.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜਦੋਂ ਬਾਬੇ ਦੇ ਛਿੱਤਰ ਵਿੱਚ ਪਾਣੀ ਪੀਂਦੇ ਰਹੇ

ਸਾਡੇ ਆਲੇ-ਦੁਆਲੇ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿੰਨ੍ਹਾ ਵਲ ਅਸੀਂ ਕਦੇ ਧਿਆਨ ਨਹੀਂ ਦੇਂਦੇ। ਐਸੀਆਂ ਵਾਪਰੀਆਂ ਘਟਨਾਵਾਂ ਤੋਂ ਅਸੀਂ ਬਹੁਤ ਕੁੱਝ ਸਿੱਖ ਸਕਦੇ ਹਾਂ। ਅਜੇਹੀਆਂ ਘਟਨਾਵਾਂ ਨੂੰ ਲਿਖਣ ਦਾ ਮੰਤਵ ਇੱਕ ਹੀ ਹੁੰਦਾ ਹੈ ਕਿ ਹੋਰ ਲੋਕ ਅਗਿਆਨਤਾ ਦਾ ਸ਼ਿਕਾਰ ਹੋ ਕੇ ਆਪਣੇ ਜੀਵਨ ਦਾ ਅਧਿਆਤਮਕ ਪੱਖ ਬਰਬਾਦ ਨਾ ਕਰ ਲੈਣ। ਕੁੱਝ ਏਦਾਂ ਦੀਆਂ ਘਟਨਾਵਾਂ ਹੁੰਦੀਆਂ ਹਨ ਜਿਹੜੀਆਂ ਇਤਿਹਾਸਕ ਦਸਤਾਵੇਜ਼ ਹੀ ਬਣ ਜਾਂਦੀਆਂ ਹਨ। ਕਈ ਵਾਰੀ ਬੈਠਿਆਂ ਬੈਠਿਆਂ ਬੰਦਾ ਸਹਿਜ ਸੁਭਾ ਬਹੁਤ ਮਹੱਤਵਪੂਰਨ ਘਟਨਾਵਾਂ ਸੁਣਾ ਜਾਂਦਾ ਹੈ। ਕਈ ਤਾਂ ਕਹਿਣਗੇ ਭਈ ਅਗਾਂਹ ਗੱਲ ਨਾ ਕਰਿਆ ਜੇ। ਉਂਝ ਭਾਂਵੇਂ ਆਪ ਸਾਰਿਆਂ ਨੂੰ ਦੱਸ ਦਿੱਤਾ ਹੋਵੇ। ਜਗ੍ਹੋਂ ਤੇਰ੍ਹਵੀਆਂ ਘਟਨਾਵਾਂ ਉਹ ਹੁੰਦੀਆਂ ਹਨ ਜਿਹੜੀਆਂ ਕਦੇ ਸੁਣੀਆਂ ਵੀ ਨਾ ਹੋਣ ਤੇ ਏਦਾਂ ਵਾਪਰੀਆਂ ਵੀ ਬਹੁਤ ਘੱਟ ਹੋਣ। ਸਾਡਾ ਮਹਾਨ ਦੇਸ਼ ਜੱਗੋਂ ਤੇਰ੍ਹਵੀਆਂ ਹੀ ਕਰ ਰਿਹਾ ਹੈ। ਭਲਾ ਦੱਸੋ ਖਾਂ ਮੱਝ ਦਾ ਦੁੱਧ ਗਊ ਦੇ ਦੁੱਧ ਨਾਲੋਂ ਵੱਧ ਕੀਮਤ `ਤੇ ਵਿਕਦਾ ਹੈ ਪਰ ਪੂਜਾ ਕੇਵਲ ਗਊ ਦੀ ਹੀ ਹੁੰਦੀ ਹੈ। ਉਂਝ ਬੱਕਰੀ ਦਾ ਦੁੱਧ ਬਹੁਤ ਮਹਿੰਗੇ ਭਾਅ ਵਿਕਦਾ ਹੈ ਕਦੇ ਕਿਸੇ ਨੇ ਬੱਕਰੀ ਵਿਚਾਰੀ ਦੀ ਪੂਜਾ ਨਹੀਂ ਕੀਤੀ ਹਾਲਾਂ ਕਿ ਮਹਾਨ ਭਾਰਤ ਦੇ ਇੱਕ ਲੰਗੋਟੀ ਵਾਲਾ ਨੇਤਾ ਬੱਕਰੀ ਦਾ ਹੀ ਦੁੱਧ ਪੀਂਦਾ ਸੀ। ਅਰਬ ਦੇਸਾਂ ਵਿੱਚ ਊਠਣੀਆਂ ਦਾ ਦੁੱਧ ਬਹੁਤ ਮਹਿੰਗੇ ਭਾਵ ਵਿਕਦਾ ਹੈ ਕਦੇ ਅਰਬ ਦੇਸ ਵਿੱਚ ਊਠਣੀ ਦੀ ਪੂਜਾ ਨਹੀਂ ਹੁੰਦੀ ਦੇਖੀ। ਇੱਕ ਸਾਡਾ ਹੀ ਮੁਲਕ ਐਸਾ ਹੈ ਜਿਹੜਾ ਕੇਵਲ ਗਊ ਦੀ ਹੀ ਪੂਜਾ ਵਿੱਚ ਯਕੀਨ ਰੱਖਦਾ ਹੈ। ਬੱਕਰੀ, ਮੱਝ ਤੇ ਊਠਣੀ ਦੀ ਪੂਜਾ ਕਿਸੇ ਗੇੜ ਵਿੱਚ ਨਹੀਂ ਆਉਦੀ। ਗਊਆਂ ਦਾ ਵਪਾਰ ਕਰਨ ਵਾਲ਼ਿਆਂ ਦੀ ਗਿੱਦੜ ਕੁੱਟ ਦੀ ਵੀਡੀਓ ਮੁੱਖੜਾ ਪੋਥੀ `ਤੇ ਘੁੰਮਦੀ ਆਮ ਦੇਖੀ ਜਾ ਸਕਦੀ ਹੈ। ਪਸ਼ੂਆਂ ਦੀ ਸੰਭਾਲ਼ ਕਰਨ ਦੀ `ਤੇ ਉਹਨਾਂ ਦੀ ਪੂਜਾ ਕਰਨੀ ਫਿਰ ਹੋਈ ਨਾ ਜੱਗੋਂ ਤਰ੍ਹਵੀਂ।
ਅੱਜ ਗੱਲ ਕਰ ਰਹੇ ਹਾਂ ਉਸ ਵਾਕਿਆ ਦੀ ਜਿਹੜੀ ਸਾਡੇ ਬਹੁਤ ਹੀ ਪਰਮ ਮਿੱਤਰ ਨੇ ਆਪਣੇ ਸਰੀਰ `ਤੇ ਆਪ ਹੰਢਾਈ ਹੈ। ਸਾਡੇ ਮਿੱਤਰ `ਤੇ ਗੁਰਬਾਣੀ ਵਿਚਾਰਧਾਰਾ ਦੀ ਅਜੇਹੀ ਪੁੱਠ ਚੜ੍ਹੀ ਹੈ ਕਿ ਹੁਣ ਉਸ ਨੂੰ ਆਪਣੀ ਕਹਾਣੀ ਦੱਸਣ ਵਿੱਚ ਕੋਈ ਹਿਚਕਾਹਟ ਮਹਿਸੂਸ ਨਹੀਂ ਹੁੰਦੀ। ਉਹਨਾਂ ਦੇ ਦੱਸਣ ਦਾ ਕੇਵਲ ਇੱਕ ਹੀ ਮਕਸਦ ਹੈ ਕਿ ਮੇਰੇ ਵਾਂਗ ਕੋਈ ਹੋਰ ਅਜੇਹੇ ਅਖੌਤੀ ਸਾਧਾਂ ਦੇ ਢਹੇ ਚੜ੍ਹ ਕੇ ਆਪਣਾ ਕੀਮਤੀ ਸਮਾਂ ਨਾ ਬਰਬਾਦ ਕਰ ਲਏ। ਅਪ੍ਰੈਲ ੨੦੧੬ ਦੇ ਅਖੀਰਲੇ ਹਫਤੇ ਵਿੱਚ ਮੈਨੂੰ ਟਰਾਂਟੋ ਵਿਖੇ ਕਥਾ ਕਰਨ ਦਾ ਸਮਾਂ ਮਿਲਿਆ। ਮੇਰਾ ਟਿਕਾਣਾ ਭਾਈ ਸਤਨਾਮ ਸਿੰਘ ਜੀ ਜੋਹਲ ਵਲ ਰਿਹਾ ਸੀ। ਤਿੰਨ ਕੁ ਹਫਤੇ ਮੇਰੇ ਨਾਲ ਹੀ ਰਹੇ ਸਨ। ਭਾਈ ਕੁਲਵਿੰਦਰ ਸਿੰਘ ਭੰਗੂ ਹੁਰੀਂ ਭਾਵੇਂ ਪੁਰਾਣੇ ਮਿੱਤਰ ਸਨ ਪਰ ਜ਼ਿਆਦਾ ਸਮਾਂ ਪਹਿਲੀ ਵਾਰ ਹੀ ਇਹਨਾਂ ਨਾਲ ਮਿਲਣ ਦਾ ਬਣਿਆ। ਕਈ ਸਾਲ ਪਹਿਲਾਂ ਇਹਨਾਂ ਦੇ ਪਿੰਡ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਗੁਰਮਤ ਪਰਚਾਰ ਕੇਂਦਰ ਵੀ ਚਲਦਾ ਸੀ। ਗੱਲਾਂ ਬਾਤਾਂ ਕਰਦਿਆਂ ਇੱਕ ਦਿਨ ਕਹਿਣ ਲੱਗੇ ਕਿ ਸ਼ੁਕਰ ਹੈ ਅਕਾਲ ਪੁਰਖ ਦਾ ਕਿ ਮੈਂ ਹਨੇਰਾ ਢੋਣ ਤੋਂ ਬਚ ਗਿਆ ਹਾਂ। ਭਾਈ ਸਾਹਿਬ ਜੀ ਅਸੀਂ ਉਹ ਕੰਮ ਕੀਤਾ ਜਿਹੜਾ ਕੋਈ ਵੀ ਨਹੀਂ ਕਰ ਸਕਦਾ। ਮੈਂ ਕਿਹਾ “ਉਹ ਕਿਹੜਾ ਕੰਮ ਹੈ ਜਿਹੜਾ ਤੁਸਾਂ ਕੀਤਾ”। ਕਹਿੰਦੇ ਅਸੀਂ ਮਹਾਂਪੁਰਖਾਂ ਦੇ ਕਹੇ `ਤੇ ਸਾਰੇ ਹੀ ਉਹ ਕਰਮ-ਕਾਂਡ ਹੀ ਕਰਦੇ ਰਹੇ ਹਾਂ ਜਿਹੜੇ ਗੁਰਬਾਣੀ ਨਿਕਾਰਦੀ ਹੈ। ਅੱਜ ਸ਼ੁਕਰ ਹੈ ਕਿ ਮੈਂ ਉਸ ਨਰਕ ਵਿਚੋਂ ਬਾਹਰ ਨਿਕਲ ਆਇਆ ਹਾਂ। ਉਹਨਾਂ ਨੇ ਮੈਨੂੰ ਆਪਣੀ ਸਾਰੀ ਵਿਥਿਆ ਸੁਣਾਈ ਜਿਹੜੀ ਜਗ੍ਹੋਂ ਤਰ੍ਹਵੀਂ ਹੈ।
ਭਾਈ ਕੁਲਵਿੰਦਰ ਸਿੰਘ ਕਹਿੰਦੇ ਕਿ ਕਨੇਡਾ ਵਿਖੇ ਭਾਈ ਅਜੀਤ ਸਿੰਘ ਕੁਹਾੜ ਦਾ ਢਾਡੀ ਜੱਥਾ ਆਇਆ ਹੋਇਆ ਸੀ। ਉਹਨਾਂ ਦੇ ਲੈਕਚਰ ਸੁਣੇ ਤਾਂ ਮਨ ਨੇ ਮਹਿਸੂਸ ਕੀਤਾ ਕਿ ਇਹ ਗਿਆਨੀ ਜੀ ਤਾਂ ਗੱਲਾਂ ਸਹੀ ਕਰ ਰਹੇ ਹਨ। ਭਾਈ ਅਜੀਤ ਸਿੰਘ ਦੇ ਢਾਡੀ ਜੱਥੇ ਨੂੰ ਸੁਣ ਕੇ ਕਿ ਮੇਰੇ ਵਿੱਚ ਕੁੱਝ ਤਬਦੀਲੀ ਹੋਣੀ ਸ਼ੁਰੂ ਹੋਈ। ਉਹ ਆਪਣੇ ਭਾਸ਼ਨਾਂ ਵਿੱਚ ਹਮੇਸ਼ਾਂ ਪੰਜਾਬ ਵਿੱਚ ਵਿਹਲੜ ਸਾਧਾਂ ਦੀਆਂ ਧਾੜਾਂ ਸਬੰਧੀ ਬਹੁਤ ਖੁਲ੍ਹ ਕੇ ਬੋਲਦੇ ਸਨ। ਉਹ ਕਹਿੰਦੇ ਸਨ ਕਿ ਡੇਰਵਾਦ ਦੀ ਅਮਰ ਵੇਲ ਨੇ ਸਿੱਖੀ ਦੇ ਬੂਟੇ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲਿਆ ਹੋਇਆ ਹੈ। ਅਮਰ ਵੇਲ ਉਹ ਹੁੰਦੀ ਹੈ ਜਿਹੜੀ ਖੜੇ ਖਲੋਤੇ ਦਰੱਖਤ ਨੂੰ ਦੇਖਦਿਆਂ ਦੇਖਦਿਆਂ ਸੁਕਾ ਦੇਂਦੀ ਹੈ। ਵਿਚਾਰਾ ਰੁੱਖ ਸੁੱਕ ਕੇ ਬਾਲਣ ਯੋਗਾ ਹੀ ਰਹਿ ਜਾਂਦਾ ਹੈ। ਜਦੋਂ ਉਹਨਾਂ ਨੇ ਕੋਈ ਗੁਰਮਤ ਦਾ ਨੁਕਤਾ ਸਮਝਾਉਣਾ ਹੁੰਦਾ ਤਾਂ ਉਹ ਗੁਰਬਾਣੀ ਤੁਕਾਂ ਦੀਆਂ ਉਦਾਰਹਰਣਾ ਦੇਂਦੇ ਸਨ। ਨਾਲ ਹੀ ਕਹਿੰਦੇ ਸਨ ਕਿ ਭਾਈ ਅਸੀਂ ਤਾਂ ਬ੍ਰਹਾਮਣੀ ਕਰਮ ਕਾਂਡ ਹੀ ਕਰੀ ਜਾ ਰਹੇ ਹਾਂ ਉਹਨਾਂ ਦੇ ਭਾਸ਼ਨ ਸੁਣ ਕੇ ਲੋਕ ਅੱਸ਼ ਅੱਸ਼ ਕਰ ਉਠਦੇ ਸਨ। ਭਾਈ ਕੁਲਵਿੰਦਰ ਸਿੰਘ ਭੰਗੂ ਕਹਿੰਦੇ ਕਿ ਉਹਨਾਂ ਦੇ ਭਾਸ਼ਣਾਂ ਤੋਂ ਕਮੇਟੀ ਬਹੁਤ ਔਖੀ ਹੁੰਦੀ ਸੀ। ਨੌਬਤ ਏੱਥੋਂ ਤੱਕ ਪਹੁੰਚ ਗਈ ਕਿ ਅਖੀਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਜੱਥੇ ਦਾ ਸਮਾਂ ਕੱਟ ਦਿੱਤਾ, ਅਖੇ ਇਹ ਇਤਿਹਾਸ ਨਹੀਂ ਸਣਾਉਂਦੇ।
ਭਾਈ ਕੁਲਵਿੰਦਰ ਸਿੰਘ ਕਹਿੰਦੇ ਕਿ ਮੈਂ ਉਹਨਾਂ ਪਾਸੋਂ ਸਮਾਂ ਲੈ ਕੇ ਉਹਨਾਂ ਦੇ ਕਮਰੇ ਵਿੱਚ ਮਿਲਿਆ। ਉਹਨਾਂ ਨਾਲ ਖੁਲ੍ਹੀਆਂ ਵਿਚਾਰਾਂ ਹੋਈਆਂ। ਭਾਈ ਅਜੀਤ ਸਿੰਘ ਆਪ ਮਿਸ਼ਨਰੀ ਕਾਲਜ ਦੀਆਂ ਪੁਸਤਕਾਂ ਪੜ੍ਹਦੇ ਸਨ। ਉਹ ਡੇਰਵਾਦ, ਮਨਮਤ, ਸਿੱਖੀ ਦੇ ਵਿਹੜੇ ਵਿੱਚ ਆਏ ਕਰਮ ਕਾਂਡਾ ਦੀ ਖੁਲ੍ਹ ਕੇ ਵਿਚਾਰ ਕਰਦੇ ਸਨ। ਸਾਰਾ ਇਤਿਹਾਸ ਗੁਰਬਾਣੀ ਦੇ ਤਰਕ `ਤੇ ਸਣਾਉਂਦੇ ਸਨ। ਕਮਰੇ ਵਿੱਚ ਬੈਠ ਕੇ ਮੈਂ ਉਹਨਾਂ ਨੂੰ ਆਪਣੀ ਸਾਰੀ ਰਾਮ ਕਹਾਣੀ ਸੁਣਾਈ ਕਿ ਜੀਵਨ ਵਿੱਚ ਰੱਬ ਨੂੰ ਪਉਣ ਲਈ ਪਿੰਡ ਸੋਹਲਪੁਰ ਦੇ ਇੱਕ ਡੇਰੇ ਵਿੱਚ ਭਰਤੀ ਹੋ ਗਿਆ। ਏੱਥੋਂ ਦਾ ਬਾਬਾ ਚਿੱਟੇ ਦਿਨ ਵਾਂਗ ਚਿੱਟਾ ਅਨਪੜ੍ਹ ਸੀ। ਬੱਸ ਇਕੋ ਹੀ ਗੱਲ `ਤੇ ਜ਼ੋਰ ਦੇਂਦਾ ਸੀ ਕਿ ਭਈ ਨਾਮ ਜੱਪਿਆ ਕਰੋ ਤੇ ਸੁਖਮਨੀ ਸਾਹਿਬ ਦੀਆਂ ਰੌਲ਼ਾਂ ਲਾਇਆ ਕਰੋ। ਅਸੀਂ ਵੀ ਨਾਮ ਜੱਪਣਾ ਸ਼ੁਰੂ ਕੀਤਾ। ਸਾਰਾ ਦਿਨ ਉਦਾਸੀ ਵਿੱਚ ਰਹਿਣਾ ਅਖੇ ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੁੰਦੀ ਹੈ। ਕਿਸੇ ਨਾਲ ਗੱਲ ਨਾ ਕਰਨੀ, ਅੱਖੇ ਏਦਾਂ ਲਿਵ ਜੁੜੀ ਰਹਿੰਦੀ ਹੈ ਤੇ ਕਿਸੇ ਨਾਲ ਗੱਲ ਕੀਤਿਆਂ ਲਿਵ ਟੁੱਟ ਜਾਂਦੀ ਹੈ। ਢਾਡੀ ਕੁਲਵੰਤ ਸਿੰਘ ਪੁੱਛਦੇ ਸਨ ਭਾਈ ਤੁਸੀਂ ਬਾਬੇ ਦੀ ਕਿਹੜੀ ਗੱਲ ਤੋਂ ਪ੍ਰਭਾਵਤ ਹੁਏ ਸੀ। ਮੈਂ ਦੱਸਿਆਂ ਕਿ ਬਾਬਾ ਜੀ ਕਿਹਾ ਕਰਦੇ ਸੀ ਕਿ ਭਈ—
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ।।
ਪੰਨਾ ੯੧੮
ਬਾਬੇ ਨੂੰ ਪੂਰੀ ਪਉੜੀ ਤਾਂ ਅਉਂਦੀ ਨਹੀਂ ਸੀ ਪਰ ਉਸ ਦਾ ਇਸ ਤੁਕ ਨਾਲ ਹੀ ਕੰਮ ਸਰ ਜਾਂਦਾ ਸੀ। ਮੈਂ ਇਸ ਤੁਕ ਤੋਂ ਇਹ ਸਿੱਖਿਆ ਪ੍ਰਾਪਤ ਕੀਤੀ ਕਿ ਸੰਸਾਰ `ਤੇ ਸਾਰਾ ਕੁੱਝ ਨਾਸ਼ਵਾਨ ਹੈ ਕੇਵਲ ਬਾਬਾ ਜੀ ਹੀ ਦੁਨੀਆਂ ਨੂੰ ਤਾਰਨ ਲਈ ਆਏ ਹੋਏ ਹਨ। ਘਰੋਂ ਮੇਰੇ ਹਿੱਸੇ ਸੱਤਰ ਹਜ਼ਾਰ ਰੁਪਿਆ ਆਇਆ ਸੀ ਮੈਂ ਸਾਰਾ ਬਾਬਾ ਜੀ ਦੇ ਚਰਨਾ ਵਿੱਚ ਲਿਆ ਰੱਖਿਆ ਕਿ ਇਹ ਸਾਰਾ ਕੁੱਝ ਬਾਬਾ ਜੀ ਦਾ ਹੀ ਹੈ।
ਅਸਲ ਵਿੱਚ ਸਵੇਰੇ ਕੇਸੀ ਇਸ਼ਨਾਨ ਕਰਨਾ ਫਿਰ ਲੰਬਾ ਸਮਾਂ ਨਾਮ ਜੱਪਣਾ ਬਾਕੀ ਸੁਖਮਨੀ ਦੇ ਪਾਠਾਂ ਵਿੱਚ ਰੌਲ਼ਾਂ ਲਉਂਦੇ ਰਹਿਣ ਨਾਲ ਸਰੀਰ ਦੀ ਰਸਾਇਣਕ ਕਿਰਿਆ ਸਾਰੀ ਵਿਗੜ ਗਈ ਸੀ। ਉਬਾਸੀਆਂ ਮਾਰਦਿਆਂ ਰੌਲ਼ਾਂ ਲਗਾਉਣੀਆਂ ਹੀ ਧਰਮ ਦਾ ਪਰਮ ਧਰਮ ਰਹਿ ਗਿਆ ਸੀ। ਨੀਂਦ ਪੂਰੀ ਨਹੀਂ ਹੁੰਦੀ ਸੀ ਹਰ ਵੇਲੇ ਸਰੀਰ ਨੂੰ ਚੱਕਰ ਚੜ੍ਹੇ ਰਹਿੰਦੇ ਸਨ। ਕੰਨਾ ਵਿੱਚ ਸਾਂ ਸਾਂ ਹੁੰਦੇ ਰਹਿਣ ਨੂੰ ਅਨਹੱਦ ਸ਼ਬਦ ਵੱਜਦੇ ਦਸਦੇ ਸੀ। ਸਰੀਰ ਦੀ ਇਸ ਵਿਗੜੀ ਹੋਈ ਹਾਲਤ ਨੂੰ ਦੇਖ ਕੇ ਬਾਬਾ ਜੀ ਚਾਅ ਚੜ੍ਹਿਆ ਰਹਿੰਦਾ ਸੀ ਤੇ ਕਹਿੰਦੇ ਹੁੰਦੇ ਸੀ ਕਿ ਅਖੇ ਤੁਸਾਂ ਬਹੁਤ ਛੇਤੀ ਬ੍ਰਹਮ ਅਵਸਥਾ ਨੂੰ ਪਾ ਲਿਆ ਹੈ। ਮੇਰੇ ਸੱਤਰ ਹਜ਼ਾਰ ਨਾਲ ਬਾਬਾ ਜੀ ਨੇ ਜੀਪ ਖਰੀਦ ਲਈ ਸੀ। ਮੈਂ ਆਪਣੇ ਧੰਨਭਾਗ ਸਮਝਦਾ ਸੀ ਕਿ ਮੇਰੀ ਸੇਵਾ ਥਾਏ ਪੈ ਗਈ ਹੈ।
ਗੱਲ ਏੱਥੇ ਮੁੱਕ ਜਾਂਦੀ ਤਾਂ ਵੀ ਠੀਕ ਸੀ। ਸਾਨੂੰ ਤਾਂ ਇੱਕ ਹੋਰ ਪੱਟੀ ਪੜ੍ਹਾਈ ਜਾਂਦੀ ਸੀ ਕਿ ਜੋ ਗੁਰਬਾਣੀ ਆਖਦੀ ਹੈ ਉਸ ਅਨੁਸਾਰ ਹੀ ਸਾਨੂੰ ਤੁਰਨਾ ਚਾਹੀਦਾ ਹੈ। ਇੱਕ ਤੁਕ ਹੋਰ ਪੜ੍ਹ ਕੇ ਸਣਾਉਂਦੇ ਹੁੰਦੇ ਹਨ ਕਿ
ਚਰਨ ਸਾਧ ਕੇ ਧੋਇ ਧੋਇ ਪੀਉ।।
ਅਰਪਿ ਸਾਧ ਕਉ ਅਪਨਾ ਜੀਉ।।
ਸਾਧ ਕੀ ਧੂਰਿ ਕਰਹੁ ਇਸਨਾਨੁ।।
ਸਾਧ ਊਪਰਿ ਜਾਈਐ ਕੁਰਬਾਨੁ।।
ਸਾਧ ਸੇਵਾ ਵਡਭਾਗੀ ਪਾਈਐ।।
ਸਾਧ ਸੰਗਿ ਹਰਿ ਕੀਰਤਨੁ ਗਾਈਐ।।
ਅਨਿਕ ਬਿਘਨ ਤੇ ਸਾਧੂ ਰਾਖੈ।।
ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ।।
ਓਟ ਗਹੀ ਸੰਤਹ ਦਰਿ ਆਇਆ।।
ਸਰਬ ਸੂਖ ਨਾਨਕ ਤਿਹ ਪਾਇਆ।। ੬।।
ਗਉੜੀ ਮਹਲਾ ੫ ਪੰਨਾ ੨੮੩
ਇਹਨਾਂ ਤੁਕਾਂ ਦੇ ਅਸੀਂ ਕੇਵਲ ਅੱਖਰੀਂ ਅਰਥ ਹੀ ਲੈਂਦੇ ਸੀ। ਅਸੀਂ ਇਹ ਸਮਝ ਲਿਆ ਕਿ ਜੋ ਗੁਰਬਾਣੀ ਆਖ ਰਹੀ ਹੈ ਅਸਾਂ ਉਹ ਹੀ ਕਰਨਾ ਹੈ। ਅਸੀਂ ਤਾਂ ਇਹ ਵੀ ਸਮਝਦੇ ਸੀ ਕਿ ਬਾਬਾ ਜੀ ਦੇ ਚਰਨੀ ਹੱਥ ਲਗਾਉਣ ਨਾਲ ਬਾਬਾ ਜੀ ਦੀ ਕੀਤੀ ਹੋਈ ਬੰਦਗੀ ਸਾਨੂੰ ਵੀ ਮਿਲ ਸਕਦੀ ਹੈ ਦੂਜਾ ਅਸੀਂ ਇਹ ਵੀ ਸਮਝਦੇ ਸੀ ਰੱਬ ਨਾਲ ਸਾਡਾ ਮਿਲਾਪ ਹੋਣਾ ਹੈ ਫਿਰ ਸਾਨੂੰ ਕੋਈ ਕੰਮ ਕਰਨ ਦੀ ਵੀ ਜ਼ਰੂਰਤ ਨਹੀਂ ਰਹਿਣੀ। ਸਾਰਾ ਕੁੱਝ ਆਪਣੇ ਆਪ ਹੀ ਮਿਲ ਜਾਣਾ ਹੈ।
ਮੈਂ ਭਾਈ ਅਜੀਤ ਸਿੰਘ ਢਾਡੀ ਨੂੰ ਦੱਸਿਆ ਕਿ ਗਿਆਨੀ ਜੀ ਹੱਦ ਤਾਂ ਓਦੋਂ ਹੋ ਗਈ ਜਦੋਂ ਸੁਖਮਨੀ ਸਾਹਿਬ ਦੀਆਂ ਇਹਨਾਂ ਪੰਗਤੀਆਂ `ਤੇ ਪਹਿਰਾ ਦਿੱਤਾ ਕਿ ਸਾਧ ਦੇ ਚਰਨ ਧੋ ਧੋ ਕੇ ਪੀਣ ਨਾਲ ਸਾਨੂੰ ਅਨੋਖਾ ਬ੍ਰਹਮ ਗਿਆਨ ਹੋ ਜਾਏਗਾ। ਤੇ ਕਈ ਵਾਰੀ ਇਹਨਾਂ ਤੁਕਾਂ ਨੂੰ ਪੜ੍ਹਦੇ ਰਹਿੰਦੇ ਸੀ-- ਚਰਨ ਸਾਧ ਕੇ ਧੋਇ ਧੋਇ ਪੀਉ।। ਅਰਪਿ ਸਾਧ ਕਉ ਅਪਨਾ ਜੀਉ।। ਹਨੇਰ ਸਾਂਈ ਦਾ ਸਾਡਾ ਆਤਮਿਕ ਵਿਕਾਸ ਏੰਨਾ ਮਰ ਚੁਕਿਆ ਸੀ ਕਿ ਮੈਂ `ਤੇ ਭਈ ਇਹਨਾਂ ਤੁਕਾਂ `ਤੇ ਪੂਰਾ ਅਮਲ ਕਰਦਿਆਂ ਹੋਇਆਂ ਬਾਬੇ ਦੀ ਪਲਾਸਟਿਕ ਵਾਲੀ ਜੁੱਤੀ ਵਿੱਚ ਪਾਣੀ ਪਾ ਪਾ ਕੇ ਪੀਂਦਾ ਰਿਹਾ ਹਾਂ। ਕਿਉਂ ਹੋਈ ਨਾ ਜੱਗ੍ਹੋਂ ਤੇਰ੍ਹਵੀਂ।
ਅਸਲ ਵਿੱਚ ਜਦੋਂ ਕਿਸੇ ਦੀ ਮਾਨਸਿਕਤਾ ਵਿੱਚ ਵਿਕਾਸ ਦੀ ਖੜੋਤ ਆ ਜਾਏ ਓਦੋਂ ਬੰਦਾ ਏਦਾਂ ਦੇ ਕੰਮ ਕਰਦਾ ਰਹਿੰਦਾ ਹੈ ਤੇ ਕਿਸੇ ਦੀ ਸੁਣਨ ਮੰਨਣ ਲਈ ਤਿਆਰ ਵੀ ਨਹੀਂ ਹੁੰਦਾ। ਇਹ ਤਾਂ ਬਾਬੇ ਦੇ ਛਿੱਤਰਾਂ ਵਿੱਚ ਪਾਣੀ ਪਾ ਕੇ ਪੀਂਦੇ ਰਹੇ ਹਨ ਵਰਨਾ ਹੁਣ ਵੀ ਕਈ ਵਾਰੀ ਮੁੱਖੜਾ ਪੋਥੀ `ਤੇ ਏਦਾਂ ਦੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲ ਜਾਂਦੀਆਂ ਹਨ ਕਿ ਜਿੱਥੇ ਬਾਬਾ ਜੀ ਨੇ ਇਸ਼ਨਾਨ ਕੀਤਾ ਕਈ ਇਸ਼ਨਾਨ ਵਾਲੇ ਪਾਣੀ ਨੂੰ ਪੀਂਦੇ ਹਨ। ਬਹੁਤੇ ਬਾਬਿਆਂ ਦਾ ਅੱਜ ਵੀ ਝੂਠਾ ਭੋਜਨ ਖਾਂਦਿਆਂ ਭੋਰਾ ਸ਼ਰਮ ਮਹਿਸੁਸ ਨਹੀਂ ਕਰਦੇ। ਜਦੋਂ ਕਿਸੇ ਨੂੰ ਆਤਮਕ ਤੋਰ `ਤੇ ਗੁਲਾਮ ਕਰਨਾ ਹੋਵੇ ਤਾਂ ਘੱਟੀਆ ਤੋਂ ਘੱਟੀਆਂ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਬਾਬੇ ਦੇ ਖੁਰਕ ਖਾਧੇ ਚਰਨਾਂ ਦਾ ਗੰਦਾ ਪਾਣੀ ਵੀ ਕਈ ਅਕਲ ਦੇ ਅੰਨ੍ਹੇ ਪੀਂਦੇ ਦੇਖੇ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਸਿੱਖਿਆ ਨੂੰ ਨਾ ਸਮਝਣ ਕਰਕੇ ਅੱਜ ਵੀ ਕਈ ਭੋਲ਼ੇ ਸਿੱਖਾਂ ਨੂੰ ਰੁੱਖਾਂ ਦੀ ਪੂਜਾ ਬਾਬਿਆਂ ਦੇ ਸਰੋਵਰਾਂ ਦਾ ਜਲ ਬੋਤਲਾਂ ਵਿੱਚ ਲਿਆ ਕੇ ਆਪ ਅਤੇ ਆਪਣੇ ਬੱਚਿਆਂ ਨੂੰ ਪਿਲਾਉਂਦੇ ਦੇਖੀ ਦੇ ਹਨ। ਰੱਬ ਜੀ ਭਲਾ ਕਰਿਓ!




.