ਗੁਰਬਾਣੀ ਵਿੱਚ ਨਿਮਰਤਾ ਦਾ ਸੰਕਲਪ
ਨਿਮਰਤਾ ਇੱਕ ਅਜਿਹੀ ਭਾਵਨਾ ਹੈ ਜੋ ਗੁਰਸਿੱਖੀ ਦਾ ਅਧਾਰ ਹੈ।
ਅਸਲ ਵਿੱਚ ਸਿੱਖ ਧਰਮ ਦੀ ਨੀਂਹ ਹੀ ਨਿਮਰਤਾ ਹੈ।
ਵਾਹਿਗੁਰੂ ਨੇ ਅਸਾਨੂੰ ਉਤਸ਼ਾਹ, ਪ੍ਰੇਮ, ਮਿਲਣਸਾਰਤਾ, ਦਲੇਰੀ, ਅਕਲ, ਖਿਮਾ ਕਰਨਾ ਤੇ ਸਿਮਰਨ ਦੇ
ਗੁਣਾਂ ਦੇ ਨਾਲ ਨਿਮਰਤਾ ਦਾ ਅਨਮੋਲ ਗੁਣ ਵੀ ਬਖਸ਼ਿਆ ਹੈ। ਇਹ ਇੱਕ ਅਜਿਹਾ ਗੁਣ ਹੈ ਜਿਹੜਾ
ਹਮਦਰਦੀ, ਸੇਵਾ, ਕਿਰਪਾਲਤਾ, ਤਿਆਗ ਤੇ ਹੋਰ ਕਈ ਗੁਣਾਂ ਦਾ ਸੋਮਾ ਹੈ। ਨਿਮਰਤਾ ਪਿਆਰ, ਸੰਤੋਖ ਤੇ
ਆਪਸੀ ਮੇਲ ਜੋਲ ਵਧਾਉਂਦੀ ਹੈ। ਨਿਮਰਤਾ ਕੜਵਾਹਟ ਨੂੰ ਖੁਸ਼ਗਵਾਰ ਵਾਤਾਵਰਣ ਵਿੱਚ ਤਬਦੀਲ ਕਰਦੀ ਹੈ।
ਪੁਰਾਣੀ ਦੁਸ਼ਮਣੀਆਂ ਤੇ ਝਗੜੇ ਖਤਮ ਕਰ ਸਕਦੀ ਹੈ। ਨਿਮਰਤਾ ਦਾ ਭਾਵ ਹੰਕਾਰ ਦਾ ਅਭਾਵ ਹੈ। ਅਸੀਂ ਕਹਿ
ਸਕਦੇ ਹਾਂ ਕਿ ਨਿਮਰ ਬੰਦਾ ਕਦੇ ਹੰਕਰੀ ਨਹੀਂ ਹੋ ਸਕਦਾ। ਨਿਮਰਤਾ ਕੇਵਲ ਦਿਖਾਵੇ ਲਈ ਨਹੀਂ ਸਗੋਂ
ਮਨੋਂ ਹੋਣੀ ਚਾਹੀਦੀ ਹੈ ਤੇ ਗੁਰਸਿੱਖ ਦਾ ਮਨ ਨੀਵਾਂ ਹੋਣਾ ਚਾਹਦਿਾ ਹੈ।
ਸਿੱਖ ਗੁਰੂ ਸਾਹਿਬਾਨ ਨੇ ਕੇਵਲ ਨਿਮਰਤਾ ਦਾ ਪਰਚਾਰ ਹੀ ਨਹੀਂ ਕੀਤਾ ਸਗੋਂ
ੳਨ੍ਹਾਂ ਨੇ ਇਸ ਗੁਣ ਨੂੰ ਆਪਣੇ ਜੀਵਨ ਵਿੱਚ ਕਈ ਵੇਰ ਉਜਾਗਰ ਕੀਤਾ। ਜਦੋਂ ਲਹਿਣਾ ਜੀ ਨੇ ਗੁਰੂ
ਨਾਨਕ ਦੇਵ ਜੀ ਤੋਂ ਗੁਰੂ ਜੀ ਦੇ ਘਰ ਦਾ ਰਾਹ ਪੁਛਿਆ ਤਾਂ ਆਪ ਘੋੜੇ ਤੋਂ ਉਤਰ ਪਏ ਤੇ ਭਾਈ ਲਹਿਣੇ
ਨੂੰ ਘੋੜੇ ਤੇ ਬਿਠਾ ਕੇ ਉਸ ਨੂੰ ਘਰ ਲੈ ਆਏ। ਰਾਹ ਵਿੱਚ ਆਪ ਨੇ ਇਹ ਨਹੀਂ ਦੱਸਿਆ ਕਿ ਉਹ ਕੌਣ ਹਨ।
ਗੁਰੂ ਜੀ ਨੇ ਹੰਕਾਰੀ ਮਲਕ ਭਾਗੋ ਦੇ ਸੁਆਦਲੇ ਭੋਜਨ ਨਾਲੋਂ ਇੱਕ ਕਿਰਤੀ, ਭਾਈ ਲਾਲੋ, ਦੀ ਰੁੱਖੀ
ਰੋਟੀ ਨੂੰ ਚੰਗਾ ਸਮਝਿਆ ਅਤੇ ਮਲਕ ਭਾਗੋ ਦੀ ਨਾਰਾਜ਼ਗੀ ਦੀ ਕੋਈ ਪਰਵਾਹ ਨਾ ਕੀਤੀ। ਭਾਈ ਲਹਿਣੇ ਨੇ
ਵੀ ਗੁਰੂ ਨਾਨਕ ਦੀ ਸੇਵਾ ਬੜੀ ਨਿਮਰਤਾ ਨਾਲ ਕੀਤੀ ਤੇ ਉਨ੍ਹਾਂ ਦੇ ਹਰ ਹੁਕਮ ਦੀ ਪਾਲਨਾ ਕੀਤੀ।
ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰ ਦਾਸ ਜੀ ਨੂੰ ਗੁਰਗੱਦੀ ਬਖਸ਼ੀ ਤਾਂ ਗੁਰੂ ਜੀ ਦਾ ਸਪੁਤਰ,
ਦਾਤੂ. ਜੋ ਆਪਣੇ ਆਪ ਨੂੰ ਗੁਰਗੱਦੀ ਦਾ ਅਸਲੀ ਹਕਦਾਰ ਸਮਝਦਾ ਸੀ ਨਾਰਾਜ਼ ਹੋ ਗਿਆ ਤੇ ਕਰੋਧ ਵਿੱਚ
ਗੁਰੂ ਅਮਰ ਦਾਸ ਜੀ ਨੂੰ ਜ਼ੋਰ ਨਾਲ ਲਤ ਮਾਰੀ। ਗੁਰੂ ਜੀ ਨੇ ਨਿਮਰਤਾ ਨਾਲ ਮਾਫੀ ਮੰਗੀ ਤੇ ਕਿਹਾ ਕਿ
ਮੇਰੇ ਸਖਤ ਹਡੀਆਂ ਦੇ ਕਾਰਨ ਤੁਹਾਨੂੰ ਤਕਲੀਫ ਹੋਈ ਹੋਣੀ ਹੈ। ਜਦੋਂ ਗੁਰੂ ਨਾਨਕ ਦੇਵ ਦੇ ਸਪੁਤਰ,
ਬਾਬਾ ਸਿਰੀ ਚੰਦ ਗੁਰੂ ਰਾਮ ਦਾਸ ਜੀ ਨੂੰ ਮਿਲਣ ਆਏ ਤਾਂ ਗੁਰੂ ਜੀ ਨੇ ਬਾਬਾ ਜੀ ਦਾ ਨਿਮਰਤਾ ਨਾਲ
ਸਵਾਗਤ ਕੀਤਾ। ਬਾਬਾ ਜੀ ਨੇ ਗੁਰੂ ਜੀ ਨੂੰ ਪੁਛਿਆ ਕਿ ਤੁਸੀਂ ਦਾਹੜੀ ਕਿਉਂ ਇਤਨੀ ਵਧਾਈ ਹੋਈ ਹੈ।
ਗੁਰੂ ਜੀ ਨੇ ਤੁਰੰਤ ਕਿਹਾ ਕਿ ਇਹ ਤੁਹਾਡੇ ਵਰਗੇ ਮਹਾਂ ਪੁਰਸ਼ਾਂ ਦੇ ਚਰਨ ਸਾਫ ਕਰਨ ਲਈ ਹੈ। ਆਪਣੀ
ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਲਿਖਦੇ ਹਨ:
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ।।
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ।। (ਪੰਨਾ ੧੫)
ਭਾਵ: ਨਾਨਕ ਉਨ੍ਹਾਂ ਦੀ ਸੰਗਤ ਲੋੜਦਾ ਹੈ ਜਿਹੜੇ ਨੀਵੀਆਂ ਵਿਚੋਂ ਨੀਵੀਂ
ਜਾਤੀ ਦੇ ਹਨ, ਸਗੋਂ ਮਾੜਿਆਂ ਵਿਚੋਂ ਸਭ ਤੋਂ ਮਾੜੇ ਹਨ। ਉੱਚਿਆਂ ਦੀ ਬਰਾਬਰੀ ਕਰਨ ਦੀ ਉਸ ਨੂੰ ਕੋਈ
ਚਾਹ ਨਹੀਂ।
ਗੁਰਬਾਣੀ ਸਾਨੂੰ ਨਿਮਰਤਾ ਨਾਲ ਜੀਵਣਾ ਸਿੱਖਾਉਂਦੀ ਹੈ ਤੇ ਹੰਕਾਰ ਕਰਨ ਤੋਂ
ਵਰਜਦੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਲਿਖਿਆ ਹੈ "ਧਰਿ ਤਾਰਾਜੂ ਤੋਲੀਐ ਨਿਵੈ ਸੁ
ਗਉਰਾ ਹੋਇ।। (ਪੰਨਾ ੪੭੦)
ਭਾਵ: ਜੇਕਰ ਕੋਈ ਚੀਜ਼ ਤੱਕੜੀ ਦੇ ਪਲੜੇ ਵਿੱਚ ਰੱਖ ਕੇ ਜੋਖੀ ਜਾਵੇ ਤਾਂ
ਜਿਹੜਾ ਪਾਸਾ ਨੀਵਾਂ ਹੰਦਾ ਹੈ ਉਹ ਭਾਰਾ ਹੁੰਦਾ ਹੈ।
ਹਮ ਨਹੀ ਚੰਗੇ ਬੁਰਾ
ਨਹੀ ਕੋਇ।। (ਪੰਨਾ ੭੨੮)
ਭਾਵ: (ਨਿਮਰ) ਮਨੁੱਖ ਸਮਝਦਾ ਹੈ ਕਿ ਮੈਂ ਹੋਰਨਾਂ ਨਾਲੋਂ ਚੰਗਾ ਨਹੀਂ ਤੇ
ਮੇਰੇ ਨਾਲੋਂ ਕੋਈ ਬੁਰਾ ਨਹੀਂ।
ਮਰਿ ਮਰਿ ਜੀਵੈ ਤਾ ਕਿਛੁ ਪਾਏ।। (ਗੁਰੂ ਅਮਰ ਦਾਸ ਜੀ ਪੰਨਾ੧੨੩)
ਭਾਵ: ਜਦੋਂ ਮਨੁੱਖ ਮੁੜ ਮੁੜ ਜਤਨ ਕਰ ਕੇ ਹਉਮੈ ਵਲੋਂ ਮਰਦਾ ਹੈ ਤਾਂ ਕੁੱਝ
ਅਨੰਦ ਮਾਣਦਾ ਹੈ।
ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ।।
(ਗੁਰੂ ਅਮਰ ਦਾਸ ਜੀ ਪੰਨਾ੪੪੧)
ਭਾਵ: ਹੇ ਮਨ! ਤੂੰ ਹੰਕਾਰ ਨਾ ਕਰ ਕਿ ਤੂੰ ਕੁੱਝ ਜਾਣਦਾ ਹੈਂ। ਤੂੰ ਨੇਕ
ਅਤੇ ਨਿਮਰ ਹੋ ਜਾ।
ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ।। (ਗੁਰੂ ਅਮਰ ਦਾਸ ਜੀ ਪੰਨਾ ੯੫੬)
ਭਾਵ: ਹੇ ਨਾਨਕ! ਜੋ ਮਨੁੱਖ ਨਿਮਰ ਹੋ ਕੇ ਜੀਉਂਦਾ ਹੈ ਉਸ ਦਾ ਇਸ
ਸੰਸਾਰ ਵਿੱਚ ਆਉਣਾ ਸਫਲ ਹੈ।
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ।। (ਗੁਰੂ ਅਰਜਨ ਦੇਵ ਜੀ ਪੰਨਾ
੨੫੯)
ਭਾਵ: ਹੇ ਨਾਨਕ! ਜੇ ਤੂੰ ਜਗਤ ਵਿੱਚ ਨਿਮਰਤਾ ਨਾਲ ਜੀਵੇਂ, ਤਾਂ ਪ੍ਰਭੂ ਦੀ
ਮਿਹਰ ਦੀ ਨਜ਼ਰ ਨਾਲ ਇਸ ਸੰਸਾਰ- ਸਮੁੰਦਰ ਵਿਚੋਂ ਪਾਰ ਲੰਘ ਜਾਂਵੇ ਗਾ।
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ।। (ਗੁਰੂ ਅਰਜਨ ਦੇਵ ਜੀ ਪੰਨਾ ੨੭੮)
ਭਾਵ: ਹੇ ਨਾਨਕ! ਵੱਡੇ ਵੱਡੇ ਆਕੜ ਖਾਂ ਮਨੁੱਖ ਹੰਕਾਰ ਕਰ ਕੇ ਤਬਾਹ ਹੋ ਗਏ
ਹਨ।
ਸਭ ਕੀ ਰੇਨੁ ਹੋਇ ਰਹੈ
ਮਨੂਆ ਸਗਲੇ ਦੀਸਹਿ ਮੀਤ ਪਿਆਰੇ।। (ਗੁਰੂ ਅਰਜਨ ਦੇਵ ਜੀ ਪੰਨਾ੩੭੯)
ਭਾਵ: ਮੇਰਾ ਮਨ ਸਾਰਿਆਂ ਦੀ ਚਰਨ ਧੂੜ (ਬਹੁਤ ਨੀਵਾਂ) ਹੋ ਗਿਆ ਹੈ ਤੇ
ਉਸ ਨੂੰ ਸਾਰੇ ਜੀਵ ਪਿਆਰੇ ਮਿੱਤਰ ਦਿਸਦੇ ਹਨ।
ਗਰੀਬੀ ਗਦਾ ਹਮਾਰੀ।। ਖੰਨਾ ਸਗਲ ਰੇਨੁ ਛਾਰੀ।। (ਗੁਰੂ ਅਰਜਨ ਦੇਵ ਜ
ਪਨਾ ੬੨੮)
ਭਾਵ: ਨਿਮਰਤਾ ਮੇਰਾ ਗੁਰਜ ਹੈ ਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋਣਾ ਮੇਰਾ
ਦੋਧਾਰਾ ਖੰਡਾ ਹੈ।
ਹੋਹੁ ਸਭਨਾ ਕੀ ਰੇਣੁਕਾ
ਤਉ ਆਉ ਹਮਾਰੈ ਪਾਸਿ।। (ਗੁਰੂ ਅਰਜਨ ਦੇਵ ਜੀ ਪੰਨਾ ੧੧੦੨)
ਭਾਵ: ਹੇ ਬੰਦੇ ਤੂੰ ਪਹਿਲਾਂ ਸਭਨਾਂ ਦੇ ਪੈਰਾਂ ਦੈ ਧੂੜ ਹੋ ਜਾ (ਹਉਮੈ ਦਾ
ਤਿਆਗ ਕਰ), ਤਦੋਂ ਤੂੰ ਮੇਰੇ ਭਾਵ ਵਾਹਿਗੁਰੂ ਪਾਸ ਆ ਸਕਦਾ ਹੈਂ।
ਗੁਰੂ ਅਰਜਨ ਦੇਵ ਜੀ ਨੇ ਕਈ ਸ਼ਬਦਾਂ ਵਿੱਚ ਲਿਖਿਆ ਹੈ ਕਿ ਨਿਮਰਤਾ ਮਨੁੱਖ
ਨੂੰ ਛੋਟਾ ਨਹੀਂ ਸਗੋਂ ਵੱਡਾ ਬਣਾਉਂਦੀ ਹੈ ਤੇ ਨਿਮਰ ਮਨੁੱਖ ਤਾਂ ਮਹਾਨ ਹੁੰਦਾ ਹੈ। ਉਹ ਸੁੱਖੀ
ਰਹਿੰਦਾ ਹੈ ਤੇ ਵਾਹਿਗੁਰੂ ਉਸ ਤੇ ਪ੍ਰਸਨ ਹੁੰਦਾ ਹੈ:
ਆਪਸ ਕਉ ਜੋ ਜਾਣੈ ਨੀਚਾ।।
ਸੋਊ ਗਨੀਐ ਸਭ ਤੇ ਊਚਾ।। (ਪੰਨਾ ੨੬੬)
ਭਾਵ: ਜਿਹੜਾ ਮਨੁੱਖ ਆਪਣੇ ਆਪ ਨੂੰ ਨੀਵਾਂ ਸਮਝਦਾ ਹੈ ਉਹੀ ਸਾਰਿਆਂ ਨਾਲੋਂ
ਵੱਡਾ ਗਿਣਿਆ ਜਾਂਦਾ ਹੈ।
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ।। (ਪੰਨਾ ੨੭੮)
ਭਾਵ: ਨਿਮਰ ਸੁਭਾਉ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ
ਸੁਖੀ ਵਸਦਾ ਹੈ।
ਅਪਨਾ ਆਪੁ ਸਗਲ ਮਿਟਾਇ।। ਮਨ ਚਿੰਦੇ ਸੇਈ ਫਲ ਪਾਇ।। (ਪੰਨਾ ੮੯੫)
ਭਾਵ: ਜਿਹੜਾ ਮਨੁੱਖ ਆਪਣਾ ਸਾਰਾ ਆਪਾ-ਭਾਵ ਮਿਟਾ ਦੇਂਦਾ ਹੈ, ਉਹੀ ਮਨ ਦੇ
ਚਿਤਵੇ ਹੋਏ ਫਲ ਪ੍ਰਾਪਤ ਕਰਦਾ ਹੈ।
ਜਬ ਹੀ ਸਿਆਰੁ ਸਿੰਘ ਕਉ ਖਾਇ।। ਤਬ ਲਗੁ ਬਨੁ ਫੂਲੈ ਹੀ ਨਾਹਿ।। (ਪੰਨਾ
੧੧੬੮)
ਭਾਵ: ਜਦ ਗਿਦੜ (ਨਿਮਰਤਾ) ਸ਼ੇਰ (ਹੰਕਾਰ) ਨੂੰ ਖਾ ਜਾਂਦਾ ਹੈ, ਤਾਂ ਜੰਗਲ
(ਹਿਰਦੇ) ਦੇ ਸਾਰੇ ਫੁਲ ਖਿੜ ਪੈਂਦੇ ਹਨ।
ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ।। (ਪੰਨਾ੧੩੬੪)
ਭਾਵ: ਚਿਕੜ ਨੀਵਾਂ ਹੈ (ਨੀਵੀਂ ਥਾਂ ਤੇ ਹੈ), ਪਰ ਉਸ ਵਿੱਚ ਬਹੁਤ ਨਿਮਰਤਾ
ਹੈ। ਇਸੇ ਕਰ ਕੇ ੳੇਸ ਵਿੱਚ ਕੋਮਲ ਤੇ ਸੁੰਦਰ ਕੰਵਲ ਫੁਲ ਉਗਦਾ ਹੈ।
ਗੁਰਬਾਣੀ ਅਨੁਸਾਰ ਨਿਮਰਤਾ ਤੇ ਹਲੀਮੀ ਵਾਹਿਗੁਰੂ ਪ੍ਰਾਪਤੀ ਦਾ ਇੱਕ ਸਾਧਨ
ਹੈ:
ਭਾਉ ਭਗਤਿ ਕਰਿ ਨੀਚੁ ਸਦਾਏ।। ਤਉ ਨਾਨਕ ਮੋਖੰਤਰੁ ਪਾਏ।। (ਗੁਰੂ ਨਾਨਕ ਦੇਵ
ਜੀ ਪੰਨਾ੪੭੦)
ਭਾਵ: ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ
ਤਾਂ ਉਹ ਮੁਕਤੀ ਪ੍ਰਾਪਤ ਕਰਦਾ ਹੈ।
ਆਪੁ ਛੋਡਹਿ ਤਾਂ ਸਹੁ ਮਿਲੈ ਸਚਾ ਏਹੁ ਵੀਚਾਰੁ
।। (ਗੁਰੂ
ਅਮਰ ਦਾਸ ਜੀ ਪੰਨਾ ੧੪੨੦)
ਭਾਵ: ਸੱਚਾ ਵਿਚਾਰ ਤਾਂ
ਇਹ ਹੈ ਕਿ ਜੇ ਤੂੰ ਹੰਕਾਰ ਤਿਆਗ ਦੇਵੇਂ ਗਾ ਤਾਂ ਤੈਨੂੰ ਵਾਹਿਗੁਰੂ ਮਿਲ ਪਵੇ ਗਾ।
ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ।। (ਗੁਰੂ ਰਾਮ ਦਾਸ ਜੀ
ਪੰਨਾ ੫੫੦)
ਭਾਵ: ਹੇ ਨਾਨਕ! ਸੱਚਾ ਗੁਰੂ (ਵਾਹਿਗੁਰੂ) ਤਾਂ ਹੀ ਮਿਲਦਾ ਹੈ ਜਦੋਂ
ਮਨੁੱਖ ਆਪਣੇ ਅੰਦਰੋਂ ਹੰਕਾਰ ਦੂਰ ਕਰ ਦੇਵੇ।
ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ।। (ਗੁਰੂ ਅਰਜਨ ਦੇਵ ਜੀ
ਪੰਨਾ ੮੮੩)
ਭਾਵ: ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਜਾਉਗੇ, ਤਾਂ
ਪ੍ਰਭੂ ਦੇ ਦਰਬਾਰ ਵਿੱਚ ਅਨੰਦ ਮਾਣੋ ਗੇ।
ਗੁਰਬਾਣੀ ਇਹ ਸਿੱਖਿਆ ਦੇਂਦੀ ਹੈ ਕਿ ਨਿਮਰਤਾ ਕੇਵਲ ਦਿਖਾਵੇ ਲਈ ਨਹੀਂ ਸਗੋਂ
ਮਨੁੱਖ ਦੇ ਮਨੋਂ ਹੋਣੀ ਚਾਹੀਦੀ ਹੈ। ਕਈ ਮਨੁੱਖ ਦੂਜਿਆਂ ਨੂੰ ਬੇਵਕੂਫ ਬਣਾ ਕੇ ਆਪਣਾ ਮਤਲਬ
ਕਢਣ ਲਈ ਹੀ ਦੋਵੇਂ ਹੱਥ ਜੋੜ ਕੇ ਨਿਮਰ ਬਣ ਕੇ ਬੇਨਤੀ ਕਰਦੇ ਹਨ। ਕਈ ਵਾਰ ਅਜਿਹਾ ਕੇਵਲ ਲੋਕਾਂ ਨੂੰ
ਦਿਖਾਣ ਲਈ ਹੀ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ ਵਿੱਚ ਇਹ ਸਿੱਧ ਕੀਤਾ ਜਾਵੇ ਕਿ ਇਹ ਮਨੁੱਖ ਬੜਾ
ਨਿਮਰ ਹੈ ਤੇ ਇਸ ਵਿੱਚ ਰੱਤੀ ਭਰ ਵੀ ਹੰਕਾਰ ਨਹੀਂ ਹੈ। ਨਿਊਣ ਦਾ ਭਾਵ ਮਨੋਂ ਨਿਉਣਾ ਹੈ ਨਾ ਕਿ
ਨਿਰਾ ਸਰਰਿ ਨਿਵਾਉਣਾ। ਨਿਮਰ ਮਨੱਖ ਨੂੰ ਸਾਫ ਦਿਲ ਤੇ ਇਮਾਨਦਾਰ ਹੋਣਾ ਚਾਹਦਿਾ ਹੈ। ਨਿਮਰਤਾ ਦਾ
ਦਿਖਾਵਾ ਅਪਰਾਧ ਹੈ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ:
ਅਪਰਾਧੀ ਦੂਣਾ ਨਿਵੈ ਜੋ
ਹੰਤਾ ਮਿਰਗਾਹਿ।।
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ।। (ਪੰਨਾ ੪੭੦)
ਭਾਵ: ਸ਼ਿਕਾਰੀ ਜੋ ਮਿਰਗ ਮਾਰਦਾ ਫਿਰਦਾ ਹੈ ਤੇ ਲਿਫ ਕੇ ਦੋਹਰਾ ਹੋ ਜਾਂਦਾ
ਹੈ ਅਪਰਾਧੀ ਹੈ। ਜੇ ਨਿਰਾ ਸਿਰ ਹੀ ਨਿਵਾ ਦਿੱਤਾ ਜਾਏ ਤੇ ਲੋਕ ਅੰਦਰੋਂ ਜੀਵ ਖੋਟੇ ਹੀ ਰਹਿਣ ਤਾਂ
ਇਸ ਨਿਉਣ ਦਾ ਕੋਈ ਲਾਭ ਨਹੀ ਹੋ ਸਕਦਾ।
ਸਾਵਣ ਸਿੰਘ