ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਅਯਾਸ਼ ਬਾਬੇ, ਅੰਨ੍ਹੇ ਸ਼ਰਧਾਲੂ ਤੇ ਚਲਾਕ ਲੀਡਰ
ਸਤਿਕਾਰ ਹੈ ਉਨ੍ਹਾਂ ਅਫ਼ਸਰਾਂ ਦਾ ਜਿਹੜੇ ਕਿਸੇ ਵੀ ਦਬਾ ਥੱਲੇ ਆ ਕੇ ਇਨਸਾਫ਼
ਦਾ ਗਲ਼ਾ ਨਹੀਂ ਘੁੱਟਦੇ। ਸਲਾਮ ਹੈ ਉਨ੍ਹਾਂ ਨੇਤਾਵਾਂ ਨੂੰ ਜਿਹੜੇ ਇਮਾਨਦਾਰੀ ਦੀ ਨੀਤੀ ਨਾਲ ਲੋਕਾਂ
ਦੇ ਭਲੇ ਵਿੱਚ ਲੱਗੇ ਹੋਏ ਹਨ। ਸੂਝਵਾਨ ਪੱਤਰਕਾਰਾਂ ਨੂੰ ਸਤਿਕਾਰ ਹੈ ਜਿਹੜੇ ਮੁੱਲ ਦੀਆਂ ਖ਼ਬਰਾਂ
ਨਹੀਂ ਛਾਪਦੇ। ਨਹੀਂ ਤਾਂ ਉੱਝ ਸਮੁੱਚੇ ਭਾਰਤ ਵਿੱਚ ਧਾਰਮਕ ਆਗੂ, ਨਿਆਂ ਪਾਲਕਾ, ਬਹੁਤੀ ਅਫ਼ਸਰਸ਼ਾਹੀ
ਤੇ ਪੱਤਰਕਾਰ ਆਪਣੇ ਪੇਸ਼ੇ ਨਾਲ ਇਨਸਾਫ਼ ਨਹੀਂ ਕਰਦੇ। ਜੇ ਇਨਸਫ਼ ਹੁੰਦਾ ਤਾਂ ਨਵੰਬਰ ਚਉਰਾਸੀ ਵਿੱਚ
ਸਿੱਖਾਂ ਦੀ ਕਤਲੇਆਮ ਕਰਨ ਵਾਲੇ ਜ਼ਾਲਮ ਜ਼ਰੂਰ ਜੇਲ੍ਹਾਂ ਦੀ ਹਵਾ ਖਾ ਰਹੇ ਹੁੰਦੇ। ਦੂਜਾ ਉਹਨਾਂ ਦੇ
ਕੇਸਾਂ ਨੂੰ ਲਮਕਾਇਆ ਨਾ ਜਾਂਦਾ। ਦੂਸਰਾ ਨੇਤਾ ਜਨ ਜਦੋਂ ਦੇਖਦੇ ਹਨ ਕਿ ਇਹ ਆਦਮੀ ਸਾਡੇ ਰਾਹ ਦਾ
ਰੋੜਾ ਬਣਦਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਵੱਡੀ ਰੁਕਾਵਟ ਖੜੀ ਕਰ ਸਕਦਾ ਹੈ ਤਾਂ
ਉਸ ਦੀ ਥਾਂ `ਤੇ ਉਹ ਆਪਣੀ ਮਰਜ਼ੀ ਵਾਲਾ ਹੋਰ ਬਾਬਾ ਪੈਦਾ ਕਰ ਲੈਂਦੇ ਹਨ। ਤੀਜਾ ਅਸਲ ਮੁੱਦਿਆਂ ਵਲੋਂ
ਲੋਕਾਂ ਦਾ ਧਿਆਨ ਹਟਾਉਣ ਲਈ ਇਖ਼ਲਾਕ ਹੀਣ ਬਾਬਿਆਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ।
ਜ਼ਿਆਦਾ ਮੀਡੀਆ ਵੀ ਫਿਰ ਅਸਲ ਮੁੱਦੇ ਛੱਡ ਕੇ ਕੇਵਲ ਇਕੋ ਹੀ ਖਬਰ ਦੀ ਮੁੜ ਮੁੜ ਦੁਹਰਾਈ ਕੀਤੀ ਜਾਂਦੀ
ਹੈ। ਜੀ ਐਸ ਟੀ ਦੀ ਮਾਰ ਹੇਠ ਆਇਆ ਸ਼ਹਿਰੀ ਹੁਣ ਬਾਬੇ ਦੀ ਰੁਮਾਂਟਿਕ ਗੱਲਾਂ ਸੁਣ ਕੇ ਸਰਕਾਰ `ਤੇ
ਤਸੱਲੀ ਪ੍ਰਗਟ ਕਰ ਰਿਹਾ ਹੈ।
ਮਨੁੱਖ ਦੇ ਮਾਨਸਕ ਰੋਗ ਦੀ ਗੱਲ ਕਰਦਿਆਂ ਭਗਤ ਰਵਿਦਾਸ ਜੀ ਆਪਣੀ ਬਾਣੀ ਵਿੱਚ
ਅੰਲਕਾਰਕ ਢੰਗ ਨਾਲ ਇੱਕ ਖੂਬਸੂਰਤ ਖ਼ਿਆਲ ਦੇਂਦੇ ਹਨ ਕਿ ਹਿਰਨ ਨੂੰ ਘੰਡੇਹੇੜੇ ਦਾ ਨਾਦ ਸੁਣਨ ਦਾ
ਰਸ; ਮੀਨ (ਮੱਛੀ) ਨੂੰ ਜੀਭ ਦਾ ਚਸਕਾ; ਭੌਰੇ ਨੂੰ ਫੁੱਲ ਸੁੰਘਣ ਦੀ ਬਾਣ; ਭੰਬਟ (ਪਤੰਗੇ) ਦਾ ਦੀਵੇ
`ਤੇ ਸੜ ਮਰਨਾ ਭਾਵ ਅੱਖਾਂ ਨੂੰ ਦੇਖਣ ਦਾ ਰਸ ਤੇ ਕੁੰਚਰ (ਹਾਥੀ) ਨੂੰ ਕਾਮ ਵਾਸ਼ਨਾ ਦੇ ਇੱਕ ਇੱਕ ਐਬ
ਕਰਕੇ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਪਰ ਜਿਸ ਆਦਮੀ ਵਿੱਚ ਇਹ ਪੰਜੇ ਅਸਾਧ ਰੋਗ ਹੋਣ ਉਸ ਦੇ
ਬਚਣ ਦੀ ਕਦ ਤਕ ਆਸ ਕੀਤੀ ਜਾ ਸਕਦੀ ਹੈ?
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ
ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥
ਬਾਣੀ ਭਗਤ ਰਵਿਦਾਸ ਜੀ ਪੰਨਾ ੪੮੬
ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੀਆਂ ਮਾਨਸਕ ਕੰਮਜ਼ੋਰੀਆਂ ਨੂੰ ਸਮਝਦਿਆਂ
ਹੋਇਆਂ ਕਿਹਾ ਹੈ ਕਿ ਜਿੱਥੇ ਫਕੀਰਾਂ ਨੂੰ ਪਾਤਸ਼ਾਹ; ਮੂਰਖਾਂ ਨੂੰ ਵਿਦਵਾਨ; ਅਕਲ ਦੇ ਅੰਨ੍ਹੇ ਨੂੰ
ਪਾਰਖੂ; ਸ਼ਰਾਰਤਾਂ ਕਰਨ ਵਾਲੇ ਨੂੰ ਇਲਾਕੇ ਦਾ ਚੌਧਰੀ ਕਿਹਾ ਜਾਏ; ਝੂਠੀ ਇਸਤ੍ਰੀ ਸਭ ਤੋਂ ਅੱਗੇ ਹੋ
ਹੋ ਕੇ ਆਪਣੀ ਹਊਮੇ ਦਾ ਪ੍ਰਗਟਾਅ ਕਰੇ ਤਾਂ ਅਜੇਹੇ ਹਾਲਾਤਾਂ ਨੂੰ ਕਲ਼ਾ-ਕਲੇਸ਼ (ਕਲਜੁਗ) ਦਾ ਜੁਗ
ਕਿਹਾ ਜਾਂਦਾ ਹੈ--
ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ॥ ਅੰਧੇ ਕਾ ਨਾਉ ਪਾਰਖੂ ਏਵੈ
ਕਰੇ ਗੁਆਉ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ॥ ਨਾਨਕ ਗੁਰਮੁਖਿ ਜਾਣੀਐ ਕਲਿ ਕਾ
ਏਹੁ ਨਿਆਉ॥੧॥
ਸਲੋਕ ਮਃ ੨
ਪੰਨਾ ੧੨੮੮
ਉਪਰੋਕਤ ਦੋ ਵਾਕਾਂ ਨੂੰ ਧਿਆਨ ਵਿੱਚ ਰੱਖ ਕੇ ਦੇਖਣ ਦਾ ਯਤਨ ਕਰਾਂਗੇ ਤਾਂ
ਸਮਝ ਆਉਂਦਾ ਹੈ ਕਿ ਵਿਗੜਿਆ ਤੇ ਅਯਾਸ਼ ਬਾਬਾ ਧਰਮ ਦਾ ਆਗੂ ਹੋਵੇ, ਜਿਸ ਨੂੰ ਭੈੜੇ ਤੋਂ ਭੈੜੇ ਰੋਗ
ਚੰਬੜੇ ਹੋਣ ਉਸ `ਤੇ ਅੰਨ੍ਹੀ ਸ਼ਰਧਾ ਰੱਖਣ ਵਾਲੇ ਸ਼ਰਧਾਲੂ ਤੇ ਆਪਣੀਆਂ ਰਾਜ ਗੱਦੀਆਂ ਪੱਕੀਆਂ ਕਰਨ
ਵਾਲੇ ਇਖ਼ਲਾਕ ਹੀਣੇ ਰਾਜਨੀਤਕ ਨੇਤਾਵਾਂ ਦੀ ਇੱਕ ਮਿਲੀ ਜੁਲ਼ੀ ਖਿਛੜੀ ਰਿੱਝੀ ਹੈ। ਅਖ਼ਬਾਰੀ ਤੇ ਬਿਜਲਈ
ਮਾਧੀਅਮ ਰਾਹੀਂ ਸਾਰੀ ਦੁਨੀਆਂ ਨੇ ਸੌਦਾ ਸਾਧ ਦਾ ਜਲੂਸ ਨਿਕਲਦਾ ਦੇਖਿਆ ਹੈ।
ਪਖੰਡੀ ਸਾਧ ਕਿਉਂ ਪੈਦਾ ਹੁੰਦੇ ਹਨ--
ਇੱਕ ਵਿਦਵਾਨ ਦਾ ਕਥਨ ਹੈ ਕਿ ਜਿੱਥੇ ਸੱਚ ਪੈਦਾ ਹੁੰਦਾ ਹੈ ਉੱਥੇ ਸੱਚ ਨੂੰ
ਪਰਚਾਰਨ ਵਾਲੇ ਪਰਚਾਰਕ ਆਲ਼ੇ ਦੁਆਲੇ ਇਕੱਠੇ ਹੋ ਜਾਂਦੇ ਹਨ। ਹੌਲ਼ੀ ਹੌਲ਼ੀ ਇਹ ਲੋਕ ਸੱਚ ਨੂੰ ਜ਼ਮੀਨ
ਵਿੱਚ ਦੱਬ ਦੇਂਦੇ ਹਨ ਤੇ ਊਪਰ ਆਪ ਬੈਠ ਜਾਂਦੇ ਹਨ। ਇੱਕ ਸਮਾਂ ਅਜੇਹਾ ਆਉਂਦਾ ਹੈ ਕਿ ਜਦੋਂ ਮਰ
ਚੁੱਕੇ ਬਾਬੇ ਦੇ ਨਾਂ ਦੀਆਂ ਕੁੱਝ ਯਾਦਗਾਰਾਂ ਬਣਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਲੋਕਾਂ ਵਿੱਚ ਇਹ
ਭੁਲੇਖੇ ਬਣਿਆ ਰਹੇ ਕਿ ਅਸੀਂ ਬਾਬਾ ਜੀ ਦੇ ਬਹੁਤ ਸ਼ਰਧਾਲੂ ਹਾਂ। ਕਾਰਖਾਨਾ ਓੱਥੇ ਲੱਗਦਾ ਹੈ ਜਿੱਥੇ
ਕੱਚਾ ਮਾਲ ਮਿਲਦਾ ਹੋਵੇ। ਏਸੇ ਤਰ੍ਹਾਂ ਸਾਧ ਵੀ ਓੱਥੇ ਹੀ ਡੇਰੇ ਉਸਾਰਦੇ ਹਨ ਜਿੱਥੇ ਇਨ੍ਹਾਂ ਨੂੰ
ਅੰਨ੍ਹੀ ਸ਼ਰਧਾ ਵਾਲੇ ਭਗਤ ਮਿਲ ਜਾਣ ਤੇ ਦੂਸਰਾ ਉਹ ਭਗਤ ਧਰਮ ਦੇ ਨਾਂ `ਤੇ ਹਰ ਪ੍ਰਕਾਰ ਦੀ ਸੇਵਾ ਲਈ
ਹਮੇਸ਼ਾਂ ਤਤਪਰ ਰਹਿਣ। ਇੱਕ ਵਿਚਾਰਵਾਨ ਦੀ ਟਿੱਪਣੀ ਬਹੁਤ ਹੀ ਸਾਰਥਕ ਹੈ—ਭਾਰਤ ਵਿੱਚ ਇਸ ਵੇਲੇ ਅੰਧ
ਵਿਸ਼ਵਾਸੀ ਲੋਕਾਂ ਦੀ ਬਹੁਤ ਵਡੀ ਗਿਣਤੀ ਹੋਣ ਕਰਕੇ ਅਖੌਤੀ ਜੋਤਸ਼ੀਆਂ ਅਤੇ ਤਾਂਤਰਕਾਂ ਦੇ ਕਾਰੋਬਾਰ
ਵਿੱਚ ਭਾਰਤ ਦਾ ਪਹਿਲੇ ਨੰਬਰ `ਤੇ ਆਉਣਾ ਯਕੀਨੀ ਜਾਪ ਰਿਹਾ ਹੈ। ਇਨ੍ਹਾਂ ਅਖੌਤੀ ਜੋਤਸ਼ੀਆਂ ਅਤੇ
ਤਾਂਤਰਕਾਂ ਨੇ ਦੇਸ਼ ਦੇ ਖੁਸ਼ਹਾਲ ਸੂਬਿਆਂ `ਚ ਥਾਂ ਥਾਂ `ਤੇ ਆਪਣੇ ਠੱਗੀ ਮਾਰਨ ਵਾਲੇ ਟਿਕਾਣੇ ਕਾਇਮ
ਕਰ ਲਏ ਹਨ ਪੰਜਾਬ ਦੇ ਤਕਰੀਬਨ ਹਰ ਛੋਟੇ ਅਤੇ ਵੱਡੇ ਸ਼ਹਿਰ ਵਿੱਚ ਹਰ ਮਹੀਨੇ ਲੱਖਾਂ ਰੁਪਇਆਂ ਦੀ
ਇਸ਼ਤਿਹਾਰਬਾਜ਼ੀ ਕਰਕੇ ਹਰ ਰੋਜ਼ ਲੱਖਾਂ ਕਮਾ ਰਹੇ ਇਹ ਤਾਂਤਰਕ ਆਪਣੇ ਮਾਇਆ ਜਾਲ `ਚ ਬੰਦੇ ਨੂੰ ਅਜੇਹਾ
ਉਲਝਾਉਂਦੇ ਹਨ ਕਿ ਉਹ ਇਨ੍ਹਾਂ ਦੀਆਂ ਗੱਲਾਂ ਵਿੱਚ ਫਸ ਕੇ ਆਪਣੀ ਮਿਹਨਤ ਦੇ ਕਮਾਏ ਹੋਏ ਹਜ਼ਾਰਾਂ
ਰੁਪਏ ਮਿੰਟਾਂ `ਚ ਲੁਟਾ ਬੈਠਦੇ ਹਨ। ਇਨ੍ਹਾਂ ਦੇ ਝਾਂਸੇ `ਚ ਖਾਸ ਕਰਕੇ ਔਰਤਾਂ, ਲੜਕੀਆਂ ਅਤੇ
ਨੌਜਵਾਨ ਲੜਕੇ ਲੜਕੀਆਂ ਜਲਦੀ ਆ ਜਾਂਦੇ ਹਨ। ਕਿਸੇ ਪ੍ਰੀਖਿਆ `ਚ ਅਵੱਲ ਆਉਣਾ, ਗਵਾਂਢੀਆਂ ਨੂੰ ਕਾਲ਼ੇ
ਇਲਮ ਨਾਲ ਪਰੇਸ਼ਾਨ ਕਰਨਾ, ਮੁਹੱਬਤ `ਚ ਮਨਚਾਹਿਆ ਪਿਆਰ ਹਾਸਲ ਕਰਨਾ ਵਸੀਕਰਨ ਕਰਨਾ ਅਤੇ ਆਪਣੇ ਦੁਸ਼ਮਣ
ਨੂੰ ਕਾਲ਼ੇ ਇਲਮ ਦੁਆਰਾ ਦਿਨੇ ਤਾਰੇ ਦਿਖਾਉਣਾ ਦਾ ਦਾਅਵਾ ਕਰਦੇ ਇਨ੍ਹਾਂ ਤਾਂਤਰਕ ਦੇ ਆਲੀਸ਼ਾਨ ਦਫ਼ਤਰ
ਇਨ੍ਹਾਂ ਦੀ ਕਾਲ਼ੀ ਕਮਾਈ ਹੋਣ ਦੀ ਗਵਾਹੀ ਭਰਦੇ ਹਨ। ਪਰ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਇਨ੍ਹਾਂ
ਤਾਂਤਰਕਾਂ ਦੇ ਹੱਥ ਕੁੱਝ ਵੀ ਨਹੀਂ ਹੈ।
ਨਿਕੀ ਜੇਹੀ ਕਹਾਣੀ ਜਿਹੜੀ ਭਾਈ ਗੁਰਦੇਵ ਸਿੰਘ ਜੀ ਸੱਧੇਵਾਲੀਆ ਨੇ ਲਿਖੀ
ਸੀ। ਕਹਿੰਦੇ ਨੇ ਇੱਕ ਚੇਲਾ ਬਾਬੇ ਦੀ ਲੰਬੇ ਸਮੇਂ ਤੋ ਸੇਵਾ ਕਰ ਰਿਹਾ ਸੀ। ਸੇਵਾਦਾਰ ਇੱਕ ਦਿਨ
ਕਹਿਣ ਲੱਗਾ ਬਾਬਾ ਜੀ ਮੈਂ ਆਪਣੇ ਘਰਦਿਆਂ ਨੂੰ ਮਿਲਣ ਜਾਣਾ ਹੈ। ਅੱਗੋਂ ਬਾਬਾ ਜੀ ਕਹਿੰਦੇ ਆ ਘੋੜੀ
ਲੈ ਜਾ ਤਾਂ ਕਿ ਤੇਰਾ ਪੈਂਡਾ ਸੌਖਾ ਤਹਿ ਹੋ ਜਾਊਗਾ ਪਰ ਘੋੜੀ ਸੂਣ ਵਾਲੀ ਸੀ। ਸੇਵਦਾਰ ਆਪਣੇ ਪਿੰਡ
ਨੂੰ ਚਲ ਪਿਆ। ਰਾਹ ਵਿੱਚ ਸੇਵਾਦਾਰ ਨੇ ਰਾਤ ਕੱਟਣ ਲਈ ਇੱਕ ਪਿੰਡ ਵਿੱਚ ਟਿਕਾਣਾ ਕੀਤਾ ਪਰ ਓੱਥੇ
ਘੋੜੀ ਸੂਅ ਪਈ। ਪਿੰਡ ਵਾਲਿਆਂ ਤੰਬੂ ਲਗਾ ਦਿੱਤਾ ਕੋਈ ਰੋਟੀਆਂ ਲਿਆਉਣ ਚਲਾ ਗਿਆ ਤੇ ਕਿਸੇ ਨੇ
ਤਰਪਾਲ ਲਿਆ ਕੇ ਬਾਬੇ ਨੂੰ ਮੀਂਹ ਹਨੇਰੀ ਤੋਂ ਬਚਣ ਦਾ ਪ੍ਰਬੰਧ ਕਰ ਦਿੱਤਾ। ਗੱਲ ਕੀ ਲੋਕਾਂ ਨੇ
ਬਾਬੇ ਤੇ ਘੋੜੀ ਦੀ ਖੂਬ ਸੇਵਾ ਕੀਤੀ। ਬਾਬੇ ਦੇ ਚੇਲਾ ਨੇ ਮਾੜੇ ਮੋਟੇ ਪਰਵਚਨਾਂ ਦੀ ਝੜੀ ਲਾ ਕੇ ਸਤ
ਸੰਗ ਦਾ ਮੁੱਢ ਬੰਨ ਲਿਆ ਬਸ ਫਿਰ ਕੀ ਸੀ ਪਿੰਡ ਦੀਆਂ ਬੀਬੀਆਂ ਲੰਗਰ ਵਿੱਚ ਸੇਵਾ ਕਰਨ ਆ ਗਈਆਂ।
ਮਹੀਨੇ ਵਿੱਚ ਚੰਗੀ ਰੌਣਕ ਲੱਗ ਗਈ ਇੱਕ ਦਿਨ ਚੇਲਾ ਆਪਣੇ ਮੁੱਖੀ ਬਾਬੇ ਨੂੰ ਸਾਰੀ ਵਾਪਰੀ ਘਟਨਾ ਦੀ
ਚਿੱਠੀ ਲਿਖ ਕੇ ਪੁੱਛਦਾ ਹੈ, ਕਿ "ਮੈਂ ਹੁਣ ਕੀ ਕਰਾਂ"? ਅੱਗੋਂ ਬਾਬੇ ਨੇ ਉੱਤਰ ਦਿੱਤਾ, "ਜਿੱਥੇ
ਮੈਂ ਬੈਠਾ ਹਾਂ ਓੱਥੇ ਇਸ ਦੀ ਮਾਂ ਸੂਈ ਸੀ ਇਸ ਲਈ ਅਰਾਮ ਨਾਲ ਡੇਰਾ ਬਣਾ ਤੇ ਲੋਕਾਂ ਨੂੰ ਮੁੰਡੇ
ਹੋਣ ਦੀਆਂ ਅਰਦਾਸਾਂ ਤੇ ਸਵਰਗ ਦੀਆਂ ਟਿਕਟਾਂ ਦਈ ਜਾ"। ਇੰਜ ਅੰਨ੍ਹੀ ਸ਼ਰਧਾ ਵਿਚੋਂ ਡੇਰੇ ਪੈਦਾ
ਹੁੰਦੇ ਹਨ।
ਅੰਨ੍ਹੇ ਸ਼ਰਧਾਲੂ—
ਗੁਰਬਾਣੀ ਵਾਕ ਹੈ—
ਗਿਆਨ ਹੀਣੰ ਅਗਿਆਨ ਪੂਜਾ।। ਅੰਧ ਵਰਤਾਵਾ ਭਾਉ ਦੁਜਾ।।
ਗਿਆਨ ਹੀਣ ਸ਼ਰਧਾ ਅਤੇ ਸ਼ਰਧਾ ਹੀਣ ਗਿਆਨ ਦੋਨੋਂ ਆਤਮਕ ਵਿਕਾਸ ਵਿੱਚ ਅਧੂਰੇ
ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰ ਲੋਕ ਭਲਾਈ ਦੇ ਮਤੇ ਤਾਂ ਜ਼ਰੂਰ ਪਾਸ ਕਰਦੀ ਹੈ ਪਰ
ਉਹਨਾਂ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚਦਾ। ਲੋਕ ਭਲਾਈ ਦੇ ਥੋੜੇ ਜੇਹੇ ਕੰਮ ਇਨ੍ਹਾਂ ਡੇਰੇ
ਵਾਲਿਆਂ ਨੇ ਕਰਨੇ ਸ਼ੁਰੂ ਕੀਤੇ ਤੇ ਲੋਕ ਇਹਨਾਂ ਵਲ ਜਲਦੀ ਖਿੱਚੇ ਜਾਣ ਲੱਗੇ। ਚਲਾਕ ਬਿਰਤੀ ਵਾਲਾ ਹੀ
ਸਾਧ ਬਣਦਾ ਹੈ। ਚਲਾਕ ਸਾਧ ਨੂੰ ਲੋਕਾਂ ਦੀ ਰਗ ਸਮਝ ਆ ਜਾਂਦੀ ਹੈ। ਲੋਕਾਂ ਦਿਆਂ ਘਰਾਂ ਦੀਆਂ ਬਹੁਤ
ਸਾਰੀਆਂ ਲੋੜਾਂ ਹੁੰਦੀਆਂ ਹਨ ਜਿਹੜੀਆਂ ਇਹ ਡੇਰੇ ਵਾਲੇ ਪੂਰੀਆਂ ਕਰਨੀਆਂ ਸ਼ੁਰੂ ਕਰ ਦੇਂਦੇ ਹਨ।
ਦੁਖਾਂਤ ਇਹ ਹੈ ਕਿ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵੀ ਅਜੇ ਤੱਕ ਸਰਕਾਰਾਂ ਪੂਰੀਆਂ ਨਹੀਂ ਕਰ
ਸਕੀਆਂ। ਸਰਕਾਰ ਵਿਦਿਆ ਤੇ ਸਿਹਤ ਸਹੂਲਤਾਂ ਵੀ ਅਜੇ ਆਪਣੇ ਮੁਲਕ ਦੇ ਸਾਰੇ ਲੋਕਾਂ ਨੂੰ ਨਹੀਂ ਦੇ
ਸਕੀ। ਆਪਣੀਆਂ ਗ਼ਰਜ਼ਾਂ ਲਈ ਦੁਖੀ ਲੋਕ ਇਹਨਾਂ ਡੇਰਿਆਂ ਵਲ ਖਿੱਚੇ ਜਾਂਦੇ ਹਨ। ਜਿਹੜੇ ਸ਼ਰਧਾਲੂ ਦੀ
ਕੋਈ ਕਾਮਨਾ ਪੂਰੀ ਹੋ ਜਾਂਦੀ ਹੈ ਉਹ ਇਹਨਾਂ ਦਾ ਅੰਨ੍ਹਾਂ ਸ਼ਰਧਾਲੂ ਬਣ ਜਾਂਦਾ ਹੈ। ਕਈਆਂ ਦੀ `ਤੇ
ਏਨੀ ਸ਼ਰਧਾ ਹੁੰਦੀ ਹੈ ਕਿ ਉਹ ਡਾਕਟਰੀ ਇਲਾਜ ਵੀ ਨਹੀਂ ਕਰਾਉਂਦੇ ਅਖੇ ਬਾਬਾ ਜੀ ਨੇ ਕਿਹਾ ਸੀ ਅਸਾਂ
ਅਰਦਾਸ ਕਰ ਦਿੱਤੀ ਹੈ ਸਾਡਾ ਭਗਤਾ ਆਪੇ ਹੀ ਠੀਕ ਹੋ ਜਾਏਗਾ ਹੈ। ਸਭ ਤੋਂ ਵੱਧ ਅੰਨ੍ਹੀ ਸ਼ਰਧਾ
ਇਸਤ੍ਰੀਆਂ ਵਿੱਚ ਦੇਖੀ ਜਾਂਦੀ ਹੈ। ਸ਼ਰਧਾਲੂ ਏੰਨੇ ਅੰਨ੍ਹੇ ਹੋ ਜਾਂਦੇ ਹਨ ਕਿ ਬਾਬਿਆਂ ਦਾ ਜੂਠਾ
ਖਾਣ-ਪੀਣ ਨੂੰ ਇਹ ਸੀਤ ਪ੍ਰਸ਼ਾਦ ਸਮਝ ਕੇ ਬੜੇ ਚਾਅ ਨਾਲ ਖਾਂਦੇ ਹਨ। ਕਈ ਤਾਂ ਏੱਥੋਂ ਤਕ ਗਰਕ ਗਏ ਹਨ
ਕਿ ਉਹ ਬਾਬੇ ਦੇ ਨਹਾਉਣ ਵਾਲੇ ਗੰਦੇ ਪਾਣੀ ਨੂੰ ਪਵਿੱਤ੍ਰ ਪਾਣੀ ਸਮਝ ਕੇ ਪੀਈ ਜਾਂਦੇ ਹਨ। ਲੱਖ
ਲਾਹਨਤ ਹੈ ਅਜੇਹੇ ਅੰਧੇ ਸ਼ਰਧਾਲੂਆਂ ਦੇ। ਬੇੜਾ ਗਰਕ ਹੋਣ `ਤੇ ਓਦੋਂ ਆਉਂਦਾ ਹੈ ਜਦੋਂ ਅੰਨ੍ਹੀ ਸ਼ਰਧਾ
ਵਾਲੇ ਭਗਤ ਬਾਬੇ ਦੀਆਂ ਵਰਤੀਆਂ ਹੋਈਆਂ ਟੌਇਲਟ ਸ਼ੀਟਾਂ, ਜੁੱਤੀਆਂ, ਖੂੰਡੀਆਂ ਤੇ ਚੋਲ਼ਿਆਂ ਨੂੰ ਹੀ
ਮੱਥਾ ਟੇਕੀ ਜਾਂਦੇ ਹਨ। ਅੰਨ੍ਹੀ ਸ਼ਰਧਾ ਵਾਲੇ ਭਗਤ ਆਪਣੇ ਮਰ ਚੁੱਕੇ ਸਾਧ ਦੀ ਮੂਰਤ ਨੂੰ ਬਜ਼ਾਰਾਂ
ਵਿੱਚ ਘਮਾਉਣ ਨੂੰ ਨਗਰ ਕੀਰਤਨ ਕਹੀ ਜਾਣ ਨੂੰ ਪੰਥਕ ਸੇਵਾ ਸਮਝੀ ਜਾ ਰਹੇ ਹਨ। ਅਜੇਹੀ ਗਿਆਨ ਹੀਣ
ਪਰਜਾ ਲਈ ਗੁਰੂ ਨਾਨਕ ਸਾਹਿਬ ਜੀ ਖ਼ਿਆਲ ਦੇਂਦੇ ਹਨ—
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ।।
ਸ਼ਲੋਕ ਮ: ੧ ਪੰਨਾ ੪੬੯
ਪਰਜਾ ਅੰਨ੍ਹੀ ਅਤੇ ਸਿਆਣਪ ਤੋਂ ਸੱਖਣੀ ਹੈ. ਅਤੇ ਹਾਕਮ ਦੀ ਲਾਲਚ ਦੀ ਅੱਗ
ਨੂੰ ਵੱਢੀ ਦੀ ਲਾਸ਼ ਨਾਲ ਸ਼ਾਂਤ ਕਰਦੀ ਹੈ।
ਅੰਨ੍ਹੀ ਪਰਜਾ ਸਬੰਧੀ ਭਾਈ ਗੁਰਦਾਸ ਜੀ ਦਾ ਵਾਕ ਹੈ—
ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਅਲਈ।।
ਪਰਜਾ ਗਿਆਨ ਬਾਝ ਅੰਨ੍ਹੀ ਹੈ ਤੇ ਕੂੜ ਕੁਧਰਮ ਮੂੰਹੋਂ ਬੋਲਦੀ ਹੈ।
ਚਲਾਕ ਲੀਡਰਾਂ ਦੀ ਮਕਾਰੀ
ਭਾਰਤ ਵਿੱਚ ਆਖਣ ਨੂੰ ਲੋਕ ਤੰਤਰ ਹੈ ਪਰ ਜਿੱਤਦਾ ਸਰਮਾਏਦਾਰ ਹੀ ਹੈ। ਭਾਰਤ
ਦੇ ਰਾਜਨੀਤਕ ਲੀਡਰਾਂ ਵਿੱਚ ਲੋਕ ਸੇਵਾ ਨਹੀਂ ਰਹੀ ਸਗੋਂ ਲੋਕਾਂ ਨੂੰ ਗੁਮਰਾਹ ਕਰਕੇ ਵੋਟ ਪ੍ਰਾਪਤ
ਕਰਨ ਦਾ ਇੱਕ ਧੰਦਾ ਬਣ ਕੇ ਰਹਿ ਗਿਆ ਹੈ। ਤਜਰਬਾ ਤਾਂ ਏਹੀ ਦਸਦਾ ਹੈ ਜਿੱਤਣਾ, ਕੁੱਟਣਾ ਲੁੱਟਣਾ ਨਾ
ਅਪੀਲ ਨਾ ਦਲੀਲ ਬਸ ਵੋਟਾਂ ਚਾਹੀਦੀਆਂ ਹਨ ਜਿਸ ਤਰ੍ਹਾਂ ਵੀ ਹੋਵੇ ਹਰ ਹਾਲ ਸਾਡਾ ਰਾਜਨੀਤਕ ਨੇਤਾ
ਜਿੱਤਣਾ ਚਾਹੀਦਾ ਹੈ। ਅੱਜ ਭਾਰਤੀ ਰਾਜਨੀਤੀ ਵਿੱਚ ਕਿਰਦਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਧਰਮਾਂ ਦਾ
ਨਾਮ ਵਰਤ ਕੇ ਜਾਂ ਸਮਾਜ ਵਿੱਚ ਫਿਰਕਾਪਰਸਤੀ ਦੀ ਅੱਗ ਬਾਲ ਕੇ ਲੋਕਾਂ ਦੀਆਂ ਜਾਨਾਂ ਲੈ ਕੇ ਰਾਜ
ਗੱਦੀ ਸੰਭਾਲ਼ਦੇ ਹਨ। ਡੇਰਿਆਂ ਨੂੰ ਸਥਾਪਤ ਕਰਨ ਲਈ ਹਰੇਕ ਨੇਤਾ ਦਾ ਸ਼ਰੇਆਮ ਤੇ ਗੁਝ੍ਹੇ ਤੌਰ `ਤੇ
ਪੂਰਾ ਪੂਰਾ ਹੱਥ ਹੁੰਦਾ ਹੈ। ਸਿੱਖ ਨੇਤਾਵਾਂ ਦੀ ਸਭ ਤੋਂ ਵੱਧ ਤਰਾਸਦੀ ਹੈ ਨਿੱਜੀ ਲਾਲਚ ਲਈ ਸਿੱਖੀ
ਸਿਧਾਂਤ ਨੂੰ ਛਿੱਕੇ `ਤੇ ਟੰਗਦਿਆਂ ਸੌਦਾ ਸਾਧ ਵਰਗੇ ਇਖ਼ਲਾਕ ਹੀਣ, ਬਦਚਲਨ ਤੇ ਨੌਟੰਗੀਬਾਜ਼ ਬਾਬੇ
ਪਾਸੋਂ ਵੀ ਵੋਟਾਂ ਲਈ ਲਿਲਕੜੀਆਂ ਕੱਢਦੇ ਦੇਖੇ ਜਾ ਸਕਦੇ ਹਨ। ਇਖ਼ਲਾਕ ਦੀ ਲੀਹ ਤੋਂ ਲੱਥੇ ਡੇਰੇ
ਜਦੋਂ ਇਖ਼ਲਾਕ ਹੀਣ ਲੀਡਰਾਂ ਨੂੰ ਵੋਟ ਦੇਂਦੇ ਹਨ ਤਾਂ ਇਹ ਡੇਰਿਆਂ ਵਾਲੇ ਹਰ ਘਟੀਆ ਤੋਂ ਘਟੀਆ ਕੰਮ
ਨੂੰ ਅਜ਼ਾਮ ਦੇਂਦੇ ਹਨ। ਜ਼ਮੀਨਾਂ `ਤੇ ਕਬਜ਼ੇ, ਕਤਲ ਤੇ ਬਲਾਤਕਾਰ ਵਰਗੀਆਂ ਸ਼ਰਮਨਾਕ ਘਟਨਾਵਾਂ ਦੇ
ਕਿੱਸੇ ਗਾਹੇ-ਬ-ਗਾਹੇ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਦੇ ਰਹਿੰਦੇ ਹਨ। ਡੇਰਿਆਂ ਦੇ ਸਾਧਾਂ
ਦੇ ਹਰ ਬੁਰੇ ਕਰਮ `ਤੇ ਰਾਜਨੀਤਕ ਨੇਤਾ ਪਰਦਾ ਪਉਣ ਦਾ ਕੰਮ ਕਰਦੇ ਹਨ। ਜੇ ਨੇਤਾਜਨ ਮਕਾਰੀ ਦਾ ਰਾਹ
ਛੱਡ ਕੇ ਇਮਾਨਦਾਰ ਹੋ ਕੇ ਤੁਰ ਪੈਣ ਤਾਂ ਡੇਰੇ ਆਪਣੇ ਆਪ ਹੀ ਖਤਮ ਹੋ ਜਾਣਗੇ। ਭਾਵ ਝੋਟਾ ਮਰ ਜਾਏ
ਚੰਮ-ਜੂੰਆਂ ਆਪੇ ਹੀ ਮਰ ਜਾਣਗੀਆਂ। ਸਿੱਖ ਨੇਤਾਵਾਂ ਵਿੱਚ ਤਾਂ ਏੱਥੋਂ ਤਕ ਗਿਰਾਵਟ ਆ ਗਈ ਹੈ ਕਿ
ਵੋਟਾਂ ਦੀ ਖਾਤਰ ਹਵਨ ਕਰਦੇ, ਮੱਥਿਆਂ `ਤੇ ਤਿਲਕ ਲਗਾਉਂਦੇ ਤੇ ਆਪਣਿਆਂ ਹੱਥਾਂ ਵਿੱਚ ਕੜਿਆਂ ਨਾਲ
ਮੌਲ਼ੀਆਂ ਬੰਨਣ ਤੋਂ ਵੀ ਭੋਰਾ ਸ਼ਰਮ ਮਹਿਸੁਸ ਨਹੀਂ ਕਰਦੇ। ਨੇਤਾ ਸਾਧਾਂ ਨੂੰ ਵਰਤਦੇ ਹਨ ਤੇ ਸਾਧ
ਨੇਤਾਵਾਂ ਨੂੰ ਵਰਤਦੇ ਹਨ।
ਅਫ਼ਸਰ ਸ਼ਾਹੀ ਪਖੰਡੀ ਸਾਧਾਂ ਦੀ ਮੁਰੀਦ
ਤੇਜ਼ ਤਰਾਰ ਅਫ਼ਸਰ ਆਪਣੇ ਨੇਤਾ ਦੀਆਂ ਕੰਮਜ਼ੋਰੀਆਂ ਨੂੰ ਭਲੀ ਭਾਂਤ ਜਾਣ ਲੈਂਦਾ
ਹੈ। ਅਫ਼ਸਰਾਂ ਸ਼ਾਹੀ ਨੂੰ ਆਪਣੀ ਨੌਕਰੀ ਲਈ ਜਾਂ ਆਪਣੀ ਘਰਵਾਲੀ ਦੀ ਬਦਲੀ ਲਈ ਜਾਂ ਮਲਾਈਦਾਰ ਮਹਿਕਮਾ
ਪ੍ਰਾਪਤ ਕਰਨ ਲਈ ਨੇਤਾਵਾਂ ਦੀਆਂ ਸਿਫ਼ਾਰਸ਼ਾਂ ਚਾਹੀਦੀਆਂ ਹਨ। ਜਿਸ ਸਾਧ ਦਾ ਮੁਰੀਦ ਨੇਤਾ ਹੁੰਦਾ ਹੈ
ਲਗ-ਪਗ ਓਸੇ ਸਾਧ ਦਾ ਚੇਲਾ ਅਫ਼ਸਰ ਹੁੰਦਾ ਹੈ। ਏਸੇ ਨੂੰ ਕਿਹਾ ਜਾਂਦਾ ਹੈ ਕਿ ਜਦੋਂ ਚੋਰ `ਤੇ ਕੁੱਤੀ
ਰਲ਼ ਜਾਣ ਤਾਂ ਘਰ ਲੁਟਿਆ ਜਾਣਾ ਯਕੀਨੀ ਹੈ, ਦੂਜਾ ਸਾਧਾਂ ਨੂੰ ਵੀ ਅਜੇਹੇ ਅਫ਼ਸਰਾਂ ਦੀ ਜ਼ਰੂਰਤ ਹੁੰਦੀ
ਹੈ ਕਿਉਂਕਿ ਉਹਨਾਂ ਨੇ ਵੀ ਆਪਣੇ ਅਤੇ ਆਪਣੇ ਸ਼ਰਧਾਲੂਆਂ ਦੇ ਪੁੱਠੇ ਸਿੱਧੇ ਕੰਮ ਕਰਾਉਣੇ ਹੁੰਦੇ ਹਨ।
ਜਨ ਸਧਾਰਨ ਬੰਦਾ ਵੀ ਆਪਣੇ ਕੰਮ ਕਰਾਉਣ ਲਈ ਸਾਧ ਦਾ ਮੁਰੀਦ ਬਣ ਜਾਂਦਾ ਹੈ।
ਕਾਜ਼ੀ ਹੋਇ ਰਿਸ਼ਵਤੀ ਵੱਢੀ ਲੈ ਕੇ ਹਕ ਗਵਾਈ।।
ਬਲੈਕੀਏ, ਕਾਲ਼ੇ ਧਨ ਵਾਲੇ, ਜ਼ਮੀਨਾਂ `ਤੇ ਕਬਜ਼ਾ ਕਰਨ ਵਾਲਾ ਮਾਫੀਆ--
ਬਾਬਿਆਂ ਦੇ ਡੇਰਿਆਂ ਦੀ ਰੋਣਕਾਂ ਨੂੰ ਚਾਰ ਚੰਨ ਲਉਣ ਵਾਲੇ ਤੇ ਉਹਨਾਂ ਦੀ
ਆਮਦਨ ਵਿੱਚ ਬੇ-ਓੜਕਾ ਵਾਧਾ ਕਰਨ ਵਾਲੇ ਬਲੈਕ ਕਰਨ ਵਾਲੇ, ਕਾਲ਼ੇ ਧਨ ਨੂੰ ਚਿੱਟਾ ਕਰਨ ਵਾਲੇ ਤੇ
ਧੱਕੇ ਨਾਲ ਜ਼ਮੀਨਾਂ `ਤੇ ਕਬਜ਼ਾ ਕਰਨ ਵਾਲੇ ਅਕਸਰ ਬਾਬਿਆਂ ਦੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹੁੰਦੇ
ਹਨ। ਦੋ ਨੰਬਰ ਦਾ ਧੰਦਾ ਕਰਨ ਵਾਲਿਆਂ ਲਈ ਇਹ ਡੇਰੇ ਠਾਹਰ ਦਾ ਕੰਮ ਵੀ ਦੇਂਦੇ ਹਨ। ਧਰਮ ਦੇ ਨਾਂ
`ਤੇ ਕਾਲ਼ੇ ਕਾਰਨਾਮਿਆਂ ਵਾਲੇ ਆਪਣੇ ਕਾਲ਼ੇ ਕੰਮਾਂ ਨੂੰ ਛੁਪਾ ਲੈਂਦੇ ਹਨ।
ਡਾਲਰਾਂ ਪੌਂਡਾ ਦੀ ਚਮਕ--
ਬਾਬਿਆਂ ਦੇ ਅੰਨ੍ਹੇ ਸ਼ਰਧਾਲੂ ਕੇਵਲ ਆਪਣੇ ਮੁਲਕ ਵਿੱਚ ਹੀ ਨਹੀਂ ਹਨ ਸਗੋਂ
ਬਾਹਰਲੇ ਮੁਲਕਾਂ ਵਿੱਚ ਵੀ ਇਹਨਾਂ ਦਾ ਪੂਰਾ ਜਾਲ ਵਿੱਛਿਆ ਹੋਇਆ ਹੈ। ਇਹਨਾਂ ਦੇ ਚੇਲੇ ਅਗਾਂਹ ਨਵੇਂ
ਨਵੇਂ ਚੇਲੇ ਲੱਭਦੇ ਰਹਿੰਦੇ ਹਨ। ਅੰਨ੍ਹੇ ਸ਼ਰਧਾਲੂ ਹਜ਼ਾਰਾਂ ਡਾਲਰ ਤੇ ਪੌਂਡ ਇਹਨਾਂ ਤੋਂ ਦੀ ਵਾਰ
ਦੇਂਦੇ ਹਨ। ਏੱਥੇ ਗੁਰਬਾਣੀ ਦੇ ਵਾਕ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਪਏਗਾ। ਕਈ ਪਰਵਾਰ ਤਾਂ ਇੱਥੋਂ
ਤਕ ਸੋਚਦੇ ਹਨ ਸ਼ਾਇਦ ਬਾਬੇ ਦੀ ਕਿਰਪਾ ਨਾਲ ਹੀ ਸਾਨੂੰ ਵੀਜ਼ਾ ਮਿਲਿਆ ਹੈ।
ਅਕਲੀ ਪੜ੍ਹਿ ਕੈ ਬੂਝੀਐ ਅਕਲੀ ਕੀਚੈ ਦਾਨੁ।।
ਇਖ਼ਲਾਕ ਹੀਣ ਗੱਲਾਂ `ਤੇ ਭਰੋਸਾ ਕਰਨਾ--
ਬਹੁਤੇ ਪਰਵਾਰਾਂ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਇਹਨਾਂ ਵਿਚੋਂ ਸਭ ਤੋਂ
ਵੱਧ ਮੁੰਡੇ ਦੀ ਪ੍ਰਾਪਤੀ ਦੀ ਹੁੰਦੀ ਹੈ। ਕਈ ਪ੍ਰਵਾਰ ਇਸ ਕੰਮਜ਼ੋਰੀ ਵਿੱਚ ਭਟਕ ਕੇ ਸਾਧਾਂ ਦੇ
ਢੲ੍ਹੇ ਚੜ੍ਹ ਜਾਂਦੇ ਹਨ। ਫਿਰ ਬੜੀ ਹੁੱਬ ਨਾਲ ਕਹਿਣਗੇ ਜੀ ਸਾਡੇ ਤਾਂ ਕਾਕਾ ਬਾਬਾ ਜੀ ਦੀ ਅਸ਼ੀਰਵਾਦ
ਨਾਲ ਹੋਇਆ ਹੈ। ਇੱਕ ਵਾਰੀ ਇੱਕ ਸਟੇਜ ਸਕੱਤਰ ਕਹਿੰਦਾ ਕਿ ਮੇਰਾ ਜਨਮ ਫਲਾਣੇ ਬਾਬੇ ਦੀ ਕਿਰਪਾ ਨਾਲ
ਹੋਇਆ ਹੈ ਕਿਉਂਕਿ ਮੇਰੇ ਮਾਤਾ ਜੀ ਮੈਨੂੰ ਦਸਦੇ ਹਨ, ਸਾਨੂੰ ਬਾਬਾ ਜੀ `ਤੇ ਬਹੁਤ ਭਰੋਸਾ ਹੈ। ਸਾਰੇ
ਬਾਬੇ ਮਾੜੇ ਨਹੀਂ ਹੁੰਦੇ। ਮੇਰੇ ਮੂੰਹੋਂ ਸੁਭਾਵਕ ਨਿਕਲ ਗਿਆ ਕਿ ਜੇ ਤੁਹਾਡਾ ਜਨਮ ਇਸ ਤਰ੍ਹਾਂ
ਹੋਇਆ ਹੈ ਤਾਂ ਸਮਾਜ ਵਿੱਚ ਇਹ ਇਖ਼ਲਾਕ ਹੀਣ ਗੱਲ ਹੈ। ਫਿਰ ਤਾਂ ਬਹੁਤ ਮਾੜੀ ਗੱਲ ਹੈ। ਏਦਾਂ ਦੀਆਂ
ਇਖ਼ਲਾਖ ਹੀਣ ਗੱਲਾਂ ਸਾਨੂੰ ਸਮਾਜ ਵਿਚੋਂ ਆਮ ਸੁਣਨ ਨੂੰ ਮਿਲ ਜਾਂਦੀਆਂ ਹਨ।
ਗਰਜ਼ਾਂ ਦੇ ਮਾਰੇ ਲੋਕ--
ਸਰਕਾਰੀ ਨੀਤੀਆਂ ਲੋਕਾਂ ਲਈ ਘੱਟ ਪਰ ਉਹਨਾਂ ਦੇ ਆਪਣੇ ਫਾਇਦੇ ਲਈ ਬਹੁਤ
ਹੁੰਦੀਆਂ ਹਨ। ਦੂਜਾ ਸਰਕਾਰੀ ਯੋਜਨਾਵਾਂ ਦਾ ਬਹੁਤ ਲਾਭ ਰਾਜਨੀਤਕ ਲੋਕ ਹੀ ਲੈ ਜਾਂਦੇ ਹਨ ਜਦ ਕਿ ਆਮ
ਲੋਕਾਂ ਤਕ ਸਰਕਾਰੀ ਲਾਭ ਪਹੁੰਚਦਾ ਪਹੁੰਚਦਾ ਬੁੱਢਾ ਹੋ ਜਾਂਦਾ ਹੈ। ਗਰਜ਼ਾਂ ਦੇ ਮਾਰੇ ਕੁੱਝ ਲੋਕਾਂ
ਦੀਆਂ ਥੋੜ ਚਿਰੀਆਂ ਗਰਜ਼ਾਂ ਇਹ ਬਾਬੇ ਪੂਰੀਆਂ ਕਰ ਦੇਂਦੇ ਹਨ। ਕੁੱਝ ਲੋਕ ਊਠ ਦਾ ਬੁੱਲ ਡਿਗਣ ਦੀ
ਉਡੀਕ ਵਿੱਚ ਹੁੰਦੇ ਹਨ। ਇਹ ਬਾਬੇ ਲੋਕਾਂ ਦੁਆਰਾ ਇਕੱਠੇ ਕੀਤੇ ਪੈਸਿਆਂ ਨਾਲ ਥੋੜਾ ਬਹੁਤਾ ਸਮਾਨ
ਖਰੀਦ ਕੇ ਲੋਕਾਂ ਨੂੰ ਅਕਸਰ ਵੰਡਦੇ ਰਹਿੰਦੇ ਹਨ। ਲੋਕਾਂ ਵਿੱਚ ਇੱਕ ਪ੍ਰਭਾਵ ਬਣਿਆ ਰਹਿੰਦਾ ਹੈ ਕਿ
ਜੀ ਬਾਬੇ ਤਾਂ ਸਾਡੀਆਂ ਗਰਜ਼ਾਂ ਪੂਰੀਆਂ ਕਰ ਦੇਂਦੇ ਹਨ। ਫਿਰ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਕੀ
ਕਰਦੀ ਹੈ? ਕਿਸੇ ਦੇ ਬੱਚੇ ਨੂੰ ਦਾਖਲਾ ਦਵਾ ਦਿੱਤਾ ਕਿਸੇ ਦੀ ਫੀਸ ਤਾਰ ਦਿੱਤੀ ਜਾਂ ਗਾਹੇ–ਬ-ਗਾਹੇ
ਡੇਰਿਆਂ ਵਲੋਂ ਮਿਲਦੀਆਂ ਸਹੂਲਤਾਂ ਨੂੰ ਦੇਖ ਕੇ ਲੋਕ ਡੇਰਿਆਂ ਵਲ ਨੂੰ ਤੁਰ ਪੈਂਦੇ ਹਨ।
ਕਈ ਪਤਨੀਆਂ ਦੇ ਪਤੀ ਸ਼ਰਾਬ ਜਾਂ ਹੋਰ ਕਈ ਨਸ਼ਿਆਂ ਦੀ ਮਾਰ ਹੇਠ ਆਏ ਹੁੰਦੇ
ਹਨ। ਨਸ਼ਿਆਂ ਦਾ ਸਤਾਇਆ ਹੋਇਆ ਪਰਵਾਰ ਬਾਬਿਆਂ ਦੀ ਸ਼ਰਣ ਲੈਂਦਾ ਹੈ ਕਿ ਕਿਸੇ ਤਰੀਕੇ ਨਾਲ ਸਾਡੇ
ਪਰਵਾਰ ਵਿਚੋਂ ਇਹ ਬਿਮਾਰੀ ਨਿਕਲ ਜਾਏ। ਜੇ ਬੰਦਾ ਨਸ਼ਾ ਛੱਡ ਗਿਆ ਤਾਂ ਉਹ ਪਰਵਾਰ ਬਾਬਿਆਂ ਦਾ ਪੱਕਾ
ਸ਼ਰਧਾਲੂ ਬਣ ਜਾਂਦਾ ਹੈ।
ਮੁਫਤ ਦੀ ਸੇਵਾ ਦੇ ਨਾਂ `ਤੇ ਕਹਿਰ--
ਆਮ ਡੇਰਿਆਂ ਵਿੱਚ ਸ਼ਰਧਾ ਦੇ ਨਾਂ `ਤੇ ਆਪਣੇ ਸ਼ਰਧਾਲ਼ੂਆਂ ਕੋਲੋਂ ਮੁਫਤ ਵਿੱਚ
ਕੰਮ ਕਰਾਇਆ ਜਾਂਦਾ ਹੈ ਉਸ ਨੂੰ ਇਹ ਕਾਰ ਸੇਵਾ ਦਸਦੇ ਹਨ। ਸ਼ਰਧਾਲੂ ਸਮਝਦਾ ਹੈ ਕਿ ਏੱਥੇ ਸੇਵਾ ਕਰਨ
ਨਾਲ ਸ਼ਾਇਦ ਮੇਰੇ ਪਿੱਛਲੇ ਪਾਪ ਧੋਤੇ ਜਾਣਗੇ ਤੇ ਮੈਨੂੰ ਰੱਬ ਜੀ ਦੀ ਪ੍ਰਾਪਤੀ ਹੋ ਜਾਏਗੀ। ਲਾਲਚ
ਵੱਸ ਕਈ ਵਿਚਾਰੇ ਆਪਣੇ ਘਰਦਾ ਵਿਗਾੜ ਕੇ ਵੀ ਬਾਬਿਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਿੱਚ ਲੱਗੇ
ਹੁੰਦੇ ਹਨ।
ਸਵਾਦਿਸ਼ਟ ਲੰਗਰਾਂ ਦੀ ਖਿੱਚ--
ਬਾਬੇ ਤਥਾ ਸਭ ਡੇਰਿਆਂ ਵਾਲੇ ਆਪਣੇ ਸ਼ਰਾਧਲੂਆਂ ਦੀਆਂ ਭੀੜਾਂ ਵਧਾਉਣ ਲਈ
ਸਾਦਾ ਲੰਗਰ ਛੱਡ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਾ ਕੇ ਸ਼ਰਧਾਲੂਆਂ ਦੀ ਅੱਖੀਂ ਘੱਟਾ ਪਾਇਆ
ਜਾਂਦਾ ਹੈ।
ਬਾਬਿਆਂ ਦੀਆਂ ਬਖਸ਼ਿਸ਼ਾਂ--
ਬਾਬਿਆਂ ਨੇ ਆਪਣਾ ਜਾਲ ਇਸ ਕਦਰ ਵਛਾਇਆ ਹੋਇਆ ਹੈ ਕਿ ਇਹਨਾਂ ਦੀਆਂ ਬਣੀਆਂ
ਭੇਡਾਂ ਜਦੋਂ ਕਦੇ ਵੀ ਕੋਈ ਕੰਮ ਕਰਨ ਲੱਗਦੀਆਂ ਹਨ ਤਾਂ ਬਾਬਾ ਜੀ ਦਾ ਅਸ਼ੀਰਵਾਦ ਲੈਣਾ ਨਹੀਂ
ਭੁੱਲਦੀਆਂ। ਸੌਦਾ ਸਾਧ ਦੇ ਸ਼ਰਧਾਲੂਆਂ ਵਿੱਚ ਏੰਨੀ ਅੰਨ੍ਹੀ ਸ਼ਰਧਾ ਹੈ ਕਿ ਮਕਾਨ ਬਣਾਉਣ ਵਾਲਾ
ਪ੍ਰੇਮੀ ਬਾਬੇ ਦੇ ਹੱਥ ਲੱਗੀ ਇੱਟ ਲੈਣ ਲਈ ਲੱਖ ਰੁਪਇਆ ਦੇਂਦਾ ਹੈ। ਦੋ ਇਟਾਂ ਲੈਣ ਲਈ ਦੋ ਲੱਖ
ਰੁਪਇਆ ਦੇ ਆਉਂਦਾ ਹੈ। ਸਮਝਿਆ ਜਾਂਦਾ ਹੈ ਕਿ ਇਹ ਇੱਟ ਲੱਗਣ ਨਾਲ ਸਾਡਾ ਮਕਾਨ ਪੈਸਿਆਂ ਨਾਲ ਭਰਿਆ
ਰਹੇਗਾ ਤੇ ਸਾਡੇ ਬਣੇ ਇਸ ਮਕਾਨ ਵਿੱਚ ਕਦੇ ਕੋਈ ਦੁਖ ਨਹੀਂ ਆਏਗਾ। ਸੌਦਾ ਸਾਧ ਦੇ ਡੇਰੇ ਬਣੇ ਗੁੜ
ਦੀ ਇੱਕ ਟੁੱਕੜੀ ਵੀ ਲੱਖ ਰੁਪਏ ਵਿੱਚ ਵਿਕਦੀ ਰਹੀ ਹੈ।
ਬਾਬਿਆਂ ਦੀਆਂ ਨਵੀਆਂ ਨਵੀਆਂ ਚਾਲਾਂ--
ਜਨ ਸਧਾਰਣ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਕਈ ਚਾਲਾਂ ਚੱਲੀਆਂ
ਜਾਂਦੀਆਂ ਹਨ। ਕੋਈ ਆਪਣੀ ਮੂਰਤ `ਤੇ ਧਿਆਨ ਰੱਖਣ ਲਈ ਪ੍ਰੇਰਦਾ ਹੈ ਤੇ ਕਈ ਬਾਬੇ ਊਟ-ਪਟਾਂਗ ਨਰਗਾ
ਨਾਮ ਸਿਮਰੀ ਜਾਣ ਨੂੰ ਕਹਿਣਗੇ। ਲੋਕ ਇਹਨਾਂ ਦੀਆਂ ਡਰਾਮੇਬਾਜ਼ੀਆਂ ਵਿੱਚ ਸਹਿਜ ਨਾਲ ਹੀ ਫਸ ਜਾਂਦੇ
ਹਨ। ਕੁੜੀਆਂ ਦੇ ਵਿਆਹ ਕਰ ਦੇਣੇ ਜਾਂ ਸ਼ਰਧਾਲੂਆਂ ਵਿੱਚ ਕਰਾਮਾਤ ਵਰਗੀਆਂ ਕਹਾਣੀਆਂ ਫੈਲਾ ਦੇਣੀਆਂ
ਨਿੱਤ ਬਾਬਿਆਂ ਦੀਆਂ ਨਵੀਆਂ ਨਵੀਆਂ ਚਾਲਾਂ ਹੁੰਦੀਆਂ ਹਨ।
ਸੌਦਾ ਸਾਧ ਦੀਆਂ ਜੋਗੋਂ ਤੇਰ੍ਹਵੀਆਂ--
ਰੰਗ-ਬ-ਰੰਗੇ ਸਾਧ ਤਾਂ ਬਹੁਤ ਤੁਰੇ ਫਿਰਦੇ ਦਿਖਾਈ ਦੇਂਦੇ ਹਨ ਪਰ ਇਸ ਸਾਧ
ਨੇ ਫਿਲਮਾਂ ਬਣਾ ਕੇ ਨੌਟੰਗੀ ਸ਼ੁਰੂ ਕਰ ਦਿੱਤੀ ਸੀ। ਬੇ-ਸੁਰ, ਬੇ-ਤਾਲ, ਕਲਾਂ ਤੋਂ ਹੀਣੀਆਂ,
ਵਿਸ਼ਾ-ਵਸਤੂ ਤੋਂ ਰਹਿਤ ਫਿਲਮਾਂ ਬਣਾ ਕੇ ਅੰਧਕਾਰ ਵਿੱਚ ਹੋਰ ਵਾਧਾ ਕੀਤਾ ਹੈ। ਧਨ ਇਸ ਦੇ
ਅੰਧਵਿਸ਼ਵਾਸੀ ਸ਼ਰਧਾਲੂ ਜਿਹੜੇ ਬੇਤੁਕੀਆਂ ਫਿਲਮਾਂ ਨੂੰ ਸਿਰ ਸੁੱਟ ਕੇ ਦੇਖਦੇ ਤੇ ਤਾੜੀਆਂ ਮਾਰਦੇ
ਹਨ।
ਸੌਦਾ ਸਾਧ ਤੇ ਸਾਡੇ ਜੱਥੇਦਾਰ--
ਸਾਰੀ ਦੁਨੀਆਂ ਨੂੰ ਪਤਾ ਹੈ ਕਿ ਬਾਬਾ ਆਪਣੀਆਂ ਹਰਕਤਾਂ ਕਰਕੇ ਪੂਰੀ ਤਰ੍ਹਾਂ
ਦੁਨੀਆਂ ਵਿੱਚ ਬਦਨਾਮ ਹੋ ਚੁੱਕਾ ਹੈ। ਸਿੱਖ ਧਰਮ ਦੇ ਆਲਮੀ ਸਿਧਾਂਤਾਂ ਦੀ ਸ਼ਰੇਆਮ ਖਿਲੀ ਉਡਾਉਂਦਾ
ਹੈ ਪਰ ਅਕਾਲੀ ਦਲ ਨੇ ਆਪਣੇ ਰਾਜਸੀ ਸੌੜੇ ਹਿੱਤਾਂ ਦੀ ਖਾਤਰ ਚੋਰ ਮੋਰੀ ਰਾਂਹੀਂ ਸੌਦਾ ਸਾਧ ਨੂੰ
ਮੁਆਫੀ ਦਿੱਤੀ ਜਾਂਦੀ ਹੈ। ਅਜੇਹੀ ਚੋਰ ਮੋਰੀ ਵਾਲੀ ਮੁਆਫ਼ੀ ਨੂੰ ਸੰਗਤ ਨੇ ਰਦ ਕਰਕੇ ਜੱਥੇਦਾਰਾਂ ਦੀ
ਹਾਲਤ ਹਾਸੋਹੀਣੀ ਕਰ ਦਿੱਤੀ।
ਸਾਨੂੰ ਕੀ ਕਰਨਾ ਚਾਹੀਦਾ ਹੈ--
ਇਕ ਸੌਦਾ ਸਾਧ ਨਹੀਂ ਸਗੋਂ ਸਿੱਖੀ ਭੇਸ ਵਿੱਚ ਹੋਰ ਵੀ ਬਹੁਤ ਸਾਰੇ ਐਸੇ
ਡੇਰੇ ਹਨ ਜਿਹੜੇ ਬਿਪਰਵਾਦੀ ਰੀਤਾਂ ਨਿਭਾਅ ਰਹੇ ਹਨ ਉਹ ਸੌਦਾ ਸਾਧ ਨਾਲੋਂ ਵੀ ਖਤਰਨਾਕ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਹਿਰਦਤਾ ਨਾਲ ਰਾਜਸੀ ਸਰਗਰਮੀਆਂ ਵਿੱਚ ਹਿੱਸਾ ਲੈਣ ਦੀ
ਬਜਾਏ ਸਿੱਖੀ ਦੀ ਪ੍ਰਫੁੱਲਤਾ ਤੇ ਗੁਰਮਤ ਪ੍ਰਚਾਰ ਵਲ ਧਿਆਨ ਦੇਣਾ ਚਾਹੀਦਾ ਹੈ। ਕਈ ਡੇਰਿਆਂ ਨੇ
ਨਵੀਆਂ ਕਰਤੂਤਾਂ ਕਰਦਿਆਂ ਪਛੜੇ ਵਰਗਾਂ ਨੂੰ ਪਛੜੇ ਹੋਣ ਦਾ ਕਈ ਵਾਰੀ ਅਹਿਸਾਸ ਕਰਾਇਆ ਜਿਸ ਦਾ
ਨਤੀਜਾ ਸਭ ਦੇ ਸਾਹਮਣੇ ਹਨ ਕਿ ਉਹ ਵੀਰ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਧਾਰਾ ਤੋਂ ਦੂਰੀ ਬਣਾ ਕਿ
ਵੱਖਰੇ ਮਤਾਂ ਵਲ ਪਰੇਰੇ ਗਏ। ਸਿੱਖੀ ਸਿਧਾਂਤ ਅਨਸਾਰ ਕਿਸੇ ਨੂੰ ਧੱਕੇ ਨਾਲ ਸਿੱਖੀ ਵਿੱਚ ਦਾਖਲ
ਨਹੀਂ ਕੀਤਾ ਜਾ ਸਕਦਾ। ਪਰ ਪ੍ਰੇਮ ਭਾਵਨਾ, ਮਿੱਠਾ ਬੋਲਣਾ ਤੇ ਕਟੜਤਾ ਨੂੰ ਛੱਡ ਕੇ ਆਪਸ ਵਿੱਚ
ਮਿਲਵਰਤਣ ਨੂੰ ਪਹਿਲ ਦੇਣੀ ਚਾਹੀਦੀ ਹੈ। ਸਿਖਾਂ ਦਾ ਗੁਰਦੁਆਰਿਆਂ ਵਿੱਚ ਆਉਂਦਾ ਦਸਵੰਧ ਚੰਗੇਰੀ
ਵਿਦਿਆ, ਧਰਮ ਪ੍ਰਚਾਰ, ਬੇਰੁਜ਼ਗਾਰੀ ਦਾ ਖਾਤਮਾ, ਲੋੜਵੰਦ ਦੀ ਮਦਦ ਆਦਿਕ ਕਾਰਜਾਂ ਤੇ ਖਰਚ ਕਰਨਾ
ਚਾਹੀਦਾ ਹੈ। ਭੁੱਲੇ ਭਟਕੇ ਤੇ ਸਮਾਜ ਵਿੱਚ ਦੁਰਕਾਰੇ ਲੋਕਾਂ ਨੂੰ ਸੰਵਾਰਨ ੳਤੇ ਭੇਦ ਭਾਵ ਵਾਲੀ
ਬਿਰਤੀ ਦੇ ਖਾਤਮੇ ਹਿਤ ਯਤਨ ਕਰਨੇ ਅਤਿ ਲੋੜੀਂਦੇ ਹਨ। ਤਾਂ ਹੀ ਅਸੀਂ ਗੁਰਬਾਣੀ ਚਾਨਣ ਵਿੱਚ ਸਿੱਖੀ
ਵਿਸਥਾਰ ਕਰਦਿਆਂ ਗੁਰੂ ਹੁਕਮਾਂ ਦੀ ਪੂਰਤੀ ਕਰ ਸਕਦੇ ਹਾਂ।