ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇੰਡੀਆ ਫੇਰੀ ਦਾ ਵਿਵਾਦ
ਪਿਛਲੇ ਹਫਤੇ ਕਨੇਡਾ ਦੇ ਪ੍ਰਧਾਨ ਮੰਤਰੀ ਆਪਣੇ ਕੁੱਝ ਹੋਰ ਮੰਤਰੀਆਂ ਨਾਲ
ਇੰਡੀਆ ਗਏ ਸਨ ਜੋ ਕਿ ਕੱਲ ਹੀ ਵਾਪਸ ਆਏ ਹਨ। ਉਹਨਾ ਦੀ ਇਹ ਫੇਰੀ ਅੱਜ-ਕੱਲ ਕਾਫੀ ਚਰਚਾ ਦਾ ਵਿਸ਼ਾ
ਬਣੀ ਹੋਈ ਹੈ। ਉਸ ਦੇ ਇੰਡੀਆ ਜਾਣ ਤੋਂ ਪਹਿਲਾਂ ਹੀ ਇੰਡੀਆ ਦੇ ਇੱਕ ਅੰਗ੍ਰੇਜ਼ੀ ਰਸਾਲੇ ਵਿੱਚ ਉਸ
ਨੂੰ ਖਾਲਿਸਤਾਨੀਆਂ ਦਾ ਸਮਰੱਥਕ ਦਰਸਾਇਆ ਗਿਆ ਸੀ ਅਤੇ ਉਸ ਦੇ ਸਿਰ ਤੇ ਕੇਸਰੀ ਰੰਗ ਦੇ ਬੰਨੇ ਹੋਏ
ਰਮਾਲ ਦੀ ਫੋਟੋ ਵੀ ਛਾਪੀ ਗਈ ਸੀ। ਇਹ ਵਿਵਾਦ ਉਸ ਦੇ ਜਾਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਕੀ
ਇਹ ਸਾਰਾ ਕੁੱਝ ਜਾਣ-ਬੁੱਝ ਕੇ ਸ਼ੁਰੂ ਕੀਤਾ ਗਿਆ ਸੀ ਜਾਂ ਅਚਨਚੇਤ ਹੀ ਘਟੀਆਂ ਘਟਨਾਵਾਂ ਹਨ? ਇਸ
ਬਾਰੇ ਆਉਣ ਵਾਲੇ ਸਮੇਂ ਵਿੱਚ ਸਾਰੀ ਗੱਲ ਸਪਸ਼ਟ ਹੋ ਜਾਵੇਗੀ। ਇਸ ਮੁੱਦੇ ਨੂੰ ਲੈ ਕੇ, ਕੱਲ ਸੋਮਵਾਰ
26 ਫਰਵਰੀ 2018 ਨੂੰ ਕਨੇਡਾ ਦੀ ਪਾਰਲੀਮਿੰਟ ਵਿੱਚ ਵੀ ਕਾਫੀ ਤਿੱਖੇ ਸਵਾਲ ਜਵਾਬ ਹੋਣ ਦੀ ਸੰਭਾਵਨਾ
ਹੈ।
ਮਿ: ਟਰੂਡੇ ਦੇ ਇੰਡੀਆ ਪਹੁੰਚਣ ਤੇ ਪਹਿਲੇ ਕੁੱਝ ਦਿਨ ਤਾਂ ਇਹ ਚਰਚਾ ਚਲਦੀ
ਰਹੀ ਕਿ ਇੰਡੀਆ ਦੀ ਮੋਦੀ ਸਰਕਾਰ ਟਰੂਡੋ ਨੂੰ ਬਣਦਾ ਮਾਣ ਸਤਿਕਾਰ ਨਹੀਂ ਦੇ ਰਹੀ। ਏਅਰ ਪੋਰਟ ਤੇ ਉਸ
ਦਾ ਪੂਰਾ ਸਤਿਕਾਰ ਨਹੀਂ ਕੀਤਾ ਗਿਆ। ਉਸ ਨੂੰ ਇੱਕ ਕਿਸਮ ਦਾ ਇਗਨੋਰ ਕੀਤਾ ਜਾ ਰਿਹਾ ਹੈ ਕਿਉਂਕਿ ਉਸ
ਨੇ ਆਪਣੇ ਮੰਤਰੀ ਮੰਡਲ ਵਿੱਚ ਚਾਰ ਅਹੁਦੇ ਸਿੱਖਾਂ ਨੂੰ ਦਿੱਤੇ ਹੋਏ ਹਨ ਜੋ ਕਿ ਕੇਂਦਰ ਦੀ ਭਾਜਪਾ
ਸਰਕਾਰ ਲਈ ਜਰਨਾ ਔਖਾ ਹੈ। ਕੁੱਝ ਦਿਨਾ ਬਾਅਦ ਫਿਰ ਇਹ ਰਿਪੋਰਟਾਂ ਵੀ ਆਉਣ ਲੱਗ ਪਈਆਂ ਕਿ ਨਹੀਂ ਐਸੀ
ਕੋਈ ਗੱਲ ਨਹੀਂ। ਕਿਉਂਕਿ ਅਸਲੀ ਸਰਕਾਰੀ ਸਨਮਾਨ ਉਸ ਦਾ ਸ਼ੁੱਕਰਵਾਰ ਤੋਂ ਸ਼ੁਰੂ ਹੋਣਾ ਹੈ। ਫੇਰੀ ਦੇ
ਪਹਿਲੇ ਕੁੱਝ ਦਿਨ ਉਸ ਦੇ ਆਪਣੇ ਨਿੱਜੀ ਦੌਰੇ ਦੇ ਸਨ। ਜਿਸ ਦਿਨ ਸਰਕਾਰੀ ਸਨਮਾਨ ਸ਼ੁਰੂ ਹੋਣਾ ਸੀ
ਉਸੇ ਦਿਨ ਫਿਰ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਰਾਤ ਨੂੰ ਰਾਸ਼ਟਰੀ ਭਵਨ ਵਿਖੇ ਸਰਕਾਰੀ ਸਨਮਾਨ ਵਿੱਚ
ਇੱਕ ਖਾਲਸਤਾਨੀ ਅੱਤਵਾਦੀ ਸ਼ਾਮਲ ਹੋ ਰਿਹਾ ਹੈ ਅਤੇ ਉਹ ਅੱਤਵਾਦੀ ਹੈ ਜਸਪਾਲ ਸਿੰਘ ਅਟਵਾਲ। ਜਿਸ ਨੇ
1986 ਵਿੱਚ ਪੰਜਾਬ ਤੋਂ ਕਨੇਡਾ ਵਿੱਚ ਆਏ ਇੱਕ ਕੈਬਨਿਟ ਮੰਤਰੀ ਮਲਕੀਤ ਸਿੰਘ ਸਿੱਧੂ ਤੇ ਗੋਲੀਆਂ
ਨਾਲ ਹਮਲਾ ਕੀਤਾ ਸੀ। ਦੁਨੀਆ ਭਰ ਦੇ ਮੀਡੀਏ ਵਿੱਚ ਇਹਨਾ ਗੱਲਾਂ ਬਾਰੇ ਬਹੁਤ ਕੁੱਝ ਛਪ ਚੁੱਕਾ ਹੈ।
ਅਗਾਂਹ ਅਸੀਂ ਇੰਟਰਨੈੱਟ ਤੋਂ ਕੁੱਝ ਖਬਰਾਂ ਸਾਂਝੀਆਂ ਕਰ ਰਹੇ ਹਾਂ।
ਮਿ: ਟਰੂਡੋ ਬਾਰੇ ਇੱਕ ਗੱਲ ਜੋ ਬਹੁਤ ਹੀ ਵਧਾ ਚੜਾ ਕੇ ਪੇਸ਼ ਕੀਤੀ ਜਾ ਰਹੀ
ਹੈ ਅਸੀਂ ਉਸ ਬਾਰੇ ਆਪਣੀ ਕੁੱਝ ਰਾਏ ਆਪਣੇ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ। ਮਿ: ਟਰੂਡੋ
ਸਾਰਿਆਂ ਦਾ ਹੀ ਸਮਰੱਥਕ ਹੈ ਨਾ ਕਿ ਇਕੱਲੇ ਸਿੱਖਾਂ ਦਾ। ਸਾਰੀ ਦੁਨੀਆ ਵਿੱਚ ਐਸ ਵੇਲੇ ਜੋ ਰਾਜਸੀ
ਲੋਕਾਂ ਵਲੋਂ ਨਫਰਤ ਭਰੀ ਜਾ ਰਹੀ ਹੈ ਉਹ ਦੁਨੀਆ ਲਈ ਬਹੁਤ ਹੀ ਘਾਤਕ ਹੋ ਸਕਦੀ ਹੈ। ਕੁੱਝ ਦਿਨ
ਪਹਿਲਾਂ ਐਮਨਿਸਟੀ ਐਂਟਰਨੈਸ਼ਨਲ ਵਲੋਂ ਜੋ ਰਿਪੋਰਟ ਜਾਰੀ ਕੀਤੀ ਗਈ ਹੈ ਉਸ ਦੀ ਇੱਕ ਹੈੱਡ ਲਾਈਨ ਇਹ
ਹੈ:
Human rights group Amnesty International has accused Donald
Trump of "hateful" politics and of being a threat to human rights.
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੁਨੀਆ ਦੇ ਉਹਨਾ 6 ਦੇਸ਼ਾਂ ਵਿੱਚ
ਰੱਖਿਆ ਗਿਆ ਹੈ ਜਿਹੜੇ ਕਿ ਮਨੁੱਖੀ ਹੱਕਾਂ ਦੇ ਸਭ ਤੋਂ ਵੱਧ ਵਿਰੋਧੀ ਹਨ। ਇਹਨਾ ਵਿੱਚ ਰੂਸ,
ਚਾਈਨਾ, ਈਜਿਪਟ, ਫਿਲਪਾਈਨ ਅਤੇ ਵੈਨਜੂਵੇਲਾ ਆਉਂਦੇ ਹਨ। ਇਹ ਨਫਰਤ ਭਰੀ ਸੱਜ ਪਿਛਾਕੜ ਲਹਿਰ ਯੂਰਪ
ਵਿੱਚ ਵੀ ਜੋਰ ਫੜ ਰਹੀ ਹੈ। ਪਰ ਖੁਸ਼ਕਿਸਮਤੀ ਨੂੰ ਫਰਾਂਸ ਵਿੱਚ ਮਿ: ਟਰੂਡੇ ਦੇ ਖਿਆਲਾਂ ਵਰਗਾ ਹੀ
ਇੱਕ ਰਾਸ਼ਟਰਪਤੀ ਚੁਣਿਆ ਗਿਆ ਸੀ। ਇਹ ਦੋਵੇ, ਜਰਮਨੀ ਦੀ ਐਂਜਲਾ ਮਾਰਕੋ ਅਤੇ ਕੁੱਝ ਹੋਰ ਲੀਡਰ ਹਨ
ਜਿਹੜੇ ਕਿ ਇਸ ਦੁਨੀਆਂ ਵਿੱਚ ਫੈਲ ਰਹੀ ਨਫਰਤ ਨੂੰ ਘਟਾਉਣ ਦਾ ਜਤਨ ਕਰਦੇ ਹਨ। ਇਹੀ ਕਾਰਨ ਹੈ ਕਿ
ਮਿ: ਟਰੂਡੇ ਨੇ ਸੀਰੀਆ ਦੇ ਬਹੁਤ ਸਾਰੇ ਰਿਫੂਜੀ ਕਨੇਡਾ ਵਿੱਚ ਸੱਦੇ ਹਨ। ਉਸ ਵੇਲੇ ਟਰੂਡੇ ਤੇ ਇਹ
ਇਲਜਾਮ ਵੀ ਲਗਦੇ ਰਹੇ ਹਨ ਕਿ ਉਸ ਨੇ ਇਸਲਾਮ ਧਰਮ ਧਾਰਨ ਕਰ ਲਿਆ ਹੈ। ਮਿ: ਟਰੂਡੇ ਨੇ ਤਾਂ ਅਫਰੀਕਾ
ਦੀ ਇੱਕ ਭੁੱਖ ਮਰੇ ਦੇਸ਼ ਤੇ ਰਫਿਊਜੀ ਬਣ ਕੇ ਆਏ ਕਾਲੇ ਨੂੰ ਕਨੇਡਾ ਦਾ ਇੰਮੀਗ੍ਰੇਸ਼ਨ ਮੰਤਰੀ ਬਣਾਇਆ
ਹੋਇਆ ਹੈ। ਆਪਣੀ ਕੈਬਨਿਟ ਵਿੱਚ ਅੱਧੀ ਗਿਣਤੀ ਬੀਬੀਆਂ ਨੂੰ ਦਿੱਤੀ ਹੋਈ ਹੈ। ਮਿ: ਟਰੂਡੋ ਮੰਦਰਾਂ,
ਮਸੀਤਾਂ, ਚਰਚਾ ਅਤੇ ਗੁਰਦੁਆਰਿਆਂ ਵਿੱਚ ਸਾਰੇ ਥਾਵਾਂ ਤੇ ਹੀ ਜਾਂਦਾ ਹੈ ਅਤੇ ਹੁਣ ਇੰਡੀਆ ਵਿੱਚ ਵੀ
ਗਿਆ ਸੀ। ਸੋ ਮੁੱਕਦੀ ਗੱਲ ਇਹ ਹੈ ਕਿ ਉਹ ਇਕੱਲੇ ਸਿੱਖਾਂ ਦਾ ਹੀ ਨਹੀਂ ਸਾਰਿਆਂ ਨੂੰ ਹੀ ਬਣਦਾ
ਸਤਿਕਾਰ ਦਿੰਦਾ ਹੈ।
ਜਸਪਾਲ ਸਿੰਘ ਅਟਵਾਲ ਬਾਰੇ ਮੈਂ ਸਿਰਫ ਇੱਕ ਗੱਲ ਹੀ ਪਾਠਕਾਂ ਨਾਲ ਸਾਂਝੀ
ਕਰਨਾ ਚਾਹੁੰਦਾ ਹਾਂ ਕਿ ਜਦੋਂ 1986 ਵਾਲੀ ਘਟਨਾ ਵਾਪਰੀ ਸੀ ਤਾਂ ਮੈਂ ਇਸ ਨਾਲ ਬਿੱਲਕੁੱਲ ਸਹਿਮਤ
ਨਹੀਂ ਸੀ ਇਸ ਬਾਰੇ ਮੈਂ ਕਨੇਡਾ ਦੇ ਇੱਕ ਲੀਡਰ ਜੋ ਕਿ ਕਨੇਡਾ ਦੀ ਵਰਡ ਸਿੱਖ ਔਰਗੇਨਾਈਜ਼ਰ ਦਾ ਕਰਤਾ
ਧਰਤਾ ਹੈ ਜਿਹੜਾ ਕਿ ਸਾਡੇ ਸ਼ਹਿਰ ਦੇ ਨਾਲ ਵਾਲੇ ਸ਼ਹਿਰ ਵਿੱਚ ਰਹਿੰਦਾ ਹੁੰਦਾ ਸੀ, ਉਸ ਦੇ ਸ਼ਹਿਰ
ਵਿੱਚ ਕਿਸੇ ਵਿਚਾਰ ਚਰਚਾ ਸਮੇ ਉਸ ਨੂੰ ਦੱਸਿਆ ਸੀ। ਪੂਰੀ ਹੂ-ਬ-ਹੂ ਸ਼ਬਦਾਵਲੀ ਤਾਂ ਨਹੀਂ ਲਿਖੀ ਜਾ
ਸਕਦੀ ਪਰ ਉਸ ਦਾ ਮਤਲਬ ਇਹੀ ਸੀ ਕਿ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਦੀਆਂ ਬੇਅਕਲੀਆਂ
ਨਹੀਂ ਕਰਨੀਆਂ ਚਾਹੀਦੀਆਂ ਸਗੋਂ ਆਪਣਾ ਪੱਖ ਮੀਡੀਏ ਵਿੱਚ ਦਲੀਲ ਨਾਲ ਰੱਖਣਾ ਚਾਹੀਦਾ ਹੈ।
ਜਸਪਾਲ ਸਿੰਘ ਅਟਵਾਲ ਦੇ ਉਸ ਵੇਲੇ ਜੋ ਵਿਚਾਰ ਸਨ ਜਾਂ ਹੁਣ ਹਨ ਇਹ ਛਪੀਆਂ
ਖਬਰਾਂ ਤੋ ਪਤਾ ਲੱਗ ਜਾਂਦੇ ਹਨ। ਇਹਨਾ ਖਬਰਾਂ ਨਾਲ ਸੰਬੰਧਿਤ ਹੇਠਾਂ ਅਸੀਂ ਕੁੱਝ ਵੀਡੀਓ ਲਿੰਕ ਪਾ
ਰਹੇ ਹਾਂ। ਜਿੱਥੇ ਜਾ ਕੇ ਕਥਿਤ ਖਾਲਸਤਾਨੀ ਜਾਂ ਵਿਰੋਧੀ ਆਪਣੀ ਭੜਾਸ ਕੱਢ ਸਕਦੇ ਹਨ ਅਤੇ ਕਈਆਂ ਨੇ
ਇੱਕ ਦੂਸਰੇ ਨੂੰ ਗਾਲ੍ਹਾਂ ਕੱਢ ਕੇ ਕੱਢੀ ਵੀ ਹੈ। ਪਹਿਲੇ ਦੋ ਲਿੰਕ ਕਨੇਡਾ ਦੇ ਗਲੋਬਲ ਟੀਵੀ ਦੇ
ਹਨ, ਤੀਸਰਾ ਮਾਨ ਦੀ ਇੰਟਰਵੀਓ ਦਾ ਅਤੇ ਚੌਥਾ ਗਲੋਬਲ ਪੰਜਾਬੀ ਚੈਨਲ ਦਾ।
ਮੱਖਣ ਸਿੰਘ ਪੁਰੇਵਾਲ,
ਫਰਵਰੀ 25, 2018.
1-
https://www.youtube.com/watch?v=9LSjNz9Sx08
2-
https://www.youtube.com/watch?v=TZ6z9miGkR4
3-
https://www.youtube.com/watch?v=pHarc4P4NV4
4-
https://www.youtube.com/watch?v=p1CYkfMik6w
ਇਹ ਹੇਠਾਂ ਜਸਪਾਲ ਸਿੰਘ ਅਟਵਾਲ ਬਾਰੇ ਕੁੱਝ ਖਰਬਾਂ ਹਨ ਜੋ ਇੰਟਰਨੈੱਟ
ਤੋਂ ਲਈਆਂ ਹਨ।
ਆਕਲੈਂਡ (24 ਫਰਵਰੀ) : ਸਰੀ ਨਿਵਾਸੀ ਜਸਪਾਲ ਸਿੰਘ ਅਟਵਾਲ, ਜਿਸਦੇ ਕਾਰਨ
ਟਰੂਡੋ ਦੀ ਫੇਰੀ ਵਿਵਾਦਾਂ 'ਚ ਘਿਰ ਗਈ, ਨੇ ਸਪੱਸ਼ਟ ਕੀਤਾ ਹੈ ਕਿ ਉਹ ਕੋਈ ਖਾਲਿਸਤਾਨੀ ਨਹੀਂ।
ਅਟਵਾਲ ਨੇ ਸਪੱਸ਼ਟ ਕੀਤਾ ਕਿ ਇਹ ਸੱਚ ਹੈ ਕਿ 32 ਸਾਲ ਪਹਿਲਾਂ ਕੈਨੇਡਾ ਵਿਚ 1986 ਵਿੱਚ ਇਕ
ਗੋਲੀਬਾਰੀ ਦੀ ਘਟਨਾ ਵਿੱਚ ਉਸ ਨੂੰ ਸ਼ਜਾ ਹੋਈ ਸੀ। 1984 ਦੇ ਫੌਜੀ ਹਮਲੇ ਕਾਰਨ ਉਦੋਂ ਸਿੱਖਾਂ 'ਚ
ਬਹੁਤ ਗੁੱਸਾ ਸੀ। ਉਸਨੇ ਜੋ ਗਲਤੀ ਕੀਤੀ, ਉਸਦੀ ਸਜ਼ਾ ਭੁਗਤਣ ਉਪਰੰਤ ਉਹ ਇਕ ਚੰਗਾ ਸ਼ਹਿਰੀ ਬਣ ਚੁੱਕਾ
ਹੈ ਤੇ ਉਸਦਾ ਖਾਲਿਸਤਾਨੀ ਲਹਿਰ ਨਾਲ ਕੋਈ ਸਬੰਧ ਨਹੀਂ।
ਉਸਨੇ ਸਪੱਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਫਦ ਵਿਚ ਸ਼ਾਮਿਲ ਨਹੀਂ ਹੈ। ਉਹ
ਆਪਣੇ ਕਿਸੇ ਕੰਮ ਲਈ ਇਸ 11 ਫਰਵਰੀ ਨੂੰ ਭਾਰਤ ਆਇਆ ਸੀ। ਉਸ ਦਾ ਨਾਮ ਕਿਸੇ ਵੀ ਭਾਰਤੀ ਕਾਲੀ ਸੂਚੀ
ਵਿਚ ਸ਼ਾਮਿਲ ਨਹੀਂ ਹੈ।
ਇਸ ਇਲਾਕੇ 'ਚ ਪੁਰਾਣੇ ਵਸਦੇ ਲੋਕ ਜਾਣਦੇ ਹਨ ਕਿ ਜਸਪਾਲ ਅਟਵਾਲ ਦੀ ਪਿਛਲੇ
20 ਸਾਲਾਂ 'ਚ ਕੋਈ ਵੀ ਖਾਲਿਸਤਾਨੀ ਪੱਖੀ ਸਰਗਰਮੀ ਨਹੀਂ ਰਹੀ। ਉਹ ਨਾ ਕਿਸੇ ਖਾਲਿਸਤਾਨ ਸਮਰਥਕ
ਜਥੇਬੰਦੀ ਦਾ ਮੈਂਬਰ ਰਿਹਾ ਅਤੇ ਨਾ ਹੀ ਕਿਸੇ ਅਜਿਹੇ ਗੁਰਦੁਆਰੇ ਦਾ ਪ੍ਰਬੰਧਕ, ਜੋ ਖਾਲਿਸਤਾਨ ਦਾ
ਸਮਰਥਨ ਕਰਦਾ ਹੋਵੇ। ਇਸਦੇ ਉਲਟ ਉਸਦੀ ਭਾਰਤ ਪੱਖੀ ਸਥਾਨਕ ਆਗੂਆਂ ਅਤੇ ਭਾਰਤੀ ਕੌਂਸਲਖਾਨੇ ਦੇ
ਅਧਿਕਾਰੀਆਂ ਨਾਲ ਚੰਗੀ ਜਾਣ-ਪਛਾਣ ਹੈ। 2006 ਵਿੱਚ ਵੀ ਉਸਨੂੰ ਵੀਜ਼ਾ ਦਿਵਾਉਣ ਲਈ ਭਾਰਤ ਪੱਖੀ ਆਗੂ
ਉੱਜਲ ਦੁਸਾਂਝ ਨੇ ਕੋਸ਼ਿਸ਼ ਕੀਤੀ ਸੀ ਅਤੇ ਇਤੋਂ ਇਲਾਵਾ ਭਾਰਤੀ ਐਮ. ਪੀ. ਸੁਖਦੇਵ ਸਿੰਘ ਢੀਂਡਸਾ ਅਤੇ
ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਉਸਨੂੰ ਵੀਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਉਸਦਾ ਨਾਮ
ਹੁਣੇ ਹੀ ਕਾਲੀ ਸੂਚੀ 'ਚੋਂ ਨਹੀਂ ਨਿਕਲਿਆ, ਬਲਕਿ ਕੁਝ ਸਮੇਂ ਦਾ ਨਿਕਲਿਆ ਹੋਇਆ ਹੈ ਅਤੇ ਉਹ ਇਸਤੋਂ
ਪਹਿਲਾਂ ਵੀ ਭਾਰਤ ਜਾ ਚੁੱਕਾ ਹੈ।
ਜਸਪਾਲ ਅਟਵਾਲ ਦੇ ਮਸਲੇ ਨੂੰ ਮਸਾਲਾ ਲਾ ਕੇ ਕੈਨੇਡਾ ਅਤੇ ਭਾਰਤ ਦੇ ਮੀਡੀਏ
ਵਿੱਚ ਬੈਠੇ ਸਿੱਖ ਵਿਰੋਧੀ ਸੋਚ ਵਾਲੇ ਪੱਤਰਕਾਰਾਂ ਨੇ ਉਛਾਲਿਆ ਤਾਂ ਕਿ ਇਸ ਤਰਾਂ ਟਰੂਡੋ ਨੂੰ
ਖਾਲਸਿਤਾਨੀ ਸਮਰਥਕ ਸਿੱਧ ਕੀਤਾ ਜਾ ਸਕੇ ਪਰ ਇੱਕ ਦਿਨ ਵਿੱਚ ਹੀ ਇਹ ਅਸਲੀਅਤ ਤੱਥਾਂ ਸਹਿਤ ਬਾਹਰ ਆ
ਗਈ ਕਿ ਜਸਪਾਲ ਅਟਵਾਲ ਖਾਲਿਸਤਾਨੀ ਨਹੀਂ ਹੈ।
-----------------------------
ਟਰੂਡੋ – ਜਸਪਾਲ ਅਟਵਾਲ ਵਿਵਾਦ ਬਾਰੇ ਪੰਜ ਅਹਿਮ ਸਵਾਲ
ਖੁਸ਼ਹਾਲ ਲਾਲੀ
ਬੀਬੀਸੀ ਪੱਤਰਕਾਰ
23 ਫ਼ਰਵਰੀ 2018
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਨਮਾਨ ਵਿੱਚ ਰੱਖੇ ਗਏ ਰਾਤਰੀ ਭੋਜ ਲਈ ਜਸਪਾਲ
ਅਟਵਾਲ ਨੂੰ ਦਿੱਤਾ ਸੱਦਾ ਰੱਦ ਕਰ ਦਿੱਤਾ ਗਿਆ ਹੈ।
ਇਸ ਮਗਰੋਂ ਕੈਨੇਡਾ ਵਿੱਚ ਸਿਆਸੀ ਆਗੂਆਂ ਦੇ ਖਾਲਿਸਤਾਨੀਆਂ ਨਾਲ ਸੰਬੰਧਾਂ ਬਾਰੇ ਬਹਿਸ ਫਿਰ ਛਿੜ
ਗਈ ਹੈ।
ਜਸਪਾਲ ਅਟਵਾਲ ਨੂੰ 1986 ਵਿੱਚ ਪੰਜਾਬ ਦੇ ਤਤਕਾਲੀ ਕੈਬਨਿਟ ਮੰਤਰੀ ਮਲਕੀਤ ਸਿੰਘ ਸਿੱਧੂ ਉੱਤੇ
ਵੈਨਕੂਵਰ ਵਿੱਚ ਹੋਏ ਹਮਲੇ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।
ਸਜ਼ਾ ਖਿਲਾਫ਼ ਅਪੀਲ ਤੋਂ ਬਾਅਦ ਜਸਪਾਲ ਅਟਵਾਲ ਨੂੰ ਬਰੀ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੂੰ ਭਾਰਤ ਸਰਕਾਰ ਖਾਲਿਸਤਾਨ ਸਮਰਥਕ ਸਮਝਦੀ ਹੈ। ਇਸੇ ਕਾਰਨ ਮੀਡੀਆ ਵਿੱਚ ਵੱਖਵਾਦੀਆਂ
ਤੇ ਖਾਲਿਸਤਾਨੀਆਂ ਨੂੰ ਲੈ ਕੇ ਬਹਿਸ ਗਰਮ ਹੈ।
ਇਸ ਮੁੱਦੇ ਬਾਰੇ ਬੀਬੀਸੀ ਪੰਜਾਬੀ ਨੇ ਕੈਨੇਡਾ ਦੇ ਸੀਨੀਅਰ ਪੱਤਰਕਾਰ ਸ਼ਮੀਲ ਨਾਲ
ਗੱਲਬਾਤ ਕੀਤੀ। ਇਸ ਗੱਲਬਾਤ ਦੇ ਕੁਝ ਖਾਸ ਅੰਸ਼ ਇਸ ਪ੍ਰਕਾਰ ਹਨ।
ਕੈਨੇਡਾ ਵਿੱਚ ਜਸਪਾਲ ਸਿੰਘ ਅਟਵਾਲ ਦੀ ਕੀ ਪਛਾਣਹੈ ?
ਮੀਡੀਆ ਦੀਆਂ ਖ਼ਬਰਾਂ ਵਿੱਚ ਇਹ ਚਰਚਾ ਨਹੀਂ ਹੈ ਕਿ ਜਸਪਾਲ ਸਿੰਘ ਅਟਵਾਲ ਹੁਣ ਕੀ ਕਰ ਰਹੇ ਹਨ।
ਉਹ ਕਿਸ ਜਥੇਬੰਦੀ ਨਾਲ ਜੁੜੇ ਹੋਏ ਹਨ ਜਾਂ ਇਸ ਸਮੇਂ ਉਹ ਕੀ ਵਿਚਾਰਧਾਰਾ ਰੱਖਦੇ ਹਨ। ਸਾਰੀ ਚਰਚਾ
ਉਨ੍ਹਾਂ ਦੇ ਅਤੀਤ ਦੇ ਨਾਲ ਜੋੜ ਕੇ ਹੋ ਰਹੀ ਹੈ, ਕਿ ਉਨ੍ਹਾਂ 20 ਸਾਲ ਪਹਿਲਾਂ ਇਹ ਕੁਝ ਕੀਤਾ ਸੀ।
ਇੱਥੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਸਮੇਂ ਨਾਲ ਕਿਸੇ ਵਿਅਕਤੀ ਦੀ ਸੋਚ ਵਿੱਚ ਤਬਦੀਲੀ ਵੀ
ਆ ਸਕਦੀ ਹੈ।
ਇਸ ਬਾਰੇ ਕੋਈ ਪੱਕੀ ਧਾਰਨਾ ਨਹੀਂ ਬਣਾ ਕੇ ਰੱਖੀ ਜਾ ਸਕਦੀ। ਸਾਨੂੰ ਵਿਅਕਤੀ ਦਾ ਵਰਤਮਾਨ ਵੀ
ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹੀ ਪਹਿਲੂ ਜਸਪਾਲ ਸਿੰਘ ਅਟਵਾਲ ਨਾਲ ਜੁੜੇ ਸਾਰੇ ਵਿਵਾਦ ਵਿੱਚੋਂ
ਮਨਫ਼ੀ ਹੈ ਤੇ ਸਾਰੀ ਗੱਲਬਾਤ ਉਨ੍ਹਾਂ ਦੇ ਅਤੀਤ ਨੂੰ ਹੀ ਲੈ ਕੇ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੱਦਾ ਰੱਦ ਕਰਨ ਦੇ ਕੀ ਮਾਅਨੇ ਹਨ?
ਇਸ ਸਮੇਂ ਭਾਰਤ ਤੇ ਕੈਨੇਡਾ ਵਿੱਚ ਜੋ ਸਿਆਸੀ ਮਾਹੌਲ ਬਣਿਆ ਹੋਇਆ ਹੈ, ਉਸ ਵਿੱਚ ਕੈਨੇਡੀਅਨ
ਸਰਕਾਰ ਕਿਸੇ ਕਿਸਮ ਦੇ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੀ। ਜਸਪਾਲ ਅਟਵਾਲ ਕੋਈ ਅਹਿਮ ਸ਼ਖਸ਼ੀਅਤ
ਵੀ ਨਹੀਂ ਹਨ, ਜਿਨ੍ਹਾਂ ਬਿਨਾਂ ਉਨ੍ਹਾਂ ਦਾ ਸਰਦਾ ਨਾ ਹੋਵੇ।
ਅਜਿਹੇ ਕਈ ਪੁਰਾਣੇ ਖ਼ਾਲਿਸਤਾਨੀ ਹਨ ਜੋ ਹੁਣ ਆਪਣਾ ਪੁਰਾਣਾ ਰਾਹ ਛੱਡ ਚੁੱਕੇ ਹਨ। ਅਸੀਂ ਭਾਰਤ
ਵਿੱਚ ਦੇਖਦੇ ਹਾਂ ਕਿ ਕਿਸੇ ਸਮੇਂ ਖਾਲਿਸਤਾਨ ਲਹਿਰ ਦੇ ਵੱਡੇ ਨਾਂ ਸਮਝੇ ਜਾਂਦੇ ਆਗੂ ਬਾਅਦ ਵਿੱਚ
ਕਾਂਗਰਸ ਪਾਰਟੀ ਵਿੱਚ ਵੀ ਸ਼ਾਮਲ ਹੋ ਗਏ ਜਾਂ ਅਕਾਲੀ ਦਲ ਵਿੱਚ ਵੀ ਚਲੇ ਗਏ ਤੇ ਹੋਰ ਪਾਰਟੀਆਂ ਵਿੱਚ
ਵੀ ਸ਼ਾਮਲ ਹੋਏ ਹਨ।
ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਦਿੱਤੇ ਜਾਣ ਬਾਰੇ ਤੁਸੀਂ ਕੀ ਕਹੋਗੇ?
ਤੁਹਾਡੇ ਸਵਾਲ ਦੇ ਵਿੱਚ ਹੀ ਇਸਦਾ ਜਵਾਬ ਵੀ ਹੈ। ਜੇ ਉਨ੍ਹਾਂ ਦਾ ਨਾਮ ਵਾਕਈ ਕਿਸੇ ਕਾਲੀ ਸੂਚੀ
ਵਿੱਚ ਹੈ ਤਾਂ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਵੀਜ਼ਾ ਕਿਵੇਂ ਤੇ ਕਿਉਂ ਦਿੱਤਾ। ਇਸ ਤਰ੍ਹਾਂ ਇਕੱਲੇ
ਕੈਨੇਡੀਅਨ ਹਾਈ ਕਮਿਸ਼ਨ ਨੂੰ ਹੀ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਕੈਨੇਡਾ ਦੀ ਸਿਆਸਤ ਵਿੱਚ ਖਾਲਿਸਤਾਨ ਦਾ ਮੁੱਦਾ ਕਿੱਥੇ ਖੜ੍ਹਾ ਹੈ?
ਇੱਕ ਗੱਲ ਤਾਂ ਮੈਂ ਪੂਰੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਕੈਨੇਡਾ ਦੀ ਮੁੱਖਧਾਰਾ ਦੇ ਜ਼ਿਆਦਾਤਰ
ਸਿਆਸਤਦਾਨਾਂ ਦੀ ਅਜਿਹੀ ਕਿਸੇ ਲਹਿਰ ਨਾਲ ਹਮਦਰਦੀ ਨਹੀਂ ਹੈ।
ਹਾਂ, ਕੈਨੇਡਾ ਇੱਕ ਲੋਕਤੰਤਰੀ ਸਿਸਟਮ ਹੈ, ਜਿੱਥੇ ਖ਼ਾਲਿਸਤਾਨੀਆਂ ਸਮੇਤ ਸਾਰਿਆਂ ਨੂੰ ਆਪਣੀ
ਗੱਲ ਕਰਨ ਦਾ ਹੱਕ ਹੈ। ਕੈਨੇਡਾ ਤਾਂ ਆਪਣੇ ਸੂਬੇ ਕਿਊਬਕ ਜੋ ਵੱਖਰਾ ਦੇਸ ਬਣਨਾ ਚਾਹੁੰਦਾ ਹੈ, ਨੂੰ
ਵੀ ਖੁੱਲ੍ਹ ਦੇ ਰਿਹਾ ਹੈ, ਜੋ ਕੈਨੇਡਾ ਨੂੰ ਤੋੜਨ ਦੀ ਗੱਲ ਕਰਦੇ ਹਨ।
ਕੋਈ ਵੀ ਵਿਚਾਰਧਾਰਾ ਰੱਖਣਾ ਨਾ ਕੈਨੇਡਾ ਵਿੱਚ ਜੁਰਮ ਹੈ ਤੇ ਨਾ ਹੀ ਭਾਰਤ ਵਿੱਚ। ਭਾਰਤ ਵਿੱਚ
ਸਿਮਰਨਜੀਤ ਸਿੰਘ ਮਾਨ ਖ਼ਾਲਿਸਤਾਨ ਸਮਰਥਕ ਹਨ ਤੇ ਚੋਣਾਂ ਵੀ ਲੜਦੇ ਹਨ। ਜੇ ਭਾਰਤ ਸਰਕਾਰ ਨੂੰ
ਖਾਲਿਸਤਾਨ ਤੋਂ ਐਨੀ ਹੀ ਦਿੱਕਤ ਹੈ ਤਾਂ ਪਹਿਲਾਂ ਉਨ੍ਹਾਂ ਖਿਲਾਫ਼ ਹੀ ਕਾਰਵਾਈ ਕਰ ਲੈਣ।
ਭਾਰਤ ਵਿੱਚ ਇੱਕ ਆਮ ਧਾਰਨਾ ਹੈ ਕਿ ਕੈਨੇਡਾ ਦੀ ਮੁੱਖਧਾਰਾ ਦੀ ਸਿਅਸਤ ਵਿੱਚ ਅਜਿਹੇ ਅਨਸਰਾਂ
ਨੂੰ ਹਮਾਇਤ ਮਿਲਦੀ ਹੈ। ਇਹ ਕਿੱਥੇ ਤੱਕ ਸਹੀ ਹੈ?
ਅਕਸਰ ਅਸੀਂ ਸਿਰਫ ਕੁਝ ਲੋਕਾਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਹੀ ਅਜਿਹੀਆਂ ਧਾਰਨਾਵਾਂ ਬਣਾ
ਲੈਂਦੇ ਹਾਂ। ਇਨ੍ਹਾਂ ਗੱਲਾਂ ਦਾ ਕੋਈ ਸਬੂਤ ਨਹੀਂ ਹੈ। ਅਸਲ ਵਿੱਚ ਤਾਂ ਲੋਕਤੰਤਰੀ ਤਰੀਕੇ ਨਾਲ
ਚੁਣੇ ਹੋਏ ਨੁਮਾਇੰਦੇ ਹੀ ਭਾਈਚਾਰੇ ਦੀ ਆਵਾਜ਼ ਹਨ।
ਕੈਨੇਡਾ ਵਿੱਚ ਜਿਨ੍ਹਾਂ ਲੋਕਾਂ ਨੂੰ ਭਾਈਚਾਰੇ ਨੇ ਕਦੇ ਚੁਣਿਆ ਹੀ ਨਹੀਂ ਉਨ੍ਹਾਂ ਲੋਕਾਂ ਨੂੰ
ਭਾਈਚਾਰੇ ਦੀ ਆਵਾਜ਼ ਨਹੀਂ ਕਹਿ ਸਕਦੇ। ਕੈਨੇਡਾ ਦੇ ਚੁਣੇ ਹੋਏ ਸਿਆਸਤਦਾਨਾਂ ਵਿੱਚੋਂ ਗਿਣ ਕੇ ਦੱਸੋ
ਕਿ ਕਿੰਨੇ ਖਾਲਿਸਤਾਨੀ ਹਨ?
ਸਿਰਫ਼ ਇਲਜ਼ਾਮ ਲਾਉਣ ਨਾਲ ਤਾਂ ਕੋਈ ਖਾਲਿਸਤਾਨੀ ਨਹੀਂ ਬਣ ਜਾਂਦਾ। ਦੂਜੀ ਧਿਆਨ ਵਿੱਚ ਰੱਖਣ
ਵਾਲੀ ਗੱਲ ਇਹ ਹੈ ਕਿ ਕੈਨੇਡਾ ਇੱਕ ਵੋਟਾਂ ਵਾਲਾ ਲੋਕਤੰਤਰ ਹੈ।
ਉੱਥੇ ਸਿਆਸਤਦਾਨ ਉਨ੍ਹਾਂ ਇਕੱਠਾਂ ਵਿੱਚ ਵੀ ਜਾਂਦੇ ਹਨ ਜਿੱਥੇ ਖਾਲਿਸਤਾਨ ਦੀ ਹਮਾਇਤ ਹੁੰਦੀ ਹੈ
ਤੇ ਉਨ੍ਹਾਂ ਵਿੱਚ ਵੀ ਜਾਂਦੇ ਹਨ ਜਿੱਥੇ ਇਸ ਦਾ ਵਿਰੋਧ ਹੁੰਦਾ ਹੈ। ਇਹ ਸਿਰਫ਼ ਵੋਟ ਬੈਂਕ ਦਾ
ਮੁੱਦਾ ਹੈ।
ਇਲਜ਼ਾਮਾਂ ਦੇ ਸਬੂਤ ਦੇਣੇ ਚਾਹੀਦੇ ਹਨ। ਹਾਂ, ਕੈਨੇਡਾ ਦੀ ਸਿੱਖ ਵਸੋਂ ਵਿੱਚ 1984 ਦੇ
ਦੋਸ਼ੀਆਂ ਨੂੰ ਸਜ਼ਾ ਦਿਵਾਉਣ ਬਾਰੇ ਜ਼ਰੂਰ ਗੱਲ ਕਰਦੀ ਹੈ। ਕੀ ਹੁਣ ਚੁਰਾਸੀ ਦੇ ਮੁਜਰਮਾਂ ਨੂੰ
ਸਜ਼ਾ ਦੇਣ ਦੀ ਗੱਲ ਕਰਨਾ ਖਾਲਿਸਤਾਨ ਦੀ ਗੱਲ ਕਰਨਾ ਹੈ?
---------------------------------------------------------
ਟਰੂਡੋ ਨਾਲ ਡਿਨਰ ‘ਚ ਸ਼ਾਮਲ ਹੋਣ ‘ਤੇ ਵਿਵਾਦਾਂ ‘ਚ ਆਏ ਜਸਪਾਲ ਸਿੰਘ
ਅਟਵਾਲ ਨੇ ਦਿੱਤੀ ਸਫਾਈ
ਕਿਹਾ, ਕੁਝ ਵਿਰੋਧੀਆਂ ਨੇ ਜਾਣ ਬੁਝ ਕੇ ਬਣਾਇਆ ਮੁੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਡਿਨਰ ਪਾਰਟੀ ਵਿੱਚ ਸੱਦੇ
ਕਰਕੇ ਵਿਵਾਦਾਂ ਵਿਚ ਘਿਰੇ ਜਸਪਾਲ ਸਿੰਘ ਅਟਵਾਲ ਨੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ
ਸਾਲ 1986 ਵਿੱਚ ਹੋਈ ਸ਼ੂਟਿੰਗ ਦੀ ਇੱਕ ਘਟਨਾ ਨੂੰ ਅੱਜ ਇਸ ਤਰੀਕੇ ਨਾਲ ਉਛਾਲਣਾ ਠੀਕ ਨਹੀਂ। ਅਟਵਾਲ
ਨੇ ਕਿਹਾ ਕਿ ਉਨ੍ਹਾਂ ਦੇ ਕੁਝ ਵਿਰੋਧੀ ਇਸ ਗੱਲ਼ ਨੂੰ ਜਾਣਬੁੱਝ ਕੇ ਮੁੱਦਾ ਬਣਾ ਰਹੇ ਹਨ। ਅਟਵਾਲ ਨੇ
ਕੈਨੇਡਾ ਦੇ ਮੀਡੀਆ ਨੂੰ ਇਹ ਵੀ ਕਿਹਾ ਕਿ ਉਹ ਮੁੰਬਈ ਵਿੱਚ ਵਪਾਰ ਨਾਲ ਜੁੜੇ ਕਿਸੇ ਕੰਮ ਆਏ ਸੀ।
ਉਨ੍ਹਾਂ ਦਾ ਦਿੱਲੀ ਦੇ ਡਿਨਰ ਵਿੱਚ ਸ਼ਾਮਲ ਹੋਣ ਦਾ ਕੋਈ ਵਿਚਾਰ ਨਹੀਂ ਸੀ। ਚੇਤੇ ਰਹੇ ਕਿ ਕੈਨੇਡੀਅਨ
ਐਮਪੀ ਰਣਦੀਪ ਸਿੰਘ ਸਰਾਏ ਨੇ ਡਿਨਰ ਵਿੱਚ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਨੂੰ ਸੱਦਾ ਦਿੱਤਾ ਸੀ।
ਉਨ੍ਹਾਂ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੁਆਫੀ ਵੀ ਮੰਗੀ ਹੈ। ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ
ਖਾਲਿਸਤਾਨੀ ਸਮਰਥਕ ਨੂੰ ਵੀਜ਼ਾ ਕਿਵੇਂ ਮਿਲਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
------------------------------------------------
ਟਰੂਡੋ ਨੂੰ ਪੰਗਾ ਪਾਉਣ ਵਾਲਾ ਜਸਪਾਲ ਅਟਵਾਲ ਕੌਣ?
ਚੰਡੀਗੜ੍ਹ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਡਿਨਰ ਪਾਰਟੀ
ਵਿੱਚ ਸਾਬਕਾ ਖਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੂੰ ਸੱਦਾ ਦੇਣ ‘ਤੇ ਵਿਵਾਦ ਹੋਇਆ ਹੈ। ਇਸ ਵਿਵਾਦ
ਕਰਕੇ ਕੈਨੇਡਾ ਦੇ ਨਾਲ-ਨਾਲ ਭਾਰਤੀ ਅੰਬੈਸੀ ਉੱਪਰ ਵੀ ਸਵਾਲ ਉੱਠੇ ਹਨ ਕਿ ਆਖਰ ਅਟਵਾਲ ਨੂੰ ਵੀਜ਼ਾ
ਕਿਵੇਂ ਮਿਲਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਆਖਰ ਕੌਣ ਹੈ ਜਸਪਾਲ ਅਟਵਾਲ?
ਜਸਪਾਲ ਅਟਵਾਲ ਖਾਲਿਸਤਾਨ ਦਾ ਹਮਾਇਤੀ ਰਿਹਾ ਹੈ। ਉਹ ਪਾਬੰਦੀਸ਼ੁਦਾ
ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਿੱਚ ਕੰਮ ਕਰਦਾ ਰਿਹਾ ਹੈ। ਇਸ ਸੰਗਠਨ ਨੂੰ 1980 ਦੇ ਦਹਾਕੇ
ਵਿੱਚ ਕੈਨੇਡਾ ਸਰਕਾਰ ਨੇ ਅੱਤਵਾਦੀ ਸੰਗਠਨ ਐਲਾਨਿਆ ਸੀ।
ਅਟਵਾਲ ਨੂੰ ਪੰਜਾਬ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਸਿੱਧੂ ਤੇ ਤਿੰਨ ਹੋਰਾਂ
ਉੱਪਰ ਜਾਨਲੇਵਾ ਹਮਲਾ ਕਰਨ ਦਾ ਦੋਸ਼ੀ ਠਹਿਰਾਇਆ ਇਹ ਘਟਨਾ 1986 ਵਿੱਚ ਵੈਂਕੂਵਰ ਟਾਪੂ ‘ਤੇ ਵਾਪਰੀ
ਸੀ।
ਜਸਪਾਲ ਅਟਵਾਲ ਉਨ੍ਹਾਂ ਚਾਰ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸਿੱਧੂ ਦੀ
ਕਾਰ ਉੱਪਰ ਘਾਤ ਲਾ ਕੇ ਗੋਲੀਆਂ ਚਲਾਈਆਂ ਸੀ। ਸਿੱਧੂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਇਲਾਵਾ ਅਟਵਾਲ ਨੂੰ 1985 ਵਿੱਚ ਆਟੋਮੋਬਾਈਲ ਧੋਖਾਧੜੀ ਕੇਸ ਵਿੱਚ ਵੀ ਦੋਸ਼ੀ
ਪਾਇਆ ਗਿਆ ਸੀ।
---------------------------------
ਅਟਵਾਲ ਮੁੱਦੇ 'ਤੇ ਕੈਪਟਨ 'ਤੇ ਵਰ੍ਹੇ ਖਹਿਰਾ
ਪਟਿਆਲਾ: ਆਮ ਆਦਮੀ ਪਾਰਟੀ ਦੇ ਲੀਡਰ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ
ਨੇਤਾ ਸੁਖਪਾਲ ਖਹਿਰਾ ਨੇ ਸਾਬਕਾ ਖ਼ਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ
ਜਸਟਿਨ ਟਰੂਡੋ ਦੇ ਡਿਨਰ ਪਾਰਟੀ ਵਿੱਚ ਸੱਦੇ ਤੋਂ ਪੈਦਾ ਹੋਏ ਵਿਵਾਦ ‘ਤੇ ਕੈਪਟਨ ਅਮਰਿੰਦਰ ਸਿੰਘ
ਨੂੰ ਘੇਰਿਆ ਹੈ। ਖਹਿਰਾ ਦਾ ਕਹਿਣਾ ਹੈ ਕਿ ਜਿੱਥੇ ਇਸ ਮਸਲੇ ਨੂੰ ਮੀਡੀਆ ਨੇ ਤੂਲ ਦਿੱਤਾ ਹੈ, ਉੱਥੇ
ਟਰੂਡੋ ਨਾਲ ਆਪਣੀ ਮੁਲਾਕਾਤ ਸਮੇਂ ਕੈਪਟਨ ਨੇ ਅਤਿਵਾਦੀ ਸਰਗਰਮੀਆਂ ਵਿੱਚ ਸ਼ਾਮਲ 9 ਵਿਅਕਤੀਆਂ ਦੀ
ਸੂਚੀ ‘ਤੇ ਆਪਣਾ ਸਾਰਾ ਸਮਾਂ ਖਰਾਬ ਕਰ ਦਿੱਤਾ।
ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਟਰੂਡੋ ਨਾਲ ਮੁਲਾਕਾਤ
ਸਮੇਂ 9 ਬਲੈਕ ਲਿਸਟ ਲੋਕਾਂ ਦੀ ਥਾਂ ਕੈਨੇਡਾ ਨਾਲ ਵੀਜ਼ਾ ਪਾਲਿਸੀਆਂ ਤੇ ਵਪਾਰਕ ਸਬੰਧਾਂ ਬਾਰੇ ਗੱਲ
ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜਸਪਾਲ ਅਟਵਾਲ ਵਾਲੇ ਮੁੱਦੇ ਨੂੰ ਮੀਡੀਆ ਨੇ ਹੀ ਉਛਾਲਿਆ ਹੈ।
ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਆਏ ਦਿਨ
ਸਜ਼ਾਯਾਫ਼ਤਾ ਜਗੀਰ ਕੌਰ ਨੂੰ ਸਟੇਜਾਂ ‘ਤੇ ਬਿਠਾਉਂਦੇ ਨੇ ਉਦੋਂ ਮੀਡੀਆ ਰੌਲਾ ਨਹੀਂ ਪਾਉਂਦਾ ਤੇ
ਕੈਪਟਨ ਅਮਰਿੰਦਰ ਸਿੰਘ ਦੀ ਇੰਗਲੈਂਡ ਫੇਰੀ ਸਮੇਂ ਇੱਕ ਅਪਰਾਧੀ ਕਿਸਮ ਦੇ ਵਿਅਕਤੀ ਦੇ ਘਰ ਠਹਿਰਨ ਤੇ
ਡਿਨਰ ਕਰਨ ‘ਤੇ ਕੋਈ ਵਿਵਾਦ ਨਹੀਂ ਹੋਇਆ।
ਖਹਿਰਾ ਨੇ ਕਿਹਾ ਕਿ ਦੇਸ਼ ਨੂੰ ਹਜ਼ਾਰਾਂ ਕਰੋੜ ਦਾ ਚੂਨਾ ਲਾਉਣ ਵਾਲੇ ਨੀਰਵ
ਮੋਦੀ ਦਾਵੋਸ ਵਿੱਚ ਪੀਐਮ ਨਾਲ ਫੋਟੋਆਂ ਖਿਚਵਾ ਆਇਆ ਉਦੋਂ ਕਿਸੇ ਨੇ ਰੌਲਾ ਨਹੀਂ ਪਾਇਆ। ਉਨ੍ਹਾਂ
ਕਿਹਾ ਕਿ ਅਟਵਾਲ ਦਾ ਇੱਥੇ ਡਿਨਰ ਸਮਾਗਮ ‘ਚ ਸ਼ਾਮਲ ਹੋਣ ‘ਤੇ ਵਿਵਾਦ ਬੇਤੁਕਾ ਹੈ। ਉਨ੍ਹਾਂ ਕਿਹਾ ਕਿ
ਲੀਡਰ ਦੇਸ਼ ਨੂੰ ਅਗਾਂਹ ਲਿਜਾਣ ਦੀ ਥਾਂ ਵਾਧੂ ਦੇ ਮੁੱਦਿਆਂ ਵਿੱਚ ਉਲਝਾ ਰਹੇ ਹਨ, ਜਦੋਂ ਸੱਦਾ ਦੇਣ
ਵਾਲੇ ਮੰਤਰੀ ਨੇ ਮੁਆਫ਼ੀ ਮੰਗ ਲਈ ਫਿਰ ਰੌਲਾ ਕਿਉਂ, ਇਹ ਸਭ ਬੇਕਾਰ ਗੱਲਾਂ ਹਨ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕੈਪਟਨ ਚਾਹੁੰਦੇ ਤਾਂ ਕੈਨੇਡਾ ਨਾਲ
ਸਬੰਧ ਹੋਰ ਵੀ ਸੁਖਾਵੇਂ ਤੇ ਵੀਜ਼ਾ ਨੀਤੀ ਸਰਲ ਕਰਨ ਬਾਰੇ ਗੱਲ ਕਰ ਸਕਦੇ ਸੀ ਪਰ ਉਨ੍ਹਾਂ ਸਿਰਫ 9
ਬੰਦਿਆਂ ਦੇ ਮਾਮਲੇ ਵਿੱਚ ਹੀ ਆਪਣੇ 40 ਮਿੰਟ ਖ਼ਰਾਬ ਕਰ ਦਿੱਤੇ।
ਹਾਲਾਂਕਿ, ਸਾਬਕਾ ਖਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੇ ਆਪਣੀ ਸਫਾਈ ਦਿੱਤੀ
ਹੈ। ਉਨ੍ਹਾਂ ਕਿਹਾ ਹੈ ਕਿ ਸਾਲ 1986 ਵਿੱਚ ਹੋਈ ਸ਼ੂਟਿੰਗ ਦੀ ਇੱਕ ਘਟਨਾ ਨੂੰ ਅੱਜ ਇਸ ਤਰੀਕੇ ਨਾਲ
ਉਛਾਲਣਾ ਠੀਕ ਨਹੀਂ। ਅਟਵਾਲ ਨੇ ਕੈਨੇਡਾ ਦੀ ਮੀਡੀਆ ਨੂੰ ਇਹ ਵੀ ਕਿਹਾ ਕਿ ਉਹ ਮੁੰਬਈ ਵਿੱਚ ਵਪਾਰ
ਨਾਲ ਜੁੜੇ ਕਿਸੇ ਕੰਮ ਆਏ ਸੀ। ਉਨ੍ਹਾਂ ਦਾ ਦਿੱਲੀ ਦੇ ਡਿਨਰ ਵਿੱਚ ਸ਼ਾਮਲ ਹੋਣ ਦਾ ਕੋਈ ਵਿਚਾਰ ਨਹੀਂ
ਸੀ। ਉਹ 11 ਫਰਵਰੀ ਨੂੰ ਭਾਰਤ ਆਏ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਡੈਲੀਗੇਸ਼ਨ ਨਾਲ ਨਹੀਂ ਸਗੋਂ
ਨਿੱਜੀ ਦੌਰੇ ‘ਤੇ ਭਾਰਤ ਆਏ ਸਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਪਤਨੀ ਤੇ ਮੰਤਰੀ ਨਾਲ ਨਜ਼ਰ ਆਏ ਸਾਬਕਾ
ਖ਼ਾਲਿਸਤਾਨੀ ਜਸਪਾਲ ਅਟਵਾਲ ਮੁੰਬਈ ਵਿੱਚ ਇੱਕ ਸਮਾਗਮ ਵਿੱਚ ਪਹੁੰਚੇ ਸਨ। ਉਹ ਐਮ.ਪੀ. ਰਣਦੀਪ ਐਸ.
ਸਰਾਏ ਦੇ ਸੱਦੇ ‘ਤੇ ਸਮਾਗਮ ਵਿੱਚ ਸ਼ਾਮਲ ਹੋਏ ਸਨ। ਸਰਾਏ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੁਆਫੀ
ਵੀ ਮੰਗੀ ਹੈ।
---------------------------------------
ਕੈਨੇਡੀਅਨ ਹਾਈ ਕਮਿਸ਼ਨ ਨੇ ਸਜ਼ਾਯਾਫ਼ਤਾ ਖ਼ਾਲਿਸਤਾਨੀ ਦੇ ਨਾਂਅ ਵਾਲਾ
ਸੱਦਾ ਕੀਤਾ ਰੱਦ
ਨਵੀਂ ਦਿੱਲੀ, 22 ਫਰਵਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਸ੍ਰੀ
ਟਰੂਡੋ ਦੇ ਦਫ਼ਤਰ ਅਤੇ ਮੋਦੀ ਸਰਕਾਰ ਨੂੰ ਉਦੋਂ ਨਮੋਸ਼ੀ ਝੱਲਣੀ ਪਈ ਜਦੋਂ ਸਾਹਮਣੇ ਆਇਆ ਕਿ ਮਹਿਮਾਨ
ਵਫ਼ਦ ਦੇ ਅਧਿਕਾਰਤ ਸਮਾਗਮਾਂ ਵਿੱਚ ਕੈਨੇਡਾ ਤੋਂ ਪੁੱਜਾ ਹੋਇਆ ਇਕ ਸਜ਼ਾਯਾਫ਼ਤਾ ਖ਼ਾਲਿਸਤਾਨੀ ਵੀ
ਹਿੱਸਾ ਲੈ ਰਿਹਾ ਹੈ। ਉਸ ਦੀ ਪਛਾਣ ਜਸਪਾਲ ਅਟਵਾਲ ਵਜੋਂ ਹੋਈ ਹੈ। ਉਹ ਨਾ ਸਿਰਫ਼ ਬੀਤੇ ਦਿਨੀਂ
ਮੁੰਬਈ ਵਿੱਚ ਕੈਨੇਡੀਅਨ ਵਫ਼ਦ ਦੇ ਸਮਾਗਮਾਂ ਵਿੱਚ ਸ਼ਾਮਲ ਸੀ, ਸਗੋਂ ਅੱਜ ਰਾਤ ਇਥੇ ਕੈਨੇਡੀਅਨ ਹਾਈ
ਕਮਿਸ਼ਨ ਵਿੱਚ ਹਾਈ ਕਮਿਸ਼ਨਰ ਨਾਦਿਰ ਪਟੇਲ ਵੱਲੋਂ ਸ੍ਰੀ ਟਰੂਡੋ ਦੇ ਮਾਣ ਵਿੱਚ ਦਿੱਤੇ ਰਾਤਰੀ ਭੋਜ ਲਈ
ਵੀ ਉਸ ਨੂੰ ਸੱਦਾ ਦਿੱਤਾ ਗਿਆ ਸੀ। ਵਿਵਾਦ ਪੈਦਾ ਹੋਣ ’ਤੇ ਇਹ ਸੱਦਾ ਰੱਦ ਕਰ ਦਿੱਤਾ ਗਿਆ। ਭਾਰਤੀ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ‘ਪਤਾ’ ਲਾਇਆ ਜਾ ਰਿਹਾ ਹੈ ਕਿ ਉਸ ਨੂੰ ਭਾਰਤ ਆਉਣ ਲਈ ਵੀਜ਼ਾ
ਕਿਵੇਂ ਜਾਰੀ ਹੋਇਆ।
ਇਸ ਮਾਮਲੇ ਵਿੱਚ ਆਪਣੇ ਪੱਖ ਤੋਂ ਹੋਈ ਗ਼ਲਤੀ ਕਬੂਲਦਿਆਂ ਸ੍ਰੀ ਟਰੂਡੋ ਨੇ
ਕਿਹਾ, ‘‘ਯਕੀਨਨ ਅਸੀਂ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਾਂ। ਸਬੰਧਤ ਵਿਅਕਤੀ ਨੂੰ ਹਰਗਿਜ਼
ਸੱਦਾ ਨਹੀਂ ਸੀ ਮਿਲਣਾ ਚਾਹੀਦਾ।’’ ਇਥੇ ਇਕ ਸਮਾਗਮ ਦੌਰਾਨ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲ
ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੂੰ ਇਕ ਐਮਪੀ ਨੇ ਸ਼ਾਮਲ ਕਰਵਾਇਆ, ਜਿਸ ਨੂੰ ਇਸ ਲਈ ‘ਜਵਾਬ ਦੇਣਾ’
ਪਵੇਗਾ। ਸ੍ਰੀ ਟਰੂਡੋ ਨੇ ਅਟਵਾਲ ਨਾਲ ਆਪਣੇ ਸਬੰਧਾਂ ਬਾਰੇ ਟਿੱਪਣੀ ਨਹੀਂ ਕੀਤੀ, ਜਿਨ੍ਹਾਂ ਦੀਆਂ
ਕੈਨੇਡਾ ਵਿੱਚ ਉਨ੍ਹਾਂ (ਸ੍ਰੀ ਟਰੂਡੋ) ਨਾਲ ਤਸਵੀਰਾਂ ਨਸ਼ਰ ਹੋਈਆਂ ਹਨ। ਬੀਤੇ ਮੰਗਲਵਾਰ ਨੂੰ ਮੁੰਬਈ
’ਚ ਵੀ ਉਹ ਸ੍ਰੀ ਟਰੂਡੋ ਦੀ ਪਤਨੀ ਤੇ ਉਨ੍ਹਾਂ ਦੇ ਮੰਤਰੀਆਂ ਨਾਲ ਦਿਖਾਈ ਦਿੱਤਾ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ‘ਪਤਾ’ ਲਾ
ਰਹੀ ਹੈ ਕਿ ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਅਟਵਾਲ ਨੂੰ ਵੀਜ਼ਾ ਕਿਵੇਂ ਜਾਰੀ ਕਰ ਦਿੱਤਾ।
ਉਨ੍ਹਾਂ ਕਿਹਾ, ‘‘ਇਸ (ਸਮੁੱਚੇ) ਮਾਮਲੇ ਦੇ ਦੋ ਪਹਿਲੂ ਹਨ। ਪਹਿਲਾ ਸਮਾਗਮ ਵਿੱਚ ਉਸ ਦੀ ਮੌਜੂਦਗੀ
ਦਾ ਮਾਮਲਾ, ਜੋ ਕੈਨੇਡਾ ਨੇ ਹੱਲ ਕਰਨਾ ਹੈ। ਉਨ੍ਹਾਂ (ਕੈਨੇਡਾ) ਮੁਤਾਬਕ ਅਜਿਹਾ ਬੇਧਿਆਨੀ ’ਚ
ਹੋਇਆ। …ਜਿਥੋਂ ਤੱਕ ਵੀਜ਼ੇ ਦਾ ਮਾਮਲਾ ਹੈ, ਅਸੀਂ ਪਤਾ ਲਾ ਰਹੇ ਹਾਂ ਕਿ ਅਜਿਹਾ ਕਿਵੇਂ ਵਾਪਰਿਆ।’’
ਅਟਵਾਲ ਦੀ ਗ੍ਰਿਫ਼ਤਾਰੀ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ ਜੋ ਕੇਸ ਸਨ,
ਉਨ੍ਹਾਂ ਲਈ ਉਹ ਸਜ਼ਾ ਭੁਗਤ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਨੂੰ ਭਾਰਤ ’ਚ ਉਸ ਖ਼ਿਲਾਫ਼
ਕੋਈ ਕੇਸ ਦਰਜ ਹੋਣ ਬਾਰੇ ਜਾਣਕਾਰੀ ਨਹੀਂ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਨ੍ਹਾਂ ਦੀ
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਦੌਰਾਨ ਖ਼ਾਲਿਸਤਾਨ ਦਾ ਮੁੱਦਾ ਉਠਿਆ ਸੀ।
ਉਨ੍ਹਾਂ ਕਿਹਾ, ‘‘ਕੈਨੇਡਾ ਆਪਣੀ ਵਿਦੇਸ਼ ਨੀਤੀ ਤਹਿਤ ਮਜ਼ਬੂਤ ਤੇ ਇਕਮੁੱਠ ਭਾਰਤ ਦੀ ਹਮਾਇਤ ਕਰਦਾ
ਹੈ।… ਪਰ ਕੈਨੇਡਾ ਵਿੱਚ ਅਸੀਂ ਆਪਣੀ ਅਨੇਕਤਾ ਉਤੇ ਭਾਰਤ ਵਾਂਗ ਹੀ ਮਾਣ ਕਰਦੇ ਹਾਂ।’’
-ਏਜੰਸੀਆਂ
ਮੇਰੇ ਪਿਛੋਕੜ ਨੂੰ ਉਛਾਲਣਾ ਗ਼ੈਰਵਾਜਿਬ: ਅਟਵਾਲ
ਟੋਰਾਂਟੋ: ਸਜ਼ਾਯਾਫਤਾ ਖਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੇ ਕਿਹਾ ਕਿ 1986
ਵਿੱਚ ਗੋਲੀਬਾਰੀ ਦੀ ਘਟਨਾ ਵਿੱਚ ਉਸ ਨੂੰ ਮਿਲੀ ਸ਼ਜਾ ਨੂੰ ਹੁਣ ਉਛਾਲਣਾ ਗੈਰਵਾਜਿਬ ਹੈ। ਉਨ੍ਹਾਂ ਇਸ
ਮਾਮਲੇ ਨੂੰ ਉਛਾਲਣ ਪਿੱਛੇ ਆਪਣੇ ਦੁਸ਼ਮਣਾਂ ਦਾ ਹੱਥ ਦੱਸਿਆ। ਉਨ੍ਹਾਂ ਕਿਹਾ ਕਿ ਉਹ ਆਪ ਹੀ ਭਾਰਤ
ਆਇਆ ਹੈ ਤੇ ਉਹ ਕਿਸੇ ਸਰਕਾਰੀ ਵਫ਼ਦ ਦਾ ਮੈਂਬਰ ਨਹੀਂ।
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ
ਅਟਵਾਲ ਦਾ ਨਾਂ ਇਸ ਸਮੇਂ ਗ੍ਰਹਿ ਮੰਤਰਾਲੇ ਦੀ ਕਾਲੀ ਸੂਚੀ ਵਿੱਚ ਦਰਜ ਨਹੀਂ ਹੈ। ਉਨ੍ਹਾਂ ਕਿਹਾ ਕਿ
ਕੇਂਦਰ ਸਰਕਾਰ ਖ਼ੁਫ਼ੀਆ ਰਿਪੋਰਟਾਂ ਤੇ ਸਬੰਧਤ ਵਿਅਕਤੀ ਦੀਆਂ ਸਰਗਰਮੀਆਂ ਦੇ ਆਧਾਰ ’ਤੇ ਇਸ ਸੂਚੀ
ਦੀ ਸਮੀਖਿਆ ਕਰਦੀ ਰਹਿੰਦੀ ਹੈ।
-ਪੀਟੀਆਈ
----------------------
ਜਸਪਾਲ
ਅਟਵਾਲ ਨੂੰ ਸੱਦਾ ਦੇਣ ਬਾਰੇ ਸੰਸਦ ਮੈਂਬਰ ਸਰਾਏ ਨੇ ਮੁਆਫ਼ੀ ਮੰਗੀ
ਗ੍ਰਹਿ ਮੰਤਰਾਲੇ ਦੀ ਕਾਲੀ ਸੂਚੀ 'ਚ ਨਹੀਂ ਹੈ ਜਸਪਾਲ ਦਾ ਨਾਂਅ
ਜਸਪਾਲ ਅਟਵਾਲ ਨੂੰ ਸ੍ਰੀ ਟਰੂਡੋ ਦੀ ਭਾਰਤ ਫੇਰੀ ਮੌਕੇ ਮੁੰਬਈ ਅਤੇ ਦਿੱਲੀ 'ਚ ਹੋਣ ਵਾਲੇ ਸਮਾਗਮਾਂ
ਵਿਚ ਸ਼ਮੂਲੀਅਤ ਲਈ ਸੱਦਾ ਦਿੱਤੇ ਜਾਣ ਦੇ ਬੀਤੇ ਕੱਲ੍ਹ ਉਜਾਗਰ ਹੋਏ ਮਾਮਲੇ 'ਤੇ ਸ੍ਰੀ ਟਰੂਡੋ ਨੇ
ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ | ਉਨ੍ਹਾਂ ਆਖਿਆ ਕਿ
ਸੱਦਾ ਦੇਣ ਵਾਲੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਇਸ ਦੀ ਪੂਰੀ ਜ਼ਿੰਮੇਵਾਰੀ ਲੈਣ ਤੋਂ ਬਾਅਦ
ਮੁਆਫ਼ੀ ਮੰਗ ਲਈ ਹੈ | ਸ੍ਰੀ ਟਰੂਡੋ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਰਾਜਦੂਤ ਵਲੋਂ ਅਟਵਾਲ ਨੂੰ
ਭੇਜਿਆ ਗਿਆ ਸੱਦਾ ਰੱਦ ਕਰ ਦਿੱਤਾ ਗਿਆ ਹੈ | ਬੀਤੇ ਮੰਗਲਵਾਰ ਮੁੰਬਈ ਵਿਖੇ ਜਸਪਾਲ ਅਟਵਾਲ ਦੀਆਂ
ਸ੍ਰੀ ਟਰੂਡੋ ਦੀ ਪਤਨੀ ਸੋਫ਼ੀ ਟਰੂਡੋ ਅਤੇ ਮੰਤਰੀ ਅਮਰਜੀਤ ਸੋਹੀ ਨਾਲ ਤਸਵੀਰਾਂ ਸਾਹਮਣੇ ਆਈਆਂ ਸਨ
ਅਤੇ ਉਸ ਨੂੰ ਬੀਤੇ ਕੱਲ੍ਹ ਦਿੱਲੀ 'ਚ ਭਾਰਤ ਦੇ ਰਾਜਦੂਤ ਦੀ ਰਿਹਾਇਸ਼ ਵਿਖੇ ਹੋਏ ਸਮਾਗਮ 'ਚ ਪੁੱਜਣ
ਲਈ ਸੱਦਾ ਪੱਤਰ ਦਿੱਤਾ ਗਿਆ ਸੀ | ਇਸ ਤੋਂ ਪਹਿਲਾਂ ਹਿੰਸਕ ਵਾਰਾਦਾਤਾਂ ਦੇ ਦੋਸ਼ੀ ਵਜੋਂ ਸਜ਼ਾ
ਭੁਗਤ ਚੁੱਕੇ ਉਸ ਵੇਲੇ ਦੇ ਖਾੜਕੂ ਜਸਪਾਲ ਅਟਵਾਲ ਨੂੰ ਕੈਨੇਡਾ 'ਚ ਮੁੱਖ ਧਾਰਾ ਦੇ ਮੀਡੀਆ ਵਲੋਂ
ਖਾਲਿਸਤਾਨੀ ਖਾੜਕੂ ਵਜੋਂ ਸੰਬੋਧਨ ਕੀਤਾ ਗਿਆ ਅਤੇ ਸੋਫ਼ੀ ਟਰੂਡੋ ਤੇ ਮੰਤਰੀ ਸੋਹੀ ਦੀਆਂ ਤਸਵੀਰਾਂ
ਜਨਤਕ ਕੀਤੀਆਂ ਗਈਆਂ | ਅਟਵਾਲ ਨੂੰ 1986 ਵਿੱਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ ਦੀ
ਵੈਨਕੂਵਰ 'ਚ ਹੱਤਿਆ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ ਉਸ
ਨੂੰ ਅੱਤਵਾਦੀ ਕਾਰਵਾਈ ਕਰਾਰ ਦਿੰਦਿਆਂ ਦੋ ਹੋਰ ਸਾਥੀਆਂ ਸਮੇਤ 20 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ
|
ਕਾਲੀ ਸੂਚੀ
ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਖਾੜਕੂ ਜਸਪਾਲ ਅਟਵਾਲ ਦਾ ਨਾਂਅ ਹੁਣ ਗ੍ਰਹਿ ਮੰਤਰਾਲੇ ਦੀ ਕਾਲੀ
ਸੂਚੀ ਵਿਚ ਸ਼ਾਮਿਲ ਨਹੀਂ ਹੈ | ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰ
ਸਰਕਾਰ ਖ਼ੁਫੀਆ ਸੂਚਨਾ ਅਤੇ ਸਬੰਧਿਤ ਵਿਅਕਤੀ ਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਤੋਂ
ਬਾਅਦ ਸਮੇਂ-ਸਮੇਂ 'ਤੇ ਖਾੜਕੂਆਂ ਨਾਲ ਸਬੰਧਿਤ ਕਾਲੀ ਸੂਚੀ ਦੀ ਸਮੀਖਿਆ ਕਰਦੀ ਹੈ | ਅਧਿਕਾਰੀ ਨੇ
ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਕਰੀਬ 150 ਅਜਿਹੇ ਵਿਅਕਤੀਆਂ ਦੇ ਨਾਂਅ ਕਾਲੀ ਸੂਚੀ 'ਚੋਂ
ਹਟਾਏ ਗਏ ਹਨ ਜੋ ਅਤਿ ਲੋੜੀਦੇ ਖਾੜਕੂ ਸਨ ਜਾਂ ਉਨ੍ਹਾਂ ਦੇ ਸਾਥੀ ਸਨ | ਅਧਿਕਾਰੀ ਨੇ ਕਿਹਾ ਕਿ
ਮੌਜੂਦਾ ਕਾਲੀ ਸੂਚੀ 'ਚ ਹੁਣ ਅਟਵਾਲ ਦਾ ਨਾਂਅ ਨਹੀਂ ਹੈ | ਹਮੇਸ਼ਾ ਪੰਜਾਬ ਸਰਕਾਰ ਅਤੇ ਕੇਂਦਰੀ
ਸੁਰੱਖਿਆ ਏਜੰਸੀਆਂ ਦੇ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕਾਲੀ ਸੂਚੀ ਦੀ ਸਮੀਖਿਆ ਕੀਤੀ ਜਾਂਦੀ ਹੈ |
ਕਾਲੀ ਸੂਚੀ 'ਚੋਂ ਜ਼ਿਆਦਾਤਰ ਜਿਨ੍ਹਾਂ ਵਿਅਕਤੀਆਂ ਨੇ ਨਾਂਅ ਹਟਾਏ ਗਏ ਹਨ, ਉਹ ਮੌਜੂਦਾ ਸਮੇਂ
ਪਾਕਿਸਤਾਨ, ਅਮਰੀਕਾ, ਕੈਨੇਡਾ, ਨਾਰਵੇ, ਫਰਾਂਸ ਅਤੇ ਜਰਮਨੀ ਆਦਿ ਦੇਸ਼ਾਂ 'ਚ ਰਹਿ ਰਹੇ ਹਨ |
ਸਰਕਾਰ ਵਲੋਂ ਕਾਲੀ ਸੂਚੀ 'ਚੋਂ ਨਾਂਅ ਹਟਾ ਦਿੱਤੇ ਜਾਣ ਤੋਂ ਬਾਅਦ ਉਹ ਵਿਅਕਤੀ ਵਿਸ਼ਵ 'ਚ ਕਿਤੇ ਵੀ
ਆ ਤੇ ਜਾ ਸਕਦੇ ਹਨ ਅਤੇ ਉਹ ਭਾਰਤ ਵਾਪਸ ਵੀ ਪਰਤ ਸਕਦੇ ਹਨ |