ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਅੰਕਲ ਬੜੀ ਮੁਸ਼ਕਲ ਨਾਲ ਕਾਲਾ ਕੁੱਤਾ ਲੱਭਾ
ਸਾਡੇ ਮੁਲਕ ਅੰਦਰ ਧਰਮਾਂ ਦੀ
ਵਿਆਖਿਆ ਵੀ ਅਜੀਬੋ ਗਰੀਬ ਹੈ। ਕੋਈ ਜਨਵਰਾਂ ਦੀ ਪੂਜਾ ਕਰ ਰਿਹਾ ਹੈ, ਕੋਈ ਫੰਡਰ ਪਸ਼ੂਆਂ ਨੂੰ ਮੱਥੇ
ਟੇਕੀ ਜਾ ਰਿਹਾ ਹੈ ਤੇ ਕੋਈ ਨਿਰ ਜਿੰਦ ਪੱਥਰ ਨੂੰ ਭਗਵਾਨ ਬਣਾ ਕੇ ਕਵਿੰਟਲਾਂ ਦੇ ਹਿਸਾਬ ਨਾਲ ਦੁੱਧ
ਰੋੜੀ ਜਾ ਰਿਹਾ ਹੈ। ਅਖੇ ਸਾਡਾ ਪੱਥਰ ਦਾ ਭਗਵਾਨ ਦੁੱਧ ਪੀਂਦਾ ਹੈ। ਰੁੱਖਾਂ ਵਿਚਾਰਿਆਂ ਨੂੰ ਕੋਈ
ਪਤਾ ਨਹੀਂ ਹੈ ਕਿ ਮਨੁੱਖ ਆਪ ਹੱਥੀਂ ਮਿਹਨਤ ਕਰਨ ਦੀ ਥਾਂ `ਤੇ ਸਾਡੇ ਪਾਸੋਂ ਆਪਣੀ ਹੋਣੀ ਦੇ ਫੈਸਲੇ
ਕਰਾ ਰਿਹਾ ਹੈ। ਕੋਈ ਨਹਿਰ ਵਿੱਚ ਨਾਰੀਅਲ ਰੋੜੀ ਜਾ ਰਿਹਾ ਹੈ ਤੇ ਕੋਈ ਲੁਸ਼ ਲੁਸ਼ ਕਰਦੇ ਢਿੱਡਲ਼ ਜੇਹੇ
ਸਾਧ ਦੀਆਂ ਚੌਂਕੀਆਂ ਭਰਨ ਲਈ ਟਰਾਲੀਆਂ ਭਰ ਭਰ ਜਾਈ ਜਾ ਰਹੇ ਹਨ। ਸਿੱਖ ਸ਼ਨੀਦੇਵਤੇ ਦੀ ਸਾੜ ਸਤੀ
ਤੋਂ ਬਚਣ ਲਈ ਸ਼ਨੀਚਰਵਾਰ ਨੂੰ ਗੁਰਦੁਆਰਿਆਂ ਵਿੱਚ ਕਾਲੇ ਛੋਲੇ ਤੇ ਕਾਲੇ ਮਾਂਹ ਚੜ੍ਹਾ ਕੇ ਸੁੱਖਾਂ
ਦੀ ਆਸ ਲਾਈ ਬੈਠਾ ਹੈ। ਨਿੱਤ ਨਵੀਆਂ ਧਰਮ ਦੀ ਪ੍ਰਕਿਰਿਆਵਾਂ ਦੇਖਣ ਨੂੰ ਮਿਲਦੀਆਂ ਹਨ। ਧਰਮ ਦੇ ਨਾਂ
`ਤੇ ਆਪੋ ਆਪਣੀ ਸ਼ਰਧਾ ਪ੍ਰਗਟ ਕੀਤੀ ਜਾ ਰਹੀ ਹੈ।
ਸਵੇਰੇ ਅੱਠ ਵਜੇ ਮੈਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੂੰ ਜਾ ਰਿਹਾ ਸੀ। ਅਚਾਨਕ ਮੇਰੀ ਨਿਗਾਹ ਇੱਕ
ਅਧਖੜ ਜੇਹੀ ਉਮਰ ਦੇ ਬੰਦੇ ਤੇ ਪਈ। ਉਸ ਨੇ ਆਪਣੀ ਸਕੂਟਰੀ ਟੇਡੇ ਜੇਹੇ ਸਟੈਂਡ `ਤੇ ਖੜੀ ਕੀਤੀ ਹੋਈ
ਸੀ। ਇੱਕ ਵੱਡੇ ਸਾਰੇ ਝੋਲ਼੍ਹੇ ਵਿਚੋਂ ਡਬਲ ਰੋਟੀਆਂ ਕੱਢ ਕੱਢ ਕੇ ਕਾਲੇ ਕੁੱਤੇ ਨੂੰ ਪਾ ਰਿਹਾ ਸੀ।
ਉਸ ਦੀ ਇੱਕ ਸਮੱਸਿਆ ਸੀ ਕਿ ਕਈ ਹੋਰ ਕੁੱਤੇ ਵੀ ਆਪਣਾ ਹਿੱਸਾ ਮੰਗ ਰਹੇ ਸਨ ਪਰ ਉਹ ਅਧਖੜ ਜੇਹੀ ਉਮਰ
ਦਾ ਬੰਦਾ ਜਿਸ ਨੇ ਮੱਥੇ `ਤੇ ਵੱਡਾ ਸਾਰਾ ਤਿਲਕ ਲਗਾਇਆ ਹੋਇਆ ਸੀ ਉਹ ਦੂਸਰਿਆਂ ਕੁੱਤਿਆਂ ਨੂੰ ਭਜਾ
ਰਿਹਾ ਸੀ ਤੇ ਕਾਲੇ ਕੁੱਤੇ ਨੂੰ ਰਜਾ ਰਿਹਾ ਸੀ। ਕਦੇ ਕਦੇ ਚੋਰ ਅੱਖ ਨਾਲ ਇਹ ਦੇਖਣ ਦਾ ਵੀ ਯਤਨ ਕਰ
ਰਿਹਾ ਸੀ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ ਰਿਹਾ। ਮੈਂ ਸਕੂਟਰ ਹੌਲ਼ੀ ਕਰਕੇ ਡਬਲ ਰੋਟੀਆਂ ਪਾ ਰਹੇ
ਟੋਪੀ ਵਾਲੇ ਨੂੰ ਜਾ ਪੁੱਛਿਆ ਕਿ ਭਾਅ ਆਹ ਕਿਹੜਾ ਕੰਮ ਕਰ ਰਿਹਾ ਏਂ? ਅੱਗੋਂ ਉਸ ਨੂੰ ਕੋਈ ਜੁਆਬ ਨਾ
ਆਇਆ ਮੇਰੇ ਵਲ ਥੋੜਾ ਦੇਖ ਕੇ ਫਿਰ ਆਪਣੇ ਕੰਮ ਲਗ ਗਿਆ। ਮੈਂ ਫਿਰ ਉਸ ਭੱਦਰ ਪੁਰਸ਼ ਨੂੰ ਪੁੱਛਿਆ ਕਿ
ਭਾਅ ਜੀ ਦੇਖਣ ਨੂੰ ਤੁਸੀਂ ਸਿਆਣੇ ਲੱਗਦੇ ਹੋ ਪਰ ਕੰਮ ਉਹ ਕਰ ਰਹੇ ਹੋ ਜਿਸ ਨਾਲ ਸਮਾਜ ਦਾ ਨੁਕਸਾਨ
ਹੋ ਰਿਹਾ ਹੈ। ਇਹ ਤਾਂ ਮੈਂ ਨਾ ਕਹਿ ਸਕਿਆ ਕਿ ਤੁਸੀਂ ਕੰਮ ਕੁੱਤਿਆਂ ਵਾਲੇ ਹੀ ਕਰ ਰਹੇ ਹੋ। ਮੈਂ
ਧੱਕੇ ਨਾਲ ਹੀ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਕਿਹਾ ਕਿ ਇਹਨਾਂ ਅਵਾਰਾ ਕੁੱਤਿਆਂ ਨੇ ਕਿਹੜਾ ਕੋਈ
ਚੰਗਾ ਕੰਮ ਕੀਤਾ ਹੈ ਜਿਸ ਨਾਲ ਤੁਸੀਂ ਆਪਣੀ ਕਮਾਈ ਦਾ ਕੀਮਤੀ ਹਿੱਸਾ ਇਹਨਾਂ ਨੂੰ ਖੁਆ ਰਹੇ ਹੋ।
ਮੈਂ ਉਸ ਨੂੰ ਕਿਹਾ ਕੇ ਕੋਈ ਹੋਰ ਸਮਾਜ ਸੇਵਾ ਵਾਲਾ ਕੰਮ ਕਰ ਲਓ ਇਹ ਕੋਈ ਵਧੀਆ ਕੰਮ ਨਹੀਂ ਹੈ। ਮੈਂ
ਉਸ ਨੂੰ ਇੱਕ ਸੁਝਾਅ ਦਿੱਤਾ ਕੇ ਇਹਨਾਂ ਕੁੱਤਿਆਂ ਅੱਗੇ ਅੰਨ ਸੁਟਣ ਦੀ ਬਜਾਏ ਤੁਹਾਡੇ ਘਰ ਜਿਹੜੀ
ਕੋਈ ਭੈਣ ਕੰਮ ਕਰ ਰਹੀ ਹੈ ਉਸ ਦੀ ਹੋਰ ਸਹਾਇਤਾ ਵਜੋਂ ਤਨਖਾਹ ਵਧਾ ਦਿਓ। ਉਹ ਬੰਦਾ ਸ਼ਰਮਿੰਦਾ ਜ਼ਰੂਰ
ਸੀ ਪਰ ਆਪਣਾ ਸੁਭਾਅ ਬਦਲਣ ਲਈ ਤਿਆਰ ਨਹੀਂ ਸੀ। ਇੰਜ ਕਿਹਾ ਜਾਏ ਜਾਏ ਕਿ ਉਸ ਦੀ ਮਾਨਸਿਕਤਾ ਬਿਮਾਰ
ਸੀ ਉਸ ਨੂੰ ਬਹੁਤ ਵੱਡੇ ਇਲਾਜ ਦੀ ਜ਼ਰੂਰਤ ਸੀ। ਦਰ ਅਸਲ ਉਸ ਦਾ ਕਸੂਰ ਵੀ ਨਹੀਂ ਹੈ ਕਿਉਂ ਕਿ ਸਮਾਜ
ਦੀ ਮਾਨਸਿਕਤਾ ਵੀ ਬਿਮਾਰ ਹੈ ਜਿਹੜੀ ਵਿਹਲੜ ਸਾਧਾਂ ਦੇ ਢੲ੍ਹੇ ਚੜ੍ਹੀ ਹੋਈ ਹੈ।
ਕੁੱਤੇ ਵੀ ਦੋ ਪ੍ਰਕਾਰ ਦੇ ਹਨ ਇੱਕ ਪਾਲਤੂ ਤੇ ਦੂਜੇ ਅਵਾਰਾ। ਲੋਕਾਂ ਦੇ ਸ਼ੋਕ ਵੀ ਅਵਲੜੇ ਹਨ। ਇੱਕ
ਵੀਰ ਨੇ ਗੱਲ ਸੁਣਾਈ ਕਿ ਇੱਕ ਵੀਰ ਮੈਨੂੰ ਆਪਣੇ ਘਰ ਪ੍ਰਸ਼ਾਦਾ ਛਕਾਉਣ ਲਈ ਲੈ ਕਿ ਗਿਆ। ਜਦ ਗੇਟ
ਖੋਲ੍ਹਿਆ ਤਾਂ ਅੱਗੇ ਬਹੁਤ ਵੱਡੇ ਵੱਡੇ ਚਾਰ ਕੁੱਤੇ ਖੜੇ ਸਨ। ਮਾਲਕ ਨੇ ਉਹਨਾਂ ਨੂੰ ਇੱਕ ਪਾਸੇ
ਕੀਤਾ ਤੇ ਫਿਰ ਮੈਨੂੰ ਗੇਟ ਰਾਂਹੀ ਲੰਘਾਇਆ। ਉਸ ਨਾਲ ਗਿਆ ਹੋਇਆ ਵੀਰ ਬੜੇ ਮਾਣ ਨਾਲ ਕਹਿਣ ਲੱਗਾ ਕਿ
ਦੇਖੋ ਜੀ ਕਿੱਡੇ ਵੱਡੇ ਕੁੱਤੇ ਹਨ। ਜਨੀ ਕਿ ਗਏ ਮਹਿਮਾਨ ਨੇ ਘਰ ਵਾਲੇ ਦੇ ਕੁੱਤਿਆਂ ਦੀ ਤਰੀਫ਼
ਕੀਤੀ। ਅੱਗੋਂ ਮਾਲਕ ਬਣਾ ਸਵਾਰ ਕੇ ਕਹਿਣ ਲੱਗਾ ਕੇ ਮੈਂ ਬਹੁਤ ਮਿਹਨਤ ਨਾਲ ਕੁੱਤਿਆਂ ਨੂੰ ਪਾਲ਼ਿਆ
ਹੈ। ਇਹਨਾਂ ਦੀ ਨਿੱਕੀ ਨਿੱਕੀ ਗਲ ਵਲ ਮੈਂ ਧਿਆਨ ਦੇਂਦਾ ਹਾਂ। ਉਸ ਦੇ ਘਰ ਗਿਆ ਹੋਇਆ ਵੀਰ ਕਹਿਣ
ਲੱਗਾ ਕਿ ਦੇਖੋ ਜੀ ਕੁੱਤਿਆਂ ਨਾਲ ਕੁੱਤੇ ਹੀ ਹੋਣਾ ਪੈਂਦਾ ਹੈ। ਇਹ ਸੁਭਾਵਕ ਹੀ ਉਸ ਦੇ ਮੂੰਹੋਂ ਇਹ
ਵਾਕ ਨਿਕਲ ਗਿਆ। ਮਾਲਕ ਨੂੰ ਗੁੱਸਾ ਚੜ੍ਹ ਗਿਆ ਤੇ ਬਿਨਾ ਕੁੱਝ ਖਾਧੇ ਪੀਤੇ ਹੀ ਉਸ ਨੂੰ ਵਾਪਸ ਮੋੜ
ਦਿੱਤਾ। ਹੋਈ ਨਾ ਜੱਗੋਂ ਤੇਰ੍ਹਵੀਂ, ਲੋਕਾਂ ਦੇ ਸ਼ੋਕ ਅਵਲੜੇ।
ਬਾਹਰਲੇ ਮੁਲਕਾਂ ਵਿੱਚ ਕੁੱਤਿਆਂ ਦੀਆਂ ਸੈਰਗਾਹਾਂ ਮਨੁੱਖਾਂ ਦੀਆਂ ਸੈਰਗਾਹਾਂ ਨਾਲੋਂ ਵੱਖਰੀਆਂ
ਹੁੰਦੀਆਂ ਹਨ। ਪਹਿਲੀ ਗੱਲ ਕਿ ਸਾਡੇ ਮੁਲਕ ਦਿਆਂ ਸ਼ਾਹਿਰਾਂ ਵਿੱਚ ਕੋਈ ਚੱਜ ਅਚਾਰ ਵਾਲੀਆਂ ਸੁੰਦਰ
ਸੈਰਗਾਹਾਂ ਨਹੀਂ ਹਨ, ਜੇ ਹੈਣ ਤਾਂ ਸਿਆਣੇ ਬਿਆਣੇ ਲੋਕ ਵੀ ਆਪਣੇ ਨਾਲ ਕੁੱਤਿਆਂ ਨੂੰ ਲਈ ਫਿਰਨਗੇ।
ਬਾਹਰਲੇ ਮੁਲਕ ਵਿੱਚ ਲੋਕ ਲਿਫਾਫਾ ਨਾਲ ਲੈ ਕੇ ਆਉਂਦੇ ਹਨ ਜਿੱਥੇ ਉਹਨਾਂ ਦਾ ਟੋਮੀ ਪੋਟੀ ਕਰਦਾ ਹੈ
ਉਹ ਫਟਾ ਫਟ ਚੁੱਕ ਲੈਂਦੇ ਹਨ ਸਾਡੇ ਲੋਕ ਤਾਂ ਲੋਕਾਂ ਦਿਆਂ ਘਰਾਂ ਅੱਗੇ ਕਰਾਈ ਜਾਣਗੇ ਜਾਂ
ਸੈਰਗਾਹਾਂ ਵਿੱਚ ਹੀ ਗੰਦ ਪਉਣ ਨੂੰ ਤਰਜੀਹ ਦੇਣਗੇ।
ਉਂਜ ਸਿਖਾਇਆ ਹੋਇਆ ਕੁੱਤਾ ਬੰਦੇ ਨਾਲੋਂ ਵੱਧ ਸਿਆਣਾ ਹੁੰਦਾ ਹੈ। ਇਸ ਦੀ ਸੁੰਘਣ ਸ਼ਕਤੀ ਬੰਦੇ ਨਾਲੋਂ
ਤੇਜ਼ ਹੁੰਦੀ ਹੈ। ਦੁਨੀਆਂ ਦੇ ਹਰੇਕ ਏਅਰ ਪੋਰਟ `ਤੇ ਕੁੱਤੇ ਬੰਦੇ ਦਾ ਬੈਗ ਸੁੰਘ ਕੇ ਦੱਸਦੇ ਹਨ
ਇਸਦੇ ਬੈਗ ਵਿੱਚ ਕੋਈ ਓਪਰਾ ਜਾਂ ਖਤਰਨਾਕ ਮਾਲ ਹੈ। ਬਹੁਤ ਸਾਰੀਆਂ ਚੋਰੀਆਂ ਕੁੱਤਿਆਂ ਦੀ ਸਹਾਇਤਾ
ਨਾਲ ਲੱਭੀਆਂ ਗਈਆਂ ਹਨ। ਅਵਾਰਾ ਕੁੱਤੇ ਖੂੰਖਾਰ ਹੁੰਦੇ ਹਨ। ਜਿਹੜੀ ਆਪਣੀ ਭੁੱਖ ਦੀ ਪੂਰਤੀ ਲਈ
ਬੰਦੇ ਨੂੰ ਹੀ ਵੱਢ ਖਾਂਦੇ ਹਨ। ਪਿੱਛੇ ਜੇਹੇ ਅਜਨਾਲਾ ਤਹਿਸੀਲ ਹਰੜ ਪਿੰਡ ਵਿੱਚ ਜਨਵਰੀ ੨੦੧੬ ਨੂੰ
ਇੱਕ ਬਹੁਤ ਹੀ ਸੋਹਣੇ ਪਿਆਰੇ ਤਿੰਨ ਸਾਲ ਦੇ ਬੱਚੇ ਨੂੰ ਅਵਾਰਾ ਕੁੱਤਿਆਂ ਨੋਚ ਨੋਚ ਕੇ ਖਾ ਲਿਆ ਸੀ।
ਮੇਰੇ ਨਾਲ ਇੱਕ ਹੋਰ ਬੜਾ ਵਧੀਆ ਵਾਕਿਆ ਵਾਪਰਿਆ ਹੈ ਮੈਂ ਉਹ ਵੀ ਸਾਂਝਾ ਕਰ ਲੈਂਦਾ ਹਾਂ। ਅਗੱਸਤ
੨੦੧੫ ਨੂੰ ਸਵੇਰੇ ਅੱਠ ਕੁ ਵਜੇ ਮੈਂ ਆਪਣੇ ਘਰ ਨੂੰ ਆ ਰਿਹਾ ਸੀ। ਮੇਰੇ ਘਰ ਦੇ ਅੱਗੇ ਇੱਕ ਵੱਡੀ
ਸਾਰੀ ਗੱਡੀ ਖੜੀ ਹੋਈ ਸੀ। ਖੜੀ ਗੱਡੀ ਦੇਖ ਕੇ ਮੈਂ ਕਈ ਤਰ੍ਹਾਂ ਦੇ ਸਵਾਲ ਸੋਚਣ ਲੱਗ ਪਿਆ। ਮੈਨੂੰ
ਇਹ ਸਮਝ ਨਾ ਆਵੇ ਕਿ ਕਾਰ ਏੱਥੇ ਕਿਉਂ ਖੜੀ ਕੀਤੀ ਹੈ। ਵੱਡੀ ਕਾਰ ਦਾ ਚੋਰਾਂ ਵਾਂਗ ਅੱਗਲ਼ਾ ਦਰਵਾਜ਼ਾ
ਖੁਲ੍ਹਾ ਹੋਇਆ ਸੀ। ਮੈਂ ਜਦੋਂ ਨੇੜੇ ਹੋ ਕੇ ਦੇਖਿਆ ਤਾਂ ਇੱਕ ਬੱਚੀ ਕੋਈ ਵੀਹ ਕੁ ਸਾਲ ਦੀ ਹੋਵੇਗੀ
ਜਿਸ ਨੇ ਵਰਤਮਾਨ ਸਭਿਅਤਾ ਵਾਲਾ ਅੱਧ ਨੰਗਾ ਜੇਹਾ ਪਹਿਰਾਵਾ ਪਾਇਆ ਸੀ। ਏੰਨੀ ਕੁ ਉਮਰ ਦੀ ਏਸੇ
ਤਰ੍ਹਾਂ ਦੀ ਇੱਕ ਹੋਰ ਬੱਚੀ ਡਰਾਇਵਰ ਵਾਲੀ ਸੀਟ `ਤੇ ਬੈਠੀ ਹੋਈ ਟੈਲੀਫੂਨ `ਤੇ ਗੱਲਾਂ ਕਰ ਰਹੀ ਸੀ
ਕਿ ਸਾਨੂੰ ਲੱਭ ਗਿਆ ਹੈ ਅਸੀਂ ਹੁਣੇ ਹੀ ਕੰਮ ਨਬੇੜ ਕੇ ਆਈਆਂ ਸਮਝੋ। ਇਸ ਗੱਲ ਦੀ ਸਮਝ ਮੈਨੂੰ ਓਦੋਂ
ਆਈ ਜਦੋਂ ਮੈਂ ਨੇੜੇ ਹੋ ਕੇ ਦੇਖਿਆ। ਮੈਂ ਉਹਨਾਂ ਨੂੰ ਕਿਹਾ ਕਿ ਬੱਚੀਓ ਇਹ ਕੀ ਕਰ ਰਹੀਆਂ ਜੇ?
ਅੱਗੋਂ ਬਣਾ ਸਵਾਰ ਕੇ ਇੱਕ ਬੱਚੀ ਕਹਿੰਦੀ, “ਅੰਕਲ ਜ਼ਰਾ ਚੁੱਪ ਕਰਿਆ ਜੇ ਸਾਨੂੰ ਬੜੀ ਮੁਸ਼ਕਲ ਨਾਲ
ਕਾਲੇ ਰੰਗ ਦਾ ਕੁੱਤਾ ਲੱਭਿਆ ਹੈ। ਤੂਹਾਨੂੰ ਨਹੀਂ ਪਤਾ ਕਿ ਅਸੀਂ ਕਦੋਂ ਦੀਆਂ ਗੱਡੀ ਭਜਾ ਰਹੀਆਂ ਸੀ
ਮਸੀਂ ਆਹ ਕਾਲਾ ਕੁੱਤਾ ਲੱਭਿਆ ਹੈ। ਅੰਕਲ ਚੁੱਪ ਕਰਿਆ ਜੇ ਤੁਹਾਡੀ ਅਵਾਜ਼ ਸੁਣ ਕੇ ਕਿਤੇ ਕੁੱਤਾ ਭੱਜ
ਹੀ ਨਾ ਜਾਵੇ।” ਉਹਨਾਂ ਨੇ ਇੱਕ ਝੋਲ਼ੇ ਵਿੱਚ ਖਮੀਰ ਆਟੇ ਵਾਲੀਆਂ ਡਬਲ ਰੋਟੀਆਂ ਪਾਈਆਂ ਹੋਈਆਂ
ਸਨ ਭਾਵ ਉਹਨਾਂ ਪਾਸ ਬ੍ਰੈਡ ਨਾਲ ਥੈੱਲਾ ਭਰਿਆ ਹੋਇਆ ਸੀ। ਗੱਡੀ ਤੋਂ ਲਗਦੀਆਂ ਸਨ ਕਿ ਅਮੀਰ ਘਰਾਣੇ
ਨਾਲ ਸਬੰਧ ਰੱਖਦੀਆਂ ਹਨ ਪਹਿਰਾਵੇ ਤੋਂ ਚੰਚਲ ਸੁਭਾਅ ਦੀਆਂ ਲੱਗਦੀਆਂ। ਖੈਰ ਮੈਂ ਉਹਨਾਂ ਨੂੰ ਅਜੇਹਾ
ਕਰਮ ਕਰਨ ਤੋਂ ਮਨ੍ਹੇ ਕਰ ਰਿਹਾ ਸੀ ਕਿਉਂਕਿ ਮੈਨੂੰ ਪਤਾ ਹੈ ਜੇ ਏੱਥੇ ਕੁੱਤਿਆਂ ਨੂੰ ਰੋਟੀ ਦਿੱਤੀ
ਜਾਏਗੀ ਤਾਂ ਹੋਰ ਕੁੱਤਿਆਂ ਨੇ ਮੇਰੇ ਘਰ ਦੇ ਅੱਗੇ ਪੱਕਾ ਡੇਰਾ ਹੀ ਲਗਾ ਲੈਣਾ ਹੈ। ਇਹ ਕੁੱਤੇ ਗਲ਼ੀ
ਵਿਚਦੀ ਲੰਘਣ ਵਾਲੇ ਹਰੇਕ ਨੂੰ ਭੌਂਕਿਆ ਕਰਨਗੇ ਜਾਂ ਉਹਨਾਂ ਨੂੰ ਵੱਢਿਆ ਵੀ ਕਰਨਗੇ। ਪਰ ਬੱਚੀਆਂ
ਕਾਲ਼ੇ ਕੁੱਤੇ ਨੂੰ ਦਵਾ ਦਵ ਬ੍ਰੈਡ ਦੇ ਪੀਸ ਸੁੱਟੀ ਜਾ ਰਹੀਆਂ ਸਨ। ਮੇਰੇ ਕਹਿਣ ਦੇ ਬਾਵਜੂਦ ਵੀ ਉਹ
ਹੱਟ ਨਹੀਂ ਰਹੀਆਂ ਸਨ। ਉਹ ਆਪਣੀ ਧੁੰਨ ਦੀਆਂ ਪੱਕੀਆਂ ਜਾਪਦੀਆਂ ਸਨ। ਆਖਰੀ ਹਥਿਆਰ ਵਰਤਦਿਆਂ ਮੈਂ
ਜ਼ੋਰ ਦੇ ਕੇ ਕਿਹਾ ਕਿ ਜੇ ਤੁਸੀਂ ਏੱਥੇ ਕੁੱਤੇ ਨੂੰ ਬ੍ਰੈਡ ਪਉਣ ਤੋਂ ਨਹੀਂ ਹਟਣਾ ਤਾਂ ਮੈਂ ਪੁਲੀਸ
ਨੂੰ ਕਾਲ ਕਰਨ ਲੱਗਾਂ ਹਾਂ ਕਿ ਤੁਸੀ ਮੇਰੇ ਘਰ ਦੇ ਅੱਗੇ ਬਿਨਾ ਵਜਾ ਖੜੀਆਂ ਜੇ। ਏਨੀ ਕੁ ਗੱਲ
ਸੁਣਦਿਆਂ ਹੀ ਉਹ ਥੋੜਾ ਘਬਰਾਅ ਗਈਆਂ ਕਿ ਅੰਕਲ ਸ਼ਾਇਦ ਸੱਚੀ ਮੁੱਚੀ ਪੁਲੀਸ ਨਾ ਸੱਦ ਲਏ। ਉਹ ਚੱਲਣ
ਲੱਗੀਆਂ ਤਾਂ ਮੈਂ ਉਹਨਾਂ ਨੂੰ ਪਿਆਰ ਨਾਲ ਰੋਕ ਕੇ ਕਾਰਨ ਜਾਨਣ ਦਾ ਯਤਨ ਕੀਤਾ। ਬੱਚੀਆਂ ਨੇ ਤੇਜ਼
ਤਰਾਰ ਤਾਂ ਬਹੁਤ ਸਨ ਪਰ ਮੇਰੇ ਨਾਲ ਥੋੜੇ ਹੀ ਸੁਆਲ ਜੁਆਬ ਕੀਤੇ ਸਨ। ਅਖੀਰ ਉਹ ਕੁੱਝ ਸੱਚ ਦੱਸ
ਗਈਆਂ। ਕਹਿੰਦੀਆਂ ਸਨ ਕਿ ਅੰਕਲ ਅਸੀਂ ਦੋ ਦੋ ਵਿਸ਼ਿਆਂ ਵਿਚੋਂ ਫੇਹਲ ਹੋ ਗਈਆਂ ਹਾਂ। ਅਸੀਂ ਕਿਸੇ
ਜੋਤਸ਼ੀ ਪਾਸੋਂ ਇਸ ਦਾ ਹੱਲ ਪੁੱਛਿਆ ਸੀ ਕਿ ਅਸੀਂ ਪਾਸ ਕਿਦਾਂ ਹੋ ਸਕਦੀਆਂ ਹਾਂ। ਅੰਕਲ ਉਸ ਜੋਤਸ਼ੀ
ਨੇ ਦੱਸਿਆ ਸੀ ਕਿ ਵੀਰਵਾਰ ਨੂੰ ਸਵੇਰੇ ਸਵੇਰੇ ਕਾਲੇ ਕੁੱਤੇ ਨੂੰ ਰਜਵੀਂ ਬ੍ਰੇਡ ਪਾਈ ਜਾਵੇ ਤੁਸੀਂ
ਪਾਸ ਹੋ ਜਾਓਗੀਆਂ। ਅੰਕਲ ਸਾਡੀ ਸਹੇਲੀ ਨੇ ਵੀ ਜੋਤਸ਼ੀ ਦੇ ਕਹੇ `ਤੇ ਇਹ ਕੰਮ ਕੀਤਾ ਸੀ ਉਸ ਦੇ ਤਾਂ
ਨੰਬਰ ਹੀ ਬਹੁਤ ਆਏ ਸਨ ਸਾਨੂੰ ਵੀ ਉਸ ਜੋਤਸ਼ੀ ਪਾਸ ਉਹ ਹੀ ਲੈ ਕੇ ਗਈ ਸੀ।
ਉਹਨਾਂ ਦੇ ਮਨ ਵਿੱਚ ਹੋਰ ਵੀ ਬਹੁਤ ਕੁੱਝ ਸੀ ਪਰ ਪਰ ਉਹ ਦੱਸ ਨਾ ਸਕੀਆਂ ਕਿਉਂ ਕਿ ਉਪਰਾਪਨ ਕਰਕੇ
ਦੂਜਾ ਉਹਨਾਂ ਨੂੰ ਘਰ ਜਾਣ ਦੀ ਕਾਹਲ ਸੀ।
ਕਾਲਿਆਂ ਕੁੱਤਿਆਂ ਨੂੰ ਮੌਜਾਂ, ਖੁੱਡਾਂ ਬੈਠੇ ਸੱਪਾਂ ਦੀ ਪੂਜਾ ਤੇ ਵਿਹਲੜ ਪੁਸ਼ੂਆਂ ਦਾ ਸਤਕਾਰ ਪਰ
ਮਹਾਨ ਭਾਰਤ ਵਿੱਚ ਮਨੁੱਖਾਂ ਦਾ ਧਰਕਾਰ ਪੇਟੋਂ ਭੁੱਖੇ ਹੀ ਸੌਂ ਜਾਂਦੇ ਹਨ ਹੈ ਨਾ ਜੱਗੋਂ ਤੇਰ੍ਹੀਆਂ