ਤ੍ਰਿਯਾ
ਚਰਿਤ੍ਰ ਦੀ ਨੂਪ ਕੁਅਰਿ
(ਕਿਸ਼ਤ ਦੂਜੀ)
ਸਰਵਜੀਤ ਸਿੰਘ ਸੈਕਰਾਮੈਂਟੋ
ਸੈਕਰਾਮੈਂਟੋ (ਕੈਲੀਫੋਰਨੀਆ) ਵਿਖੇ
ਅਖੌਤੀ ਦਸਮ ਗ੍ਰੰਥ ਬਾਰੇ 23 ਫਰਵਰੀ 2008 ਈ: ਨੂੰ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਾਬਕਾ
ਜੱਥੇਦਾਰ ਸਿੰਘ ਸਾਹਿਬ ਗਿਆਨੀ ਸ਼ਵਿੰਦਰ ਸਿੰਘ ਨੇ ਕਿਹਾ ਸੀ, “ਸੋ ਥੋੜਾ ਜੇਹਾ ਜਿਕਰ ਮੈਂ ਚਰਿਤ੍ਰਾਂ
ਦੇ ਬਾਰੇ ਕਰਾ, ਸਮਾਂ ਮੇਰਾ ਸੰਪੂਰਨ ਹੋਣ ਵਾਲਾ ਥੋੜੇ ਜੇਹੇ ਮਿੰਟ ਰਹਿੰਦੇ ਨੇ, ਸਾਹਿਬ ਗੁਰੂ
ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿਹੜੇ ਚਰਿਤ੍ਰਾਂ ਦੇ ਬਾਰੇ ਗਲ ਕਰਦੇ ਨੇ ਕੇ ਮਹਾਰਾਜ ਨੇ ਖੁੱਲੇ ਬਚਨ
ਕੀਤੇ ਨੇ, ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਚਰਿਤ੍ਰ ਲਿਖੇ ਨੇ, ਉਹਦੇ ਵਿੱਚ
ਮੇਰੇ ਗਰੂ ਗੋਬਿੰਦ ਸਿੰਘ ਨੇ ਆਪਣਾ ਚਰਿਤ੍ਰ ਲਿਖਿਆ ਸਾਧ ਸੰਗਤ, ਜੇ ਕੋਈ ਕਹੇ ਕਵੀਆਂ ਨੇ ਲਿਖੇ ਨੇ,
ਗੁਰੂ ਗੋਬਿੰਦ ਸਿੰਘ ਦਾ ਅਨੂਪ ਕੌਰ ਦਾ ਚਰਿਤ੍ਰ ਕਿੱਦਾਂ ਆ ਗਿਆ ਉਹਦੇ ਵਿਚ? ਇਸ ਕਰਕੇ ਆਪ ਲਿਖੇ
ਨੇ। ਅਨੂਪ ਕੌਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛਲਣ ਦੀ ਕੋਸ਼ਿਸ਼ ਕੀਤੀ। ਕੇ ਗੁਰੂ ਮਹਾਰਾਜ
ਬੜਾ ਬਲੀ ਯੋਧਾ, ਮੈਂ ਛੱਲ ਕੇ ਵਿਖਾਉਨੀ ਆ ਔਰ ਉਹ ਇੱਕ ਬੰਦੇ ਦਾ ਰੂਪ ਧਾਰ ਕੇ, ਜੋਗੀ ਬਣ ਕੇ,
ਆਪਣੇ ਨਾਲ ਚੇਲੇ-ਚਾਟੜੇ ਬਣਾ ਕੇ, ਇੱਕ ਆਪਣੇ ਆਪ ਵਿੱਚ ਜੋਗੀ ਮਹਾਤਮਾ ਬਣ ਕੇ ਤੇ ਗੁਰੂ ਗੋਬਿੰਦ
ਸਿੰਘ ਮਹਾਰਾਜ ਨੂੰ ਸੁਨੇਹਾ ਭੇਜਿਆ ਕਿ ਮਹਾਰਾਜ ਸਾਡੇ ਗੁਰੂ ਨੇ ਤੁਹਾਡੇ ਨਾਲ ਬਚਨ ਬਿਲਾਸ ਕਰਨੇ
ਨੇ, ਗੁਰੂ ਜਾਣੀ ਜਾਣ ਸਨ, ਪਤਾ ਸੀ ਕੀ ਹੈ, ਛਲ ਹੈ, ਧੋਖਾ ਹੈ, ਸਭ ਕੁਝ ਜਾਣਦੇ ਨੇ, ਪਰ ਕਿਉਂਕਿ
ਸਾਨੂੰ ਸਮਝਾਉਣ ਲਈ ਕੋਈ ਜਤਨ ਤਾਂ ਕਰਨਾ ਸੀ ਨਾ।… ਇਸ ਲਈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ
ਕਹਿੰਦੇ ਨੇ, ਉਸ ਨੇ ਜਦੋਂ ਫੇਰ ਸਾਨੂੰ ਪ੍ਰੇਰਿਆਂ, ਅਸੀਂ ਉਸ ਨੂੰ ਮਨ੍ਹਾਂ ਕੀਤਾ, ਉਸ ਨੇ ਅਨੇਕ
ਪ੍ਰਕਾਰ ਦੀਆ ਟਾਂਚਾ ਕੀਤੀਆਂ, ਤਾਨ੍ਹੇ ਮਾਰੇ, ਐਸਾ ਵੀ ਲਿਖਿਆ, ਕੇ ਵੱਡਾ ਸੂਰਮਾ ਅਖਵਾਉਣਾ ਜਾਂ
ਮੇਰੀ ਲੱਤ ਥੱਲੋਂ ਲੰਘ ਜਾਹ ਨਹੀਂ ਤੇ ਮੇਰੀ ਗੱਲ ਮਨ ਲਾ।…ਸਾਧ ਸੰਗਤ ਜਿਨ੍ਹਾਂ ਦੇ ਮਨਾਂ ਦੇ ਵਿੱਚ
ਕਚਿਆਈ ਹੁੰਦੀ ਆ, ਚਰਿਤ੍ਰ ਪੜ੍ਹ ਕੇ ਮਨ ਉਨ੍ਹਾਂ ਦੇ ਡੋਲਦੇ ਹਨ। ਆਹ ਸਾਡੇ ਭੈਣ ਜੀ ਬੈਠੇ ਨੇ
ਕਹਿੰਦੇ ਮੈਂ ਸਾਰਾ ਦਸਮ ਗ੍ਰੰਥ ਪੜ੍ਹਿਆ, ਕਹਿੰਦੇ ਕੇਹੜਾ ਜੇਹੜਾ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ
ਦੀ ਬਾਣੀ ਨਹੀਂ? ਸਾਧ ਸੰਗਤ ਅੰਦਰੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖ਼ਸ਼ਿਸ਼ ਹੋਵੇ, ਫਿਰ ਜਿਦਾਂ ਆਹ ਬਚਨ
ਲਿਖੇ ਪੜ੍ਹ ਲੋ। ਬਚਨ ਕੀਤੇ ਨਾ, ਕੈਰ ਬੁਜ਼ਦਿਲ ਜਿਹੜੇ, ਉਹ ਨਹੀਂ ਬਾਣੀ ਪੜ੍ਹ ਸਕਦੇ, ਜਿਹੜੇ
ਸੂਰਮੇ ਯੋਧੇ ਨੇ ਉਹੋ ਹੀ ਦਸਮ ਪਾਤਸ਼ਾਹ ਦੀ ਬਾਣੀ ਪੜ੍ਹ ਸਕਦੇ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ
ਸਿੰਘ ਮਹਾਰਾਜ ਨੇ, ਜਿਸ ਵੇਲੇ ਅਨੂਪ ਕੌਰ ਨੇ ਚਰਿਤ੍ਰ ਵਰਤੇ ਤੇ ਦਸਮ ਪਾਤਸ਼ਾਹ ਹਜ਼ੂਰ ਨੇ ਕੀ ਉਪਦੇਸ
ਦਿੱਤਾ, ਹੈ ਨਾ ਪੂਰਾ ਗੁਰੂ। ਇਕਾਂਤ ਹੋਵੇ, ਜਿਥੇ ਕੋਈ ਦੇਖਦਾ ਨਾ ਹੋਵੇ, ਕਿਸੇ ਦਾ ਕੋਈ ਡਰ ਨਾ
ਹੋਵੇ, ਉਹਦੇ ਕੋਲ ਸਾਬਤ ਰਹਿਣਾ ਤੇ ਉਹਨੂੰ ਵੀ ਸਿੱਖਿਆ ਦੇਣੀ। ਉਥੇ ਦਸਮ ਪਾਤਸ਼ਾਹ ਜੀ ਨੇ
ਕਿਹਾ:-ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ...ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ
ਜੈਯਹੁ ।
ਜਰਾ ਖਿਆਲ ਕਰੋ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਅਨੂਪ ਕੌਰੇ, ਮੇਰੇ ਪਿਤਾ ਗੁਰੂ ਤੇਗ ਬਹਾਦਰ
ਸਾਹਿਬ ਨੇ ਮੈਨੂੰ ਆਹ ਗੱਲ ਕਹੀ ਹੋਈ ਐ। ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿਹਾ ਸੀ, ਕਿ ਤੁਸੀਂ ਆਪਣੀ ਏਕਾ ਨਾਰੀ ਜਤੀ ਵਿੱਚ ਰਹਿਣਾ,
ਪਰਾਈ ਨਾਰੀ ਨੂੰ ਸੁਫਨੇ ਵਿੱਚ ਵੀ ਨਹੀ ਦੇਖਣਾ, ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ
ਸਾਹਿਬ ਜੀ ਨੂੰ ਸਮਝਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੰਥ ਵਾਸਤੇ ਲਿਖਤ ਕਰ ਦਿੱਤੀ, ਮੇਰਾ
ਪੰਥ ਇਸ ਤੋਂ ਸਾਵਧਾਨ ਰਹੇ ਧੋਖਾ ਨਾ ਖਾਵੇ।”
ਭਾਈ ਰਣਧੀਰ ਸਿੰਘ, ਰੀਸਰਚ ਸਕਾਲਰ, ਸ਼ੋਮਣੀ ਗੁ: ਪ੍ਰ; ਕਮੇਟੀ, ਆਪਣੀ ਲਿਖਤ, “ਸ਼ਬਦ-ਮੂਰਤਿ” ਵਿੱਚ
ਲਿਖਦੇ ਹਨ, “ਜਦੋਂ ਦਸਮੇਸ਼ ਪਿਤਾ ਜੋਗੀ, ਵੈਰਾਗੀ ਤੇ ਸੰਨਿਆਸੀ ਆਦਿ ਸੰਪਰਦਾਵਾਂ ਦੇ ਸਿੱਧਾਂ-ਸਾਧਾਂ
ਦੇ ਪਰਖ-ਪ੍ਰਖਾਵੇ ਕਰ ਰਹੇ ਸਨ; ਤਾਂ ਵੈਸਾਖੀ ਤੇ ਦੀਵਾਲੀ ਦੇ ਮੌਕਿਆਂ ਪੁਰ ‘ਛਜਿਆ’ ਰਾਜਮਨੀ ਤੇ
‘ਅਨੂਪ ਕੌਰ’ ਲਾਹੌਰੀ ਖਤ੍ਰੇਟੀ ਆਦਿ ਰੂਪ-ਜੋਬਨ ਮੱਤੀਆਂ ਮੁੰਧ-ਮੁਟਿਆਰਾਂ ਭੀ ਅਨੰਦਪੁਰਿ ਆਈਆਂ;
ਅਰੁ ਸੱਚੇ ਪਾਤਿਸ਼ਾਹ ਦੀ ਚੜ੍ਹਦੀ ਜੁਆਨੀ ਤੇ ਮਨੋਹਰ ਨੁਹਾਰ ਵੇਖ ਕੇ ਮੋਹਿਤ ਹੋ ਗਈਆਂ। ਸਤਿਗੁਰਾਂ,
ਨਾਰੀ ਦੇ ਪ੍ਰਾਕ੍ਰਿਤਕ ਸੁਭਾਉ ਦੇ ਸਦਕੇ ਉਨ੍ਹਾਂ ਦੀਆਂ ਭੁੱਲਾਂ ਬਖਸ਼ੀਆਂ ਤੇ ਸੁਮੱਤੇ ਲਾਈਆਂ”।
(ਪੰਨਾ 21)
“ਸ੍ਰੀ ਦਸਮ ਗ੍ਰੰਥ ਦਰਪਣ” ਦਾ ਲੇਖਕ, ਗਿਆਨੀ ਹਰਬੰਸ ਸਿੰਘ ਵੀ ਨੂਪ ਕੌਰ ਵਾਲੀ ਕਹਾਣੀ (ਚਰਿਤ੍ਰ
21-23) ਨੂੰ ਗੁਰੂ ਜੀ ਦੀ ਆਪ ਬੀਤੀ ਹੀ ਸਾਬਿਤ ਕਰਦਾ ਹੈ। “ਭਾਵੇਂ ‘ਤ੍ਰੀਆ’ ਸ਼ਬਦ ਇਸਤਰੀ ਭਾਵ ਦਾ
ਪ੍ਰਤੀਕ ਹੈ ਪਰ ਇਹਨਾਂ ਚਰਿਤ੍ਰਾਂ ਵਿਚ ਕੁਝ ਪੁਰਸ਼ਾਂ ਦੇ ਵੀ ਹਨ ਅਤੇ 3 ਚਰਿਤ੍ਰ ਅਜਿਹੇ ਹਨ ਜੋ
ਗੁਰੂ ਗੋਬਿੰਦ ਸਿੰਘ ਜੀ ਉੱਪਰ ਹੀ ਢੁੱਕਦੇ ਹਨ। ਇਸ ਰਚਨਾ ਦੇ ਸੋਮੇ ਵੱਖੋ ਵੱਖ ਹਨ। ਇਨ੍ਹਾਂ ਵਿਚ
ਕਈ ਇਤਿਹਾਸਕ, ਅਰਧ ਇਤਿਹਾਸਕ, ਮਿਥਿਹਾਸਕ, ਅਰਧ ਮਿਥਿਹਾਸਕ ਲੋਕ ਕਥਾਵਾਂ ਦੇ ਪਾਤਰ ਅਤੇ
ਸਵੈ-ਬੀਤੀਆਂ ਹਨ।...“ਇਸ ਤੋਂ ਅਗਲੀ ਗਵਾਹੀ ਚਰਿਤ੍ਰ 21 ਵਿਚ ਹੈ ਜਿਸ ਦੇ ਨਾਇਕ ਸਾਹਿਬ ਆਪ ਹਨ।
‘ਅਨੂਪ ਕੁਅਰਿ’ ਦੇ ਬਹੁਤ ਜੋਰ ਦੇਣ ਤੇ ਵੀ ਨਾਇਕ ਉਸ ਨਾਲ ਭੋਗ ਕਰਨ ਨੂੰ ਤਿਆਰ ਨਹੀਂ ਹੁੰਦਾ ਅਰ ਉਸ
ਨੂੰ ਉਤਰ ਦਿੰਦਾ ਹੈ:-
ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯਾ ਆਵਹਿ। ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਇ।
ਸਿਖੑਯ ਪੁਤ੍ਰ ਤ੍ਰਿਯਾ ਸੁਤਾ ਜਾਨਿ ਅਪਨੇ ਚਿਤ ਧਰਿਯੈ। ਹੋ ਕੁਹ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ
ਕਰਿਯੈ।
ਇਹ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾਂ ਹੋਰ ਕੌਣ ਲਿਖ ਸਕਦਾ ਹੈ? ਅਜਿਹੇ ਬਚਨ ਪਵਿਤਰ ਆਤਮਾ
ਤੋਂ ਬਿਨਾ ਕੋਈ ਕਹਿ ਹੀ ਨਹੀਂ ਸਕਦਾ। ਉਪਰੋਕਤ ਸਾਰੀਆਂ ਦਲੀਲਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ
ਚਰਿਤ੍ਰਾਂ ਦੇ ਕਰਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਜਿਨ੍ਹਾਂ ਨੇ ਇਕ ਵਿਸ਼ੇਸ਼ ਉਦੇਸ਼
ਸਾਹਮਣੇ ਰੱਖ ਕੇ ਇਨ੍ਹਾਂ ਚਰਿਤ੍ਰਾਂ ਦੀ ਰਚਨਾ ਕੀਤੀ।...ਜਿਥੋਂ ਤੱਕ ਛਜਿਆ ਦਾ ਦਸ਼ਮੇਸ਼ ਦੇ ਦਰਸ਼ਨ
ਕਰਕੇ ਕਾਮ ਵਸ ਹੋਣ ਵਾਲੀ ਗੱਲ ਹੈ, ਕਿਸੇ ਕਾਮੀ ਇਸਤਰੀ ਦਾ ਕਾਮ ਵਸ ਹੋਣਾ ਕੋਈ ਅਸਚਰਜ ਗਲ ਨਹੀਂ
ਹੈ।...ਹਜ਼ੂਰ ਨੂੰ ਛਜਿਆ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਸਗੋਂ ਆਪਣੀ ਦਰਿਆ ਦਿਲੀ ਨਾਲ ਉਨ੍ਹਾਂ
ਨੇ ਉਸ ਦਾ ਮਨ ਮੋੜਿਆ। ...ਜਿਥੋਂ ਤਕ ਸਿਖਾਂ ਦੀ ਕਮਾਈ ਵਿਚੋਂ ਮਾਇਆ ਦੇਣ ਦਾ ਸਬੰਧ ਹੈ, ਜਾਪਦਾ ਹੈ
ਕਿ ਗਿਆਨੀ ਜੀ ਨੂੰ ਗੁਰੂ ਘਰ ਦੀ ਮਰਯਾਦਾ ਬਾਰੇ ਵਾਕਫ਼ੀਅਤ ਨਹੀਂ। ਇਤਨੀ ਮਾਇਆ ਨੂਪ ਕੁਅਰਿ ਨੇ ਆਪ
ਕਿਥੋਂ ਤਕ ਖਰਚ ਕਰ ਲੈਣੀ ਸੀ। ਇਹ ਮਾਇਆ ਅਤੇ ਇਸੇ ਤਰ੍ਹਾਂ ਹੋਰ ਕਈ ਗੁਰਸਿੱਖਾਂ ਨੂੰ ਹਜ਼ੂਰ ਮਾਇਆ
ਬਖ਼ਸ਼ਦੇ ਰਹਿੰਦੇ ਸਨ ਤਾਂ ਜੋ ਲੋਹ ਲੰਗਰ ਤਪਦੇ ਰਹਿਣ ਤੇ ਸਿੱਖ ਸੇਵਕ ਜਿਹੜੇ ਦੂਰੋਂ-ਦੂਰੋਂ ਆਉਂਦੇ
ਉਨ੍ਹਾਂ ਦੀ ਸੰਭਾਲ ਹੋਂਦੀ ਰਹੇ, ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਮੁੱਖੀ ਸਿੱਖਾਂ ਦੇ ਪ੍ਰਬੰਧ
ਵਿੱਚ ਵੱਖੋ ਵੱਖ ਥਾਂਵਾਂ ਤੇ ਲੰਗਰ ਚਲਦੇ ਸਨ। ਹੋ ਸਕਦਾ ਹੈ ਕਿ ਇਸ ਤਰ੍ਹਾਂ ਹੀ ਗੁਰੂ ਜੀ ਨੂਪ
ਕੁਅਰਿ ਤੋਂ ਵੀ ਇਹ ਸੇਵਾ ਲਈ ਹੋਵੇ। ਵੀਹ ਹਜ਼ਾਰ ਦੀ ਛਿਮਾਹੀ ਉਸ ਸਮੇਂ ਦੇਣੀ ਤੇ ਇਸ ਸਬੰਧੀ ਲਿਖਣਾ
ਸਾਹਿਬਾਂ ਦਾ ਹੀ ਕੰਮ ਹੈ ਜੇ ਕੋਈ ਹੋਰ ਕਵੀ ਹੁੰਦਾ ਤਾਂ ਅਤਿ ਕਥਨੀ ਦੇ ਭੈ ਕਰਕੇ ਇਹ ਰਕਮ ਇਤਨੀ
ਕਦੇ ਨਾ ਲਿਖਦਾ। ਜਦੋਂ ਹਜ਼ੂਰ ਨੇ ਨੂਪ ਕੁਅਰਿ ਨੂੰ ਮਾਫ਼ ਕਰ ਦਿੱਤਾ। ‘ਛਿਮਾਂ ਕਰੋਂ ਅਬ ਤ੍ਰਿਯਾ
ਤੁਮੇ ਬੁਹਰ ਨਾ ਕਰੀਯਹੁ ਰਾਂਧ’ ਤਾਂ ਹਜ਼ੂਰ ਉਸ ਨਾਲ ਭਿੰਨ ਭੇਦ ਕਿਵੇਂ ਵਰਤਦੇ।” (ਪੰਨਾ 314)
ਗਿਆਨੀ ਹਰਬੰਸ ਸਿੰਘ ਨਿਰਣੈਕਾਰ ਦੀ ਕਰਤੂਤ:- ਅਸਲ ਲਿਖਤ ਵਿਚ ਸ਼ਬਦ ‘ਤੁਮੇ’ ਨਹੀ ‘ਹਮੈ’ ਹੈ। “ਛਿਮਾ
ਕਰਹੁ ਅਬ ਤ੍ਰਿਯ ਹਮੈ ਬਹੁਰਿ ਨ ਕਰਿਯਹੁ ਰਾਧਿ। ਬੀਸ ਸਹੰਸ ਟਕਾ ਤਿਸੈ ਦਈ ਛਿਮਾਹੀ ਬਾਧਿ”। ਪਰ
ਨਿਰਣੈਕਾਰ ਨੇ ‘ਹਮੈ’ ਦਾ ‘ਤੁਮੇ’ ਕਰ ਦਿੱਤਾ ਗਿਆ ਹੈ। ਗਿਆਨੀ ਹਰਬੰਸ ਸਿੰਘ ਦੇ ਮੁਤਾਬਕ ਤਾਂ ਗੁਰੂ
ਜੀ ਨੇ ਉਸ ਔਰਤ ਨੂੰ ਮਾਫ਼ ਕਰ ਦਿੱਤਾ ਹੈ ਜਦਕਿ ਅਸਲ ਲਿਖਤ ਵਿਚ ਤਾਂ ਗੁਰੂ ਜੀ ਨੂਪ ਕੌਰ ਤੋਂ ਮਾਫ਼ੀ
ਮੰਗਦੇ ਹਨ। ਯਾਦ ਰਹੇ ਹਰਬੰਸ ਸਿੰਘ ਨਿਰਣੈਕਾਰ ਦੀ ਇਸ ਲਿਖਤ ਦੀ ਪ੍ਰਸੰਸਾ ਵਿੱਚ ਤ੍ਰਲੋਚਨ ਸਿੰਘ ਨੇ
“ਦੋ ਸ਼ਬਦ” ਦੇ ਸਿਰਲੇਖ ਹੇਠ 10 ਪੰਨੇ ਕਾਲੇ ਕੀਤੇ ਹੋਏ ਹਨ।
ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ‘ਗੁਰਮਤਿ ਪ੍ਰਕਾਸ਼‘ ਫਰਵਰੀ, 1959 ਅੰਕ ਵਿਚ, ਪ੍ਰੋ: ਰਾਮ
ਪ੍ਰਕਾਸ਼ ਸਿੰਘ ਐਮ. ਏ. ਐਲ-ਐਲ. ਬੀ ਖਾਲਸਾ ਕਾਲਜ ਅੰਮ੍ਰਿਤਸਰ, ਆਪਣੇ ਲੇਖ ‘ਚਾਨਣ ਮੁਨਾਰਾ’ ਵਿਚ
ਲਿਖਦੇ ਹਨ, “ਭਰ ਜੁਆਨੀ ਵਿਚ ਇਕ ਸੁਨੱਖੀ ਤੇ ਮਾਲਦਾਰ ਮੁਟਿਆਰ ਆਪ ਤੇ ਆਸ਼ਕ ਹੋ ਜਾਂਦੀ ਹੈ। ਆਪ ਜੀ
ਨੂੰ ਘਰ ਬੁਲਾ ਕੇ ਆਪਣੀ ਜੁਆਨੀ, ਆਪਣੇ ਹੁਸਨ ਤੇ ਆਪਣੇ ਮਾਲ ਦਾ ਜਾਦੂ ਪਾਉਣ ਦਾ ਪੁਰਾ ਜਤਨ ਕਰਦੀ
ਹੈ। ਪਰ ਜਦੋਂ ਆਸ ਪੂਰੀ ਨਹੀਂ ਹੁੰਦੀ ਤਾਂ ਇਕ ਹੋਰ ਬੜਾ ਖਤਰਨਾਕ ਤੀਰ ਛੱਡਦੀ ਹੈ।...ਇਸ ਤਰ੍ਹਾਂ
ਤੇਰੀ ਗੁਰਿਆਈ ਦੇ ਆਦਰ ਨੂੰ ਦੋ ਮਿੰਟਾਂ ਵਿਚ ਨਸ਼ਟ ਕਰ ਦਿਆਂਗੀ। ਜੇ ਭਲੀ ਚਾਹੁੰਦੇ ਹੋ ਤਾਂ ਸਮਝੋ,
ਹੱਠ ਨਾ ਕਰੋ। ਮਨ ਜਾਓ ਤੇ ਆਪਣੀ ਇਜ਼ਤ ਬਚਾਓ ਅਤੇ ਮੈਨੂੰ ਤਪਦੀ ਨੂੰ ਠਾਰੋ”।(ਪੰਨਾ 26)
ਗਿਆਨੀ ਈਸ਼ਰ ਸਿੰਘ ‘ਦਸਮ ਗੁਰੂ ਗ੍ਰੰਥ ਸਾਹਿਬ ਦੇ ਖੰਡਨ ਦਾ ਖੰਡਨ’ ਵਿੱਚ ਵੀ ਇਸ ਚਰਿਤ੍ਰ ਨੂੰ ਗੁਰੂ
ਜੀ ਦੀ ਆਪ ਬੀਤੀ ਹੀ ਸਾਬਿਤ ਕਰਦਾ ਹੈ। “ਇਹ ਖਾਸ ਪ੍ਰਸੰਗ ਹੈ ਜੋ ਜਾਪਦਾ ਹੈ ਕਿ ਖਾਸ ਸ਼੍ਰੀ ਗੁਰੂ
ਗੋਬਿੰਦ ਸਿੰਘ ਸੰਬੰਧਿਤ ਹੈ। ਸ੍ਰੀ ਦਸਮੇਸ਼ ਜੀ ਕਿਸੇ ਮਕਾਰ ਇਸਤ੍ਰੀ ਦੇ ਧੋਖੇ ਵਿਚ ਨਹੀਂ ਸਨ ਆ
ਸਕਦੇ ਪਰ ਆਪਣੇ ਸਿੱਖਾਂ ਦੇ ਭਲੇ ਲਈ ਅਨੇਕਾਂ ਕੌਤਕ ਰਚਕੇ ਐਨ ਪ੍ਰਤੱਖ ਚਿਤ੍ਰ ਖਿੱਚਣ ਲਈ ਕਦੇ
ਸੰਕੋਚ ਭੀ ਨਹੀਂ ਸਨ ਕਰਦੇ।... ਐਨ ਇਸੇ ਤਰ੍ਹਾਂ ਸ੍ਰੀ ਦਸਮੇਸ਼ ਜੀ ਨੇ ਨੂਪ ਕੁਅਰਿ ਦੇ ਘਰ ਪੁਜ ਕੇ
ਇਹ ਕੌਤਕ ਰਚ ਕੇ ਸਿੱਖਿਆ ਦਿੱਤੀ ਹੈ...ਇਹ ਸੁਣ ਕੇ ਵਜ਼ੀਰ ਨੇ 21ਵਾਂ ਚਰਿਤ੍ਰ ਪੇਸ਼ ਕੀਤਾ ਸੀ ਜਿਸ
ਵਿਚ ਸ਼੍ਰੀ ਦਸ਼ਮੇਸ਼ ਜੀ, ਨੂਪ ਕੁਅਰਿ ਦੇ ਘਰ ਚਲੇ ਜਾਂਦੇ ਹਨ।... ਅਤੇ ਉਹ ਕਾਮਾਂਤ੍ਰ ਹੋਕੇ ਗੁਰੂ ਜੀ
ਨਾਲ ਸਨੇਹ ਕਰਨਾ ਚਾਹੁੰਦੀ ਹੈ ਅਰ ਸ੍ਰੀ ਦਸਮੇਸ਼ ਜੀ ਉਸ ਨੂੰ ਧਰਮ ਦੇ ਅਸੂਲ ਦਸਦੇ ਹਨ। ਪਰ ਕੁਅਰਿ
ਆਪਣੀ ਬੇ-ਬਸੀ ਦਸਦੀ ਹੈ ਅਤੇ ਗੁਰੂ ਜੀ ਉਪਦੇਸ਼ ਦਿੰਦੇ ਹਨ।...ਅਤੇ ਉਸ ਵੇਲੇ ਸ਼੍ਰੀ ਦਸ਼ਮੇਸ਼ ਜੀ ਨੇ
ਕੁਅਰਿ ਅਤੇ ਸਾਡੇ ਲਈ ਬਲਕਿ ਸਾਰੇ ਸਮਾਜ ਦੇ ਭਲੇ ਲਈ ਇਹ ਬਾਣੀ ਉਚਾਰਨ ਕੀਤੀ ਸੀ;- ਸੁਧਿ ਜਬ ਤੇ ਹਮ
ਧਰੀ ਬਚਨ ਗੁਰ ਦਏ ਹਮਾਰੇ॥ ...ਪਰ ਨਾਰੀ ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ॥ (ਪੰਨਾ 194)
“ਦਸਮ ਗੁਰ ਗਿਰਾ ਸਰਵੇਖਣ” ਦਾ ਲਿਖਾਰੀ ਗਿਆਨੀ ਮਹਾਂ ਸਿੰਘ ਲਿਖਦਾ ਹੈ, “ਇਹ ਠੀਕ ਹੈ ਕਿ ਇਹਨਾਂ
ਕਹਾਣੀਆਂ ਵਿਚ ਨੰਗੇਜ ਬੀ ਬਹੁਤ ਥਾਈ ਹੈ ਪਰ ਏਹ ਕਹਾਣੀਆਂ ਕਾਮ ਵਾਸਨਾ ਨੂੰ ਪ੍ਰਚਲਤ ਕਰਨ ਲਈ ਨਹੀਂ
ਪਰ ਐਸੇ ਛਲ, ਫਰੇਬਾਂ, ਧੋਖਿਆਂ ਤੇ ਚਲਾਕੀਆਂ ਦੇ ਕਰਤਵਾਂ ਤੋਂ ਸੁਚੇਤ ਤੇ ਬਚਕੇ ਰਹਿਣ ਦੀ ਪ੍ਰੇਰਨਾ
ਲੈਣ ਹਿਤ ਹਨ, ਇਸੇ ਹੀ ਰਚਨਾ ਵਿਚ ਕਲਗੀਧਰ ਪਾਤਸ਼ਾਹ ਜੀ ਸੰਬੰਧੀ ਵੀ ਇਕ ਵਾਰਤਾ ਹੈ ਜਿਸ ਵਿਚ ਵਰਣਿਤ
ਹੈ ਕਿ ਕਲਗੀਧਰ ਜੀ ਨੇ ਦੱਸਿਆ ਕਿ ਸਾਡੇ ਪਿਤਾ ਨੇ ਸਾਨੂੰ ਸਿਖ੍ਯਾ ਦਿਤੀ ਸੀ:-
ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ॥...ਪਰ ਨਾਰੀ ਕੀ ਸੇਜ ਭੂਲ ਸੁਪਨੇ ਹੂੰ ਨ ਜਈਅਹੁ॥
(ਪੰਨਾ 31)
ਡਾ ਬਲਵੰਤ ਸਿੰਘ ਦੀ ਰਾਏ ਜਾਣ ਲੈਣੀ ਵੀ ਜਰੂਰੀ ਹੈ, “ਇੱਕੀਵਾਂ ਚਰਿਤ੍ਰ ਜੋ ਕੁਝ ਵਿਦਵਾਨ ਗੁਰੂ ਜੀ
ਨਾਲ ਖ਼ੁਦ ਵਰਤੀ ਕਹਾਣੀ ਕਹਿੰਦੇ ਹਨ। ਉਹ ਕਹਾਣੀ ਇਸ ਤਰ੍ਹਾਂ ਆਨੰਦਪੁਰ ਦੇ ਰਾਜੇ ਨਾਲ ਵਰਤੀ ਕੋਈ
ਹੋਰ ਕਵੀ ਦੀ ਹਿੰਮਤ ਨਹੀਂ ਪੈ ਸਕਦੀ ਸੀ ਕਿ ਇਸ ਤਰ੍ਹਾਂ ਲਿਖੇ। ਇਸ ਲਈ ਉਹ ਆਪ ਦਸਮੇਸ਼ ਪਿਤਾ ਦੀ
ਲਿਖੀ ਹੈ”। (ਦਸਮ ਗ੍ਰੰਥ ਤੇ ਕੁਝ ਵਿਚਾਰ, ਪੰਨਾ 46)
“ਦਸਮ ਗ੍ਰੰਥ ਦਾ ਮਹੱਤਵ” ਦਾ ਕਰਤਾ ਡਾ ਗੁਰਚਰਨ ਸਿੰਘ ਵੀ ਇਸ ਚਰਿਤ੍ਰ ਨੂੰ ਗੁਰੂ ਜੀ ਦੀ ਆਪ ਬੀਤੀ
ਹੀ ਸਾਬਿਤ ਕਰਦਾ ਹੈ। “ਸੰਮਤ 1747-48 ਬਿ. (1690-91 ਈ.) ਵਿੱਚ ਜਦੋਂ ਦਸਮ ਪਿਤਾ ਦੇ ਜੋਗੀਆਂ,
ਵੈਰਾਗੀਆਂ, ਸੰਨਿਆਸੀਆਂ ਤੇ ਹੋਰਾਂ ਵੱਲੋਂ ਪਰਖ-ਪ੍ਰਤਾਵੇ ਹੋ ਰਹੇ ਸਨ ਉਦੋਂ ਵੈਸਾਖੀ ਤੇ ਦੀਵਾਲੀ
ਦੇ ਮੌਕਿਆਂ ਉਤੇ ਹੋਰ ਲੋਕਾਂ ਦੇ ਨਾਲ ਨੂਪ ਕੌਰ ਲਾਹੌਰ ਦੀ ਖਤ੍ਰੇਟੀ ਤੇ ਹੋਰ ਸੁੰਦਰੀਆਂ ਵੀ ਆਈਆਂ
ਜਿਨ੍ਹਾਂ ਆਪਣੇ ਛੱਲ-ਛਿਦ੍ਰਾਂ ਰਾਹੀਂ ਗੁਰੂ ਸਾਹਿਬ ਨੂੰ ਚਰਿਤ੍ਰਕ ਇਮਤਿਹਾਨ ਵਿੱਚ ਪਾਣ ਦਾ ਯਤਨ
ਕੀਤਾ। ਪਰ ਉਹ ਆਪਣੇ ਉੱਚ-ਆਚਰਣ ਦੀ ਪਰਤਿਗਿਆ ਵਿੱਚ ਦ੍ਰਿੜ੍ਹ ਰਹੇ”। (ਪੰਨਾ 9)
ਆਓ ਗਿਆਨੀ ਬਿਸ਼ਨ ਸਿੰਘ ਦੇ ਵਿਚਾਰ ਵੀ ਜਾਣ ਲਈਏ, “ਇਕ ਸਤੱਦਰਵ ਦਰਿਆ ਦੇ ਕੰਢੇ ਉਤੇ ਅਨੰਦਪੁਰ
ਗ੍ਰਾਮ ਹੈ। ਉਚਿਆਂ ਭਾਵ ਚੰਗਿਆਂ ਨੈਤ੍ਰਾਂ ਵਾਲੀ ਜੇਹੜੀ ਨੈਣਾ ਦੇਵੀ ਹੈ ਉਸ ਦੇ ਪਾਸ ਹੈ ਕਹਿਲੂਰ
ਸ਼ਹਿਰ ਚੰਗੀ ਜਗਾ ਵਾਲਾ ਜਾਂ ਕਹਿਲੂਰ ਦੀ ਰਿਆਸਤ ਦੀ ਥਾਂ ਵਿਚ ਨੈਣਾ ਦੇਵੀ ਦੇ ਹੇਠਾਂ ਅਨੰਦਪੁਰ
ਵੱਸਦਾ ਹੈ। ਜਿਸ ਦੀ ਜਗਾ ਬਹੁਤ ਸੁੰਦਰ ਹੈ। ਉਥੇ ਸਿੱਖ ਤੇ ਗੁਰੂ ਦੇ ਪਿਆਰੇ ਬਹੁਤ ਅਨੰਦ ਵਧਾਕੇ
ਔਨਦੇ ਹਨ। ਮਨ ਭਾਂਦੇ ਮੂੰਹੋਂ ਵਰ ਮੰਗ ਕੇ ਸੁਖ ਪਾ ਕੇ ਘਰਾਂ ਨੂੰ ਜਾਂਦੇ ਹਨ।... ਜੇਹੜੀ ਇਸਤਰੀ
ਮੈਨੂੰ ਪੂਜ ਜਾਣਕੇ ਮੇਰੇ ਵੱਲ ਮੇਰੀ ਪੂਜਾ ਕਰਨ ਵਾਸਤੇ ਔਂਦੀ ਹੈ। ਉਹ ਇਸਤਰੀ ਮੇਰੇ ਵਰਗੇ ਗੁਰੂ ਦੀ
ਧੀ ਬਰਾਬਰ ਲਗਦੀ ਹੈ। ਭਾਵ ਸਿੱਖ ਮੇਰੇ ਪੁਤ੍ਰ ਹਨ ਉਨਾਂ ਦੀਆਂ ਇਸਤ੍ਰੀਆਂ ਮੇਰੀਆਂ ਧੀਆਂ ਹਨ।
(ਪੋਥੀ ਛੇਵੀਂ, ਪੰਨਾ 32)
ਸ. ਅਨੁਰਾਗ ਸਿੰਘ ਦੇ ਵੱਲੋਂ ਲਿਖੇ ਗਏ ਟਰੈਕਟ, “ਸ੍ਰੀ ਦਸਮ ਗ੍ਰੰਥ ਸਬੰਧੀ ਸ਼ੰਕਿਆਂ ਦੇ ਉੱਤਰ”
ਜਿਸ ਨੂੰ “ਖਾਲਸਾ ਪ੍ਰਬੰਧਕ ਜਥਾ ਗੁਰਦੁਵਾਰਾ ਅਖੰਡ ਪ੍ਰਕਾਸ਼ ਭਿੰਡਰਾ (ਮੋਗਾ) ਵੱਲੋਂ ਛਾਪਿਆ ਅਤੇ
ਵੰਡਿਆ ਜਾ ਰਿਹਾ ਹੈ। ਇਸ ਦੇ ਆਰੰਭ ਵਿੱਚ ਗਿਆਨੀ ਮੋਹਣ ਸਿੰਘ ਜੀ (ਭਿੰਡਰਾ) ਦਾ ਸੰਦੇਸ਼ ਦਰਜ ਹੈ।
ਜਿਸ ਵਿਚ ਗਿਆਨੀ ਜੀ ਲਿਖਦੇ ਹਨ, “ ਜਿਵੇ ਕਿ ‘ਚਰਿਤ੍ਰਕ ਗ੍ਰੰਥ’ ਦਾ ਅਨੁਵਾਦ ਕਰਕੇ ਗੁਰੂ ਮਹਾਰਾਜ
ਜੀ ਨੇ ਗੁਰਸਿੱਖਾਂ ਦੇ ਤਾਈ ਚੇਤਨ ਮਾਇਆ ਦੇ ਛਲਾ-ਛਿਦ੍ਰਾਂ ਤੋਂ ਬਚਣ ਵਾਸਤੇ ਬਹੁਤ ਕੁਝ ਲਿਖਿਆ ਹੈ
...ਉਂਝ ਗੁਰੂ ਮਹਾਰਾਜ ਚਰਿਤ੍ਰਾਂ ਦੇ ਅਨੁਵਾਦ ਦੇ ਨਾਲ-ਨਾਲ ਕਿਤੇ-ਕਿਤੇ ਆਪਣੇ ਵੱਲੋਂ ਗੁਰਮਤਿ
ਸਿਧਾਂਤ ਭੀ ਦਰਸਾਉਂਦੇ ਰਹੇ ਹਨ। ਜੋ ਆਪ ਹੀ ਸਿਆਣੇ ਗੁਰਸਿੱਖ ਸਮਝ ਜਾਂਦੇ ਹਨ। ਜਿਵੇ ਇੱਕੀਵੇਂ
ਚਰਿਤ੍ਰ ਵਿੱਚ, ਜੋ ਆਪਣਾ ਹੀ ਸਤਿਗੁਰੂ ਸਾਹਿਬ ਦਾ ਪੁਰਖ ਚਰਿਤ੍ਰ ਉਚਾਰਣ ਕੀਤਾ ਹੋਇਆ ਹੈ, ਉਸਦੇ
ਇਕਵੰਜਵੇਂ ਛੰਦ ਵਿਚ ਦੱਸਿਆ ਹੈ। ਯਥਾਂ:-ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ॥ ...ਪਰ ਨਾਰੀ
ਕੀ ਸੇਜ ਭੁਲਿ ਸੁਪਨੇ ਹੂੰ ਨ ਜੈਯਹੁ॥51॥ ਤੋਂ 54ਵੇਂ ਛੰਦ ਤੱਕ ਲਿਖ ਕੇ ਅੱਗੇ 22ਵੇਂ ਅਤੇ 23ਵੇਂ
ਚਰਿਤ੍ਰ ਤੱਕ ਸਮਾਪਤ ਕੀਤਾ ਹੈ। ਇਹ ਤਾਂ ਗੁਰਸਿੱਖਾਂ ਵਾਸਤੇ ਸਾਰ ਸਿਧਾਂਤ ਗ੍ਰਹਿਣ ਲਈ ਚਰਿਤ੍ਰਾਂ
ਦੀ ਰਚਨਾ ਕਰਕੇ ਸਿੱਖਿਆ ਦਿੱਤੀ ਹੈ”।
ਆਓ ਹੁਣ ਡਾ ਰਤਨ ਸਿੰਘ ਜੱਗੀ ਵੱਲੋਂ ਚਰਿਤ੍ਰ 22 ਦੇ ਕੀਤੇ ਹੋਏ ਅਰਥ ਪੜ੍ਹੀਏ।
‘ਚੋਰ-ਚੋਰ’ ਦੇ ਬੋਲ ਕੰਨਾਂ ਨਾਲ ਸੁਣ ਕੇ ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਪਾਮਰੀ ਨੂੰ ਛੱਡ ਕੇ
ਮਨ ਵਿੱਚ ਡਰਦਾ ਹੋਇਆ ਭਜ ਗਿਆ।1। ‘ਚੋਰ-ਚੋਰ’ (ਦੀ ਅਵਾਜ਼) ਸੁਣ ਕੇ ਸਾਰੇ (ਸੇਵਕ) ਜਾਗ ਪਏ ਅਤੇ
(ਉਨ੍ਹਾਂ ਨੇ) ਰਾਜੇ ਨੂੰ ਭੱਜਣ ਨ ਦਿੱਤਾ ਅਤੇ ਪੰਜ-ਸੱਤ ਕਦਮਾਂ ਉਤੇ ਜਲਦੀ ਹੀ ਆ ਮਿਲੇ।2।
‘ਚੋਰ-ਚੋਰ’ ਦੇ ਬੋਲ ਸੁਣ ਕੇ ਸਾਰੇ ਭਜ ਪਏ ਅਤੇ ਤਲਵਾਰਾਂ ਕਢ ਕੇ ਰਾਜੇ ਪ੍ਰਤੀ ਵਧੇ। ਲਲਕਾਰ ਕੇ
ਕਹਿਣ ਲੱਗੇ ਕਿ ਤੈਨੂੰ ਜਾਣ ਨਹੀਂ ਦੇਵਾਂਗੇ ਅਤੇ ਹੇ ਚੋਰ! ਤੈਨੂੰ ਯਮਲੋਕ ਭੇਜਾਂਗੇ।3। (ਰਾਜੇ
ਨੂੰ) ਅਗੇ, ਪਿਛੇ, ਸਜੇ ਆਦਿ ਦਸਾਂ ਪਾਸਿਆਂ ਤੋਂ ਘੇਰ ਲਿਆ। ਰਾਜੇ ਨੂੰ (ਜਦ) ਭਜਣ ਲਈ ਕੋਈ ਰਸਤਾ ਨ
ਰਿਹਾ (ਤਦ) ਰਾਜੇ ਨੇ ਇਸ ਤਰ੍ਹਾਂ ਯਤਨ ਕੀਤਾ।4। ਉਸ (ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ
ਪਗੜੀ ਲਾਹ ਲਈ। ਚੋਰ-ਚੋਰ ਕਹਿ ਕੇ ਅਤੇ ਦੋ ਕੁ ਸੋਟੇ ਮਾਰ ਕੇ ਉਸ ਨੂੰ ਪਕੜ ਲਿਆ।5। ਸੋਟੇ ਵਜਣ ਨਾਲ
(ਉਹ) ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ। ਕਿਸੇ ਵਿਅਕਤੀ ਨੇ ਵੀ ਭੇਦ ਨ ਸਮਝਿਆ ਅਤੇ (ਉਸ ਦੀਆਂ)
ਮੁਸ਼ਕਾਂ ਕਸ ਦਿੱਤੀਆਂ।6। ਲੱਤਾਂ ਅਤੇ ਮੁੱਕੇ ਵਜਣ ਲੱਗੇ ਅਤੇ (ਇੰਨੇ ਤਕ ਹੋਰ) ਸੇਵਕ ਵੀ ਪਹੁੰਚ
ਗਏ। (ਉਹ) ਇਸਤਰੀ ਭਰਾ-ਭਰਾ ਕਹਿ ਥਕੀ, ਪਰ ਕੋਈ ਵੀ (ਉਸ ਨੂੰ ਸੇਵਕਾਂ ਤੋਂ) ਛੁਡਾ ਨ ਸਕਿਆ।7। ਉਸ
ਦੇ ਸਿਰ ਉਤੇ ਬਹੁਤ ਜੁੱਤੀਆਂ ਮਾਰੀਆਂ ਅਤੇ ਉਸ ਦੀਆਂ ਮੁਸ਼ਕਾਂ ਕੱਸ ਦਿੱਤੀਆਂ। ਉਸ ਨੂੰ ਬੰਦੀਖ਼ਾਨੇ
ਭੇਜ ਦਿੱਤਾ ਅਤੇ (ਇਸਤਰੀ) ਆਪਣੀ ਸੇਜ ਉਪਰ ਆ ਗਈ।8। ਇਸ ਤਰ੍ਹਾਂ ਦਾ ਛਲ ਕਰ ਕੇ ਰਾਜਾ (ਉਥੋਂ) ਭੱਜ
ਆਇਆ। ਬੰਦੀਖ਼ਾਨੇ ਵਿੱਚ ਉਸ ਇਸਤਰੀ ਦਾ ਭਰਾ ਭੇਜ ਦਿੱਤਾ ਗਿਆ। (ਕੋਈ ਵੀ) ਸੇਵਕ ਭੇਦ ਨੂੰ ਨ ਸਮਝ
ਸਕਿਆ ਅਤੇ ਉਸ ਨੂੰ ਚੋਰ ਸਮਝ ਲਿਆ।9।
ਗਿਆਨੀ ਨਰੈਣ ਸਿੰਘ ਵੱਲੋਂ ਕੀਤੇ ਗਏ ਅਰਥ ਵੀ ਵੇਖ ਲਈਏ।
ਕੰਨਾ ਨਾਲ ਚੋਰ ਦੀ ਗੱਲ ਸੁਣਕੇ ਰਾਜਾ ਡਰ ਕੇ ਉਠਿਆ ਅਤੇ ਜੁੱਤੀ ਤੇ ਰੇਸ਼ਮੀ ਫ਼ਰਦ ਛੱਡ ਕੇ ਦੌੜਨ
ਲਗਾ।1। ਚੋਰ ਦੀ ਪੁਕਾਰ ਸੁਣਕੇ ਸਾਰੇ ਜਾਗ ਪਏ ਅਤੇ ਲੋਕਾਂ ਨੇ ਰਾਜੇ ਨੂੰ ਭੱਜਣ ਨਹੀਂ ਦਿੱਤਾ।
ਪੰਜ-ਸੱਤ ਕਦਮਾਂ ਤੇ ਜਾ ਕੇ ਛੇਤੀਂ ਨਾਲ ਰਾਜੇ ਨੂੰ ਜਾ ਮਿਲੇ।2। ਚੋਰ ਦੀ ਪੁਕਾਰ ਸੁਣਕੇ ਸਾਰੇ
ਭੱਜੇ ਅਤੇ ਉਸ ਰਾਜੇ ਦੇ ਖਿਲਾਫ਼ ਤਲਵਾਰਾਂ ਕੱਢ ਲਈਆਂ। ਉਹ ਲੋਕ ਪੁਕਾਰਨ ਲਗੇ ਕਿ ਤੈਨੂੰ ਜਾਣ ਨਹੀ
ਦਿਆਂਗੇ। ਹੇ ਚੋਰ! ਤੈਨੂੰ ਜਮਲੋਕ ਭੇਜਾਂਗੇ।3। ਅਗੇ-ਪਿਛੇ ਸੱਜੇ-ਖੱਬੇ ਸਾਰੇ ਪਾਸਿਆਂ ਤੋਂ ਉਹਨੂੰ
ਘੇਰ ਲਿਆ। ਰਾਜੇ ਜਤਨ ਤਾਂ ਬਹੁਤ ਕੀਤਾ, ਪਰ ਦੌੜਨ ਲਈ ਕੋਈ ਰਾਹ ਨਾ ਰਿਹਾ।4। ਲੋਕਾਂ ਨੇ ਹੱਥ ਨਾਲ
ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ ਵੀ ਲਾਹ ਦਿੱਤੀ। ਉਹਨੂੰ ਚੋਰ-ਚੋਰ ਆਖ ਕੇ ਦੋ-ਤਿੰਨ ਸੋਟੇ
ਮਾਰਕੇ ਫੜ ਲਿਆ।5। ਸੋਟੇ ਲਗਣ ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਲੋਕਾਂ ਨੇ
ਕਿਸੇ ਭੀ ਭੇਦ ਨੂੰ ਨਾ ਸਮਝਿਆ ਅਤੇ ਉਹਨਾਂ ਨੇ ਰਾਜੇ ਦੇ ਹੱਥ ਬੰਨ੍ਹ ਦਿੱਤੇ।6। ਲੱਤਾਂ ਮੁੱਕੀਆਂ
ਚਲਣ ਲਗੀਆਂ ਤੇ ਹੋਰ ਸਿਖ-ਸੇਵਕ ਭੀ ਆ ਪਹੁੰਚੇ। ਇਸਤਰੀ ਭਰਾ-ਭਰਾ ਆਖ ਰਹੀ ਸੀ, ਉਹਨੂੰ ਕੋਈ ਭੀ ਨਾ
ਛੁਡਾ ਸਕਿਆ।7। ਉਹਦੇ ਮੂੰਹ ਤੇ ਬਹੁਤ ਜੁੱਤੀਆਂ ਮਾਰੀਆਂ ਅਤੇ ਉਹਦੇ ਹੱਥ ਖਿੱਚ ਕੇ ਬੰਨ੍ਹ ਲਏ।
ਉਹਨੂੰ ਜੇਹਲ ਭੇਜ ਦਿੱਤਾ ਅਤੇ ਉਹ ਇਸਤ੍ਰੀ ਭੀ ਆ ਕੇ ਆਪਣੀ ਸੇਜ ਉਤੇ ਸੌਂ ਗਈ।8। ਇਸ ਤਰ੍ਹਾਂ ਇਹ
ਨਾਟਕ ਖੇਡ ਕੇ ਰਾਜਾ ਦੌੜ ਆਇਆ ਅਤੇ ਜੇਹਲ ਵਿੱਚ ਉਸ ਇਸਤ੍ਰੀ ਦਾ ਭਰਾ ਭੇਜ ਦਿੱਤਾ ਗਿਆ। ਕੋਈ ਭੀ
ਸੇਵਕ ਇਸ ਭੇਦ ਨੂੰ ਨਾ ਸਮਝ ਸਕਿਆ ਅਤੇ ਉਸ ਦੇ ਭਰਾ ਨੂੰ ਹੀ ਸਾਰਿਆਂ ਨੇ ਚੋਰ ਠਹਿਰਾ ਦਿੱਤਾ।9।
ਆਓ ਵੇਖੀਏ, ਇਨ੍ਹਾਂ ਹੀ ਪੰਗਤੀਆਂ ਦੇ ਡਾ: ਜੋਧ ਸਿੰਘ ਕੀ ਅਰਥ ਕਰਦਾ ਹੈ।
ਚੋਰ ਕੀ ਬਾਤ ਸੁਨਕਰ ਰਾਜਾ ਡਰਕਰ ਉਠਾ ਔਰ ਜੁਤਾ ਭੀ ਭੁਲਕਰ ਭਾਗਨੇ ਲਗਾ।1। ਚੋਰ ਕੀ ਪੁਕਾਰ ਸੁਨਕਰ
ਸਭੀ ਜਗ ਗਏ ਔਰ ਲੋਗੋਂ ਨੇ ਰਾਜਾ ਕੋ ਭਾਗਨੇ ਨਹੀਂ ਦਿਆ ਤਥਾ ਪਾਚ-ਸਾਤ ਕਦਮ ਕੇ ਬਾਦ ਹੀ ਉਸੇ ਜਾ
ਮਿਲੇ।2। ਚੋਰ ਕੀ ਪੁਕਾਰ ਸੁਨਕਰ ਸਭੀ ਭਾਗੇ ਔਰ ਉਸ ਰਾਜਾ ਕੇ ਖਿਲਾਫ ਤਲਵਾਰੇ ਨਿਕਾਲ ਲੀ। ਵੇ ਲੋਕ
ਚਿਲਾਨੇ ਲਗੇ ਕਿ ਜਾਨੇ ਨਹੀਂ ਦੇਗੇ ਔਰ ਹੇ ਤਸਕਰ! ਤੁਮੇਂ ਯਮਲੋਕ ਭੇਜੇਂਗੇ।3। ਆਗੇ ਪੀਛੇ, ਦਾਏ
ਬਾਏ ਸਭੀ ਦਿਸ਼ਾਓ ਸੇ ਉਸੇ ਘੇਰ ਲਿਆ। ਰਾਜਾ ਨੇ ਯਤਨ ਤੋਂ ਕੀਆ ਪਰ ਭਾਗਨੇ ਕੇ ਲੀਏ ਕੋਈ ਰਾਸਤਾ ਨਹੀਂ
ਬਚਾ॥4॥ ਲੋਗੋ ਨੇ ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ ਪਗੜੀ ਉਤਾਰ ਲੀ। ਉਸੇ ਚੋਰ ਚੋਰ ਕਹ
ਕਰ ਦੋ ਤੀਨ ਡੰਡੇ ਮਾਰਕਰ ਪਕੜ ਲੀਆ॥5॥ ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੂਰਸ਼ਤ ਹੋ
ਗਿਆ। ਲੋਗੋ ਮੇਂ ਕੋਈ ਭੀ ਰਹਸਯ ਕੋ ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ॥6॥ ਲਾਤ ਔਰ ਮੁਕੇ
ਚਲਨੇ ਲਗੇ ਤਥਾ ਅਨਿਆਂ ਸ਼ਿਸ਼ ਵੀ ਆ ਪਹੁਚੇ। ਇਸਤ੍ਰੀ ਭਾਈ-ਭਾਈ ਚਿਲਾ ਰਹੀ ਥੀ। (ਤੋ ਲੋਗੋ ਨੇ ਸਮਝਾ
ਕਿ ਉਸ ਕੇ ਭਾਈ ਨੇ ਚੋਰੀ ਕੀ ਹੈ ਅੰਤ: ਉਸਕੇ ਬਾਈ ਨ ਕੋ ਪਕੜ ਲਿਆ) ਔਰ ਉਸੇ ਕੋਈ ਨਾ ਛੁਡਾ ਸਕਾ।7।
ਉਸ ਕੇ ਮੁਹ ਪਰ ਬਹੁਤ ਸੇ ਜੁਤੇ ਮਾਰੇ ਗਏ ਅਰ ਉਸਕੇ ਹਾਥ ਬਾਧ ਲਿਏ ਗਏ। ਉਸੇ ਬੰਦੀ ਗ੍ਰਿਹ ਭੇਜ ਦਿਆ
ਔਰ ਵਹ ਇਸਤ੍ਰੀ ਭੀ ਅੰਤਤ ਅਪਨੇ ਪਲੰਗ ਪਰ ਸੋ ਗਈ।8। ਇਸ ਪ੍ਰਕਾਰ ਜਹ ਪ੍ਰਪੰਚ ਖੇਲਕਰ ਰਾਜਾ ਭਾਗ ਕਰ
ਆ ਗਯਾ। ਔਰ ਬੰਦੀ ਗ੍ਰਿਹ ਮੇਂ ਉਸ ਇਸਤ੍ਰੀ ਕਾ ਬਾਈ ਭੇਜ ਦਿਆ ਗਯਾ। ਔਰ ਕੋਈ ਸ਼ਿਸ਼ ਰਹਸਯ ਕੋ ਨਾ ਜਾਨ
ਸਕਾ। ਔਰ ਉਸ ਕੇ ਬਾਈ ਕੋ ਹੀ ਸਬਨੇ ਚੋਰ ਠਹਰਾ ਦਿਆ।9।
ਪਹਿਲੇ ਚਾਰ ਛੰਦਾਂ ਦੇ ਅਰਥ ਤਾਂ ਤਿੰਨਾਂ ਵਿਦਵਾਨਾਂ ਨੇ ਤਕਰੀਬਨ ਇਕੋ ਜੇਹੇ ਹੀ ਕੀਤੇ ਹਨ। ਪੰਜਵੇਂ
ਛੰਦ ਵਿਚ, ਡਾ ਰਤਨ ਸਿੰਘ ਜੱਗੀ ਮੁਤਾਬਕ “ਉਸ (ਦੇ ਭਰਾ) ਦੀ ਦਾੜ੍ਹੀ ਫੜ ਲਈ ਅਤੇ ਸਿਰ ਉਤੋਂ ਪਗੜੀ
ਲਾਹ ਲਈ”। ਪੰਡਿਤ ਨਰੈਣ ਸਿੰਘ ਮੁਤਾਬਕ “ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ ਉਹਦੀ ਪੱਗ
ਵੀ ਲਾਹ ਦਿੱਤੀ”। ਡਾ ਜੋਧ ਸਿੰਘ ਮੁਤਾਬਕ, “ ਲੋਗੋ ਨੇ ਹਾਥ ਪਕੜ ਕਰ ਉਸਕੀ ਦਾੜੀ ਪਕੜ ਲੀ ਔਰ ਉਸਕੀ
ਪਗੜੀ ਉਤਾਰ ਲੀ”। ਡਾ ਜੱਗੀ ‘ਉਸ’ ਦੇ ਅਰਥ ਇਸਤ੍ਰੀ ਦਾ ਭਰਾ ਕਰਦਾ ਹੈ। ਨਰੈਣ ਸਿੰਘ ਅਤੇ ਡਾ ਜੋਧ
ਸਿੰਘ ‘ਉਹਦੀ ਅਤੇ ‘ਉਸਕੀ’ ਹੀ ਲਿਖਦੇ ਹਨ। ਉਹ ਕੌਣ ਹੈ? ਇਹ ਨਹੀ ਦੱਸਦੇ। ਪਰ ਦੋਵੇਂ ਹੀ ਅਰਥ ਬਹੁ
ਬਚਨ ‘ਲੋਕਾਂ ਨੇ’ ਅਤੇ ‘ਲੋਗੋ ਨੇ’ ਕਰਦੇ ਹਨ। ਜਦੋਂ ਕਿ ਰਾਜਾ ਇਕ ਬਚਨ ਹੈ। ਛੇਵੇਂ ਛੰਦ ਦੇ ਅਰਥ
ਡਾ ਜੱਗੀ ਤਾਂ, “ਸੋਟੇ ਵਜਣ ਨਾਲ (ਉਹ) ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਿਆ। ਕਿਸੇ ਵਿਅਕਤੀ ਨੇ ਵੀ
ਭੇਦ ਨ ਸਮਝਿਆ ਅਤੇ (ਉਸ ਦੀਆਂ) ਮੁਸ਼ਕਾਂ ਕਸ ਦਿੱਤੀਆਂ” ਕਰਦਾ ਹੈ। ਜਦੋਂ ਕਿ ਨਰੈਣ ਸਿੰਘ ਇਸੇ
ਪੰਗਤੀ ਦੇ ਅਰਥ “ਸੋਟੇ ਲਗਣ ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਲੋਕਾਂ ਨੇ ਕਿਸੇ
ਭੀ ਭੇਦ ਨੂੰ ਨਾ ਸਮਝਿਆ ਅਤੇ ਉਹਨਾਂ ਨੇ ਰਾਜੇ ਦੇ ਹੱਥ ਬੰਨ੍ਹ ਦਿੱਤੇ” ਕਰਦਾ ਹੈ। ਡਾ ਜੋਧ ਸਿੰਘ
ਵੀ ਇਸ ਪੰਗਤੀ ਦੇ ਅਰਥ, “ਡੰਡਾ ਲਗਨੇ ਸੇ ਰਾਜਾ ਧਰਤੀ ਪਰ ਗਿਰ ਪੜਾ ਔਰ ਮੂਰਸ਼ਤ ਹੋ ਗਿਆ। ਲੋਗੋ ਮੇਂ
ਕੋਈ ਭੀ ਰਹਸਯ ਕੋ ਨ ਸਮਝਾ ਔਰ ਉਨੇ ਰਾਜਾ ਕੇ ਹਾਥ ਬਾਂਧ ਲੀਏ”, ਲਿਖਦੇ ਹਨ। ਭਾਵੇਂ ਡਾ ਰਤਨ ਸਿੰਘ
ਜੱਗੀ ਪੰਜਵੇਂ ਅਤੇ ਛੇਵੇਂ ਛੰਦਾਂ ਦੇ ਅਰਥ ਗੋਲ-ਮੋਲ ਕਰਦਾ ਹੈ, ਪਰ ਗਿਆਨੀ ਨਰੈਣ ਸਿੰਘ ਅਤੇ ਡਾ:
ਜੋਧ ਸਿੰਘ ਬੜੇ ਸਪੱਸ਼ਟ ਸ਼ਬਦਾਂ ਵਿੱਚ ਲਿਖਦੇ ਹਨ ਕਿ ਲੋਕਾਂ ਨੇ ਹੱਥ ਨਾਲ ਉਹਦੀ ਦਾਹੜੀ ਫੜ ਲਈ ਅਤੇ
ਉਹਦੀ ਪੱਗ ਵੀ ਲਾਹ ਦਿੱਤੀ। ਉਹਨੂੰ ਚੋਰ-ਚੋਰ ਆਖ ਕੇ ਦੋ-ਤਿੰਨ ਸੋਟੇ ਮਾਰਕੇ ਫੜ ਲਿਆ।5। ਸੋਟੇ ਲਗਣ
ਨਾਲ ਰਾਜਾ ਧਰਤੀ ਤੇ ਡਿੱਗ ਪਿਆ ਤੇ ਬੇਹੋਸ਼ ਹੋ ਗਿਆ। ਲੋਕਾਂ ਨੇ ਕਿਸੇ ਭੀ ਭੇਦ ਨੂੰ ਨਾ ਸਮਝਿਆ ਅਤੇ
ਉਹਨਾਂ ਨੇ ਰਾਜੇ ਦੇ ਹੱਥ ਬੰਨ੍ਹ ਦਿੱਤੇ।6। ---ਚਲਦਾ