ਅੱਜ ਜਿਤਨੀ ਗਿਣਤੀ ਪੰਜਾਬ ਵਿੱਚ ਭੁਲੇਖਾ ਪਾਊ ਡੇਰਿਆਂ ਦੀ ਹੈ, ਉਸ ਨਾਲੋ
ਕਿਤੇ ਵੱਧ ਫੁਟਕਲ ਡੇਰਿਆਂ ਦੀ ਹੈ। ਇਹ ਸਭ ਇਕੱਲੇ ਇਕੱਲੇ ਹੋਣ ਕਾਰਨ ਇਨ੍ਹਾਂ ਦਾ ਬਹੁਤਾ ਪਤਾ ਨਹੀਂ
ਚਲਦਾ ਅਤੇ ਇਨ੍ਹਾਂ ਬਾਰੇ ਉਤਨੀ ਚਰਚਾ ਵੀ ਨਹੀਂ ਹੁੰਦੀ, ਚਰਚਾ ਸਿਰਫ ਉਨ੍ਹਾਂ ਦੀ ਹੁੰਦੀ ਹੈ ਜੋ
ਕੁੱਝ ਵਧੇਰੇ ਮਾਨਤਾ ਪ੍ਰਾਪਤਾ ਕਰ ਜਾਂਦੇ ਹਨ। ਪਰ ਜੇ ਗਹਿਰਾਈ ਵਿੱਚ ਜਾ ਕੇ ਵੇਖਿਆ ਜਾਵੇ ਤਾਂ
ਸ਼ਾਇਦ ਪੰਜਾਬ ਦਾ ਛੋਟੇ ਤੋਂ ਛੋਟਾ ਪਿੰਡ ਵੀ ਐਸਾ ਨਹੀਂ ਹੋਣਾ, ਜਿਥੇ ਕੋਈ ਨਾ ਕੋਈ ਫੁਟਕਲ ਡੇਰਾ
ਕਿਸੇ ਨਾ ਕਿਸੇ ਰੂਪ ਵਿੱਚ ਸਥਾਪਤ ਨਾ ਹੋਵੇ। ਵੰਨ ਸੁਵੰਨੇ ਤਾਂਤਰਿਕ, ਪੁੱਛਾਂ ਦੱਸਣਾ ਦੇਣ ਵਾਲੇ
ਨਾਂਗੇ ਸਾਧ, ਧਾਗੇ ਤਬੀਤ, ਲਾਚੀਆਂ, ਪਾਣੀ, ਪੇੜੇ ਦੇਣ ਵਾਲੇ, ਭੂਤ ਪ੍ਰੇਤ ਕੱਢਣ ਵਾਲੇ, ਕੀਤਾ
ਕਰਾਇਆ ਦੱਸਣ ਵਾਲੇ, ਕਾਲੇ ਇਲਮ ਦੇ ਫੋਕੇ ਦਾਅਵੇ ਕਰਨ ਵਾਲੇ ਸਾਧਾਂ ਦੀ ਗਿਣਤੀ ਵੀ ਬਹੁਤ ਜਿਆਦਾ ਹੈ
ਜੋ ਭੋਲੇ ਭਾਲੇ ਲੋਕਾਂ ਨੂੰ ਅੰਧ ਵਿਸ਼ਵਾਸ ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟ ਰਹੇ ਹਨ। ਇਨ੍ਹਾਂ
ਵਿਚੋਂ ਕਈ ਬਹੁਤ ਛੋਟੀ ਸਮਰਥਾ ਵਾਲੇ ਹਨ, ਜਿਥੇ ਕੇਵਲ ਆਪਣੇ ਨਗਰ ਵਾਲੇ ਜਾਂ ਇੱਕ ਅੱਧ ਗੁਆਂਢੀ
ਪਿੰਡਾਂ `ਚੋਂ ਆ ਜਾਂਦੇ ਹਨ, ਪਰ ਸਮੇਂ ਨਾਲ ਕਈ ਇਤਨੀ ਮਾਨਤਾ ਪ੍ਰਾਪਤ ਕਰ ਗਏ ਹਨ ਕਿ ਕੁੱਝ ਖਾਸ
ਦਿਨਾਂ `ਤੇ ਉਥੇ ਸੂਬੇ ਭਰ `ਚੋਂ, ਬਲਕਿ ਕਈ ਵਾਰ ਵਿਦੇਸ਼ੀਂ ਜਾ ਵੱਸੇ ਪੰਜਾਬੀਆਂ ਵਿਚੋਂ ਵੀ ਵਿਸ਼ੇਸ਼
ਤੌਰ `ਤੇ ਪਹੁੰਚਦੇ ਹਨ।
ਪਹਿਲਾਂ ਤਾਂ ਇਨ੍ਹਾਂ ਦੀਆਂ ਕਿਸਮਾਂ ਇਤਨੀਆਂ ਹਨ ਕਿ ਉਨ੍ਹਾਂ ਸਾਰਿਆਂ ਨੂੰ
ਗਿਣਨਾ ਔਖਾ ਹੈ। ਫਿਰ ਜਿਤਨੇ ਡੇਰੇ ਹਨ, ਉਤਨੇ ਹੀ ਨੇਮ ਅਤੇ ਉਤਨੇ ਹੀ ਸਿਧਾਂਤ ਹਨ। ਖਿਮਾ ਕਰਨਾ!
ਮੈਂ ਕੁੱਝ ਗਲਤ ਲਿਖ ਗਿਆ ਹਾਂ ਕਿਉਂਕਿ ਸਿਧਾਂਤ ਨਾਲ ਇਨ੍ਹਾਂ ਦਾ ਕੌਈ ਲੈਣਾ ਦੇਣਾ ਹੀ ਨਹੀਂ। ਇਹ
ਤਾਂ ਸਿਧੜ, ਅਗਿਆਨੀ ਲੋਕਾਂ ਦਾ ਮਾਨਸਿਕ ਸੋਸ਼ਣ ਕਰਨ ਦੇ ਅੱਡੇ ਹਨ, ਜਿਹੜੇ ਤਰੀਕੇ ਨਾਲ ਲੋਕਾਈ ਨੂੰ
ਮੂਰਖ ਬਣਾਇਆ ਜਾ ਸਕੇ, ਉਹੀ ਸਿਧਾਂਤ ਹੈ ਅਤੇ ਉਹੀ ਨੇਮ ਹੈ।
ਜੇ ਇਹ ਸਮਝ ਲਿਆ ਜਾਵੇ ਕਿ ਇਹ ਹੋਂਦ ਵਿੱਚ ਕਿਵੇਂ ਆਉਂਦੇ ਹਨ ਤਾਂ ਬਾਕੀ
ਮਸਲੇ ਨੂੰ ਸਮਝਣਾ ਸੌਖਾ ਹੋ ਜਾਵੇਗਾ। ਹਰ ਪਿੰਡ, ਨਗਰ ਮੁਹੱਲੇ ਵਿੱਚ ਕੁੱਝ ਐਸੇ ਵਿਹਲੜ ਹੁੰਦੇ ਹਨ,
ਜੋ ਘਰ-ਬਾਰ ਛੱਡ ਕੇ ਐਵੇਂ ਬਾਹਰ ਭਟਕਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਕੁੱਝ ਐਸੇ ਹੁੰਦੇ ਹਨ ਜੋ
ਮਾਨਸਿਕ ਤੌਰ `ਤੇ ਅਸਾਧਾਰਨ ਹੁੰਦੇ ਹਨ। ਜਿਨ੍ਹਾਂ ਨੂੰ ਸਰਲ ਭਾਸ਼ਾ ਵਿੱਚ ਨੀਮ ਪਾਗਲ ਜਾਂ ਝੱਲੇ ਵੀ
ਕਹਿ ਸਕਦੇ ਹਾਂ। ਇਨ੍ਹਾਂ ਤੋਂ ਇਲਾਵਾ ਕੁੱਝ ਵਿਹਲੜ ਹੁੰਦੇ ਹਨ, ਜਿਨ੍ਹਾਂ ਨੂੰ ਨਸ਼ਿਆਂ ਆਦਿ ਦੀ ਆਦਤ
ਲੱਗ ਜਾਂਦੀ ਹੈ। ਉਹ ਨਸ਼ਿਆਂ ਵਿੱਚ ਇਤਨੇ ਗਲਤਾਨ ਹੋ ਜਾਂਦੇ ਹਨ ਕਿ ਅਸਾਧਾਰਨ ਹੋ ਜਾਂਦੇ ਹਨ।
ਇਨ੍ਹਾਂ ਵਿਚੋਂ ਕਈਆਂ ਦੇ ਘਰ-ਬਾਰ ਹੁੰਦੇ ਹੀ ਨਹੀਂ ਅਤੇ ਕਈ ਘਰ-ਬਾਰ ਹੁੰਦੇ ਵੀ ਨਿਥਾਵੇਂ ਹੁੰਦੇ
ਹਨ। ਘਰ ਚਲੇ ਗਏ ਤਾਂ ਚਲੇ ਗਏ, ਨਹੀਂ ਤਾਂ ਨਸ਼ਾ ਕਰ ਕੇ ਜਿਥੇ ਢਹਿ ਪਏ ਉਥੇ ਹੀ ਰਾਤ ਬੀਤ ਗਈ। ਐਸੇ
ਕਈ ਲੋਕ ਨਸ਼ਾ ਕਰਕੇ ਤੱਪ ਸਾਧਨ ਦਾ ਜਾਂ ਵੱਡੀ ਭਗਤੀ ਕਰਨ ਦਾ ਪਖੰਡ ਵੀ ਕਰ ਲੈਂਦੇ ਹਨ। ਅਕਸਰ ਨਸ਼ੇ
ਦੀ ਲੋਰ ਵਿੱਚ ਪਿਆਂ ਨੂੰ ਵੇਖ ਕੇ ਇਹ ਸਮਝ ਲਿਆ ਜਾਂਦਾ ਹੈ ਜਿਵੇਂ ਸਮਾਧੀ ਲੀਨ ਹੋਣ। ਇਨ੍ਹਾਂ
ਵਿਚੋਂ ਜਿਹੜੇ ਕੁੱਝ ਸੀਲ ਸੁਭਾ ਦੇ ਹੁੰਦੇ ਹਨ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ,
ਉਨ੍ਹਾਂ ਨੂੰ ਲੋਕ ਅਕਸਰ ਫਕੜ, ਮਸਤ ਜਾਂ ਕਈ ਵਾਰ ਸੰਤ ਸੁਭਾਅ ਜਾਂ ਫਕੀਰ ਵੀ ਕਹਿ ਦੇਂਦੇ ਹਨ।
ਇਨ੍ਹਾਂ ਵਿਚੋਂ ਕਈਆਂ ਦੀ ਕਦੇ ਕੋਈ ਅਨਭੋਲ ਕਹੀ ਹੋਈ ਗੱਲ ਸੱਚ ਹੋ ਜਾਂਦੀ
ਹੈ ਤਾਂ ਲੋਕੀ ਉਸ ਪ੍ਰਤੀ ਮਨ ਵਿੱਚ ਸ਼ਰਧਾ ਬਣਾ ਲੈਂਦੇ ਹਨ। ਪ੍ਰਮਾਣ ਰੂਪ ਵਿੱਚ ਮੈਨੂੰ ਆਪਣੇ ਬਚਪਨ
ਦੀ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਯਾਦ ਹੈ। ਸਾਡੇ ਮੁਹੱਲੇ ਵਿੱਚ ਇੱਕ ਪੁਰਾਣੀ ਮਸੀਤ ਸੀ ਜੋ
ਮੁਸਲਮਾਨ ਭਾਈਚਾਰੇ ਦੇ ਉਥੋਂ ਜਾਣ ਤੋਂ ਬਾਅਦ ਅੱਧ ਖੰਡਰ ਜਿਹੀ ਬਣੀ ਹੋਈ ਸੀ। ਉਸ ਦੇ ਅੰਦਰ
ਪਾਕਿਸਤਾਨ ਵਾਲੇ ਪੰਜਾਬ ਤੋਂ ਉਜੜ ਕੇ ਆਇਆ ਇੱਕ ਬ੍ਰਾਹਮਣ ਪਰਿਵਾਰ ਰਹਿੰਦਾ ਸੀ। ਬਾਹਰਵਾਰ ਇੱਕ
ਝੁੱਗੀ ਜਿਹੀ ਸੀ, ਜਿਸ ਵਿੱਚ ਇੱਕ ਨਸ਼ੇੜੀ ਸੌਂਦਾ ਸੀ। ਉਹ ਜਿਥੇ ਆਪ ਨਸ਼ੇੜੀ ਸੀ, ਨਾਲ ਕੁੱਝ ਨਸ਼ੇ
ਵੇਚਣ ਦਾ ਧੰਦਾ ਵੀ ਕਰਦਾ ਸੀ। ਪਤਾ ਨਹੀਂ ਕਿਥੋਂ ਕਿਥੋਂ ਲਫੰਡਰ ਕਿਸਮ ਦੇ ਮੁੰਡੇ ਉਸ ਕੋਲੋਂ ਨਸ਼ੇ
ਖਰੀਦਣ ਆਉਂਦੇ। ਦੋ ਤਿੰਨ ਵਾਰੀ ਉਸ ਨੂੰ ਪੁਲਿਸ ਪਕੜ ਕੇ ਲੈ ਗਈ ਪਰ ਫਿਰ ਉਸ ਨੂੰ ਫਕੜ ਸਮਝ ਕੇ ਛੱਡ
ਦੇਂਦੇ। ਜੋ ਨਸ਼ੇੜੀ ਮੁੰਡੇ ਉਸ ਕੋਲੋਂ ਨਸ਼ਾ ਖਰੀਦਣ ਆਉਂਦੇ, ਉਨ੍ਹਾਂ ਵਿਚੋਂ ਕਈ ਘੜੇ ਦਾ ਸੱਟਾ
ਖੇਡਦੇ ਸਨ। ਇੱਕ ਵਾਰੀ ਨਸ਼ੇ ਦੇ ਲੋਰ ਵਿੱਚ ਉਸ ਨੇ ਕੋਈ ਨੰਬਰ ਬੋਲ ਦਿੱਤਾ ਤੇ ਕਿਸੇ ਨਸ਼ੇੜੀ ਨੇ ਉਸ
ਦੇ ਬੋਲੇ ਨੰਬਰ `ਤੇ ਸੱਟਾ ਲਾ ਦਿੱਤਾ। ਕੁਦਰਤੀ ਉਸ ਦਾ ਨੰਬਰ ਨਿਕਲ ਆਇਆ। ਫਿਰ ਕੀ ਸੀ, ਉਹ ਨਸ਼ੇੜੀ
ਪੱਕਾ ਨਜੂਮੀ ਬਣ ਗਿਆ। ਰੋਜ਼ ਪਤਾ ਨਹੀਂ ਕਿੰਨੇ ਸੱਟਾ ਬਾਜ ਉਸ ਕੋਲੋਂ ਨੰਬਰ ਪੁੱਛਣ ਆਉਂਦੇ?
ਹਾਂਲਾਂਕਿ ਮੈਨੂੰ ਨਹੀਂ ਲਗਦਾ ਕਿ ਉਸ ਦੇ ਬਾਅਦ ਉਸ ਦਾ ਦਸਿਆ ਕੋਈ ਨੰਬਰ ਨਿਕਲਿਆ ਹੋਵੇ, ਕਿਉਂਕਿ
ਇੱਕ ਦੋ ਮੁੰਡਿਆਂ ਨੂੰ ਤਾਂ ਮੈਂ ਆਪ ਉਸ ਦੇ ਤਰਲੇ ਕਢਦੇ ਵੇਖਿਆ ਹੈ ਕਿ ਬਾਬਾ ਕੋਈ ਧਿਆਨ ਲਾ ਕੇ
ਨੰਬਰ ਦੱਸ! ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕੈ। ਉਹ ਵੀ ਹੁਣ ਪੂਰਾ ਛਾਤਰ ਹੋ ਚੁੱਕਾ ਸੀ ਕਦੇ
ਕੋਈ ਨੰਬਰ ਬੋਲ ਦੇਵੇ `ਤੇ ਕਦੇ ਕੋਈ। ਹੁਣ ਜਿਸ ਨੇ ਸਾਰੀ ਦਿਹਾੜੀ ਕਈ ਨੰਬਰ ਬੋਲੀ ਜਾਣੇ ਹਨ, ਆਖਰ
ਘੜੇ ਵਿਚੋਂ ਕੋਈ ਨੰਬਰ ਤਾਂ ਨਿਕਲਣਾ ਹੀ ਹੈ। ਹੌਲੀ ਹੌਲੀ ਘੱੜੇ ਦੇ ਸੱਟੇ ਬਾਜਾਂ ਤੋਂ ਇਲਾਵਾ ਵੀ
ਕਈ ਉਸ ਕੋਲੋਂ ਪੁੱਛਾਂ ਪੁੱਛਣ ਆਉਣ ਲਗ ਪਏ। ਜਦੋਂ ੧੯੬੫ ਵਿੱਚ ਮੈਂ ਅੰਮ੍ਰਿਤਸਰ ਛੱਡ ਕੇ ਆ ਗਿਆ,
ਉਦੋਂ ਤੱਕ ਉਸ ਦਾ ਇਹ ਪਖੰਡ ਧੰਦਾ ਜ਼ੋਰਾਂ `ਤੇ ਚੱਲ ਰਿਹਾ ਸੀ।
ਇਨ੍ਹਾਂ ਵਿਚੋਂ ਕਈ ਆਪਣੇ ਜੀਵਨ ਵਿੱਚ ਹੀ ਫਕੀਰ ਬਣ ਬਹਿੰਦੇ ਹਨ ਤਾਂ ਕਈਆਂ
ਦੇ ਰੁਲ-ਖੁਲ ਕੇ ਮਰਨ ਤੋਂ ਬਾਅਦ ਕੋਈ ਉਨ੍ਹਾਂ ਦੇ ਨਾਂ ਨਾਲ ਕੋਈ ਕਰਾਮਾਤੀ ਕਹਾਣੀਆਂ ਘੜ ਕੇ
ਉਨ੍ਹਾਂ ਦੇ ਨਾਂ `ਤੇ ਦੁਕਾਨ ਖੋਲ੍ਹ ਲੈਂਦਾ ਹੈ। ਜੋ ਆਪਣੇ ਜੀਵਨ ਵਿੱਚ ਡੇਰਾ ਬਣਾ ਲੈਂਦੇ ਹਨ,
ਉਨ੍ਹਾਂ ਦੀਆਂ ਗੱਦੀਆਂ ਤਾਂ ਅਗੇ ਚਲਦੀਆਂ ਹੀ ਹਨ, ਜੋ ਵਿਚਾਰੇ ਜੀਵਨ ਵਿੱਚ ਰੁਲ ਕੇ ਮਰਦੇ ਹਨ,
ਉਨ੍ਹਾਂ ਦੇ ਨਾਂ `ਤੇ ਬਾਅਦ ਵਿੱਚ ਵੱਡੇ ਵੱਡੇ ਡੇਰੇ ਬਣਦੇ ਅਤੇ ਗੱਦੀਆਂ ਚਲਦੀਆਂ ਵੇਖੀਆਂ ਹਨ।
ਇਸ ਸ਼੍ਰੇਣੀ ਵਿੱਚ ਕੁੱਝ ਨਿਰਾਸ਼ ਆਸ਼ਕ ਵੀ ਆਉਂਦੇ ਹਨ। ਜੋ ਇਸ਼ਕ ਵਿੱਚ
ਨਾਕਾਮਯਾਬ ਹੋਣ ਤੋਂ ਬਾਅਦ ਸੰਸਾਰੀ ਜੀਵਨ ਤੋਂ ਉਪਰਾਮ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਇੱਕ
ਨਿਰਾਸ਼ ਆਸ਼ਕ ਜਿਸ ਦਾ ਅਸਲੀ ਨਾਂ ਵਿਦਿਆ ਸਾਗਰ ਸੀ, ਬਾਬਾ ਮੁਰਾਦ ਸ਼ਾਹ ਦੇ ਨਾਂ ਨਾਲ ਮਸ਼ਹੂਰ ਹੋਇਆ।
ਇਸ ਦਾ ਇਸ਼ਕ ਇੱਕ ਮੁਸਲਮਾਨ ਲੜਕੀ ਨਾਲ ਹੋ ਗਿਆ ਸੀ ਪਰ ਉਸ ਲੜਕੀ ਦੇ ਘਰ ਦਿਆਂ ਨੇ ਉਸ ਦਾ ਰਿਸ਼ਤਾ
ਕਿਸੇ ਹੋਰ ਨਾਲ ਕਰ ਦਿੱਤਾ। ਲੜਕੀ ਨੇ ਸ਼ਰਤ ਰਖ ਦਿੱਤੀ ਕਿ ਤੇਰੇ ਨਾਲ ਵਿਆਹ ਤਾਂ ਕਰਾਂਗੀ ਜੇ ਤੂੰ
ਮੁਸਲਮਾਨ ਬਣੇਗਾ। ਉਸੇ ਤੋਂ ਨਿਰਾਸ਼ ਹੋ ਕੇ ਇਹ ਫਕੀਰ ਬਣ ਗਿਆ ਦੱਸੀਦਾ ਹੈ। ਇਹ ਹਰ ਵੇਲੇ ਵਾਰਸ ਸ਼ਾਹ
ਦੀ ਲਿੱਖੀ ਹੀਰ ਗਾਉਂਦਾ ਰਹਿੰਦਾ ਸੀ। ਕਹਿੰਦੇ ਹਨ ਕਿ ਇਸ਼ਕ ਵਿੱਚ ਨਿਰਾਸ਼ ਹੋਣ ਤੋਂ ਬਾਅਦ ਇਸ ਨੂੰ
ਇੱਕ ਧਾਰਮਿਕ ਉਸਤਾਦ ਸ਼ੇਰੇ ਸ਼ਾਹ ਮਿਲ ਗਿਆ, ਅਤੇ ਇਹ ਉਸ ਦਾ ਚੇਲਾ ਬਣ ਕੇ ਉਸ ਦੀ ਸੇਵਾ ਵਿੱਚ ਲਗ
ਗਿਆ। ਉਂਝ ਧਾਰਮਿਕ ਪ੍ਰਵਿਰਤੀ ਦਾ ਬਣਨ ਤੋਂ ਬਾਅਦ ਵੀ, ਉਹ ਹੋਰ ਕਈ ਤਰ੍ਹਾਂ ਦੇ ਨਸ਼ੇ ਕਰਨ ਦੇ ਨਾਲ
ਹਰ ਵੇਲੇ ਲਗਾਤਾਰ ਸਿਗਰਟ ਪੀਂਦਾ ਰਹਿੰਦਾ ਸੀ। ਹੁਣ ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਫਕੀਰ ਬਣਨ
ਵਾਸਤੇ ਕਿਤਨੀ ਵਧੀਆ ਕਾਬਲੀਅਤ ਚਾਹੀਦੀ ਹੈ। ਇੱਕ ਹੋਰ ਹੈਰਾਨਗੀ ਦੀ ਗੱਲ ਹੈ ਕਿ ਆਪਣੀ ਮਹਿਬੂਬਾ,
ਜਿਸ ਦੇ ਪਿੱਛੇ ਉਸ ਨੇ ਵੈਰਾਗ ਲੈ ਲਿਆ, ਦੇ ਕਹਿਣ `ਤੇ ਤਾਂ ਮੁਸਲਮਾਨ ਬਣਿਆ ਨਹੀਂ ਪਰ ਇੱਕ
ਮੁਸਲਮਾਨ ਫਕੀਰ ਦਾ ਚੇਲਾ ਬਣ ਕੇ ਉਸ ਦਾ ਧਰਮ ਅਪਣਾ ਲਿਆ। ੨੪ ਸਾਲ ਦੀ ਉਮਰ ਵਿੱਚ ਇਹ ਇਸ਼ਕ ਵਿੱਚ
ਨਿਰਾਸ ਹੋ ਕੇ ਫਕੀਰ ਬਣਿਆ ਅਤੇ ੨੮ ਸਾਲ ਦੀ ਉਮਰ ਵਿੱਚ ਇਸ ਦੀ ਮੌਤ ਹੋ ਗਈ।
ਉਸ ਦੀ ਮੌਤ ਤੋਂ ਕਈ ਸਾਲਾਂ ਬਾਅਦ ਉਸ ਦੇ ਭਤੀਜੇ ਨੇ ਉਸ ਦੀ ਮਜਾਰ ਵਾਲੀ
ਥਾਂ `ਤੇ ਜ਼ਿਲਾ ਜਲੰਧਰ ਦੇ ਨਕੋਦਰ ਨਗਰ ਵਿੱਚ ਇੱਕ ਡੇਰਾ ਸਥਾਪਤ ਕੀਤਾ ਅਤੇ ਹੁਣ ਇਹ ਭਤੀਜਾ ਸਾਈਂ
ਲਾਡੀ ਸ਼ਾਹ ਦੇ ਨਾਂ ਤੇ, ਉਥੇ ਦਾ ਡੇਰੇਦਾਰ ਪੀਰ ਬਣਿਆ ਬੈਠਾ ਹੈ। ਲਾਡੀ ਸ਼ਾਹ ਨੂੰ ਉਸ ਦਾ ਜਾਇਜ਼
ਉਤਰਾਧਿਕਾਰੀ ਬਨਾਉਣ ਵਾਸਤੇ ਵੀ ਕਰਿਸ਼ਮਿਆਂ ਵਾਲੀਆਂ ਕਹਾਣੀਆਂ ਘੜੀਆਂ ਗਈਆਂ ਹਨ। ਇਨ੍ਹਾਂ ਦੇ ਕਹਿਣ
ਮੁਤਾਬਕ ਭਾਵੇਂ ਉਸ ਅੰਦਰ ਆਪਣੇ ਚਾਚੇ ਮੁਰਾਦ ਸ਼ਾਹ ਦੀ ਸ਼ਕਤੀ ਸੀ ਪਰ ਚਾਚੇ ਦੀ ਜਗ੍ਹਾ `ਤੇ ਬੈਠਣ ਲਈ
ਉਸਨੂੰ ਨਕੋਦਰ ਵਿੱਚ ਹੀ ਕਿਸੇ ਬਾਪੂ ਬ੍ਰਹਮ ਜੋਗੀ, ਜੋ ਗੁੱਗਾ ਜ਼ਾਹਰ ਪੀਰ ਦੀ ਸਾਧਨਾ ਕਰਦਾ ਸੀ, ਦਾ
ਚੇਲਾ ਬਣਨਾ ਪਿਆ। ਆਪਣੇ ਚਾਚੇ ਮੁਰਾਦ ਸ਼ਾਹ ਦੇ ਨਕਸ਼ੇ ਕਦਮ `ਤੇ ਚਲਦਿਆਂ ਇਹ ਵੀ ਹਰ ਵੇਲੇ ਸਿਗਰਟ
ਪੀਂਦਾ ਰਹਿੰਦਾ ਹੈ। ਇਸ ਡੇਰੇ ਨੇ ਇਨ੍ਹਾਂ ਸਾਰਿਆਂ ਫੁਟਕਲ ਡੇਰਿਆਂ `ਚੋਂ ਸਭ ਤੋਂ ਵਧ ਮਾਨਤਾ
ਪ੍ਰਾਪਤ ਕੀਤੀ ਹੈ। ਹੀਰ ਵਾਰਸ ਸ਼ਾਹ ਇਨ੍ਹਾਂ ਦੀ ਧਾਰਮਿਕ ਕਿਤਾਬ ਹੈ, ਅਤੇ ਇਨ੍ਹਾਂ ਦੇ ਡੇਰੇ ਦੇ
ਚੇਲੇ ਵੀ ਹਰ ਵੇਲੇ ਸਿਗਰਟ ਦੇ ਸੂਟੇ ਲਾਉਂਦੇ ਰਹਿੰਦੇ ਹਨ। ਪੰਜਾਬ ਦੇ ਇੱਕ ਮਸ਼ਹੂਰ ਗਾਇਕ ਗੁਰਦਾਸ
ਮਾਨ ਦੇ ਉਥੇ ਦਾ ਸ਼ਰਧਾਲੂ ਬਣਨ ਨਾਲ ਇਨ੍ਹਾਂ ਦੀ ਮਾਨਤਾ ਵਿੱਚ ਹੋਰ ਵਾਧਾ ਹੋਇਆ ਹੈ। ਉਂਝ ਕਿਸੇ ਵੀ
ਡੇਰੇ `ਤੇ ਜਾ ਕੇ ਉਥੇ ਦੇ ਡੇਰੇਦਾਰ ਦੇ ਗੁਣ ਗਾਉਣਾ ਇਸ ਗਾਇਕ ਦੇ ਪੇਸ਼ੇ ਦਾ ਹਿੱਸਾ ਹੈ ਅਤੇ ਉਹ
ਹੋਰ ਕਈ ਡੇਰੇਦਾਰਾਂ ਦੇ ਗੁਣ ਗਾਉਂਦਾ ਵੀ ਸੁਣਿਆ ਜਾ ਸਕਦਾ ਹੈ।
ਇਸੇ ਤਰ੍ਹਾਂ ਪੰਜਾਬ ਵਿੱਚ ਪੀਰਾਂ ਦੇ ਨਾਂ `ਤੇ ਅਨਗਿਣਤ ਸਮਾਧਾਂ ਬਣੀਆਂ
ਹੋਈਆਂ ਹਨ ਅਤੇ ਇਨ੍ਹਾ ਉਤੇ ਕੋਈ ਨਾ ਕੋਈ ਪੁਜਾਰੀ ਦਾ ਭੇਖ ਧਾਰ ਕੇ ਪੀਰ ਬਣ ਕੇ ਬੈਠਾ ਹੈ। ਇਹ
ਸਮਾਧਾਂ ਦਾ ਸਿਲਸਿਲਾ ਮੁਸਲਮਾਨਾਂ ਨੇ ਹਿੰਦੂਆਂ ਨੂੰ ਆਪਣੇ ਧਰਮ ਵੱਲ ਖਿਚਣ ਲਈ ਸ਼ੁਰੂ ਕੀਤਾ ਸੀ।
ਪੀਰ ਸਾਬ੍ਹ ਦੀਆਂ ਕਰਾਮਾਤਾਂ ਦਸ ਕੇ ਲੋਕਾਂ ਨੂੰ ਆਪਣੀਆਂ ਮੰਗਾਂ ਮੰਗਣ ਲਈ ਪ੍ਰੇਰਿਆ ਜਾਂਦਾ।
ਕੁਦਰਤੀ ਤੌਰ `ਤੇ ਜਿਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੋ ਜਾਂਦੀਆਂ, ਉਹ ਜਿਥੇ ਮਾਇਕ ਤੌਰ `ਤੇ
ਚੜ੍ਹਾਵੇ ਚੜਾਉਂਦੇ, ਨਾਲ ਹੋਰ ਸੈਂਕੜਿਆਂ ਨੂੰ ਪੀਰ ਸਾਬ੍ਹ ਦਾ ਪ੍ਰਚਾਰ ਕਰਦੇ। ਇਹ ਪੀਰਾਂ ਅਤੇ
ਸਮਾਧਾਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ, ਜਿਥੇ ਮੁਸਲਮਾਨਾ ਨਾਲੋਂ ਹਿੰਦੂ ਅਤੇ ਕੁੱਝ ਮੂਰਖ ਸਿੱਖ
ਵਧੇਰੇ ਜਾਂਦੇ ਹਨ। ਇਹ ਸਮਾਧਾਂ ਇਨ੍ਹਾਂ ਵਿਚੋਂ ਕਿਸੇ ਨੂੰ ਮੁਸਲਮਾਨ ਬਣਾ ਸਕੀਆਂ ਹੋਣ ਕਿ ਨਾਹ, ਪਰ
ਬਹੁਤਿਆਂ ਨੂੰ ਬੇਦੀਨਾ ਜ਼ਰੂਰ ਬਣਾ ਦੇਂਦੀਆਂ ਹਨ। ਇਹ ਸਮਾਧਾਂ ਕਿਵੇ ਬਣਦੀਆਂ ਹਨ, ਇਸ ਬਾਰੇ ਇੱਕ
ਬਹੁਤ ਵਧੀਆਂ ਕਹਾਣੀ ਹੈ:
"ਇਕ ਧੋਬੀ ਇੱਕ ਨਦੀ `ਤੇ ਕਪੜੇ ਧੋਣ ਜਾਂਦਾ ਸੀ, ਉਸ ਦੇ ਰਸਤੇ ਵਿੱਚ ਇੱਕ
‘ਪੀਰ ਖੋਤਾਨ ਸ਼ਾਹ` ਦੀ ਸਮਾਧ ਪੈਂਦੀ ਸੀ। ਉਹ ਰੋਜ਼ ਉਥੋਂ ਲੰਘਦਾ ਤਾਂ ਵੇਖਦਾ ਕਿ ਉਥੇ ਬਹੁਤ ਲੋਕ
ਆਉਂਦੇ ਅਤੇ ਮੰਨਤਾਂ ਮੰਨਦੇ ਸਨ। ਉਹ ਵੀ ਉਥੇ ਰੁਕਣਾ ਸ਼ੁਰੂ ਹੋ ਗਿਆ ਅਤੇ ਉਥੇ ਸਫਾਈ ਦੀ ਸੇਵਾ ਸ਼ੁਰੂ
ਕਰ ਦਿੱਤੀ। ਉਸ ਦੀ ਸੇਵਾ ਭਾਵਨਾ ਵੇਖ ਕੇ ਉਥੇ ਦਾ ਪੁਜਾਰੀ ਬਹੁਤ ਪ੍ਰਸੰਨ ਹੋਇਆ। ਕੁੱਝ ਦਿਨਾਂ
ਬਾਅਦ ਪੁਜਾਰੀ ਨੇ ਉਸ ਨੂੰ ਕਿਹਾ ਕਿ ਭਾਈ ਤੂੰ ਇਤਨੇ ਕਪੜੇ ਚੁੱਕ ਕੇ ਲਿਆਉਂਦਾ ਹੈਂ, ਆਹ ਗਧਾ ਲੈ
ਜਾ ਅਤੇ ਕਪੜੇ ਇਸ `ਤੇ ਲੱਦ ਲਿਆ ਕਰ। ਧੋਬੀ ਬਹੁਤ ਖੁਸ਼ ਹੋਇਆ। ਸਾਧਨ ਵਧਣ ਕਾਰਨ ਉਸ ਨੇ ਕੰਮ ਵੀ
ਵਧਾ ਲਿਆ ਅਤੇ ਵਧੇਰੇ ਕਪੜੇ ਧੋਣੇ ਸ਼ੁਰੂ ਕਰ ਦਿੱਤੇ, ਸੁਭਾਵਕ ਘਰ ਵਿੱਚ ਖੁਸ਼ਹਾਲੀ ਵੀ ਵਧ ਗਈ। ਉਹ
ਗਧੇ ਨੂੰ ਬਹੁਤ ਪਿਆਰ ਕਰਦਾ ਕਿਉਂਕਿ ਉਸ ਦੇ ਆਉਣ ਨਾਲ ਉਸ ਦਾ ਕਾਰੋਬਾਰ ਕਾਫੀ ਵਧ ਗਿਆ ਸੀ। ਉਸ ਤੋਂ
ਇਲਾਵਾ ਪੀਰ ਸਾਬ੍ਹ ਦੀ ਕਬਰ ਪ੍ਰਤੀ ਵੀ ਉਸ ਦੀ ਸ਼ਰਧਾ ਕਾਫੀ ਵਧ ਗਈ।
ਅਚਾਨਕ ਇੱਕ ਦਿਨ ਉਸ ਗੱਧੇ ਦੀ ਮੌਤ ਹੋ ਗਈ। ਧੋਬੀ ਬਹੁਤ ਦੁਖੀ ਹੋਇਆ, ਉਸ
ਨੂੰ ਗਧੇ ਨਾਲ ਬਹੁਤ ਪਿਆਰ ਹੋ ਗਿਆ ਸੀ। ਉਸ ਨੇ ਗਧੇ ਦੀ ਲਾਸ਼ ਨੂੰ ਪਿੰਡ ਦੇ ਬਾਹਰਵਾਰ ਇੱਕ ਖਾਲੀ
ਜਗ੍ਹਾ ਵੇਖ ਕੇ ਦਬਾ ਦਿੱਤਾ। ਸੁਭਾਵਕ ਉਹ ਜਗ੍ਹਾ ਕੁੱਝ ਉੱਚੀ ਹੋ ਗਈ। ਧੋਬੀ ਉਸ ਦੇ ਕੋਲ ਬੈਠ ਕੇ
ਰੋਣ ਲੱਗ ਪਿਆ। ਉਥੋਂ ਕੋਈ ਬਾਹਰਲਾ ਬੰਦਾ ਲੰਘ ਰਿਹਾ ਸੀ ਜੋ ਕਿਸੇ ਖਾਸ ਕੰਮ ਲਈ ਜਾ ਰਿਹਾ ਸੀ। ਉਸ
ਨੇ ਸੋਚਿਆ ਇਹ ਜ਼ਰੂਰ ਕਿਸੇ ਪਹੁੰਚੇ ਹੋਏ ਪੀਰ ਦੀ ਸਮਾਧ ਹੈ, ਜਿਥੇ ਇਹ ਬੰਦਾ ਆਪਣੇ ਦੁਖੜੇ ਰੋ ਰਿਹਾ
ਹੈ। ਉਸ ਨੇ ਉਥੇ ਖਲੋ ਕੇ ਮੰਨਤ ਮੰਨੀ ਕਿ ਪੀਰ ਸਾਬ੍ਹ ਜੇ ਮੇਰਾ ਕੰਮ ਹੋ ਗਿਆ ਤਾਂ ਮੈਂ ਆਪ ਦੀ
ਸਮਾਧ ਪੱਕੀ ਕਰਵਾ ਦੇਵਾਂਗਾ। ਕੁਦਰਤੀ ਉਸ ਦਾ ਕੰਮ ਹੋ ਗਿਆ। ਬਸ ਫੇਰ ਕੀ ਸੀ, ਉਸ ਨੇ ਉਹ ਸਮਾਧ ਵੀ
ਪੱਕੀ ਕਰਵਾ ਦਿੱਤੀ ਅਤੇ ਸਾਰੇ ਨਗਰ ਵਿੱਚ ਰੌਲਾ ਪਾ ਦਿੱਤਾ ਕਿ ਇਹ ਬਹੁਤ ਪਹੁੰਚੇ ਹੋਏ ਪੀਰ ਸਾਬ੍ਹ
ਦੀ ਸਮਾਧ ਹੈ, ਜਿਥੇ ਸਭ ਮੰਨਤਾਂ ਪੂਰੀਆਂ ਹੁੰਦੀਆਂ ਹਨ। ਦੂਰੋਂ ਦੂਰੋਂ ਲੋਕੀ ਉਥੇ ਮੰਨਤਾਂ ਮੰਨਣ
ਆਉਣ ਲੱਗ ਪਏ। ਧੋਬੀ ਕਪੜੇ ਧੋਣ ਦਾ ਕੰਮ ਛੱਡ ਕੇ ਉਥੇ ਪੁਜਾਰੀ ਬਣ ਕੇ ਬੈਠ ਗਿਆ ਅਤੇ ਹਰ ਦਿਨ
ਮਾਲਾ-ਮਾਲ ਹੁੰਦਾ ਗਿਆ।
ਕੁਝ ਸਮੇਂ ਬਾਅਦ ‘ਪੀਰ ਖੋਤਾਨ ਸ਼ਾਹ` ਦੀ ਸਮਾਧ ਦਾ ਪੁਜਾਰੀ ਉਥੋਂ ਨਿਕਲਿਆਂ
ਅਤੇ ਉਸ ਧੋਬੀ ਨੂੰ ਪਹਿਚਾਣ ਕੇ ਉਥੇ ਰੁਕ ਗਿਆ। ਧੋਬੀ ਨੇ ਉਸ ਦਾ ਸ਼ੁਕਰਾਨਾ ਕੀਤਾ ਅਤੇ ਸਾਰੀ ਕਹਾਣੀ
ਸੁਣਾਉਂਦੇ ਹੋਏ ਕਿਹਾ ਕਿ ਮਹਾਰਾਜ ਇਹ ਸਭ ਤੁਹਾਡੀ ਕਿਰਪਾ ਹੈ। ਤੁਸੀਂ ਜੋ ਗਧਾ ਦਿੱਤਾ ਸੀ ਉਹ ਜਦੋਂ
ਤੱਕ ਜਿਉਂਦਾ ਰਿਹਾ, ਕੰਮ ਵਿੱਚ ਮੇਰੀ ਬਹੁਤ ਮਦਦ ਕਰਦਾ ਰਿਹਾ ਅਤੇ ਮਰਨ ਤੋਂ ਬਾਅਦ ਤਾਂ ਮੇਰੇ ਭਾਗ
ਖੋਲ੍ਹ ਦਿੱਤੇ ਸੂ। ਵਾਕਿਆ ਹੀ ਤੁਹਾਡੇ ਪੀਰ ਸਾਬ੍ਹ, ਖੋਤਾਨ ਸ਼ਾਹ ਜੀ ਦੀ ਸਮਾਧ ਬਹੁਤ ਕਰਾਮਾਤ ਵਾਲੀ
ਹੈ। ਉਹ ਪੁਜਾਰੀ ਮੁਸਕੁਰਾਉਂਦਾ ਹੋਇਆ ਬੋਲਿਆ, "ਉਹ ਇਸ ਗੱਧੇ ਦੀ ਮਾਂ ਦੀ ਸਮਾਧ ਹੈ। "
ਇਹ ਤਾਂ ਪਤਾ ਨਹੀਂ ਕਿ ਇਹ ਕਹਾਣੀ ਕਿਤਨੀ ਕੁ ਸੱਚੀ ਜਾਂ ਝੂਠੀ ਹੈ? ਪਰ ਅੱਜ
ਸਾਡੇ ਸਮਾਜ ਵਿੱਚ ਬਣੀਆਂ ਬਹੁਤੀਆਂ ਸਮਾਧਾਂ ਦੀ ਸਚਾਈ ਇਸ ਨਾਲ ਮਿਲਦੀ ਜੁਲਦੀ ਹੈ, ਜੋ ਸਿਰਫ ਸਮਾਜ
ਵਿੱਚ ਫੈਲੀ ਅਗਿਆਨਤਾ ਅਤੇ ਅੰਧ ਵਿਸ਼ਵਾਸ ਕਾਰਨ ਪ੍ਰਫੁਲਤ ਹੋ ਰਹੀਆਂ ਹਨ।
ਮੈਨੂੰ ਇਹ ਸੁਆਲ ਕੀਤਾ ਜਾਵੇਗਾ ਕਿ ਇਨ੍ਹਾਂ ਸਾਰੀਆਂ ਕਿਸਮਾਂ, ਜਿਨ੍ਹਾਂ ਦਾ
ਮੈਂ ਉਪਰ ਜ਼ਿਕਰ ਕੀਤਾ ਹੈ, ਦਾ ਸਿੱਖੀ ਨਾਲ ਤਾਂ ਕੋਈ ਸਬੰਧ ਹੀ ਨਹੀਂ। ਫਿਰ ਮੈਂ ਐਵੇਂ ਸਿਰ ਖਪਾਈ
ਕਿਉਂ ਕਰ ਰਿਹਾ ਹਾਂ?
ਅਸਲ ਵਿੱਚ ਇਨ੍ਹਾਂ ਦਾ ਸਬੰਧ ਕਿਸੇ ਕੌਮ ਨਾਲ ਵੀ ਨਹੀਂ ਅਤੇ ਹਰ ਕੌਮ ਨਾਲ
ਵੀ ਹੈ। ਕਿਉਂਕਿ ਇਹ ਭਾਵੇਂ ਡੇਰਾ ਹੋਵੇ ਜਾਂ ਸਮਾਧ, ਉਥੇ ਮੁਸਲਮਾਨ ਪੀਰਾਂ ਦੀਆਂ ਕਬਰਾਂ ਦੀਆਂ
ਫੋਟੋ ਵੀ ਲਾ ਲੈਣਗੇ, ਕੁਰਾਨ ਦੀਆਂ ਦੋ ਚਾਰ ਆਇਤਾਂ ਵੀ ਲਿੱਖ ਕੇ ਲਾ ਦੇਣਗੇ, ਹਿੰਦੂ ਦੇਵੀ
ਦੇਵਤਿਆਂ ਦੀਆਂ ਮੂਰਤੀਆਂ ਵੀ ਰੱਖ ਲੈਣਗੇ ਅਤੇ ਨਾਲ ਸਿੱਖ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਫੋਟੋਆਂ
ਵੀ ਟੰਗ ਦੇਣਗੇ। ਇਹ ਪੀਰ ਸਾਹਿਬ ਦੀ ਸ਼ਕਤੀ ਦੇ ਗੁਣ ਗਾਇਨ ਵੀ ਕਰ ਲੈਣਗੇ, ਹਿੰਦੂ ਅਵਤਾਰਾਂ ਦੇ
ਕਰਿਸ਼ਮਿਆਂ ਦਾ ਵਖਾਣ ਵੀ ਕਰ ਦੇਣਗੇ ਅਤੇ ਗੁਰੂ ਸਾਹਿਬਾਨ ਦੇ ਨਾਂ `ਤੇ ਘੜੀਆਂ ਕਹਾਣੀਆਂ ਵੀ,
ਸਾਖੀਆਂ ਕਹਿ ਕੇ ਸੁਣਾ ਦੇਣਗੇ। ਇਸ ਤਰ੍ਹਾਂ ਇਹ ਹਰ ਕੌਮ ਪ੍ਰਤੀ ਸਮਦਰਸੀ ਹੋਣ ਦਾ ਦਾਅਵਾ ਕਰਦੇ ਹਨ
ਪਰ ਅਸਲ ਮਕਸਦ ਇਹ ਹੈ ਕਿ ਕਿਸੇ ਕਿਸਮ ਦਾ ਕੋਈ ਗਾਹਕ ਵੀ ਇਨ੍ਹਾਂ ਦੇ ਦਾਇਰੇ ਤੋਂ ਬਾਹਰ ਨਾ ਜਾਵੇ।
ਇਥੇ ਜਾਣ ਵਾਲੇ ਵੀ ਹਰ ਕੌਮ ਦੇ ਅਗਿਆਨੀ, ਅੰਧਵਿਸ਼ਵਾਸੀ ਲੋਕ ਹੁੰਦੇ ਹਨ। ਪੰਜਾਬ ਵਿੱਚ ਵਧੇਰੇ ਹੋਣ
ਕਾਰਨ ਇਨ੍ਹਾਂ ਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ।
ਜੋ ਨੁਕਸਾਨ ਕੌਮੀ ਅਤੇ ਸਮਾਜਕ ਤੌਰ `ਤੇ ਇਹ ਫੁਟਕਲ ਡੇਰੇ ਕਰ ਰਹੇ ਹਨ, ਇਹ
ਨੁਕਸਾਨ ਕਿਸੇ ਤਰ੍ਹਾਂ ਵੀ ਭੁਲੇਖਾ ਪਾਊ ਡੇਰਿਆਂ ਤੋਂ ਘੱਟ ਨਹੀਂ। ਬਲਕਿ ਕੁੱਝ ਖੇਤਰਾਂ ਵਿੱਚ ਤਾਂ
ਇਹ ਭੁਲੇਖਾ ਪਾਊ ਡੇਰਿਆਂ ਤੋਂ ਬਹੁਤ ਅੱਗੇ ਲੰਘ ਗਏ ਹਨ। ਜਿਵੇਂ ਭੁਲੇਖਾ ਪਾਊ ਡੇਰਿਆਂ ਦੇ ਅੰਦਰ
ਭਾਵੇਂ ਜੋ ਕੁੱਝ ਵੀ ਹੋ ਰਿਹਾ ਹੋਵੇ ਪਰ ਇਹ ਘੱਟੋ ਘੱਟ ਖੁਲ੍ਹ ਕੇ ਨਸ਼ਿਆਂ ਦੀ ਵਕਾਲਤ ਤਾਂ ਨਹੀਂ
ਕਰਦੇ, ਬਲਕਿ ਉਸ ਦੇ ਖਿਲਾਫ ਹੀ ਬੋਲਦੇ ਹਨ। ਕਾਰਨ ਭਾਵੇਂ ਆਪਣੀ ਧਾਰਮਿਕ ਮਾਨਤਾ ਬਣਾ ਕੇ ਰਖਣਾ ਹੀ
ਹੋਵੇ। ਫੁਟਕਲ ਡੇਰਿਆਂ ਵਿਚੋਂ ਕਈਆਂ `ਤੇ ਬੈਠੇ ਹੀ ਨਸ਼ੇੜੀ ਹਨ, ਜਿਵੇਂ ਕਿ ਉਪਰ ਦੱਸਿਆ ਹੈ ਕਿ ਸਾਈ
ਲਾਡੀ ਸ਼ਾਹ ਦੇ ਹੱਥ ਵਿੱਚ ਹਰ ਵੇਲੇ ਸਿਗਰਟ ਰਹਿੰਦੀ ਹੈ। ਇਸੇ ਤਰ੍ਹਾਂ ਕਈ ਡੇਰਿਆਂ `ਤੇ ਸ਼ਰਾਬ ਦਾ
ਪ੍ਰਸਾਦ ਚੜ੍ਹਦਾ ਹੈ। ਜੇ ਸ਼ਰਾਬ ਕਿਸੇ ਦੇਵੀ-ਦੇਵਤੇ ਜਾਂ ਪੀਰ ਨੂੰ ਪ੍ਰਸ਼ਾਦ ਦੇ ਤੌਰ `ਤੇ ਭੇਟ
ਪ੍ਰਵਾਨ ਹੈ ਤਾਂ ਫਿਰ ਉਹ ਮਾੜੀ ਚੀਜ਼ ਕਿਵੇਂ ਹੋ ਸਕਦੀ ਹੈ? ਜਿਸ ਡੇਰੇ `ਤੇ ਕੋਈ ਸ਼ਰਧਾਲੂ ਜਾਂਦਾ
ਹੈ, ਜੋ ਨਸ਼ਾ ਉਸ ਦਾ ਡੇਰੇਦਾਰ ਕਰ ਰਿਹਾ ਹੈ, ਉਹ ਨਸ਼ਾ ਥੋੜ੍ਹੀ ਹੋਇਆ, ਉਸ ਦੇ ਵਾਸਤੇ ਤਾਂ ਉਸ ਦੇ
ਮੁਰਸ਼ਦ ਦਾ ਪ੍ਰਸਾਦ ਹੋ ਗਿਆ। ਇਸ ਤਰ੍ਹਾਂ ਨਸ਼ਿਆਂ ਨੂੰ ਧਾਰਮਿਕ ਪ੍ਰਵਾਨਗੀ ਮਿਲਦੀ ਹੈ। ਅੱਜ ਪੰਜਾਬ
ਵਿੱਚ ਜੋ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ, ਉਸ ਵਿੱਚ ਬਹੁਤ ਸਾਰਾ ਹਿੱਸਾ ਇਨ੍ਹਾਂ ਫੁਟਕਲ ਡੇਰਿਆਂ
ਦਾ ਵੀ ਹੈ।
ਭੁਲੇਖਾ ਪਾਊ ਡੇਰੇ ਘੱਟੋ-ਘੱਟ ਕਿਸੇ ਇੱਕ ਕੌਮ ਨਾਲ ਜੁੜੇ ਹੁੰਦੇ ਹਨ, ਉਸੇ
ਕੌਮ ਦਾ ਪ੍ਰਚਾਰ ਕਰਨ ਦਾ ਵਿਖਾਵਾ ਕਰਦੇ ਹਨ। ਬੇਸ਼ਕ ਐਸੇ ਡੇਰੇ ਹਰ ਕੌਮ ਵਿੱਚ ਹੁੰਦੇ ਹਨ, ਅਸੀਂ
ਆਪਣੇ ਵਿਸ਼ੇ ਅਨੁਸਾਰ ਕੇਵਲ ਸਿੱਖ ਕੌਮ ਨਾਲ ਸਬੰਧਤ ਡੇਰਿਆਂ ਦੀ ਵਿਚਾਰ ਕੀਤੀ ਹੈ। ਉਂਝ ਭਾਵੇਂ ਇਹ
ਆਪਣੀ ਆਪਣੀ ਕੌਮ ਵਿਚ, ਧਰਮ ਦੇ ਨਾਂ `ਤੇ ਅੰਧ ਵਿਸ਼ਵਾਸ ਅਤੇ ਕਰਮ ਕਾਂਡ ਹੀ ਫੈਲਾ ਰਹੇ ਹੋਣ ਪਰ ਇਹ
ਕਿਸੇ ਇੱਕ ਸਿਧਾਂਤ ਦਾ ਵਿਖਾਵਾ ਤਾਂ ਕਰਦੇ ਹੀ ਹਨ। ਇਨ੍ਹਾਂ ਫੁਟਕਲ ਡੇਰੇਦਾਰਾਂ ਦਾ ਆਪਣਾ ਹੀ ਕੋਈ
ਧਰਮ ਨਹੀਂ, ਇਨ੍ਹਾਂ ਸਮਾਜ ਨੂੰ ਕੀ ਦੇਣਾ ਹੈ। ਇਹ ਇੱਕ ਆਪਣੇ ਹੀ ਕਿਸਮ ਦਾ ਅੰਧਵਿਸ਼ਵਾਸੀ ਸਮਾਜ
ਤਿਆਰ ਕਰ ਰਹੇ ਹਨ। ਫਿਰ ਐਸੇ ਫੁਟਕਲ ਡੇਰੇਦਾਰਾਂ ਵੱਲੋਂ ਕਿਸੇ ਨਾ ਕਿਸੇ ਦੀ ਧੀ ਭੈਣ ਨੂੰ ਕੱਢ ਕੇ
ਲੈ ਜਾਣ ਦੇ ਕਿੱਸੇ ਵੀ ਰੋਜ਼ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ।
ਸਿੱਖੀ ਦੇ ਨਾਂ `ਤੇ ਵੀ ਹੋਰ ਬਹੁਤ ਫੁਟਕਲ ਡੇਰੇ ਹਨ, ਜਿਵੇਂ ਕਈ ਜਗ੍ਹਾ
`ਤੇ ਕਈ ਲੋਕਾਂ ਨੇ ਇਹ ਪਖੰਡ ਬਣਾਇਆ ਹੋਇਆ ਹੈ ਕਿ ਉਨ੍ਹਾਂ ਅੰਦਰ ਕਿਸੇ ਪ੍ਰਮੁੱਖ ਸਿੱਖ ਸ਼ਹੀਦ ਦੀ
ਜੋਤਿ (ਰੂਹ) ਆਉਂਦੀ ਹੈ। ਇਹ ਪਖੰਡ ਰੱਚ ਕੇ ਇਹ ਭੋਲੇ-ਭਾਲੇ ਲੋਕਾਂ ਨੂੰ ਪੁੱਛਾਂ ਦੱਸਣ ਦਾ ਧੰਦਾ
ਕਰਦੇ ਹਨ। ਭਰਮਜਾਲ ਵਿੱਚ ਫਸੇ ਸਿਧੜ ਲੋਕ ਉਥੇ ਤੁਰੇ ਜਾਂਦੇ ਹਨ। ਕਦੇ ਕਿਸੇ ਇਹ ਪੁੱਛਣ ਦੀ ਕੋਸ਼ਿਸ਼
ਨਹੀਂ ਕੀਤੀ ਕਿ ਕੀ ਇਤਨੇ ਮਹਾਨ ਸ਼ਹੀਦ ਵੀ ਅੱਜ ਤੱਕ ਮੁਕਤ ਨਹੀਂ ਹੋਏ, ਅਤੇ ਉਨ੍ਹਾਂ ਦੀ ਰੂਹ ਭਟਕਦੀ
ਫਿਰਦੀ ਹੈ, ਜੋ ਕਦੇ ਕਦਾਈ ਤੁਹਾਡੇ ਅੰਦਰ ਗੇੜਾ ਲਾ ਜਾਂਦੀ ਹੈ?
ਇਨ੍ਹਾਂ ਤੋਂ ਇਲਾਵਾ ਇੱਕ ਹੋਰ ਕਿਸਮ ਦੇ ਡੇਰੇ ਪੰਜਾਬ ਵਿੱਚ ਬਣਨ ਲੱਗ ਪਏ
ਹਨ, ਜੋ ਫੁਟਕਲ ਡੇਰਿਆਂ ਦੀ ਲੜੀ ਵਿੱਚ ਹੀ ਆਉਂਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਜਠੇਰਿਆਂ ਨੂੰ
ਪੂਜਣ ਦਾ ਅੰਧ ਵਿਸ਼ਵਾਸ ਲੰਬੇ ਸਮੇਂ ਤੋਂ ਚਲਿਆ ਆਉਂਦਾ ਹੈ। ਜਠੇਰੇ ਪੁਰਾਣੇ ਵੱਡੇ ਵਡੇਰਿਆਂ ਨੂੰ
ਕਹਿੰਦੇ ਹਨ। ਪਿੰਡਾਂ ਵਿੱਚ ਉਨ੍ਹਾਂ ਦੀਆਂ ਦੋ ਕਿਸਮ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਹਨ, ਇੱਕ
ਕਿਸੇ ਇੱਕ ਗੋਤ ਦੇ ਜਠੇਰੇ ਅਤੇ ਦੂਸਰੇ ਪਿੰਡ ਦਾ ਮੁੱਢ ਬੰਨਣ ਵਾਲੇ ਜਠੇਰੇ। ਸਾਲ ਵਿੱਚ ਇੱਕ ਦੋ
ਵਾਰੀ ਉਸ ਗੋਤ ਦੇ ਜਾਂ ਪਿੰਡ ਦੇ ਲੋਕ ਉਥੇ ਇਕੱਠੇ ਹੋ ਕੇ ਉਸ ਸਥਾਨ ਦੀ ਸਾਫ ਸਫਾਈ ਕਰਦੇ ਅਤੇ ਉਸ
ਸਥਾਨ ਨੂੰ ਪੂਜਦੇ ਹਨ। ਹਾਲਾਂਕਿ ਇਹ ਵੀ ਪੂਰੀ ਤਰ੍ਹਾਂ ਗੁਰਮਤਿ ਤੋਂ ਵਿਰੁਧ ਹੈ। ਗੁਰਬਾਣੀ ਕਿਸੇ
ਤਰ੍ਹਾਂ ਦੇ ਮੜੀ ਮਸਾਨ ਪੂਜਣ ਦੀ ਪੂਰੀ ਮਨਾਹੀ ਕਰਦੀ ਹੈ। ਸਤਿਗੁਰੂ ਦਾ ਪਾਵਨ ਫੁਰਮਾਨ ਹੈ: