ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਭਾਗ - 12
ਵੀਰ ਭੁਪਿੰਦਰ ਸਿੰਘ
10. ਦਸਵਾਂ ਸਲੋਕ -
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥
ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥10॥
ਮੀਤ ਕਿਸਨੂੰ ਕਹਿੰਦੇ ਹਨ? ਮਨ ਨੂੰ ਗੁਰਬਾਣੀ ਵਿਚ ‘ਮੀਤ’, ‘ਮਿਤ੍ਰ
ਪਿਆਰਿਆ’, ‘ਜੀਅੜਾ’, ‘ਬਾਬਾ’, ‘ਸਹੇਲੀ’, ‘ਸਖੀ ਸਹੇਲੀ’, ‘ਹਿਰਦਾ’ ਆਦਿ ਨਾਵਾਂ ਨਾਲ ਸੰਬੋਧਨ
ਕੀਤਾ ਹੈ। ਇਹ ਸਾਰੇ ਲਫਜ਼ ਮਨ ਲਈ ਵਰਤੇ ਜਾਂਦੇ ਹਨ। ਐ ਮੇਰੇ ਮਨ! ਜਿਸ ਸੱਚ ਦੀ ਵਿਚਾਰ ਨੂੰ ਨਿਰੰਤਰ
ਆਪਣੀ ਮਤ ਵਿਚ ਟਿਕਾ ਕੇ ਤੇਰੀ ਗਤੀ ਹੋ ਸਕਦੀ ਹੈ ਉਸ ਸਤਿਗੁਰ ਦੀ ਮਤ ਦੇ ਨਾਲ ਜੁੜ। ਉਸ ਦਾ ਹਰ ਰੋਜ਼
ਸੇਵਨ ਕਰ ‘ਤਿਹ ਭਜੁ ਰੇ ਤੈ ਮੀਤ’।
ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥
ਚੜ੍ਹਦੀਕਲਾ ਵਾਸਤੇ ਗੁਰੂ ਪਾਤਸ਼ਾਹ ਮਨੁੱਖ ਨੂੰ ਕਹਿ ਰਹੇ ਹਨ ਕਿ ਜੇ ਸਤਿਗੁਰ
ਦੀ ਮਤ ਲੈ ਲਵੇਂ ਤਾਂ ਤੇਰੀ ਅੰਦਰ ਦੀ ਗਤੀ ਹੋ ਜਾਏ ਗੀ। ਅਤੇ ਤੇਰੀ ‘ਅਉਧ’ ਘਟਦੀ ਜਾਏਗੀ। ਮਹਾਨਕੋਸ਼
ਵਿਚ ਲਿਖਦੇ ਹਨ ‘ਅਉਧ’ ਦਾ ਅਰਥ ਦੂਰੀ, ਸੀਮਾ, ਵਿੱਥ ਆਦਿ ਭਾਵ ਤੇਰੀ ਰੱਬ ਨਾਲ ਦੂਰੀ ਰੋਜ਼-ਰੋਜ਼ ਘਟ
ਸਕਦੀ ਹੈ ‘ਅਉਧ ਘਟਤ ਹੈ ਨੀਤ’। ਇਸ ਤੋਂ ਭਾਵ ਹੈ ਕਿ ਰੋਜ਼-ਰੋਜ਼ ਸਾਡੇ ਅਉਗੁਣ ਘਟਦੇ ਜਾਣ ਜਿਸਦਾ
ਸਦਕਾ ਸਾਡੀ ਰੱਬ ਤੋਂ ਦੂਰੀ ਘਟਦੀ ਜਾਏ। ‘ਅਵਗੁਣ ਛੋਡਿ ਗੁਣਾ ਕਉ ਧਾਵਹੁ’ ਵਾਲਾ ਜੀਵਨ ਬਣਦਾ ਜਾਏ।
ਗੁਣਾਂ ਨੂੰ ਅਪਨਾਉਣਾ ਹੀ ਰੱਬ ਦੇ ਨੇੜੇ ਹੋਣਾ ਹੈ। ਸਤਿਗੁਰ ਦੀ ਮਤ ਲੈਕੇ ਗਤ ਪਾਉਣ ਵਾਲੇ ਇੱਕ
ਸਦਗੁਣੀ-ਸਚਿਆਰ ਮਨੁੱਖ ਦੀ ਉੱਚੀ ਅਵਸਥਾ ਬਾਰੇ ਸਮਝਾ ਰਹੇ ਹਨ। ਜੇ ਤੂੰ ਇੰਜ ਬਣ ਜਾਂਦਾ ਹੈਂ ਐ
ਮੇਰੇ ਮਨ! ਤਾਂ ਰੱਬ ਨਾਲ ਦਿਨੋ-ਦਿਨ ਦੂਰੀ ਘਟ ਸਕਦੀ ਹੈ। ਦੂਰੀ ਅਸੀਂ ਆਪਣੀ ਬਣਾਈ ਹੋਈ ਹੈ।
ਕਰਮੀ ਆਪੋ ਆਪਣੀ ਕੇ ਨੇੜੈ
ਕੇ ਦੂਰਿ ॥ (8) ਆਪਣੇ ਗੁਣਾਂ ਕਰਕੇ ਕੋਈ
ਨੇੜੇ ਹੋ ਜਾਂਦਾ ਹੈ ਤੇ ਅਵਗੁਣਾਂ ਕਰ ਕੇ ਦੂਰ ਹੋ ਜਾਂਦਾ ਹੈ।
ਜਦੋਂ ਕਿਸੇ ਮਨੁੱਖ ਨਾਲ ਸੰਬੰਧਾਂ ਵਿਚ ਵਿੱਥ ਪੈ ਜਾਂਦੀ ਹੈ ਤਾਂ ਅਸੀਂ
ਦੂਜੇ ਤੇ ਆਰੋਪ ਲਗਾਉਣ ਲਗ ਪੈਂਦੇ ਹਾਂ ਤਾਂ ਸਾਡੀ ਇਹ ਆਦਤ ਪੱਕ ਜਾਂਦੀ ਹੈ। ਜਿਸ ਦੇ ਕਾਰਨ ਅਸੀਂ
ਰੱਬ ਤੇ ਵੀ ਆਰੋਪ ਲਗਾਉਣ ਤੋਂ ਸੰਕੋਚਦੇ ਨਹੀਂ ਹਾਂ। ਰੱਬ ਅੱਗੇ ਗਿਲੇ ਸ਼ਿਕਵੇ ਕਰਨ ਲਗ ਪੈਂਦੇ ਹਾਂ,
ਕਿ ਰੱਬ ਨੇ ਮੇਰੇ ਨਾਲ ਇੰਜ ਕਿਉਂ ਕਰ ਦਿੱਤਾ, ਰੱਬ ਕਦੋਂ ਵੇਖੇਗਾ ਕਿ ਮੇਰੇ ਤੇ ਜ਼ੁਲਮ ਹੋ ਰਿਹਾ
ਹੈ। ਇਤਨਾ ਜ਼ੁਲਮ ਹੋ ਰਿਹਾ ਹੈ ਧਰਤੀ ਤੇ ਕਦੋਂ ਆਏਗਾ ਆਦਿ। ਫਿਰ ਲੋਕੀ ਇੰਜ ਕਹਿਣਾ ਸ਼ੁਰੂ ਕਰ ਦੇਂਦੇ
ਹਨ। ਇਹ ਸ਼ਿਕਾਇਤ ਵਧਦੀ-ਵਧਦੀ ਨਾਸਤਿਕਤਾ ਤਕ ਪਹੁੰਚ ਜਾਂਦੀ ਹੈ ਤੇ ਫਿਰ ਮਨੁੱਖ ਕਹਿੰਦਾ ਹੈ ਕਿ ਕੋਈ
ਰੱਬ ਨਹੀਂ ਹੈ। ਰੱਬ ਕੁਝ ਨਹੀਂ ਹੁੰਦਾ ਸਭ ਇਹ ਕਿਤਾਬੀ ਗੱਲਾਂ ਹਨ। ਕਿਉਂਕਿ ਰੱਬ ਤੇ ਆਰੋਪ ਲਗਾਉਣਾ
ਸ਼ੁਰੂ ਕਰ ਦੇਂਦੇ ਹਾਂ।
ਪਰ ਗੁਰੂ ਪਾਤਸ਼ਾਹ ਕਹਿੰਦੇ ਹਨ ‘ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ
ਆਪਣਿਆ ॥’
(433) ਹੋਰ ਕਿਸੇ ਨੂੰ ਦੋਸ਼ ਦੇਣ
ਦੀ ਲੋੜ ਨਹੀਂ। ਇਸ ਗਲ ਨੂੰ ਸਮਝਾਉਣ ਲਈ ਗੁਰੂ ਸਾਹਿਬ ਬੜੇ ਹੀ ਸਾਦੇ ਲਹਿਜੇ ਵਿਚ ਕਹਿੰਦੇ ਹਨ ਕਿ
ਰੱਬਾ ਤੂੰ ਮੈਨੂੰ ਨਹੀਂ ਵਿਛੋੜਿਆ ਸਗੋਂ ਮੈਂ ਆਪਣੀ ਹੀ ਕਿਸੇ ਗਲਤੀ ਕਾਰਨ ਵਿਛੜਿਆ ਹਾਂ।
ਕਿਰਤਿ ਕਰਮ ਕੇ ਵੀਛੁੜੇ ਕਰਿ
ਕਿਰਪਾ ਮੇਲਹੁ ਰਾਮ ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥ (133)
ਕਿਰਪਾ ਕਰ ਕੇ ਮੈਨੂੰ ਮਿਲਾ ਲਵੋ। ਤੁਹਾਡੀ ਕੋਈ ਗਲਤੀ ਨਹੀਂ ਹੈ। ਤੁਸੀਂ ਤੇ
ਹਮੇਸ਼ਾ ਲਈ ਹੀ ਪ੍ਰਤਿਪਾਲਨਾ ਕਰਦੇ ਹੋ। ਜੇ ਮੈਂ ਵਿਛੜਿਆ ਹਾਂ ਤਾਂ ਆਪਣੀ ਕਿਸੇ ਗਲਤੀ ਕਾਰਨ ਵਿਛੜਿਆ
ਹਾਂ। ਇਹ ਸਾਨੂੰ ਗਲ ਸਮਝਾਈ ਗਈ ਹੈ। ਮੈਂ ਤੁਹਾਡੇ ਤੋਂ ਆਪਣੀਆਂ ਗਲਤੀਆਂ ਕਾਰਨ ਵਿਛੜਿਆ ਹਾਂ ਕਿਉਕਿ
ਮੈਂ ਸੋਚਿਆ ਸੀ ਕਿ ਮੈਨੂੰ ਕਿਸੇ ਹੋਰ ਥਾਂ ਤੇ ਸੁੱਖ ਮਿਲੇਗਾ।
ਐ ਮੇਰੇ ਮਨ ਸਤਿਗੁਰ ਦੀ ਮੱਤ ਅਨੁਸਾਰ ਜੇ ਤੂੰ ਜੀਵੇਂ ਤਾਂ ਤੈਨੂੰ ਆਪਣੇ
ਅਉਗੁਣ ਸਮਝ ਆ ਜਾਂਣਗੇ।
‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥’ (134)
ਭਾਵ ਅਸੀਂ ਆਪਣੇ ਕਰਮਾਂ ਕਰਕੇ ਦੁਖੀ ਹੁੰਦੇ ਹਾਂ। ਰੱਬੀ
ਗੁਣਾਂ ਨਾਲ ਜੀਵੀਏ ਤਾਂ ਦੂਰੀ ਘਟ ਸਕਦੀ ਹੈ। ਇਸ ਬਾਰੇ ਤੂੰ ਆਪ ਹੀ ਸੋਚ ਕਿ ਮੈਂ ਕਿਉਂ ਅਸ਼ਾਂਤ ਹਾਂ
ਬੇਚੈਨ ਹਾਂ।
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਐ ਮਨੁੱਖ ਤੂੰ
ਇਹ ਦੁਨੀਆਵੀ ਨਸ਼ੇ ਨਹੀਂ ਕਰਨੇ ਹਨ। ਅਕਾਲ ਤਖਤ ਦੀ ਰਹਿਤ ਮਰਿਯਾਦਾ ਵਿਚ ਵੀ ਦਰਜ ਹੈ ਕਿ ਸਿੱਖ ਨੇ
ਤੰਬਾਕੂ ਦਾ ਸੇਵਨ ਨਹੀਂ ਕਰਨਾ, ਸ਼ਰਾਬ ਨਹੀਂ ਪੀਣੀ, ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਨਾ ਪਰ
ਅਫਸੋਸ ਦੀ ਗਲ ਹੈ ਕਿ ਅੱਜ ਸਿੱਖ ਜਗਤ ਵਿਚ ਨਸ਼ਾ ਵੱਧ ਰਿਹਾ ਹੈ।
ਅਖਬਾਰ ਵਿਚ ਇਕ ਲੇਖ ਪੜ੍ਹਿਆ ਜਿਸ ਵਿਚ ਉਨ੍ਹਾਂ ਨੇ ਛੋਟੇ ਬੱਚਿਆਂ ਉੱਤੇ
ਉਨ੍ਹਾਂ ਦੇ ਮਾਤਾ-ਪਿਤਾ ਦਾ ਕੀ ਅਸਰ ਪੈਂਦਾ ਹੈ, ਦਰਸਾਉਣ ਦੀ ਕੋਸ਼ਿਸ਼ ਕੀਤੀ। ਤਿਨ ਤੋਂ ਸੱਤ ਸਾਲ ਦੇ
ਬੱਚਿਆਂ ਨੂੰ ਉਨ੍ਹਾਂ ਨੇ ਗੁੱਡੀ ਅਤੇ ਹੋਰ ਖਿਡੌਣਿਆਂ ਦੀ ਦੁਕਾਨਾਂ ਤੇ ਭੇਜਿਆ ਅਤੇ ਉਹਨਾਂ ਦੀ
ਪਿੱਛੋਂ ਨਿਗਰਾਨੀ ਕੀਤੀ ਗਈ। ਉਸ ਦੁਕਾਨ ਤੇ ਸ਼ਰਾਬ ਅਤੇ ਸਿਗਰੇਟ ਵੀ ਰੱਖ ਦਿੱਤੀ ਗਈ। ਟੋਫੀਆਂ ਵੀ
ਰੱਖ ਦਿੱਤੀਆਂ। 60% ਬਚਿਆਂ ਨੇ ਸਿਗਰੇਟ ਅਤੇ ਸ਼ਰਾਬ ਦੀਆਂ ਬੋਤਲਾਂ ਚੁੱਕ ਲਈਆਂ। ਅੱਜ ਦਾ ਮੈਡਿਕਲ
ਗਿਆਨ ਦਸ ਰਿਹਾ ਹੈ ਕਿ ਉਹਨਾਂ ਦੇ ਮਾਪਿਆਂ ਨੂੰ ਵਾਚਿਆ ਗਿਆ ਤੇ ਪਤਾ ਲਗਿਆ ਕਿ ਉਹ ਵੀ ਸ਼ਰਾਬ ਅਤੇ
ਸਿਗਰੇਟ ਪੀਂਦੇ ਸਨ। ਇਸਦਾ ਅਸਰ ਤਿਨ ਤੋਂ ਸੱਤ ਸਾਲਾਂ ਦੇ ਬਚਿਆਂ ਵਿਚ ਆ ਗਿਆ। ਬੱਚੇ ਨੂੰ ਵੀ ਸ਼ਰਾਬ
ਅਤੇ ਸਿਗਰੇਟ ਦੀ ਤਲਬ ਹੈ। ਇਹ ਜ਼ਹਿਰ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਜੀਨਸ ਵਿਚੋਂ ਮਿਲ ਰਿਹਾ
ਹੈ। ਅੱਜ ਉਨ੍ਹਾਂ ਦੀਆਂ ਮਾਂਵਾਂ ਸਿਗਰੇਟ ਅਤੇ ਸ਼ਰਾਬਾਂ ਪੀਂਦੀਆਂ ਹਨ। ਨਸ਼ੇ ਵਿਚ ਮਨੁੱਖ ਦਾ
ਦੀਨ-ਇਮਾਨ ਟਿਕਾਣੇ ਨਹੀਂ ਰਹਿੰਦਾ।
ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਜੈਸਾ ਵਤੀਰਾ ਕਰਦੇ ਹਾਂ ਵੈਸਾ ਹੀ ਸਾਡਾ
ਕਿਰਦਾਰ ਬਣਦਾ ਜਾਂਦਾ ਹੈ। ਸਾਡੀ ਨਵੀਂ ਪਨੀਰੀ ਵੀ ਸਾਨੂੰ ਵੇਖਕੇ ਵੈਸਾ ਹੀ ਬਣਦੀ ਜਾਂਦੀ ਹੈ। ਇਸ
ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਸੁਧਾਰੀਏ ਤਾਂ ਜੋ ਆਉਣ ਵਾਲੀ ਨਵੀਂ ਪਨੀਰੀ
ਜਿਸਨੇ ਨਵਾ ਸਮਾਜ ਬਣਾਉਣਾ ਹੈ ਉਸ ਦਾ ਜੀਵਨ ਮਿਆਰ ਉੱਚਾ ਹੋ ਸਕੇ। ਪਰ ‘ਤਿਹ ਸਿਮਰਤ ਗਤਿ ਹੋਇ’ ਤਾਂ
ਸਾਨੂੰ ਸਮਝ ਹੀ ਨਹੀਂ ਆਇਆ ਅਤੇ ਸਾਡੀ ਗਤੀ ਵੀ ਨਹੀਂ ਹੋਈ।
ਆਪਣਾ ਨਾਮ ਚੰਗਾ ਬਣਾਉਣ ਲਈ ਸਾਨੂੰ ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਜਿਊਣਾ
ਹੈ, ਤੇ ਲੋਕਾਂ ਨਾਲ ਵੀ ਚੰਗਾ ਵਤੀਰਾ ਕਰਨਾ ਹੈ। ਸਾਨੂੰ ਗੁਰੂ ਪਾਤਸ਼ਾਹ ਸੁਮਤ ਬਖਸ਼ਦੇ ਹਨ ਕਿ ਜੇ
ਅਸੀਂ ਸਮਾਜ ਦੇ ਭਲੇ ਲਈ ਉਸਾਰੂ ਕੰਮ ਕਰਾਂਗੇ ਤਾਂ ਸਾਡਾ ਨਾਮ ਬਦਲ ਜਾਏਗਾ।
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ
ਪਚਾਰੀਐ ॥ (469)
ਅੱਜ ਅਸੀਂ ਅਸਲੀਅਤ ਵਿਚ ਦਾਜ ਲੈਣ ਵਾਲੇ ਹੋ ਗਏ ਹਾਂ ਨੂੰਹਾਂ ਸਾੜਨ ਵਾਲੇ
ਬਣ ਗਏ ਹਾਂ। ਬਹੁਤਾਤ ਅੱਜ ਸਾਡੇ ਨੌਜੁਆਨ ਮੁੰਡੇ ਇਸ਼ਕੀ ਮੁਸ਼ਕੀ ਅਤੇ ਸ਼ਰਾਬ ਪੀਣ ਵਾਲੇ ਗਿਣੇ ਜਾ ਰਹੇ
ਹਨ। ਜੇ ਅਸੀਂ ਅੱਜ ਐਸੇ ਗਿਣੇ ਜਾ ਰਹੇ ਹਾਂ ਤਾਂ ਅਸੀਂ ਇਸਨੂੰ ਬਦਲਣ ਲਈ, ਇਸ ਵੱਲ ਮਿਹਨਤ ਕਰੀਏ।
ਫਿਰ ਸੱਚਾਈ ਬਣ ਜਾਏਗੀ ਜੋ ਗੁਰੂ ਪਾਤਸ਼ਾਹ ਬਣਾਉਣਾ ਚਾਹੁੰਦੇ ਸਨ।
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥
ਰੋਜ਼-ਰੋਜ਼ ਰੱਬ ਨਾਲੋਂ ਦੂਰੀ ਘਟ ਸਕਦੀ ਹੈ। ਇਕਮਿਕਤਾ ਦੀ ਅਵਸਥਾ ਜਿਊ ਸਕਦੇ
ਹਾਂ। ਰੱਬੀ ਗੁਣਾਂ ਨਾਲ ਚੰਗੀ ਕਰਣੀ ਵਾਲਾ ਆਚਰਨ ਬਣਦਾ ਹੈ ਅਤੇ ਅਸੀਂ ਰੱਬੀ ਨੇੜਤਾ ਮਹਿਸੂਸ ਕਰ
ਸਕਦੇ ਹਾਂ। ਇਸਦੇ ਉਲਟ ਮੰਦੇ ਕਰਮ ਅਤੇ ਮੰਦੇ ਆਚਰਨ ਨਾਲ ਰੱਬ ਜੀ ਨਾਲ ਦੂਰੀ ਬਣਦੀ ਹੈ ਰੱਬ ਨੂੰ
ਯਾਦ ਰੱਖਣਾ ਮਾਨੋ ਰੱਬੀ ਗੁਣਾਂ ਵਾਲਾ ਅਮਲੀ ਜੀਵਨ ਜਿਊਣਾ ਹੁੰਦਾ ਹੈ।
ਮਨੁੱਖੀ ਮਨ ਨੂੰ ਰੱਬੀ ਨੇੜਤਾ ਅਤੇ ਦੂਰੀ ਦਾ ਫਰਕ ਸਮਝਾਉਣ ਲਈ ਇਸ ਸਲੋਕ
ਵਿਚ ਟੁੰਬਿਆ ਹੈ ਕਿ ਐ ਮੇਰੇ ਮੀਤ ਮਨ! ਰੱਬ ਨਾਲ ਨਿੱਤ ਤੇਰੀ ਦੂਰੀ ਘਟ ਸਕਦੀ ਹੈ। ਜਦੋਂ ਰੱਬੀ
ਗੁਣਾਂ ਵਾਲਾ ਜੀਵਨ ਦਾ ਮਾਰਗ ਅਪਣਾਓ। ਸਤਿਗੁਰ ਦੀ ਮਤ ਰਾਹੀਂ ਇਹ ਮਾਰਗ ਪ੍ਰਾਪਤ ਹੁੰਦਾ ਹੈ। ਇਸ
ਕਰਕੇ ਗੁਰਬਾਣੀ ਦਾ ਕਥਨ ਹੈ
‘ਗੁਰ ਪਰਸਾਦਿ ਮੁਕਤਿ ਗਤਿ ਪਾਏ ॥’
(112) ਨਿੱਤ-ਨਿੱਤ ਰੱਬੀ ਗੁਣ ਧਾਰਨ ਕਰਨ ਸਦਕਾ ਰੱਬ ਨਾਲ ਦੂਰੀ ਘੱਟਦੀ ਹੈ ਅਤੇ ਜਿਊਂਦਿਆਂ ਮੁਕਤ
ਅਵਸਥਾ ਪ੍ਰਾਪਤ ਹੁੰਦੀ ਹੈ।
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥
ਕਹੁ ਨਾਨਕ ਸੁਨੁ ਰੇ ਮਨਾ ਅਉਧ ਘਟਤ ਹੈ ਨੀਤ ॥10॥
‘ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥’ ਮੀਤ ਇੱਥੇ ਮਨ ਨੂੰ
ਸੰਬੋਧਨ ਕਰਕੇ ਕਿਹਾ ਗਿਆ ਹੈ। ਇਨ੍ਹਾਂ ਦੋਨਾਂ ਸਲੋਕਾਂ ਵਿਚ ‘ਗਤਿ’ ਦੀ ਗਲ ਕੀਤੀ ਗਈ ਹੈ। ਸੋ
ਵਿਚਾਰਨਾ ਪਵੇਗਾ ਕਿ ਗਤਿ ਦਾ ਕੀ ਅਰਥ ਹੈ। ਸਤਿਗੁਰ ਦੀ ਮਤ ਲੈਕੇ ਸਾਨੂੰ ਆਪਣੀ ਗਤਿ ਕਰਨੀ ਆ ਜਾਵੇ
ਤਾਂ ਸਾਡਾ ਜੀਵਨ ਸਫਲ ਹੋ ਜਾਵੇਗਾ। ਸਲੋਕ ਮਹਲਾ 9 ਦਾ ਪਰਕਰਣ ਸਾਨੂੰ ਸਮਝ ਆ ਜਾਵੇਗਾ। ਸਾਰੇ
ਸਲੋਕਾਂ ਦਾ ਮੁਤਾਲਿਆ ਕਰਾਂਗੇ ਤਾਂ ਪਤਾ ਲਗੇਗਾ ਮਨੁੱਖ ਨੂੰ ਦਰਅਸਲ ਵਿਕਾਰ ਸਤਾਉਂਦੇ ਹਨ। ਵਿਕਾਰਾਂ
ਤੋਂ ਜਾਨ ਛੁੱਟ ਜਾਵੇ ਇਸਨੂੰ ਗਤਿ ਜਾਂ ਮੁਕਤੀ ਕਹਿੰਦੇ ਹਨ। ਇਸੇ ਨੂੰ ਜਿਊਂਦਿਆਂ ਮੁਕਤੀ ਵੀ
ਕਹਿੰਦੇ ਹਨ। ਹੁਣ ਵਿਚਾਰਨਾ ਹੈ ਕਿ ਵਿਕਾਰ ਕਿਹੜੇ ਹਨ। ਆਮ ਤੌਰ ਤੇ ਸਾਰੀ ਦੁਨੀਆ ਕਹਿ ਦੇਂਦੀ ਹੈ
ਕਿ ਪੰਜ ਵਿਕਾਰ ਹਨ - ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਗੁਰੂ ਸਾਹਿਬ ਕਹਿੰਦੇ ਹਨ ਕਿ ਇਨ੍ਹਾਂ
ਸਾਰਿਆਂ ਵਿਕਾਰਾਂ ਦੀ ਉਪਜ ਹਉਮੈ ਤੋਂ ਹੈ ‘ਹਉਮੈ ਦੀਰਘ ਰੋਗੁ ਹੈ’ ਜਿਉਂ ਹੀ ਹਉਮੈ ਮਨੁੱਖ ਦੇ ਅੰਦਰ
ਆਉਂਦੀ ਹੈ ਨਾਲ ਦੇ ਨਾਲ ਬਾਕੀ ਦੇ ਵਿਕਾਰ ਵੀ ਆ ਜਾਂਦੇ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ
ਨਾਲ-ਨਾਲ ਆਸ਼ਾ, ਤ੍ਰਿਸ਼ਨਾ, ਨਫ਼ਰਤ ਆਦਿ ਬੇਅੰਤ ਅਉੁਗੁਣ ਵੀ ਆਣਾ ਸ਼ੁਰੂ ਹੋ ਜਾਂਦੇ ਹਨ। ਸੋ ਵਿਕਾਰਾਂ
ਦੀ ਪੂਰੀ ਬਾਰਾਤ ਆ ਜਾਂਦੀ ਹੈ ਜੇ ਹਉਮੈ ਹੈ।
ਜੇ ਹਉਮੈ ਤੋਂ ਛੁੱਟ ਜਾਈਏ ਤਾਂ ‘ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ
ਕੋਇ’ ਸਮਝ ਆ ਜਾਂਦਾ ਹੈ। ਸੋ ਇਹ ਸੁੱਖਾਂ ਦਾ ਖਜ਼ਾਨਾ ਹੈ ਜੇ ਮਨੁੱਖ ਨੂੰ ਹਉਮੈ ਛੱਡਣੀ ਆ ਜਾਏ।
ਹਉਮੈ ਦੀਰਘ ਰੋਗੁ ਹੈ
ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
(466) ਗੁਰੂ ਦਾ ਸ਼ਬਦ ਜੇ ਕਮਾ ਲਏ ਤਾਂ ਫਿਰ ਇਸ ਹਉਮੈ ਨੂੰ
ਸਵੈਭਿਮਾਨ ਵਿਚ ਬਦਲ ਸਕਦੇ ਹਾਂ ਜਿਸ ਤਰ੍ਹਾਂ ਪਾਣੀ ਦਾ ਤੁਫਾਨ ਆ ਜਾਂਦਾ ਹੈ, ਪਾਣੀ ਦਾ ਹੜ੍ਹ ਆ
ਜਾਂਦਾ ਹੈ, ਮਕਾਨ ਬਹਿ ਜਾਂਦੇ ਹਨ ਖੇਤੀ-ਬਾੜੀ ਬਰਬਾਦ ਹੋ ਜਾਂਦੀ ਹੈ ਲੋਕਾਂ ਦਾ ਸਭ ਕੁਝ ਬਰਬਾਦ ਹੋ
ਜਾਂਦਾ ਹੈ। ਪਰ ਇਸੇ ਪਾਣੀ ਨੂੰ ਜੇ ਨਿਯੰਤਰਿਤ ਕਰ ਦਿੱਤਾ ਜਾਏ, ਡੈਮ ਬਣਾ ਲਿਆ ਜਾਏ ਤਾਂ ਇਹੀ ਪਾਣੀ
ਬਿਜਲੀ ਵੀ ਬਣਾਉਂਦਾ ਹੈ, ਇਹੀ ਪਾਣੀ ਖੇਤੀ-ਬਾੜੀ ਵਿੱਚ ਸਹਾਇਕ ਵੀ ਹੁੰਦਾ ਹੈ, ਮਨੁੱਖਾਂ ਦੇ ਪੀਣ
ਦੇ ਵੀ ਕੰਮ ਆਉਂਦਾ ਹੈ, ਵਰਨਾ ਇਹੀ ਪਾਣੀ ਸਾਡੇ ਲਈ ਮੌਤ ਦਾ ਕਾਰਨ ਬਣ ਜਾਂਦਾ ਹੈ। ਇਸੇ ਤਰ੍ਹਾਂ
ਹਉਮੈ ਨੂੰ ਵੀ ਠੀਕ ਢੰਗ ਨਾਲ ਵਰਤੋਂ ਵਿਚ ਲਿਆ ਸਕਦੇ ਹਾਂ। ਇਸ ਨੂੰ ਕਿਵੇਂ ਕਾਬੂ ਕਰੀਏ? ਤਾਂ ਜਵਾਬ
ਹੈ ‘ਗੁਰ ਕਾ ਸਬਦੁ ਕਮਾਹਿ’।
ਇਨ੍ਹਾਂ ਸਲੋਕਾਂ ਨੂੰ ਜਦੋਂ ਧਿਆਨ ਨਾਲ ਪੜ੍ਹਾਂਗੇ ਤਾਂ ਪਤਾ ਲਗੇਗਾ ਕਿ
ਗੁਰੂ ਸਾਹਿਬ ਹਰ 3-4 ਸਲੋਕਾਂ ਮਗਰੋਂ ਨਿਚੋੜ ਕਢਦੇ ਹਨ ਕਿ ਹਉਮੈ ਤਜ, ਹੰਕਾਰ ਤਜ, ਬਾਰ-ਬਾਰ ਗੁਰੂ
ਸਾਹਿਬ ਹਉਮੈ ਤੋਂ ਛੁਟਕਾਰਾ ਦਿਵਾਉਣਾ ਚਾਹੁੰਦੇ ਹਨ। ਜੇ ਹਉਮੈ ਤੋਂ ਛੁਟਕਾਰਾ ਹੋ ਜਾਵੇ, ਹਉਮੈ ਜੇ
ਕਾਬੂ ਵਿਚ ਆ ਜਾਵੇ ਤਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਬਾਕੀ ਦੇ ਜਿਤਨੇ ਵੀ ਵਿਕਾਰ ਹਨ ਉਹ ਸਾਰੇ
ਹੋਲੀ-ਹੋਲੀ ਕਾਬੂ ਆ ਜਾਂਦੇ ਹਨ।
ਹੁਣ ਗਤਿ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਵਿੱਚੋਂ ਕੁਝ ਪੰਕਤੀਆਂ ਸਮਝਦੇ ਹਾਂ।
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ (268)
ਹਰਿ ਕੀ ਗਤਿ ਨਹਿ ਕੋਊ ਜਾਨੈ ॥ (537)
ਅਪਨੀ ਗਤਿ ਮਿਤਿ ਜਾਨਹੁ ਆਪੇ ॥ (266)
ਇਨ੍ਹਾਂ ਪੰਕਤੀਆਂ ਤੋਂ ਪਤਾ ਲੱਗਾ ਕਿ ਰੱਬ ਦੀ ਗਤਿ ਭਾਵ ਰੱਬ ਬਾਰੇ, ਰੱਬ
ਦੇ ਗਿਆਨ ਬਾਰੇ ਕੋਈ ਕੁਝ ਨਹੀਂ ਜਾਣ ਸਕਦਾ। ਰੱਬ ਨੂੰ ਗਿਣ-ਮਿਣ ਕੇ ਕੋਈ ਨਹੀਂ ਜਾਣ ਸਕਦਾ। ਇੱਥੇ
‘ਗਤਿ’ ਦਾ ਅਰਥ ਹੈ ਰੱਬ ਦੀ ਬਣਤਰ, ਜੋ ਕਿ ਰੱਬ ਆਪ ਹੀ ਜਾਣਦਾ ਹੈ। ਭਾਵ ਰੱਬ ਜੀ ਤੁਸੀਂ ਕਿੱਥੋਂ
ਕਿੱਥੇ ਤਕ ਹੋ ਤੁਸੀਂ ਜਾਣੋ। ਤੁਹਾਡਾ ਪਸਾਰਾ ਕਿੰਨਾ ਹੈ, ਤੁਸੀਂ ਕਿਤਨੇ ਬੇਅੰਤ ਹੋ, ਇਹ ਤੁਸੀਂ ਹੀ
ਜਾਣਦੇ ਹੋ। ਕੋਈ ਨਹੀਂ ਦਸ ਸਕਦਾ ਕਿ ਸ੍ਰਿਸ਼ਟੀ ਕਦੋਂ ਸ਼ੁਰੂ ਕੀਤੀ ਗਈ ਸੀ। ਕੋਈ ਨਹੀਂ ਦਸ ਸਕਦਾ ਕਿ
ਸ੍ਰਿਸ਼ਟੀ ਸਾਜਨ ਵਿਚ ਕਿਤਨੇ ਦਿਨ ਲਗੇ। ਰੱਬ ਦੀਆਂ ਕਰਨੀਆਂ ਦਾ ਕੁਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ
ਇਸ ਲਈ ਕਹਿੰਦੇ ਹਨ,
‘ਅਗਮ
ਅਗੋਚਰਾ ਤੇਰਾ ਅੰਤੁ ਨ ਪਾਇਆ ॥’ (918)
‘ਗਤਿ’ ਦਾ ਦੂਜਾ ਪੱਖ ਗੁਰਬਾਣੀ ਵਿਚ ਆਉਂਦਾ ਹੈ, ‘ਅੰਤਰ ਕੀ ਗਤਿ ਤੁਮ ਹੀ
ਜਾਨੀ ਤੁਝ ਹੀ ਪਾਹਿ ਨਿਬੇਰੋ ॥’। ਹੁਣ ਗਤਿ ਦਾ ਵਿਸ਼ਾ ਰੱਬ ਤੋਂ ਹਟਕੇ ਮੇਰੇ ਤੇ ਆ ਗਿਆ। ਮੇਰੇ
ਅੰਦਰ ਜੋ ਮੇਰੀਆਂ ਖਾਹਿਸ਼ਾਂ, ਮੰਗਾਂ ਕਾਰਨ ਜੋ ਦਸ਼ਾ ਹੁੰਦੀ ਹੈ। ਸੋ ਪਤਾ ਲੱਗਾ ਕਿ ‘ਗਤਿ’ ਦੇ ਅਰਥ
ਗੁਰਬਾਣੀ ਵਿਚ ਅਨੇਕਾਂ ਢੰਗਾਂ ਤੋਂ ਆਉਂਦੇ ਹਨ। ਪਰ ਸਹੀ ਅਰਥ ਲੱਭਣ ਲਈ ਸਾਨੂੰ ਪਰਕਰਣ ਪੜ੍ਹਨਾ
ਪੈਂਦਾ ਹੈ।
ਗੁਰ ਪਰਸਾਦਿ ਮੁਕਤਿ ਗਤਿ ਪਾਏ ॥ (112)
ਭਾਵ ਗੁਰੂ ਦੀ ਮਤ ਅਨੁਸਾਰ ਜੇ ਤੂੰ ਆਪਣਾ ਜੀਵਨ ਬਣਾਏ ਤਾਂ
ਤੇਰੀ ਗਤੀ ਹੋ ਸਕਦੀ ਹੈ। ਜਦੋਂ ਕਦੀ ਕਿਸੇ ਨੂੰ ਪੁਲਿਸ ਵਾਲੇ ਪਕੜ ਲੈਣ ਜਾਂ ਕੋਈ ਮਨੁੱਖ ਠੇਲੇ ਤੋਂ
ਚੋਰੀ ਕਰਦਾ ਪਕੜਿਆ ਜਾਏ ਤਾਂ ਉਸ ਵੇਲੇ ਸਾਰੇ ਉਸਨੂੰ ਪਕੜਕੇ ਮਾਰਦੇ ਹਨ। ਤਾਂ ਅਸੀਂ ਮਗਰੋਂ ਗੱਲਾਂ
ਕਰਦੇ ਹਾਂ ਕਿ ਫਲਾਣੇ ਨੇ ਉਸਦੀ ਬੜੀ ਬੁਰੀ ਗਤਿ ਕੀਤੀ।
ਇਹ ਸਾਰੀ ਵਿਚਾਰ ਕਰਨ ਤੋਂ ਪਤਾ ਲਗਿਆ ਕਿ ਗਤਿ ਦਾ ਮਾਇਨਾ ਗੁਰੂ ਗ੍ਰੰਥ
ਸਾਹਿਬ ਦੀ ਬਾਣੀ ਵਿਚ ਗਿਆਨ, ਦਸ਼ਾ, ਖੇਲ, ਲੀਲਾ, ਰਸਤਾ, ਮੁਕਤੀ ਹੈ।
ਸਲੋਕ ਮਹਲਾ 9 ਦੀ ਬਾਣੀ ਵਿਚ ‘ਗਤਿ’ ਦਾ ਅਰਥ ਮੁਕਤ ਅਵਸਥਾ ਪ੍ਰਾਪਤ
ਕਰਨਾ ਹੈ। ਸੋ ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਗਤਿ (ਮੁਕਤ ਅਵਸਥਾ) ਪ੍ਰਾਪਤ ਕਰਨਾ ਚਾਹੁੰਦਾ ਹੈਂ
ਤਾਂ ਫਿਰ,
ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥ (779)
ਜੇ ਗਤਿ ਕਰਵਾਉਣਾ ਚਾਹੁੰਦਾ ਹੈਂ ਤਾਂ ਗਰਬ ਨਾ ਕਰਿਆ ਕਰ, ਹੰਕਾਰ ਛੱਡਦੇ,
ਨਿਮਰਤਾ ਵਿਚ ਰਿਹਾ ਕਰ, ਤਾਂ ਗਤਿ ਹੋਵੇਗੀ। ਇਸ ਦਾ ਅਰਥ ਇਹ ਹੋਇਆ ਕਿ ਮੁਕਤੀ ਪ੍ਰਾਪਤ ਕੀਤੀ ਜਾ
ਸਕਦੀ ਹੈ।
ਪਿਛਲੇ ਕੁਝ ਦਿਨਾਂ ਤੋਂ ਸਲੋਕ ਮਹਲਾ 9 ਦੇ ਸਲੋਕਾਂ ਦੀ ਲੜ੍ਹੀ ਵਾਰ ਵਿਚਾਰ
ਸੰਗਤਾਂ ਨਾਲ ਸਾਂਝ ਕਰ ਰਹੇ ਹਾਂ। ਹੁਣ ਤਕ ਤੁੱਛ ਬੁੱਧੀ ਨਾਲ 10 ਸਲੋਕ ਹੋ ਚੁਕੇ ਹਨ। ਇਸਨੂੰ ਇਤਨੇ
ਵਿਸਥਾਰ ਨਾਲ ਇਸ ਲਈ ਪੇਸ਼ ਕੀਤਾ ਜਾ ਰਿਹਾ ਹੈ ਤਾਕਿ ਸਾਨੂੰ ਇਹ ਬਾਣੀ ਸਮਝ ਆ ਸਕੇ ਅਤੇ ਇਸਨੂੰ ਅਮਲੀ
ਜੀਵਨ ਵਿਚ ਜਿਊਂ ਸਕੀਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਸੀਂ ਬਹੁਤ ਹੌਲੀ-ਹੌਲੀ ਵਿਚਾਰ ਕਰ ਰਹੇ ਹਾਂ।
ਪਰ ਇਸ ਵਿਚ ਵੀ ਕੋਈ ਸ਼ਕ ਨਹੀਂ ਕਿ ਜਿਤਨਾਂ ਹੌਲੀ ਚੱਲਾਂਗੇ ਉਤਨਾ ਠੀਕ ਤਰ੍ਹਾਂ ਸਮਝ ਆਏਗਾ।
ਗੁਰਬਾਣੀ ਦਾ ਕਥਨ ਹੈ,
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ (904)
ਅਤੇ ਝਿਮਿ ਝਿਮਿ ਵਰਸੈ
ਅੰਮ੍ਰਿਤ ਧਾਰਾ ॥ ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥
(102) ਸ਼ਬਦ ਵਿਚਾਰ ਜਦੋਂ ਤੱਕ ਅਸੀਂ ਨਹੀਂ ਕਰਾਂਗੇ ਤਾਂ
ਤੱਕ ਸਾਨੂੰ ਸਮਝ ਨਹੀਂ ਆਏਗੀ। ਸ਼ਬਦ ਵਿਚਾਰ ਦਾ ਮਤਲਬ ਹੁੰਦਾ ਹੈ ਕਿ ਸਤਿਗੁਰ ਦੀ ਮਤ ਪ੍ਰਾਪਤ ਕਰਨਾ।
ਐਸੀ ਮੱਤ ਜਿਸ ਰਾਹੀਂ ਕਾਮਯਾਬ ਆਤਮਕ ਜੀਵਨ ਗੁਜ਼ਰੇ ਜੋ ਮਨੁੱਖ ਨੂੰ ਰੱਬੀ ਗੁਣਾਂ ਵਾਲਾ, ਇਨਸਾਨੀਅਤ
ਵਾਲਾ ਜੀਵਨ ਸਿਖਾਵੇ ਤੇ ਮਨੁੱਖ ਇਨਸਾਨੀਅਤ ਭਰਪੂਰ ਜੀਵਨ ਜਿਊ ਸਕੇ ਐਸੀ ਮੱਤ ਨੂੰ ਹੀ ‘ਸਤਿਗੁਰ’
ਕਹਿੰਦੇ ਹਨ। ਸਲੋਕ ਮਹਲਾ 9 ਦਾ ਇੱਕ ਸ਼ਬਦ ਮੈਂ ਪੜ੍ਹਿਆ ਉਸ ਵਿਚ ਗੁਰੂ ਸਾਹਿਬ ਕਹਿੰਦੇ ਹਨ -
ਗੁਰਮਤਿ ਸੁਨਿ ਕਛੁ ਗਿਆਨੁ
ਨ ਉਪਜਿਓ ਪਸੁ ਜਿਉ ਉਦਰੁ ਭਰਉ ॥ (685)
ਇੱਥੇ ਗਿਆਨ ਦਾ ਅਰਥ ਇਹ ਨਹੀਂ ਕਿ ਇੱਕ ਦਿਨ ਅਚਾਨਕ ਗਿਆਨ ਹੋ ਗਿਆ ਜਾਂ ਸੋਝੀ ਹੋ ਗਈ। ਆਮ ਲੋਕੀ
ਗਿਆਨ ਦਾ ਮਤਲਬ ਸਮਝਦੇ ਹਨ ਕਿ ਰਾਤੀ ਕਿਸੇ ਪੇੜ ਥੱਲੇ ਸੋਵੋਂ ਤੇ ਸਵੇਰੇ ਅਚਾਨਕ ਗਿਆਨ ਹੋ ਗਿਆ।
ਗਿਆਨ ਦਾ ਅਰਥ ਹੈ ਜੀਵਨ ਜਾਚ। ਜੀਵਨ ਜਿਊਣਾ ਆ ਗਿਆ। ਜੇਕਰ ਮੈਂ ਕੇਵਲ ਸੁਣਦਾ ਰਿਹਾ ਪਰ ਸਮਝ ਨਹੀਂ
ਆਈ ਤਾਂ ਜੀਵਨ ਨਹੀਂ ਬਦਲੇਗਾ। ਆਮ ਲੋਕੀ ਕੇਵਲ ਸੁਣਨ ਤਕ ਹੀ ਮਹਿਦੂਦ ਰਹਿੰਦੇ ਹਨ ਪਰ ਗੁਰਬਾਣੀ
ਸਾਨੂੰ ਟਕੋਰ ਮਾਰਦੀ ਹੈ,
‘ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥’
(685) ਜਿਵੇਂ ਪਸ਼ੂ ਢੇਰ ਸਾਰਾ ਖਾਕੇ ਪੇਟ ਭਰ ਲੈਂਦਾ ਹੈ
ਉਸੀ ਤਰ੍ਹਾਂ ਮੈਂ ਜੇ ਕੇਵਲ ਸੁਣੀ ਜਾ ਰਿਹਾ ਹਾਂ ਪਰ ਸਮਝ ਨਹੀਂ ਰਿਹਾ ਤਾਂ ਮੰਨਣ ਤਕ ਦੀ ਅਵਸਥਾ ਤਕ
ਨਹੀਂ ਅੱਪੜ ਸਕਾਂਗਾ। ਮੈਂ ਕੇਵਲ ਗੁਰਮਤ ਸੁਣ-ਸੁਣਕੇ ਜਾਨਵਰਾਂ ਵਾਂਗ ਪੇਟ ਭਰੀ ਜਾ ਰਿਹਾ ਹਾਂ।
ਜੀਵਨ ਜਾਚ ਨਹੀਂ ਸਿੱਖੀ। ਜੇ ਸਾਨੂੰ ਜੀਵਨ ਜਾਚ ਨਹੀਂ ਸਮਝ ਆਉਂਦੀ ਤਾਂ ਸਾਡਾ ਮਨ ਤਨ ਭੰਗ ਹੋ
ਜਾਂਦਾ ਹੈ। ਮਨੁੱਖ ਦੀ ਸੁਰਤ ਅਤੇ ਮਤ ਟਿਕਾਣੇ ਨਹੀਂ ਰਹਿੰਦੀ। ਆਪਣੇ ਨਿਜ ਘਰ ਵਿਚ ਆਪਣੀ ਪੱਤ
ਟਿਕਾਣੇ ਨਹੀਂ ਰਹਿੰਦੀ ਇਹ ਨਿਜ ਘਰ ਦੇ ਉਸ ਮਹਲ ਤੋਂ ਢਹਿ ਪੈਂਦਾ ਹੈ।
ਅਸੀਂ ਆਪਣਾ ਕਿਰਦਾਰ ਉੱਚਾ ਕਰਨ ਲਈ ਸਲੋਕ ਮਹਲਾ 9 ਦੇ ਸਲੋਕਾਂ ਦੀ
ਲੜ੍ਹੀਵਾਰ ਵਿਚਾਰ ਕਰ ਰਹੇ ਹਾਂ। ਇਹ ਮਿਰਤਕ ਪ੍ਰਾਣੀ ਲਈ ਨਹੀਂ ਹੈ। ਉਦਾਸੀਨਤਾ ਅਤੇ ਵੈਰਾਗਮਈ
ਬਿਲਕੁਲ ਨਹੀਂ ਹੈ। ਇਹ ਮੈਂ ਬਾਰ-ਬਾਰ ਰੋਜ਼ ਕਹੀ ਜਾ ਰਿਹਾ ਹਾਂ ਕਿ ਅਸੀਂ ਗੁਰਦੁਆਰੇ ਵੀ ਜਾਂਦੇ
ਹਾਂ, ਮੰਦਰ, ਮਸਜਿਦ ਵੀ ਜਾਂਦੇ ਹਾਂ, ਪਾਠ ਵੀ ਕਰਦੇ ਹਾਂ, ਧਰਮ ਦੇ ਸਾਰੇ ਕਰਮ ਕਾਂਡ ਵੀ ਕਰਦੇ ਹਾਂ
ਪਰ ਸਾਡਾ ਜੀਵਨ ਨਹੀਂ ਬਦਲਿਆ। ਇਸ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਗੁਰਦੁਆਰੇ ਨਹੀਂ ਜਾਣਾ।
ਗੁਰਦੁਆਰੇ ਜਾਣ ਦਾ ਮਕਸਦ ਕੇਵਲ ਇਤਨਾ ਹੈ ਕਿ ਅਸੀਂ ਉੱਥੇ ਜਾਕੇ ਗੁਰੂ ਦੀ ਗਲ ਸੁਣਨੀ ਹੈ, ਮੰਨਣੀ
ਹੈ ਅਤੇ ਉਸ ਅਨੁਸਾਰ ਆਪਣੇ ਆਪ ਨੂੰ ਆਤਮਕ ਤੌਰ ਤੇ ਉਚਿਆਂ ਕਰਨਾ ਹੈ। ਇਹ ਸਾਡੀ ਪਾਠਸ਼ਾਲਾ ਹੈ।
ਜਿਵੇਂ ਗੁਰੂ ਸਾਹਿਬ ਕਹਿੰਦੇ ਹਨ,
ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ
ਹਰਿ ਗੁਣ ਸਿਖਾ ॥ (1316) ਅਸੀਂ ਪਾਠਸ਼ਾਲਾ
(ਚਟਸਾਲ) ਵਿਚ ਸਿੱਖਣ ਆਉਂਦੇ ਹਾਂ। ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ, ਬਾਣੀ ਪੜ੍ਹਦੇ ਹਾਂ, ਜੇ
ਸਵੇਰੇ ਜਲਦੀ ਉਠੀਏ ਤਾਂ ਸਾਡੇ ਕੋਲ ਸਮਾ ਬਹੁਤ ਹੁੰਦਾ ਹੈ, ਮਨ ਦੀ ਇਕਾਰਗਤਾ ਬਣਦੀ ਹੈ, ਗੁਰਬਾਣੀ
ਵਿਚ ਪੜ੍ਹਦੇ ਹਾਂ,
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ ॥ (2)
ਰੱਬੀ ਗੁਣਾਂ ਦੀ ਵਡਿਆਈਆਂ ਦੀ ਵਿਚਾਰ ਕਰਨੀ ਚਾਹੀਦੀ ਹੈ।
ਇਹੀ ਗਲ ਇਸ ਸਲੋਕ ਵਿਚ ਵੀ ਦੱਸੀ ਹੈ -
ਗੁਨ ਗੋਬਿੰਦ ਗਾਇਓ ਨਹੀ ਜਨਮੁ
ਅਕਾਰਥ ਕੀਨੁ ॥ ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥
ਜਦੋਂ ਅਸੀਂ ਸਵੇਰੇ ਜਲਦੀ ਉੱਠਦੇ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ
ਰੱਬ ਦੀ ਪ੍ਰਾਪਤੀ ਹੋ ਗਈ। ਨਹੀਂ! ਅੰਮ੍ਰਿਤ ਵੇਲੇ ਉਠਣਾ ਚਾਹੀਦਾ ਹੈ। ਪੁਰਾਣੀ ਬੋਲੀ ਵਿਚ ਇਸ ਨੂੰ
ਬ੍ਰਹਮ ਮਹੂਰਤ ਕਹਿੰਦੇ ਸਨ। ਇਹ ਬਹੁੱਤ ਚੰਗੀ ਗਲ ਹੈ। ਅਸੀਂ ਇਹ ਕੋਸ਼ਿਸ਼ ਕਰੀਏ ਕਿ ਦਿਨ ਦੇ 24 ਘੰਟੇ
ਹੀ ਅੰਮ੍ਰਿਤ ਵੇਲਾ ਬਣ ਜਾਏ। ਅੰਮ੍ਰਿਤ ਵੇਲੇ ਉੱਠਕੇ ਵਡਿਆਈਆਂ ਦੀ ਵਿਚਾਰ ਕਰੋ ਤਾਂ ਕੇਵਲ ਸਵੇਰ ਦੇ
ਥੋੜੇ੍ਹ ਘੰਟਿਆਂ ਦਾ ਅੰਮ੍ਰਿਤ ਵੇਲਾ ਪੂਰੇ ਦਿਨ ਦਾ ਅੰਮ੍ਰਿਤ ਵੇਲਾ ਬਣ ਜਾਂਦਾ ਹੈ। ਇਹ ਨਹੀਂ ਕਿ
ਕੇਵਲ ਸਵੇਰੇ ਮੈਂ ਉਠਿਆ ਸੀ ਤੇ ਹੁਣ ਦਿਹਾੜੀ ਮੈਂ ਜਿਨਾ ਮਰਜ਼ੀ ਝੂਠ ਬੋਲਾਂ, ਜਿਸ ਮਰਜ਼ੀ ਦੀ ਨਿੰਦਾ
ਕਰ ਲਵਾਂ।
ਗੁਰਬਾਣੀ ਸਾਨੂੰ
‘ਰਾਮ ਪਿਆਰੇ ਸਦਾ ਜਾਗਹਿ ਨਾਮੁ
ਸਿਮਰਹਿ ਅਨਦਿਨੋ’ (459) ਸਦਾ ਹੀ ਆਤਮਕ
ਜਾਗੇ ਰਹਿਣ ਲਈ ਕਹਿੰਦੀ ਹੈ। ਇਹ ਹਮੇਸ਼ਾ ਜਾਗੇ ਰਹਿਣ ਦਾ ਪਰਕਰਣ ਇਸ ਲਈ ਛੇੜਿਆ ਹੈ ਕਿਉਂਕਿ ਇਸ
ਸਲੋਕ ਵਿਚ ਕਹਿੰਦੇ ਹਨ ਕਿ,
ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥
ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ ॥ 15 ॥
ਐ ਮੇਰੇ ਮਨ ਸਦਾ ਜਾਗਕੇ ਇਹ ਗਲ ਦ੍ਰਿੜ ਕਰ ਕਿ ਬੈਰੀ ਮੀਤ ਸਮਾਨ ਹੁੰਦੇ ਹਨ।
ਜੋ ਇਸ ਅਵਸਥਾ ਤੇ ਆਪੜਦਾ ਹੈ ਉਸਨੂੰ ਮੁਕਤ ਕਹਿੰਦੇ ਹਨ। ਇੱਕ ਮੁਕਤੀ ਤਾਂ ਅਸੀਂ ਮਰਨ ਮਗਰੋਂ ਸਮਝਦੇ
ਹਾਂ। ਇਸ ਨੁਕਤੇ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਸਮਝਣਾ ਅਤਿ ਲੋੜੀਂਦਾ ਹੈ। ਗੁਰਮਤਿ ਮਰਨ ਮਗਰੋਂ
ਕਿਸੇ ਤਰ੍ਹਾਂ ਦੀ ਮੁਕਤੀ ਨਹੀਂ ਮੰਨਦੀ। ਗੁਰਮਤਿ ਵਿਚ ਐਸਾ ਕੋਈ ਝਾਂਸਾ ਨਹੀਂ ਦਿੱਤਾ ਗਿਆ ਕਿ
ਗੁਨਾਹ ਅੱਜ ਕਰੋ ਤੇ ਉਸਦੀ ਸਜ਼ਾ ਕੁਝ ਸਾਲਾਂ ਮਗਰੋਂ ਜਦੋਂ ਮਰ ਜਾਵਾਂਗੇ ਤਾਂ ਮਿਲੇਗੀ। ਮਰਨ ਮਗਰੋਂ
ਜਮ ਜਾਂ ਧਰਮਰਾਜ ਫੜੇਗਾ। ਗੁਰਮਤਿ ਉਧਾਰ ਜੀਵਨ ਦਾ ਨਹੀਂ ਸਗੋਂ ਨਕਦ ਜੀਵਨ ਅਤੇ ਇਨਸਾਨੀਅਤ ਦਾ ਧਰਮ
ਹੈ। ਸਾਰੀ ਦੁਨੀਆਂ ਲਈ ਇਹ ਸਾਂਝਾ ਸੰਦੇਸ਼ ਹੈ।
ਗੁਰਮਤਿ ਮਰਨ ਮਗਰੋਂ ਕਿਸੇ ਤਰ੍ਹਾਂ ਦੀ ਮੁਕਤੀ ਦੀ ਕੋਈ ਹਾਮੀ ਨਹੀਂ ਭਰਦੀ
ਹੈ। ਇਹ ਤਾਂ ਮਨੁੱਖ ਨੂੰ ਜਿਊਂਦੇ ਜੀ ਮੁਕਤੀ ਸਿਖਾਉਂਦੀ ਹੈ। ਗੁਰਬਾਣੀ ਦਾ ਫੁਰਮਾਨ ਹੈ,
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ
ਮੁਕਤਿ ਕਿਨਿ ਪਾਈ ॥ (93)
ਮਰਨ ਮਗਰੋਂ ਕਿਸਨੇ ਮੁਕਤੀ ਪਾਈ? ਜਿਊਂਦੇ ਜੀ ਜੇ ਮੁਕਤੀ ਨਹੀਂ ਮਿਲੀ ਤੇ
ਮਰਨ ਮਗਰੋਂ ਮਿਲੀ ਜਾਂ ਨਹੀਂ ਮਿਲੀ ਕੀ ਪਤਾ!
ਮੂਏ ਹੂਏ ਜਉ ਮੁਕਤਿ ਦੇਹੁਗੇ
ਮੁਕਤਿ ਨ ਜਾਨੈ ਕੋਇਲਾ ॥ (1292)
ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਕੋਈ ਨਹੀਂ ਜਾਣਦਾ ਕਿ ਮਰਨ ਮਗਰੋਂ ਮੁਕਤੀ
ਮਿਲੇਗੀ ਜਾਂ ਨਹੀਂ। ਲੋਕੀ ਸਮਝਦੇ ਹਨ ਕਿ ਮਰਨ ਮਗਰੋਂ ਮਨੁੱਖ ਕਿਸੇ ਹੋਰ ਥਾਂ ਪਹੁੰਚ ਜਾਂਦਾ ਹੈ।
ਗੁਰੂ ਸਾਹਿਬ ਕਹਿੰਦੇ ਹਨ,
ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥ ਕਤਹਿ ਗਇਓ ਉਹੁ ਕਤ ਤੇ ਆਇਓ ॥ (736)
ਪਤਾ ਨਹੀਂ ਕਿੱਥੋਂ ਆਉਂਦੇ ਹਾਂ ਤੇ ਕਿੱਥੇ ਚਲੇ ਜਾਂਦੇ
ਹਾਂ। ਗੁਰੂ ਸਾਹਿਬ ਰੱਬ ਅੱਗੇ ਆਪਾ ਵਾਰ ਕੇ ਰੱਬੀ ਬੇਅੰਤਤਾ ਬਾਰੇ ਕਹਿੰਦੇ ਹਨ,
ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ
॥ ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥ (918)
ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਵੀ ਮਨੁੱਖ ਇਸਨੂੰ ਬਿਆਨ ਨਹੀਂ ਕਰ
ਸਕਦਾ। ਸੋ ਰੱਬ ਦੀ ਬੇਅੰਤਤਾ ਬਿਆਨ ਨਹੀਂ ਕਰ ਸਕਦੇ ਹਾਂ। ਗੁਰੂ ਨਾਨਕ ਸਾਹਿਬ ਨੇ ‘ਮਿਟੀ ਮੁਸਲਮਾਨ
ਕੀ ਪੇੜੈ ਪਈ ਕੁਮਿ੍ਆਰ’ ਵਾਲਾ ਪੂਰਾ ਸਲੋਕ ਉਚਾਰਕੇ ਅਖੀਰ ਤੇ ਕਹਿੰਦੇ ਹਨ
‘ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ
ਜਾਣੈ ਕਰਤਾਰੁ ॥’ (466)
ਜਿਸ ਕਰਤੇ ਨੇ ਸ੍ਰਿਸ਼ਟੀ ਸਾਜੀ ਹੈ ਉਹ ਆਪ ਹੀ ਇਸ ਬਾਰੇ ਜਾਣਦਾ ਹੈ।