.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਆਪਸੀ ਖਿਚੋਤਾਣ ਦਾ ਕੌਮੀ ਨੁਕਸਾਨ

ਖ਼ਿਆਲਾਂ ਦਾ ਮਤ ਭੇਦ ਹੋਣਾ ਕੁਦਰਤੀ ਹੈ। ਪਰਵਾਰ ਵਿੱਚ ਵੀ ਕਈ ਵਾਰ ਆਪਸ ਵਿੱਚ ਵਿਚਾਰ ਨਹੀਂ ਮਿਲਦੇ ਫਿਰ ਵੀ ਪਰਵਾਰ ਇਕੱਠਾ ਰਹਿ ਰਿਹਾ ਹੁੰਦਾ ਹੈ। ਮਨੁੱਖ ਦੀ ਇੱਕ ਬੁਨਿਆਦੀ ਕਮਜ਼ੋਰੀ ਹੈ ਤੇ ਚਾਹੁੰਦਾ ਵੀ ਹੈ ਕਿ ਹਰ ਦੂਜਾ ਮਨੁੱਖ ਮੇਰੇ ਵਾਂਗ ਸੋਚੇ, ਮੇਰੀ ਹਾਂ ਵਿੱਚ ਹਾਂ ਮਿਲਾਏ। ਹਮੇਸ਼ਾਂ ਆਪਣੀ ਗੱਲ ਪਗਾਉਣ ਵਾਲਾ ਮਨੁੱਖ ਨਵੀਂ ਸੋਚ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਲੈਂਦਾ ਹੈ। ਮਨੁੱਖੀ ਸੁਭਾਅ ਦੀ ਇੱਕ ਹੋਰ ਵੀ ਵੱਡੀ ਕਮਜ਼ੋਰੀ ਇਹ ਹੈ ਕਿ ਜੋ ਮੈਨੂੰ ਸਮਝ ਲੱਗ ਗਿਆ ਹੈ ਉਹੀ ਆਖ਼ਰੀ ਸੱਚ ਹੈ। ਕਬੀਰ ਸਾਹਿਬ ਜੀ ਨੇ ਮਨੁੱਖਤਾ ਦਾ ਭਲਾ ਕਰਦਿਆਂ ਬੜਾ ਕੀਮਤੀ ਵਿਚਾਰ ਦਿੱਤਾ ਹੈ ਕਿ ਐ ਬੰਦੇ! "ਤੂੰ ਹਰ ਰੋਜ਼ ਆਪਣੇ ਆਪ ਦੀ ਸਵੈ ਪੜਚੋਲ ਕਰਦਾ ਰਹੇਂਗਾ ਤਾਂ ਮੰਜ਼ਿਲਾਂ ਤਹਿ ਕਰਨ ਦੇ ਸਮਰੱਥ ਹੋਵੇਂਗਾ"—

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ।।

(ਰਾਗ ਤਿਲੰਗ ਬਾਣੀ ਭਗਤ ਕਬੀਰ ਜੀ ਕੀ ਪੰਨਾ ੭੨੭)

ਹੁਣ ਜੇ ਮਨੁੱਖ ਨੇ ਇੱਕ ਵੱਡਾ ਭਰਮ ਪਾਲ਼ ਲਿਆ ਹੋਵੇ ਕਿ ਮੇਰੇ ਵਰਗਾ ਚਿੰਤਕ, ਸਮਾਜ ਸੁਧਾਰਕ, ਮਕੈਨਿਕ, ਡਾਕਟਰ ਆਦਿ, ਅਗਾਂਹ ਵਧੂ ਹੋਰ ਕੋਈ ਨਹੀਂ ਹੈ ਤਾਂ ਅਜੇਹਾ ਭਰਮ ਮਨੁੱਖੀ ਸੁਭਾਅ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਬਣ ਜਾਵੇਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਕਿ ਭਰਮ ਦਾ ਜਾਲਾ ਲਾਹੁੰਣ ਲਈ ਹਰ ਮਨੁੱਖ ਨੂੰ ਆਪਣਾ ਆਪ ਪਛਾਨਣ ਦਾ ਯਤਨ ਕਰਨਾ ਚਾਹੀਦਾ ਹੈ--

ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ।।

(ਰਾਗ ਧਨਾਸਰੀ ਮਹਲਾ ੯ ਪੰਨਾ ੬੮੪)

ਵਿਚਾਰਾਂ ਦਾ ਆਦ-ਪ੍ਰਦਾਨ ਸਾਨੂੰ ਗੁਰਬਾਣੀ ਵਿਚੋਂ ਸਹਿਜੇ ਹੀ ਮਿਲ ਜਾਂਦਾ ਹੈ। ਵਾਰਤਲਾਪ ਰੂਪ ਵਿੱਚ ਦਰਜ ਸ਼ਬਦ ਗੁਰੂ ਬਾਣੀ ਅੰਦਰ ਸ਼ੋਭ ਰਹੇ ਹਨ ਜਿੱਥੇ ਇੱਕ ਸਲੋਕ ਜਾਂ ਪੰਕਤੀ ਪਹਿਲਾਂ ਸੁਆਲ ਰੂਪ ਵਿੱਚ ਹੈ ਅਤੇ ਫਿਰ ਅਗਲੀ ਪੰਕਤੀ ਵਿੱਚ ਉਸਦਾ ਜੁਆਬ ਹੈ, ਇਸ ਦੀ ਪ੍ਰਤੱਖ ਮਿਸਾਲ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਰਚਨਾ ਸਿਧ ਗੋਸਟਿ ਹੈ। ਹੁਣ ਇੱਕ ਉਦਾਹਰਨ ਆਪਾਂ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਵਿਚੋਂ ਲੈਂਦੇ ਹਾਂ, ਸ਼ੇਖ ਫਰੀਦ ਸਾਹਿਬ ਫਰਮਾਉਂਦੇ ਹਨ ਕਿ ਮੈਂ ਆਪਣੇ ਸਰੀਰ ਨੂੰ ਏਨ੍ਹਾਂ ਕਸ਼ਟ ਦੇਵਾਂ, ਇਸ ਤਨ ਨੂੰ ਤੰਦੂਰ ਵਾਂਗ ਤਪਾ ਲਵਾਂ ਤੇ ਆਪਣੇ ਹੱਡਾਂ ਨੂੰ ਬਾਲਣ ਵਾਂਗ ਬਾਲ਼ ਲਵਾਂ, ਮੇਰੇ ਪੈਰ ਥੱਕ ਜਾਣ ਤਾਂ ਮੈਂ ਆਪਣੇ ਮੁਰਸ਼ਦ ਨੂੰ ਮਿਲਣ ਲਈ ਸਿਰ ਨਾਲ ਤੁਰ ਪਵਾਂਗਾ ਜਨੀ ਕਿ ਜੇ ਸਰੀਰ ਨੂੰ ਕਸ਼ਟ ਦਿੱਤਿਆਂ ਰੱਬ ਮਿਲਦਾ ਹੈ ਤਾਂ ਕੋਈ ਔਖਾ ਕੰਮ ਨਹੀਂ ਹੈ—

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ।।

ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ।। (ਸਲੋਕ ਨੰਬਰ ੧੧੯) ਪੰਨਾ ੧੩੮੪

ਗੁਰੂ ਨਾਨਕ ਸਾਹਿਬ ਜੀ ਨੇ ਇਸ ਵਿਚਾਰ ਨੂੰ ਹੋਰ ਮੋਕਲ਼ਾ ਕਰਦਿਆ ਸਮਝਾਇਆ ਹੈ ਤੇ ਕਿਹਾ ਕਿ ਸਰੀਰ ਨੂੰ ਕਸ਼ਟ ਦੇਣ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ-

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨਾ ਬਾਲਿ।।

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ।। (ਸਲੋਕ ੧੨੦)

ਪੰਨਾ ੧੩੮੪

ਗੁਰੂ ਨਾਨਕ ਸਾਹਿਬ ਜੀ ਨੇ ਇਸ ਵਿਚਾਰ ਨੂੰ ਵਿਸਥਾਰ ਦੇਂਦਿਆਂ ਸਮਝਾਇਆ ਹੈ ਕਿ ਸਿਰ ਨਾਲ ਤੁਰਿਆ ਨਹੀਂ ਜਾ ਸਕਦਾ ਕਿਉਂਕਿ ਇਹ ਗੈਰ ਕੁਦਰਤੀ ਕਰਮ ਹੈ। ਫਿਰ ਇਸ ਵਿਚਾਰ ਨੂੰ ਵਿਸਥਾਰ ਨਾਲ ਸਮਝਣ ਦੀ ਜ਼ਰੂਰਤ ਹੈ। ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਮਨੁੱਖ ਨੇ ਆਪਣੇ ਸੁਭਾਓ ਵਿੱਚ ਰੱਬੀ ਗੁਣਾਂ ਨੂੰ ਟਿਕਾਉਣਾ ਹੈ। ਸਰੀਰ ਨੂੰ ਕਸ਼ਟ ਦੇਣ ਵਾਲੇ ਨਿਕਾਰਤਮਕ ਕਰਮ ਕਾਂਡਾਂ ਦੀ ਲੋੜ ਨਹੀਂ ਹੈ।

ਨਵੇਂ ਵਿਚਾਰਾਂ ਨੂੰ ਸਮਝਣ ਦੀ ਲੋੜ ਹੈ—

ਗੁਰੂ ਨਾਨਕ ਸਾਹਿਬ ਜੀ ਨੇ ਹਰਦੁਆਰ ਜਾਂ ਕੁਰਕੇਸ਼ਤਰ ਵਿੱਚ ਚੱਲ ਰਹੀ ਮਰਯਾਦਾ ਦੇ ਉਲਟ ਪ੍ਰਕਿਰਿਆ ਵਿੱਚ ਕਰਮ ਕੀਤੇ ਜਿਹੜੇ ਉਸ ਵੇਲੇ ਦੇ ਪੁਜਾਰੀਆਂ ਸਾਹਮਣੇ ਗੈਰਵਾਜਬ ਸਨ। ਉਹ ਸਮਝਦੇ ਸਨ ਕਿ ਜਿਹੜਾ ਧਰਮ ਕਰਮ ਅਸੀਂ ਕਰ ਰਹੇ ਹਾਂ ਉਹੀ ਧਰਮ ਨੇਮ ਗੁਰੂ ਨਾਨਕ ਸਾਹਿਬ ਜੀ ਨੂੰ ਨਿਭਾਉਣਾ ਚਾਹੀਦਾ ਹੈ। ਦਸ ਗੁਰੂ ਸਾਹਿਬਾਨ ਤਥਾ ਭਗਤਾਂ ਭੱਟਾਂ ਦਾ ਰੱਬੀ ਗਿਆਨ ਸਦਾ ਨਵਾਂ ਹੈ ਪਰ ਉਸ ਨੂੰ ਸਮਝਣ ਲਈ ਆਪਣੀ ਸਥਾਪਤ ਕੀਤੀ ਹੋਈ ਕਟੱੜਤਾ ਨੂੰ ਤੋੜਨਾ ਪਏਗਾ। ਨਾਨਕਈ ਫਲਸਫੇ ਦੀ ਸਭ ਤੋਂ ਵੱਧ ਵਿਰੋਧਤਾ ਪੁਜਾਰੀ ਵਰਗ ਵਲੋਂ ਹੋਈ ਹੈ। ਨਤੀਜਨ ਗੁਰੂ ਅਮਰਦਾਸ ਜੀ ਵਲੋਂ ਭਾਈ ਜੇਠਾ ਜੀ ਨੇ ਲਾਹੌਰ ਜਾ ਕੇ ਕੇਂਦਰੀ ਅਤੇ ਸੂਬਾ ਸਰਕਾਰ ਸਾਹਮਣੇ ਨਾਨਕਈ ਫਲਸਫੇ ਦਾ ਪੱਖ ਰੱਖਣਾ ਪਿਆ। ਸਮੇਂ ਦਾ ਹਾਕਮ ਅਕਬਰ ਬਾਦਸ਼ਾਹ ਨਾਨਕਈ ਫਲਸਫੇ ਤੋਂ ਏਨਾ ਪ੍ਰਭਾਵਤ ਹੋਇਆ ਕਿ ਉਹ ਖ਼ੁਦ ਗੋਇੰਦਵਾਲ ਮਨੁੱਖੀ ਭਲਾਈ ਦੇ ਚੱਲ ਰਹੇ ਕਾਰਜਾਂ ਨੂੰ ਦੇਖਣ ਆਉਣ ਲਈ ਮਜ਼ਬੂਰ ਹੋਇਆ।

ਚਲ ਰਹੇ ਜੀਵਨ ਵਿੱਚ ਤੁਅਸਬੀ ਮੁੱਲਾਂ ਮੁਲਾਣੇ ਤੇ ਹਿੰਦੂ ਪੁਜਾਰੀਆਂ ਦੀਆਂ ਸ਼ਿਕਾਇਤਾਂ ਜਹਾਂਗੀਰ ਨੇ ਸੁਣੀਆਂ ਤਾਂ ਜਹਾਂਗੀਰ ਨੂੰ ਲੱਗਿਆ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਅਰਜਨ ਪਾਤਸ਼ਾਹ ਸਾਡੇ ਲਈ ਵੱਡੀ ਮੁਸੀਬਤ ਖੜੀ ਕਰ ਸਕਦੇ ਹਨ ਇਸ ਲਈ ਅਜੇਹੀ ਸੋਚ ਨੂੰ ਸਦਾ ਲਈ ਖਤਮ ਕਰ ਦੇਣਾ ਚਾਹੀਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਸ਼ਹੀਦ ਤਾਂ ਹੋ ਗਏ ਪਰ ਸੱਚ ਦੀ ਸੋਚ ਨੂੰ ਬੰਦ ਨਹੀਂ ਕਰ ਸਕੇ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਦੇ ਨਵੇਂ ਵਿਚਾਰਾਂ ਨੂੰ ਸਮੇਂ ਦੀ ਹਾਕਮ ਸ਼੍ਰੇਣੀ ਤੇ ਪੁਜਾਰੀ ਆਪਣੇ ਲਈ ਬੜਾ ਵੱਡਾ ਖਤਰਾ ਸਮਝਦੇ ਸਨ। ਅਜੇਹੀ ਡੂੰਘੀ ਸੋਚ ਵਾਲੇ ਚਿੰਤਕਾਂ ਨੂੰ ਬਹੁਤ ਮੁਸੀਬਤਾਂ, ਦੁੱਖਾਂ ਦਾ ਸਾਹਮਣਾ ਕਰਨਾ ਪਿਆ।

ਧਰਮ ਦੀ ਮੁਰਦਾ ਹੋ ਚੁੱਕੀ ਮਰਯਾਦਾ ਨਿਭਾਉਣ ਵਾਲੇ ਪੁਜਾਰੀ ਕਦੇ ਵੀ ਕ੍ਰਾਂਤੀਕਾਰੀ ਸੋਚ ਨੂੰ ਪ੍ਰਵਾਨ ਨਹੀਂ ਕਰਨਗੇ ਲਗਦੇ ਚਾਰੇ ਪੁਜਾਰੀ ਨਵੀਂ ਸੋਚ ਨੂੰ ਨਾਸਤਕ ਕਹਿ ਕੇ ਰੱਦ ਕਰਨ ਦਾ ਕੋਝਾ ਯਤਨ ਕਰਨਗੇ।

ਕੁਝ ਹਵਾਲੇ—

ਯੂਨਾਨ ਦੀ ਧਰਤੀ `ਤੇ ਪ੍ਰਸਿੱਧ ਚਿੰਤਕ ਭਾਈ ਸੁਕਰਾਤ ਨੂੰ ਪੁਜਾਰੀਆਂ ਵਲੋਂ ਬਣਾਈ ਸਕੀਮ ਅਨੁਸਾਰ ਸਮੇਂ ਦੇ ਹਾਕਮ ਨੇ ਜ਼ਹਿਰ ਦਾ ਪਿਆਲਾ ਪੀਣ ਲਈ ਮਜ਼ਬੂਰ ਕੀਤਾ। ਪੁਜਾਰੀ ਆਪਣਾ ਸਦੀਆਂ ਦਾ ਬਣਿਆ ਹੋਇਆਂ ਧਰਮ ਦੇ ਨਾਂ `ਤੇ ਗੋਰਖ ਧੰਦਾ ਛੱਡਣ ਲਈ ਤਿਆਰ ਨਹੀਂ ਸਨ। ਧਰਮ ਦੀ ਮਰਯਾਦਾ ਭੰਗ ਕਰਨ ਦਾ ਦੂਸ਼ਨ ਸੁਕਰਾਤ `ਤੇ ਤਹਿ ਹੋਇਆ। ਹਾਕਮ ਸ਼੍ਰੇਣੀ ਵਾਲੇ ਕਦੇ ਵੀ ਪੁਜਾਰੀਆਂ ਦੀ ਕਰੋਪੀ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ। ਦੁਨੀਆਂ ਦਾ ਕੋਈ ਵੀ ਪੁਜਾਰੀ ਆਪਣੀ ਬਣਾਈ ਹੋਈ ਪ੍ਰੰਪਰਾ ਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ। ਦੂਜਾ ਪੁਜਾਰੀ ਕਦੇ ਵੀ ਨਹੀਂ ਚਹੁੰਦਾ ਕਿ ਲੋਕਾਂ ਨੂੰ ਗਿਆਨ ਦਿੱਤਾ ਜਾਏ।

ਪ੍ਰਸਿੱਧ ਵਿਗਿਆਨੀ ਗਲੀਲੀਓ ਦੀ ਮਿਸਾਲ ਸਾਡੇ ਸਾਹਮਣੇ ਹੈ ਜਿਸ ਨੇ ਧਰਤੀ ਨੂੰ ਆਪਣੀ ਧੁਰੀ ਦੁਆਲ਼ੇ ਘੁੰਮਦੀ ਹੋਇਆ ਦੱਸਿਆ ਤਾਂ ਧਰਮ ਦੇ ਠੇਕੇਦਾਰਾਂ ਵਿੱਚ ਖਲਬਲੀ ਮੱਚ ਗਈ ਕਿਉਂਕਿ ਸਮੇਂ ਦੇ ਪੁਜਾਰੀ ਤਰਕ ਸੰਗਤ ਨਹੀਂ ਸਨ। ਧਰਮ ਦੇ ਨਾਂ `ਤੇ ਅਤਿਆਚਾਰ ਕਰਦਿਆਂ ੧੬੩੨ ਈਸਵੀ ਵਿੱਚ ਗਲੀਲੀਓ ਨੂੰ ਉਸ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ੧੯੭੯ ਵਿੱਚ ਮੁੜ ਧਰਮ ਦੇ ਠੇਕੇਦਾਰਾਂ ਨੇ ਉਸ ਕੋਲੋਂ ਮੁਆਫ਼ੀ ਮੰਗਦਿਆਂ ਉਸ ਨੂੰ ਮੁਆਫ਼ ਕੀਤਾ ਸੀ।

ਸਿੱਖੀ ਵਿੱਚ ਸ਼ਹਾਦਤਾਂ ਹੀ ਇਸ ਬਿਨਾਅ `ਤੇ ਹੋਈਆਂ ਹਨ ਕਿ ਅਸੀਂ ਕੁੱਝ ਵੀ ਗੈਰਕੁਦਰਤੀ ਮੰਨਣ ਲਈ ਤਿਆਰ ਨਹੀਂ ਹਾਂ ਜਿਸ ਨਾਲ ਸਮਾਜ ਦਾ ਨੁਕਸਾਨ ਹੁੰਦਾ ਹੋਵੇ ਜਾਂ ਮਨੁੱਖੀ ਅਜ਼ਾਦੀ `ਤੇ ਸੱਟ ਵੱਜਦੀ ਹੋਵੇ।

ਗੁਰੂ ਗ੍ਰੰਥ ਦੀ ਨਵੀਂ ਸੋਚ ਨੂੰ ਖਤਮ ਕਰਨ ਲਈ ਨਵੇਂ ਗ੍ਰੰਥ ਤਿਆਰ ਕਰਨੇ--

ਨਾਨਕਈ ਫਲਸਫੇ ਦਾ ਵਿਰੋਧ ਗੁਰੂ ਨਾਨਕ ਸਾਹਿਬ ਤੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ ਸਰਕਾਰੇ ਦਰਬਾਰੇ ਸ਼ਕਾਇਤਾਂ ਇਸਲਾਮੀ ਤੇ ਹਿੰਦੂ ਪੁਜਾਰੀਆਂ ਨੇ ਲਗਾਈਆਂ ਸਨ। ਇਹਨਾਂ ਸ਼ਿਕਾਇਤਾਂ ਦੀ ਲਗਾਈ ਹੋਈ ਅੱਗ ਵਿਚੋਂ ਹੀ ਸਿੱਖ ਸ਼ਹਾਦਤਾਂ ਦਾ ਜਨਮ ਹੁੰਦਾ ਹੈ। ਸ਼ਾਤਰ ਪੁਜਾਰੀ ਨੇ ਗੁਰੂ ਸਾਹਿਬ ਦੇ ਫਲਸਫੇ ਨੂੰ ਢਾਹ ਲਾਉਣ ਦਾ ਹਰ ਸੰਭਵ ਯਤਨ ਕੀਤਾ। ਇਹਨਾਂ ਯਤਨਾਂ ਹੀਲਿਆਂ, ਵਿਚੋ ਹੀ ਇੱਕ ਹੀਲਾ ਨਾਨਕਈ ਵਿਚਾਰਧਾਰਾ ਵਿੱਚ ਰਲ਼ਾ ਪਉਣ ਦਾ ਸੀ। ਕੱਚ-ਘਰੜ ਕਹਾਣੀਆਂ ਜੋ ਗੁਰੂ ਸਿਧਾਂਤ ਤੋ ਉਲਟ ਸਨ, ਬਹੁਤ ਚਲਾਕੀ ਨਾਲ ਗੁਰੂ ਸਾਹਿਬ ਦੀ ਸ਼ਖਸ਼ੀਅਤਾਂ ਨਾਲ ਜੋੜ ਕੇ ਸਿੱਖੀ ਦੇ ਵਿਹੜੇ ਵਿੱਚ ਲਿਆ ਸੁੱਟੀਆਂ, ਇਨ੍ਹਾਂ ਕੱਚ-ਘਰੜ ਕਹਾਣੀਆਂ ਨੂੰ ਗੁਰ-ਇਤਿਹਾਸ ਦੀਆਂ ਸਾਖੀਆਂ ਕਹਿ ਕੇ ਅਖੋਤੀ ਸਾਧ ਲਾਣੇ ਨੇ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ। ਏੱਥੇ ਬੱਸ ਨਹੀਂ ਹੋਈ ਸਗੋਂ ਅਜੇਹੇ ਕਰਮਕਾਂਡੀ ਇਤਿਹਾਸ ਨੂੰ ਬਾਬਿਆਂ ਨੇ ਗਲ਼ ਨਾਲ ਲਗਾ ਕੇ ਉਸ ਦੀ ਕਥਾ ਅਰੰਭ ਕਰ ਦਿੱਤੀ। ਇਨ੍ਹਾਂ ਗ੍ਰੰਥਾਂ ਨੂੰ ਇਤਿਹਾਸਕ ਗ੍ਰੰਥ ਆਖ ਕੇ ਵਡਿਆਇਆ। ਇਨ੍ਹਾਂ ਗ੍ਰੰਥਾਂ ਦਾ ਵਿਸ਼ਾ-ਵਸਤੂ ਸਾਰਾ ਹੀ ਭੁਲੇਖਾ ਪਾਊ ਹੈ। ਦੇਖਣ ਨੂੰ ਇਹ ਗ੍ਰੰਥ ਬੜੀ ਸ਼ਰਧਾ ਵਾਲੇ ਲਗਦੇ ਹਨ ਪਰ ਸਮੱਗਰੀ ਸਾਰੀ ਬਿਪਰਵਾਦੀ ਹੈ। ਇਸ ਸਾਰੀ ਸਮੱਗਰੀ ਨੂੰ ਸਿੱਖ ਸਿਧਾਂਤ ਅਨੁਸਾਰ ਸਮਝਣ ਦੀ ਲੋੜ ਹੈ। ਹਾਂ ਇਨ੍ਹਾਂ ਵਿੱਚ ਕੁੱਝ ਗ੍ਰੰਥ ਐਸੇ ਹਨ ਜਿੰਨ੍ਹਾਂ ਵਿਚੋਂ ਤਰੀਕਾਂ ਨਾਮ ਅਸਥਾਨ ਤਾਂ ਲਏ ਜਾ ਸਕਦੇ ਹਨ ਪਰ ਸਾਖੀ ਨੂੰ ਗੁਰਮਤ ਦੇ ਸਿਧਾਂਤ ਅਨੁਸਾਰ ਹੀ ਸੁਣਾਇਆ ਤੇ ਲਿਖਿਆ ਜਾਣਾ ਚਾਹੀਦਾ ਹੈ।

ਹੁਣ ਅਗਲੀ ਕਾਰਵਾਈ ਇਹ ਵੀ ਜਾਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਵਰਗੇ ਗ੍ਰੰਥ ਨੂੰ ਪ੍ਰਕਾਸ਼ ਕਰ ਕੇ ਨਵੀਂ ਚਨੌਤੀ ਤੇ ਨਵੀਂ ਪ੍ਰਥਾ ਸੁਰੂ ਕੀਤੀ ਗਈ ਹੈ। ਹੁਣ ਇਹ ਯਤਨ ਕਈ ਥਾਵਾਂ `ਤੇ ਲਗਾਤਾਰ ਜਾਰੀ ਹੈ।

ਇਸ ਸਾਰੇ ਪੁਆੜੇ ਦੀ ਜੜ੍ਹ ਕਿੱਥੇ ਹੈ…?

ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਦੋਂ ਸ਼ਹਾਦਤ ਹੋਈ ਤਾਂ ਉਹਨਾਂ ਦੇ ਨਾਲ ਕੌਮੀ ਦਰਦ ਰੱਖਣ ਵਾਲੇ ਤੇ ਅਗਵਾਈ ਕਰਨ ਦੇ ਸਮਰੱਥ ਹਜਾਰਾਂ ਮਰਜੀਵੜਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਬਾਕੀ ਬਚੇ ਹੋਇਆਂ ਨੇ ਜੰਗਲ਼ਾਂ ਵਿੱਚ ਜਾ ਡੇਰੇ ਲਾਏ। ਇਸ ਸਮੇਂ ਦੌਰਾਨ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ਼ ਦਾ ਜ਼ਿੰਮਾ ਵੀ ਗੁਰਬਾਣੀ ਸਿਧਾਂਤਾਂ ਨੂੰ ਪੂਰਨ ਤੌਰ ਤੇ ਸਮਝਣ ਵਾਲੇ ਗੁਰਸਿੱਖਾਂ ਦੇ ਹੱਥੋਂ ਜਾਂਦਾ ਰਿਹਾ। ਜਿਹੜੇ ਆਗੂ ਗ੍ਰੰਥੀ ਜਾਂ ਧਰਮ ਦਾ ਪ੍ਰਚਾਰ ਕਰਨ ਲਈ ਅੱਗੇ ਆਏ ਉਹ ਜਾਂ ਤਾਂ ਪਿਤਾ ਪੁਰਖੀ ਸਨ ਜਾਂ ਸਨਾਤਨੀ ਮਤ ਦੀ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਸਨ। ਇਹ ਨਵੀਂ ਕਿਸਮ ਦੇ ਪੁਜਾਰੀਆਂ ਨੇ ਗਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਚਾਰ ਨੂੰ ਸਾਖੀਆਂ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਦੂਜਾ ਗੁਰਬਾਣੀ ਦੇ ਭਾਵ ਅਰਥ ਨੂੰ ਨਾ ਸਮਝਣ ਕਰਕੇ ਜੰਮਣ ਮਰਣ, ਆਵਾਗੌਣ, ਧਰਮ ਰਾਜ ਦਾ ਡਰ, ਨਰਕ ਸਵਰਗ, ਚਉਰਾਸੀ ਲੱਖ ਜੂਨਾਂ, ਆਤਮਾ ਦਾ ਸਫਰ ਤੇ ਕਰਾਮਾਤੀ ਕਥਾ ਕਹਾਣੀਆਂ ਸੁਣਾਈਆਂ ਜਾਣ ਲੱਗੀਆਂ।

ਹੌਲ਼ੀ ਹੌਲ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਥਾਂ `ਤੇ ਸਨਾਤਨੀ ਗ੍ਰੰਥਾਂ ਵਾਲੀ ਵਿਚਾਰਧਾਰਾ ਗੁਰਦੁਆਰਿਆਂ ਵਿਚੋਂ ਹੀ ਪ੍ਰਪੱਕ ਹੋਣੀ ਸ਼ੂਰੂ ਹੋ ਗਈ। ਬ੍ਰਾਹਮਣੀ ਵਿਚਾਰਧਾਰਾ ਦੀਆਂ ਜੜ੍ਹਾਂ ਏੰਨੀਆਂ ਡੂੰਘੀਆਂ ਹਨ ਕਿ ਜਿਹੜੀਆਂ ਵਿਦਵਾਨ ਹੀ ਸਮਝ ਸਕਦੇ ਹਨ। ਉਂਜ ਪਹਿਲਾਂ ਸਿੱਖ ਵਿਦਵਾਨ ਵੀ ਉਸੇ ਨੂੰ ਹੀ ਸਮਝਿਆ ਜਾਂਦਾ ਸੀ ਜਿਹੜਾ ਗੀਤਾ, ਪੁਰਾਣ, ਰਮਾਇਣ ਜਾਂ ਹੋਰ ਸੰਸਕ੍ਰਿਤੀ ਗ੍ਰੰਥਾਂ ਵਿਚਲੇ ਸਲੋਕਾਂ ਦੀ ਵਿਆਖਿਆ ਨੂੰ ਸਣਾਉਂਦਾ ਸੀ। ਦੁਖਾਂਤ ਇਸ ਗੱਲ ਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਬਿਪਰੀ ਰੰਗਤ ਦੇ ਕੇ ਪੇਸ਼ ਕੀਤਾ ਜਾਂਦਾ ਰਿਹਾ। ਮੁੱਕਦੀ ਗੱਲ ਕਿ ਇਸ ਦੌਰਾਨ ਸਿੱਖੀ ਭੇਸ ਵਿੱਚ ਪੁਜਾਰੀਆਂ ਨੇ ਗੁਰਦੁਆਰਿਆਂ ਨੂੰ ਮੰਦਰਾਂ ਦਾ ਹੀ ਰੂਪ ਦੇ ਦਿੱਤਾ ਸੀ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਪਈਆਂ ਮੂਰਤੀਆਂ ਜੋ ਬਾਅਦ ਵਿੱਚ ਸਿੱਖਾਂ ਦੇ ਯਤਨਾਂ ਸਦਕਾ ਓਥੋਂ ਹਟਾਈਆਂ ਗਈਆਂ ਸਨ। ਇਸ ਗੱਲ ਦਾ ਇਤਿਹਾਸ ਗਵਾਹ ਹੈ।

ਸਿੰਘ ਸਭਾ ਲਹਿਰ ਇੱਕ ਨਵੇਂ ਦੌਰ ਦੀ ਸ਼ੁਰੂਆਤ—

ਸਮਾਂ ਆਪਣੀ ਚਾਲ ਨਾਲ ਚਲਦਾ ਗਿਆ। ਸਿੱਖੀ ਵਿੱਚ ਅਜੇਹੇ ਗ੍ਰੰਥ ਹੋਂਦ ਵਿੱਚ ਆਉਂਦੇ ਰਹੇ ਜਿੰਨ੍ਹਾਂ ਵਿੱਚ ਗੁਰਮਤ ਦਾ ਅੰਸ਼ ਨਾ ਮਾਤਰ ਸੀ ਜਦ ਕਿ ਕਰਾਮਾਤੀ ਤੇ ਕਰਮਕਾਂਡੀ ਗਪੌੜ ਜ਼ਿਆਦਾ ਭਰੇ ਹੋਏ ਸਨ। ਭਾਈ ਕਰਮ ਸਿੰਘ ਹਿਸਟੋਰੀਅਨ ਵਰਗੇ ਦਰਵੇਸ਼ਾਂ ਨੇ ਨਵੇਂ ਸਿਰੇ ਤੋਂ ਇਤਿਹਾਸ ਨੂੰ ਖੰਘਾਲਣਾਂ ਸੁਰੂ ਕੀਤਾ। ਪ੍ਰਚਲਿਤ ਲੀਹਾਂ ਤੋਂ ਹਟ ਕੇ ਵਿਗਿਆਨਕ ਲੀਹਾਂ `ਤੇ ਇਤਿਹਾਸ ਲਿਖਣ ਅਤੇ ਵਾਚਣ ਦੀ ਪ੍ਰੰਪਰਾ ਅਰੰਭ ਹੋਈ। ਭਾਈ ਕਾਹਨ ਸਿੰਘ ਨਾਭਾ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਆਦ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ `ਤੇ ਇਤਿਹਾਸ ਨੂੰ ਨਵੇਂ ਸਿਰੋਂ ਮੋੜਾ ਦੇਣਾ ਸ਼ੂਰੂ ਕੀਤਾ। ਇਸ ਦੌਰਾਨ ਸਿੱਖਾਂ ਵਿੱਚ ਨਵੀਂ ਚੇਤਨਾ ਦਾ ਜਨਮ ਹੋਇਆ ਜਿਹੜੀ ਤਰਕ ਸੰਗਤ `ਤੇ ਸਿੱਖੀ ਵਿਚਾਰਧਾਰਾ ਪੇਸ਼ ਹੋਣ ਲੱਗੀ। ਇਸ ਸਮੇਂ ਦੌਰਾਨ ਕੋਈ ਵੀ ਡੇਰਾ ਸਗੰਠਿਤ ਰੂਪ ਵਿੱਚ ਨਹੀਂ ਸੀ ਕਿ ਉਹ ਇਸ ਵਿਗਿਆਨਕ ਸੋਚ ਦਾ ਵਿਰੋਧ ਕਰਦਾ। ਹਾਂ ਗੁਰਦੁਆਰਿਆਂ ਦੇ ਹੁਣ ਵਾਂਗ ਪੁਜਾਰੀਆਂ ਨੂੰ ਇਹ ਗੁਰਮਤਿ ਸੋਚ ਕੌੜੀ ਵੇਲ ਜਾਪੀ ਜਿਹੜੀ ਉਨ੍ਹਾਂ ਦੀ ਪ੍ਰਭੂ ਸਤਾ `ਤੇ ਸੱਟ ਮਾਰਦੀ ਨਜ਼ਰ ਆਈ। ਪੁਜਾਰੀ ਕਹਿਰ ਇਸ ਲਹਿਰ `ਤੇ ਟੁੱਟ ਪਿਆ ਤੇ ਉਹਨਾਂ ਨੇ ਪ੍ਰੋ. ਗੁਰਮੁਖ ਸਿੰਘ ਵਰਗੇ ਕੌਮੀ ਚਿੰਤਕ ਨੂੰ ਪਹਿਲੀ ਦਫਾ ਅਕਾਲ ਤੱਖਤ ਤੋਂ ਆਪਣਾ ਤੁਗਲਕੀ ਹਾਕਮਨਾਮਾ ਸਣਾਉਂਦਿਆਂ ਪੰਥ ਵਿਚੋਂ ਛੇਕਣ ਦੀ ਕੋਝੀ ਹਰਕਤ ਕੀਤੀ।

ਗੁਰਦੁਆਰਾ ਸੁਧਾਰ ਲਹਿਰ—

ਗੁਰਦੁਆਰਿਆਂ ਵਿੱਚ ਸਨਾਤਨੀ ਮਤ ਦਾ ਪੂਰਾ ਬੋਲਬਾਲਾ ਸੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਵੀ ਬਿਪਰੀ ਸੋਚ ਦੀਆਂ ਮੂਰਤੀਆਂ ਸਥਾਪਤ ਹੋਈਆਂ ਸਨ। ਮੇਰੇ ਪਿੰਡ ਲਾਗੇ ਤੇਜਾ ਕਲਾਂ ਬਾਬਾ ਬੁੱਢਾ ਸਾਹਿਬ ਦਾ ਗੁਰਦੁਆਰਾ ਸੀ ਜਿਸ ਦੀਆਂ ਦੀਵਾਰਾਂ `ਤੇ ਰਮਾਇਣ ਦੀ ਪੂਰੀ ਚਿੱਤਰਕਾਰੀ ਕੀਤੀ ਹੋਈ ਸੀ। ਪੁਰਾਣੀ ਇਮਾਰਤ ਢਾਹ ਦਿੱਤੀ ਗਈ ਹੈ ਤੇ ਹੁਣ ਉਹ ਚਿੱਤਰਕਾਰੀ ਨਹੀਂ ਹੈ।

ਮਹੰਤਾਂ ਦੀਆਂ ਆਏ ਦਿਨ ਕਾਲ਼ੀਆਂ ਕਰਤੂਤਾਂ, ਉਨ੍ਹਾਂ ਦੀਆਂ ਮਨ ਮਾਨੀਆਂ ਦੇ ਕਿੱਸੇ, ਬਲਾਤਕਾਰ ਵਰਗੀਆਂ ਘਟਨਾਵਾਂ ਅਕਸਰ ਚਰਚਾਵਾਂ ਦਾ ਵਿਸ਼ਾ ਬਣਦੀਆਂ ਸਨ। ਇਸ ਸਮੇਂ ਤੱਕ ਗੁਰਮਤ ਦੀ ਨਵੀਂ ਸੋਚ ਸੰਗਤਾਂ ਵਿੱਚ ਪੂਰੀ ਤਰ੍ਹਾਂ ਆ ਚੁੱਕੀ ਸੀ। ਗੁਰਦੁਆਰਾ ਸੁਧਾਰ ਲਹਿਰ ਚੱਲੀ ਗੁਰਦੁਆਰੇ ਅਜ਼ਾਦ ਕਰਾ ਲਏ ਗਏ ਇਨ੍ਹਾਂ ਦਾ ਸਿੱਧਾ ਪ੍ਰਬੰਧ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਪਾਸ ਆ ਗਿਆ।

ਸਰਕਾਰੀ ਚਾਲਾਂ -–

ਗੁਰਦੁਆਰਾ ਸੁਧਾਰ ਲਹਿਰ ਦੇ ਕੁੱਝ ਸਮੇਂ ਉਪਰੰਤ ਹੀ ਮੁਲਕ ਅਜ਼ਾਦ ਹੋ ਗਿਆ। ਭਾਰਤ ਵਿੱਚ ਕਾਂਗਰਸ ਦੀਆਂ ਸਰਕਾਰਾਂ ਵਲੋਂ ਸਿੱਖੀ ਦੇ ਬਰਾਬਰ ਕੁੱਝ ਡੇਰਿਆਂ ਦੀ ਸਹਾਇਤਾ ਕਰਨੀ ਸ਼ੁਰੂ ਕੀਤੀ ਗਈ। ਬੱਸ ਏੱਥੋਂ ਹੀ ਡੇਰਿਆਂ ਦੀ ਗਿਣਤੀ ਵਿੱਚ ਬਹੁਤਾਤ ਵਾਧਾ ਹੋਇਆ ਹੈ। ਇਨ੍ਹਾਂ ਡੇਰਿਆਂ ਨੇ ਸਿੱਖ ਸਿਧਾਂਤ ਦੀ ਤਰਜਮਾਨੀ ਨਹੀਂ ਕੀਤੀ ਬਲ ਕੇ ਅੰਦਰੂਨੀ `ਤੇ ਬਾਹਰੀ ਤੌਰ`ਤੇ ਸ਼ਰਧਾ ਦੇ ਨਾਂ `ਤੇ ਬਿਪਰਵਾਦੀ ਸੋਚ ਨ ਉਬਾਰਨ ਦਾ ਯਤਨ ਕੀਤਾ। ਅਖੀਰ ਇਹ ਡੇਰੇ ਅਤੇ ਸਾਧੜੇ ਬ੍ਰਾਹਮਣ ਦਾ ਹੀ ਹੱਥ ਠੋਕਾ ਬਣ ਕੇ ਰਹਿ ਗਏ। ਆਮ ਸਿੱਖ ਨੇ ਸਮਝ ਲਿਆ ਕਿ ਸ਼ਾਇਦ ਇਹ ਹੀ ਸਭ ਤੋਂ ਵੱਧ ਧਰਮ ਦਾ ਪ੍ਰਚਾਰ ਕਰਨ ਲੱਗੇ ਹੋਏ ਹਨ। ਸਰਕਾਰ ਆਪਣੀ ਚਾਲ ਵਿੱਚ ਬਹੁਤ ਸਫਲ ਹੋਈ ਫਿਰ ਸਿੱਖੀ ਵਿੱਚ ਅਜੇਹੇ ਵਿਦਵਾਨਾਂ ਨੂੰ ਉਤਸ਼ਾਹਤ ਕਰਨਾ ਸ਼ੂਰੂ ਕੀਤਾ ਜਿਹੜੇ ਸਿੱਖ ਸਿਧਾਂਤ ਨੂੰ ਬਿਪਰੀ ਲੀਹਾਂ `ਤੇ ਤੋਰ ਰਹੇ ਸਨ। ਅਜੇਹਿਆਂ ਵਿਦਵਾਨਾਂ ਨੂੰ ਸਿੱਖ ਕੌਮ `ਤੇ ਭਾਰੂ ਕਰ ਦਿੱਤਾ ਗਿਆ ਜਿਸ ਨੂੰ ਆਮ ਸੰਗਤ ਨੇ ਸੱਚ ਕਰਕੇ ਮੰਨ ਲਿਆ।

ਸ਼੍ਰੋਮਣੀ ਕਮੇਟੀ ਦੀ ਦੁਬਿਧਾ—

ਇਸ ਵਿੱਚ ਕੋਈ ਦੋ ਰਾਏ ਨਹੀਂ ਹਨ ਕਿ ਸਿੱਖਾਂ ਦੀ ਕੇਂਦਰੀ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਬਹੁਤ ਪੁਖਤਾ ਕੰਮ ਕੀਤੇ ਹਨ। ਭਾਈ ਕਾਹਨ ਸਿੰਘ ਜੀ ਨਾਭਾ ਵਲੋਂ ਤਿਆਰ ਕੀਤੇ ਗੁਰਮਤ ਮਾਰਤੰਡ ਵਰਗੇ ਗ੍ਰੰਥਾਂ ਨੂੰ ਆਪਣੇ ਖਰਚੇ `ਤੇ ਛਾਪ ਕੇ ਦੇਸ-ਵਿਦੇਸ ਦੀਆਂ ਸੰਗਤਾਂ ਤੱਕ ਪਹੁੰਚਾਇਆ। ਕਮੇਟੀ ਨੇ ਵਿਦਿਆ ਦੇ ਖੇਤਰ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ।

ਇਹ ਗੱਲ ਹਮੇਸ਼ਾਂ ਬੜੀ ਤਕਲੀਫ਼ ਨਾਲ ਲਿਖੀ ਜਾਏਗੀ ਕਿ ਬਹੁਤੀ ਵਾਰ ਸ਼੍ਰੋਮਣੀ ਕਮੇਟੀ ਨੇ ਢੰਗ ਟਪਾਊ ਨੀਤੀ `ਤੇ ਚਲਦਿਆਂ ਆਪਣੇ ਫ਼ਰਜ਼ਾਂ ਵਲੋਂ ਮੂੰਹ ਮੋੜਦਿਆਂ ਪੂਰੀ ਕੁਤਾਹੀ ਵੀ ਕੀਤੀ ਹੈ। ਸ਼੍ਰੋਮਣੀ ਕਮੇਟੀ ਦੀ ਢਿੱਲੀ ਕਾਰ ਗ਼ੁਜ਼ਾਰੀ ਤੇ ਸਮੇਂ ਸਿਰ ਫੈਸਲੇ ਨਾ ਲੈਣ ਕਰਕੇ ਸਿੱਖਾਂ ਵਿੱਚ ਆਪਸੀ ਖਿਚੋਤਾਣ ਪਈ ਹੋਈ ਹੈ। ਸ਼੍ਰੋਮਣੀ ਕਮੇਟੀ ਬਿਨਾ ਵਜ੍ਹਾ ਹੀ ਸਾਧੜਿਆਂ ਦੀਆਂ ਸੰਪਰਦਾਵਾਂ ਨੂੰ ਮਹਾਨਤਾ ਦੇਣੀ ਸ਼ੂਰੂ ਕਰ ਦਿੱਤੀ ਹੈ। ਜਦੋਂ ਕੋਈ ਵੀ ਸਾਧ ਮਰਦਾ ਹੈ ਤਾਂ ਇਹ ਪੰਥਕ ਹਿੱਤਾਂ ਨੂੰ ਵਿਸਾਰ ਕੇ ਵੋਟਾਂ ਪੱਕੀਆਂ ਕਰਨ ਲਈ ਐਵੇਂ ਦਸਤਾਰਾਂ ਭੇਟ ਕਰਨ ਲੱਗ ਪਏ। ਦੂਜਾ ਸ਼ਰੋਮਣੀ ਕਮੇਟੀ ਨੇ ਆਪਣੇ ਹੀ ਸਿਧਾਂਤਕ ਵਿਦਵਾਨਾਂ ਤੋਂ ਕਿਨਾਰਾ ਕਰਦਿਆਂ ਸਿਧਾਂਤਕ ਪੱਖ ਦੀ ਸ਼ਪੱਟਤਾ ਲਈ ਇਹਨਾਂ ਡੇਰਿਆਂ ਨੂੰ ਕੌਮੀ ਫੈਸਲਿਆਂ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਲਿਆ। ਇਹ ਫੈਸਲਾ ਕੌਮੀ ਮਸਲਿਆਂ ਲਈ ਭਰਾ ਮਾਰੂ ਸਾਬਤ ਹੋਇਆ ਹੈ। ਦੂਜਾ ਇਹਨਾਂ ਡੇਰਿਆਂ ਨੂੰ ਨੁਮਾਇੰਦਾ ਜਮਾਤ ਵਲੋਂ ਆਪਣੇ ਆਪ ਹੀ ਮਾਨਤਾ ਮਿਲਣੀ ਸ਼ੁਰੂ ਹੋ ਗਈ।

ਪੰਥਕ ਆਗੂਆਂ ਨੇ ਆਪਣੇ ਅੰਦਰ ਇਹ ਡਰ ਬਿਠਾ ਲਿਆ ਕਿ ਕਿਤੇ ਕੋਈ ਡੇਰਾ ਨਰਾਜ਼ ਹੋ ਕੇ ਸਾਡੀਆਂ ਵੋਟਾਂ ਨਾ ਤੋੜ ਦੇਵੇ। ਅਜੇਹੀ ਥੋੜ ਚਿਰੀ ਤੇ ਘਟੀਆ ਕਿਸਮ ਦੀ ਸੋਚ ਨੇ ਸਿੱਖੀ ਦਾ ਕੌਮੀ ਤੇ ਸਿਧਾਂਤਕ ਨੁਕਸਾਨ ਕੀਤਾ ਹੈ। ਅਜੇਹੇ ਅੰਧਕਾਰ ਤੇ ਹਫੜਾ-ਦਫੜੀ ਵਿੱਚ ਡੇਰੇ ਪ੍ਰਫੁੱਲਤ ਹੀ ਨਹੀਂ ਹੋਏ ਸਗੋਂ ਕੌਮ `ਤੇ ਭਾਰੂ ਸਾਬਤ ਹੋ ਰਹੇ ਹਨ।

ਸ਼੍ਰਮੋਣੀ ਕਮੇਟੀ ਦੀ ਦੁਬਿਧਾ ਕਰਕੇ ਅਜੇ ਤੱਕ ਕੌਮ ਨੂੰ ਕੋਈ ਪੁਖਤਾ ਇਤਿਹਾਸ ਮਹੱਯਾ ਨਹੀਂ ਕਰਾ ਸਕੀ। ਚਾਹੀਦਾ ਤਾਂ ਇਹ ਸੀ ਕਿ ਸ਼ਰੋਮਣੀ ਕਮੇਟੀ ਸਬ-ਕਮੇਟੀਆਂ ਬਣਾ ਕਿ ਕੌਮ ਦੇ ਕੌਮੀ ਮੱਸਲਿਆਂ ਦਾ ਹੱਲ ਲੱਭਦੀ ਪਰ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ `ਤੇ ਜੱਥੇਦਾਰਾਂ ਨੂੰ ਆਪਣੇ ਸੌੜੇ ਹਿੱਤਾਂ ਵਿੱਚ ਭਗਤਾਉਣ ਦੀ ਨੀਤੀ ਧਾਰਨ ਕਰ ਲਈ। ਸਿੱਖੀ ਦਾ ਜੋ ਕੌਮੀ ਨੁਕਸਾਨ ਹੋਇਆ ਹੈ ਉਹ ਸ਼੍ਰੋਮਣੀ ਕਮੇਟੀ ਦੀ ਸਪੱਸ਼ਟ ਨੀਤੀ ਨਾ ਹੋਣ ਕਰਕੇ ਹੋਇਆ ਹੈ। ਹੁਣ ਸ਼੍ਰੋਮਣੀ ਕਮੇਟੀ ਦੀ ਇਹ ਅਵਸਥਾ ਹੋ ਗਈ ਹੈ ਸਿੱਖੀ ਜਿਧਰ ਮਰਜ਼ੀ ਜਾਏ ਸਾਡੇ ਰਾਜਨੀਤਿਕ ਲੋਕਾਂ ਦੀਆਂ ਵੋਟਾਂ ਖਰਾਬ ਨਹੀਂ ਹੋਣੀਆਂ ਚਾਹੀਦੀਆਂ। ਹਾਲਾਤ ਅਜੇਹੇ ਬਣ ਗਏ ਹਨ ਕਿ ਸ਼੍ਰੋਮਣੀ ਅਕਾਲੀ ਦਲ `ਤੇ ਇੱਕ ਪਰਵਾਰ ਦਾ ਕਬਜ਼ਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅਕਾਲੀ ਦਲ ਦੇ ਅਧੀਨ ਹੈ। ਸ਼੍ਰੋਮਣੀ ਅਕਾਲੀ ਦਲ ਦੀ ਦਿਲੀ ਸਾਂਝ ਫਿਰਕਾ ਪ੍ਰਸਤ ਜਮਾਤ ਭਾਰਤੀ ਜਨਤਾ ਪਾਰਟੀ ਨਾਲ ਹੈ ਜਿਹੜੀ ਸਾਰੇ ਭਾਰਤ ਨੂੰ ਹਿੰਦੂਤਵ ਵਿੱਚ ਰੰਗਿਆ ਹੋਇਆ ਦੇਖਣਾ ਚਾਹੁੰਦੀ ਹੈ। ਇਸ ਸਾਰੇ ਖਿਲਾਰੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਧੀਨ ਜੱਥੇਦਾਰ ਆਉਂਦੇ ਹਨ। ਕੀ ਅਜੇਹੀ ਸਥਿੱਤੀ ਵਿੱਚ ਜੱਥੇਦਾਰ ਕੌਮੀ ਫੈਸਲੇ ਸਹੀ ਕਰਨਗੇ? ਨਹੀਂ ਇਹ `ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਵਿਰੋਧੀਆਂ ਪ੍ਰਤੀ ਹੀ ਫਤਵੇ ਹੀ ਜਾਰੀ ਕਰਨਗੇ। ਅਸਲ ਖਿਚੋਤਾਣ ਰਾਜਨੀਤਕ ਨੇਤਾਵਾਂ ਤੇ ਤੱਖਤਾਂ ਦੇ ਜੱਥੇਦਾਰਾਂ ਵਲੋਂ ਹੋਈ ਹੈ ਕਿਉਂਕਿ ਇਹਨਾਂ ਦੇ ਫੈਸਲਿਆਂ ਵਿੱਚ ਪਾਰਦਸ਼ਤਾ ਨਹੀਂ ਰਹੀ ਹੈ। ਇਹ ਜੱਥੇਦਾਰ ਵੀ ਕੌਮ `ਤੇ ਭਾਰੂ ਪੈ ਗਏ ਹਨ ਤੇ ਇਨ੍ਹਾਂ ਦੇ ਗਲਤ ਫੈਸਲਿਆਂ ਨਾਲ ਕੌਮ ਵਿੱਚ ਹੋਰ ਵੰਡੀਆਂ ਪੈ ਗਈਆਂ ਹਨ।

ਖਿਚੋਤਾਣ ਦੀ ਸਿਖਰਤਾ ਕੈਲੌਡਰਾਂ ਦੇ ਰੁਪ ਵਿੱਚ ਦੇਖੋ

ਡੇਰਾਵਾਦ, ਜਥੇਦਾਰ, ਗੁਰਦਵਾਰਾ ਪ੍ਰਬੰਧਕਾਂ ਵਲੋਂ ਕੌਮੀ ਭੰਬਲਭੂਸਾ ੧. ਸੂਰਜੀ ਕੈਲੰਡਰ …. . ਸੰਗਰਾਂਦ ਦਾ ਸੰਬੰਧ ਸੂਰਜ ਨਾਲ ਹੈ, ੨. ਚੰਦਰ ਕੈਲੰਡਰ-ਮੱਸਿਆ ਪੂਰਨਮਾਸੀ ਪੰਚਮੀ ਦਸਵੀਂ ਸੁਦੀ ਵਦੀ ਆਦਿ ਚੰਦਰਮਾਂ ਨਾਲ ਸੰਬੰਧਤ ਦਿਹਾੜੇ ਹਨ, ੩. ਨਾਨਕਸ਼ਾਹੀ ੨੦੦੩ ਵਾਲਾ ਕੈਲੰਡਰ, ੪. ਅੰਗਰੇਜੀ ਕੈਲੰਡਰ (ਜਨਵਰੀ ਫਰਵਰੀ ਵਾਲਾ) ੫. ਉਪਰਲਿਆ ਚੌਹਾਂ ਦਾ ਰੱਲਗਡ ਕੈਲੰਡਰ (ਜਥੇਦਾਰਾਂ ਦਾ ਸੋਧਿਆ ਹੋਇਆ ਨਕਲੀ ਕੈਲੰਡਰ) ਆਹ ਚਾਰ ਪੰਜ ਕੈਲੰਡਰ ਸਿਖ ਕੌਮ ਗੁਰਦਵਾਰਿਆਂ ਵਿਚ ਚਲਾ ਰਹੀ ਹੈ। ਬੇੜਾ ਕਿਉਂ ਨਾ ਗਰਕ ਹੋਏਗਾ, ਸੂਰਜੀ ਕੈਲੰਡਰ, ਚੰਦਰਮਾਂ ਕੈਲੰਡਰ, ਅੰਗਰੇਜੀ ਕੈਲੰਡਰ, ਨਾਨਕਸ਼ਾਹੀ ਕੈਲੰਡਰ, ਰੱਲਗਡ ਕੈਲੰਡਰ। ਕੈਲੰਡਰਾਂ ਦੀ ਖਿਚੋਤਾਣ ਨੇ ਕੌਮ ਵਿੱਚ ਹੋਰ ਦੁਬਿਧਾ ਖੜੀ ਕੀਤੀ ਹੈ। ਇਸ ਸਾਲ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਹਾੜੇ ਨੂੰ ਮਨਾਉਣ ਲਈ ਖਿਚੋਤਾਣ ਹੋਈ ਹੈ ਉਸ ਨਾਲ ਸਿੱਖ ਕੌਮ ਦੀ ਹੇਠੀ ਹੋਈ ਹੈ।

ਵਿਦਵਾਨ ਬਣੇ ਮੂਕ ਦਰਸ਼ਕ—

ਸ਼੍ਰੋਮਣੀ ਕਮੇਟੀ ਤਾਂ ਮੂਕ ਦਰਸ਼ਕੀ ਵਾਲਾ ਰੋਲ ਨਿਭਾਅ ਹੀ ਰਹੀ ਹੈ ਪਰ ਸਿੱਖ ਚਿੰਤਕ ਵਿਦਵਾਨ ਵੀ ਸਮੁੱਚੇ ਤੌਰ `ਤੇ ਜ਼ਿਆਦਾਤਰ ਮੂਕ ਦਰਸ਼ਕ ਹੀ ਬਣ ਗਏ ਹਨ। ਕੀ ਜੱਥੇਦਾਰਾਂ ਨੂੰ ਕੋਈ ਸੁਆਲ ਨਹੀਂ ਹੋਣਾ ਚਾਹੀਦਾ? ਕੀ ਜੱਥੇਦਾਰ ਕੌਮ ਨੂੰ ਜੁਆਬ ਦੇਹ ਨਹੀਂ ਹਨ? ਅਨੇਕਾਂ ਅਜੇਹੇ ਸੁਆਲ ਹਨ ਜਿਹੜੇ ਅੱਜ ਕੌਮ ਲਈ ਵੱਡੀਆਂ ਸਮੱਸਿਆਵਾਂ ਬਣੇ ਹੋਏ ਹਨ।

ਜੇ ਇੱਕ ਜੱਥੇਦਾਰ ਇਹ ਕਹੇ ਕੇ ਸਿੱਖ ਕੌਮ ਲਵ ਕੁਸ਼ ਦੀ ਸੰਤਾਨ ਹੈ ਤਾਂ ਕੀ ਬਾਕੀ ਦੇ ਜੱਥੇਦਾਰਾਂ ਨੂੰ ਮੂਕ ਦਰਸ਼ਕ ਹੀ ਬਣੇ ਰਹਿਣਾ ਚਾਹੀਦਾ ਹੈ? ਮੌਜੂਦਾ ਸਮੇਂ ਵਿੱਚ ਇੱਕ ਜੱਥੇਦਾਰ ਕਹਿੰਦਾ ਹੈ ਕਿ ਚਾਰ ਸਾਹਿਬਜ਼ਾਦੇ ਵਿਸ਼ਨੂੰ, ਬ੍ਰਹਮਾ, ਇੰਦਰ ਤੇ ਸ਼ਿਵ ਦੇ ਅਵਤਾਰ ਹਨ ਤਾਂ ਕੀ ਅਜੇਹੇ ਜੱਥੇਦਾਰ ਨੂੰ ਕੌਮੀ ਫੈਸਲੇ ਕਰਨ ਦਾ ਹੱਕ ਹੈ? ਕੀ ਐਸੀ ਖਿਚੋਤਾਣ ਵਿੱਚ ਕੌਮ ਦੀ ਬਰਬਾਦੀ ਨਹੀਂ ਹੈ? ਸਾਰਾ ਸਿੱਖ ਜਗਤ ਚਾਹੁੰਦਾ ਹੈ ਕਿ ਸਾਡਾ ਆਪਣਾ ਕੈਲੰਡਰ ਹੋਣਾ ਚਾਹੀਦਾ ਹੈ ਪਰ ਕੌਮ ਦੇ ਜੱਥੇਦਾਰ ਕਹਿਣ ਕੇ ਨਹੀਂ ਜੀ ਅਸੀਂ ਤਾਂ ਮਿਲ-ਗੋਬਾ ਕੈਲੰਡਰ ਅਨੁਸਾਰ ਹੀ ਚਲਣਾ ਹੈ ਤਾਂ ਕੀ ਕੌਮ ਵਿੱਚ ਵੰਡੀਆਂ ਨਹੀਂ ਪੈਣਗੀਆਂ?

ਨਵੇਂ ਨਵੇਂ ਕਰਮ ਕਾਂਡਾ ਦਾ ਜਨਮ ਹੋਣਾ—

ਸਿੱਖੀ ਦੇ ਅੱਜ ਹਾਲਾਤ ਅਜੇਹੇ ਬਣ ਗਏ ਹਨ ਕਿ ਚੜ੍ਹਦੀ ਸਵੇਰ ਹੀ ਕੋਈ ਨਾ ਕੋਈ ਨਵਾਂ ਕਰਮਕਾਂਡ ਸੁਣਨ ਨੂੰ ਮਿਲ ਜਾਂਦਾ ਹੈ। ਸੰਸਾਰ ਦੀਆਂ ਕੁੱਝ ਕੁ ਸਿੰਘ ਸਭਾਵਾਂ ਨੂੰ ਛੱਡ ਕੇ ਬਾਕੀ ਦੀਆਂ ਜ਼ਿਆਦਾਤਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਿੱਖੀ ਸਿਧਾਂਤ ਤੋਂ ਹੀਣ ਹਨ। ਇਹ ਕਮੇਟੀਆਂ ਬ੍ਰਹਾਮਣੀ ਕਰਮਕਾਂਡ ਹੀ ਨਿਭਾਈ ਜਾ ਰਹੀਆਂ ਹਨ। ਹਾਲਤ ਅਜੇਹੇ ਉਤਪੰਨ ਹੋ ਗਏ ਹਨ ਹਰ ਗੁਰਦੁਆਰੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਮਰਯਾਦਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦਾ ਇੱਕ ਹੀ ਉੱਤਰ ਹੈ ਕਿ ਇਹ ਕਮੇਟੀਆਂ ਗੁਰਦੁਆਰਿਆਂ ਨੂੰ ਵਪਾਰਕ ਨੁਕਤਾ ਨਿਗਾਹ ਨਾਲ ਦੇਖਦੀਆਂ ਹਨ। ਇਹਨਾਂ ਕਮੇਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਕੋਈ ਸਰੋਕਾਰ ਨਹੀਂ ਹੈ। ਕੋਈ ਸ਼ਹੀਦਾਂ ਨੂੰ ਵੀਹ ਵੀਹ ਫੁੱਟ ਲੰਮੇ ਕਹਿ ਦੇਵੇ, ਕੋਈ ਸਵਰਗ ਵਿਚੋਂ ਸੰਗਤਰੇ ਲਿਆ ਕੇ ਖੁਵਾ ਦੇਵੇ ਕੋਈ ਸ਼ਹੀਦਾਂ ਨੂੰ ਸਵਰਗ ਵਿੱਚ ਜਾਣ ਲਈ ਕਤਾਰ ਵਿੱਚ ਲੱਗਿਆ ਦਿਖਾ ਦੇਣ ਵਾਲੇ ਸ਼ੋਸ਼ੇ ਛੱਡਦਾ ਰਹੇ ਜੱਥੇਦਾਰ ਬਿਲਕੁਲ ਖ਼ਾਮੋਸ਼ ਰਹਿੰਦੇ ਹਨ ਪਰ ਜੇ ਕੋਈ ਇਹ ਸਮਝਾਉਣ ਦਾ ਯਤਨ ਕਰੇ ਕਿ ਭਈ ਇਹ ਨਾ ਤਾਂ ਇਤਿਹਾਸ ਹੈ ਤੇ ਨਾ ਹੀ ਸਿੱਖੀ ਸਿਧਾਂਤ ਹੈ ਤਾਂ ਫਤਵੇ ਜਾਰੀ ਹੋ ਜਾਂਦੇ ਹਨ। ਏਹੋ ਹੀ ਖਿਚੋਤਾਣ ਹੈ ਜਿਹੜੀ ਕੌਮ ਨੂੰ ਸਮਝਣ ਦੀ ਜ਼ਰੂਰਤ ਹੈ।

ਖਿਚੋਤਾਣ ਕਿਵੇਂ ਮੁੱਕ ਸਕਦੀ ਹੈ—

ਸਾਡੇ ਰਾਜਨੀਤਕ ਆਗੂਆਂ ਨੂੰ ਸਿੱਖੀ ਸਿਧਾਂਤ ਤੇ ਬ੍ਰਹਾਮਣੀ ਸਿਧਾਂਤ ਦੇ ਫਰਕ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਆਪਣੇ ਸੁਆਰਥ ਦੀ ਖਾਤਰ ਧਰਮ ਦੀ ਪਉੜੀ `ਤੇ ਚੜ੍ਹਦੇ ਹਨ ਪਰ ਇਹ ਅੰਦਰੋਂ ਸਿੱਖ ਸਿਧਾਂਤ ਨਾਲ ਕੋਈ ਲਗਾਓ ਨਹੀਂ ਹੈ। ਦੁਬਿਧਾਵਾਂ ਤਾਂ ਹੀ ਦੂਰ ਹੋ ਸਕਦੀਆਂ ਹਨ ਜੇ ਗੁਰਬਾਣੀ ਦੇ ਵਿਚਾਰਕ ਤੇ ਵਿਹਾਰਕ ਪੱਖ ਨੂੰ ਸਮਝਿਆ ਜਾਏ। ਗੁਰਬਾਣੀ ਦੀ ਵਿਚਾਰ ਨੂੰ ਬ੍ਰਹਾਮਣੀ ਸੋਚ ਵਿੱਚ ਰੰਗ ਕੇ ਨਾ ਪੇਸ਼ ਕੀਤਾ ਜਾਏ। ਜੇ ਸਾਡਾ ਕੇਂਦਰ ਬਿੰਦੂ ਗੁਰਬਾਣੀ ਹੋਏਗਾ ਤਾਂ ਸਾਡੀਆਂ ਦੁਬਿਧਾਵਾਂ ਖਤਮ ਹੋ ਸਕਦੀਆਂ ਹਨ-

ਜਾ ਪਕਾ ਤ ਕਟਿਆ ਰਹੀ ਸੁ ਪਲਰਿ ਵਾੜਿ।।

ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ।।

ਦੋਇ ਪੁੜ ਚਕੀ ਜੋੜ ਕੈ ਪੀਸਣੁ ਆਇ ਬਹਿਠੁ।।

ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿੱਠੁ।।

ਸਲੋਕ ਮ: ੧ ਪੰਨਾ ੧੪੩

ਅਖੀਰ ਤੇ ਇਹੀ ਕਹਾਂਗੇ ਕੇ ਸਾਡੇ ਸਾਰਿਆਂ ਅੰਦਰ ਕੁੱਝ ਨਵਾਂ ਸਿੱਖਣ, ਸਮਝਣ ਦਾ ਜਜਬਾ ਕਾਇਮ ਹੋਣਾ ਚਾਹੀਦਾ ਹੈ, ਆਪਣੀਆਂ ਮਾਨਤਾਵਾਂ ਨੂੰ ਗੁਰਬਾਣੀ ਦੇ ਨਜਰੀਏ ਤੋ ਪੜਚੋਲਣ ਦੀ ਲੋੜ ਹੈ। ਹਉਮੈ ਦੀ ਸ਼ਿਕਾਰ ਬੁੱਧੀ ਨੂੰ ਸ਼ਬਦ ਦੁਆਰਾ ਭੰਨਣ ਦੀ ਲੋੜ ਹੈ। ਜਿਵੇਂ ਮਹੰਤਾਂ ਪੁਜਾਰੀਆਂ ਨੇ ਗੁਰਦੁਆਰਿਆਂ ਤੇ ਕਾਬਜ਼ ਹੋ ਕੇ ਸਿਧਾਂਤ ਨੂੰ ਦਰ ਕਿਨਾਰ ਕਰਦਿਆਂ ਭੈੜੀ ਮਤ ਨੂੰ ਧਾਰਨ ਕਰ ਲਿਆ ਸੀ ਅੱਜ ਉਸ ਬਿਰਤੀ ਨੂੰ ਸਮਝਣ ਦੀ ਲੋੜ ਹੈ। ਸਾਨੂੰ ਸੁਰਤ ਕਰਕੇ ਸਿੱਖ ਬਣਨ ਦੀ ਲੋੜ ਹੈ। ਕੱਚਰਘੜ ਵਿਚਾਰਾਂ, ਬਿਪਰੀ ਮਾਨਤਾਂਵਾਂ ਅਤੇ ਵੱਖ ਵੱਖ ਸਿਧਾਂਤਹੀਣ ਵਿਚਾਰਾਂ ਨੂੰ ਸਦਾ ਲਈ ਤਿਆਗ ਦਈਏ।




.