.

ਗੁਰਬਾਣੀ ਵਿੱਚ ਸੇਵਾ ਦਾ ਸੰਕਲਪ

ਗੁਰਬਾਣੀ ਅਨੁਸਾਰ ਸੇਵਾ ਦਾ ਭਾਵ ਉਹ ਕੰਮ ਹੈ ਜੋ ਆਪਣੀ ਖੁਸ਼ੀ ਨਾਲ ਕਿਸੇ ਮਾਲੀ ਲਾਭ, ਅਤੇ ਇਨਾਮ ਜਾਂ ਸ਼ਲਾਘਾ ਦੀ ਆਸ ਤੋਂ ਬਿਨਾਂ ਨਿਮਰਤਾ ਸਹਿਤ ਕੀਤਾ ਜਾਵੇ। ਸੇਵਾ ਹਮੇਸ਼ਾ ਕਿਸੇ ਪਹਿਲੇ ਬਣਾਈ ਵਿਉਂਤ ਅਨੁਸਾਰ ਹੀ ਨਹੀਂ ਕੀਤੀ ਜਾਂਦੀ ਸਗੋਂ ਕਈ ਵਾਰ ਅਚਾਨਕ ਹੀ ਸੇਵਾ ਕਰਣ ਦਾ ਅਵਸਰ ਮਿਲ ਜਾਂਦਾ ਹੈ। ਜਿਵੇਂ ਕਿ ਸੈਰ ਤੇ ਜਾਂਦੇ ਸਮੇਂ ਕਿਸੇ ਨੂੰ ਕਿਸੇ ਦੁਰਘਟਨਾ ਦਾ ਸ਼ਿਕਾਰ ਕੋਈ ਵਿਅਕਤੀ ਮਿਲ ਜਾਂਦਾ ਹੈ। ਕਈ ਤਾਂ ਉਸ ਦੀ ਪਰਵਾਹ ਨਹੀਂ ਕਰਦੇ ਤੇ ਆਪਣੀ ਸੈਰ ਜਾਰੀ ਰਖਦੇ ਹਨ, ਪਰ ਇੱਕ ਸੇਵਾ ਭਾਵ ਵਾਲਾ ਵਿਅਕਤੀ ਜੋ ਹਰ ਇੱਕ ਦਾ ਭਲਾ ਮੰਗਦਾ ਹੈ, ਜਿਥੋਂ ਤਕ ਕਰ ਸਕਦਾ ਹੈ ਉਸ ਦੀ ਸਹਾਇਤਾ ਕਰਦਾ ਹੈ ਤੇ ਇਸ ਦੇ ਬਦਲੇ ਕਿਸੇ ਇਨਾਮ ਜਾਂ ਸ਼ਲਾਘਾ ਦੀ ਆਸ ਨਹੀਂ ਕਰਦਾ। ਉਹ ਇਸ ਬਾਰੇ ਦੂਜਿਆਂ ਨੂੰ ਦੱਸ ਕੇ ਆਪਣੀ ਵਡਿਆਈ ਵੀ ਨਹੀਂ ਕਰਦਾ। ਸੇਵਾ ਦੀ ਰੁਚੀ ਇੱਕ ਕੁਦਰਤੀ ਦਾਤ ਹੈ।

ਸੇਵਾ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ, ਜਿਵੇਂ ਕਿ ਜਿਥੇ ਲੋੜ ਹੋਵੇ ਉਥੇ ਲੋੜੀਂਦੀ ਸਮਗਰੀ ਪਹੁੰਚਾਉਣਾ, ਲੋੜਵੰਦਾਂ, ਨਿਘਰਿਆਂ ਤੇ ਅੰਗਹੀਣਾਂ ਦੀ ਸਹਾਇਤਾ ਤੇ ਗ਼ਰੀਬ ਵਿਦਆਰਥੀਆਂ ਨੂੰ ਪੜ੍ਹਾਉਣਾ ਆਦਿ। ਇਸ ਗਲ ਦਾ ਵਿਸ਼ੇਸ਼ ਧਿਆਨ ਰਖਿਆ ਜਾਵੇ ਕਿ ਕੇਵਲ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ ਜਿਹੜੇ ਕੰਮ ਕਰਣ ਤੋਂ ਅਸਮਰਥ ਹਨ। ਪੇਸ਼ਾਵਰ ਭਿਖਾਰੀਆਂ ਦੀ ਸਹਾਇਤਾ ਕਰਣ ਦੀ ਕੋਈ ਲੋੜ ਨਹੀਂ। ਉਹ ਦੂਜਿਆਂ ਦੀ ਕਮਾਈ ਤੇ ਗੁਜ਼ਾਰਾ ਕਰਦੇ ਹਨ ਤੇ ਕਈ ਭੇਖ ਧਾਰਨ ਕਰਦੇ ਹਨ। ਇਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:-

ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ।।

ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ।। ਪੰਨਾ ੯੪੯

ਭਾਵ ਉਨ੍ਹਾਂ ਮਨੁੱਖਾਂ ਨੂੰ ਸਾਧੂ ਨਹੀਂ ਕਹਿਣਾ ਚਾਹੀਦਾ ਜੋ ਲੋਕਾਂ ਤੋਂ ਮੰਗ ਕੇ ਰੋਟੀ ਖਾਂਦੇ ਹਨ ਅਤੇ ਆਪਣੇ ਪੇਟ ਦੀ ਖਾਤਰ ਕਈ ਭੇਖ ਕਰਦੇ ਹਨ।

ਗੁਰੁ ਪੀਰੁ ਸਦਾਏ ਮੰਗਣ ਜਾਇ।। ਤਾ ਕੈ ਮੂਲਿ ਨ ਲਗੀਐ ਪਾਇ।। ਪੰਨਾ ੧੨੪੫ ਭਾਵ: ਜੋ ਆਪਣੇ ਆਪ ਨੂੰ ਗੁਰੂ ਅਖਵਾਂਦੇ ਹਨ ਤੇ ਦੂਸਰਿਆਂ ਦੇ ਘਰ ਮੰਗਣ ਜਾਂਦੇ ਹਨ ਉਨ੍ਹਾਂ ਦੇ ਚਰਨਾਂ ਤੇ ਮੱਥਾ ਨਹੀਂ ਟੇਕਣਾ ਚਾਹੀਦਾ।

ਹਰ ਕਿਸਮ ਦੀ ਸੇਵਾ ਵਿੱਚ ਤਨ, ਮਨ ਤੇ ਧਨ ਵਿਚੋਂ ਇੱਕ ਜਾਂ ਇੱਕ ਤੋਂ ਵਧ ਦੀ ਲੋੜ ਪੈਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਲਿਖਿਆ ਹੈ:-

ਅਨਿਕ ਭਾਂਤਿ ਕਰਿ ਸੇਵਾ ਕਰੀਐ।। ਜੀਉ ਪ੍ਰਾਨ ਧਨੁ ਆਗੈ ਧਰੀਐ।। ਪੰਨਾ੩੦੯

ਭਾਵ: ਅਸਾਨੂੰ ਕਈ ਪ੍ਰਕਾਰ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਆਪਣਾ ਤਨ, ਮਨ ਤੇ ਧਨ ਭੇਟ ਕਰਨਾ ਚਾਹੀਦਾ ਹੈ।

ਤਨ ਰਾਂਹੀ ਕੀਤੀ ਸੇਵਾ ਦਾ ਭਾਵ ਹੈ ਕਿ ਸੇਵਾ ਵਿੱਚ ਆਪਣੇ ਸਰੀਰ ਦੀ ਵਰਤੋਂ ਕੀਤੀ ਜਾਵੇ। ਮਨੋਂ ਕੀਤੀ ਸੇਵਾ ਦਾ ਮਤਲਬ ਹੈ ਕਿ ਸੇਵਾ ਲਈ ਉਤਸ਼ਾਹ ਹੋਵੇ। ਆਪਣੀ ਖੁਸ਼ੀ ਨਾਲ ਕੀਤੀ ਸੇਵਾ ਵਿੱਚ ਕੁਦਰਤੀ ਉਤਸ਼ਾਹ ਦਾ ਹੋਣਾ ਜ਼ਰੂਰੀ ਹੈ। ਗੁਰੂ ਅੰਗਦ ਦੇਵ ਜੀ ਨੇ ਕਿਹਾ ਹੈ:-

ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ।। ਪੰਨਾ ੭੮੭

ਭਾਵ ਜੇ ਮਨੁੱਖ ਕੋਈ ਕੰਮ ਬੱਧਾ- ਰੁੱਧਾ ਕਰੇ ਤਾਂ ਉਸ ਦਾ ਲਾਭ ਨਾ ਆਪਣੇ ਆਪ ਨੂੰ ਹੁੰਦਾ ਹੈ ਤੇ ਨਾ ਹੀ ਕਿਸੇ ਹੋਰ ਨੂੰ।

ਸੇਵਾ ਲਈ ਧਨ ਜਾਂ ਸਮਗਰੀ ਦੀ ਲੋੜ ਪੇਂਦੀ ਹੈ ਤਾਂ ਜੋ ਲੋੜਵੰਦਾਂ ਦੀ ਸਹਾਇਤਾ ਕੀਤੀ ਜਾ ਸਕੇ। ਗੁਰਸਿੱਖ ਨੂੰ ਆਪਣੀ ਆਮਦਨ ਦਾ ੧੦% ਭਾਵ ਦਸਵੰਧ ਲੋੜਵੰਦਾਂ ਦੀ ਸੇਵਾ ਲਈ ਖਰਚ ਕਰਣਾ ਚਾਹੀਦਾ ਹੈ, ਪਰ ਅਜਕਲ ਇਸ ਤੇ ਅਮਲ ਨਹੀਂ ਹੋ ਰਿਹਾ। ਅਸਾਨੂੰ ਸਾਰਿਆ ਨੂੰ ਘੱਟ ਤੋਂ ਘੱਟ ੧% ਤਾਂ ਸੇਵਾ ਲਈ ਜ਼ਰੂਰ ਖਰਚਣਾ ਚਾਹੀਦਾ ਹੈ। ਇਹ ਧਨ ਆਪਣੀ ਇਮਾਨਦਾਰੀ ਨਾਲ ਕੀਤੀ ਕਮਾਈ ਵਿਚੌਂ ਹੋਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ:

ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ।। ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ।। ਪੰਨਾ ੪੭੨

ਭਾਵ: ਜੇ ਇੱਕ ਚੋਰ ਚੋਰੀ ਕਰਕੇ ਚੌਰੀ ਦਾ ਮਾਲ ਆਪਣੇ ਪਿਉ ਦਾਦੇ ਵਾਸਤੇ ਦਾਨ ਕਰਦਾ ਹੈ, ਤਾਂ ਅਗਲੇ ਜਹਾਨ ਵਿੱਚ ਇਹ ਮਾਲ ਸਿਞਾਣ ਲਿਆ ਜਾਂਦਾ ਹੈ ਤੇ ਉਸ ਦੇ ਪਿਉ ਦਾਦੇ ਨੂੰ ਚੋਰ ਸਮਝਿਆ ਜਾਵੇਗਾ।

ਸੇਵਾ ਦੇ ਕਈ ਲਾਭ ਹਨ। ਗੁਰੂ ਨਾਨਕ ਦੇਵ ਜੀ ਲਿਖਿਦੇ ਹਨ:-

ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ਪੰਨਾ ੧੨੪੫

ਭਾਵ ਜਿਹੜਾ ਮਨੁੱਖ ਮਿਹਨਤ ਨਾਲ ਕਮਾ ਕੇ ਆਪਣੀ ਕਮਾਈ ਵਿਚੌਂ ਕੁੱਝ ਦਾਨ ਕਰਦਾ ਹੈ ਉਹ ਅਕਾਲ ਪੁਰਖ ਨੂੰ ਮਿਲਣ ਦਾ ਰਾਹ ਲਭ ਲੈਂਦਾ ਹੈ।

ਗੁਰੂ ਜੀ ਅਸਾਨੂੰ ਸਿਖਿੱਆ ਦਿੰਦੇ ਹਨ ਕਿ ਬਿਨਾਂ ਕਿਸੇ ਲਾਲਚ ਦੇ ਕੀਤੀ ਸੇਵਾ ਵਾਹਿਗੁਰੂ ਨਾਲ ਮਿਲਾਪ ਕਰਾਉਂਦੀ ਹੈ:-

ਵਿਚਿ ਦੁਨੀਆ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।। ਪੰਨਾ ੨੬

ਭਾਵ ਸੰਸਾਰ ਵਿੱਚ ਬਿਨਾਂ ਕਿਸੇ ਇਨਾਮ ਦੀ ਆਸ ਦੇ ਕੀਤੀ ਸੇਵਾ ਕਰਨਨਾਲ ਅਕਾਲ ਪੁਰਖ ਦੇ ਦਰਬਾਰ ਵਿੱਚ ਥਾਂ ਮਿਲ ਜਾਂਦੀ ਹੈ। ਗੁਰੂ ਅਰਜਨ ਦੇਵ ਵੀ ਲਿਖਦੇ ਹਨ:-

ਸੇਵਾ ਕਰਤ ਹੋਇ ਨਿਹਕਾਮੀ।। ਤਿਸ ਕਉੇ ਹੋਤ ਪਰਾਪਤਿ ਸੁਆਮੀ।। ਪੰਨ ੨੮੬

ਭਾਵ: ਜੋ ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖਾਹਿਸ਼ ਨਹੀਂ ਰੱਖਦਾ ਉਸ ਨੂੰ ਵਾਹਿਗੁਰੂ ਮਿਲ ਪੈਂਦਾ ਹੈ।

ਸੇਵਾ ਦੇ ਲਾਭ ਬਾਰੇ ਗੁਰੂ ਨਾਨਕ ਦੁਵ ਜੀ ਨੇ ਲਿਖਿਆ ਹੈ:-

ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ।। ਪੰਨਾ ੯੯੨

ਭਾਵ: ਸੇਵਾ ਤੋਂ ਬਿਨਾ ਕੋਈ ਫਲ ਨਹੀਂ ਮਿਲਦਾ ਕਿਉਂਕਿ ਸੇਵਾ ਹੀ ਸਭ ਤੋਂ ਸ੍ਰੇਸ਼ਟ ਅਮਲ ਹੈ।

ਇਸੇ ਗਲ ਤੇ ਜ਼ੋਰ ਦੇ ਕੇ ਗੁਰਬਾਣੀ ਕਹਿੰਦੀ ਹੈ:-

ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ।। ਪੰਨਾ ੩੫੪

ਹੇ ਵਾਹਿਗੁਰੂ! ਸਾਰੇ ਜੀਵ ਤੇਰੇ ਪੇਦਾ ਕੀਤੇ ਹੋਏ ਹਨ ਤੇ ਸੇਵਾ ਤੋਂ ਬਿਨਾਂ ਕਿਸੇ ਨੂੰ ਕੋਈ ਲਾਭ ਨਹੀਂ ਮਿਲਦਾ।

ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਕਿ ਸੇਵਾ ਸੱਚੇ ਦਿਲੋਂ ਕਰਣੀ ਚਾਹੀਦੀ ਹੈ ਤਾ ਹੀ ਫਲ ਮਿਲਦਾ ਹੈ:-

ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍ਹੀ ਸਚੁ ਕਮਾਇਆ।। ਪੰਨਾ ੪੩੨

ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ।। ਪੰਨਾ ੪੬੫

ਕੇਵਲ ਸੱਚੇ ਦਿਲੋਂ ਕੀਤੀ ਸੇਵਾ ਹੀ ਲਾਭਦਾਇਕ ਹੈ। ਅਜਿਹੀ ਸੇਵਾ ਨਾਲ ਕਰਣ ਵਾਲੇ ਦੇ ਮਨ ਨੂੰ ਸੇਵਾ ਕਰ ਕੇ ਸ਼ਾਂਤੀ ਮਿਲਦੀ ਹੈ।

ਹੰਕਾਰ ਵਿੱਚ ਤੇ ਸ਼ਲਾਘਾ ਜਾਂ ਇਨਾਮ ਦੀ ਇੱਛਾ ਦੇ ਨਾਲ ਕੀਤੀ ਸੇਵਾ ਦਾ ਕੋਈ ਲਾਭ ਨਹੀਂ। ਜਿਸ ਦੇ ਦਿਲ ਵਿੱਚ ਸਰਬਤ ਦੇ ਭਲੇ ਦੀ ਇੱਛਾ ਹੈ ਉਹ ਸੇਵਾ ਕਰਕੇ ਹੰਕਾਰ ਨਹੀਂ ਕਰਦਾ। ਕਈ ਥਾਵਾਂ ਤੇ ਦਾਨੀ ਪੁਰਸ਼ ਆਪਣੇ ਨਾਂ ਦਾ ਪੱਥਰ ਲਗਵਾਉਂਦੇ ਹਨ ਜਾਂ ਅਖਬਾਰਾਂ ਵਿੱਚ ਖਬਰ ਛਪਵਾਂਦੇ ਹਨ। ਇਹ ਹੰਕਾਰ ਤੇ ਦਿਖਾਵੇ ਦੀ ਲਾਲਸਾ ਹੈ, ਸੇਵਾ ਨਹੀਂ।

ਗੁਰੂ ਅਮਰ ਦਾਸ ਜੀ ਨੇ ਇਹੋ ਜਿਹੇ ਬੰਦਿਆਂ ਬਾਰੇ ਫਰਮਾਇਆ ਹੈ:-

੧. ਆਪੁ ਛੋਡਿ ਸੇਵਾ ਕਰਨਿ ਜੀਵਤ ਮੁਏ ਰਹੰਨਿ।। ਪੰਨਾ ੨੩੩

੨. ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ।। ਪੰਨਾ ੧੨੪੭

੩. ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ।। ਪ੬੦

੧. ਜੋ ਨਿਮਰਤਾ ਨਾਲ ਤੇ ਆਪਾ- ਭਾਵ ਤਿਆਗ ਕੇ ਸੇਵਾ ਕਰਦੇ ਹਨ ਉਹ ਦੁਨੀਆ ਦੇ ਕਾਰ ਵਿਹਾਰ ਕਰਦਿਆਂ ਵੀ ਮਾਇਆ ਦੇ ਮੋਹ ਤੌਂ ਅਛੋਹ ਰਹਿੰਦੇ ਹਨ। ੨. ਹੰਕਾਰ ਨਾਲ ਕੀਤੀ ਸੇਵਾ ਵਾਗਿਗੁਰੂ ਦੇ ਦਰਬਾਰ ਵਿੱਚ ਸਵੀਕਾਰ ਨਹੀਂ ਹੁੰਦੀ। ਹੰਕਾਰੀ ਮਨੁੱਖ ਖਿੱਝ ਖਿੱਝ ਕੇ ਦੁਖੀ ਹੁੰਦਾ ਹੈ।

੩. ਹੰਕਾਰੀ ਮਨੁੱਖ ਸੇਵਾ ਨਹੀਂ ਕਰ ਸਕਦਾ ਤੇ ਉਸ ਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ।

ਗੁਰੂ ਰਾਮ ਦਾਸ ਜੀ ਨੇ ਇਹੋ ਜਿਹੀ ਸੇਵਾ ਦੀ ਨਿਖੇਧੀ ਕੀਤੀ ਹੈ:-

੧. ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ।। ਪੰਨਾ੧੨੪੬

੨. ਵਿਚਿ ਹਉਮੈ ਸੇਵਾ ਥਾਇ ਨ ਪਾਏ।। ਪੰਨਾ ੧੦੭੧

੧. ਜੋ ਇਹ ਆਖਦੇ ਹਨ ਕਿ ਮੈਂ ਫਲਾਣੀ ਸੇਵਾ ਕੀਤੀ ਹੈ ਉਨ੍ਹਾਂ ਦੀ ਸੇਵਾ ਪਰਵਾਨ ਨਹੀਂ ਹੁੰਦੀ ਤੇ ਉਨ੍ਹਾਂ ਨੂੰ ਕੋਈ ਫਲ ਨਹੀਂ ਮਿਲਦਾ।

੨. ਹਉਮੈ ਨਾਲ ਕੀਤੀ ਸੇਵਾ ਪ੍ਰਭੂ ਦੇ ਦਰਬਾਰ ਵਿੱਚ ਸਵੀਕਾਰ ਨਹੀਂ ਹੁੰਦੀ।

ਗੁਰੂ ਅਰਜਨ ਦੇਵ ਜੀ ਨੇ ਇਸ ਸਬੰਧੀ ਲਿਖਿਆ ਹੈ:-

੧. ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ।। ਪੰਨਾ ੫੧ ੨. ਜੇ ਕੋ ਹੋਇ ਬਹੈ ਦਾਤਾਰੁ।। ਤਿਸੁ ਦੇਨਹਾਰੁ ਜਾਨੈ ਗਾਵਾਰੁ।। ਪੰਨਾ ੨੮੨ ੩. ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ।। ਪੰਨਾ ੪੭੪

੧. ਜਿਸ ਦੇ ਮਨ ਵਿੱਚ ਆਪਾ-ਭਾਵ ਤੇ ਹੰਕਾਰ ਹੈ ਉਹ ਸੱਚੀ ਸੇਵਾ ਨਹੀਂ ਕਰ ਰਿਹਾ। ੨. ਦਾਤਾਂ ਬਖਸ਼ਣ ਵਾਲੇ ਵਾਹਿਗੁਰੂ ਦੀ ਨਜ਼ਰ ਵਿੱਚ ਉਹ ਮਨੁੱਖ ਮੂਰਖ ਹੈ ਜੋ ਦਾਨ ਕਰਕੇ ਹੰਕਾਰ ਕਰਦਾ ਹੈ। ੩. ਜੇ ਕੋਈ ਹੰਕਾਰ ਤਿਅਗ ਕੇ ਸੇਵਾ ਕਰਦਾ ਹੈ ਤਾਂ ਹੀ ਉਸ ਨੂੰ ਇਜ਼ਤ ਮਿਲਦੀ ਹੈ। ਗੁਰੂ ਤੇਗ਼ ਬਹਾਦਰ ਜੀ ਨੇ ਵੀ ਲਿਖਿਆ ਹੈ:-

ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨ।। ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨ।। ਪੰਨਾ ੧੪੨੮

ਜਿਹੜਾ ਮਨੁੱਖ ਤੀਰਥ ਇਸ਼ਨਾਨ ਕਰ ਕੇ, ਵਰਤ ਰਖ ਕੇ ਦਾਨ ਪੁੰਨ ਕਰਦਾ ਹੈ ਤੇ ਆਪਣੇ ਮਨ ਵਿੱਚ ਅਹੰਕਾਰ ਕਰਦਾ ਹੈ ਕਿ ਮੈਂ ਧਰਮੀ ਬਣ ਗਿਆ ਹਾਂ ਉਸ ਦੇ ਇਹ ਸਾਰੇ ਕਰਮ ਇਉਂ ਵਿਅਰਥ ਹਨ ਜਿਵੇਂ ਹਾਥੀ ਦਾ ਕੀਤਾ ਇਸ਼ਨਾਨ ਕਿਉਂਕਿ ਉਹ ਇਸ਼ਨਾਨ ਕਰ ਕੇ ਮਿੱਟੀ ਵਿੱਚ ਲੇਟਦਾ ਹੈ।

ਭਗਤ ਪਰਮਾਨੰਦ ਜੀ ਸਾਰੰਗ ਰਾਗ ਵਿੱਚ ਲਿਖਦੇ ਹਨ:-

ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ।। ਪੰਨਾ੧੨੫੩

ਭਾਵ ਜਿਹੜੇ ਮਨੁੱਖ ਸੇਵਾ ਤਾਂ ਕਰਦੇ ਹਨ ਪਰ ਨਾਲ ਲੋਕਾਂ ਦੀ ਨਿੰਦਿਆ ਕਰਦੇ ਹਨ ਉਨ੍ਹਾਂ ਨੂੰ ਸੇਵਾ ਦਾ ਫਲ ਨਹੀਂ ਮਿਲਦਾ।

ਕਈ ਬੰਦੇ ਸੇਵਾ ਦੇ ਬਦਲੇ ਅਰਦਾਸ ਵਿੱਚ ਵਾਹਿਗੁਰੂ ਪਾਸੋਂ ਬਹੁਤ ਸਾਰੀਆਂ ਮੰਗਾਂ ਮੰਗਦੇ ਹਨ ਤੇ ਸ਼ੇਖੀਆਂ ਮਾਰਦੇ ਹਨ। ਇਹ ਠੀਕ ਨਹੀਂ। ਅਜਿਹੇ ਬੰਦਿਆਂ ਬਾਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ:-

ਸੇਵਾ ਥੋਰੀ ਮਾਗਨੁ ਬਹੁਤਾ।। ਮਹਲੁ ਨ ਪਾਵੈ ਕਹਤੋ ਪਹੁਤਾ।। ਪੰਨਾ ੭੩੮

ਭਾਵ ਕਈ ਮੂਰਖ ਪੁਰਸ਼ ਥੋੜੀ ਜਿਨੀ ਸੇਵਾ ਕਰ ਕੇ ਰੱਬ ਕੋਲੋਂ ਕਈ ਮੰਗਾਂ ਰਖਦੇ ਹਨ। ਉਹ ਪ੍ਰਭੂ ਦੇ ਚਰਨਾਂ ਵਿੱਚ ਪਹੁੰਚ ਤਾਂ ਹਾਸਲ ਨਹੀਂ ਕਰ ਸਕਦੇ, ਪਰ ਸ਼ੇਖੀ ਮਾਰ ਕੇ ਆਖਦੇ ਹਨ ਕਿ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚ ਗਏ ਹਨ।

ਗੁਰੂ ਨਾਨਕ ਦੇਵ ਜੀ ਇਸ ਬਾਰੇ ਲਿਖਿਦੇ ਹਨ:-

ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ।। ਪਨਾ ੪੬੬

ਭਾਵ: ਕਈ ਦਾਨੀ ਦਾਨ ਦੇ ਕੇ ਵਾਹਿਗੁਰੂਪਾਸੋਂ ਉਸ ਤੋਂ ਹਜ਼ਾਰਾਂ ਗੁਣਾਂ ਮੰਗਦੇ ਹਨ ਤੇ ਆਸ ਕਰਦੇ ਹਨ ਕਿ ਸੰਸਾਰ ਉਨ੍ਹਾਂ ਦੀ ਸਿਫਤਾਂ ਕਰੇ।

ਬਿਨਾਂ ਬਦਲੇ ਦੀ ਆਸ ਦੇ ਸੇਵਾ ਕਰਣ ਲਗਿਆਂ ਸਾਨੂੰ ਲੋੜਵੰਦ ਦੇ ਧਰਮ ਜਾਂ ਦੇਸ਼ ਦਾ ਵਿਚਾਰ ਨਹੀਂ ਕਰਨਾ ਚਾਹੀਦਾ। ਸਜਣ ਅਤੇ ਦੁਸ਼ਮਣ ਦਾ ਖਿਆਲ ਕੀਤੇ ਬਿਨਾਂ ਜਿਥੋਂ ਤਕ ਹੋ ਸਕੇ ਹਰ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਸ ਸਬੰਧੀ ਗੁਰੂ ਅਰਜਨ ਦੇਵ ਜੀ ਇੱਕ ਰੁੱਖ ਦੀ ਉਦਾਹਰਣ ਦੇ ਕੇ ਫਰਮਾਂਉਦੇ ਹਨ:-

ਸਸਤ੍ਰਿ ਤੀਖਣਿ ਕਾਟਿ ਡਾਰਿੳ ਮਨਿ ਨ ਕੀਨੋ ਰੋਸੁ।।

ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ।। ਪੰਨਾ ੧੦੧੮

ਭਾਵ ਇੱਕ ਮਨੁੱਖ ਨੇ ਇੱਕ ਰੁੱਖ ਨੂੰ ਤੇਜ਼ ਹਥਿਆਰ ਨਾਲ ਕੱਟ ਸੁੱਟਿਆ ਪਰ ਰੁੱਖ ਨੇ ਆਪਣੇ ਮਨ ਵਿੱਚ ਉਸ ਬੰਦੇ ਤੇ ਗੁੱਸਾ ਨਹੀਂ ਕੀਤਾ, ਸਗੋਂ ਉਸ ਮਨੁੱਖ ਦਾ ਕੰਮ ਸਵਾਰ ਦਿੱਤਾ ਅਤੇ ਉਸ ਨੂੰ ਰਤਾ ਭਰ ਵੀ ਕੋਈ ਦੋਸ਼ ਨਹੀਂ ਦਿੱਤਾ।

ਸੇਵਾ ਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਣ ਦਾ ਇੱਕ ਅਵਸਰ ਸਮਝਣਾ ਚਾਹੀਦਾ ਹੈ ਕਿ ਉਸ ਨੇ ਅਸਾਨੂੰ ਸੇਵਾ ਕਰਣ ਦੇ ਯੋਗ ਬਣਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਠੀਕ ਹੀ ਕਿਹਾ ਹੈ:-

ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ।। ਪੰਨਾ ੬੩੪

ਭਾਵ ਮੈਂ ਆਪਣੀ ਸੇਵਾ ਦਾ ਮਾਣ ਨਹੀਂ ਕਰ ਸਕਦਾ ਕਿਉਂਕਿ ਕੋਈ ਚੀਜ਼ ਮੇਰੀ ਆਪਣੀ ਨਹੀਂ ਹੈ। ਹੇ ਪ੍ਰਭੂ! ਮੇਰੀ ਜਿੰਦ ਤੇ ਮੇਰਾ ਸਰੀਰ ਤੇਰੇ ਦਿੱਤੇ ਹੋਏ ਹਨ।

ਸੇਵਾ ਕਰਣ ਦੇ ਯੋਗ ਹੋਣਾ ਵੀ ਇੱਕ ਰੱਬੀ ਦਾਤ ਹੈ। ਸੇਵਾ ਕਰਣ ਨਾਲ ਜੀਵਨ ਪਾਕ ਤੇ ਗੁਣੀ ਹੋ ਜਾਂਦਾ ਹੈ। ਮਨੁਖੱਤਾ ਦੀ ਸੇਵਾ ਹੀ ਰੱਬ ਦੀ ਸੇਵਾ ਹੈ। ਪੰਜਾਬੀ ਵਿੱਚ ਬੰਦੇ ਦਾ ਮਤਲਬ ਸੇਵਾਦਾਰ ਹੈ ਤੇ ਬੰਦੇ ਤੋਂ ਹੀ ਬਣਿਆ ਹੈ ਸ਼ਬਦ ਬੰਦਗੀ ਜਿਸ ਦਾ ਅਰਥ ਭਗਤੀ ਹੈ। ਇਸ ਦਾ ਮਤਲਬ ਹੈ ਕਿ ਸੇਵਾ ਹੀ ਭਗਤੀ ਹੈ। ਭਗਤ ਕਬੀਰ ਜੀ ਨੇ ਕਿਹਾ ਹੈ:-

ਬੰਦੇ ਬੰਦਗੀ ਇਕਤੀਆਰ।। ਪੰਨਾ ੩੩੮

ਹੇ ਬੰਦੇ! ਤੂੰ ਬੰਦਗੀ ਭਾਵ ਸੇਵਾ ਨੁੰ ਅਪਨਾ ਲੈ।

ਗੁਰੂ ਅਮਰ ਦਾਸ ਜੀ ਨੇ ਠੀਕ ਹੀ ਕਿਹਾ ਹੈ:-

ਅਨਦਿਨ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ।। ਪੰਨ ੧੧੯

ਭਾਵ ਜੋ ਸੇਵਾ ਨਹੀਂ ਕਰਦੇ ਉਹ ਹਮੇਸ਼ਾ ਵਿਕਾਰਾਂ ਦੀ ਗੰਦਗੀ ਵਿੱਚ ਰਹਿੰਦੇ ਹਨ ਤੇ ਉਹ ਆਪਣਾ ਜੀਵਨ ਜ਼ਾਇਆ ਕਰ ਲੈਂਦੇ ਹਨ।

ਸਾਵਣ ਸਿੰਘ




.