.

ਮਾਥੇ ਤਿਲਕੁ ਹਥਿ ਮਾਲਾ ਬਾਨਾਂ

ਬਹੁਤੇ ਲੋਕ ਧਰਮ ਦੇ ਨਾਂਅ ਤੇ ਮਿੱਥੇ ਹੋਏ ਕੋਈ ਚਿੰਨ ਧਾਰਨ ਕਰ ਲੈਂਦੇ ਹਨ ਜਾਂ ਕੋਈ ਮੰਨਿਆ ਹੋਇਆ ਬਾਣਾ ਪਾ ਲੈਂਦੇ ਹਨ ਅਤੇ ਇਹ ਕਰਕੇ ਆਪਣੇ ਆਪ ਨੂੰ ਪੂਰਾ ਧਰਮੀ ਸਮਝਣ ਲੱਗ ਪੈਂਦੇ ਹਨ। ਬਾਣੀ ਦੇ ਅਨੁਸਾਰ ਇਹ ਰੱਬ ਨੂੰ ਖਿਡਾਉਣਾ ਸਮਝਣ ਦੇ ਤੁੱਲ ਹੈ।

ਧਾਰਮਿਕ ਪਹਿਰਾਵਿਆਂ ਵਿੱਚ ਨਿੱਤ ਨਵੇਂ ਵਾਧੇ ਹੁੰਦੇ ਹਨ ਤੇ ਹੋਰ ਨਜ਼ਰ ਆਉਣ ਵਾਲੀਆਂ ਚੀਜ਼ਾਂ ਨੂੰ ਅਹਿਮੀਅਤ ਦੇ ਦਿੱਤੀ ਜਾਂਦੀ ਹੈ। ਬਾਣੀ ਦਾ ਫੈਸਲਾ ਹੈ ਕਿ ਇਨਾਂ ਦੇ ਆਧਾਰ ਤੇ ਬਣਿਆ ਧਰਮੀ ਠੱਗੀ ਕਰ ਰਿਹਾ ਹੈ ਕਿਉਂਕਿ ਉਸਦਾ ਹਿਰਦਾ ਤਾਂ ਮੈਲੇ ਦਾ ਮੈਲਾ ਹੈ-

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ

ਗਲੀ ਜਿਨਾ ਜਪਮਾਲੀਆ ਲੋਟੇ ਹਥਿ ਨਿਬਗ

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ-੪੭੬

ਧਰਮ ਅੰਦਰਲੀ ਕਮਾਈ ਹੈ। ਵਿਕਾਰਾਂ ਅਤੇ ਔਗੁਣਾਂ ਨਾਲ ਮੈਲੇ ਹੋਏ ਮਨਾਂ ਨੂੰ ਨਿਰਮਲ ਕਰਨ ਦਾ ਔਖਾ ਕੰਮ ਹੈ ਕਿਉਂਕਿ ਨਿਰਮਲ ਪ੍ਭੂ ਨਾਲ ਨਿਰਮਲ ਮਨ ਹੀ ਮਿਲ ਸਕਦੇ ਹਨ। ਮੈਲੇ ਮਨਾਂ ਨਾਲ ਕੀਤੇ ਕਰਮ ਕਾਂਡ ਕਿਸੇ ਨੂੰ ਧਰਮੀ ਨਹੀਂ ਬਣਾ ਸਕਦੇ ਤੇ ਨਾ ਹੀ ਧਰਮ ਦੇ ਨਾਂਅ ਤੇ ਪਹਿਨੇ ਅਡੰਬਰੀ ਪਹਿਰਾਵੇ ਕਿਸੇ ਨੂੰ ਧਰਮੀ ਹੋਣ ਦਾ ਦਰਜਾ ਦੇ ਸਕਦੇ ਹਨ।ਰੱਬ ਕਦੇ ਵੀ ਕਿਸੇ ਦੇ ਬਾਹਰੀ ਭੇਖ ਨਾਲ ਖੁਸ਼ ਨਹੀਂ ਹੁੰਦਾ-

ਜਾਨਨਹਾਰ ਪ੍ਭੂ ਪਰਬੀਨ। ਬਾਹਰਿ ਭੇਖ ਨ ਕਾਹੂ ਭੀਨ-੨੬੯

ਬਾਹਰ ਭੇਖਿ ਨ ਪਾਈਐ ਪ੍ਭੁ ਅੰਤਰਜਾਮੀ-੧੦੯੯

ਖਟੁ ਦਰਸਨ ਭ੍ਮਤੇ ਫਿਰਹਿ ਨਹ ਮਿਲੀਐ ਭੇਖੰ.....

ਭੇਖੀ ਪ੍ਭੂ ਨ ਲਭਈ ਵਿਣੁ ਸਚੀ ਸਿਖੰ-੧੦੯੯

ਇਹ ਗੁਰਬਾਣੀ ਦਾ ਪੱਕਾ ਸਿਧਾਂਤ ਹੈ ਕਿ ਬਾਹਰੋਂ ਕੋਈ ਕਿਸ ਤਰਾਂ ਦਾ ਨਜ਼ਰ ਆਉਂਦਾ ਹੈ ਇਸ ਦਾ ਧਰਮ ਨਾਲ ਕੋਈ ਸੰਬੰਧ ਨਹੀਂ।ਧਰਮੀ ਦੀ ਪਰਖ ਦਾ ਆਧਾਰ ਉਸਦਾ ਅੰਦਰ ਹੈ। ਉੱਥੇ ਜੇ ਵਿਕਾਰ ਅਤੇ ਝੂਠ ਦੀ ਮੈਲ ਹੈ ਤਾਂ ਉਹ ਅਧਰਮੀ ਹੈ।ਪਰ ਜੇ ਹਿਰਦੇ ਦੇ ਅੰਦਰ ਨਿਰਮਲ ਸੱਚ ਹੈ ਤਾਂ ਹੀ ਉੱਤਮ ਕਰਣੀ ਵਾਲਾ ਬਣ ਸਕਦਾ ਹੈ। ਸਭ ਤੋਂ ਪਹਿਲਾ, ਵੱਡਾ ਤੇ ਇੱਕੋ ਇੱਕ ਕੰਮ ਹਿਰਦੇ ਨੂੰ ਸੱਚ ਨਾਲ ਜੋੜਨਾ ਹੈ। ਜੇ ਇਹ ਨਹੀਂ ਹੁੰਦਾ ਤਾਂ ਧਰਮ ਦੇ ਨਾਂਅ ਤੇ ਕੀਤਾ ਸਭ ਕੁੱਝ ਪਾਖੰਡ ਦਾ ਦਰਜਾ ਹੀ ਲਵੇਗਾ-

ਹਿਰਦੈ ਸਚੁ ਏਹ ਕਰਣੀ ਸਾਰ। ਹੋਰੁ ਸਭੁ ਪਾਖੰਡੁ ਪੂਜ ਖੁਆਰ-੧੩੪੩

ਜਿੰਨੀਆਂ ਵੀ ਨਜ਼ਰ ਆਉਣ ਵਾਲੀਆਂ ਚੀਜ਼ਾਂ ਤੇ ਟੇਕ ਰੱਖਾਂਗੇ ਉੱਨਾਂ ਹੀ ਰੱਬ ਤੋਂ ਦੂਰ ਰਹਾਂਗੇ।ਨਿਰਾਕਾਰ ਪ੍ਭੂ ਨਾਲ ਮਿਲਾਪ ਦੀ ਸ਼ਰਤ ਹਰ ਨਜ਼ਰ ਆਉਣ ਵਾਲੀ ਚੀਜ਼ ਤੋਂ ਟੇਕ ਹਟਾ ਕੇ ਹੀ ਪੂਰੀ ਹੋਣੀ ਹੈ-

ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ

ਇਤੀ ਮੰਝਿ ਨਾ ਸਮਾਵਈ ਜੇ ਗਲਿ ਪਹਿਰਾ ਹਾਰੁ-੧੦੯੫

ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ

ਮਿਲ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ-੯੩੭

ਦੁਨਿਆਵੀ ਵਰਤਾਰੇ ਵਿੱਚ ਗਹਿਣਿਆਂ ਨੂੰ ਸਿੰਗਾਰ ਸਮਝਿਆ ਜਾਂਦਾ ਹੈ ਪਰ ਧਰਮ ਦੇ ਖੇਤਰ ਵਿੱਚ ਅੰਦਰਲੇ ਗੁਣ ਹੀ ਅਸਲ ਸਿੰਗਾਰ ਹਨ।ਧਰਮ ਦੇ ਵਿੱਚ ਬਾਣਿਆਂ, ਚਿੰਨਾਂ ਅਤੇ ਹੋਰ ਅਡੰਬਰੀ ਸਿੰਗਾਰਾਂ ਦੀ ਕੋਈ ਵੀ ਬੁੱਕਤ ਨਹੀਂ।ਜੇ ਅੰਦਰ ਰੱਬ ਦਾ ਪਿਆਰ ਨਹੀਂ ਤਾਂ ਇਹ ਸੱਭ ਸਿੰਗਾਰ ਪੂਰਨ ਤੌਰ ਤੇ ਨਿਸਫਲ ਹੈ-

ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ

ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋ ਅਵਰਾਹਾ-੫੫੭

ਇਨਾਂ ਤੁਕਾਂ ਦੇ ਅਰਥ ਕਰਦੇ ਹੋਏ ਸਾਹਿਬ ਸਿੰਘ ਜੀ ਸਹੀ ਲਿਖਦੇ ਹਨ" ਜੇ ਜੀਵ ਇਸਤਰੀ ਸਾਰੀ ਉਮਰ ਧਾਰਮਿਕ ਭੇਖ ਕਰਨ ਵਿੱਚ ਹੀ ਗੁਜ਼ਾਰ ਦੇਵੇ, ਇਸਨੂੰ ਧਰਮ ਉਪਦੇਸ਼ ਦੇਣ ਵਾਲਾ ਵੀ ਜੇ ਬਾਹਰਲੇ ਭੇਖ ਵੱਲ ਹੀ ਪ੍ਰੇਰਦਾ ਰਹੇ ਤਾਂ ਇਹ ਸਾਰੇ ਉੱਦਮ ਵਿਅਰਥ ਚਲੇ ਗਏ ਕਿਉਂਕਿ ਧਾਰਮਿਕ ਭੇਖਾਂ ਨਾਲ ਪ੍ਮਾਤਮਾ ਨੂੰ ਪ੍ਸੰਨ ਨਹੀਂ ਕਰ ਸਕੀਦਾ। ਉਸਦੇ ਨਾਲ ਤਾਂ ਸਿਰਫ ਆਤਮਕ ਮਿਲਾਪ ਹੀ ਹੋ ਸਕਦਾ ਹੈ"। ਸੋ ਅੰਤਰ ਆਤਮੇ ਨੂੰ ਨਿਰਮਲ ਕਰਨਾ ਹੀ ਅਸਲੀ ਸਿੰਗਾਰ ਹੈ ਤੇ ਇਹ ਬਾਹਰੋਂ ਨਜ਼ਰ ਨਹੀਂ ਆਉਣਾ।

ਆਮ ਤੌਰ ਤੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦੇ ਉਪਦੇਸ਼ ਪੜਨ ਸੁਣਨ ਨੂੰ ਮਿਲਦੇ ਰਹਿੰਦੇ ਹਨ। ਬਾਣੀ ਦੇ ਧਾਰਨੀ ਹੋਣ ਲਈ ਉਹ ਚੋਲਾ ਲਾਹੁਣਾ ਪਵੇਗਾ ਜਿਹੜਾ ਇਸਨੂੰ ਪਰਵਾਨ ਨਹੀਂ ਤੇ ਸਿਰਫ ਉਹ ਪਾਉਣਾ ਪਵੇਗਾ ਜਿਹੜਾ ਇਸਨੂੰ ਕਬੂਲ ਹੈ।

ਜਦੋਂ ਇਹ ਸਾਫ ਹੋ ਚੁੱਕਾ ਹੈ ਕਿ ਬਾਹਰਲੇ ਪਹਿਰਾਵਿਆਂ ਦੀ ਬਾਣੀ ਲਈ ਕੋਈ ਮਹੱਤਾ ਨਹੀਂ ਤਾਂ ਉਹ ਕਿਹੜਾ ਚੋਲਾ ਹੈ ਜਿਹੜਾ ਇਸ ਨੂੰ ਪਰਵਾਨ ਹੈ। ਉਹ ਚੋਲਾ ਮਨ ਦੀ ਹਾਲਤ ਤੇ ਨਿਰਭਰ ਕਰਦਾ ਹੈ। ਜੇ ਅੰਦਰ ਮਾਇਆ ਦੇ ਪਿਆਰ ਦੀ ਅਤੇ ਔਗੁਣਾਂ ਦੀ ਰੰਗਤ ਚੜੀ ਹੋਈ ਹੈ ਤਾਂ ਜੀਵ ਦੀ ਹਸਤੀ ਨੇ ਉਹ ਗਲਤ ਚੋਲਾ ਪਾਇਆ ਹੈ ਜਿਹੜਾ ਕਦੇ ਵੀ ਰੱਬ ਨਾਲ ਮਿਲਾਪ ਨਹੀਂ ਹੋਣ ਦੇਵੇਗਾ-

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ-੭੨੧

ਬਾਹਰਲੇ ਪਹਿਰਾਵਿਆਂ ਦੀ ਊਚ ਨੀਚ ਮਿੱਥਣ ਦੀ ਥਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੇ ਮਨ ਉੱਤੇ ਕਿਹੜੀ ਰੰਗਤ ਹੈ। ਬਾਹਰਲੇ ਬਾਣੇ ਅੱਖ ਦੇ ਫੋਰ ਵਿੱਚ ਬਦਲੇ ਜਾ ਸਕਦੇ ਹਨ ਪਰ ਮਨ ਤੋਂ ਮਾਇਆ ਦੇ ਮੋਹ ਦੀ ਰੰਗਤ ਲਾਹ ਕੇ ਰੱਬ ਦੇ ਪਿਆਰ ਵਿੱਚ ਰੰਗਣਾ" ਖੰਨਿਅਹੁ ਤਿਖੀ ਵਾਲਹੁ ਨਿਕੀ" ਸੜਕ ਦੀ ਔਖੀ ਯਾਤਰਾ ਹੈ।ਮਾਇਆ ਦੇ ਮੋਹ ਦੇ ਚੋਲੇ ਪਾ ਕੇ ਧਰਮ ਦੀ ਯਾਤਰਾ ਪੂਰੀ ਨਹੀਂ ਹੋਣੀ ਭਾਵੇਂ ਨਜ਼ਰ ਆਉਣ ਵਾਲੇ ਬਾਣੇ ਜਿੰਨੇ ਮਰਜੀ ਵਧੀਆ ਪਾਏ ਹੋਣ-

ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ-੫੮੪

ਬਾਹਰਲੇ ਵੇਸਾਂ ਦੀ ਪਰੀਤ ਵਿੱਚ ਲੱਗੇ ਮਨਾਂ ਨੇ ਅਸਲੀ ਕੰਮ ਤੋਂ ਪੂਰਨ ਤੌਰ ਤੇ ਧਿਆਨ ਹਟਾਇਆ ਹੋਇਆ ਹੈ।ਇਸ ਕਰਕੇ ਬਾਹਰੋਂ ਧਰਮੀ ਪਰ ਅੰਦਰੋਂ ਮਾਇਆ ਦੇ ਮੋਹ ਅਤੇ ਔਗੁਣਾਂ ਨਾਲ ਭਰੇ ਹਿਰਦਿਆਂ ਦੀ ਹੀ ਧਰਮ ਦੀ ਦੁਨੀਆਂ ਵਿੱਚ ਭਰਮਾਰ ਹੈ। ਮਨ ਉੱਤੇ ਰੱਬ ਦੇ ਪਰੇਮ ਦੀ ਰੰਗਤ ਹੀ ਸੱਚਾ ਬਾਣਾ ਹੈ-

ਪਿਰ ਰੰਗਿ ਰਾਤਾ ਸੋ ਸਚਾ ਚੋਲਾ, ਤਿਤੁ ਪੈਧੈ ਤਿਖਾ ਨਿਵਾਰੈ-੫੮੪

ਜਿੰਨਾ ਚਿਰ ਸਾਡੇ ਮਨਾਂ ਤੇ ਮਾਇਆ ਦੇ ਮੋਹ ਦੇ ਦੂਤਾਂ ਦੀ ਪਕੜ ਹੈ ਉੱਨਾਂ ਚਿਰ ਬਾਹਰਲੇ ਬਾਣਿਆਂ ਅਤੇ ਚਿੰਨਾਂ ਰਾਹੀਂ ਹਰੀ ਨਾਲ ਮਿਲਾਪ ਦਾ ਮਕਸਦ ਕਦੇ ਵੀ ਪੂਰਾ ਨਹੀਂ ਹੋਣਾ। ਇਹ ਨਾ ਸਮਝਣ ਵਾਲੀ ਜੀਵ ਇਸਤਰੀ ਭੁਲੇਖੇ ਵਿੱਚ ਹੈ-

ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ

ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ-੭੨੨

ਜੇ ਹਿਰਦੇ ਅੰਦਰ ਔਗੁਣਾਂ ਦੀ ਧੂੜ ਭਰੀ ਪਈ ਹੈ ਤਾਂ ਧਰਮ ਦੇ ਨਾਂਅ ਤੇ ਧਾਰੇ ਬਾਣਿਆਂ ਅਤੇ ਚਿੰਨਾਂ ਦੇ ਭਰਪੂਰ ਸਿੰਗਾਰ ਨੇ ਵੀ ਕੁੱਝ ਨਹੀਂ ਸੁਆਰਨਾ-

ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀ ਚਾਰਿ

ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ-੧੩੭੨

ਨਜ਼ਰ ਆਉਣ ਵਾਲੇ ਕਿਸੇ ਵੀ ਪਹਿਰਾਵੇ ਨੇ ਰੱਬ ਨਾਲ ਨਹੀਂ ਮਿਲਾਉਣਾ। ਇਹ ਕੰਮ ਤਾਂ ਬਾਣੀ ਦੀ ਸਿੱਖਿਆ ਨਾਲ ਹਿਰਦਾ ਜੋੜ ਕੇ ਹੀ ਹੋਣਾ ਹੈ-

ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ

ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ-੧੪੨੦

ਇਸੇ ਕਰਕੇ ਬਾਣੀ ਤੋਂ ਸੇਧ ਲੈਣ ਵਾਲੇ ਮਨ ਤੋਂ ਔਗੁਣਾਂ ਦੀ ਮੈਲ ਲਾਹ ਕੇ ਇਸਨੂੰ ਨਿਰਮਲ ਕਰਨ ਦੇ ਔਖੋ ਕੰਮ ਵਿੱਚ ਲੱਗਦੇ ਹਨ ਕਿਉਂਕਿ ਸਿਰਫ ਨਿਰਮਲ ਮਨ ਦਾ ਹੀ ਹਰੀ ਨਾਲ ਮਿਲਾਪ ਹੋ ਸਕਦਾ ਹੈ-

ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ

ਨਾਨਕ ਗੁਰਮੁਖਿ ਮਨ ਸਿਉ ਲੁਝੈ-੧੪੧੮

ਸਾਖੀ ਬਹੁਤ ਵਾਰੀ ਸੁਣੀ ਹੈ ਕਿ ਸਤਿਗੁਰ ਨਾਨਕ ਨਾਲ ਮਿਲਾਪ ਦੀ ਚਾਹ ਲੈ ਕੇ ਤੁਰੇ ਭਾਈ ਲਹਿਣਾ ਜੀ ਉਨਾਂ ਨੂੰ ਸਾਧਾਰਨ ਇਨਸਾਨ ਸਮਝ ਕੇ ਅਨਜਾਣੇ ਵੱਸ ਉਨਾਂ ਤੋਂ ਹੀ ਉਨਾਂ ਦਾ ਪਤਾ ਪੁੱਛਦੇ ਹਨ। ਇਹ ਤਾਂ ਹੋਇਆ ਕਿਉਂਕਿ ਸਤਿਗੁਰ ਜੀ ਨੇ ਕੋਈ ਅਡੰਬਰੀ ਬਾਣੇ ਨਹੀਂ ਸਨ ਪਾਏ ਹੋਏ ਜਿਨਾਂ ਕਰਕੇ ਉਹ ਦੂਰੋਂ ਹੀ ਪਛਾਣੇ ਜਾਂਦੇ। ਉਨਾਂ ਦੀ ਧਾਰਮਿਕਤਾ ਉਨਾਂ ਦੇ ਪਵਿੱਤਰ ਮਨ ਤੇ ਆਧਾਰਤ ਸੀ ਜਿਹੜਾ ਕਿ ਪੂਰਨ ਤੌਰ ਤੇ ਇੱਕ ਨਿਰੰਕਾਰ ਦੇ ਪਰੇਮ ਵਿੱਚ ਰੰਗਿਆ ਹੋਇਆ ਸੀ। ਉਸੇ ਹੀ ਸਤਿਗੁਰੂ ਜੀ ਦੀ ਨਿਰਮਲ ਪੰਥ ਚਲਾਉਣ ਦੀ ਗੱਲ ਵੀ ਸੁਣੀ ਹੋਈ ਹੈ।ਇਸਦਾ ਭਾਵ ਇਹ ਹੈ ਕਿ ਉਨਾਂ ਦੇ ਚਲਾਏ ਹੋਏ ਪੰਥ ਤੇ ਯਾਤਰਾ ਨਿਰਮਲ ਮਨ ਨਾਲ ਹੀ ਸਫਲ ਹੋਣੀ ਹੈ।ਇਸੇ ਹੀ ਕਰਕੇ ਉਨਾਂ ਨੇ ਹਿਰਦੇ ਨੂੰ ਗੁਣਾਂ ਨਾਲ ਭਰਪੂਰ ਕਰਨ ਨੂੰ ਹੀ ਰਾਮ ਦਾ ਜਾਪ ਕਿਹਾ ਹੈ-

ਮੂੜੇ ਰਾਮੁ ਜਪਹੁ ਗੁਣ ਸਾਰਿ-੧੯

ਆਓ ਗੁਰਬਾਣੀ ਦੀ ਸੇਧ ਕਬੂਲ ਕਰਕੇ ਅਕਲਮੰਦ ਬਣੀਏ ਅਤੇ ਅੰਦਰਲੀ ਮੈਲ ਤੋਂ ਮੁਕਤ ਹੋਣ ਦੇ ਔਖੇ ਪਰ ਸਫਲ ਕੰਮ ਵਿੱਚ ਲੱਗੀਏ-

ਦਾਨਸਬੰਦੁ ਸੋਈ ਦਿਲਿ ਧੋਵੈ। ਮੁਸਲਮਾਣੁ ਸੋਈ ਮਲੁ ਖੋਵੈ-੬੬੨

ਇਹ ਸਦਾ ਯਾਦ ਰੱਖਣ ਵਾਲਾ ਸਿਧਾਂਤ ਹੈ ਕਿ ਮੈਲੇ ਮਨ ਨਾਲ ਸੱਚੇ ਧਰਮ ਦਾ ਕੋਈ ਵੀ ਕੰਮ ਨਹੀਂ ਹੋਣਾ ਭਾਵੇਂ ਬਾਹਰਲੇ ਅਡੰਬਰ ਦੀ ਪੂਰੀ ਸਜਾਵਟ ਹੋਵੇ-

ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ-੩੯

ਮੈਲੁ ਲਾਗੀ ਮਨਿ ਮੈਲਿਐ ਕਿਨੈ ਅੰਮਿ੍ਤ ਪੀਆ-੭੬੬

ਜੇ ਹਾਲੇ ਤੱਕ ਅਸੀਂ ਇਹ ਨਹੀਂ ਸਮਝਿਆ ਕਿ ਸੱਚੇ ਧਰਮ ਦੇ ਸਾਰੇ ਹੀ ਕੰਮ ਸਾਨੂੰ ਦਿੱਤੇ ਇੱਕੋ ਇੱਕ ਗਰੰਥ ਦੀ ਸਿਖਿਆ ਦੇ ਨਾਲ ਹਿਰਦੇ ਜੋੜਨ ਦੇ ਇੱਕੋ ਇੱਕ ਕੰਮ ਨਾਲ ਹੀ ਪੂਰੇ ਹੋਣੇ ਹਨ ਤਾਂ ਅਸੀਂ ਇਸਨੂੰ ਸੰਪੂਰਨ ਸਤਿਗੁਰੂ ਹੋਣ ਦੀ ਪਦਵੀ ਦੇਣ ਤੋਂ ਝਿਜਕ ਰਹੇ ਹਾਂ।

ਨਿਮਰਤਾ ਸਹਿਤ--ਮਨੋਹਰ ਸਿੰਘ ਪੁਰੇਵਾਲ




.