.

ਅੰਮ੍ਰਿਤ ਬਾਰੇ ਵਿਚਾਰ

(ਕਿਸ਼ਤ ਪਹਿਲੀ)

ਅਮ੍ਰਿਤ ਇੱਕ ਅਤਿ ਚਿੰਤਨਸ਼ੀਲ ਵਿਸ਼ਾ ਹੈ। ਇਸ ਗੰਭੀਰ ਤੇ ਵਿਆਪਕ ਵਿਸ਼ੇ ਉੱਤੇ ਬਿਬੇਕ ਪੂਰਨ ਵਿਚਾਰ ਕਰਨ ਲਈ ਅਮ੍ਰਿਤ ਅਤੇ ਇਸ ਦੇ ਕੁੱਝ ਇੱਕ ਸਮਾਨਾਰਥੀ ਸ਼ਬਦਾਂ ਦੇ ਭਿੰਨ ਭਿੰਨ ਸ਼ਾਬਦਿਕ ਅਰਥਾਂ ਨੂੰ ਸਮਝ ਕੇ ਇਸ ਪਦ ਦੇ ਪਿਛੋਕੜ ਨੂੰ ਜਾਣ ਲੈਣਾ ਬੜਾ ਜ਼ਰੂਰੀ ਹੈ।

ਅਮ੍ਰਿਤ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਸ ਪਦ ਦੇ ਅਨੇਕ ਅਰਥ ਕੀਤੇ ਜਾਂਦੇ ਹਨ, ਜਿਵੇਂ:- 1. ਪੀਣ ਵਾਲਾ ਉਹ ਪਦਾਰਥ ਜੋ ਅਮਰਤਾ ਪ੍ਰਦਾਨ ਕਰਦਾ ਹੈ! 2. ਅਮ੍ਰਿਤ ਪਾਨ ਕਰਨ ਵਾਲਾ; ਦੇਵਤਾ3. ਜਨਮ ਮਰਨ ਤੋਂ ਮੁਕਤੀ ਦਿਵਾਉਣ ਵਾਲਾ ਪਦਾਰਥ, ਇਸ ਨੂੰ ਅਮ੍ਰਿਤ ਭੂ ਵੀ ਕਿਹਾ ਜਾਂਦਾ ਹੈ। 4. ਪਰਮ ਮੁਕਤੀ। 5. ਅਮਰਤਾ ਦੀ ਦੁਨੀਆ, ਸਵਰਗ ਲੋਕ। 6. ਰੋਗ-ਨਾਸ਼ਕ ਤੇ ਵਿਸ਼-ਨਾਸ਼ਕ ਔਸ਼ਧੀ। 7. ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ: ਮੱਖਣ, ਘਿਉ ਤੇ ਮਠਿਆਈਆਂ ਆਦਿ। 8. ਖਾਣ-ਪੀਣ ਦੇ ਸਵਾਦਿਸ਼ਟ, ਗੁਣਕਾਰੀ ਤੇ ਪੌਸ਼ਟਿਕ ਭੋਜਨ-ਪਦਾਰਥ (wholesome food) 9. ਸ਼ਰਾਬ, ਮਾਦਕ……ਆਦਿਕ; ਅਤੇ, 10. ਹਰਿਨਾਮ ਅਤੇ ਹਰਿਨਾਮ-ਸਿਮਰਣ ਸਦਕਾ ਪ੍ਰਾਪਤ ਹੋਇਆ ਆਤਮਗਿਆਨ!

(ਨੋਟ: ਪੰਜਾਬ ਦੇ ਨਸ਼ੇੜੀ ਭੰਗ ਦੇ ‘ਪ੍ਰਸਾਦਿ’ ਤੇ ਸ਼ਰਾਬ ਆਦਿ ਨਸ਼ਿਆਂ ਨੂੰ ਵੀ ਸੋਮ-ਰਸ ਤੇ ਅੰਮ੍ਰਿਤ ਕਹਿੰਦੇ ਹਨ!)

ਗੁਰਬਾਣੀ ਵਿੱਚ ਸਿਰਫ਼ ਤੇ ਸਿਰਫ਼ ਨਾਮ ਅਤੇ ਨਾਮ ਤੋਂ ਪ੍ਰਾਪਤ ਹੋਏ ਆਤਮਗਿਆਨ ਦੇ ਅੰਮ੍ਰਿਤ ਨੂੰ ਹੀ ਪ੍ਰਵਾਨ ਕੀਤਾ ਗਿਆ ਹੈ! ! ਗੁਰਮਤਿ ਅਨੁਸਾਰ, ਬਾਕੀ ਸਾਰੇ ਅਮ੍ਰਿਤ ਮਨ ਦੀ ਨਿਰਮਲਤਾ ਤੇ ਆਤਮਾ ਦੀ ਸਜੀਵਤਾ ਵਾਸਤੇ ਮਿਥਿਆ, ਝੂਠੇ ਤੇ ਨਿਸ਼ਫਲ ਹਨ। ਉਲਟਾ, ਇਹ ਸੰਸਾਰਕ ਅੰਮ੍ਰਿਤ, ਇਨ੍ਹਾਂ ਦਾ ਸੇਵਨ ਕਰਨ ਵਾਲਿਆਂ ਦੇ ਮਨਾਂ ਵਿੱਚ ਵਿਕਾਰ ਪੈਦਾ ਕਰਦੇ ਹਨ। ਦੂਜਾ, ਇਹ ਸਾਰੇ ਦੁਨਿਆਵੀ ਅੰਮ੍ਰਿਤ ਕਰਮਕਾਂਡੀ ਹਨ ਤੇ ਪੁਜਾਰੀਆਂ ਦੁਆਰਾ ਪਾਇਆ ਹੋਇਆ, ਪਹਾੜ ਜਿਤਨਾ ਵੱਡਾ ਭਰਮ ਹਨ।

(ਨੋਟ:- ਅਮ੍ਰਿਤ ਕਿ ਅੰਮ੍ਰਿਤ? ਅਮ੍ਰਿਤ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਲੋਕ-ਉਚਾਰਣ ਅਨੁਸਾਰ, ਗੁਰਬਾਣੀ ਵਿੱਚ ਇਸ ਪਦ ਦੇ ਹਿੱਜੇ ਅੰਮ੍ਰਿਤ ਕੀਤੇ ਗਏ ਹਨ। ਸੋ, ਸ਼ਬਦ-ਜੋੜਾਂ ਪੱਖੋਂ ਅਮ੍ਰਿਤ ਅਤੇ ਅੰਮ੍ਰਿਤ ਦੋਨੋਂ ਹੀ ਸਹੀ ਹਨ।

ਸੋਮ-ਰਸ: ਰਿਗ ਵੇਦ ਆਦਿਕ ਭਾਰਤੀ ਗ੍ਰੰਥਾਂ ਵਿੱਚ ਸੋਮ-ਰਸ ਨੂੰ ਵੀ ਅਮ੍ਰਿਤ ਕਿਹਾ ਗਿਆ ਹੈ। ਸੋਮ ਰਸ: ਭਾਰਤੀ ਮਿਥਿਹਾਸ ਮੁਤਾਬਿਕ, ਸਮੁੰਦਰ ਦੇ ਮੰਥਨ (ਰਿੜਕਣ) ਨਾਲ ਨਿਕਲੇ ਚੌਦਾਂ ਰਤਨਾਂ ਵਿੱਚੋਂ ਇੱਕ ਰਤਨ; ਉਹ ਰਸ ਜਾਂ ਪੀਣ ਦਾ ਪਦਾਰਥ ਜਿਸ ਦੇ ਪੀਣ ਨਾਲ ਦੇਵਤੇ ਅਮਰ ਹੋਏ; ਸੋਮ ਨਾਮ ਦੇ ਪੌਦੇ ਜਾਂ ਸੋਮਵੱਲੀ/ਅਮ੍ਰਿਤਲਤਾ ਨਾਮ ਦੀ ਵੇਲ ਵਿੱਚੋਂ ਨਿਕਲਿਆ ਰਸ। ਹੁਣ ਇਹ ਪੌਦਾ ਲੁਪਤ (extinct) ਹੋ ਚੁੱਕਿਆ ਹੈ! ਸੋਮ ਰਸ ਦੇ ਇਨ੍ਹਾਂ ਅਰਥਾਂ ਤੋਂ ਸਪਸ਼ਟ ਹੈ ਕਿ ਸੋਮ ਰਸ ਅਤੇ ਅਮ੍ਰਿਤ ਦਾ ਪਿਛੋਕੜ ਪ੍ਰਾਚੀਨ ਭਾਰਤੀ ਮਿਥਿਹਾਸ ਨਾਲ ਜਾ ਜੁੜਦਾ ਹੈ। ਇਤਿਹਾਸਿਕ ਯੁਗ ਦੇ ਸ਼ੁਰੂ ਹੋਣ ਤਕ ਸੋਮ ਦਾ ਬੂਟਾ ਅਤੇ ਸੋਮ-ਰਸ ਦੋਨੋਂ ਲੁਪਤ (extinct) ਹੋ ਚੁੱਕੇ ਸਨ; ਇਸ ਲਈ, ਉਸ (ਸੋਮ-ਰਸ) ਦੀ ਜਗ੍ਹਾ ਤੀਰਥਾਂ ਦੇ ਪਾਣੀਆਂ ਨੇ ਲੈ ਲਈ! ਤੀਰਥਾਂ ਦੇ ਪਾਣੀ, ਜਿਸ ਨੂੰ ਅਮ੍ਰਿਤ ਕਿਹਾ ਜਾਂਦਾ ਹੈ, ਦਾ ਆਧਾਰ ਵੀ ਮਿਥਿਹਾਸ ਹੀ ਹੈ

ਗੰਗਾ ਜਲ: ਹਿੰਦੂ ਮੱਤ ਵਿੱਚ ਗੰਗਾ ਨਦੀ ਦੇ ਪਾਣੀ, ਜਿਸ ਨੂੰ ਸ਼੍ਰੱਧਾ ਨਾਲ ਗੰਗਾ-ਜਲ ਕਹਿੰਦੇ ਹਨ, ਨੂੰ ਅੰਮ੍ਰਿਤ ਮੰਨਿਆ ਜਾਂਦਾ ਹੈ। ਵਿਆਪਕ ਵਿਸ਼ਵਾਸ ਅਨੁਸਾਰ ਗੰਗਾ ਜਲ ਦਾ ਸੇਵਨ ਕਰਨ ਨਾਲ ਮੁਕਤੀ ਮਿਲਦੀ ਹੈ, ਸਵਰਗ ਵਿੱਚ ਵਾਸ ਹੁੰਦਾ ਹੈ, ਸਰੀਰਕ ਰੋਗ ਕੱਟੇ ਜਾਂਦੇ ਹਨ ਅਤੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ……। ਹਿੰਦੂ ਲੋਕ, ਗੰਗਾ ਨਦੀ ਦੇ ਪਾਣੀ (ਗੰਗਾ ਜਲ) ਤੋਂ ਬਿਨਾਂ, ਭਾਰਤੀ ਮਿਥਿਹਾਸ ਨਾਲ ਜੁੜੇ ਸੈਂਕੜੇ-ਹਜ਼ਾਰਾਂ ਹੋਰ ਤੀਰਥਾਂ, ਵਿਸ਼ੇਸ਼ ਕਰਕੇ ਅਠਸਠ ਤੀਰਥਾਂ, ਦੇ ਪਾਣੀਆਂ ਨੂੰ ਵੀ ਅਮ੍ਰਿਤ ਮੰਨਦੇ ਹਨ!

ਗੁਰਬਾਣੀ ਵਿੱਚ ਪ੍ਰਭੂ-ਪਰਮਾਤਮਾ ਦੇ ਨਾਮ ਨੂੰ ਗੰਗਾ ਜਲ ਕਿਹਾ ਗਿਆ ਹੈ; ਅਤੇ ਨਾਮ ਤੋਂ ਬਿਨਾਂ, ਗੰਗਾ ਨਦੀ ਦੇ ਪਾਣੀ ਸਮੇਤ, ਬਾਕੀ ਸੱਭ ਕੁਛ (ਕਥਿਤ ਅੰਮ੍ਰਿਤ ਪਦਾਰਥ ਅਤੇ ਇਨ੍ਹਾਂ ਨਾਲ ਜੋੜੇ ਗਏ ਕਰਮਕਾਂਡ ਆਦਿ) ਮਿਥਿਆ ਅਤੇ ਸੁਆਹ-ਖੇਹ ਦੀ ਤਰ੍ਹਾਂ ਤੁੱਛ ਤੇ ਨਿਗੁਣਾ ਹੈ:

ਗੰਗਾ ਜਲੁ ਗੁਰ ਗੋਬਿੰਦ ਨਾਮ॥

ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁੜਿ ਨ ਜੋਨਿ ਭ੍ਰਮਾਮ॥ …

ਨਾਨਕ ਦਾਸ ਕੀਆ ਬੀਚਾਰੁ॥ ਬਿਨੁ ਹਰਿਨਾਮ ਮਿਥਿਆ ਸਭ ਛਾਰੁ॥ ਰਹਾਉ॥ ਭੈਰਉ ਮ: ੫

ਜ਼ਮਜ਼ਮ: ਅ: زَمزَم: ਮੱਕੇ ਦੇ ਉਸ ਖੂਹ ਦਾ ਨਾਮ ਜੋ ਹਜ਼ਰਤ ਇਸਮਾਈਲ ਦੇ ਪੈਰ ਦੀ ਰਗੜ ਨਾਲ ਪ੍ਰਗਟ ਹੋਇਆ ਦੱਸਿਆ ਜਾਂਦਾ ਹੈ! ; ਬਹੁਤ ਪਾਣੀ। ਯਹੂਦੀ, ਈਸਾਈ ਤੇ ਮੁਸਲਮਾਨ ਜ਼ਮਜ਼ਮ ਦੇ ਪਾਣੀ ਨੂੰ ਅਮ੍ਰਿਤ ਮੰਨਦੇ ਹਨ। ਅਰਬੀ ਬੋਲੀ ਵਿੱਚ ਜ਼ਮਜ਼ਮ ਦੇ ਪਾਣੀ ਨੂੰ ਆਬਿ ਹਯਾਤ آبِ حيات: ਜ਼ਿੰਦਗੀ ਕਾ ਪਾਣੀ; ਅਤੇ, ਆਬਿ ਬਕਾآبِ بقا: ਹਮੇਸ਼ਾ ਕੀ ਜ਼ਿੰਦਗੀ/ਹਮੇਸ਼ਗੀ (ਸਦੀਵਤਾ) ਦੇਣੇ ਵਾਲਾ ਪਾਣੀ, ਵੀ ਕਹਿੰਦੇ ਹਨ। ਜ਼ਮਜ਼ਮ ਦੇ ਪਾਣੀ ਨੂੰ ਐਮਬਰਅਉਜ਼ਿਅਲ ਨੈਕਟਅਰ (ambrosial nectar) ਵੀ ਕਿਹਾ ਜਾਂਦਾ ਹੈ। ਆਬਿ ਹਯਾਤ آبِ حيات, ਆਬਿ ਬਕਾآبِ بقا ਅਤਐਮਬਰਅਉਜ਼ਿਅਲ ਨੈਕਟਅਰ (ambrosial nectar) ਅਮ੍ਰਿਤ ਦੇ ਸਮਾਨਾਰਥੀ ਸ਼ਬਦ ਹਨ। {ਐਮਬਰਅਜ਼ਿਅ (ambrosia): ਗਰੀਕ (ਯੂਨਾਨੀ) ਤੇ ਰੋਮਨ ਮਿਥ ਅਨੁਸਾਰ, ਦੇਵਤਿਆਂ ਦੇ ਖਾਣ-ਪੀਣ ਦੀਆਂ ਵਸਤਾਂ!}

ਉਪਰੋਕਤ ਵਿਚਾਰੇ ਅਰਥਾਂ ਤੋਂ ਸਪਸ਼ਟ ਹੈ ਕਿ ਅਮ੍ਰਿਤ ਦਾ ਪਿਛੋਕੜ ਇਤਿਹਾਸਿਕ ਨਹੀਂ ਸਗੋਂ ਨਿਰੋਲ ਮਿਥਿਹਾਸਿਕ ਹੈ। ਜੇ ਦੂਰ-ਦੁਰਾਡੇ ਅਤੀਤ ਵਿੱਚ ਨਿਗਾਹ ਮਾਰੀਏ ਤਾਂ ਅੰਮ੍ਰਿਤ ਦੇ ਅੰਸ਼ ਯੂਨਾਨੀ, ਭਾਰਤੀ, ਯਹੂਦੀ, ਈਸਾਈ ਤੇ ਇਸਲਾਮ ਆਦਿ ਧਰਮਾਂ ਦੇ ਮਿਥਿਹਾਸ ਵਿੱਚ ਸੱਭ ਪਾਸੇ ਖਿਲਰੇ ਹੋਏ ਨਜ਼ਰ ਆਉਂਦੇ ਹਨ। ਗੁਰਮਤਿ ਮਿਥਿਹਾਸ ਨੂੰ ਮੂਲੋਂ ਹੀ ਨਕਾਰਦੀ ਹੈ। ਗੁਰਬਾਣੀ ਵਿੱਚ ਸੋਮ ਰਸ ਤੇ ਜ਼ਮਜ਼ਮ ਦਾ ਜ਼ਿਕਰ ਨਹੀਂ ਹੈ! ਪਰੰਤੂ ਅੰਮ੍ਰਿਤ ਦਾ ਜ਼ਿਕਰ ਅਨੇਕ ਵਾਰ ਆਇਆ ਹੈ। ਅੰਮ੍ਰਿਤ ਉੱਤੇ ਵਿਸਤ੍ਰਿਤ ਵਿਚਾਰ ਅਗਲੇ ਪੰਨਿਆਂ `ਤੇ ਕਰਾਂਗੇ।

ਅੰਮ੍ਰਿਤ ਦੇ ਅਰਥਾਂ ਦੇ ਆਧਾਰ `ਤੇ ਇਹ ਸੰਸਾਰਕ ਸੋਚ ਵੀ ਸਪਸ਼ਟ ਹੁੰਦੀ ਹੈ ਕਿ, ਜਿਹੜਾ ਪਦਾਰਥ ਤਨ ਦੀਆਂ ਤੀਬਰ ਲੋੜਾਂ ਜਾਂ ਸਰੀਰਕ ਖੋਹ ਦੂਰ ਕਰੇ, ਅਤੇ ਮਾਨਸਿਕ ਲੋਚਾ ਅਥਵਾ ਮਨ ਦੀਆਂ ਕਾਮਨਾਵਾਂ ਪੂਰੀਆਂ ਕਰੇ ਉਹ ਅੰਮ੍ਰਿਤ ਹੈ। ਇਸ ਕਥਨ ਦੇ ਆਧਾਰ `ਤੇ ਕਿਹਾ ਜਾ ਸਕਦਾ ਹੈ ਕਿ, ਪਾਖੰਡੀ ਲਈ ਭੇਖ, ਭੁੱਖੇ ਲਈ ਭੋਜਨ, ਪਿਆਸੇ ਲਈ ਪਾਣੀ, ਰੋਗੀ ਲਈ ਰੋਗ-ਵਿਨਾਸ਼ਕ ਦਾਰੂ, ਨਸ਼ੇੜੀ ਲਈ ਨਸ਼ਾ, ਕਾਂ ਲਈ ਗੰਦਗੀ, ਸੂਅਰ ਵਾਸਤੇ ਵਿਸ਼ਟਾ, ਖੋਤੇ ਲਈ ਖੇਹ ਅਤੇ ਸਾਕਤ ਵਾਸਤੇ ਮਾਇਆ ਅੰਮ੍ਰਿਤ ਹੈ……। ਇਹ ਸਾਰੇ ‘ਅੰਮ੍ਰਿਤ’ ਆਰਜ਼ੀ, ਛਿਣ ਭੰਗਰ ਤੇ ਤੁੱਛ ਹਨ ਕਿਉਂ ਜੋ ਇਹ ਅੰਮ੍ਰਿਤ, ਇਨ੍ਹਾਂ ਅੰਮ੍ਰਿਤਾਂ ਨੂੰ ਖਾਣ-ਹੰਢਾਣ ਵਾਲੇ ਨਾਸ਼ਮਾਨ ਸਰੀਰ ਦੇ ਨਾਲ ਹੀ ਨਸ਼ਟ ਹੋ ਜਾਂਦੇ ਹਨ। ਇਨ੍ਹਾਂ ਪਦਾਰਥਕ ਅੰਮ੍ਰਿਤਾਂ ਦਾ ਮਨ-ਆਤਮਾ ਨਾਲ ਉੱਕਾ ਹੀ ਕੋਈ ਸੰਬੰਧ ਨਹੀਂ ਹੁੰਦਾ; ਸਗੋਂ, ਇਹ ਭੌਤਿਕ ਅੰਮ੍ਰਿਤ ਮਨ ਵਿੱਚ ਵਿਕਾਰ ਪੈਦਾ ਕਰਕੇ ਇਸ ਨੂੰ ਮਲੀਨ ਅਤੇ ਆਤਮਾ ਨੂੰ ਮੂਰਛਿਤ ਕਰਦੇ ਹਨ। ਫਲਸਰੂਪ, ਸੰਸਾਰਕ ਅੰਮ੍ਰਿਤ ਸੇਵਨ ਕਰਨ ਵਾਲਾ ਮਨੁੱਖ ਰੱਬ ਨਾਲੋਂ ਟੁੱਟ ਕੇ ਵਿਕਾਰਾਂ ਦੀ ਗੰਦਗੀ ਵਿੱਚ ਵਿਚਰਦਾ ਹੈ।

ਗੁਰਮਤਿ ਅਨੁਸਾਰ, ਮਨ ਦੀ ਨਿਰਮਲਤਾ ਤੇ ਆਤਮਾ ਦੀ ਸਜੀਵਤਾ ਵਾਸਤੇ ਕੇਵਲ ਤੇ ਕੇਵਲ ਪ੍ਰਭੂ ਦਾ ਇੱਕ ਨਾਮ ਅਤੇ ਨਾਮ-ਸਿਮਰਨ ਤੋਂ ਪ੍ਰਾਪਤ ਆਤਮ-ਗਿਆਨ ਹੀ ਅੰਮ੍ਰਿਤ ਹੈ। ਇਹ ਅੰਮ੍ਰਿਤ ਸਦੀਵੀ ਹੈ ਤੇ ਲੋਕ ਪਰਲੋਕ ਵਿੱਚ ਆਤਮਾ ਦਾ ਸਾਥ ਦਿੰਦਾ ਹੈ।

ਅੰਮ੍ਰਿਤ ਨਾਮੁ ਸਦਾ ਸੁਖ ਦਾਤਾ ਅੰਤੇ ਹੋਇ ਸਖਾਈ॥ ਮ: ੧

ਗੁਰਫ਼ਲਸਫ਼ੇ ਮੁਤਾਬਿਕ, ਮਨੁੱਖ ਦੇ ਜੀਵਨ ਦਾ ਮੂਲ ਮਨੋਰਥ ਸਚਿਆਰ ਬਣ ਕੇ ਸੱਚੇ ਪ੍ਰਭੂ ਦੀ ਬਖ਼ਸ਼ਿਸ਼ ਦਾ ਅਭਿਲਾਸ਼ੀ ਬਣਨਾ ਹੈ। ਸਚਿਆਰ ਬਣਨ ਵਾਸਤੇ ਗੁਰਮਤਿ ਅਨੁਸਾਰੀ ਤਰਕੀਬ ਹੈ: ਨਾਮ-ਸਿਮਰਨ ਨਾਲ ਸਦਗੁਣਾਂ (ਸਤੁ, ਸੰਤੋਖ, ਦਯਾ, ਧਰਮ ਤੇ ਧੀਰਜ ਆਦਿ) ਨੂੰ ਧਾਰਨ ਕਰਨਾ, ਹਰਿਨਾਮ ਦੇ ਪਵਿੱਤਰ ਜਲ ਨਾਲ ਮਨ ਉੱਤੋਂ ਮਾਨਸਿਕ ਰੋਗਾਂ/ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਈਰਖਾ-ਨਿੰਦਾ ਆਦਿਕ) ਦੀ ਮੈਲ ਨੂੰ ਧੋ ਕੇ, ਮੈਲੇ ਮਨ ਦੀਆਂ ਕਾਲੀਆਂ ਕਰਤੂਤਾਂ ਕਾਰਣ ਮੁਰਝਾ ਚੁੱਕੀ ਆਤਮਾ ਨੂੰ ਪੁਨਰ ਸਜੀਵ ਕਰਨਾ ਹੈ। ਮਨ ਨੂੰ ਵਿਕਾਰਾਂ ਤੋਂ ਮੁਕਤੀ ਦਿਵਾ ਕੇ ਮੁਰਝਾਈ ਹੋਈ ਆਤਮਾ ਨੂੰ ਪੁਨਰ ਸੁਰਜੀਤ ਕਰਨ ਵਾਸਤੇ ਨਾਮ ਅੰਮ੍ਰਿਤ ਹੀ ਇੱਕੋ ਇੱਕ ਸਾਰਥਕ ਅੰਮ੍ਰਿਤ ਹੈ।

ਸੋ, ਗੁਰਮਤਿ ਅਨੁਸਾਰ, ਮਨੁੱਖ ਦੇ ਸਰਬਪਖੀ ਕਲਿਆਣ ਤੇ ਉੱਧਾਰ ਵਾਸਤੇ ਸਦਾ ਸੱਚ ਅਕਾਲ ਪੁਰਖ ਦਾ ਨਾਮ (ੴਸਤਿਨਾਮ) ਹੀ ਇੱਕ ਕਾਰਗਰ ਅੰਮ੍ਰਿਤ ਹੈ। ਗੁਰਬਾਣੀ-ਬਿਚਾਰ ਤੋਂ ਇਹ ਤੱਥ ਵੀ ਭਲੀ ਭਾਂਤ ਸਪਸ਼ਟ ਹੁੰਦਾ ਹੈ ਕਿ, ਨਾਮ ਅਤੇ ਨਾਮ-ਸਿਮਰਨ ਤੋਂ ਪ੍ਰਾਪਤ ਹੋਇਆ ਆਤਮ-ਗਿਆਨ ਹੀ ਉਹ ਸੱਚਾ ਸੰਜੀਵਨੀ ਅੰਮ੍ਰਿਤ ਹੈ ਜੋ ਆਤਮਾ ਨੂੰ ਦੁਬਾਰਾ ਮਰਨ ਨਹੀਂ ਦਿੰਦਾ।

ਉਕਤ ਵਿਚਾਰ ਦੀ ਪੁਸ਼ਟੀ ਲਈ ਗੁਰਬਾਣੀ ਦੀਆਂ ਕੁੱਝ ਇੱਕ ਤੁਕਾਂ ਦਾ ਹਵਾਲਾ ਨਿਮਨ ਲਿਖਿਤ ਹੈ:

ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗ ਸਾਰਾ॥ ਸੋਰਠਿ ਭੀਖਣ ਜੀ

ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ॥

ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ॥ ਵਡਹੰਸ ਛੰਤ ਮ: ੧

ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ॥ ਵਡਹੰਸ ਮ: ੧

ਵਾਹੁ ਵਾਵੁ ਸਾਹਿਬੁ ਸਚੁ ਹੈ ਅੰਮ੍ਰਿਤ ਜਾ ਕਾ ਨਾਉ॥

ਜਿਨਿ ਸੇਵਿਆ ਤਿਨਿ ਫਲੁ ਪਾਇਆ ਹਉ ਤਿਨ ਬਲਿਹਾਰੈ ਜਾਉ॥ ਸਲੋਕ ਮ: ੩

ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ॥ … ਗੂਜਰੀ ਮ: ੩

ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਏਹੁ॥ ਮ: ੩

ਮੇਰੇ ਮਨ ਹਰਿ ਅੰਮ੍ਰਿਤ ਨਾਮੁ ਧਿਆਇ॥ ਮ: ੩

ਅੰਮ੍ਰਿਤ ਨਾਮੁ ਸਦਾ ਸੁਖ ਦਾਤਾ॥

ਗੁਰਿ ਪੂਰੈ ਜੁਗ ਚਾਰੈ ਜਾਤਾ॥ ਮਾਰੂ ਅ: ਮ: ੩

ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ॥

ਮੰਗਤ ਜਨੁ ਜਾਚੈ ਹਰਿ ਦੇਹੁ ਪਸਾਉ॥ ਮਾਰੂ ਮ: ੪

(ਪਸਾਉ: ਪ੍ਰਸਾਦ, ਕ੍ਰਿਪਾ।)

ਹਰਿ ਅੰਮ੍ਰਿਤ ਰਸੁ ਪਾਇਆ ਮੂਆ ਜੀਵਾਇਆ ਫਿਰਿ ਬਹੁੜਿ ਮਰਣ ਨ ਹੋਈ॥ ਆਸਾ ਛੰਤ ਮ: ੪

ਅੰਮ੍ਰਿਤ ਨਾਮੁ ਪਰਮੇਸੁਰ ਤੇਰਾ ਜੋ ਸਿਮਰੈ ਸੋ ਜੀਵੈ॥ ਸੋਰਠਿ ਮ: ੫

ਗੁਰਬਾਣੀ ਵਿੱਚ, ਨਾਮ-ਅੰਮ੍ਰਿਤ ਨੂੰ ਪਾਨ ਕਰਨ ਦੀ ਪ੍ਰੇਰਣਾ ਤੇ ਪ੍ਰਾਪਤੀ ਦੇ ਸ੍ਰੋਤਾਂ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ। ਇਹ ਸ੍ਰੋਤ ਹਨ: ਗੁਰੂ, ਗੁਰਸਬਦ, ਗੁਰਬਾਣੀ, ਗੁਰਪ੍ਰਸਾਦ, ਕ੍ਰਿਪਾ-ਦ੍ਰਿਸ਼ਟੀ, ਸਤਿਸੰਗ, ਸਾਧਸੰਗ…… ਆਦਿ। ਨਾਮ ਅਤੇ ਨਾਮ-ਸਿਮਰਣ ਤੋਂ ਪ੍ਰਾਪਤ ਹੋਣ ਵਾਲੇ ਆਤਮ-ਗਿਆਨ ਰੂਪੀ ਅੰਮ੍ਰਿਤ ਦੇ ਇਨ੍ਹਾਂ ਸ੍ਰੋਤਾਂ ਨੂੰ ਅੰਮ੍ਰਿਤ ਸਰੋਵਰ, ਰਾਮਦਾਸ ਸਰੋਵਰ, ਅੰਮ੍ਰਿਤਸਰ, ਅੰਮ੍ਰਿਤ ਦੇ ਕੁੰਡ ਅਤੇ ਤੀਰਥ ਵੀ ਕਿਹਾ ਗਿਆ ਹੈ।

ਗੁਰੂ ਸਤਿਗੁਰੂ

ਗੁਰੂ ਨਾਨਕ ਦੇਵ ਜੀ ਦਾ ਕਥਨ ਹੈ ਕਿ ਸਤਿਗੁਰੂ (ਅਕਾਲ ਪੁਰਖ) ਆਤਮਿਕ ਜੀਵਨ ਦੇਣ ਵਾਲੇ ਅੰਮ੍ਰਿਤ ਦਾ ਸੱਚਾ-ਸਦੀਵੀ ਸਰੋਵਰ ਹੈ, ਇਸ ਅਰਸ਼ੀ ਸਰੋਵਰ ਵਿੱਚ ਮਨ ਦਾ ਇਸ਼ਨਾਨ ਕਰਨ ਨਾਲ ਮਨ ਉੱਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ।

ਸਤਿਗੁਰੁ ਹੈ ਅੰਮ੍ਰਿਤਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ॥ ਮਾਝ ਅ: ਮ: ੧

ਜਿਹੜੇ ਸੁਭਾਗੇ ਸਦਾ ਸਤਿ ਅਕਾਲ ਪੁਰਖ (ਸਤਿਗੁਰੂ) ਰੂਪੀ ਅੰਮ੍ਰਿਤ-ਸਰੋਵਰ ਵਿੱਚ ਮਨ-ਇਸਨਾਨ ਕਰਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ। ਕਿਉਂਕਿ ਉਨ੍ਹਾਂ ਦੇ ਮਨ ਉੱਤੋਂ ਜਨਮ ਜਮਨਾਂਤਰਾਂ ਦੇ ਕੀਤੇ ਨਿਖਿਧ ਸੰਸਕਾਰਾਂ ਦੀ ਮੈਲ ਲੱਥ ਜਾਂਦੀ ਹੈ:

ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ॥

ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ॥ ਸ੍ਰੀ ਰਾਗੁ ਮ: ੪

ਗੁਰੂ (ਨਾਮ-ਜਲ/ਅੰਮ੍ਰਿਤ ਦਾ) ਸੱਚਾ ਤੀਰਥ ਹੈ, ਗੁਰਦੇਵ ਹੀ (ਗਿਆਨ) ਅੰਮ੍ਰਿਤ ਦਾ ਸਰੋਵਰ ਹੈ। ਇਸ ਸਰੋਵਰ ਵਿੱਚ ਕੀਤਾ ਮਨ ਦਾ ਇਸ਼ਨਾਨ ਸੰਸਾਰਕ ਤੀਰਥਾਂ ਦੇ ਇਸ਼ਨਾਨਾਂ ਤੋਂ ਉਪਰ ਤੋਂ ਵੀ ਉਪਰ ਹੈ:

ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥ ਮ: ੫

ਗੁਰਬਾਣੀ/ਗੁਰਸਬਦ

ਗੁਰੂ ਦੀ ਸਿੱਖਿਆ ਦੇਣ ਵਾਲੀ ਉਹ ਬਾਣੀ ਵੀ ਅੰਮ੍ਰਿਤ (ਆਤਮਾ ਨੂੰ ਅਮਰਤਾ ਦੇਣ ਵਾਲੀ) ਹੈ ਜਿਸ ਬਾਣੀ ਵਿੱਚ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬਚਨ ਹੋਣ, ਅਤੇ ਜਿਸ ਦੇ ਪੜ੍ਹਣ/ਸੁਣਨ ਨਾਲ ਮਨ ਦੀ ਲਗਨ ਸੰਸਾਰਕਤਾ ਵੱਲੋਂ ਹਟ ਕੇ ਅਕਾਲ ਪੁਰਖ ਨਾਲ ਲੱਗੇ। ਅਤੇ, ਉਹ ਵੇਲਾ ਵੀ ਸੁਖਦਾਈ (ਅੰਮ੍ਰਿਤ) ਵੇਲਾ ਹੈ ਜਿਸ ਵੇਲੇ ਪ੍ਰਭੂ ਦੇ ਨਾਮ ਦਾ ਸਿਮਰਣ ਕੀਤਾ ਜਾਵੇ।

ਗੁਰੁ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਣੁ ਭਇਆ॥

ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ॥

ਸਿਫਤੀ ਰਤਾ ਸਦਾ ਬੈਰਾਗੀ ਜੂਐ ਜਨਮੁ ਨ ਹਾਰੈ॥

ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ॥ ਆਸਾ ਮ: ੧

ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ॥ ਮ: ੧

ਅੰਮ੍ਰਿਤ ਬਾਣੀ ਭਗਤ ਜਨਾ ਦੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ॥ ਮ: ੪

ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ॥ ਸੋਰਠਿ ਮ: ੫

ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ॥

ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ॥ ਸੂਹੀ ਮ: ੧

ਗੁਰਬਾਣੀ ਅਥਵਾ ਗੁਰੁ-ਸਬਦੁ ਅਜਿਹਾ ਅੰਮ੍ਰਿਤ ਹੈ ਜਿਸ ਦੇ ਭੁੰਚਣ ਨਾਲ ਮਾਇਕ ਪਦਾਰਥਾਂ ਦੀ ਭੁਖ-ਤ੍ਰਿਸ਼ਨਾ ਖ਼ਤਮ ਹੋ ਜਾਂਦੀ ਹੈ।

ਗੁਰ ਕਾ ਸਬਦੁ ਅੰਮ੍ਰਿਤ ਹੈ ਜਿਤੁ ਪੀਤੈ ਤਿਖ ਜਾਇ॥ ਸਿਰੀ ਰਾਗੁ ਮ: ੩

ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ॥

ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥

ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ॥ ਮ: ੩

ਗੁਰਪ੍ਰਸਾਦਿ/ਕ੍ਰਿਪਾ-ਦ੍ਰਿਸ਼ਟੀ/ਨਿਗਾਹਿ ਕਰਮ

"ਮਤਿ ਪੂਰੀ" {ਸਰਬਗਿਆਨੀ (Omniscient)} ਵਾਲੇ ਪ੍ਰਭੂ ਦੀ ਕ੍ਰਿਪਾ-ਦ੍ਰਿਸ਼ਟੀ ਵੀ ਅੰਮ੍ਰਿਤ ਸਮਾਨ ਹੈ। ਕ੍ਰਿਪਾਲੂ ਅਕਾਲਪੁਰਖ ਦੇ ਦਰਸ਼ਨ-ਦੀਦਾਰੇ ਕਰਨ ਨਾਲ ਸਾਰੀ ਕਾਇਨਾਤ ਦਾ ਉੱਧਾਰ ਹੋ ਜਾਂਦਾ ਹੈ।

ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰੁ ਗਿਆਨ ਰਤਨ ਦੀਪਾਇਆ॥ ਮਾਰੂ ਸੋਲਹੇ ਮ: ੧

ਤਿਨਾੑ ਮਿਲਿਆ ਗੁਰੁ ਆਇ ਜਿਨੑ ਕਉ ਲੀਖਿਆ

ਅੰਮ੍ਰਿਤ ਹਰਿ ਕਾ ਨਾਉ ਦੇਵੈ ਦੀਖਿਆ॥ ਸੂਹੀ ਮ: ੧

…ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ॥ ਸੂਹੀ ਮ: ੧

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ॥

ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ॥ ਸਲੋਕ ਮ: ੩

ਹਰਿ ਹਰਿ ਨਾਮੁ ਅੰਮ੍ਰਿਤ ਹੈ ਨਦਰੀ ਪਾਇਆ ਜਾਇ॥ ਮ: ੩

ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ॥ ਦਰਸਨੁ ਪੇਖਤ ਉਧਰਤ ਸ੍ਰਿਸਟਿ॥ ਸੁਖਮਨੀ ਮ: ੫

ਗੁਰੂ ਅਰਜਨ ਦੇਵ ਜੀ ਵਿਚਾਰ ਕਰਦੇ ਹਨ ਕਿ, ਜਿਸ ਪ੍ਰਾਣੀ ਨੂੰ "ਗਿਆਨ ਰਾਉ" ਅਕਾਲ ਪੁਰਖ ਆਪ ਨਾਮ ਦੀ ਬਖ਼ਸ਼ਿਸ਼ ਕਰਦਾ ਹੈ, ਉਹ ਹੀ ਨਾਮ-ਅੰਮ੍ਰਿਤ ਦਾ ਸੇਵਨ ਕਰਨ ਦੇ ਸਮਰੱਥ ਹੁੰਦਾ ਹੈ:

ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ॥ ਨਾਨਕ ਹਰਿ ਗੁਰਿ ਜਾ ਕਉ ਦੀਆ॥ ਗਉੜੀ ਬਾ: ਅ: ਮ: ੫

ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨ ਪਾਇਓ ਜਿਸੁ ਕਿਰਪੈਨ॥ ਧਨਾਸਰੀ ਮ: ੫

ਸੱਚੀ ਸੰਗਤ

ਗੁਰੁਫ਼ਲਸਫ਼ੇ ਅਨੁਸਾਰ, ਪ੍ਰਭੂ ਦੇ ਸੱਚੇ ਭਗਤਾਂ ਦੀ ਸੱਚੀ ਸੰਗਤ ਵੀ ਨਾਮ-ਅੰਮ੍ਰਿਤ ਦੇ ਜਲ ਦਾ ਸਰੋਵਰ ਹੈ। ਇਸ ਪਵਿੱਤਰ ਸਰੋਵਰ ਵਿੱਚ ਮਨ ਦਾ ਇਸ਼ਨਾਨ ਕਰਨ ਨਾਲ ਮਨ ਦੀ ਮਲੀਨਤਾ ਧੁਪ ਜਾਂਦੀ ਹੈ। ਸਾਧਸੰਗਤ (ਗੁਰੂ ਦੀ ਸੱਚੀ ਸੰਗਤ) ਵਿੱਚ ਮਿਲ ਬੈਠ ਕੇ ਹਰਿ ਦੇ ਨਾਮ-ਜਲ ਨਾਲ ਨਕੋ ਨਕ ਭਰੇ ਨਾਮ-ਅੰਮ੍ਰਿਤ ਦੇ ਸਰੋਵਰ ਵਿੱਚ ਮਨ ਦਾ ਇਸ਼ਨਾਨ ਕਰਨ ਨਾਲ ਮਨੁੱਖ ਦੇ ਮਨ ਉੱਤੋਂ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ।

ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ॥ ਰਾਮਕਲੀ ਮ: ੩

ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ॥ ਗਉੜੀ ਕਰਹਲੇ ਮ: ੪

ਰਾਮ ਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥

ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ॥ ਸੋਰਠਿ ਮ: ੫

(ਰਾਮ ਦਾਸ ਸਰੋਵਰਿ: ਸਾਧ ਸੰਗਤ, ਪ੍ਰਭੂ ਦੇ ਸੁਹਿਰਦ ਭਗਤਾਂ ਦੀ ਸੱਚੀ ਸੰਗਤ।)

ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਗਉੜੀ ਮ: ੫

ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ॥

ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰ॥ …ਬਾ: ਮਾ: ਮਾਝ ਮ: ੫

ਅੰਮ੍ਰਿਤ ਹਰਿ ਕਾ ਨਾਮੁ ਸਾਧ ਸੰਗਿ ਰਾਵੀਐ ਜੀਓ॥ ਧਨਾਸਰੀ ਮ: ੫

ਸਾਧ ਸੰਗਿ ਅੰਮ੍ਰਿਤ ਗੁਨ ਗਾਇਨ॥ ਮ: ੫

ਨਾਮ-ਅੰਮ੍ਰਿਤ ਦਾ ਠਿਕਾਣਾ

ਮਨ ਨੂੰ ਨਿਰਮੈਲ ਕਰਨ ਵਾਲੇ ਤੇ ਆਤਮਾ ਨੂੰ ਅਮਰਤਾ ਦੇਣ ਵਾਲੇ ਨਾਮ-ਅੰਮ੍ਰਿਤ (ਜੋ ਕਿ ਸਥੂਲ ਨਹੀਂ, ਸੂਖਮ ਹੈ) ਦਾ ਠਿਕਾਣਾ ਮਨੁੱਖ ਦੇ ਹਿਰਦੇ-ਘਰ ਵਿੱਚ ਹੈ, ਕਿਤੇ ਬਾਹਰ ਨਹੀਂ! ਇਸ ਸੂਖਮ ਅੰਮ੍ਰਿਤ ਨੂੰ ਭੌਤਿਕ ਸੰਸਾਰ ਦੇ ਨਾਸ਼ਮਾਨ ਸਥੂਲ ਪਦਾਰਥਾਂ ਵਿੱਚੋਂ ਭਾਲਣਾ ਕਪਟੀਆਂ ਦੁਆਰਾ ਦਿੱਤਾ ਜਾ ਰਿਹਾ ਘੋਰ ਧੋਖਾ ਤੇ ਇਨ੍ਹਾਂ ਦੇ ਚੁੰਗਲ ਵਿੱਚ ਫਸਣ ਵਾਲਿਆਂ ਦੀ ਬਜਰ ਭੁੱਲ ਹੈ। ਨਾਮ-ਅੰਮ੍ਰਿਤ ਦਾ ਸੰਬੰਧ ਕੇਵਲ ਤੇ ਕੇਵਲ ਮਨ/ਹਿਰਦੇ/ਅੰਤਹਕਰਨ ਨਾਲ ਹੈ, ਨਾਸ਼ਮਾਨ ਸਰੀਰ ਅਤੇ ਇੰਦ੍ਰਆਂ ਨਾਲ ਨਹੀਂ! ਹਰਿਨਾਮ-ਅੰਮ੍ਰਿਤ ਨੂੰ ਹਿਰਦੇ ਤੋਂ ਬਾਹਰ ਭਾਲਣਾ ਨਾਭੀ ਵਿੱਚ ਕਸਤੂਰੀ ਵਾਲੇ ਹਰਨ ਵਾਲੀ ਭਟਕਣ ਤੋਂ ਵੱਧ ਕੁੱਝ ਨਹੀਂ!

ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ॥

ਗੁਰ ਪ੍ਰਸਾਦਿ ਪਾਵੈ ਅੰਮ੍ਰਿਤਧਾਰਾ॥ ਆਸਾ ਕਬੀਰ ਜੀ

ਅੰਮ੍ਰਿਤੁ ਤੇਰੀ ਬਾਣੀਆ॥ ਤੇਰੇ ਭਗਤਾ ਰਿਦੈ ਸਮਾਣੀਆ॥ ਸਿਰੀ ਰਾਗੁ ਮ: ੧

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ … ਸਲੋਕ ਮ: ੨

ਕਾਇਆ ਅੰਦਰਿ ਅੰਮ੍ਰਿਤਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ॥ ਮਾਰੂ ਸੋਲਹੇ ਮ: ੩

ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥

ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥

ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੇ ਆਪਿ ਖੁਆਇਆ॥ ਸਲੋਕ ਮ: ੩

ਗੁਰੂ ਅਰਜਨ ਦੇਵ ਜੀ ਆਪਣੀ ਰਚੀ ਬਾਣੀ "ਸੁਖਮਨੀ" ਵਿੱਚ ਉਕਤ ਵਿਚਾਰ ਦੀ ਪੁਸ਼ਟੀ ਕਰਦੇ ਹੋਏ ਫ਼ਰਮਾਉਂਦੇ ਹਨ ਕਿ, ਆਤਮਾ ਨੂੰ ਅਮਰਤਾ ਤੇ ਸਦਾ ਆਨੰਦ ਪ੍ਰਦਾਨ ਕਰਨ ਵਾਲਾ ਪ੍ਰਭੂ ਦਾ ਨਾਮ ਹੀ ਸੁੱਖਾਂ ਦੀ ਮਣੀ ਹੈ ਅਤੇ ਇਸ ਅਦੁੱਤੀ ਮਣੀ ਦਾ ਟਿਕਾਣਾ ਭਗਤ ਜਨਾਂ ਦੇ ਮਨ ਵਿੱਚ ਹੀ ਹੈ।

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ॥ ਭਗਤ ਜਨਾ ਕੈ ਮਨਿ ਬਿਸ੍ਰਾਮੁ॥ ਸੁਖਮਨੀ ਮ: ੫

ਜਿਹੜੇ ਲੋਕ ਦਿਸਦੇ ਜਗਤ ਦੇ ਪਦਾਰਥਾਂ ਨੂੰ ਅੰਮ੍ਰਿਤ ਸਮਝ ਕੇ ਉਨ੍ਹਾਂ ਦਾ ਸੇਵਨ ਕਰਦੇ ਹਨ, ਉਹ ਰਾਹ ਤੋਂ ਭਟਕੇ ਹੋਏ ਮਨਮੁਖ ਹਨ। ਹਿਰਦੇ ਵਿੱਚ ਮੌਜੂਦ ਨਾਮ-ਅੰਮ੍ਰਿਤ ਨੂੰ ਛੱਡ ਕੇ ਬਾਹਰੀ ਪਦਾਰਥਾਂ ਨੂੰ ਅੰਮ੍ਰਿਤ ਸਮਝਣ ਤੇ ਸਮਝਾਉਣ ਵਾਲੇ ਅਗਿਆਨੀ ਰੱਬ ਦੇ ਮਾਰੇ ਹੋਏ ਮਨਮੁਖ ਪਾਪੀ, ਪਾਖੰਡੀ ਤੇ ਕਪਟੀ ਹਨ।

ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ॥

ਬਾਹਰਿ ਢੂਢਤੁ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟਿ ਮਾਹੀ ਜੀਉ॥ ਸੋਰਠਿ ਮ: ੧

ਚਲਦਾ……

ਗੁਰਇੰਦਰ ਸਿੰਘ ਪਾਲ

ਮਾਰਚ 18, 2018.




.