ਕਾਰਨ ਮੌਤ ਹੋ ਗਈ, ਜਿਥੇ ਉਹ ਸਮਾਗਮ ਕਰਨ ਵਾਸਤੇ ਗਏ ਸਨ। ਉਸ ਤੋਂ ਬਾਅਦ ਜਥੇ ਦੇ ਬਹੁਤੇ ਮੈਂਬਰ
ਕਰਤਾਰ ਸਿੰਘ ਨੂੰ ਉਨ੍ਹਾਂ ਦੇ ਸਥਾਨ `ਤੇ ਥਾਪਣ ਦੇ ਹੱਕ ਵਿੱਚ ਸਨ। ਉਨ੍ਹਾਂ ਦਾ ਕਹਿਣਾ ਸੀ ਕਿ
ਗੁਰਬਚਨ ਸਿੰਘ ਭਿੰਡਰਾਂਵਾਲੇ ਆਪ ਕਰਤਾਰ ਸਿੰਘ ਨੂੰ ਆਪਣਾ ਵਾਰਸ ਥਾਪ ਕੇ ਗਏ ਹਨ। ਪਰ ਗੁਰਬਚਨ ਸਿੰਘ
ਦੇ ਪਰਿਵਾਰਕ ਮੈਂਬਰ ਅਤੇ ਜਥੇ ਦੇ ਕੁੱਝ ਮੈਂਬਰ ਅਤੇ ਸਹਿਯੋਗੀ ਇਸ ਨਾਲ ਸਹਿਮਤ ਨਹੀਂ ਸਨ ਕਿਉਂਕਿ
ਕਰਤਾਰ ਸਿੰਘ ਪੰਜਾਬ ਦੇ ਮਾਝੇ ਇਲਾਕੇ ਵਿੱਚੋਂ ਸਨ ਅਤੇ ਵਿਰੋਧ ਕਰਨ ਵਾਲਿਆਂ ਅਨੁਸਾਰ ਇਸ ਡੇਰੇ ਦੀ
ਗੱਦੀ ਮਾਲਵੇ ਦੀ ਸੀ, ਉਹ ਕਿਸੇ ਮਝੈਲ ਨੂੰ ਕਿਵੇਂ ਦਿੱਤੀ ਜਾ ਸਕਦੀ ਸੀ?
ਹੁਣ ਪਾਠਕ ਆਪ ਹੀ ਸੋਚ ਲੈਣ ਕਿ ਜਿਨ੍ਹਾਂ ਦੀ ਸੋਚ
ਇਤਨੀ ਸੌੜੀ ਹੈ ਕਿ ਪੰਜਾਬ ਦੀ ਭੁਗੋਲਕ ਇਲਾਕਾਈ ਵੰਡ ਨੂੰ ਇਤਨੀ ਤੰਗ-ਦਿਲੀ ਨਾਲ ਵੇਖਦੇ ਹਨ, ਕੌਮ
ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੀ ਸੋਚ ਕੈਸੀ ਹੋਵੇਗੀ?
ਭਾਈ ਕਰਤਾਰ ਸਿੰਘ ਦਾ ਮੇਲ ਭਾਈ ਗੁਰਬਚਨ ਸਿੰਘ ਨਾਲ ਉਸ ਵੇਲੇ ਹੋਇਆ ਸੀ
ਜਦੋਂ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਪੜ੍ਹਾਈ ਕਰਦਿਆਂ ਉਸ ਨੇ ਗੁਰਬਚਨ ਸਿੰਘ ਦੇ ਭਿੰਡਰਾਂ ਜਥੇ
ਤੋਂ ਪਾਹੁਲ ਛੱਕੀ ਸੀ। ਉਸ ਤੋਂ ਬਾਅਦ ਉਹ ਭਾਈ ਗੁਰਬਚਨ ਸਿੰਘ ਅਤੇ ਉਨ੍ਹਾਂ ਦੇ ਜਥੇ ਤੋਂ ਕਾਫੀ
ਪ੍ਰਭਾਵਤ ਹੋ ਗਿਆ ਸੀ। ਪੜ੍ਹਾਈ ਖਤਮ ਕਰ ਕੇ ਉਸ ਨੇ ਕੁੱਝ ਦੇਰ ਪਟਵਾਰੀ ਦੀ ਨੌਕਰੀ ਕੀਤੀ ਪਰ ੧੯੫੭
ਵਿੱਚ ਨੌਕਰੀ ਛੱਡ ਕੇ ਸਥਾਈ ਤੌਰ `ਤੇ ਜਥਾ ਭਿੰਡਰਾਂ ਵਿੱਚ ਆ ਗਿਆ ਸੀ।
ਗੱਦੀ ਦੇਣ ਦੇ ਸਮਾਗਮ ਵਿੱਚ ਝਗੜਾ ਇਸ ਕਦਰ ਵਧਿਆ ਕਿ ਕਰਤਾਰ ਸਿੰਘ ਨੂੰ
ਮਸਾਂ ਉਥੋਂ ਭੱਜ ਕੇ ਜਾਨ ਬਚਾਉਣੀ ਪਈ ਅਤੇ ਉਥੇ ਗੱਦੀ ਦੀ ਪੱਗ ਡੇਰੇ ਦੇ ਇੱਕ ਹੋਰ ਪੈਰੋਕਾਰ ਮੋਹਨ
ਸਿੰਘ ਨੂੰ ਬਨ੍ਹਵਾ ਦਿੱਤੀ ਗਈ। ਕਰਤਾਰ ਸਿੰਘ ਨੇ ਮਹਿਤਾ ਚੌਂਕ ਦੇ ਸਥਾਨ `ਤੇ ਆਪਣਾ ਨਵਾਂ ਡੇਰਾ
ਸਥਾਪਤ ਕਰ ਲਿਆ। ਇਸ ਤਰ੍ਹਾਂ ਇਹ ਭਿੰਡਰਾਂਵਾਲਾ ਜਥਾ ਦੋ ਹਿਸਿਆਂ ਵਿੱਚ ਵੰਡਿਆ ਗਿਆ। ਕਰਤਾਰ ਸਿੰਘ
ਨੇ ਆਪਣੇ ਜਥੇ ਦਾ ਨਾਂ "ਜਥਾ ਭਿੰਡਰਾਂ-ਮਹਿਤਾ" ਰਖ ਲਿਆ।
ਇਨ੍ਹਾਂ ਦੋਹਾਂ ਦੀ
ਵਿਚਾਰਧਾਰਾ ਬਾਰੇ ਕੁੱਝ ਵਿਸ਼ੇਸ਼ ਦਸਣ ਦੀ ਲੋੜ ਨਹੀਂ ਕਿਉਂਕਿ ਇਹ ਉਹੀ ਬ੍ਰਾਹਮਣਵਾਦੀ ਸੋਚ ਅਤੇ
ਗੁਰਮਤਿ ਦਾ ਮਿਲਗੋਭਾ ਸੀ ਜੋ ਇਨ੍ਹਾਂ ਨੂੰ ਸੁੰਦਰ ਸਿੰਘ ਅਤੇ ਗੁਰਬਚਨ ਸਿੰਘ ਭਿੰਡਰਾਂ ਵਲਿਆਂ ਤੋਂ
ਵਿਰਾਸਤ ਵਿੱਚ ਮਿਲੀ ਸੀ। ਪਰ ਇਸ ਦੇ ਕਾਲ ਦੀ ਇੱਕ ਖਾਸ ਗੱਲ ਸਾਂਝੀ ਕਰਨ ਵਾਲੀ ਜਰੂਰ
ਹੈ। ਜਿਸ ਵੇਲੇ ਕਰਤਾਰ ਸਿੰਘ ਨੇ ਮਹਿਤਾ ਦੇ ਨੇੜੇ ਦੇ ਇਲਾਕਿਆ ਵਿੱਚ ਪ੍ਰਚਾਰ ਸ਼ੁਰੂ ਕੀਤਾ, ਉਨ੍ਹਾਂ
ਦਿਨਾਂ ਵਿੱਚ ਦਿੱਲੀ ਦੀ ਸੰਤ ਨਿਰੰਕਾਰੀ (ਨਕਲੀ-ਨਿਰੰਕਾਰੀ) ਸੰਸਥਾ ਵੀ ਇਸ ਇਲਾਕੇ ਵਿੱਚ ਆਪਣਾ
ਪ੍ਰਚਾਰ ਕਰਨ ਵਿੱਚ ਸਰਗਰਮ ਸੀ। (ਨਿਰੰਕਾਰੀ ਅਤੇ ਨਕਲੀ-ਨਿਰੰਕਾਰੀ ਬਾਰੇ ਉਪਰ ਵਿਸਥਾਰ ਵਿੱਚ ਦੱਸਿਆ
ਜਾ ਚੁੱਕਾ ਹੈ।) ਇਨ੍ਹਾਂ ਨੂੰ ਇਸ ਇਲਾਕੇ ਵਿੱਚ ਇਹ ਆਪਣੇ ਸਿੱਧੇ ਮੁਕਾਬਲਾਕਾਰ ਜਾਪੇ, ਜਿਸ ਨਾਲ
ਇਨ੍ਹਾਂ ਦਾ ਆਪਸ ਵਿੱਚ ਟਕਰਾ ਸ਼ੁਰੂ ਹੋ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਕਲੀ ਨਿਰੰਕਾਰੀਆਂ ਦੀ
ਵਿਚਾਰਧਾਰਾ ਗੁਰਮਤਿ ਤੋਂ ਬਿਲਕੁਲ ਉਲਟ ਸੀ ਅਤੇ ਉਹ ਸਿੱਖੀ ਦੇ ਭੇਖ ਵਿੱਚ ਆਪਣਾ ਅਲੱਗ ਮਤ ਸਥਾਪਤ
ਕਰਨ ਵਿੱਚ ਲੱਗੇ ਹੋਏ ਸਨ। ਦੂਸਰੇ ਪਾਸੇ ਭਿੰਡਰਾਂ-ਮਹਿਤਾ ਜਥੇ ਦੀ ਵਿਚਾਰਧਾਰਾ ਭਾਵੇਂ
ਬ੍ਰਾਹਮਣਵਾਦ ਅਤੇ ਗੁਰਮਤ ਦਾ ਮਿਲਗੋਭਾ ਸੀ, ਪਰ ਆਮ ਸਿਖ ਨੂੰ ਇਸ ਦੀ ਸਮਝ ਨਹੀਂ ਸੀ, ਉਹ ਇਸੇ ਨੂੰ
ਨਿਰੋਲ ਸਿੱਖੀ ਸਮਝਦਾ ਸੀ। ਇਸ ਨਾਲ ਇਨ੍ਹਾਂ ਨੂੰ ਸਿੱਖਾਂ ਦੀ ਕੌਮੀ ਹਿਮਾਇਤ ਵੀ ਮਿਲਣ ਲੱਗੀ
ਅਤੇ ਹੌਲੀ ਹੌਲੀ ਇਨ੍ਹਾਂ ਦਾ ਨਿਜੀ ਟਕਰਾਅ ਇੱਕ ਕੌਮੀ ਟਕਰਾਅ ਦਾ ਰੂਪ ਲੈਂਦਾ ਗਿਆ। ਸਿੱਖ ਕੌਮ
ਵਿੱਚ ਆਪਣੇ ਵਧੇ ਪ੍ਰਭਾਵ ਕਾਰਨ ਨਵੰਬਰ ੧੯੭੩ ਵਿੱਚ ਇਹ ਨਿਰੰਕਾਰੀਆਂ ਖਿਲਾਫ ਅਕਾਲ ਤਖ਼ਤ ਸਾਹਿਬ ਤੋਂ
ਇੱਕ ਹੁਕਮਨਮਾ ਜਾਰੀ ਕਰਾਉਣ ਵਿੱਚ ਵੀ ਸਫਲ ਹੋ ਗਏ, ਪਰ ਉਸ ਵੇਲੇ ਉਸ ਹੁਕਮਨਾਮੇ ਦਾ ਕੋਈ ਖਾਸ ਅਸਰ
ਨਹੀਂ ਹੋਇਆ। ਇਸੇ ਸਮੇਂ ਵਿੱਚ ਹੀ ਇਨ੍ਹਾਂ ਨੇ ਆਪਣੇ ਜਥੇ ਨੂੰ ਦਮਦਮੀ ਟਕਸਾਲ ਕਹਿਣਾ ਸ਼ੁਰੂ ਕੀਤਾ।
੧੬ ਅਗਸਤ ੧੯੭੭ ਨੂੰ ਇੱਕ ਕਾਰ ਐਕਸੀਡੈਂਟ ਵਿੱਚ ਭਾਈ ਕਰਤਾਰ ਸਿੰਘ ਦੀ ਮੌਤ
ਹੋ ਗਈ। ਮਰਨ ਤੋਂ ਪਹਿਲਾਂ ਭਾਈ ਕਰਤਾਰ ਸਿੰਘ ਇਹ ਫੈਸਲਾ ਕਰ ਗਿਆ ਕਿ ਉਸ ਤੋਂ ਬਾਅਦ ਜਰਨੈਲ ਸਿੰਘ
ਭਿੰਡਰਾਂ-ਮਹਿਤਾ ਜਥੇ ਦਾ ਗੱਦੀ ਨਸ਼ੀਨ ਹੋਵੇਗਾ।
ਭਾਈ ਜਰਨੈਲ ਸਿੰਘ ਜ਼ਿਲਾ ਫਰੀਦਕੋਟ ਦੇ ਪਿੰਡ ਰੋਡੇ ਦੇ ਇੱਕ ਸਧਾਰਨ ਕਿਸਾਨ
ਪਰਿਵਾਰ ਦਾ ਜਮ-ਪਲ ਸੀ। ਪੰਜਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਉਹ ਪਿਤਾ ਦੇ ਨਾਲ ਹੀ ਖੇਤੀ ਦੇ ਕੰਮ
ਵਿੱਚ ਲਗ ਗਿਆ ਸੀ। ਕਿਹਾ ਜਾਂਦੈ ਕਿ ੧੯੬੪ ਵਿੱਚ ਭਾਈ ਗੁਰਬਚਨ ਸਿੰਘ ਭਿੰਡਰਾਂਵਾਲੇ ਉਨ੍ਹਾਂ ਦੇ
ਪਿੰਡ ਵਿੱਚ ਪ੍ਰਚਾਰ ਲਈ ਆਏ ਤਾਂ ਇਹ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਅਤੇ ਉਨ੍ਹਾਂ ਦੀ ਸਖਸ਼ੀਅਤ ਤੋਂ
ਬਹੁਤ ਪ੍ਰਭਾਵਤ ਹੋ ਕੇ ਭਿੰਡਰਾਂ ਜਥੇ ਦਾ ਮੈਂਬਰ ਬਣ ਗਿਆ। ਪਿੰਡ ਭਿੰਡਰਕਲਾਂ ਵਿਖੇ ਜਥੇ ਦੇ ਕੇਂਦਰ
ਵਿੱਚ ਰਹਿ ਕੇ ਉਨ੍ਹਾਂ ਦੇ ਜਥੇ ਦੀ ਵਿਚਾਰਧਾਰਾ ਅਨੁਸਾਰ ਇੱਕ ਸਾਲ ਗੁਰਮਤਿ ਅਤੇ ਇਤਹਾਸ ਦੀ ਪੜ੍ਹਾਈ
ਕੀਤੀ। ੧੯੬੬ ਵਿੱਚ ਵਾਪਸ ਆਪਣੇ ਪਿੰਡ ਆ ਗਏ ਜਿਥੇ ਬੀਬੀ ਪ੍ਰੀਤਮ ਕੌਰ ਨਾਲ ਵਿਆਹ ਉਪਰੰਤ ਦੋ ਪੁੱਤਰ
ਪੈਦਾ ਹੋਏ। ਪਰਿਵਾਰ ਵਿੱਚ ਰਹਿੰਦੇ ਵੀ ਜਥੇ ਨਾਲ ਸੰਪਰਕ ਬਣਿਆ ਰਿਹਾ ਅਤੇ ਗਿਆਨੀ ਕਰਤਾਰ ਸਿੰਘ ਦੀ
ਮੌਤ ਤੋਂ ਬਾਅਦ ਭਿੰਡਰਾਂ-ਮਹਿਤਾ ਜਥੇ ਦੇ ਜਥੇਦਾਰ ਬਣੇ।
੨੫ ਅਗਸਤ ੧੯੭੭ ਨੂੰ ਭਾਈ ਜਰਨੈਲ ਸਿੰਘ ਨੂੰ ਜਥੇ ਦਾ ਅਗਲਾ ਜਥੇਦਾਰ ਥਾਪਿਆ
ਗਿਆ। ਭਾਈ ਜਰਨੈਲ ਸਿੰਘ ਨੇ ਸ਼ੁਰੂ ਤੋਂ ਹੀ ਸਰਗਰਮੀ ਨਾਲ ਆਪਣੇ ਜਥੇ ਦੀ ਵਿਚਾਰਧਾਰਾ ਅਨੁਸਾਰ ਸਿਖੀ
ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਨਿਰੰਕਾਰੀਆਂ ਦੀਆਂ ਵਧ ਰਹੀਆਂ ਸਰਗਰਮੀਆਂ ਬਾਰੇ ਸੰਗਤਾਂ
ਨੂੰ ਸੁਚੇਤ ਕਰਨਾ ਵੀ ਸ਼ੁਰੂ ਕੀਤਾ। ਇਸ ਤਰ੍ਹਾਂ ਨਿਰੰਕਾਰੀ ਅਤੇ ਜਥਾ ਭਿੰਡਰਾਂ-ਮਹਿਤਾ ਦਾ ਇਹ
ਵਿਵਾਦ, ਹੌਲੀ ਹੌਲੀ ਸਿੱਖ ਕੌਮ ਦੇ ਇੱਕ ਕੌਮੀ ਵਿਵਾਦ ਦਾ ਰੂਪ ਲੈ ਗਿਆ। ਭਾਈ ਜਰਨੈਲ ਸਿੰਘ
ਭਿੰਡਰਾਂਵਾਲੇ ਨੇ ਸਿੱਖ ਕੌਮ ਅੰਦਰ, ਨੌਜੁਆਨੀ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ, ਕੇਸਾਂ ਦੀ ਵਧ ਰਹੀ
ਬੇਅਦਬੀ ਨੂੰ ਰੋਕਣ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਬੜਾ ਸ਼ਲਾਘਾ ਯੋਗ ਪ੍ਰਚਾਰ ਕੀਤਾ।
ਅਪ੍ਰੈਲ ੧੯੭੮ ਵਿੱਚ ਸਿਖ ਇਤਿਹਾਸ ਅਤੇ ਜਥਾ ਭਿੰਡਰਾ-ਮਹਿਤਾ ਵਿੱਚ ਇੱਕ
ਵੱਡਾ ਮੋੜ ਆਇਆ। ਵਿਸਾਖੀ ਦੇ ਪੁਰਬ `ਤੇ ਨਕਲੀ ਨਿਰੰਕਾਰੀਆਂ ਵਲੋਂ ਅੰਮ੍ਰਿਤਸਰ ਵਿਖੇ ਆਪਣਾ ਦੋ
ਦਿਨਾਂ ਦਾ ਸਮਾਗਮ ਉਲੀਕਿਆ ਗਿਆ, ਜਿਸ ਦੀ ਉਸ ਵੇਲੇ ਦੀ ਅਕਾਲੀ ਸਰਕਾਰ ਨੇ ਆਗਿਆ ਵੀ ਦੇ ਦਿੱਤੀ। ਉਸ
ਸਮੇਂ ਅੰਮ੍ਰਿਤਸਰ ਵਿੱਚ ਹੀ ਅਖੰਡ ਕੀਰਤਨੀ ਜਥੇ ਦਾ ਸਲਾਨਾ ਸਮਾਗਮ ਚੱਲ ਰਿਹਾ ਸੀ। ਜਿਸ ਵਿੱਚ ਸਾਰੇ
ਦੇਸ਼ ਵਿਚੋਂ ਅਖੰਡ ਕੀਰਤਨੀ ਜਥੇ ਦੇ ਮੈਂਬਰ ਸ਼ਾਮਲ ਹੋਣ ਲਈ ਆਏ ਹੋਏ ਸਨ।
ਸਿੱਖਾਂ ਨੂੰ ਪਤਾ ਲੱਗਾ ਕਿ ਉਥੇ ਕੁੱਝ ਵਿਅਕਤੀਆਂ ਵਲੋਂ ਗੁਰੂ ਗ੍ਰੰਥ
ਸਾਹਿਬ ਦਾ ਅਪਮਾਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਜੋ ਜਲੂਸ ਕਢਿਆ ਗਿਆ, ਉਸ
ਵਿੱਚ ਵੀ ਬਹੁਤ ਇਤਰਾਜ਼ ਯੋਗ ਨਾਅਰੇ ਮਾਰੇ ਗਏ ਸਨ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਬੇਅਦਬੀ ਵਾਲੇ
ਸ਼ਬਦ ਬੋਲੇ ਗਏ ਸਨ। ਦਰਬਾਰ ਸਾਹਿਬ ਇਹ ਖਬਰ ਪਹੁੰਚਣ ਨਾਲ ਹੀ ਮਾਹੌਲ ਗਰਮ ਹੋ ਗਿਆ। ਸਿੱਖ
ਜਥੇਬੰਦੀਆਂ ਅਤੇ ਭਾਈ ਜਰਨੈਲ ਸਿੰਘ ਵਲੋਂ ਇਸ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ੧੩
ਅਪ੍ਰੈਲ ੧੯੭੮ ਨੂੰ ਵਿਸਾਖੀ ਵਾਲੇ ਦਿਨ ਤਕਰੀਬਨ ੧੦੦ ਸਿੱਖਾਂ ਦਾ ਇੱਕ ਜਥਾ, ਨਿਰੰਕਾਰੀਆਂ ਦੇ
ਸਮਾਗਮ ਵਾਲੇ ਸਥਾਨ `ਤੇ ਰੋਸ ਪ੍ਰਗਟ ਕਰਨ ਲਈ ਗਿਆ, ਜਿਸ ਵਿੱਚ ਭਿੰਡਰਾਂ-ਮਹਿਤਾ ਜਥੇ ਦੇ ਨਾਲ ਅਖੰਡ
ਕੀਰਤਨੀ ਜਥੇ ਦੇ ਵੀ ਬਹੁਤ ਮੈਂਬਰ ਸ਼ਾਮਲ ਸਨ। ਇਸ ਜਥੇ ਦੀ ਅਗਵਾਈ ਵੀ ਅਖੰਡ ਕੀਰਤਨੀ ਜਥੇ ਦੇ ਭਾਈ
ਫੌਜਾ ਸਿੰਘ ਕਰ ਰਹੇ ਸਨ। ਨਿਰੰਕਾਰੀਆਂ ਨੇ ਅੱਗੋਂ ਇਸ ਜਥੇ `ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਭਾਈ
ਫੌਜਾ ਸਿੰਘ ਸਮੇਤ ੧੩ ਸਿੰਘ ਸ਼ਹੀਦ ਹੋ ਗਏ ਅਤੇ ੭੮ ਜ਼ਖਮੀ ਹੋ ਗਏ। ਇਸ ਘਟਨਾ ਨੇ ਸਿੱਖ ਕੌਮ ਵਿੱਚ
ਇੱਕ ਭੁਚਾਲ ਲੈ ਆਂਦਾ ਜਿਸ ਨਾਲ ਸਾਰੀ ਕੌਮ ਅੰਦਰ ਸੋਗ ਅਤੇ ਰੋਸ ਦੀ ਇੱਕ ਵਡੀ ਲਹਿਰ ਉਠ ਖੜੋਤੀ।
ਥਾਂ ਥਾਂ `ਤੇ ਸਿੱਖਾਂ ਤੇ ਨਿਰੰਕਾਰੀਆਂ ਦੇ ਟਕਰਾ ਹੋਣੇ ਸ਼ੁਰੂ ਹੋ ਗਏ ਪਰ
ਹਰ ਜਗ੍ਹਾ `ਤੇ ਜਿਥੇ ਨਿਰੰਕਾਰੀ ਗੋਲੀਆਂ ਬੰਦੂਕਾਂ ਦੀ ਵਰਤੋਂ ਕਰਦੇ, ਨਾਲ ਪੁਲੀਸ ਵੀ ਹਰ ਜਗ੍ਹਾ
ਉਨ੍ਹਾਂ ਦਾ ਸਾਥ ਦੇਂਦੀ, ਜਿਸ ਨਾਲ ਹਰ ਜਗ੍ਹਾ ਵਧੇਰੇ ਨੁਕਸਾਨ ਸਿੱਖਾਂ ਦਾ ਹੁੰਦਾ। ਸਿਖ ਨੌਜੁਆਨੀ
ਦਾ ਖੂਨ ਉਬਾਲੇ ਖਾਣ ਲੱਗਾ। ਉਸ ਵੇਲੇ ਸਿੱਖ ਨੌਜੁਆਨੀ ਨੂੰ ਇੱਕ ਜੁਰਅਤ-ਮੰਦ ਆਗੂ ਦੀ ਲੋੜ ਸੀ, ਇਹ
ਘਾਟ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਪੂਰੀ ਕੀਤੀ।
ਸਿੱਖ ਨੌਜੁਆਨੀ ਇਹ ਮਹਿਸੂਸ ਕਰ ਰਹੀ ਸੀ ਕਿ ਭਾਰਤ ਦੀ ਅਜ਼ਾਦੀ ਤੋਂ ਸਿੱਖ
ਕੌਮ ਨਾਲ ਲਗਾਤਾਰ ਵਧੀਕੀ ਹੋ ਰਹੀ ਹੈ। ਉਹ ਇਸ ਦੇਸ਼ ਦੀ ਮੌਜੂਦਾ ਪ੍ਰਣਾਲੀ ਵਿੱਚ ਆਪਣਾ ਕੌਮੀ ਭਵਿਖ
ਬਹੁਤ ਧੁੰਦਲਾ ਮਹਿਸੂਸ ਕਰਨ ਲੱਗ ਪਏ, ਜਿਸ ਨਾਲ ਮਨਾਂ ਵਿੱਚ ਅਲਗਾਵਵਾਦ ਦੀ ਸੋਚ ਹਰ ਦਿਨ ਵਧ ਰਹੀ
ਸੀ। ੧੯੮੦ ਵਿੱਚ ਕਰਨਾਲ ਦੀ ਅਦਾਲਤ ਨੇ ੧੩ ਸਿੱਖਾਂ ਦੇ ਚਲ ਰਹੇ ਕਤਲ ਕੇਸ ਵਿਚੋਂ ਗੁਰਬਚਨ ਸਿੰਘ
ਨਿਰੰਕਾਰੀ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਪਹਿਲਾਂ ਇਹ ਕੇਸ ਸੁਪਰੀਮ ਕੋਰਟ ਦੇ ਹੁਕਮ
ਨਾਲ ਅੰਮ੍ਰਿਤਸਰ ਤੋਂ ਕਰਨਾਲ ਤਬਦੀਲ ਕਰ ਦਿੱਤਾ ਗਿਆ ਸੀ। ਇਸ ਫੈਸਲੇ ਨੇ ਸਿੱਖਾਂ ਅੰਦਰ ਉਨ੍ਹਾਂ
ਨਾਲ ਵਧੀਕੀ ਅਤੇ ਅਨਿਆਂ ਦੀ ਭਾਵਨਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ। ਇਸੇ ਸੋਚ ਵਿਚੋਂ ਹੀ ਅਲੱਗ
ਖਾਲਸਾ ਰਾਜ (ਖਾਲਿਸਤਾਨ) ਦੀ ਮੰਗ ਵਧੇਰੇ ਜ਼ੋਰ ਨਾਲ ਉਠੱਣ ਲੱਗੀ। ਭਾਈ ਜਰਨੈਲ ਸਿੰਘ ਆਪਣੇ ਗਰਮ
ਭਾਸ਼ਨਾਂ ਸਦਕਾ ਇਸ ਲਹਿਰ ਦੇ ਵਾਹਦ ਆਗੂ ਬਣ ਕੇ ਉਭਰੇ। ਭਾਰਤੀ ਅਦਾਲਤ ਵਲੋਂ ਸਿੱਖਾਂ ਨੂੰ ਨਿਆਂ ਦੇਣ
ਤੋਂ ਫੇਲ ਹੋ ਜਾਣ ਤੋਂ ਬਾਅਦ, ਭਾਈ ਜਰਨੈਲ ਸਿੰਘ ਨੇ ਗੁਰਬਚਨ ਸਿੰਘ ਨਿਰੰਕਾਰੀ ਨੂੰ ਸਿੱਖ ਰਵਾਇਤਾਂ
ਅਨੁਸਾਰ ਸਜ਼ਾ ਦੇਣ ਦਾ ਐਲਾਨ ਕੀਤਾ।
ਭਾਈ ਜਰਨੈਲ ਸਿੰਘ ਦੇ ਹੱਥ ਤਾਂ ਅਜੇ ਉਸ ਤੱਕ ਨਹੀਂ ਪਹੁੰਚ ਸਕੇ ਸਨ, ਭਾਈ
ਕਾਬਲ ਸਿੰਘ ਅਤੇ ਭਾਈ ਰਣਜੀਤ ਸਿੰਘ ਨੇ ਗੁਰਬਚਨ ਸਿੰਘ ਨੂੰ ੨੪ ਅਪ੍ਰੈਲ ੧੯੮੦ ਨੂੰ ਉਸ ਦੇ ਘਰ ਵਿੱਚ
ਮੌਤ ਦੇ ਘਾਟ ਉਤਾਰ ਦਿੱਤਾ। ਇਸ ਨਾਲ ਸਿੱਖ ਨੌਜੁਆਨੀ ਨੂੰ ਹੋਰ ਵੀ ਆਤਮਕ ਬੱਲ ਮਿਲਿਆ।
ਇਸ ਤੋਂ ਪਹਿਲਾਂ ਭਾਈ ਜਰਨੈਲ ਸਿੰਘ ਨੇ ਸਿਆਸਤ ਵਿੱਚ ਵੀ ਹੱਥ ਅਜ਼ਮਾਉਣ ਦੀ
ਕੋਸ਼ਿਸ਼ ਕੀਤੀ। ੧੯੭੯ ਵਿੱਚ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ
ਉਨ੍ਹਾਂ ਆਪਣੇ ੪੦ ਉਮੀਦਵਾਰ ਖੜ੍ਹੇ ਕੀਤੇ ਪਰ ਉਨ੍ਹਾਂ ਵਿਚੋਂ ਚਾਰ ਹੀ ਚੋਣਾਂ ਜਿਤ ਸਕੇ। ਕਾਂਗਰਸ
ਨੇ ਇਨ੍ਹਾਂ ਚੋਣਾਂ ਵਿੱਚ ਅਕਾਲੀਆਂ ਨੂੰ ਕਮਜ਼ੋਰ ਕਰਨ ਵਾਸਤੇ ਭਾਈ ਜਰਨੈਲ ਸਿੰਘ ਦੇ ਉਮੀਦਵਾਰਾਂ ਦਾ
ਸਾਥ ਦਿੱਤਾ ਅਤੇ ੧੯੮੦ ਵਿੱਚ ਹੋਈਆ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਈ ਜਰਨੈਲ ਸਿੰਘ ਨੇ ਤਿੰਨ
ਕਾਂਗਰਸੀ ਉਮੀਦਵਾਰਾਂ ਦੀ ਹਮਾਇਤ ਕੀਤੀ। ਇਸ ਨਾਲ ਅਕਾਲੀ ਆਗੂਆਂ ਨੇ ਬੜਾ ਰੌਲਾ ਪਾਇਆ ਕਿ ਉਹ
ਕਾਂਗਰਸ ਵਲੋਂ ਲਿਆਂਦੇ ਗਏ ਹਨ, ਪਰ ਉਸ ਤੋਂ ਬਾਅਦ ਭਾਈ ਜਰਨੈਲ ਸਿੰਘ ਨੇ ਦੋਬਾਰਾ ਚੋਣ ਰਾਜਨੀਤੀ
ਵੱਲ ਮੁੜ ਕੇ ਨਹੀਂ ਵੇਖਿਆ।
ਇਧਰ ਜੁਝਾਰੂ ਸਿੰਘਾਂ ਦੀਆਂ ਵਧ ਰਹੀਆਂ ਖਾੜਕੂ ਕਾਰਵਾਈਆਂ ਕਾਰਨ ਸਾਰਾ
ਮਾਹੌਲ ਬਹੁਤ ਗਰਮ ਹੁੰਦਾ ਜਾ ਰਿਹਾ ਸੀ। ਕੇਂਦਰ ਸਰਕਾਰ ਨੇ ਇਨ੍ਹਾਂ ਕਾਰਵਾਈਆਂ ਨੂੰ ਸਾਰੇ ਦੇਸ਼ ਦੇ
ਮੀਡੀਆ ਰਾਹੀਂ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ। ਖਾਲਿਸਤਾਨ ਦੀ ਮੰਗ ਨੂੰ ਦੇਸ਼ ਦੀ ਵੰਡ ਅਤੇ ਦੇਸ਼
ਧਰੋਹੀ ਮੰਗ ਗਰਦਾਨਿਆਂ ਗਿਆ। ਇਸ ਮਾਮਲੇ ਵਿੱਚ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਦੋਹਰੀ ਨੀਤੀ
ਅਪਣਾਈ ਹੋਈ ਸੀ, ਉਹ ਕਿਹਾ ਕਰਦੇ ਸਨ ਕਿ ਮੈਂ ਖਾਲਿਸਤਾਨ ਨਹੀਂ ਮੰਗਦਾ, ਅਸੀਂ ਇਕੱਠੇ ਰਹਿਣਾ
ਚਾਹੁੰਦੇ ਹਾਂ। ਇਹ ਫੈਸਲਾ ਭਾਰਤ ਸਰਕਾਰ ਨੇ ਕਰਨਾ ਹੈ ਕਿ ਉਹ ਸਿਖ ਕੌਮ ਨੂੰ ਨਾਲ ਰਖਣਾ ਚਾਹੁੰਦੇ
ਹਨ ਕਿ ਨਹੀਂ? ਨਾਲ ਹੀ ਉਹ ਕਿਹਾ ਕਰਦੇ ਸਨ ਕਿ ਜੇ ਸਰਕਾਰ ਸਾਨੂੰ ਆਪ ਖਾਲਿਸਤਾਨ ਦੇਣਾ ਚਾਹੇਗੀ ਤਾਂ
ਅਸੀਂ ਇਨਕਾਰ ਨਹੀਂ ਕਰਾਂਗੇ। ਸ਼ਾਇਦ ਉਹ ਇਹ ਸਮਝਦੇ ਸਨ ਕਿ ਸਰਕਾਰ ਉਨ੍ਹਾਂ ਦੀਆਂ ਖਾੜਕੂ ਕਾਰਵਾਈਆਂ
ਤੋਂ ਘਬਰਾ ਕੇ ਆਪ ਉਨ੍ਹਾਂ ਨੂੰ ਖਾਲਿਸਤਾਨ ਦੀ ਪੇਸ਼ਕਸ਼ ਕਰ ਦੇਵੇਗੀ। ਸਰਕਾਰ ਦੀ ਪਹੁੰਚ ਹਰ ਦਿਨ
ਖਾੜਕੂ ਲਹਿਰ ਅਤੇ ਭਾਈ ਜਰਨੈਲ ਸਿੰਘ ਪ੍ਰਤੀ ਬਹੁਤ ਕਰੜੀ ਹੁੰਦੀ ਜਾ ਰਹੀ ਸੀ।
ਜੁਝਾਰੂ ਸਿੰਘਾਂ ਦੇ ਨਾਲ ਕੁੱਝ ਮੌਕਾ-ਪ੍ਰਸਤ ਲੁਟੇਰੇ ਕਿਸਮ ਦੇ ਲੋਕ ਵੀ
ਸ਼ਾਮਲ ਹੋ ਚੁੱਕੇ ਸਨ, ਜੋ ਆਪਣੀਆਂ ਗਲਤ ਕਾਰਵਾਈਆਂ ਨਾਲ ਸਿੱਖ ਸੰਘਰਸ਼ ਨੂੰ ਦਾਗ਼ਦਾਰ ਕਰ ਰਹੇ ਸਨ।
ਸਰਕਾਰ ਨੇ ਆਪਣੀਆਂ ਏਜੰਸੀਆਂ ਨੂੰ ਵੀ ਪੂਰਾ ਸਰਗਰਮ ਕਰ ਦਿੱਤਾ। ਉਨ੍ਹਾਂ ਦੇ ਬੰਦੇ ਜਿਥੇ ਜੁਝਾਰੂ
ਜਥੇਬੰਦੀਆਂ ਵਿੱਚ ਘੁਸਪੈਠ ਕਰ ਗਏ, ਉਥੇ ਉਹ ਏਜੰਸੀਆਂ ਦੇ ਬੰਦੇ ਅਤੇ ਪੁਲੀਸ ਖਾੜਕੂਆਂ ਦਾ ਰੂਪ
ਧਾਰਨ ਕਰ ਕੇ ਹਰ ਉਹ ਮੰਦ ਕਰਮ ਕਰਨ ਲੱਗੇ, ਜਿਸ ਨਾਲ ਜੁਝਾਰੂਆਂ ਦੇ ਸੰਘਰਸ ਨੂੰ ਵਧ ਤੋਂ ਵਧ ਬਦਨਾਮ
ਕੀਤਾ ਜਾ ਸਕੇ।
੯ ਸਤੰਬਰ ੧੯੮੧ ਨੂੰ ਪੰਜਾਬ ਕੇਸਰੀ ਅਖਬਾਰ ਸਮੂਹ ਦੇ ਮਾਲਕ ਲਾਲਾ ਜਗਤ
ਨਾਰਾਇਣ ਦਾ ਕਤਲ ਹੋ ਗਿਆ। ਲਾਲਾ ਜਗਤ ਨਾਰਾਇਣ ਆਪਣੇ ਅਖਬਾਰ ਵਿੱਚ ਜਿਥੇ ਸਿੱਖ ਸੰਘਰਸ ਦੇ ਖਿਲਾਫ
ਬਹੁਤ ਜ਼ਹਿਰ ਉਗਲਦਾ ਸੀ, ਉਹ ਨਿਰੰਕਾਰੀ ਕੇਸ ਵਿੱਚ ਵੀ ਚਸ਼ਮਦੀਦ ਗਵਾਹ ਦੇ ਤੌਰ `ਤੇ ਸਿੱਖਾਂ ਦੇ
ਖਿਲਾਫ ਭੁਗਤਿਆ ਸੀ। ਉਸ ਦੇ ਵਾਰਸਾਂ ਨੇ ਇਸ ਕਤਲ ਦਾ ਇਲਜ਼ਾਮ ਭਾਈ ਜਰਨੈਲ ਸਿੰਘ `ਤੇ ਲਾਇਆ। ਪੁਲੀਸ
ਭਾਈ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਪਹਿਲਾਂ ਤਾਂ ਭਾਈ ਜਰਨੈਲ ਸਿੰਘ ਇਸ
ਗ੍ਰਿਫਤਾਰੀ ਤੋਂ ਬਚਦੇ ਰਹੇ ਪਰ ਬਾਅਦ ਵਿੱਚ ੨੦ ਸਤੰਬਰ ਨੂੰ ਉਨ੍ਹਾਂ ਆਪ ਹੀ ਆਪਣੇ ਆਪ ਨੂੰ
ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਵੇਂ ਇੱਕ ਦਮ ਖਾੜਕੂ
ਕਾਰਵਾਈਆਂ ਦੀ ਹਨੇਰੀ ਜਿਹੀ ਚਲ ਪਈ। ਕੁੱਝ ਦਿਨ ਦੀ ਪੁੱਛ-ਪੜਤਾਲ ਤੋਂ ਬਾਅਦ ਪੁਲੀਸ ਨੇ ਉਨ੍ਹਾਂ
ਨੂੰ ਬੇਗੁਨਾਹ ਕਹਿ ਕੇ ਛੱਡ ਦਿੱਤਾ।
ਇੰਦਰਾ ਗਾਂਧੀ ੧੯੭੭ ਵਿੱਚ ਜਨਤਾ ਪਾਰਟੀ ਕੋਲੋਂ ਹਾਰਨ ਤੋਂ ਬਾਅਦ ਮੁੜ
ਰਾਜਸਤਾ ਪ੍ਰਾਪਤ ਕਰਨ ਲਈ ਤੜਫੜਾ ਰਹੀ ਸੀ। ਜੋ ਜਨਤਾ ਪਾਰਟੀ ਦੀ ਆਪਸੀ ਫੁੱਟ ਕਾਰਨ ਉਸ ਨੂੰ ਕੇਵਲ
ਤਿੰਨ ਸਾਲ ਬਾਅਦ ਸਹਿਜੇ ਹੀ ਪ੍ਰਾਪਤ ਹੋ ਗਈ। ਇਸ ਸਮੇਂ ਤੱਕ ਕਾਂਗਰਸ ਦੀ ਸਿਆਸੀ ਸੋਚ ਅਤੇ ਪਹੁੰਚ
ਇਹ ਰਹੀ ਸੀ ਕਿ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਵਧ ਤੋਂ ਵਧ ਵੋਟ ਹਾਸਲ ਕਰ ਲਵੋ। ਨਾਲ ਬਹੁਗਿਣਤੀ
ਦੇ ਵੀ ਕਾਫੀ ਵੋਟ ਮਿਲ ਜਾਂਦੇ ਸਨ ਅਤੇ ਕਾਂਗਰਸ ਹਰ ਵਾਰੀ ਸਹਿਜੇ ਹੀ ਰਾਜਸਤਾ ਪ੍ਰਾਪਤ ਕਰ ਲੈਂਦੀ
ਸੀ। ਜਨਤਾ ਪਾਰਟੀ ਦੀ ਆਪਸੀ ਫੁੱਟ ਕਾਰਨ ਭਾਵੇਂ ਤਿੰਨ ਸਾਲ ਬਾਅਦ ਹੀ ਇੰਦਰਾ ਗਾਂਧੀ ਨੂੰ ਮੁੜ
ਰਾਜਸੱਤਾ ਪ੍ਰਾਪਤ ਹੋ ਗਈ, ਪਰ ੧੯੭੭ ਵਿੱਚ ਹੋਏ ਧਰੁਵੀਕਰਨ ਤੋਂ ਬਾਅਦ ਉਹ ਇਹ ਸੋਚਣ ਲੱਗ ਪਈ ਸੀ ਕਿ
ਜੇ ਭਾਰਤ `ਤੇ ਆਪਣਾ ਪੱਕਾ ਰਾਜ ਕਾਇਮ ਕਰਨਾ ਹੈ ਤਾਂ ਬਹੁ-ਗਿਣਤੀ ਹਿੰਦੂ ਵੋਟ ਲੈਣੇ ਜ਼ਰੂਰੀ ਹਨ। ਉਹ
ਬਹੁਗਿਣਤੀ ਹਿੰਦੂ ਵੋਟਾਂ ਨੂੰ ਆਪਣੇ ਵਲ ਖਿਚਣ ਦੇ ਤਰੀਕੇ ਸੋਚਣ ਲੱਗੀ ਅਤੇ ਉਸ ਨੇ ਪੰਜਾਬ ਦੇ ਬਦਲੇ
ਹਾਲਾਤ ਦਾ, ਆਪਣੇ ਮਕਸਦ ਦੀ ਪ੍ਰਾਪਤੀ ਲਈ, ਲਾਹਾ ਲੈਣ ਦੀ ਸਕੀਮ ਤਿਆਰ ਕਰ ਲਈ।
ਉਧਰ ਅਕਾਲੀ ਵੀ ਰਾਜਸੱਤਾ ਖੁਸ ਜਾਣ ਕਾਰਨ ਤੜਫ ਰਹੇ ਸਨ। ਉਨ੍ਹਾਂ ਕਪੂਰੀ ਦੇ
ਸਥਾਨ `ਤੇ ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਮੁੱਦਾ ਬਣਾ ਕੇ ਮੋਰਚਾ ਲਾ ਦਿੱਤਾ। ਉਹ ਮੋਰਚਾ ਬਹੁਤਾ
ਕਾਮਯਾਬ ਹੁੰਦਾ ਨਜ਼ਰ ਨਹੀਂ ਸੀ ਆਉਂਦਾ। ਉਨ੍ਹਾਂ ਆਨੰਦ ਪੁਰ ਸਾਹਿਬ ਦੇ ਮਤੇ ਦੀ ਮੰਗ ਨੂੰ ਅਧਾਰ ਬਣਾ
ਕੇ ਮੋਰਚਾ ਦਰਬਾਰ ਸਾਹਿਬ ਸਮੂਹ ਅੰਮ੍ਰਿਤਸਰ ਵਿੱਚ ਮੰਜੀ ਸਾਹਿਬ `ਤੇ ਤਬਦੀਲ ਕਰ ਦਿੱਤਾ। ਕਪੂਰੀ
ਮੋਰਚੇ ਦਾ ਮੁੱਖ ਮੁੱਦਾ, ਪੰਜਾਬ ਦੇ ਪਾਣੀਆਂ `ਤੇ ਕੇਵਲ ਪੰਜਾਬ ਦਾ ਹੱਕ, ਆਨੰਦਪੁਰ ਸਾਹਿਬ ਮਤੇ ਦਾ
ਇੱਕ ਹਿੱਸਾ ਸੀ। ਇਸ ਮੋਰਚੇ ਨੂੰ ਧਰਮ ਯੁਧ ਮੋਰਚੇ ਦਾ ਨਾਂਅ ਦਿੱਤਾ ਗਿਆ।
ਲਾਲਾ ਜਗਤ ਨਾਰਾਇਣ ਕੇਸ `ਚੋਂ ਛਡਣ ਤੋਂ ਬਾਅਦ ਭਾਵੇ ਸਰਕਾਰ ਨੇ ਭਾਈ ਜਰਨੈਲ
ਸਿੰਘ ਭਿੰਡਰਾਂਵਾਲੇ ਨੂੰ ਸਿੱਧਾ ਹੱਥ ਤਾਂ ਨਹੀਂ ਪਾਇਆ ਸੀ ਪਰ ਉਨ੍ਹਾਂ ਦੇ ਨੇੜਲੇ ਸਾਥੀਆਂ ਭਾਈ
ਅਮਰੀਕ ਸਿੰਘ, ਭਾਈ ਥਾਰਾ ਸਿੰਘ ਤੇ ਹੋਰਨਾ ਨੂੰ ਗ੍ਰਿਫਤਾਰ ਕਰ ਲਿਆ। ਭਾਈ ਜਰਨੈਲ ਸਿੰਘ ਉਨ੍ਹਾਂ
ਨੂੰ ਛੁਡਾਉਣ ਲਈ ਮੋਰਚਾ ਲਾਉਣਾ ਚਾਹੁੰਦੇ ਸਨ। ਉਹ ਅਕਾਲੀਆਂ ਦੇ ਮੋਰਚੇ ਵਿੱਚ ਹੀ ਸ਼ਾਮਲ ਹੋ ਕੇ,
ਹਰਚੰਦ ਸਿੰਘ ਲੋਂਗੋਵਾਲ ਦੇ ਨਾਲ ਇਸ ਧਰਮ-ਯੁਧ ਮੋਰਚੇ ਦੇ ਸਹਿ ਸੰਯੋਜਕ ਬਣ ਗਏ।
ਇਕ ਧਾਰਮਿਕ ਸਖਸ਼ੀਅਤ ਹੋਣ ਕਾਰਨ, ਅਤੇ ਨਾਲ ਹੀ ਇੱਕ ਨਿਧੜਕ ਜੁਝਾਰੂ ਆਗੂ ਦੇ
ਤੌਰ `ਤੇ ਉਭਰਨ ਕਾਰਨ, ਉਨ੍ਹਾਂ ਦਿਨਾਂ ਵਿੱਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕੌਮ ਵਿੱਚ
ਸਤਿਕਾਰ ਅਤੇ ਪ੍ਰਭਾਵ ਇਤਨਾ ਵਧਿਆ ਕਿ ਲੋਕ ਆਪਣੇ ਨਿਜੀ, ਪਰਿਵਾਰਕ ਅਤੇ ਸਮਾਜਿਕ ਝਗੜਿਆਂ ਦੇ ਫੈਸਲੇ
ਕਰਾਉਣ ਵਾਸਤੇ ਵੀ ਉਨ੍ਹਾਂ ਕੋਲ ਆਉਣ ਲੱਗੇ। ਭਾਈ ਜਰਨੈਲ ਸਿੰਘ ਦਾ ਜਿਤਨਾ ਪ੍ਰਭਾਵ ਵੱਧ ਰਿਹਾ ਸੀ
ਅਕਾਲੀ ਆਗੂਆਂ ਦੀ ਸਾਖ ਨੂੰ ਉਤਨਾ ਹੀ ਖੋਰਾ ਲੱਗ ਰਿਹਾ ਸੀ। ਅਕਾਲੀ ਆਗੂ ਇਸ ਤੋਂ ਬਹੁਤ ਪ੍ਰੇਸ਼ਾਨ
ਸਨ ਅਤੇ ਕਿਸੇ ਕੀਮਤ `ਤੇ ਵੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਮੁਕਤੀ ਪਾਉਣਾ ਚਾਹੁੰਦੇ ਸਨ ਅਤੇ
ਇਸ ਦੇ ਵਾਸਤੇ ਸਕੀਮਾਂ ਘੜਦੇ ਰਹਿੰਦੇ ਸਨ।
ਇਧਰ ਇਹ ਸ਼ਾਂਤੀ ਪੂਰਵਕ ਮੋਰਚਾ ਚੱਲ ਰਿਹਾ ਸੀ, ਉਧਰ ਜੁਝਾਰੂ ਸਿੰਘਾਂ ਦੀਆਂ
ਸਰਗਰਮੀਆਂ ਵੀ ਵਧ ਰਹੀਆਂ ਸਨ। ਸਰਕਾਰ ਇਨ੍ਹਾਂ ਸਰਗਰਮੀਆਂ ਨੂੰ ਦੇਸ਼ ਵਿਰੋਧੀ ਅਤੇ ਹਿੰਦੂ ਵਿਰੋਧੀ
ਪ੍ਰਚਾਰ ਕੇ ਸਾਰੇ ਦੇਸ਼ ਵਿਚ, ਸਾਰੀ ਸਿੱਖ ਕੌਮ ਨੂੰ ਵੱਧ ਤੋਂ ਵੱਧ ਬਦਨਾਮ ਕਰਨ ਲੱਗੀ ਹੋਈ ਸੀ।
ਸਾਰੇ ਦੇਸ਼ ਵਿੱਚ ਸਿੱਖ ਕੌਮ ਪ੍ਰਤੀ ਇੱਕ ਨਫਰਤ ਦੀ ਲਹਿਰ ਉਸਾਰੀ ਜਾ ਰਹੀ ਸੀ। ਸਾਰੀ ਸਿੱਖ ਕੌਮ ਨੂੰ
ਹਿੰਦੂ ਵਿਰੋਧੀ ਅਤੇ ਦੇਸ਼ ਧਰੋਹੀ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਸੀ। ਇਸ ਗਰਮ ਮਾਹੌਲ ਵਿੱਚ
ਕੁੱਝ ਹਿੰਦੂਆਂ ਨੂੰ ਬੱਸਾਂ ਵਿਚੋਂ ਉਤਾਰ ਕੇ ਕਤਲ ਕਰ ਦਿੱਤਾ ਗਿਆ। ਇਸ ਨੂੰ ਵੱਡੀ ਹਿੰਦੂ ਵਿਰੋਧੀ
ਆਤੰਕਵਾਦੀ ਕਾਰਵਾਈ ਗਰਦਾਨ ਕੇ ਸਾਰੇ ਦੇਸ ਵਿੱਚ ਸਿੱਖਾਂ ਪ੍ਰਤੀ ਨਫਰਤ ਨੂੰ ਸਿਖਰ `ਤੇ ਪਹੁੰਚਾ
ਦਿੱਤਾ ਗਿਆ। ਸਾਰੇ ਦੇਸ਼ ਵਿੱਚ ਸਿੱਖਾਂ ਪ੍ਰਤੀ ਨਫਰਤ ਦਾ ਭਾਂਬੜ ਬਲ ਉਠਿਆ। ਹਾਲਾਂਕਿ ਬਹੁਤੇ
ਸੂਝਵਾਨ ਲੋਕਾਂ ਦਾ ਖਿਆਲ ਸੀ ਕਿ ਆਪਣੇ ਕੂੜ ਪ੍ਰਚਾਰ ਨੂੰ ਹੋਰ ਤਾਕਤ ਦੇਣ ਵਾਸਤੇ ਸਰਕਾਰ ਨੇ
ਆਪਣੀਆਂ ਏਜੰਸੀਆਂ ਕੋਲੋਂ ਹੀ ਇਹ ਘਟੀਆ ਕਾਰਾ ਕਰਾਇਆ ਸੀ।
ਦਿਨਾਂ ਵਿੱਚ ਹੀ ਦੇਸ਼ ਵਾਸਤੇ ਅਨਗਿਣਤ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ
ਨੂੰ ‘ਗੱਦਾਰ` ਅਤੇ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ‘ਖਲ-ਨਾਇਕ` ਥਾਪਿਆ ਜਾ ਚੁੱਕਾ ਸੀ। ਜਦੋਂ
ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਹ ਮਹਿਸੂਸ ਕੀਤਾ ਕਿ ਹੁਣ ਉਸਦਾ ਬਾਹਰ ਰਹਿਣਾ ਸੁਰੱਖਿਅਤ
ਨਹੀਂ ਤਾਂ ਉਨ੍ਹਾਂ ਆਪਣਾ ਰਹਿਣ ਦਾ ਟਿਕਾਣਾ ਆਪਣੇ ਡੇਰੇ ਚੌਂਕ ਮਹਿਤਾ ਤੋਂ ਬਦਲ ਕੇ, ਦਰਬਾਰ ਸਾਹਿਬ
ਸਮੂਹ ਅੰਦਰ ਗੁਰੂ ਨਾਨਕ ਨਿਵਾਸ `ਤੇ ਕਰ ਲਿਆ।
ਸ਼ਾਇਦ ਭਾਰਤ ਸਰਕਾਰ ਇਸੇ ਦਾ ਇੰਤਜ਼ਾਰ ਕਰ ਰਹੀ ਸੀ। ਇਹ ਪ੍ਰਚਾਰਿਆ ਗਿਆ ਕਿ
ਦਰਬਾਰ ਸਾਹਿਬ ਸਮੂਹ ਅੰਦਰ ਬੈਠ ਕੇ ਭਿੰਡਰਾਂਵਾਲਾ ਆਤੰਕਵਾਦ ਦੀ ਕਾਰਵਾਈ ਚਲਾ ਰਿਹਾ ਹੈ ਅਤੇ ਦਰਬਾਰ
ਸਾਹਿਬ ਨੂੰ ਆਤੰਕਵਾਦੀਆਂ ਤੋਂ ਮੁਕਤ ਕਰਾਉਣਾ ਜ਼ਰੂਰੀ ਹੈ। ਇਸ ਤਰ੍ਹਾਂ ਦਰਬਾਰ ਸਾਹਿਬ ਉਤੇ ਹਮਲੇ ਲਈ
ਮਾਹੌਲ ਤਿਆਰ ਕਰਨਾ ਸ਼ੁਰੂ ਕਰ ਕੇ, ਫੌਜੀ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਹਾਲਾਤ ਨੂੰ ਵੇਖਦੇ
ਹੋਏ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਭਾਰਤੀ ਫੌਜ ਦੇ ਇੱਕ ਰਿਟਾਇਰਡ ਜਰਨਲ ਸੁਬੇਗ ਸਿੰਘ ਨਾਲ
ਮਿਲ ਕੇ ਦਰਬਾਰ ਸਾਹਿਬ ਦੀ ਕਿਲੇ ਬੰਦੀ ਸ਼ੁਰੂ ਕਰ ਦਿੱਤੀ ਅਤੇ ਭਾਰਤੀ ਫੌਜ ਨਾਲ ਟਾਕਰਾ ਕਰਨ ਦੀ
ਤਿਆਰੀ ਕਰ ਲਈ। ਇਸ ਕਿਲੇ ਬੰਦੀ ਨੂੰ ਲੈਕੇ ਸਰਕਾਰ ਨੂੰ ਆਪਣੀ ਗੱਲ ਨੂੰ ਜਾਇਜ਼ ਠਹਿਰਾਉਣ ਦਾ ਹੋਰ
ਮੌਕਾ ਮਿਲ ਗਿਆ।
ਅੰਤ ਤਿੰਨ ਜੂਨ ੧੯੮੪ ਨੂੰ ਸਾਰੇ ਪੰਜਾਬ ਵਿੱਚ ਕਰਫਿਊ ਲਗਾ ਕੇ, ਗੁਰੂ ਅਰਜਨ
ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਸਾਰੇ ਦਰਬਾਰ ਸਾਹਿਬ ਸਮੂਹ ਨੂੰ ਭਾਰਤੀ ਫੌਜ ਵਲੋਂ ਘੇਰਾ ਪਾ ਲਿਆ
ਗਿਆ ਅਤੇ ਚਾਰ ਜੂਨ ਦੀ ਰਾਤ ਨੂੰ ਟੈਂਕਾਂ, ਤੋਪਾਂ ਅਤੇ ਬਖਤਰਬੰਦ ਗੱਡੀਆਂ ਸਮੇਤ ਦਰਬਾਰ ਸਮੂਹ ਉਤੇ
ਹਮਲਾ ਕਰ ਦਿੱਤਾ। ਦਰਬਾਰ ਸਾਹਿਬ ਸਮੂਹ ਅੰਦਰ ਤਿਆਰ ਸਿੰਘਾਂ ਨੇ ਦੋ ਦਿਨ ਤੱਕ ਭਾਰਤੀ ਫੌਜਾਂ ਦਾ
ਡੱਟ ਕੇ ਮੁਕਾਬਲਾ ਕੀਤਾ ਪਰ ਹੌਲੀ ਹੌਲੀ ਜੁਝਾਰੂ ਸਿੰਘ ਸ਼ਹੀਦ ਹੁੰਦੇ ਗਏ। ਭਾਰਤੀ ਫੌਜ ਦਾ ਵੀ ਭਾਰੀ
ਨੁਕਸਾਨ ਹੋਇਆ। ਪੰਜ ਜੂਨ ਦੀ ਰਾਤ ਨੂੰ ਜਰਨਲ ਸੁਬੇਗ ਸਿੰਘ ਸ਼ਹੀਦ ਹੋ ਗਏ ਅਤੇ ੬ ਜੂਨ ਦੀ ਰਾਤ ਨੂੰ
ਭਾਈ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਭਾਈ ਅਮਰੀਕ ਸਿੰਘ ਸਮੇਤ ਉਨ੍ਹਾਂ ਦੇ ਬਹੁਤੇ ਹੋਰ ਸਾਥੀ ਵੀ
ਸ਼ਹੀਦ ਹੋ ਗਏ। ਸਾਰੇ ਦਰਬਾਰ ਸਾਹਿਬ ਸਮੂਹ `ਤੇ ਫੌਜ ਦਾ ਕਬਜ਼ਾ ਹੋ ਗਿਆ।
ਇਸ ਹਮਲੇ ਵਿੱਚ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਉਨ੍ਹਾਂ ਦੇ
ਸਹਿਯੋਗੀ ੨੦੦ ਦੇ ਕਰੀਬ ਜੁਝਾਰੂ ਸਿੰਘ ਸ਼ਹੀਦ ਹੋਏ। ਸੈਂਕੜਿਆਂ ਦੀ ਗਿਣਤੀ ਵਿੱਚ ਮੋਰਚੇ ਵਿੱਚ
ਗ੍ਰਿਫਤਾਰੀ ਦੇਣ ਆਏ ਸਿੰਘ ਸਿੰਘਣੀਆਂ ਅਤੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ `ਤੇ ਇਕੱਤਰ ਹੋਏ
ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਵੀ ਸ਼ਹੀਦ ਹੋ ਗਏ, ਜਿਨ੍ਹਾਂ ਦੀ ਅਸਲ ਗਿਣਤੀ ਦਾ ਹੁਣ ਕਦੇ ਪਤਾ
ਨਹੀਂ ਲੱਗ ਸਕੇਗਾ, ਸਦਾ ਅੰਦਾਜ਼ੇ ਹੀ ਲਗਦੇ ਰਹਿਣਗੇ। ਸਾਰਾ ਦਰਬਾਰ ਸਾਹਿਬ ਸਮੂਹ ਖੰਡਰ ਬਣ ਗਿਆ,
ਅਕਾਲ ਤਖਤ ਸਾਹਿਬ ਢਹਿ ਢੇਰੀ ਹੋ ਗਿਆ। ਪ੍ਰਕਰਮਾਂ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਅਤੇ ਖੂਨ ਦੀਆਂ
ਨਦੀਆਂ ਵਗ ਤੁਰੀਆਂ। ਫੌਜ ਨੇ ਦਰਬਾਰ ਸਾਹਿਬ ਦੇ ਨਾਲ ੩੮ ਹੋਰ ਗੁਰਦੁਆਰਿਆਂ `ਤੇ ਵੀ ਹਮਲਾ ਕੀਤਾ।
{ਇਸ ਵਿਸ਼ੇ `ਤੇ ਵਧੇਰੇ ਜਾਣਕਾਰੀ ਲਈ ਇਸੇ ਕਲਮ ਤੋਂ ਲਿਖੀ ਕਿਤਾਬ (ਨਾਵਲ) "ਪਾਪ ਕੀ ਜੰਝ" ਪੜ੍ਹਿਆ
ਜਾ ਸਕਦਾ ਹੈ}
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਜਰਨੈਲ ਸਿੰਘ ਦੀ ਸਖਸ਼ੀਅਤ ਵਿੱਚ ਇੱਕ ਖਾਸ
ਖਿੱਚ ਸੀ ਅਤੇ ਬੋਲਾਂ ਵਿੱਚ ਇੱਕ ਖਾਸ ਜਜ਼ਬਾ, ਜਿਸ ਨੇ ਸਿੱਖ ਨੌਜੁਆਨੀ ਅੰਦਰ ਇੱਕ ਨਵਾਂ ਜੋਸ਼ ਭਰ
ਦਿੱਤਾ ਸੀ। ਜਿਸ ਵੇਲੇ ਬਹੁਤੇ ਅਕਾਲੀ ਆਗੂ ਰੋਜ਼ ਮਰਨ ਦੀਆਂ ਧਮਕੀਆਂ ਦੇ ਕੇ, ਫਿਰ ਬਹਾਨੇ ਬਣਾ ਕੇ,
ਉਨ੍ਹਾਂ ਤੋਂ ਮੁਨਕਰ ਹੋ ਕੇ, ਕੌਮ ਦੀ ਬਦਨਾਮੀ ਕਰਵਾ ਰਹੇ ਸਨ, ਇਥੋਂ ਤੱਕ ਕਿ ਅਕਾਲ ਤਖਤ ਸਾਹਿਬ
ਉਤੇ ਸੜ-ਮਰਨ ਵਾਸਤੇ ਹਵਨ ਕੁੰਡ ਬਣਾਏ ਗਏ ਪਰ ਕੋਈ ਸੜ ਕੇ ਨਾ ਮਰਿਆ, ਇਸ ਸਮੇਂ ਭਾਈ ਜਰਨੈਲ ਸਿੰਘ
ਨੇ ਸਿੱਖ ਇਤਿਹਾਸ ਨੂੰ ਮੁੜ ਸੁਰਜੀਤ ਕਰ ਦਿੱਤਾ। ਇਹ ਕਿਹਾ ਮੈਂ ਸ਼ਹੀਦ ਹੋਵਾਂਗਾ ਅਤੇ ਸ਼ਹੀਦੀ ਪਾ
ਗਏ। ਉਥੇ ਨਾਲ ਹੀ ਇਹ ਵੀ ਮੰਨਣਾ ਪਵੇਗਾ ਕਿ ਉਨ੍ਹਾਂ ਅੰਦਰ ਦੂਰ ਅੰਦੇਸ਼ੀ ਦੀ ਬਹੁਤ ਘਾਟ ਸੀ, ਜੋ
ਇੱਕ ਕੌਮੀ ਆਗੂ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਦੂਰ ਅੰਦੇਸ਼ੀ ਤੋਂ ਸਖਣਾ ਭਾਵੁਕ ਆਗੂ ਕੌਮ ਦਾ
ਨੁਕਸਾਨ ਵਧੇਰੇ ਕਰਾ ਦੇਂਦਾ ਹੈ।
ਇਥੇ ਇੱਕ ਗੱਲ ਹੋਰ ਵੀ ਸਮਝਣ ਵਾਲੀ ਹੈ ਕਿ ਬੇਸ਼ਕ ਉਨ੍ਹਾਂ ਬਿਖੜੇ ਸਮੇਂ
ਵਿੱਚ ਰਾਜਨੀਤਿਕ ਅਗਵਾਈ ਦਿੱਤੀ ਅਤੇ ਉਹ ਸ਼ਹੀਦੀ ਵੀ ਪਾ ਗਏ ਪਰ ਉਨ੍ਹਾਂ ਦੀ ਵਿਚਾਰਧਾਰਾ, ਉਹੀ
ਉਨ੍ਹਾਂ ਦੇ ਡੇਰੇ ਦੀ ਭਾਈ ਸੁੰਦਰ ਸਿੰਘ ਭਿੰਡਰਾਂਵਾਲੇ ਤੋਂ ਚਲੀ ਆਉਂਦੀ ਵਿਚਾਰਧਾਰਾ ਅਨੁਸਾਰ ਹੀ,
ਬ੍ਰਾਹਮਣਵਾਦੀ, ਸਨਾਤਨੀ ਵਿਚਾਰਧਾਰਾ ਅਤੇ ਗੁਰਮਤ ਦਾ ਮਿਲਗੋਭਾ ‘ਨਿਰਮਲਾ ਸੋਚ` ਸੀ। ਇਸ ਲਈ ਅੱਜ
ਜੋ ਇਹ ਪ੍ਰਮਾਣ ਦਿੱਤੇ ਜਾਂਦੇ ਹਨ ਕਿ ਭਾਈ ਜਰਨੈਲ ਸਿੰਘ ਇਹ ਮੰਨਦੇ ਸਨ ਤਾਂ ਇਹ ਗਲਤ ਕਿਵੇਂ ਹੋ
ਸਕਦਾ ਹੈ, ਬਿਲਕੁਲ ਗਲਤ ਸੋਚ ਹੈ। ਗੁਰਮਤਿ ਦੇ ਨਿਰਣੇ ਕੇਵਲ ਗੁਰਬਾਣੀ ਦੀ ਕਸਵੱਟੀ `ਤੇ ਪਰਖ ਕੇ ਹੀ
ਹੋ ਸਕਦੇ ਹਨ। ਕੋਈ ਵਿਅਕਤੀ ਕਿਤਨਾ ਮਹਾਨ ਜਾਂ ਮਹਾਨ ਸ਼ਹੀਦ ਵੀ ਹੋਵੇ, ਉਸ ਦੀ ਵਿਚਾਰਧਾਰਾ ਗੁਰੂ
ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਉਪਰ ਨਹੀਂ ਹੋ ਸਕਦੀ। ਨਾਲੇ ਉਸ ਦਾ ਸ਼ਹੀਦ ਹੋਣਾ ਗੁਰਮਤਿ
ਅਨੁਸਾਰੀ ਵਿਚਾਰਵਾਨ ਹੋਣ ਦਾ ਸਰਟੀਫਿਕੇਟ ਨਹੀਂ ਹੈ।
੭ ਜੂਨ ੧੯੮੪ ਨੂੰ ਸੁਵੇਰੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲਾਸ਼ ਮਿਲੀ,
ਜਿਸ ਦੀ ਪਹਿਚਾਣ ਉਨ੍ਹਾਂ ਦੇ ਸਕੇ ਭਰਾ ਹਰਚਰਨ ਸਿੰਘ ਰੋਡੇ ਨੇ ਕੀਤੀ ਸੀ, ਜੋ ਆਪ ਉਸ ਵੇਲੇ ਫ਼ੌਜ
ਵਿੱਚ ਸੂਬੇਦਾਰ ਸੀ। ਬਹੁਤੇ ਖੋਜਕਾਰਾਂ ਦਾ ਇਹ ਖਿਆਲ ਹੈ ਕਿ ਭਾਈ ਜਰਨੈਲ ਸਿੰਘ ਨੂੰ ਪਕੜ ਕੇ ਮਾਰਿਆ
ਗਿਆ। ਸਭ ਤੋਂ ਹੈਰਾਨਗੀ ਦੀ ਗੱਲ ਇਹ ਹੈ ਕਿ ਉਸੇ ਦਿਨ ਇਹ ਅਫਵਾਹ ਫੈਲ ਗਈ ਕਿ ਭਾਈ ਜਰਨੈਲ ਸਿੰਘ ਬਚ
ਕੇ ਨਿਕਲ ਗਏ ਹਨ ਅਤੇ ਪਾਕਿਸਤਾਨ ਪਹੁੰਚ ਗਏ ਹਨ। ਇਹ ਵੀ ਹੈਰਾਨਗੀ ਦੀ ਗੱਲ ਹੈ ਕਿ ਸਾਰੇ ਸੂਬੇ
ਵਿੱਚ ਕਰਫਿਊ ਲੱਗਾ ਹੋਇਆ ਸੀ, ਸਾਰੇ ਪ੍ਰਚਾਰ ਪ੍ਰਸਾਰ ਸਾਧਨਾਂ `ਤੇ ਪਾਬੰਦੀ ਸੀ, ਉਸ ਹਾਲਾਤ ਵਿੱਚ
ਇਹ ਅਫਵਾਹ ਸਾਰੇ ਸੂਬੇ ਵਿੱਚ ਇਤਨੀ ਤੇਜ਼ੀ ਨਾਲ ਕਿਵੇਂ ਫੈਲੀ? ਕੁੱਝ ਦਿਨਾਂ ਵਿੱਚ ਇਹ ਸਪੱਸ਼ਟ ਹੋ
ਗਿਆ ਕਿ ਭਿੰਡਰਾਂਵਾਲੇ ਜਥੇ ਦੇ ਜ਼ਿਮੇਂਦਾਰ ਆਗੂ ਇਸ ਅਫਵਾਹ ਦੀ ਪ੍ਰੋੜਤਾ ਕਰਦੇ ਹਨ ਸਗੋਂ ਇੰਝ
ਜਾਪਦਾ ਸੀ ਕਿ ਇਹ ਅਫਵਾਹ ਉਨ੍ਹਾਂ ਵਲੋਂ ਹੀ ਫੈਲਾਈ ਗਈ ਹੈ।
(ਚਲਦਾ ….)
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)