ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਬਾਬਾ ਬਣੀ ਬੀਬੀ ਨੇ ਛੱਪੜ ਵਿੱਚ ਨਵ੍ਹਾਇਆ
ਬਿਮਾਰ ਬੰਦਾ ਬਿਮਾਰੀ ਤੋਂ
ਛੁਟਕਾਰਾ ਪਾਉਣ ਲਈ ਹਰ ਪ੍ਰਕਾਰ ਦਾ ਉਪਰਾਲਾ ਕਰਦਾ ਹੈ। ਸਭ ਤੋਂ ਪਹਿਲਾਂ ਆਪਣੀ ਮੱਤ ਅਨੁਸਾਰ ਘਰ ਦੇ
ਓੜ-ਪੋੜ ਕਰਨ ਨੂੰ ਹੀ ਤਰਜੀਹ ਦੇਂਦਾ ਹੈ। ਫਿਰ ਕਿਸੇ ਮਿੱਤਰ ਦੋਸਤ ਦੇ ਦੱਸੇ ਹੋਏ ਦੇਸੀ ਨੁਕਸਿਆਂ
ਨੂੰ ਪਰਖਣ ਦਾ ਯਤਨ ਕਰਦਾ ਹੈ। ਸਾਡਾ ਸੁਭਾਅ ਵੀ ਕੁੱਝ ਇਸ ਤਰ੍ਹਾਂ ਦਾ ਹੀ ਹੈ ਕਿ ਰੋਗ ਭਾਂਵੇਂ
ਕਿਸੇ ਦਾ ਕੋਈ ਹੋਵੇ, ਪਰ ਅਸੀਂ ਦਵਾਈ ਜ਼ਰੂਰ ਦੱਸਣੀ ਹੁੰਦੀ ਹੈ। ਸਾਡੀ ਸੋਚਣੀ ਕੁੱਝ ਇਸ ਤਰ੍ਹਾਂ ਦੀ
ਹੈ ਕਿ ਜਿਹੜੀ ਦਵਾਈ ਨਾਲ ਮੈਨੂੰ ਅਰਾਮ ਆਇਆ ਹੈ ਦੂਜਾ ਬੰਦਾ ਵੀ ਓਹੋ ਹੀ ਦਵਾਈ ਖਾਏ। ਜੇ ਕਿਤੇ
ਸਾਨੂੰ ਇੱਕ ਮਰੀਜ਼ ਮਿਲ ਜਾਏ ਤਾਂ ਅਸੀਂ ਸਾਰੇ ਮਰੀਜ਼ ਲਈ ਡਾਕਟਰ ਹੁੰਦੇ ਹਾਂ। ਜੇ ਕਿਤੇ ਇੱਕ ਡਾਕਟਰ
ਮਿਲ ਜਾਏ ਤਾਂ ਅਸੀਂ ਸਾਰੇ ਮਰੀਜ਼ ਹੁੰਦੇ ਹਾਂ। ਕਈ ਵਾਰੀ ਅਸੀਂ ਪੁਰਾਣੀਆਂ ਸੁਣੀਆਂ ਸੁਣਾਈਆਂ ਗੱਲਾਂ
ਨੂੰ ਅਧਾਰ ਬਣਾ ਕੇ ਦਵਾਈ ਖਾ ਲੈਂਦੇ ਹਾਂ ਜਿਸ ਦੇ ਨਤੀਜੇ ਭਿੰਆਨਕ ਨਿਕਲਦੇ ਹਨ। ਕਿਸੇ ਨੀਮ ਹਕੀਮ
ਦੇ ਜੇ ਕਿਤੇ ਕੋਈ ਬੰਦਾ ਢੲ੍ਹੇ ਚੜ੍ਹ ਜਾਏ ਤਾਂ ਰਾਮ ਨਾਮ ਸੱਤ ਵੀ ਹੋ ਜਾਂਦਾ ਹੈ।
ਭਾਈ ਗੁਰਦਾਸ ਜੀ ਨੇ ਬਹੁਤ ਸੁੰਦਰ ਢੰਗ ਨਾਲ ਇੱਕ ਐਸੇ ਨੀਮ ਹਕੀਮ ਖਤਰਾ-ਏ-ਜਾਨ ਸਬੰਧੀ ਇੱਕ ਪਉੜੀ
ਰਾਂਹੀਂ ਸਮਝਾਉਣ ਦਾ ਯਤਨ ਕੀਤਾ ਹੈ—ਊਠਣੀ ਘਾਹ ਚੁਗਦੀ ਚੁਗਦੀ ਕੱਚਾ ਖਰਬੂਜ਼ਾ ਮੂੰਹ ਵਿੱਚ ਪਾ ਬੈਠੀ।
ਊਠਣੀ ਦੇ ਗਲ਼ ਵਿੱਚ ਉਹ ਕੱਚਾ ਖਰਬੂਜ਼ਾ ਫਸ ਗਿਆ। ਊਠਣੀ ਨੂੰ ਸਾਹ ਔਖਾ ਆਉਣਾ ਸ਼ੁਰੂ ਹੋ ਗਿਆ। ਕਿਸਾਨ
ਨੇ ਪਿੰਡੋਂ ਸਿਆਣਾ ਬੰਦਾ ਲਿਆਂਦਾ ਤੇ ਉਸ ਨੇ ਊਠਣੀ ਦੇ ਰੋਗ ਨੂੰ ਸਮਝਿਆ ਕਿ ਊਠਣੀ ਦੇ ਗਲ਼ ਵਿੱਚ
ਕੱਚਾ ਖਰਬੂਜਾ ਫਸ ਗਿਆ ਹੈ। ਸਿਆਣੇ ਵੈਦ ਨੇ ਊਠਣੀ ਦੀ ਧੌਣ ਥੱਲੇ ਇੱਟ ਰੱਖ ਕੇ ਊਪਰੋਂ ਹੌਲ਼ੀ ਜੇਹੇ
ਨਾਲ ਵੱਟਾ ਮਾਰਿਆ ਤਾਂ ਕਚਰਾ ਟੁੱਟ-ਭੱਜ ਗਿਆ ਊਠਣੀ ਨੂੰ ਸਾਹ ਸੌਖਾ ਆ ਗਿਆ। ਸਾਹ ਔਖਾ ਆਉਣ ਕਾਰਨ
ਜ਼ਮੀਨ `ਤੇ ਡਿੱਗੀ ਹੋਈ ਊਠਣੀ ਉੱਠ ਬੈਠੀ ਤੇ ਆਪਣੇ ਸਰੀਰ ਨੂੰ ਝਾੜਿਆ ਤੇ ਸਧਾਰਨ ਹਾਲਤ ਵਿੱਚ ਆ ਗਈ।
ਕੋਲ ਖੜੇ ਇੱਕ ਹੋਰ ਆਦਮੀ ਨੇ ਦੇਖਿਆ ਕਿ ਇਲਾਜ ਕਰਨਾ ਕੋਈ ਔਖਾ ਕੰਮ ਨਹੀਂ ਹੈ। ਥੱਲੇ ਵੱਟਾ ਰੱਖੋ
ਤੇ ਊਪਰ ਦੀ ਜ਼ੋਰ ਨਾਲ ਦੂਜਾ ਵੱਟ ਮਾਰੋ ਮਰੀਜ਼ ਝੱਟ ਠੀਕ ਹੋ ਜਾਏਗਾ।
ਨੀਮ ਹਕੀਮ ਨੇ ਪਿੰਡ ਵਿੱਚ ਇੱਕ ਬੁੱਢੀ ਮਾਈ ਦੇ ਗਲ਼ ਵਿੱਚ ਗਿਲ੍ਹੜ ਦੇਖਿਆ ਸੀ। ਨਵਾਂ ਨਵਾਂ ਵੈਦ
ਬਣੇ ਭਾਈ ਨੇ ਘਰ ਵਾਲਿਆਂ ਨੂੰ ਕਿਹਾ ਇਸ ਮਾਂ ਦੇ ਗਲ਼ ਵਿੱਚ ਗਿਲ੍ਹੜ ਹੈ ਤੇ ਇਸ ਦਾ ਮੇਰੇ ਪਾਸ ਇਲਾਜ
ਵੀ ਹੈ। ਘਰ ਵਾਲੇ ਮੰਨ ਗਏ ਇਲਾਜ ਕਰਾਉਣ ਲਈ। ਨੀਮ ਹਕੀਮ ਨੇ ਊਠਣੀ ਵਾਲਾ ਤਰੀਕਾ ਵਰਤਿਆ। ਇੱਕ ਇੱਟ
ਮਾਈ ਦੀ ਧੌਣ ਦੇ ਥੱਲੇ ਰੱਖੀ ਤੇ ਦੂਜੀ ਇੱਟ ਮਾਈ ਦੀ ਧੌਣ `ਤੇ ਮਾਰ ਦਿੱਤੀ। ਮਾਈ ਦੇਖਦਿਆਂ
ਦੇਖਦਿਆਂ ਮਿੰਟਾਂ ਵਿੱਚ ਰੱਬ ਨੂੰ ਪਿਆਰੀ ਹੋ ਗਈ। ਮਾਈ ਦੀ ਮੌਤ ਦੇਖ ਕੇ ਘਰ ਵਾਲਿਆਂ ਨੇ ਨੀਮ ਹਕੀਮ
ਫੈਂਟ ਦਿੱਤਾ। ਹਕੀਮ ਕਹਿੰਦਾ ਏਦਾਂ ਕਰਨ ਨਾਲ ਊਠਣੀ ਤਾਂ ਠੀਕ ਹੋ ਗਈ ਸੀ ਪਰ ਪਤਾ ਨਹੀਂ ਮਾਈ ਕਿਵੇਂ
ਮਰ ਗਈ ਹੈ। ਹੁਣ ਜਦੋਂ ਹਕੀਮ ਦਾ ਹੱਥ ਹੌਲ਼ਾ ਹੋ ਗਿਆ ਤਾਂ ਉਸ ਨੂੰ ਸਮਝ ਲੱਗ ਗਈ ਭਈ ਏਦਾਂ ਵੈਦਗੀ
ਨਹੀਂ ਕੀਤੀ ਜਾਂਦੀ ਸਗੋਂ ਪਹਿਲਾਂ ਵੈਦਗੀ ਸਿੱਖਣੀ ਪੈਂਦੀ ਹੈ—
ਵੈਦ ਚੰਗੇਰੀ ਊਠਣੀ, ਲੈ ਸਿਲ਼ ਵਟਾ ਕਚਰਾ ਭੰਨਾ।।
ਸੇਵਕਿ ਸਿੱਖੀ ਵੈਦਗੀ ਮਾਰੀ ਬੁੱਢੀ ਰੋਵਨਿ ਰੰਨਾ।।
ਪਕੜਿ ਚਲਾਇਆ ਰਾਵਲੈ ਪਉਦੀ ਉਘੜਿ ਗਏ ਸੁ ਕੰਨਾ।।
ਪੁਛੈ ਆਖ ਵਖਾਣਿਉਨ ਉਗੜਿ ਗਇਆ ਪਾਜ ਪਰਛੰਨਾ।।
ਪਾਰਖੂਆਂ ਚੁਣਿ ਕਢਿਆ ਜਿਉ ਕਚਕੜਾ ਨਾ ਰਲੈ ਰਤੰਨਾ।।
ਮੂਰਖ ਅਕਲੀ ਬਾਹਰਾ ਵਾਂਸਹੁ ਮੂਲ ਨ ਹੋਵੀ ਗੰਨਾ।
ਮਾਣਸ ਦੇਹੀ ਪੁਸੂ ਉਪੰਨਾ।
ਵਾਰ ੩੨ ਪਉੜੀ ੧੬
ਕਈ ਵਾਰੀ ਅਸੀਂ ਡਾਕਟਰ ਕੋਲੋਂ ਰੋਗ ਲਕਾਉਣ ਦਾ ਵੀ ਯਤਨ ਕਰਦੇ ਹਾਂ। ਸੋਚਦੇ ਹਾਂ ਕਿ ਜੇ ਇਸ ਨੂੰ
ਪੂਰਾ ਪਤਾ ਲੱਗ ਗਿਆ ਤਾਂ ਇਹ ਕਿਤੇ ਪਿੰਡ ਵਿੱਚ ਭੰਡੀ ਪਰਚਾਰ ਹੀ ਨਾ ਕਰ ਦਏ। ਜਦੋਂ ਝੋਲ਼ਾਛਾਪ
ਡਾਕਟਰ ਪਾਸੋਂ ਵੀ ਅਰਾਮ ਨਾ ਆਏ ਤਾਂ ਫਿਰ ਸਰਕਾਰੀ ਹਸਪਤਾਲਾਂ ਦੇ ਬਾਹਰ ਸਾਰਾ ਦਿਨ ਆਪਣੀ ਵਾਰੀ
ਉਡਕਿਦਿਆਂ ੨ ਲੰਘਾਅ ਦੇਂਦੇ ਹਾਂ। ਡਾਕਟਰ ਦਵਾਈ ਲਿਖ ਦੇਂਦਾ ਹੈ। ਮਾੜੀ ਮੋਟੀ ਦਵਾਈ ਖਾ ਲੈਂਦੇ ਹਾਂ
ਪਰ ਬਿਮਾਰੀ ਤੋਂ ਛੁਟਕਾਰਾ ਨਹੀਂ ਹੁੰਦਾ। ਦਰ ਅਸਲ ਅਸੀਂ ਸੋਚਦੇ ਹਾਂ ਆਪੇ ਹੀ ਅਰਾਮ ਆ ਜਾਏਗਾ।
ਮਾੜੇ ਮੋਟੇ ਸਾਰੇ ਹੀਲੇ ਵਰਤ ਲੈਂਦੇ ਹਾਂ। ਫਿਰ ਬੈਠਿਆਂ ਬੈਠਿਆਂ ਖਿਆਲ ਆਉਂਦਾ ਹੈ ਤੇ ਨਾਲ਼ੇ
ਪਹਿਲਾਂ ਸੁਣਿਆਂ ਹੈ ਕਿ ਫਲਾਣੇ ਬਾਬੇ ਦੇ ਡੇਰੇ ਦੀਆਂ ਚੌਂਕੀਆਂ ਭਰਨ ਨਾਲ ਫਲਾਣੇ ਬੰਦੇ ਦਾ ਰੋਗ
ਦੂਰ ਹੋਇਆ ਸੀ। ਪੁੱਛਦਿਆਂ ਪਛਾਉਂਦਿਆਂ ਅਸੀਂ ਪੜ੍ਹੇ ਲਿਖੇ ਹੋਣ ਦੇ ਨਾਤੇ ਵੀ ਬਾਬਿਆਂ ਦੇ ਡੇਰਿਆਂ
ਵਲ ਨੂੰ ਮੂੰਹ ਕਰ ਲੈਂਦੇ ਹਾਂ। ਇਹ ਮਾਨਸਿਕ ਕਮਜ਼ੋਰੀ ਭਾਰਤ ਵਿੱਚ ਹੀ ਨਹੀਂ ਸਗੋਂ ਵਿਕਸਤ ਮੁਲਕਾਂ
ਵਿੱਚ ਵੀ ਆਮ ਦੇਖੀ ਜਾ ਸਕਦੀ ਹੈ। ਹਕੀਕਤ ਇਹ ਹੈ ਅਸੀਂ ਬਿਮਾਰੀ ਦੀ ਜੜ੍ਹ ਤੀਕ ਜਾਣ ਲਈ ਤਿਆਰ ਨਹੀਂ
ਹੁੰਦੇ। ਊਪਰੋਂ ਊਪਰੋਂ ਹੀ ਇਲਾਜ ਕਰਾ ਰਹੇ ਹੁੰਦੇ ਹਾਂ।
ਇੰਗਲੈਂਡ ਦੀ ਧਰਤੀ `ਤੇ ਮੇਰੇ ਇੱਕ ਪਰਮ ਮਿੱਤਰ ਭਾਈ ਸਾਹਿਬ ਭਾਈ ਪ੍ਰਿਥੀਪਾਲ ਸਿੰਘ ਜੀ ਰਹਿੰਦੇ ਹਨ
ਜੋ ਕਿ ਕੀਰਤਨੀ ਘਰਾਣੇ ਨਾਲ ਸਬੰਧ ਰੱਖਦੇ ਹਨ। ਮੇਰੀ ਵਾਕਫ਼ੀਅਤ ਭਾਈ ਕੁਲਵੰਤ ਸਿੰਘ ਜੀ ਭੰਡਾਲ
ਹੁਰਾਂ ਕਰਾਈ ਸੀ। ਇਹਨਾਂ ਦੀ ਆਪਸ ਵਿੱਚ ਸਾਂਝ ਗੁਰਬਾਣੀ ਦੀਆਂ ਵਿਚਾਰਾਂ ਕਰਕੇ ਹੋਈ ਸੀ। ਭਾਈ
ਪ੍ਰਿਥੀਪਾਲ ਸਿੰਘ ਜੀ ਕਹਿੰਦੇ ਹਨ ਕਿ ਜੋ ਮੈਂ ਸੁਣਦਾ ਸੀ ਮੈਨੂੰ ਉਹ ਧਰਮ ਦਾ ਇੱਕ ਪ੍ਰਤੀਸ਼ੱਤ ਵੀ
ਹਿੱਸਾ ਨਹੀਂ ਲਗਦਾ ਸੀ ਪਰ ਮੈਨੂੰ ਆਪ ਗੁਰਬਾਣੀ ਦੀ ਸੌਝੀ ਘੱਟ ਹੋਣ ਕਰਕੇ ਅੰਧਵਿਸ਼ਵਾਸ `ਤੇ ਹੀ
ਪੂਰਾ ਯਕੀਨ ਕਰਦੇ ਹੁੰਦੇ ਸੀ। ਭਾਈ ਪ੍ਰਿਥੀਪਾਲ ਸਿੰਘ ਜੀ ਦੇ ਇੱਕ ਵੱਡੇ ਭਰਾਤਾ ਜੀ ਵੀਰ ਜਸਪਾਲ
ਸਿੰਘ ਜੀ ਯੂ. ਐਸ. ਏ. ਵਾਲੇ ਬਹੁਤ ਵਧੀਆ ਕੀਰਤਨ ਕਰਦੇ ਹਨ ਜੋ ਕਿ ਅੱਜ ਕਲ੍ਹ ਬਾਬਾ ਜੀ ਭਾਵ
ਸਾਧਲਾਣੇ ਵਿੱਚ ਸ਼ਾਮਿਲ ਹੋ ਗਏ ਹਨ ਜਨੀ ਕਿ ਸਿੱਖੀ ਵਿੱਚ ਇੱਕ ਹੋਰ ਸੇਅ ਦਾ ਤਕਲਾ ਗੱਡਿਆ ਗਿਆ ਹੈ।
ਭਾਈ ਪ੍ਰਿਥੀਪਾਲ ਸਿੰਘ ਜੀ ਨੂੰ ਆਪਣੇ ਘਰ ਵਿੱਚ ਬਹੁਤ ਹੀ ਖੂਬਸੂਰਤ ਫੱਲਾਂ ਤੇ ਸਬਜ਼ੀਆਂ ਦੀ ਬਗੀਚੀ
ਤਿਆਰ ਕੀਤੀ ਹੋਈ ਹੈ। ਉਹ ਦਸਦੇ ਹਨ ਕਿ ਮੈਂ ਹਰ ਰੋਜ਼ ਚਾਰ ਤੋਂ ਛੇ ਘੰਟੇ ਇਸ ਬਗੀਚੀ ਵਿੱਚ ਕੰਮ
ਕਰਦਾ ਹਾਂ। ਕਈ ਵਾਰੀ ਧੁੱਪ ਵਿੱਚ ਵੀ ਕੰਮ ਕਰਦਾ ਰਹਿੰਦਾ ਹਾਂ। ਹੋਇਆ ਇਹ ਕਿ ਧੁੱਪ ਵਿੱਚ ਕੰਮ ਕਰਨ
ਨਾਲ ਮੇਰੇ ਸਰੀਰ ਦੀ ਚਮੜੀ ਤੇ ਕਾਲ਼ੇ ਰੰਗ ਦੀਆਂ ਧਾਰੀਆਂ ਬਣਨੀਆਂ ਸ਼ੁਰੂ ਹੋ ਗਈਆਂ ਤੇ ਨਾਲ ਖੁਰਕ
ਹੋਣੀ ਸ਼ੁਰੂ ਹੋ ਗਈ। ਮੈਂ ਡਾਕਟਰਾਂ ਪਾਸ ਚਲਾ ਗਿਆ ਡਾਕਟਰਾਂ ਨੇ ਆਪਣੇ ਹਿਸਾਬ ਨਾਲ ਮੈਨੂੰ ਦਵਾਈ
ਦੇਣੀ ਸ਼ੂਰੂ ਕੀਤੀ ਪਰ ਅਰਾਮ ਨਾ ਆਇਆ। ਡਾਕਟਰਾਂ ਦੇ ਪਿੜ ਪੱਲੇ ਕੁੱਝ ਪਏ ਨਾ ਇਹ ਬਿਮਾਰੀ ਪੈਦਾ
ਕਿਉਂ ਹੋ ਰਹੀ ਹੈ? ਉਹਨਾਂ ਦਵਾਈ ਦੇ ਦੇਣੀ ਮੈਂ ਖਾ ਲੈਣੀ ਪਰ ਬਿਮਾਰੀ ਓੱਥੇ ਦੀ ਓੱਥੇ ਹੀ ਖੜੀ
ਰਹਿੰਦੀ ਸੀ। ਪੰਜਾਬੀ ਸੁਭਾਅ ਅਨੁਸਾਰ ਸਾਰੇ ਘਰੇਲੂ ਨੁਕਸਿਆਂ ਨੂੰ ਅਪਨਾ ਕੇ ਦੇਖ ਲਿਆ ਸੀ ਪਰ
ਮੈਨੂੰ ਅਰਾਮ ਨਾ ਆਇਆ। ਪੰਜਾਬੀਆਂ ਦੇ ਮਨਾ ਵਿੱਚ ਇੱਕ ਪੁੱਠਾ ਜੇਹਾ ਸੁਭਾਅ ਵੀ ਬੈਠਾ ਹੋਇਆ ਹੈ ਕਿ
ਜੇ ਅਰਾਮ ਆਉਣਾ ਹੋਇਆ ਤਾਂ ਸਵਾਹ ਦੀ ਪੁੜੀ ਤੋਂ ਵੀ ਆ ਜਾਣਾ ਹੈ। ਏਸੇ ਕਰਕੇ ਬਹੁਤੀ ਦੁਨੀਆਂ ਸਾਧਾਂ
ਦੇ ਢਏ ਚੜ੍ਹੀ, ਸਵਾਹ ਦੀਆਂ ਪੁੜੀਆਂ ਹੱਥਾਂ ਵਿੱਚ ਫੜੀ ਹੋਈ ਤੁਰੀ ਫਿਰਦੀ ਨਜ਼ਰ ਆ ਰਹੀ ਹੈ।
ਭਾਈ ਪ੍ਰਿਥੀਪਾਲ ਸਿੰਘ ਜੀ ਸੇਠੀ ਦਸਦੇ ਹਨ—ਇਹ ਕੋਈ ਵੀਹ ਕੁ ਸਾਲ ਦੇ ਕਰੀਬ ਹੱਡ ਬੀਤੀ ਦਾਸਤਾਂ ਹੈ।
ਦਾਸ ਅਤੇ ਮੇਰੇ ਵੱਡੇ ਵੀਰ ਗਿਆਨੀ ਜਸਪਾਲ ਸਿੰਘ ਜੀ ਯੂ. ਐਸ. ਏ. ਵਾਲੇ ਜੋ ਕਿ ਬਹੁਤ ਸੁੰਦਰ ਕੀਰਤਨ
ਕਰਦੇ ਹਨ। ਅਸੀਂ ਦੋਨੋਂ ਭਰਾ ਹਾਪੜ ਜੋ ਕਿ ਰਾੜੇ ਵਾਲੀ ਸੰਪਰਦਾ ਨਾਲ ਸਬੰਧਤ ਡੇਰਾ ਹੈ। ਓੱਥੇ ਇੱਕ
ਬੀਬੀ ਜੀ ਜਿੰਨ੍ਹਾਂ ਦਾ ਨਾਮ ਬੀਬੀ ਸੰਤੋਸ਼ ਕੌਰ ਹੈ ਉਹ ਓੱਥੋਂ ਦੇ ਕਰਤਾ ਧਰਤਾ ਸਨ। ਜਨੀ ਕਿ ਇਹ
ਬੀਬੀ ਜੀ ਹੁਣ ਬਾਬਾ ਜੀ ਬਣ ਚੁੱਕੇ ਸਨ। ਉਨ੍ਹਾਂ ਦਾ ਕੰਮ ਵੀ ਲੋਕਾਂ ਵਿਚੋਂ ਭੂਤਾਂ ਨੂੰ ਕੱਢਣ ਦਾ
ਹੀ ਸੀ। ਹੋਇਆ ਇੰਝ ਕਿ ਭਾਈ ਜਸਪਾਲ ਸਿੰਘ ਜੀ ਦੀ ਵੀ ਸਿਹਤ ਖਰਾਬ ਰਹਿੰਦੀ ਸੀ, ਉਹ ਰਾੜੇ ਵਾਲੇ
ਡੇਰੇ ਨੂੰ ਮੰਨਦੇ ਸਨ। ਉਹਨਾਂ ਨੂੰ ਪਤਾ ਲੱਗਿਆ ਕਿ ਹਾਪੜ ਵਾਲੀ ਬੀਬੀ ਜੋ ਰਾੜੇ ਵਾਲੇ ਡੇਰੇ ਨਾਲ
ਸਬੰਧ ਰੱਖਦੀ ਸੀ ਉਹ ਮਨੁੱਖੀ ਬਿਮਾਰੀਆਂ ਜਾਂ ਹੋਰ ਕਈ ਪਰਕਾਰ ਦੀਆਂ ਸਮੱਸਿਆਵਾਂ ਦਾ ਇਲਾਜ ਕਰਦੇ
ਹਨ। ਭਾਅ ਜੀ ਜਸਪਾਲ ਸਿੰਘ ਯੂ. ਐਸ. ਏ ਤੋਂ ਆਪਣਾ ਇਲਾਜ ਕਰਾਉਣ ਲਈ ਯੂ. ਕੇ. ਰਾਂਹੀ ਜਾ ਰਹੇ ਸਨ।
ਕੁਦਰਤੀ ਮੈਂ ਵੀ ਬਿਮਾਰ ਸੀ। ਮੈਂ ਆਪਣੀ ਤਕਲੀਫ਼ ਭਾਅ ਜੀ ਨੂੰ ਦੱਸੀ ਕਿ ਮੈਨੂੰ ਵੀ ਚਮੜੀ ਰੋਗ ਦੀ
ਸ਼ਕਾਇਤ ਹੈ। ਮੈਂ ਆਪਣੀ ਪਿੱਠ ਤੋਂ ਕਮੀਜ਼ ਨੂੰ ਉਪਰ ਕਰਕੇ ਦਿਖਾਇਆ ਤਾਂ ਮੇਰੇ ਭਾਅ ਜੀ ਨੇ ਦੇਖਦਿਆਂ
ਸਾਰ ਹੀ ਇੱਕ ਦਮ ਕਹਿ ਦਿੱਤਾ ਕਿ ਤੈਨੂੰ ਕੋਈ ਭੂਤ ਚੰਮੜਿਆ ਹੋਇਆ ਹੈ। ਉਹ ਮੈਨੂੰ ਕਹਿਣ ਲੱਗੇ ਕਿ
ਇਸ ਭੂਤ ਦਾ ਇਲਾਜ ਹੋਣਾ ਚਾਹੀਦਾ ਹੈ। ਉਹਨਾਂ ਦੇ ਦੱਸਣ ਅਨੁਸਾਰ ਪਿੰਡ ਗਾਜ਼ੀਆਬਾਦ ਦੇ ਕੋਲ ਇੱਕ
ਗੁਰਦੁਆਰਾ ਹੈ ਜਿੱਥੇ ਪੂਰਨਮਾਸ਼ੀ, ਮੱਸਿਆ ਤੇ ਸੰਗਰਾਂਦ ਆਦਿ ਮਨਾਉਂਦੇ ਹਨ। ਉਹਨਾਂ ਨੇ ਦੱਸਿਆ ਏੱਥੇ
ਬੀਬੀ ਬਾਬਾ ਜੀ ਨੇ ਇੱਕ ਗੁਰਦੁਆਰਾ ਬਣਾਇਆ ਹੋਇਆ ਹੈ ਜਿਸ ਦੇ ਇਰਦ ਗਿਰਦ ਖੇਤ ਹੀ ਖੇਤ ਹਨ। ਇਸ
ਗੁਰਦੁਆਰੇ ਦੇ ਨੇੜੇ ਇੱਕ ਛੱਪੜ ਹੈ ਓੱਥੋਂ ਇਸ਼ਾਨਨ ਕਰਨ ਨਾਲ ਸਾਰੇ ਦੁਖ ਦਲਿੱਦਰ ਦੂਰ ਹੋ ਜਾਂਦੇ
ਹਨ। ਭਾਅ ਜੀ ਦੇ ਦੱਸਣ ਅਨੁਸਾਰ ਬੀਬੀ ਜੀ ਨੇ ਦੱਸਿਆ ਹੋਇਆ ਸੀ ਇਸ ਛੱਪੜ ਨੂੰ ਗੁਰੂ ਨਾਨਕ ਸਾਹਿਬ
ਜੀ ਨੇ ਵਰ ਦਿੱਤਾ ਹੋਇਆ ਹੈ ਕਿ ਜਿਹੜਾ ਵੀ ਏੱਥੇ ਇਸ਼ਨਾਨ ਕਰੇਗਾ ਉਸ ਦੇ ਦੁਖ-ਕਲੇਸ਼ ਤਥਾ ਅੰਦਰਲੀਆਂ
ਬਾਹਰਲੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਭਾਅ ਜੀ ਦੀਆਂ ਗੱਲਾਂ ਨੂੰ ਇਲਾਹੀ ਪ੍ਰਵਚਨ
ਸਮਝ ਕੇ ਮੰਨ ਗਿਆ ਤੇ ਉਹਨਾਂ ਦੇ ਨਾਲ ਜਾਣ ਲਈ ਤਿਆਰ ਹੋ ਪਿਆ। ਭਾਅ ਜੀ ਨੇ ਕਿਹਾ ਕਿ ਆਪਾਂ ਫਿਰ
ਇਕੱਠੇ ਹੀ ਭਾਰਤ ਨੂੰ ਚਲਦੇ ਹਾਂ। ਮੈਨੂੰ ਵੀ ਉਹਨਾਂ ਨੇ ਆਪਣੇ ਨਾਲ ਲੈ ਲਿਆ ਤੇ ਇੰਝ ਮੈਂ ਆਪਣਾ
ਇਲਾਜ ਕਰਾਉਣ ਲਈ ਮੈਂ ਵੀ ਉਹਨਾਂ ਨਾਲ ਚੱਲ ਪਿਆ।
ਮੰਜ਼ਿਲ ਤਹਿ ਕਰਕੇ ਅਸੀਂ ਬੀਬੀ ਬਾਬਾ ਜੀ ਦੇ ਡੇਰੇ ਪਹੁੰਚ ਗਏ। ਬਾਬਾ ਬੀਬੀ ਜੀ ਨੂੰ ਅਸੀਂ ਆਪਣੀਆਂ
ਤਕਲੀਫਾਂ ਦੱਸੀਆਂ ਤਾਂ ਬਾਬਾ ਬੀਬੀ ਜੀ ਨੇ ਤਾਗੀਦ ਕੀਤੀ ਕੇ ਭਾਈ ਉਸ ਛੱਪੜ ਵਿੱਚ ਰਗੜ ਰਗੜ ਕੇ
ਇਸ਼ਨਾਨ ਕਰਨ ਦਾ ਯਤਨ ਕਰੀਂ। ਭਾਈ ਪ੍ਰਿਥੀਪਾਲ ਸਿੰਘ ਜੀ ਦੱਸਦੇ ਸਨ ਕਿ ਉਸ ਛੱਪੜ ਦਾ ਪਾਣੀ ਧੁੱਪ
ਕਰਕੇ ਉਪਰੋਂ ਹਰੇ ਰੰਗ ਦਾ ਲਗਦਾ ਸੀ ਤੇ ਪਾਣੀ ਵਿੱਚ ਡੱਡੂ ਬੜੇ ਅਰਾਮ ਨਾਲ ਤੁਰਦੇ ਫਿਰਦੇ ਨਜ਼ਰ ਆ
ਰਹੇ ਸਨ। ਕਹਿੰਦੇ ਕਿ ਮੈਂ ਆਪਣਾ ਮਨ ਪੱਕਾ ਕਰਕੇ ਛੱਪੜ ਵਿੱਚ ਵੜ ਗਿਆ ਦੇ ਛੱਪੜ ਦੀ ਮਿੱਟੀ ਨੂੰ
ਖੂਬ ਆਪਣੇ ਪਿੰਡੇ `ਤੇ ਰਗੜਿਆ। ਜਨੀ ਕਿ ਬਹੁਤ ਹੀ ਸ਼ਰਧਾ ਪੂਰਵਕ ਵਰ ਮਿਲੇ ਛੱਪੜ ਵਿਚੋਂ ਇਸ਼ਨਾਨ
ਕੀਤਾ ਤੇ ਫਿਰ ਗੁਰਦੁਆਰਾ ਆ ਕੇ ਸ਼ੁੱਧ ਪਾਣੀ ਨਾਲ ਇਸ਼ਨਾਨ ਕੀਤਾ। ਭਾਈ ਪ੍ਰਿਥੀਪਾਲ ਸਿੰਘ ਜੀ ਦਸਦੇ
ਸਨ ਕਿ ਅਫਸੋਸ ਮੇਰੀ ਖਲੜੀ ਨੂੰ ਇੱਕ ਪ੍ਰਤੀਸ਼ੱਤ ਵੀ ਅਰਾਮ ਨਾ ਮਿਲਿਆ। ਓੱਥੇ ਇੱਕ ਸ਼ੁਕਰ ਵਾਲੀ ਗੱਲ
ਹੈ ਕਿ ਮੈਂ ਕੋਈ ਹੋਰ ਬਿਮਾਰੀ ਨਾਲ ਨਹੀਂ ਲੈ ਕੇ ਆ ਗਿਆ ਨਹੀਂ ਤਾਂ ਇਹੋ ਜੇਹੇ ਪਾਣੀ ਵਿੱਚ ਇਸ਼ਨਾਨ
ਕਰਨ ਨਾਲ ਕਈ ਹੋਰ ਬਿਮਾਰੀਆਂ ਵੀ ਲੱਗ ਸਕਦੀਆਂ ਸਨ।
ਲਓ ਜੀ ਅਸੀਂ ਇਸ਼ਨਾਨ ਕਰਕੇ ਪਟਿਆਲੇ ਆ ਗਏ। ਓੱਥੇ ਇੱਕ ਚਮੜੀ ਦੇ ਮਾਹਰ ਡਾਕਟਰ ਨੂੰ ਆਪਣੀ ਸਾਰੀ
ਦੁੱਖ ਭਰੀ ਰਾਮ ਕਹਾਣੀ ਸੁਣਾਈ। ਉਸ ਨੇ ਇੰਗਲੈਂਡ ਰਹਿੰਦਿਆਂ ਦੀ ਸਾਰੀ ਕੰਮ ਦੀ ਤਰਤੀਬ ਪੁੱਛੀ ਮੈਂ
ਉਸ ਡਾਕਟਰ ਨੂੰ ਆਪਣੇ ਕੰਮ ਸਬੰਧੀ ਤੇ ਘਰ ਵਿੱਚ ਹਰ ਸਮੇਂ ਬਗੀਚੀ ਤਿਆਰ ਕਰਦੇ ਰਹਿਣ ਸਬੰਧੀ ਮੋਟੀ
ਮੋਟੀ ਜਾਣਕਾਰੀ ਦੇ ਦਿੱਤੀ। ਇੰਗਲੈਂਡ ਤੋਂ ਦੂਰ ਬੈਠੇ ਡਾਕਟਰ ਨੂੰ ਸਾਰੀ ਸਥਿੱਤੀ ਸਮਝਣ ਵਿੱਚ ਕੋਈ
ਬਹੁਤੀ ਦੇਰ ਨਾ ਲੱਗੀ। ਡਾਕਟਰ ਸਾਹਿਬ ਨੇ ਦੱਸਿਆ ਕਿ ਤੁਹਡੇ ਮੁਲਕ ਵਿੱਚ ਧੁੱਪ ਬਹੁਤ ਤਿੱਖੀ
ਨਿਕਲਦੀ ਹੈ ਜਿਹੜੀ ਚਮੜੀ ਨੂੰ ਚੁੱਭਦੀ ਹੈ। ਭਾਵ ਧੁੱਪ ਚਮੜੀ ਨੂੰ ਡੰਗ ਮਾਰਦੀ ਹੈ। ਡਾਕਟਰ ਸਾਹਿਬ
ਜੀ ਨੇ ਦੱਸਿਆ ਕਿ ਜਦੋਂ ਵੀ ਤੁਸੀਂ ਆਪਣੀ ਬਗੀਚੀ ਵਿੱਚ ਕੰਮ ਕਰਨਾ ਹੈ ਤਾਂ ਆਪਣੇ ਪਿੰਡੇ ਤੇ ਇਹ
ਕਰੀਮ ਲਗਾ ਲਿਆ ਕਰੋ ਤਾਂ ਕਿ ਤੁਹਾਡੀ ਚਮੜੀ ਤਿੱਖੀ ਧੁੱਪ ਦਾ ਡੰਗ ਸਹਿ ਸਕੇ। ਕੁੱਝ ਉਹਨਾਂ ਨੇ
ਸਾਦੇ ਜੇਹੇ ਨੁਕਤੇ ਵੀ ਸਮਝਾਏ ਕਿ ਜਦੋਂ ਕਦੇ ਖਾਰਸ਼ ਹੋਵੇ ਓਦੋਂ ਖੁਰਕਣਾ ਨਹੀਂ ਹੈ ਕਿਉਂਕਿ ਨੰਹੂਆਂ
ਨਾਲ ਅਗਾਂਹ ਹੋਰ ਖਾਰਸ਼ ਹੋਣ ਲੱਗ ਪੈਂਦੀ ਹੈ। ਦੂਜਾ ਤੌਲੀਏ ਨਾਲ ਆਪਣੇ ਸਰੀਰ ਨੂੰ ਰਗੜਨਾ ਨਹੀਂ ਹੈ।
ਤੀਜਾ ਨਹਾਉਣ ਉਪਰੰਤ ਸਾਰੇ ਸਰੀਰ `ਤੇ ਇਹ ਕਰੀਮ ਲਗਾਉਣੀ ਹੈ ਤੇ ਚੌਥਾ ਨਿੰਮ ਵਾਲਾ ਸਾਬਣ ਵਰਤਿਆ
ਕਰੋ। ਇੰਜ ਡਾਕਟਰੀ ਇਲਾਜ ਨਾਲ ਮੈਂ ਕੁੱਝ ਦਿਨਾਂ ਵਿੱਚ ਠੀਕ ਹੋ ਗਿਆ।
ਛੱਪੜ ਵਿੱਚ ਨਹਾਉਣ ਵਾਲੀ ਘਟਨਾ ਮੇਰੇ ਲਈ ਜਗ੍ਹੋਂ ਤੇਰ੍ਹਵੀਂ ਹੈ। ਅੱਜ ਵੀ ਜਦੋਂ ਮੈਨੂੰ ਛੱਪੜ
ਵਾਲੇ ਪਾਣੀ ਦੀ ਯਾਦ ਆ ਜਾਂਦੀ ਹੈ ਤਾਂ ਮੇਰੇ ਰੌਂਗਟੇ ਖੜੇ ਹੋ ਜਾਂਦੇ ਹਨ। ਉਹ ਦਿਨ ਜਾਏ ਤੇ ਅੱਜ
ਦਾ ਦਿਨ ਆਏ ਸਭ ਤੋਂ ਪਹਿਲਾਂ ਮੈਂ ਆਪਣੇ ਘਰੋਂ ਅਖੌਤੀ ਸਾਧ ਲਾਣੇ ਬਾਬਿਆਂ ਦੀਆਂ ਤਸਵੀਰਾਂ ਨੂੰ
ਦੀਵਾਰਾਂ ਤੋਂ ਹਟਾਇਆ। ਮੇਰੇ ਵੀਰ ਜੀ ਮੇਰੇ ਨਾਲੋਂ ਵੱਡੇ ਹਨ ਅਸੀਂ ਉਹਨਾਂ ਦਾ ਬਹੁਤ ਹੀ ਸਤਕਾਰ
ਕਰਦੇ ਹਾਂ ਪਰਵਾਰਕ ਰਿਸ਼ਤੇ ਅਨੁਸਾਰ ਕਰਦੇ ਹੀ ਰਹਾਂਗੇ ਪਰ ਉਹ ਵਿਦਵਾਨ ਹੁੰਦੇ ਹੋਏ ਸੰਤ ਬਣ ਗਏ
ਸਾਡੀ ਵੀ ਉਹਨਾਂ `ਤੇ ਅਥਾਹ ਸ਼ਰਧਾ ਬਣ ਗਈ ਸੀ। ਉਹਨਾਂ ਦੇ ਕਹੇ ਅਨੁਸਾਰ ਪੰਜਾਬ ਦੇ ਹਰੇਕ ਸਾਧ ਦੀ
ਤਸਵੀਰ ਨੂੰ ਮੈਂ ਆਪਣੇ ਘਰ ਦੀਆਂ ਦੀਵਾਰਾਂ ਦੇ ਲਟਕਾਇਆ ਹੋਇਆ ਸੀ। ਮੇਰਾ ਇਹ ਕਰਮ ਹੀ ਬਣ ਗਿਆ ਸੀ
ਕਿ ਅਦਬ ਸਤਕਾਰ ਨਾਲ ਇਹਨਾਂ ਤਸਵੀਰਾਂ ਦੀ ਪੂਜਾ ਕਰਨ ਵਿੱਚ ਕੋਈ ਕੁਤਾਹੀ ਨਾ ਹੋ ਜਾਏ।
ਹੁਣ ਜਦੋਂ ਦੀ ਗੁਰਬਾਣੀ ਪੜ੍ਹਨੀ ਵਿਚਾਰਨੀ ਸ਼ੂਰੂ ਕੀਤੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਸਾਧਾਂ ਦੀਆਂ
ਤਸਵੀਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ। ਸ਼ਬਦ ਦੀ ਵਿਚਾਰ ਦੁਆਰਾ ਸਮਝ ਲੱਗੀ ਹੈ ਕਿ ਗੁਰਬਾਣੀ ਦੀ
ਵਿਚਾਰ ਨਾ ਸਮਝਣ ਕਰਕੇ ਅਸੀਂ ਆਪਣੇ ਜੀਵਨ ਵਿੱਚ ਕਿੰਨਾ ਹਨੇਰਾ ਢੋਅ ਰਹੇ ਹਾਂ। ਮੇਰੀ ਭਾਵਨਾ ਹੈ ਕਿ
ਮੇਰੀ ਇਸ ਰਾਮ ਕਹਾਣੀ ਤੋਂ ਹੋਰਨਾਂ ਲੋਕਾਂ ਨੂੰ ਵੀ ਸਮਝ ਆਏ ਜੋ ਅੰਨ੍ਹੀ ਸ਼ਰਧਾ ਨਾਲ ਸਾਧਾਂ ਦੀ
ਪੂਜਾ ਕਰਨ ਵਿੱਚ ਰੁੱਝੇ ਹੋਏ ਹਨ।