.

ਜੁਮਲੇਬਾਜ਼ੀ ਪ੍ਰਚਾਰ

ਸਮਾਜ ਵਿਚ ਫੈਸ਼ਨ ਹਮੇਸ਼ਾਂ ਬਦਲਦਾ ਰਹਿੰਦਾ ਹੈ। ਆਮ ਮਨੁੱਖੀ ਸੁਭਾਵ ਹੈ ਕਿ ਉਹ ਸਮਕਾਲੀ ਫੈਸ਼ਨ ਵੱਲ ਜਲਦੀ ਪ੍ਰੇਰਿਤ ਹੁੰਦਾ ਹੈ। ਅਗਰ ਫੈਸ਼ਨ ਨੂੰ ਅਪਨਾਉਣ ਵੇਲੇ ਹਰ ਪੱਖ ਤੋਂ ਸੋਚਣ ਦੀ ਸਮਰੱਥਾ ਹੋਵੇ ਤਾਂ ਇਸ ਵਿਚ ਕੁੱਝ ਬੁਰਾਈ ਵੀ ਨਹੀਂ। ਪਰ ਬਿਨਾਂ ਵਿਚਾਰੇ ਫੈਸ਼ਨ ਦਾ ਪਿੱਛਲੱਗ ਬਣ ਜਾਣਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ।

ਮੀਡੀਆ ਦੇ ਇਸ ਯੁਗ ਵਿਚ ਜੁਮਲੇਬਾਜ਼ੀ, ਟੈਗਲਾਈਨ, ਹੈਸ਼ਟੈਗ ਆਦਿ ਦਾ ਫੈਸ਼ਨ ਅੱਜਕਲ ਪ੍ਰਚਲਿਤ ਹੈ। ਇਹ ਸੱਚ ਹੈ ਕਿ ਅੱਜ ਦੇ ਸਮੇਂ ਹੈਸ਼ਟੈਗ, ਟੈਗਲਾਈਨ, ਜੁਮਲੇ ਆਦਿ ਆਮ ਜਨਤਾ ਨੂੰ ਜ਼ਿਆਦਾ ਖਿੱਚ ਪਾਉਂਦੇ ਹਨ। ਪਰ ਹਮੇਸ਼ਾਂ ਸੱਚ ਜਾਂ ਸਹੀ ਹੋਣ, ਇਹ ਗਾਰੰਟੀ ਨਹੀਂ। ਜਿਵੇਂ ਬਜ਼ਾਰ ਵਿਚ ਵੇਚੇ ਜਾਂਦੇ ਪਦਾਰਥਾਂ (ਕੋਕ ਆਦਿ) ਦੀ ਮਸ਼ਹੂਰੀ ਵਿਚ ਵਰਤੇ ਜਾਂਦੇ ਜੁਮਲੇ ਹਮੇਸ਼ਾਂ ਸਹੀ ਨਹੀਂ ਹੁੰਦੇ। ਸਮਕਾਲੀ ਭਾਰਤੀ ਰਾਜਨੀਤੀ ਵਿਚ ਜੁਮਲੇਬਾਜ਼ੀ ਤੋਂ ਪ੍ਰੇਰਿਤ ਹੋ ਕੇ 2014 ਵਿਚ ਲੋਕਾਂ ਨੇ ਬੀ ਜੇ ਪੀ ਦੀ ਸਰਕਾਰ ਹੀ ਬਣਾ ਦਿਤੀ ਪਰ ਉਸ ਦਾ ਨੁਕਸਾਨ ਅੱਜ ਜਗ-ਜ਼ਾਹਿਰ ਹੈ।

ਸਿੱਖ ਸਮਾਜ ਵਿਚ ਪ੍ਰਚਾਰ ਦਾ ਖੇਤਰ ਵੀ ਇਸ ਫੈਸ਼ਨ ਤੋਂ ਅਛੂਤਾ ਨਹੀਂ ਰਿਹਾ। ਕੁੱਝ ਪ੍ਰਚਾਰਕਾਂ ਅਤੇ ਉਨ੍ਹਾਂ ਦੇ ਅੰਨ੍ਹੇ ਸਮਰਥਕਾਂ ਵਲੋਂ ਜੁਮਲੇਬਾਜ਼ੀ ਵਾਂਗ ਸਟੈਟਮੈਂਟ ਬਣਾ ਕੇ ਬਹੁਤ ਪ੍ਰਚਾਰਿਆ ਜਾ ਰਿਹਾ ਹੈ। ਜੇ ਪ੍ਰਚਾਰਕ ਹਰ ਪੱਖ ਤੋਂ ਸੋਚ ਕੇ ਐਸਾ ਕਰਦੇ ਤਾਂ ਬੇਸ਼ਕ ਕੁੱਝ ਗਲਤ ਨਾ ਹੁੰਦਾ ਪਰ ਸੱਚਾਈ ਇਹ ਹੈ ਕਿ ਅਸੀਂ ਐਸਾ ਕਰਦੇ ਸਮੇਂ ਇਕਪਾਸੜ ਅਤੇ ਅੱਧਾ-ਅਧੂਰਾ ਪੱਖ ਵੇਖ ਕੇ ਹੀ ਸਟੈਟਮੈਂਟ ਦੇਈ ਜਾ ਰਹੇ ਹਾਂ। ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਇਕ ਪਾਸੇ ਨਾਲ ਸਿੱਕਾ ਪੂਰਾ/ਪ੍ਰਮਾਣਿਕ/ਸਹੀ ਨਹੀਂ ਹੁੰਦਾ।ਕੁੱਝ ਮਿਸਾਲਾਂ ਵਿਚਾਰਦੇ ਹਾਂ।

ਪਹਿਲਾ ਜੁਮਲਾ – ਸਾਨੂੰ ਗਿਆਨੀ ਨਹੀਂ, ਜ਼ਿੰਮੇਵਾਰ ਬਣਨਾ ਚਾਹੀਦਾ ਹੈ।

ਪੜਚੋਲ : ਬੇਸ਼ਕ ਜ਼ੁੰਮੇਵਾਰੀ ਬਹੁਤ ਜ਼ਰੂਰੀ ਗੁਣ ਹੈ ਪਰ ਗਿਆਨ ਉਸ ਤੋਂ ਪਹਿਲਾਂ ਜ਼ਰੂਰੀ ਹੈ। ਬਿਨਾ ਗਿਆਨ ਤੋਂ ਜ਼ੁੰਮੇਵਾਰੀ ਮਾਨਸਿਕ ਗੁਲਾਮੀ ਬਣ ਸਕਦੀ ਹੈ ਅਤੇ ਬਿਨਾ ਜ਼ੁੰਮੇਵਾਰੀ ਦੇ ਗਿਆਨ ਇਕ ਸ਼ੋਸ਼ਾ ਜਾਂ ਪਾਖੰਡ ਮਾਤਰ ਹੋ ਸਕਦਾ ਹੈ। ਮਿਸਾਲ ਲਈ ਬਹੁਤੇ ਧਾਰਮਿਕ ਕਹਾਉਂਦੇ ਡੇਰਿਆਂ/ਮੱਤਾਂ (ਜਿਵੇਂ ਸੱਚਾ-ਸੌਦਾ, ਰਾਧਾਸੁਆਮੀ ਆਦਿ) ਨੂੰ ਸਮਰਪਿਤ ਹੋ ਕੇ ਉਸ ਦਾ ਪ੍ਰਬੰਧ ਚਲਾਉਣ ਵਾਲੇ ਸ਼ਖਸ ਬੇਸ਼ਕ ਜਿੰਮੇਵਾਰੀ ਨੇਕ-ਨੀਅਤੀ ਨਾਲ ਸੰਭਾਲ ਰਹੇ ਹਨ। ਪਰ ਸਹੀ ਗਿਆਨ ਦੀ ਘਾਟ ਕਾਰਨ ਉਹ ਜਿਥੇ ਆਪ ਮਾਨਸਿਕ ਗੁਲਾਮੀ ਦਾ ਸ਼ਿਕਾਰ ਹੋ ਰਹੇ ਹਨ, ਉਥੇ ਹੋਰਾਂ ਨੂੰ ਵੀ ਇਸ ਵੱਲ ਪ੍ਰੇਰਿਤ ਕਰਨ ਦੇ ਜਾਣੇ/ਅੰਜਾਣੇ ਗੁਨਾਹਗਾਰ ਬਣ ਰਹੇ ਹਨ। ਜਦੋਂ ਆਪਣੇ ਹੀ ਪ੍ਰਚਾਰ ਵਿਚ ‘ਗਿਆਨ ਹੀ ਅਸਲ ਗੁਰੂ ਹੈ’ ਦਾ ਹੋਕਾ ਦੇਣ ਵਾਲੇ, ਨਾਲ ਹੀ ਨਾਲ ‘ਸਾਨੂੰ ਗਿਆਨੀ ਨਹੀਂ, ਜ਼ਿੰਮੇਵਾਰ ਬਣਨਾ ਚਾਹੀਦਾ ਹੈ’ ਜੈਸੇ ਜੁਮਲੇ ਪ੍ਰਚਾਰਣ ਲੱਗ ਪੈਣ ਤਾਂ ਐਸੀ ਇਕਪਾਸੜ ਸਵੈ-ਵਿਰੋਧੀ ਸੋਚ ਤੋਂ ਦੁਬਿਧਾ ਹੀ ਪੈਦਾ ਹੁੰਦੀ ਹੈ ਜਿਸ ਤੇ ਅਫਸੋਸ ਹੀ ਕੀਤਾ ਜਾ ਸਕਦਾ ਹੈ।

ਦੂਜਾ ਜੁਮਲਾ: ਗੁਰਬਾਣੀ ਕੋਈ ਸਿਧਾਂਤ ਨਹੀਂ , ਸਿਰਫ ਨਜ਼ਰੀਆਂ ਦੇਂਦੀ ਹੈ।

ਪੜਚੋਲ: ਸ਼ਬਦ ਗੁਰੂ ਗ੍ਰੰਥ ਜੀ ਵਿਚ ਦਰਜ਼ ਗੁਰਬਾਣੀ ਗਿਆਨ ਦਾ ਬਹੁਪੱਖੀ ਵਿਸ਼ਾਲ ਸਾਗਰ ਹੈ। ਅਗਰ ਕੋਈ ਉਸ ਦੀ ਸਮਝ ਨੂੰ ਐਸੇ ਜੁਮਲਿਆਂ ਵਿਚ ਬੰਨਣ ਦਾ ਯਤਨ ਕਰਦਾ ਹੈ ਤਾਂ ਬੇਸ਼ਕ ਉਹ ਆਪ ਤਾਂ ਗੁੰਮਰਾਹ ਹੈ ਹੀ, ਹੋਰਾਂ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕਰਦਾ ਹੈ। ਗੁਰਬਾਣੀ ਸਿਧਾਂਤ ਵੀ ਸਮਝਾਉਂਦੀ ਹੈ ਅਤੇ ਨਜ਼ਰੀਆ ਵੀ ਦੇਂਦੀ ਹੈ।

ਰੱਬ ਨੇ ਕੁਦਰਤ ਨੂੰ ਚਲਾਉਣ ਲਈ ਅਟੱਲ ਨਿਯਮ/ਹੁਕਮ/ਸਿਧਾਂਤ ਆਦਿ ਤੋਂ ਵਿਚ ਹੀ ਬਣਾ ਦਿਤੇ ਸਨ। ਗੁਰਬਾਣੀ ਉਨ੍ਹਾਂ ਸਿਧਾਂਤਾਂ ਬਾਰੇ ਜਾਣਕਾਰੀ ਜ਼ਰੂਰ ਦਿੰਦੀ ਹੈ। ਇਸ ਜਾਣਕਾਰੀ ਵਿਚ ਸਾਰੇ ਸਿਧਾਂਤਾਂ ਦੀ ਜਾਣਕਾਰੀ ਆ ਜਾਂਦੀ ਹੈ ਇਹ ਕਹਿਣਾ ਤਾਂ ਬੇਸ਼ਕ ਅਤਿਕਥਨੀ ਹੈ ਕਿਉਂਕਿ ਗੁਰਬਾਣੀ ਅਨੁਸਾਰ ਹੀ ਉਹ ਰੱਬ ਜਾਂ ਉਸ ਦੀ ਕੁਦਰਤ ਦਾ ਪਸਾਰਾ ਅਨੰਤ ਹੈ। ਪਰ ਇਹ ਕਹਿਣਾ/ਸਮਝਣਾ/ ਪ੍ਰਚਾਰਨਾ ਵੀ ਮੂਰਖਤਾ ਹੀ ਹੈ ਕਿ ਗੁਰਬਾਣੀ ਕੋਈ ਸਿਧਾਂਤ ਨਹੀਂ ਦੱਸਦੀ। ਮਿਸਾਲ ਲਈ

‘ਜਿਹਾ ਬੀਜੈ ਸੋ ਲੂਣੇ ਕਰਮਾਂ ਸੰਦੜਾ ਖੇਤ’ ਕੁਰਦਤ ਦਾ ਅਟੱਲ ਸਿਧਾਂਤ ਹੀ ਗੁਰਬਾਣੀ ਸਮਝਾ ਰਹੀ ਹੈ।

‘ਮਾਤ ਪਿਤਾ ਬਿਨ ਬਾਲ ਨ ਹੋਈ’ ਦਾ ਕੁਦਰਤੀ ਸਿਧਾਂਤ ਹੀ ਗੁਰਬਾਣੀ ਸਮਝਾ ਰਹੀ ਹੈ।

ਐਸੇ ਸਿਧਾਂਤਾਂ ਬਾਰੇ ਸੋਝੀ ਦਿੰਦੇ ਅਨੇਕਾਂ ਹਵਾਲੇ ਗੁਰਬਾਣੀ ਵਿਚ ਮਿਲਦੇ ਹਨ।

ਇਹ ਵੀ ਸੱਚਾਈ ਹੈ ਕਿ ਗੁਰਬਾਣੀ ਵਿਚ ਮਨੁੱਖ ਨੂੰ ਸਹੀ ਜਾਂ ਗਲਤ ਦੀ ਪਛਾਣ ਦਾ ਨਜ਼ਰੀਆ ਅਪਨਾਉਣ ਲਈ ਦਿਤੀ ਜਾਂਦੀ ਸੇਧ ਵੀ ਬਹੁਤਾਤ ਵਿਚ ਹੈ।

ਸੋ ਗੁਰਬਾਣੀ ਦੇ ਵਿਸ਼ਾਲ ਗਿਆਨ ਨੂੰ ‘ਗੁਰਬਾਣੀ ਕੋਈ ਸਿਧਾਂਤ ਨਹੀਂ ਸਿਰਫ ਨਜ਼ਰੀਆਂ ਹੀ ਸਮਝਾਉਂਦੀ ਹੈ’ ਜਿਹੇ ਸੀਮਤ ਜੁਮਲਿਆਂ ਵਿਚ ਜਕੜਣ ਦੇ ਯਤਨ ਫੋਕੀ ਫੈਸ਼ਨਪ੍ਰਸਤੀ ਤਾਂ ਹੈ, ਸੱਚਾਈ ਨਹੀਂ ।

ਤੀਜ਼ਾ ਜੁਮਲਾ - ‘ਗੁਰਬਾਣੀ ਦੀ ਵਰਤੋਂ ਤੇ ਬੈਣ ਹੋਣਾ ਚਾਹੀਦਾ ਹੈ’।

ਪੜਚੋਲ : ਗੁਰਬਾਣੀ ਮਨੁੱਖੀ ਸ਼ਖਸੀਅਤ ਦੀ ਸਹੀ ਘਾੜਤ ਲਈ ਇਕ ਸੁਗਾਤ ਹੈ। ਸਮਾਜ ਦੀ ਕਾਇਮੀ ਤੋਂ ਹੁਣ ਤੱਕ ਮਨੁੱਖ ਨੂੰ ‘ਧਰਮ’ ਦੇ ਨਾਂ ਹੇਠ ਮਾਨਸਿਕ ਗੁਲਾਮੀ ਦਾ ਸ਼ਿਕਾਰ ਬਣਾਇਆ ਗਿਆ ਹੈ। ਇਸ ਗੁਲਾਮੀ ਤੋਂ ਆਜ਼ਾਦ ਕਰਾਉਣ ਲਈ ਗੁਰਬਾਣੀ ਗਿਆਨ ਇਕ ਲਾਜਵਾਬ ਅਤੇ ਕਾਰਗਰ ਦਵਾ ਹੈ। ਸਿੱਖ ਸਮਾਜ ਵਿਚ ਤਾਂ ਇਹ ਕਸਵੱਟੀ ਹੀ ਹੈ। ਇਸਦੀ ਵਰਤੋਂ ਨੂੰ ਬੈਨ ਕਰਨ ਦੇ ਸਮਰਥਕ ਵੀ ਇਸ ਨੂੰ ਬਹੁਤ ਪ੍ਰਮਾਨਿਕ ਅਤੇ ਲਾਹੇਵੰਦ ਮੰਨਦੇ ਹਨ।

ਇਹ ਸੱਚਾਈ ਹੈ ਕਿ ਕੁੱਝ ਸੱਜਣ ਜਾਂ ਧਿਰਾਂ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਰਸਮੀ ਪਾਠਾਂ ਲਈ ਗੁਰਬਾਣੀ ਦੀ ਦੁਰਵਰਤੋਂ ਕਰ ਰਹੀਆਂ ਹਨ। ਕਈ ਸੱਜਣ ਆਪਣੀ ਗਲਤ ਗੱਲਾਂ ਨੂੰ ਸਹੀ ਸਾਬਿਤ ਕਰਨ ਲਈ ਗੁਰਬਾਣੀ ਦੀ ਗੁੰਮਰਾਹਕੁੰਨ ਅਤੇ ਇਕ ਪਾਸੜ ‘ਦੁਰਵਰਤੋਂ’ ਕਰਦੇ ਹਨ।

ਹੁਣ ਜੇ ਕੋਈ ਸੱਜਣ/ਪ੍ਰਚਾਰਕ/ਧਿਰ ਐਸੀ ‘ਦੁਰਵਰਤੋਂ’ ਨੂੰ ਵੇਖ ਕੇ ਇਹ ਜੁਮਲਾ ਦਿੰਦਾ ਹੈ ਕਿ ‘ਮੇਰਾ ਵੱਸ ਚਲੇ ਤਾਂ ਗੁਰਬਾਣੀ ਦੀ ਵਰਤੋਂ ਹੀ ਬੈਨ ਕਰ ਦਿਆਂ ਜਾਂ ਗੁਰਬਾਣੀ ਦੀ ਵਰਤੋਂ ਹੀ ਬੈਣ ਹੋਣੀ ਚਾਹੀਦੀ ਹੈ’ ਤਾਂ ਇਹ ਬੇਸ਼ਕ ਕੱਚੀ ਅਤੇ ਸੋਚ ਮੰਨੀ ਜਾਵੇਗੀ। ‘ਮੇਰਾ ਵੱਸ ਚਲੇ ਤਾਂ...’ ਦੀ ਸੋਚ/ਜੁਮਲਾ ਹੀ ਤਾਲਿਬਾਨੀ ਲਹਿਜੇ ਦਾ ਲਖਾਇਕ ਹੈ।

ਇਹ ਤਾਂ ਕੁਝ ਐਸੀ ਕੱਚੀ ਸੋਚ ਹੈ ਕਿ ਫਲਾਣੇ ਨੇ ਪਕੌੜਿਆਂ ਵਿਚ ਬਹੁਤਾ ਨਮਕ ਪਾ ਕੇ ਸਵਾਦ ਵਿਗਾੜ ਦਿਤਾ ਅਤੇ ਨਮਕ ਦੀ ਦੁਰਵਰਤੋਂ ਕੀਤੀ, ਸੋ ਨਮਕ ਦੀ ਵਰਤੋਂ ਹੀ ਬੰਦ ਹੋਣੀ ਚਾਹੀਦੀ ਹੈ। ਫਲਾਣੇ ਨੇ ਚਾਹ ਵਿਚ ਬੇਲੋੜਾ ਮਿੱਠਾ ਪਾ ਕੇ ਚਾਹ ਦਾ ਨਾਸ ਮਾਰ ਦਿਤਾ, ਸੋ ਮਿੱਠੇ ਦੀ ਵਰਤੋਂ ਹੀ ਬੈਨ ਹੋਣੀ ਚਾਹੀਦੀ ਹੈ।

ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਐਸੇ ਇਕ ਪਾਸੜ ਜੁਮਲੇ ਬੇਸ਼ਕ ਲੋਕਾਂ ਨੂੰ ਫੈਸ਼ਨ ਵਜੋਂ ਆਕ੍ਰਸ਼ਿਤ ਤਾਂ ਕਰ ਸਕਦੇ ਹਨ ਪਰ ਗੁੰਮਰਾਹ ਹੀ ਕਰਦੇ ਹਨ।

ਸੱਚ ਅਤੇ ਸਹੀ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ ਸਾਰੇ ਸੱਜਣਾਂ/ਧਿਰਾਂ/ਪ੍ਰਚਾਰਕਾਂ ਨੂੰ ਜ਼ਜਮਲੇਬਾਜ਼ੀ ਦੇ ਫੈਸ਼ਨ ਨੂੰ ਅਪਨਾਉਣ ਵੇਲੇ ਇਕ-ਪਾਸੜ, ਕੱਚੇ ਅਤੇ ਬੇਲੋੜੇ ਜੁਮਲਿਆਂ ਨੂੰ ਅਪਨਾਉਣ/ਪ੍ਰਚਾਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਆਮ ਲੋਕਾਂ ਨੂੰ ਵੀ ਸਿਰਫ ਜੁਮਲਿਆਂ ਤੋਂ ਪ੍ਰਭਾਵਿਤ ਹੋਣ ਦੀ ਥਾਂ ਹਰ ਪੱਖ ਤੋਂ ਨੁਕਤੇ ਨੂੰ ਵਿਚਾਰਨ ਦੀ ਸਮਝ ਅਪਨਾਉਣੀ ਚਾਹੀਦੀ ਹੈ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ

18 ਮਾਰਚ 2018

[email protected]




.