ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਇਕੋ ਸਬਦੁ ਵੀਚਾਰਿ
ਗੁਰੂ ਗ੍ਰੰਥ ਸਾਹਿਬ ਦੀ ਸਿਰਮੌਰਤਾ--
ਮੈਨੂੰ ਪਿੱਛਲੇ ਪੰਜਾਹ ਕੁ ਸਾਲ ਤੋਂ ਸਿੱਖੀ ਦੇ ਪਰਚਾਰ ਖੇਤਰ ਵਿੱਚ ਵਿਚਰਨ
ਦਾ ਮੌਕਾ ਬਣਿਆ ਹੈ। ਜ਼ਿੰਦਗੀ ਵਿੱਚ ਬਹੁਤ ਉਤਰਾ ਚੜ੍ਹਾਅ ਦੇਖੇ ਹਨ। ਸ਼ਬਦ ਦੀ ਵਿਚਾਰ ਕਰਕੇ ਜਿੱਥੇ
ਸੰਗਤਾਂ ਵਲੋਂ ਮਾਨ ਸਨਮਾਨ ਮਿਲਿਆ ਹੈ ਤੇ ਓੱਥੇ ਹੱਦੋਂ ਵੱਧ ਡੇਰਵਾਦੀਆਂ ਦੀ ਨਫਰਤ ਦਾ ਪਾਤਰ ਵੀ
ਬਣਦਾ ਆ ਰਿਹਾ ਹਾਂ। ਸਾਧ ਲਾਣਾ ਤਥਾ ਡੇਰਾਵਾਦੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ
ਸਮਝਣ ਸਮਝਾਉਣ ਦੀ ਥਾਂ `ਤੇ ਬੜੇ ਗੁਝ੍ਹੇ ਸਾਧਨਾ ਨਾਲ ਸਤਿਕਾਰ ਦੇ ਨਾਂ `ਤੇ ਆਮ ਸੰਗਤ ਵਿੱਚ ਇੱਕ
ਵੱਡੀ ਦੂਰੀ ਪੈਦਾ ਕਰ ਦਿੱਤੀ ਹੈ।
ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਰੂਪ ਰੇਖਾ ਵੀ ਬਦਲ ਗਈ ਹੈ।
ਪਰਚਾਰ ਮਧਿਆਮ ਵੀ ਬਦਲਿਆ ਗਿਆ ਹੈ। ਡੇਰੇਦਾਰਾਂ ਨੇ ਸਿੱਖ ਜਗਤ ਨੂੰ ਜਪ, ਤਪ, ਦੁਪਹਿਰੇ, ਚੁਪਹਿਰੇ,
ਰੰਗ-ਬਰੰਗੀਆਂ ਸਿਮਰਣ ਦੀਆਂ ਵਿਧੀਆਂ, ਨਗਰ ਕੀਰਤਨਾਂ ਦੀਆਂ ਭੀੜਾਂ, ਕੀਰਤਨ ਦਰਬਾਰਾਂ ਨੂੰ ਵਪਾਰਕ
ਨਜ਼ਰੀਆ ਦੇਣਾ, ਮਰਣ ਉਪਰੰਤ ਸਵਰਗ ਦੀ ਪ੍ਰਾਪਤੀ ਆਦਿ ਦੀ ਦਲਦਲ਼ ਵਿੱਚ ਫਸਾਉਣ ਦਾ ਪੂਰਾ ਯਤਨ ਜਾਰੀ
ਹੈ। ਸ਼ਬਦ ਦੀ ਵਿਚਾਰ ਦਾ ਜੋ ਅਸਲ ਮਕਸਦ ਸੀ ਉਸ ਨੂੰ ਆਪਣੇ ਸੁਭਾਅ ਦਾ ਹਿੱਸਾ ਨਹੀਂ ਬਣਨ ਦਿੱਤਾ।
ਮੌਜੂਦਾ ਦੌਰ ਅੰਦਰ ਸਿੱਖ ਸਿਧਾਂਤ ਨੂੰ ਬਿੱਪਰਵਾਦ ਦਾ ਪੂਰੀ ਤਰ੍ਹਾਂ ਰੰਗ ਚੜ੍ਹ ਚੁੱਕਿਆ ਹੈ।
ਹਾਲਾਤ ਏਦਾਂ ਦੇ ਬਣ ਗਏ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕਾ ਵੀ ਪੈਦਾ ਕਰ ਦਿੱਤਾ ਹੈ। ਇਸ
ਗੱਲ ਨੂੰ ਪ੍ਰਪੱਕ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਭਾਵ
ਸ਼ਬਦ ਗੁਰੂ ਹੈ। ਗੁਰ ਵਾਕ ਹੈ---
ਬਿਨ ਸਬਦੈ ਨਾਹੀ ਪਤਿ ਸਾਖੈ।।
ਅਤੇ
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।।
ਰਾਮਕਲੀ ਮਹਲਾ ੧ ਪੰਨਾ ੯੪੪
ਪਿੱਛਲੇ ਕੁੱਝ ਸਮੇਂ ਤੋਂ ਸਿੱਖੀ ਦੇ ਵਿਹੜੇ ਵਿੱਚ ਗੁਰੂ-ਸ਼ਬਦ ਦੀ ਸਿਰਮੌਰਤਾ
ਨੂੰ ਚਣੌਤੀ ਦੇਣ ਦਾ ਇੱਕ ਕੋਝਾ ਯਤਨ ਕੀਤਾ ਜਾ ਰਿਹਾ ਹੈ। ਹਾਲਾਂਕਿ ਸਿੱਖ ਰਹਿਤ ਮਰਿਯਾਦਾ ਵਿੱਚ
ਲਿਖਿਆ ਹੈ ਕਿ "ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤ ਦੇ ਵਿਰੁੱਧ ਕੋਈ ਰੀਤੀ ਜਾਂ
ਸੰਸਕਾਰ ਨਾ ਹੋਵੇ, ਨਾਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇਕੱਤ੍ਰਤਾ
ਨੂੰ ਗੁਰਮਤ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ"।
ਗ੍ਰੰਥ ਦੇ ਅੱਖਰੀਂ ਅਰਥ--
ਮਹਾਨ ਕੋਸ਼ ਅਨੁਸਾਰ ਗ੍ਰੰਥ ਦੇ ਅੱਖਰੀਂ ਅਰਥ ਇਸ ਪ੍ਰਕਾਰ ਆਏ
ਹਨ—ਗ੍ਰੰਥ—ਸੰਗਯਾ-ਗੁੰਫਨ, ਗੁੰਦਣਾ। ੨. ਪੁਸਤਕ (ਕਿਤਾਬ) ਜਿਸ ਵਿੱਚ ਮਜਮੂੰਨ ਗੁੰਦੇ ਹੁੰਦੇ ਹਨ—
ਮਹਾਨ ਕੋਸ਼ ਵਿੱਚ ਅੱਗੇ ਲਿਖਿਆ ਹੈ ਕਿ ਸਾਰੇ ਧਰਮ ਗ੍ਰੰਥਾਂ ਦਾ ਸੁਆਮੀ,
ਸਿੱਖ ਧਰਮ ਦਾ ਮਹਾਮਾਨਯ ਪੁਸਤਕ. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਪਹਿਲੇ ਸਤਿਗੁਰਾਂ ਦੀ ਬਾਣੀ
ਏਕਤ੍ਰ ਕਰਕੇ ਸੰਮਤ ੧੬੬੦ ਵਿੱਚ, ਇਹ ਰਾਮਸਰ ਦੇ ਕਿਨਾਰੇ (ਅੰਮ੍ਰਿਤਸਰ) ਭਾਈ ਗੁਰਦਾਸ ਜੀ ਤੋਂ
ਲਿਖਵਾਉਣਾ ਆਰੰਭਿਆ, ਆਪਣੀ ਬਾਣੀ ਅਤੇ ਭਗਤ ਆਦਿਕਾਂ ਦੀ ਬਾਣੀ ਸ਼ਾਮਿਲ ਕਰਕੇ ਸੰਮਤ ੧੬੬੧ ਵਿੱਚ
ਸਮਾਪਤ ਕੀਤਾ। ਇਸੇ ਸਾਲ ਭਾਦੋਂ ਸੁਦੀ ੧. ਨੂੰ ਹਰਿਮੰਦਰ ਵਿੱਚ
ਗੁਰਮਤ ਦੇ ਪ੍ਰਚਾਰ ਲਈ ਅਸਥਾਪਨ ਕਰਕੇ
ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪਿਆ। ਮਹਾਨ ਕੋਸ਼
ਵਿੱਚ ਅੱਗੇ ਵੱਖ ਵੱਖ ਸਮੇਂ ਦੀਆਂ ਤਿਆਰ ਕੀਤੀਆਂ ਬੀੜਾਂ ਦੀ ਸੰਖੇਪ ਸ਼ਬਦਾਂ ਵਿੱਚ ਵਿਆਖਿਆ ਕੀਤੀ
ਹੈ। ਹੁਣ ਤੱਕ ਪੁਰਾਤਨ ਬੀੜਾਂ `ਤੇ ਬਹੁਤ ਕੰਮ ਹੋਇਆ ਹੈ ਪਰ ਇਹ ਇੱਕ ਵਿਚਾਰਨ ਵਾਲਾ ਵੱਖਰਾ ਤੇ
ਲੰਮੇਰਾ ਵਿਸ਼ਾ ਹੈ। ਭਾਈ ਕਾਹਨ ਸਿੰਘ ਜੀ ਨਾਭਾ ਅੱਗੇ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਨਾਲ ਗੁਰੂ
ਸ਼ਬਦ ਸੰਮਤ ੧੭੬੫ ਤੋਂ ਲਾਉਣਾ ਆਰੰਭ ਹੋਇਆ, ਜਿਸ ਵੇਲੇ ਅਬਿਚਲ ਨਗਰ ਗੁਰੂ ਗੋਬਿੰਦ ਸਿੰਘ ਜੀ ਨੇ
ਗੁਰਤਾ ਸਿੱਖ ਧਰਮ ਅਧਾਰ ਰੂਪ ਗ੍ਰੰਥ ਨੂੰ ਦਿੱਤੀ। ਮਹਾਨ ਕੋਸ਼ ਵਿੱਚ ਅੱਗੇ ਭਾਈ ਕਾਹਨ ਸਿੰਘ ਜੀ
ਨਾਭਾ ਲਿਖਦੇ ਹਨ ਕਿ ਬਹੁਤ ਸਿੱਖ ਦਸਮ ਗ੍ਰੰਥ ਨਾਲ ਭੀ ਗੁਰੂ ਸ਼ਬਦ ਦਾ ਪ੍ਰਯੋਗ ਕਰਦੇ ਹਨ, ਜੋ ਗੁਰਮਤ
ਦੇ ਵਿਰੁੱਧ ਹੈ।
ਗੁਰਮਤ ਮਾਰਤੰਡ ਵਿੱਚ ਬੜਾ ਕਮਾਲ ਦਾ ਕਥਨ ਆਇਆ ਹੈ—ਆਤਮਕ ਪ੍ਰੇਰਣਾ ਤੋਂ
ਸਤਿਗੁਰਾਂ ਦੁਆਰਾ ਪ੍ਰਗਟ ਹੋਈ ਬਾਣੀ ਦਾ ਸੰਗ੍ਰਹ ਸਿੱਖ ਧਰਮ ਦਾ ਮਹਾਮਾਨਯ ਪੁਸਤਕ।
ਬਾਣੀ ਦੇ ਅਰਥ ਕੀ ਹਨ--
ਬਾਣੀ--ਬਣੀ ਹੋਈ ਰਚਿਤ, "ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ"
(ਪ੍ਰਭਾਤੀ ਮਹਲਾ ੧) ਅਗਨਿ, ਬਿੰਬ (ਜਲ) ਅਤੇ ਪਵਣ ਦੀ ਰਚਨਾ ਜਗਤ ਹੈ ਅਤੇ ਤਿੰਨ ਨਾਮ ਤਾਮਸ, ਸਾਤਵਕ
ਅਤੇ ਰਾਜਸ ਦੇ ਜੀਵ ਹਨ।
੨. ਸੰਗਯਾ—ਰਚਨਾ, ਬਨਾਵਟ, "ਬਰ ਖਸਿ ਬਾਣੀ ਬੁਦਬੁਦਾ ਹੇਰ" (ਬਸੰਤ ਮਹਲਾ ੧)
ਵਰਖਾ ਵਿੱਚ ਜਿਵੇਂ ਬੁਲਬੁਲੇ ਦੀ ਰਚਨਾ।
੩. ਵਾਣੀ—ਕਥਨ, ਯਾਖਯਾ, "ਗੁਰਬਾਣੀ ਇਸੁ ਜਗ ਮਹਿ ਚਾਨਣੁ" ੪. ਪਦ ਰਚਨਾ,
ਤਸਨੀਫ "ਬਾਣੀ ਤ ਗਾਵਹੁ ਗੁਰੂ ਕੇਰੀ, ਬਾਣੀਆ ਸਿਰਿ ਬਾਣੀ" (ਅਨੰਦੁ)
ਗੁਰਬਾਣੀ ਦੀ ਵਿਆਖਿਆ—
ਗੁਰਮਤ ਮਾਰਤੰਡ ਦੇ ਭਾਗ ਪਹਿਲਾ ਦੇ ਪੰਨਾ ੩੮੪ `ਤੇ ਅੰਕਤ ਹੈ—ਸਤਿਗੁਰ ਨਾਨਕ
ਸਾਹਿਬ ਜੀ ਅਤੇ ਉਨ੍ਹਾਂ ਦੇ ਜਾਂ-ਨਸ਼ੀਨ ਸਤਿਗੁਰਾਂ ਦੇ ਮੁੱਖ ਤੋਂ ਅਕਾਲ ਦੀ ਪ੍ਰੇਰਣਾ ਨਾਲ ਪ੍ਰਗਟ
ਹੋਈ ਬਾਣੀ ਦੀ ਗੁਰਬਾਣੀ ਸੰਗਯਾ ਹੈ।
ਗੁਰਬਾਣੀ ਵਿਚੋਂ ਗੁਰਬਾਣੀ ਪ੍ਰਤੀ ਪ੍ਰਮਾਣ—
ਮਨ ਰੇ, ਸਦਾ ਅਨੰਦੁ ਗੁਣ ਗਾਇ।।
ਸਾਚੀ ਬਾਣੀ ਹਰਿ ਪਾਈਐ ਹਰਿ ਸਿਉਂ ਰਹੈ ਸਮਾਇ।।
ਸਿਰੀ ਰਾਗ ਮਹਲਾ ੩ ਪੰਨਾ ੩੬
ਗੁਰਬਾਣੀ ਇਸ ਜਗ ਮਹਿ ਚਾਨਣੁ, ਕਰਮ ਵਸੈ ਮਨਿ ਆਏ।।
ਮਾਝ ਮਹਲਾ ੪ ਪੰਨਾ ੬੭
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ, ਗੁਰ ਸਿਖਹੁ!
ਹਰਿ ਕਰਤਾ ਆਪਿ ਮਹਹੁ ਕਢਾਏ।।
ਆਸਾ ਮਹਲਾ ੫ ਪੰਨਾ ੩੭੬
ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ?
ਮੈ ਗੁਰਬਾਣੀ ਅਧਾਰੁ ਹੈ ਗੁਰਬਾਣੀ ਲਾਗਿ ਰਹਾਉ।।
ਬਿਲਾਵਲ ਮਹਲਾ ੩ ਪੰਨਾ ੭੯੭
ਸ਼ਬਦ ਗੁਰੂ ਦੀ ਮਹਾਨਤਾ ਪਹਿਲਾਂ ਤੋਂ ਹੀ--
ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਸਿੱਧਾਂ ਨੇ ਸਵਾਲ ਕੀਤਾ ਕਿ ਤੁਹਾਡਾ
ਗੁਰੂ ਕਿਹੜਾ ਹੈ?
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ।।
ਤੇਰਾ ਕੌਣ ਗੁਰੂ ਹੈ ਜਿਸ ਦਾ ਤੂੰ ਚੇਲਾ ਹੈਂ?
ਗੁਰੂ ਨਾਨਕ ਸਾਹਿਬ ਜੀ ਅੱਗੋਂ ਉੱਤਰ ਦੇਂਦੇ ਹਨ ਕਿ—
ਸਬਦੁ ਗੁਰੂ ਸੁਰਤਿ ਧੁਨਿ ਚੇਲਾ।।
ਸ਼ਬਦ ਗੁਰੂ ਹੈ ਅਤੇ ਸ਼ਬਦ ਵਿੱਚਲੇ ਉਪਦੇਸ਼ ਅਨੁਸਾਰ ਜ਼ਿੰਦਗੀ ਦੀ ਜੁਗਤੀ
ਬਣਾਉਣੀ ਚੇਲਾ ਹੈ। ਇਸ ਦਾ ਭਾਵ ਅਰਥ ਹੈ ਕਿ ਰੱਬੀ ਗਿਆਨ ਮੇਰਾ ਗੁਰੂ ਹੈ ਤੇ ਉਸ ਕੁਦਰਤੀ ਗਿਆਨ ਨੂੰ
ਜੀਵਨ ਵਿੱਚ ਧਾਰਨ ਕਰਨਾ ਹੈ। ਕਬੀਰ ਸਾਹਿਬ ਜੀ ਦਾ ਵਿਚਾਰ ਬੜਾ ਪਿਆਰਾ ਹੈ—
ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+।।
ਸੁਹੀ ਲਲਿਤ ਬਾਣੀ ਕਬੀਰ ਜੀ ਕੀ ਪੰਨਾ ੭੯੩
ਮੈਂ ਉਹ ਗੁਰੂ ਪ੍ਰਾਪਤ ਕੀਤਾ ਹੈ, ਜਿਸ ਦਾ ਨਾਮ ਸੱਚਾ ਗਿਆਨ ਹੈ-
ਗੁਰੂ ਨਾਨਕ ਸਾਹਿਬ ਜੀ ਫਮਾਉਂਦੇ ਹਨ ਕਿ ਮੈਂ ਉਹ ਕੁੱਝ ਕਹਿ ਰਿਹਾ ਹਾਂ
ਜਿਸਦਾ ਅਕਾਲ ਪੁਰਖ ਵਲੋਂ ਮੈਨੂੰ ਗਿਆਨ ਹੋਇਆ ਹੈ।
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ।।
ਤਿਲੰਗ ਮਹਲਾ ੧ ਪੰਨਾ ੭੨੨
ਗਿਆਨ ਇੱਕ ਐਸਾ ਸੁਰਮਾ ਹੈ ਜਿਸ ਨੂੰ ਮਨ ਦੀ ਅੱਖ ਵਿੱਚ ਪਉਣ ਨਾਲ ਅਗਿਆਨਤਾ
ਦਾ ਹਨੇਰਾ ਦੂਰ ਹੁੰਦਾ ਹੈ ਜੈਸਾ ਕਿ ਗੁਰਬਾਣੀ ਵਾਕ ਹੈ—
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ।।
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪ੍ਰਗਾਸ।।
ਰਾਗ ਗਉੜੀ ਮਹਲਾ ੫ ਪੰਨਾ ੨੯੩
ਇਕੋ ਸਬਦੁ ਵੀਚਾਰਿ
ਗੁਰੂ ਅਮਰਦਾਸ ਜੀ ਨੇ ਇੱਕ ਬਾਣੀ ਇੱਕ ਸ਼ਬਦ ਤੇ ਗੁਰੂ ਦੀ ਵਿਆਖਿਆ ਸਮਝਾਈ
ਹੈ—ਜੇਹਾ ਕਿ
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।।
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ।।
ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ।
ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਉਹ ਸੱਚਾ ਸੌਦਾ ਹੈ ਜਿਹੜਾ ਕੇਵਲ ਸੱਚ ਦੇ ਅਧਾਰਤ ਹੈ। ਗੁਰੂ
ਗ੍ਰੰਥ ਸਾਹਿਬ ਜੀ ਸੱਚੀ ਦੁਕਾਨ ਤੇ ਸੱਚਾ ਸੌਦਾ ਅਤੇ ਸੱਚੇ ਜਵਾਹਰਾਤਾਂ ਨਾਲ ਭਰਿਆ ਹੋਇਆ ਮਾਲ
ਗੁਦਾਮ ਹੈ।
ਇਕ ਥਾਂ `ਤੇ ਡਾ. ਕਿਰਪਾਲ ਸਿੰਘ ਜੀ ਲਿਖਦੇ ਹਨ—ਕਿ, "ਗੁਰੂ ਗ੍ਰੰਥ ਸਾਹਿਬ
ਜੀ ਅਧਿਆਤਮਕ ਸਾਹਿਤ ਦਾ ਖ਼ਜ਼ਾਨਾ ਹੈ, ਜਿਸ ਦੇ ਅਮੋਲਕ ਬਚਨ ਜ਼ਿੰਦਗੀ ਬਖਸ਼ਣ ਵਾਲੇ ਹਨ। ਇਹ ਬਾਣੀ
ਸਦੀਆਂ ਤੋਂ ਭਾਰਤ ਨੂੰ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਨੂੰ ਗਿਆਨ ਤੇ ਸ਼ਾਂਤੀ ਪ੍ਰਦਾਨ ਕਰਦੀ ਆਈ
ਹੈ। ਇਸ ਦੀ ਸਰਬ ਸਾਂਝੀ ਵਿਚਾਰਧਾਰਾ ਧਰਮਾਂ ਦੀ ਏਕਤਾ ਵਿੱਚ ਵਿਸ਼ਵਾਸ ਦ੍ਰਿੜਾਅ ਕੇ ਸਭ ਨੂੰ ਪ੍ਰੇਮ
ਪਿਆਰ ਦਾ ਸੰਦੇਸ਼ਾ ਦਿੰਦੀ ਆਈ ਹੈ"।
ਅੱਜ ਦੇ ਯੁੱਗ ਨੂੰ ਵਿਗਿਆਨ ਦਾ ਨਾਂ ਦਿੱਤਾ ਜਾ ਰਿਹਾ ਹੈ। ਹਰ ਗੱਲ ਨੂੰ
ਵਿਸ਼ਲੇਸ਼ਣ ਦੀ ਬਿਰਤੀ ਨਾਲ ਦੇਖਿਆ ਜਾ ਰਿਹਾ ਹੈ—ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ ਵਲ ਨਿਗਾਹ ਮਾਰਦੇ ਹਾਂ ਤਾਂ ਇਸ ਦੀ ਵਿਚਾਰਧਾਰਾ ਸਮਾਜਕ, ਧਾਰਮਕ, ਰਾਜਨੀਤਕ, ਆਰਥਕ ਤੇ
ਹਰ ਮਨੁੱਖ ਨੂੰ ਬਰਾਬਰਤਾ ਦਾ ਅਧਿਕਾਰ ਪ੍ਰਦਾਨ ਕਰਦੀ ਹੈ। ਇਹ ਬਾਣੀ ਸਾਡੀਆਂ ਸਾਰੀਆਂ ਗੁੰਝਲ਼ਾਂ ਨੂੰ
ਖੋਲ੍ਹਦੀ ਹੀ ਨਹੀਂ ਸਗੋਂ ਉਨ੍ਹਾਂ ਦਾ ਸਮਾਧਾਨ ਵੀ ਦੱਸਦੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਨਰੋਈ ਵਿਚਾਰਧਾਰਾ ਨੇ ਆਤਮਕ ਤੇ ਸਮਾਜਕ
ਵਿਚਾਰਧਾਰਾ ਨੂੰ ਜਨਮ ਦਿੱਤਾ ਹੈ ਜਿਸ ਦੁਆਰਾ ਮਨੁੱਖਤਾ ਨੂੰ ਭਰਮਾ ਵਹਿਮਾਂ, ਪਾਖੰਡ ਤੇ ਕਰਮਕਾਂਡਾਂ
ਤੋਂ ਨਿਜਾਤ ਮਿਲਦੀ ਪ੍ਰਤੱਖ ਦਿਖਾਈ ਦਿੰਦੀ ਹੈ।
ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ।।
ਅੰਤਰ ਕੀ ਦੁਬਿਧਾ ਅੰਤਰਿ ਮਰੀਐ।।
ਪੰਚ ਬਾਣੁ ਲੈ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ}
ਮਾਰੂ ਮਹਲਾ ੧ ਪੰਨਾ ੧੦੪੨
ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡੀ ਮਹਾਨਤਾ ਹੈ ਇਸ ਗ੍ਰੰਥ ਵਿੱਚ ਭਾਰਤ
ਦੇ ਉਨ੍ਹਾਂ ਮਹਾਨ ਵਿਦਵਾਨ ਯੋਧਿਆਂ ਦੇ ਰੱਬੀ ਕਲਾਮ ਨੂੰ ਆਪਣੇ ਨਾਲ ਬਿਠਾਇਆ ਹੈ ਜਿੰਨ੍ਹਾਂ ਨੂੰ
ਸ਼ੂਦਰ ਕਹਿ ਕੇ ਤ੍ਰਿਸਕਾਰਿਆ ਹੋਇਆ ਸੀ। ਹੋ ਸਕਦਾ ਹੈ ਕਿ ਅਜੇਹੇ ਚਿੰਤਕਾਂ ਦੇ ਮਹਾਨ ਕਲਾਮ ਨੂੰ
ਦੁਨੀਆਂ ਵਿੱਚ ਪ੍ਰਗਟ ਹੋਣ ਲਈ ਬਹੁਤ ਸਮਾਂ ਲਗ ਜਾਂਦਾ ਜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਾ
ਹੁੰਦਾ।
ਗੁਰੂ ਗ੍ਰੰਥ ਸਾਹਿਬ ਜੀ ਦੀ ਦੂਜੀ ਵੱਡੀ ਵਡਿਆਈ ਹੈ ਕਿ ਮਨੁੱਖ ਨੂੰ ਜ਼ਿਉਂਦੇ
ਜੀਓ ਰੱਬ ਰੂਪ ਬਣਨ ਲਈ ਕਿਹਾ ਹੈ। ਰੱਬ ਲੱਭਣ ਜਾਂ ਪਉਣ ਦੀ ਗੱਲ ਨੂੰ ਨਿਕਾਰਦਿਆਂ ਹੋਇਆ ਜ਼ਿਉਂਦੇ
ਜੀਓ ਮਨੁੱਖ ਨੇ ਰੱਬ ਦਾ ਰੁਪ ਬਣਨਾ ਹੈ। ਗੁਰਬਾਣੀ ਦਾ ਵਾਕ ਹੈ—
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅੀਭਆਨੁ।।
ਕਹੁ ਨਾਨਕ ਸੁਨੁ ਰੇ ਮਨਾ ਸੋ ਮੂਰਤ ਭਗਵਾਨ।।
ਸਲੋਕ ਮ: ੯ ਪੰਨਾ ੧੪੨੭
ਗੁਰੂ ਗ੍ਰੰਥ ਸਾਹਿਬ ਜੀ ਦਾ ਤੀਜਾ ਤੇ ਅਹਿਮ ਨੁਕਤਾ ਹੈ ਜਿਹੜਾ ਧਰਮ ਦੇ ਨਾਂ
`ਤੇ ਕੀਤੇ ਜਾ ਰਹੇ ਕਰਮ ਕਾਂਡਾਂ ਨੂੰ ਮੁੱਢੋਂ ਨਿਕਾਰਦਾ ਹੈ—ਗੁਰ ਵਾਕ ਹੈ—
ਪਾਠੁ ਪੜਿਓ ਅਰੁ ਬੇਦੁ ਬਿਚਾਰਿਓ ਨਿਵਲਿ ਭੁਅੰਗਮ ਸਾਧੇ।।
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬਧਿ ਬਾਧੇ।।
ਪਿਆਰੇ ਇਨ ਬਿਧਿ ਮਿਲਣੁ ਨਾ ਜਾਈ ਮੈ ਕੀਏ ਕਰਮ ਅਨੇਕਾ।।
ਸੋਰਠਿ ਮਹਲਾ ੫ ਪੰਨਾ ੬੪੨
ਚੌਥਾ ਨੁਕਤਾ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਰੱਬੀ ਗੁਣਾਂ ਨੂੰ ਧਾਰਨ ਕਰਨ
ਦਾ ਵਲ਼ ਸਿਖਾਉਂਦਾ ਹੈ। ਹੁਕਮ ਵਿੱਚ ਚੱਲਣਾ, ਸੱਚ ਬੋਲਣਾ, ਇਮਾਨਦਾਰੀ `ਤੇ ਪਹਿਰਾ ਦੇਣਾ ਅਤੇ ਨੇਕ
ਕਿਰਤ ਕਰਨੀ ਆਦ ਗੁਣਾਂ ਨੂੰ ਧਾਰਨੀ ਹੋਣਾ ਹੀ ਨਾਮ ਜੱਪਣਾ ਹੈ। ਕਬੀਰ ਸਾਹਿਬ ਜੀ ਦਾ ਖਿਆਲ ਸਾਨੂੰ
ਸਾਹਮਣੇ ਰੱਖਣਾ ਚਾਹੀਦਾ ਹੈ—
ਕਬੀਰ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ।।
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ।। ੧੫੫।।
ਸਲੋਕ ਕਬੀਰ ਜੀ ਪੰਨਾ ੧੩੭੨
ਅਸਲ ਵਿੱਚ ਏਹੀ ਨਾਮ ਜਪਣਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੋਰ ਅਹਿਮ ਨੁਕਤਾ ਹੈ ਕਿ ਮਰਨ ਉਪਰੰਤ
ਕਿਸੇ ਚੀਜ਼ ਦਾ ਕੋਈ ਲਾਰਾ ਨਹੀਂ ਹੈ ਸਗੋਂ ਵਰਤਮਾਨ ਜੀਵਨ ਵਿੱਚ ਮੁਕਤੀ ਹਾਸਲ ਕਰਨੀ ਹੈ ਤੇ ਸਚਿਆਰ
ਮਨੁੱਖ ਬਨਣਾ ਹੈ।
ਸੇਵਕ ਕੀ ਓੜਕਿ ਨਿਭਹੀ ਪ੍ਰੀਤਿ।।
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ।।
ਮਾਰੂ ਮਹਲਾ ੫ ਪੰਨਾ ੧੦੦੦
ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਦ੍ਰਿੜ ਕਰਨ ਲਈ ਹਰ ਰੋਜ਼ ਸਿੱਖ ਦੋਹਰਾ
ਪੜ੍ਹਦੇ ਹਨ--
ਅਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ।
ਏੱਥੇ ਵੀ ਵਿਚਾਰਨ ਵਾਲਾ ਨੁਕਤਾ ਹੈ ਕਿ ਗੁਰੂ ਦੀ ਗੱਲ ਮੰਨਣ ਨੂੰ ਕਿਹਾ ਹੈ
ਨਾ ਕਿ ਪੂਜਾ ਕਰਨ ਦੀ ਤਾਗੀਦ ਕੀਤੀ ਜਾ ਰਹੀ ਹੈ। ਅਸੀਂ ਗੁਰਬਾਣੀ ਸਿਧਾਂਤ ਨੂੰ ਮੰਨਣ ਸਮਝਣ ਦੀ ਥਾਂ
`ਤੇ ਪੂਜਾ ਵਾਲੇ ਰਾਹ `ਤੇ ਤੁਰ ਪਏ ਹਾਂ।
ਸਿੱਖ ਰਹਿਤ ਮਰਯਾਦਾ ਦੇ ਪੰਨਾ ੧੫ `ਤੇ ਕੀਰਤਨ ਦੇ ਸਿਰਲੇਖ ਹੇਠ (ੲ) ਮਦ
ਵਿੱਚ ਹੋਰ ਵੀ ਸਪੱਸ਼ਟ ਲਿਖਿਆ ਹੋਇਆ ਹੈ—
ਸੰਗਤ ਵਿੱਚ ਕੀਰਤਨ ਕੇਵਲ ਗਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਈ
ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।
ਪਰ ਇਸ ਵੇਲੇ ਸਿੱਖੀ ਵਿੱਚ ਬਹੁਤ ਸਾਰੇ ਡੇਰੇ ਪੈਦਾ ਹੋ ਗਏ ਜਿਹੜੇ ਸਿੱਖ
ਰਹਿਤ ਮਰਯਾਦਾ ਤੋਂ ਆਕੀ ਹਨ ੳਨ੍ਹਾਂ ਦੀ ਆਪਣੀ ਰਹਿਤ ਮਰਯਾਦਾ ਬਣਾਈ ਹੋਈ ਹੈ। ਇਹ ਡੇਰੇਦਾਰ ਗੁਰਮਤਿ
ਸਿਧਾਤਾਂ ਅਤੇ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਂਦੇ ਸ਼ਰੇਆਮ ਦੇਖੇ ਜਾ ਸਕਦੇ ਹਨ।
ਕਵੀ ਨਿਹਾਲ ਸਿੰਘ ਜੀ ਦਾ ਕਬਿੱਤ ਬੜਾ ਭਾਵ ਪੂਰਤ ਹੈ—
ਕਾਹੂੰ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ,
ਕਾਹੂੰ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ।
ਕਾਹੂੰ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ,
ਕਾਹੂੰ ਕੋ ਭਰੋਸੋ ਹੈ ਕਟੰਬੀ ਕਰੈਂ ਕਾਜ ਪੈ।
ਕਾਹੂੰ ਕੋ ਭਰੋਸੋ ਦੇਵਬਾਨੀ ਅਰ ਪਾਰਸੀ ਕੋ,
ਕਾਹੂੰ ਕੋ ਭਰੋਸੋ ਸੰਤਗੀਰੀ ਕੀ ਮਿਜਾਜ਼ ਪੈ।
ਕਾਹੂੰ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ,
ਮੋ ਕੋ ਤੋ ਭਰੋਸੋ ਏਕ ਗ੍ਰੰਥ ਮਹਾਰਾਜ ਪੈ।
ਸੋ ਸਾਡਾ ਇਕੋ ਗੁਰੂ ਹੈ ਤੇ ਉਸ ਦੇ ਰਾਹ `ਤੇ ਚੱਲਣ ਵਾਲਿਆਂ ਦਾ ਇੱਕ ਪੰਥ
ਹੈ। ਸਿੱਖ ਕੌਮ ਨੂੰ ਅੱਜ ਬਹੁਤ ਹੀ ਸੂਝ ਤੇ ਸਮਝ ਦੀ ਲੋੜ ਹੈ ਕਿਉਂ ਕਿ ਪੰਥਕ ਏਕਤਾ ਨੂੰ ਖੋਰਾ ਲਉਣ
ਲਈ ਕਦੇ ਕੈਲੰਡਰ ਦਾ ਰੌਲ਼ਾ ਕਦੇ ਰਹਿਤ ਮਰਯਾਦਾ ਨੂੰ ਬਦਲਣ ਦੀ ਤਿਆਰੀ ਅਤੇ ਗੁਰੂ ਗ੍ਰੰਥ ਸਾਹਿਬ ਜੀ
ਦੀ ਮਹਾਨਤਾ ਨੂੰ ਕਈ ਤਰੀਕਿਆਂ ਨਾਲ ਚਣੌਤੀ ਦਿਤੀ ਜਾ ਰਹੀ ਹੈ।