ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਮੇਰੀ ਅਰਦਾਸ ਨਾਲ, ਨਹੀਂ ਮੇਰੀ ਅਰਦਾਸ ਨਾਲ
ਕੌਮ ਵਿੱਚ ਬਹੁਤ ਹੀ ਸੂਝਵਾਨ
ਰਾਗੀ-ਢਾਡੀ, ਪ੍ਰਚਾਰਕ ਅਤੇ ਕਥਾ ਵਾਚਕ ਹਨ ਜਿਨ੍ਹਾਂ ਨੇ ਕਦੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ ਤੇ
ਤਨ ਦੇਹੀ ਨਾਲ ਸਿੱਖੀ ਸਿਧਾਂਤ ਦੇ ਪਰਚਾਰ ਵਾਸਤੇ ਲੱਗੇ ਹੋਏ ਹਨ। ਸਾਰੀਆਂ ਉਂਗਲ਼ਾਂ ਇਕੋ ਜੇਹੀਆਂ
ਨਹੀਂ ਹੁੰਦੀਆਂ। ਪਰ ਕਈ ਅਜੇਹੇ ਵੀ ਹਨ ਜਿੰਨ੍ਹਾਂ ਨੂੰ ਅਜੇ ਤਕ ਇਹ ਸਮਝ ਨਹੀਂ ਆਈ ਕਿ ਸਿੱਖਾਂ ਦਾ
ਇਕੋ ਗ੍ਰੰਥ ਹੈ ਤੇ ਦੂਜਾ ਹੋਰ ਕੋਈ ਗ੍ਰੰਥ ਨਹੀਂ ਹੈ ਪਰ ਫਿਰ ਵੀ ਉਹ ਜਿੱਦ ਪੁਗਾ ਰਹੇ ਹਨ। ਕਈ
ਡੇਰਿਆਂ ਦੀ ਪਦਾਇਸ਼ ਹੋਣ ਕਰਕੇ ਬਿੱਪਰੀ ਰੀਤਾਂ ਅਨੁਸਾਰ ਸਿੱਖ ਸਿਧਾਂਤ ਨੂੰ ਪੇਸ਼ ਕਰਨ ਵਿੱਚ ਲੱਗੇ
ਹੋਏ ਹਨ। ਅਜੇਹੇ ਬਿੱਪਰੀ ਸੋਚ ਵਾਲਿਆਂ ਦੀ ਇੱਕ ਕਹਾਣੀ ਲਿਖੀ ਹੈ।
ਅੱਜ ਇੱਕ ਪਰਵਾਰ ਵਲੋਂ ਨਵ ਜੰਮੇ ਕਾਕੇ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ
ਗੁਰਦੁਆਰੇ ਅਖੰਡਪਾਠ ਰਖਾਇਆ ਹੋਇਆ ਸੀ। ਦੂਜੇ ਪਾਸੇ ਕੌਮ ਦੇ ਧਾਰਮਕ ਆਗੂਆਂ ਵਿੱਚ ਘਮਸਾਣ ਮੱਚਿਆ
ਹੋਇਆ ਸੀ। ਇਸ ਕਾਕੇ ਦੇ ਜਨਮ ਲਈ ਮਾਤਾ ਪਿਤਾ ਤੋਂ ਬਿਨਾ ਹੋਰ ਵੀ ਕਈ ਦਾਅਵੇਦਾਰ ਸਨ ਕਿ ਕਾਕਾ ਸਾਡੀ
ਅਰਦਾਸ ਨਾਲ ਹੋਇਆ ਹੈ। ਇੱਕ ਜੱਥੇ ਦਾ ਜੱਥੇਦਾਰ ਕਹਿੰਦਾ, “ਮੇਰੀ ਅਰਦਾਸ ਨਾਲ ਕਾਕੇ ਨੇ ਸੰਸਾਰ
ਦਾ ਮੂੰਹ ਦੇਖਿਆ ਹੈ”। ਸਿਰੇ ਦਾ ਪੱਤਰਕਾਰ ਜਦੋਂ ਕੋਈ ਮੁਦਿਆਂ `ਤੇ ਲੇਖਣੀ ਲਿਖਦਾ ਸੀ ਤਾਂ
ਸਰਕਾਰ ਵੀ ਕੰਬ ਜਾਂਦੀ ਸੀ। ਉਹ ਦਾਅਵਾ ਕਰ ਰਿਹਾ ਸੀ, ਕਿ “ਮੇਰੇ ਵਲੋਂ ਦੱਸੀ ਜੁਗਤੀ ਨਾਲ ਕਾਕੇ
ਨੇ ਸੰਸਾਰ ਵਿੱਚ ਲੇਰ ਮਾਰੀ ਹੈ। ਮੈਂ ਹੀ ਕਿਹਾ ਸੀ ਕਿ ਕਾਲੇ ਰੰਗ ਦੀ ਚਾਦਰ `ਤੇ ਸੁਖਮਨੀ ਦਾ ਪਾਠ
ਕਰਨਾ ਹੈ”। ਗੁਰਦੁਆਰੇ ਦਾ ਗ੍ਰੰਥੀ ਕਹਿੰਦਾ ਹੈ, “ਤੁਸੀਂ ਸਾਰੇ ਝੂਠ ਬੋਲਦੇ ਹੋ ਵਿੱਧੀ
ਨਾਲ ਜਾਪ ਕਰਨ ਲਈ ਸ਼ਬਦ ਮੈਂ ਦਿੱਤਾ ਸੀ”। ਕੀਰਤਨੀ ਜੱਥੇ ਦਾ ਜੱਥੇਦਾਰ ਕਹਿੰਦਾ, ਕਿ “ਮੈਂ
ਸਵੇਰ ਵੇਲੇ ਸੁੱਚੇ ਮੂੰਹ ਅਰਦਾਸਾਂ ਕਰਦਾ ਰਿਹਾ ਸੀ। ਫਿਰ ਇੱਕ ਦਿਨ ਦਰਬਾਰ ਵਿੱਚ ਖੜੇ ਹੋ ਕੇ ਸਾਡੇ
ਸਾਰੇ ਜੱਥੇ ਨੇ ਅਰਦਾਸ ਕੀਤੀ ਸੀ। ਅਸੀਂ ਤੇ ਪਤਾ ਨਹੀਂ ਕਿਦ੍ਹਾ ਕਿਦ੍ਹਾ ਭਲਾ ਕੀਤਾ ਹੈ ਗਿਣਿਆ
ਨਹੀਂ ਜਾ ਸਕਦਾ। ਮੇਰੀ ਅਰਦਾਸ ਤਾਂ ਕਦੀ ਖਾਲੀ ਗਈ ਹੀ ਨਹੀਂ ਹੈ ਕਿਉਂਕਿ ਮੈਂ ਆਪ ਬਹੁਤ ਬੰਦਗੀ
ਕਰਦਾ ਹਾਂ”। ਇੱਕ ਮਾਈ ਕਹਿੰਦੀ ਹੈ, ਕਿ “ਮੋਰ ਦੇ ਖੰਭ ਨਾਲ ਮੈਂ ਪੰਜਾਬ ਤੋਂ ਬਾਬੇ ਕੋਲੋਂ
ਸ਼ਬਦ ਕਰਾ ਕੇ ਲਿਆਂਦਾ ਸੀ ਤੇ ਇਹ ਸਾਰੀ ਓਸੇ ਸ਼ਬਦ ਦੀ ਕਰਾਮਾਤ ਹੈ”। ਪਰਵਾਰ ਇੱਕ ਹੈ ਪਰ ਅਰਦਾਸ
ਦੀ ਮਾਇਆ ਲੈਣ ਲਈ ਦਾਅਵੇਦਾਰਾਂ ਦਾ ਆਪਸ ਵਿੱਚ ਘਮਸਾਣ ਮੱਚਿਆ ਹੋਇਆ ਸੀ। ਕਮਰੇ ਵਿੱਚ ਬੈਠ ਕੇ ਇੱਕ
ਦੂਜੇ ਨੂੰ ਨਾਮ ਘੱਟ ਜਪਣ ਦੇ ਮਿਹਣੇ ਵੀ ਮਾਰੇ ਜਾ ਰਹੇ ਸਨ। ਹਨੇਰ ਸਾਂਈ ਦਾ ਇਹ ਸਾਰੇ ਧਰਮ ਦਾ
ਪਰਚਾਰ ਕਰਨ ਵਾਲੇ ਜੇ। ਯੂ. ਐਸ. ਏ. ਵਿਖੇ ਮੇਰੇ ਇੱਕ ਦੋਸਤ ਭਾਈ ‘ਰਾਏ` ਰਹਿੰਦੇ ਹਨ। ਉਹਨਾਂ ਨੂੰ
ਕਈ ਵਾਰੀ ਗੁਰਦੁਆਰੇ ਵਿੱਚ ਕਮੇਟੀ ਮੈਂਬਰ ਬਣ ਕੇ ਸੇਵਾ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ। ਉਹਨਾਂ
ਦੇ ਪਾਸੋਂ ਜਗ੍ਹੋਂ ਤੇਰ੍ਹਵੀਆਂ ਦੀ ਪਟਾਰੀ ਭਰੀ ਪਈ ਹੈ। ਜਦੋਂ ਕਿੱਤੇ ਉਹਨਾਂ ਪਾਸ ਬੈਠਣ ਦਾ ਮੌਕਾ
ਬਣਦਾ ਹੈ ਤਾਂ ਉਹ ਬਹੁਤ ਸਾਰੀਆਂ ਹੰਢਾਈਆਂ ਵਾਪਰੀਆਂ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਦੇ ਹਨ। ਅਪ੍ਰੈਲ
੨੦੧੫ ਵਿੱਚ ਮੈਂ ਇਹਨਾਂ ਪਾਸ ਤਿੰਨ ਕੁ ਦਿਨ ਠਹਿਰਿਆ ਸੀ ਤੇ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਦੀਆਂ
ਵਿਚਾਰਾਂ ਕੀਤੀਆਂ ਸਨ।
ਭਾਈ ਰਾਏ ਜੀ ਦਸਦੇ ਸਨ ਕਿ ਮੈਂ ਇੱਕ ਵਾਰ ਕਮੇਟੀ ਮੈਂਬਰ ਸੀ। ਸਾਡੀ ਪਛਾਣ ਵਾਲੇ ਪਰਵਾਰ ਨੇ
ਗੁਰਦੁਆਰੇ ਅਖੰਡ ਪਾਠ ਕਰਾਉਣ ਲਈ ਤਰੀਕ ਲਈ ਹੋਈ ਸੀ। ਪਰਵਾਰ ਨੂੰ ਪੂਰੇ ਬਾਰ੍ਹਾਂ ਸਾਲਾਂ ਬਾਅਦ
ਕਾਕੇ ਦੀ ਦਾਤ ਰੱਬ ਜੀ ਨੇ ਬਖਸ਼ੀ ਸੀ। ਕਹਿੰਦੇ ਨੇ ਬਾਰ੍ਹੀ ਸਾਲੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ
ਹੈ। ਕਾਕੇ ਦੀ ਦਾਤ ਲਈ ਪਰਵਾਰ ਨੇ ਕਈ ਪ੍ਰਕਾਰ ਦੇ ਧਰਮ ਦੇ ਨਾਂ `ਤੇ ਪਾਪੜ ਵੇਲੇ ਸਨ। ਜਿੱਥੋਂ
ਕਿਤੋਂ ਵੀ ਦੱਸ ਪੈਂਦੀ ਸੀ ਵਿਚਾਰੇ ਕਾਕੇ ਦੀ ਪ੍ਰਾਪਤੀ ਲਈ ਓਧਰ ਹੀ ਮੂੰਹ ਚੁੱਕ ਕੇ ਤੁਰ ਪੈਂਦੇ
ਸਨ। ਕਈਆਂ ਦੀਆਂ ਚੌਂਕੀਆਂ ਭਰੀਆਂ ਕਈਆਂ ਕੋਲੋਂ ਅਰਦਾਸਾਂ ਕਰਾਈਆਂ। ਮਹੀਨੇ ਦੀ ਕਮਾਈ ਦਾ ਅੱਧਿਓਂ
ਬਹੁਤਾ ਹਿੱਸਾ ਧਾਰਮਿਕ ਵਿਆਕਤੀਆਂ ਦੀ ਭੇਟ ਚੜ੍ਹ ਜਾਂਦਾ ਸੀ। ਪੰਜਾਬ ਤੋਂ ਜਿਹੜਾ ਵੀ ਕਥਾ ਵਾਚਕ,
ਰਾਗੀ, ਢਾਡੀ ਤੇ ਕਵਿਸ਼ਰੀ ਜੱਥਾ ਆਉਂਦਾ ਸੀ ਪਰਵਾਰ ਵਾਲੇ ਸ਼ਰਧਾ ਭਾਵਨਾ ਨਾਲ ਉਸ ਨੂੰ ਘਰ ਸੱਦ ਕੇ
ਪਿਆਰ ਨਾਲ ਪੀਜ਼ੇ ਦੀ ਦਿੱਲ ਖੋਲ੍ਹ ਕੇ ਸੇਵਾ ਕਰਦੇ ਸਨ। ਪੀਜ਼ਾ ਛੱਕਣ ਉਪਰੰਤ ਬਹੁਤ ਹੀ ਖਚਰੇ ਜੇਹੇ
ਹਾਸੇ ਨਾਲ ਧਰਮੀਆਂ ਵਾਲਾ ਮੂੰਹ ਬਣਾ ਕੇ ਥਾਲੀ ਵਿੱਚ ਹੱਥ ਸੁੱਚੇ ਤੇ ਕੁਰਲੀ ਕਰਕੇ ਕੇ ਅਰਦਾਸ ਕੀਤੀ
ਜਾਂਦੀ ਸੀ। ਪਰਵਾਰ ਵਲੋਂ ਜਥਾ-ਸ਼ਕਤ ਗੁਰੂ ਕੇ ਲਾਡਲਿਆਂ ਦੀ ਸੇਵਾ ਕੀਤੀ ਜਾਂਦੀ ਸੀ। ਵਿਚਾਰੇ ਪਰਵਾਰ
ਵਾਲੇ ਆਪਣੇ ਸੁੱਖ ਲਈ ਆਏ ਗਏ ਧਰਮੀਆਂ ਦੀ ਸੇਵਾ ਕਰਦੇ ਰਹਿੰਦੇ ਸਨ। ਕਈਆਂ ਨੂੰ ਉਹ ਦੂਰ-ਦਰਾਡ ਵੀ
ਛੱਡ ਕੇ ਆਉਂਦੇ ਸਨ। ਧਾਰਮਿਕ ਲੋਕਾਂ ਵਲੋਂ ਇਹ ਮਹਾਨ ਸੇਵਾ ਦੱਸੀ ਜਾਂਦੀ ਸੀ।
ਬਾਰ੍ਹੀਂ ਤੇਰ੍ਹੀਂ ਸਾਲੀ ਉਹਨਾਂ ਦੀ ਕੀਤੀ ਜਾਂਦੀ ਸੇਵਾ ਦੀ ਸੁਣਾਈ ਹੋ ਹੀ ਗਈ। ਪਰਵਾਰ ਨੂੰ ਇਹ
ਅਹਿਸਾਸ ਹੋਇਆ ਕਿ ਹੁਣ ਸਾਡੇ ਘਰ ਵੀ ਨਵ ਜੰਮੇ ਬੱਚੇ ਦੀਆਂ ਕਿਲਕਾਰੀਆਂ ਸੁਣਨ ਨੂੰ ਮਿਲਣਗੀਆਂ।
ਪਰਵਾਰ ਨੂੰ ਬਹੁਤ ਹੀ ਚਾਅ ਚੜ੍ਹਿਆ ਹੋਇਆ ਸੀ। ਜਿਵੇਂ ਜਿਵੇਂ ਖੁਸ਼ੀਆਂ ਦੇ ਪਲ ਨੇੜੇ ਨੇੜੇ ਆਉਂਦੇ
ਗਏ ਤਿਵੇਂ ਤਿਵੇਂ ਉਨਾਂ ਦੀਆਂ ਧੜਕਣਾ ਵੀ ਤੇਜ਼ ਹੁੰਦੀਆਂ ਜਾ ਰਹੀਆਂ ਸਨ। ਸਾਰਿਆਂ ਦੀ ਜ਼ਬਾਨ `ਤੇ
ਇੱਕ ਹੀ ਬੋਲ ਸੀ ਕਿ ਰੱਬ ਜੀ ਸੋਹਣੀਆਂ ਖੁਸ਼ੀਆਂ ਦੇਖਣ ਨੂੰ ਦਿਆ ਜੇ।
ਅੱਜ ਪਰਵਾਰ ਲਈ ਸਮਾਂ ਆ ਗਿਆ ਜਿਸ ਦੀ ਪਿੱਛਲੇ ਕੁੱਝ ਮਹੀਨਿਆਂ ਤੋਂ ਉਡੀਕ ਕੀਤੀ ਜਾ ਰਹੀ ਸੀ। ਮਾਂ
ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਇਲਾਜ ਸ਼ੁਰੂ ਹੋਇਆ ਤੇ ਕੰਨਾ ਵਿੱਚ ਇਹ ਅਵਾਜ਼ ਆਈ ਜਿਸ ਨੂੰ
ਸੁਣਨ ਲਈ ਪਿੱਛਲੇ ਕਈ ਸਾਲਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਤੁਹਾਡੇ ਘਰ ਚੰਨ ਵਰਗੇ ਕਾਕੇ ਨੇ
ਜਨਮ ਲਿਆ ਹੈ। ਪਰਵਾਰ ਵਾਲੇ ਹੁਣ ਟੈਲੀਫੂਨ ਹੀ ਸੁਣ ਰਹੇ ਸਨ। ਚਾਰ ਚੁਫਰਿਓਂ ਟੈਲੀਫੂਨ ਰਾਂਹੀ
ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਨਜ਼ਦੀਕਤਾ ਰੱਖਣ ਵਾਲੇ ਆਪਣੇ ਆਪ ਹੀ ਹਸਪਤਾਲ ਪਹੁੰਚ ਗਏ, ਬਾਕੀ
ਬੱਚੇ `ਤੇ ਮਾਂ ਨੂੰ ਘਰ ਆਉਣ ਦੀ ਉਡੀਕ ਕਰਨ ਲੱਗ ਪਏ। ਮਿਠਾਈ ਵਾਲੇ ਡੱਬਿਆਂ ਦਾ ਹੁਕਮ ਦਿੱਤਾ ਗਿਆ।
ਹਰੇਕ ਦਾ ਮੂੰਹ ਮਿੱਠਾ ਕਰਾਇਆ ਗਿਆ। ਓਧਰ ਪੰਜਾਬ ਦੀ ਧਰਤੀ ਤੇ ਰਹਿੰਦੇ ਪਰਵਾਰਾਂ ਨੂੰ ਵੀ ਬਹੁਤ
ਜ਼ਿਆਦਾ ਖੁਸ਼ੀ ਹੋਈ। ਭੰਡ, ਬਾਜ਼ੀਗਰਨੀਆਂ ਤੇ ਖੁਸਰੇ ਆਪਣਾ ਆਪਣਾ ਹਿੱਸਾ ਮੰਗਣ ਲਈ ਅਮਰੀਕਾ ਵਾਲੇ
ਪਰਵਾਰ ਵਿੱਚ ਆਉਣੇ ਸ਼ੁਰੂ ਹੋ ਗਏ। ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਅਮਰੀਕਾ
ਤੇ ਪੰਜਾਬ ਵਿੱਚ ਦੋਹਾਂ ਪਰਵਾਰਾਂ ਵਿੱਚ ਪੂਰੀ ਖੁਸ਼ੀ ਦੀ ਲਹਿਰ ਸੀ। ਕੋਈ ਮਾਸੀ ਕਹੇ ਮੈਂ ਫਲਾਣੀ
ਸੁੱਖਣਾ ਸੁੱਖੀ ਹੋਈ ਸੀ। ਕੋਈ ਕਹੇ ਮੈਂ ਕਾਹਨ ਦਾਸ ਦੇ ਸ਼ਰਾਬ ਸੁੱਖੀ ਹੋਈ ਸੀ ਤੇ ਕੋਈ ਕਹੇ ਮੈਂ
ਬਾਬੇ ਰੋਡੇ `ਤੇ ਘਰ ਦੀ ਦੇਸੀ ਸ਼ਰਾਬ ਸੁੱਖੀ ਹੋਈ ਐ। ਭੂਆ ਕਹਿੰਦੀ ਮੈਂ ਫਲਾਣੇ ਡੇਰੇ `ਤੇ ਦੋ
ਅਖੰਡਪਾਠ ਸੁੱਖੇ ਹੋਏ ਸਨ। ਮੇਰੇ ਭਤੀਜੇ ਨੂੰ ਕਹੋ ਮੈਨੂੰ ਪੈਸੇ ਭੇਜੇ ਮੈਂ ਸੁੱਖਣਾ ਲਹੁੰਣੀ ਹੈ।
ਮਾਮੇ ਕਹਿੰਦੇ ਅਸੀਂ ਪੂਰੀ ਠੁਕ ਨਾਲ ਇਸ ਵਾਰ ਲੋਹੜੀ ਮਨਾਉਣੀ ਹੈ।
ਕਾਕਾ ਸਵਾ ਕੁ ਮਹੀਨੇ ਦਾ ਹੋ ਗਿਆ ਪਰਵਾਰ ਨੇ ਸੋਚਿਆ ਚਲੋ ਆਪਾਂ ਗੁਰਦੁਆਰੇ ਅਖੰਡਪਾਠ ਕਰਾ ਕੇ ਗੁਰੂ
ਸਾਹਿਬ ਜੀ ਦਾ ਸ਼ੁਕਰਾਨਾ ਕਰ ਲਈਏ। ਇਸ ਕਾਰਜ ਲਈ ਪਰਵਾਰ ਨੇ ਗੁਰਦੁਆਰੇ ਤਰੀਕ ਪੱਕੀ ਕਰ ਲਈ ਨਾਲ
ਲੰਗਰ ਵੀ ਲਿਖਾ ਦਿੱਤਾ। ਗੁਰਦੁਆਰੇ ਵਾਲੇ ਕਹਿਣ ਕੇ ਨਾਲ ਲੱਗਦੀਆਂ ਚਾਦਰਾਂ ਤੇ ਮੈਟ ਦੀ ਵੀ ਸੇਵਾ
ਲੈ ਲਓ ਜੀ। ਬਾਕੀ ਰਾਗੀਆਂ ਢਾਡੀਆਂ ਤੇ ਕਥਾ ਵਾਚਕ, ਗ੍ਰੰਥੀ ਤੇ ਸੇਵਾਦਾਰਾਂ ਨੂੰ ਆਪਣੀ ਮਰਜ਼ੀ ਨਾਲ
ਸੇਵਾ ਕਰ ਦਿਆ ਜੇ। ਐਤਵਾਰ ਦੇ ਲੰਗਰ ਦੀ ਸੇਵਾ ਜ਼ਿਆਦਾ ਹੈ ਬਾਕੀ ਦਿਨਾਂ ਦੀ ਕੁੱਝ ਘੱਟ ਹੁੰਦੀ ਹੈ।
ਪਰਵਾਰ ਨੇ ਐਤਵਾਰ ਦਾ ਦਿਨ ਚੁਣ ਲਿਆ।
ਗੁਰਦੁਆਰੇ ਦੇ ਅੰਦਰ ਸਭ ਨੂੰ ਪਤਾ ਲੱਗ ਗਿਆ ਸੀ ਕਿ ਫਲਾਣੇ ਪਰਵਾਰ ਨੂੰ ਬੱਚੇ ਦੀ ਦਾਤ ਚਿਰਾਂ ਬਆਦ
ਮਿਲੀ ਹੈ। ਪਰਵਾਰ ਦਾ ਅਕਸਰ ਸਾਰਿਆਂ ਨਾਲ ਪਿਆਰ ਸੀ। ਹੁਣ ਆਈ ਅਰਦਾਸ ਕਰਨ ਦੀ ਵਾਰੀ। ਏੱਥੇ ਕਈ
ਦਾਹਵੇਦਾਰ ਸਨ। ਇਹਨਾਂ ਵਿੱਚ ਇੱਕ ਉਹ ਭਾਈ ਸੀ ਜਿਹੜਾ ਆਪਣੇ ਆਪ ਨੂੰ ਪੱਤਰਕਾਰ ਅਖਵਾਉਂਦਾ ਸੀ। ਉਸ
ਦੀ ਲੇਖਣੀ ਕਈਆਂ ਨੂੰ ਕੰਬਣੀ ਛੇੜ ਜਾਂਦੀ ਸੀ। ਜਨੀ ਕੇ ਉਸ ਦੀ ਲੇਖਣੀ ਵਿੱਚ ਬਹੁਤ ਵੱਡੀ ਤਾਕਤ ਸੀ।
ਇਹ ਭੱਦਰ ਪੁਰਸ਼ ਕਹਿਣ ਲੱਗਾ ਕਿ ਇਹ ਜਿਹੜਾ ਪਰਵਾਰ ਆਇਆ ਹੈ ਇਸ ਦੇ ਕਾਕਾ ਹੋਣ ਲਈ ਮੈਂ ਅਰਦਾਸ ਕੀਤੀ
ਸੀ। ਤਾਂ ਜਾ ਕੇ ਕਾਕੇ ਨੇ ਜਨਮ ਲਿਆ ਹੈ। ਕਹਿੰਦਾ, “ਮੈਂ ਹੀ ਇਹ ਵਿਧੀ ਦੱਸੀ ਸੀ ਕਾਲੀ ਚਾਦਰ ਵਿਛਾ
ਕੇ ਫਿਰ ਸੁਖਮਨੀ ਸਾਹਿਬ ਦਾ ਨਿਤਾ ਪ੍ਰਤੀ ਪਾਠ ਕਰਨਾ ਹੈ। ਮੈਂ ਹੀ ਕਿਹਾ ਸੀ ਕਿ ਬੈਡ `ਤੇ ਬੈਠ ਕੇ
ਪਾਠ ਨਹੀਂ ਕਰਨਾ ਕਿਉਂ ਕਿ ਬੈੱਡ ਜੂਠਾ ਹੁੰਦਾ ਹੈ। ਮੈਂ ਹੀ ਕਿਹਾ ਸੀ ਜਦੋਂ ਕਾਲ਼ੀ ਚਾਦਰ ਵਿਛਾ ਕੇ
ਪਾਠ ਕਰਨਾ ਹੈ ਤਾਂ ਕੋਲ ਪਾਣੀ ਰੱਖਣਾ ਹੈ ਬਾਣੀ ਦਾ ਅਸਰ ਪਾਣੀ ਵਿੱਚ ਜ਼ਿਆਦਾ ਹੁੰਦਾ ਹੈ। ਇਸ ਪਾਣੀ
ਨੂੰ ਬੀਬੀ ਨੇ ਪੀਣਾ ਹੈ। ਇਹ ਸਾਰਾ ਕੁੱਝ ਮੇਰੇ ਕਰਕੇ ਹੀ ਹੋਇਆ ਹੈ ਇਸ ਲਈ ਇਹਨਾਂ ਦੀ ਮੈਂ ਅਰਦਾਸ
ਕੀਤੀ ਸੀ ਤੇ ਹੁਣ ਵੀ ਮੈਂ ਹੀ ਅਰਦਾਸ ਕਰਨੀ ਹੈ”।
ਦੁਜੇ ਪਾਸੇ ਇੱਕ ਜੱਥੇ ਦਾ ਜੱਥੇਦਾਰ ਕਹਿੰਦਾ ਹੈ ਕਿ “ਇਹਨਾਂ ਨੇ ਮੇਰੇ ਕੋਲੋਂ ਅਰਦਾਸ ਕਰਾਈ ਸੀ ਇਹ
ਮੇਰੀ ਅਰਦਾਸ ਨੂੰ ਹੀ ਫਲ਼ ਲੱਗਾ ਹੈ। ਹੁਣ ਵੀ ਮੈਂ ਹੀ ਅਰਦਾਸ ਕਰਨੀ ਹੈ। ਤੁਸੀਂ ਕੌਣ ਹੁੰਦੇ ਓ
ਅਰਦਾਸ ਕਰਨ ਵਾਲੇ”? ਓੱਥੇ ਇੱਕ ਮਾਤਾ ਆਪਣੀ ਦਾਅਵੇਦਾਰੀ ਪੇਸ਼ ਕਰ ਰਹੀ ਸੀ। ਉਹਦਾ ਕਹਿਣਾ ਸੀ, ਕਿ
“ਮੈਂ ਪੰਜਾਬ ਤੋਂ ਇੱਕ ਬਾਬੇ ਕੋਲੋਂ ਮੋਰ ਦੇ ਖੰਭ ਨਾਲ ਸ਼ਬਦ ਲਿਖਾ ਕੇ ਲਿਆਂਦਾ ਸੀ। ਇਹਨਾਂ ਨੇ ਉਸ
ਸ਼ਬਦ ਦਾ ਜਾਪ ਕੀਤਾ ਹੈ ਤਾਂ ਜਾ ਕੇ ਇਹਨਾਂ `ਤੇ ਕਿਤੇ ਭਗਵਾਨ ਰੀਝਿਆ ਹੈ। ਮੈਂ ਤੇ ਇਹਨਾਂ ਵਾਸਤੇ
ਬਹੁਤ ਵੱਡਾ ਕੰਮ ਕੀਤਾ ਹੈ”। ਰਾਗੀ ਜੱਥੇ ਦਾ ਜੱਥੇਦਾਰ ਵਿਚਾਰਾ ਵੱਖਰਾ ਜ਼ੋਰ ਲਗਾ ਰਿਹਾ ਸੀ ਅਖੇ
“ਇਸ ਪ੍ਰਵਾਰ ਨਾਲ ਸਾਡੀ ਬਹੁਤ ਵੱਡੀ ਸਾਂਝ ਹੈ। ਸਾਡੀ ਅਰਦਾਸ ਨਾਲ ਇਹਨਾਂ ਦੇ ਘਰ ਕਾਕੇ ਨੇ ਜਨਮ
ਲਿਆ ਹੈ”। ਵੱਖੋ-ਵੱਖਰੇ ਦਾਅਵੇ ਕੀਤੇ ਜਾ ਰਹੇ ਸਨ। ਅਜੇ ਤੀਕ ਪਰਵਾਰ ਨੂੰ ਨਹੀਂ ਪਤਾ ਸੀ ਕਿ ਸਾਡੇ
ਕਾਕੇ ਪਿੱਛੇ ਧਾਰਮਿਕ ਬਿਰਤੀਆਂ ਵਿੱਚ ਘਮਸਾਣ ਦਾ ਜੰਗ ਹੋ ਰਿਹਾ ਹੈ। ਭਾਈ ‘ਰਾਏ` ਜੀ ਕਹਿੰਦੇ ਮੈਂ
ਅਕਸਰ ਰਾਗੀਆਂ ਢਾਡੀਆਂ ਪਾਸ ਬੈਠਦਾ ਹੁੰਦਾ ਸੀ ਇਸ ਲਈ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲਗਦਾ
ਰਹਿੰਦਾ ਸੀ। ਇਸ ਸਾਰੀ ਘੁਸਰ ਮੁਸਰ ਦਾ ਮੈਨੂੰ ਵੀ ਪਤਾ ਲਗਿਆ।
ਦੂਜੇ ਪਾਸੇ ਪਰਵਾਰ ਦਾ ਜਾਣਕਾਰ ਵੀ ਅਜੇਹੇ ਖੁਸ਼ੀ ਦੇ ਮੌਕੇ `ਤੇ ਗੁਰਦੁਆਰਾ ਸਾਹਿਬ ਆਇਆ ਤੇ ਉਸ
ਨੇ ਅਚਾਨਕ ਪੁੱਛ ਲਿਆ ਕਿ ਸੁਣਾਓ ਕਿੰਨਾ ਕੁ ਖਰਚਾ ਆਇਆ ਹੈ ਇਸ ਕੰਮ `ਤੇ ਅੱਗੋਂ ਪਰਵਾਰ ਵਾਲੇ ਕਹਿਣ
ਲੱਗੇ ਕਿ ਛੱਡੋ ਜੀ ਖਰਚੇ ਨੂੰ ਚੰਨ ਵਰਗਾ ਕਾਕਾ ਦੇਖ ਕੇ ਸਾਰਾ ਖਰਚਾ ਭੁੱਲ ਜਾਈਦਾ ਹੈ। ਗਲਬਾਤ
ਕਰਦਿਆਂ ਪਰਵਾਰ ਨੇ ਦੱਸਿਆ ਕਿ ਅਸਾਂ ਬਹੁਤ ਮਹਿੰਗਾ ਇਲਾਜ ਕਰਾਇਆ ਹੈ। ਭਾਵ ਟੈਸਟ ਟਿਊਬ ਰਾਂਹੀ
ਬੱਚੇ ਦੀ ਪ੍ਰਾਪਤੀ ਹੋਈ ਹੈ। ਪਰਵਾਰ ਦੇ ਦਸਣ ਅਨੁਸਾਰ ਅਸੀਂ ਵਧੀਆ ਡਾਕਟਰ ਪਾਸੋਂ ਇਲਾਜ ਕਰਾਇਆ ਹੈ।
ਡਾਕਟਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਚੱਲੇ ਹਾਂ ਤਾਂ ਜਾ ਕੇ ਕਿਤੇ ਅਸੀਂ ਕਾਕੇ ਦਾ ਮੂੰਹ ਦੇਖਿਆ
ਹੈ।
ਉਸ ਜੋੜੇ ਨੇ ਅਧੁਨਿਕ ਤਕਨੀਕ ਵਰਤਦਿਆਂ ਡਾਕਟਰ ਦੀ ਸਹਾਇਤਾ ਨਾਲ ਆਪਣਾ ਇਲਾਜ ਕਰਾਇਆ ਸੀ ਤੇ ਪੁਰੇ
ਬਾਰ੍ਹੀ ਸਾਲ਼ੀ ਜਾ ਕੇ ਕਾਕਾ ਨਸੀਬ ਹੋਇਆ ਸੀ। ਅਰਦਾਸ ਮਨੁੱਖ ਨੂੰ ਆਤਮਿਕ ਤਾਕਤ ਬਖਸ਼ਦੀ ਹੈ। ਅਰਦਾਸ
ਦੁਆਰਾ ਪੰਜ ਸੌ ਸਾਲ ਦੇ ਇਤਿਹਾਸ ਨੂੰ ਦ੍ਰਿੜ ਕਰਨਾ ਹੁੰਦਾ ਹੈ। ਅਰਦਾਸ ਰੱਬ ਜੀ ਦਾ ਹੁਕਮ ਬਦਲਣ ਲਈ
ਨਹੀਂ ਹੈ ਬਲ ਕਿ ਅਰਦਾਸ ਰੱਬੀ ਹੁਕਮ ਮੰਨਣ ਦੀ ਤਾਗੀਦ ਕਰਦੀ ਹੈ। ਅਰਦਾਸ ਡਿੱਗ ਰਹੇ ਮਨ ਨੂੰ ਥੰਮੀ
ਦੇਂਦੀ ਹੈ। ਜਦੋਂ ਅਸਲੀਅਤ ਦਾ ਪਤਾ ਲੱਗਿਆ ਤਾਂ ਵਿਚਾਰੇ ਦਾਹਵੇਦਾਰਾਂ ਨੇ ਆਪਣੀਆਂ ਸੁਰਾਂ ਬਦਲ
ਲਈਆਂ। ਸਾਰੇ ਹੀ ਕਹਿਣ ਲੱਗ ਪਏ ਕਿ ਹਾਂ ਜੀ ਦੇਖੋ ਨਾ ਇਲਾਜ ਵੀ ਬਹੁਤ ਜ਼ਰੂਰੀ ਹੈ।
--- ਕਿਉਂ ਹੋਈ ਨਾ ਤੇਰ੍ਹਵੀਂ---