਿ, "ਤੂੰ ਤਾਂ ਲੈਂਪ ਤੇ ਬੱਤੀ ਹੱਥ ਵਿਚ ਫੜ ਕੇ ਜਾ ਰਿਹਾ ਸੀ, ਫਿਰ ਖੂਹ ਵਿਚ ਕਿਵੇਂ ਡਿੱਗ
ਪਿਆ?" ਉਸਨੇ ਜਵਾਬ ਦਿੱਤਾ ਕਿ, "ਮੈਂ ਲੈਂਪ ਤੇ ਬੱਤੀ ਆਪਣੇ ਹੱਥ ਵਿਚ ਰਾਹ ਵੇਖਣ ਲਈ ਨਹੀਂ ਬਲਕਿ
ਲੋਕਾਂ ਨੂੰ ਵਿਖਾਉਣ ਲਈ ਫੜਦਾ ਹਾਂ ਤਾਂ ਕਿ ਉਹ ਮੈਨੂੰ ਵੇਖ ਲੈਣ ਅਤੇ ਮੇਰੇ ਨਾਲ ਨਾ ਟਕਰਾਉਣ"। ਐ
ਮਨੁੱਖ! ਤੈਨੂੰ ਇਹ ਗਿਆਨ ਆਪਣੀ ਪੜਚੋਲ ਕਰਨ ਲਈ ਦਿੱਤਾ ਹੈ ਨਾ ਕਿ ਲੋਕਾਂ ਦੇ ਅਉਗੁਣ ਤੱਕਣ ਲਈ।
ਤੈਨੂੰ ਇਹ ਬੁੱਧੀ ਦਿੱਤੀ ਹੈ ਕਿ ਤੂੰ ਆਪਣੇ ਅੰਦਰ ਝਾਤੀ ਮਾਰ।
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ
ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥
(1376)
ਜਿਸ ਇਨਸਾਨ ਨੂੰ ਸੱਚ ਦੀ ਸੋਝੀ ਹੋ ਗਈ ਹੈ ਉਸਦੀ ਨਿਸ਼ਾਨੀ ਕੀ ਹੈ? ਇਸਨੂੰ
ਮੱਤ ਵਿਚ ਦੀਵਾ ਮਿਲ ਗਿਆ ਹੈ। ਉਹ ਆਪਣੇ ਆਪ ਦੀ ਪੜਚੋਲ ਕਰਦਾ ਹੈ ਤੇ ਆਪਣੇ ਅਉਗੁਣਾਂ ਤੋਂ ਛੁੱਟਣ
ਲਈ ਸਤਿਗੁਰ ਦੀ ਮੱਤ ਅਨੁਸਾਰ ਜਿਊਂਦਾ ਹੈ। ਪਰ ਜਿਸ ਇਨਸਾਨ ਨੂੰ ਸਮਝ ਨਹੀਂ ਆਈ ਉਸ ਨੇ ਖਾਲੀ ਹੱਥ
ਤੇ ਦੀਵਾ ਹੀ ਰੱਖਿਆ ਹੈ ਪਰ ਸਹੀ ਟੁਰਨਾ ਨਹੀਂ ਆ ਰਿਹਾ ਹੈ।
ਅਠਵੇਂ ਸਲੋਕ ਵਿਚ ਕਹਿੰਦੇ ਹਨ ਕਿ
‘ਤਨੁ ਧਨੁ ਸੰਪੈ ਸੁਖ ਦੀਓ ਅਰੁ
ਜਿਹ ਨੀਕੇ ਧਾਮ ॥’
ਹੁਣ ਇਸ ਵਿਚ ਕੁਝ ਹੋਰ ਵੀ ਸਮਝਣ ਵਾਲੀ ਗਲ ਹੈ। ‘ਤਨੁ’ ਅਤੇ ‘ਧਨੁ’
ਦੋਨਾਂ ਦੇ ‘ਨ’ ਨੂੰ ਔਕੜ ਲੱਗੀ ਹੋਈ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰੇਕ ਮਨੁੱਖ ਅੰਦਰ ਰੱਬ
ਵਸਦਾ ਹੈ ਪਰ ਜੋ ਮਨੁੱਖ ਰੱਬੀ ਗੁਣਾਂ ਦੇ ਧੰਨ ਸੰਪਦਾ ਵਾਲੀ ਸੁਰਤ ਮਤ ਬੁਧੀ ਨਾਲ ਨਹੀਂ ਜਿਉਂਦਾ,
ਉਹ ਮਨੁੱਖ ਨਿਜਘਰ ਅੰਦਰ ਚੈਨ ਪ੍ਰਾਪਤੀ ਦਾ ਟਿਕਾਉ ਪ੍ਰਾਪਤ ਨਹੀਂ ਕਰ ਸਕਦਾ।
ਤਨੁ: ਦੁਰਲਭ ਦੇਹ (ਰੱਬੀ ਗੁਣਾਂ ਦੇ ਸੁਭਾ ਵਾਲੀ ਸ਼ਖਸੀ ਮਤ)।
ਧਨੁ: ਰੱਬੀ ਗੁਣਾਂ ਵਾਲੀ (ਸੁਮਤ)। ਸੰਪੈ: ਰੱਬੀ ਗੁਣਾਂ ਦੀ
ਬੁੱਧੀ। ਧਾਮ: ‘ਧਾਮ’ ਦਾ ਅਰਥ ਘਰ ਨਹੀਂ ਹੁੰਦਾ। ਇਹ ਜਿਹੜਾ ਇੱਟਾਂ-ਗਾਰੇ ਦਾ ਬਣਿਆ ਹੋਇਆ ਘਰ ਹੈ
ਇਸਨੂੰ ਧਾਮ ਨਹੀਂ ਕਹਿੰਦੇ ਹਨ। ਨੀਕੇ ਧਾਮ ਦਾ ਮਤਲਬ ਹੈ ਜਿਸਨੇ ਤੈਨੂੰ ਇਹ ਸੁੰਦਰ ਹਿਰਦਾ ਦਿੱਤਾ
ਹੈ। ਨੀਕੇ ਧਾਮ: ਨਿਜਘਰ ’ਚ ਵਸਦੇ ਰੱਬ ਨਾਲ ਇਕਮਿਕਤਾ (ਮਨ ਦਾ ਚੈਨ, ਸੁਖ, ਟਿਕਾਉ)
ਤਨੁ ਧਨੁ ਸੰਪੈ ਸੁਖ ਦੀਓ ਦਾ ਭਾਵ ਹੈ ਜਿਸਨੇ ਤੈਨੂੰ ਹਿਰਦੇ ਦਾ ਰਾਜ ਦਿੱਤਾ
ਹੈ। ਜਿਸਦੇ ਕੋਲ ਹਿਰਦੇ ਦਾ ਰਾਜ ਨਹੀਂ, ਜੋ ਇਹ ਰਾਜ ਨਹੀਂ ਕਮਾਉਣਾ ਜਾਣਦਾ, ਤਾਂ ਉਹ ਰੱਬ ਤੋਂ
ਟੁੱਟਾ ਹੋਇਆ ਹੈ। ਉਸਦੀ ਆਤਮਾ ਦੀ ਕੰਗਾਲਤਾ ਹੈ। ਤੂੰ ਜੋ ਦੁਨੀਆਵੀ ਪਦਾਰਥ ਕਮਾਕੇ ਤਨ ਨੂੰ ਪਾਲਣ
ਵਾਲਾ, ਐਸ਼ੋ-ਆਰਾਮ ਵਾਲਾ ਜਿਹੜਾ ਰਾਜ ਮਾਂਣਦਾ ਹੈਂ ਅਰੁ ਜਿਹ ਨੀਕੇ ਧਾਮ ਅਤੇ ਜਿਸਨੇ ਤੈਨੂੰ ਇਹ
ਸਤਿਗੁਰ ਦੀ ਮਤ ਦੇਕੇ ਸੋਹਣਾ ਤੇਰਾ ਹਿਰਦਾ ਰੂਪੀ ਘਰ ਦਿੱਤਾ ਹੈ।
ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ
ਨ ਰਾਮੁ ॥
ਐ ਮਨ ਤੂੰ ਕਿਉਂ ਉਸਨੂੰ ਯਾਦ ਨਹੀਂ ਕਰਦਾ। ਅਸੀਂ ਲੱਖਣ
ਸਮਝ ਚੁਕੇ ਹਾਂ ਕਿ ਸਾਡਾ ਮਨ ਯਾਦ ਕਿਉਂ ਨਹੀਂ ਕਰਦਾ ਕਿਉਂਕਿ ਮਨ ਮੈਲਾ ਹੈ।
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥
(919) ‘ਸਹਸੈ ਜੀਉ ਮਲੀਣੁ ਹੈ’ ਭਾਵ ਜਿਸ ਮਨੁੱਖ ਨੂੰ 1 % ਵੀ ਕੋਈ ਡਰ ਹੈ ਜਾਂ ਇੱਕ ਤੋਂ ਜ਼ਿਆਦਾ
ਡਰ ਹਨ ਉਸਦਾ ਮਨ ਮੈਲਾ ਹੈ। ਡਰ ਦੇ ਕਾਰਨ ਇਸਦੇ ਮਨ ਅੰਦਰ ਮੈਲ ਆਈ ਹੈ।
ਹੁਣ ਗੁਰੂ ਪਾਤਸ਼ਾਹ ਕਹਿੰਦੇ ਹਨ,
ਮੰਨੁ ਧੋਵਹੁ ਸਬਦਿ ਲਾਗਹੁ ਹਰਿ
ਸਿਉ ਰਹਹੁ ਚਿਤੁ ਲਾਇ ॥ (919) ਇਸ ਦਾ ਮਤਲਬ
ਹੋ ਗਿਆ ਕਿ ਰੱਬ ਨਾਲ ਜੇ ਤੂੰ ਜੁੜਨਾ ਹੈ ਤਾਂ ਸਤਿਗੁਰ ਦੀ ਮਤ ਅਨੁਸਾਰ ਆਪਣੇ ਮਨ ਦੀ ਮੈਲ ਦੂਰ ਕਰ
ਲੈ।
ਕਹੁ ਨਾਨਕ ਸੁਨੁ ਰੇ ਮਨਾ ਸਿਮਰਤ ਕਾਹਿ ਨ ਰਾਮੁ ॥
1. ਸਿਮਰਨ ਦੀ ਇਹ ਨਿਸ਼ਾਨੀ ਹੈ ਕਿ ਆਤਮਕ ਤੋਰ ਤੇ ਉਹ ਮਨੁੱਖ ਥਿੜਕਦਾ ਨਹੀਂ।
2. ਤੇ ਜਿਹੜਾ ਮਨੁੱਖ ਸਿਮਰਨ ਕਰਦਾ ਹੈ ਉਹ ਨਿੱਕੇ ਤੋਂ ਨਿੱਕੇ ਹਰ ਇਨਸਾਨ
ਦਾ ਵੀ ਧੰਨਵਾਦ ਕਰੇਗਾ।
3. ਸਿਮਰਨ ਕਰਨ ਵਾਲਾ ਜਿਹੜਾ ਰੱਬ ਨੂੰ ਯਾਦ ਰੱਖਦਾ ਹੈ, ਹਰ ਪਲ ਆਪਣੀ
ਸਿਮ੍ਰਿਤੀ ਵਿਚ ਰਖਦਾ ਹੈ, ਭਾਂਵੇ ਜਿਹੜਾ ਮਰਜ਼ੀ ਨਾਮ ਯਾਦ ਰੱਖਦਾ ਹੈ, ਉਹ ਆਪਣੇ ਆਸ-ਪਾਸ ਹਰ ਮਨੁੱਖ
ਨਾਲ ਭਾਵੇਂ ਅਮੀਰ ਹੈ ਤੇ ਭਾਵੇਂ ਗਰੀਬ, ਬੜੇ ਹੀ ਪਿਆਰ ਨਾਲ ਬੋਲਦਾ ਹੈ, ਵਿਤਕਰਾ ਨਹੀਂ ਕਰਦਾ।
ਸਾਡਾ ਸਭ ਦਾ ਇੱਕ ਸੁਭਾ ਹੈ। ਸਾਡਾ ਕੋਈ ਸੌ ਵਾਰੀ ਕੰਮ ਕਰੇ ਪਰ ਇੱਕ ਵਾਰ
ਨਾ ਕਰੇ ਤਾਂ ਅਸੀਂ ਉਸਨੂੰ ਭੈੜਾ ਸਮਝ ਲੈਂਦੇ ਹਾਂ। ਪਤਾ ਨਹੀਂ ਕੀ ਹੋ ਗਿਆ ਮੇਰੇ ਨਾਲ ਉਸ ਨੇ ਮੂੰਹ
ਸੁਜਾ ਲਿਆ ਹੈ। ਲਗਦਾ ਹੈ ਨਰਾਜ਼ ਹੈ। ਸਾਨੂੰ ਇੰਜ ਕਿਉਂ ਲਗਦਾ ਹੈ? ਕਿਉਂਕਿ ਅਸੀਂ ਹਰ ਮਨੁੱਖ ਕੋਲੋਂ
ਕੁਝ ਨਾ ਕੁਝ ਉੱਮੀਦ ਲਗਾਈ ਬੈਠੇ ਹਾਂ। ਇਸ ਦਾ ਸਿੱਟਾ ਇਹ ਨਿਕਲੇਗਾ ਕਿ ਮੈਂ ਨਾਸ਼ੁਕਰਾ ਹੋ
ਜਾਵਾਂਗਾ। ਅਸੀਂ ਅਕਿਰਤਘਣ ਬਣ ਜਾਵਾਂਗੇ। ਇਸ ਕਰਕੇ ਜਿਹੜਾ ਧਾਰਮਕ ਹੁੰਦਾ ਹੈ, ਜਿਹੜਾ ਸਹੀ ਮਾਇਨੇ
ਵਿਚ ਰੁਹਾਨੀਅਤ ਮਾਣਨਾ ਚਾਹੁੰਦਾ ਹੈ ਉਹ ਕਿਸੇ ਕੋਲੋਂ ਉੱਮੀਦ ਹੀ ਨਹੀਂ ਰੱਖਦਾ! ਪਤੀ ਪਤਨੀ ਕੋਲੋਂ,
ਪਤਨੀ ਪਤੀ ਕੋਲੋਂ, ਬਚਿਆਂ ਕੋਲੋਂ, ਸੱਸ ਕੋਲੋਂ, ਨੂੰਹ ਕੋਲੋਂ ਕਿਸੀ ਵੀ ਇਨਸਾਨ ਕੋਲੋਂ ਕੋਈ ਵੀ
ਉੱਮੀਦ ਨਹੀਂ ਰਖਦਾ। ਇਹ ਗਲ ਸਮਝਨ ਲਈ ਅਸੀਂ ਨੌਵਾਂ ਸਲੋਕ ਸਮਝਦੇ ਹਾਂ।
ਸਾਡੇ ਸਭ ਦੇ ਅੰਦਰ ਰੱਬ ਵਸਦਾ ਹੈ। ਰੱਬ ਚੰਗੇ ਗੁਣਾਂ ਦਾ ਖਜ਼ਾਨਾ ਹੈ
‘ਸਾਚੇ ਸਾਹਿਬਾ ਕਿਆ ਨਾਹੀ
ਘਰਿ ਤੇਰੈ ॥ ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥ ਸਦਾ ਸਿਫਤਿ ਸਲਾਹ ਤੇਰੀ ਨਾਮੁ
ਮਨਿ ਵਸਾਵਏ ॥’ (917) ਅੰਦਰ ਦੇ ਰੱਬੀ
ਗੁਣਾਂ ਦੇ ਖਜ਼ਾਨੇ ਨੂੰ ਅਮੁੱਲ ਗੁਣਾਂ ਦਾ ਧਨ ਕਹਿੰਦੇ ਹਨ। ਮਾਤਾ-ਪਿਤਾ ਵੱਲੋਂ ਪ੍ਰਾਪਤ ਸਾਡਾ ਤਨ
ਤਦੋਂ ਹੀ ਦੁਰਲਭ ਦੇਹ ਬਣਦਾ ਹੈ ਜਦੋਂ ਇਸ ਤਨ ਨੂੰ ਰੱਬੀ ਗੁਣਾਂ ਦੇ ਸੁਭਾ ਦੀ ਆਦਤ ਪੈ ਜਾਂਦੀ ਹੈ।
ਸਾਰੇ ਸਲੋਕ ਦਾ ਸਮੁੱਚਾ ਭਾਵ ਇਹੋ ਸਮਝ ਪੈਂਦਾ ਹੈ ਕਿ ਸਦੀਵੀ ਸੁੱਖ ਦੇਣ ਵਾਲੇ ਅਮੁੱਲ ਰੱਬੀ ਗੁਣਾਂ
ਦੇ ਧਨ ਨਾਲ ਜਿਊਣਾ ਚਾਹੀਦਾ ਹੈ ਤਾਂ ਕਿ ਅੰਦਰ ਵਸਦੇ ਰੱਬ ਨਾਲ ਇਕਮਿਕਤਾ ਪ੍ਰਾਪਤ ਹੋ ਸਕੇ ਅਤੇ
ਭਟਕਨਾ ਦੇ ਬਦਲੇ ਸਦੀਵੀ ਨੀਕਾ ਧਾਮ (ਰੱਬੀ ਘਰ) ਦਾ ਟਿਕਾਣਾ ਮਿਲ ਸਕੇ ਤੇ ਸਦੀਵੀ ਸੁਖ ਦੀ ਅਵਸਥਾ
ਮਾਣ ਸਕੀਏ।