ਗੁਰਬਾਣੀ ਪਰਿਪੇਖ ਵਿੱਚ ਗਾਇਤ੍ਰੀ ਮੰਤ੍ਰ
‘
ਗਾਇਤ੍ਰੀ` ਹਿੰਦੂਆਂ
ਦਾ ਮਹਾਂਮੰਤ੍ਰ ਹੈ ਅਤੇ ਇਸ ਨੂੰ ਵੇਦਾਂ ਦੀ ਮਾਤਾ ਵੀ ਮੰਨਿਆ ਜਾਂਦਾ ਹੈ। ਬ੍ਰਾਹਮਣੀ ਵਿਧਾਨ
ਮੁਤਾਬਿਕ ਇਸ ਦੇ ਜਾਪ ਦਾ ਅਧਿਕਾਰ ਕੇਵਲ ਬ੍ਰਾਹਮਣ, ਖਤਰੀ ਤੇ ਵੈਸ਼ ਨੂੰ ਹੈ, ਸ਼ੂਦਰ ਨੂੰ ਨਹੀਂ। ਉਸ
ਵਿਚਾਰੇ ਲਈ ਮੰਤ੍ਰ ਜਾਪ ਤਾਂ ਦੂਰ ਦੀ ਗੱਲ, ਸੁਣਨਾ ਵੀ ਵੱਡਾ ਅਪਰਾਧ ਹੈ। ਮਹਾਨਕੋਸ਼ ਵਿੱਚ
‘ਗਾਇਤ੍ਰੀ` ਲਫ਼ਜ਼ ਨੂੰ ਸੰਸਕ੍ਰਿਤ ਦੀ ਸੰਗਿਆ ਮੰਨਦਿਆਂ ਅਰਥ ਹੈ – ਜੋ ਗਾਉਣ ਵਾਲੇ ਦੀ ਰੱਖਿਆ ਕਰੇ।
ਨਿਰੁਕਤ ਵਿੱਚ ਇੱਕ ਥਾਂ ਲਿਖਿਆ ਹੈ ਕਿ ‘ਉਸਤਤੀ ਕਰਦਿਆਂ ਬ੍ਰਹਮਾ ਜੀ ਦੇ ਮੁੱਖ ਤੋਂ ਨਿਕਲਣ ਕਾਰਣ
ਇਸ ਦਾ ਨਾਂ ਗਾਇਤ੍ਰੀ ਹੈ ਅਤੇ ਦੂਜੇ, ‘ਤ੍ਰਿ-ਗਾਯ` ਦਾ ਉੱਲਟ ਹੈ ‘ਗਾਇਤ੍ਰੀ`। ਅ੍ਰਥਾਤ ਤ੍ਰੈ
ਪੈਰਾਂ ਵਾਲੀ, ਤ੍ਰਿਪਦਾ। ਗਾਇਤ੍ਰੀ ਮੰਤਰ ਮੂਲਿਕ ਤੌਰ `ਤੇ ਭਾਵੇਂ ਰਿਗ ਵੇਦ ਵਿੱਚ ਇੱਕ ਵਾਰੀ
ਅੰਕਿਤ ਹੈ ਅਤੇ ਇਸ ਨੂੰ ਰਿਸ਼ੀ ਵਿਸ਼ਵਾਮਿਤ੍ਰ ਦੀ ਰਚਨਾ ਮੰਨਿਆ ਜਾਂਦਾ ਹੈ। ਪਰ, ਪੰਡਤ ਪ੍ਰਮੋਦ ਸ਼ਰਮਾ
(ਗੌੜ) ਅਨੁਸਾਰ ਚਾਰ ਵਾਰੀ ਯਜੁਰਵੇਦ ਵਿੱਚ ਅਤੇ ਇੱਕ ਵਾਰੀ ਸਾਮਵੇਦ ਵਿੱਚ ਵੀ ਮਿਲਦਾ ਹੈ। ਇਸ
ਮੰਤ੍ਰ ਦੇ ਦੋ ਪਾਠ-ਭੇਦ ਵੀ ਹਨ। ਪਰ ਇਸ ਦੇ ਪ੍ਰਚਲਿਤ ਸੰਸਕ੍ਰਿਤ ਪਾਠ ਦਾ ਪਦ-ਛੇਦ ਪੰਜਾਬੀ ਰੂਪ
ਹੈ:
"ਓਮ ਭੂਰ ਭਵਯ ਸਵਹ ਤਸਵੀ ਤਰੁਵਾਰਿਣਿਯੰ।। ਭਾਰਗੋ ਦੇਵਸਯ ਧੀਮਹੀ ਧੀਯੋ
ਯੋਨਹ ਤਨੋਪ੍ਰਚਯੋਦਯਾਤੑ।।" ਮਹਾਨਕੋਸ਼ ਤੇ ਸੰਸਕ੍ਰਿਤ ਕੋਸ਼ਾਂ ਮੁਤਾਬਿਕ ਅਰਥ ਹੈ: ਜੋ ਸੂਰਜ ਦੇਵਤਾ
ਸਭ ਨੂੰ ਜਿਵਾਉਂਦਾ ਹੈ, ਜੋ ਦੁਖਾਂ ਤੋਂ ਛਡਾਉਂਦਾ ਹੈ, ਪ੍ਰਕਾਸ਼ ਰੂਪ ਹੈ, ਬੇਨਤੀ ਕਰਨਯੋਗ ਹੈ,
ਪਾਪਨਾਸ਼ਕ ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧਿਆਨ ਕਰਦੇ ਹਾਂ।
ਪਦਮ ਪੁਰਾਣ ਵਿੱਚ ਇਹ ਵੀ ਕਥਾ ਹੈ ਕਿ ਇੱਕ ਵਾਰ ਬ੍ਰਹਮਾ ਜੱਗ ਕਰਨ ਲੱਗਾ
ਤਾਂ ਉਸ ਨੇ ਇੰਦ੍ਰ ਨੂੰ ਆਪਣੀ ਇਸਤ੍ਰੀ ਸਾਵਿਤ੍ਰੀ ਨੂੰ ਬਲਾਉਣ ਲਈ ਭੇਜਿਆ, ਕਿਉਂਕਿ ਅਰਧਾਂਗਨੀ ਤੋਂ
ਬਗੈਰ ਜੱਗ ਨਹੀਂ ਸੀ ਹੋ ਸਕਦਾ। ਸਾਵਿਤ੍ਰੀ ਨੇ ਉੱਤਰ ਦਿੱਤਾ ਕਿ ਉਹ ਲਛਮੀ ਆਦਿਕ ਆਪਣੀਆਂ ਸਹੇਲੀਆਂ
ਤੋਂ ਬਗੈਰ ਨਹੀਂ ਜਾ ਸਕਦੀ। ਜਦੋਂ ਇੰਦਰ ਖਾਲੀ ਵਾਪਸ ਮੁੜਿਆ ਤਾਂ ਬ੍ਰਹਮਾ ਨੇ ਆਖਿਆ ਤੂੰ ਮੇਰੇ ਲਈ
ਕੋਈ ਹੋਰ ਇਸਤ੍ਰੀ ਲੈ ਆ। ਉਹ ਮਾਤ ਲੋਕ ਤੋਂ ਇੱਕ ਗੋਪੀ (ਗਵਾਲਣ) ਨੂੰ ਫੜ ਲਿਆਇਆ, ਜਿਸ ਦਾ ਨਾਂ
‘ਗਾਇਤ੍ਰੀ` ਸੀ। ਵੇਦਾਂ ਦੇ ਰਚਾਇਤਾ ਬ੍ਰਹਮਾ ਨੇ ਉਸ ਨਾਲ ਗਧੰਰਵ ਵਿਆਹ ਰਚ ਕੇ ਜੱਗ ਸਪੂੰਰਣ ਕੀਤਾ।
ਇਹੀ ਕਾਰਣ ਹੈ ਕਿ ਗਾਇਤ੍ਰੀ ਨੂੰ ਵੇਦਾਂ ਦੀ ਮਾਂ ਆਖਿਆ ਜਾਂਦਾ ਹੈ। ਇਸ ਦਾ ਰੂਪ ਇਉਂ ਦੱਸਿਆ ਹੈ –
ਇੱਕ ਹੱਥ ਵਿੱਚ ਮ੍ਰਿਗ ਦਾ ਸਿੰਗ, ਦੂਜੇ ਹੱਥ ਵਿੱਚ ਕਮਲ, ਲਾਲ ਬਸਤ੍ਰ, ਗਲ ਵਿੱਚ ਮੋਤੀਆਂ ਦੀ ਮਾਲਾ
ਤੇ ਸਿਰ ਤੇ ਮੁਕਟ।
ਪੂਜਾਰੀ ਵਰਗ ਦੇ ਬ੍ਰਾਹਮਣ ‘ਗਾਇਤ੍ਰੀ` ਬਾਰੇ ਇਹ ਕਥਾ ਵੀ ਸਣਾਉਂਦੇ ਹਨ ਕਿ
ਇੱਕ ਸਮੇਂ ਗਾਇਤ੍ਰੀ ਆਪਣੇ ਰੂਪ ਤੇ ਮਾਨਤਾ ਪੱਖੋਂ ਬੜੀ ਅਹੰਕਾਰਣ ਹੋ ਗਈ ਤਾਂ ਬ੍ਰਹਮਾ ਜੀ ਨੇ ਸਰਾਪ
ਦੇ ਕੇ ਉਸ ਨੂੰ ਗਊ ਦੇ ਰੂਪ ਵਿੱਚ ਬਦਲ ਦਿੱਤਾ। ਉਹ ਲੋਧਾ ਜਾਤੀ ਦੇ ਕਿਸੇ ਕਿਸਾਨ ਦੇ ਖੇਤ ਵਿੱਚ ਜਾ
ਵੜੀ, ਜਿਸ ਨੇ ਸੋਟਾ ਮਾਰ ਕੇ ਇੱਸ ਦੀ ਇੱਕ ਟੰਗ ਤੋੜ ਦਿੱਤੀ। ਕਈ ਵਿਆਖਿਅਕਾਰ ਉਪਰੋਕਤ ਕਥਾ ਦਾ ਇੱਕ
ਪਰਦਾਪਾਊ ਭਾਵਾਰਥ ਵੀ ਕੱਢਦੇ ਹਨ ਕਿ ਲੋਧਾ ਨਾਂ ਹੈ ਪਾਪ ਦੇ ਖੇਤ ਦਾ। ਜਿਹੜੀ ਗਾਇਤ੍ਰੀ ਪਾਪ ਦੀ
ਫਸਲ ਖਾਂਦੀ ਸੀ, ਵਿਸਿਸ਼ਟ ਨੇ ਸਰਾਪ ਦਾ ਸੋਟਾ ਮਾਰ ਕੇ ਉਸ ਨੂੰ ਲੰਗੜੀ (ਅਸਮਰਥ) ਕਰ ਦਿੱਤਾ। ਇਸ
ਤ੍ਰਰਾਂ ਇਹ ਚਉਪਦਾਂ ਦੇ ਸੰਪੂਰਨ ਸਲੋਕ ਦੀ ਥਾਂ ਕੇਵਲ ਤਿੰਨ ਪਦਾਂ ਦਾ ਤ੍ਰਿਪਦਾ ਬਣ ਕੇ ਰਹਿ ਗਿਆ।
ਪਿਛੋਕੜੀ ਭਾਵ ਇਹ ਕਿ ਰਿਸ਼ੀ ਵਿਸ਼ਵਾਮਿਤ੍ਰ ਰਿਖੀ ਵਿਸਿਸ਼ਟ ਦੇ ਪੁੱਤ੍ਰਾਂ ਨੂੰ ਮਾਰ ਕੇ ਜਦੋਂ
ਗਾਇਤ੍ਰੀ ਦੇ ਜਾਪ ਦੁਆਰਾ ਪਾਪਾਂ ਤੋਂ ਮੁਕਤ ਹੋ ਰਿਹਾ ਸੀ ਤਾਂ ਰਿਖੀ ਵਿਸਿਸ਼ਟ ਨੇ ਕ੍ਰੋਧਤ ਹੋ ਕੇ
ਸਰਾਪ ਰਾਹੀਂ ਉਸ ਦੀ ਪਾਪ ਦੂਰ ਕਰਨ ਵਾਲੀ ਸ਼ਕਤੀ ਦਾ ਨਾਸ ਕਰ ਦਿੱਤਾ। ਇਸ ਕਰਕੇ ਹੀ ਭਗਤ ਨਾਮਦੇਵ ਜੀ
ਨੇ ਕੇ ਕਿਸੇ ਪੂਜਾਰੀ ਪਾਂਡੇ ਨੂੰ ਸਮਝਾਇਆ ਸੀ ਕਿ ਤੁਹਾਡੇ ਵਿਸ਼ਵਾਸ਼ ਤੇ ਕਥਨ ਮੁਤਾਬਿਕ ਜਿਹੜੀ
ਗਾਇਤ੍ਰੀ ਲੋਧੇ ਜੱਟ ਤੋਂ ਆਪਣੀ ਟੰਗ ਤੁੜਾ ਕੇ ਲੰਗੜੀ ਹੋਈ ਫਿਰਦੀ ਹੈ, ਦੱਸ ਉਹ ਤੇਰੀ ਰੱਖਿਆ ਕੀ
ਕਰੇਗੀ? ਹੰਕਾਰ ਕਰਕੇ ਸਰਾਪ ਦੀ ਮਾਰ ਨਾਲ ਸ਼ਕਤੀਹੀਣ ਹੋਈ ਤੈਨੂੰ ਪਾਪ ਮੂਲ ਵਿਕਾਰਾਂ ਤੋਂ ਮੁਕਤ
ਕਿਵੇਂ ਕਰੇਗੀ। ਭਗਤ ਜੀ ਦੇ ਉਹ ਤਰਕਮਈ ਅੰਮ੍ਰਿਤ ਬੋਲ ਹਨ:
ਪਾਂਡੇ! ਤੁਮਰੀ ਗਾਇਤ੍ਰੀ, ਲੋਧੇ ਕਾ ਖੇਤੁ ਖਾਤੀ ਥੀ।।
ਲੈ ਕਰਿ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ।। {ਗੁਰੂ ਗ੍ਰੰਥ-ਪੰਨਾ ੮੭੪}
ਇਹ ਤਾਂ ਰੱਬ ਜਾਣੇ ਜਾਂ ਪੌਰਾਣਿਕ ਲੇਖਕ ਜਾਣਨ ਕਿ ਗਾਇਤ੍ਰੀ ਨਾਂ ਦੀ ਇੱਕ
ਗਵਾਲਣ ਵੇਦ-ਮੰਤ੍ਰ ਦੇ ਰੂਪ ਵਿੱਚ ਕਿਵੇਂ ਬਦਲ ਗਈ ਤੇ ਫਿਰ ਗਊ ਬਣ ਕੇ ਲੰਗੜੀ ਕਿਵੇਂ ਹੋ ਗਈ?
ਚਉਪਦਾਂ ਦਾ ਪਾਪ ਹਰਤਾ ਤੇ ਰਖਿਅਕ ਵੇਦ-ਮੰਤ੍ਰ ਤ੍ਰਿਪਦਾ ਬਣ ਕੇ ਲੰਗੜਾ (ਅਸਮਰਥ) ਕਿਵੇਂ ਹੋ ਗਿਆ?
ਕਿਉਂਕਿ ਅਜਿਹੀਆਂ ਮਨਘੜਤ ਕਹਾਣੀਆਂ ਕੁਦਰਤੀ ਨੀਯਮਾਂ ਮੁਤਾਬਿਕ ਘਟ ਸਕਣੀਆਂ ਅਸੰਭਵ ਹਨ। ਪ੍ਰ੍ਰੰਤੂ
ਮੰਤ੍ਰ ਦੇ ਅਰਥਾਂ ਤੇ ਉਪਰੋਕਤ ਕਥਾਵਾਂ ਦੇ ਮੱਦੇ ਨਜ਼ਰ ਇਹ ਪੱਖ ਬਿਕਲੁਲ ਸਪਸ਼ਟ ਹੁੰਦਾ ਹੈ ਕਿ
ਗਾਇਤ੍ਰੀ ਮੰਤ੍ਰ ਸੂਰਜ ਨੂੰ ਦੇਵਤਾ ਰੂਪ ਭਗਵਾਨ ਮੰਨ ਕੇ ਉਪਾਸ਼ਨਾ ਕਰਨ ਦਾ ਪ੍ਰੇਰਕ ਵੀ ਤੇ ਸਾਧਨ
ਵੀ, ਕਿਉਂਕਿ ਇਸ ਉਸਤਤੀ ਸਮੇਤ ਧਿਆਨ ਕਰਨ ਦਾ ਉਪਦੇਸ਼ ਹੈ। ਬ੍ਰਾਹਮਣੀ-ਮਤ ਦੀ ਮਨੌਤ ਹੈ ਕਿ ਮੰਤਰ
ਜਾਪ ਕਰਦਿਆਂ ਦੇਵਤਿਆਂ ਤੇ ਪਿਤਰਾਂ ਨੂੰ ਹੱਥ ਜਾਂ ਅਰਘ (ਗਊ ਦੇ ਕੰਨ ਵਰਗਾ ਜਲ ਦਾਨ ਕਰਨ ਦਾ
ਪਾਤ੍ਰ) ਨਾਲ ਤਰਪਣ ਅਰਪਨ ਕਰਕੇ ਤ੍ਰਿਪਤ ਤੇ ਪ੍ਰਸੰਨ ਕੀਤਾ ਜਾ ਸਕਦਾ ਹੈ। ਇਸੇ ਲਈ ਹਿੰਦੂ ਪ੍ਰਵਾਰ
ਤੇ ਖ਼ਾਸ ਕਰਕੇ ਬ੍ਰਾਹਮਣ ਵਰਗ ਦੇ ਲੋਕ ਸਵੇਰ ਵੇਲੇ ਗਾਇਤ੍ਰੀ ਮੰਤ੍ਰ ਦਾ ਪਾਠ ਕਰਦੇ ਹੋਏ ਸੂਰਜ ਨੂੰ
ਹੱਥ ਜਾਂ ਅਰਘ ਨਾਲ ਜਲ ਦਾਨ ਕਰਦੇ ਹਨ।
ਇਹੀ ਕਾਰਣ ਹੈ ਕਿ ਗੁਰੂ ਨਾਨਕ-ਜੋਤਿ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ
ਉਪਰੋਕਤ ਕਿਸਮ ਦੇ ਬਿਪਰਵਾਦੀ ਭਰਮਾਂ ਵਿੱਚ ਫਸੇ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਤ੍ਰੈਗੁਣੀ
ਮਾਇਆ ਦੇ ਪ੍ਰਭਾਵ ਹੇਠ ਗੁਰਮਤਿ ਗਿਆਨ ਤੋਂ ਖੁੰਝ ਕੇ ਦੇਵ-ਪੂਜਾ, ਮੰਤ੍ਰ-ਜਾਪ ਤੇ ਸੂਰਜ ਆਦਿਕ
ਕੁਦਰਤੀ ਸ਼ਕਤੀਆਂ ਨੂੰ ਦੇਵਤੇ ਕਲਪ ਕੇ ਅਰਘ ਦੇਣ ਨਾਲ ਕੋਈ ਆਤਮਕ ਤੌਰ `ਤੇ ਸੁਖੀ ਨਹੀਂ ਹੋ ਸਕਦਾ,
ਕਿਉਂਕਿ ਦੂਜੇ ਭਾਵ ਹੋਣ ਕਰਕੇ ਉਸ ਦੀ ਸੁਰਤ ਨਾਮ ਰਸ ਤੋਂ ਵਾਝੀ ਰਹਿ ਜਾਂਦੀ ਹੈ। ਗੁਰਵਾਕ ਹੈ:
ਤ੍ਰੈਗੁਣ ਧਾਤੁ ਬਹੁ ਕਰਮ ਕਮਾਵਹਿ, ਹਰਿ ਰਸ ਸਾਦੁ ਨ ਆਇਆ।।
ਸੰਧਿਆ ਤਰਪਣੁ ਕਰਹਿ ਗਾਇਤ੍ਰੀ, ਬਿਨੁ ਬੂਝੇ ਦੁਖੁ ਪਾਇਆ।। {ਗੁਰੂ
ਗ੍ਰੰਥ-ਪੰਨਾ ੬੦੩}
ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਕਿ ਕਰਤਾਪੁਰਖ ਦੀ ਅਟੱਲ ਕੁਦਰਤੀ
ਮਰਯਾਦਾ ਦੇ ਭੈ ਅਧੀਨ ਸੂਰਜ ਤੇ ਚੰਦ੍ਰਮਾ ਆਦਿਕ ਗ੍ਰਹਿ ਦਿਨ ਰਾਤ ਕਰੋੜਾਂ ਕੋਹ ਦਾ ਸਫਰ ਕਰ ਰਹੇ
ਹਨ। ਚੰਦਰਮਾ ਧਰਤੀ ਦੁਆਲੇ ਤੇ ਧਰਤੀ ਸੂਰਜ ਦੁਆਰੇ ਚੱਕਰ ਕੱਟੀ ਜਾ ਰਹੀ ਹੈ ਅਤੇ ਸੂਰਜ ਦਾ ਵੀ ਆਪਣੇ
ਕੇਂਦਰ ਬਿੰਦੂ ਦੁਆਲੇ ਘੁੰਮ ਰਿਹਾ ਹੈ ਸਥਿਰ ਉਹਵੀ ਨਹੀਂ। ਗੁਰਵਾਕ ਹੈ
"ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ।।
ਕੋਹ ਕਰੋੜੀ ਚਲਤ ਨ ਅੰਤੁ।।" {ਗੁਰੂ ਗ੍ਰੰਥ-ਪੰਨਾ
੪੬੪} ਭਗਤ ਕਬੀਰ ਜੀ ਦਾ ਕਥਨ ਹੈ ਕਿ ਸੂਰਜ ਤੇ ਚੰਦ ਕੁਦਰਤੀ ਚਾਨਣ ਦੇ ਦੋ ਮੁਖ ਸਾਧਨ ਹਨ ਤੇ ਅਜਿਹੇ
ਸਾਰੇ ਕੁਦਰਤੀ ਸਾਧਨਾ ਵਿੱਚ ਰੱਬੀ ਜੋਤਿ ਦਾ ਨਿਵਾਸ ਹੈ, ਜਿਸ ਦੀ ਬਦੌਲਤ ਇਹ ਆਪਣਾ ਆਪਣਾ ਕਰਤਵ
ਨਿਭਾ ਰਹੇ ਹਨ "ਸੂਰਜ ਚੰਦੁ
ਕਰਹਿ ਉਜੀਆਰਾ।। ਸਭ ਮਹਿ ਪਸਰਿਆ ਬ੍ਰਹਮ ਪਸਾਰਾ।।" {ਗੁਰੂ ਗ੍ਰੰਥ-ਪੰਨਾ ੩੨੯}
ਅਜਿਹੇ ਵਿਗਿਆਨਕ ਦ੍ਰਿਸ਼ਟੀਕੋਨ ਕਰਕੇ ਹੀ ਭਗਤ ਕਬੀਰ ਜੀ
ਨੂੰ ਕਿਸੇ ਜਨੇਊਧਾਰੀ ਤੇ ਗਾਇਤ੍ਰੀ ਦੇ ਜਾਪਕ ਪੰਡਤ ਨੂੰ ਕਹਿਣਾ ਪਿਆ ਸੀ ਕਿ ਤੁਸੀਂ ਵੇਦਾਂ ਦਾ ਪਾਠ
ਤੇ ਗਾਇਤ੍ਰੀ ਦਾ ਜਾਪ ਕਰਦੇ ਹੋ, ਤਹਾਨੂੰ ਮੁਬਾਰਿਕ। ਪਰ ਹੁਣ ਅਸੀਂ ਤੁਹਾਡੇ ਵਾੜੇ ਦੀਆਂ ਗਊਆਂ
ਨਹੀਂ ਰਹੇ। ਇਸ ਲਈ ਹੁਣ ਸਾਨੂੰ ਅਜਿਹੀ ਪ੍ਰੇਰਨਾ ਕਰਨ ਦੀ ਲੋੜ ਨਹੀਂ, ਕਿਉਂਕਿ ਸਾਡੇ ਹਿਰਦੇ ਵਿੱਚ
ਇੱਕ ਅਕਾਲਪੁਰਖ (ਗੋਬਿੰਦ) ਦਾ ਨਿਵਾਸ ਹੈ:
ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ।।
ਤੁਮੑ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ।। {ਗੁਰੂ ਗ੍ਰੰਥ-ਪੰ.
੪੮੨}
ਵਿਗਿਆਨਕ ਦ੍ਰਿਸ਼ਟੀਕੋਨ ਤੋਂ ਗਾਇਤ੍ਰੀ ਮੰਤ੍ਰ ਦਾ ਇਹ ਸੱਚ ਤਾਂ ਕਿਸੇ ਹੱਦ
ਤੱਕ ਪ੍ਰਵਾਨ ਕੀਤਾ ਜਾ ਸਕਦਾ ਹੈ ਕਿ ‘ਸੂਰਜ ਪ੍ਰਕਾਸ਼ ਰੂਪ ਹੈ, ਸਾਨੂੰ ਜਿਵਾਉਂਦਾ ਹੈ, ਦੁੱਖ ਹਰਤਾ
ਹੈ`। ਕਿਉਂਕਿ ਸੂਰਜ ਰਾਹੀਂ ਸਾਰੇ ਜੀਅ-ਜੰਤਾਂ ਤੇ ਬਨਾਸਪਤੀ ਆਦਿਕ ਨੂੰ ਜੀਵਨ ਦਾ ਨਿਘ ਮਿਲਦਾ ਹੈ।
ਉਸ ਦੀਆਂ ਕਿਰਣਾਂ ਚਾਨਣ ਰੂਪ ਹਨ ਤੇ ਉਨ੍ਹਾਂ ਦੁਆਰਾ ਫਸਲਾਂ ਤੇ ਫਲ ਪੱਕਦੇ ਹਨ। ਪ੍ਰਾਣਾਂਧਾਰੀ
ਜੀਵਾਂ ਨੂੰ ਵਿਟਾਮਿਨ ਡੀ ਪ੍ਰਾਪਤ ਹੁੰਦਾ ਹੈ, ਜੋ ਜੀਵਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਤੇ
ਉਨ੍ਹਾਂ ਅੰਦਰ ਅਰੋਗਤਾ ਤੇ ਚੇਤੰਨਤਾ ਵੀ ਵਧਾਉਂਦਾ ਹੈ। ਇਸੇ ਲਈ ਮਨੁੱਖ ਤੇ ਪਸ਼ੂ ਪੰਛੀਆਂ ਸਮੇਤ
ਸਾਰੇ ਜੀਵ ਧੁੱਪ ਸੇਕਣ ਦਾ ਯਤਨ ਕਰਦੇ ਵੇਖੇ ਜਾ ਸਕਦੇ ਹਨ। ਇਸ ਤਰ੍ਹਾਂ ਦੁੱਖ ਹਰਤਾ ਬਣਨ ਦੇ ਨਾਲ
ਇਹ ਦੁੱਖ ਦਾਤਾ ਵੀ ਬਣ ਜਾਂਦਾ ਹੈ ਕਿਉਂਕਿ ਇਸ ਦੀਆਂ ਵਧੇਰੇ ਸਮੇਂ ਦੀਆਂ ਤੇਜ਼ ਕਿਰਣਾਂ ਜੀਵਾਂ ਦੀ
ਚਮੜੀ ਵਿੱਚ ਕੈਂਸਰ ਦੇ ਰੋਗ ਦਾ ਕਾਰਣ ਵੀ ਬਣ ਜਾਂਦੀਆਂ ਹਨ।
ਪ੍ਰੰਤੂ ਗਾਇਤ੍ਰੀ ਮੰਤ੍ਰ ਦੇ ਇਸ ਭਾਗ ਨੂੰ ਕਿਸੇ ਪੱਖੋਂ ਵੀ ਸੱਚ ਮੰਨ ਸਕਣਾ
ਅਸੰਭਵ ਹੈ ਕਿ ਸੂਰਜ ਦੇਵਤਾ ਬੇਨਤੀ ਕਰਨ ਯੋਗ ਹੈ ਤੇ ਸਾਨੂੰ ਉਸ ਦੇ ਮਹਿਮਾ-ਜਨਕ ਮੰਤ੍ਰਾਂ ਦਾ ਜਾਪ
ਕਰਦਿਆਂ ਉਹਦੇ ਧਿਆਨ ਧਰਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਉਹ ਸਾਡੀ ਰੱਖਿਆ ਕਰਦਾ ਹੈ। ਕਿਉਂਕਿ
ਵਿਗਿਆਨ ਨੇ ਤਾਂ ਹੁਣ ਮਨੁੱਖ ਨੂੰ ਅਖੀਂ ਵਿਖਾ ਕੇ ਸਿੱਧ ਕਰ ਦਿੱਤਾ ਹੈ ਕਿ ਅੱਗ ਦਾ ਗੋਲਾ ਸੂਰਜ ਤੇ
ਚੰਦ੍ਰਮਾ ਵੀ ਸਾਡੀ ਧਰਤੀ ਵਾਂਗ ਜੜ੍ਹ ਵਸਤੂ ਹਨ, ਤੇ ਉਨ੍ਹਾਂ ਵਿੱਚ ਕਿਸੇ ਦੇ ਦੁੱਖ ਦਰਦ ਨੂੰ
ਅਨੁਭਵ ਕਰਨ ਜਾਂ ਕਿਸੇ ਦੀ ਅਰਦਾਸ ਆਦਿਕ ਸੁਣਨ ਦੀ ਚੇਤੰਨਤਾ ਨਹੀਂ ਹੈ। ਇਸੇ ਲਈ ਗਰੂ ਨਾਨਕ ਸਾਹਿਬ
ਜੀ ਮਹਾਰਾਜ ਨੇ ਵਾਰ ਵਾਰ ਸਮਝਾਇਆ ਹੈ ਕਿ ਕੁਦਰਤੀ ਸ਼ਕਤੀਆਂ ਨੂੰ ਦੇਵੀ ਦੇਵਤਿਆਂ ਦੇ ਰੂਪ ਵਿੱਚ
ਮੂਰਤੀਆਂ ਘੜ ਕੇ ਪੂਜਣਾ ਬਹੁਤ ਵੱਡੀ ਅਗਿਆਨਤਾ ਹੈ। ਐਸੀਆਂ ਜੜ ਵਸਤੂਆਂ ਕਿਸੇ ਨੂੰ ਕੁੱਝ ਦੇਣ ਲੈਣ
ਦੀ ਸਮਰਥਾ ਨਹੀਂ ਰੱਖਦੀਆਂ। ਪੱਥਰ ਨੂੰ ਪਾਣੀ ਵਿੱਚ ਧੋਂਦੇ ਰਹੀਏ ਤਾਂ ਵੀ ਉਹ ਪੱਥਰ ਦੇ ਘੜੇ ਦੇਵੀ
ਦੇਵਤਾ ਪਾਣੀ ਵਿੱਚ ਡੁੱਬ ਜਾਂਦੇ ਹਨ। ਫਿਰ ਦੱਸੋ ਕਿ ਉਹ ਆਪਣੇ ਪੂਜਾਰੀਆਂ ਨੂੰ ਸੰਸਾਰ ਸਮੁੰਦਰ ਤੋਂ
ਕਿਵੇਂ ਪਾਰ ਲੰਘਾਉਣਗੇ? -
ਦੇਵੀ ਦੇਵਾ ਪੂਜੀਐ, ਭਾਈ! ਕਿਆ ਮਾਗਉ ਕਿਆ ਦੇਹਿ।।
ਪਾਹਣੁ ਨੀਰਿ ਪਖਾਲੀਐ, ਭਾਈ! ਜਲ ਮਹਿ ਬੂਡਹਿ ਤੇਹਿ।। {ਗੁਰੂ ਗ੍ਰੰਥ–ਪੰਨਾ ੬੩੭}
ਹਰਿਆਣੇ ਦੇ ਮੁੱਖ ਮੰਤ੍ਰੀ ਸ੍ਰੀ ਖੱਟੜ ਜੀ ਨੇ ਹਰਿਆਣਾ ਦੇ ਸਾਰੇ ਸਕੂਲਾਂ
ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਉਹ ਸਵੇਰ ਦੀ ਅਰਦਾਸ ਦਾ ਆਰੰਭ ਗਾਇਤ੍ਰੀ ਮੰਤ੍ਰ ਦੇ ਪਾਠ ਨਾਲ ਕਰਨ,
ਕਿਉਂਕਿ ਇਹ ਸਾਡੇ ਸਾਰਿਆਂ ਦੀ ਰੱਖਿਆ ਕਰਦਾ ਹੈ। ਮੁਖ ਮੰਤ੍ਰੀ ਜੀ ਦਾ ਇਹ ਔਰੰਗਜ਼ੇਬੀ ਫ਼ੁਰਮਾਨ
ਲੋਕਤੰਤ੍ਰੀ ਭਾਰਤੀ ਸੰਵਿਧਾਨ ਦੇ ਵਿਪਰੀਤ ਅਤੇ ਮਾਨਵੀ ਅਧਿਕਾਰਾਂ ਦੇ ਦ੍ਰਿਸ਼ਟੀਕੋਨ ਤੋਂ ਵੱਡਾ
ਅਪਰਾਧਕ ਧੱਕਾ ਹੈ, ਕਿਉਂਕਿ ਸੰਵਿਧਾਨ ਹਰੇਕ ਵਿਅਕਤੀ ਆਪਣੀ ਮਨਮਰਜ਼ੀ ਦੀ ਧਾਰਮਕ ਉਪਾਸ਼ਨਾ ਦਾ ਅਧਿਕਾਰ
ਦਿੰਦਾ ਹੈ। ਇਸ ਲਈ ਆਰੀਆ ਸਮਾਜੀ ਤੇ ਰਾਸ਼ਟਰੀ ਸਵੈਮ ਸੰਘ ਦੇ ਪ੍ਰਚਾਰਕ ਹੋਣ ਨਾਤੇ ਖੱਟੜ ਜੀ
ਹਿੰਦੂ ਸੰਸਥਾਵਾਂ ਦੇ ਪ੍ਰਬੰਧ ਹੇਠ ਚੱਲਣ ਵਾਲੇ ਸਕੂਲਾਂ ਕਾਲਜਾਂ ਨੂੰ ਤਾਂ ਅਜਿਹੀ ਸਲਾਹ ਦੇ ਸਕਦੇ
ਹਨ, ਪਰ ਮੁੱਖ ਮੰਤ੍ਰੀ ਵਜੋਂ ਸਾਰੇ ਸਰਕਾਰੀ ਸਕੂਲਾਂ ਲਈ ਅਜਿਹਾ ਹੁਕਮ ਜਾਰੀ ਕਰਨਾ ਰਾਜਾਸ਼ਾਹੀ ਹੈ।
ਕਾਰਨ ਇਹ ਹੈ ਉਥੇ ਸਿੱਖ, ਮੁਸਲਮਾਨ ਤੇ ਈਸਾਈ ਬੱਚੇ ਵੀ ਪੜ੍ਹਦੇ ਹਨ ਜਿਹੜੇ ਸੂਰਜ ਨੂੰ ਭਗਵਾਨ ਨਹੀਂ
ਮੰਨਦੇ। ਮੈਨੂੰ ਤਾਂ ਇਉਂ ਜਾਪਦਾ ਹੈ ਕਿ ਖੱਟੜ ਜੀ ਹਰਿਆਣੇ ਨੂੰ ‘ਹਿੰਦੂ ਰਾਸ਼ਟਰ` ਦੇ ਮਾਡਲ
ਵਜੋਂ ਪੇਸ਼ ਕਰਨਾ ਚਾਹੁੰਦੇ ਹਨ, ਜੋ ਭਾਜਪਾ ਸਰਕਾਰ ਦਾ ਅਸਲ ਏਜੰਡਾ ਹੈ। ਇਸ ਲਈ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਰੀਆਂ ਧਾਰਮਿਕ ਸੰਸਥਾਵਾਂ ਤੇ ਮਾਨਵ-ਅਧਿਕਾਰੀ ਜਥੇਬੰਦੀਆਂ ਨੂੰ
ਹਰਿਆਣਾ ਸਰਕਾਰ ਦੇ ਉਪਰੋਕਤ ਫੈਸਲੇ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ।
ਗੁਰੂ ਗ੍ਰੰਥ ਤੇ ਪੰਥ ਦਾ ਚਾਕਰ: ਜਗਤਾਰ ਸਿੰਘ ਜਾਚਕ ਨਿਊਯਰਕ, ਇੰਡੀਆ
ਸਪੰਰਕ ੮੩੬੦੦੧੯੧੭੫