ਅੰਤਰਿ ਮੈਲੁ ਜੇ ਤੀਰਥ ਨਾਵੈ, ਤਿਸੁ ਬੈਕੁੰਠ ਨ ਜਾਨਾਂ
ਇਹ ਗੁਰਬਾਣੀ ਦਾ ਅਟੱਲ ਸਿਧਾਂਤ ਹੈ ਕਿ ਜੇ ਹਿਰਦੇ ਅੰਦਰ ਮੈਲ ਹੈ ਤਾਂ ਧਰਮ
ਦੇ ਨਾਂਅ ਤੇ ਕੀਤਾ ਕੋਈ ਵੀ ਕੰਮ ਸਫਲਤਾ ਨਹੀਂ ਦੇਵੇਗਾ।ਆਮ ਤੌਰ ਤੇ ਅੰਦਰ ਦਾ ਖਿਆਲ ਕੀਤੇ ਬਿਨਾਂ
ਹੀ ਜੀਵ ਆਪਣੇ ਧਰਮ ਦੇ ਮੰਨੇ ਹੋਏ ਕਰਮ ਕਾਂਡ ਕਰੀ ਜਾਂਦਾ ਹੈ ਅਤੇ ਉਸਦੇ ਮੰਨੇ ਹੋਏ ਬਾਣੇ ਅਤੇ
ਚਿੰਨ ਧਾਰਨ ਕਰੀ ਜਾਂਦਾ ਹੈ। ਇਹ ਕਰਕੇ ਉਹ ਸਮਝਦਾ ਹੈ ਕਿ ਉਹ ਧਰਮ ਦੀ ਮੰਜਿਲ ਦੇ ਸਿਖਰ ਤੇ ਪਹੁੰਚ
ਗਿਆ ਹੈ। ਇਹ ਬਹੁਤ ਵੱਡੀ ਗ਼ਲਤ ਫਹਿਮੀ ਹੈ। ਇਸ ਤਰਾਂ ਉਹ ਆਪਣੇ ਫਿਰਕੇ ਦੇ ਲੋਕਾਂ ਵਿੱਚ ਤਾਂ ਸੋਭਾ
ਖੱਟ ਲਵੇਗਾ ਪਰ ਰੱਬ ਦੀ ਦਰਗਾਹ ਵਿੱਚ ਕੋਈ ਇੱਜ਼ਤ ਨਹੀਂ ਮਿਲਣੀ ਕਿਉਂਕਿ ਉਸਨੇ ਅੰਦਰ ਨੂੰ ਪਰਖਣਾ
ਹੈ-
ਲੋਕ ਪਤੀਣੇ
ਕਛੂ ਨ ਹੋਵੈ ਨਾਹੀ ਰਾਮੁ ਅਯਾਨਾ-੪੮੪
ਜੇ ਅੰਦਰ ਝੂਠ ਹੈ ਤਾਂ ਬਾਹਰਲਾ ਸਾਰਾ ਅਡੰਬਰ ਇੱਕ ਰੱਤੀ ਭਰ ਵੀ ਸਫਲਤਾ
ਨਹੀਂ ਦੇਵੇਗਾ। ਜਿਹੜਾ ਹਰ ਤਰਾਂ ਦੇ ਬਾਹਰਲੇ ਦਿਖਾਵੇ ਨੂੰ ਤਿਆਗ ਕੇ ਆਪਣੇ ਹਿਰਦੇ ਨੂੰ ਗੁਣਾਂ ਦੇ
ਰੇਸ਼ਮ ਨਾਲ ਸ਼ਿੰਗਾਰਦਾ ਹੈ ਉਹ ਸਹੀ ਹੈ-
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ
ਅਠਸਠਿ
ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ
ਜਿਨ
ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ-੪੭੩
ਬਾਬੇ ਨਾਨਕ ਦਾ ਬਾਹਰਲਾ ਵੇਸ ਅਡੰਬਰੀ ਨਾ ਹੋ ਕੇ ਗੁਦੜੁ ਰੂਪ ਹੀ ਸੀ ਤਾਂ
ਹੀ ਭਾਈ ਲਹਿਣਾ ਜੀ ਨੂੰ ਉਹ ਸਾਧਾਰਣ ਦਿਹਾਤੀ ਲੱਗੇ ਸਨ। ਪਰ ਭਾਈ ਜੀ ਹੋਰ ਤਰਾਂ ਦੇ ਧਰਮ ਵਿੱਚ
ਵਿਚਰਦੇ ਰਹੇ ਸਨ ਜਿੱਥੇ ਕਿ ਬਾਹਰਲੀ ਚਮਕ ਦਮਕ ਧਰਮ ਦਾ ਹਿੱਸਾ ਬਣ ਚੁੱਕੀ ਸੀ ਇਸ ਕਰਕੇ ਬਾਬੇ ਨੂੰ
ਪਛਾਣ ਨਾ ਸਕੇ। ਪਰ ਅਸੀਂ ਇਹ ਕਹਾਣੀ ਸੁਣ ਸੁਣ ਕੇ ਅਤੇ ਗੁਰਬਾਣੀ ਦੀ ਵਾਰ ਵਾਰ ਦਿੱਤੀ ਸੇਧ ਦੇ
ਬਾਵਜੂਦ ਵੀ ਧਰਮੀ ਦੀ ਪਛਾਣ ਅੱਜ ਵੀ ਬਾਹਰਲੀ ਦਿੱਖ ਦੇ ਆਧਾਰ ਤੇ ਹੀ ਕਿਉਂ ਕਰੀ ਜਾਂਦੇ ਹਾਂ?
ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਬਾਹਰਲੀ ਚਮਕ ਦਮਕ ਵਧਾਉਣ ਵਿੱਚ ਹੀ ਲੱਗਾ ਰਹਿੰਦਾ ਹੈ ਉਹ ਰੱਬੀ
ਦਰਗਾਹ ਵਿੱਚ ਪਤਿਤ ਗਰਦਾਨਿਆ ਜਾਵੇਗਾ-
ਅੰਤਰੁ
ਮੈਲਾ ਬਾਹਰੁ ਨਿਤ ਧੋਵੈ। ਸਾਚੀ ਦਰਗਹਿ ਅਪਨੀ ਪਤਿ ਖੋਵੈ-੧੧੫੧
ਜੇ ਜੀਵ ਦਾ ਅੰਦਰ ਤਾਂ ਔਗੁਣਾਂ ਨਾਲ ਮੈਲਾ ਹੋਇਆ ਹੈ ਤਾਂ ਆਪਣੇ ਫਿਰਕੇ
ਦੀਆਂ ਸਾਰੀਆਂ ਮਨੌਤਾਂ ਪੂਰੀਆਂ ਕਰਦਾ ਹੋਇਆ ਵੀ ਉਹ ਪਾਪੀ ਹੀ ਗਰਦਾਨਿਆ ਜਾਏਗਾ-
ਪਾਪ
ਕਰਹਿ ਪੰਚਾ ਕੇ ਬਸਿ ਰੇ। ਤੀਰਥਿ ਨਾਇ ਕਹਹਿ ਸਭਿ ਉਤਰੇ।
ਬਹੁਰਿ
ਕਮਾਵਹਿ ਹੋਇ ਨਿਸੰਕ। ਜਮਪੁਰਿ ਬਾਂਧਿ ਖਰੇ ਕਾਲੰਕ-੧੩੪੮
ਆਮ ਤੌਰ ਤੇ ਜੀਵ ਆਪਣੇ ਫਿਰਕੇ ਦੇ ਸਾਰੇ ਧਾਰਮਿਕ ਕਰਮ ਕਾਂਡ ਵੀ ਕਰਦੇ
ਰਹਿੰਦੇ ਹਨ ਅਤੇ ਗਲਤ ਕੰਮ ਕਰਨਾ ਵੀ ਜਾਰੀ ਰੱਖਦੇ ਹਨ। ਇਸ ਕਰਕੇ ਰੱਬੀ ਦਰਗਾਹ ਵਿੱਚ ਉਨਾਂ ਦੇ
ਹਿੱਸੇ ਪਤਿਤ ਹੋਣ ਦੀ ਬੇਇੱਜਤੀ ਹੀ ਆਉਂਦੀ ਹੈ ਕਿਉਂਕਿ ਰੱਬ ਅੰਦਰਲੇ ਕਪਟ ਨੂੰ ਜਾਣ ਜਾਂਦਾ ਹੈ-
ਘੂਘਰ
ਬਾਧਿ ਬਜਾਵਹਿ ਤਾਲਾ। ਅੰਤਰਿ ਕਪਟੁ ਫਿਰਹਿ ਬੇਤਾਲਾ।
ਵਰਮੀ
ਮਾਰੀ ਸਾਪੁ ਨ ਮੂਆ।ਪ੍ਭੁ ਸਭ ਕਿਛੁ ਜਾਨੈ ਜਿਨਿ ਤੂ ਕੀਆ-੧੩੪੮
ਧੋਤੀ
ਊਜਲ ਤਿਲਕੁ ਗਲਿ ਮਾਲਾ। ਅੰਤਰਿ ਕ੍ਰੋਧੁ ਪੜਹਿ ਨਾਟਸਾਲਾ-੮੩੨
ਉਪਰ ਦਿੱਤੀਆਂ ਤੁਕਾਂ ਵਿੱਚ ਦੱਸੀਆਂ ਗੱਲਾਂ ਹਰ ਤਰਾਂ ਦੇ ਬਾਹਰਲੇ ਬਾਣੇ,
ਕਰਮ ਕਾਂਡ ਅਤੇ ਧਾਰਮਿਕ ਚਿੰਨ ਤੇ ਲਾਗੂ ਹੁੰਦੀਆਂ ਹਨ। ਬਾਹਰਲਾ ਹਰ ਤਰਾਂ ਦਾ ਬਾਣਾ, ਹਰ ਕਰਮ ਕਾਂਡ
ਅਤੇ ਹਰ ਧਾਰਮਿਕ ਚਿੰਨ ਸਿਰਫ ਨਾਟਕੀ ਦਿਖਾਵਾ ਹੀ ਕਹਾਏਗਾ ਜੇਕਰ ਅੰਦਰ ਕਰੋਧ ਵਰਗੇ ਵਿਕਾਰ ਪਰਬਲ
ਹਨ-
ਕਰਹਿ
ਬਿਭੂਤਿ ਲਗਾਵਹਿ ਭਸਮੈ।ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ।
ਪਾਖੰਡ
ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ-੧੦੪੩
ਧਰਮ ਦੇ ਨਾਂਅ ਤੇ ਕੀਤਾ ਹਰ ਤਰਾਂ ਦਾ ਬਾਹਰਲਾ ਸ਼ਿੰਗਾਰ ਸਿਰਫ ਪਾਖੰਡ ਹੀ
ਕਹਾਏਗਾ ਜੇਕਰ ਅੰਦਰ ਕਰੋਧ ਅਤੇ ਹਉਮੈ ਵਰਗੇ ਚੰਡਾਲ ਵਸਦੇ ਹਨ। ਸਫਲਤਾ ਸਿਰਫ ਗੁਰਬਾਣੀ ਦੇ ਸੱਚੇ
ਉਪਦੇਸ਼ ਨਾਲ ਜੁੜਕੇ ਹੀ ਹੋ ਸਕਦੀ ਹੈ। ਜਿਸਦੇ ਅੰਦਰ ਭੈੜ ਹਨ ਉਹ ਕੂੜ ਹੀ ਕਮਾਏਗਾ। ਉਸਦੀ ਕਹੀ ਜਾਂ
ਸੁਣੀ ਕਿਸੇ ਵੀ ਗੱਲ ਦਾ ਉਸਨੂੰ ਕੋਈ ਲਾਭ ਨਹੀਂ ਹੋਣਾ-
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ। ਅੰਤਰਿ ਕ੍ਰੋਧੁ ਜੂਐ ਮਤਿ ਹਾਰੀ।
ਕੂੜੁ
ਕੁਸਤੁ ਓਹੁ ਪਾਪੁ ਕਮਾਵੈ। ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ-੩੧੪
ਗੁਰਬਾਣੀ ਸਾਨੂੰ ਹਿਰਦਿਆਂ ਨੂੰ ਔਗੁਣ ਰਹਿਤ ਕਰਨ ਦੀ ਸਿੱਖਿਆ ਦਿੰਦੀ ਹੈ।
ਪਰ ਅਸੀਂ ਸਿਰਫ ਬਾਹਰੋਂ ਨਜ਼ਰ ਆਉਣ ਵਾਲੀ ਚਮਕ ਦਮਕ ਵਿੱਚ ਹੀ ਰੁਚੀ ਰੱਖਦੇ ਹਾਂ। ਇਸ ਤਰਾਂ ਦੇ
ਕੰਮਾਂ ਨੂੰ ਗੁਰਬਾਣੀ ਮਨੁੱਖਾਂ ਦੇ ਪਸ਼ੂਆਂ ਵਾਲੇ ਕੰਮ ਮੰਨਦੀ ਹੈ-
ਕਰਤੂਤਿ ਪਸੂ ਕੀ ਮਾਨਸ ਜਾਤਿ । ਲੋਕ ਪਚਾਰਾ ਕਰੈ ਦਿਨੁ ਰਾਤਿ ।
ਬਾਹਰਿ ਭੇਖ ਅੰਤਰਿ ਮਲੁ ਮਾਇਆ।ਛਪਸਿ ਨਾਹਿ ਕਛੁ ਕਰੈ ਛੁਪਾਇਆ।
ਬਾਹਰਿ ਗਿਆਨ ਧਿਆਨ ਇਸਨਾਨ। ਅੰਤਰਿ ਬਿਆਪੈ ਲੋਭੁ ਸੁਆਨੁ
ਅੰਤਰਿ ਅਗਨਿ ਬਾਹਰਿ ਤਨਿ ਸੁਆਹ।ਗਲਿ ਪਾਥਰ ਕੈਸੇ ਤਰੇ ਅਥਾਹ-੨੬੭
ਜੇ ਅੰਦਰ ਮੈਲੇ ਹਨ ਤਾਂ ਧਰਮ ਦੇ ਨਾਂਅ ਤੇ ਕੀਤੇ ਕਿਸੇ ਵੀ ਕੰਮ ਨੇ ਸਹਾਈ
ਨਹੀਂ ਹੋਣਾ। ਮਨ ਨੂੰ ਨਿਰਮਲ ਕਰਨ ਦੇ ਸਹੀ ਕੰਮ ਨੂੰ ਛੱਡਕੇ ਹੋਰ ਹੋਰ ਕੰਮਾਂ ਵਿੱਚ ਲੱਗੇ ਰਹਿਣਾ
ਗਲ ਦੇ ਦੁਆਲੇ ਪੱਥਰ ਬੰਨਣਾ ਹੈ।ਇਹ ਜ਼ਰੂਰ ਹੀ ਸਾਨੂੰ ਡੋਬੇਗਾ। ਇਸ ਤਰਾਂ ਭਵਜਲ ਕਦੇ ਵੀ ਪਾਰ ਨਹੀਂ
ਹੋਣਾ। ਜੇ ਗੁਰਬਾਣੀ ਉਪਦੇਸ਼ ਕਮਾਵਾਂਗੇ ਤਾਂ ਅੰਦਰਲੇ ਔਗੁਣਾਂ, ਮਾਇਆ ਦੇ ਬੰਧਨਾਂ ਅਤੇ ਉਸਦੇ ਸੰਗੀ
ਸਾਥੀ ਚੰਡਾਲਾਂ ਤੋਂ ਛੁਟਕਾਰਾ ਪਾਉਣ ਦੇ ਯਤਨ ਕਰਾਂਗੇ-
ਛਲ ਨਾਗਨਿ ਸਿਉ
ਮੇਰੀ ਟੂਟਨਿ ਹੋਈ
ਗੁਰਿ
ਕਹਿਆ ਇਹ ਝੂਠੀ ਧੋਹੀ.....
ਲੋਭ ਮੋਹ ਸਿਉ
ਗਈ ਵਿਖੋਟਿ
ਗੁਰਿ
ਕਿ੍ਪਾਲਿ ਮੋਹਿ ਕੀਨੀ ਛੋਟਿ......
ਕਾਮ ਕ੍ਰੋਧੁ
ਸਿਉ ਠਾਟੁ ਨ ਬਨਿਆ
ਗੁਰ
ਉਪਦੇਸੁ ਮੋਹਿ ਕਾਨੀ ਸੁਨਿਆ.......
ਅਹੰਮੇਵ ਸਿਉ
ਮਸਲਤਿ ਛੋਡੀ
ਗੁਰਿ
ਕਹਿਆ ਇਹ ਮੂਰਖੁ ਹੋਡੀ-੧੩੪੭
ਜਿੰਨਾਂ ਚਿਰ ਅੰਦਰਲੇ ਚੋਰਾਂ ਅਤੇ ਚੰਡਾਲਾਂ ਤੋਂ ਮੁਕਤੀ ਨਹੀਂ ਹੁੰਦੀ ਤਦ
ਤੱਕ ਗੁਰਬਾਣੀ ਦੀ ਨੀਯਤ ਕੀਤੀ ਰੱਬੀ ਮਿਲਾਪ ਦੀ ਮੰਜ਼ਿਲ ਕਦੇ ਵੀ ਪਰਾਪਤ ਨਹੀਂ ਹੋਣੀ।ਜੇ ਗਿਣਤੀ
ਮਿਣਤੀ ਦੇ ਪਾਠਾਂ ਦੇ ਕਰਮ ਕਾਂਡਾਂ ਤੋਂ ਉਪਰ ਉੱਠ ਕੇ ਗੁਰਬਾਣੀ ਦੀ ਸਿੱਖਿਆ ਤੇ ਧਿਆਨ ਦੇਵਾਂਗੇ
ਤਾਂ ਹੀ ਸਫਲਤਾ ਮਿਲੇਗੀ। ਅੰਦਰ ਔਗੁਣ ਟਿਕੇ ਰਹਿਣ ਨਾਲ ਧਰਮੀ ਹੋਣ ਦਾ ਦਰਜਾ ਕਦੇ ਵੀ ਹਾਸਲ ਨਹੀਂ
ਹੋ ਸਕਦਾ। ਜੇ ਔਗੁਣਾਂ ਤੋਂ ਮੁਕਤੀ ਪਰਾਪਤ ਕਰਾਂਗੇ ਤਾਂ ਹੀ ਗੁਰੂ ਦੀ ਅਤੇ ਰੱਬ ਦੀ ਖੁਸ਼ੀ ਦੇ ਪਾਤਰ
ਬਣ ਸਕਦੇ ਹਾਂ-
ਇਨ
ਲੋਗਨ ਸਿਉ ਹਮ ਭਏ ਬੈਰਾਈ।
ਇਕ
ਗਿ੍ਹ ਮਹਿ ਦੁਇ ਨ ਖਟਾਂਈ।
ਆਏ
ਪ੍ਭ ਪਹਿ ਅੰਚਰਿ ਲਾਗਿ......
ਪ੍ਭ ਹਸਿ ਬੋਲੇ
ਕੀਏ ਨਿਆਂਏਂ।
ਸਗਲ
ਦੂਤ ਮੇਰੀ ਸੇਵਾ ਲਾਏ-੧੩੪੭
ਬਾਹਰਲੇ ਭੇਖ ਅਤੇ ਕਰਮ ਕਾਂਡ ਕਰਨ ਵਾਲੇ ਚਲਾਕੀਆਂ ਕਰਦੇ ਹਨ ਕਿਉਂਕਿ ਇਨਾਂ
ਨਾਲ ਮਨ ਤਾਂ ਕਾਬੂ ਨਹੀਂ ਆਉਂਦਾ ਅਤੇ ਅੰਦਰ ਔਗੁਣ ਪਲਦੇ ਰਹਿੰਦੇ ਹਨ। ਇੱਕ ਵਾਰੀ ਭੇਖ ਦੇ ਆਧਾਰ ਤੇ
ਧਰਮੀ ਹੋਣਾ ਮੰਨ ਲਿਆ ਤਾਂ ਫਿਰ ਗੁਰਬਾਣੀ ਸਿੱਖਿਆ ਤੇ ਧਿਆਨ ਕਦੇ ਵੀ ਨਹੀਂ ਜਾਣਾ। ਨਤੀਜਾ ਸਿਰਫ
ਅਸਫਲਤਾ ਦਾ ਅਤੇ ਦੁੱਖਾਂ ਵਿੱਚ ਵਾਧੇ ਦਾ ਹੀ ਨਿਕਲਣਾ ਹੈ-
ਬਾਹਰਿ
ਭੇਖ ਬਹੁਤ ਚਤੁਰਾਈ ਮਨੂਆ ਦਹਦਿਸਿ ਧਾਵੈ
ਹਉਮੈ
ਬਿਆਪਿਆ ਸਬਦੁ ਨ ਚੀਨੈ ਫਿਰਿ ਜੂਨੀ ਆਵੈ-੭੩੨
ਇਹ ਸਦਾ ਧਿਆਨ ਵਿੱਚ ਰਹਿਣਾ ਚਾਹੀਦਾ ਹੈ ਕਿ ਚਲਾਕੀਆਂ ਨਾਲ ਲੋਕਾਂ ਨੂੰ ਤਾਂ
ਧੋਖਾ ਦੇ ਲਵਾਂਗੇ ਪਰ ਗੁਰੂ ਅਤੇ ਰੱਬ ਦੀ ਪਾਰਖੂ ਅੱਖ ਤੋਂ ਨਹੀਂ ਬਚ ਸਕਾਂਗੇ। ਉਨਾਂ ਨੇ ਅੰਦਰਲਾ
ਖੋਟ ਦੇਖ ਲੈਣਾ ਹੈ। ਲੋਕਾਂ ਦੀ ਨਿਗਾਹ ਵਿੱਚ ਸੱਜਣ ਬਣੇ ਫਿਰ ਠੱਗ ਗਰਦਾਨੇ ਜਾਣੇ ਹਨ-
ਉਘਰਿ ਗਇਆ
ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ
ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ-੩੮੧
ਜੇ ਬਾਹਰਲੀ ਚਮਕ ਦਮਕ ਵਧਾਉਣ ਤੋਂ ਅਤੇ ਪਾਣੀਆਂ ਨੂੰ ਅੰਮਰਿਤ ਦੇ ਦਰਜੇ ਦੇਣ
ਤੋਂ ਹਟਕੇ ਗੁਰਬਾਣੀ ਦੇ ਗਿਆਨ ਰੂਪੀ ਜਲ ਵਿੱਚ ਚੁੱਭੀ ਲਾਈਏ ਤਾਂ ਮਨ ਦੀ ਨਿਰਮਲਤਾ ਹਾਸਲ ਹੋ ਸਕਦੀ
ਹੈ-
ਗਿਆਨਿ
ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ-੬੩੭
ਪਰ ਜੇ ਹੋਰ ਰਾਹਾਂ ਤੇ ਚੱਲਦੇ ਰਹੇ, ਮਨ ਨੂੰ ਅਣਗੌਲਿਆ ਕਰ ਕੇ ਬਾਹਰਲੀ ਚਮਕ
ਹੀ ਵਧਾਉਂਦੇ ਰਹੇ ਤਾਂ ਜਿੰਦਗੀ ਜੂਏ ਵਿੱਚ ਹਾਰ ਜਾਣੀ ਹੈ। ਇਹ ਗੁਰਬਾਣੀ ਦਾ ਫੈਸਲਾ ਹੈ-
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮ ਜੂਐ ਹਾਰਿਆ-੯੧੯
ਆਪਣੀ ਜਿੰਦਗੀ ਨੂੰ ਸਫਲ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਦਸਾਂ
ਪਾਤਿਸ਼ਾਹੀਆਂ ਦੀ ਅਣਥੱਕ ਮਿਹਨਤ ਨਾਲ ਤਿਆਰ ਕੀਤੇ ਇੱਕੋ ਇੱਕ ਗਰੰਥ ਦੀ ਸਿੱਖਿਆ ਨਾਲ ਪੂਰਨ ਤੌਰ ਤੇ
ਹਿਰਦਿਆਂ ਨੂੰ ਜੋੜੀਏ। ਇਹ ਕਰਨਾ ਉਨਾਂ ਦੀ ਮਿਹਨਤ ਨੂੰ ਫਲ ਲਾਉਣਾ ਹੈ। ਇਹ ਕਰਨਾ ਉਨਾਂ ਦੀ ਸਹੀ
ਕਦਰਦਾਨੀ ਹੈ। ਇਹ ਕਰਨਾ ਉਨਾਂ ਨੂੰ ਸੱਚੀ ਸ਼ਰਧਾਂਜਲੀ ਹੈ।ਇਹ ਕਰਨਾਂ ਹੀ ਉਨਾਂ ਦੀ ਸੱਚੀ ਪੂਜਾ ਹੈ।
ਨਿਮਰਤਾ ਸਹਿਤ----ਮਨੋਹਰ ਸਿੰਘ ਪੁਰੇਵਾਲ