ਗੁਰਮਤਿ ਸਿਧਾਂਤਾਂ ਨਾਲ ਖਿਲਵਾੜ:
ਦੂਸਰਾ ਵੱਡਾ ਜ਼ੁਲਮ ਜੋ ਇਨ੍ਹਾਂ ਕਾਰ ਸੇਵਾ ਵਾਲੇ ਡੇਰਿਆਂ ਨੇ ਢਾਹਿਆ ਹੈ,
ਇਨ੍ਹਾਂ ਗੁਰਬਾਣੀ ਦੁਆਰਾ ਦਰਸਾਏ, ਗੁਰਮਤਿ ਦੇ ਅਮੋਲਕ ਸਿਧਾਂਤਾਂ ਨਾਲ ਵੱਡਾ ਖਿਲਵਾੜ ਕੀਤਾ ਹੈ।
ਪਹਿਲਾਂ ਤਾਂ ਇਨ੍ਹਾਂ ਕਾਰ ਸੇਵਾ ਵਾਲੇ ਡੇਰੇਦਾਰਾਂ ਨੂੰ ਗੁਰਮਤਿ ਦੀ ਮਾੜੀ ਮੋਟੀ ਸੋਝੀ ਵੀ ਨਹੀਂ
ਹੈ। ਕੇਵਲ ਭਾਵੁਕਤਾ ਹੈ। ਹੋ ਸਕਦਾ ਹੈ, ਨਿਤਨੇਮ ਦੇ ਰੱਟੇ ਤੱਕ ਸੀਮਤ ਹੋਣ। ਇਨ੍ਹਾਂ ਦਾ ਸਾਰਾ ਜ਼ੋਰ
ਤਾਂ ਸੇਵਾ ਕਰਦੇ ਹੋਏ ‘ਸਤਿਨਾਮ ਵਾਹਿਗੁਰੂ` ਦੇ ਰੱਟੇ ਲਾਉਣ, ਲਵਾਉਣ ਤੱਕ ਹੈ।
ਹੁਣ ਕਈ ਪਾਠਕ ਆਖਣਗੇ ਕਿ ਮੈਂ ਤਾਂ ‘ਸਤਿਨਾਮ ਵਾਹਿਗੁਰੂ` ਕਹਿਣ `ਤੇ ਵੀ
ਇਤਰਾਜ਼ ਕਰਨ ਲੱਗ ਪਿਆ ਹਾਂ। ਜੀ ਨਹੀਂ! ਸਤਿਨਾਮ ਵਾਹਿਗੁਰੂ ਕਹਿਣ `ਤੇ ਕੋਈ ਇਤਰਾਜ਼ ਨਹੀਂ, ਬਲਕਿ
ਮੈਂ ਤਾਂ ਉਸ ਮਨੁੱਖ ਨੂੰ ਭਾਗਾਂ ਵਾਲਾ ਸਮਝਦਾ ਹਾਂ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਵਸਿਆ ਹੈ ਅਤੇ
ਉਸ ਸਦਕਾ, ਉਸ ਦੇ ਮੂੰਹ `ਚੋਂ ਸੁਭਾਵਕ ਹਰ ਵੇਲੇ ‘ਵਾਹਿਗੁਰੂ` ਸ਼ਬਦ ਨਿਕਲਦਾ ਹੈ। ਐਸੇ ਮਨੁੱਖ ਨੂੰ
ਤਾਂ ਗੁਰਬਾਣੀ ਵੀ ਖਾਸ ਵਡਿਆਈ ਦੇਂਦੀ ਹੈ। ਗੁਰਬਾਣੀ ਦੇ ਪਾਵਨ ਬਚਨ ਹਨ:
"ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ।। ਤਾ ਕੇ ਪਗ ਕੀ
ਪਾਨਹੀ ਮੇਰੇ ਤਨ ਕੋ ਚਾਮੁ।। ੬੩।। " (ਪੰਨਾ ੧੩੬੭)
ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿੱਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ
ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ ਤਾਂ ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ
ਹੈ (ਭਾਵ, ਮੈਂ ਹਰ ਤਰ੍ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ)। ੬੩।
ਹੁਣ ਸੁਫਨੇ ਵਿੱਚ ਬਰੜਾ ਕੇ ਤਾਂ ਉਸ ਦੇ ਮੂੰਹ ਵਿਚੋਂ ਹੀ ਨਿਕਲੇਗਾ,
ਵਾਹਿਗੁਰੂ ਜਿਸ ਦੇ ਹਿਰਦੇ ਵਿੱਚ ਵਸਿਆ ਹੋਵੇਗਾ। ਜਿਸ ਨੂੰ ਵਾਹਿਗੁਰੂ `ਤੇ ਪੂਰਨ ਭਰੋਸਾ ਹੋ ਗਿਆ
ਹੋਵੇਗਾ। ਇਤਰਾਜ਼ ਤਾਂ ਇਨ੍ਹਾਂ ਵਲੋਂ ਕਿਸੇ ਇੱਕ ਸ਼ਬਦ ਦੇ ਬਾਰ ਬਾਰ ਮੂੰਹ ਨਾਲ ਰਟਨ ਨੂੰ ਨਾਮ ਸਿਮਰਨ
ਕਹਿਣ ਅਤੇ ਪ੍ਰਚਾਰਨ `ਤੇ ਹੈ। ਨਾਮ ਸਿਮਰਨ ਬਾਰੇ ਇਹੀ ਸੋਚ ਅਤੇ ਪਹੁੰਚ ਬਾਕੀ ਡੇਰਿਆਂ ਦੀ ਵੀ ਹੈ।
ਨਤੀਜਾ ਇਹ ਹੈ ਕਿ ਇਹ ਇੱਕ ਸ਼ਬਦ ਦੇ ਰੱਟੇ ਲਾਉਂਦੀ ਲਾਉਂਦੀ ਕੌਮ, ਅੱਜ ਇਸੇ ਨੂੰ ਹੀ ਨਾਮ ਸਿਮਰਨ
ਸਮਝਣ ਲੱਗ ਪਈ ਹੈ। ਜਦਕਿ ਐਸੇ ਅਨੇਕਾਂ ਪ੍ਰਮਾਣ ਗੁਰਬਾਣੀ ਵਿੱਚ ਮਿਲਦੇ ਹਨ, ਜਿਥੇ ਰੱਟੇ ਲਾਉਣ ਨੂੰ
ਪੂਰਨ ਤੌਰ `ਤੇ ਰੱਦ ਕੀਤਾ ਗਿਆ ਹੈ। ਗੁਰਬਾਣੀ ਦੇ ਪਾਵਨ ਫੁਰਮਾਨ ਹਨ:
"ਜਿਨਿ ਕੀਆ ਤਿਸੁ ਚੀਤਿ ਨ ਆਣੈ।। ਕੂੜੀ ਕੂੜੀ ਮੁਖਹੁ ਵਖਾਣੈ।। " {ਭੈਰਉ
ਮਹਲਾ ੫, ਪੰਨਾ ੧੧੫੧}
ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ, ਉਸ ਨੂੰ ਆਪਣੇ ਚਿੱਤ ਵਿੱਚ ਨਹੀਂ
ਵਸਾਂਦਾ (ਹਾਂ) ਝੂਠ-ਮੂਠ (ਲੋਕਾਂ ਨੂੰ ਠੱਗਣ ਲਈ ਆਪਣੇ) ਮੂੰਹੋਂ (ਰਾਮ ਰਾਮ) ਉਚਾਰਦਾ ਰਹਿੰਦਾ
ਹੈ ।
"ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ।।
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ।। " {ਗੂਜਰੀ ਮਹਲਾ
੩, ਪੰਨਾ ੪੯੧}
(ਜੇ) ਹਰੇਕ ਮਨੁੱਖ (ਨਿਰੀ ਜੀਭ ਨਾਲ ਹੀ) ਪਰਮਾਤਮਾ ਦਾ ਨਾਮ ਆਖਦਾ ਰਹੇ,
(ਤਾਂ ਨਿਰਾ ਜੀਭ ਨਾਲ) ਪਰਮਾਤਮਾ ਦਾ ਨਾਮ ਆਖਿਆਂ (ਸਫਲਤਾ) ਨਹੀਂ ਹੁੰਦੀ। ਜਦੋਂ ਕਿਸੇ ਮਨੁੱਖ ਦੇ
ਮਨ ਵਿੱਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਆ ਵੱਸੇ, ਤਦੋਂ ਉਸ ਨੂੰ ਉਸ ਸਿਮਰਨ ਦਾ ਫਲ ਮਿਲਦਾ ਹੈ।
ਨਾਮ ਸਿਮਰਨ ਕੇਵਲ ਇੱਕ ਸ਼ਬਦ ਦਾ ਰਟਨ ਨਹੀਂ ਬਲਕਿ ਇੱਕ ਪੂਰਨ ਜੀਵਨ ਜੁਗਤਿ
ਹੈ। ਸਤਿਗੁਰੂ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:
"ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇੱਕ ਮਨਿ ਧਿਆਵਹੇ।।
ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ।। " {ਗਉੜੀ
ਮਹਲਾ ੫, ਪੰਨਾ ੨੪੮}
ਜੇਹੜੇ ਤੈਨੂੰ ਇਕਾਗਰ ਮਨ ਨਾਲ ਧਿਆਉਂਦੇ ਹਨ, ਮੌਤ ਦਾ ਸਹਮ ਉਹਨਾਂ ਨੂੰ ਪੋਹ
ਨਹੀਂ ਸਕਦਾ (ਆਤਮਕ ਮੌਤ ਉਹਨਾਂ ਉਤੇ ਪ੍ਰਭਾਵ ਨਹੀਂ ਪਾ ਸਕਦੀ)। ਜੇਹੜੇ ਮਨੁੱਖ ਆਪਣੇ ਮਨ ਦੀ
ਰਾਹੀਂ, ਉਹ ਆਪਣੇ ਬੋਲ ਦੀ ਰਾਹੀਂ, ਆਪਣੇ ਕਰਮ ਦੀ ਰਾਹੀਂ, ਤੈਨੂੰ ਯਾਦ ਕਰਦੇ ਰਹਿੰਦੇ ਹਨ, ਉਹ
ਸਾਰੇ (ਮਨ-ਇੱਛਤ) ਫਲ ਪ੍ਰਾਪਤ ਕਰ ਲੈਂਦੇ ਹਨ।
"ਮਨ ਬਚ ਕ੍ਰਮ ਪ੍ਰਭੁ ਏਕੁ ਧਿਆਏ।। ਸਰਬ ਫਲਾ ਸੋਈ ਜਨੁ ਪਾਏ।। " {ਰਾਗੁ
ਸੂਹੀ ਮਹਲਾ ੫, ਪੰਨਾ ੭੬੦}
ਹੇ ਭਾਈ ! ਜੇਹੜਾ ਮਨੁੱਖ ਆਪਣੇ ਮਨ ਨਾਲ, ਕੰਮਾਂ ਨਾਲ ਇੱਕ ਪਰਮਾਤਮਾ ਦਾ
ਧਿਆਨ ਧਰੀ ਰੱਖਦਾ ਹੈ, ਉਹੀ ਮਨੁੱਖ (ਮਨੁੱਖਾ ਜਨਮ ਦੇ) ਸਾਰੇ ਫਲ ਹਾਸਲ ਕਰ ਲੈਂਦਾ ਹੈ।
ਉਪਰਲੇ ਦੋਨਾਂ ਹੀ ਪ੍ਰਮਾਣਾਂ ਵਿੱਚ ਸਤਿਗੁਰੂ ਮਨ, ਬਚਨ ਅਤੇ ਕਰਮ ਨਾਲ
ਧਿਆਉਣ ਦੀ ਸਿਖਿਆ ਦੇ ਰਹੇ ਹਨ। ਇਸ ਅਵਸਥਾ ਨੂੰ ਗੁਰੂ ਅਰਜਨ ਸਾਹਿਬ ਇੰਝ ਬਿਆਨ ਕਰਦੇ ਹਨ:
"ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ।।
ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ।। " {ਸਾਰਗ ਮਹਲਾ
੫, ਪੰਨਾ ੧੨੦੪}
ਹੇ ਭਾਈ ! (ਜਦੋਂ ਦਾ ਮੈਂ ਪਰਮਾਤਮਾ ਦੀ ਸਰਨ ਪਿਆ ਹਾਂ, ਤਦੋਂ ਤੋਂ ਹੁਣ)
ਮੈਂ ਆਪਣੇ ਹਿਰਦੇ ਵਿੱਚ (ਪਰਮਾਤਮਾ ਦਾ ਨਾਮ) ਜਪਦਾ ਹਾਂ, ਅੱਖਾਂ ਵਿੱਚ ਉਸ ਦਾ ਧਿਆਨ ਧਰਦਾ ਹਾਂ,
ਕੰਨਾਂ ਨਾਲ ਉਸ ਦੀ ਸਿਫ਼ਤਿ-ਸਾਲਾਹ ਸੁਣਦਾ ਹਾਂ, ਪੈਰਾਂ ਨਾਲ ਉਸ ਮਾਲਕ-ਪ੍ਰਭੂ ਦੇ ਰਸਤੇ `ਤੇ ਤੁਰਦਾ
ਹਾਂ, ਮੇਰੀ ਜੀਭ ਉਸ ਦੇ ਗੁਣ ਗਾਂਦੀ ਰਹਿੰਦੀ ਹੈ ।
(ਨਾਮ ਸਿਮਰਨ ਦੇ ਵਿਸ਼ੇ `ਤੇ ਵਧੇਰੇ ਜਾਣਕਾਰੀ ਲਈ ਇਸੇ ਕਲਮ ਤੋਂ ਲਿਖਤ
ਕਿਤਾਬ "ਗੁਰਮਤਿ ਨਾਮ ਸਿਮਰਨ" ਪੜ੍ਹੀ ਜਾ ਸਕਦੀ ਹੈ)
ਇਨ੍ਹਾਂ ਸਿਮਰਨ ਸ਼ਬਦ ਦੇ ਬ੍ਰਾਹਮਣੀ ਭਾਵ ਲੈ ਕੇ ਇਹ ਪ੍ਰਚਲਤ ਕਰ ਦਿੱਤਾ ਹੈ
ਕਿ ਸਿਮਰਨ ਦਾ ਮਤਲਬ ਹੈ, ਆਪਣੇ ਇਸ਼ਟ ਦੇ ਨਾਂ ਦੇ ਰੱਟੇ ਲਾਉਣੇ ਅਤੇ ਅੱਜ ਬਹੁਤੀ ਸਿੱਖ ਕੌਮ ਇਸੇ
ਆਹਰੇ ਲੱਗੀ ਹੋਈ ਹੈ। ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ੧੪੨੯ ਪੰਨਿਆਂ `ਤੇ ੫੮੭੧ ਸ਼ਬਦਾਂ ਦਾ
ਗੁਰਬਾਣੀ ਦਾ ਅਮੋਲਕ ਗਿਆਨ ਖਜ਼ਾਨਾ ਬਖਸ਼ਿਆ ਹੈ। ਉਸ ਨੂੰ ਪੜ੍ਹਨ, ਸਮਝਣ, ਵਿਚਾਰਨ ਦੀ ਕਦੇ ਕੋਸ਼ਿਸ਼ ਹੀ
ਨਹੀਂ ਕੀਤੀ। ਕਦੇ ਆਪਣੇ ਸਤਿਗੁਰੂ ਕੋਲੋਂ ਪੁੱਛਣ ਦੀ ਲੋੜ ਹੀ ਨਹੀਂ ਸਮਝੀ ਕਿ ਨਾਮ ਸਿਮਰਨ ਕੀ ਹੈ
ਅਤੇ ਕਿਵੇਂ ਕੀਤਾ ਜਾਂਦਾ ਹੈ।
ਕਿੰਨਾ ਚੰਗਾ ਹੁੰਦਾ ਇਹ ਇੱਕ ਸ਼ਬਦ ਦੇ ਰੱਟੇ ਲੁਆਉਣ ਦੀ ਬਜਾਏ, ਗੁਰਬਾਣੀ ਦੇ
ਕੁੱਝ ਸ਼ਬਦ ਚੁਣ ਲੈਂਦੇ, ਘੱਟੋ ਘੱਟ ਇਸੇ ਬਹਾਨੇ ਸੰਗਤ ਨੂੰ ਕੁੱਝ ਗੁਰਬਾਣੀ ਕੰਠ ਹੋ ਜਾਂਦੀ।
ਗੁਰਦੁਆਰਿਆਂ ਦਾ ਸਿਧਾਂਤਕ ਸਰੂਪ ਬਦਲਨਾ:
ਪੁਰਾਤਨ ਸਮੇਂ ਵਿੱਚ ਕਿਉਂਕਿ ਪਾਣੀ ਦੇ ਹਰ ਜਗ੍ਹਾ ਪਹੁੰਚਾਣ ਦੇ ਯੋਗ ਸਾਧਨ
ਨਹੀਂ ਸਨ ਵਿਕਸਤ ਹੋਏ, ਜਿਥੇ ਬਹੁਤੇ ਨਗਰ ਦਰਿਆਵਾਂ, ਨਹਿਰਾਂ ਦੇ ਕਿਨਾਰਿਆਂ `ਤੇ ਵਸਾਏ ਜਾਂਦੇ ਸਨ,
ਉਥੇ ਸਮਰਥ ਲੋਕ ਆਪਣੇ ਰਹਿਣ ਦੇ ਟਿਕਾਣੇ ਵੀ ਇਨ੍ਹਾਂ ਦਰਿਆਵਾਂ ਦੇ ਕਿਨਾਰੇ ਬਣਾਉਂਦੇ ਸਨ। ਬ੍ਰਾਹਮਣ
ਨੇ ਵੀ ਬਹੁਤਾਤ ਤੌਰ `ਤੇ ਆਪਣੇ ਰਹਿਣ ਦੇ ਡੇਰੇ ਵਗਦੇ ਪਾਣੀਆਂ ਦੇ ਕਿਨਾਰੇ ਬਣਾਏ। ਉਸ ਨੂੰ ਕਿਸੇ
ਦੇ ਮਗਰ ਨਾ ਭਟਕਣਾ ਪਵੇ, ਸਗੋਂ ਲੋਕਾਈ ਆਪ ਚਲ ਕੇ ਉਸ ਦੇ ਕੋਲ ਆਵੇ, ਉਸ ਨੇ ਇਨ੍ਹਾਂ ਸਥਾਨਾਂ ਨੂੰ
ਪਵਿੱਤਰ ਗਰਦਾਨ ਕੇ ਤੀਰਥਾਂ ਦਾ ਨਾਮ ਦਿੱਤਾ। ਉਸ ਵਲੋਂ ਮਨ ਉਤੋਂ ਪਾਪਾਂ ਦੀ ਮੈਲ ਲਾਹੁਣ ਲਈ
ਇਨ੍ਹਾਂ ਤੀਰਥਾਂ `ਤੇ ਇਸ਼ਨਾਨ ਕਰਨ ਦਾ ਤਰੀਕਾ ਦੱਸਿਆ ਗਿਆ ਹੈ। ਬ੍ਰਾਹਮਣ ਵਲੋਂ ਕਰਮਕਾਂਡਾਂ ਦਾ ਭਰਮ
ਫੈਲਾ ਕੇ, ਕੁਰਾਹੇ ਪਾਈ ਲੋਕਾਈ, ਜੀਵਨ ਤੋਂ ਪਾਪਾਂ ਦਾ ਬੋਝ ਉਤਾਰਨ ਲਈ, ਮਨ ਨੂੰ ਪਵਿਤ੍ਰ ਕਰਨ ਲਈ
ਬ੍ਰਾਹਮਣ ਵਲੋਂ ਨੀਯਤ ਸਥਾਨਾਂ, ਜਿਨ੍ਹਾਂ ਨੂੰ ਇਹ ਤੀਰਥ ਕਹਿੰਦਾ ਹੈ, ਉਤੇ ਭਟਕਦੀ ਫਿਰਦੀ ਸੀ।
ਗੁਰਬਾਣੀ ਨੇ ਬ੍ਰਾਹਮਣ ਦੀ ਇਸ ਫੋਕੀ ਕਰਮਕਾਂਡੀ ਵਿਚਾਰਧਾਰਾ ਨੂੰ ਪੂਰਨ ਰੂਪ ਵਿੱਚ ਰੱਦ ਕੀਤਾ।
ਗੁਰਬਾਣੀ ਦੇ ਫੁਰਮਾਨ ਹਨ:
"ਤੀਰਥ ਨਾਇ ਨ ਉਤਰਸਿ ਮੈਲੁ।। ਕਰਮ ਧਰਮ ਸਭਿ ਹਉਮੈ ਫੈਲੁ।। " {ਰਾਮਕਲੀ
ਮਹਲਾ ੫, ਪੰਨਾ ੮੯੦}
(ਹੇ ਭਾਈ ! ਮਾਇਆ ਦੇ ਮੋਹ ਦੀ ਇਹ) ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ
ਨਹੀਂ ਉਤਰੇਗੀ । (ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ
ਹੈ ।
ਭਗਤ ਕਬੀਰ ਸਾਹਿਬ ਨੇ ਬ੍ਰਾਹਮਣ ਦੀ ਇਸ ਵਿਚਾਰਧਾਰਾ ਦਾ ਮਜ਼ਾਕ ਉਡਾਇਆ ਹੈ,
ਆਪ ਜੀ ਫੁਰਮਾਉਂਦੇ ਹਨ ਕਿ ਜੇ ਪਾਣੀ ਵਿੱਚ ਨਹਾਉਣ ਨਾਲ ਗਤਿ ਹੁੰਦੀ ਹੋਵੇ ਤਾਂ ਡੱਡੂ ਤਾਂ ਅਕਸਰ
ਪਾਣੀ ਵਿੱਚ ਡੁਬਕੀਆਂ ਲਾਉਂਦਾ ਰਹਿੰਦਾ ਹੈ। ਫਿਰ ਉਹ ਤਾਂ ਕਦੋਂ ਦਾ ਮੁਕਤ ਜੋ ਗਿਆ ਹੋਵੇ। ਪਾਵਨ
ਗੁਰਬਾਣੀ ਵਿੱਚ ਭਗਤ ਸਾਹਿਬ ਦਾ ਸ਼ਬਦ ਹੈ:
"ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ।।
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ।। {ਆਸਾ ਸ੍ਰੀ
ਕਬੀਰ ਜੀਉ, ਪੰਨਾ ੪੮੪}
ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ
ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ
ਜੂਨਾਂ ਵਿੱਚ ਪਏ ਰਹਿੰਦੇ ਹਨ।
ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਸਪੱਸ਼ਟ ਲਫਜ਼ਾਂ ਵਿੱਚ ਸਮਝਾ ਦਿੱਤਾ ਕਿ
ਇਸ ਭਰਮ ਵਿੱਚ ਬਿਲਕੁਲ ਨਾ ਰਹਿਣਾ ਕਿ ਕਿਸੇ ਤੀਰਥ `ਤੇ ਜਾ ਕੇ ਸਰੋਵਰ ਜਾਂ ਨਦੀ ਆਦਿ ਦੇ ਪਾਣੀ
ਵਿੱਚ ਨਹਾਉਣ ਨਾਲ ਤੁਹਾਡੇ ਪਾਪ ਕਰਮ ਧੁਲ ਜਾਣਗੇ ਅਤੇ ਤੁਹਾਡੇ ਜੀਵਨ ਵਿੱਚ ਕੋਈ ਤਬਦੀਲੀ ਆ
ਜਾਵੇਗੀ। ਹਾਂ ਜੇ ਸਰੀਰ ਦੀ ਮਾੜੀ ਮੋਟੀ ਮੈਲ ਉਤਰੇਗੀ ਤਾਂ ਮਨ ਦੇ ਉਤੇ ਹਉਮੈ ਦੀ ਹੋਰ ਮੈਲ ਚੜ੍ਹ
ਜਾਵੇਗੀ ਕਿ ਮੈਂ ਕਿੱਡਾ ਧਰਮੀ ਹਾਂ, ਮੈਂ ਤੀਰਥ `ਤੇ ਇਸ਼ਨਾਨ ਕਰ ਕੇ ਆਇਆ ਹਾਂ। ਸਤਿਗੁਰੂ ਦੇ ਪਾਵਨ
ਬਚਨ ਹਨ:
"ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ।। ਇਕੁ ਭਾਉ ਲਥੀ ਨਾਤਿਆ ਦੁਇ
ਭਾ ਚੜੀਅਸੁ ਹੋਰ।।
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ।। ਸਾਧ ਭਲੇ ਅਣ ਨਾਤਿਆ ਚੋਰ ਸਿ
ਚੋਰਾ ਚੋਰ।। " {ਮਃ ੧, ਪੰਨਾ ੭੮੯}
ਜੇ ਖੋਟੇ ਮਨ ਨਾਲ ਤੀਰਥਾਂ `ਤੇ ਨ੍ਹਾਉਣ ਤੁਰ ਪਏ ਤੇ ਸਰੀਰ ਵਿੱਚ ਕਾਮਾਦਿਕ
ਚੋਰ ਭੀ ਟਿਕੇ ਰਹੇ, ਤਾਂ ਨ੍ਹਾਉਣ ਨਾਲ ਇੱਕ ਹਿੱਸਾ (ਭਾਵ, ਸਰੀਰ ਦੀ ਬਾਹਰਲੀ) ਮੈਲ ਤਾਂ ਲਹਿ ਗਈ
ਪਰ (ਮਨ ਵਿੱਚ ਅਹੰਕਾਰ ਆਦਿਕ ਦੀ) ਦੂਣੀ ਮੈਲ ਹੋਰ ਚੜ੍ਹ ਗਈ, (ਤੁੰਮੀ ਵਾਲਾ ਹਾਲ ਹੀ ਹੋਇਆ) ਤੁੰਮੀ
ਬਾਹਰੋਂ ਤਾਂ ਧੋਤੀ ਗਈ, ਪਰ ਉਸ ਦੇ ਅੰਦਰ ਨਿਰੋਲ ਵਿਸੁ (ਭਾਵ, ਕੌੜੱਤਣ) ਟਿਕੀ ਰਹੀ। ਭਲੇ ਮਨੁੱਖ
(ਤੀਰਥਾਂ ਤੇ) ਨ੍ਹਾਉਣ ਤੋਂ ਬਿਨਾ ਹੀ ਭਲੇ ਹਨ, ਤੇ ਚੋਰ (ਤੀਰਥਾਂ `ਤੇ ਨ੍ਹਾ ਕੇ ਭੀ) ਚੋਰ ਹੀ ਹਨ।
ਦਾਸ ਨੇ ਉਪਰ ਗੁਰਦੁਆਰੇ ਦੇ ਅਧਿਆਇ ਵਿੱਚ ਸਪੱਸ਼ਟ ਕੀਤਾ ਹੈ ਕਿ ਸਿੱਖਾਂ ਦੇ
ਗੁਰਦੁਆਰੇ ਕੋਈ ਪੂਜਾ ਦੇ ਸਥਾਨ ਨਹੀਂ ਹਨ, ਇਹ ਧਰਮ ਦੇ ਸਕੂਲ ਹਨ ਜਿਥੇ ਸਿੱਖ ਨੇ ਨੇਮ ਨਾਲ
ਸਤਿਗੁਰੂ ਦਾ ਇਲਾਹੀ ਗਿਆਨ ਪ੍ਰਾਪਤ ਕਰਨ ਲਈ ਜਾਣਾ ਹੈ। ਇਨ੍ਹਾਂ ਕਾਰ ਸੇਵਾ ਵਾਲੇ ਡੇਰਿਆਂ ਨੇ ਸਿੱਖ
ਗੁਰਦੁਆਰੇ ਦਾ ਵੀ ਬ੍ਰਾਹਮਣੀ ਕਰਨ ਸ਼ੁਰੂ ਕਰ ਦਿੱਤਾ ਹੈ। ਗੁਰਦੁਆਰਿਆਂ ਨੂੰ ਤੀਰਥਾਂ ਵਿੱਚ ਤਬਦੀਲ
ਕੀਤਾ ਜਾ ਰਿਹਾ ਹੈ। ਗੁਰਦੁਆਰਿਆਂ ਦੇ ਨਾਲ ਵਿਸ਼ੇਸ਼ ਤੌਰ `ਤੇ ਸਰੋਵਰ ਬਣਾਏ ਜਾ ਰਹੇ ਹਨ। ਬਹੁਤ ਸਾਰੇ
ਇਤਿਹਾਸਕ ਗੁਰਦੁਆਰਿਆਂ ਨਾਲ ਸਰੋਵਰ ਇਨ੍ਹਾਂ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਬਾਅਦ ਵਿੱਚ ਬਣਾਏ ਗਏ
ਹਨ। ਦਿੱਲੀ ਵਿੱਚ ਬੰਗਲਾ ਸਾਹਿਬ ਗੁਰਦੁਆਰੇ ਦੀ ਇਮਾਰਤ ਸ੍ਰ ਬਘੇਲ ਸਿੰਘ ਵਲੋਂ ੧੭੮੩ ਵਿੱਚ ਬਣਵਾਈ
ਗਈ ਸੀ ਜਦੋਂ ਉਸ ਨੇ ਦਿੱਲੀ ਫਤਹਿ ਕਰਨ ਤੋਂ ਬਾਅਦ ਹੋਰ ਵੀ ਅੱਠ ਗੁਰਦੁਆਰਿਆਂ ਦੀਆਂ ਇਮਾਰਤਾਂ
ਬਣਵਾਈਆਂ, ਪਰ ਇਸ ਨਾਲ ਸਰੋਵਰ ੧੯੭੫-੭੬ ਵਿੱਚ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ (ਦਿੱਲੀ ਵਾਲੇ)
ਵਲੋਂ ਬਣਾਇਆ ਗਿਆ। ਉਥੇ ਪਹਿਲਾਂ ਗੁਰਦੁਆਰੇ ਦੇ ਮੁੱਖ ਪ੍ਰਵੇਸ਼ ਰਾਹ ਨੇੜੇ ਸਿਰਫ ਬਉਲੀ ਹੁੰਦੀ ਸੀ,
ਜੋ ਹੁਣ ਵੀ ਉਥੇ ਹੀ ਆਪਣੇ ਸਥਾਨ `ਤੇ ਹੈ। ਇਸੇ ਤਰ੍ਹਾਂ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਵਲੋਂ
ਹੀ ਗੁਰਦੁਆਰਾ ਨਾਨਕ ਪਿਆਓ ਦੇ ਨਾਲ ਸਰੋਵਰ ੧੯੮੦ ਵਿੱਚ ਬਣਾਇਆ ਗਿਆ। ਐਸੇ ਪ੍ਰਮਾਣ ਹੋਰ ਵੀ ਅਨੇਕਾਂ
ਹਨ, ਜਿਥੇ ਪਹਿਲਾਂ ਕੇਵਲ ਗੁਰਦੁਆਰੇ ਦੀ ਇਮਾਰਤ ਸੀ, ਬਾਅਦ ਵਿੱਚ ਨਾਲ ਸਰੋਵਰ ਬਣਾ ਦਿੱਤੇ ਗਏ।
ਜਿਵੇਂ ਉਪਰ ਵੀ ਦੱਸਿਆ ਹੈ, ਗੁਰੂ ਅਰਜਨ ਸਾਹਿਬ
ਨੇ ਅੰਮ੍ਰਿਤਸਰ ਸ਼ਹਿਰ ਤੋਂ ੬-੭ ਕਿਲੋ ਮੀਟਰ ਦੂਰ ਪੱਛਮ ਵਲ, ਮੁੱਖ ਸ਼ਾਹ-ਰਾਹ ਦੇ ਨੇੜੇ ਉਥੇ ਦੇ
ਲੋਕਾਂ ਦੀ ਪਾਣੀ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਇੱਕ ਵੱਡਾ ਖੂਹ ਬਣਵਾਇਆ ਸੀ। ਇਸ ਵਿਚੋਂ ਪਾਣੀ
ਕੱਢਣ ਲਈ ਛੇ ਹਰਟ ਇਕੱਠੇ ਚਲਦੇ ਸਨ। ਇਸੇ ਤੋਂ ਨਗਰ ਦਾ ਨਾਂ ਵੀ ਛੇਹਰਟਾ ਪਿਆ। ਬਲਿਹਾਰ ਜਾਈਏ ਆਪਣੇ
ਗੁਰੂ ਸਾਹਿਬ ਦੇ ਕਿ ਉਸ ਵੇਲੇ ਵੀ ਗੁਰੂ ਘਰ ਤਕਨੀਕੀ ਤੌਰ `ਤੇ ਕਿਤਨਾ ਵਿਕਸਤ ਸੀ, ਸ਼ਾਇਦ ਛੇ ਹਰਟਾਂ
ਵਾਲੇ ਖੂਹ ਦਾ ਇਹ ਇੱਕ ਵਿਲੱਖਣ ਪ੍ਰਮਾਣ ਹੈ। ਉਸ ਤੋਂ ਬਾਅਦ ਇਸ ਦੀ ਨਕਲ `ਤੇ ਦੋ ਛੇ ਹਰਟਾਂ ਵਾਲੇ
ਖੂਹ ਬਣੇ ਦਸੇ ਜਾਂਦੇ ਹਨ, ਇੱਕ ਮਸਜਿਦ ਵਜ਼ੀਰ ਖਾਂ ਲਾਹੌਰ ਵਿੱਚ ਅਤੇ ਦੂਸਰਾ ਗੁੱਜਰਾਂਵਾਲਾ ਤੋਂ
ਤਕਰੀਬਨ ਦਸ ਮੀਲ ਦੀ ਵਿੱਥ `ਤੇ ਵਸਦੇ ਪਿੰਡ ਭਾਈ ਕੇ ਮੱਟੂ ਵਿਚ। ਇਹ ਦੋਨੋਂ ਖੂਹ ਗੁਰੂ ਸਾਹਿਬ
ਵਲੋਂ ਬਣਵਾਏ ਛੇਹਰਟਾ ਤੋਂ ਤਕਰੀਬਨ ਦੋ ਸੌ ਸਾਲ ਬਾਅਦ ਬਣੇ। ਲੋੜ ਤਾਂ ਇਹ ਸੀ ਕਿ ਆਪਣੇ ਸਤਿਗੁਰੁ
ਦੀ ਇਸ ਮਹਾਨ ਵਿਰਾਸਤ ਨੂੰ ਸੰਭਾਲਿਆ ਜਾਂਦਾ। ਦਾਸ ਆਪਣੇ ਬਚਪਨ ਵਿੱਚ ਵੇਖਦਾ ਰਿਹਾ ਕਿ ਉਸ ਖੂਹ ਦੇ
ਛੇਹੋ ਹਰਟ ਚਲਣ ਦੀ ਹਾਲਤ ਵਿੱਚ ਹੁੰਦੇ ਸਨ। ਹੌਲੀ ਹੌਲੀ ਛੇ ਹਰਟਾਂ ਦੀ ਹਾਲਤ ਹਰ ਦਿਨ ਮਾੜੀ ਹੁੰਦੀ
ਗਈ, ਲੋੜੀਂਦੀ ਸੰਭਾਲ ਨਹੀਂ ਕੀਤੀ ਗਈ। ਫਿਰ ਉਥੇ ਵੀ ਨਾਲ ਇੱਕ ਸਰੋਵਰ ਬਣਾ ਦਿੱਤਾ ਗਿਆ। ਅੱਜ ਉਹ
ਖੂਹ ਗੋਲ ਗੁੰਬਦ ਬਣਾ ਕੇ ਉਪਰੋਂ ਕੱਜਿਆ ਹੋਇਆ ਹੈ ਅਤੇ ਉਸੇ ਵਿਚੋਂ ਮੋਟਰ ਨਾਲ ਪਾਣੀ ਕੱਢ ਕੇ
ਸਰੋਵਰ ਵਿੱਚ ਪਾਇਆ ਜਾਂਦਾ ਹੈ।
ਜਿਸ ਵਿਰਾਸਤ ਦੀ ਸੰਭਾਲ ਕਰਨੀ ਸੀ, ਉਹ ਤਾਂ ਕੀਤੀ ਨਹੀਂ ਗਈ, ਸਗੋਂ ਵਹਿਮ
ਭਰਮ ਫੈਲਾਉਣ ਲਈ ਉਪਰ ਲਿੱਖ ਕੇ ਲਾਇਆ ਹੋਇਆ ਕਿ ਇਥੇ ਇਸ ਦਿਹਾੜੇ ਤੇ, ਇਤਨੇ ਇਸ਼ਨਾਨ ਕਰਨ ਨਾਲ, ਇਹ
ਪ੍ਰਾਪਤੀ ਹੁੰਦੀ ਹੈ।
ਕਈ ਪਾਠਕ ਆਖਣਗੇ ਕਿ ਗੁਰੂ ਸਾਹਿਬਾਨ ਨੇ ਵੀ ਤਾਂ ਸਰੋਵਰ ਬਣਵਾਏ ਹਨ, ਗੁਰੂ
ਰਾਮਦਾਸ ਪਾਤਿਸ਼ਾਹ ਨੇ ਅੰਮ੍ਰਿਤਸਰ ਨਗਰ ਵਿੱਚ ਹੀ ਪੰਜ ਵੱਡੇ ਸਰੋਵਰ ਬਣਵਾਏ। ਗੁਰੂ ਅਰਜਨ ਸਾਹਿਬ ਨੇ
ਤਰਨਤਾਰਨ ਵਿੱਚ ਵੱਡਾ ਸਰੋਵਰ ਬਣਵਾਇਆ। ਸਰੋਵਰ ਬਨਵਾਉਣ ਵਿੱਚ ਕੀ ਗਲਤ ਹੈ?
ਬਿਲਕੁਲ ਬਣਵਾਏ ਹਨ, ਅਸਲ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਕਿਸ ਮਕਸਦ
ਵਾਸਤੇ ਬਣਵਾਏ ਹਨ? ਸਰੋਵਰ ਬਣਵਾਉਣਾ ਕੋਈ ਮਾੜਾ ਕੰਮ ਨਹੀਂ। ਜੇ ਮਨੁੱਖਤਾ ਦੀ ਸੇਵਾ ਵਾਸਤੇ, ਭਲੇ
ਵਾਸਤੇ ਬਣਵਾਏ ਜਾਣ ਤਾਂ ਇੱਕ ਬਹੁਤ ਮਹਾਨ ਸੇਵਾ ਦਾ ਕਾਰਜ ਹੈ ਪਰ ਉਹੀ ਸਰੋਵਰ ਜੇ ਲੋਕਾਈ ਨੂੰ
ਕਰਮਕਾਂਡਾਂ ਵਿੱਚ ਉਲਝਾਉਣ ਵਾਸਤੇ ਬਣਵਾਏ ਜਾਣ ਤਾਂ ਇਹ ਇੱਕ ਗੁਰਮਤਿ ਵਿਰੋਧੀ ਕਾਰਜ ਅਤੇ ਮਨੁੱਖਤਾ
ਪ੍ਰਤੀ ਇੱਕ ਵੱਡਾ ਪਾਪ ਬਣ ਜਾਂਦਾ ਹੈ।
ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਇੱਕ ਵੱਡਾ ਨਗਰ ਵਸਾਇਆ ਸੀ। ਨਗਰ
ਵਸਾਉਣਾ ਕੋਈ ਛੋਟਾ ਜਿਹਾ ਕੰਮ ਨਹੀਂ। ਆਮ ਤੌਰ `ਤੇ ਇਹ ਕਾਰਜ ਸਮੇਂ ਦੀਆਂ ਸਰਕਾਰਾਂ ਕਰਦੀਆਂ ਹਨ,
ਜਿਨ੍ਹਾਂ ਕੋਲ ਅਥਾਹ ਸਾਧਨ ਹੁੰਦੇ ਹਨ। ਅਸੀਂ ਭਾਰਤ ਦੇਸ਼ ਵਿੱਚ ਹੀ ਝਾਤੀ ਮਾਰ ਲਈਏ। ੭੦ ਸਾਲ ਦੀ
ਅਜ਼ਾਦੀ ਤੋਂ ਬਾਅਦ ਖੁਲ੍ਹਾ ਸਰਮਾਇਆ ਅਤੇ ਸਾਧਨ ਹੁੰਦੇ ਹੋਏ ਵੀ, ਗਿਣਤੀ ਦੇ ਨਵੇਂ ਨਗਰ ਵਸਾਏ ਹਨ,
ਜਿਵੇਂ ਚੰਡੀਗੜ੍ਹ, ਭੁਬਨੇਸ਼ਵਰ, ਗਾਂਧੀ ਨਗਰ ਆਦਿ। ਹਾਂ! ਪੁਰਾਨੇ ਛੋਟੇ ਨਗਰਾਂ ਦਾ ਸਮੇਂ ਨਾਲ ਵੱਡੇ
ਨਗਰਾਂ ਦੇ ਰੂਪ ਵਿੱਚ ਵਿਸਥਾਰ ਚਲਦਾ ਰਹਿੰਦਾ ਹੈ।
ਬਲਿਹਾਰ ਜਾਈਏ ਆਪਣੇ ਸਤਿਗੁਰੂ ਦੇ! ਸਾਡੇ ਤਾਂ ਤਕਰੀਬਨ ਸਾਰੇ ਗੁਰੂ
ਸਾਹਿਬਾਨ ਨੇ ਹੀ ਕੋਈ ਨਾ ਕੋਈ ਨਗਰ ਵਸਾਇਆ ਹੈ। ਕਰਤਾਰਪੁਰ, ਖਡੂਰ, ਗੋਇੰਦਵਾਲ, ਅੰਮ੍ਰਿਤਸਰ,
ਤਰਨਤਾਰਨ, ਹਰਗੋਬਿੰਦਪੁਰ, ਕੀਰਤਪੁਰ, ਪਉਂਟਾ, ਆਨੰਦਪੁਰ ਆਦਿ. . ।
ਗੁਰੂ ਰਾਮਦਾਸ ਸਾਹਿਬ ਵਲੋਂ ਵਸਾਇਆ ਅੰਮ੍ਰਿਤਸਰ ਇੱਕ ਵੱਡੇ ਆਕਾਰ ਦਾ, ਵੱਡੀ
ਗਿਣਤੀ ਵਸੋਂ ਵਾਸਤੇ, ਇੱਕ ਪੂਰੀ ਵਿਉਂਤ ਨਾਲ ਬਣਵਾਇਆ ਗਿਆ ਨਗਰ ਹੈ। ਜੋ ਆਪਣੇ ਸਮੇਂ ਵਿੱਚ ਹਰ
ਵਪਾਰ ਦੀ ਇੱਕ ਵੱਡੀ ਮੰਡੀ ਸੀ। ਇਥੇ ਸਤਿਗੁਰੂ ਨੇ ੫੨ ਕਿਰਤਾਂ ਸਥਾਪਤ ਕੀਤੀਆਂ ਸਨ। ਜਿਨ੍ਹਾਂ ਦੇ
ਸਪੱਸ਼ਟ ਚਿੰਨ੍ਹ ਅਜ ਵੀ ਮਿਲਦੇ ਹਨ। ਅੰਮ੍ਰਿਤਸਰ ਅਜ ਵੀ ਕਪੜੇ ਦੇ ਵਪਾਰ ਦੀ ਵੱਡੀ ਮੰਡੀ ਹੈ। ਅੱਜ
ਵੀ ਪਾਪੜਾਂ ਵਾਲਾ ਬਜ਼ਾਰ, ਆਟਾ ਮੰਡੀ, ਗੁੜ ਮੰਡੀ, ਲੋਹਾ ਮੰਡੀ, ਭਾਂਡਿਆਂ ਵਾਲਾ ਬਜ਼ਾਰ, ਸੁਨਿਆਰਿਆਂ
ਦਾ ਬਜ਼ਾਰ, ਸਰਾਫਾ ਬਜ਼ਾਰ, ਮਿਸ਼ਰੀ ਬਜ਼ਾਰ, ਭੜਭੁੰਜਿਆਂ ਦਾ ਬਜ਼ਾਰ, ਸਤਿਗੁਰੂ ਦੀ ਕਮਾਲ ਦੀ ਵਿਉਂਬੰਦੀ
ਦੀ ਗਵਾਹੀ ਭਰਦੇ ਹਨ। ਅੱਜ ਉਥੇ ਭਾਵੇਂ ਨਮਕ ਦਾ ਵਪਾਰ ਨਾ ਹੋ ਰਿਹਾ ਹੋਵੇ ਪਰ ਨਮਕ ਮੰਡੀ ਇਸ ਗੱਲ
ਦੀ ਗਵਾਹੀ ਭਰਦੀ ਹੈ ਕਿ ਕਦੇ ਇਥੇ ਨਮਕ ਦਾ ਭਾਰੀ ਵਪਾਰ ਹੁੰਦਾ ਸੀ। ਇਸੇ ਤਰ੍ਹਾਂ ਪੇਸ਼ਾ-ਵਰ ਮੁਹੱਲੇ
ਬਣਵਾਏ ਗਏ, ਜਿਵੇਂ ਹਕੀਮਾਵਾਲਾ ਮੁਹੱਲਾ ਅਤੇ ਹਕੀਮਾ ਗੇਟ, ਖਜ਼ਾਨਾ ਮੁਹੱਲਾ ਅਤੇ ਖਜ਼ਾਨਾ ਗੇਟ ਆਦਿ.
. । ਸਾਰੇ ਨਗਰ ਨੂੰ ਸੁਰਖਿਅਤ ਕਰਨ ਲਈ ਪੂਰੇ ਨਗਰ ਦੁਆਲੇ ਇੱਕ ਮਜ਼ਬੂਤ ਦੀਵਾਰ ਬਣਵਾਈ ਗਈ, ਜਿਸ ਦੇ
ਹਰ ਦਿਸ਼ਾ ਨੂੰ ਜੋੜਨ ਵਾਸਤੇ ੧੨ ਦਰਵਾਜ਼ੇ ਸਨ।
ਇਤਨੇ ਵੱਡੇ ਨਗਰ ਦੀ ਵਸੋਂ ਵਾਸਤੇ ਪਾਣੀ ਦੀ ਵੱਡੀ ਲੋੜ ਸੀ। ਜਿਵੇਂ ਉਪਰ
ਦੱਸਿਆ ਗਿਆ ਹੈ, ਸਾਨੂੰ ਇਹ ਵੀ ਯਾਦ ਰਖਣਾ ਪਵੇਗਾ ਕਿ ਉਸ ਵੇਲੇ ਜਨਤਾ ਤੱਕ ਪਾਣੀ ਪਹੁੰਚਾਉਣ ਦੇ
ਅੱਜ ਵਾਲੇ ਜਨ ਸਾਧਨ ਵਿਕਸਤ ਨਹੀਂ ਸਨ ਹੋਏ, ਇਸੇ ਵਾਸਤੇ ਬਹੁਤੇ ਨਗਰ ਨਦੀਆਂ ਦਰਿਆਵਾਂ ਦੇ ਕਿਨਾਰੇ
`ਤੇ ਵਸਦੇ ਸਨ। ਸਤਿਗੁਰੂ ਨੇ ਇਤਨੇ ਵੱਡੇ ਨਗਰ ਵਾਸਤੇ ਪਾਣੀ ਦੀ ਭਰਪੂਰ ਲੋੜ ਪੂਰੀ ਕਰਦੇ ਹੋਏ ਪੰਜ
ਸਰੋਵਰ ਬਣਵਾਏ।
ਇਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਦੁਆਲੇ ਇੱਕ ਵੱਡਾ ਸਰੋਵਰ ਬਨਵਾਉਣਾ ਜਾਂ
ਇੰਝ ਕਹਿ ਲਓ ਕਿ ਦਰਬਾਰ ਸਾਹਿਬ ਨੂੰ ਸਰੋਵਰ ਵਿੱਚ ਬਨਾਉਣ ਦਾ ਵੀ ਇੱਕ ਖਾਸ ਕਾਰਨ ਸੀ। ਹਿੰਦੂ
ਤੀਰਥਾਂ `ਤੇ ਕੋਈ ਬ੍ਰਾਹਮਣ ਵਲੋਂ ਗਰਦਾਨੀ ਅਖੌਤੀ ਛੋਟੀ ਜਾਤ ਦਾ ਵਿਅਕਤੀ ਇਸ਼ਨਾਨ ਨਹੀਂ ਸੀ ਕਰ
ਸਕਦਾ। ਬ੍ਰਾਹਮਣ ਵਲੋਂ ਛੂਤ-ਛਾਤ, ਊਚ-ਨੀਚ ਦਾ ਇਤਨਾ ਭਰਮ ਫੈਲਾਇਆ ਗਿਆ ਸੀ ਕਿ ਜੇ ਕਿਤੇ ਕੋਈ
ਬ੍ਰਾਹਮਣ ਨਦੀ ਆਦਿ ਵਿੱਚ ਇਸ਼ਨਾਨ ਕਰ ਰਿਹਾ ਹੋਵੇ ਅਤੇ ਕੋਈ ਸ਼ੂਦ੍ਰ ਜਿਧਰੋਂ ਪਾਣੀ ਵੱਗ ਕੇ ਆ ਰਿਹਾ
ਹੈ, ਉਧਰ ਪਾਣੀ ਨੂੰ ਹੱਥ ਲਗਾ ਦੇਵੇ, ਤਾਂ ਉਸ ਸ਼ੂਦ੍ਰ ਨੂੰ ਮਾਰਿਆ ਕੁੱਟਿਆ ਜਾਂਦਾ, ਸਜ਼ਾ ਦਿੱਤੀ
ਜਾਂਦੀ ਕਿ ਤੂੰ ਪਾਣੀ ਨੂੰ ਭਿੱਟ ਦਿੱਤਾ ਹੈ ਅਤੇ ਉਸੇ ਪਾਣੀ ਨਾਲ ਬ੍ਰਾਹਮਣ ਵੀ ਭਿੱਟਿਆ ਗਿਆ ਹੈ।
ਸਤਿਗੁਰੂ ਨੇ ਦਰਬਾਰ ਸਾਹਿਬ ਦੁਆਲੇ ਸਰੋਵਰ ਬਣਵਾ ਕੇ ਮਨੁੱਖਤਾ ਨੂੰ ਸੱਦਾ ਦਿੱਤਾ ਕਿ ਗੁਰੂ ਨਾਨਕ
ਦੇ ਘਰ ਵਿੱਚ ਸਭ ਵਾਸਤੇ ਬਰਾਬਰੀ ਹੈ। ਆਓ ਇਸ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਚਾਰੇ ਵਰਣਾ ਵਾਲੇ
ਬਰਾਬਰ ਇਕੱਠੇ ਇਸ਼ਨਾਨ ਕਰਨਗੇ। ਇਹ ਇੱਕ ਐਲਾਨ ਸੀ ਕਿ ਸਿੱਖੀ ਵਿੱਚ ਕੋਈ ਊਚ-ਨੀਚ, ਜ਼ਾਤ-ਪਾਤ ਦਾ ਭੇਦ
ਭਾਵ ਨਹੀਂ। ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰਖਵਾਏ ਕਿ ਇਥੇ ਚਾਰੇ ਦਿਸ਼ਾਵਾਂ ਵਲੋਂ, ਚਾਰੇ ਵਰਣਾ
`ਚੋਂ ਕੋਈ ਵੀ ਆਵੇ ਸਭ ਨੂੰ ਬਰਾਬਰ ਦਾ ਸਤਿਕਾਰ ਮਿਲੇਗਾ ਅਤੇ ਸਭ ਨੂੰ ਬਰਾਬਰ ਦਾ ਹੀ ਗਿਆਨ
ਮਿਲੇਗਾ। ਲੇਕਿਨ ਅੰਦਰ ਆਉਣ ਲਈ ਦਰਸ਼ਨੀ ਡਿਓਢੀ ਇਕੋ ਬਣਵਾਈ ਕਿ ਸਭ ਬਰਾਬਰੀ ਭਾਵਨਾ ਨਾਲ, ਇਕੋ ਰਸਤੇ
ਤੋਂ ਆਉਣਗੇ। ਸਤਿਗੁਰੂ ਨੇ ਗੁਰਬਾਣੀ ਵਿੱਚ ਫੁਰਮਾਇਆ:
"ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।।
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ।। " {ਸੂਹੀ
ਮਹਲਾ ੫, ਪੰਨਾ ੭੪੭}
ਹੇ ਭਾਈ ! (ਪਰਮਾਤਮਾ ਦਾ ਨਾਮ ਸਿਮਰਨ ਦਾ) ਉਪਦੇਸ਼ ਖੱਤ੍ਰੀ ਬ੍ਰਾਹਮਣ ਵੈਸ਼
ਸ਼ੂਦਰ ਚੌਹਾਂ ਵਰਨਾਂ ਦੇ ਲੋਕਾਂ ਵਾਸਤੇ ਇਕੋ ਜਿਹਾ ਹੈ। (ਕਿਸੇ ਭੀ ਵਰਨ ਦਾ ਹੋਵੇ) ਜੇਹੜਾ ਮਨੁੱਖ
ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਹ ਜਗਤ ਵਿੱਚ ਵਿਕਾਰਾਂ ਤੋਂ ਬਚ
ਨਿਕਲਦਾ ਹੈ। ਹੇ ਨਾਨਕ ! ਉਸ ਮਨੁੱਖ ਨੂੰ ਪਰਮਾਤਮਾ ਹਰੇਕ ਸਰੀਰ ਵਿੱਚ ਵੱਸਦਾ ਦਿੱਸਦਾ ਹੈ।
ਸਤਿਗੁਰੂ ਨੇ ਸਾਨੂੰ ਇਤਨਾ ਮਹਾਨ ਸੰਕਲਪ ਦਿੱਤਾ ਹੈ, ਪਰ ਅਸੀਂ ਉਸ ਨੂੰ
ਵਿਸਾਰ ਕੇ ਹਰ ਦਿਨ ਵਹਿਮਾਂ ਭਰਮਾਂ ਵਿੱਚ ਭਟਕਣ ਦੇ ਰਾਹ ਲਭਦੇ ਰਹਿੰਦੇ ਹਾਂ। ਅਸੀਂ ਆਪਣੇ ਸਰੋਵਰਾਂ
ਨਾਲ ਹੀ ਭਰਮ ਜੋੜ ਦਿੱਤੇ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਇਹ ਫਲ ਪ੍ਰਾਪਤ ਹੋਵੇਗਾ ਅਤੇ ਉਸ
ਵਿੱਚ ਕੁੱਝ ਹੋਰ। ਦਿਨ ਦਿਹਾੜੇ ਨੀਯਤ ਕਰ ਦਿੱਤੇ ਕਿ ਫਲਾਂ ਸਰੋਵਰ ਵਿੱਚ ਮੱਸਿਆ ਨਹਾਉਣ ਨਾਲ ਫਲ
ਪਰਾਪਤ ਹੋਵੇਗਾ ਤਾਂ ਕਿਸੇ ਹੋਰ ਵਿੱਚ ਪੂਰਨਮਾਸੀ, ਕਿਸੇ ਵਿੱਚ ਸੰਗਰਾਂਦ ਤਾਂ ਕਿਸੇ ਵਿੱਚ ਏਕਾਦਸ਼ੀ।
ਅੱਜ ਕੋਈ ਸਿੱਖ ਪੁੱਤਰ ਪ੍ਰਾਪਤੀ ਵਾਸਤੇ ਕਿਸੇ ਸਰੋਵਰ ਵਿੱਚ ਇਸ਼ਨਾਨ ਕਰ ਰਿਹਾ ਹੈ, ਤਾਂ ਕੋਈ ਕਿਸੇ
ਰੋਗ ਦੇ ਕਟਣ ਵਾਸਤੇ ਆਦਿ ਆਦਿ. . । ਇਤਨੇ ਭਰਮ ਪਾਲ ਲਏ ਹਨ ਕਿ ਉਨ੍ਹਾਂ ਦੀ ਗਿਣਤੀ ਕਰਨੀ ਵੀ ਔਖੀ
ਹੈ।
ਅੱਜ ਸਿੱਖ ਜਾਂਦਾ ਗੁਰਦੁਆਰੇ ਹੈ ਪਰ ਆਪਣੇ ਅੰਦਰ ਬੈਠੇ ਬ੍ਰਾਹਮਣ ਨੂੰ ਨਾਲ
ਹੀ ਲੈਕੇ ਜਾਂਦਾ ਹੈ। ਮੱਥਾ ਗੁਰੂ ਨੂੰ ਟੇਕਦਾ ਹੈ ਅਤੇ ਕਰਮ ਸਾਰੇ ਬ੍ਰਾਹਮਣ ਅਨੁਸਾਰ ਕਰਦਾ ਹੈ। ਇਹ
ਸਾਰੇ ਭਰਮਜਾਲ ਇਨ੍ਹਾਂ ਡੇਰਿਆਂ ਵਲੋਂ ਫੈਲਾਏ ਗਏ ਹਨ, ਕਿਉਂ ਕਿ ਇਨ੍ਹਾਂ ਦੀ ਤਾਂ ਦੁਕਾਨਦਾਰੀ ਹੀ
ਇਸ ਭਰਮਜਾਲ ਸਹਾਰੇ ਚਲਦੀ ਹੈ।
ਹੁਣ ਕਈ ਕਹਿਣਗੇ ਕਿ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੀ
ਮਹੱਤਤਾ ਤਾਂ ਗੁਰਬਾਣੀ ਵਿੱਚ ਵੀ ਲਿੱਖੀ ਗਈ ਹੈ, ਇਸ ਦੇ ਵਾਸਤੇ ਗੁਰਬਾਣੀ ਦੇ ਪ੍ਰਮਾਣ ਵੀ ਦਿੱਤੇ
ਜਾ ਸਕਦੇ ਹਨ। ਸਭ ਤੋਂ ਪਹਿਲਾਂ ਸਾਨੂੰ ਇਹ ਮੂਲ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦ ਸਤਿਗੁਰੂ ਆਪ
ਤੀਰਥ ਅਤੇ ਤੀਰਥ ਇਸ਼ਨਾਨ ਦੇ ਕਰਮਕਾਂਡ ਨੂੰ ਰੱਦ ਕਰ ਰਹੇ ਹਨ ਤਾਂ ਉਹ ਆਪ ਕੋਈ ਜਲ ਦੇ ਇਸ਼ਨਾਨ ਦੀ
ਅਧਿਆਤਮਕ ਮਹੱਤਤਾ ਕਿਵੇਂ ਦਰਸਾ ਸਕਦੇ ਹਨ? ਕੀ ਸਤਿਗੁਰੂ ਕਹਿੰਦੇ ਕੁੱਝ ਹੋਰ ਸਨ ਅਤੇ ਕਰਦੇ ਕੁੱਝ
ਹੋਰ ਸਨ? ਐਸੀ ਗੱਲ ਤਾਂ ਸਤਿਗੁਰੂ ਬਾਰੇ ਸੋਚੀ ਵੀ ਨਹੀਂ ਜਾ ਸਕਦੀ।
ਆਓ! ਉਸ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਇਹ ਸਮਝ ਲਈਏ ਕਿ ਗੁਰਬਾਣੀ ਵਿੱਚ
‘ਰਾਮਦਾਸ` ਸ਼ਬਦ ਕਿਸ ਦੇ ਵਾਸਤੇ ਆਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ ੨੭੫ `ਤੇ ਗਉੜੀ ਰਾਗ ਵਿੱਚ
ਸੁਖਮਨੀ ਬਾਣੀ ਵਿੱਚ ਪੰਜਵੇਂ ਨਾਨਕ, ਗੁਰੂ ਅਰਜਨ ਸਾਹਿਬ ਦੇ ਪਾਵਨ ਬਚਨ ਹਨ:
"ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ।। ਤਿਸ ਕਾ ਨਾਮੁ ਸਤਿ ਰਾਮਦਾਸੁ।।
ਆਤਮ ਰਾਮੁ ਤਿਸੁ ਨਦਰੀ ਆਇਆ।। ਦਾਸ ਦਸੰਤਣ ਭਾਇ ਤਿਨਿ ਪਾਇਆ।।
ਸਦਾ ਨਿਕਟਿ ਨਿਕਟਿ ਹਰਿ ਜਾਨੁ।। ਸੋ ਦਾਸੁ ਦਰਗਹ ਪਰਵਾਨੁ।।
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ।। ਤਿਸੁ ਦਾਸ ਕਉ ਸਭ ਸੋਝੀ ਪਰੈ।।
ਸਗਲ ਸੰਗਿ ਆਤਮ ਉਦਾਸੁ।। ਐਸੀ ਜੁਗਤਿ ਨਾਨਕ ਰਾਮਦਾਸੁ।। ੬।।
ਜਿਸ ਦੇ ਮਨ ਵਿੱਚ ਅਕਾਲ ਪੁਰਖ ਵੱਸਦਾ ਹੈ, ਉਸ ਮਨੁੱਖ ਦਾ ਨਾਮ ਅਸਲੀ
(ਅਰਥਾਂ ਵਿਚ) ‘ਰਾਮਦਾਸੁ` (ਪ੍ਰਭੂ ਦਾ ਸੇਵਕ) ਹੈ;
ਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ, ਦਾਸਾਂ ਦਾ ਦਾਸ ਹੋਣ ਦੇ
ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ।
ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ, ਉਹ ਸੇਵਕ ਦਰਗਾਹ ਵਿੱਚ
ਕਬੂਲ ਹੁੰਦਾ ਹੈ।
ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ, ਤੇ ਉਸ ਸੇਵਕ ਨੂੰ ਸਾਰੀ ਸਮਝ ਆ
ਜਾਂਦੀ ਹੈ।
ਸਾਰੇ ਪਰਵਾਰ ਵਿੱਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;
ਹੇ ਨਾਨਕ ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ
ਹੈ)।
ਇਕ ਹੋਰ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਕਿ ਹੇ ਅਕਾਲ ਪੁਰਖ ਜੀ
ਹਰ ਵੇਲੇ ਆਪ ਜੀ ਦਾ ਸਿਮਰਨ ਕਰਨ ਕਰ ਕੇ ਮੇਰਾ ਨਾਂ ‘ਰਾਮਦਾਸ` ਪੈ ਗਿਆ ਹੈ। ਸਤਿਗੁਰੂ ਦੇ ਪਾਵਨ
ਬਚਨ ਹਨ:
"ਹਰਿ ਆਰਾਧਿ ਨ ਜਾਨਾ ਰੇ।। ਹਰਿ ਹਰਿ ਗੁਰੁ ਗੁਰੁ ਕਰਤਾ ਰੇ।।
ਹਰਿ ਜੀਉ ਨਾਮੁ ਪਰਿਓ ਰਾਮਦਾਸੁ।। " {ਸੋਰਠਿ ਮਹਲਾ ੫, ਪੰਨਾ ੬੧੨}
ਹੇ ਭਾਈ ! ਮੈਨੂੰ ਪਰਮਾਤਮਾ ਦਾ ਸਿਮਰਨ ਕਰਨ ਦੀ ਜਾਚ ਨਹੀਂ। ਮੈਂ (ਤਾਂ
ਜ਼ਬਾਨੀ ਜ਼ਬਾਨੀ ਹੀ) ‘ਹਰੀ ਹਰੀ`, ‘ਗੁਰੂ ਗੁਰੂ` ਕਰਦਾ ਰਹਿੰਦਾ ਹਾਂ। ਹੇ ਪ੍ਰਭੂ ਜੀ ! ਮੇਰਾ ਨਾਮ
"ਰਾਮ ਦਾ ਦਾਸ" ਪੈ ਗਿਆ ਹੈ (ਹੁਣ ਤੂੰ ਹੀ ਮੇਰੀ ਲਾਜ ਰੱਖ, ਤੇ, ਭਗਤੀ ਦੀ ਦਾਤਿ ਦੇਹ)।
ਕਦੇ ਕਿਸੇ ਨੇ ਸੁਣਿਆ ਜਾਂ ਪੜ੍ਹਿਆ ਹੈ ਕਿ ਗੁਰੂ ਅਰਜਨ ਸਾਹਿਬ ਨੇ ਆਪਣਾ
ਨਾਂ ਬਦਲ ਕੇ ਰਾਮਦਾਸ ਰਖ ਲਿਆ ਸੀ? ਹਾਂ! ਸਾਰੇ ਗੁਰੂ ਸਾਹਿਬਾਨ ਦਾ ਨਾਂ ‘ਨਾਨਕ` ਜ਼ਰੂਰ ਹੋ ਗਿਆ ਸੀ
ਕਿਉਂਕਿ ਸਾਰਿਆਂ ਅੰਦਰ ਇਕੋ ‘ਨਾਨਕ ਗਿਆਨ ਜੋਤਿ` ਪ੍ਰਕਾਸ਼ਮਾਨ ਹੋਈ ਸੀ। ਇਸੇ ਕਰ ਕੇ ਸਾਰੇ ਗੁਰੂ
ਸਾਹਿਬਾਨ ਨੇ ਗੁਰਬਾਣੀ ਉਚਾਰਣ ਕਰਦੇ, ਕਵਿ ਦੇ ਸੰਕੇਤ ਰੂਪ ਵਿੱਚ ‘ਨਾਨਕ` ਪਦ ਦੀ ਵਰਤੋਂ ਹੀ ਕੀਤੀ
ਹੈ। ਇਸ ਦਾ ਭਾਵ ਇਹ ਹੈ ਕਿ ਹੇ ਅਕਾਲ-ਪੁਰਖ ਜੀ! ਸੰਸਾਰ ਦੇ ਲੋਕ ਮੈਨੂੰ ਤੁਹਾਡਾ ਦਾਸ ਕਰ ਕੇ ਜਾਨਣ
ਲੱਗ ਪਏ ਹਨ।
ਹੁਣ ਜੇ ਸਾਨੂੰ ‘ਰਾਮਦਾਸ` ਪਦ ਦੀ ਸਮਝ ਲਗ ਗਈ ਹੋਵੇ ਤਾਂ ਸਾਨੂੰ ਗੁਰੂ
ਅਰਜਨ ਸਾਹਿਬ ਦਾ ਹੇਠਲਾ ਸ਼ਬਦ ਅਤੇ ਇਸੇ ਵਿਸ਼ੇ ਨਾਲ ਸਬੰਧਤ ਹੋਰ ਸ਼ਬਦ ਸਮਝਣ ਵਿੱਚ ਬਹੁਤ ਸੌਖ ਹੋ
ਜਾਵੇਗੀ ਕਿ ਇਥੇ ‘ਰਾਮਦਾਸ ਸਰੋਵਰ` ਦਾ ਮਤਲਬ ਹੈ ‘ਰਾਮ ਦੇ ਦਾਸਾਂ ਦਾ ਸਰੋਵਰ, ਭਾਵ ਸਤਿਸੰਗਤ ਰੂਪੀ
ਸਰੋਵਰ:
ਸੋਰਠਿ ਮਹਲਾ ੫ ਘਰੁ ੩ ਦੁਪਦੇ ੴ ਸਤਿ ਗੁਰਪ੍ਰਸਾਦਿ।।
ਰਾਮਦਾਸ ਸਰੋਵਰਿ ਨਾਤੇ।। ਸਭਿ ਉਤਰੇ ਪਾਪ ਕਮਾਤੇ।। ਨਿਰਮਲ ਹੋਏ ਕਰਿ
ਇਸਨਾਨਾ।। ਗੁਰਿ ਪੂਰੈ ਕੀਨੇ ਦਾਨਾ।। ੧।।
ਸਭਿ ਕੁਸਲ ਖੇਮ ਪ੍ਰਭਿ ਧਾਰੇ।। ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ
ਸਬਦੁ ਵੀਚਾਰੇ।। ਰਹਾਉ।।
ਸਾਧ ਸੰਗਿ ਮਲੁ ਲਾਥੀ।। ਪਾਰਬ੍ਰਹਮੁ ਭਇਓ ਸਾਥੀ।। ਨਾਨਕ ਨਾਮੁ ਧਿਆਇਆ।।
ਆਦਿ ਪੁਰਖ ਪ੍ਰਭੁ ਪਾਇਆ।। ੨।। ੧।। ੬੫।।
{ਪੰਨਾ ੬੨੫}
ਹੇ ਭਾਈ ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ-ਮੰਡਲ ਵਿੱਚ ਟਿਕਾ
ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ-ਠਾਕ ਬਚਾ ਲਏ, ਪ੍ਰਭੂ ਨੇ (ਉਸ
ਦੇ ਹਿਰਦੇ ਵਿਚ) ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ। ਰਹਾਉ।
ਹੇ ਭਾਈ ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ (ਸਾਧ ਸੰਗਤਿ
ਵਿੱਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ, ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ
ਜਾਂਦੇ ਹਨ। (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ
ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ। ੧।
ਹੇ ਭਾਈ ! ਸਾਧ ਸੰਗਤਿ ਵਿੱਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ
ਹੈ, (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ ! (ਜਿਸ ਮਨੁੱਖ ਨੇ
ਰਾਮਦਾਸ-ਸਰੋਵਰ ਵਿੱਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ
ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ। ੨। ੧। ੬੫।
ਪਹਿਲਾਂ ਤਾਂ ਸਤਿਗੁਰੂ ਨੇ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਹੀ ਨਿਰਣਾ ਕਰ
ਦਿੱਤਾ ਹੈ, "ਸਭਿ ਕੁਸਲ ਖੇਮ ਪ੍ਰਭਿ ਧਾਰੇ।। ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ
ਵੀਚਾਰੇ।। " ਭਾਵ ਜੋ ਆਤਮਕ ਆਨੰਦ ਦੀ ਅਵਸਥਾ ਪ੍ਰਾਪਤ ਹੋਈ ਹੈ, ਉਹ ਗੁਰੂ ਦਾ ਸ਼ਬਦ ਵਿਚਾਰਨ
ਨਾਲ ਹੋਈ ਹੈ। ਜੋ ਵਿਕਾਰਾਂ ਦੀ ਮੈਲ ਉਤਰ ਕੇ ਮਨ ਪਵਿਤ੍ਰ ਹੋ ਗਿਆ ਹੈ, ਉਹ ਸਤਿਸੰਗਤ ਵਿੱਚ ਆ ਕੇ
ਗੁਰਬਾਣੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਲੱਥੀ ਹੈ। ਸ਼ਬਦ ਦੇ ਦੂਜੇ ਪਦੇ ਵਿੱਚ ਸਤਿਗੁਰੂ ਫਿਰ
ਸ਼ਪੱਸ਼ਟ ਸਮਝਾ ਰਹੇ ਹਨ, "ਸਾਧ ਸੰਗਿ ਮਲੁ ਲਾਥੀ।। " ਭਾਵ ਮਨ ਦੀ ਮੈਲ ਸਤਿਸੰਗਤ ਦੇ ਸਰੋਵਰ
ਵਿੱਚ ਇਸ਼ਨਾਨ ਕਰਨ ਨਾਲ ਉਤਰ ਗਈ ਹੈ ਨਾ ਕਿ ਕਿਸੇ ਜਲ ਦੇ ਸਰੋਵਰ ਵਿੱਚ ਨਹਾਉਣ ਕਰਕੇ।
ਹੁਣ ਇਸੇ ਤਰ੍ਹਾਂ ਕਈ ਸੱਜਣ ਅੰਮ੍ਰਿਤ ਸਰ ਸ਼ਬਦ ਤੋਂ ਇਹ ਭੁਲੇਖਾ ਖਾ ਜਾਂਦੇ
ਹਨ ਕਿ ਗੁਰਬਾਣੀ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਸਰੋਵਰਾਂ ਦੀ ਮਹੱਤਤਾ ਦਰਸਾਈ ਗਈ ਹੈ ਜਾਂ ਵਿਸ਼ੇਸ਼ ਤੌਰ
`ਤੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਅੰਮ੍ਰਿਤਸਰ ਭਾਵ ਅੰਮ੍ਰਿਤ ਦਾ ਸਰੋਵਰ ਕਿਹਾ ਗਿਆ ਹੈ, ਇਸ
ਵਾਸਤੇ ਉਸ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਵਿਸ਼ੇਸ਼ ਅਧਿਆਤਮਕ ਮਹੱਤਤਾ ਹੈ। ਗੁਰਬਾਣੀ ਵਿੱਚ ਐਸੇ ਅਨੇਕ
ਸ਼ਬਦ ਹਨ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਧਿਆਨ ਨਾਲ ਵਿਚਾਰਿਆਂ ਸਪੱਸ਼ਟ ਪਤਾ ਲਗ ਜਾਂਦਾ ਹੈ ਕਿ ਇਥੇ
ਸਤਿਗੁਰੂ ਨੂੰ, ਭਾਵ ਗੁਰਬਾਣੀ ਗੁਰੂ ਨੂੰ ਅੰਮ੍ਰਿਤ ਦਾ ਸਰੋਵਰ ਕਿਹਾ ਗਿਆ ਹੈ, ਜਿਸ ਵਿੱਚ ਅਧਿਆਤਮਕ
ਇਸ਼ਨਾਨ ਕਰਨ ਨਾਲ ਮਨ ਦੀ ਸਾਰੀ ਮੈਲ ਉਤਰ ਜਾਂਦੀ ਹੈ। ਸਤਿਗੁਰੂ ਦੇ ਫੁਰਮਾਨ ਹਨ:
"ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ।।
ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ।। " {ਮਾਝ
ਮਹਲਾ ੩, ਪੰਨਾ ੧੧੩}
ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਗੁਰੂ ਦੇ
ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ। ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਹੈ, ਉਹ
ਕੁੰਡ ਸਦਾ ਕਾਇਮ ਰਹਿਣ ਵਾਲਾ (ਭੀ) ਹੈ। (ਜਿਸ ਮਨੁੱਖ ਦਾ) ਮਨ (ਉਸ ਕੁੰਡ ਵਿਚ) ਇਸ਼ਨਾਨ ਕਰਦਾ ਹੈ,
(ਉਹ ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ।
"ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ।।
ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ।।
ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ।। " {ਸਿਰੀ ਰਾਗੁ
ਮਹਲਾ ੪, ਪੰਨਾ ੪੦}
(ਪਰ ਇਹ ਵਿਕਾਰਾਂ ਦਾ ਗੰਦ, ਇਹ ਚੰਡਾਲ ਕ੍ਰੋਧ ਆਦਿਕ ਦਾ ਪ੍ਰਭਾਵ
ਤੀਰਥਾਂ `ਤੇ ਨਾੑਤਿਆਂ ਦੂਰ ਨਹੀਂ ਹੋ ਸਕਦਾ) ਅਕਾਲ-ਪੁਰਖ ਦਾ ਰੂਪ ਸਤਿਗੁਰੂ ਹੀ ਅੰਮ੍ਰਿਤ ਦਾ
ਸਰੋਵਰ ਹੈ। ਜੇਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਭਾਗਾਂ ਵਾਲੇ ਹਨ,
(ਗੁਰੂ ਦੀ ਸਰਨ ਪੈ ਕੇ) ਪਵਿਤ੍ਰ ਪ੍ਰਭੂ-ਨਾਮ ਹਿਰਦੇ ਵਿੱਚ ਪੱਕਾ ਕਰਨ ਦੇ ਕਾਰਨ ਉਹਨਾਂ
(ਵਡ-ਭਾਗੀਆਂ) ਦੀ ਜਨਮਾਂ ਜਨਮਾਂਤਰਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। ਹੇ ਦਾਸ ਨਾਨਕ!
(ਆਖ—) ਸਤਿਗੁਰੁ ਦੀ ਸਿੱਖਿਆ ਵਿੱਚ ਸੁਰਤਿ ਜੋੜ ਕੇ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਆਤਮਕ ਜੀਵਨ ਦਾ
ਦਰਜਾ ਹਾਸਲ ਕਰ ਲੈਂਦੇ ਹਨ।
ਉਪਰਲੇ ਪ੍ਰਮਾਣਾਂ ਵਿੱਚ ਆਏ "ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ"
ਅਤੇ "ਸਤਿਗੁਰੁ ਪੁਰਖੁ ਅੰਮ੍ਰਿਤ ਸਰੁ" ਸ਼ਬਦਾਂ ਵੱਲ ਥੋੜ੍ਹਾ ਜਿਹਾ ਧਿਆਨ ਦੇਈਏ ਤਾਂ ਸਾਰੀ
ਗੱਲ ਸਪੱਸ਼ਟ ਹੋ ਜਾਂਦੀ ਹੈ।
ਸਨਾਤਨੀ ਵਿਚਾਰਧਾਰਾ ਵਿੱਚ ਲਬਰੇਜ਼, ਲੰਬੇ ਸਮੇਂ ਲਈ ਕੌਮ ਦੇ ਗੁਰਦੁਆਰਿਆਂ
`ਤੇ ਕਾਬਜ਼ ਰਹੇ ਉਦਾਸੀ ਅਤੇ ਨਿਰਮਲਿਆਂ ਨੇ ਗੁਰਬਾਣੀ ਨੂੰ ਗਹਿਰਾਈ ਨਾਲ ਵਿਚਾਰਨ ਦੀ ਬਜਾਏ ਕਹਾਣੀਆਂ
ਘੱੜ ਲਈਆਂ ਕਿ ਇੱਕ ਛੱਪੜ ਵਿੱਚ ਅੰਮ੍ਰਿਤ ਸੀ, ਕਾਂ ਉਸ ਵਿੱਚ ਚੁੱਬੇ ਲਾਉਂਦੇ ਸਨ ਅਤੇ ਹੰਸ ਬਣ ਕੇ
ਨਿਕਲਦੇ ਸਨ। ਜਦਕਿ ਸਤਿਗੁਰੂ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਸੱਚਾ ਸਤਿਗੁਰੂ ਉਹ ਅੰਮ੍ਰਿਤ ਦਾ
ਸਰੋਵਰ ਹੈ, ਜਿਸ ਦੇ ਵਿੱਚ ਇਸ਼ਨਾਨ ਕਰਨ ਨਾਲ ਕਾਂ ਬਿਰਤੀ ਵਾਲੇ ਭਾਵ ਮਲੀਨ ਮਨੋਬਿਰਤੀ ਵਾਲੇ ਇਨਸਾਨ
ਵੀ, ਹੰਸ ਬਿਰਤੀ ਵਾਲੇ ਭਾਵ ਨਿਰਮਲ ਬਿਰਤੀ ਵਾਲੇ ਬਣ ਜਾਂਦੇ ਹਨ। ਪਾਵਨ ਗੁਰਵਾਕ ਹੈ:
"ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ।।
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ।। " {ਗੂਜਰੀ
ਮਹਲਾ ੪, ਪੰਨਾ ੪੯੩}
ਹੇ ਭਰਾਵੋ ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ
ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿੱਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ
(ਸਦਾ ਵਿਕਾਰਾਂ ਦੇ ਗੰਦ ਵਿੱਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ
ਪ੍ਰੇਮੀ ਬਣ ਜਾਂਦਾ ਹੈ)। ਹੇ ਨਾਨਕ ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ
ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ।
ਇਨ੍ਹਾਂ ਕਹਾਣੀਆਂ ਘੜ ਲਈਆਂ ਕਿ ਕੋਹੜੀ ਪਿੰਗਲਾ ਸੀ, ਉਹ ਰਿੜ-ਰੁੜ ਕੇ ਉਸ
ਛਪੜ ਵਿੱਚ ਵੜ ਗਿਆ ਅਤੇ ਤੰਦਰੁਸਤ ਹੋ ਕੇ ਨਿਕਲ ਆਇਆ। ਅੱਜ ਇਹ ਗੈਰ ਸਿਧਾਂਤਕ ਕਹਾਣੀਆਂ ਸਾਡੀ ਕੌਮ
ਲਈ ਕੋਹੜ ਦਾ ਰੋਗ ਬਣ ਗਈਆਂ ਹਨ, ਐਸੀਆਂ ਚੰਬੜੀਆਂ ਹਨ ਕਿ ਕਿਸੇ ਜਤਨ ਨਾਲ ਵੀ ਕੌਮ ਇਨ੍ਹਾਂ ਤੋਂ
ਮੁਕਤੀ ਨਹੀਂ ਪਾ ਸਕ ਰਹੀ। ਅੰਧ ਵਿਸ਼ਵਾਸ ਨੂੰ ਫੈਲਾਉਣਾ ਜਿਤਨਾ ਸੌਖਾ ਹੈ, ਉਸ ਤੋਂ ਮੁਕਤੀ ਪਾਉਣਾ
ਉਤਨਾ ਹੀ ਔਖਾ ਹੈ। ਫਿਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਅੰਧ ਵਿਸ਼ਵਾਸ ਨੂੰ ਫੈਲਾਉਣ ਵਾਲੇ ਡੇਰੇ ਤਾਂ
ਅੱਜ ਵੀ ਕੌਮ ਉਤੇ ਅਮਰ ਵੇਲ ਵਾਂਗੂੰ ਛਾਏ ਹੋਏ ਹਨ। ਬਾਕੀ ਕੌਮ ਦਾ ਬਹੁਤਾ ਹਿੱਸਾ, ਇਥੋਂ ਤੱਕ ਕਿ
ਪ੍ਰਚਾਰਕ ਵੀ ਇਸ ਸੋਚ ਤੋਂ ਮੁਕਤ ਨਹੀਂ ਹੋ ਸਕੇ। ਅਜ ਵੀ ਜੋ ਦਰਬਾਰ ਸਾਹਿਬ ਤੱਕ ਦੇ ਕੀਰਤਨੀਏ,
ਇਨ੍ਹਾਂ ਸ਼ਬਦਾਂ ਦਾ ਗਾਇਨ ਕਰਦੇ ਹਨ ਤਾਂ ਉਹ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਦਰਬਾਰ
ਸਾਹਿਬ ਸਰੋਵਰ ਦੀ ਮਹਿਮਾ ਗਾ ਰਹੇ ਹਨ।
ਛੇਹਰਟੇ ਦਾ ਜ਼ਿਕਰ ਕਰਦਿਆ ਮੈਂ ਉਪਰ ਗੱਲ ਕੀਤੀ ਸੀ ਕਿ ਗੁਰੂ ਸਾਹਿਬਾਨ ਦੀ
ਸੋਚ ਇਤਨੀ ਅਗ੍ਹਾਂ ਵਧੂ ਸੀ ਕਿ ਉਨ੍ਹਾਂ ਉਸ ਸਮੇਂ ਦੀ ਉੱਚ ਤਕਨੀਕ ਦਾ ਇਸਤੇਮਾਲ ਕੀਤਾ। ਚਾਹੀਦਾ
ਤਾਂ ਇਹ ਸੀ ਕਿ ਆਪਣੇ ਸਤਿਗੁਰੂ ਦੀ ਇਸ ਅਗ੍ਹਾਂ ਵਧੂ ਸੋਚ ਤੋਂ ਅਗਵਾਈ ਲੈਂਦੇ ਹੋਏ ਅਸੀਂ ਵੀ
ਗੁਰਬਾਣੀ ਦੇ ਚਾਨਣ ਵਿੱਚ ਆਪਣੀ ਸੋਚ ਨੂੰ ਵਿਕਸਤ ਕਰਦੇ। ਪਰ ਇਨ੍ਹਾਂ ਡੇਰਿਆ ਨੇ ਅਗਿਆਨਤਾ ਦਾ ਪੁਠਾ
ਗੇੜਾ ਦਿੱਤਾ ਹੋਇਆ ਹੈ।
ਕੁਦਰਤ ਦਾ ਇੱਕ ਨੇਮ ਹੈ ਕਿ ਵਗਦਾ ਪਾਣੀ ਸਾਫ ਰਹਿੰਦਾ ਹੈ ਅਤੇ ਖੜਾ ਪਾਣੀ
ਗੰਦਾ ਹੋ ਕੇ ਬਦਬੋ ਮਾਰਨ ਲੱਗ ਪੈਂਦਾ ਹੈ। ਇਸੇ ਕਰਕੇ ਸੰਸਾਰ ਦੀ ਇਤਨੀ ਗੰਦਗੀ ਵਿੱਚ ਪੈਣ ਦੇ
ਬਾਵਜੂਦ ਨਦੀਆਂ ਅਤੇ ਦਰਿਆਵਾਂ ਦਾ ਪਾਣੀ ਸਾਫ ਹੁੰਦਾ ਹੈ ਅਤੇ ਛਪੜਾਂ ਬੇਲਿਆਂ ਦਾ ਭ੍ਰਿਸ਼ਟਿਆ ਹੋਇਆ।
ਇਹ ਅਲੱਗ ਗੱਲ ਹੈ ਕਿ ਅੱਜ ਗੰਗਾ ਜਮੁਨਾ ਵਰਗੇ ਦਰਿਆਵਾਂ ਵਿੱਚ ਲਗਾਤਾਰ ਇਤਨਾ ਗੰਦ ਸੁਟਿਆ ਜਾ ਰਿਹਾ
ਹੈ ਕਿ ਉਸਨੂੰ ਸਾਫ ਹੋਣ ਦਾ ਮੌਕਾ ਹੀ ਨਹੀਂ ਮਿਲਦਾ।
ਅੰਮ੍ਰਿਤਸਰ ਵਿੱਚ ਸਰੋਵਰ ਬਣਵਾਏ ਗਏ ਤਾਂ ਦਰਬਾਰ ਸਾਹਿਬ ਦੇ ਸਰੋਵਰ ਨੂੰ
ਇੱਕ ਹੰਸਲੀ ਰਾਹੀਂ ਰਾਵੀ ਦਰਿਆ ਨਾਲ ਜੋੜਿਆ ਗਿਆ। ਇਹ ਹੰਸਲੀ ਸ਼ਹਿਰ ਦੇ ਨੇੜੇ ਆ ਕੇ ਤਿੰਨ ਹਿੱਸ਼ਿਆਂ
ਵਿੱਚ ਵੰਡੀ ਜਾਂਦੀ ਸੀ। ਇੱਕ ਹੰਸਲੀ ਰਾਹੀ ਪਾਣੀ ਦਰਬਾਰ ਸਾਹਿਬ ਦੇ ਸਰੋਵਰ ਵਿਚੋਂ ਹੋ ਕੇ ਕੌਲਸਰ
ਸਰੋਵਰ ਵਿਚੋਂ ਘੁੰਮਦਾ ਹੋਇਆ ਬਾਹਰ ਨਿਕਲ ਜਾਂਦਾ। ਬਾਹਰ ਇੱਕ ਖਾਲ ਬਣਵਾਈ ਗਈ ਸੀ ਜਿਸ ਰਾਹੀਂ ਪਾਣੀ
ਖੇਤਾਂ ਨੂੰ ਚਲਾ ਜਾਂਦਾ। ਐਸੇ ਪ੍ਰਮਾਣ ਵੀ ਮਿਲਦੇ ਹਨ ਕਿ ਇਹ ਪਾਣੀ ਜ਼ਿੰਮੀਦਾਰਾਂ ਨੂੰ ਵੇਚਿਆ
ਜਾਂਦਾ ਸੀ। ਇਸ ਲਈ ਕਿਉਂਕਿ ਇਹ ਪਾਣੀ ਹਰ ਵੇਲੇ ਚਲਦਾ ਰਹਿੰਦਾ ਸੀ, ਇਨ੍ਹਾਂ ਸਰੋਵਰਾਂ ਦਾ ਪਾਣੀ
ਸਦਾ ਸਾਫ ਰਹਿੰਦਾ। ਦੁਸਰੀ ਹੰਸਲੀ ਰਾਹੀਂ ਪਾਣੀ ਸੰਤੋਖਸਰ ਅਤੇ ਤੀਸਰੀ ਹੰਸਲੀ ਰਾਹੀਂ ਬਿਬੇਕਸਰ ਅਤੇ
ਰਾਮਸਰ ਸਰੋਵਰਾਂ ਨੂੰ ਜਾਂਦਾ ਸੀ। ਉਥੋਂ ਵੀ ਪਾਣੀ ਦੇ ਬਾਹਰ ਜਾਣ ਦੇ ਐਸੇ ਹੀ ਰਾਹ ਸਨ।
ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਹੰਸਲੀ ਦੇ ਮੁੱਢਲੇ ਹਿੱਸੇ ਦੀ ਵਰਤੋਂ ਕਰ ਕੇ
ਦੋ ਨਹਿਰਾਂ ਅਪਰ ਬਾਰੀ ਦੁਆਬ ਅਤੇ ਦੂਜੀ ਲੋਅਰ ਬਾਰੀ ਦੁਆਬ ਬਣਾ ਦਿੱਤੀਆਂ। ਅੰਮ੍ਰਿਤਸਰ ਦੇ ਲਾਗਿਓਂ
ਅਪਰਬਾਰੀ ਦੁਆਬ ਵਿਚੋਂ ਇੱਕ ਸੂਆਂ ਕਢ ਕੇ, ਜਿਸ ਦਾ ਨਾਂ ਜੇਠੂ ਵਾਲਾ ਰਜਵਾਹਾ ਹੈ, ਤੁੰਗ ਪਿੰਡ
ਨੇੜੇ, ਦਰਬਾਰ ਸਾਹਿਬ ਦੀ ਹੰਸਲੀ ਨੂੰ ਇਸ ਸੂਏ ਨਾਲ ਜੋੜ ਦਿੱਤਾ ਗਿਆ। ਪਹਿਲਾਂ ਇਹ ਹੰਸਲੀ ਬਹੁਤੀ
ਕੱਚੀ ਸੀ ਅਤੇ ਉਪਰੋਂ ਵੀ ਖੁਲ੍ਹੀ ਸੀ, ਬਾਅਦ ਵਿੱਚ ਉਸ ਨੂੰ ਉਪਰੋਂ ਛੱਤ ਦਿੱਤਾ ਗਿਆ ਅਤੇ ਪੱਕਾ ਕਰ
ਦਿੱਤਾ ਗਿਆ।
੧੯੨੦-੨੧ ਵਿੱਚ ਜਦੋਂ ਦਰਬਾਰ ਸਾਹਿਬ ਦੀ ਨਕਲ `ਤੇ ਦੁਰਗਿਆਨਾ ਮੰਦਰ ਬਿਲਕੁਲ
ਉਸੇ ਤਰ੍ਹਾਂ ਬਣਵਾਇਆ ਗਿਆ ਤਾਂ ਹਰ ਕੋਈ ਹੈਰਾਨ ਹੁੰਦਾ ਕਿ ਸਭ ਕੁੱਝ ਉਸੇ ਤਰ੍ਹਾਂ ਨਕਲ ਮਾਰ ਕੇ
ਬਣਾਇਆ ਗਿਆ ਹੋਣ ਦੇ ਬਾਵਜੂਦ ਦਰਬਾਰ ਸਾਹਿਬ ਦਾ ਜਲ ਸਦਾ ਸਵੱਛ ਰਹਿੰਦਾ ਹੈ ਪਰ ਦੁਰਗਿਆਨਾ ਮੰਦਰ ਦੇ
ਪਾਣੀ ਵਿੱਚ ਕਾਈ ਆਦਿ ਜੰਮਦੀ ਰਹਿੰਦੀ ਹੈ ਅਤੇ ਦਰਬਾਰ ਸਾਹਿਬ ਸਰੋਵਰ ਵਰਗੀ ਸਵੱਛਤਾ ਨਹੀਂ ਰਹਿੰਦੀ।
ਹਾਲਾਂਕਿ ਦਰਬਾਰ ਸਾਹਿਬ ਸਰੋਵਰ ਵਿੱਚ ਰੋਜ਼ ਹਜ਼ਾਰਾਂ ਲੋਕ ਇਸ਼ਨਾਨ ਕਰਦੇ, ਜਦਕਿ ਦੁਰਗਿਆਨਾ ਮੰਦਰ ਦੇ
ਸਰੋਵਰ ਵਿੱਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ ਕਿਤੇ ਘੱਟ ਹੁੰਦੀ। ਬਹੁਤੇ ਅਨਭੋਲ ਲੋਕ ਇਸ ਨੂੰ ਗੁਰੂ
ਦਾ ਕਰਿਸ਼ਮਾਂ ਹੀ ਸਮਝਦੇ। ਪਰ ਕਿਸੇ ਨੇ ਤਕਨੀਕੀ ਦੂਰ ਅੰਦੇਸ਼ੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।