ਗੁਰਮੁਖਿ ਕੋਇ ਨ ਦਿਸਈ ਢੂੰਢੇ ਤੀਰਥ ਜਾਤੀ ਮੇਲੇ
ਇਹ ਤੁਕ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਹੈ। ਇਸ ਵਾਰ ਵਿੱਚ ਸਤਿਗੁਰੂ
ਨਾਨਕ ਜੀ ਦੀ ਮਹੱਤਾ ਦਰਸਾਉਂਦੇ ਲਿਖਦੇ ਹਨ-
ਸਤਿਗੁਰੂ
ਨਾਨਕੁ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਆ
ਇਸ ਦਾ ਭਾਵ ਹੈ ਕਿ ਉਨਾਂ ਦੇ ਆਉਣ ਤੋਂ ਪਹਿਲਾਂ ਅਗਿਆਨਤਾ ਦੀ ਧੁੰਧ ਵਿੱਚ
ਭੁੱਲ ਕੇ ਕੁਰਾਹੇ ਪਏ ਲੋਕ ਧਰਮ ਦੇ ਨਾਂਅ ਤੇ ਉਹ ਫੋਕੇ ਕੰਮ ਕਰਨ ਵਿੱਚ ਲੱਗੇ ਹੋਏ ਸਨ ਜਿਨਾਂ ਦਾ
ਸੱਚੇ ਧਰਮ ਨਾਲ ਕੋਈ ਵੀ ਸੰਬੰਧ ਨਹੀਂ ਸੀ। ਅਸੀਂ ਦੇਖਦੇ ਹਾਂ ਕਿ ਉਹ ਕਿਹੜੇ ਕੰਮ ਸਨ ਅਤੇ ਅਸੀਂ ਵੀ
ਕਿਤੇ ਉਹ ਕੰਮ ਕਰਨ ਵਿੱਚ ਹੀ ਤਾਂ ਨਹੀਂ ਲੱਗੇ ਹੋਏ। ਇਹ ਪਰਖ ਹਰ ਇੱਕ ਨੇ ਆਪ ਕਰਨੀ ਹੈ। ਜੇ ਸਾਡੇ
ਕੰਮ ਉਹ ਹੀ ਹੋਣਗੇ ਤਾਂ ਪੱਕੀ ਗੱਲ ਹੈ ਕਿ ਸਤਿਗੁਰੂ ਜੀ ਦੀ ਅਪਾਰ ਕਿਰਪਾ ਦੇ ਬਾਵਜੂਦ ਅਸੀਂ
ਅਗਿਆਨਤਾ ਵਿੱਚ ਹੀ ਹਾਂ। ਪੌੜੀ ੨੧ ਵਿੱਚ ਕਿਹਾ ਹੈ-
ਗੰਗ
ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੈ
ਦੋ ਵੱਡੇ ਧਾਰਮਿਕ ਫਿਰਕਿਆਂ ਨੇ ਕੁੱਝ ਇੱਕ ਚੀਜ਼ਾਂ ਨੂੰ ਪਵਿੱਤਰ ਮੰਨਕੇ
ਉਨਾਂ ਨਾਲ ਆਪਣੇ ਆਪ ਨੂੰ ਪੂਰਨ ਤੋਰ ਤੇ ਜੋੜ ਲਿਆ ਸੀ। ਗੰਗਾ ਇੱਕ ਦਰਿਆ ਹੈ ਅਤੇ ਇਸਦੇ ਪਾਣੀ ਨੂੰ
ਪਵਿੱਤਰ ਜਾਣਕੇ ਉਸਦੇ ਕਰਮ ਕਾਂਡੀ ਇਸਤੇਮਾਲ ਨਾਲ ਹੀ ਧਰਮ ਦੀ ਮੰਜ਼ਿਲ ਵੱਲ ਵਧਣਾ ਮੰਨ ਲਿਆ ਸੀ।
ਬਨਾਰਸਿ, ਮੱਕਾ ਆਦਿਕ ਸ਼ਹਿਰ ਸਨ ਜਿਨਾਂ ਦੀ ਯਾਤਰਾ ਨੂੰ ਧਰਮ ਦੇ ਲਈ ਬੇਹੱਦ ਜ਼ਰੂਰੀ ਕਰਾਰ ਦੇ ਦਿੱਤਾ
ਸੀ। ਜੇ ਅਸੀਂ ਕੁੱਝ ਇੱਕ ਸ਼ਹਿਰਾਂ ਨੂੰ ਪਵਿੱਤਰ ਮੰਨਕੇ ਉਨਾਂ ਨਾਲ ਜੁੜ ਗਏ ਹਾਂ ਜਾਂ ਕਿਸੇ ਵੀ
ਪਾਣੀ ਨੂੰ ਪਵਿੱਤਰ ਅਤੇ ਅੰਮਰਿਤ ਦਾ ਦਰਜਾ ਦੇ ਦਿੱਤਾ ਹੈ ਤਾਂ ਅਸੀਂ ਵੀ ਸਤਿਗੁਰੂ ਦੇ ਗਿਆਨ ਤੋਂ
ਬਾਂਝੇ ਹਾਂ। ਹੋਰ ਲਿਖਿਆ ਹੈ-
ਸੁੰਨਤਿ
ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੈ
ਕੁੱਝ ਇੱਕ ਅਸੂਲ ਉਹ ਪੱਕੇ ਬਣਾ ਲਏ ਸਨ ਜਿਹੜੇ ਕਿ ਸਰੀਰ ਨਾਲ ਜਾਂ ਇਸਦੇ
ਉੱਤੇ ਧਾਰੇ ਚਿੰਨਾਂ ਨਾਲ ਸੰਬੰਧਤ ਸਨ। ਜੇ ਅਸੀਂ ਵੀ ਸਰੀਰ ਬਾਰੇ ਜਾਂ ਇਸਦੇ ਉੱਤੇ ਪਾਏ ਪਹਿਰਾਵਿਆਂ
ਜਾਂ ਚਿੰਨਾਂ ਬਾਰੇ ਕੋਈ ਅਸੂਲ ਬਣਾਕੇ ਉਨਾਂ ਨਾਲ ਜੁੜ ਗਏ ਹਾਂ ਤਾਂ ਅਸੀਂ ਹਾਲੇ ਵੀ ਅਗਿਆਨਤਾ ਦੀ
ਧੁੰਧ ਵਿੱਚ ਹਾਂ। ਪੌੜੀ ੨੧ ਵਿੱਚ ਹੋਰ ਲਿਖਦੇ ਹਨ-
ਬੇਦ
ਕਤੇਬ ਭੁਲਾਇ ਕੈ ਮੋਹੇ ਲਾਲਚ ਦੁਨੀ ਸੈਤਾਣੇ
ਸਚੁ
ਕਿਨਾਰੇ ਰਹਿ ਗਿਆ ਖਹਿ ਮਰਦੇ ਬਾਮਣਿ ਮਉਲਾਣੇ
ਸੱਚ ਨਾਲ ਜੋੜਨ ਵਾਲੇ ਗਿਆਨ ਨੂੰ ਭੁਲਾ ਕੇ ਮਾਇਆ ਇਕੱਠੀ ਕਰਨ ਦੇ ਕਰਮ
ਕਾਂਡਾਂ ਵਿੱਚ ਰੁੱਝ ਜਾਣਾ ਸੱਚ ਤੋਂ ਦੂਰ ਲੈ ਜਾਂਦਾ ਹੈ। ਗੁਰਬਾਣੀ ਗਰੰਥ ਦੀ ਬਾਣੀ ਪੜ ਬੁੱਝ ਕੇ
ਸੱਚ ਨਾਲ ਜੁੜਨ ਦੀ ਥਾਂ ਇਸਦੇ ਪੜਨ ਸੁਣਨ ਦੇ ਬੇਅੰਤ ਅਤੇ ਬਹੁਰੰਗੀ ਕਰਮ ਕਾਂਡ ਬਣਾਕੇ ਮਾਇਆ ਇਕੱਠੀ
ਕਰਨ ਵਿੱਚ ਲੱਗਣਾ ਅਗਿਆਨਤਾ ਦੀ ਧੁੰਧ ਵਿੱਚ ਕੁਰਾਹੇ ਪੈਣਾ ਹੀ ਹੈ। ਪੌੜੀ ੧੭ ਵਿੱਚ ਲਿਖਿਆ ਹੈ-
ਨਿੰਦਿਆ ਚਲੇ
ਵੇਦ ਦੀ ਸਮਝਨਿ ਨਹਿ ਅਗਿਆਨਿ ਗੁਬਾਰਾ
ਗੁਰਬਾਣੀ ਗਰੰਥ, ਜਿਹੜਾ ਕਿ ਦਸਾਂ ਪਾਤਿਸ਼ਾਹੀਆਂ ਦੀ ਅਣਥੱਕ ਮਿਹਨਤ ਸਦਕਾ
ਸਹੀ ਸਲਾਮਤ ਸਾਡੇ ਕੋਲ ਪੁੱਜਾ ਹੈ, ਦੇ ਹੁੰਦਿਆਂ ਹੋਰ ਹੋਰ ਗਰੰਥਾਂ ਦੀ ਗੱਲ ਕਰਨ ਦੇ ਰਾਹ ਤੁਰਨਾ
ਸੱਚੇ ਗਿਆਨ ਦੀ ਨਿੰਦਾ ਹੈ। ਗੁਰਬਾਣੀ ਗਿਆਨ ਦਾ ਚਾਨਣ ਹੀ ਅਗਿਆਨਤਾ ਦੇ ਹਨੇਰੇ ਦੂਰ ਕਰ ਸਕਦਾ ਹੈ।
ਇਸਨੂੰ ਗਿਆਨ ਲੈਣ ਤੋਂ ਬਿਨਾਂ ਕਿਸੇ ਵੀ ਹੋਰ ਕੰਮ ਲਈ ਵਰਤਣਾ ਇਸ ਦੀ ਹੇਠੀ ਹੈ। ਇਸਦੀ ਵਰਤੋਂ ਕਰਕੇ
ਵੱਧ ਤੋਂ ਵੱਧ ਮਾਇਆ ਕਮਾਉਣ ਦੇ ਨਵੇਂ ਨਵੇਂ ਤਰੀਕੇ ਬਣਾਉਣ ਵਿੱਚ ਜੁਟਣਾ ਅਗਿਆਨਤਾ ਦੀ ਧੁੰਧ ਵਿੱਚ
ਰਹਿਣਾ ਹੈ।
ਸਿਧ ਗੋਸਟਿ ਬਾਣੀ ਵਿੱਚ ਸਿਧਾਂ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਆਪਣੀ
ਯਾਤਰਾ ਦਾ ਮਕਸਦ ਗੁਰਮੁਖਾਂ ਦੀ ਭਾਲ ਦੱਸਿਆ ਸੀ-
ਗੁਰਮੁਖਿ ਖੋਜਤ ਭਏ ਉਦਾਸੀ-੯੩੯
ਗੁਰਬਾਣੀ ਗਰੰਥ ਤੋਂ ਗਿਆਨ ਲੈ ਕੇ ਗੁਰਮੁਖਿ ਬਣਨ ਬਣਾਉਣ ਦੀ ਥਾਂ ਹੋਰ ਹੋਰ
ਤਰਾਂ ਦੇ ਵੱਡੇ ਮੇਲਿਆਂ ਰੂਪੀ ਪੁਰਬ ਮਨਾਉਣੇ ਜਾਂ ਭਾਂਤ ਭਾਂਤ ਦੇ ਪਵਿੱਤਰ ਮੰਨੇ ਸਥਾਨਾਂ ਦੀ
ਯਾਤਰਾ ਵਿੱਚ ਲੱਗੇ ਰਹਿਣਾ ਵੀ ਅਗਿਆਨਤਾ ਦੀ ਧੁੰਧ ਵਿੱਚ ਜੀਣਾ ਹੀ ਹੈ। ਸਿਰਲੇਖ ਵਾਲੀ ਤੁਕ ਇਹ ਹੀ
ਦੱਸਦੀ ਹੈ ਕਿ ਇਨਾਂ ਕੰਮਾਂ ਵਿੱਚ ਹੁੰਮ ਹੁੰਮਾ ਕੇ ਲੱਗਣ ਵਾਲਿਆਂ ਵਿੱਚ ਸ਼ਾਇਦ ਹੀ ਕੋਈ ਗੁਰਮੁਖਿ
ਲੱਭੇਗਾ ਕਿਉਂਕਿ ਇਨਾਂ ਕੰਮਾਂ ਦਾ ਸੱਚ ਨਾਲ ਜੁੜਨ ਨਾਲ ਕੋਈ ਵੀ ਸੰਬੰਧ ਨਹੀਂ। ਇਸ ਤਰਾਂ ਦੇ ਕੰਮਾਂ
ਵਿੱਚ ਵੱਡੀ ਗਿਣਤੀ ਦਾ ਲੱਗੇ ਹੋਣਾ ਕਿਸੇ ਵੀ ਧਰਮ ਦੀ ਸੱਚੀ ਵਡਿਆਈ ਨਹੀਂ ਕਿਉਂਕਿ ਇੱਥੇ ਗੁਰਬਾਣੀ
ਦੇ ਸੱਚ ਦੀ ਤਾਂ ਕੋਈ ਗੱਲ ਹੁੰਦੀ ਹੀ ਨਹੀਂ। ਪੌੜੀ ੩੦ ਵਿੱਚ ਫਿਰ ਕਿਹਾ ਹੈ-
ਪਰਜਾ
ਅੰਧੀ ਗਿਆਨ ਬਿਨੁ ਕੂੜ ਕੁਸਤੁ ਮੁਖਹੁ ਅਲਾਈ
ਗਿਆਨ ਲੈਣ ਦੇ ਸਭ ਤੋਂ ਜ਼ਰੂਰੀ ਕੰਮ ਤੋਂ ਜਦੋਂ ਧਿਆਨ ਹਟ ਗਿਆ ਹੁੰਦਾ ਹੈ
ਤਾਂ ਫਿਰ ਹੋਰ ਬਹੁਤ ਨਿੱਕੇ ਵੱਡੇ ਮਸਲੇ ਉਹ ਖੜੇ ਹੋ ਜਾਂਦੇ ਹਨ ਜਿਨਾਂ ਦਾ ਸਚੇ ਧਰਮ ਨਾਲ ਕੋਈ
ਸੰਬੰਧ ਨਹੀਂ ਹੁੰਦਾ ਤੇ ਇਹ ਫਿਰ ਆਮ ਲੋਕਾਂ ਦਾ ਕੇਂਦਰ ਹੀ ਨਹੀਂ ਬਲਕੇ ਯੁੱਧ ਦੇ ਅਖਾੜੇ ਬਣਕੇ
ਬਹੁਤ ਮੁਸ਼ਕਲਾਂ ਪੈਦਾ ਕਰ ਦਿੰਦੇ ਹਨ। ਇਹ ਵਰਤਾਰਾ ਉਸ ਵੇਲੇ ਸਾਫ ਨਜ਼ਰ ਆ ਜਾਂਦਾ ਹੈ ਜਦੋਂ ਵਿਚਾਰ
ਵਟਾਂਦਰੇ ਵਿੱਚ ਗਾਲੀ ਗਲੋਚ ਤੋਂ ਵੀ ਅਗਾਂਹ ਲੰਘ ਕੇ ਮਾਰਨ ਵੱਢਣ ਦੀਆਂ ਗੱਲਾਂ ਕਰਨ ਤੱਕ ਕੋਈ ਝਿਜਕ
ਵੀ ਮਹਿਸੂਸ ਨਹੀਂ ਹੁੰਦੀ। ਇਹ ਅਗਿਆਨੀਆਂ ਦੇ ਕੰਮਾਂ ਦੀ ਸਿਖਰ ਹੈ।ਪੌੜੀ ੧੨ ਵਿੱਚ ਸਾਫ ਕੀਤਾ ਹੈ
ਕਿ ਗਿਆਨ ਲੈਣ ਤੋਂ ਬਿਨਾਂ ਹੁੰਮ ਹੁਮਾਂ ਕੇ ਕੀਤੇ ਕਰੋੜਾਂ ਕੰਮ ਵੀ ਅਸਫਲਤਾ ਹੀ ਦੇਣਗੇ-
ਗਿਆਨ
ਬਿਨਾ ਨਹਿ ਪਾਈਐ ਜੇ ਕੋਈ ਕੋਟਿ ਜਤਨਿ ਕਰ ਧਾਈ
ਇੱਕੋ ਇੱਕ ਸਫਲ ਕੰਮ ਸਿਰਫ ਗਿਆਨ ਲੈਣਾ ਹੀ ਹੈ। ਇਸ ਨੂੰ ਛੱਡਕੇ ਹੋਰ ਹੋਰ
ਤਰਾਂ ਦੇ ਕਰਮ ਕਾਂਡਾਂ ਅਤੇ ਪੁਰਬਾਂ ਮੇਲਿਆਂ ਵਿੱਚ ਵਾਧੇ ਕਰਨਾ ਇਸ ਗੱਲ ਦਾ ਸੂਚਕ ਹੈ ਕਿ ਅਗਿਆਨ
ਦੀ ਧੁੰਧ ਹਟੀ ਨਹੀਂ। ਗਿਆਨ ਪਰਾਪਤ ਕਰਨ ਦਾ ਇੱਕੋ ਇੱਕ ਸਾਧਨ ਬਾਣੀ ਦੀ ਸਿੱਖਿਆ ਨਾਲ ਦਿਲਾਂ ਨੂੰ
ਜੋੜਨਾ ਹੈ। ਬਾਣੀ ਦੇ ਦੱਸੇ ਰਾਹ ਤੇ ਤੁਰੇ ਬਿਨਾਂ ਅਗਿਆਨੀਆਂ ਵਾਲੇ ਕੰਮ ਹੁੰਦੇ ਹੀ ਰਹਿਣੇ ਹਨ।
ਸੱਚੇ ਧਰਮ ਵੱਲ ਕੋਈ ਯਾਤਰਾ ਨਾ ਹੋਣ ਕਰਕੇ ਦੁੱਖ ਹੀ ਵਧਦੇ ਹਨ।ਪੌੜੀ ੨੨ ਅਤੇ ੨੪ ਵਿੱਚ ਫਿਰ ਕਿਹਾ
ਹੈ-
ਬਾਝ ਗੁਰੂ
ਅੰਧੇਰੁ ਹੈ ਖਹਿ ਖਹਿ ਮਰਦੇ ਬਹੁ ਬਿਧਿ ਲੋਆ-੨੨
ਬਾਝੁ
ਗੁਰੂ ਗੁਬਾਰੁ ਹੈ, ਹੈ ਹੈ ਕਰਦੀ ਸੁਣੀ ਲੁਕਾਈ-੨੪
ਸੱਚੇ ਧਰਮ ਦਾ ਰਾਹ ਦਿਖਾਉਂਦੇ ਜਦੋਂ ਮੱਕੇ ਪਹੁੰਚਦੇ ਹਨ ਤਾਂ ਇਸ ਸਵਾਲ ਦੇ
ਜਵਾਬ ਵਿੱਚ ਕਿ ਹਿੰਦੂ ਅਤੇ ਮੁਸਲਮਾਨ ਵਿੱਚੋਂ ਕੌਣ ਵੱਡਾ ਧਰਮੀ ਹੈ, ਪੌੜੀ ੩੩ ਵਿੱਚ ਕਹਿੰਦੇ ਹਨ-
ਬਾਬਾ
ਆਖੇ ਹਾਜੀਆ ਸੁਭਿ ਅਮਲਾਂ ਬਾਝਹੁ ਦੋਨੋ ਰੋਈ
ਹਿੰਦੂ
ਮੁਸਲਮਾਨ ਦੁਇ ਦਰਗਹ ਅੰਦਰਿ ਲਹਨਿ ਨ ਢੋਈ
ਸ਼ੁਭ ਅਮਲ ਹੀ ਧਰਮ ਦੀ ਦੁਨੀਆਂ ਵਿੱਚ ਸਫਲਤਾ ਦਾ ਇੱਕੋ ਇੱਕ ਮਾਰਗ ਹੈ। ਜੇ
ਅਮਲ ਸ਼ੁਭ ਨਹੀਂ ਤਾਂ ਆਪਣੇ ਮੰਨੇ ਹੋਏ ਧਰਮ ਦੇ ਮਿੱਥੇ ਹੋਏ ਬੇਅੰਤ ਕਰਮ ਕਾਂਡ ਕਰਦੇ ਹੋਏ, ਉਸਦੇ
ਮੰਨੇ ਹੋਏ ਪਹਿਰਾਵੇ ਪਹਿਨ ਕੇ ਅਤੇ ਮੇਲਾ ਨੁਮਾਂ ਇਕੱਠਾਂ ਵਿੱਚ ਸ਼ਾਮਲ ਹੁੰਦੇ ਹੋਏ ਵੀ ਅਧਰਮੀ ਹੀ
ਰਹਾਂਗੇ। ਬਾਣੀ ਸ਼ੁਭ ਅਮਲਾਂ ਦੀ ਕਰਨੀ ਨੂੰ ਹੀ ਪਹਿਲਾ ਅਤੇ ਅਖੀਰਲਾ ਸਫਲ ਨੁਸਖਾ ਮੰਨ ਕੇ ਬਾਕੀ
ਦੀਆਂ ਗੱਲਾਂ ਨੂੰ ਕੋਈ ਵੀ ਮਹੱਤਾ ਨਹੀਂ ਦਿੰਦੀ-
ਮੂਲਿ ਮਤਿ
ਪਰਵਾਣਾ ਏਹੋ ਨਾਨਕੁ ਆਖਿ ਸੁਣਾਏ
ਕਰਣੀ
ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ-੧੨੩੯
ਕਰਣੀ ਸ਼ੁਭ ਹੋਣ ਤੋਂ ਪਹਿਲਾਂ ਮਨ ਨੂੰ ਔਗੁਣਾਂ ਦੀ ਮੈਲ ਤੋਂ ਮੁਕਤ ਹੋਣਾ
ਜ਼ਰੂਰੀ ਹੈ ਕਿਉਂਕਿ ਮੈਲੇ ਮਨ ਨਾਲ ਸੱਚੇ ਧਰਮ ਦਾ ਕੋਈ ਵੀ ਕੰਮ ਨਹੀਂ ਹੋ ਸਕਦਾ। ਮੈਲੇ ਮਨ ਨਾਲ
ਕੀਤਾ ਹਰ ਕੰਮ ਹੀ ਅਸ਼ੁਭ ਹੋਵੇਗਾ।ਮੈਲੇ ਮਨ ਵਾਲਾ ਪਤਿਤ ਜੀਵ ਹੈ ਅਤੇ ਨਿਰਮਲ ਮਨ ਵਾਲਾ ਪੂਰਨ ਹੈ।ਇਹ
ਬਾਣੀ ਦੀ ਸਿੱਖਿਆ ਤੇ ਆਧਾਰਤ ਦਰਜਾਬੰਦੀ ਹੈ।ਮਨ ਦੀ ਨਿਰਮਲਤਾ ਹਾਸਲ ਕਰਨਾ ਹੀ ਅਤਿਅੰਤ ਔਖਾ ਕੰਮ
ਹੈ। ਤਾਂ ਹੀ ਗੁਰਬਾਣੀ ਕੋਟਿ ਮਧੇ ਕੋ ਵਿਰਲਾ ਸੇਵਕ ਅਤੇ ਗੁਰ ਕੀ ਸਿਖ ਕੋ ਵਿਰਲਾ ਲੇਵੈ ਹੀ ਗੱਲ
ਕਰਦੀ ਹੈ।
ਅਗਿਆਨਤਾ ਵਿੱਚ ਫਸੇ ਰਹਿਣ ਕਾਰਨ ਫ਼ਜ਼ੂਲ ਅਤੇ ਫੋਕੇ ਕੰਮ ਧਰਮ ਵਿੱਚ ਦਾਖਲ ਹੋ
ਜਾਂਦੇ ਹਨ।ਇਨਾਂ ਦੇ ਆਧਾਰ ਤੇ ਫਿਰ ਇੱਕ ਹੀ ਧਰਮ ਵਿੱਚ ਨਿੱਕੇ ਨਿੱਕੇ ਬਹੁਤ ਟੋਲੇ ਹੋਂਦ ਵਿੱਚ ਆ
ਜਾਂਦੇ ਹਨ। ਇਨਾਂ ਨੇ ਕਿਉਂਕਿ ਗਿਆਨ ਲੈਣ ਦਾ ਕੰਮ ਨਹੀਂ ਕੀਤਾ ਹੁੰਦਾ ਇਸ ਲਈ ਆਪਣੇ ਆਪ ਨੂੰ ਵੱਖ
ਵੱਖ ਪਹਿਰਾਵਿਆਂ, ਚਿੰਨਾਂ ਅਤੇ ਕਰਮ ਕਾਂਡਾਂ ਨਾਲ ਜੋੜ ਕੇ ਇੱਕ ਦੂਜੇ ਤੋਂ ਵੱਡੇ ਸਾਬਤ ਕਰਨ ਲਈ
ਬਹੁਤ ਪਾਪੜ ਵੇਲਦੇ ਹਨ। ਇਨਾਂ ਬਾਬਤ ਕਿਹਾ ਹੈ-
ਆਪੋ
ਧਾਪੀ ਹੋਇ ਕੈ ਨਿਆਰੇ ਨਿਆਰੇ ਧਰਮ ਚਲਾਵੈ-੧੮
ਕਲਿਜੁਗਿ ਧੁੰਧੂਕਾਰ ਹੈ ਭਰਮਿ ਭੁਲਾਈ ਬਹੁ ਬਿਧਿ ਭੇਖੈ
ਭੇਖੀ
ਪ੍ਭੂ ਨ ਪਾਈਐ ਆਪੁ ਗਵਾਏ ਰੂਪ ਨ ਰੇਖੈ-੨੫
ਭੇਖਾਂ ਅਤੇ ਚਿੰਨਾਂ ਦੇ ਆਧਾਰ ਤੇ ਆਪਣੇ ਆਪ ਨੂੰ ਧਰਮੀ ਸਮਝਣ ਵਾਲਾ ਭਰਮ ਦੇ
ਵਿੱਚ ਹੈ। ਰੱਬ ਦੀ ਪ੍ਰਾਪਤੀ ਭੇਖਾਂ ਦੇ ਆਧਾਰ ਤੇ ਕਦੇ ਵੀ ਨਹੀਂ ਹੋਣੀ ਇਹ ਤਾਂ ਉਸ ਵਰਗਾ ਰੂਪ ਰੇਖ
ਤੋਂ ਰਹਿਤ ਨਿਰਾਕਾਰ ਹੋ ਕੇ ਹੀ ਸੰਭਵ ਹੈ। ਨਿਰਾਕਾਰ ਹੋਣ ਤੋਂ ਭਾਵ ਹਰ ਆਕਾਰ ਵਾਲੀ ਚੀਜ਼ ਦੀ ਪਕੜ
ਛੱਡਣਾ ਹੈ।
ਆਪਣੀਆਂ ਉਦਾਸੀਆਂ ਤੋਂ ਵਿਹਲੇ ਹੋ ਕੇ ਬਾਬੇ ਨੇ ਕੀ ਕੀਤਾ ਉਸ ਉੱਤੇ ਧਿਆਨ
ਦੇਣਾ ਬਹੁਤ ਜ਼ਰੂਰੀ ਹੈ-
ਪਹਰਿ
ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ-੩੮
ਉਸ ਨੇ ਕੋਈ ਅਡੰਬਰੀ ਬਾਣੇ ਨਹੀਂ ਪਾਏ। ਉਸਨੇ ਉਹ ਹੀ ਵਸਤਰ ਧਾਰਨ ਕੀਤੇ
ਜਿਹੜੇ ਆਮ ਲੁਕਾਈ ਧਾਰਨ ਕਰਦੀ ਸੀ। ਜੇ ਬਾਨੀ ਬਾਬੇ ਨੂੰ ਧਰਮੀ ਬਣਨ ਲਈ ਕੋਈ ਖਾਸ ਤਰਾਂ ਦਾ
ਪਹਿਰਾਵਾ ਨਹੀਂ ਪਹਿਨਣਾ ਪਿਆ ਤਾਂ ਕੀ ਪਹਿਨਣਾ ਹੈ ਇਹ ਨੀਯਤ ਕਰਨਾ ਸੱਚੇ ਧਰਮ ਦਾ ਕੰਮ ਨਹੀਂ। ਸੱਚੇ
ਧਰਮੀ ਦਾ ਬਾਣਾ ਉਸਦਾ ਨਿਰਮਲ ਮਨ ਹੀ ਹੋ ਸਕਦਾ ਹੈ।
ਬਹੁਤੇ ਜੀਵ ਆਪਣੇ ਚਹੇਤੇ ਸਾਧ, ਸੰਤ,ਮਹਾਂਪੁਰਸ਼ ਨਾਲ ਕਰਾਮਾਤਾਂ ਦੀਆਂ
ਸਾਖੀਆਂ ਜੋੜ ਕੇ ਬਹੁਤ ਹੁੱਬ ਹੁੱਬ ਕੇ ਸੁਣਾ ਕੇ ਮਾਣ ਮਹਿਸੂਸ ਕਰਦੇ ਹਨ ਪਰ ਉਂਞ ਮੱਥਾ ਉਹ
ਗੁਰਬਾਣੀ ਗਰੰਥ ਨੂੰ ਹੀ ਟੇਕਦੇ ਹਨ। ਧਿਆਨ ਕਰੀਏ ਕਿ ਗੁਰਬਾਣੀ ਗਰੰਥ ਦੀ ਨੀਂਹ ਬੰਨਣ ਵਾਲਾ ਬਾਬਾ
ਕੀ ਕਹਿੰਦਾ ਹੈ ਜਦੋਂ ਸਿੱਧ ਉਸਨੂੰ ਕਰਾਮਾਤ ਦਿਖਾਉਣ ਲਈ ਕਹਿੰਦੇ ਹਨ-
ਬਾਬਾ
ਬੋਲੇ ਨਾਥ ਜੀ ਅਸਿ ਵੇਖਣਿ ਜੋਗੀ ਵਸਤੁ ਨ ਕਾਈ-੪੨
ਕੀ ਕਿਸੇ ਦੇ ਮੰਨੇ ਹੋਏ ਵੱਡੇ ਸਾਧ ਮਹਾਂਪੁਰਖ ਬਾਬੇ ਤੋਂ ਵੀ ਵੱਡੇ ਹੋ ਗਏ
ਜਾਂ ਕਿ ਉਹ ਅਗਿਆਨੀਆਂ ਵਾਲੀਆਂ ਗੱਲਾਂ ਕਰ ਰਹੇ ਹਨ।
ਸਿੱਟਾ ਇਹ ਹੈ ਕਿ ਜੇ ਅਸੀਂ ਵਾਰ ਵਿੱਚ ਦੱਸੇ ਗਲਤ ਕੰਮ ਬਾਬੇ ਦੇ ਦਿੱਤੇ
ਗਿਆਨ ਦੇ ਹੁੰਦੇ ਹੋਏ ਵੀ ਕਰੀ ਜਾਂਦੇ ਹਾਂ ਤਾਂ ਜ਼ਰੂਰ ਹੀ ਗੁਰਬਾਣੀ ਗਰੰਥ ਦੀ ਸਿਰਮੌਰਤਾ ਨੂੰ ਰਸਮੀ
ਤੌਰ ਤੇ ਹੀ ਮੰਨਦੇ ਹਾਂ ਪਰ ਆਪਣੇ ਧਰਮ ਲਈ ਸਾਰੀ ਅਗਵਾਹੀ ਇਸ ਤੋਂ ਲੈਣ ਤੋਂ ਪਾਸਾ ਵੱਟਦੇ ਹਾਂ। ਜੇ
ਗੁਰਬਾਣੀ ਗਰੰਥ ਦੀ ਸਰਬ-ਉੱਚਤਾ ਨੂੰ ਅਮਲੀ ਤੌਰ ਤੇ ਮੰਨ ਕੇ ਧਰਮੀ ਹੋਣ ਲਈ ਸਾਰੀ ਅਗਵਾਹੀ ਇਸਤੋਂ
ਲਵਾਂਗੇ ਤਾਂ ਹੀ ਅਗਿਆਨਤਾ ਦੀ ਧੁੰਧ ਤੋਂ ਬਾਹਰ ਨਿਕਲ ਸਕਾਂਗੇ। ਜੇ ਇਹ ਨਾ ਕੀਤਾ ਤਾਂ ਧੁੰਧ ਸਗੋਂ
ਹੋਰ ਗਹਿਰੀ ਹੋਵੇਗੀ ਤੇ ਅਸੀਂ ਹੋਰ ਕੁਰਾਹੇ ਪੈ ਕੇ ਪਹਿਲਾਂ ਹੋ ਰਹੀਆਂ ਗਲਤੀਆਂ ਵਿੱਚ ਹੋਰ ਵਾਧਾ
ਕਰੀ ਜਾਵਾਂਗੇ।
ਸਹੀ ਕੰਮ ਪੂਰਨ ਤੋਰ ਤੇ ਸਿਰਫ ਗੁਰਬਾਣੀ ਗਰੰਥ ਦੀ ਸ਼ਰਨ ਵਿੱਚ ਆਉਣਾ ਹੀ ਹੈ।
ਇਸਦਾ ਹੋਰ ਕੋਈ ਵੀ ਬਦਲ ਨਹੀਂ ਹੈ। ਡੰਕੇ ਦੀ ਚੋਟ ਨਾਲ ਇਹ ਸੁਨੇਹਾ ਪੱਕਾ ਕਰਾਉਂਦੀ ਗੁਰਬਾਣੀ ਦੀ
ਤੁਕ ਨਾਲ ਸਮਾਪਤੀ ਕਰਦਾ ਹਾਂ-
ਏਹੜ
ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ-੬੪੬
ਨਿਮਰਤਾ ਸਹਿਤ-ਮਨੋਹਰ ਸਿੰਘ ਪੁਰੇਵਾਲ