ਆਦਿ ਸੱਚ ਤੋਂ ਚੱਲ ਕੇ ਸੱਚ ਖਂਡ ਵਿਚ ਪੁੱਜਣ ਲਈ ਪ੍ਰਾਪਤੀ ਦਾ ਸਾਧਨ ਨਾਮ
ਦਸਿਆ ਹੈ। ਪ੍ਰਾਪਤੀ ਦੇ ਸਾਧਨ ਬਿਆਨਣ ਪਿਛੋਂ ਨਾਮ ਦੇ ਅਭਿਆਸ ਵਿਚ ਸ਼ੁਭ ਗੁਣ ਅਰਥਾਤ ਉਚ ਆਚਰਣ ਹੀ
ਪ੍ਰਾਪਤੀ ਕਰਨੀ ਹੈ ਤੇ ਨਾਮ ਦੀ ਪਉੜੀ ਰਾਹੀਂ ਸਿਖਰ ਪਹੁੰਚਣ ਲਈ ਜਿਸ ਇਲਾਹੀ ਸ਼ਬਦ ਦੀ ਲੋੜ ਹੈ ਉਸ
ਦਾ ਸੰਖੇਪ ਵਿਚ ਵਰਣਨ ੩੮ਵੀਂ ਪਉੜੀ ਵਿਚ ਮਿਲਦਾ ਹੈ।ਇਸ ਪਉੜੀ ਵਿਚ ਨਾਮ ਦਾ ਅਭਿਆਸ ਵਿਚ ਸਿਰੇ
ਚੜ੍ਹਣ ਲਈ ਸ਼ੁਭ ਗੁਣਾਂ ਦੀ ਲੋੜ ਵੀ ਹੈ। ਉਚ ਆਚਰਣ ਨਾਮ ਸਿਮਰਨ ਵਿਚ ਸਹਾਈ ਹੁੰਦਾ ਹੈ।ਸ਼ੁਭ ਗੁਣਾਂ
ਦੇ ਨਾਲ ਉਸ ਦੀ ਬਖਸ਼ਿਸ਼ ਦੀ ਵੀ ਲੋੜ ਹੈ ਨਾਮ ਅਭਿਆਸ ਦੀ, ਸ਼ੁਭ ਗੁਣਾ ਦੀ ਤੇ ਵਾਹਿਗੁਰੂ ਦੀ ਬਖਸ਼ਿਸ਼
ਦੀ ਜਿਸਦਾ ਜ਼ਿਕਰ ਇਸ ਪਉੜੀ ਵਿਚ ਹੈ। ਨਾਮ ਜਾਂ ਸ਼ਬਦ ਲਈ ਜਿਹੜੇ ਸ਼ੁਭ ਗੁਣਾਂ ਦੀ ਲੋੜ ਹੈ ਉਨ੍ਹਾਂ ਦਾ
ਵਰਣਨ ਸੁਨਿਆਰ ਦੀ ਸੋਨੇ ਘੜਣ ਦੀ ਟਕਸਾਲ ਦੇ ਰੂਪਕਾਂ ਰਾਹੀਂ ਦਿਤਾ ਹੈ। ਨਾਮ ਰੂਪੀ ਸੋਨੇ ਨੂੰ ਸੱਚੀ
ਟਕਸਾਲ ਵਿਚ ਮੋਹਰ ਬਣਾਉਣ ਦਾ ਰੂਪਕ ਬੰਨਿਆਂ ਹੈ।
ਜਤੁ ਪਾਹਾਰਾ ਧੀਰਜੁ ਸੁਨਿਆਰੁ ॥ ਅਹਰਣਿ ਮਤਿ ਵੇਦੁ ਹਥੀਆਰੁ ॥ ਭਉ ਖਲਾ
ਅਗਨਿ ਤਪ ਤਾਉ ॥
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥ ਘੜੀਐ ਸਬਦੁ ਸਚੀ ਟਕਸਾਲ ॥ ਜਿਨ ਕਉ
ਨਦਰਿ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਰਿ ਨਿਹਾਲ ॥ ੩੮ ॥
ਉਪਮੇਅ ਉਪਮਾ ਭਾਵ ਅਰਥ
ਧੀਰਜ- ਸਨਿਆਰੁ -ਸਰੀਰਕ ਸਹਿਜ ਅਵਸਥਾ ਜਿਵੇਂ ਸੁਨਿਆਰ ਧੀਰਜ ਨਾਲ ਗਹਿਣੇ
ਘੜਦਾ ਹੈ
ਜਤ -ਪਾਹਾਰਾ -(ਭੱਠੀ) ਸਰੀਰਕ ਪਵਿਤ੍ਰਤਾ, ਜਗਤ ਭੱਠੀ ਦੀ ਅਗਨ ਵਿਚ ਤਪਾਇਆ
ਪਵਿਤਰ ਸਰੀਰ
ਮਤਿ- ਅਹਰਣਿ -ਸੁਨਿਆਰ ਦਾ ਲੋਹੇ ਵਰਗੀ ਠੋਸ ਮਤ (ਜਿਸ ਤੇ ਰੱਖ ਕੇ ਉਹ ਸੋਨੇ
ਨੂੰ ਘੜਦਾ ਹੈ)
ਵੇਦ -ਹਥਿਆਰੁ -ਗਿਆਨ ਦਾ ਹਥਿਆਰ
ਭਉ -ਖਲਾ -(ਧੌਂਕਣੀ) ਰੱਬ ਦੇ ਡਰ ਦੀ ਗਰਮਾਇਸ਼, ਤੇਜ਼ੀ
ਤਪ- ਅਗਨੀ- ਤਾਉ ਅਗਨੀ ਸ਼ਕਤੀ ਵਾਲੀ ਰਾਮ ਨਾਮ ਦੀ ਤਪਸਿਆ
ਭਾਉ -ਭਾਂਡਾ -(ਕਠਾਲੀ) ਪ੍ਰਮਾਤਮਾਂ ਪ੍ਰਤੀ ਪ੍ਰੇਮ ਵਿਚ ਨਾਮ ਅੰਮ੍ਰਿਤ,
ਪ੍ਰੇਮ ਦੀ ਕੁਠਾਲੀ ਭਾਂਡਾ ਹੋਵੇ
ਨਦਰ -ਕ੍ਰਿਪਾਲੂ -ਦੀ ਨਜ਼ਰ ਰੱਬੀ ਕ੍ਰਿਪਾ ਦ੍ਰਿਸ਼ਟੀ
ਜਿਸ ਤਰ੍ਹਾਂ ਸੁਨਿਆਰੇ ਦੀ ਭੱਠੀ ਵਿਚ ਸੋਨਾ ਢਾਲਿਆ ਜਾਂਦਾ ਹੈ ਉਸੇ ਤਰ੍ਹਾਂ
ਸ਼ਬਦ ਦੀ ਘਾੜਤ ਦਾ ਬਿਆਨ ਹੈ।ਸੁਨਿਆਰੇ ਅੱਗੇ ਭੱਠੀ ਹੁੰਦੀ ਹੈ, ਭੱਠੀ ਨੂੰ ਹਵਾ ਦੇਣ ਲਈ ਧੌਂਕਣੀ
ਲਗੀ ਹੁੰਦੀ ਹੈ, ਜਿਸ ਨਾਲ ਅੱਗ ਦਾ ਤਾਪ ਵਧਦਾ ਹੈ। ਵਧੇ ਤਾਪ ਉਪਰ ਕੁਠਾਲੀ ਰਖ ਕੇ ਸੋਨਾ ਢਾਲ ਲਿਆ
ਜਾਂਦਾ ਹੈ, ਫਿਰ ਠੱਪੇ ਹਥੌੜੇ ਨਾਲ ਮੁਹਰਾਂ ਆਦਿ ਘੜੀਆਂ ਜਾਂਦੀਆ ਹਨ ਜੋ ਪਾਤਸ਼ਾਹੀ ਖਜ਼ਾਨੇ ਅੰਦਰ
ਦਾਖਲ ਹੁੰਦੀਆਂ ਹਨ। ਇਹ ਤਸਵੀਰ ਹੈ ਜੋ ਇਥੇ ਸ਼ੁਭ ਗੁਣਾਂ ਦੀ ਖਿਚ ਕੇ ਉਸ ਵਿਚ ਨਾਮ ਦੀ ਮਰਿਆਦਾ
ਦੱਸੀ ਹੈ।ਧੀਰਜ ਧਾਰ ਕੇ ਜਤ ਸਤ ਨੂੰ ਕਾਇਮ ਰਖਦਿਆਂ, ਗਿਆਨ ਨੂੰ ਗੁਰਬਾਣੀ ਜਾਂ ਸ਼ਾਸ਼ਤਰਾਂ ਦੇ
ਉੋਪਦੇਸ਼ ਨੂੰ ਸੁਣ ਪੜ੍ਹ ਕੇ ਮਤ ਵਿਚ ਧਾਰਨ ਕਰਦਿਆ ਪ੍ਰਮਾਤਮਾਂ ਦੇ ਭੈ ਵਿਚ ਤਪ ਵਿਚ ਰਹਿੰਦਿਆ
ਪ੍ਰੇਮ ਭਾਵਨਾਂ ਨਾਲ ਨਾਮ ਜਪਣਾ, ਸਿਮਰਨਾ, ਅਰਾਧਣਾ ਹੈ, ਇਸ ਨਾਲ ਆਪੇ ਚੌਵੀ ਕਰਾਟ ਦੇ ਸੋਨੇ
ਵਾਂਗੂੰ ਸ਼ੁਧ ਹੋ ਜਾਣਾ ਹੈ।
ਜਤੁ ਪਾਹਾਰਾ ਧੀਰਜੁ ਸੁਨਿਆਰੁ ॥
ਇਸ ਲਈ ਗੁਰੂ ਜੀ ਸਮਝਾਉਂਦੇ ਹਨ: ਹੇ ਪ੍ਰਾਣੀ! ਅਪਣੇ ਸਰੀਰ ਨੂੰ ਨਾਮ ਜਪਣ
ਦਾ ਸੁਨਿਆਰੇ ਦੀ ਦੁਕਾਨ ਵਰਗਾ ਸਥਾਨ ਬਣਾ ਜਿਸ ਵਿਚ ਸ਼ਬਦ ਦੀ ਘਾੜਤ ਕਰਨੀ ਹੈ । ਸਰੀਰ ਦਾ ਜਤ ਰੱਖ
ਭਾਵ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਹੋ ਕੇ 0ਮਾਇਆ ਤੋਂ ਬਚ ਕੇ ਸੁਨਿਆਰੇ ਵਰਗੀ ਧੀਰਜ
ਰੱਖਕੇ ਸਹਿਜ ਵਿਚ ਹੋ ਕੇ ਨਾਮ ਜਪਣਾ ਸ਼ੁਰੂ ਕਰ। ਨਾਮ ਦਾ ਅਭਿਆਸ ਕਰਦੇ ਵੇਲੇ ਜਤ-ਸਤ ਵਿਚ ਰਹਿਣ ਦੀ
ਭੱਠੀ ਹੋਵੇ, ਜਿਵੇਂ ਸੁਨਿਆਰਾ ਸੋਨੇ ਨੂੰ ਭੱਠੀ ਵਿਚ ਰੱਖ ਕੇ ਢਾਲਦਾ ਹੈ। ਜੀਵਨ ਵਿਚ ਧੀਰਜ ਰਖਣਾ,
ਸਬਰ, ਸੰਤੋਖ ਵਿਚ ਜੀਵਨ ਬਤੀਤ ਕਰਨਾ, ਕਾਹਲੇ ਨਹੀਨ ਪੈਣਾ, ਸੁਨਿਆਰੇ ਦੀ ਤਰ੍ਹਾਂ ਹੋਵੇ।
ਜਤੁ:
ਇਸੇ ਵਿਸ਼ੇ ਤੇ ਗੁਰੂ ਨਾਨਕ ਦੇਵ ਜੀ ਦੀ ਰੂਪਕ ਰਾਹੀਂ ਦਿਤੀ ਇਕ ਹੋਰ ਉਦਾਹਰਣ
ਪੇਸ਼ ਹੈ: ‘ਹੇ ਪ੍ਰਮਾਤਮਾਂ, ਮੈਨੂੰ ਪ੍ਰਹੇਜ਼ਗਾਰੀ ਅਤੇ ਪਵਿਤ੍ਰਤਾ ਦੇ ਚੌਲ, ਮਿਹਰਬਾਨੀ ਦੀ ਕਣਕ ਅਤੇ
ਧਿਆਨ ਦੀ ਪੱਤਲ ਬਖਸ਼। ਮੇਰੇ ਲਈ ਸ਼ੁਭ ਅਮਲ ਦਾ ਦੁੱਧ ਅਤੇ ਸੰਤੁਸ਼ਟਤਾ ਦਾ ਘਿਉ ਬਣਾ ਦੇ। ਐਹੋ ਜਿਹੀ
ਖੈਰ ਮੈਂ ਤੇਰੇ ਕੋਲੋਂ ਮੰਗਦਾ ਹਾਂ।ਖਿਮਾਂ ਕਰਨ ਅਤੇ ਧੀਰਜ ਸਿਦਕ ਨੂੰ ਮੇਰੀ ਦੁੱਧ ਦੇਣ ਵਾਲੀ ਗਾਂ
ਬਣਾ ਦੇ ਤਾਂ ਜੋ ਮੇਰੇ ਮਨ ਦਾ ਵੱਛਾ ਸੁਖੈਨ ਹੀ ਦੁੱਧ ਪੀ ਸਕੇ।
ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥ ਦੂਧੁ ਕਰਮੁ ਸੰਤੋਖੁ
ਘੀਉ ਕਰਿ ਐਸਾ ਮਾਂਗਉ ਦਾਨੁ ॥ ੩ ॥ ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ ॥ ਸਿਫਤਿ
ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥ ੪ ॥ ੭ ॥ (ਪ੍ਰਭਾਤੀ ਮਹਲਾ ੧, ਪੰਨਾ ੧੩੨੯)
ਨਾਮ ਹੀ ਜਤ, ਸਤ ਤੇ ਸੰਜਮ ਦਿਵਾਉਂਦਾ ਹੈ, ਨਾਮ ਬਿਨਾਂ ਨਿਰਮਲਤਾ ਨਹੀਂ ਹੋ
ਸਕਦੀ।ਉਸਦੇ ਵੱਡੇ ਭਾਗ ਹਨ ਜਿਸ ਦੇ ਮਨ ਵਿਚ ਨਾਮ ਵਸ ਗਿਆ ਹੈ ਤੇ ਸ਼ਬਦ ਦੀ ਪ੍ਰਾਪਤੀ ਹੋ ਗਈ ਹੈ।
ਸਹਿਜ ਅਵਸਥਾ ਵਿਚ ਹੀ ਪ੍ਰਮਾਤਮਾਂ ਦੇ ਗੁਣ ਪ੍ਰਾਪਤ ਹੋ ਜਾਂਦੇ ਹਨ ਤੇ ਉਹ ਰੰਗਾਂ ਵਿਚ ਵਸਦਾ ਹੈ।
ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥ ਪੂਰੈ ਭਾਗਿ ਨਾਮੁ
ਮਨਿ ਵਸੈ ਸਬਦਿ ਮਿਲਾਵਾ ਹੋਇ ॥ ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥ ੪ ॥ ੧੭ ॥ ੫੦
॥ ਸਿਰੀਰਾਗੁ ਮਹਲਾ ੩, ਪੰਨਾ ੩੩)
ਜੋ ਤਮੋ, ਰਜੋ ਸਤੋ ਵਿਚ ਫਸੇ ਹਨ ਉਹ ਇਨ੍ਹਾਂ ਤਿੰਨਾਂ ਜੋਗੇ ਹੀ ਰਹਿ ਜਾਂਦੇ
ਹਨ। ਸ਼ਬਦ ਦੀ ਵੀਚਾਰ ਨਾਲ ਹੀ ਸਾਰੇ ਗਮ ਸੋਗ ਮੁੱਕਣੇ ਹਨ।ਪਵਿੱਤਰ ਸੱਚ ਹੀ ਸ਼ਬਦ ਬਣ ਸਕਦਾ ਹੈ। ਜੋਗੀ
ਉਹ ਜੋ ਉਜਲ ਸੱਚ ਰਾਹੀਂ ਸ਼ਬਦ ਪ੍ਰਾਪਤ ਕਰਨ ਦੀ ਜੁਗਤ ਜਾਣਦਾ ਹੈ।ਹੇ ਵਾਹਗਿੁਰੂ! ਨੌ ਨਿਧਾਂ ਭਾਵ ਸਭ
ਪ੍ਰਾਪਤੀਆਂ ਤੇਰੇ ਕੋਲੋਂ ਹੀ ਪ੍ਰਾਪਤ ਹੋਣੀਆਂ ਹਨ, ਸਭ ਕੁਝ ਕਰਨ ਯੋਗ ਇਕ ਤੂੰ ਹੀ ਹੈਂ।ਤੂੰ ਹੀ
ਸਾਰੀ ਢਾਹ ਉਸਾਰੀ ਕਰਦਾ ਹੈ ਤੇ ਹੁੰਦਾ ਉਹ ਹੀ ਹੈ ਜੋ ਤੂੰ ਕਰਦਾ ਹੈਂ।ਜਤ, ਸਤ, ਸੰਜਮ ਤੇ ਸੱਚ
ਪਵਿਤਰ ਹਨ। ਗੁਰੂ ਜੀ ਫੁਰਮਾਉਂਦੇ ਹਨ ਕਿ ਅਸਲੀ ਜੋਗੀ ਤਾਂ ਤ੍ਰਿਭਵਣ ਦਾ ਪਿਆਰਾ ਪ੍ਰਮਾਤਮਾਂ ਹੈ:
ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥ ਸਬਦੁ ਵੀਚਾਰੈ ਚੂਕਸਿ ਸੋਗਾ ॥ ਊਜਲੁ
ਸਾਚੁ ਸੁ ਸਬਦੁ ਹੋਇ ॥ ਜੋਗੀ ਜੁਗਤਿ ਵੀਚਾਰੇ ਸੋਇ ॥ ੭ ॥ ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥
ਥਾਪਿ ਉਥਾਪੇ ਕਰੇ ਸੁ ਹੋਗੁ ॥ ਜਤੁ ਸਤੁ ਸੰਜਮੁ ਸਚੁ ਸੁਚੀਤੁ ॥ ਨਾਨਕ ਜੋਗੀ ਤ੍ਰਿਭਵਣ ਮੀਤੁ ॥ ੮ ॥
੨ ॥ (ਰਾਮਕਲੀ ਮਹਲਾ ੧, ਪੰਨਾ ੯੦੩)
ਜਦ ਪ੍ਰਾਣੀ ਪ੍ਰਭੂ ਦੀ ਪਨਾਹ ਲੈ ਲਵੇ ਤਦ ਉਸ ਦੇ ਇਸ ਸਰੀਰ-ਪਿੰਡ ਵਿਚ
ਬਲਵਾਨ ਸੱਚ, ਸੰਤੁਸ਼ਟਤਾ, ਪਵਿਤ੍ਰਤਾ, ਦਾਨਪੁੰਨ ਅਤੇ ਸਵੈ-ਜ਼ਬਤ ਆ ਟਿਕਦੇ ਹਨ।ਗੁਰੂ ਜੀ ਫੁਰਮਾਉਂਦੇ
ਹਨ ਕਿ ਗੁਰੂ ਦੀ ਬਾਣੀ ਰਾਹੀਂ ਪ੍ਰਾਣੀ ਸੁਖੈਨ ਹੋ ਜਗਤ ਦੀ ਜਿੰਦ ਜਾਨ ਪ੍ਰਮਾਤਮਾਂ ਨੁਾਲ ਮਿਲ
ਜਾਂਦਾ ਹੈ ਅਤੇ ਮਾਣ-ਇਜ਼ਤ ਪਾਉਂਦਾ ਹੈ:
ਸਤੁ ਸੰਤੋਖੁ ਨਗਰ ਮਹਿ ਕਾਰੀ ॥ ਜਤੁ ਸਤੁ ਸੰਜਮੁ ਸਰਣਿ ਮੁਰਾਰੀ ॥ ਨਾਨਕ
ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥ ੧੬ ॥ ੪ ॥ ੧੬ ॥ ਮਾਰੂ ਮਹਲਾ ੧, ਪੰਨਾ ੧੦੩੭)
ਧੀਰਜ
ਸਾਧੂ ਇਕ ਪ੍ਰਮਾਤਮਾਂ ਬਾਰੇ ਹੀ ਸਭ ਕਰਦਾ, ਪੜ੍ਹਦਾ ਤੇ ਸੁਣਦਾ ਹੈ।
ਪ੍ਰਮਾਤਮਾਂ ਉਸ ਨੰ ਸਹਿਣਸ਼ੀਲਤਾ ਤੇ ਧਰਮ ਦੀ ਟੇਕ ਪ੍ਰਦਾਨ ਕਰਦਾ ਹੈ ਤਾਂ ਪ੍ਰਾਣੀ ਚਉਥਾ ਪਦ ਪ੍ਰਾਪਤ
ਕਰ ਅਪਣੇ ਮਨ ਵਿਚ ਪਵਿਤ੍ਰਤਾ, ਸਚਾਈ ਅਤੇ ਸਵੈ-ਜ਼ਬਤ ਦੀ ਟੇਕ ਪਾਉਂਦਾ ਹੈ:
ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ
ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥ ੭ ॥ (ਧਨਾਸਰੀ ਮ: ੧, ਅਸਟਪਦੀਆਂ, ਪੰਨਾ ੬੮੬)
ਜਤ, ਸਤ, ਸੰਜਮ ਤੇ ਸੱਚ ਕਮਾਕੇ ਪੂਰੇ ਗੁਰੂ ਤੋਂ ਪ੍ਰਾਪਤ ਨਾਮ ਨੂੰ ਧਿਆਉ :
ਜਤੁ ਸਤੁ ਸੰਜਮੁ ਸਚੁ ਕਮਾਵੈ ਗੁਰਿ ਪੂਰੈ ਨਾਮੁ ਧਿਆਵਣਿਆ ॥ ੩ ॥ (ਮਾਝ ਮ:
੩, ਪੰਨਾ ੧੨੯)
ਜਤ, ਸਤ, ਸੰਜਮ ਤੇ ਸੱਚ ਕਮਾਕੇ ਹੀ ਸੱਚੇ ਸ਼ਬਦ ਦਾ ਰਸ ਪ੍ਰਾਪਤ ਹੁੰਦਾ ਹੈ।
ਮੇਰੇ ਦਿਆਲੂ ਗੁਰੂ ਨੇ ਮੈਨੂੰ ਪ੍ਰਮਾਤਮਾਂ ਦੇ ਰੰਗ ਵਿਚ ਰੰਗ ਲਿਆ ਹੈ ਜਿਸ ਸਦਕਾ ਦਿਨ ਰਾਤ ਮੇਰੀ
ਲਿਵ ਪ੍ਰਮਾਤਮਾਂ ਨਾਲ ਲੱਗੀ ਰਹਿੰਦੀ ਹੈ:
ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥ ੧ ॥ ਮੇਰਾ ਗੁਰੁ
ਦਇਆਲੁ ਸਦਾ ਰੰਗਿ ਲੀਣਾ ॥
ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥ ੧ ॥ (ਰਾਮਕਲੀ, ਮ: ੧,
ਪੰਨਾ ੯੦੭)
ਜਦ ਪ੍ਰਮਾਤਮਾਂ ਨਾਲ ਸੁਰਤ ਜੁੜਦੀ ਹੈ ਤਾਂ ਸ਼ਬਦ ਦੀ ਅਨਹਤ ਧੁਨੀ ਅੰਦਰੋਂ ਹੀ
ਉਠਦੀ ਹੈ।ਜਦ ਅਨਹਦ ਸ਼ਬਦ ਵਜਦਾ ਹੈ ਤਾਂ ਮਨ ਕਾਬੂ ਵਿਚ ਹੋ ਜਾਂਦਾ ਹੈ ਤੇ ਭਟਕਣ ਖਤਮ ਹੋ ਜਾਂਦੀ ਹੈ।
ਸੱਚੇ ਨਾਮ ਦੀ ਪ੍ਰਾਪਤੀ ਗੁਰੂ ਦੇ ਵਚਨਾਂ ਰਾਹੀਂ ਹੀ ਪ੍ਰਾਪਤੀ ਹੁੰਦੀ ਹੈ:
ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥ ਜਤੁ ਸਤੁ ਤਪੁ
ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥ ੩
॥ (ਸਿਰੀ ਰਾਗ, ਮ: ੧, ਪੰਨਾ ੩੧)
ਹੇ ਜੋਗੀ! ਸਤ, ਸੰਤੋਖ ਤੇ ਇਜ਼ਤ ਦੀ ਝੋਲੀ ਵਿਚ ਅੰਮ੍ਰਿਤ ਨਾਮ ਦੀ ਭਿਛਿਆ
ਪਵਾ:
ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ ॥ (ਤੁਖਾਰੀ
ਮ: ੩, ਪੰਨਾ ੯੦੮)
ਅਪਣੀ ਮਤ ਨੂੰ ਬੇਸ ਬਣਾ ਕੇ ਗਿਆਨ ਨੂੰ ਸ਼ਬਦ ਘੜਣ ਦਾ ਸਾਧਨ ਬਣਾ।ਗਿਆਨ
ਰਾਹੀਂ ਪ੍ਰਮਾਤਮਾਂ ਨਾਲ ਧਿਆਨ ਲਾਉਣਾ ਸਿੱਖ ਤੇ ਮਤ ਵਿਚ ਚੰਗੀ ਤਰ੍ਹਾਂ ਧਾਰ ਲੈ ਕਿ ਤੇਰੇ ਬਚਾ ਦਾ
ਇਕੋ ਇਕ ਰਸਤਾ ਨਾਮ ਹੈ । ਪ੍ਰਮਾਤਮਾਂ ਦਾ ਨਾਮ ਜਪਣ ਦਾ ਗਿਆਨ ਗ੍ਰੰਥਾਂ ਵਿਚੋਂ ਪ੍ਰਾਪਤ ਕਰ ਤੇ ਇਸ
ਗਿਆਨ ਦਾ ਹਥੌੜਾ ਬਣਾਕੇ ਮੱਤ ਦੀ ਅਜਿਹੀ ਘਾੜਤ ਘੜ ਕਿ ਉਹ ਹਮੇਸ਼ਾਂ ਪ੍ਰਮਾਤਮਾਂ ਨਾਲ ਜੁੜੀ ਰਹੇ:
ਬੁੱਧੀ ਨੂੰ ਅਹਿਰਣ ਬਣਾਉਣਾ ਹੈ ਭਾਵ ਬੁੱਧੀ ਧੀਰਜ ਸੁਨਿਆਰੇ ਦੇ ਹਵਾਲੇ ਕਰ
ਦੇਣੀ ਹੈ ਆਪਾ ਸਮਰਪਣ ਕਰਨਾ ਹੈ ਜਿਵੇਂ ਅਹਿਰਣ ਨੇ ਅਪਣੇ ਆਪ ਨੂੰ ਸੁਨਿਆਰੇ ਦੇ ਹਵਾਲੇ ਕੀਤਾ ਹੈ।
ਬੁੱਧੀ ਧੀਰਜ ਦੇ ਹਵਾਲੇ ਹੋ ਜਾਵੇ, ਅਪਣੀ ਚਤੁਰਾਈ ਛੱਡ ਦੇਵੇ ਭਾਵ ਭਾਣੇ ਵਿਚ ਰਜ਼ਾ ਵਿਚ ਸ਼ੁਕਰ, ਸਬਰ
ਵਿਚ ਰਹੇ। ਏਥੇ ਸਹਿਜ ਅਵਸਥਾ ਵਿਚ ਰਹਿਣ ਦਾ ਭਾਵ ਹੈ। ਵੇਦੁ: ਵਿਚਾਰ, ਗਿਆਨ।ਵੇਦਾਂ ਸ਼ਾਸ਼ਤਰਾਂ ਦਾ
ਸਤਿ ਗਿਆਨ ਇਹ ਹਥੌੜਾ ਹੋਵੇ ਤਾਂ ਕਿ ਬੁੱਧੀ ਉਤੇ ਗਿਆਨ ਵਿਚਾਰ ਦਾ ਹਥੌੜਾ ਚਲਦਾ ਰਹੇ ਤੇ ਬੁੱਧੀ
ਗਿਆਨ ਵਿਚਾਰ ਕਰਦੀ ਰਹੇ:
ਅਹਰਣਿ ਮਤਿ ਵੇਦੁ ਹਥੀਆਰੁ ॥
ਮਤਿ
ਤੇਰਾ (ਰਾਮ) ਨਾਮ ਜ਼ੇਵਰ ਹੈ ਜੋ ਜਾਗੇ ਹੋਏ ਮਨ ਦਾ ਮਨੋਰਥ ਹੈ:
ਨਾਉ ਤੇਰਾ ਗਹਣਾ ਮਤਿ ਮਕਸੂਦੁ॥ (ਮ: ੧, ਪੰਨਾ ੧੩੨੭)
ਸਵਾਸ ਜੀਵਨ ਦਾ ਅਰੰਭ ਹਨ ਤੇ ਇਸ ਜੀਵਨ ਨੂੰ ਸਤਿਗੁਰੂ ਤੋਂ ਮਿਲੀ ਮੱਤ
ਅਨੁਸਾਰ ਧਰਮ ਨਾਲ ਜਿਉਣਾ ਹੈ।ਪ੍ਰਭੂ ਗੁਰੂ ਹੈ ਜਿਸ ਦੇ ਸਿਮਰਨ ਨੂੰ ਸੇਵਕ ਅਪਣੀ ਧੁਨ ਬਣਾ ਲੈਂਦਾ
ਹੈ:
ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
(ਰਾਮਕਲੀ ਮ:੧, ਪੰਨਾ ੯੪੩)
ਹੇ ਮਨ ਸਾਰੀਆਂ ਚਿੰਤਾਂਵਾਂ ਨੂੰ ਮਾਰ ਤੇ ਗੁਰੂ ਤੋਂ ਮਿਲੇ ਸ਼ਬਦ ਨਾਮ ਰਾਹੀਂ
ਹਰੀ ਵਿਚ ਮਿਲ ਜਾ। ਹਰੀ ਦਾ ਨਾਮ ਜਪਣਾ ਹੀ ਤਤ ਗਿਆਨ ਹੈ ਤੇ ਇਸੇ ਨੂੰ ਹੀ ਅਪਣੀ ਮਤ ਵਿਚ ਭਰ ਲੈ:
ਏ ਮਨ ਮਿਰਤ ਸੁਭ ਚਿੰਤੰ ਗੁਰ ਸਬਦਿ ਹਰਿ ਰਮਣੰ ॥ ਮਤਿ ਤਤੁ ਗਿਆਨੰ ਕਲਿਆਣ
ਨਿਧਾਨੰ ਹਰਿ ਨਾਮ ਮਨਿ ਰਮਣੰ ॥ ੨ ॥ (ਗੂਜਰੀ ਮਹਲਾ ੧ ਘਰੁ ੪, ਪੰਨਾ ੫੦੫)
ਹੇ ਮਨਾ! ਜੋ ਸੱਚੇ ਸਤਿਗੁਰ ਦਾ ਨਾਮ ਜਪਦੇ ਹਨ ਉਹ ਤਾਂ ਵੱਡਭਾਗੇ ਪ੍ਰਾਣੀ
ਹਨ। ਜੋ ਅਪਣਾ ਮਨ ਮਾਰਦੇ ਹਨ ਉਹ ਹੀ ਅਸਲ ਵੈਰਾਗੀ ਹਨ।ਉਨ੍ਹਾਂ ਵੈਰਾਗੀਆਂ ਦੀ ਸੱਚੇ ਨਾਲ ਲਿਵ ਲੱਗ
ਜਾਂਦੀ ਹੈ ਤੇ ਉਹ ਆਪਾ ਪਛਾਣ ਲੈਂਦੇ ਹਨ। ਉਨ੍ਹਾਂ ਦੀ ਮੱਤ ਠਹਿਰੀ ਹੁੰਦੀ ਹੈ ਭਾਵ ਪੱਕੀ ਹੋ ਜਾਦੀ
ਹੈ ਤੇ ਨਾਮ ਨਾਲ ਇਸ ਤਰ੍ਹਾਂ ਗੂੜ੍ਹਾ ਰਿਸ਼ਤਾ ਪਾ ਲੈਂਦੀ ਹੈ ਕਿ ਨਾਮ ਨਾਲ ਜੁੜੇ ਗੁਰਮੁੱਖ ਦੇ
ਮੂੰਹੋ ਰਾਮ ਨਾਮ ਸਹਿਜੇ ਹੀ ਉਚਰਦਾ ਰਹਿੰਦਾ ਹੈ।
ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥ ਜੋ ਮਨੁ ਮਾਰਹਿ
ਆਪਣਾ ਸੇ ਪੁਰਖ ਬੈਰਾਗੀ ਰਾਮ ॥ ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥ ਮਤਿ ਨਿਹਚਲ
ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥ (ਵਡਹੰਸੁ ਮਹਲਾ ੩, ਪੰਨਾ ੫੬੯)
ਹੇ ਮਨ! ਗੋਬਿੰਦ ਨੂੰ ਹਰੀ ਨੂੰ ਹਮੇਸ਼ਾ ਜਪ। ਗੁਰੂ ਤੋਂ ਮਿਲੀ ਮਤ ਨਾਲ ਹੀ
ਪ੍ਰਭੂ ਨੂੰ ਲਭਿਆ ਜਾਂਦਾ ਹੈ:
ਜਪਿ ਮਨ ਗੋਬਿਦ ਮਾਧੋ ॥ ਹਰਿ ਹਰਿ ਅਗਮ ਅਗਾਧੋ ॥ ਮਤਿ ਗੁਰਮਤਿ ਹਰਿ ਪ੍ਰਭੁ
ਲਾਧੋ ॥ (ਕਾਨੜਾ ਮਹਲਾ ੪, ਪੰਨਾ ੧੨੯੭)
ਹਮੇਸ਼ਾ ਹਰੀ ਦਾ ਗੁਣ ਗਾਵੋ, ਉਸਦੇ ਗੁਣ ਗਾਇਆ ਸਾਰੇ ਪਾਪ ਲੱਥ ਜਾਂਦੇ ਹਨ।
ਗੁਰੂ ਦੀ ਦਿਤੀ ਮੱਤ ਵਲ ਅਪਣਾ ਕੰਨ ਦੇ ਭਾਵ ਗੁਰੂ ਦੀ ਮੱਤ ਨੂੰ ਧਿਆਨ ਨਾਲ ਸੁਣ ਤੇ ਹਮੇਸ਼ਾ ਹਰੀ ਦਾ
ਨਾਮ ਜਪ:
ਹਰਿ ਜਸੁ ਗਾਵਹੁ ਭਗਵਾਨ ॥ ਜਸੁ ਗਾਵਤ ਪਾਪ ਲਹਾਨ ॥ ਮਤਿ ਗੁਰਮਤਿ ਸੁਨਿ ਜਸੁ
ਕਾਨ ॥ ਹਰਿ ਹੋ ਹੋ ਕਿਰਪਾਨ ॥ ੧ ॥ (ਕਾਨੜਾ ਮਹਲਾ ੪ , ਪੰਨਾ ੧੨੯੭)
ਹਰੀ ਦੇ ਨਾਮ ਦੀ ਕੀਰਤੀ ਹੈ ਸਭ ਤੋਂ ਉਤਮ ਹੈ ਕਲਿਯੁਗ ਵਿਚ ਸਾਰੇ ਕੰਮਾਂ ਦਾ
ਸਾਰ ਰਾਮ ਨਾਮ ਹੀ ਹੈ। ਗੁਰੂ ਤੋਂ ਮਿਲੀ ਮਤ ਅਨੁਸਾਰ ਪ੍ਰਮਾਤਮਾਂ ਦੀ ਹਮੇਸ਼ਾ ਕੀਰਤ ਕਰੋ ਰਾਮ ਨਾਮ
ਗਾਵੋ ਤੇ ਉਸ ਦਾ ਨਾਮ ਹਮੇਸ਼ਾ ਅਪਣੇ ਦਿਲ ਵਿਚ ਧਾਰ ਕੇ ਰੱਖੋ:
ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥ ਮਤਿ ਗੁਰਮਤਿ
ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥ (ਮਃ ੪, ਪੰਨਾ ੧੩੧੪)
ਗੁਰਮੁਖ ਦੀ ਜ਼ਿੰਦਗੀ ਨਾਮ ਜਪਣ ਦੇ ਕੰਮ ਵਿਚ ਲੱਗੀ ਹੋਈ ਹੈ।ਉਸਨੇ ਅਪਣੀ ਮੱਤ
ਅਤੇ ਜੀਅ ਨੂੰ ਰਾਮ ਨਾਮ ਬਣਾ ਲਿਆ ਹੈ ਤੇ ਉਸਦੇ ਮੁਖ ਵਿਚੋਂ ਹਮੇਸ਼ਾ ਰਾਮ ਨਾਮ ਹੀ ਨਿਕਲਦਾ ਹੈ,
(ਹਾਇ ਮਾਂ! ਜਾਂ ਹਾਇ ਜਿੰਦੇ! ਨਹੀਂ ਨਿਕਲਦਾ)।ਸੰਤੋਖ ਨੂੰ ਅਪਣਾ ਪਿਤਾ ਭਾਵ ਸੁਰਖਿਆਕਵਚ ਸਮਝ ਗੁਰੂ
ਤੋਂ ਮਿਲੇ ਉਹ ਨਾਮ ਸਹਾਰੇ ਜਨਮਾਂ ਦੇ ਚੱਕਰ ਤੋਂ ਛੁਟ ਜਾਂਦਾ ਹੈ। ਰਾਮ ਨਾਮ ਤਾਂ ਵੱਡੇ ਭਾਗਾਂ
ਵਾਲਿਆਂ ਨੂੰ ਹੀ ਮਿਲਦਾ ਹੈ:
ਗੁਰਮੁਖਿ ਜਿੰਦੂ ਜਪਿ ਨਾਮੁ ਕਰੰਮਾ॥ਮਤਿ ਮਾਤਾ ਮਤਿ ਜੀਉ ਨਾਮੁ ਮੁਖਿ
ਰਾਮਾ॥ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥ ਵਡਭਾਗੀ ਮਿਲੁ ਰਾਮਾ ॥ ੧ ॥ (ਰਾਗੁ ਗਉੜੀ ਮਾਝ
ਮਹਲਾ ੪, ਪੰਨਾ ੧੭੨)
ਮੱਤ ਵਿਚ ਗਿਆਨ ਦੀ ਰੋਸ਼ਨੀ ਹੋਈ ਤਾਂ ਹਰੀ ਦੇ ਨਾਮ ਨਾਲ ਲਿਵ ਲੱਗ ਗਈ। ਮਨ
ਨੇ ਹਰੀ ਨੂੰ ਮੰਨ ਲਿਆ ਤਾਂ ਅੰਦਰੋਂ ਗਿਆਨ ਦੀ ਜੋਤ ਪ੍ਰਗਟ ਹੋਈ ਤੇ ਹਰੀ ਦੇ ਨਾਲ ਸਹਿਜੇ ਹੀ ਸਮਾਧੀ
ਜੁੜ ਗਈ:
ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥ ਅੰਤਰਿ ਜੋਤਿ ਪ੍ਰਗਟੀ
ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥ ੩ ॥(ਸਾਰੰਗ ਮ:੪, ਪੰਨਾ ੧੧੯੯)
ਵੇਦ
(ਵਿਚਾਰ, ਗਿਆਨ) ਵੇਦਾਂ ਸ਼ਾਸ਼ਤਰਾਂ ਦਾ ਸਤਿ ਗਿਆਨ ਹਥੌੜਾ ਹੋਵੇ ਜੋ ਬੁਧੀ
ਉਤੇ ਚਲਦਾ ਰਹੇ ਤੇ ਬੁਧੀ ਨਾਮ ਦੀ ਵਿਚਾਰ ਕਰਦੀ ਰਹੇ।ਵੇਦ ਗਿਆਨ ਦੇ ਖਜ਼ਾਨੇ ਹਨ। ਵੇਦਾਂ ਵਿਚ ਨਾਮ
ਹੀ ਸਭ ਤੋਂ ਉਤਮ ਮੰਨਿਆਂ ਗਿਆ ਹੈ । ਜੋ ਵੇਦਾਂ ਵਿਚਲਾ ਨਾਮ ਗਿਆਨ ਨਹੀਂ ਪ੍ਰਾਪਤ ਕਰਦੇ ਬੇਤਾਲਿਆ
ਵਾਂਗੂ ਨੱਚਦੇ ਹਨ ਭਾਵ ਭਟਕਦੇ ਰਹਿੰਦੇ ਹਨ:
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥(ਰਾਮਕਲੀ
ਮ: ੩, ਪੰਨਾ ੯੧੯)
ਕਿਤਨੇ ਹੀ ਵਿਆਖਿਆਨ ਕਰਦੇ ਕਹਿ ਕਹਿ ਕੇ ਚਲੇ ਗਏ। ਵੇਦਾਂ ਨੇ ਪ੍ਰਮਾਤਮਾਂ
ਦਾ ਵਿਆਖਿਆਨ ਤਾਂ ਬਹੁਤ ਕੀਤਾ ਹੈ ਪਰ ਉਸ ਦਾ ਤਾਂ ਅੰਤ ਨਹੀਂ ਪਾਇਆ ਜਾ ਸਕਦਾ। ਸਿਰਫ ਵੇਦ ਪੜ੍ਹੇ
ਤੇ ਹੀ ਨਹੀਨ ਇਸ ਪ੍ਰਾਪਤ ਗਿਆਨ ਅਨੁਸਾਰ ਪ੍ਰਮਾਤਮਾਂ ਨੂੰ ਸਮਝਣਾ ਹੈ
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ (ਮਾਝ ਮ: ੧, ਵਾਰ, ਪੰਨਾ ੧੪੮)
ਗਿਆਨ ਹੀ ਹੈ ਜੋ ਮਨ ਨੂੰ ਬੰਨ੍ਹ ਕੇ ਰਖਦਾ ਹੈ ਜਿਵੇਂ ਘੜੇ ਵਿਚ ਪਾਣੀ
ਬੰਨਿ੍ਹਆਂ ਹੁੰਦਾ ਹੈ ਪਰ ਗਿਆਨ ਗੁਰੂ ਤੋਂਂ ਬਿਨਾ ਨਹੀਂ ਮਿਲ ਸਕਦਾ। ਇਸ ਸਭ ਦਾ ਭਾਵ ਵੇਦ ਗਿਆਨ ਦਾ
ਖਜ਼ਾਨਾ ਤਾਂ ਹਨ ਪਰ ਉਨ੍ਹਾਂ ਨੂੰ ਪੜ੍ਹਣ ਨਾਲ ਹੀ ਸ਼ਬਦ ਦੀ ਪ੍ਰਾਪਤੀ ਨਹੀ ਹੁੰਦੀ ਸਮਝ ਤਾਂ ਪੂਰੇ
ਗੁਰੂ ਤੋਂ ਹੀ ਪ੍ਰਾਪਤ ਹੋਣੀ ਹੈ:
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ
ਗੁਰ ਬਿਨੁ ਗਿਆਨੁ ਨ ਹੋਇ ॥ ੫ ॥ (ਮ: ੧, ਪੰਨਾ ੪੬੯)
ਪ੍ਰਮਾਤਮਾਂ ਦਾ ਭਉੁ ਹਮੇਸ਼ਾ ਦਿਲ ਵਿਚ ਰੱਖ ਤੇ ਉਸ ਦਾ ਭਉ ਖਾ ਕੇ ਉਸ ਨਾਲ
ਭਾਉ-ਪ੍ਰੇਮ ਕਰਨਾ ਸਿੱਖ ਤਾਂ ਕਿ ਉਸ ਦੇ ਨੇੜੇ ਹੋਵੇਂ ਤੇ ਉਸ ਨਾਲ ਸੰਪਰਕ ਰਹੇ ਤਾਂ ਤੇਰਾ ਭਉ ਘਟ
ਹੋਵੇ ਤੇ ਭਾਉ ਹੋਰ ਵਧਦਾ ਜਾਵੇ।ਭਉ ਦੇ ਤਾਪ ਵਿਚ ਪ੍ਰਮਾਤਮਾਂ ਦਾ ਭਾਉ ਪਕਾ ਲੈ।
ਭੱਠੀ ਦੀ ਅੱਗ ਨੂੰ ਤੇਜ਼ ਕਰਨ ਲਈ ਧੌਂਕਣੀ ਰਾਹੀਂ ਹਵਾ ਦਿਤੀ ਜਾਂਦੀ ਹੈ।
ਧੌਂਕਣੀ ਦੀਆਂ ਖੱਲਾਂ ਰਾਹੀਂ ਦਿਤੀ ਹਵਾ ਨੂੰ ਏਥੇ ਭਉ ਭਾਵ ਡਰ ਨਾਲ ਤੇਜ਼ ਕਰਨਾ ਹੈ। ਹਵਾ ਦੇਣ ਤੋਂ
ਭਾਵ ਇਸ ਅੱਗ ਨੂੰ ਤੇਜ਼ ਕਰਨਾ ਹੈ, ਹਵਾ ਦੇ ਕੇ ਅੱਗ ਨੂੰ ਤੇਜ਼ ਕਰਨਾ ਹੈ। ਤਾਉ ਤੋਂ ਭਾਵ ਅੱਗ ਦਾ
ਬਾਲਣਾ ਤੇ ਤੇਜ਼ ਕਰਨਾ ਹੈ।ਤਪ ਕਰਨ ਤੋਂ ਭਾਵ ਸਰੀਰ ਨੂੰ ਸਾਵਧਾਨ ਰੱਖਣਾ, ਆਲਸ ਨਾ ਕਰਨਾ, ਮਨ ਦੀ
ਮਰਜ਼ੀ ਨਾ ਚੱਲਣ ਦੇਣੀ। ਮਨ ਦੀ ਮਰਜ਼ੀ ਦੇ ਵਿਰੁਧ ਚਲਕੇ, ਸੁੱਖ ਆਰਾਮ ਛੱਡਕੇ, ਨਾਮ ਨਾਲ ਟਿਕੇ ਰਹਿਣਾ
ਤਪ ਕਰਨਾ ਹੈ ।ਮਨ ਕਹਿੰਦਾ ਹੈ ਸਵੇਰੇ ਨਹੀਂ ਉੱਠਣਾ ਪਰ ਫਿਰ ਵੀ ਉਠਣਾ ਹੈ।ਮਨ ਕਹਿੰਦਾ ਹੈ ਪਾਣੀ
ਸੀਤ ਠੰਢਾ ਹੈ, ਸਰਦੀ ਲੱਗ ਜਾਏਗੀ ਇਸ ਲਈ ਇਸ਼ਨਾਨ ਨਹੀਂ ਕਰਨਾ, ਪਰ ਇਸ਼ਨਾਨ ਫਿਰ ਵੀ ਕਰਨਾ ਹੈ,
ਸਤਿਸੰਗ ਵਿਚ ਬੈਠਣ ਨੂੰ ਜੀ ਨਹੀਂ ਕਰਦਾ ਪਰ ਬੈਠਣਾ ਹੈ, ਇਹ ਸਾਰਾ ਤਪ ਤਾਪਣਾ ਹੈ, ਭੱਠੀ ਵਿਚ ਅੱਗ
ਬਾਲਣੀ ਹੈ: