ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਪ੍ਰਧਾਨ ਦੀਆਂ ਜਭਲ਼ੀਆਂ
ਕਹਾਣੀਆਂ ਤੇ ਉਦਾਹਰਣਾਂ ਅਸਲੀ ਤੱਥ
ਨੂੰ ਸਮਝਾਉਣ ਲਈ ਹੁੰਦੀਆਂ ਹਨ ਜਦ ਕਿ ਉਹ ਏਦਾਂ ਵਾਪਰੀਆਂ ਨਹੀਂ ਹੁੰਦੀਆਂ। ਕਈ ਦਾਨਸ਼ਮੰਦਾਂ ਨੇ
ਸਮਾਜ ਨੂੰ ਬੇਹਤਰ ਬਣਾਉਣ ਲਈ ਵੱਖ ਵੱਖ ਪਹਿਲੂਆਂ ਤੇ ਵਿਚਾਰ ਦੇ ਕੇ ਔਖੀ ਗੱਲ ਨੂੰ ਸਹਿਜ ਨਾਲ
ਸਮਝਾਇਆ ਹੈ। ਕਈ ਵਿੰਅਗ ਜਾਂ ਤਰਕ ਨਾਲ ਆਪਣੀ ਦਲੀਲ ਨੂੰ ਪੱਕਿਆਂ ਕਰ ਜਾਂਦੇ ਹਨ। ਕਹਾਣੀਆਂ ਵਿੱਚ
ਜਨਵਰਾਂ ਪੰਛੀਆਂ ਦੇ ਨਾਂ ਲੇ ਕੇ ਗੱਲ ਸਮਝਾਈ ਜਾਂਦੀ ਹੈ ਹਾਲਾਂ ਕੇ ਉਹਨਾਂ ਪੰਛੀਆਂ ਜਾਂ ਜਨਵਰਾਂ
ਨੂੰ ਅਜੇਹਾ ਕੋਈ ਗਿਆਨ ਨਹੀਂ ਹੁੰਦਾ।
ਕਹਿੰਦੇ ਨੇ ਇੱਕ ਮਨੁੱਖ ਨੂੰ ਤਾਰਿਆਂ ਦੀ ਖੋਜ ਕਰਨ ਦੀ ਚੇਟਕ ਲੱਗ ਗਈ। ਹੁਣ ਤਾਰੇ ਤਾਂ ਰਾਤ ਨੂੰ
ਹੀ ਦਿਖਾਈ ਦੇਂਦੇ ਹਨ। ਇਹ ਜ਼ਰੂਰੀ ਹੈ ਕਿ ਤਾਰਿਆਂ ਦਾ ਖੋਜੀ ਰਾਤ ਨੂੰ ਹੀ ਅਜੇਹੀ ਵਿਦਿਆ ਹਾਸਲ
ਕਰੇਗਾ। ਕੀ ਹੋਇਆ ਕਿ ਇੱਕ ਦਿਨ ਰਾਤ ਤਾਰਿਆਂ ਦਾ ਖੋਜੀ ਉਤਾਂਹ ਮੂੰਹ ਚੁੱਕੀ ਤਾਰੇ ਦੇਖਦਾ ਹੋਇਆ
ਤੁਰਿਆ ਜਾ ਰਿਹਾ ਸੀ। ਜਦੋਂ ਮੂੰਹ ਊਪਰ ਨੂੰ ਹੋਵੇਗਾ ਤਾਂ ਥੱਲੇ ਦਾ ਖ਼ਿਆਲ ਨਹੀਂ ਰਹੇਗਾ। ਤਾਰਿਆਂ
ਦਾ ਜੋਤਸ਼ੀ ਊਪਰ ਦੇਖਦਾ ਹੋਇਆ ਟੋਏ ਵਿੱਚ ਡਿੱਗ ਪਿਆ। ਸਾਰੀ ਰਾਤ ਟੋਏ ਵਿੱਚ ਹੀ ਪਿਆ ਰਿਹਾ। ਸਵੇਰੇ
ਸਵੇਰੇ ਕੋਈ ਮਾਂ ਆਪਣੇ ਖੇਤਾਂ ਵਲ ਜਾ ਰਹੀ ਸੀ ਤਾਂ ਖੋਜੀ ਬੰਦੇ ਨੇ ਮਨੁੱਖੀ ਪੈਰਾਂ ਦੀ ਅਹਾਟ ਸੁਣੀ
ਤਾਂ ਟੋਏ ਵਿੱਚ ਡਿੱਗਿਆ ਆਵਾਜ਼ਾਂ ਮਾਰਦਾ ਹੈ, ਕਿ “ਭਈ ਮੈਨੂੰ ਬਾਹਰ ਕੱਢੋ”। ਮਾਂ ਨੇ ਹਿੰਮਤ ਕਰਕੇ
ਤਾਰਿਆਂ ਦੇ ਜੋਤਸ਼ੀ ਨੂੰ ਟੋਏ ਵਿਚੋਂ ਬਾਹਰ ਕੱਢਿਆ। ਜੋਤਸ਼ੀ ਨੇ ਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ
“ਮਾਂ! ਮੈਂ ਜੋਤਸ਼ ਨਾਲ ਸਬੰਧ ਰੱਖਦਾ ਹਾਂ ਕਿਤੇ ਸਮਾਂ ਮਿਲੇ ਤਾਂ ਮੈਨੂੰ ਸੇਵਾ ਦਾ ਮੌਕਾ ਜ਼ਰੂਰ
ਦੇਣਾ, ਮਾਂ ਮੈਂ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਤੈਨੂੰ ਦਸ ਦੇਵਾਂਗਾ”। ਮਾਂ ਨੇ ਸਹਿਜ
ਸੁਭਾਅ ਕਿਹਾ, ਕਿ “ਜੋਤਸ਼ੀ ਵੀਰ ਮੇਰੇ ਜੋਤਸ਼ ਦੀ ਗੱਲ ਬਾਅਦ ਵਿੱਚ ਕਰ ਲਈਂ ਤੂੰ ਪਹਿਲਾਂ ਟੋਇਆਂ ਦੀ
ਜੋਤਸ਼ ਵਿਦਿਆ ਹਾਸਲ ਕਰ ਪੁੱਤ ਅਜੇ ਤਾਂ ਤੈਨੂੰ ਟੋਇਆਂ ਬਾਰੇ ਵੀ ਗਿਆਨ ਨਹੀਂ ਹੈ ਮੇਰਾ ਜੋਤਸ਼ ਤੂੰ
ਕੀ ਦੇਖੇਂਗਾ”। ਜੋਤਸ਼ੀ ਨਿਰ-ਉੱਤਰ ਹੋ ਗਿਆ।
ਚੰਡੀਗੜ੍ਹ-ਮੁਹਾਲੀ ਕਦੇ ਕਦੇ ਹੀ ਕਥਾ ਦਾ ਸਮਾਂ ਬਣਦਾ ਹੈ। ਇੱਕ ਬਹੁਤ ਹੀ ਸੁਹਿਰਦ, ਗੁਰਮਤ ਦੀਆਂ
ਬਰੀਕੀਆਂ ਨੂੰ ਸਮਝਣ ਵਾਲੇ ਪਰਵਾਰ ਨੇ ਤਿੰਨ ਕੁ ਕਥਾਵਾਂ ਦਾ ਇੱਕ ਗੁਰਦੁਆਰਾ ਸਾਹਿਬ ਵਿਖੇ ਕਥਾ ਦਾ
ਪ੍ਰੋਗਰਾਮ ਰੱਖਿਆ। ਜਿਸ ਗੁਰਦੁਆਰੇ ਕਥਾ ਦਾ ਪ੍ਰੋਗਰਾਮ ਸੀ ਉਸ ਗੁਰਦੁਆਰੇ ਦੀ ਕਮੇਟੀ ਪ੍ਰਧਾਨ ਨਾਮ
ਸਿਮਰਨ ਦੀ ਪੜ੍ਹਾਈ ਤੋਂ ਅੱਗੇ ਨਹੀਂ ਵੱਧਿਆ ਸੀ। ਉਂਜ ਵੀ ਉਸ ਨੂੰ ਗੁਰਮਤ ਦੇ ਪਰਚਾਰ ਤੋਂ ਚਿੜ
ਕੁੱਝ ਜ਼ਿਆਦਾ ਹੀ ਸੀ। ਅਸੀਂ ਕੁੱਝ ਸਮਾਂ ਪਹਿਲਾਂ ਚਲੇ ਗਏ ਸੀ ਤਾਂ ਕਿ ਕੋਈ ਵਿਚਾਰ ਵਟਾਂਦਰਾ ਕੀਤਾ
ਜਾ ਸਕੇ। ਦਫਤਰ ਵਿੱਚ ਬੈਠੇ ਸਾਰੇ ਪ੍ਰਧਾਨ ਜੀ ਨੂੰ ਉਡੀਕ ਕਰ ਰਹੇ ਸਨ। ਪ੍ਰਧਾਨ ਜੀ ਬਾਹਰ ਗੇੜੇ
ਜੇਹੇ ਕੱਢਦਿਆਂ ਇਹ ਭਰਮ ਪ੍ਰਗਟ ਕਰ ਰਹੇ ਸਨ ਕਿ ਸਾਰਾ ਗੁਰਦੁਆਰਾ ਮੈਂ ਹੀ ਸਿਰ ਉੱਤੇ ਚੁੱਕਿਆ ਹੋਇਆ
ਹੈ। ਕਰਦਿਆਂ ਕਤਰਦਿਆਂ ਪਰਧਾਨ ਜੀ ਦਫਤਰ ਵਿੱਚ ਮੱਥੇ `ਤੇ ਤਿਊੜੀਆਂ ਚੜਾਈ ਆ ਬਰਾਜਮਾਨ ਹੋਏ।
ਆਉਂਦਿਆਂ ਹੀ ਦੁਖਤ ਹਿਰਦੇ ਨਾਲ ਕਹਿਣ ਲੱਗੇ ਅੱਜ ਕਲ੍ਹ ਪ੍ਰਚਾਰ ਵਧੀਆ ਨਹੀਂ ਹੋ ਰਿਹਾ। ਕੋਈ ਕੁੱਝ
ਕਹਿੰਦਾ ਹੈ ਤੇ ਕੋਈ ਕੁੱਝ ਕਹਿੰਦਾ ਹੈ। ਫਲਾਣਾ ਰਾਗੀ ਮੇਰੇ ਨਾਲ ਭੇਟਾ ਤੋਂ ਲੜ ਪਿਆ। ਆਹ ਪਿੱਛੇ
ਜੇਹੇ ਪ੍ਰਚਾਰਕ ਆਇਆ ਸੀ ਉਹ ਵੀ ਸਾਡੇ ਨਾਲ ਲੜ ਪਿਆ, ਸੱਚੀਂ ਮੇਰਾ ਤਾਂ ਮਨ ਹੀ ਰਾਗੀ ਪ੍ਰਚਾਰਕਾਂ
ਤੋਂ ਚੁੱਕਿਆ ਗਿਆ ਹੈ। ਏਦਾਂ ਦੀਆਂ ਹੋਰ ਚੱਭਲ਼ੀਆਂ ਚਲਦੀਆਂ ਰਹਿੰਦੀਆਂ ਜੇ ਕਥਾ ਵਿਚਾਰ ਦਾ ਸਮਾਂ
ਨਜ਼ਦੀਕ ਨਾ ਆ ਜਾਂਦਾ।
ਗੁਰਦੁਆਰਾ ਸਾਹਿਬ ਦੀ ਇਮਾਰਤ ਵਾਕਿਆ ਹੀ ਬਹੁਤ ਖੂਬਸੂਰਤ ਸੀ। ਪ੍ਰੰਪਰਾ ਅਨੁਸਾਰ ਸਾਰਾ ਕੁੱਝ ਚੱਲ
ਰਿਹਾ ਸੀ। ਰਾਗੀ ਸਿੰਘ ਆਪਣਾ ਸਮਾਂ ਪੂਰਾ ਕਰਕੇ ਸਟੇਜ ਤੋਂ ਉੱਤਰ ਰਹੇ ਸਨ। ਸਟੇਜ ਸਕੱਤਰ ਦੀ ਕੋਈ
ਵੀ ਸੇਵਾ ਨਹੀਂ ਨਿਭਾਅ ਰਿਹਾ ਸੀ। ਤਾਬਿਆ ਬੈਠੇ ਭਾਈ ਜੀ ਨੇ ਮੈਨੂੰ ਇਸ਼ਾਰਾ ਕੀਤਾ ਤਾਂ ਮੈਂ ਸਟੇਜ
`ਤੇ ਕਥਾ ਸ਼ੁਰੂ ਕਰ ਦਿੱਤੀ। ਪ੍ਰਧਾਨ ਜੀ ਨੇ ਸਮਾਂ ਤਾਂ ਮੈਨੂੰ ਦੇ ਦਿੱਤਾ ਸੀ ਪਰ ਜ਼ਖਮੀ ਸੱਪ ਵਾਂਗ
ਵਿੱਸ ਹੀ ਘੋਲ਼ੀ ਜਾ ਰਿਹਾ ਸੀ। ਜਦੋਂ ਕਥਾ ਅਰੰਭ ਹੋਈ ਤਾਂ ਉਹ ਬਿਨਾ ਵਜਾ ਹੀ ਕੰਨ `ਤੇ ਮੁਬਾਇਲ ਰੱਖ
ਕੇ ਕਦੇ ਅੰਦਰ ਤੇ ਕਦੇ ਬਾਹਰ ਜਾਈ ਤੇ ਆਈ ਜਾਏ। ਏਦਾਂ ਭਰਮ ਪਾਲ਼ਿਆ ਹੋਇਆ ਸੀ ਕਿ ਸ਼ਾਇਦ ਇਸ ਨੇ ਸਾਰੇ
ਸਮਾਜ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਿਰ `ਤੇ ਚੁੱਕੀਆਂ ਹੋਣ। ਪਹਿਲੇ ਦਿਨ ਦੀ ਕਥਾ ਸਮਾਪਤੀ ਹੋਈ
ਤਾਂ ਪ੍ਰਧਾਨ ਜੀ ਨੇ ਆਣ ਮਾਇਕ ਵਿੱਚ ਫੂਕ ਮਾਰਦਿਆਂ ਕਦੇ ਅੱਗੇ ਦੀਆਂ ਤੇ ਕਦੇ ਪਿੱਛੇ ਦੀਆਂ ਪੂਰੀਆਂ
ਜੱਭਲ਼ੀਆਂ ਮਾਰਨੀਆਂ ਅਰੰਭ ਕੀਤੀਆਂ। ਅਖੇ ਅੱਜ ਕਲ੍ਹ ਕਈ ਪ੍ਰਚਾਰਕ ਸਿਮਰਨ ਨੂੰ ਨਹੀਂ ਮੰਨਦੇ। ਸਾਧ
ਸੰਗਤ ਜੀ ਤੂਹਾਨੂੰ ਮੈਂ ਦੱਸਦਾ ਹਾਂ ਸਿਮਰਨ ਬੜਾ ਜ਼ਰੂਰੀ ਹੈ। ਸਾਧ ਸੰਗਤ ਜੀ ਜ਼ਬਾਨ ਨਾਲ ਸਿਮਰਨ
ਕਰਦਿਆਂ ਕਰਦਿਆਂ ਏਨਾਂ ਅਭਿਆਸ ਕਰਨਾ ਹੈ ਕਿ ਸਿਮਰਨ ਗੱਲ਼ ਦੇ ਥੱਲੇ ਦੀ ਲੰਘ ਜਾਏ। ਸਾਧ ਸੰਗਤ ਜੀ
ਨਾਮ ਦਾ ਅਭਿਆਸ ਕਰਨ ਵਾਲੇ ਦਾ ਹੀ ਨਾਮ ਗਲ਼ ਦੇ ਥੱਲੇ ਦੀ ਲੰਘਦਾ ਹੈ। ਸਾਧ ਸੰਗਤ ਜੀ ਇਹ ਬ੍ਰਹਮ
ਗਿਆਨ ਦੀਆਂ ਗੱਲਾਂ ਅੱਜ ਕਲ੍ਹ ਦੇ ਪ੍ਰਚਾਰਕ ਨਹੀਂ ਮੰਨਦੇ। ਬਸ ਸਿਮਰਨ ਕਰਨ ਨਾਲ ਹੀ ਸਾਡੀਆਂ
ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਣੀਆਂ ਹਨ। ਅੱਜ ਪੰਥ ਵਿੱਚ ਔਖਾ ਸਮਾਂ ਹੀ ਤਾਂ ਆਇਆ ਹੈ ਕਿ ਲੋਕ
ਨਾਮ ਸਿਮਰਨ ਨੂੰ ਛੱਡ ਚੁੱਕੇ ਹਨ। ਮੇਰਾ ਪੱਕਾ ਖ਼ਿਆਲ ਹੈ ਕਿ ਏਦੂੰ ਅਗਾਂਹ ਪ੍ਰਧਾਨ ਜੀ ਪਾਸੋਂ ਸ਼ਾਇਦ
ਸ਼ਬਦ ਹੀ ਮੁੱਕ ਗਏ ਹੋਣਗੇ। ਕਚੀਚੀਆਂ ਤਾਂ ਬਥੇਰੀਆਂ ਵੱਟੀ ਜਾ ਰਹੇ ਸੀ ਪਰ ਉਹਨਾਂ ਦੀ ਪੇਸ਼ ਕੋਈ ਚੱਲ
ਨਹੀਂ ਰਹੀ ਸੀ। ਹਾਲਾਂ ਕਿ ਮੈਂ ਸ਼ਬਦ ਦੀ ਵਿਚਾਰ ਕੀਤੀ ਸੀ ਜਿਸ ਦਾ ਵਿਸ਼ਾ ਸੀ “ਮੈਂ ਪਤਿ ਕੀ ਪੰਦਿ ਨ
ਕਰਣੀ ਕੀ ਕਾਰ” ਕਿ ਗੁਰੂ ਜੀ ਮੈਂ ਤੁਹਾਡੀ ਮਤ ਧਾਰਨ ਨਹੀਂ ਕੀਤੀ ਇਸ ਲਈ ਮੇਰਾ ਸੁਭਾਅ ਵੀ ਤੁਹਾਡੇ
ਅਨੁਸਾਰੀ ਨਹੀਂ ਬਣ ਸਕਿਆ। ਹਾਲਾਂ ਕਿ ਕਥਾ ਵਿੱਚ ਸਿਮਰਨ ਦੀ ਕੋਈ ਵਿਚਾਰ ਹੀ ਨਹੀਂ ਹੋਈ ਸੀ।
ਸਿਆਣੀ ਸੰਗਤ ਇੱਕ ਦੂਜੇ ਦੇ ਮੂੰਹ ਵਲ ਦੇਖਣ ਲੱਗੀ ਕਿ ਅਜੇਹਾ ਤਾਂ ਕਥਾ ਵਾਚਕ ਨੇ ਕੁੱਝ ਕਿਹਾ ਨਹੀਂ
ਹੈ ਪਰ ਪ੍ਰਧਾਨ ਜੀ ਆਪਣੇ ਆਪ ਹੀ ਸਿਮਰਨ ਦੀ ਗੱਲ ਲੈ ਤੁਰੇ ਹਨ। ਕਥਾ ਵਿਚਾਰ ਕਰਦਿਆਂ ਇਹ ਵੀ ਕਿਹਾ
ਸੀ ਕਿ ਭਾਈ ਜੋ ਕੁੱਝ ਮੈਂ ਵਿਚਾਰ ਕੀਤੇ ਹਨ ਉਹਨਾਂ ਦੀ ਸਮਝ ਨਾ ਪਏ ਤਾਂ ਤੁਸੀਂ ਸਵਾਲ ਕਰ ਸਕਦੇ
ਹੋ। ਲੰਗਰ ਛੱਕਿਆ ਤੇ ਅਸੀਂ ਆਪਣੇ ਵਾਪਸ ਰਾਤ ਨੂੰ ਲੁਧਿਆਣੇ ਆ ਗਏ। ਸਵੇਰੇ ਕਲਾਸਾਂ ਲਗਾਈਆਂ ਤੇ
ਸ਼ਾਮ ਨੂੰ ਅਸੀਂ ਫਿਰ ਮੁਹਾਲੀ ਨੂੰ ਚੱਲ ਪਏ ਅੱਜ ਅਸੀਂ ਰਾਤ ਓੱਥੇ ਹੀ ਰਹਿਣਾ ਸੀ ਕਿ ਕਿਉਂ ਕਿ
ਐਤਵਾਰ ਨੂੰ ਸਵੇਰੇ ਵੀ ਸ਼ਬਦ ਦੀ ਵਿਚਾਰ ਹੋਣੀ ਸੀ। ਇਹ ਗੁਰਦੁਆਰਾ ਬਹੁਤ ਆਲੀਸ਼ਾਨ ਤੇ ਜੁਗਤੀ ਨਾਲ
ਬਣਿਆ ਹੋਇਆ ਸੀ। ਆਏ ਪ੍ਰਚਾਰਕਾਂ ਲਈ ਰਹਾਇਸ਼ ਦਾ ਬਹੁਤ ਸੁੰਦਰ ਪ੍ਰਬੰਧ ਸੀ। ਕਮਰਾ ਬਹੁਤ ਵਧੀਆ ਸੀ
ਪਰ ਜਦੋਂ ਦਾ ਕਮਰਾਂ ਬਣਿਆ ਸੀ ਸ਼ਾਇਦ ਸਫਾਈ ਵੀ ਓਦੋਂ ਦੀ ਹੀ ਕੀਤੀ ਹੋਈ ਸੀ। ਬਾਥਰੂਮ ਤਾਂ ਏਦਾਂ ਦਾ
ਲੱਗਦਾ ਸੀ ਕਿ ਸ਼ਾਇਦ ਕਿਸੇ ਨੇ ਇਸ ਦੀ ਵਰਤੋਂ ਕਰਕੇ ਮੁੜ ਇਸ ਨੂੰ ਕਿਸੇ ਨੇ ਵਰਤਿਆ ਹੀ ਨਹੀਂ ਸੀ।
ਪੁਰਾਣੀ ਸਾਗ ਦੀ ਅਣਧੋਤੀ ਤੌੜੀ ਵਰਗੀ ਸੀਟ ਹੋਈ ਪਈ। ਨਿੱਕੀ ਜੇਹੀ ਰਸੋਈ ਸਾਂਝੇ ਬੱਸ ਅੱਡੇ ਦੇ
ਪੇਸ਼ਾਬ ਘਰ ਵਰਗੀ ਬਣੀ ਹੋਈ। ਹੈਰਾਨਗੀ ਦੀ ਗੱਲ ਦੇਖੋ ਕਿ ਇਹਨਾਂ ਦੋਹਾਂ ਥਾਵਾਂ ਤੋਂ ਪਾਣੀ ਦਾ
ਨਿਕਾਸ ਪੂਰੀ ਤਰ੍ਹਾਂ ਬੰਦ ਪਿਆ ਹੋਇਆ ਸੀ। ਧਨ ਉਹ ਲੋਕ ਹੋਣਗੇ ਜਿਹੜੇ ਸਾਡੇ ਤੋਂ ਪਹਿਲਾਂ ਇਸ ਕਮਰੇ
ਵਿੱਚ ਰਹਿ ਕੇ ਗਏ ਹੋਣਗੇ।
ਕਮਰਾ ਵਧੀਆ ਬਣਿਆ ਹੋਇਆ ਸੀ ਪਰ ਸਫਾਈ ਪੱਖੋਂ ਪੂਰੀ ਤਰ੍ਹਾਂ ਪਸ਼ੂਆਂ ਵਾਲੀ ਕੁੜ੍ਹ ਬਣੀ ਹੋਈ ਸੀ।
ਗੁਵਾਂਢ ਰਹਿੰਦੇ ਭਾਈ ਸਾਹਿਬ ਤੋਂ ਸ਼ੀਸ਼ਾ ਲੈ ਕੇ ਦਸਤਾਰ ਸਜਾ ਲਈ ਸੀ। ਸੱਦਾ ਪੱਤਰ ਦੇਣ ਵਾਲੇ ਵੀਰ
ਜੀ ਹੁਰਾਂ ਆਪਣੇ ਘਰੋਂ ਚਾਦਰਾਂ ਆਦਕ ਲਿਆ ਕੇ ਦਿੱਤੀਆਂ। ਉਨ੍ਹਾਂ ਨੇ ਬਹੁਤ ਜ਼ੋਰ ਲਗਾਇਆ ਕਿ ਤੁਸੀਂ
ਸਾਡੇ ਘਰ ਅਰਾਮ ਕਰ ਲਓ ਪਰ ਅਸੀਂ ਗੁਰਦੁਆਰੇ ਰਹਿਣ ਨੂੰ ਇਸ ਲਈ ਜੋਗ ਸਮਝਦੇ ਹਾਂ ਕਿ ਕੋਈ ਨਾ ਕੋਈ
ਭੈਣ ਭਰਾ ਕਈ ਗੁਰਮਤ ਬਾਰੇ ਵਿਚਾਰ ਕਰਨ ਲਈ ਆ ਜਾਂਦਾ ਹੈ ਕਿ ਜਦ ਕਿ ਘਰ ਜਾਣ ਲਈ ਕਈ ਵਾਰੀ ਮਨੁੱਖ
ਸੰਕੋਚ ਕਰ ਜਾਂਦਾ ਹੈ। ਇਸ ਗੱਲ ਨਾਲ ਵੀਰ ਜੀ ਹੁਰਾਂ ਨੇ ਸਹਿਮਤੀ ਪ੍ਰਗਟ ਕੀਤੀ।
ਅਗਲੇ ਦਿਨ ਐਤਵਾਰ ਨੂੰ ਫਿਰ ਸ਼ਬਦ ਦੀਆਂ ਵਿਚਾਰਾਂ ਹੋਈਆਂ। ਪਰ ਨਾਲ ਮੈਂ ਇਹ ਵੀ ਕਹਿ ਦਿੱਤਾ ਕਿ ਭਈ
ਰਾਤੀਂ ਇੱਕ ਵਿਚਾਰ ਆਇਆ ਸੀ ਕਿ ਨਾਮ ਅਭਿਆਸ ਕਰਦਿਆਂ ਕਰਦਿਆਂ ਨਾਮ ਗਲ਼ ਥੱਲੇ ਚਲਾ ਜਾਂਦਾ ਹੈ ਤੇ
ਫਿਰ ਨਾਮ ਅਭਿਆਸੀ ਦਾ ਆਪਣੇ ਆਪ ਨਾਮ ਚੱਲਦਾ ਰਹਿੰਦਾ ਹੈ। ਮੈਂ ਸੰਗਤ ਨੂੰ ਬੇਨਤੀ ਕੀਤੀ ਕਿ ਭਾਈ
ਗੱਲ਼ ਦੇ ਥੱਲੇ ਤਾਂ ਰੋਟੀ, ਪਾਣੀ, ਫਲ਼ ਜਾਂ ਦਵਾਈਆਂ ਹੀ ਜਾਂਦੀਆਂ ਹਨ। ਪੇਟ ਦੀ ਅਗਨੀ ਖਾਧੀਆਂ
ਚੀਜ਼ਾਂ ਨੂੰ ਭਸਮ ਕਰ ਦੇਂਦੀ ਹੈ। ਨਾਮ ਸਿਮਰਨ ਕੋਈ ਤਰਲ ਪਦਾਰਥ ਨਹੀਂ ਹੈ ਜਿਹੜਾ ਪਾਣੀ ਵਾਂਗ ਸਾਡੇ
ਪੇਟ ਜਾਣਾ ਹੈ। ਅਸਲ ਵਿੱਚ ਨਾਮ ਸਿਮਰਨ ਤੋਂ ਭਾਵ ਗੁਰਬਾਣੀ ਦੀ ਵਿਚਾਰ ਦੁਆਰਾ ਆਤਮਕ ਸੂਝ ਪ੍ਰਾਪਤ
ਕਰਨੀ ਹੈ ਤੇ ਇਸ ਗਿਆਨ ਨਾਲ ਹੀ ਸਾਡਾ ਦਿਮਾਗ ਤਿੱਖਾ ਹੁੰਦਾ ਹੈ। ਨਾਮ ਸਿਮਰਨ ਦਾ ਦੂਜਾ ਅਰਥ ਹੈ ਕਿ
ਆਪਣੇ ਨਿਸ਼ਾਨੇ ਦੀ ਪੂਰਤੀ ਲਈ ਇਮਾਨਦਾਰੀ ਨਾਲ ਮਿਹਨਤ ਕਰਨੀ, ਰੱਬੀ ਗੁਣਾਂ ਅਨੁਾਸਰੀ ਹੋ ਕੇ ਚੱਲਦੇ
ਰਹਿਣਾ। ਬਾਰ ਬਾਰ ਇੱਕ ਸ਼ਬਦ ਦਾ ਰਟਨ ਕਰਨਾ ਨਾਮ ਸਿਮਰਨ ਨਹੀਂ ਹੈ ਇਹ ਮਨੁੱਖ ਦੀ ਆਪਣੀ ਨਿੱਜੀ ਸ਼ੈਲੀ
ਹੈ। ਨਾਮ ਸਿਮਰਨ ਦੀ ਰੂਪਰੇਖਾ ਤਾਂ ਗੁਰਬਾਣੀ ਨਿਰਧਾਰਤ ਕਰਦੀ ਹੈ—
ਉਸਤਤਿ ਮਨ ਮਹਿ ਕਰਿ ਨਿਰੰਕਾਰ।।
ਕਰਿ ਮਨ ਮੇਰੇ ਸਤਿ ਬਿਉਹਾਰ।।
ਇਸ ਗੁਰਦੁਆਰੇ ਵਿੱਚ ਸਟੇਜ ਸਕੱਤਰ ਦੇ ਦਰਸ਼ਨ ਨਹੀਂ ਹੋਏ ਸਨ। ਇੰਜ ਲਗਦਾ ਸੀ ਕਿ ਪ੍ਰਧਾਨ ਹੀ ਸਾਰੀਆਂ
ਜ਼ਿੰਮੇਵਾਰੀਆਂ ਨਿਭਾਅ ਰਹੇ ਹੋਣ। ਤੀਸਰੀ ਕਥਾ ਦੀ ਸਮਾਪਤੀ ਹੋਈ ਤਾਂ ਪ੍ਰਧਾਨ ਜੀ ਨੇ ਫਿਰ ਮਾਇਕ ਦੀ
ਘੁੱਗੀ ਘੁੱਟ ਕੇ ਫੜਦਿਆਂ ਤੇ ਮਾਇਕ ਦੀ ਧੋਣ ਨੂੰ ਸਿੱਧਿਆਂ ਕਰਦਿਆਂ ਆਪਣੇ ਮਨ ਵਿੱਚ ਪਹਿਲਾਂ ਹੀ
ਵਿਉਂਤ ਬੰਦੀ ਕੀਤੀ ਅਨੁਸਾਰ ਉੱਚੀ ਸੁਰ ਰੱਖਦਿਆਂ ਬੋਲੇ, ਕਿ “ਕੌਣ ਕਹਿੰਦਾ ਕਰਾਮਾਤ ਨਹੀਂ ਹੁੰਦੀ।
ਆਓ ਅੱਜ ਮੈਂ ਦਸਦਾ ਹਾਂ ਕਿ ਗੁਰੂ ਜੀ ਤਾਂ ਆਪਣੀ ਕਲਾ ਵਰਤਾ ਕੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ
ਠੀਕ ਕਰ ਦੇਂਦੇ ਹਨ ਪਰ ਸਾਡੀ ਸ਼ਰਧਾ ਜ਼ਰੂਰ ਹੋਣੀ ਚਾਹੀਦੀ ਹੈ”। ਸਾਧ ਸੰਗਤ ਜੀ ਹੁਣ ਤੁਸੀਂ ਆਪ ਹੀ
ਦੇਖ ਲਓ ਸਾਡੇ ਸੈਕਟਰੀ ਸਾਹਿਬ ਦੀ ਘਰਵਾਲੀ ਨੂੰ ਕੈਂਸਰ ਸੀ ਉਸ ਨੇ ਦਰਬਾਰ ਸਾਹਿਬ ਇਸ਼ਨਾਨ ਕੀਤਾ ਤੇ
ਉਸ ਦਾ ਕੈਂਸਰ ਦੂਰ ਹੋ ਗਿਆ। ਇੱਕ ਵੀਰ ਦੀ ਅੱਖਾਂ ਦੀ ਜੋਤ ਆ ਗਈ। ਸਾਡੇ ਸਾਹਮਣੇ ਜਿੰਨ੍ਹਾਂ ਨੂੰ
ਡਾਕਟਰਾਂ ਨੇ ਜੁਆਬ ਦੇ ਦਿੱਤਾ ਸੀ ਉਹ ਇਸ਼ਨਾਨ ਕਰਨ ਨਾਲ ਠੀਕ ਹੋ ਗਏ ਹਨ। ਜੋ ਕੁੱਝ ਪ੍ਰਧਾਨ ਜੀ ਬੋਲ
ਰਹੇ ਸਨ ਉਸ ਦਾ ਮੇਰੇ ਵਿਸ਼ੇ ਨਾਲ ਕੋਈ ਵੀ ਸਬੰਧ ਨਹੀਂ ਸੀ। ਪ੍ਰਧਾਨ ਜੀ ਦਾ ਆਪਣਾ ਹੀ ਵਿਸ਼ਾ ਸੀ
ਜਿਹੜਾ ਸੰਗਤ ਨੂੰ ਸੁਣਾ ਰਹੇ ਸਨ। ਜਨੀ ਕਿ ਤਿੰਨ ਚਾਰ ਇਸ ਤਰ੍ਹਾਂ ਦੀਆਂ ਹੋਰ ਉਦਾਹਰਣਾਂ ਦੇ ਕੇ ਇਹ
ਦੱਸਣ ਦਾ ਯਤਨ ਕੀਤਾ ਕੇ ਮੈਨੂੰ ਵੀ ਸਟੇਜ `ਤੇ ਬੋਲਣਾ ਆਉਂਦਾ ਹੈ। ਇਹ ਹੁਣ ਅਜੇਹੇ ਪ੍ਰਧਾਨ ਨੂੰ
ਕੌਣ ਸਮਝਾਵੇ ਕਿ ਭਾਈ ਗੁਰੂ ਇੱਕ ਅੱਧੇ ਰੋਗੀ ਨੂੰ ਠੀਕ ਨਹੀਂ ਕਰਦਾ ਗੁਰੂ ਤਾਂ ਸਾਰਿਆਂ ਦਾ ਭਲਾ
ਕਰਦਾ ਹੈ। “ਸਤਿਗੁਰੁ ਸਭਨਾ ਦਾ ਭਲਾ ਮਨਾਇੰਦਾ ਤਿਸ ਦਾ ਬੁਰਾ ਕਿਉ ਹੋਇ”
ਡਾਕਟਰ ਓਸੇ ਨੂੰ ਹੀ ਸਫਲ ਮੰਨਿਆ ਜਾਂਦਾ ਹੈ ਜਿਸ ਦੇ ਕੋਲੋਂ ਔਸਤਨ ਮਰੀਜ਼ ਜ਼ਿਆਦਾ ਠੀਕ ਹੋਣ। ਜਿਹੜੇ
ਡਾਕਟਰ ਦੀ ਦਵਾਈ ਨਾਲ ਇੱਕ ਅੱਧਾ ਮਰੀਜ਼ ਠੀਕ ਹੋਵੇਗਾ ਮਰੀਜ਼ ਉਸ ਕੋਲ ਘੱਟ ਹੀ ਜਾਂਦੇ ਹਨ। ਅਕਲ ਦੇ
ਅੰਨ੍ਹਿਆਂ ਨੂੰ ਕੌਣ ਸਮਝਾਵੇ ਭਈ ਸੰਸਾਰ `ਤੇ ਕਿੰਨੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ। ਪਿੰਗਲਵਾੜੇ-
ਬਿਰਧ ਆਸ਼ਰਮ, ਕੁਸ਼ਟ ਰੋਗੀ ਅਤੇ ਕਈ ਬਿਮਾਰੀਆਂ ਨਾਲ ਲੋਕ ਗਰਸਤ ਵਿਚਾਰੇ ਦਰਦਾਂ ਨਾਲ ਤੜਫ ਰਹੇ ਹਨ।
ਗੁਰੂ ਸਰੀਰਕ ਰੋਗਾਂ ਨੂੰ ਨਹੀਂ ਠੀਕ ਕਰਦੇ ਸਗੋਂ ਮਾਨਸਕ ਰੋਗਾਂ ਨੂੰ ਜੁਗਤੀ ਨਾਲ ਇਲਾਜ ਕਰਦੇ ਹਨ
ਜੇਹਾ ਕਿ ਗੁਰਬਾਣੀ ਵਾਕ ਹੈ—
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ।।
ਗੁਰਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥ ਮਜਨਾ।।
ਧਨਾਸਰੀ ਮਹਲਾ ੧ ਪੰਨਾ ੬੮੮
ਸਰੀਰਕ ਰੋਗਾਂ ਲਈ ਤਾਂ ਗੁਰਦੇਵ ਪਿਤਾ ਜੀ ਨੇ ਕੋਹੜੀ ਘਰ, ਦਵਾਖਾਂਨੇ ਆਪਣੇ ਸਮੇਂ ਵਿੱਚ ਤਿਆਰ ਕਰਾਏ
ਸਨ। ਜਿਹੜੇ ਮਾਨਸਕ ਰੋਗਾਂ ਦੀ ਗੁਰਬਾਣੀ ਜਾਣਕਾਰੀ ਦੇ ਰਹੀ ਹੈ ਉਨ੍ਹਾਂ ਰੋਗਾਂ ਵਲ ਤਾਂ ਅਸੀਂ ਕਦੀ
ਧਿਆਨ ਹੀ ਨਹੀਂ ਦਿੱਤਾ--
ਹਉਮੈ ਰੋਗੁ ਮਾਨੁਖ ਕਉ ਦੀਨਾ।। ਕਾਮ ਰੋਗਿ ਮੈਗਲੁ ਬਸਿ ਲੀਨਾ।।
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ।। ਨਾਦ ਰੋਗਿ ਖਪਿ ਗਏ ਕੁਰੰਗਾ।। ੧।।
ਜੋ ਜੋ ਦੀਸੈ ਸੋ ਸੋ ਰੋਗੀ।। ਰੋਗ ਰਹਿਤ ਮੇਰਾ ਸਤਿਗੁਰੁ ਜੋਗੀ।। ੧।। ਰਹਾਉ।।
ਜਿਹਵਾ ਰੋਗਿ ਮੀਨੁ ਗ੍ਰਸਿਆਨੋ।। ਬਾਸਨ ਰੋਗਿ ਭਵਰੁ ਬਿਨਸਾਨੋ।।
ਹੇਤ ਰੋਗ ਕਾ ਸਗਲ ਸੰਸਾਰਾ।। ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ।। ੨।।
ਰੋਗੇ ਮਰਤਾ ਰੋਗੇ ਜਨਮੈ।। ਰੋਗੇ ਫਿਰਿ ਫਿਰਿ ਜੋਨੀ ਭਰਮੈ।।
ਰੋਗ ਬੰਧ ਰਹਨੁ ਰਤੀ ਨ ਪਾਵੈ।। ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ।। ੩।।
ਪਾਰਬ੍ਰਹਮਿ ਜਿਸੁ ਕੀਨੀ ਦਇਆ।। ਬਾਹ ਪਕੜਿ ਰੋਗਹੁ ਕਢਿ ਲਇਆ।।
ਤੂਟੇ ਬੰਧਨ ਸਾਧਸੰਗੁ ਪਾਇਆ।। ਕਹੁ ਨਾਨਕ ਗੁਰਿ ਰੋਗੁ ਮਿਟਾਇਆ।। ੪।।
ਭੈਰਉ ਮਹਲਾ ੫ ਪੰਨਾ ੧੧੪੦-੧੧੪੧
ਅੱਖਰੀਂ ਅਰਥ --—ਹੇ ਭਾਈ! ਜਿਹੜਾ ਜਿਹੜਾ ਜੀਵ (ਜਗਤ ਵਿਚ) ਦਿੱਸ ਰਿਹਾ ਹੈ, ਹਰੇਕ ਕਿਸੇ ਨ
ਕਿਸੇ ਰੋਗ ਵਿੱਚ ਫਸਿਆ ਹੋਇਆ ਹੈ। (ਅਸਲ) ਜੋਗੀ ਮੇਰਾ ਸਤਿਗੁਰੂ (ਸਭ) ਰੋਗਾਂ ਤੋਂ ਰਹਿਤ ਹੈ। ੧।
ਰਹਾਉ।
ਹੇ ਭਾਈ! (ਪਰਮਾਤਮਾ ਨੇ) ਮਨੁੱਖ ਨੂੰ ਹਉਮੈ ਦਾ ਰੋਗ ਦੇ ਰੱਖਿਆ ਹੈ, ਕਾਮ-ਵਾਸਨਾ ਦੇ ਰੋਗ ਨੇ ਹਾਥੀ
ਨੂੰ ਆਪਣੇ ਵੱਸ ਵਿੱਚ ਕੀਤਾ ਹੋਇਆ ਹੈ। (ਦੀਵੇ ਦੀ ਲਾਟ ਨੂੰ) ਵੇਖਣ ਦੇ ਰੋਗ ਦੇ ਕਾਰਨ ਪਤੰਗੇ
(ਦੀਵੇ ਦੀ ਲਾਟ ਉਤੇ) ਸੜ ਮਰਦੇ ਹਨ । (ਘੰਡੇ ਹੇੜੇ ਦੀ) ਆਵਾਜ਼ (ਸੁਣਨ) ਦੇ ਰੋਗ ਦੇ ਕਾਰਨ ਹਿਰਨ
ਖ਼ੁਆਰ ਹੁੰਦੇ ਹਨ। ੧।
ਹੇ ਭਾਈ! ਜੀਭ ਦੇ ਰੋਗ ਦੇ ਕਾਰਨ ਮੱਛੀ ਫੜੀ ਜਾਂਦੀ ਹੈ, ਸੁਗੰਧੀ ਦੇ ਰੋਗ ਦੇ ਕਾਰਨ (ਫੁੱਲ ਦੀ
ਸੁਗੰਧੀ ਲੈਣ ਦੇ ਰਸ ਦੇ ਕਾਰਨ) ਭੌਰਾ (ਫੁੱਲ ਵਿੱਚ ਮੀਟਿਆ ਜਾ ਕੇ) ਨਾਸ ਹੋ ਜਾਂਦਾ ਹੈ। ਹੇ ਭਾਈ!
ਸਾਰਾ ਜਗਤ ਮੋਹ ਦੇ ਰੋਗ ਦਾ ਸ਼ਿਕਾਰ ਹੋਇਆ ਪਿਆ ਹੈ, ਤ੍ਰਿਗੁਣੀ ਮਾਇਆ ਦੇ ਮੋਹ ਦੇ ਰੋਗ ਵਿੱਚ ਬੱਝੇ
ਹੋਏ ਜੀਵ ਅਨੇਕਾਂ ਵਿਕਾਰ ਕਰਦੇ ਹਨ। ੨।
ਹੇ ਭਾਈ! (ਮਨੁੱਖ ਕਿਸੇ ਨ ਕਿਸੇ ਆਤਮਕ) ਰੋਗ ਵਿੱਚ (ਫਸਿਆ ਹੋਇਆ) ਹੀ ਮਰ ਜਾਂਦਾ ਹੈ, (ਕਿਸੇ ਨ
ਕਿਸੇ ਆਤਮਕ) ਰੋਗ ਵਿੱਚ (ਗ੍ਰਸਿਆ ਹੋਇਆ) ਹੀ ਜੰਮਦਾ ਹੈ, ਉਸ ਰੋਗ ਦੇ ਕਾਰਨ ਹੀ ਮੁੜ ਮੁੜ ਜੂਨਾਂ
ਵਿੱਚ ਭਟਕਦਾ ਰਹਿੰਦਾ ਹੈ, ਰੋਗ ਦੇ ਬੰਧਨਾਂ ਦੇ ਕਾਰਨ (ਜੂਨਾਂ ਵਿਚ) ਭਟਕਣ ਤੋਂ ਰਤਾ ਭਰ ਭੀ ਖ਼ਲਾਸੀ
ਨਹੀਂ ਪਾ ਸਕਦਾ। ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਇਹ) ਰੋਗ ਕਿਸੇ ਤਰ੍ਹਾਂ ਭੀ ਦੂਰ ਨਹੀਂ
ਹੁੰਦਾ । ੩।
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਨੇ ਮਿਹਰ ਕਰ ਦਿੱਤੀ, ਉਸ ਨੂੰ ਉਸ ਨੇ ਬਾਂਹ ਫੜ ਕੇ ਰੋਗ
ਵਿਚੋਂ ਬਚਾ ਲਿਆ। ਜਦੋਂ ਉਸ ਨੇ ਗੁਰੂ ਦੀ ਸੰਗਤਿ ਪ੍ਰਾਪਤ ਕੀਤੀ, ਉਸ ਦੇ (ਆਤਮਕ ਰੋਗਾਂ ਦੇ ਸਾਰੇ)
ਬੰਧਨ ਟੁੱਟ ਗਏ। ਹੇ ਨਾਨਕ! ਆਖ— (ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ,) ਗੁਰੂ ਨੇ (ਉਸ ਦਾ) ਰੋਗ
ਮਿਟਾ ਦਿੱਤਾ। ੪। ਦੀਵਾਨ ਦੀ ਸਮਾਪਤੀ ਉਪਰੰਤ ਜਿਹੜੇ ਵੀਰ ਜੀ ਨੇ ਮੈਨੂੰ ਸਦਾ ਦਿੱਤਾ ਹੋਇਆ ਸੀ
ਲੰਗਰ ਵੀ ਉਹਨਾਂ ਵਲੋਂ ਸੀ। ਹੋਰ ਵੀਰਾਂ ਨਾਲ ਵਿਸਥਾਰ ਪੂਰਵਕ ਵਿਚਾਰਾਂ ਹੋਈਆਂ ਸਨ। ਵਿਚਾਰ ਕਰਦਿਆਂ
ਮੈਂ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਕਿ ਪ੍ਰਧਾਨ ਜੀ ਨੂੰ ਕਹੋ ਕਿ ਪਰਚਾਰ ਦਾ ਕੰਮ ਪਰਚਾਰਕਾਂ ਕੋਲ
ਹੀ ਰਹਿਣ ਦਿਓ ਤੁਸੀਂ ਆਪਣੇ ਪ੍ਰਬੰਧ ਵਲ ਧਿਆਨ ਦੇਵੋ। ਜੋਤਸ਼ੀ ਵਾਂਗ ਤਾਰਿਆਂ ਦੀ ਵਿਦਿਆ ਬਾਅਦ ਵਿੱਚ
ਪੜ੍ਹ ਲਿਆ ਜੇ ਪਹਿਲਾਂ ਟੋਇਆਂ ਦੀ ਵਿਦਿਆ ਹਾਸਲ ਕਰੋ। ਪ੍ਰਧਾਨ ਨੂੰ ਸਮਝਾ ਦਿਆ ਜੇ ਆਓ ਰਲ਼ ਮਿਲ਼ ਕੇ
ਪਹਿਲਾਂ ਆਏ ਗਏ ਵਾਲੇ ਕਮਰੇ ਦੇ ਪਾਣੀ ਨਿਕਾਸ ਤੇ ਸਮੁੱਚੀ ਸਫ਼ਾਈ ਦੇ ਪ੍ਰਬੰਧ ਨੂੰ ਸੰਭਾਲ਼ੀਏ ਪਰਚਾਰ
ਪਰਚਾਰਕਾਂ ਲਈ ਹੀ ਰਹਿਣ ਦੇਣਾ ਚਾਹੀਦਾ ਹੈ।
ਸੰਸਾਰ `ਤੇ ਬਹੁਤ ਥੋੜੇ ਗੁਰਦੁਆਰੇ ਹਨ ਜਿੱਥੇ ਠੋਕ ਵਜਾ ਕੇ ਸਿੱਖ ਸਿਧਾਂਤ `ਤੇ ਪਹਿਰਾ ਦਿੱਤਾ
ਜਾਂਦਾ ਹੈ ਵਰਨਾ ਬਹੁਤਾ ਗੁਰਦੁਆਰਿਆਂ ਦਾ ਪ੍ਰਬੰਧਕੀ ਢਾਂਚਾ ਸਿੱਖ ਸਿਧਾਤ ਦੀ ਜਾਣਕਾਰੀ ਨਹੀਂ
ਰੱਖਦਾ ਤੇ ਨਾ ਹੀ ਅਜੇਹੇ ਪ੍ਰਧਾਨਾਂ ਪਾਸ ਕੋਈ ਕੌਮ ਨੂੰ ਅਗਵਾਈ ਦੇਣ ਵਾਲੀ ਜੁਗਤੀ ਹੈ। ਅਜੇਹੇ
ਪ੍ਰਧਾਨਾਂ ਦੀ ਮਾਨਸਕਤਾ ਭਗਵਾਕਰਨ ਨੂੰ ਸੁਤੇ ਸਿੱਧ ਹੀ ਨਿਭਾਅ ਰਹੀ ਹੈ। ਹਿੰਦੂਤਵ ਵਿੱਚ ਲਿਬੜੇ
ਹੋਏ ਪ੍ਰਧਾਨ ਜਾਂ ਪ੍ਰਬੰਧਕ ਪਰਚਾਰ ਵਲ ਕੋਈ ਧਿਆਨ ਨਹੀਂ ਦੇਂਦੇ ਸਗੋਂ ਆਪਣੀ ਜਭਲ਼ੀਆਂ ਹੀ ਸੰਗਤ ਨੂੰ
ਸੁਣਾਸਈ ਜਾ ਰਹੇ ਹਨ। ਅੱਖਾਂ ਬੰਦ ਕਰਕੇ ਸਿਮਰਨ ਕਰਨ ਵਾਲੀ ਕੌਮ ਦਾ ਕਦੇ ਵੀ ਵਿਕਾਸ ਨਹੀਂ ਹੋ
ਸਕਦਾ। ਹਮੇਸ਼ਾਂ ਚੰਗੇ ਗਿਆਨ ਨਾਲ ਹੀ ਚੰਗੇ ਸਮਾਜ ਚੰਗੇ ਜੀਵਨ ਤੇ ਚੰਗੇ ਪਰਵਾਰ ਦੀ ਸਿਰਜਣਾ ਹੁੰਦੀ
ਹੈ ਦੂਜਾ ਕਿਸੇ ਜੱਥੇਬੰਦੀ ਜਾਂ ਕਿਸੇ ਮਨੁੱਖ ਦੀ ਸ਼ੈਲੀ ਸਮੁੱਚੀ ਕੌਮ ਦੀ ਸ਼ੈਲੀ ਨਹੀਂ ਹੋ ਸਕਦੀ।
ਸਮੁੱਚੀ ਜ਼ਿੰਦਗੀ ਦਾ ਅਧਾਰ ਸਾਨੂੰ ਗੁਰਬਾਣੀ ਵਿਚੋਂ ਸਹਿਜੇ ਹੀ ਮਿਲ ਜਾਂਦਾ ਹੈ।