ਗੁਰਬਾਣੀ ਰੂਹਾਨੀ ਤੇ ਸੰਸਾਰਕ ਦੋਵੇਂ ਖੇਤਰਾਂ ਵਿੱਚ ਸਾਡੀ ਅਗਵਾਈ ਕਰਦੀ
ਹੈ। ਗੁਰਬਾਣੀ ਵਿਚੋਂ ਸਾਨੂੰ ੧੫ ਵੀਂ ਤੇ ੧੬ਵੀਂ ਸਦੀ ਦੇ ਭਾਰਤ ਦੇ ਸਮਾਜਕ, ਧਾਰਮਕ ਤੇ ਰਾਜਸੀ
ਇਤਿਹਾਸ ਦੀ ਕਈ ਝਾਕੀਆਂ ਨਜ਼ਰ ਆਉਦੀਆਂ ਹਨ ਅਤੇ ਅਸੀਂ ਉਨ੍ਹਾਂ ਤੋਂ ਬਹੁਤ ਸਿੱਖਿਆ ਲੈ ਸਕਦੇ ਹਾਂ।
ਵਿਸ਼ੇਸ਼ ਕਰ ਕੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਕਈ ਸ਼ਬਦਾਂ ਵਿੱਚ ਅਪਣੇ ਸਮੇਂ ਦੇ
ਹਾਲਾਤ ਤੇ ਕਾਫੀ ਚਾਨਣਾ ਪਾਇਆ ਹੈ। ਬਾਬਰ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਕਿ ਲੋਧੀ
ਖਾਨਦਾਨ ਦੇ ਰਾਜਿਆਂ ਦੇ ਸਮੇਂ ਰਾਜ ਪ੍ਰਬੰਧ ਦਾ ਹਾਲ ਬਹੁਤ ਖਰਾਬ ਸੀ, ਰਿਸ਼ਵਤ ਦਾ ਰਾਜ ਸੀ ਅਤੇ
ਇਨਸਾਫ ਦਾ ਨਾਂ ਹੀ ਮਿਟ ਚੁਕਾ ਸੀ। ਹਿੰਦੂਆਂ ਨਾਲ ਘਿਰਣਾ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਦੇ ਜਾਨ,
ਮਾਲ ਤੇ ਇੱਜ਼ਤ ਖਤਰੇ ਵਿੱਚ ਸਨ। ਹਿੰਦੂਆਂ ਨੇ ਇਨ੍ਹਾਂ ਨੂੰ ਬਚਾਉਣ ਲਈ ਪਖੰਡ ਤੇ ਝੂਠ ਦਾ ਸਹਾਰਾ ਲੈ
ਰਖਿਆ ਸੀ। ਉਹਨਾਂ ਨੇ ਦਿਖਾਵੇ ਲਈ ਮੁਸਲਮਾਨਾਂ ਵਾਲੇ ਰਿਵਾਜ ਅਪਨਾ ਲਏ ਸਨ।
ਗੁਰੂ ਨਾਨਕ ਦੇਵ ਜੀ ਨੇ ਪਠਾਣ ਤੇ ਮੁਗਲ ਦੋਵੇਂ ਰਾਜਾਂ ਦੇ ਵਿਰੁਧ ਲਿਖਿਆ
ਹੈ ਅਤੇ ਉਹਨਾਂ ਦੇ ਹਿੰਦੂਆਂ ਨਾਲ ਪੱਖਪਾਤੀ ਵਤੀਰੇ ਵਿਰੁਧ ਜ਼ੋਰਦਾਰ ਅਵਾਜ਼ ਉਠਾਈ ਹੈ। ਹੇਠ
ਲਿਖੀਆਂ ਤੁਕਾਂ ਰਾਹੀਂ ਗੁਰੂ ਜੀ ਨੇ ਨਿਡਰ ਹੋ ਕੇ ਰਾਜੇ ਤੇ ਉਹਨਾਂ ਦੇ ਵਜ਼ੀਰਾਂ ਨੂੰ ਕਸਾਈ ਤੇ
ਕੁੱਤੇ ਕਿਹਾ ਹੈ ਜੋ ਪਰਜਾ ਦਾ ਖੂਨ ਪੀਂਦੇ ਤੇ ਵੱਢੀ ਲੈਂਦੇ ਸਨ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।। (ਪੰਨਾ ੧੪੫)
ਭਾਵ: ਇਹ ਘੋਰ ਕਲ-ਜੁਗੀ ਸੁਭਾਉ (ਮਾਨੋਂ) ਛੁਰੀ ਹੈ ਜਿਸ ਕਰ ਕੇ ਰਾਜੇ ਜ਼ਾਲਮ
ਹੋ ਗਏ ਹਨ ਅਤੇ ਧਰਮ ਪੰਖ ਲਾ ਕੇ ਉੱਡ ਗਿਆ ਹੈ। ਕੂੜ ਮਾਨੋਂ ਕਾਲੀ ਰਾਤ ਹੈ ਤੇ ਸੱਚ-ਰੂਪ ਚੰਦ੍ਰਮਾ
ਕਿਤੇ ਚੜ੍ਹਿਆ ਦਿੱਸਦਾ ਨਹੀਂ ਹੈ।
ਰਾਜੇ ਸੀਹ ਮੁਕਦਮ ਕੁਤੇ।। ਜਾਇ ਜਗਾਇਨਿੑ ਬੈਠੇ ਸੁਤੇ।। (ਪੰਨਾ ੧੨੮੮)
ਭਾਵ: ਰਾਜੇ ਮਾਨੋਂ ਸ਼ੇਰ ਹਨ ਤੇ ਉਹਨਾਂ ਦੇ ਅਹਲਕਾਰ ਮਾਨੋਂ ਕੁੱਤੇ ਹਨ ਜੋ
ਬੈਠੇ-ਸੁੱਤੇ ਬੰਦਿਆਂ ਨੂੰ ਵੇਲੇ ਕੁਵੇਲੇ ਜਾ ਜਗਾਂਦੇ ਹਨ (ਤੰਗ ਕਰਦੇ ਹਨ)।
ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ।। (ਪੰਨਾ ੧੧੯੧)
ਭਾਵ: ਰਿਵਾਜ ਅਨੁਸਾਰ ਮੰਦਰਾ ਤੇ ਦੇਵਤਿਆਂ ਤੇ ਵੀ ਟੈਕਸ ਲੱਗਾ ਹੋਇਆ ਹੈ।
ਦਰਸਨਿ ਦੇਖਿਐ ਦਇਆ ਨ ਹੋਇ।। ਲਏ ਦਿਤੇ ਵਿਣੁ ਰਹੈ ਨ ਕੋਇ।।
ਰਾਜਾ ਨਿਆਉ ਕਰੇ ਹਥਿ ਹੋਇ।। ਕਹੈ ਖੁਦਾਇ ਨ ਮਾਨੈ ਕੋਇ।। (ਪੰਨਾ ੩੫੦)
ਭਾਵ: ਕਿਸੇ ਨੂੰ ਵੀ ਬੇਨਤੀ ਕਰਨ ਵਾਲੇ ਨੂੰ ਵੇਖਣ ਨਾਲ ਤਰਸ ਨਹੀਂ ਆਉਂਦਾ।
ਐਹੋ ਜੇਹਾ ਕੋਈ ਨਹੀਂ ਜੋ ਵੱਢੀ ਲੈਂਦਾ ਜਾਂ ਦਿੰਦਾ ਨਹੀਂ। ਰਾਜਾ ਵੀ ਤਦੋਂ ਇਨਸਾਫ ਕਰਦਾ ਹੈ ਜਦ
ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ। ਕੇਵਲ ਰੱਬ ਦੇ ਨਾਮ ਤੇ ਉਹ ਨਹੀਂ ਪਸੀਚਦਾ।
ਕਾਜੀ ਹੋਇ ਕੈ ਬਹੈ ਨਿਆਇ।। ਫੇਰੇ ਤਸਬੀ ਕਰੇ ਖੁਦਾਇ।।
ਵਢੀ ਲੈ ਕੈ ਹਕੁ ਗਵਾਏ।। ਜੇ ਕੋ ਪੁਛੈ ਤਾ ਪੜਿ ਸੁਣਾਏ।। (ਪੰਨਾ ੯੫੧)
ਭਾਵ: ਕਾਜ਼ੀ ਬਣ ਕੇ ਉਹ ਇਨਸਾਫ ਕਰਨ ਲਈ ਬੈਠਦਾ ਹੈ। ਉਹ ਮਾਲਾ ਫੇਰਦਾ ਹੈ ਤੇ
ਅੱਲਾ ਅੱਲਾ ਆਖਦਾ ਹੈ, ਪਰ ਰਿਸ਼ਵਤ ਲੈ ਕੇ ਉਹ ਬੇਇਨਸਾਫੀ ਕਰਦਾ ਹੈ। ਜੇਕਰ ਕੋਈ ਪੁਛੇ ਤਾਂ ਉਹ ਕੋਈ
ਨਾ ਕੋਈ ਹਵਾਲਾ ਪੜ੍ਹ ਸੁਣਾਉਂਦਾ ਹੈ।
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ।। (ਪੰਨਾ ੪੬੮)
ਭਾਵ: ਜੀਵਾਂ ਦੇ ਹਿਰਦੇ ਵਿਚੋਂ ਸੱਚ ਉੱਡ ਗਿਆ ਹੈ ਅਤੇ ਕੂੜ ਪਰਧਾਨ ਹੋ
ਰਿਹਾ ਹੈ। ਕਲਜੁਗ ਦੇ ਪਾਪਾਂ ਦੀ ਕਾਲਖ ਦੇ ਕਾਰਨ ਜੀਵ ਭੂਤਨੇ ਬਣ ਗਏ ਹਨ।
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਸਮੇਂ ਭਾਰਤ ਦੀ ਤਬਾਹੀ ਤੇ ਲੋਕਾਂ
ਦੀ ਬੁਰੀ ਹਾਲਤ ਦਾ ਜ਼ਿਕਰ ਕੀਤਾ ਹੈ ਤੇ ਲੜਾਈ ਦਾ ਅਖੀਂ ਵੇਖਿਆ ਹਾਲ ਲਿਖਿਆ ਹੈ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।। (ਪੰਨਾ ੩੬੦)
ਭਾਵ: ਖੁਰਾਸਾਨ ਦੇ ਇਲਾਕੇ ਨੂੰ ਕਿਸੇ ਦੇ ਹਵਾਲੇ ਕਰ ਬਾਬਰ ਨੇ ਹਮਲਾ ਕਰ ਕੇ
ਭਾਰਤ ਨੂੰ ਡਰਾ ਦਿੱਤਾ।
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।।
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।।
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ।। (ਪੰਨਾ ੭੨੨)
ਭਾਵ: ਹੇ ਲਾਲੋ! ਬਾਬਰ ਪਾਪ ਦੀ ਜੰਜ ਲੈ ਕੇ ਕਾਬਲੋਂ ਮਾਰ ਮਾਰ ਕਰਦਾ ਆਇਆ
ਹੈ ਅਤੇ ਧਿੰਗੋਜ਼ੋਰੀ ਭਾਰਤ ਦੀ ਦਾਜ ਵਜੋਂ ਮੰਗ ਕਰ ਰਿਹਾ ਹੈ। ਲੱਜਿਆ ਤੇ ਸਚਾਈ ਦੋਵੇਂ ਹੀ ਅਲੋਪ ਹੋ
ਗਏ ਹਨ ਅਤੇ ਝੂਠ ਆਗੂ ਬਣਿਆ ਫਿਰਦਾ ਹੈ। ਕਾਜ਼ੀਆਂ ਤੇ ਬ੍ਰਾਹਮਣਾਂ ਦਾ ਕੰਮ ਧੰਧਾ ਮੁਕ ਗਿਆ ਹੈ ਅਤੇ
ਹੁਣ ਵਿਆਹ ਵੀ ਸ਼ੇਤਾਨ ਕਰਾਉਂਦਾ ਹੈ।
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ।। ਸੇ ਸਿਰ ਕਾਤੀ ਮੁੰਨੀਅਨਿੑ
ਗਲ ਵਿਚਿ ਆਵੈ ਧੂੜਿ।।
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿੑ ਹਦੂਰਿ।। (ਪੰਨਾ ੪੧੭)
ਭਾਵ: ਜਿਨ੍ਹਾਂ ਸੁੰਦਰੀਆਂ ਦੇ ਸਿਰ ਉਤੇ ਕੇਸਾਂ ਦੇ ਵਿਚਕਾਰ ਚੀਰ ਵਿੱਚ
ਸੰਧੂਰ ਪਾ ਕੇ ਕੇਸਾਂ ਦੀਆਂ ਪੱਟੀਆਂ ਸੋਭਦੀਆਂ ਸਨ ਉਹਨਾਂ ਦੇ ਕੇਸ ਮੁੰਨ ਦਿੱਤੇ ਗਏ ਹਨ ਤੇ ਉਨਹਾਂ
ਦੇ ਮੂੰਹ ਵਿੱਚ ਮਿੱਟੀ ਪੈ ਰਹੀ ਹੈ। ਜੇਹੜੀਆਂ ਪਹਿਲੇ ਆਪਣੇ ਮਹਲਾਂ ਵਿੱਚ ਵੱਸਦੀਆਂ ਸਨ, ਹੁਣ
ਉਹਨਾਂ ਨੂੰ ਮਹਲਾਂ ਦੇ ਨੇੜੇ ਭੀ ਢੁਕਣ ਨਹੀਂ ਦਿੱਤਾ ਜਾਂਦਾ।
ਇਕਨਾੑ ਪੇਰਣ ਸਿਰ ਖੁਰ ਪਾਟੇ ਇਕਨਾੑ ਵਾਸੁ ਮਸਾਣੀ।। (ਪੰਨਾ ੪੧੮)
ਭਾਵ: ਕਈ ਔਰਤਾਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ
ਹਨ ਤੇ ਕਈਆਂ ਦਾ ਮਰ ਕੇ ਮਸਾਣਾਂ ਵਿੱਚ ਜਾ ਵਾਸਾ ਹੋਇਆ ਹੈ।
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ।।
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ।। (ਪੰਨਾ ੪੧੭)
ਭਾਵ: ਹਾਕਮਾਂ ਨੇ ਐਸ਼ ਤੇ ਤਮਾਸ਼ਿਆਂ ਵਿੱਚ ਆਪਣਾ ਫਰਜ਼ ਭੁੱਲਾ ਦਿੱਤਾ ਸੀ।
ਹੁਣ ਜਦੋਂ ਬਾਬਰ ਦੀ ਦੁਹਾਈ ਫਿਰੀ ਹੈ ਤਾਂ ਪਠਾਣ ਸ਼ਾਹਜ਼ਾਦੇ ਵੀ ਰੋਟੀ ਨਹੀਂ ਖਾ ਸਕਦੇ।
ਥਾਨ ਮਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ।। (ਪੰਨਾ ੪੧੮)
ਭਾਵ: ਪੱਕੇ ਮਹਲ ਮੁਗਲਾਂ ਦੀ ਲਾਈ ਅੱਗ ਨਾਲ ਸੜ ਕੇ ਸੁਆਹ ਹੋ ਗਏ ਅਤੇ
ਮੁਗਲਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਟੋਟੇ ਕਰ ਕੇ ਮਿੱਟੀ ਵਿੱਚ ਰੋਲ ਦਿੱਤਾ।
ਰਤਨ ਵਿਗਾੜਿ ਵਿਗੋਏ ਕੁਤਂ
ਭਾਵ: ਇਨਹਾਂ ਹਮਲਾ ਕਰਨ ਵਾਲਿਆਂ ਕੁੱਤਿਆਂ ਨੇ ਭਾਰਤ ਵਰਗੇ ਰਤਨ ਨੂੰ ਤਬਾਹ
ਕਰ ਦਿੱਤਾ ਹੈ ਅਤੇ ਮਰੇ ਪਿਆਂ ਦੀ ਵੀ ਕੋਈ ਸਾਰ ਨਹੀਂ ਲੈਂਦਾ।
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ।। (ਪੰਨਾ ੪੧੭)
ਭਾਵ: ਜੇ ਪਠਾਣ ਰਾਜੇ ਪਹਿਲਾਂ ਹੀ ਆਪਣੇ ਫਰਜ਼ ਨੂੰ ਚੇਤੇ ਰੱਖਦੇ ਤਾਂ ਅਜੇਹੀ
ਸਜ਼ਾ ਕਿਉਂ ਮਿਲਦੀ।
ਗੁਰੂ ਨਾਨਕ ਦੇਵ ਜੀ ਨੇ ਲੜਾਈ ਦੇ ਢੰਗ ਤੇ ਉਸ ਵਿੱਚ ਵਰਤੇ ਜਾਂਦੇ ਹਥਿਆਰਾਂ
ਦਾ ਵੀ ਜ਼ਿਕਰ ਕੀਤਾ ਹੈ:
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ।। (ਪੰਨਾ ੪੧੭)
ਭਾਵ: ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਬਾਬਰ ਹੱਲਾ ਕਰ ਕੇ ਆ ਰਿਹਾ ਹੈ,
ਤਾਂ ਉਹਨਾਂ ਅਨੇਕਾਂ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ।
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ।।
ਓਨੀੑ ਤੁਪਕ ਤਾਣਿ ਚਲਾਈ ਓਨੀੑ ਹਸਤਿ ਚਿੜਾਈ।। (ਪੰਨਾ ੪੧੮)
ਭਾਵ: ਜਦੋਂ ਮੁਗਲਾਂ ਤੇ ਪਠਾਣਾਂ ਦੀ ਲੜਾਈ ਹੋਈ, ਤਾਂ ਲੜਾਈ ਦੇ ਮੈਦਾਨ
ਵਿੱਚ ਦੋਹਾਂ ਨੇ ਤਲਵਾਰ ਚਲਾਈ। ਉਹਨਾਂ (ਮੁਗਲਾਂ) ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਕੇ ਗੋਲੀਆਂ
ਚਲਾਈਆਂ, ਪਰ ਪਠਾਣਾਂ ਨੇ ਹਾਥੀਆਂ ਨਾਲ ਹਮਲਾ ਕੀਤਾ।
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ।। ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ
ਰਾਸਿ।।
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ।। ਗੁਰੂ ਨਾਨਕ ਦੇਵ (ਪੰਨਾ
੪੧੭)
ਭਾਵ: ਜਦੋਂ ਰਾਣੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ
ਸੋਹਣੇ ਲੱਗ ਰਹੇ ਸਨ, ਉਹ ਪਾਲਕੀਆਂ ਵਿੱਚ ਬੈਠ ਕੇ ਆਈਆਂ ਸਨ। ਉਹਨਾਂ ਦੀਆਂ ਬਾਹਾਂ ਤੇ ਹਾਥੀ -ਦੰਦ
ਦੇ ਚੂੜੇ ਸਜੇ ਹੋਏ ਸਨ। ਉਹਨਾਂ ਉਤੋਂ ਸਗਨਾਂ ਦਾ ਪਾਣੀ ਵਾਰਿਆ ਜਾਂਦਾ ਸੀ ਤੇ ਸ਼ੀਸ਼ਿਆਂ-ਜੜੇ ਪੱਖੇ
ਉਹਨਾਂ ਦੇ ਹੱਥਾਂ ਵਿੱਚ ਲਿਸ਼ਕ ਰਹੇ ਸਨ।
ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ ਕਿ ਉਸ ਸਮੇਂ ਮੁਸਲਿਮ ਸਭਿਅਤਾ ਤੇ
ਰਿਵਾਜ ਪ੍ਰਚਲਤ ਸਨ। ਹਿੰਦੂਆਂ ਨੇ ਆਪਣੀ ਰਿਵਾਜਾਂ ਨੂੰ ਵੀ ਭੁੱਲਾ ਦਿਤਾ ਸੀ ਤੇ ਆਪਣੀ ਬੋਲੀ ਤੋਂ
ਵੀ ਮੂੰਹ ਮੋੜ ਲਿਆ ਸੀ:
ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ।।
ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ।। (ਪੰਨਾ ੧੧੯੧)
ਭਾਵ: ਹੁਣ ਲੋਟਾ, ਬਾਂਗ, ਨਿਮਾਜ਼ ਤੇ ਮੁਸੱਲਾ ਪ੍ਰਧਾਨ ਹਨ, ਪਰਮਾਤਮਾ ਦੀ
ਬੰਦਗੀ ਕਰਨ ਵਾਲਿਆਂ ਨੇ ਨੀਲਾ ਬਾਣਾ ਪਹਿਨਿਆ ਹੋਇਆ ਹੈ। ਹੁਣ ਬੰਦਿਆਂ ਦੀ ਬੋਲੀ ਹੋਰ ਹੋ ਗਈ ਹੈ,
ਹਰੇਕ ਘਰ ਵਿੱਚ ਸਭ ਜੀਵਾਂ ਦੇ ਮੂੰਹ ਵਿੱਚ ਮੀਆਂ ਦਾ ਸ਼ਬਦ ਵਰਤਿਆ ਜਾਂਦਾ ਹੈ।
ਆਦਿ ਪੁਰਖ ਕਉ ਅਲਾਹੁ ਕਹੀਐ ਸੇਖਾਂ ਆਈ ਵਾਰੀ।। (ਪੰਨਾ ੧੧੯੧)
ਭਾਵ: ਜਿਸ ਰੱਬ ਨੂੰ ਪਹਿਲੇ ਆਦਿ ਪੁਰਖ ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲਾ
ਆਖਿਆ ਜਾ ਰਿਹਾ ਹੈ। ਹੁਣ ਮੁਸਲਮਾਨਾਂ ਦਾ ਰਾਜ ਹੈ।
ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ।। (ਪੰਨਾ ੯੦੩)
ਭਾਵ: ਇਸ ਕਲਜੁਗ (ਇਸਲਾਮੀ ਹਕੂਮਤ) ਵਿੱਚ ਝਗੜੇ ਵਧਾਣ ਵਾਲਾ ਇਸਲਾਮੀ ਕਾਨੂਨ
ਹੀ ਫੈਸਲੇ ਕਰਦਾ ਹੈ। ਨਿਆਂ ਕਰਨ ਵਾਲਾ ਕਾਜ਼ੀ ਵੱਢੀ-ਖੋਰ (ਕਾਲਾ) ਹੋ ਚੁਕਾ ਹੈ।
ਗੁਰਬਾਣੀ ਵਿੱਚ ਲਿਖਿਆ ਹੈ ਕਿ ਧਾਰਮਕ ਆਗੂ ਪਖੰਡੀ ਬਣ ਗਏ ਸਨ। ਪਖੰਡੀ
ਹਿੰਦੂ ਘਰ ਵਿੱਚ ਤਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ, ਪਰ ਲੋਕਾਂ ਦੇ ਸਾਹਮਣੇ ਕੁਰਾਨ ਸ਼ਰੀਫ
ਪੜ੍ਹਦੇ ਤੇ ਇਸਲਾਮੀ ਪਹਿਰਾਵਾ ਪਹਿਨਦੇ ਸਨ: ਕਾਦੀ ਕੂੜ ਬੋਲਿ ਮਲੁ ਖਾਇ।। ਬ੍ਰਾਹਮਣੁ ਨਾਵੈ
ਜੀਆ ਘਾਇ।।
ਜੋਗੀ ਜੁਗਤਿ ਨ ਜਾਣੈ ਅੰਧੁ।। ਤੀਨੇ ਓਜਾੜੇ ਕਾ ਬੰਧੁ।। (ਪੰਨਾ ੬੬੨)
ਭਾਵ: ਕਾਜ਼ੀ ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ
ਸ਼ੂਦਰਾਂ ਨੂੰ ਦੁਖੀ ਕਰ ਕੇ ਤੀਰਥ-ਇਸ਼ਨਾਨ ਵੀ ਕਰਦਾ ਹੈ। ਜੋਗੀ ਵੀ ਅੰਨ੍ਹਾ ਹੈ ਤੇ ਜੀਵਨ ਦੀ ਜਾਚ
ਨਹੀਂ ਜਾਣਦਾ। ਇਹ ਤਿੰਨੇ ਧਾਰਮਕ ਨੇਤਾ ਹਨ, ਪਰ ਇਨਹਾਂ ਦੇ ਅੰਦਰ ਆਤਮਕ ਜੀਵਨ ਵਲੋਂ ਖਾਲੀ ਹਨ।
ਮਥੈ ਟਿਕਾ ਤੇੜਿ ਧੋਤੀ ਕਖਾਈ।। ਹਥਿ ਛੁਰੀ ਜਗਤ ਕਾਸਾਈ।। (ਪੰਨਾ੪੭੨)
ਭਾਵ: ਹਿੰਦੂ ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂੲੈ ਰੰਗ ਦੀ
ਧੋਤੀ ਬੰਨ੍ਹਦੇ ਹਨ, ਪਰ ਹੱਥ ਵਿੱਚ ਛੁਰੀ ਫੜੀ ਹੋਈ ਹੈ (ਜੀਵਾਂ ਉੱਤੇ ਜ਼ੁਲਮ ਕਰਦੇ ਹਨ)।
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ।।
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ।।
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ।। (ਪੰਨਾ ੪੭੧)
ਭਾਵ: ਹੇ ਭਾਈ! ਤੂੰ ਗਊ ਅਤੇ ਬ੍ਰਾਹਮਣ ਨੂੰ ਦਰਿਆ ਤੋਂ ਪਾਰ ਲੰਘਾਣ ਦਾ
ਮਸੂਲ ਲੈਂਦਾ ਹੈਂ, ਫਿਰ ਗਊ ਦੇ ਗੋਬਰ ਨਾਲ ਪੋਚਾ ਫੇਰਿਆਂ ਤੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ
ਸਕਦਾ। ਤੂੰ ਧੋਤੀ ਪਹਿਨਦਾ ਹੈਂ, ਮੱਥੇ ਤੇ ਟਿੱਕਾ ਲਾਂਦਾ ਹੈਂ ਅਤੇ ਮਾਲਾ ਫੇਰਦਾ ਹੈਂ, ਪਰ
ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ ਉਨ੍ਹਾਂ ਤੋਂ ਮੰਗ ਕੇ ਖਾਂਦਾ ਹੈਂ। ਤੂੰ ਅੰਦਰ ਬੈਠ ਕੇ ਚੋਰੀ
ਚੋਰੀ ਪੂਜਾ ਕਰਦਾ ਹੈਂ, ਪਰ ਵਿਖਾਲਣ ਵਾਸਤੇ ਕੁਰਾਨ ਆਦਿ ਪੜ੍ਹਦਾ ਹੈਂ ਤੇ ਮੁਸਲਮਾਨਾਂ ਵਾਲੀ ਰਹਿਤ
ਰਖਦਾ ਹੈਂ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ।। ਗਲੀ ਜਿਨਾੑ ਜਪਮਾਲੀਆ ਲੋਟੇ
ਹਥਿ ਨਿਬਗ।।
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ।। ਭਗਤ ਕਬੀਰ ਜੀ (ਪੰਨਾ
੪੭੬)
ਭਾਵ: ਉਹ ਸਾਢੇ ਤਿੰਨ ਗਜ਼ ਲੰਮੀਆਂ ਧੋਤੀਆਂ ਪਹਿਨਦੇ ਹਨ ਅਤੇ ਤਿਹਰੀਆਂ
ਤੰਦਾਂ ਵਾਲੇ ਜਨੇਊ ਪਾਂਦੇ ਹਨ। ਉਹਨਾਂ ਦੇ ਗਲਾਂ ਵਿੱਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਦੇ ਲੋਟੇ
ਹਨ, ਪਰ ਲਛਣਾਂ ਕਰਕੇ ਉਹ ਸੰਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ ਬਨਾਰਸ ਦੇ ਠੱਗ ਹਨ।
ਗੁਰਬਾਣੀ ਵਿੱਚ ਉਸ ਸਮੇਂ ਦੀ ਸਮਾਜਕ ਹਾਲਤ ਦਾ ਵਰਨਣ ਕਈ ਥਾਈਂ ਕੀਤਾ ਗਿਆ
ਹੈ। ਗੁਰੂ ਅਮਰ ਦਾਸ ਜੀ ਨੇ ਸਤੀ ਦੀ ਰਸਮ ਜੋ ਉਸ ਸਮੇਂ ਪਰਚਲਤ ਸੀ ਦਾ ਜ਼ਿਕਰ ਵੀ ਕੀਤਾ ਹੈ।
ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ ਕਿ ਹਿੰਦੂਆਂ ਵਿੱਚ ਜਾਤ ਪਾਤ ਦਾ ਰਿਵਾਜ ਸੀ ਅਤੇ ਸ਼ੂਦਰਾਂ ਤੇ
ਗਰੀਬਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ। ਜ਼ਿਮੀਂਦਾਰ ਮਜ਼ਦੂਰਾਂ ਦਾ ਖੂਨ ਚੂਸ ਰਹੇ ਸਨ ਤੇ
ਉਨਹਾਂ ਦੀ ਲਹੂ ਪਸੀਨੇ ਦੀ ਕਮਾਈ ਤੇ ਐਸ਼ ਕਰ ਰਹੇ ਸਨ।
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ।।
ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨਿੑ।। (ਪੰਨਾ੭੮੭)
ਭਾਵ: ਕੇਵਲ ਉਹ ਇਸਤ੍ਰੀਆਂ ਹੀ ਸਤੀ ਹੋ ਗਈਆਂ ਨਹੀਂ ਆਖੀ ਜਾਦੀਆਂ ਜੋ ਪਤੀ
ਦੀ ਲੋਥ ਦੇ ਨਾਲ ਸੜ ਮਰਦੀਆਂ ਹਨ। ਹੇ ਨਾਨਕ! ਜੋ ਪਤੀ ਦੀ ਮੌਤ ਤੇ ਵਿਛੋੜੇ ਦੀ ਸੱਟ ਨਾਲ ਮਰ ਜਾਣ
ਉਹਨਾਂ ਨੂੰ ਵੀ ਸਤੀ ਹੋ ਗਈਆਂ ਸਮਝਣਾ ਚਾਹੀਦਾ ਹੈ।
ਖਤ੍ਰੀ ਬ੍ਰਾਹੂਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।। (ਪੰਨਾ੭੪੭)
ਭਾਵ: ਨਾਮ ਸਿਮਰਨ ਦਾ ਉਪਦੇਸ਼ ਖੱਤ੍ਰੀ, ਬ੍ਰਾਹਮਣ, ਵੈਸ਼ ਅਤੇ ਸ਼ੂਦਰ ਚੌਹਾਂ
ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ।
ਭਗਤ ਨਾਮ ਦੇਵ ਤੇ ਭਗਤ ਕਬੀਰ ਜੋ ਪਛੜੀਆਂ ਸ਼੍ਰੈਣੀਆਂ ਵਿਚੋਂ ਸਨ ਨੇ
ਉੱਚੀਆਂ ਜਾਤੀਆਂ ਵਲੋਂ ਕੀਤੀ ਆਪਣੀ ਦੁਰਗਤੀ ਦਾ ਹਾਲ ਵੀ ਲਿਖਿਆ ਹੈ:
ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ।। ਭਗਤ ਨਾਮ ਦੇਵ ਜੀ
(ਪੰਨਾ੧੨੯੨)
ਭਾਵ: ਹੇ ਵਾਹਿਗੁਰੂ! ਇਹਨਾਂ ਪਾਂਡਿਆਂ ਨੇ ਸ਼ੂਦਰ ਸ਼ੂਦਰ ਆਖ ਆਖ ਕੇ ਤੇ ਮਾਰ
-ਕੁਟਾਈ ਕਰ ਕੇ ਮੈਨੂੰ ਉਠਾਲ ਦਿੱਤਾ ਹੈ। ਹੁਣ ਮੈਂ ਕੀ ਕਰਾਂ?
ਭੁਜਾ ਬਾਂਧਿ ਭਿਲਾ ਕਰਿ ਡਾਰਿਓ।। ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ।। ਭਗਤ
ਕਬੀਰ (ਪੰਨਾ੮੭੦)
ਭਾਵ: ਇਹਨਾਂ ਲੋਕਾਂ ਨੇ ਮੇਰੀਆਂ ਬਾਹਾਂ ਬੰਨ੍ਹ ਕੇ ਢੇਮ ਵਾਂਗ ਮੈਨੂੰ
ਹਾਥੀ ਅੱਗੇ ਸੁੱਟ ਦਿੱਤਾ ਹੈ ਅਤੇ ਮਹਾਵਤ ਨੇ ਗੁੱਸੇ ਵਿੱਚ ਆ ਕੇ ਹਾਥੀ ਦੇ ਸਿਰ ਉੱਤੇ ਸੱਟ ਮਾਰੀ
ਹੈ।
ਜਉ ਰਾਖਾ ਖੇਤ ਊਪਰਿ ਪਰਾਏ।। ਖੇਤੁ ਖਸਮ ਕਾ ਰਾਖਾ ਉਠਿ ਜਾਏ।।
ਉਸੁ ਖੇਤ ਕਾਰਣਿ ਰਾਖਾ ਕੜੈ।। ਤਿਸ ਕੈ ਪਾਲੈ ਕਛੂ ਨ ਪੜੈ।। ਗੁਰੂ
ਅਰਜਨ ਦੇਵ (ਪੰਨਾ ੧੭੯)
ਭਾਵ: ਰਾਖਾ ਕਿਸੇ ਹੋਰ ਦੇ ਖੇਤ ਦੀ ਰਾਖੀ ਕਰਦਾ ਹੈ, ਪਰ ਫਸਲ ਪਕਣ ਤੇ ਫਸਲ
ਮਾਲਕ ਦੀ ਹੋ ਜਾਂਦੀ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ। ਰਾਖਾ ਉਸ ਪਰਾਏ ਖੇਤ ਦੀ ਰਾਖੀ ਕਰ ਕੇ
ਦੁਖੀ ਹੁੰਦਾ ਹੈ, ਪਰ ੳੇਸ ਨੂੰ ਕੁੱਝ ਨਹੀਂ ਮਿਲਦਾ।
ਗੁਰਬਾਣੀਵਿਚ ਕਈ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਹੈ ਜੋ ਉਸ ਸਮੇਂ ਵਾਪਰੀਆਂ।
ਗੁਰੂ ਅਰਜਨ ਦੇਵ ਜੀ ਨੇ ੧੫੯੫ ਵਿੱਚ ਚੀਚਕ ਫੈਲਣ ਦਾ ਵਰਨਣ ਕੀਤਾ ਹੈ ਜਦੋਂ ਹਰਗੋਬਿੰਦ ਜੀ ਨੂੰ
ਵੀ ਚੀਚਕ ਨਿਕਲੀ। ਆਪ ਨੇ ਆਪਣੇ ਉਪਰ ਸੁਲਹੀ ਖਾਨ ਦੇ ਹਮਲੇ ਦਾ ਵੀ ਹਵਾਲਾ ਦਿੱਤਾ ਹੈ:
ਸੀਤਲਾ ਤੇ ਰਖਿਆ ਬਿਹਾਰੀ।। ਪਾਰਬ੍ਰਹਮ ਪ੍ਰਭ ਕਿਰਪਾ ਧਾਰੀ।। (ਪੰਨਾ
੨੦੦)
ਭਾਵ: ਹੇ ਪ੍ਰਭੂ! ਤੂੰ ਕਿਰਪਾ ਕਰ ਕੇ (ਹਰਗੋਬਿੰਦ ਨੂੰ) ਚੀਚਕ ਤੋਂ ਬਚਾਇਆ
ਹੈ।
ਸੁਲਹੀ ਤੇ ਨਾਰਾਇਣ ਰਾਖੁ।।
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ।। (ਪੰਨਾ
੮੨੫)
ਭਾਵ: ਹੇ ਪ੍ਰਭੂ! ਸਾਨੂੰ ਸੁਲਹੀ ਖਾਨ ਤੋਂ ਬਚਾ ਲੈ ਅਤੇ ਸੁਲਹੀ ਦਾ ਜ਼ਾਲਮ
ਹੱਥ ਸਾਡੇ ਨੇੜੇ ਨਾਂਹ ਅਪੜ ਸਕੇ। ਪ੍ਰਭੂ ਦੀ ਕਿਰਪਾ ਨਾਲ ਸੁਲਹੀ ਖਾਨ ਮਲੀਨ-ਬੁੱਧਿ ਹੋ ਕੇ ਮਰਿਆ
ਹੈ।
ਮਹਜਰੁ ਝੂਠਾ ਕੀਤੋਨੁ ਆਪਿ।। ਪਾਪੀ ਕਉ ਲਾਗਾ ਸੰਤਾਪੁ।। (ਪੰਨਾ ੧੯੯)
ਭਾਵ: ਸਾਡੇ ਵਿਰੁਧ ਕੀਤੀ ਸ਼ਿਕਾਇਤ ਵਾਹਿਗੁਰੂ ਨੇ ਆਪ ਝੂਠੀ ਸਾਬਤ ਕਰ ਦਿੱਤੀ
ਤੇ ਪਾਪੀਆਂ ਨੂੰ ਦੁਖ ਹੋਇਆ।
ਗੁਰੂ ਨਾਨਕ ਦੇਵ ਜੀ ਨੇ`ਸਿਧ ਗੋਸਟ` ਪੰਨਾ ੯੩੮-੯੪੬ ਵਿੱਚ ਉਹਨਾਂ ਜੋਗੀਆਂ
ਨਾਲ ਆਪਣੀ ਵਾਰਤਾਲਾਪ ਦਾ ਵਰਣਨ ਕੀਤਾ ਹੈ ਜੋ ਸੰਸਾਰ ਤੋਂ ਮੂੰਹ ਮੋੜ ਕੇ ਲੋਕਾਂ ਤੋਂ ਦੂਰ ਪਹਾੜਾਂ
ਦੀ ਚੋਟੀਆਂ ਤੇ ਰਹਿੰਦੇ ਸਨ:
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ।।
ਕੰਦ ਮੂਲੁ ਅਹਾਰੋ ਖਾਈਐ ਅਉਧੂ ਬੋਲੈ ਗਿਆਨੇ।। (ਪੰਨਾ ੯੩੮)
ਭਾਵ: ਜੋਗੀ ਨੇ ਜੋਗ ਦੇ ਗਿਆਨ ਦਾ ਮਾਰਗ ਇਉਂ ਦੱਸਿਆ ਕਿ ਅਸੀਂ (ਜੋਗੀ)
ਸੰਸਾਰਕ ਝਮੇਲਿਆਂ ਤੋਂ ਵਖਰੇ ਜੰਗਲ ਵਿੱਚ ਕਿਸੇ ਰੁੱਖ ਹੇਠ ਰਹਿੰਦੇ ਹਾਂ ਤੇ
ਗਾਜਰ-ਮੂਲੀ ਉਤੇ ਗੁਜ਼ਾਰਾ ਕਰਦੇ ਹਾਂ।
ਗੁਰੂ ਰਾਮ ਦਾਸ ਜੀ ਵਲੋਂ ਉਚਾਰੀਆਂ ਹੇਠ ਲਿਖੀਆਂ ਤੁਕਾਂ ਤੋਂ ਪਤਾ ਲਗਦਾ ਹੈ
ਕਿ ਤੀਰਥ ਯਾਤਰਾ ਲਈ ਜਾਣ ਵਾਲੇ ਮੁਸਾਫਰਾਂ ਤੋਂ ਵੀ ਦਰਿਆ ਪਾਰ ਕਰਨ ਲਗਿਆਂ ਮਸੂਲ ਲਿਆ ਜਾਂਦਾ ਸੀ:
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ।।
ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ।।
ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ।। (ਪੰਨਾ ੧੧੧੬)
ਭਾਵ: ਜਦੋਂ ਗੁਰੂ ਅਮਰ ਦਾਸ ਜੀ ਤੀਜੇ ਥਾਂ ਗੰਗਾ ਪਹੁੰਚੇ ਤਾਂ ਉਥੇ ਇੱਕ
ਅਜਬ ਤਮਾਸ਼ਾ ਹੋਇਆ। ਗੁਰੂ ਜੀ ਦਾ ਦਰਸ਼ਨ ਕਰ ਕੇ ਸਾਰੀ ਲੁਕਾਈ ਮਸਤ ਹੋ ਗਈ। ਕਿਸੇ ਮਸੂਲੀਐ ਨੇ ਕਿਸੇ
ਮੁਸਾਫਰ ਪਾਸੋਂ ਅੱਧੀ ਕੌਡੀ ਮਸੂਲ ਭੀ ਵਸੂਲ ਨਾਹ ਕੀਤਾ। ਗੋਲਕਾਂ ਵਿੱਚ ਅੱਧੀ ਕੌਡੀ ਭੀ ਮਸੂਲ ਨਾਹ
ਪਿਆ। ਇਹ ਵੇਖ ਕੇ ਮਸੂਲੀਏ ਹੈਰਾਨ ਹੋ ਗਏ ਤੇ ਬੋਲਣ ਜੋਗੇ ਨਾਹ ਰਹੇ।
ਹੇਠ ਲਿਖੀਆਂ ਤੁਕਾਂ ਵਿੱਚ ਗੁਰੂ ਰਾਮ ਦਾਸ ਜੀ ਨੇ ਉਸ ਘਟਨਾ ਵਲ ਇਸ਼ਾਰਾ
ਕੀਤਾ ਗੈ ਜਦੋਂ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ, ਪ੍ਰਿਥੀ ਚੰਦ, ਨੇ ਆਪਣੇ ਪਿਤਾ, ਗੁਰੂ ਰਾਮ
ਦਾਸ ਜੀ, ਨਾਲ ਗੁਰਗੱਦੀ ਲੈਣ ਲਈ ਝਗੜਾ ਕੀਤਾ ਸੀ:
ਕਾਹੇ ਪੂਤ ਝਗਰਤ ਹਉ ਸੰਗਿ ਬਾਪ।।
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ।। (ਪੰਨਾ ੧੨੦੦)
ਭਾਵ: ਹੇ ਪੁੱਤਰ! ਪਿਤਾ ਨਾਲ ਕਿਉਂ ਝਗੜਦਾ ਹੈਂ? ਜਿਨ੍ਹਾਂ ਮਾਪਿਆਂ ਨੇ
ਤੈਨੂੰ ਜੰਮਿਆ ਤੇ ਪਾਲਿਆ ਹੈ ਉਹਨਾਂ ਨਾਲ ਝਗੜਨਾ ਪਾਪ ਹੈ।
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਕਰ ਕੇ ਭਾਰਤ ਦੀ ਹੋਣ ਵਾਲੀ
ਤਬਾਹੀ, ਉਸ ਦੇ ਪੁੱਤਰ ਦੀ ਹਾਰ ਤੇ ਸ਼ੇਰ ਸ਼ਾਹ ਦੇ ਬਾਦਸ਼ਾਹ ਬਣਨ ਦਾ ਜ਼ਿਕਰ ਵੀ ਕੀਤਾ ਹੈ:
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ।। ਆਵਨਿ ਅਠਤਰੈ
ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ।। (ਪੰਨਾ ੭੨੩)
ਭਾਵ: ਮਨੁੱਖੀ ਸਰੀਰ ਰੂਪੀ ਕਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇੱਕ ਐਸੀ
ਘਟਨਾ ਹੈ ਜਿਸ ਨੂੰ ਹਿੰਦੁਸਤਾਨ ਭੁੱਲਾ ਨਹੀਂ ਸਕੇਗਾ। ਮੁਗਲ ਸੰਮਤ ੧੫੭੮ (ਸੰਨ ੧੫੨੧) ਵਿੱਚ ਆਏ
ਹਨ, ਇਹ ਸੰਮਤ ੧੫੯੭ (ਸੰਨ ੧੫੪੦) ਵਿੱਚ ਚਲੇ ਜਾਣ ਗੇ। ਕੋਈ ਹੋਰ ਸੂਰਮਾ (ਸ਼ੇਰ ਸ਼ਾਹ) ਉੱਠ ਖੜਾ
ਹੋਵੇਗਾ।