ਪਹਿਲੀ ਤੁਕ ਵਿੱਚ ਵਿਧਾਨ ਦਿੱਤਾ ਹੈ ਕਿ ਰਾਜਾ (ਅੱਜ ਦੀ ਬੋਲੀ ਵਿੱਚ
ਨੇਤਾਜਨ) ੳਹ ਹੀ ਤੱਖਤ `ਤੇ ਬੈਠਣ ਦਾ ਹੱਕ ਰੱਖਦਾ ਹੈ ਜਿਹੜਾ ਇਸ ਤੱਖਤ ਦੇ ਯੋਗ ਹੋਵੇ। ਉਸ ਦੀ
ਯੋਗਤਾ ਗੁਰਬਾਣੀ ਨਿਰਧਾਰਤ ਕਰਦੀ ਹੈ ਕਿ ਮਾਇਆ ਦੀ ਤ੍ਰਿਸ਼ਨਾ ਤੋਂ ਊਪਰ ਚਲਾ ਗਿਆ ਹੋਵੇ। ਭੁੱਖ
(ਲਾਲਚ) ਨਿੱਜੀ ਸੁਆਰਥ ਵਲੋਂ ਬੇਪਰਵਾਹ ਹੋ ਜਾਏ, ਸੱਚ ਦੀ ਪਹਿਚਾਨ ਕਰ ਲਏ ਤੇ ਆਪਣੇ ਫ਼ਰਜ਼ਾਂ ਨੂੰ
ਗੁਰੂ ਹਾਜ਼ਰ ਨਾਜ਼ਰ ਸਮਝਦਿਆਂ ਪੂਰੀ ਤਨ ਦੇਹੀ ਨਾਲ ਨਿਭਾਏ। ਆਗੂਆਂ ਵਿੱਚ ਨਿਰਪੱਖਤਾ ਤੇ ਸਰਬ ਸਾਂਝੀ
ਸੋਚ ਹੋਣੀ ਚਾਹੀਦੀ ਹੈ।
ਪਉੜੀ ਦੀ ਅਗਲੀ ਤੁਕ ਵਿੱਚ ਧਰਤੀ `ਤੇ ਰਾਜ ਕਰਨ ਵਾਲਿਆਂ ਨੂੰ ਰਾਜੇ ਨਹੀਂ
ਕਿਹਾ ਸਕਦਾ ਕਿਉਂਕਿ ਉਨ੍ਹਾਂ ਅੰਦਰ ਲਾਲਸਾ, ਆਪਣੇ ਪਰਵਾਰ ਦੀ ਪੂੰਜੀ ਨੂੰ ਹਰ ਸਮੇਂ ਵਧਾਉਂਦੇ
ਰਹਿਣਾ, ਦੂਸਰਿਆਂ ਦੇ ਹੱਕ ਖੋਹ ਲੈਣੇ, ਧੱਕਾ ਕਰਨਾ, ਜ਼ਮੀਨਾਂ `ਤੇ ਕਬਜ਼ੇ ਕਰਨੇ, ਬਦਲੇ ਦੀ ਭਾਵਨਾ
ਰੱਖਣੀ ਅਜੇਹੀ ਘਟੀਆ ਸੋਚ ਵਾਲੇ ਰਾਜ ਕਰਨ ਦੇ ਕਾਬਲ ਨਹੀਂ ਹੋ ਸਕਦੇ। ਦੂਸਰਾ ਇਹਨਾਂ ਨੂੰ ਕੀ
ਵਡਿਆਉਣਾ ਹੋਇਆ ਜਿਹੜੇ ਆਪਣੇ ਦੁਨਿਆਵੀ ਮਾਲਕਾਂ ਨੂੰ ਹੀ ਖੁਸ਼ ਕਰਦੇ ਰਹਿਣ। ਉਹ ਕਾਹਦੇ ਰਾਜੇ ਵਜ਼ੀਰ
ਹੋਏ ਜਿਹੜੇ ਚਾਪਲੂਸ ਹੀ ਬਣੇ ਰਹਿੰਦੇ ਹਨ। ਇੱਕ ਵਿਦਵਾਨ ਕਹਿੰਦਾ ਹੈ ਕਿ ਰਾਜਨਤਿਕ ਤੇ ਧਾਰਮਕ
ਨੇਤਾਵਾਂ ਨੂੰ ਚਾਪਲੂਸਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਇਮਾਨਦਾਰ ਲੋਕ ਉਹਨਾਂ ਦੀ ਬੋਲੀ
ਨਹੀਂ ਬੋਲਦੇ ਉਨ੍ਹਾਂ ਦੇ ਕਹੇ ਅਨੁਸਾਰ ਨਹੀਂ ਚਲਦੇ। ਸੱਚ ਦਾ ਰਾਜ ਕੇਵਲ ਇੱਕ ਪ੍ਰਭੂ ਜੀ ਦਾ ਹੀ
ਹੈ, ਜਿਹੜਾ ਗੁਰੂ ਦੇ ਸਨਮੁੱਖ ਰਹਿ ਕੇ ਇਸ ਨੁਕਤੇ ਨੂੰ ਸਮਝ ਲੈਂਦਾ ਹੈ ਉਹ ਤ੍ਰਿਸ਼ਨਾ ਦੀ ਭੁੱਖ
ਵਲੋਂ ਅਡੋਲ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਅਸੀਂ ਆਪਣੇ ਹਿਰਦੇ `ਤੇ ਸੱਚਾ ਤੱਖਤ ਤਿਆਰ ਕਰਨਾ ਹੈ
ਜਿਸ `ਤੇ ਰੱਬ ਜੀ ਨੇ ਆ ਕੇ ਬੈਠਣਾ ਹੈ। ਜੇ ਹਿਰਦੇ ਦਾ ਤੱਖਤ ਤਿਆਰ ਹੋ ਗਿਆ ਤਾਂ ਫਿਰ ਜ਼ਿੰਮੇਵਾਰ
ਵਿਆਕਤੀ ਸੱਚੇ ਫੈਸਲੇ ਹੀ ਕਰੇਗਾ---ਗੁਰਬਾਣੀ ਵਾਕ ਹੈ—
ਮਾਰੂ ਸੋਹਲੇ ਮਹਲਾ ੧ ਪੰਨਾ ੧੦੩੯
ਇਹ ਉਪਦੇਸ਼ ਸਾਰਿਆਂ `ਤੇ ਲਾਗੂ ਹੁੰਦਾ ਹੈ ਪਰ ਜਿਹੜੇ ਨੇਤਾਜਨ ਜਾਂ ਧਾਰਮਕ
ਆਗੂ ਹਨ ੳਨ੍ਹਾਂ ਨੇ ਕੌਮੀ ਫੈਸਲੇ ਲੈਣੇ ਹੁੰਦੇ ਹਨ ਇਸ ਲਈ ਇਹ ਉਪਦੇਸ਼ ੳਨ੍ਹਾਂ `ਤੇ ਜ਼ਿਆਦਾ ਲਾਗੂ
ਹੁੰਦਾ ਹੈ। ਜਿਹੜਾ ਮਨੁੱਖ ਗੁਰੂ ਦੀ ਮਤ ਅਨੁਸਾਰੀ ਹੋ ਕੇ ਤੁਰਦਾ ਹੈ। ਪੰਜਾਂ ਗਿਆਨ ਇੰਦਰਿਆਂ ਨੂੰ
ਆਪਣੇ ਸੇਵਕ ਬਣਾ ਲੈਂਦਾ ਹੈ। ਮਾਇਆ ਦੇਖਕੇ ਡੋਲਦਾ ਨਹੀਂ ਹੈ। ਗੁਰੂ ਦੀ ਮਤ ਭਾਵ ਰੱਬੀ ਗੁਣਾਂ ਨੂੰ
ਆਪਣੇ ਸੁਭਾਅ ਵਿੱਚ ਢਾਲ਼ ਲਿਆ ਹੈ ਉਸ ਨੇ ਪ੍ਰਭੂ ਜੀ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲ਼ਿਆ ਹੈ।
ਇਸ ਗੱਲ ਨੂੰ ਬੜੇ ਦੁੱਖ ਨਾਲ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਅੱਜ ਸਾਡੀਆਂ
ਮਹਾਨ ਸੰਸਥਾਵਾਂ, ਤੱਖਤਾਂ ਦੇ ਜੱਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ, ਸਾਧਲਾਣਾ ਜਾਂ ਸੰਤ
ਯੂਨੀਅਨ, ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਆਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਧੀਨ ਹੋ ਕੇ ਚੱਲ
ਰਹੀਆਂ ਹਂਨ। ਸਭ ਤੋਂ ਵੱਡੀ ਗੱਲ ਹੈ ਉਪਰੋਕਤ ਸਾਰੀਆਂ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
ਦੇ ਅਧੀਨ ਹੋ ਚੱਲ ਰਹੀਆਂ ਹਨ। ਅਕਾਲੀ ਦਲ ਦੇ ਪ੍ਰਧਾਨ ਨੂੰ ਰਾਜ ਕਰਨ ਲਈ ਵੋਟਾਂ ਚਾਹੀਦੀਆਂ ਹਨ ਤੇ
ਇਹ ਵੋਟਾਂ ਹੀ ਇਨ੍ਹਾਂ ਦੀ ਵੱਡੀ ਕੰਮਜ਼ੋਰੀ ਹੈ। ਇਸ ਕੰਮਜ਼ੋਰੀ ਦਾ ਲਾਭ ਇਹ ਸੰਸਥਾਵਾਂ ਲੈ ਰਹੀਆਂ
ਹਨ। ਸਾਧ ਯੂਨੀਅਨ ਤਥਾ ਡੇਰੇਦਾਰ ਸਿੱਖ ਸਿਧਾਂਤ ਛੱਡ ਚੁੱਕੇ ਹਨ। ਇਨ੍ਹਾਂ ਦਾ ਬਾਹਰਲਾ ਭੇਖ ਸਿੱਖੀ
ਵਾਲਾ ਹੈ ਪਰ ਕੰਮ ਸਭ ਬਿਪੱਰਵਾਦੀ ਹਨ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਬਿੱਪਰਵਾਦੀ ਸੋਚ ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਤੋਂ ਆਪਣੀ ਮਨ ਮਰਜ਼ੀ ਦੇ ਫੈਸਲੇ ਕਰਾਉਂਦੀ ਹੈ।
ਇਕ ਹੋਰ ਵਿਚਾਰਨ ਵਾਲਾ ਨੁਕਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ
ਪਿੱਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਚਲੀ ਆ ਰਹੀ ਹੈ। ਪੰਜਾਬ ਵਿੱਚ ਹੀ ਨਹੀਂ
ਸਗੋਂ ਕੇਂਦਰ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਵਾਲੇ ਭਾਗੀਦਾਰ ਰਹੇ ਹਨ। ਇਹ ਉਹ
ਭਾਰਤੀ ਜਨਤਾ ਪਾਰਟੀ ਹੈ ਜਿਹੜੀ ਪੰਜਾਬੀ ਵਿੱਚ ਬੋਲ ਕੇ ਕਹਿੰਦੀ ਹੈ ਸਾਡੀ ਬੋਲੀ ਹਿੰਦੜੀ ਹੈ।
ਭਾਰਤੀ ਜਨਤਾ ਪਾਰਟੀ ਨੇ ਹੀ ਪੰਜਾਬੀ ਸੂਬੇ ਦਾ ਸਭ ਤੋਂ ਵੱਧ ਵਿਰੋਧ ਕੀਤਾ ਹੈ। ਭਾਰਤੀ ਜਨਤਾ ਪਾਰਟੀ
ਆਰ, ਐਸ. ਐਸ. ਦੇ ਅਧੀਨ ਹੋ ਕੇ ਚੱਲ ਰਹੀ ਹੈ। ਇੰਜ ਕਿਹਾ ਜਾ ਸਕਦਾ ਹੈ ਕਿ ਸ਼੍ਰਮੋਣੀ ਅਕਾਲੀ ਦਲ
ਬਾਦਲ `ਤੇ ਇੱਕ ਪਰਵਾਰ ਦਾ ਕਬਜ਼ਾ ਹੈ ਤੇ ਅਗਾਂਹ ਸਾਰੀਆਂ ਜੱਥੇਬੰਦੀਆਂ ਇਸ ਪਰਵਾਰ ਦਾ ਪਾਣੀ ਭਰਦੀਆਂ
ਹਨ। ਪਾਠਕ ਜਨੋ ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਗਾ ਲਓ ਕਿ ਸਾਡੇ ਤੱਖਤਾਂ ਦੇ ਜੱਥੇਦਾਰ ਕਿਸ ਦੇ
ਅਧੀਨ ਹੋਏ? ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਡੀਆਂ ਸਿਰ ਮੋਰ ਜੱਥੇਬੰਦੀਆਂ ਵਿੱਚ ਆਰ.
ਐਸ. ਐਸ. ਵਰਗੀਆਂ ਕਟੜ ਹਿੰਦੂ ਸੰਸਾਥਾਂਵਾਂ ਦਾ ਪੂਰੀ ਤਰ੍ਹਾਂ ਗਲਬਾ ਪੈ ਚੁੱਕਿਆ ਹੈ।
ਸਿੱਖਾਂ ਦੇ ਰਾਜਨੀਤਕ ਨੇਤਾ ਤਾਂ ਏੱਡੇ ਮੀਸਣੇ ਹੋ ਗਏ ਹਨ ਕਿ ਤੱਖਤਾਂ ਦੇ
ਜੱਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਵਰਤ ਕੇ ਕਹਿ ਦੇਂਦੇ ਹਨ ਕਿ ਜੀ ਜੱਥੇਦਾਰ ਤਾਂ ਪੂਰੀ ਤਰ੍ਹਾਂ
ਅਜ਼ਾਦ ਹਨ। ਇਨ੍ਹਾਂ ਦਿਆਂ ਕੰਮਾਂ ਵਿੱਚ ਸਾਡੀ ਕੋਈ ਦਖਲ ਅੰਦਾਜ਼ੀ ਨਹੀਂ ਹੈ। ਅਸੀਂ ਤਾਂ ਪਿੱਛਲੇ ਵੀਹ
ਸਾਲਾਂ ਤੋਂ ਕਦੇ ਦਖਲ ਅੰਦਾਜ਼ੀ ਨਹੀਂ ਕੀਤੀ। ਇਹ ਆਗੂ ਸਿੱਖ ਸਿਧਾਂਤ ਤੋਂ ਪੂਰੀ ਤਰ੍ਹਾਂ ਤਿਲਕ
ਚੁੱਕੇ ਹਨ। ਸਿੱਖਾਂ ਦੇ ਇਹ ਰਾਜਨੀਤਕ ਨੇਤਾ ਆਪਣੀ ਮਰਜ਼ੀ ਦੇ ਫੈਸਲੇ ਨੂੰ, ਅਕਾਲ ਤੱਖਤ ਦਾ
ਹੁਕਮਨਾਮਾ ਕਹਿ ਕੇ ਸੰਗਤਾਂ ਵਿੱਚ ਇਹ ਪ੍ਰਭਾਵ ਬਣਾਉਂਦੇ ਹਨ ਕਿ ਜੀ ਇਹ ਇਲਾਹੀ ਹੁਕਮ ਹੁੰਦਾ ਹੈ।
ਹੁਕਮਨਾਮੇ ਦਾ ਅੱਖਰ ਅੱਖਰ ਸਾਨੂੰ ਮੰਨਣਾ ਚਾਹੀਦਾ ਹੇ। ਅਕਾਲੀ ਦਲ ਬਾਦਲ ਨੇ ਸ਼ਰੇਆਮ ਅਕਾਲ ਤੱਖਤ ਦੀ
ਪ੍ਰਭੂ ਸਤਾ ਦਾ ਦੁਰਪ੍ਰਯੋਗ ਕੀਤਾ ਹੈ। ਇਹਨਾਂ ਰਾਜਨੀਤਕ ਨੇਤਾਵਾਂ ਤੇ ਜੱਥੇਦਾਰਾਂ ਨੇ ਆਪਣੇ ਫ਼ਰਜ਼ਾਂ
ਵਿੱਚ ਕੁਤਾਹੀ ਵਰਤੀ ਹੈ ਜਿਸ ਕਰਕੇ ਅਕਾਲ ਤੱਖਤ ਦੀ ਪ੍ਰਭੂ ਸਤਾ ਨੂੰ ਬਹੁਤ ਵੱਡੀ ਢਾਹ ਲੱਗੀ ਹੈ।
ਇਕ ਵਾਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜੀ ਵੋਟਾਂ ਮੰਗਣ ਲਈ ਆਏ ਤਾਂ
ਉਨ੍ਹਾਂ ਨੂੰ ਮੈਂ ਪੁੱਛਿਆ ਕਿ ਪ੍ਰਧਾਨ ਜੀ ਜਦੋਂ ਵੀ ਕਦੇ ਪੰਥਕ ਮਸਲਿਆਂ ਲਈ ਸ਼੍ਰੋਮਣੀ ਕਮੇਟੀ ਨੂੰ
ਲੋੜ ਪੈਂਦੀ ਹੈ ਤਾਂ ਤੁਸੀਂ ੳਨ੍ਹਾਂ ਸਾਧਾਂ ਨੂੰ ਬਲਾਉਂਦੇ ਹੋ ਜਿਹੜੇ ਸਿੱਖ ਰਹਿਤ ਮਰਯਾਦਾ ਦੀ ਇੱਕ
ਮੱਦ ਨੂੰ ਵੀ ਨਹੀਂ ਮੰਨਦੇ। ਜਿਹੜਾ ਮਿਸ਼ਨਰੀ ਕਾਲਜ ਨਨਕਾਣਾ ਸਾਹਿਬ ਦੇ ਸਹੀਦਾਂ ਦੀ ਯਾਦ ਵਿੱਚ ਬਣਿਆ
ਹੋਵੇ ਦੂਜਾ ਸ਼੍ਰੋਮਣੀ ਕਮੇਟੀ ਦੇ ਅਧੀਨ ਚਲਦਾ ਹੋਵੇ ਉਸ ਕਾਲਜ ਦੇ ਪੜ੍ਹੇ ਪਰਚਾਰਕਾਂ ਨੂੰ ਨਾ ਤੇ
ਬਹੁਤੀ ਵਾਰੀ ਗ੍ਰੰਥੀ ਨਿਯੁਕਤ ਗਿਆ ਹੈ ਤੇ ਨਾ ਹੀ ਪੰਥਕ ਮਸਲਿਆਂ ਲਈ ੳਨ੍ਹਾਂ ਦੀ ਕੋਈ ਸਲਾਹ ਲਈ
ਜਾਂਦੀ ਹੈ। ਅਜੇਹਾ ਕਿਉਂ ਹੁੰਦਾ ਹੈ? ਪ੍ਰਧਾਨ ਜੀ ਨੇ ਅੱਗੋਂ ਬੋਲੇ ਨਹੀਂ, ਸਗੋਂ ਹੰਢੇ ਹੋਏ
ਨੇਤਾਵਾਂ ਵਾਂਗ ਕੇਵਲ ਏੰਨ੍ਹਾ ਕੁ ਹੀ ਕਿਹਾ ਸੀ ਕਿ ਅੱਗੋਂ ਤੋਂ ਖਿਆਲ ਰੱਖਿਆ ਜਾਏਗਾ।
ਅਜੇ ਹੋਰ ਢੱਕੀ ਰਿਝਦੀ ਰਹਿੰਦੀ ਜੇ ਕਰ ਭਾਈ ਗੁਰਮੁਖ ਸਿੰਘ ਸਾਬਕਾ ਜੱਥੇਦਾਰ
ਤੱਖਤ ਦਮਦਮਾ ਸਾਹਿਬ ਸੱਚ ਜ਼ਾਹਰ ਨਾ ਕਰਦੇ। ਹੈਰਾਨਗੀ ਹੁੰਦੀ ਹੈ ਜਦੋਂ ਪੰਥ ਦਾ ਬੁਰਕਾ ਪਾਈ ਆਰ ਐਸ.
ਐਸ ਨਾਲ ਸਮਝੌਤਾ ਕਰੀ ਅਕਾਲੀ ਦਲ ਵਾਲੇ ਇਹ ਕਹਿੰਦੇ ਹਨ ਕਿ ਜੀ ਅੱਜ ਪੰਥ ਖਤਰੇ ਵਿੱਚ ਹੈ। ਭਾਈ
ਗੁਰਦਾਸ ਜੀ ਦਾ ਇਹ ਕਬਿੱਤ ਸਾਹਮਣੇ ਆ ਜਾਂਦਾ ਹੈ—
ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ ਨਾਉ ਮੈ ਜਉ ਅਗਨਿ ਲਾਗੈ ਕੈਸੇ ਕੇ
ਬੁਝਾਈਅੇ।
ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ੍ਹ, ਗੜ੍ਹ ਮੈ ਜਉ ਲੂਟਿ ਲੀਜੇ ਕਹੋ ਕਤ
ਜਾਈਅੇ।
ਚੋਰਨ ਕੈ ਤਰਾਸ ਜਾਇ ਸਰਨਿ ਗਹੈ ਨਰਿੰਦ, ਮਾਰੈ ਮਹੀਪਤਿ ਜੀਉ ਕੈਸੇ ਕੈ
ਬਚਾਈਅੇ।
ਮਾਇਆ ਡਰ ਡਰਪਤ ਹਾਰ ਗੁਰਦੁਆਰੈ ਜਾਵੈ, ਤਹਾਂ ਜਉ ਮਾਇਆ ਬਿਆਪੈ ਕਹਾ
ਠਹਿਰਾਈਐ। ੫੪੪
ਪਾਣੀ ਨਾਲ ਬਾਹਰਲੀ ਅੱਗ ਨੂੰ ਬੁਝਾਇਆ ਜਾ ਸਕਦਾ ਹੈ ਪਰ ਪਾਣੀ ਵਿੱਚ ਲੱਗੀ
ਹੋਈ ਅੱਗ ਨੂੰ ਕੌਣ ਬੁਝਾਏਗਾ? ਬਾਹਰ ਦੀ ਲੁੱਟ ਤੋਂ ਬਚਣ ਲਈ ਬੰਦਾ ਕਿਲ੍ਹੇ ਵਿੱਚ ਜਾਂ ਪੁਲੀਸ
ਚੌਂਕੀ ਜਾਂਦਾ ਹੈ ਪਰ ਜੇ ਓੱਥੇ ਰਾਜਾ ਤੇ ਚੌਂਕੀ ਇੰਚਾਰਜ ਹੀ ਲੁੱਟ ਲਏ ਤਾਂ ਕੀ ਮੁਸਾਫਰ ਦਾ ਬਚਾ
ਹੋ ਸਕਦਾ ਹੈ? ਆਤਮਕ ਸ਼ਾਂਤੀ ਲਈ ਮਨੁੱਖ ਗੁਰਦੁਆਰੇ ਆਉਂਦਾ ਹੈ ਪਰ ਜੇ ਏੱਥੋਂ ਝੂਠ ਹੀ ਪੱਲੇ ਪੈਣਾ
ਹੈ ਤਾਂ ਜਗਿਆਸੂ ਕਿੱਥੇ ਜਾਏਗਾ?
ਪੰਜਾਂ ਤੱਖਤਾਂ ਵਿਚੋਂ ਦੋ ਤੱਖਤ ਬਾਹਰਲਿਆਂ ਸੂਬਿਆਂ ਵਿੱਚ ਸਥਿੱਤ ਹਨ।
ਇਹਨਾਂ ਤੱਖਤਾਂ `ਤੇ ਸਿੱਖ ਰਹਿਤ ਮਰਯਾਦਾ ਪੂਰੀ ਤਰ੍ਹਾਂ ਲਾਗੂ ਨਹੀਂ ਹੈ। ਇਨ੍ਹਾਂ ਤੱਖਤਾਂ ਨੇ
ਆਪਣੀ ਮਰਯਾਦਾ ਬਣਾਈ ਹੋਈ ਹੈ ਪਰ ਪੰਥਕ ਫੈਸਲੇ ਲੈਣ ਲਈ ਇਨ੍ਹਾਂ ਤੱਖਤਾਂ ਦੇ ਜੱਥੇਦਾਰ ਸ਼ਾਮਲ ਹੁੰਦੇ
ਹਨ। ਇਹ ਇੱਕ ਵਿਚਾਰਨ ਵਾਲਾ ਵਿਸ਼ਾ ਹੈ ਕਿ ਕੀ ਇਨ੍ਹਾਂ ਤੱਖਤਾਂ `ਤੇ ਹੁੰਦੀ ਮਨਮਤ ਸਬੰਧੀ ਪੰਜਾਬ ਦੇ
ਤੱਖਤਾਂ ਦੇ ਜੱਥੇਦਾਰਾਂ ਨੇ ਕਦੇ ਪੁੱਛ ਪ੍ਰਤੀਤ ਕੀਤੀ ਹੈ? ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ
ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਤੁੱਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਪਰ
ਇਨ੍ਹਾਂ ਤੱਖਤਾਂ `ਤੇ ਬਚਿਤ੍ਰ ਨਾਟਕ ਨਾਮੀ ਗ੍ਰੰਥ (ਦਸਮ ਗ੍ਰੰਥ) ਦਾ ਵੀ ਨਾਲ ਪ੍ਰਕਾਸ਼ ਹੋ ਰਿਹਾ
ਹੈ। ਦੀਵੇ ਬਾਲ਼ ਕੇ ਆਰਤੀ ਵੀ ਕੀਤੀ ਜਾਂਦੀ ਹੈ ਤੇ ਬੱਕਰੇ ਝਟਕਾ ਕੇ ਸ਼ਸ਼ਤਰਾਂ ਨੂੰ ਤਿਲਕ ਵੀ ਲਗਾਇਆ
ਜਾ ਰਿਹਾ ਹੈ। ਪੰਜਾਬ ਵਿਚਲੇ ਤੱਖਤਾਂ ਦੇ ਜੱਥੇਦਾਰਾਂ ਨੇ ਜਾਂ ਕਿਸੇ ਹੋਰ ਜੱਥੇਬੰਦੀ ਨੇ ਕਦੇ ਅਵਾਜ਼
ਨਹੀਂ ਉਠਾਈ ਹੈ। ਪੰਥਕ ਫੈਸਲਿਆਂ ਨੂੰ ਸਹੀ ਦਰਸਾਉਣ ਲਈ ਇਹ ਇਕੱਠੇ ਜ਼ਰੂਰ ਬੈਠਦੇ ਹਨ ਪਰ ਮਰਯਾਦਾ
ਅੱਡੋ-ਅੱਡਰੀ ਹੈ। ਪਹਿਲਾਂ ਅਕਾਲ ਬੁੰਗਾ ਫਿਰ ਅਕਾਲ ਤੱਖਤ ਜੋ ਸੰਗਤਾਂ ਵਿੱਚ ਪ੍ਰਵਾਨ ਹੋ ਚੁੱਕਾ ਹੈ
ਇੱਕ ਅਕਾਲ ਤੱਖਤ ਤੋਂ ਫਿਰ ਚਾਰ ਤੱਖਤਾਂ ਨੂੰ ਮਾਨਤਾ ਮਿਲੀ ਅਖੀਰ ਵਿੱਚ ਪੰਜਾਂ ਦਾ ਅੰਕੜਾ ਪੂਰਾ
ਕਰਨ ਲਈ ਪੰਜਵੇਂ ਤੱਖਤ ਦਾ ਨਾਂ ਵੀ ਘੋਸ਼ਤ ਕਰ ਦਿੱਤਾ। ਕੁੱਝ ਵੀ ਹੋਵੇ ਇਹ ਵਿਦਵਾਨਾਂ ਦਾ ਮਸਲਾ ਹੈ
ਪਰ ਪੰਥ ਵਿੱਚ ਇਨ੍ਹਾਂ ਪੰਜਾਂ ਨੂੰ ਪੂਰੀ ਪੂਰੀ ਮਾਨਤਾ ਹੈ। ਇਸ ਲਈ ਇਨ੍ਹਾਂ ਤੱਖਤਾਂ ਦੇ
ਜੱਥੇਦਾਰਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ।
ਤੱਖਤ ਪਟਨਾ ਸਾਹਿਬ ਵਾਲੇ ਜੱਥੇਦਾਰ ਦੀਆਂ ਬਹੁਤੀਆਂ ਵਿਚਾਰਾਂ ਗੁਰਮਤਿ ਦੇ
ਦਾਇਰੇ ਵਿਚੋਂ ਬਾਹਰ ਹੁੰਦੀਆਂ ਹਨ। ਕੁੱਝ ਸਮਾ ਪਹਿਲਾਂ ਚਾਰ ਸਾਹਿਬ ਜ਼ਾਦਿਆਂ ਨੂੰ ਵਿਸ਼ਨੂ, ਬ੍ਰਹਮਾ,
ਸ਼ਿਵ ਤੇ ਇੰਦਰ ਦੇ ਅਵਤਾਰ ਕਹਿ ਮਾਰਿਆ ਹੈ। ਉਂਜ ਸਾਡੇ ਆਗੂ ਕਹਿੰਦੇ ਹਨ ਕਿ ਜੀ ਸਿੱਖ ਇੱਕ ਵੱਖਰੀ
ਕੌਮ ਹੈ। ਇਨ੍ਹਾਂ ਦੇਵਤਿਆਂ ਸਬੰਧੀ ਗੁਰਬਾਣੀ ਦਾ ਕੀ ਫਰਮਾਣ ਹੈ ਉਹ ਸਭ ਦੇ ਸਾਹਮਣੇ ਹੈ। ਅਕਾਲ
ਤੱਖਤ ਦੇ ਜੱਥੇਦਾਰ ਕਦੇ ਵੀ ਅਜੇਹੇ ਮਸਲੇ ਨੂੰ ਕੌਮ ਦੇ ਸਾਹਮਣੇ ਨਹੀਂ ਰੱਖਣਗੇ। ਸ਼ਤਾਬਦੀ ਸਮਾਗਮਾਂ
ਵਿੱਚ ਪਟਨੇ ਸਹਿਬ ਵਾਲੇ ਤੱਖਤ ਦੇ ਜੱਥੇਦਾਰ ਨੇ ਤਾਂ ਏੱਥੋਂ ਤੱਕ ਕਹਿਆ ਹੈ ਕਿ ਅਕਾਲ ਤੱਖਤ ਦੇ
ਜੱਥੇਦਾਰ ਨੂੰ ਸ਼ਤਾਬਦੀ ਸਮਾਗਮਾਂ ਵਿੱਚ ਹਿੱਸਾ ਲੈਣ ਦੀ ਕੋਈ ਲੋੜ ਨਹੀਂ ਹੈ ਅਸੀਂ ਆਪੇ ਸਾਰੀ ਮਨਮਤ
ਕਰ ਲਵਾਂਗੇ।
ਇਸ ਦਾ ਅਰਥ ਹੈ ਕਿ ਇਨ੍ਹਾਂ ਜੱਥੇਦਾਰਾਂ ਨੂੰ ਰਾਜਨੀਤਕ ਲੋਕਾਂ ਨੇ ਆਪਣੇ
ਹੱਥ ਠੋਕੇ ਬਣਾਇਆ ਹੋਇਆ ਹੈ। ਸਿਧਾਂਤ ਨਾਲ ਇਨ੍ਹਾਂ ਸਾਰਿਆਂ ਦਾ ਕੋਈ ਵਾਹ ਵਾਸਤਾ ਨਹੀਂ ਹੈ।
ਜੱਥੇਦਾਰਾਂ ਦੀਆਂ ਅਕਸਰ ਬਾਤਾਂ ਕਈ ਵਾਰੀ ਮਜਾਕ ਬਣ ਕੇ ਰਹਿ ਜਾਂਦੀਆਂ ਹਨ—
ਅਕਾਲ ਤੱਖਤ `ਤੇ ਸਾਧ ਧਨਵੰਤ ਸਿੰਘ ਦਾ ਇੱਕ ਬੀਬੀ ਨੂੰ ਛੇੜਛਾੜ ਕਰਨ ਦਾ
ਕੇਸ ਆਇਆ ਤਾਂ ਤੱਤਕਾਲੀ ਜੱਥੇਦਾਰ ਜੀ ਨੇ ਆਪਣੇ ਪੀ. ਏ. (ਜੋ ਕਿ ਉਨ੍ਹਾਂ ਦਾ ਸਾਲਾ ਲਗਦਾ ਸੀ) ਦੇ
ਰਾਂਹੀਂ ਸਾਧ ਧਨਵੰਤ ਸਿੰਘ ਨੂੰ ਇਹ ਸਰਟੀਫੀਕੇਟ ਦੇ ਦਿੱਤਾ ਕਿ ਇਹ `ਤੇ ਬਹੁਤ ਹੀ ਭੋਲ਼ਾ ਸਾਧ ਹੈ।
ਇਹ ਵਿਚਾਰਾ ਕਿੱਥੇ ਛੇੜਖਾਨੀ ਕਰਨ ਯੋਗਾ ਹੈ ਇਸ ਨੂੰ ਤੇ ਐਵੈਂ ਫਸਾਇਆ ਹੋਇਆ ਹੈ। ਪਰਵਾਰ ਨੂੰ ਅਕਾਲ
ਤੱਖਤ ਤੋਂ ਇਨਸਾਫ਼ ਨਾ ਮਿਲਿਆ ਤਾਂ ਪੀੜਤ ਪਰਵਾਰ ਦੁਨਿਆਵੀ ਅਦਾਲਤ ਵਿੱਚ ਚਲਿਆ ਗਇਆ। ਦੁਨਿਆਵੀ
ਅਦਾਲਤ ਨੇ ਸਾਧ ਧਨਵੰਤ ਸਿੰਘ ਨੂੰ ਦਸ ਸਾਲ ਦੀ ਕੈਦ ਕਰ ਦਿੱਤੀ। ਕੀ ਅਕਾਲ ਤੱਖਤ ਦੇ ਵਕਾਰ ਨੂੰ
ਜੱਥੇਦਾਰ ਵਲੋਂ ਨਹੀਂ ਘਟਾਇਆ ਗਿਆ? ਜਾਗਰੁਕ ਧਿਰਾਂ ਨੇ ਵੀ ਕਈ ਸਵਾਲ ਉਠਾਏ ਪਰ ਪਰਨਾਲਾ ਓੱਥੇ ਦਾ
ਓੱਥੇ ਹੀ ਰਿਹਾ। ਮਾੜੀ ਮੋਟੀ ਬਿਆਨਬਾਜ਼ੀ ਆਈ ਮੁੜ ਕੇ ਵੇਦਾਂਤੀ ਜੀ ਅਕਾਲ ਤੱਖਤ `ਤੇ ਜੱਥੇਦਾਰ ਬਣੇ
ਰਹੇ ਹਨ। ਅਕਾਲ ਤੱਖਤ ਦੇ ਜੱਥੇਦਾਰ ਦੇ ਅਜੇਹੀ ਕਾਰਵਾਈ ਨੂੰ ਬਹੁਤ ਛੇਤੀ ਲੋਕ ਭੁੱਲ ਭੁਲਾ ਗਏ ਹਨ।
ਨਾਨਕ ਸ਼ਾਹੀ ਕੈਲੰਡਰ ਲਾਗੂ ਹੋ ਗਿਆ ਪਰ ਬਾਹਰਲੇ ਸੂਬੇ ਵਾਲੇ ਤੱਖਤਾਂ ਦੇ
ਜੱਥੇਦਾਰਾਂ ਨੇ ਰੱਦ ਕਰ ਦਿੱਤਾ ਅਖੀਰ ਮੁੜ ਕੇ ਪੰਜਾਬ ਵਾਲੇ ਤੱਖਤਾਂ ਦੇ ਬੈਠੇ ਜੱਥੇਦਾਰਾਂ ਨੇ ਵੀ
ਅੱਕ ਚੱਬ ਕੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਵਿੱਚ ਹੀ ਭਲਾ ਸਮਝਿਆ। ਅੱਖੇ ਜੀ ਇਸ ਵਿੱਚ ਸੋਧਾਂ
ਕੀਤੀਆਂ ਹਨ।
ਲੰਗਰ ਤੱਪੜਾਂ `ਤੇ ਬੈਠ ਕੇ ਛੱਕਣ ਵਾਲੇ ਹੁਕਮਨਾਮੇ ਨੇ ਤਾਂ ਕਈ ਨਵੇਂ
ਗੁਰਦੁਆਰਿਆਂ ਨੂੰ ਜਨਮ ਦਿੱਤਾ ਤੇ ਕੌਮ ਵਿੱਚ ਵੰਡੀਆਂ ਵੱਖਰੀਆਂ ਪੈ ਗਈਆਂ ਹਨ।
ਮਹਾਨ ਕੋਸ਼ ਵਿੱਚ ਅਕਾਲ ਤੱਖਤ ਦਾ ਨਾਂ ਅਕਾਲ ਬੁੰਗਾ ਲਿਖਿਆ ਹੋਇਆ ਹੈ—ਅਕਾਲ
ਤੱਖਤ ਦੀ ਕਾਰਜ ਸ਼ੈਲੀ ਜਾਂ ਹੋਰ ਪਹਿਲੂਆਂ `ਤੇ ਵਿਚਾਰ ਕਰਨ ਲਈ ਸ਼ਾਇਦ ਕੌਮ ਦੇ ਅਗੂਆਂ ਅਤੇ ਪਾਸ
ਸਮਾਂ ਹੀ ਨਹੀਂ ਹੈ। ਪ੍ਰਸਿੱਧ ਵਿਦਵਾਨ ਡਾਕਟਰ ਜਸਬੀਰ ਸਿੰਘ ਆਹਲੂਵਾਲੀਆ ਦੇ ਕਥਨ ਅਨੁਸਾਰ ਜੋ ਕਿ
੨੮-੪-੨੦੧੭ ਨੂੰ ਰੋਜ਼ਾਨਾ ਸਪੋਕਸਮੈਨ ਵਿੱਚ ਛੱਪਿਆ ਹੈ ਕਿ ਸਿੱਖ ਗੁਰਦੁਆਰਾ ਐਕਟ ੧੯੨੫, ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜ ਤੱਖਤਾਂ ਦੇ ਜੱਥੇਦਾਰਾਂ ਦੀ ਨਿਯੁੱਕਤੀ ਲਈ ਨਿਧਾਰਤ ਨਹੀਂ
ਕਰਦਾ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਐਕਟ ਦੀ ਧਾਰਾ ੪੩ ਏ ਦੇ ਮੁਤਾਬਕ ਪੰਜਾਂ ਤੱਖਤਾਂ ਦੇ
ਜੱਥੇਦਾਰ ਵੀ ਸ਼੍ਰੋਮਣੀ ਕਮੇਟੀ ਦੇ ਹੋਰਨਾ ਮੈਂਬਰਾਂ ਦੇ ਬਰਾਬਰ ਦਾ ਦਰਜਾ ਰੱਖਦੇ ਹਨ। ਇਸ ਲਈ ਪੰਜਾਂ
ਤੱਖਤਾਂ ਦੇ ਜੱਥੇਦਾਰਾਂ ਦੀ ਚੋਣ ਵੀ ਸੰਗਤ ਦੁਆਰਾ ਹੀ ਹੋਣੀ ਚਾਹੀਦੀ ਹੈ। ਪਰ ਇਸ ਲਈ ਵਿਧੀ ਵਿਧਾਨ
ਤਿਆਰ ਕਰਨਾ ਪਏਗਾ।
ਸਾਡਾ ਮਤ ਹੈ ਕਿ ਜਦੋਂ ਵੀ ਪੰਥ ਨੂੰ ਕਿਸੇ ਮਸਲੇ ਦੇ ਹੱਲ ਕਰਨ ਦੀ
ਜ਼ਰੂਰਤ ਪੈਂਦੀ ਹੈ ਤਾਂ ਜੱਥੇਦਾਰਾਂ ਨੂੰ ਖ਼ੁਦ ਫੈਸਲੇ ਲੈਣ ਦੀ ਥਾਂ `ਤੇ ਵਿਦਵਾਨਾਂ ਦੀ ਨਿਰਪੱਖ ਹੋ
ਕੇ ਨਿਰਪੱਖ ਕਮੇਟੀ ਬਣਾਉਣੀ ਚਾਹੀਦੀ ਹੈ। ਇਹ ਸਾਰਾ ਕੰਮ ਪਾਰਦਰਸ਼ੀ ਹੋਣਾ ਚਾਹੀਦਾ ਹੈ। ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਅਕਾਲ ਤਖਤ ਅਤੇ ਦੂਜੇ ਤੱਖਤ ਸਾਡੀਆਂ ਸਤਿਕਾਰ
ਯੋਗ ਸੰਸਥਾਵਾਂ ਹਨ ਤੇ ਇਹ ਪੰਥ ਨੂੰ ਜੁਆਬ ਦੇਹ ਹਨ ਇਸ ਲਈ ਇਨ੍ਹਾਂ ਨੂੰ ਨਿੱਜੀ ਗਰਜਾਂ ਤੋਂ ਊਪਰ
ਉੱਠ ਕੇ ਆਪਣੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਸਾਰੇ ਮੈਂਬਰਾਂ ਨੂੰ ਆਪਣੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਬਾਹੁੰਣੀ ਚਾਹੀਦੀ ਹੈ ਨਹੀਂ ਤਾਂ
ਆਉਣ ਵਾਲੀਆਂ ਪੀੜ੍ਹੀਆਂ ਕਦੇ ਮੁਆਫ਼ ਨਹੀਂ ਕਰਨਗੀਆਂ।
ਪ੍ਰਿੰਸੀਪਲ ਹਰਭਜਨ ਸਿੰਘ ਜੀ ਦੇ ਬੜੇ ਪਿਆਰੇ ਬੋਲ ਹਨ
ਐ ਪੰਥ ਖਾਲਸਾ! ਹੋਸ਼ ਮੇਂ ਆ, ਔਰ ਨਬਜ਼ ਪਹਿਚਾਨ ਜ਼ਮਾਨੇ ਕੀ,
ਯਾ ਹਰ ਕੋਈ ਆਪਨੇ ਦਾਊ ਪੇ ਹੈ, ਸੱਚ ਬਾਤ ਕਹੂੰ ਸਮਝਾਨੇ ਕੀ।
ਅਬ ਜੋਸ਼ਿ ਪੰਥ ਖ਼ਾਮੋਸ਼ ਨਾ ਰਹ, ਗੈਰੋਂ ਨੇ ਤੇਰਾ ਘਰ ਲੂਟ ਲਿਆ,
ਇਨ ਲੰਪਟ, ਚੋਰ, ਲੁਟੇਰੋਂ ਕੋ, ਤੁਝੇ ਗਰਜ਼ ਹੈ ਸਬਕ ਸਿਖਾਨੇ ਕੀ।