ਤ੍ਰਿਯਾ ਚਰਿਤ੍ਰ ਦੀ ਨੂਪ ਕੁਅਰਿ
(ਕਿਸ਼ਤ ਪਹਿਲੀ)
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਸਾਲ ਦੇ ਆਖਰੀ ਦਿਨਾਂ (30 ਦਸੰਬਰ 2017) ਦੀ ਗੱਲ ਹੈ ਕਿ ਪੰਜਾਬੀ
ਯੂਨੀਵਰਸਿਟੀ ਦਾ ਇਕ ਵਿਦਵਾਨ, ਡਾ ਹਰਭਜਨ ਸਿੰਘ, ਲੈਥਰੋਪ (ਕੈਲੀਫੋਰਨੀਆ) ਵਿਖੇ ਅਖੌਤੀ ਦਸਮ ਗ੍ਰੰਥ
ਬਾਰੇ ਸੈਮੀਨਾਰ ਵਿੱਚ ਸ਼ਾਮਿਲ ਹੋਇਆ ਸੀ। ਭਾਸ਼ਨ ਵਿੱਚ ਉਹੀ ਪੁਰਾਣੀਆਂ ਗੱਲਾ। ਅੱਡੀਆਂ ਚੁੱਕ-ਚੁੱਕ
ਕੇ ਬਾਂਹਾਂ ਉਲਾਰ ਕੇ ਉੱਚੀ ਅਵਾਜ਼, ਅਖੇ ਗੁਰੂ ਜੀ ਨੇ ਖੜਕ ਸਿੰਘ ਪੈਦਾ ਕਰਨਾ ਸੀ। ਹਰ ਵਾਰ ਇਹ
ਵਿਦਵਾਨ, ਖੜਕ ਸਿੰਘ-ਖੜਕ ਸਿੰਘ ਹੀ ਕਰਦਾ ਰਹਿੰਦਾ ਹੈ। ਪਰ ਜੋ ਲੱਗ-ਭੱਗ 600 ਪੰਨਿਆਂ ਵਿਚ ਹੋਰ
ਖੜਕਾ-ਦੜਕਾ ਹੈ ਉਸ ਦੀ ਕਦੇ ਗੱਲ ਨਹੀ ਕੀਤੀ। ਗੁਰੂ ਸਾਹਿਬ ਨੇ ਔਰਤ ਨੂੰ ਉੱਚਾ ਚੱਕਣਾ ਸੀ, ਔਰਤ
ਨੂੰ ਬਰਾਬਰਤਾ ਦੇਣੀ ਸੀ। ਪਰ ਜਦੋਂ, ਇਕ ਜਾਗਰੂਕ ਬੀਬੀ ਨੇ ਸਵਾਲ ਪੁੱਛਿਆ, ਤਾਂ ਵਿਦਵਾਨ ਜੀ ਦੀ
ਵਿਦਵਤਾ ਉਬਾਲਾ ਮਾਰ ਗਈ।
ਡਾ ਹਰਭਜਨ ਸਿੰਘ ਨੇ ਆਪਣੀ ਕਿਤਾਬ, "ਸ਼੍ਰੀ ਦਸਮ ਗ੍ਰੰਥ ਸਾਹਿਬ- ਕਰਤਾ
ਸਬੰਧੀ ਵਿਵਾਦ ਦੀ ਪੁਨਰ ਸਮੀਖਿਆ" ਵਿੱਚ, ਅਖੌਤੀ ਦਸਮ ਗ੍ਰੰਥ ਵਿੱਚ ਦਰਜ ਦੋ ਕਹਾਣੀਆਂ (ਛਜਿਯਾ
ਅਤੇ ਨੂਪ ਕੌਰ) ਨੂੰ ਗੁਰੂ ਜੀ ਦੀਆਂ ਆਪ ਬੀਤੀਆਂ ਸਾਬਿਤ ਕੀਤਾ ਹੈ। ਹੁਣ ਜਦੋਂ ਇਨ੍ਹਾਂ ਬੇਹੂਦਾ
ਕਹਾਣੀਆਂ ਸਬੰਧੀ ਸੰਗਤਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਹਨ, ਅਖੌਤੀ ਗ੍ਰੰਥ ਦੇ ਸਮਰਥੱਕ ਅਖੌਤੀ
ਵਿਦਵਾਨਾਂ ਦੀ ਅਲੋਚਨਾ ਹੋ ਰਹੀ ਹੈ, ਤਾਂ ਇਸ ਦੇ ਕੁਝ ਹਮਾਇਤੀ ਡਾ ਹਰਭਜਨ ਸਿੰਘ ਨਾਲੋਂ ਨਾਤਾ ਤੋੜ
ਰਹੇ ਹਨ। ਉਹ ਇਹ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ ਕਿ ਇਹ ਚਰਿਤ੍ਰ ਗੁਰੂ ਜੀ ਦੀ ਆਪ ਬੀਤੀ
ਨਹੀਂ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਡਾ ਹਰਭਜਨ ਸਿੰਘ ਦੇ ਅਲੋਚਕ ਚਰਿਤ੍ਰ ਨੰ: 71 ਨੂੰ ਗੁਰੂ ਜੀ
ਦੀ ਆਪ ਬੀਤੀ ਮੰਨਦੇ ਹਨ। (ਚਰਿਤ੍ਰ ਨੰ 71 ਤੇ ਵੱਖਰੀ ਵਿਚਾਰ ਕੀਤੀ ਜਾਵੇਗੀ) ਅਖੌਤੀ ਦਸਮ ਗ੍ਰੰਥ
ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਣ ਵਾਲਿਆਂ ਦੀ ਆਪਸੀ ਚੁੰਝ-ਚਰਚਾ ਬਹੁਤ ਨੀਵੇਂ ਪੱਧਰ ਤੇ
ਪਹੁੰਚ ਚੁੱਕੀ ਹੈ। ਖੈਰ... ਸਾਡਾ ਇਸ ਨਾਲ ਸਿੱਧਾ ਸਬੰਧ ਨਹੀ ਹੈ। ਸਾਡਾ ਮਕਸਦ ਤਾਂ, ਕਈ ਸੱਜਣਾ
ਵੱਲੋਂ ਮੰਗ ਕਰਨ ਤੇ, ਵੱਖ-ਵੱਖ ਵਿਦਵਾਨਾਂ ਦੇ ਹਵਾਲੇ ਦੇ ਕੇ, ਇਨ੍ਹਾਂ ਕਹਾਣੀਆਂ ਦੀ ਅਸਲੀਅਤ
ਸਾਹਮਣੇ ਲਿਆਉਣਾ ਹੈ। ਤਾਂ ਜੋ ਪਾਠਕ ਅਸਲੀਅਤ ਨੂੰ ਸਮਝ ਕੇ, ਖ਼ੁਦ ਫੈਸਲਾ ਕਰ ਸਕਣ।
ਆਓ, ਪਹਿਲਾ ਇਹ ਵੇਖੀਏ ਕਿ ਅਨੰਦਪੁਰ ਕਿਹੜਾ ਹੈ ਅਤੇ ਉਸ ਦਾ ਰਾਜਾ ਕੌਣ ਹੈ?
ਅਖੌਤੀ ਦਸਮ ਗ੍ਰੰਥ ਵਿਚ ਅਨੰਦਪੁਰ ਅਤੇ ਉਸ ਦੇ ਰਾਜੇ ਦਾ ਹਵਾਲਾ ਕਈ ਥਾਈਂ
ਮਿਲਦਾ ਹੈ। ਇਹ ਅਨੰਦਪੁਰ ਕਹਿਲੂਰ ਰਿਆਸਤ ਵਿੱਚ, ਸਤਲੁਜ ਦਰਿਆ ਦੇ ਕੰਢੇ, ਨੈਣਾ ਦੇਵੀ ਪਰਬਤ ਦੇ
ਨੇੜੇ ਹੈ।
ਤੀਰ ਸਤੁੱਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਂਉ॥ ਨੇਤ੍ਰ ਤੁੰਗ ਕੇ ਢਿਗ ਬਸਤ
ਕਾਹਲੂਰ ਕੇ ਠਾਉ॥
ਤਾਂ ਆਓ ਹੁਣ ਇਹ ਦੇਖੀਏ ਕਿ ਇਸ ਅਨੰਦਪੁਰ ਨੂੰ ਵਸਾਇਆ ਕਿਸ ਨੇ ਸੀ। ਦਸਮ
ਗ੍ਰੰਥ ਵਿੱਚ ਦਰਜ ਬਚਿਤ੍ਰ ਨਾਟਕ, ਜੋ ਇਸ ਦਾ ਅਸਲ ਨਾਮ ਹੈ ਅਤੇ ਜਿਸ ਨੂੰ ਬਿਨਾ ਪੜ੍ਹੇ ਹੀ
ਬਹੁਤਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਮੰਨ ਲਿਆ ਹੈ, ਉਸ ਦੇ ਅੱਠਵੇਂ ਅਧਿਆਇ ਵਿੱਚ ਇਹ
ਦਰਜ ਹੈ।
ਜੁਧ ਜੀਤ ਆਏ ਜਬੈ ਟਿਕੈ ਨ ਤਿਨ ਪੁਰ ਪਾਵ॥ ਕਾਹਲੂਰ ਮੈ ਬਾਧਿਯੋ ਆਨਿ
ਅਨੰਦਪੁਰ ਗਾਵ॥36॥
ਇਸ ਅਧਿਆਇ ਦੇ ਅੰਤ ਵਿੱਚ ਜੋ ਲਿਖਿਆ ਹੋਇਆ ਹੈ ਉਸ ਦੇ ਵੀ ਦਰਸ਼ਨ ਕਰੋ ਜੀ।
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਜ ਸਾਜ ਕਥਨ ਭੰਗਾਣੀ ਜੁਧ ਬਰਨਨੰ ਨਾਮ ਅਸਟਮੋ ਧਿਆਇ
ਸਮਾਪਤੰ ਸਤੁ ਸੁਭਮ ਸੁਤ॥ 8॥ ਅਫਜੂ ॥ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਅਨੰਦਪੁਰ ਅੱਜ ਵਾਲਾ
ਅਨੰਦਪੁਰ ਹੀ ਹੈ ਜਿਸ ਨੂੰ ਬਚਿਤ੍ਰ ਨਾਟਕ ਦਾ ਕਰਤਾ ਖ਼ੁਦ ਕਹਿ ਰਿਹਾ ਹੈ ਕਿ ਇਸ ਅਨੰਦਪੁਰ ਨੂੰ ਮੈਂ
ਹੀ ਵਸਾਇਆ ਸੀ।
ਡਾ. ਹਰਭਜਨ ਸਿੰਘ ਦੇ ਬਚਨ
,
"ਇਸ ਕਥਾ ਵਿੱਚ ਸਥਾਨ ਦੇ ਨਾਮ ਅਤੇ ਉਸ ਦੀ ਸਥਿਤੀ ਦਾ ਵਰਣਨ ਕਰਦਿਆਂ ਲਿਖਿਆ ਹੈ। "ਤੀਰ
ਸਤੁਦ੍ਰਵ ਕੇ ਹੁਤੋ ਪੁਰ ਅਨੰਦ ਇੱਕ ਗਾਉ। ਨੇਤ੍ਰ ਤੁੰਗ ਕੇ ਢਿਗ ਬਸਤ ਕਹਲੂਰ ਕੇ ਠਾਉ"। ਅਰਥਾਤ
ਸਤਲੁਜ ਨਦੀ ਦੇ ਕਿਨਾਰੇ ਆਨੰਦ ਪੁਰ ਨਾਮ ਦਾ ਇੱਕ ਪਿੰਡ ਸੀ, ਜੋ ਕਹਿਲੂਰ ਰਿਆਸਤ ਦੇ ਖੇਤਰ ਵਿੱਚ
ਨੈਣਾਂ ਦੇਵੀ ਦੇ ਨੇੜੇ ਸੀ। ਇਹ ਉਲੇਖ ਇਤਨਾ ਸਪਸ਼ਟ ਹੈ, ਜੋ ਸੰਦੇਹ ਨਹੀਂ ਰਹਿਣ ਦੇਂਦਾ ਕਿ ਕਥਾ
ਵਿੱਚ ਵਰਣਿਤ ‘ਆਨੰਦਪੁਰ’ ਖ਼ਾਲਸੇ ਦੀ ਜਨਮ-ਭੂਮੀ ਤੋਂ ਭਿੰਨ ਕੋਈ ਹੋਰ ਦੂਜਾ ‘ਆਨੰਦਪੁਰ’ ਬਿਲਕੁਲ
ਨਹੀਂ। ਗੁਰੂ ਤੇਗ਼ ਬਹਾਦੁਰ ਜੀ ਦੇ ਵਸਾਉਣ ਤੋਂ ਪਹਿਲਾਂ ਇਸ ਦਾ ਪੁਰਾਤਨ ਨਾਮ ‘ਮਾਖੋਵਾਲ’ ਸੀ। ਸੋ
ਇਹ ਵੀ ਸਪਸ਼ਟ ਹੋ ਗਿਆ ਕਿ ਘਟਨਾ ਗੁਰੂ ਤੇਗ਼ ਬਹਾਦਰ ਜੀ ਦੇ ਆਨੰਦਪੁਰ ਵਸਾਉਣ ਤੋਂ ਪਿਛੇ ਨਹੀਂ ਜਾ
ਸਕਦੀ, ਕਿਉਂਕਿ ਨੌਵੇਂ ਗੁਰੂ ਜੀ ਤੋਂ ਪਹਿਲਾਂ ਆਨੰਦਪੁਰ ਨਾਮ ਦੀ ਅਣਹੋਂਦ ਸੀ। ਇਸ ਕਥਾ ਦੇ ਕਾਲ
ਨੂੰ 1696 ਈ. ਵਿੱਚ ਚਰਿਤ੍ਰ ਕਥਾਵਾਂ ਦੀ ਸੰਪੂਰਨਤਾ ਤੋਂ ਬਾਅਦ ਵੀ ਨਹੀਂ ਮੰਨਿਆ ਜਾ ਸਕਦਾ। ਸੋ ਇਹ
ਸਥਿਤੀ ਇਸ ਕਥਾ ਦਾ ਕਾਲ ਨੌਵੇਂ ਅਤੇ ਦਸਵੇਂ ਪਾਤਸ਼ਾਹ ਤਕ ਸੀਮਿਤ ਕਰ ਦੇਂਦੀ ਹੈ। ਇਸ ਤੋਂ ਸਪਸ਼ਟ ਹੈ
ਕਿ ਘਟਨਾ ਉਸ ਵੇਲੇ ਦੀ ਹੈ, ਜਦੋਂ ਆਨੰਦਪੁਰ ਸਿੱਖ ਪੰਥ ਦਾ ਕੇਂਦਰ ਸੀ। ਇਸ ਉਲੇਖ ਤੋਂ ਸਿੱਧ ਹੈ ਕਿ
ਇਹ ਸਮਾਂ ਨੌਵੇਂ ਅਤੇ ਦਸਵੇਂ ਪਾਤਸ਼ਾਹ ਦੇ ਆਨੰਦਪੁਰ ਨਿਵਾਸ ਤੋਂ ਇਧਰ-ਉਧਰ ਨਹੀਂ ਕੀਤਾ ਜਾ ਸਕਦਾ"।
(ਪੰਨਾ 279)
ਹੁਣ ਜਦੋਂ ਇਸ ਗੱਲ ਦੀ ਤਸਦੀਕ ਡਾ ਹਰਭਜਨ ਸਿੰਘ ਨੇ ਵੀ ਕਰ ਦਿੱਤੀ ਹੈ ਕਿ,
ਇਹ ਕਹਿਲੂਰ ਰਿਆਸਤ ਵਿਚ, ਨੈਣਾ ਦੇਵੀ ਪਰਬਤ ਦੇ ਨੇੜੇ, ਸਤਲੁਜ ਦਰਿਆ ਦੇ ਕੰਢੇ, ਉਹੀ ਅਨੰਦਪੁਰ ਹੈ
ਜੋ ਗੁਰੂ ਜੀ ਨੇ ਆਪ ਵਸਾਇਆ ਸੀ। ਹੁਣ ਅਗਲਾ ਸਵਾਲ ਹੈ ਕਿ ਨੂਪ ਕੌਰ ( ਨੂਪ ਕੁਅਰਿ) ਵਾਲੀ ਕਹਾਣੀ
ਦਾ ਅਸਲ ਪਾਤਰ ਰਾਜਾ, ਕੌਣ ਹੈ?
ਆਓ ਇਸ ਸਵਾਲ ਦਾ
ਜਵਾਬ ਵੀ ਸਬੰਧਿਤ ਚਰਿਤ੍ਰਾਂ ਵਿੱਚੋਂ ਹੀ ਲੱਭੀਏ ਕਿ ਰਾਜਾ ਕੌਣ ਹੈ?
ਤੀਰ ਸਤੁਦ੍ਰਵ ਕੇ ਹੁਤੋ ਰਹਤ ਰਾਇ ਸੁਖ ਪਾਇ॥ ਦਰਬ ਹੇਤ ਤਿਹ ਠੌਰ ਹੀ ਰਾਮਜਨੀ ਇਕ ਆਇ॥ 1॥
ਦਿਸਨ ਦਿਸਨ ਕੇ ਲੋਗ ਤਿਹਾਰੇ ਆਵਹੀ। ਮਨ ਬਾਛਤ ਜੋ ਬਾਤ ਉਹੈ ਬਰ ਪਾਵਹੀ।
ਖਵਨ ਅਵਗੑਯਾ ਮੋਰਿ ਨ ਤੁਮ ਕਹ ਪਾਇਯੈ। ਹੋ ਦਾਸਨ ਦਾਸੀ ਹ੍ਵੈ ਹੌ ਸੇਜ ਸੁਹਾਇਯੈ। 28।(ਚਰਿਤ੍ਰ 16)
ਛਜਿਯਾ ਰਾਜੇ ਨੂੰ ਕਹਿ ਰਹੀ ਹੈ ਕਿ ਹਰ ਦਿਸ਼ਾ ਤੋਂ ਲੋਕ ਆਉਂਦੇ ਹਨ ਅਤੇ
ਇੱਛਾ ਪੂਰਤੀ ਦਾ ਵਰ ਮੰਗਦੇ ਹਨ। ਮੇਰੇ ਤੋਂ ਕੀ ਖੁਨਾਮੀ ਹੋਈ ਹੈ ਜੋ ਤੁਸੀਂ ਮੇਰੀ ਇੱਛਾ ਪੂਰੀ
ਨਹੀਂ ਕਰਦੇ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਅਨੰਦਪੁਰ ਵਿੱਚ ਅਜੇਹਾ ਕਿਹੜਾ ਰਾਜਾ ਸੀ ਜਿਸ ਤੋਂ
ਲੋਕੀ ਆ ਕੇ ਵਰ ਮੰਗਦੇ ਸਨ?
ਆਓ ਹੁਣ ਨੂਪ ਕੌਰ ਵਾਲੀ ਕਹਾਣੀ (ਚਰਿਤ੍ਰ 21) ਵਿੱਚੋਂ ਹੀ ਅਨੰਦਪੁਰ ਦੇ
ਰਾਜੇ ਦੀ ਪੈੜ ਕੱਢੀਏ।
ਤਹਾ ਸਿਖ ਸਾਖਾ ਬੁਹਤ ਆਵਤ ਮੋਦ ਬਢਾਇ। ਮਨ ਬਾਛਤ ਮੁਖਿ ਮਾਗ ਬਰ ਜਾਤ
ਗ੍ਰਿਹਨ ਸੁਖ ਪਾਇ॥ 4॥
ਉਥੇ ਸਿੱਖ ਫ਼ਿਰਕੇ ਦੇ ਬਹੁਤ ਲੋਕ ਖੁਸ਼ੀ-ਖੁਸ਼ੀ ਆਉਂਦੇ ਅਤੇ ਮੂੰਹੋਂ ਮੰਗੇ
ਵਰ ਪ੍ਰਾਪਤ ਕਰਕੇ ਘਰਾਂ ਨੂੰ ਪਰਤ ਜਾਂਦੇ। ਇਥੇ ਫਿਰ ਓਹੀ ਸਵਾਲ ਪੈਦਾ ਹੁੰਦਾ ਹੈ ਕਿ ਅਨੰਦਪੁਰ ਵਿਚ
ਅਜੇਹਾ ਕਿਹੜਾ ਰਾਜਾ ਸੀ ਜਿਸ ਤੋਂ ਲੋਕੀ ਆ ਕੇ ਵਰ ਮੰਗਦੇ ਸਨ? ਜਾਂ ਅਨੰਦਪੁਰ ਵਿਚ ਉਹ ਕਿਹੜਾ ਰਾਜਾ
ਸੀ ਜਿਸ ਦੀ ਪੂਜਾ ਹੁੰਦੀ ਸੀ?
ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ॥ ਹੋ ਰਮੋ ਤੁਹਾਰੇ ਸਾਥ ਨੀਚ ਕੁਲ
ਜਨਮਹਿ ਪਾਊ॥32॥
ਰਾਜੇ ਵੱਲੋਂ ਇਹ ਕਹਿਣ ਤੇ ਕਿ ਮੈਂ ਹੁਣ ਸਾਰਿਆਂ ਵਿੱਚ ਪੂਜਣ ਯੋਗ ਹਾਂ।
ਤੇਰੇ ਨਾਲ ਕਾਮ-ਕ੍ਰੀੜਾ ਕਰਕੇ ਮੈਂ ਨੀਵੀਂ ਕੁਲ ਵਿੱਚ ਜਨਮ ਪਾਵਾਂਗਾ। ਇਹ ਸੁਣ ਕੇ ਨੂਪ ਕੌਰ ਨੇ
ਕਿਹਾ, ਜਨਮ ਦੀ ਕੀ ਗੱਲ ਹੈ ਇਹ ਜਨਮ ਤਾਂ ਤੁਹਾਡੇ ਹੀ ਬਣਾਏ ਹੋਏ ਹਨ। ਤਾਂ ਰਾਜੇ ਨੇ ਕਿਹਾ, ਜੋ ਵੀ
ਇਸਤਰੀ ਮੈਨੂੰ ਪੂਜਣ ਯੋਗ ਸਮਝ ਕੇ ਮੇਰੇ ਪਾਸ ਆਉਂਦੀ ਹੈ ਉਹ ਤਾਂ ਮੇਰੀ ਧੀ ਦੇ ਸਮਾਨ ਹੁੰਦੀ ਹੈ।
ਹੁਣ ਰਾਜਾ ਨੂਪ ਕੌਰ ਨੂੰ ਉਹ ਉਪਦੇਸ ਦਿੰਦਾ ਹੈ, ਜਿਹੜੀਆਂ ਪੰਗਤੀਆਂ ਅਕਸਰ ਹੀ ਅਨੰਦ ਕਾਰਜ ਵੇਲੇ
ਸਟੇਜ ਤੋਂ ਅੱਡੀਆਂ ਚੁੱਕ-ਚੁੱਕ ਕੇ ਸਾਨੂੰ ਸੁਣਾਈਆਂ ਜਾਂਦੀਆਂ ਹਨ।
ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੁਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ।
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ। ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ।51।
ਰਾਜੇ ਨੇ ਉਸ ਔਰਤ ਨੂੰ ਕਿਹਾ ਕਿ ਹੇ ਬਾਲਾ! ਸਾਡੇ ਕੋਲ ਤਾਂ ਦੇਸ
ਦੇਸਾਂਤਰਾਂ ਤੋਂ ਨਾਰੀਆਂ ਆਉਂਦੀਆਂ ਹਨ, ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀਆਂ ਹਨ। ਗੁਰੂ ਮੰਨਦੀਆਂ
ਹੋਈਆਂ ਸੀਸ ਝੁਕਾਉਂਦੀਆਂ ਹਨ। ਮੈਂ ਸਿੱਖਾਂ ਨੂੰ ਆਪਣੇ ਪੁੱਤਰ ਅਤੇ ਇਸਤਰੀਆਂ ਨੂੰ ਆਪਣੀਆਂ ਧੀਆਂ
ਸਮਝਦਾ ਹਾਂ। ਮੈਂ ਉਨ੍ਹਾਂ ਨਾਲ ਗਵਨ ਕਿਵੇਂ ਕਰ ਸਕਦਾ ਹਾਂ? ਵਾਰ-ਵਾਰ ਇਕ ਹੀ ਸਵਾਲ ਸਾਹਮਣੇ ਆ
ਰਿਹਾ ਹੈ ਕਿ ਅਨੰਦਪੁਰ ਵਿਚ ਅਜੇਹਾ ਕਿਹੜਾ ਰਾਜਾ ਸੀ ਜਿਸ ਅੱਗੇ ਲੋਕੀ ਸੀਸ ਝੁਕਾਉਂਦੇ ਸਨ ਅਤੇ
ਮੁੰਹੋਂ ਮੰਗੀਆਂ ਮੁਰਾਦਾਂ ਪਾਉਂਦੇ ਸਨ?
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ॥ ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ॥
ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ॥ ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ
ਕਰਿਯੈ॥54॥
ਜਦੋਂ ਮੈਂ ਇਹ ਸਵਾਲ ਪਿਆਰਾ ਸਿੰਘ ਪਦਮ ਨੂੰ ਪੁੱਛਿਆ ਤਾਂ ਉਸ ਦਾ ਜਵਾਬ ਸੀ,
"ਕੀ ਕੋਈ ਅਨੰਦਪੁਰ ਵਿਚ ਇਸ ਸਮੇਂ ਦਸਮੇਸ਼ ਜੀ ਤੋਂ ਸਿਵਾ ਹੋਰ ਵੀ ਅਜੇਹੀ ਪ੍ਰਸਿੱਧ ਹਸਤੀ ਸੀ ਜਿਸ
ਪਾਸ ਇਉਂ ਦੇਸਾਂ ਤੋਂ ਭੇਟਾ ਚੜ੍ਹਦੀਆਂ ਤੇ ਸ਼ਰਧਾਲੂ ਸੁੰਦਰੀਆਂ ਦਰਸ਼ਨਾਂ ਲਈ ਆਉਂਦੀਆਂ ਸਨ? ਇਸ ਦਾ
ਜਵਾਬ ਹੈ, ਨਹੀਂ।" (ਦਸਮ ਗ੍ਰੰਥ ਦਰਸ਼ਨ, ਪੰਨਾ 44)
ਡਾ. ਹਰਭਜਨ ਸਿੰਘ ਜੀ ਵੀ ਪਿਆਰਾ ਸਿੰਘ ਪਦਮ ਦੇ ਨਾਲ ਸਹਿਮਤੀ ਪ੍ਰਗਟ
ਕਰਦਿਆਂ ਲਿਖਦੇ ਹਨ
,
"ਦਸਮ ਗ੍ਰੰਥ ਦੇ ਪਾਠ ਤੋਂ ਸਿੱਧ ਹੁੰਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ-ਪੁਰੁਖ
ਨੂੰ ਵਾਰ-ਵਾਰ ਭਗਉਤੀ ਕਿਹਾ ਹੈ। ਗੁਰੂ ਕਾਲ ਵਿੱਚ ਆਨੰਦਪੁਰ ਰਹਿਣ ਵਾਲਾ ਅਕਾਲ-ਪੁਰੁਖ ਦੇ ਇਸ ਨਾਮ
ਦਾ ਉਪਾਸ਼ਕ ਰਾਜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਹੋ ਸਕਦੇ ਹਨ ਅਤੇ ਕਥਾ ਉਨ੍ਹਾਂ ਨਾਲ ਹੀ
ਸੰਬੰਧਿਤ ਹੋ ਸਕਦੀ ਹੈ।... ਗੁਰੂ-ਕਾਲ ਵਿੱਚ ਆਨੰਦਪੁਰ ਸਾਹਿਬ ਵਿਖੇ ਪੂਜਯ ਵਿਅਕਤੀ ਕੇਵਲ ਗੁਰੂ
ਮਹਾਰਾਜ ਸਨ, ਕੋਈ ਹੋਰ ਰਾਜਾ ਨਹੀਂ।... ਇਹ ਪੜ੍ਹ ਕੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਇਸ ਕਥਾ ਦਾ
ਨਾਇਕ ‘ਰਾਏ’ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਭਿੰਨ ਵਿਅਕਤੀ ਕਿਸੇ ਤਰ੍ਹਾਂ ਵੀ ਨਹੀਂ ਹੋ
ਸਕਦਾ"।
ਡਾ ਗੁਰਮੁਖ ਸਿੰਘ ਜੀ ਦੀ ਇਨ੍ਹਾਂ ਦੋਵਾਂ ਚਰਿਤ੍ਰਾਂ (ਛਜਿਯਾ ਅਤੇ ਨੂਪ
ਕੌਰ) ਅਤੇ ਅਨੰਦਪੁਰ ਬਾਰੇ ਰਾਏ, "ਇਹਨਾਂ ਦੋਵਾਂ ਕਥਾਵਾਂ ਤੋਂ ਇਹ ਨਿਸ਼ਕਰਸ਼ ਨਿਕਲਦਾ ਹੈ ਕਿ ਇਹ
ਕਿਸੇ ਹੋਰ ਰਾਜੇ ਦੀ ਕਥਾ ਨਹੀਂ, ਗੁਰੂ ਗੋਬਿੰਦ ਸਿੰਘ ਜੀ ਦੀ ਹੀ ਕਥਾ ਹੈ। ਅਨੰਦਪੁਰ ਕੋਈ ਪੁਰਾਣਾ
ਕਸਬਾ ਨਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਤੋਂ ਹੀ ਇਸ ਦਾ ਨਾਉਂ ਅਨੰਦਪੁਰ ਪਿਆ ਹੈ। ਕਿਸੇ
ਹੋਰ ਰਾਜੇ ਦੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਂਜ ਇਸ ਨਾਲ ਸਾਰੇ ਸਹਿਮਤ ਹਨ"। (ਦਸਮ
ਗ੍ਰੰਥ ਦੀ ਵਿਚਾਰ, ਪੰਨਾ 187)
ਗੁਰਦਵਾਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਪ੍ਰਬੰਧਕਾਂ ਵੱਲੋਂ 10
ਨਵੰਬਰ 2006 ਨੂੰ ਇਕ ਸੈਮੀਨਾਰ ਕਰਾਇਆ ਗਿਆ ਸੀ।
ਇਸ ਸੈਮੀਨਾਰ ਦੇ ਮੁੱਖ ਮਹਿਮਾਨ ਗਿਆਨੀ
ਗੁਰਬਚਨ ਸਿੰਘ ਜੀ ਨੇ ਆਪਣਾ ਖੋਜ ਪੱਤਰ ਪੜ੍ਹਦਿਆਂ ਕਿਹਾ ਸੀ,
"ਦਸਮ ਗ੍ਰੰਥ ਦੀ ਪ੍ਰਮਾਣਿਕਤਾ ਬਾਰੇ ਕੁਝ ਪੜ੍ਹਨਾ
ਹੋਵੇ, ਤੇ ਪਿਆਰਾ ਸਿੰਘ ਪਦਮ ਨੇ ਵੀ ਬਹੁਤ ਸੁੰਦਰ ਬਚਨ ਲਿਖੇ ਨੇ, ਉਹ ਆਪ ਸਾਰੇ ਪੜ੍ਹ ਸਕਦੇ ਹੋ"।
ਆਓ ਆਪਾ ਗਿਆਨੀ ਗੁਰਬਚਨ ਸਿੰਘ ਜੀ ਦੇ ਕਹੇ ਮੁਤਾਬਕ, ਪਿਆਰਾ ਸਿੰਘ ਪਦਮ ਦੇ
ਸੁੰਦਰ ਬਚਨ ਵੀ ਪੜ੍ਹ ਲਈਏ, "ਜੇਹਾ ਕਿ ਅਸੀਂ ਅਗੇ ਵੀ ਆਖ਼ ਚੁਕੇ ਹਾਂ ਕਿ ਸਾਰੀਆਂ ਕਹਾਣੀਆਂ ਤ੍ਰਿਯਾ
ਚਰਿਤਰ ਨਹੀ, ਕਈ ਪੁਰਖ ਚਰਿਤਰ ਵੀ ਹਨ ਜਿਨ੍ਹਾਂ ਵਿੱਚ ਕਿਤੇ-ਕਿਤੇ ਮਰਦਾਂ ਦੀ ਚਤੁਰਾਈ ਤੇ ਬੀਰਤਾ
ਦਾ ਚਰਿਤਰ ਦਰਸਾਇਆ ਗਿਆ ਹੈ। ਇਸ ਦਾ ਭਾਵ ਵੀ ਇਹੋ ਹੈ ਕਿ ਬਿਖਮ ਹਾਲਾਤ ਵਿਚੋਂ ਵੀ ਚੇਤੰਨ ਹੋ ਕੇ
ਨਿਕਲ ਜਾਣਾ ਸਿਆਣੇ ਪੁਰਸ਼ਾਂ ਦਾ ਕੰਮ ਹੈ। ਗੁਰੂ ਸਾਹਿਬ ਨੇ ਕੁਝ ਆਪ-ਬੀਤੀਆਂ ਵੀ ਦਰਜ ਕੀਤੀਆਂ ਹਨ
ਜੋ ਕਿ ਥਾਂ-ਥਾਂ ਆਏ ਹਵਾਲਿਆਂ ਤੋਂ ਸਪਸ਼ਟ ਹੋ ਹੀ ਜਾਂਦੀਆਂ ਹਨ। ਅਨੰਦਪੁਰ ਦੇ ਕਈ ਚਲਿਤਰ ਹਨ,
ਜਿਵੇਂ 16, 21, 22, 23, ਆਦਿ। 15 ਨੰਬਰ ਕੀਰਤਪੁਰ ਦਾ ਹੈ।
ਜਿਸ ਸਮੇਂ ਸਤਿਗੁਰੂ ਪਾਉਂਟੇ ਸਾਹਿਬ ਤੋਂ ਵਾਪਸ ਮੁੜਦੇ ਕਪਾਲ ਮੋਚਨ ਤੀਰਥ
ਤੇ ਆਏ ਤਾਂ ਖਿਆਲ ਆਇਆ ਕਿ ਆਪਣੇ ਸਿੱਖਾਂ ਨੂੰ ਸਿਰੋਪਾਉ ਵਜੋਂ ਪੱਗਾਂ ਦਿੱਤੀਆਂ ਜਾਣ ਪਰੰਤੂ ਪੱਗਾਂ
ਕਿਤੋਂ ਮਿਲੀਆਂ ਨਹੀਂ, ਕੁਝ ਸਿੱਖਾਂ ਨੂੰ ਪਾਉਂਟੇ ਤੇ ਬੂੜੀਏ ਵੀ ਭੇਜਿਆ ਗਿਆ ਪਰ ਇਤਨੀ ਮਲਮਲ ਉਥੋਂ
ਨਾ ਮਿਲੀ ਅਖੀਰ ਫੈਸਲਾ ਕੀਤਾ ਕਿ ਇਸ ਪਵਿੱਤਰ ਤੀਰਥ ਲਾਗੇ ਜੋ ਪਿਸ਼ਾਬ ਕਰਦਾ ਹੋਵੇ ਉਸਨੂੰ ਫੜ ਲਓ ਤੇ
ਉਸਦੀ ਪੱਗ ਲਾਹ ਲਓ, ਅਜੇਹਾ ਕਰਨ ਤੇ ਉਸ ਨੂੰ ਨਸੀਹਤ ਮਿਲੇਗੀ ਕਿ ਧਰਮ ਅਸਥਾਨ ਤੇ ਗੰਦ ਖਿਲਾਰਨੋਂ
ਪ੍ਰਹੇਜ ਕਰਨਾ ਚਾਹੀਦਾ ਹੈ। ਗੁਰੂ ਸਾਹਿਬ ਦੇ ਸਿਪਾਹੀਆਂ ਨੂੰ ਇਹ ਹੁਕਮ ਮਿਲਣ ਦੀ ਦੇਰ ਸੀ ਕਿ ਥੋੜੇ
ਸਮੇਂ ਵਿਚ ਹੀ ਅੱਠ ਸੌ ਪੱਗਾਂ ਇਕੱਠੀਆਂ ਕਰ ਲਈਆਂ ਤੇ ਉਥੇ ਹੀ ਧੁਆ ਲਈਆਂ ਗਈਆਂ। ਇਸ ਤਰ੍ਹਾਂ
ਉਨ੍ਹਾਂ ਉੱਜਲ ਦਸਤਾਰਾਂ ਦੇ, ਆਏ ਸਿਖਾਂ ਪ੍ਰੇਮੀਆਂ ਨੂੰ ਵੰਡ ਕੇ ਸਿਰੋਪਾਉ ਦਿੱਤੇ ਗਏ। ਇਹ ਘਟਨਾ
ਗੁਰੂ ਸਾਹਿਬ ਨੇ 'ਪੁਰਖ ਚਰਿਤਰ' ਦੇ ਰੂਪ ਵਿਚ 71 ਨੰਬਰ ਤੇ ਦਰਜ ਕੀਤੀ ਹੈ"। (ਦਸਮ ਗ੍ਰੰਥ ਦਰਸ਼ਨ
ਪੰਨਾ 125)
ਪਿਆਰਾ ਸਿੰਘ ਪਦਮ ਦੇ ਸੁੰਦਰ ਬਚਨਾਂ ਮੁਤਾਬਕ ਤਾਂ ਚਾਰ ਚਰਿਤ੍ਰ
(15,16,21-23 ਅਤੇ 71) ਗੁਰੂ ਜੀ ਦੀਆਂ ਆਪ ਬੀਤੀਆਂ ਹਨ। ਗਿਆਨੀ ਗੁਰਬਚਨ ਸਿੰਘ ਨੇ ਪਿਆਰਾ ਸਿੰਘ
ਪਦਮ ਦੀ ਇਸ ਲਿਖਤ ਨੂੰ "ਸੁੰਦਰ ਬਚਨ" ਕਹਿ ਕੇ ਇਸ ਨੂੰ ਮਾਨਤਾ ਦਿੱਤੀ ਹੈ।
ਇਸ ਕਿਤਾਬ ਦਾ ਮੁੱਖ ਬੰਦ ਗੁਰਬਚਨ ਸਿੰਘ ਤਾਲਿਬ ਨੇ ਲਿਖਿਆ ਹੈ। ਡਾ ਬਲਬੀਰ ਸਿੰਘ ਦੇ ਪ੍ਰਸੰਸਾ
ਪੱਤਰ ਤੋਂ ਇਲਾਵਾ, ਪੰਚਾਂ ਦੀ ਰਾਏ ਹੇਠ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ, ਜੱਥੇਦਾਰ ਸੰਤਾਂ
ਸਿੰਘ, ਡਾ ਖੁਸ਼ਦੇਵਾ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਪ੍ਰਿੰ ਸਤਬੀਰ ਸਿੰਘ ਨੇ ਵੀ
ਪਿਆਰਾ ਸਿੰਘ ਪਦਮ ਦੀ ਪ੍ਰੋੜਤਾ ਕੀਤੀ ਹੈ।
ਇਸੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ: ਜੋਧ ਸਿੰਘ ਨੇ ਕਿਹਾ, "ਇਹੋ ਹੀ
ਗੱਲ ਇਧਰ ਚਰਿਤ੍ਰੋ ਪਾਖਿਆਨਾ ਵਿਚ ਵੀ ਹੈ, ਔਰਤਾਂ ਦੀਆਂ ਕਹਾਣੀਆਂ ਨੇ, ਇਹ ਬਿਲਕੁਲ ਗਲਤ ਹੈ।
ਸਾਰੀਆਂ ਇਸਤਰੀਆਂ ਦੀਆਂ ਕਹਾਣੀਆਂ ਨਹੀ, ਸਗੋਂ ਘੱਟੋ-ਘੱਟੋ 20 ਕਹਾਣੀਆਂ ਮਰਦਾਂ ਦੇ ਨਾਲ ਵੀ
ਸਬੰਧਿਤ ਹਨ ਕਿ ਇਹ ਵੀ ਧੂੜ ਧੋਂਦੇ ਜੇ ਬਹੁਤ। ਇਹ ਵੀ ਮਾੜੇ ਹੁੰਦੇ ਜੇ ਕਈ। ਸਾਰੇ ਹੀ ਨਾ ਚੰਗੇ
ਹੁੰਦੇ ਨਾ ਮਾੜੇ ਹੁੰਦੇ ਲੇਕਿਨ ਜਿਹੜੇ ਮਾੜੇ ਵਿਅਕਤੀ ਨੇ, ਮਾੜੇ ਚਰਿਤ੍ਰ ਨੇ ਉਹਨਾਂ ਤੋਂ ਬਚਣ ਦੀ
ਹਦਾਇਤ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਉਹ ਥਾਂ-ਥਾਂ ਤੇ ਸਾਨੂੰ ਉਪਦੇਸ਼ ਵੀ
ਦਿੱਤੇ ਹਨ।
"ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ...ਪਰ ਨਾਰੀ ਕੀ ਸੇਜ ਭੂਲਿ
ਸੁਪਨੇ ਹੂੰ ਨ ਜੈਯਹੁ"।
ਡਾ ਹਰਭਜਨ ਸਿੰਘ ਆਪਣੀ ਕਿਤਾਬ "ਸ਼੍ਰੀ ਦਸਮ ਗ੍ਰੰਥ ਸਾਹਿਬ-ਕਰਤਾ ਸਬੰਧੀ
ਵਿਵਾਦ ਦੀ ਪੁਨਰ ਸਮੀਖਿਆ" ਵਿੱਚ ਲਿਖਦੇ ਹਨ, "ਇੱਕੀਵੇਂ ਚਰਿਤ੍ਰ ਦਾ ਕਥਾਨਕ ਵੀ ਗੁਰੂ ਗੋਬਿੰਦ
ਸਿੰਘ ਜੀ ਨਾਲ ਹੀ ਸਬੰਧਿਤ ਹੈ। ਇਸ ਦੀ ਕਥਾ ਛਜਿਆ ਵਾਲੇ ਚਰਿਤ੍ਰ ਨਾਲ ਹੀ ਮਿਲਦੀ ਹੈ। ਇਸ ਕਥਾ ਦੇ
ਸਤਾਈਵੇਂ ਪਦ ਵਿੱਚ ਉਸ ਧਨਵਾਨ ਇਸਤ੍ਰੀ ਦਾ ਨਾਮ ਨੂਪ ਕੌਰ (ਜਾਂ ਅਨੂਪ ਕੌਰ) ਦਿੱਤਾ ਹੈ, ਜੋ ਗੁਰੂ
ਜੀ ਉਤੇ ਮੋਹਿਤ ਹੋ ਜਾਂਦੀ ਹੈ ਉਹ ਇਸਤ੍ਰੀ ਗੁਰੂ ਜੀ ਦੇ ਇਕ ਸੇਵਕ ਨੂੰ ਧੰਨ ਦਾ ਲੋਭ ਦੇ ਕੇ ਗੁਰੂ
ਜੀ ਕੋਲ ਇਹ ਸੰਦੇਸ਼ ਪਹੁੰਚਾਉਂਦੀ ਹੈ ਕਿ ਉਸ ਕੋਲ ਅਜਿਹਾ ਮੰਤ੍ਰ ਹੈ, ਜੋ ਮੰਤ੍ਰ ਗੁਰੂ ਜੀ ਸਿੱਖਣਾ
ਚਾਹੁੰਦੇ ਹਨ। ਗੁਰੂ ਜੀ ਉਸ ਕੋਲ ਜਾਂਦੇ ਹਨ। ਅਨੂਪ ਕੌਰ, ਫੁਲ, ਪਾਨ ਅਤੇ ਸ਼ਰਾਬ ਦਾ ਪ੍ਰਬੰਧ ਕਰਦੀ
ਹੈ। ਚੇਤੇ ਰਹੇ ਅਜਿਹੀ ਹੀ ਸਮਗਰੀ ਛਜਿਆ ਨੇ ਮੰਗਵਾਈ ਸੀ"। (ਪਹਿਲੀ ਛਾਪ, ਪੰਨਾ 108)
"ਇਹ ਪੜ੍ਹ ਕੇ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਇਸ ਕਥਾ ਦਾ ਨਾਇਕ ‘ਰਾਏ’
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਭਿੰਨ ਵਿਅਕਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕਦਾ" (ਦੂਜੀ ਛਾਪ,
ਪੰਨਾ 208) ਪਹਿਲੀ ਛਾਪ ਵਿੱਚ ਤਾ ਕਹਾਣੀ ਸੰਖੇਪ ਵਿੱਚ ਹੀ ਲਿਖੀ ਸੀ ਪਰ ਦੂਜੀ ਛਾਪ ਵਿੱਚ ਤਾਂ,
ਗੁਰੂ ਜੀ ਅਤੇ ਅਨੂਪ ਕੌਰ ਦੀ ਗੱਲਬਾਤ ਨੂੰ ਸਵਾਲ-ਜਵਾਬ ਦੇ ਰੂਪ ਵਿਚ ਲਿਖਿਆ ਹੈ। ਪਰ ਹੈਰਾਨੀ ਦੀ
ਗੱਲ ਹੈ ਕਿ, "ਉਕਤ ਪਦਾਂ ਵਿੱਚ ਕਾਮਾਤੁਰ ਇਸਤ੍ਰੀ ਦਾ ਹਠ ਅਤੇ ਸਚੇ ਅਧਿਆਤਮਵਾਦੀ ਵਿਅਕਤੀ ਦੀ ਭੋਗ
ਨਿਰਲਿਪਤਾ ਅਤਿ-ਉਤਮ ਰੀਤੀ ਨਾਲ ਰੂਪਮਾਨ ਹੋਏ ਹਨ। ਇਸ ਅੰਮ੍ਰਿਤ ਕਥਾ ਵਿੱਚ ਕੁਝ ਵੀ ਅਜਿਹਾ ਨਹੀਂ,
ਜਿਸ ਨੂੰ ਅਸ਼ਲੀਲ ਕਿਹਾ ਜਾਵੇ ਜਾਂ ਗੁਰੂ ਜੀ ਦੇ ਵਿਅਕਤਿਤ੍ ਨੂੰ ਛੁਟਿਆਉਣ ਵਾਲਾ ਹੋਵੇ। ਇਹ ਕਹਾਣੀ
ਗੁਰੂ ਜੀ ਦੇ ਉਚ-ਆਚਾਰ ਦਾ ਉਤਕ੍ਰਿਸ਼ਟ ਨਮੂਨਾ ਹੈ" ਲਿਖਣ ਵਾਲਾ ਡਾ ਹਰਭਜਨ ਸਿੰਘ, ਪੂਰੀ ਕਹਾਣੀ ਅਤੇ
ਸਹੀ ਅਰਥ ਨਹੀ ਲਿਖ ਸਕਿਆ। ਕਹਾਣੀ ਦੇ ਕਈ ਅਹਿਮ ਪੱਖ ਉਹ ਜਾਣ-ਬੁਝ ਕੇ ਨਜ਼ਰ-ਅੰਦਾਜ਼ ਕਰ ਗਿਆ, ਕਹਾਣੀ
ਦਾ ਅਸਲ ਸੱਚ ਲਿਖਣ ਲੱਗਿਆ, ਉਸ ਦੀ ਹਿੰਮਤ ਜਵਾਬ ਕਿਉ ਦੇ ਗਈ, ਉਸ ਦੀ ਕਲਮ ਰੁਕ ਕਿਉ ਗਈ?
ਆਓ ਹੁਣ ਡਾ ਹਰਭਜਨ ਸਿੰਘ ਦੀ ਕਿਤਾਬ ਨੂੰ ਪ੍ਰਮਾਣ ਪੱਤਰ ਦੇਣ ਵਾਲਿਆਂ ਦੇ ਦਰਸ਼ਨ ਕਰੀਏ; "ਤਖਤ
ਪਟਨਾ ਸਾਹਿਬ ਦੀ ਆਸੀਸ" ਜੱਥੇਦਾਰ ਇਕਬਾਲ ਸਿੰਘ, "ਸੰਦੇਸ਼" ਜੱਥੇਦਾਰ ਕੁਲਵੰਤ ਸਿੰਘ, ਬਾਬਾ ਬਲਬੀਰ
ਸਿੰਘ (ਬੁੱਢਾ ਦਲ), ਭਾਈ ਹਰਨਾਮ ਸਿੰਘ ਖਾਲਸਾ (ਮੁਖੀ ਦਮਦਮੀ ਟਕਸਾਲ), ਜੱਥੇਦਾਰ ਨਿਹਾਲ ਸਿੰਘ
(ਹਰੀਆਂ ਵੇਲਾਂ), ਬਾਬਾ ਦਯਾ ਸਿੰਘ (ਬਾਬਾ ਬਿਧੀ ਚੰਦ ਦਲ), ਸ੍ਰੀ ਮਹੰਤ ਸਵਾਮੀ ਗਿਆਨ ਦੇਵ ਸਿੰਘ
(ਨਿਰਮਲ ਅਖਾੜਾ ਹਰਿਦੁਆਰ), ਸਵਾਮੀ ਬ੍ਰਹਮਦੇਵ ਉਦਾਸੀ ਉਰਫ਼ ਗਿਆਨੀ ਗਿਆਨ ਸਿੰਘ (ਬੱਧਨੀ ਕਲਾਂ)
ਬਾਬਾ ਸਰਬਜੋਤ ਸਿੰਘ ਬੇਦੀ, ਮਹੰਤ ਚਮਕੌਰ ਸਿੰਘ (ਸੇਵਾ ਪੰਥੀ), ਬਲਜਿੰਦਰ ਸਿੰਘ (ਰਾੜਾ ਸਾਹਿਬ)
ਸੰਤ ਹਰੀ ਸਿੰਘ ਰੰਧਾਵਾ (ਜੱਥਾ ਰੰਧਾਵਾ), ਡਾ ਜੋਧ ਸਿੰਘ ਅਤੇ ਡਾ ਹਰਪਾਲ ਸਿੰਘ ਪੰਨੂ (ਪੰਜਾਬੀ
ਯੂਨੀਵਰਸਿਟੀ ਪਟਿਆਲਾ)
ਇਹ
ਸਾਰੇ ਸੰਤ, ਮਹੰਤ, ਜੱਥੇਦਾਰ ਅਤੇ ਵਿਦਵਾਨ, ਤਸਦੀਕ ਕਰਦੇ ਹਨ ਕਿ ਨੂਪ ਕੌਰ ਵਾਲੀ ਕਹਾਣੀ ਵਾਲਾ
ਰਾਜਾ, ਗੁਰੂ ਗੋਬਿੰਦ ਸਿੰਘ ਜੀ ਹੀ ਹਨ।
----ਚਲਦਾ