ਅੱਜ ਕੱਲ੍ਹ ਸਾਰਾ ਸੰਸਾਰ ਦੂਸ਼ਿਤ ਵਾਤਾਵਰਣ ਤੋਂ ਦੁਖੀ ਹੈ। ਹਵਾ, ਜਲ, ਖਾਣ
ਦੀਆਂ ਵਸਤੂਆਂ ਤੇ ਸਾਰੀ ਧਰਤੀ ਤੇ ਪ੍ਰਦੂਸ਼ਣ ਫੈਲਿਆ ਹੋਇਆ ਹੈ। ਕਈ ਲਾਇਲਾਜ ਬਿਮਾਰੀਆਂ ਫੈਲ ਰਹੀਆਂ
ਹਨ। ਕਾਰਖਾਨਿਆਂ, ਘਰਾਂ ਅਤੇ ਕਾਰਾਂ ਤੇ ਮੋਟਰਾਂ ਦਾ ਧੂਆਂ ਵਾਊ ਨੂੰ ਦੂਸ਼ਿਤ ਕਰ ਰਿਹਾ ਹੈ। ਜਨ
ਸੰਖਿਆ ਦੇ ਵਾਧੇ ਕਾਰਣ ਜੰਗਲਾਂ ਨੂੰ ਤੇਜ਼ੀ ਨਾਲ ਕਟਿਆ ਜਾ ਰਿਹਾ ਹੈ। ਰਸਾਇਣਕ ਖਾਦਾਂ ਦੀ ਵਧੇਰੀ
ਵਰਤੋਂ ਕਰਕੇ ਪੈਦਾਵਾਰ ਤੇ ਧਰਤੀ ਦਾ ਹੇਠਲਾ ਪਾਣੀ ਵਰਤੋਂ ਲਈ ਅਯੋਗ ਹੋ ਰਹੇ ਹਨ। ਅਸੀਂ ਆਪਣਾ
ਕੂੜਾ, ਗੰਦਗੀ ਤੇ ਕਾਰਖਾਨਿਆਂ ਦੇ ਜ਼ਹਿਰੀਲੇ ਰਸਾਇਣ ਨਦੀਆਂ ਵਿੱਚ ਸੁਟ ਕੇ ਜਲ ਨੂੰ ਗੰਦਾ ਕਰ ਰਹੇ
ਹਾਂ। ਪ੍ਰਦੂਸ਼ਣ ਕਾਰਣ ਹੀ ਤਾਪਮਾਨ ਵੱਧ ਰਿਹਾ ਹੇ, ਦਰਿਆਵਾਂ ਵਿੱਚ ਹੜ੍ਹ ਆ ਰਹੇ ਹਨ, ਬਿਮਾਰੀਆਂ
ਫੈਲ ਰਹੀਆਂ ਹਨ ਤੇ ਵਾਤਾਵਰਣ ਦੇ ਪ੍ਰਦੂਸ਼ਣ ਕਾਰਣ ਮੌਤਾਂ ਦੀ ਦਰ ਵੱਧ ਰਹੀ ਹੈ। ਇੱਕ ਸਰਵੇਖਣ
ਅਨੁਸਾਰ ੪% ਮੌਤਾਂ ਦਾ ਕਾਰਣ ਕੇਵਲ ਪ੍ਰਦੂਸ਼ਣ ਹੈ।
ਗੁਰਬਾਣੀ ਅਨੁਸਾਰ ਮਨੁੱਖ ਤੇ ਵਾਤਾਵਰਣ ਦਾ ਆਪਸ ਵਿੱਚ ਡੂੰਘਾ ਰਿਸ਼ਤਾ ਹੈ।
ਗੂਰੂ ਨਾਨਕ ਦੇਵ ਜੀ ਨੇ ਜਪ ਜੀ ਸਾਹਿਬ ਦੇ ਆਖਰੀ ਸਲੋਕ ਵਿੱਚ ਇਸ ਵਲ ਇਸ਼ਾਰਾ ਕੀਤਾ ਹੈ ਤੇ
ਲਿਖਦੇ ਹਨ:-
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਦਿਵਸੁ ਰਾਤਿ ਦੁਇ ਦਾਈ ਦਾਇਆ
ਖੇਲੈ ਸਗਲ ਜਗਤ।।
‘ਹਵਾ (ਸਰੀਰ ਲਈ ਇਉਂ ਹੈ ਜਿਵੇਂ ਆਤਮਾ ਲਈ) ਗੁਰੂ ਹੈ, ਪਾਣੀ (ਸਭ
ਜੀਵਾਂ ਦਾ) ਪਿਉ (ਸਮਾਨ) ਹੈ ਅਤੇ ਧਰਤੀ (ਸਭ ਦੀ) ਵੱਡੀ ਮਾਂ ਹੈ। ਦਿਨ ਅਤੇ ਰਾਤ ਦੋਵੇਂ (ਸਾਰਿਆਂ
ਲਈ) ਖਿਡਾਵਾ ਤੇ ਖਿਡਾਵੀ ਹਨ`।
ਗੁਰੂ ਅੰਗਦ ਦੇਵ ਜੀ ਨੇ ਇਹੋ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੪੬ ਤੇ
ਪ੍ਰਿਗਟ ਕੀਤਾ ਹੈ:-
ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਪਾਣੀ ਦੀ ਮਹਤੱਤਾ ਦਾ ਜ਼ਿਕਰ
ਕਰਦਿਆਂ ਲਿਖਿਆ ਹੈ:-
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
‘ਜਲ ਵਿੱਚ ਵੀ ਜਾਨ ਹੈ ਜਿਸ ਕਰਕੇ ਸਾਰਾ ਕੁੱਝ ਸਰਸਬਜ਼ ਹੋ ਜਾਂਦਾ ਹੈ`
ਗੁਰਬਾਣੀ ਵਿੱਚ ਕਈ ਥਾਂ ਇਹ ਲਿਖਿਆ ਹੈ ਕਿ ਮਨੁੱਖਤਾ ਤੇ ਵਾਤਾਵਰਣ ਦਾ ਆਪਸ
ਵਿੱਚ ਗੂੜ੍ਹਾ ਸੰਬੰਧ ਹੈ ਤੇ ਦੋਵੇਂ ਇੱਕ ਦੂਜੇ ਤੇ ਨਿਰਭਰ ਹਨ। ਗੁਰਬਾਣੀ ਵਿੱਚ ਜੀਵਨ ਲਈ ਹਵਾ,
ਪਾਣੀ, ਅਕਾਸ ਤੇ ਧਰਤੀ ਦੀ ਮਹਤੱਤਾ ਤੇ ਜ਼ੋਰ ਦਿਤਾ ਗਅਿਾ ਹੈ। ਧਰਤੀ ਨੂੰ ਮਾਤਾ ਕਹਿ ਕੇ ਸਨਮਾਨਿਆ
ਗਿਆ ਹੈ ਤਾਂ ਜੋ ਅਸੀਂ ਆਪਣੇ ਜੀਵਨ ਵਿੱਚ ਧਰਤੀ ਤੇ ਗੰਦਗੀ ਨਾ ਫੈਲਾਈਏ। ਇਨ੍ਹਾਂ (ਹਵਾ, ਪਾਣੀ,
ਧਰਤੀ ਤੇ ਅਕਾਸ) ਦਾ ਪ੍ਰਦੂਸ਼ਣ ਗੁਰਬਾਣੀ ਫਿਲਾਸਫੀ ਦੇ ਵਿਰੁਧ ਹੈ। ਗੁਰੂ ਰਾਮ ਦਾਸ ਜੀ ਨੇ
ਲਿਖਿਆ ਹੈ:-
ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ।। ਪੰਨਾ ੭੨੩
‘ਵਾਊ, ਜਲ, ਧਰਤੀ ਤੇ ਅਕਾਸ ਵਾਹਿਗੁਰੂ ਦਾ ਘਰ ਤੇ ਮੰਦਰ ਹਨ`। ਭਾਵ
ਇਨ੍ਹਾਂ ਪਵਿਤ੍ਰ ਅਸਥਾਨਾਂ ਨੂੰ ਗੰਦਾ ਨਹੀਂ ਕਰਨਾ ਚਾਹੀਦਾ।
ਗੁਰੂ ਨਾਨਕ ਦੇਵ ਜੀ ਨੇ ਵੀ ਜਪ ਜੀ ਸਾਹਿਬ ਵਿੱਚ ਧਰਤੀ ਨੂੰ ਧਰਮਸਾਲ ਕਿਹਾ
ਹੈ:-
ਰਾਤੀ ਰੁਤੀ ਥਿਤੀ ਵਾਰ।। ਪਵਣ ਪਾਣੀ ਅਗਨੀ ਪਾਤਾਲ।। ਤਿਸੁ ਵਿਚਿ ਧਰਤੀ
ਥਾਪਿ ਰਖੀ ਧਰਮ ਸਾਲ।।
‘ਵਾਹਿਗੁਰੂ ਨੇ ਰਾਤ, ਮੌਸਮ, ਚੰਦ ਦੇ ਦਿਨ, ਵਾਰ, ਹਵਾ, ਜਲ, ਅੱਗ ਤੇ
ਪਾਤਾਲ ਪੈਦਾ ਕੀਤੇ ਅਤੇ ਇਹਨਾਂ ਸਾਰਿਆਂ ਦੇ ਵਿੱਚ ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ
ਦਿਤਾ`।
ਗੁਰੂ ਸਾਹਿਬਾਨ ਨੇ ਗੁਰਦੁਆਰਿਆਂ ਦੇ ਨਾਲ ਸਰੋਵਰ ਬਣਵਾਏ। ਗੁਰੂ ਹਰ ਰਾਏ ਜੀ
ਨੇ ਕੀਰਤਪੁਰ ਵਸਾਇਆ ਜੋ ਕਿ ਇੱਕ ਨਦੀ ਦੇ ਕਿਨਾਰੇ ਤੇ ਹੈ ਤੇ ਜਿਸ ਵਿੱਚ ਬਹੁਤ ਸਾਰੇ ਸੁੰਦਰ ਬਾਗ
ਸਨ। ਆਪ ਨੇ ਉਥੇ ਕਈ ਕਿਸਮਾਂ ਦੇ ਫੁਲਾਂ ਦੇ ਪੌਦੇ ਤੇ ਫਲ ਦੇਣ ਵਾਲੇ ਦਰਖਤ ਵੀ ਲਗਵਾੲੈ।
ਗੁਰਬਾਣੀ ਅਨੁਸਾਰ ਕੁਦਰਤੀ ਨਜ਼ਾਰੇ ਅਸਾਨੂੰ ਪ੍ਰਭੂ ਦੇ ਨੇੜੇ ਲੈ ਜਾਂਦੇ ਹਨ।
ਗੁਰੂ ਰਾਮ ਦਾਸ ਜੀ ਲਿਖਦੇ ਹਨ:-
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ।। ਪੰਨਾ ੧੪੧
‘ਦਾਤਾਂ ਦੇਣ ਵਾਲਾ ਵਾਗਿਗੁਰੂ ਉਸ ਦੀ ਰੱਚੀ ਕੁਦਰਤ ਰਾਹੀਂ ਹੀ ਪਛਾਣਿਆ
ਜਾ ਸਕੀਦਾ ਹੈ`।
ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਹੈ:- ਬਲਿਹਾਰੀ ਕੁਦਰਤਿ ਵਸਿਆ।।
ਪੰਨਾ ੪੬੯
‘ਮੈਂ ਉਸ ਵਾਹਿਗੁਰੂ ਤੋਂ ਕੁਰਬਾਨ ਜਾਂਦਾ ਹਾਂ ਜੋ ਕੁਦਰਤ ਵਿੱਚ ਵਸਦਾ
ਹੈ`। ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ।। ਪੰਨਾ ੧੦੩੭
‘ਸਭ ਤੋਂ ਪਹਿਲਾਂ ਕਰਤਾਰ ਨੇ ਜਗਤ-ਰਚਨਾ ਦਾ ਕੁੱਝ ਅਜੇਹਾ ਕੌਤਕ ਹੀ
ਰਚਿਆ ਜਿਵੇਂ ਕਿ ਧਰਤੀ ਤੇ ਬਨਾਸਪਤੀ ਆਪਣੇ ਆਪ ਉੱਗ ਪੈਂਦੀ ਹੈ। ਆਪਣੇ ਹੁਕਮ ਨਾਲ ਹੀ ਇਹ ਹੈਰਾਨ
ਕਰਨ ਵਾਲਾ ਤਮਾਸ਼ਾ ਵਿਖਾ ਦੇਂਦਾ ਹੈ`।
ਗੁਰਬਾਣੀ ਅਨੁਸਾਰ ਅਸੀਂ ਕੁਦਰਤ ਤੋਂ ਬਹੁਤ ਕੁੱਝ ਸਿੱਖ ਸਕਦੇ ਹਾਂ। ਇਹ
ਅਸਾਨੂੰ ਤਿਆਗ, ਕੁਰਬਾਨੀ, ਸਬਰ, ਪਿਆਰ, ਹੌਸਲਾ, ਸਫਾਈ ਤੇ ਨਿਰਪਖ ਸੇਵਾ ਦਾ ਸਬਕ ਸਿਖਾਉਂਦੀ ਹੈ।
ਗੁਰੂ ਅਰਜਨ ਦੇਵ ਜੀ ਮਾਰੂ ਰਾਗ ਵਿੱਚ ਪੰਨਾ ੧੦੧੮ ਤੇ ਧਰਤੀ, ਆਕਾਸ਼, ਸੂਰਜ, ਹਵਾ ਤੇ ਅੱਗ ਦੀ
ਉਦਾਹਰਣ ਦੇ ਕੇ ਲਿਖਦੇ ਹਨ:-
ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ।।
ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ।।
‘ਜਿਹੜਾ ਮਨੁੱਖ ਧਰਤੀ ਉੱਤੇ ਚੰਦਨ, ਚੋਆ ਤੇ ਮੁਸਕ ਕਾਫੂਰ ਨਾਲ ਲੇਪਨ
ਕਰਦਾ ਹੈ, ਧਰਤੀ ਉਸ ਨਾਲ ਕੋਈ ਖਾਸ ਪਿਆਰ ਨਹੀਂ ਕਰਦੀ; ਤੇ ਜਿਹੜਾ ਮਨੁੱਖ ਧਰਤੀ ਉੱਤੇ ਗੂੰਹ ਮੂਤਰ
ਸੁੱਟਦਾ ਹੈ ਅਤੇ ਧਰਤੀ ਨੂੰ ਭੋਰਾ ਭੋਰਾ ਕਰਕੇ ਪੁਟਦਾ ਹੈ ਧਰਤੀ ਉਸ ਮਨੁੱਖ ਦੇ ਵਿਰੁੱਧ ਆਪਣੇ ਮਨ
ਵਿੱਚ ਬੁਰਾ ਨਹੀਂ ਮਨਾਂਦੀ`।
ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ।।
ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ।।
‘ਆਕਾਸ਼ ਦੀ ਆਰਾਮ ਦੇਣ ਵਾਲੀ ਚਾਨਣੀ ਸਮੂਹ ਉਚਿਆਂ, ਨੀਵਿਆਂ, ਮੰਦਿਆਂ
ਤੇ ਚੰਗਿਆਂ ਉਤੇ ਇਕਸਾਰ ਫੈਲੀ ਹੋਈ ਹੈ। ਇਹ ਦੋਸਤ ਅਤੇ ਦੁਸ਼ਮਣ ਨੂੰ ਇੱਕੋ ਜਿਹਾ ਸਮਝਦੀ ਹੈ ਅਤੇ ਇਸ
ਦੇ ਲਈ ਸਾਰੇ ਜੀਵ ਇੱਕੋ ਜਿਹੇ ਹਨ।
ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ।।
ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ।।
‘ਸੂਰਜ ਚੜ੍ਹਦਾ ਹੈ ਤੇ ਚੁੰਧਿਆ ਦੇਣ ਵਾਲੀ ਰੋਸ਼ਨੀ ਪਸਾਰਦਾ ਹੈ, ਜਿਸ
ਨਾਲ ਅਨ੍ਹੇਰਾ ਦੂਰ ਹੋ ਜਾਂਦਾ ਹੈ। ਸਾਫ ਸੁਥਰੇ ਅਤੇ ਗੰਦੇ ਮੰਦੇ ਨੂੰ ਛੂਹਦੀਆਂ ਹੋਈਆਂ ਸੂਰਜ ਦੀਂ
ਕਿਰਣਾਂ ਚਿੱਤ ਵਿੱਚ ਦੁਖ ਨਹੀਂ ਮਨਾਉਦੀਆਂ`।
ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ।।
ਜਹਾ ਸਾ ਕਿਛੁ ਤਹਾ ਲਾਗਿਓ ਤਿਲੁ ਨ ਸੰਕਾ ਮਾਨ।।
‘ਠੰਡੀ ਤੇ ਖੁਸ਼ਬੂਦਾਰ ਹਵਾ ਧੀਮੇ ਧੀਮੇ ਸਾਰੀਆਂ ਥਾਵਾਂ ਨੂੰ ਇਕਸਾਰ
ਲਗਦੀ ਹੈ। ਜਿਥੇ ਕਿਥੇ ਵੀ ਕੋਈ ਸ਼ੈ ਹੈ, ਉਥੇ ਹੀ ਉਸ ਨੂੰ ਲਗਦੀ ਹੈ ਅਤੇ ਭੋਰਾ ਭਰ ਵੀ ਸੰਕੋਚ ਨਹੀਂ
ਕਰਦੀ`।
ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ।।
ਆਪ ਪਰ ਕਾ ਕਛੁ ਨ ਜਾਣੈ ਸਦਾ ਸਹਜਿ ਸੁਭਾਇ।।
‘ਚੰਗਾ ਜਾਂ ਮੰਦਾ, ਜਿਹੜਾ ਕੋਈ ਵੀ ਅੱਗ ਦੇ ਨੇੜੇ ਆਉਂਦਾ ਹੈ ਉਸ ਦਾ
ਪਾਲਾ ਦੂਰ ਹੋ ਜਾਂਦਾ ਹੈ। ਇਹ ਆਪਣਾ ਜਾਂ ਪਰਾਇਆ ਜਾਣਦੀ ਹੀ ਨਹੀਂ ਅਤੇ ਹਮੇਸ਼ਾ ਇੱਕੋ ਜਿਹਾ ਸੁਭਾ
ਰਖਦੀ ਹੈ`।
ਗੁਰਬਾਣੀ ਕੁਦਰਤ ਤੇ ਮਨੁੱਖ ਵਿਚਕਾਰ ਮੇਲ ਜੋਲ ਤੇ ਇਕਸੁਰਤਾ ਤੇ ਜ਼ੋਰ ਦਿੰਦੀ
ਹੈ ਕਿਉਂਕਿ ਗੁਰਬਾਣੀ ਅਨੁਸਾਰ ਇਹ ਸਾਰਾ ਸੰਸਾਰ ਵਾਹਿਗੁਰੂ ਨੇ ਬਣਾਇਆ ਹੈ ਤੇ ਹਰ ਇੱਕ ਚੀਜ਼ ਉਸ ਦੀ
ਹੀ ਪੈਦਾ ਕੀਤੀ ਹੋਈ ਹੈ। ਗੁਰੂ ਨਾਨਕ ਦੇਵ ਜੀ ਰਾਗ ਸੋਰਠ ਵਿੱਚ ਫਰਮਾਉਂਦੇ ਹਨ:-
ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ।।
ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ।। ਪੰਨਾ ੫੯੯
‘ਹੇ ਮੇਰੇ ਮਨ! ਜੇਹੜਾ ਪ੍ਰਭੂ ਤੇਰੇ ਅੰਦਰ ਵੱਸ ਰਿਹਾ ਹੈ ਉਸ ਨੂੰ ਬਾਹਰ
ਸਾਰੀ ਕੁਦਰਤਿ ਵਿੱਚ ਵੇਖ, ਉਸ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਨਹੀਂ ਹੈ। ਗੁਰੂ ਦੇ ਰਾਹ ਤੇ ਤੁਰ
ਕੇ ਉਸ ਇੱਕ ਨੂੰ ਵੇਖਣ ਵਾਲੀ ਨਜ਼ਰ ਬਣਾ। ਹਰੇਕ ਸਰੀਰ ਵਿੱਚ ਪਰਮਾਤਮਾ ਦੀ ਹੀ ਜੋਤ ਮੌਜੂਦ ਹੈ`।
ਗੁਰੂ ਅਰਜਨ ਦੇਵ ਜੀ ਨੇ ਵੀ ਰਾਗ ਗੌੜੀ ਵਿੱਚ ਲਿਖਿਆ ਹੈ ਕਿ ਪਰਭੂ ਹਰ ਥਾਂ
ਮੌਜੂਦ ਹੈ:-
ਦਸੇ ਦਿਸਾ ਰਵਿਆ ਪ੍ਰਭੁ ਏਕੁ।। ਧਰਨਿ ਅਕਾਸ ਸਭ ਮਹਿ ਪ੍ਰਭ ਪੇਖੁ।। ਪੰਨਾ
੨੯੯
‘ਸਿਰਫ ਇੱਕ ਪ੍ਰਭੂ ਹੀ ਦਸੀਂ ਪਾਸੀਂ ਵੱਸਦਾ ਹੈ। (ਹੇ ਭਾਈ) ਧਰਤੀ
ਆਕਾਸ ਸਭ ਵਿੱਚ ਪਰਮਾਤਮਾ ਨੂੰ ਵੱਸਦਾ ਵੇਖੌ`।
ਸਾਵਣ ਸਿੰਘ