. |
|
ਰੁਮਾਲੇ
ਸਾਡੀ ਬੇ-ਕਦਰਾਂ ਨਾਲ ਯਾਰੀ।
** ਰੁਮਾਲ :
ਇੱਕ ਵਚਨ। ਮੂੰਹ/ਹੱਥ ਸਾਫ਼ ਕਰਨ ਲਈ ਛੋਟਾ ਚਕੋਰ ਕੱਪੜਾ। ਕੋਈ ਕੀਮਤੀ ਕਿਤਾਬ ਜਾਂ ਗੁਟਕਾ ਸੰਭਾਲਣ
ਲਈ ਕੱਪੜਾ।
**
ਰੁਮਾਲੇ;
ਬਹੁ ਵਚਨ। ਸਿੱਖ ਸਾਮਾਜ ਵਿੱਚ ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਦੀ ਸਜਾਵੱਟ,
ਸੇਵਾ-ਸੰਭਾਲ ਲਈ ਵਰਤੇ ਜਾਂਦੇ ਸਾਦਾ, ਰੰਗਦਾਰ ਜਾਂ ਕਢਾਈ ਵਾਲੇ ਬੇਸ਼-ਕੀਮਤੀ ਚਕੋਰ ਕੱਪੜੇ, ਜਿਹਨਾਂ
ਨੂੰ ਰੁਮਾਲੇ ਕਿਹਾ ਜਾਂਦਾ ਹੈ।
ਅਫ਼ਸੋਸ! ! ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਹੋਰ ਗੁਰਦੁਆਰਾ
ਪ੍ਰਬੰਧਕ ਕਮੇਟੀਆਂ ਦੀ ਅਗਿਆਨਤਾ ਅਤੇ ਅਣਗਹਿਲੀ ਕਰਕੇ, ਦੇਸ਼ ਅਤੇ ਵਿਦੇਸ਼ ਵਿੱਚ ਰੱਜ ਕੇ ਇਹਨਾਂ
ਰੁਮਾਲਿਆਂ ਦੀ ਬੇਕਦਰੀ ਅਤੇ ਵਿਉਪਾਰ ਵੀ ਹੋ ਰਿਹਾ ਹੈ।
ਇਸ ਦਾ ਅਸਲ ਕਾਰਨ ਹੈ
ਅਗਿਆਨਤਾ/ਮੰਨਮੱਤ/ਕਰਮਕਾਂਡ। "ਸਬਦ ਗਿਆਨ ਗੁਰੂ" ਨੂੰ ਦੇਹ ਸਮਝਦੇ ਹੋਏ ਇਸਦੀ ਪੂਜਾ ਕਰਨੀ।
ਅਸੀਂ ਸਿੱਖ ਵੀ ਮਤਲਬੀ ਧਰਮਾਂ ਦਾ
ਮਖੌਟਾ ਪਾ ਕੇ ਆਪਣੇ ਆਪ ਧਰਮੀ ਅਖਵਾਉਣ ਦੇ ਚੱਕਰ ਵਿੱਚ "ਸਬਦ ਗਿਆਨ ਗੁਰੂ" ਦਾ ਜੋ ਆਤਮ-ਗਿਆਨ ਲੈਣਾ
ਸੀ, ਉਸਤੋਂ ਪਾਸਾ ਵੱਟ ਕਿ ਹੋਰਨਾਂ ਮੰਨਮੱਤੀ ਕਰਮਕਾਂਡਾਂ ਵਿੱਚ ਪੈ ਗਏ ਹਾਂ। ਗੁਰੂ ਨੂੰ ਪੋਸ਼ਾਕਾਂ
ਅਤੇ ਰੁਮਾਲੇ ਭੇਟਾ ਕਰਨੇ ਬਿਪਰਵਾਦੀ ਸੋਚ ਦਾ ਹੀ ਅਸਰ ਹੈ/ਨਤੀਜਾ ਹੈ, ਜਿਸਨੂੰ ਸਿੱਖ ਸਮਾਜ ਨੇ
ਅਪਨਾ ਲਿਆ ਹੈ। ਹੋਰ ਵੀ ਬਿਪਰ ਦੀਆਂ ਬਹੁਤ ਸਾਰੀਆਂ ਮੰਨਮੱਤਾਂ ਅਤੇ ਕਰਮਕਾਂਡ ਹਨ ਜਿਹਨਾਂ ਨੂੰ
ਸਿੱਖ ਸਮਾਜ ਨੇ ਅਪਨਾਇਆ ਹੋਇਆ ਹੈ, ਜਿਹਨਾਂ ਕਰਕੇ ਅਸੀਂ ਸਿੱਖ ਆਪਣਾ ਨਿਆਰਾਪਣ ਗੁਆ ਬੈਠਾ ਹਾਂ।
****** ਗੁਰੂ ਘਰ ਦੇ ਇੱਕ ਸੜ ਰਹੇ ਰੁਮਾਲੇ ਦੀ ਆਤਮ ਕਥਾ।
** ਕਿਸੇ ਦਰਿਆ ਦੇ ਕਿਨਾਰੇ, ਸਿੱਖ ਸਮਾਜ ਦੀ ਲਾਪਰਵਾਹੀ, ਬੇਰੁੱਖੀ,
ਅਗਿਆਨਤਾ ਕਰਕੇ, ਅੱਗ ਵਿੱਚ ਸੱੜ ਰਹੇ ਰੁਮਾਲਿਆਂ ਵਿਚੋਂ, ਮੈਂ ਸੋਹਣਾ, ਸੁੰਦਰ, ਬੇਸ਼-ਕੀਮਤੀ
ਰੁਮਾਲਾ ਆਪਣੀ ਹੱਡ ਬੀਤੀ ‘ਸਿੱਖ-ਸੰਗਤਾਂ’ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਸੁਣੋ:
**
ਬਿਨਾਂ ਸ਼ੱਕ ‘ਮਨੁੱਖ’ ਨੇ ਆਪਣੀ ਸੋਝੀ ਸਿਆਣਪ ਦੀ ਵਰਤੋਂ ਕਰਦਿਆਂ ‘ਕਰਤਾਰ’ ਵਲੋਂ ਪੈਦਾ ਕੀਤੀ ਸਾਡੀ
ਜਨਮ ਦਾਤੀ ‘ਕਪਾਹ’ ਦੀ ਸੁ-ਵਰਤੋਂ ਕੀਤੀ ਅਤੇ ਸਾਡੀ ਕੱਪੜਾ ਸ਼੍ਰੇਣੀ ਨੂੰ ਹੋਂਦ ਵਿੱਚ ਲਿਆਉਣਾ
ਕੀਤਾ। ਕਪਾਹ ਦੇ ਨਾਲ ਪਟ (ਰੇਸ਼ਮ) ਦੇ ਵੀ ਕੱਪੜੇ ਬਨਾਉਣੇ ਕੀਤੇ।
** ਸਾਡੀ ਕੱਪੜਾ ਸ਼੍ਰੇਣੀ ਤੋਂ ਪਹਿਲਾਂ ਮਨੁੱਖ ਆਪਣਾ ਤਨ/ਨੰਗੇਜ਼ ਢੱਕਣ ਲਈ
ਦਰਖੱਤਾਂ ਦੇ ਪੱਤਿਆਂ ਦੀ ਵਰਤੋਂ ਕਰਦਾ ਸੀ।
** ਸਾਡੀ ਕੱਪੜਾ ਸ਼੍ਰੇਣੀ ਦੇ ਹੋਂਦ ਵਿੱਚ ਆਉਣ ਦੇ ਨਾਲ ਮਨੁੱਖ ਨੂੰ ਤਾਂ
ਚਾਰ-ਚੰਦ ਲੱਗ ਗਏ।
** ਸਾਨੂੰ ਅਲੱਗ ਅਲੱਗ ਦੇ ਰੰਗਾਂ ਵਿੱਚ ਰੰਗਕੇ, ਤਰਾਂ ਤਰਾਂ ਦੇ ਡੀਜ਼ਾਈਨ
ਵੀ ਸਾਡੇ ਉੱਪਰ ਬਣਾਉਣੇ ਕੀਤੇ।
** ਸਾਡੀ ਕੱਪੜਾ ਸ਼੍ਰੇਣੀ ਦੀ ਵਰਤੋਂ ਵੀ ਗਰਮੀ ਸਰਦੀ ਦੇ ਮੌਸਮਾਂ ਦੇ
ਅਨੁਸਾਰ ਹੀ ਕੀਤੀ ਜਾਂਦੀ ਹੈ।
** ਮਨੁੱਖੀ ਔਰਤਾਂ ਨੇ ਤਾਂ ਸਾਡੀ ਖੂਬ ਹੌਸਲਾ ਅਫ਼ਜਾਈ ਕੀਤੀ। ਸਾਨੂੰ ਬੜੀ
ਖ਼ੁਸੀ ਹੁੰਦੀ ਹੈ ਜਦੋਂ ਵੇਖਦੇ ਹਾਂ ਕਿ ਕਿਵੇਂ ਸਾਰੀਆਂ ਔਰਤਾਂ ਕਿਵੇਂ ਨਿੱਤ ਨਵੇਂ-ਨਵੇਂ ਕੱਪੜੇ
ਲੈਣ ਲਈ ਦੀਵਾਨੀਆਂ ਹੋਈਆਂ ਫਿਰਦੀਆਂ ਹਨ।
** ਮਨੁੱਖੀ ਮਰਦ ਵੀ ਆਪਣੀ ਲੋੜ ਅਨੁਸਾਰ ਸਾਡੀ ਵਰਤੋਂ ਜਰੂਰ ਕਰਦੇ ਹਨ, ਪਰ
ਔਰਤਾਂ ਨਾਲੋਂ ਤਾਂ ਬਹੁਤ ਹੀ ਘੱਟ ਹਨ। ਇਹਨਾਂ ਭੈਣਾਂ ਕਰਕੇ ਹੀ ਸਾਡੀ ਕੱਪੜਾ-ਸ਼੍ਰੇਣੀ ਦੀ
ਡੀਮਾਂਡ/ਪੁੱਛ-ਗਿੱਛ ਬਹੁਤ ਹੀ ਜਿਆਦਾ ਹੈ।
*** ਮਨੁੱਖਾ ਸਮਾਜ ਵਿੱਚ ਪੜਿਆ ਲਿਖਿਆ ਸੂਟੱਡ-ਬੂਟੱਡ ਮਨੁੱਖ ਆਪਣੀ ਪੈਂਟ
ਦੀ ਜੇਬ ਵਿੱਚ ਹਮੇਂਸ਼ਾ ਸਾਡੀ ਸ਼੍ਰੇਣੀ ਦਾ ਛੋਟਾ ਜਿਹਾ ਟੁਕੜਾ ਜਿਸਨੂੰ ‘ਰੁਮਾਲ’ ਕਹਿੰਦੇ ਆ, ਲੈ ਕੇ
ਚੱਲਦਾ ਹੈ, ਤਾਂ ਕਿ ਕਦੇ ਪਸੀਨਾ ਆਉਣ ਤੇ ਮੂੰਹ ਸਾਫ਼ ਕਰ ਸਕੇ। ਉਧਰ ਦੂਜੇ ਪਾਸੇ ਇੱਕ ਆਮ ਪੇਂਡੂ
ਮਨੁੱਖ ਆਪਣੇ ਮੋਢੇ ਉੱਪਰ ਇੱਕ ਸਾਫਾ/ਪਰਨਾ ਰੱਖ ਕੇ ਚੱਲਦਾ ਹੈ, ਤਾਂ ਜੋ ਲੋੜ ਪੈਣ ਤੇ ਆਪਣਾ ਮੂੰਹ
ਹੱਥ ਸਾਫ਼ ਕਰ ਸਕੇ। ਇਹ ਸਾਫ਼ਾ/ਪਰਨਾ ਵੀ ਰੁਮਾਲ ਦਾ ਹੀ ਕੰਮ ਕਰਦਾ ਹੈ।
*** ਖੈਰ! ! ਮਨੁੱਖਾਂ ਨੇ ਆਪਣੇ ਲਈ ਸਾਡੀ ਕੱਪੜਾ ਸ਼੍ਰੇਣੀ ਵਰਤੋਂ ਦੇ ਨਾਲ
ਨਾਲ ਸਾਡੀ ਵਰਤੋਂ ਹੋਰਨਾਂ ਕੰਮਾਂ ਲਈ ਵੀ ਕੀਤੀ। ਸਾਨੂੰ ਕਈ ਵਾਰੀ ਬੜੇ ਭਾਰੇ ਕੰਮ ਲਈ ਵੀ ਵਰਤਿਆ
ਜਾਂਦਾ। ਨਿਖਿੱਧ ਕੰਮਾਂ ਲਈ ਤਾਂ ਆਮ ਹੀ ਵਰਤਿਆ ਜਾਂਦਾ ਹੈ। ਸਾਨੂੰ ਸਿਰ ਦਾ ਤਾਜ ਵੀ ਬਣਾਇਆ ਅਤੇ
ਪੈਰਾਂ ਵਿੱਚ ਰੋਲਿਆ ਵੀ।
** ਮਨੁੱਖ ਨੇ ਸਾਡੀ ਕੱਪੜਾ ਸ਼੍ਰੇਣੀ ਦੀ ਵਰਤੋਂ ਆਪਣੇ ਧਾਰਮਿੱਕ
ਅਸਥਾਨਾਂ/ਮੰਦਰਾਂ ਵਿੱਚ ਵੀ ਕਰਨੀ ਸੁਰੂ ਕਰ ਦਿੱਤੀ ਤਾਂ ਸਾਨੂੰ ਬੜਾ ਮਾਣ ਮਹਿਸੂਸ ਹੋਇਆ। ਸਾਡੇ
ਸ਼ਰੀਕੇ ਕਬੀਲੇ ਵਾਲੇ ਕੱਪੜੇ, ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਸੁਹੱਪਣ ਨੂੰ ਚਾਰ-ਚੰਦ ਲਗਾਉਣ
ਲੱਗ ਪਏ।
** ਸਾਨੂੰ ਕੱਪੜਾ ਸ਼੍ਰੇਣੀ ਨੂੰ ਸਿੱਖ ਸਮਾਜ ਨੇ ਸੰਨ 1604 ਵਿੱਚ ‘ਦਰਬਾਰ
ਸਾਹਿਬ’ ਵਿੱਚ ਰੁਮਾਲਿਆਂ ਦੇ ਤੌਰ ਵਰਤਨਾ ਸੁਰੂ ਕਰ ਦਿੱਤਾ।
*** ‘ਦਰਬਾਰ ਸਾਹਿਬ ਜੀ’ ਦਾ ਨਾਮ ਯਾਦ ਅਉਣ ਕਰਕੇ, ਇਥੇ ਦਸਦਾ ਚੱਲਾਂ, ਉਸ
ਸਮੇਂ ਦਾ ਹਾਲ ਆਪਣੀ ਯਾਦਾਂ ਦੀ ਪਟਾਰੀ ਚੋਂ:
*** ਪੰਜਵੇਂ ਸਤਿਗੁਰੂ ਜੀ ਗੁਰੂ ਕਾਲ ਸਮੇਂ, ਸਤਿਗੁਰੂ ਜੀ ਨੇ ਸੰਨ 1602
ਤੋਂ ਸੰਨ 1604 ਵਿੱਚ 34 ਮਹਾਂ-ਪੁਰਸ਼ਾਂ ਦੁਆਰਾ ਉਚਾਰੀ ਬਾਣੀ ਨੂੰ ਆਪਣੀ ਦੇਖ-ਰੇਖ ਵਿਚ, ਇੱਕ ਗਰੰਥ
ਵਿੱਚ ਭਾਈ ਗੁਰਦਾਸ ਜੀ ਦੁਆਰਾ ਲਿਖਵਾਉਣਾ ਕੀਤਾ। ਇਸ ਗਰੰਥ ਨੂੰ ‘ਪੋਥੀ ਪ੍ਰਮੇਸ਼ਰ ਕਾ ਥਾਨ’ ਦਾ ਨਾਮ
ਦਿੱਤਾ ਗਿਆ। ਲੇਖਨੀ ਦੀ ਸੰਪੂਰਨਤਾ ਤੋਂ ਬਾਅਦ ਇਸ ਗਰੰਥ ਨੂੰ ਸੋਹਣੇ ਰੁਮਾਲਿਆਂ ਵਿੱਚ
ਲਪੇਟਕੇ/ਸਜਾਕੇ, ਇੱਕ ਰੰਗਲੇ ਪੀਹੜੇ ਉੱਪਰ ਰੱਖ, ਬਾਬਾ ਬੁੱਢਾ ਜੀ ਨੇ ਆਪਣੇ ਸਿਰ ਉੱਪਰ ਚੁੱਕਣਾ
ਕੀਤਾ, ਪੰਜਵੇਂ ਸਤਿਗੁਰੂ ਜੀ ਨੇ ਪਿਛੇ ਪਿਛੇ ਚੌਰ ਕਰਨ ਦੀ ਸੇਵਾ ਨਿਭਾਈ, ਦਰਬਾਰ ਸਾਹਿਬ ਅੰਦਰ
ਲਿਆਉਣਾ ਕਰਕੇ, ਇਸ ਗਰੰਥ ਦਾ ਪ੍ਰਕਾਸ਼ ਦਰਬਾਰ ਦੇ ਅੰਦਰ ਕਰਨਾ ਕੀਤਾ।
** ਹਰ ਰੋਜ਼ ਇਸ ਗਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਅਤੇ ਸ਼ਾਮ ਨੂੰ ਸੁੱਖ-ਆਸਣ
ਕੀਤਾ ਜਾਂਦਾ। ਹਰ ਰੋਜ਼ ਸਾਫ਼ ਸੁਥਰੇ ਸਾਦੇ ਰੁਮਾਲਿਆਂ/ ਪੌਸ਼ਾਕਿਆਂ ਨਾਲ ਇਸ ਗਰੰਥ ਸਾਹਿਬ ਜੀ ਨੂੰ
ਸਜਾਇਆ ਜਾਂਦਾ।
** 10ਵੇਂ ਸਤਿਗੁਰੂ ਜੀ ਨੇ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਬਾਣੀ ਗਰੰਥ
ਸਾਹਿਬ ਵਿੱਚ ਦਰਜ਼ ਕਰਨਾ ਕੀਤਾ। ਸੰਨ 1708 ਵਿੱਚ 10ਵੇਂ ਗੁਰੁ ਜੀ ਨੇ ਇਸੇ ਗਰੰਥ ਸਾਹਿਬ ਨੂੰ
ਗੁਰਤਾ ਗੱਦੀ ਉੱਪਰ ਬਿਰਾਜਮਾਨ ਕਰ ਦਿੱਤਾ। ਹੁਣ ਸਿੱਖ ਸਾਮਾਜ ਵਿੱਚ ਇਸ ਗਰੰਥ ਸਾਹਿਬ ਜੀ ਨੂੰ
‘ਗੁਰੂ’ ਦਾ ਰੁਤਬਾ ਹਾਸਿਲ ਹੋ ਗਿਆ। ਇਸੇ ‘ਸ਼ਬਦ ਗੁਰੂ ਗਰੰਥ ਸਾਹਿਬ ਜੀ’ ਦਾ ਪ੍ਰਕਾਸ਼ ਹੁਣ ਹਰ
ਗੁਰਦੁਆਰੇ ਅੰਦਰ ਕੀਤਾ ਜਾਣ ਲੱਗਾ।
** ਸੰਨ 1708 ਤੋਂ ਬਾਦ ਵਿੱਚ ਸਿੱਖਾਂ ਲਈ ਬੜੇ ਜਦੋਜਹਿਦ ਭਰੇ ਦਿਨ ਸਨ।
ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਲਈ ਜੰਗਲਾਂ ਬੇਲਿਆਂ ਵਿੱਚ ਰਹਿਣ ਲਈ ਮਜ਼ਬੂਰ ਹੋਣਾ ਪਿਆ। ਜੰਗਲਾਂ
ਬੇਲਿਆਂ ਵਿੱਚ ਵੀ ਕਈ ਸਿੱਖਾਂ ਦੇ ਜੱਥੇ ਆਪਣੇ ਨਾਲ ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਦੀ ਬੀੜ ਰੱਖਦੇ
ਸਨ। ਉਸ ਸਮੇਂ ਰੁਮਾਲਿਆਂ ਦੀ ਜਿਆਦਾ ਅਹਿਮੀਅਤ ਨਹੀਂ ਹੁੰਦੀ ਸੀ। ਬਲਕਿ, ਜਿਆਦਾ ਉਤਸ਼ਾਹ, ਜ਼ੋਰ ਬਾਣੀ
ਪੜ੍ਹਨ-ਸੁਨਣ ਤੇ ਦਿੱਤਾ ਜਾਂਦਾ।
** ਸਮਾਂ ਪਾ ਕੇ ਸਿੱਖਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਕਰਕੇ, ਸਿੱਖਾਂ ਦੀ
ਆਪਣੀ ਬਾਦਸ਼ਾਹਤ ਹੌਂਦ ਵਿੱਚ ਆ ਗਈ। ਸਿੱਖ ਰਾਜ ਦੀ ਵਾਗਡੋਰ ਮਹਾਰਾਜਾ ਰਣਜੀਤ ਸਿੰਘ ਨੇ ਸੰਭਾਲੀ।
ਗੁਰਦੁਆਰਿਆਂ ਅਤੇ ਹੋਰ ਧਾਰਮਿੱਕ ਸਥਾਨਾਂ ਦੀ ਸਾਂਭ-ਸੰਭਾਲ ਵੱਲ ਖਾਸ ਧਿਆਨ ਦਿੱਤਾ ਗਿਆ।
** ਸੇਵਾ, ਸਾਂਭ-ਸੰਭਾਲ ਲਈ ਗੁਰਦੁਆਰਿਆਂ ਦੇ ਨਾਮ ਉੱਪਰ ਜਗੀਰਾਂ ਲਗਵਾਈਆਂ
ਗਈਆਂ।
*** ਸੰਨ 1799 ਤੋਂ ਲੈਕੇ ਸੰਨ 1839 ਤੱਕ, ਤਕਰੀਬਨ 39 ਸਾਲ ਤੱਕ ਇਹ ਸਿੱਖ
ਰਾਜ ਚੱਲਿਆ। 27 ਜੂਨ 1839 ਵਿੱਚ ਰਣਜੀਤ ਸਿੰਘ ਦੀ ਮੌਤ ਹੋ ਗਈ। ਅੰਗਰੇਜ਼ਾਂ ਨੇ ਆਪਣੀ
ਮੱਕਾਰੀਆਂ/ਚਾਲਾਕੀਆਂ ਕਰਕੇ ਆਉਂਦੇ 10 ਸਾਲਾਂ ਵਿੱਚ 21 ਫਰਬਰੀ 1849 ਅੰਗਰਜ਼ਾਂ ਨੇ ਪੂਰੇ ਪੰਜਾਬ
ਉੱਪਰ ਕਬਜ਼ਾ ਕਰ ਲਿਆ। ਹੁਣ ਪੂਰੇ ਭਾਰਤ ਵਿੱਚ ਅੰਗਰੇਜਾਂ ਦਾ ਰਾਜ ਸੀ।
** ਸਿੱਖਾਂ ਵਲੋਂ ਆਪਣੀ ਅਜ਼ਾਦੀ ਦੀ ਜਦੋ-ਜਹਿਦ ਜ਼ਾਰੀ ਸੀ। ਸੰਨ 1921 ਵਿੱਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਗੁਰਦੁਆਰਾ ਐਕਟ ਸੰਨ 1925 ਵਿੱਚ ਹੌਂਦ
ਵਿੱਚ ਆਇਆ।
** ਸ਼ੁਰੂ ਸ਼ੁਰੂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਨਾਮ
ਦੀ ਲਾਜ ਰੱਖੀ ਅਤੇ ਗੁਰਦੁਆਰਿਆਂ ਦੇ ਚੰਗੇ ਪ੍ਰਬੰਧ ਕੀਤੇ। ਪਰ ਹੁਣ ਤਾਂ ਇਸ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦਾ ਕਿਰਦਾਰ ਨਿਵਾਣਾਂ ਵੱਲ ਨੂੰ ਜਾ ਰਿਹਾ ਹੈ।
** ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਤਨਖਾਹਦਾਰ
ਕਰਿੰਦੇ, ਆਪਣੀ ਆਪਣੀ ਡੱਫਲੀ ਵਜਾ ਰਹੇ ਹਨ। ਕਿਸੇ ਨੂੰ ਵੀ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨਾਲ ਕੋਈ
ਵਾਸਤਾ ਨਹੀਂ ਹੈ। ਸ਼ਬਦ ਗੁਰੁ ਗਰੰਥ ਸਾਹਿਬ ਜੀ ਦੀ ਵਰਤੋਂ ਤਾਂ ਆਪਣਾ ਵਿਉਪਾਰ ਚਮਕਾਉਣ ਲਈ ਕੀਤੀ
ਜਾਂਦੀ ਹੈ।
****** ਬੀਤੇ ਸਮੇਂ ਦੇ ਹਾਲਾਤਾਂ ਨੂੰ ਚੇਤੇ ਹੋਏ, ਕੀ ਕੀ ਦੱਸਾਂ? ਕੇ
ਕੀ ਕੀ ਮੰਨਮੱਤਾ, ਕਰਮਕਾਂਡ ਸਿੱਖ ਸਮਾਜ ਵਿੱਚ ਹੋ ਰਹੇ ਹਨ।
** ਸ਼੍ਰੋਮਣੀ ਕਮੇਟੀ ਨੇ ਗੁਰਮੱਤ ਦੀ ਸਹੀ ਪੜ੍ਹਾਈ, ਗਿਆਨ ਦੇਣ ਦੀ ਬਜਾਏ,
ਕਰਮਕਾਂਡੀ ਵਿਚਾਰਧਾਰਾ ਨੂੰ ਜਿਆਦਾ ਪਰਮੋਟ ਕੀਤਾ ਅਤੇ ਅੱਜ ਵੀ ਕਰ ਰਹੀ ਹੈ। ਦਰਬਾਰ ਸਾਹਿਬ ਅੱਤੇ
ਹੋਰਨਾਂ ਗੁਰਦੁਆਰਿਆਂ ਵਿੱਚ ਰੁਮਾਲਿਆਂ ਦੇ ਢੇਰਾਂ ਦੇ ਢੇਰ ਲੱਗ ਜਾਂਦੇ ਹਨ। ਇਸਦੇ ਪਿਛੇ ਵੀ ਕਾਰਨ
ਹੈ ਲੋਕਾਂ ਦੀ ਅਗਿਆਨਤਾ/ਅਨਪੜ੍ਹਤਾ। ਆਪ ਤਾਂ ਕੋਈ ਵੀ ਗੁਰਬਾਣੀ ਪੜ੍ਹਕੇ ਰਾਜ਼ੀ ਨਹੀਂ। ਬੱਸ ਭਾੜੇ
ਤੇ ਜਾਣੀ ਕਿ ਕਿਰਾਏ ਤੇ ਪਾਠ ਕਰਾ ਲਉ। ਟੈਲੀਫੂਨ ਤੇ ਹੁਕਮ ਨਾਮਾ ਆ ਜਾਂਦਾ ਹੈ। ਸਾਰੇ ਦਰਬਾਰ
ਸਾਹਿਬ ਕੰਪਲੈਕਸ ਦੇ ਹਰ ਕਮਰੇ ਵਿੱਚ ਅਖੰਡਪਾਠ ਹੋ ਰਹੇ ਨਜ਼ਰ ਆਉਂਦੇ ਹਨ। ਹਰ ਕਮਰੇ ਵਿੱਚ ਗੋਲਕ ਪਈ
ਹੈ। ਅਗਿਆਨੀ ਲੋਕ ਮੱਥੇ ਟੇਕੀ ਜਾਦੇ, ਨਾਲ ਨਾਲ ਹਰ ਗੋਲਕ ਵਿੱਚ 10, 10 ਰੁਪਏ ਵੀ ਪਾਈ ਜਾਣਗੇ।
** ਓ ਭਾਈ! ! ਵੱਡੀ ਗੱਲ ਦੀ ਤਾਂ ਮੈਨੂੰ ਖ਼ੁਦ ਹੈਰਾਨੀ ਹੁੰਦੀ ਹੈ, ਅੰਦਰ
ਦਰਬਾਰ ਸਾਹਿਬ ਜਾਣ ਵਾਲੇ ਹਰ ਪ੍ਰੇਮੀ ਸਿੱਖ ਦੇ ਹੱਥ ਵਿੱਚ ਰੁਮਾਲਾ ਜਰੂਰ ਫੜਿਆ ਹੁੰਦਾ ਹੈ। ਹਰ
ਕੋਈ ਆਪਣੀ ਹੈਸੀਅਤ ਦੀ ਅਨੁਸਾਰ ਮਹਿੰਗਾ-ਸਸਤਾ ਰੁਮਾਲਾ ਜਰੂਰ ਲੈਕੇ ਆਉਂਦਾ ਹੈ।
*** ਇਹ ਰੁਮਾਲਾ/ਪੋਸ਼ਾਕਾ ਚੜਾਉਣ/ਪਾਉਣ/ਲਿਆਉਣ ਦੀ ਪਿਰਤ ਵੀ ਸਾਡੇ
ਪੂਜਾਰੀਆਂ/ਭਾਈਆਂ ਦੀ ਪਾਈ ਹੋਈ ਹੈ। ਜੋ ਕੇ ਕੋਰੀ ਅਨਪੜ੍ਹਤਾ/ਅਗਿਆਨਤਾ ਦੀ ਨਿਸ਼ਾਨੀ ਹੈ। ਇਸ ਨਾਲ
ਸਿੱਖੀ ਗਿਆਨ-ਵਿਚਾਰ ਦਾ ਕੋਈ ਵਾਸਤਾ ਨਹੀਂ ਹੈ।
** ਸ਼ਬਦ ਗੁਰੁ ਗਰੰਥ ਸਾਹਿਬ ਜੀ ਵਿੱਚ ਇੱਕ ਸਲੋਕ ਆਉਂਦਾ ਹੈ:
## ਸਲੋਕ ਮ 5॥
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ॥ 1॥
** ਇਸ ਸਲੋਕ ਵਿੱਚ ਰੁਮਾਲਾ ਲਿਆਉਣ/ਚੜਾਉਣ/ਪਾਉਣ ਦੀ ਕੋਈ ਹਦਾਇਤ ਨਹੀਂ ਹੈ।
ਪਰ ਸਾਡੇ ਭਾਈਆਂ/ਪੂਜਾਰੀਆਂ ਨੇ ਤਾਂ ਪੱਕਾ ਮਨ ਬਣਾਇਆ ਹੋਇਆ ਹੈ ਕਿ ਲੋਕਾਂ ਨੂੰ ਗੁਰਮੱਤ ਦੀ ਅਕਲ
ਆਉਣ ਨਹੀਂ ਦੇਣੀ। ਹਰ ਕਿਸੇ ਮਾਈ ਭਾਈ ਨੂੰ ਇਸ ਸਲੋਕ ਨਾਲ ਡਰਾ ਲੈਦੇ ਹਨ ਕਿ ਗੁਰੁ ਸਾਹਿਬ ਜੀ ਨੇ
ਕਿਹਾ ਹੈ ਕਿ ਰੁਮਾਲਾ ਜਰੂਰ ਲੈ ਕੇ ਆਉ।
** ਜਦ
ਕਿ ਇਸ ਸਲੋਕ ਵਿੱਚ ਗੱਲ ਤਾਂ "ਪ੍ਰੇਮ" ਦੀ ਹੋ ਰਹੀ ਹੈ, ਕਿ ਐ ਰੱਬ ਜੀ ਤੁਸੀਂ ਮੈਂਨੂੰ ਆਪਣੇ
ਪ੍ਰੇਮ-ਪਿਆਰ ਰੂਪੀ ਪਟੋਲਾ (ਪੱਟ ਦਾ ਕੱਪੜਾ ਭਾਵ (ਪੱਟ-ਰੇਸ਼ਮ) ਨਰਮ- ਮੁਲਾਇਮ) ਭਾਵ ਵਾਲਾ ਪਿਆਰ
ਦਿੱਤਾ ਹੈ। ਇਸ ਪੰਕਤੀ ਦਾ ਇਹ ਕਤਈ ਭਾਵ ਨਹੀਂ ਹੈ ਕਿ ਸਿੱਖ ਨੇ ਰੁਮਾਲਾ ਜਰੂਰ ਭੇਟਾ ਕਰਨਾ ਹੈ।
ਅੱਗੇ ਪੰਕਤੀ ਵਿੱਚ "ਢਕਣ ਕੂ ਪਤਿ ਮੇਰੀ" ਦਾ ਮਤਲਭ/ਅਰਥ ਹੈ ਕਿ (ਮੇਰੀਆਂ
ਗਲਤੀਆਂ-ਨਦਾਨੀਆਂ-ਨਲਾਇਕੀਆਂ ਦੇ ਬਾਵਯੂਦ, ਮੇਰੇ ਮਾਨ, ਇਜ਼ਤ, ਪੱਤ ਨੂੰ ਆਪਣੇ ਨਰਮ-ਨਰਮ ਨਿਘੇ
ਪ੍ਰੇਮ-ਪਿਆਰ ਨਾਲ ਢੱਕ ਲਿਆ)।
ਉਹ ਲੋਕ ਜਿਹੜੇ ਆਪਣੀ ਸਰਧਾ ਕਰਕੇ ਰੁਮਾਲਾ ਲੈਕੇ ਆਏ ਹੁੰਦੇ ਹਨ ਉਹਨਾਂ ਦੀ
ਸ਼ਰਧਾ ਨੂੰ ਵੀ ਤਾਂ ਪੱਠੇ ਪਾਉਨੇ ਹੁੰਦੇ ਹਨ, ਹਰ ਵਾਰ ਅਰਦਾਸ ਵਿੱਚ ਵੀ ਇਹ ਉਪਰਲਾ ਸਲੋਕ ਬੋਲਿਆ
ਜਾਂਦਾ ਹੈ। ਲੋਕ-ਪ੍ਰਲੋਕ ਵਿੱਚ ਲਾਜ਼ ਰੱਖਣ ਲਈ, ਕੀਤੇ ਮਾੜੇ ਕੰਮਾਂ ਉੱਪਰ ਪੜਦਾ ਪਾਉਣ ਲਈ, ਦੋ
ਮੀਟਰ ਪੋਸ਼ਾਕਾ ਦੇ ਕੇ ਅਰਜੋਈਆਂ ਕੀਤੀਆਂ ਜਾਂਦੀਆਂ ਹਨ/ ਸੌਦਾ ਕੀਤਾ ਜਾਂਦਾ ਹੈ।
*** ਮੈਨੂੰ ਕੋਈ ਹੈਰਾਨੀ ਨਹੀਂ ਕਿ ਸਿੱਖ ਬਹੁਤ ਪੈਸੇ ਵਾਲੇ ਹੋ ਗਏ ਹਨ। ਉਹ
ਆਪਣੇ ‘ਸ਼ਬਦ ਗੁਰੁ ਸਾਹਿਬ ਜੀ’ ਲਈ, ਲੱਖਾਂ ਰੁਪਏ ਦੇ ਨਹੀਂ, ਬਲਕਿ ਕਰੋੜਾਂ ਰੁਪਏ ਮਹਿੰਗੇ ਮੁੱਲ ਦੇ
ਰੁਮਾਲੇ ਖਰੀਦ ਸਕਦੇ ਹਨ।
*** ਅੱਜ ਹਰ ਧਾਰਮਿੱਕ ਸਥਾਨ, ਜਿਥੇ ਵੀ ‘ਸ਼ਬਦ ਗੁਰੂ ਸਾਹਿਬ ਜੀ’ ਦਾ
ਪ੍ਰਕਾਸ਼ ਹੈ, ਹਰ ਕੋਈ ਮਾਈ ਭਾਈ ਸ਼ਰਧਾ ਨਾਲ ਰੁਮਾਲਾ ਭੇਟਾ ਕਰਦਾ ਹੈ। 100 ਵਿਚੋਂ ਕੋਈ 2 ਜਾਂ 4
ਗੁਰ ਘਰਾਂ ਵਿੱਚ ਇਹਨਾਂ ਰੁਮਾਲਿਆਂ ਦੀ ਸੁ-ਵਰਤੋਂ ਹੁੰਦੀ ਹੋਵੇਗੀ, ਵਰਨਾ ਇਹ ਸਾਰੇ ਭੇਟਾ ਵਿੱਚ ਆਏ
ਰੁਮਾਲੇ ਸਟੋਰਾਂ ਵਿੱਚ ਹੀ ਸੁੱਟ ਦਿੱਤੇ ਜਾਂਦੇ ਹਨ, ਜਿਥੇ ਚੂਹੇ ਇਹਨਾਂ ਰੁਮਾਲਿਆਂ ਦੇ ਢੇਰਾਂ
ਵਿੱਚ ਆਰਾਮ ਨਾਲ ਆਪਣਾ ਜੀਵਨ ਬਸ਼ਰ ਕਰਦੇ ਹਨ।
** ਬੜਾ ਅਫ਼ਸੋਸ ਹੁੰਦਾ ਹੈ ਜਦੋਂ ਸਾਡੀ {ਰੁਮਾਲਿਆਂ ਦੀ} ਕੋਈ ‘ਕਦਰ’ ਨਹੀਂ
ਹੁੰਦੀ। ਸਾਡੀ ਸਾਂਭ-ਸੰਭਾਲ ਵੀ ਕੋਈ ਨਹੀਂ ਕਰਦਾ। ਸਾਡੇ ਵਿਚੋਂ ਕੁੱਝ ਕੀਮਤੀ ਰੁਮਾਲੇ ਤਾਂ ਇਹ
ਪੁਜਾਰੀ ਭਾਈ ਜੀ ਹੀ ਏਧਰ ਉਧਰ ਕਰ ਦਿੰਦੇ ਹਨ। ਬਾਕੀਆਂ ਦਾ ਜੋ ਹਾਲ ਹੁੰਦਾ ਹੈ ਉਹ ਤੁਹਾਡੇ ਸਾਹਮਣੇ
ਹੈ।
*** ਸਮਾਂ ਪਾ ਕੇ ਜਦੋਂ ਗੁਰਦੁਆਰਿਆਂ ਦੇ ਸਟੋਰਾਂ ਵਿੱਚ ਇਹਨਾਂ ਫਾਲਤੂ
ਰੁਮਾਲਿਆਂ ਦਾ ਢੇਰ ਵੱਧਦਾ ਜਾਂਦਾ ਹੈ ਤਾਂ ਸਾਨੂੰ ਟਰੱਕਾਂ ਵਿੱਚ ਭਰਕੇ ਦੂਰ ਦਰਾਡੇ, ਕਿਸੇ ਦਰਿਆ
ਦੇ ਕਿਨਾਰੇ ਸੁੰਨ-ਸਾਨ ਜਗਹ ਦੇਖ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਸਿੱਖ ਸੰਗਤਾਂ ਨੂੰ ਇਸ
ਕਾਰਗੁਜ਼ਾਰੀ ਦੀ ਭਿਣਕ ਤੱਕ ਨਹੀਂ ਪੈਣ ਦਿੱਤੀ ਜਾਂਦੀ। ਚੋਰੀ ਚੋਰੀ ਇਹ ਸਾਰੀ ਕਾਰਵਾਈ ਕੀਤੀ ਜਾਂਦੀ
ਹੈ।
** ਇਹਨਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਸਾਡੇ ਉੱਪਰ ਜ਼ਰਾ ਜਿੰਨਾ ਤਰਸ ਵੀ
ਨਹੀਂ ਆਉਂਦਾ, ਕਿ ਸਾਨੂੰ (ਰੁਮਾਲਿਆਂ ਨੂੰ) ਕਿਸੇ ਲੋੜਵੰਦ ਪ੍ਰੀਵਾਰਾਂ ਦੇ ਦੇਣ।
** ਅਸੀਂ ਜੇਕਰ ਗੁਰੁ ਘਰ ਵਿੱਚ ‘ਗੁਰੁ ਸਾਹਿਬ ਜੀ’ ਦੀ ਸ਼ੋਭਾ/ਸਜਾਵਟ ਨੂੰ
ਚਾਰ ਚੰਦ ਨਹੀਂ ਲਾ ਸਕੇ, ਤਾਂ ਕੀ ਅਸੀਂ ਕਿਸੇ ਗਰੀਬ ਦੇ ਕੰਮ ਵੀ ਨਹੀਂ ਆ ਸਕਦੇ? ?
** ਅਸੀਂ ਕਿਸੇ ਗਰੀਬ ਪਰੀਵਾਰ ਦੀਆਂ ਕੱਪੜੇ ਦੀਆਂ ਲੋੜਾਂ ਤਾਂ ਪੂਰੀਆਂ ਕਰ
ਸਕਦੇ ਹਾਂ। ਕਿਸੇ ਦਾ ਤਨ ਢੱਕ ਸਕਦੇ ਹਾਂ। ਘਰ ਦੇ ਹੋਰ ਕਈ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਸਕਦੇ
ਹਾਂ।
{{{{{ ( ਇਥੇ
ਵੀ ਗੁਰਦੁਆਰਾ ਪਰਬੰਧਕਾਂ ਦੀ ਮਨਮੱਤ ਅਤੇ ਹੰਕਾਰ ਅੱਗੇ ਆ ਖੜਦਾ ਹੈ,
ਕਿ ਗੁਰੁ ਸਾਹਿਬ ਜੀ ਲਈ ਆਏ ਰੁਮਾਲੇ
ਲੋਕਾਂ ਵਿੱਚ ਉਹਨਾਂ ਦੇ ਘਰੇਲੂ ਵਰਤੋਂ ਲਈ ਨਹੀਂ ਵਰਤੇ ਜਾ ਸਕਦੇ।
** ਇਹਨਾਂ ਨੂੰ ਕੇਵਲ ਅੱਗ ਲਾਕੇ ਸਾੜਿਆ ਜਾ ਸਕਦਾ ਹੈ।
** ਵੇਖੋ ਨਾ ਕਿੱਡੀ ਮੂਰਖਤਾ ਹੈ ਕਿ ਅੱਗ ਲਾ ਕੇ ਸਾੜ ਦਿਉ, ਪਰ ਕਿਸੇ
ਲੋੜਵੰਦ ਨੂੰ ਨਾ ਦਿਉ।
** ਅੱਗ ਲਾਕੇ ਸਾੜਨ ਨਾਲ ਧੂੰਆਂ ਪੈਦਾ ਹੁੰਦਾ ਹੈ।
** ਧੂੰਏਂ ਵਿੱਚ ਤਰਾਂ ਤਰਾਂ ਦੀਆਂ ਜ਼ਹਿਰੀਲੀਆਂ ਗੈਸਾਂ ਵੀ ਪੈਦਾ ਹੁੰਦੀਆਂ
ਹਨ, ਜੋ ਆਪਣੇ ਹੀ ਦੇਸ਼ ਦਾ ਵਾਯੂਮੰਡਲ ਖਰਾਬ ਕਰਦਾ ਹੈ।
** ਦੇਸ਼ ਦੇ ਲੋਕਾਂ ਨੂੰ ਸਾਹ ਦੀਆਂ ਕਈ ਤਰਾਂ ਦੀਆਂ ਤਕਲੀਫਾਂ ਹੋ ਸਕਦੀਆਂ
ਹਨ।
** ਸੱੜ ਕਿ ਕੱਪੜੇ ਤੋਂ ਬਣੀ ਸੁਆਹ ਹਵਾ ਰਾਂਹੀ ਆਸੇ ਪਾਸੇ ਖੇਤਾਂ ਅਤੇ
ਪਿੰਡਾਂ ਵਿੱਚ ਉੱਡ-ਉੱਡ ਕਿ ਜਾਂਦੀ ਹੈ, ਲੋਕਾਂ ਉੱਪਰ ਵੀ ਜਾ ਡਿੱਗਦੀ ਹੈ।)}}}}}}
****** ਇਸ ਸਾਰੀ ਬੇਕਦਰੀ ਦਾ ਕਾਰਨ ਹੈ ਮਨਮੱਤ, ਅਗਿਆਨਤਾ, ਕੱਟੜਤਾ
ਅੰਧ-ਵਿਸ਼ਵਾਸ।
** ਗੁਰੁ ਘਰਾਂ ਵਿੱਚ ਲੋੜ ਅਨੁਸਾਰ ਰੁਮਾਲਿਆਂ ਦਾ ਪ੍ਰਬੰਧ ਕਰਨਾ ਗੁਰਦੁਆਰਾ
ਪ੍ਰਬੰਧਕ ਕਮੇਟੀਆਂ ਦਾ ਫਰਜ਼ ਹੈ।
** ਅਗਰ ਲੋੜ ਤੋਂ ਜਿਆਦਾ ਰੁਮਾਲੇ ਆ ਰਹੇ ਹਨ ਤਾਂ ਸਿੱਖ ਸੰਗਤਾਂ ਨੂੰ ਇਸ
ਪ੍ਰਤੀ ਜਾਗਰੂਕ ਕੀਤਾ ਜਾਏ ਕਿ ਗੁਰੁ ਘਰ ਵਿੱਚ ਰੁਮਾਲਿਆਂ ਦੀ ਸਾਂਭ-ਸੰਭਾਲ ਲਈ ਬੰਦੋਬਸਤ ਨਹੀਂ ਹੈ,
ਇਸ ਸਿੱਖ ਸੰਗਤਾਂ ਆਪਣਾ ਇਹ ਪੈਸਾ ਕਿਸੇ ਲੋੜਵੰਦ ਗਰੀਬ ਦੀ ਲੋੜ ਦੇ ਲੇਖੇ ਲਾਉਣ।
** ਗਰੀਬ ਦਾ ਮੂੰਹ ਗੁਰੁ ਦੀ ਗੋਲਕ ਹੈ।
** ਸਿੱਖ ਸੰਗਤਾਂ ਨੂੰ ਵੀ ਆਪਣੀ ਸਿਆਣਪ ਦੀ ਵਰਤੋਂ ਕਰਨੀ ਚਾਹੀਦੀ ਹੈ ਕਿ
ਉਹਨਾਂ ਦੀ ਹੱਕ ਹਲਾਲ ਦੀ ਕਮਾਈ ਦਾ ਪੈਸਾ ਕਿਸੇ ਲੋੜਵੰਦ ਦੀ ਲੋੜ ਪੂਰੀ ਕਰੇ। ਇਹੀ ਤਾਂ ਗੁਰੁ
ਸਾਹਿਬ ਜੀ ਦਾ ਸੁਨੇਹਾ ਸੰਦੇਸ਼ ਗਿਆਨ ਹੈ।
******* ਸਿੱਖ ਸੰਗਤ ਜੀ! ! ਰੁਮਾਲਿਆਂ ਦੇ ਢੇਰ ਵਿੱਚ ਕਿਨਾਰੇ ਤੇ ਹੋਣ
ਕਰਕੇ ਮੈਂ ਆਪਣੇ ਮਨ ਦੀ ਵੇਦਨਾ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਰੁਮਾਲਿਆ ਦੇ ਢੇਰ ਨੂੰ ਲੱਗੀ
ਅੱਗ ਹੁਣ ਮੇਰੇ ਤੱਕ ਵੀ ਪਹੁੰਚਣ ਵਾਲੀ ਹੈ, ਸੜ ਕੇ ਸੁਆਹ ਹੋਣ ਵਿੱਚ ਜਿਆਦਾ ਸਮਾਂ ਨਹੀਂ ਬਚਿਆ।
** ਮੇਰੇ ਮਨ ਦੀ ਵੇਦਨਾ ਅਤੇ ਸਾਡੇ ਰੁਮਾਲਾ ਸ਼੍ਰੇਣੀ ਦੀ ਦੁਰਦਸ਼ਾ ਦੀ ਕਹਾਣੀ
ਨਾਲ ਸਿੱਖ ਸੰਗਤਾਂ ਨੂੰ ਜਾਣੂ ਕਰਵਾਉਣਾ, ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਦਾ ਮਜਾਕ ਨਾ ਉੱਡਾ ਕੇ,
ਲੋਕਾਂ ਦੀ ਹੱਕ ਦੀ ਕਮਾਈ ਦੇ ਪੈਸੇ ਦੀ ਚੰਗੀ ਵਰਤੋਂ ਕੀਤੀ ਜਾਵੇ।
** ਲੋਕ ਅਗਰ ਆਪ ਜਾਗ ਪੈਣ ਤਾਂ ਇਹ ਰੁਮਾਲੇ ਗੁਰੁ ਘਰ ਵਿੱਚ ਨਾ ਦੇ ਕੇ
ਕਿਸੇ ਲੋੜਵੰਧ ਨੂੰ ਉਹਦੀ ਲੋੜ ਅਨੁਸਾਰ ਦਿੱਤੇ ਜਾਣ।
** ਅਲਵਿਦਾ। ਖ਼ੁਸ਼ ਰਹੋ। ਵੇਖਿਉ! ! ! ਕਿਤੇ ਤੁਸੀਂ ਆਪ ਹੀ ਮੇਰੇ ਕਿਸੇ ਸਾਕ
ਸੰਬੰਧੀ ਨੂੰ ਅੱਗ ਵਿੱਚ ਸੱੜਨ ਲਈ, ਇਹਨਾਂ ਗੁਰਦੁਆਰਾ ਕਮੇਟੀਆਂ ਦੇ ਹਵਾਲੇ ਨਾ ਕਰ ਦਿਉ। ਮੇਰੀ ਇਹ
ਇਲਤਿਜਾ/ਅਰਦਾਸ/ਬੇਨਤੀ/ਅਰਜ਼ੋਈ ਪ੍ਰਵਾਨ ਜਰੂਰ ਕਰਨੀ ਜੀ। ਸਚਾਈ ਨੂੰ ਜਾਣਦੇ-ਬੁੱਝਦੇ ਆਪਣੇ ਆਪ ਨੂੰ
ਜਗਾਉਣਾ ਕਰਨ ਦੇ ਨਾਲ ਨਾਲ ਆਪਣੇ ਹੋਰਨਾਂ ਦੋਸਤਾਂ, ਮਿੱਤਰਾਂ, ਭੈਣਾਂ, ਭਾਈਆਂ ਨਾਲ ਵੀ ਸਾਡੀ ਇਸ
ਦੁਰਦਸ਼ਾ ਬਾਰੇ ਜਰੂਰ ਜ਼ਿਕਰ ਕਰਨਾ ਕਿ ਕਿਵੇਂ ਸਾਨੂੰ ਬੇਕਦਰਾਂ ਨੇ ਬੇਗੈਰਤੀ ਨਾਲ ਘਰੋਂ ਬਾਹਰ ਕੀਤਾ।
ਸਾਨੂੰ ਕਿਸੇ ਲੋੜਵੰਦ ਨੂੰ ਹੀ ਦੇ ਦਿੰਦੇ। ਤਾਂ ਜੋ ਅਸੀਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਕੇ ਉਸਦੇ
ਮਨ ਵਿੱਚ ਉਲਹਾਸ ਦੀ ਕਿਰਨ ਬਣਦੇ।
ਸੋ ਸੰਗਤ ਜੀ! ! ! ਆਪਣੇ ਖ਼ੂਨ ਪਸੀਨੇ ਦੀ ਕਮਾਈ ਨੂੰ ਧਰਮ ਦੇ ਪਾਖੰਡ ਕਰਮਾਂ
ਵਿੱਚ ਪੈ ਕੇ ਅਜ਼ਾਈਂ ਨਾ ਗਵਾਉ ਜੀ। ਆਪਣੀ ਅਕਲ ਦੀ ਵਰਤੋਂ ਕਰੋ ਜੀ।
ਗੁਰਬਾਣੀ ਫੁਰਮਾਨ ਹੈ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜਿ੍ਹ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥m 1] p 1245]
ਲੇਖਕ:
***** ਭਾਰਤ ਦੇ ਸਨਾਤਨੀ ਮਨੁੱਖਾ
ਸਮਾਜ ਵਿੱਚ ਬ੍ਰਾਹਮਣ/ਪਾਂਡੇ/ਪੂਜਾਰੀ ਨੇ ਆਪਣੇ ਸੁੱਖ ਆਰਾਮ ਦੀ ਖਾਤਰ ਬਾਕੀ ਦੀਆਂ ਤਿੰਨ ਵਰਨ ਵੰਡ
ਸ਼੍ਰੇਣੀਆਂ ਨੂੰ ਆਪਣੇ ਕਰਮਕਾਂਡ/ਅਡੰਬਰ ਅਤੇ ਵਹਿਮ, ਭਰਮ, ਦਾ ਡਰ ਪਾ ਕੇ ਹਰ ਤਰਾਂ ਨਾਲ ਲੁੱਟਣ ਦਾ
ਮਨ ਬਣਾਇਆ ਹੋਇਆ ਸੀ। ਜਨਮ, ਮਰਨ, ਨਾਮਕਰਨ, ਵਿਆਹ/ਸ਼ਾਦੀ, ਘਰ-ਪ੍ਰਵੇਸ਼, ਜ਼ਮੀਨ-ਜਾਇਦਾਦ ਦੀ
ਖ਼ਰੀਦ-ਫਰੋਖਤ, ਗੱਲ ਕੀ ਹਰ ਖ਼ੁਸ਼ੀ-ਗਮੀ ਦੇ ਮੌਕੇ ਉੱਪਰ ਬ੍ਰਾਹਮਣ/ਪਾਂਡੇ/ਪੂਜਾਰੀ ਨੇ ਆਪਣੇ ਅਤੇ
ਆਪਣੇ ਪ੍ਰੀਵਾਰ ਲਈ ਭੋਜਨ/ਮਾਇਆ/ਪੈਸੇ ਲੈਂਦਾ ਅਤੇ ਬਾਕੀ ਹੋਰ ਸੁੱਖ ਆਰਾਮ ਦੇ ਸਾਧਨ ਵੀ ਜੁਟਾਉਣੇ
ਕਰਦਾ।
** ਬ੍ਰਾਹਮਣ ਦੇ ਭਰਮ-ਭੁਲੇਖਿਆਂ ਅਤੇ ਮਕੜ-ਜਾਲ ਨੇ ਲੋਕਾਈ ਨੂੰ ਬੁਰੀ ਤਰਾਂ
ਭੰਬਲਭੂਸੇ ਵਿੱਚ ਪਾਇਆ ਹੋਇਆ ਸੀ। ਕਿਸੇ ਮਨੁੱਖ ਦੇ ਮਰਨੇ ਉੱਪਰੰਤ ਘਰ ਵਾਲਿਆਂ ਨੂੰ ਮਰਨ ਵਾਲੇ ਦੇ
ਅੱਗਲੀ ਦੁਨੀਆਂ ਲਈ ਮੰਜਾ, ਬਿਸਤਰਾ, ਭਾਂਡੇ, ਬਾਕੀ ਹੋਰ ਕਈ ਕਿਸਮ ਦਾ ਸੁੱਕਾ ਸੀਧਾ, ਨਿੱਕਸੁੱਕ,
ਬਾਹਮਣ/ਪਾਂਡਾ/ਪੂਜਾਰੀ ਮੰਦਿਰ ਵਿੱਚ ਦੇਣ ਲਈ ਕਹਿੰਦਾ, ਮੰਦਿਰ ਚੋਂ ਸਾਰੀ ਸਮਗੱਰੀ ਇਹਨਾਂ ਪਾਖੰਡੀ
ਪਾਂਡਿਆਂ ਦੇ ਘਰ ਚੱਲੀ ਜਾਂਦੀ।
*** ਸਨਾਤਨ ਮੱਤ ਦੀਆਂ ਇਹਨਾਂ ਸਮਾਜ ਵਿਰੋਧੀ ਰਸਮਾਂ ਨੂੰ ਸਿੱਖ ਸਮਾਜ ਦੇ
ਲੋਕਾਂ ਨੇ ਵੀ ਅਪਨਾ ਲਿਆ। ਮਰਨੋ ਉਪਰੰਤ ਇਹ ਗੁਰਦੁਆਰਿਆਂ ਵਿੱਚ ਮੰਜਾ ਬਿਸਤਰਾ ਭਾਂਡੇ ਦੇਣ ਦਾ
ਰਿਵਾਜ ਹੁਣ ਥੋੜਾ ਘਟਿਆ ਹੈ ਵਰਨਾ ਪੰਜਾਬ ਦੇ ਕਈ ਪਿੰਡਾਂ ਵਿੱਚ ਅੱਜ ਵੀ ਚੱਲਦਾ ਹੋਏਗਾ।
*** ਡੇਰਿਆਂ, ਠਾਠਾਂ, ਗੁਰਦੁਆਰਿਆਂ ਵਿੱਚ ਚੜਾਵਾ ਚੜਾਉਣ ਦਾ ਰਿਵਾਜ਼ ਵੀ
ਸਿੱਖ ਸਮਾਜ ਵਿੱਚ ਸਨਾਤਨੀ ਮੱਤ ਦੀ ਦੇਣ ਹੈ। ਇਹ ਰੁਮਾਲਾ/ਪੋਸ਼ਾਕਾ ਚੜਾਉਣ ਦਾ ਰਿਵਾਜ਼ ਵੀ ਇਸੇ
ਪ੍ਰੀਕਿਰਿਆ ਦਾ ਹਿੱਸਾ ਹੈ। ਜੋ ਅੱਜ ਤੱਕ ਬਾ ਦਸਤੂਰ ਜ਼ਾਰੀ ਹੈ।
ਵੀਰੋ ਭੈਣੋਂ! ਇਹ ਸਚਾਈ ਹੈ ਨਾਲ ਲੱਗੀਆਂ ਤਸਵੀਰਾਂ/ਫੋਟੋਆਂ ਵਿੱਚ ਵੀ
ਤੁਸੀਂ ਵੇਖ ਸਕਦੇ ਹੋ।
** ਦੋ ਵੀਡਿੳਜ਼ੁ ਵੀ ਨਾਲ ਅਟੈਚ ਹਨ। ਉਹਨਾਂ ਨੂੰ ਪੂਰੀਆਂ ਵੇਖਣਾ। ਇੱਕ
ਪੰਜਾਬ ਦੀ ਹੈ, ਦੂਜੀ ਕਿਸੇ ਬਾਹਰਲੇ ਮੁਲਕ ਦੀ ਹੈ। ਇਸ ਵਿੱਚ ਕੋਈ ਵੀਰ ਰੱਬਿਸ਼ (ਕੂੜਾ-ਕੱਰਕੱਟ)
ਚੁੱਕਣ ਵਾਲੀ ਕੰਪਨੀ ਵਿੱਚ ਕੰਮ ਕਰਦਾ ਹੈ, ਉਸਨੇ ਇਹ ਵੀਡੀਉ ਬਣਾ ਕੇ ਪਾਈ ਹੈ। ਪੂਰਾ ਇੱਕ ਟਰੱਕ ਦਾ
ਲੋਡ ਹੈ, ਰੁਮਾਲਿਆ ਨਾਲ ਭਰੇ ਹੋਏ ਰਬਸ਼-ਬੈਗ। ਉਸ ਵੀਰ ਦੇ ਮਨ ਵਿੱਚ ਦਰਦ ਜਾਗਿਆ ਤਾਂ ਇਹ ਵੀਡਿਉ
ਬਣਾ ਕੇ ਪਾ ਦਿੱਤੀ ਕਿ ਸਾਡੀ ਮਨਮੱਤ ਅਤੇ ਅਗਿਆਨਤਾ ਕਰਕੇ ਅਸੀ ਆਪਣੀ ਖੂਨ ਪਸੀਨੇ ਦੀ ਕਮਾਈ ਨੂੰ
ਕਿਵੇਂ ਲੁਟਾ ਰਹੇ ਹਾਂ।
** ਲੇਕਿਨ ਸਾਡੀ ਮਾਨਸਿਕਤਾ ਇਹ ਹੈ ਕਿ ਅਸੀਂ ਜਾਗਣ ਨੂੰ ਤਿਆਰ ਨਹੀਂ ਹਾਂ।
ਅਸੀਂ ਲਕੀਰ ਦੇ ਫਕੀਰ ਬਣੇ ਹੋਏ ਹਾਂ। ਆਪਣੀ ਖ਼ੂਨ ਪਸੀਨੇ ਦੀ ਕਮਾਈ ਕਿਵੇਂ ਆਪਣੀ ਅਗਿਆਨਤਾ ਕਰਕੇ
ਮਨਮੱਤਾਂ ਅਤੇ ਕਰਮਕਾਂਡਾਂ ਵਿੱਚ ਲੁਟਾਈ ਜਾ ਰਹੇ ਹਾਂ।
ਸ਼ਬਦ ਗੁਰੂ ਨੂੰ ਦੇਹ ਸਮਝਦੇ ਹੋਏ ਦੇਹ-ਪੂਜਾਰੀ ਬਣੇ ਹੋਏ ਹਾਂ, ਤਾਂ ਹੀ ਤਾਂ
ਸਰਦੀਆਂ ਨੂੰ ਕੰਬਲ, ਗਦੈਲੇ, ਰਜ਼ਾਈਆਂ ਅਤੇ ਗਰਮੀਆਂ ਲਈ ਕੂਲਰ ਅਤੇ ਪੱਖਿਆਂ ਦਾ ਬੰਦੋਬਸਤ ਕਰਨ ਵਿੱਚ
ਰੁਝੇ ਰਹਿੰਦੇ ਹਾਂ। ਇਹ ਸਾਰੇ ਕੰਮ ਤਾਂ ਵਿਹਲੜ ਡੇਰੇਦਾਰ, ਪਾਖੰਡੀ ਸਾਧ ਕਰਦੇ ਹਨ। ਕੌਮ ਨੂੰ
ਪੁੱਠੇ ਅਤੇ ਕੱਚੇ ਰਾਹ ਤੋਰ ਦਿੱਤਾ।
** ‘ਗੁਰਬਾਣੀ’ ਗਿਆਨ ਵਿਚਾਰ ਦਾ ਮੁਜੱਸਮਾਂ ਹੈ। ਇਸਨੂੰ ਅਸੀਂ ਆਪ ਪੜ੍ਹਕੇ,
ਸੁਣਕੇ, ਮੰਨਕੇ, ਵਿਚਾਰਕੇ ਆਪਣੇ ਮਨੁੱਖਾ
ਜੀਵਨ ਦੇ ਅਮਲਾਂ ਵਿੱਚ ਲਿਆਉਣਾ ਸੀ। ਇਸ ਵਿਚੋਂ ਜੋ ਸੁਨੇਹਾ, ਸੰਦੇਸ਼, ਗਿਆਨ ਵਿਚਾਰ ਲੈਣਾ ਸੀ, ਉਹ
ਨਾ ਲੈ ਕੇ ਅਸੀਂ ਬਰਾਹਮਣ/ਪੂਜਾਰੀ ਵਾਂਗ "ਗੁਰਬਾਣੀ" ਨੂੰ ਪੂਜਣ ਲੱਗ ਪਏ, ਇਸਨੂੰ ਸਮਝਣਾ ਨਾ ਕੀਤਾ।
** ਅਸੀਂ ਆਪਣੇ ਆਪ ਨੂੰ ਧਰਮੀ ਬਨਾਉਣ ਦੇ ਚੱਕਰ ਵਿੱਚ ਆਪਣਾ ਆਪ ਹੀ ਗੁਆ
ਬੈਠੇ। ਅਸੀ ਨਾ ਘਰ ਦੇ ਰਹੇ ਹਾਂ ਨਾ ਘਾਟ ਦੇ। ਸਾਰੀ ਗੁਰਬਾਣੀ ਦਾ ਸੁਨੇਹਾ ਹੈ
"ਸਿੱਖੀ – ਸਿੱਖਿਆ – ਗੁਰਵਿਚਾਰ"।
ਇਹ ਸੁਨੇਹਾ, ਸੰਦੇਸ਼ ਲੈਕੇ
ਅਸੀਂ ਆਤਮ-ਗਿਆਨਵਾਨ ਬਨਣਾ ਹੈ। ਜਿਸ ਨਾਲ ਅਸੀਂ ਸਹੀ ਗੁਰਬਾਣੀ ਗਿਆਨ ਵਿਚਾਰ ਦਾ ਦੀਵਾ ਜਗਾ ਕੇ
ਆਪਣਾ ਜੀਵਨ ਰੌਂਸ਼ਨ ਕਰ ਸਕਦੇ ਹਾਂ।
** ਪਰ ਅਫ਼ਸੋਸ! ! ਆਪਣੀ ਕੌਮ ਵਿੱਚ ਅਸੀਂ ਗੁਰਬਾਣੀ ਗਿਆਨ ਦਾ ਦੀਵਾ ਜਗਾਉਣ
ਵਿੱਚ ਫੇਲ ਹੋ ਗਏ ਹਾਂ। ਪੂਜਾਰੀ ਲਾਣਾ, ਨਿਰਮਲੇ ਸਾਧ, ਡੇਰੇਦਾਰਾਂ ਅਤੇ ਪਾਖੰਡੀ ਬਾਬੇ ਕਾਮਯਾਬ ਹੋ
ਗਏ ਹਨ। ਸਿੱਖ ਕੌਮ ਨੂੰ ਕਰਮਕਾਂਡੀ ਅਤੇ ਅਡੰਬਰੀ ਕੌਮ ਬਣਾ ਕੇ ਰੱਖ ਦਿੱਤਾ ਗਿਆ।
ਅੱਜ ਹਰ ਤਰਾਂ ਦਾ ਵਹਿਮ, ਭਰਮ, ਪਾਖੰਡ, ਮੰਨਮੱਤ ਸਿੱਖ ਕੌਮ ਦੇ ਵਾਰਿਸ ਕਰ
ਰਹੇ ਹਨ, ਜੋ ਸਨਾਤਨ ਮੱਤ ਵਿੱਚ ਹੋ ਰਿਹਾ ਹੈ। ਕਿਸੇ ਵੀ ਤਰਾਂ ਭਿੰਨ ਭੇਦ ਨਹੀਂ ਰਿਹਾ। ਅੱਜ ਦਾ
ਸਿੱਖ ਆਪਣੇ ਆਪ ਨੂੰ ਨਿਆਰਾ ਖਾਲਸਾ ਕਹਾਉਣ ਦਾ ਹੱਕਦਾਰ ਰਿਹਾ ਹੀ ਨਹੀਂ। ਕਿਉਂਕਿ ਉਸਦੇ ਸਾਰੇ ਕੰਮ
ਹੀ ਹਿੰਦੂਆਂ ਵਾਲੇ ਹੋ ਗਏ ਹਨ।
ਸਿੱਖ ਸਮਾਜ ਦੀਆਂ ਪਰਮੁੱਖ ਜੱਥੇਬੰਦੀਆਂ ਤਾਂ ਸ਼ੱਰੇਆਮ ਸਨਾਤਨ ਮੱਤ ਦੀਆਂ
ਮੰਨਮੱਤਾਂ ਨੂੰ ਪਰਚਾਰਨ/ਪਰਸਾਰਨ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਨੂੰ ਪਰੋਮੋਟ ਕਰ ਰਹੀਆਂ ਹਨ।
** ਆਪਣੇ ਆਪ ਨੂੰ ਸਿੱਖੀ ਦੇ ਵਾਰਿਸ ਅਖਵਾਉਣ ਵਾਲੇ ਘੂਕ ਸੁੱਤੇ ਪਏ ਹਨ।
** ਜਾਗਣ ਵਾਲਾ ਅਗਰ ਖੁੱਦ ਹੀ ਜਾਗਣਾ ਨਾ ਚਾਹੇ ਤਾਂ ਜਗਾਉਣ ਵਾਲਾ ਵੀ ਕੀ
ਕਰ ਸਕਦਾ ਹੈ। ਵਾਜ਼ਾ ਮਾਰ ਕੇ ਹੰਭ ਹਾਰ ਜਾਵੇਗਾ ਅਤੇ ਚੁੱਪ ਕਰ ਜਾਵੇਗਾ। ਇਹ ਹੁਣ ਜਾਗਣ ਵਾਲੇ ਉੱਪਰ
ਹੈ ਕਿ ਕਦੋਂ ਤੱਕ ਇਸ ਕੁੰਭਕਰਨੀ ਨੀਂਦ ਵਿੱਚ ਸੁੱਤੇ ਰਹਿਣਾ ਹੈ ਜਾਂ ਜਾਗਕੇ ਆਪਣੇ ਮਨੁੱਖਾ ਜੀਵਨ
ਵਿੱਚ ਆਤਮ-ਗਿਆਨ-ਵਿਚਾਰ ਦਾ ਦੀਵਾ ਜਗਾਉਣਾ ਹੈ।
ਧੰਨਵਾਦ।
ਇੰਜ ਦਰਸ਼ਨ ਸਿੰਘ ਖਾਲਸਾ
ਸਿੱਡਨੀ (ਅਸਟਰੇਲੀਆ)
(ਨੋਟ:- ਇੰਜ: ਦਰਸ਼ਨ ਸਿੰਘ ਖਾਲਸਾ ਜੀ ਨੇ ਇਸ ਲੇਖ
ਨਾਲ ਦੋ ਵੀਡੀਓ ਭੇਜੇ ਸਨ ਜੋ ਕਿ ਸਾਡੇ ਲਈ ਅੱਪਲੋਡ ਕਰਨੇ ਮੁਸ਼ਕਲ ਸਨ। ਅਸੀਂ ਕੱਲ ਸਵੇਰੇ 10 ਮਾਰਚ
ਨੂੰ ਖਾਲਸਾ ਜੀ ਨੂੰ ਈ-ਮੇਲ ਕੀਤੀ ਸੀ ਕਿ ਸਾਨੂੰ ਇਹਨਾ ਵੀਡੀਓ ਦੇ ਲਿੰਕ ਭੇਜੋ ਪਰ ਉਹਨਾ ਦਾ ਹਾਲੇ
ਤੱਕ ਕੋਈ ਜਵਾਬ ਨਹੀਂ ਆਇਆ। ਪਤਾ ਨਹੀਂ ਉਹਨਾ ਨੇ ਈ-ਮੇਲ ਦੇਖੀ ਹੈ ਜਾਂ ਨਹੀਂ। ਜਦੋਂ ਵੀ ਉਹਨਾ ਨੇ
ਲਿੰਕ ਭੇਜੇ ਤਾਂ ਇੱਥੇ ਪਾ ਦਿੱਤੇ ਜਾਣਗੇ-ਸੰਪਾਦਕ)
ਕੁੱਝ ਹੋਰ ਲਿੰਕ
https://www.youtube.com/watch?v=qCxeDHH4Ag0
https://www.youtube.com/watch?v=isT8EKc6Ogc
https://www.youtube.com/watch?v=fe3g7eghwV0
|
. |