.

ਗੁਰੂ ਕੇ ਬਾਗ਼ ਦਾ ਆਦਰਸ਼ਕ ਮੋਰਚਾ

ਅਕਾਲੀਆਂ ਵਲੋਂ ਲਾਇਆ ‘ਗੁਰੂ ਕੇ ਬਾਗ਼ ਦਾ ਮੋਰਚਾ` ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ। ਇਥੇ ਸਿੱਖਾਂ ਨੇ ਸ਼ਾਂਤਮਈ ਤੇ ਅਹਿੰਸਕ ਢੰਗ ਨਾਲ ਟਾਕਰਾ ਕਰ ਕੇ ਤੇ ਅਹਿੰਸਾ ਦੇ ਹਥਿਆਰ ਦੀ ਸਫਲਤਾ ਸਿਧ ਕਰ ਦਿਖਾਈ। ਉਨ੍ਹਾਂ ਨੇ ਅਟੁੱਟ ਵਿਸ਼ਵਾਸ਼ ਤੇ ਸਬਰ ਨਾਲ ਮੁਸੀਬਤਾਂ ਝਲ ਕੇ ਭਾਰਤੀਆਂ ਦਾ ਦਿਲ ਜਿੱਤ ਲਿਆ ਅਤੇ ਅੰਗਰੇਜ਼ ਹਕੂਮਤ ਦੀਆ ਨੀਹਾਂ ਹਿਲਾ ਦਿੱਤੀਆਂ। ਵਿਰੋਧੀਆਂ ਨੇ ਇਹ ਅਨੁਭਵ ਕਰ ਲਿਆ ਕਿ ਸ਼ਕਤੀ ਦੀ ਅੰਨ੍ਹੀ ਵਰਤੋਂ ਅਕਾਲੀਆਂ ਦੀ ਅਹਿੰਸਕ ਤੇ ਸ਼ਾਂਤਮਈ ਸੰਘਰਸ਼ ਦੇ ਸਾਹਮਣੇ ਫੇਲ੍ਹ ਹੋ ਗਈ ਹੈ।

ਗੁਰਦੁਆਰਾ ਗੁਰੂ ਦਾ ਬਾਗ਼

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ੧੨ ਮੀਲ ਦੂਰ ਗੁਰੂ ਅਰਜਨ ਦੇਵ ਤੇ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿੱਚ ਦੋ ਗੁਰਦੁਆਰੇ ਹਨ। ਜਦੋਂ ਨੌਵੇਂ ਪਾਤਸ਼ਾਹ ਨੇ ਇਥੇ ਇੱਕ ਬਾਗ਼ ਲਗਵਾਇਆ ਤਾਂ ਇਸ ਦਾ ਨਾਂ ਗੁਰਦੁਆਰਾ ਗੁਰੂ ਕਾ ਬਾਗ਼ ਪੈ ਗਿਆ। ਇਸ ਗੁਰਦੁਆਰੇ ਤੇ ਇੱਕ ਉਦਾਸੀ ਮਹੰਤ ਸੁੰਦਰ ਦਾਸ ਦਾ ਕਬਜ਼ਾ ਸੀ। ਇਸ ਵਿਭਚਾਰੀ ਮਹੰਤ ਨੇ ਬਿਨਾਂ ਸ਼ਾਦੀ ਕੀਤੇ ਦੋ ਜ਼ਨਾਨੀਆਂ, ਈਸਰੋ ਤੇ ਜਗਦੇਈ, ਰਖੀਆਂ ਹੋਈਆਂ ਸਨ ਅਤੇ ਇਸ ਦੀ ਕਰਤੂਤਾਂ ਆਚਰਣਹੀਣ ਸਨ। ਕਈ ਵੇਸਵਾਵਾਂ ਨਾਲ ਵੀ ਇਸ ਦੇ ਸਰੀਰਕ ਸਬੰਧ ਸਨ। ਜਦੋਂ ਹਰਿਮੰਦਰ ਸਾਹਿਬ ਤੇ ਕਈ ਹੋਰ ਗੁਰਦੁਆਰਿਆ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਆ ਗਿਆ ਤਾਂ ਸੁਧਾਰਵਾਦੀ ਅਕਾਲੀਆਂ ਨੇ ਆਪਣਾ ਧਿਆਨ ਗੁਰੂ ਕੇ ਬਾਗ਼ ਵੱਲ ਮੋੜਿਆ। ੩੧ ਜਨਵਰੀ, ੧੯੨੧ ਨੂੰ ਸ. ਦਾਨ ਸਿੰਘ ਦੀ ਅਗਵਾਈ ਵਿੱਚ ਕੁੱਝ ਸਿਖਾਂ ਨੇ ਮਹੰਤ ਨੂੰ ਸਮਝਾਇਆ ਕਿ ਉਹ ਆਪਣੇ ਆਪ ਨੂੰ ਸੁਧਾਰ ਲਵੇ। ਸਿੱਟੇ ਵਜੋਂ ਮਹੰਤ ਸ਼੍ਰ. ਗ. ਪ੍ਰ. ਕ ਵਲੋਂ ਸਥਾਪਤ ਕੀਤੀ ਗਈ ਕਮੇਟੀ ਅਧੀਨ ਕੰਮ ਕਰਨ ਤੇ ਅੰਮ੍ਰਿਤ ਪਾਨ ਕਰਨ ਲਈ ਸਹਿਮਤ ਹੋ ਗਿਆ, ਪਰ ਪਿਛੋਂ ਮੁਕਰ ਗਿਆ ਅਤੇ ਉਸ ਨੇ ਪਹਿਲੇ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਅਹਿੰਸਕ ਸੰਘਰਸ਼ ਦਾ ਅਰੰਭ

ਸ਼੍ਰੋਮਣੀ ਕਮੇਟੀ ਨੇ ੨੩ ਅਗਸਤ, ੧੯੨੧ ਨੂੰ ਗੁਰਦੁਆਰੇ ਦਾ ਪ੍ਰਬੰਧ ਆਪ ਸੰਭਾਲ ਲਿਆ। ੮ ਅਗਸਤ ਨੂੰ ਕੁੱਝ ਸਿੱਖ ਗੁਰਦੁਆਰੇ ਦੇ ਲੰਗਰ ਲਈ ਲਕੜਾਂ ਵਾਸਤੇ ਗੁਰਦੁਆਰੇ ਦੇ ਬਾਗ਼ ਵਿਚੋਂ ਇੱਕ ਸੁੱਕੇ ਕਿਕਰ ਨੂੰ ਕਟ ਰਹੇ ਸਨ ਤਾਂ ਮਹੰਤ ਨੇ ਪੁਲਿਸ ਪਾਸ ਸ਼ਿਕਾਇਤ ਕੀਤੀ। ਸਰਕਾਰ ਨੇ ਅਕਾਲੀਆਂ ਨੂੰ ਦਬਾਉਣ ਲਈ ਚੰਗਾ ਮੌਕਾ ਸਮਝਿਆ ਤੇ ਗੁਰਦੁਆਰੇ ਦੇ ੫ ਸੇਵਾਦਾਰਾਂ ਨੂੰ ਲਕੜਾਂ ਚੋਰੀ ਕਰਨ ਦੇ ਦੋਸ਼ ਵਿੱਚ ੯ ਅਗਸਤ ਨੂੰ ਫੜ ਲਿਆ। ਅਦਾਲਤ ਨੇ ਉਹਨਾਂ ਨੂੰ ਚੋਰੀ ਦੇ ਜੁਰਮ ਵਿੱਚ ਹਰ ਇੱਕ ਨੂੰ ੫੦ ਰੁਪਏ ਜੁਰਮਾਨਾ ਤੇ ਛੇ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ। ਸ਼੍ਰੋਮਣੀ ਕਮੇਟੀ ਨੇ ਇਸ ਨੂੰ ਸਿੱਖਾਂ ਦੇ ਅਧਿਕਾਰਾਂ ਤੇ ਨਾਜਾਇਜ਼ ਹਮਲਾ ਸਮਝਿਆ ਕਿੳਂਕਿ ਜ਼ਮੀਨ ਗੁਰਦੁਆਰੇ ਦੀ ਮਲਕੀਅਤ ਸੀ। ਸ਼੍ਰੋਮਣੀ ਕਮੇਟੀ ਨੇ ਲੰਗਰ ਲਈ ਲਕੜਾਂ ਕਟਣ ਦੇ ਹਕ ਦੀ ਰਾਖੀ ਤੇ ਸਰਕਾਰੀ ਧੱਕੇਬਾਜ਼ੀ ਦੇ ਵਿਰੁਧ ਸੰਘਰਸ਼ ਅਰੰਭ ਕਰ ਦਿੱਤਾ। ਹਰ ਰੋਜ਼ ੫ ਨਿਹੱਥੇ ਸਿੱਖਾਂ ਦਾ ਜੱਥਾ ਅਕਾਲ ਤਖਤ ਤੋਂ ਅਰਦਾਸ ਕਰ ਕੇ ਤੇ ਹਰ ਹਾਲਤ ਵਿੱਚ ਸ਼ਾਂਤਮਈ ਰਹਿਣ ਦੀ ਸੁਗੰਦ ਚੁਕ ਕੇ ਗੁਰੂ ਦੇ ਬਾਗ਼ ਲਈ ਚਲਦਾ ਤੇ ਸ਼ਾਂਤਮਈ ਰਹਿ ਕੇ ਪੁਲਿਸ ਦੀ ਮਾਰ ਝਲ ਕੇ ਗ੍ਰਿਫਤਾਰ ਹੋ ਜਾਂਦਾ। ਇਨਹਾਂ ਨੂੰ ਗੁਮਟਾਲੇ ਦੇ ਪੁਲ ਤੇ ਰੋਕ ਕੇ ਬੜਾ ਮਾਰਿਆ ਕੁਟਿਆ ਜਾਂਦਾ ਅਤੇ ਗੁਰੂ ਦੇ ਬਾਗ਼ ਪਹੁੰਚਣ ਨਾ ਦਿਤਾ ਜਾਂਦਾ। ਕਈਆਂ ਦੇ ਸਿਰ ਪਾਟ ਜਾਂਦੇ ਅਤੇ ਕਈ ਡਿਗਦੇ ਤੇ ਬੇਹੋਸ਼ ਹੋ ਜਾਂਦੇ।

ਸੰਘਰਸ਼ ਵਿੱਚ ਤੇਜ਼ੀ ਤੇ ਸਰਕਾਰੀ ਜ਼ੁਲਮ ਵਿੱਚ ਵਾਧਾ

ਅਗਸਤ ਦੇ ਆਖਰੀ ਹਫਤੇ ਹਰ ਰੋਜ਼ ਜਾਣ ਵਾਲੇ ਜੱਥੇ ਦੀ ਗਿਣਤੀ ਲਗ ਭਗ ੨੦੦ ਤਕ ਪਹੁੰਚ ਗਈ। ਰਸਤੇ ਵਿੱਚ ਲੋਕ ਜੱਥੇ ਤੇ ਫੁਲਾਂ ਦੀ ਵਰਖਾ ਕਰਦੇ ਤੇ ਜਲ ਆਦਿ ਦੀ ਸੇਵਾ ਕਰਦੇ। ਸਰਕਾਰ ਵਲੋਂ ਗੁਰੂ ਦੇ ਬਾਗ਼ ਨੂੰ ਜਾਣ ਵਾਲੀ ਸੜਕਾਂ ਤੇ ਰਾਹੀਆਂ ਤੇ ਦਰਸ਼ਕਾਂ ਦੀ ਵੀ ਮਾਰ ਕੁਟਾਈ ਸ਼ੁਰੂ ਹੋ ਗਈ। ਰੇਲਵੇ ਸਟੇਸ਼ਨਾਂ ਤੇ ਪੁਲਸ ਦੇ ਸਖਤ ਪਹਿਰੇ ਲਗੇ ਹੋਏ ਸਨ ਤੇ ਮੋਰਚੇ ਲਈ ਜਾਣ ਵਾਲਿਆਂ ਨੂੰ ਰੋਕ ਲਿਆ ਜਾਂਦਾ। ਗ੍ਰਿਫਤਾਰੀ ਦੇਣ ਵਾਲਿਆ ਨੂੰ ਰੋਕ ਕੇ ਡਾਂਗਾਂ ਨਾਲ ਇਤਨਾ ਮਾਰਿਆ ਜਾਂਦਾ ਕਿ ਉਹ ਚਲ ਨਾ ਸਕਣ। ਉਹ ਸੜਕ ਤੇ ਬੈਠ ਜਾਂਦੇ ਤੇ ਜਦੋਂ ਤਕ ਬੇਹੋਸ਼ ਨਾ ਹੋ ਜਾਂਦੇ ਸਤਿਨਾਮ ਵਾਹਿਗੁਰੂ ਦਾ ਪਾਠ ਕਰਦੇ ਰਹਿੰਦੇ। ਉਨ੍ਹਾਂ ਨੂੰ ਘਸੀਟ ਕੇ ਠੁਡੇ ਮਾਰੇ ਜਾਂਦੇ, ਪਰ ਕਿਸੇ ਇੱਕ ਨੇ ਵੀ ਅਗੋਂ ਹੱਥ ਨਹੀਂ ਉਠਾਇਆ ਤੇ ਸ਼ਾਂਤਮਈ ਰਹਿਣ ਦਾ ਪ੍ਰਣ ਨਿਭਾਇਆ। ੩੧ ਅਗਸਤ ਤੋਂ ਪਿਛੋਂ ਇਹ ਮਾਰ-ਕੁਟਾਈ ਹੋਰ ਵੀ ਸਖਤ ਤੇ ਹਡ-ਗੋਡੇ ਭੰਨਣ ਵਾਲੀ ਹੋ ਗਈ ਸੀ। ਗੁਰੂ ਕੇ ਬਾਗ਼ ਲਈ ਖੁਰਾਕ ਤੇ ਦਵਾਈਆਂ ਲੈ ਜਾਣ ਤੇ ਵੀ ਰੋਕ ਲਾ ਦਿੱਤੀ ਗਈ। ਸਰਕਾਰ ਦੇ ਇਹ ਸਾਰੇ ਹਥਿਆਰ ਨਿਸਫਲ ਰਹੇ ਤੇ ਮੋਰਚੇ ਵਿੱਚ ਗ੍ਰਿਫਤਾਰ ਹੋਣ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਤਕ ਪਹੰਚ ਗਈ। ਸਰਕਾਰ ਨੇ ਇਹ ਅਨੁਭਵ ਕਰ ਲਿਆ ਕਿ ਸਖਤੀ ਨਾਲ ਮੋਰਚਾ ਨਹੀਂ ਰੋਕਿਆ ਜਾ ਸਕਦਾ।

ਲ਼ੋਕ ਰਾਏ ਤੇ ਮੋਰਚੇ ਦਾ ਪ੍ਰਭਾਵ

ਨਿਹੱਥੇ ਤੇ ਸ਼ਾਂਤਮਈ ਅਕਾਲੀਆਂ ਤੇ ਕੀਤੇ ਜ਼ੁਲਮ ਨੇ ਲੋਕਾਂ ਤੇ ਡੂੰਘਾ ਪ੍ਰਭਾਵ ਪਾਇਆ। ਗੋਰਖੇ ਸਿਪਾਹੀਆਂ ਨੇ ਨਿਹੱਥੇ ਤੇ ਸ਼ਾਂਤਮਈ ਅਕਾਲੀਆਂ ਨੂੰ ਮਾਰਨ-ਕੁਟਣ ਤੋਂ ਇਨਕਾਰ ਕਰ ਦਿਤਾ। ਪ੍ਰਸਿਧ ਹਿੰਦੂ ਮੁਸਲਮਾਨ ਆਗੂਆਂ ਤੇ ਅਸੰਬਲੀਆਂ ਦੇ ਮੈਂਬਰ ਗੁਰੂ ਕੇ ਬਾਗ਼ ਪਹੁੰਚੇ ਅਤੇ ਉਨ੍ਹਾਂ ਨੇ ਆਪ ਇਹ ਸਾਰਾ ਕੁੱਝ ਵੇਖਿਆ। ਕਈ ਭਾਰਤੀ ਤੇ ਵਿਦੇਸ਼ੀ ਅਖਬਾਰਾਂ ਦੇ ਪੱਤਰਕਾਰਾਂ ਨੇ ਵੀ ਇਸ ਅਦੁੱਤੀ ਸਖਤੀ ਨੂੰ ਆਪਣੀ ਅਖੀਂ ਵੇਖਿਆ ਤੇ ਆਪਣੇ ਅਖਬਾਰਾਂ ਵਿੱਚ ਛਾਪਿਆ। ਇਸ ਕਾਰਣ ਸੰਸਾਰ ਦੇ ਲੋਕਾਂ ਦੀ ਰਾਏ ਸਰਕਾਰ ਦੇ ਵਿਰੁਧ ਹੋ ਗਈ। ਇੱਕ ਵਿਦੇਸ਼ੀ A.L. Verges ਨੇ ਇਸ ਸਾਕੇ ਦੀ ਇੱਕ ਫਿਲਮ ਬਣਾਈ ਅਤੇ ਸਰਕਾਰ ਦੀ ਇਸ ਨਾਜਾਇਜ਼ ਸਖਤੀ ਨੂੰ ਘਿਰਣਾਯੋਗ ਦਰਸਾਇਆ, ਅਕਾਲੀਆਂ ਦੇ ਸਬਰ ਤੇ ਸ਼ਾਂਤਮਈ ਰਹਿਣ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਅਹਿੰਸਕ ਮੋਰਚੇ ਨੂੰ ਸੰਸਾਰ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਦਰਸਾਇਆ। ਹਜ਼ਾਰਾਂ ਸਰੋਤਿਆ ਨੂੰ ਸੰਬੋਧਨ ਕਰਦਿਆਂ ਪੰਡਤ ਮਦਨ ਮੋਹਨ ਮਾਲਵੀਆ ਨੇ ਸਰਕਾਰ ਵਲੋਂ ਕੀਤੀ ਜਾ ਰਹੀ ਇਸ ਸਖਤੀ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ ਅਤੇ ਸਰਕਾਰ ਨੂੰ ਸਲਾਹ ਦਿੱਤੀ ਕਿ ਇਸ ਨੂੰ ਤੁਰੰਤ ਬੰਦ ਕਰੇ। ਇੱਕ ਪ੍ਰਸਿਧ ਇਸਾਈ ਪਾਦਰੀ, Rev.C. F. Andrews ਜਿਸ ਨੇ ਇਹ ਜ਼ੁਲਮ ਆਪਣੀ ਅਖੀਂ ਵੇਖਿਆ ਸੀ ਲਿਖਿਆ ਹੈ ਕਿ ਇਹ ਅੰਗਰੇਜ਼ ਸਰਕਾਰ ਦੀ ਨੈਤਿਕ ਹਾਰ, ਕਾਇਰਤਾ ਤੇ ਅਣਮੱਨੁਖੀ ਵਿਹਾਰ ਦੀ ਨਿਸ਼ਾਨੀ ਹੈ। ਉਸ ਨੇ ਪੰਜਾਬ ਦੇ ਗਵਰਨਰ ਨੂੰ ਲਿਖਿਆ ਕਿ ਉਸ ਨੇ ਆਪਣੀ ਅਖਾਂ ਨਾਲ ਗੁਰੂ ਕੇ ਬਾਗ਼ ਵਿੱਚ ਜ਼ੁਲਮ ਹੁੰਦਾ ਵੇਖਿਆ ਹੈ। ਇਹ ਉਹ ਨਜ਼ਾਰਾ ਸੀ ਜਿਹੜਾ ਉਹ ਫਿਰ ਕਦੇ ਦੇਖਣਾ ਨਹੀਂ ਚਾਹੁੰਦਾ। ਉਸ ਨੂੰ ਇਹ ਵੀ ਲਿਖਿਆ ਕਿ ਉਹ ਇਹ ਨਿਰਦਈ ਤੇ ਅਤਿਅੰਤ ਵਹਿਸ਼ੀਆਨਾ ਕਾਰਵਾਈ ਬੰਦ ਕਰੇ। ਉਸ ਦੇ ਸ਼ਬਦ ਬੜੇ ਭਾਵਪੂਰਤ ਤੇ ਕਰੁਣਾ ਮਈ ਸਨ। ਉਸ ਨੇ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਉਸ ਨੂੰ ਦਸਿਆ ਕਿ ਉਸ ਨੇ ਆਪਣੀ ਅਖਾਂ ਨਾਲ ਗੁਰੂ ਕੇ ਬਾਗ਼ ਵਿੱਚ ਹਜ਼ਾਰਾਂ ਈਸਾ ਮਸੀਹ ਫਾਂਸੀ ਲਗਦੇ ਵੇਖੇ ਹਨ।

ਸਰਕਾਰ ਨੇ ਆਪਣੇ ਢੰਗ ਬਦਲੇ

ਮੋਰਚੇ ਨੂੰ ਜ਼ੋਰ ਫੜਦਾ ਦੇਖ ਕੇ ਸਰਕਾਰ ਨੇ ਅਕਾਲੀਆਂ ਤੇ ਸਖਤੀ ਕਰਨ ਦਾ ਢੰਗ ਬਦਲ ਲਿਆ, ਪਰ ਉਸ ਦਾ ਮੰਤਵ ਅਕਾਲੀ ਮੋਰਚੇ ਨੂੰ ਦਬਾਉਣਾ ਤੇ ਫੇਲ੍ਹ ਕਰਨਾ ਹੀ ਰਿਹਾ। ਸਰਕਾਰ ਨੇ ਇਹ ਫੈਸਲਾ ਕੀਤਾ ਕਿ ਅਗੇ ਤੋਂ ਅਕਾਲੀਆਂ ਨੂੰ ਮਾਰ ਕੁਟਾਈ ਦਾ ਕੰਮ ਦੂਰ ਦੁਰਾਡੇ ਕਿਸੇ ਗੁਪਤ ਥਾਂ ਤੇ ਕੀਤਾ ਜਾਵੇ ਅਤੇ ਪੁਲਿਸ ਦੀ ਸਹਾਇਤਾ ਲਈ ਫੌਜ ਦੀ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ। ਬਾਗ਼ ਦੇ ਦੁਆਲੇ ਕੰਡਿਆਲੀ ਤਾਰ ਲਗਵਾ ਦਿੱਤੀ। ਪੁਲਿਸ ਨੂੰ ਸਿੱਖਿਆ ਦਿੱਤੀ ਗਈ ਕਿ ਗ੍ਰਿਫਤਾਰੀ ਦੇਣ ਵਾਲਿਆਂ ਦੇ ਗੁਪਤ ਅੰਗਾਂ ਤੇ ਸੱਟ ਮਾਰੀ ਜਾਵੇ। ਇਸ ਮੰਤਵ ਲਈ ਇੱਕ ਕਿਤਾਬਚਾ ਵੀ ਛਾਪ ਕੇ ਵੰਡਿਆ ਗਆ।

ਦ੍ਰਿੜ੍ਹ ਅਕਾਲੀ

ਇਹ ਨਵੇਂ ਢੰਗ ਅਕਾਲੀਆਂ ਦਾ ਹੌਸਲਾ ਤੋੜਨ ਵਿੱਚ ਫੇਲ੍ਹ ਹੋ ਗਏ ਅਤੇ ਗ੍ਰਿਫਤਾਰੀ ਦੇਣ ਵਾਲਿਆਂ ਦੀ ਗਿਣਤੀ ਵਧਦੀ ਗਈ। ਅਕਾਲੀ ਗੁਰੂ ਕੇ ਬਾਗ਼ ਜਾ ਕੇ ਗ੍ਰਿਫਤਾਰੀ ਦੇਣ ਨੂੰ ਯਾਤਰਾ ਸਮਝਣ ਲਗ ਪਏ। ਮੋਰਚੇ ਵਿੱਚ ਗ੍ਰਿਫਤਾਰ ਹੋਏ ਅਕਾਲੀਆਂ ਦੀ ਗਿਣਤੀ ੮ ਹਜ਼ਾਰ ਪਾਰ ਕਰ ਗਈ ਅਤੇ ਜੇਲ੍ਹਾਂ ਭਰ ਗਈਆਂ ਸਨ। ਅਕਾਲੀ ਜੱਥਿਆਂ ਵਿੱਚ ਭਾਰੀ ਗਿਣਤੀ ਵਿੱਚ ਸੇਵਾ ਮੁਕਤ ਫੌਜੀ ਗ੍ਰਿਫਤਾਰੀ ਦੇਣ ਲਈ ਸ਼ਾਮਲ ਹੋ ਗਏ। ਨਵੰਬਰ ੧੯੨੨ ਦੇ ਅਰੰਭ ਵਿੱਚ ਫੌਜੀ ਪੈਨਸ਼ਨਰਾਂ ਦੇ ਇੱਕ ਜੱਥੇ ਨੇ ਗ੍ਰਿਫਤਾਰੀ ਦਿੱਤੀ। ਸਰਕਾਰ ਨੂੰ ਭਾਰਤੀ ਸਿੱਖ ਫੌਜੀ ਦਸਤਿਆਂ ਵਿੱਚ ਅਸ਼ਾਂਤੀ ਫੈਲਣ ਦਾ ਖਤਰਾ ਪੈਦਾ ਹੋ ਗਿਆ। ਅਖਬਾਰਾਂ ਵਿੱਚ ਸਰਕਾਰ ਵਿਰੋਧੀ ਛਪੇ ਲੇਖ, ਕੌਮੀ ਪਧਰ ਦੇ ਲੀਡਰਾਂ ਦੇ ਬਿਆਨਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰ ਨੇ ਸਰਕਾਰ ਨੂੰ ਪਰੇਸ਼ਾਨ ਕਰ ਦਿੱਤਾ।

ਸਰਕਾਰ ਆਪਣੀ ਸਾਖ ਬਚਾਉਣ ਲਈ ਕੋਈ ਉਪਾਉ ਲਭਣ ਲਗ ਪਈ।

ਸਰਕਾਰ ਨੇ ਭੱਜਣ ਦਾ ਰਾਹ ਲਭ ਲਿਆ।

ਸਰਕਾਰ ਅਸਲ ਵਿੱਚ ਕੁੜਿੱਕੀ ਵਿੱਚ ਫਸ ਗਈ ਸੀ ਅਤੇ ਇਸ ਵਿਚੋਂ ਨਿਕਲਣ ਦਾ ਰਾਹ ਲਭ ਰਹੀ ਸੀ।

ਸਰਕਾਰ ਨੇ ਇੱਕ ਸੇਵਾ ਮੁਕਤ ਇੰਜੀਨੀਅਰ ਸਰ ਗੰਗਾ ਰਾਮ ਨੂੰ ਇਸ ਗੱਲ ਲਈ ਮੰਨਾ ਲਿਆ ਕਿ ਉਹ ਬਾਗ਼ ਦੀ ਜ਼ਮੀਨ ਮਹੰਤ ਤੋਂ ਪਟੇ ਤੇ ਲੈ ਲਵੇ। ਨਵੰਬਰ ੧੯੨੨ ਵਿੱਚ ਉਸ ਨੇ ਜ਼ਮੀਨ ਪਟੇ ਤੇ ਲਈ ਅਤੇ ਅਕਾਲੀਆਂ ਨੂੰ ਬਾਗ਼ ਵਿਚੋਂ ਲਕੜਾਂ ਕਟਣ ਦੀ ਮਨਜ਼ੂਰੀ ਦੇ ਦਿੱਤੀ। ਸਰਕਾਰ ਨੇ ਗੁਰੂ ਕੇ ਬਾਗ਼ ਤੋਂ ਪੁਲਿਸ ਵਾਪਸ ਬੁਲਾ ਲਈ ਤੇ ਬਾਗ਼ ਦੁਆਲੇ ਲਗਾਈ ਕੰਡਿਆਲੀ ਤਾਰ ਵੀ ਹਟਾ ਦਿੱਤੀ। ਅਕਾਲੀਆਂ ਨੇ ਬਾਗ਼ ਵਾਲੀ ਜ਼ਮੀਨ ਤੇ ਕਬਜ਼ਾ ਕਰ ਲਿਆ ਅਤੇ ਸਰਕਾਰ ਨੇ ਕੈਦ ਕੀਤੇ ਅਕਾਲੀ ਰਿਹਾ ਕਰ ਦਿੱਤੇ। ੭ ਨਵੰਬਰ, ੧੯੨੨ ਵਾਲੇ ਦਿਨ ਇਹ ਸ਼ੰਘਰਸ਼ ਜਿਸ ਵਿੱਚ ੧੫੦੦ ਅਕਾਲੀ ਫਟੜ ਹੋਏ ਤੇ ੫੬੦੫ ਅਕਾਲੀਆਂ ਨੇ ਗ੍ਰਿਫਤਾਰੀ ਦਿੱਤੀ ਸਮਾਪਤ ਹੋ ਗਿਆ। ਅਕਾਲੀਆਂ ਨੇ ਗੁਰੂ ਕੇ ਬਾਗ਼ ਦੀ ਜ਼ਮੀਨ ਤੇ ਗੁਰਦੁਆਰੇ ਤੇ ਕਬਜ਼ਾ ਕਰ ਲਿਆ।

ਸਿੱਟਾ

ਸਰਕਾਰ ਨੇ ਚਾਬੀਆਂ ਦੇ ਮੋਰਚੇ ਦੀ ਨਮੋਸ਼ੀ ਦੂਰ ਕਰਨ ਲਈ ਇਸ ਨਵੇਂ ਮੋਰਚੇ ਤੇ ਅਕਾਲੀਆਂ ਨਾਲ ਟੱਕਰ ਲਈ ਸੀ, ਪਰ ਉਸ ਨੂੰ ਮੂੰਹ ਦੀ ਖਾਣੀ ਪਈ। ਸ਼ਰਕਾਰੀ ਤਸ਼ੱਦਦ ਤੇ ਪੁਲਿਸ ਦੇ ਅਣਮੱਨੁਖੀ ਵਤੀਰੇ ਦੇ ਬਾਵਜੂਦ ਅਕਾਲੀ ਸ਼ਾਂਤਮਈ ਰਹੇ। ਉਨ੍ਹਾਂ ਨੇ ਇਹ ਸਿਧ ਕਰ ਦਿਖਾਇਆ ਕਿ ਸਿੱਖ ਜ਼ੁਲਮ ਤੇ ਭੜਕਾਊ ਵਰਤਾਰੇ ਦਾ ਟਾਕਰਾ ਵੀ ਸ਼ਾਂਤਮਈ ਤੇ ਅਹਿੰਸਕ ਰਹਿ ਕੇ ਕਰ ਸਕਦੇ ਹਨ। ਸਿੱਟੇ ਵਜੋਂ ਸ਼੍ਰੋਮਣੀ ਕਮੇਟੀ ਦਾ ਵਕਾਰ ਬੜਾ ਵਿਸ਼ਾਲ ਹੋ ਗਿਆ ਕਿਉਂਕਿ ਇਸ ਨੇ ਸ਼ਾਂਤਮਈ ਰਹਿ ਕੇ ਜਿੱਤ ਪ੍ਰਾਪਤ ਕੀਤੀ ਸੀ। ਹੁਣ ਅਕਾਲੀਆਂ ਨੇ ਨਵੇਂ ਮੋਰਚੇ ਦੀ ਤਿਆਰੀ ਅਰੰਭ ਕਰ ਦਿਤੀ।

ਅਸਾਡਾ ਸੁਨਹਿਰੀ ਵਿਰਸਾ

ਬੜੇ ਦੁਖ ਦੀ ਗੱਲ ਹੈ ਕਿ ਅਸੀਂ ਆਪਣੇ ਸੁਨਹਿਰੀ ਵਿਰਸੇ ਨੂੰ ਭੁੱਲ ਰਹੇ ਹਾਂ। ਮੇਰਾ ਸਰਸਰੀ ਅੰਦਾਜ਼ਾ ਹੈ ਕਿ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਸਕੂਲਾਂ ਤੇ ਕਾਲਜਾਂ ਵਿੱਚ ਪੜ੍ਹਦੇ ਸੀਨੀਅਰ ਸਿੱਖ ਵਿਦਿਆਰਥੀਆਂ ਵਿਚੋਂ ਬਹੁਤ ਥੋੜੇ ਵਿਦਿਆਰਥੀ ਹੀ ਗੁਰੂ ਕੇ ਬਾਗ਼ ਬਾਰੇ ਕੁੱਝ ਜਾਣਦੇ ਹਨ। ਸ਼ਾਇਦ ਅਸੀਂ ਗੁਰੂ ਅਮਰ ਦਾਸ ਜੀ ਦਾ ਕਥਨ ਭੁੱਲ ਗਏ ਹਾਂ:

ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ( ਅੰਗ: ੯੫੧)

‘ਬਜ਼ੁਰਗਾਂ ਦੀਆਂ ਸਾਖੀਆਂ ਪੁਤੱਰਾਂ ਨੂੰ ਸਪੁੱਤਰ (ਚੰਗੇ ਪੁਤੱਰ) ਬਣਾ ਦਿੰਦੀਆ ਹਨ। (ਕਿਉਂਕਿ ਉਹ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਦੇ ਹਨ)

ਇਹੋ ਕਾਰਨ ਹੈ ਕਿ ਅਸਾਡੀ ਨਵੀਂ ਪਨੀਰੀ ਵਿਚੋਂ ਬਹੁਤੇ ਕੁਰਾਹੇ ਪੈ ਰਹੇ ਹਨ। ਮੈਂ ਇਸ ਲੇਖ ਨੂੰ ਪੜ੍ਹਨ ਵਾਲਿਆ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਪਾਸੇ ਧਿਆਨ ਦੇਣ ਅਤੇ ਇਸ ਨੂੰ ਪੜ੍ਹ ਕੇ ਆਪਣੀ ਨਵੀਂ ਪਨੀਰੀ ਨਾਲ ਸਾਂਝਾ ਕਰਨ। ਜੇ ਕੋਈ ਹੋਰ ਸਿੱਖ ਸ਼ਹੀਦਾਂ ਬਾਰੇ ਪੜ੍ਹਨਾ ਚਾਹੁੰਦਾ ਹੈ ਤਾਂ ਉਸ ਨੂੰ ਬੇਨਤੀ ਹੈ ਕਿ ਮੇਰੀ ਵੈਬਸਾਇਟ sawansinghgogia.com ਤੇ ਜਾ ਕੇ ਮੇਰੀ ਪੁਸਤਕਾਂ Sikh Martyrs Part first and Part second ਪੜ੍ਹਨ।

ਸਾਵਣ ਸਿੰਘ

ਪੁਸਤਕ ਸੂਚੀ

1.Mohinder Singh, The Akali Movement, Delhi, 1997

2. Harbans Singh, The Encyclopedia Of Sikhism. (Volume3rd) Patiala, 1997

3. ਸੋਹਨ ਸਿੰਘ ਜੋਸ਼, ਅਕਾਲੀ ਮੋਰਚਿਆਂ ਦਾ ਇਤਿਹਾਸ, ਨਵੀਂ ਦਿੱਲੀ, 1977




.