. |
|
ਭਾਵਨਾ
ਪੰਜਾਬੀ ਕੋਸ਼ ਅਨੁਸਾਰ ਭਾਵਨਾ ਜਾਂ ਭਾਵਨੀ ਦੇ ਅਰਥ ਸ਼ਰਧਾ, ਪਿਆਰ, ਵਿਸ਼ਵਾਸ,
ਭਰੋਸਾ, ਯਕੀਨ, ਚੰਗੇ ਲਗਣਾ ਜਾਂ ਸੰਕਲਪ ਕੀਤੇ ਗਏ ਹਨ। ਇਸ ਲਈ ਜੋ ਵਸਤੂ ਮਨੁੱਖ ਨੂੰ ਭਾਅ ਜਾਵੇ,
ਚੰਗੀ ਲਗੇ, ਉਸ ਨਾਲ ਮੋਹ ਹੋ ਜਾਵੇ, ਓਸੇ ਨੂੰ ਹੀ ਉਸ ਦੀ ਭਾਵਨਾ ਜਾਂ ਸ਼ਰਧਾ ਕਿਹਾ ਜਾਂਦਾ ਹੈ। ਆਮ
ਤੌਰ ਤੇ ਮੋਹ ਨੂੰ ਹੀ ਪਿਆਰ ਸਮਝਿਆ ਜਾਂਦਾ ਹੈ ਪਰ ਪਿਆਰ ਤੇ ਮੋਹ ਵਿੱਚ ਅੰਤਰ ਇਹੀ ਹੈ ਕਿ ਮੋਹ
ਨਿੱਜੀ, ਸੁਆਰਥੀ (ਖੁਦਗਰਜ਼), ਤੰਗਦਿਲ ਹੁੰਦਾ ਹੈ ਪਰ ਪਿਆਰ, ਬਿਨਾ ਕਿਸੇ ਸੁਆਰਥ, ਸ਼ਰਤ ਜਾਂ ਪੱਖਪਾਤ
ਦੇ, ਸਮੂਹਿਕ, ਵਿਰਾਟ ਜਾਂ ਵਿਸ਼ਾਲ ਹੁੰਦਾ ਹੈ ਇਸ ਲਈ ਸਰਬੱਤ ਨਾਲ ਪਿਆਰ ਦੀ ਦਾਤ ਦਾ ਗੁਣ ਉਸ ਵਿਰਲੇ
ਸਮਦਰਸੀ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਸ ਦੀ ਸਾਂਝ ਗੁਰੂ ਦੁਆਰਾ, ਸਾਰਿਆਂ ਦੇ ਮਿੱਤ੍ਰ, ਸਾਰਿਆਂ
ਨੂੰ ਇਕੋ ਦ੍ਰਿਸ਼ਟੀ ਨਾਲ ਵੇਖਣ ਵਾਲੇ, ਨਿਰੰਕਾਰ ਨਾਲ ਪੈ ਜਾਵੇ।
ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ
॥ 51
ਉਸ ਕਰਤੇ ਨਾਲ ਸਾਂਝ ਪਾਉਣ ਲਈ ਗੁਰਬਾਣੀ ਆਦੇਸ਼ ਇਸ ਲਈ ਹੈ ਕਿਉਂਕਿ ਉਸ ਤੋਂ
ਬਿਨਾ ਕਿਸੇ ਹੋਰ ਨਾਲ ਚਿੱਤ ਲਾਉਣਾ ਜਾਂ ਕਿਸੇ ਹੋਰ ਤੇ ਸ਼ਰਧਾ ਰੱਖਣੀ ਤਾਂ ਮੋਹ ਮਾਇਆ ਦੇ ਜਾਲ ਵਿੱਚ
ਫਸਣਾ ਹੈ। ਮੇਰੇ ਮਨ ਏਕਸ ਸਿਉ
ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥
44
ਜੇ ਭਾਵਨਾ ਜਾਂ ਸ਼ਰਧਾ ਹੀ ਰੱਖਣੀ ਹੈ ਤਾਂ ਉਸ ਆਕਾਲ ਪੁਰਖ ਤੇ ਰੱਖਣੀ ਬਣਦੀ
ਹੈ ਜੋ ਸਦਾ ਨਿਹਚਲ ਜਾਂ ਅਬਿਨਾਸੀ ਤੇ ਸਦਾ ਸੰਗ ਨਿਭਣ ਵਾਲਾ ਹੈ।
ਓਹੁ ਅਬਿਨਾਸੀ ਬਿਨਸਤ ਨਾਹੀ ॥ ਨਾ ਕੋ
ਆਵੈ ਨਾ ਕੋ ਜਾਹੀ ॥ 736
ਸਾਰੇ ਦ੍ਰਿਸ਼ਟਮਾਨ ਆਕਾਰ ਕਿਉਂਕਿ ਬਿਨਸਨਹਾਰ ਹਨ ਇਸ ਲਈ ਕਿਸੇ ਬਿਨਸਨਹਾਰ
ਆਕਾਰ ਤੇ ਸ਼ਰਧਾ, ਭਾਵਨਾ ਜਾਂ ਮੋਹ ਪਾਉਣਾ ਵਿਅਰਥ ਤੇ ਦੁਖਦਾਇਕ ਹੀ ਹੁੰਦਾ ਹੈ। ਗੁਰਬਾਣੀ ਦਾ ਆਦੇਸ਼
ਹੈ ਕਿ: ਜਿਨ ਸਰਧਾ ਰਾਮ ਨਾਮਿ
ਲਗੀ ਤਿਨ੍ਹ੍ਹ ਦੂਜੈ ਚਿਤੁ ਨ ਲਾਇਆ ਰਾਮ ॥ ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ
ਭਾਇਆ ਰਾਮ ॥ 444
ਜਿਨ੍ਹਾਂ ਦੀ ਸ਼ਰਧਾਂ, ਪਿਆਰ ਜਾਂ ਭਾਵਨਾ ਕੇਵਲ ਰਾਮ (ਜਾਂ ਗੁਰੂ) ਨਾਲ ਲਗ
ਜਾਂਦੀ ਹੈ, ਉਹਨਾਂ ਦਾ ਚਿੱਤ ਕਿਸੇ ਦੂਜੇ ਪਾਸੇ ਨਹੀ ਲਗਦਾ, ਉਹ ਕਿਸੇ ਹੋਰ ਦੀ ਆਸ, ਭਾਵਨਾ, ਸ਼ਰਧਾ
ਜਾਂ ਟੇਕ ਨਹੀ ਰਖਦੇ, ਕਿਉਂਕਿ ਇੱਕ ਪਾਰਬ੍ਰਹਮ ਜਾਂ ਗੁਰੂ ਹੀ ਸਦੀਵੀ ਥਿਰ ਜਾਂ ਅਬਿਨਾਸੀ ਤੇ ਸਦਾ
ਸੰਗ ਨਿਭਣ ਵਾਲਾ ਹੈ। ਇਹੀ ਕਾਰਨ ਹੈ ਕਿ ਆਕਾਰ ਵਾਲੀ ਕੋਈ ਦੇਹ (ਜੋ ਬਿਨਸਨਹਾਰ ਹੈ) ਗੁਰਗਿਆਨ ਦਾ
ਇੱਕ ਮਾਧਿਅਮ ਜਾਂ ਵਸੀਲਾ ਤਾਂ ਹੋ ਸਕਦੀ ਹੈ, ਪੋਥੀ ਪ੍ਰਮੇਸਰ ਦਾ ਥਾਨ ਤਾਂ ਹੋ ਸਕਦੀ ਹੈ ਪਰ ਗੁਰੂ
ਨਹੀ ਹੋ ਸਕਦੀ। ਉਸ ਦੇਹ ਵਿੱਚ ਵਸਦਾ ਸਦੀਵੀ ਅਮਰ ਆਤਮਿਕ ਗਿਆਨ (ਸ਼ਬਦ) ਹੀ ਗੁਰੂ (ਪਰਮੇਸ਼ਰ) ਹੈ।
ਗੁਰੁ ਪਾਰਬ੍ਰਹਮੁ ਪਰਮੇਸਰੁ
ਆਪਿ ॥ 387 ਇਥੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ
ਨਿਰਆਕਾਰ ਗੁਰੂ ਜਾਂ ਪਾਰਬ੍ਰਹਮ ਦੀ ਕਿਉਂਕਿ ਕੋਈ ਰੂਪ ਰੇਖਾ ਨਹੀ ਇਸ ਲਈ ਉਸ ਦੀ ਬੇਅਦਬੀ ਹੋਣੀ
ਅਸੰਭਵ ਹੈ ਪਰ ਜੇ ਕਿਸੇ ਦੀ ਭਾਵਨਾ ਦੇਹ (ਮੂਰਤੀ) ਨਾਲ ਹੀ ਜੁੜੀ ਹੋਈ ਹੈ ਤਾਂ ਅਵੱਸ਼ ਉਸ ਦੇਹ ਦੀ
ਬੇਅਦਬੀ ਨਾਲ ਭਾਵਨਾ ਜ਼ਰੂਰ ਵਲੂੰਧਰੀ ਜਾਵੇਗੀ। ਇਸ ਲਈ ਗੁਰਬਾਣੀ ਮਨੁੱਖ ਨੂੰ ਕਿਸੇ ਆਕਾਰ ਵਾਲੀ ਦੇਹ
ਜਾਂ ਮੂਰਤੀ ਨਾਲ ਜੁੜਨ ਤੋਂ ਹੋੜਦੀ ਹੈ ਤੇ ਸਦਾ ਥਿਰ ਤੇ ਸਦੀਵੀ ਅਮਰ ਗੁਰੂ ਜਾਂ ਨਿਰੰਕਾਰ ਨਾਲ
ਜੋੜਦੀ ਹੈ। ਜੋ ਆਇਆ ਸੋ ਚਲਸੀ
ਅਮਰੁ ਸੁ ਗੁਰੁ ਕਰਤਾਰੁ ॥ 63
ਪਰ ਮਨੁੱਖ ਦੀ ਅਗਿਆਨਤਾ ਹੀ ਉਸ ਦੇ ਅੰਦਰ ਡਰ ਪੈਦਾ ਕਰਕੇ ਉਸ ਨੂੰ ਹਰ
ਦਿਸਦੇ ਆਕਾਰ ਦਾ ਸ਼ਰਧਾਲੂ ਜਾਂ ਭਾਵੁਕ ਬਣਾ ਦਿੰਦੀ ਹੈ ਜਿਵੇਂ ਡਰੇ ਹੋਏ ਕਿਸੇ ਮਨੁੱਖ ਦੀ ਸ਼ਰਧਾ ਵੱਖ
ਵੱਖ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਵਿੱਚ ਹੈ, ਕਿਸੇ ਦੀ ਗ੍ਰਹਿ ਪੂਜਾ ਵਿੱਚ, ਕਿਸੇ ਦੀ ਜਾਨਵਰਾਂ
ਦੀ ਪੂਜਾ ਵਿੱਚ, ਕਿਸੇ ਦੀ ਪੀਰਾਂ, ਫਕੀਰਾਂ, ਸਾਧੂਆਂ ਸੰਤਾਂ ਤੇ ਬਾਬਿਆਂ ਦੀ ਪੂਜਾ ਵਿੱਚ, ਕਿਸੇ
ਦੀ ਮੜੀਆਂ ਮਸਾਣਾਂ ਤੇ ਕਬਰਾਂ ਦੀ ਪੂਜਾ ਵਿੱਚ, ਕਿਸੇ ਦੀ ਸ਼ਸਤਰਾਂ ਦੀ ਪੂਜਾ ਵਿੱਚ ਤੇ ਕਿਸੇ ਦੀ
ਧਰਮ ਗ੍ਰੰਥਾਂ ਦੀ ਪੂਜਾ-ਆਦਿਕ ਵਿੱਚ ਹੈ। ਡਰੇ ਹੋਏ ਮਨੁੱਖ ਦੀ ਸ਼ਰਧਾ ਜਾਂ ਭਾਵਨਾ ਕਰਤੇ ਦੀ ਕਿਰਤ
ਤੇ ਤਾਂ ਹੈ ਪਰ ਕਰਤੇ ਤੇ ਨਹੀ। ਜਿਵੇਂ ਗਿਆਨ ਤੋਂ ਸੱਖਣਾ ਪਿਆਰ ਅੰਨ੍ਹਾ ਮੋਹ ਹੈ ਤਿਵੇਂ ਗਿਆਨ ਤੋਂ
ਸੱਖਣੀ ਭਾਵਨਾ ਜਾਂ ਸ਼ਰਧਾ ਵੀ ਅੰਨ੍ਹੀ (ਮੋਹ) ਹੀ ਹੈ ਤੇ ਇਸੇ ਕੂੜੇ ਮੋਹ ਤੋਂ ਹੀ ਗੁਰਬਾਣੀ ਬਾਰ
ਬਾਰ ਸੂਚਤ ਕਰਦੀ ਹੈ। ਨਾਮੁ
ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥ ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥61
ਗੁਰੂ ਦੇ ਸ਼ਬਦ ਦੁਆਰਾ ਸੰਤੋਖ ਧਾਰਨ ਕਰਕੇ
ਉਸ ਦੇ ਨਾਮ (ਹੁਕਮ) ਨੂੰ ਪਿਆਰ ਨਾਲ ਮੰਨਣਾ ਹੈ,
ਭਾਵ ਉਸ ਅਨੁਸਾਰ ਜੀਵਨ ਬਤੀਤ ਕਰਨਾ ਹੈ। ਜੋ ਵੀ ਦਿਸ ਰਿਹਾ ਹੈ, ਉਸ ਨਾਲ ਮੋਹ (ਝੂਠਾ ਪਿਆਰ) ਨਹੀ
ਪਾਉਣਾ, ਉਸ ਤੇ ਭਾਵਨਾ ਨਹੀ ਰੱਖਣੀ, ਕਿਉਂਕਿ ਉਹ ਸਭ ਬਿਨਸਨਹਾਰ ਹੈ।
ਨਦਰੀ ਆਵੈ ਤਿਸੁ ਸਿਉ ਮੋਹੁ ॥ ਕਿਉ
ਮਿਲੀਐ ਪ੍ਰਭ ਅਬਿਨਾਸੀ ਤੋਹਿ ॥ 801 ਇਸ ਦਾ ਇਹ
ਅਰਥ ਵੀ ਨਹੀ ਕਿ ਆਕਾਰੀ ਧਰਮ ਗ੍ਰੰਥਾਂ ਦਾ ਸਤਿਕਾਰ ਤੇ ਦੇਖ ਭਾਲ ਨਹੀ ਕਰਨੀ ਪਰ ਪਿਆਰ, ਸ਼ਰਧਾ ਜਾਂ
ਭਾਵਨਾ ਉਹਨਾਂ ਵਿੱਚ ਪਏ ਆਤਮਿਕ ਤੇ ਨਿਰਆਕਾਰ ਗਿਆਨ ਨਾਲ ਹੀ ਲਾਭਦਾਇਕ ਹੋਵੇਗੀ। ਧਾਰਮਿਕ ਗ੍ਰੰਥਾਂ
ਨਾਲ ਮੋਹ, ਅਕਾਰ ਨਾਲ ਮੋਹ ਹੋਵੇਗਾ, ਜਿਸ ਤੋਂ ਗੁਰਬਾਣੀ ਸੁਚੇਤ ਕਰਦੀ ਹੈ।
ਬਾਝੁ ਗੁਰੂ ਹੈ ਮੋਹੁ ਗੁਬਾਰਾ ॥ ਫਿਰਿ
ਫਿਰਿ ਡੁਬੈ ਵਾਰੋ ਵਾਰਾ ॥1068 ਗ੍ਰੰਥ ਵਿੱਚ ਪਿਆ
ਗੁਰਗਿਆਨ (ਜੋ ਗੁਰੂ ਹੈ) ਤੋਂ ਬਿਨਾ ਕਿਸੇ ਹੋਰ ਆਕਾਰ ਤੇ ਸ਼ਰਧਾ ਘੁੱਪ ਹਨੇਰੇ ਦਾ ਮੋਹ ਹੀ ਹੋਵੇਗਾ
ਪਰ ਅਜੋਕੇ ਸਮੇ ਵਿੱਚ ਗਿਆਨ ਦਾ ਚਰਾਗ (ਗੁਰਬਾਣੀ) ਕੋਲ ਹੁੰਦਿਆਂ ਮਨੁੱਖ ਬਾਰ ਬਾਰ (ਅਗਿਆਨਤਾ ਦੇ
ਹਨੇਰੇ) ਖੂਹ ਵਿੱਚ ਡਿੱਗਦਾ ਫਿਰਦਾ ਹੈ
(ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ
ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ 1376),
ਮੋਹ ਦੇ ਹਨੇਰੇ ਵਿੱਚ ਗਿਆਨ ਦੇ ਚਰਾਗ ਤੋਂ ਬਿਨਾ ਸ਼ਰਧਾ
ਜਾਂ ਭਾਵਨਾ ਅੰਨ੍ਹੀ (ਭਾਵ ਵਿਅਰਥ) ਹੀ ਰਹੇਗੀ। ਗੁਰਬਾਣੀ (ਗੁਰੂ) ਵਿੱਚ ਚਿੱਤ ਲਗਣ ਨਾਲ, ਸਾਂਝ
ਪੈਣ ਨਾਲ, ਗੁਰਬਾਣੀ ਨੂੰ ਵਿਚਾਰਨ ਨਾਲ, ਗੁਰਬਾਣੀ ਤੇ ਸ਼ਰਧਾ ਜਾਂ ਭਾਵਨਾ ਬਣ ਆਵੇਗੀ, ਤੇ ਅਗਿਆਨਤਾ
ਦਾ ਹਨੇਰਾ ਚੁਕਿਆ ਜਾਵੇਗਾ, ਨਿਰਭਉ ਨਾਲ ਜੁੜ ਕੇ ਨਿਡਰਤਾ ਪੈਦਾ ਹੋ ਜਾਵੇਗੀ ਤੇ ਅੰਨ੍ਹੀ ਭਾਵਨਾ
ਜਾਂ ਸ਼ਰਧਾ ਦੇ ਕਰਮ ਕਾਂਡਾਂ ਤੋਂ ਛੁਟਕਾਰਾ ਹੋ ਜਾਵੇਗਾ। ਹਰ ਬੰਦੇ ਦੀ ਕਿਉਂਕਿ ਸੋਚ ਅਲੱਗ ਹੈ ਇਸ
ਲਈ ਉਸ ਦੀ ਭਾਵਨਾ ਵੀ (ਸੋਚ ਅਨੁਸਾਰ) ਅਲੱਗ ਤੇ ਨਿੱਜੀ ਹੀ ਹੋਵੇਗੀ। ਜਿਸ ਮਨੁੱਖ ਦੀ ਸੋਚ, ਸ਼ਰਧਾ
ਜਾਂ ਭਾਵਨਾ ਦ੍ਰਿਸ਼ਟਮਾਨ ਸੰਸਾਰ ਨਾਲ ਹੈ ਉਸ ਦੀ ਭਾਵਨਾ ਅਦ੍ਰਿਸ਼ਟ ਨਿਰੰਕਾਰ ਉਤੇ ਨਹੀ ਆ ਸਕਦੀ।
ਨਿਰੰਕਾਰ ਤੇ ਭਾਵਨਾ ਜਾਂ ਸ਼ਰਧਾ ਉਦੋਂ ਹੀ ਆਵੇਗੀ ਜਦੋਂ ਦ੍ਰਿਸ਼ਟਮਾਨ ਆਕਾਰਾਂ ਦੀ ਭਾਵਨਾ ਜਾਂ ਸ਼ਰਧਾ
ਤੋਂ ਮੁਕਤੀ ਹੋਵੇਗੀ। ਗੁਰਬਾਣੀ ਉਪਦੇਸ਼ ਹੈ:
ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ
ਸੇਤੀ ਚਿਤੁ ਲਾਇ ॥ ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥ 908
ਇਹ ਇੱਕ ਬੜੀ ਅਨਹੋਣੀ ਜਿਹੀ ਗਲ ਹੈ ਕਿ ਮਨੁੱਖ ਦੀ ਭਾਵਨਾ
ਜਾਂ ਸ਼ਰਧਾ ਤਾਂ ਬਿਨਸਣਹਾਰ ਆਕਾਰਾਂ ਤੇ ਹੋਵੇ ਪਰ ਪਾਉਣਾ ਨਿਹਚਲ ਨਿਰੰਕਾਰ ਨੂੰ ਚਹੁੰਦਾ ਹੋਵੇ।
ਗੁਰਬਾਣੀ ਫੁਰਮਾਨ ਹੈ: ਫਰੀਦਾ
ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥ 1379
ਵੇਖਣ ਵਿੱਚ ਆਵੇਗਾ ਕਿ ਮਨੁੱਖ ਦੀਆਂ ਆਕਾਰਾਂ ਨਾਲ ਫੋਕੀਆਂ ਭਾਵਨਾਵਾਂ ਹੀ
ਵੈਰ ਵਿਰੋਧ, ਈਰਖਾ ਤੇ ਪੁਆੜੇ ਦੀ ਜੜ੍ਹ ਬਣ ਜਾਂਦੀਆਂ ਹਨ। ਆਮ ਕਿਹਾ ਜਾਂਦਾ ਹੈ ਕਿ ਕਿਸੇ ਦੀ
ਭਾਵਨਾ ਨੂੰ ਠੇਸ ਨਹੀ ਪਹੁੰਚਾਣੀ ਚਾਹੀਦੀ ਪਰ ਹੁਣ ਜਿਥੇ ਗਿਆਨ ਹੋਵੇਗਾ ਉਥੇ ਅਗਿਆਨਤਾ ਨੂੰ ਠੇਸ
ਤਾਂ ਜ਼ਰੂਰ ਲਗੇਗੀ ਅਤੇ ਠੇਸ ਲੱਗੇ ਤੋਂ ਬਿਨਾ ਸੱਚ ਦੇ ਗਿਆਨ ਦਾ ਚਰਾਗ ਕਿਵੇਂ ਬਲੇਗਾ? ਪਾਰਬਰਹਿਮ
(ਸੱਚ) ਤੇ ਭਾਵਨਾ ਕਿਵੇਂ ਆਵੇਗੀ? ਅਧਿਆਤਮਿਕ ਵਾਪਾਰ ਵਿੱਚ ਜਿਵੇਂ ਗੁਰਮਤ ਨੂੰ ਪਾਉਣ ਲਈ ਮਨਮਤ
ਤਿਆਗਣੀ ਹੀ ਪੈਂਦੀ ਹੈ, ਪ੍ਰਭੂ ਪਿਆਰ ਪਾਉਣ ਲਈ ਵਿਕਾਰਾਂ ਦਾ ਮੋਹ ਛੱਡਣਾ ਹੀ ਪੈਂਦਾ ਹੈ, ਗੁਣਾਂ
ਨੂੰ ਧਾਰਨ ਕਰਨ ਲਈ ਔਗਣ ਛੱਡਣੇ ਹੀ ਪੈਂਦੇ ਹਨ, ਮਨ ਦੀ ਪਾਕੀਜ਼ਗੀ ਜਾਂ ਪਵਿੱਤ੍ਰਤਾ ਲਈ ਮਨ ਦੀ ਮੈਲ
ਨੂੰ ਧੋਣਾ ਹੀ ਪਵੇਗਾ, ਤਿਵੇਂ ਨਿਰੰਕਾਰ ਨਾਲ ਸਾਂਝ ਪਾਉਣ ਲਈ ਸੰਸਾਰ ਦੀ ਪਕੜ ਛੱਡਣੀ ਹੀ ਪਵੇਗੀ ਪਰ
ਇਹ ਅਧਿਆਤਮਿਕ ਵਾਪਾਰ ਕੋਈ ਵਿਰਲਾ ਹੀ ਵਾਪਾਰਦਾ ਹੈ:
ਇਹੁ ਵਾਪਾਰੁ ਵਿਰਲਾ ਵਾਪਾਰੈ ॥ ਨਾਨਕ
ਤਾ ਕੈ ਸਦ ਬਲਿਹਾਰੈ ॥ 283
ਇਸੇ ਵਿਰਲੇ ਵਾਪਾਰ ਨਾਲ ਹੀ ਹਿਰਦੇ ਵਿੱਚ ਸੱਚ (ਨਿਰੰਕਾਰ) ਦਾ ਵਾਸਾ ਹੋ
ਜਾਂਦਾ। ਬਾਬਾ ਨਾਨਕ ਸਿੱਧਾਂ, ਜੋਗੀਆਂ, ਪੰਡਤਾਂ ਤੇ ਮੌਲਵੀਆਂ ਨਾਲ ਸੱਚ ਦੀ ਵੀਚਾਰ ਕਰਦੇ ਸਨ ਤਾਂ
ਅਵੱਸ਼ ਉਹਨਾਂ ਦੀਆਂ ਫੋਕੀਆਂ ਭਾਵਨਾਵਾਂ ਨੂੰ ਠੇਸ ਲਗਦੀ ਹੋਵੇਗੀ ਪਰ ਇਸ ਤੋਂ ਬਿਨਾ ਫੋਕੀਆਂ ਤੇ
ਵਿਅਰਥ ਭਾਵਨਾਵਾਂ ਦੇ ਬੰਧਨਾਂ ਤੋਂ ਛੁਟਕਾਰਾ ਵੀ ਨਹੀ ਪਾਇਆ ਜਾ ਸਕਦਾ। ਆਤਮਿਕ ਗਿਆਨ ਦਾ ਚਰਾਗ ਹੀ
ਇਹਨਾਂ ਫੋਕੀਆਂ ਤੇ ਵਿਅਰਥ ਭਾਵਨਾਵਾਂ ਦੇ ਡਰ ਨੂੰ ਸਾੜ ਸਕਦਾ ਹੈ। ਕੈਸੀ ਅਨੋਖੀ ਗਲ ਹੈ ਕਿ
ਹਿੰਦੂਆਂ ਦੀਆਂ ਭਾਵਨਾਵਾਂ ਤੇਤੀ ਕ੍ਰੋੜ ਦੇਵਤਿਆਂ ਤੇ ਹਨ, ਸਿੱਖ ਜਗਤ ਵਿੱਚ ਅਨੇਕਾਂ ਦੀਆਂ
ਭਾਵਨਾਵਾਂ ਅਖੌਤੀ ਸਾਧੂ ਸੰਤਾਂ ਤੇ ਬਾਬਿਆਂ ਤੇ ਹਨ ਜਦ ਕੇ ਬਾਣੀ ਕਿਸੇ ਮਨੁਖੀ ਟੇਕ (ਸ਼ਰਧਾ) ਤੋਂ
ਰੋਕਦੀ ਹੈ:- ਮਾਨੁਖ ਕੀ ਟੇਕ
ਬ੍ਰਿਥੀ ਸਭ ਜਾਨ॥ ਦੇਵਨ ਕਉ ਏਕੈ ਭਗਵਾਨ॥ 281
ਕਿਉਂਕਿ ਇਤਨੀਆਂ ਵੱਖ ਵੱਖ ਭਾਵਨਾਵਾਂ ਦੇ ਹੁੰਦਿਆਂ ਮਨੁੱਖੀ ਏਕਤਾ, ਪਿਆਰ ਜਾਂ ਸੁਖੀ ਭਾਈਚਾਰਾ
ਕਿਵੇਂ ਸੰਭਵ ਹੋ ਸਕਦਾ ਹੈ? ਇਹ ਵੱਖ ਵੱਖ ਅਖੌਤੀ ਭਾਵਨਾਵਾਂ ਹੀ ਇਕੋ ਸੱਚ (ਨਿਰੰਕਾਰ) ਨਾਲ ਜੁੜਨ
ਨਹੀ ਦਿੰਦੀਆਂ ਅਤੇ ਸੱਚ ਨਾਲ ਜੁੜੇ ਬਿਨਾ ਸੁਖੀ ਜੀਵਨ ਤੇ ਮਨੁੱਖੀ ਏਕਤਾ ਜੇ ਅਸੰਭਵ ਨਹੀ ਤਾਂ ਅਤਿ
ਕਠਨ ਜ਼ਰੂਰ ਹੈ। ਹਰ ਧਰਮ ਵਿੱਚ ਬਖੇੜਿਆਂ ਦਾ ਕਾਰਨ ਹੀ ਵੱਖਰੀਆਂ ਭਾਵਨਾਵਾਂ ਹਨ। ਮਸਾਲ ਦੇ ਤੌਰ ਤੇ
ਸਿੱਖ ਜਗਤ ਵਿੱਚ ਹੀ, ਗਿਆਨ ਹੀਣ, ਅੰਨ੍ਹੀ ਸ਼ਰਧਾ ਜਾਂ ਭਾਵਨਾਵਾਂ ਨੇ ਹੀ ਅਨੇਕ ਵਿਤਕਰੇ ਪਾਏ ਹੋਏ
ਹਨ। ਇੱਕ ਪਾਸੇ ਗੁਰਬਾਣੀ ਤੇ ਭਾਵਨਾ ਰੱਖ ਕੇ ਸਿੱਖ ਪੜ੍ਹਦਾ ਹੈ ਕਿ
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ
ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥
646 ਨਿੱਤ ਹੋਕਾ ਦਿੰਦਾ ਹੈ ਕਿ:
ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ
ਏਕੋ ਹੈ ॥ 350 ਉਸ ਨੂੰ ਮੱਥੇ ਟੇਕਦਾ ਹੈ, ਅਨੇਕ
ਤਰਾਂ ਦੇ ਪਾਠ ਪੂਜਾ ਕਰਦਾ ਹੈ, ਕੀਰਤਨ ਤੇ ਆਰਤੀਆਂ ਕਰਦਾ ਹੈ, ਭੇਟਾਵਾਂ ਅਰਪਣ ਕਰਦਾ ਹੈ, ਅਰਦਾਸਾਂ
ਕਰਦਾ ਹੈ ਅਤੇ ਦੂਜੇ ਪਾਸੇ ਇੱਕ ਹੋਰ ਅਖੌਤੀ ਗੁਰੂ (ਦਸਮ ਗ੍ਰੰਥ) ਤੇ ਵੀ ਸ਼ਰਧਾ ਰੱਖੀ ਬੈਠਾ ਹੈ ਪਰ
ਗੁਰਬਾਣੀ ਦਾ ਅਟੱਲ ਫੈਸਲਾ ਹੈ ਕਿ:
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ
ਬਲੇਡਾ ਟੂਟਾ ॥ 331 ਦੋ ਪਾਸੇ ਭਾਵਨਾ ਰੱਖਣ ਵਾਲੇ
ਦਾ ਛੱਪਰ (ਆਸਰਾ) ਢਹਿ ਜਾਵੇਗਾ, ਇਹ ਦੁਚਿੱਤੀ ਸ਼ਰਧਾ ਡਿੱਗ ਕੇ ਚਕਨਾ ਚੂਰ ਹੋ ਜਾਵੇਗੀ, ਦੋ ਬੇੜੀਆਂ
ਵਿੱਚ ਰੱਖੇ ਪੈਰ ਡੁੱਬਣ ਦਾ ਕਾਰਨ ਬਣ ਜਾਂਦੇ ਹਨ। ਸਪਸ਼ਟ ਹੈ ਕਿ ਸਿੱਖ ਦੀ ਸ਼ਰਧਾ ਗੁਰੂ ਤੇ ਹੈ ਹੀ
ਨਹੀ। ਕਹਿਣ ਮਾਤਰ ਹਰ ਕੋਈ ਮਾਇਆ ਭੇਟ ਕਰਕੇ ਗੁਰੂ ਨੂੰ ਮੱਥਾ ਟੇਕ ਕੇ ਸ਼ਰਧਾ ਜਾਂ ਭਾਵਨਾ ਦਾ
ਵਿਖਾਵਾ ਜਾਂ ਇਜ਼ਹਾਰ ਤਾਂ ਜ਼ਰੂਰ ਕਰਦਾ ਹੈ ਪਰ ਅੰਦਰੋਂ ਗੁਰਬਾਣੀ ਤੇ ਸ਼ਰਧਾ, ਭਾਵਨਾ ਜਾਂ ਪਿਆਰ ਕਿਸੇ
ਵਿਰਲੇ ਦਾ ਹੀ ਹੈ। ਨਿੱਤ ਦੀਆਂ ਮੰਗ ਭਰਪੂਰ ਅਰਦਾਸਾਂ ਸਪਸ਼ਟ ਕਰਦੀਆਂ ਹਨ ਕਿ ਅੱਜ ਸਿੱਖ ਦੀ ਸ਼ਰਧਾ
ਵਪਾਰਕ ਬਣ ਗਈ ਹੈ। ਜਦੋਂ ਤਕ ਤਾਂ ਮੰਗਾਂ ਪੂਰਨ ਹੁੰਦੀਆਂ ਹਨ ਉਦੋਂ ਤਕ ਤਾਂ ਸ਼ਰਧਾ ਤੇ ਭਾਵਨਾ ਗੁਰੂ
ਤੇ ਬਣੀ ਰਹਿੰਦੀ ਹੈ ਪਰ ਜਦੋਂ ਮੰਗਾਂ ਪੂਰਨ ਨਹੀ ਹੁੰਦੀਆਂ ਤਾਂ ਸ਼ਰਧਾ ਬਦਲ ਕੇ ਝੱਟ ਕਿਸੇ ਹੋਰ
ਅਖੌਤੀ ਸੰਤ ਜਾਂ ਬਾਬੇ ਦਾ ਦਰ ਜਾ ਖੜਕਾਉਂਦੀ ਹੈ, ਕਿਸੇ ਹੋਰ ਦਾ ਸ਼ਰਧਾਲੂ ਬਣਾ ਦਿੰਦੀ ਹੈ।
ਗੁਰਦੁਅਰਿਆਂ ਵਿੱਚ ਪਰਚਾਰਕਾਂ, ਕਥਾਕਾਰਾਂ ਤੇ ਕੀਰਤਨੀਆਂ ਪਾਸੋਂ ਸਾਲਾਂ ਤੋਂ ਇਹ ਸੁਣਦੇ ਆ ਰਹੇ
ਹਾਂ ਕਿ ਪੰਡਿਤ ਦੇ ਦਿੱਤੇ ਪੱਥਰ ਵਿੱਚੋਂ ਧੰਨੇ ਦੀ ਅਟੁੱਟ ਸ਼ਰਧਾ ਨੇ ਭਗਵਾਨ ਨੂੰ ਉਸ ਪੱਥਰ ਵਿਚੋਂ
ਪ੍ਰਗਟ ਕਰ ਲਿਆ ਪਰ ਧੰਨਾ ਭਗਤ ਜੀ ਆਪਣੀ ਬਾਣੀ ਦੁਆਰਾ ਆਪ ਕਹਿ ਰਹੇ ਹਨ ਕਿ
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ
ਧਿਆਨੁ ਮਾਨੁ ਮਨ ਏਕ ਮਏ ॥ ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥ 487
ਗੁਰੂ ਨੇ ਗਿਆਨ ਰੂਪੀ ਧੰਨ ਦੇ ਕੇ ਪ੍ਰਭੂ ਨਾਲ ਜੋੜ ਦਿੱਤਾ। ਅੰਦਰ ਪਿਆਰ
(ਸ਼ਰਧਾ) ਪੈਦਾ ਹੋ ਗਈ ਤੇ ਇਸ ਪ੍ਰੇਮਾ ਭਗਤੀ ਦੁਆਰਾ ਸੁੱਖ ਨਾਲ ਸਾਂਝ ਪੈ ਗਈ ਤੇ ਵਿਕਾਰਾਂ ਦੇ
ਬੰਧਨਾਂ ਤੋਂ ਮੁਕਤ ਹੋ ਗਿਆ। ਸੋ ਧੰਨਾ ਜੀ ਨੂੰ ਪ੍ਰਭੂ ਨਾਲ ਪਿਆਰ (ਸ਼ਰਧਾ), ਮਿਲਾਪ ਤੇ ਮਨ ਦੀ
ਤ੍ਰਿਪਤੀ ਗੁਰ ਗਿਆਨ ਦੁਆਰਾ ਹੋਈ, ਪੰਡਿਤ ਦੇ ਦਿੱਤੇ ਪੱਥਰ ਦੀ ਸ਼ਰਧਾ ਵਿੱਚੋਂ ਨਹੀ। ਕਿਸ ਨੂੰ
ਮੰਨਿਆ ਜਾਵੇ? ਧੰਨੇ ਭਗਤ ਜੀ ਨੂੰ ਜਾਂ ਅਗਿਆਨੀ ਪਰਚਾਰਕਾਂ
ਨੂੰ? ਬੱਸ, ਏਸੇ ਤਰਾਂ ਪਰਚਾਰਕਾਂ ਤੇ ਕਥਾਕਾਰਾਂ
ਦੀ ਗਲਤ ਪੜਚੋਲ ਨੇ ਸਿੱਖ ਜਗਤ ਨੂੰ ਭੰਬਲ ਭੁਸੇ ਵਿੱਚ ਪਾਈ ਰੱਖਿਆ, ਪਰ ਗੁਰਬਾਣੀ ਸਪਸ਼ਟ ਕਰਦੀ ਹੈ
ਕਿ ਦ੍ਰਿਸ਼ਟਮਾਨ ਆਕਾਰਾਂ ਤੇ ਰੱਖੀ ਸ਼ਰਧਾ, ਭਾਵੇਂ ਉਹ ਕਿਸੇ ਮਨੁੱਖੀ ਦੇਹ ਤੇ ਹੈ, ਤੀਰਥ ਅਸਥਾਨਾਂ
ਤੇ ਹੈ, ਸ਼ਸਤ੍ਰਾਂ, ਚਿੰਨਾਂ, ਰੁਖਾਂ, ਰੀਠਿਆਂ, ਪਿੱਪਲਾਂ ਬੇਰੀਆਂ –ਆਦਿਕ-- ਤੇ ਹੈ ਸਭ ਵਿਅਰਥ ਤੇ
ਦੁਖਦਾਈ ਹੀ ਹੋਵੇਗੀ।ਸਭੋ
ਸੂਤਕੁ ਜੇਤਾ ਮੋਹੁ ਆਕਾਰੁ ॥ ਮਰਿ ਮਰਿ ਜੰਮੈ ਵਾਰੋ ਵਾਰ ॥ 229
ਇਹ ਆਕਾਰਾਂ ਦਾ ਮੋਹ (ਕੱਚੀ ਭਾਵਨਾ ਜਾਂ ਸ਼ਰਧਾ) ਆਤਮਿਕ
ਮੌਤ ਦੇ ਗੇੜ ਵਿੱਚੋਂ ਨਿਕਲਨ ਨਹੀ ਦੇਵੇਗਾ। ਅਜੋਕੇ ਸਮੇ ਵਿੱਚ ਸ਼ਰਧਾ ਤਾਂ ਕਿਸੇ ਨਾਲ ਲੁੱਝਣ ਦਾ
ਬਹਾਨਾ ਹੀ ਬਣ ਗਿਆ ਹੈ, ਛੋਟੀ ਜਿਹੀ ਗਲ ਤੇ ਹੀ ਸ਼ਰਧਾ ਝੱਟ ਵਲੂੰਧਰੀ ਜਾਂਦੀ ਹੈ। ਕਿਥੇ ਰਹਿ ਗਿਆ
ਗੁਰਬਾਣੀ ਉਪਦੇਸ਼ ਜੋ ਸਬਰ, ਸੰਤੋਖ, ਸਹਿਨਸ਼ੀਲਤਾ ਤੇ ਵਡੇ ਜਿਗਰੇ ਦੀ ਤਾਕੀਦ ਕਰਦਾ ਹੈ?
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ
ਕਰਹਿ ॥ ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥ 1384
ਸਬਰ ਸੰਤੋਖ ਤੇ ਸਹਿਨਸ਼ੀਲਤਾ ਦਾ ਜੀਵਨ ਤੇਰੇ ਦਿਲ ਨੂੰ
ਖੁੱਲੇ ਤੇ ਵਿਸ਼ਾਲ ਦਰਿਆ ਵਰਗਾ ਬਣਾ ਦੇਵੇਗਾ ਜਿਸ ਵਿੱਚ ਸੱਚਾ ਪਿਆਰ (ਸ਼ਰਧਾ) ਪੈਦਾ ਹੋ ਜਾਵੇਗਾ ਤੇ
ਤੰਗਦਿਲੀ (ਕੱਟੜਤਾ) ਖਤਮ ਹੋ ਜਾਵੇਗੀ। ਸਾਰੀ ਮਨੁਖਤਾ ਲਈ ਪਿਆਰ ਪੈਦਾ ਹੋ ਜਾਵੇਗਾ।
ਹਕੁ ਹਲਾਲੁ ਬਖੋਰਹੁ ਖਾਣਾ ॥ ਦਿਲ ਦਰੀਆਉ ਧੋਵਹੁ ਮੈਲਾਣਾ ॥ 1084
ਹੱਕ ਹਲਾਲ ਦਾ ਖਾਣਾ ਖਾਇਆ ਕਰ (ਭਾਵ ਕਿ ਪਰਾਇਆ ਹੱਕ
ਮਾਰਨਾ ਛੱਡ ਦੇ), ਦਿਲ ਵਿੱਚੋਂ ਵਿਕਾਰਾਂ ਦੀ ਮੈਲ ਨੂੰ ਕੱਢ ਕੇ ਦਿਲ ਨੂੰ ਵਿਸ਼ਾਲ ਦਰਿਆ ਵਰਗਾ
ਬਨਾਉਣਾ ਹੈ। ਇਹ ਕੰਮ ਤਾਂ ਗੁਰਬਾਣੀ (ਗੁਰੂ) ਤੇ ਭਾਵਨਾ ਲਿਆਉਣ ਤੋਂ ਬਿਨਾ ਨਹੀ ਹੋ ਸਕਦਾ ਹੈ,
ਗੁਰਬਾਣੀ ਨੂੰ ਜੀਵਨ ਵਿੱਚ ਅਮਲਾਉਣਾ ਪਵੇਗਾ, ਗੁਰੂ ਨਾਲ ਜੁੜ ਕੇ ਉਸ ਵਰਗਾ ਹੀ ਬਣਨਾ ਪਵੇਗਾ,
ਅਵਗੁਣ ਛੱਡ ਕੇ ਗੁਣਾਂ ਨੂੰ ਧਾਰਨ ਕਰਨਾ ਪਵੇਗਾ, ਵਿਸ਼ਾਲ ਪ੍ਰਭੂ ਨਾਲ ਜੁੜ ਕੇ ਵਿਸ਼ਾਲ ਜਿਗਰੇ ਵਾਲਾ
ਹੀ ਹੋਣਾ ਪਵੇਗਾ। ਜਿਥੇ ਕੱਟੜਤਾ ਤੇ ਤੰਗਦਿਲੀ ਹੈ ਉਥੇ ਸੱਚ ਤੇ ਭਾਵਨਾ ਜਾਂ ਸ਼ਰਧਾ ਹੋ ਹੀ ਨਹੀ
ਸਕਦੀ। ਜੋ ਮਨੁਖਤਾ ਵਿੱਚ ਕਿਸੇ ਤਰਾਂ ਦਾ ਵੀ ਵਿਤਕਰਾ ਪਾਉਂਦਾ ਹੈ ਉਹ ਸਮਦਰਸੀ ਗੁਰੂ ਦਾ ਸ਼ਰਧਾਲੂ
ਨਹੀ ਹੋ ਸਕਦਾ। ਜੋ ਸੱਚੇ ਤੋਂ ਬਿਨਾ ਕਿਸੇ ਹੋਰ ਤੇ ਸ਼ਰਧਾ ਜਾਂ ਭਾਵਨਾ ਰੱਖਦੇ ਹਨ ਉਹਨਾਂ ਲਈ ਗੁਰ
ਫੁਰਮਾਨ ਹੈ ਕਿ: ਜੋ ਬਿਨੁ
ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥ ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ
ਮੁਏ ਅਜਾਣਾ ॥ 305
ਸੱਚੇ ਨੂੰ ਧਿਆਉਣ ਵਾਲਾ (ਸੱਚ ਤੇ ਭਾਵਨਾ ਰੱਖਣ ਵਾਲਾ) ਆਪ ਸੱਚ ਹੋ
ਨਿਬੜੇਗਾ, ਉਹ ਸਮੂਹ ਮਨੁਖਤਾ ਵਿੱਚ ਸੱਚੇ ਦਾ ਵਾਸਾ ਜਾਣ ਕੇ ਸਮਦਰਸੀ ਤੇ ਵਿਸ਼ਾਲ ਦਿਲ ਹੋ ਜਾਵੇਗਾ।
ਮੰਨੇ ਜਾਂਦੇ (ਅਖੌਤੀ) ਧਰਮ ਦੀਆਂ ਸਾਰੀਆਂ ਰੀਤਾਂ ਰਸਮਾਂ ਤੇ ਕਰਮ ਕਾਂਡ ਕਰਕੇ ਵੀ ਜਿਸ ਮਨੁੱਖ ਦੀ
ਸਾਂਝ ਸੱਚ ਨਾਲ ਨਹੀ ਪਈ, ਖਲਕ ਵਿੱਚ ਖਾਲਕ ਨਹੀ ਦਿਸਿਆ, ਊਚ ਨੀਚ ਨੂੰ ਨਹੀ ਤਿਆਗਿਆ, ਵੈਰ ਵਿਰੋਧ
ਤੇ ਨਫਰਤਾ ਨਹੀ ਤਿਆਗੀ, ਨਿਰਪੱਖ ਨਹੀ ਹੋਇਆ, ਉਸ ਦੀ (ਗੁਰੂ ਤੇ) ਸ਼ਰਧਾ ਜਾਂ ਭਾਵਨਾ ਕੱਚੀ ਹੀ ਮੰਨੀ
ਜਾਵੇਗੀ, ਤੇ ਗੁਰਬਾਣੀ ਦਾ ਆਦੇਸ਼ ਹੈ ਕਿ:
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ
ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥ 1102
ਹੇ ਨਾਨਕ ਬਿਨਸਣਹਾਰ ਤੇ ਰੱਖੀ ਸ਼ਰਧਾ ਕੱਚੀ ਤੇ ਕੂੜ ਹੈ ਇਸ
ਲਈ ਕਿਸੇ ਪੱਕੇ ਤੇ (ਅਬਿਨਾਸੀ) ਸੱਜਣ (ਗੁਰੂ, ਗੁਰਬਾਣੀ), ਨੂੰ ਟੋਲ ਜੋ ਸਦਾ ਹੀ ਸੰਗ ਨਿਭਣ ਵਾਲਾ
ਹੈ।
ਦਰਸ਼ਨ ਸਿੰਘ,
ਵੁਲਵਰਹੈਂਪਟਨ, ਯੂ. ਕੇ.
|
. |