.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰੂ ਗ੍ਰੰਥ ਤੇ ਪੰਥ ਨੂੰ ਦਰਪੇਸ਼ ਚਨੌਤੀਆਂ

ਅੰਮ੍ਰਿਤਸਰ ਦੇ ਈਸਾਈ ਮਿਸ਼ਨ ਸਕੂਲ ਵਿੱਚ ਪੜ੍ਹ ਰਹੇ ਚਾਰ ਸਿੱਖ ਵਿਦਿਆਰਥੀਆਂ ਨੇ ਜਦੋਂ ਇਸਾਈ ਮਤ ਗ੍ਰਹਿਣ ਕਰਨ ਦੀ ਸੋਚੀ ਤਾਂ ਸਾਰੀ ਕੌਮ ਦੀ ਰੂਹ ਕੰਬ ਉੱਠੀ ਸੀ। ਖਾਸ ਤੌਰ `ਤੇ ਉਸ ਸਮੇਂ ਦੇ ਸਿੱਖ ਆਗੂਆਂ ਨੇ ਇਸ ਮਸਲੇ ਨੂੰ ਇੱਕ ਚਨੌਤੀ ਵਜੋਂ ਦੇਖਿਆ ਤੇ ਇਸ ਮਸਲੇ `ਤੇ ਡੱਟ ਕੇ ਕੰਮ ਕੀਤਾ। ਇਹ ਮਹਿਸੂਸ ਕੀਤਾ ਗਿਆ ਕਿ ੧੮੭੩ ਈਸਵੀ ਤੱਕ ਸਿੱਖਾਂ ਦੇ ਪਾਸ ਨਾ ਤਾਂ ਕੋਈ ਕੇਂਦਰੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਉਸਾਰੂ ਸਿੱਖ ਸਿਧਾਂਤ ਨੂੰ ਸਮਝਣ ਲਈ ਗੁਰਮਤ ਸਾਹਿਤ ਸੀ। ਇਹ ਵੀ ਸਮਝ ਵਿੱਚ ਆਉਂਦਾ ਹੈ ਕਿ ਇਸ ਸਮੇਂ ਤੱਕ ਕੋਈ ਡੇਰਾ, ਟਕਸਾਲ ਤੇ ਸਾਧ ਸੰਤ ਸਿੱਖੀ ਵਿੱਚ ਸਥਾਪਤ ਨਹੀਂ ਸੀ ਜਿਹੜਾ ਸਿੱਖ ਮੁੱਦਿਆ ਜਾਂ ਸਿੱਖ ਸਿਧਾਂਤ ਲਈ ਹਿੱਕ ਠੋਕ ਕੇ ਗੱਲ ਕਰਦਾ ਹੋਵੇ। ੧੮੭੩ ਈਸਵੀ ਨੂੰ ਸ੍ਰਿੀ ਗੁਰੂ ਸਿੰਘ ਸਭਾ ਲਾਹੌਰ ਹੋਦ ਵਿੱਚ ਆਈ `ਤੇ ਫਿਰ ਚੀਫ਼ ਖਾਲਸਾ ਦੀਵਾਨ ਹੋਂਦ ਵਿੱਚ ਆਇਆ। ੫ ਮਾਰਚ ੧੮੯੨ ਨੂੰ ਪਹਿਲਾ ਖਾਲਸਾ ਕਾਲਜ ਹੋਂਦ ਵਿੱਚ ਆਇਆ। ੨੧ ਫਰਵਰੀ ੧੯੨੧ ਨੂੰ ਨਾਨਕਾਣਾ ਸਾਹਿਬ ਦਾ ਸਾਕਾ ਹੋਇਆ ਤਾਂ ਇਸ ਸਮੇਂ ਤੱਕ ਵੀ ਸਿੱਖ ਕੌਮ ਵਿੱਚ ਕੋਈ ਡੇਰਾ-ਟਕਸਾਲ ਜਾਂ ਸਾਧ ਲਾਣਾ ਦਿਖਾਈ ਨਹੀਂ ਦੇਂਦਾ ਜਿਹੜਾ ਨਾਨਕਾਣਾ ਸਾਹਿਬ ਦੇ ਸਾਕੇ ਸਮੇਂ ਮੌਜੂਦ ਹੋਵੇ। ੧੯੨੦ ਨੂੰ ਸਿੱਖਾਂ ਦੀ ਰਾਜਸੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ। ਇਹ ਉਹ ਸਮਾਂ ਸੀ ਜਦੋਂ ਕੌਮ ਵਿੱਚ ਜਾਗਰਤੀ ਆਉਣੀ ਸ਼ੁਰੂ ਹੋਈ ਸੀ। ੧੯੨੫ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਨੂੰਨੀ ਤੌਰ `ਤੇ ਹੋਂਦ ਵਿੱਚ ਆਈ। ਨਾਨਕਾਣਾ ਸਾਹਿਬ ਦੇ ਸਾਕੇ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਪੁਤਲੀ ਘਰ ਅੰਮ੍ਰਿਤਸਰ ਹੋਂਦ ਵਿੱਚ ਆਇਆ।

ਇਸ ਵਿੱਚ ਕੋਈ ਦੋ ਰਾਏ ਨਹੀਂ ਹਨ ਇਹਨਾਂ ਸੰਸਥਾਵਾਂ ਦੇ ਮੈਂਬਰਾਂ ਨੇ ਮੁਢਲ਼ੇ ਰੂਪ ਵਿੱਚ ਤਨ, ਮਨ ਤੇ ਧਨ ਨਾਲ ਸਿੱਖ ਕੌਮ ਦੀ ਨਿੱਗਰ ਸੇਵਾ ਕੀਤੀ। ਹੌਲ਼ੀ ਹੌਲ਼ੀ ਅੰਗਰੇਜ਼ ਹਾਕਮਾਂ ਨੇ ਇੱਕ ਨੀਤੀ ਅਪਨਾਈ ਕਿ ਦੇਸੀ ਲੋਕਾਂ ਨੂੰ ਪਾੜੋ `ਤੇ ਰਾਜ ਕਰੋ। ਜਿਹੜੇ ਅੰਗਰੇਜ਼ ਨਾਲ ਰਲ ਕੇ ਚਲਦੇ ਸਨ ਉਨ੍ਹਾਂ ਨੂੰ ਸਰਕਾਰੇ ਦਰਬਾਰੇ ਪੂਰਾ ਮਾਣ ਮਿਲਦਾ ਸੀ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਨਾਲ ਵੀ ਨਿਵਾਜਿਆ ਜਾਂਦਾ ਸੀ। ਜਿਹੜੇ ਗੁਲਾਮੀ ਦਾ ਵਿਰੋਧ ਕਰਦੇ ਸਨ ਉਨ੍ਹਾਂ ਲਈ ਕਾਲ ਕੋਠੜੀਆਂ ਤਿਆਰ ਰਹਿੰਦੀਆਂ ਸਨ।

ਅੰਗਰੇਜ਼ ਹਾਕਮਾਂ ਨੇ ਸਿੱਖ ਸਿਧਾਂਤ ਵਿੱਚ ਰਲ਼ਾ ਪਉਣ ਦੀ ਨੀਤ ਨਾਲ ਸਿੱਖੀ ਦੇ ਬਾਹਰਲੇ ਪਹਿਰਾਵੇ `ਤੇ ਪੂਰਾ ਜ਼ੋਰ ਦਿੱਤਾ। ਖਾਸ ਤੌਰ `ਤੇ ਫੌਜ ਵਿੱਚ ਬਾਹਰਲੀ ਸਿੱਖੀ ਨੂੰ ਉਹਨਾਂ ਨੇ ਸਖਤੀ ਨਾਲ ਲਾਗੂ ਕੀਤਾ। ਜਿੱਥੋਂ ਸਿੱਖ ਇਹ ਸਮਝਣ ਲੱਗ ਗਿਆ ਸੀ ਕਿ ਸ਼ਾਇਦ ਅੰਗਰੇਜ਼ ਸਾਡੇ ਧਰਮ ਦੀ ਬਹੁਤ ਇੱਜ਼ਤ ਕਰਦੇ ਹਨ। ਇਸ ਦੇ ਵਿਰੁੱਧ ਜਿੱਥੋਂ ਸਿੱਖਾਂ ਨੂੰ ਰੂਹਾਨੀਅਤ ਦਾ ਗਿਆਨ ਮਿਲਣਾ ਸੀ ਓੱਥੇ ਉਸ ਨੇ ਬਿੱਪਰ ਬਿਰਤੀ ਵਾਲੇ ਮਹੰਤਾਂ (ਗ੍ਰੰਥੀ-ਪਰਚਾਰਕਾਂ) ਨੂੰ ਮਨਮਰਜ਼ੀ ਕਰਨ ਦੀ ਪੂਰੀ ਪੂਰੀ ਹਮਾਇਤ ਵੀ ਦਿੱਤੀ ਹੋਈ ਸੀ। ਜਦੋਂ ਸਿੱਖ ਕੌਮ ਦੇ ਆਗੂ ਸੰਘਰਸ਼ ਵਿੱਚ ਜੂਝ ਰਹੇ ਸਨ ਤਾਂ ਸਮੇਂ ਦਾ ਨਜਾਇਜ਼ ਫਾਇਦਾ ਉਠਾਉਂਦਿਆਂ ਹੋਇਆਂ ਸਨਾਤਨੀ ਮਤ ਵਿੱਚ ਰੰਗੇ ਵਿਦਵਾਨਾਂ ਨੇ ਅਜੇਹੇ ਗ੍ਰੰਥ ਤਿਆਰ ਕਰਾਏ ਜਿਹੜੇ ਸਿੱਖ ਸਿਧਾਂਤ ਘੱਟ `ਤੇ ਬਿੱਪਰਵਾਦ ਦਾ ਵੱਧ ਪਰਚਾਰ ਕਰਦੇ ਸਨ। ਇਹ ਉਹ ਸਮਾਂ ਸੀ ਜਦੋਂ ਸਿੱਖ ਵਿਦਵਾਨਾਂ ਨੇ ਮਹਿਸੂਸ ਕੀਤਾ ਕਿ ਸਾਨੂੰ ਵੀ ਗੁਰਮਤ ਸਮਝਣ ਵਾਲਾ ਸਾਹਿਤ ਪੈਦਾ ਕਰਨਾ ਚਾਹੀਦਾ ਹੈ। ਦੂਸਰਾ ਮਹੀਨਾਵਾਰੀ ਪੱਤ੍ਰਕਾਵਾਂ ਰਾਂਹੀਂ ਸਿੱਖ ਕੌਮ ਨੂੰ ਗੁਰਮਤ ਦੀ ਜਾਣਕਾਰੀ ਦੇਣ ਦਾ ਉਪਰਾਲਾ ਕਰਨ ਦਾ ਯਤਨ ਚਾਹੀਦਾ ਹੈ।

ਅੰਗਰੇਜ਼ੀ ਹਾਕਮਾਂ ਦੇ ਸਮੇਂ ਹੀ ਹੌਲ਼ੀ ਹੌਲ਼ੀ ਟਾਂਵੇ ਟਾਂਵੇ ਡੇਰੇ ਸਥਾਪਤ ਹੋਣੇ ਸ਼ੁਰੂ ਹੋ ਗਏ ਸਨ। ਉਸ ਸਮੇਂ ਦੇ ਕੁੱਝ ਸਾਧਾਂ ਨੇ ਗੁਰਬਾਣੀ ਦੇ ਕੋਲ ਬੈਠ ਕੇ ਵੀ ਗੁਰਬਾਣੀ ਦੀ ਗੱਲ ਨਹੀਂ ਕੀਤੀ। ਅਜੇਹੇ ਆਪੂੰ ਬਣੇ ਪਰਚਾਰਕਾਂ ਨੇ ਬਿੱਪਰਵਾਦੀ ਗ੍ਰੰਥਾਂ ਦੀਆਂ ਲਿਖਤਾਂ ਦੀ ਹੀ ਵਿਆਖਿਆ ਕੀਤੀ ਹੈ। ਦੇਖਣ ਨੂੰ ਇੰਜ ਲਗਦਾ ਸੀ ਕਿ ਸ਼ਾਇਦ ਇਹ ਸਿੱਖੀ ਦਾ ਹੀ ਪਰਚਾਰ ਕਰ ਰਹੇ ਹਨ ਪਰ ਉਹ ਸਿੱਖ ਸਿਧਾਂਤ ਨੂੰ ਬ੍ਰਾਹਮਣੀ ਗਲੇਫ਼ ਵਿੱਚ ਲਬੇੜ ਕੇ ਦੇ ਰਹੇ ਸਨ। ਜਿਸ ਦਾ ਨਤੀਜਾ ਇਹ ਨਿਕਲਿਆ ਆਮ ਸਿੱਖ ਨੂੰ ਬਿੱਪਰਵਾਦੀ ਮਿਲਾਵਟ ਵਾਲਾ ਸਿੱਖ ਸਿਧਾਂਤ ਮਿਲ ਗਿਆ।

ਅੰਗਰੇਜ਼ ਚਲੇ ਗਏ, ਭਾਰਤ ਅਜ਼ਾਦ ਹੋ ਗਿਆ ਤੇ ਦੇਸੀ ਹਾਕਮਾਂ ਨੇ ਮੁਲਕ ਦੀ ਵਾਗ ਡੋਰ ਸੰਭਾਲ਼ ਲਈ। ਦੇਸੀ ਹਾਕਮ ਕਹਿਣ ਨੂੰ ਸਾਰੇ ਧਰਮਾਂ ਦਾ ਸਤਕਾਰ ਕਰਦੇ ਸਨ ਪਰ ਅੰਦਰ ਖਾਤੇ ਸਿੱਖ ਸਿਧਾਂਤ ਦੀ ਜੜ੍ਹੀਂ ਤੇਲ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਦੇਸੀ ਹਾਕਮਾਂ ਵਿੱਚ ਹਿੰਦੂਤਵ ਦੀ ਮਿਕਦਾਰ ਕੁੱਟ ਕੁੱਟ ਕੇ ਭਰੀ ਹੋਈ ਸੀ। ਹਿੰਦੂਤਵੀ ਦੇਸੀ ਹਾਕਮ ਇਹ ਚਹੁੰਦੇ ਸਨ ਕਿ ਸਿੱਖ ਦਿੱਸਣੇ ਤਾਂ ਜ਼ਰੂਰ ਚਾਹੀਦੇ ਹਨ ਪਰ ਇਹਨਾਂ ਦੇ ਰੀਤੀ ਰਿਵਾਜ ਬ੍ਰਾਹਮਣੀ ਧਰਮ ਵਾਲੇ ਹੋਣੇ ਚਾਹੀਦੇ ਹਨ। ਨਤੀਜਨ ਅਜੇਹੇ ਗ੍ਰੰਥ ਤਿਆਰ ਹੋਏ ਜਿਹੜੇ ਪੂਰਾ ਭੁਲੇਖਾ ਪਾਊ ਸਨ। ਜਾਣੇ ਜਾਂ ਅਨਜਾਣੇ ਵਿੱਚ ਸਾਡੇ ਬੀਤ ਚੁੱਕੇ ਧਾਰਮਕ ਆਗੂਆਂ ਜਾਂ ਡੇਰਾਵਾਦੀ ਸੋਚ ਨੇ ਇਹਨਾਂ ਗ੍ਰੰਥ ਦਾ ਪੱਲਾ ਘੁੱਟ ਕੇ ਫੜ ਲਿਆ। ਇਹਨਾਂ ਗ੍ਰੰਥਾਂ ਦੀ ਆੜ ਲੈ ਕੇ ਕੁੱਝ ਸਿੱਖ ਬਿੱਪਰਵਾਦੀ ਵਿਦਵਾਨਾਂ ਵਲੋਂ ਵੀ ਅਜੇਹੀਆਂ ਪੁਸਤਕਾਂ ਤਿਆਰ ਕੀਤੀਆਂ ਗਈਆਂ ਜਿਹੜੀਆਂ ਹਿੰਦੂਤਵੀ ਪ੍ਰਭਾਵ ਨੂੰ ਆਪਣੇ ਵਿੱਚ ਸਮੋਈ ਬੈਠੀਆਂ ਸਨ। ਪੂਰੇ ਗੁਰ-ਇਤਿਹਾਸ ਤੇ ਸਿੱਖ-ਇਤਿਹਾਸ ਵਿੱਚ ਬਹੁਤੀ ਥਾਈ ਸਿੱਖ ਸਿਧਾਂਤ ਦੀ ਉਲੰਘਣਾ ਕੀਤੀ ਹੋਈ ਦਿਸਦੀ ਹੈ। ਅਜੇਹੇ ਗ੍ਰੰਥ ਜਿਹੜੇ ਕਿਸੇ ਡੇਰੇ ਦੇ ਆਗੂਆਂ ਨੇ ਤਿਆਰ ਕੀਤੇ ਹੋਏ ਸਨ ਉਸ ਡੇਰੇ ਵਿੱਚ ਰਹਿਣ ਵਾਲੇ ਵੀਰਾਂ ਨੇ ਹੂ-ਬ-ਹੂਮ ਰੱਟਾ ਲਗਾ ਲਿਆ `ਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਮਹਾਂ ਪੁਰਸ਼ ਕੋਈ ਝੂਠ ਥੋੜਾ ਬੋਲਦੇ ਸਨ। ਕਈ ਵਾਰੀ ਇੰਜ ਮਹਿਸੂਸ ਹੁੰਦਾ ਹੈ ਕਿ ਡੇਰਾਵਾਦੀ ਵੀਰਾਂ ਨੂੰ ਗੁਰਬਾਣੀ ਨਾਲੋਂ ਵੀ ਆਪਣੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ `ਤੇ ਜ਼ਿਆਦਾ ਭਰੋਸਾ ਹੈ। ਇਹ ਵੀਰ ਆਪਣੀ ਧੁੰਨ ਦੇ ਪੂਰੇ ਪੱਕੇ ਹੁੰਦੇ ਹਨ ਕਿ ਬਾਣੀ ਸਿਧਾਂਤ ਭਾਂਵੇ ਕੋਈ ਵੀ ਹੋਵੇ ਅਸਾਂ `ਤੇ ਵੱਡੇ ਮਹਾਂ ਪੁਰਸ਼ਾਂ ਦੀ ਹੀ ਗੱਲ ਮੰਨਣੀ ਹੈ। ਅਜੇਹੀ ਅਵਸਥਾ ਵਿੱਚ ਗੁਰਬਾਣੀ ਨਾਲੋਂ ਮਿਤਿਥਹਾਸਕ ਗ੍ਰੰਥਾਂ ਦਾ ਜ਼ਿਆਦਾ ਬੋਲਬਾਲਾ ਰਿਹਾ ਹੈ ਜਿਸ ਦਾ ਪ੍ਰਭਾਵ ਅੱਜ ਵੀ ਡੇਰਿਆਂ ਤੋਂ ਦੇਖਿਆ ਜਾ ਸਕਦਾ ਹੈ। ਸਿੱਖੀ ਭੇਸ ਵਿੱਚ ਬਹੁਤੇ ਡੇਰੇ ਬਿੱਪਰ ਦਾ ਪੂਰਾ ਰੂਪ ਧਾਰਨ ਕਰ ਚੁੱਕੇ ਹਨ।

ਅਜ਼ਾਦ ਭਾਰਤ ਵਿੱਚ ਧਰਮ ਦੇ ਨਾਂ `ਤੇ ਸਾਧ ਤੇ ਉਹਨਾਂ ਦੇ ਡੇਰੇ ਖੁੰਭਾਂ ਵਾਂਗ ਵੱਧੇ। ਪੰਜਾਬ ਵਿੱਚ ਸਿੱਖੀ ਦੇ ਨਾਂ `ਤੇ ਹਜ਼ਾਰਾਂ ਦੀ ਗਿਣਤੀ ਵਿੱਚ ਬਾਬਿਆਂ ਦਾ ਵਾਧਾ ਹੋਇਆ ਹੈ। ਇਹਨਾਂ ਬਾਬਿਆਂ ਨੇ ਸਿੱਖ ਸਿਧਾਂਤ ਦਾ ਭਗਵਾ ਕਰਨ ਵਾਲੀਆਂ ਹੀ ਸਾਖੀਆਂ ਸੁਣਾਈਆਂ ਹਨ। ਇਨ੍ਹਾਂ ਤਮਾਮ ਬਾਬਿਆਂ ਨੂੰ ਸਰਕਾਰ ਦੀ ਪੂਰੀ ਸਰਪ੍ਰਸਤੀ ਮਿਲੀ ਹੋਈ ਹੈ। ਅੱਜ ਦੇ ਦੌਰ ਵਿੱਚ ਸਿੱਖ ਕੌਮ ਇਸ ਮੋੜ `ਤੇ ਆ ਕੇ ਖੜੀ ਹੋ ਗਈ ਜਿੱਥੇ ਤਰ੍ਹਾਂ ਤਰ੍ਹਾਂ ਦੀ ਸਿੱਖੀ ਦੇਖਣ ਸੁਣਨ ਨੂੰ ਮਿਲ ਰਹੀ ਹੈ। ਏਨੀਆਂ ਜੱਥੇਬੰਦੀਆਂ ਹੋ ਗਈਆਂ ਹਨ ਕਿ ਇਹਨਾਂ ਦਾ ਆਪਸ ਵਿੱਚ ਵੀ ਕੋਈ ਤਾਲ ਮੇਲ ਨਹੀਂ ਹੈ। ਹਾਂ ਜਦੋਂ ਕੋਈ ਜਾਗੁਰਕ ਧਿਰ ਸਿੱਖ ਸਿਧਾਂਤ ਦੀ ਗੱਲ ਕਰਦੀ ਹੈ ਤਾਂ ਇਹ ਹਿੰਦੂਤਵ ਵਿੱਚ ਗੜੁੱਚ ਹੋ ਚੁੱਕੀਆਂ ਜੱਥੇਬੰਦੀਆਂ ਅਸਮਾਨ ਸਿਰ `ਤੇ ਚੁੱਕ ਲੈਂਦੀਆਂ ਹਨ ਕਿ ਦੇਖੋ ਜੀ ਇਨ੍ਹਾਂ ਨੇ ਸਿੱਖ ਧਰਮ ਦੀ ਬੜੀ ਅਵੱਗਿਆ ਕੀਤੀ ਹੈ। ਸਮੁੱਚੇ ਸਾਧ ਲਾਣੇ ਨੇ ਗੁਰਦੁਆਰੇ ਦਾ ਨਾਂ ਛੱਡ ਕੇ ਠਾਠ ਆਦਕ ਰੱਖ ਲਏ ਹਨ ਦੂਸਰਾ ਇਹਨਾਂ ਡੇਰਿਆਂ ਵਿੱਚ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਕੋਈ ਮਦ ਵੀ ਲਾਗੂ ਨਹੀਂ ਹੈ ਪਰ ਢੰਢੋਰਾ ਗੁਰਬਾਣੀ ਦੇ ਪਰਚਾਰ ਦਾ ਕਰਦੇ ਹਨ। ਇੱਕ ਗੱਲ ਪੱਕੀ ਹੈ ਕਿ ਕਿਸੇ ਸਿਧਾਂਤਕ ਵਿਦਵਾਨ ਨੂੰ ਪੰਥ ਵਿਚੋਂ ਖਾਰਜ ਕਰਾਉਣ ਲਈ ਇਹਨਾਂ ਦਾ ਪੂਰਾ ਪੂਰਾ ਯੋਗਦਾਨ ਹੁੰਦਾ ਹੈ। ਕੌਮ ਦੇ ਵਿਦਵਾਨ ਵਰਗ, ਰਾਜਨੀਤਕ ਵਰਗ ਤੇ ਧਾਰਮਕ ਆਗੂਆਂ ਦੀ ਅਣਗਹਿਲੀ ਕਰਕੇ ਸਿੱਖ ਪੰਥ ਵਿੱਚ ਸੰਤ ਸਮਾਜ, ਸਹਿਜ ਧਾਰੀ ਸਿੱਖ ਆਦ ਕੁੱਝ ਇੱਕ ਨਵੇਂ ਨਾਂ ਵੀ ਜੁੜ ਗਏ ਹਨ।

ਹੁਣ ਪੰਥ ਦੀਆਂ ਬਹਤੁ ਸਾਰੀਆਂ ਵੰਨਗੀਆਂ ਹੋ ਗਈਆਂ ਹਨ। ਇੱਕ ਉਹ ਸਿੱਖ ਹਨ ਜਿਹੜੇ ਸ਼ਰੇਆਮ ਗੁਰੂਦੁਆਰੇ ਦੀ ਹਦੂਦ ਵਿੱਚ ਬੱਕਰਾ ਝਟਕਾ ਕੇ ਸ਼ਾਸ਼ਤਰਾਂ ਨੂੰ ਤਿਲਕ ਲਗਾਉਂਦੇ ਹਨ ਤੇ ਇਹ ਵੀ ਆਖਦੇ ਹਨ, ਕਿ ਸਿੱਖ ਧਰਮ ਦੀ ਇਹ ਪੁਰਾਤਨ ਤੇ ਪ੍ਰਸ਼ੋਤਮ ਮਰਯਾਦਾ ਚਲਦੀ ਆ ਹੈ। ਦੁਜੇ ਉਹ ਸਿੱਖ ਹਨ ਜਿਹੜੇ ਇਹ ਆਖਦੇ ਹਨ ਭੰਗ ਨਹੀਂ ਬਲ ਕੇ ਇਹ ਸੁੱਖ ਨਿਧਾਨ ਹੈ। ਇਸ ਸੁੱਖ ਨਿਧਾਨ ਦਾ ਸੇਵਨ ਕਰਨ ਨਾਲ ਹੀ ਦਸਮ ਦੁਆਰ ਖੁਲ੍ਹਦਾ ਹੈ। ਅਜੇਹੇ ਰਾਹ ਨੁਮਾਂ ਆਗੂਆਂ ਦਾ ਖ਼ਿਆਲ ਹੈ ਕਿ ਸ਼ਾਇਦ ਇਹ ਸ਼ਰਦਾਈ ਪੀਣ ਨਾਲ ਹੀ ਕੌਮ ਤਰੱਕੀ ਦੇ ਰਾਹ ਪੈ ਸਕਦੀ ਹੈ। ਤੀਜੇ ਉਹ ਸਿੱਖ ਹਨ ਜਿਹੜੇ ਗੁਰੂ ਗ੍ਰੰਥ ਸਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਤਾਂ ਸੁਣ ਲੈਂਦੇ ਹਨ ਪਰ ਕੜਾਹ ਪ੍ਰਸ਼ਾਦ ਲੈਣ ਲਈ ਤਿਆਰ ਨਹੀਂ ਹੁੰਦੇ ਕਿ ਇਸ ਕੜਾਹ ਪ੍ਰਸ਼ਾਦ ਨੂੰ ਬਿਬੇਕੀ ਸਿੰਘਾਂ ਨੇ ਤਿਆਰ ਨਹੀਂ ਕੀਤਾ ਹੈ। ਇਹ ਆਪਣੇ ਨਾਲ ਭਾਂਡੇ ਵੀ ਵੱਖਰੇ ਹੀ ਚੁੱਕੀ ਫਿਰਦੇ ਹਨ। ਦੂਜੇ ਦੇ ਹੱਥ ਦਾ ਬਣਿਆ ਹੋਇਆ ਲੰਗਰ ਛੱਕਣ ਲਈ ਵੀ ਤਿਆਰ ਨਹੀਂ ਹੁੰਦੇ। ਪਾਣੀਪਤ ਦੇ ਮੈਦਾਨ ਵਿੱਚ ਵੀ ਏਹੀ ਕੁੱਝ ਹੋਇਆ ਸੀ। ਬਾਰ੍ਹਾਂ ਪੂਰਬੀਏ ਤੇ ਤੇਰ੍ਹਾਂ ਉਨ੍ਹਾਂ ਦੇ ਚੁੱਲ੍ਹੇ ਸਨ। ਭਾਵ ਬਾਰ੍ਹਾਂ ਤਾਂ ਇਹਨਾਂ ਦੇ ਆਪੋ ਆਪਣੇ ਚੁੱਲ੍ਹੇ ਸਨ ਜਦ ਕਿ ਤੇਰ੍ਹਵਾਂ ਚੁੱਲ੍ਹਾ ਆਏ ਗਏ ਲਈ ਹੁੰਦਾ ਸੀ। ਜਿਸ ਭਿੱਟ ਵਿਚੋਂ ਸਾਨੂੰ ਗੁਰਦੇਵ ਪਿਤਾ ਜੀ ਨੇ ਬਾਹਰ ਕੱਢਿਆ ਸੀ ਅੱਜ ਉਹੀ ਭਿੱਟ ਸਾਡੇ ਵਿੱਚ ਖੰਡੇ ਦੀ ਪਹੁਲ ਲੈਣ ਨਾਲ ਵੀ ਆ ਗਈ ਹੈ। ਕੋਈ ਕਹਿੰਦਾ ਹੈ ਕਿ ਮੈਂ ਫਲਾਣੇ ਸਾਧ ਤੋਂ ਅੰਮ੍ਰਿਤ ਛੱਕਿਆ ਹੈ ਤੇ ਕੋਈ ਕਿਤੋਂ ਦੱਸ ਰਿਹਾ ਹੈ।

ਚੌਥੇ ਕੁੱਝ ਵੀਰਾਂ ਨੇ ਕੇਵਲ ਬਾਹਰਲੇ ਪਹਿਰਾਵੇ ਨੂੰ ਹੀ ਸਾਰੀ ਸਿੱਖੀ ਸਮਝ ਲਿਆ ਹੈ। ਸਾਰੀ ਕੌਮ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿਖਨ ਕੁ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਪਹਿਰਾ ਦੇ ਰਹੀ ਹੈ। ਪਰ ਤਸਵੀਰ ਦੇ ਦੁਜੇ ਪਾਸੇ ਤਮਾਮ ਡੇਰਾਵਦੀ ਸਾਧ ਲਾਣੇ ਨੇ ਬਚਿੱਤਰ ਨਾਟਕ ਦੀ ਲਿਖਤ ਨੂੰ ਦਸਮ ਗ੍ਰੰਥ ਦਾ ਦਰਜਾ ਦੇ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕਾ ਵੀ ਪੈਦਾ ਕਰਕੇ ਬੈਠ ਗਈ ਹੈ। ਗੱਲ ਏੱਥੋਂ ਤੱਕ ਸੀਮਤ ਨਹੀਂ ਰਹੀ ਅਜੇਹੇ ਸਿੱਖ ਸਿਧਾਂਤ ਤੋਂ ਉਖੜੇ ਸਾਧਾਂ ਨੇ ਬਚਿੱਤ੍ਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਵੀ ਕਰ ਦਿੱਤਾ ਹੈ। ਇਹਨਾਂ ਆਪੇ ਬਣੇ ਮਹਾਂਪੁਰਸ਼ਾਂ ਨੇ ਬਚਿੱਤ੍ਰ ਨਾਟਕ ਦਾ ਪ੍ਰਕਾਸ਼ ਕਰਕੇ ਕੌਮ ਵਿੱਚ ਦੁਬਿਧਾ ਪੈਦਾ ਕਰ ਦਿੱਤੀ ਹੈ।

ਗੱਲ ਕਿਤੇ ਵੀ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਸਾਰੀ ਕੌਮ ਬਾਬਾ ਜਰਨੈਲ ਸਿੰਘ ਜੀ ਨੂੰ ਕੌਮੀ ਸ਼ਹੀਦ ਮੰਨ ਕੇ ਚਲ ਰਹੀ ਹੈ ਪਰ ਬਹੁਤੇ ਹੀ ਸ਼ਰਧਾਵਾਨ ਬਾਬਾ ਜੀ ਪ੍ਰਤੀ ਇਹ ਆਸਥਾ ਬਣਾਈ ਬੈਠੇ ਹਨ ਕਿ ਬਾਬਾ ਜੀ ਜਿਉਂਦੇ ਹਨ ਸਮਾਂ ਪਾ ਕੇ ਜ਼ਰੂਰ ਪ੍ਰਗਟ ਹੋਣਗੇ। ਇਸ ਵਿਚਾਰ ਤੋਂ ਕਈ ਥਾਂਈ ਝਗੜੇ ਵੀ ਹੋਏ ਹਨ ਤੇ ਪੱਗਾਂ ਲੱਥੀਆਂ ਹਨ। ਰਾਧਾ ਸੁਆਮੀਏ, ਨਾਮਧਾਰੀਏ, ਨੋਸ਼ਹਿਰੇ ਵਾਲੇ ਕਿਤੇ ਕਿਤੇ ਨਿੰਰਕਾਰੀਏ ਤੇ ਹੋਰ ਸੰਪਰਦਾਵਾਂ ਵਾਲੇ ਦੇਖਣ ਨੂੰ ਤਾਂ ਬਹੁਤੇ ਸਿੱਖੀ ਸਰੂਪ ਵਿੱਚ ਹਨ ਪਰ ਵਿਚਾਰਧਾਰਕ ਕਰਕੇ ਸਿੱਖੀ ਤੋਂ ਬਹੁਤ ਦੂਰ ਚਲੇ ਗਏ ਹਨ। ਬਹੁਤਾ ਸਾਧ ਲਾਣਾ ਦੇਖਣ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਪਰ ਪਿੱਠ ਪਿੱਛੇ ਇਹ ਸਾਧ ਆਪਣੇ ਆਪ ਨੂੰ ਗੁਰੂ ਹੀ ਸਥਾਪਤ ਕਰ ਚੁੱਕੇ ਹਨ। ਕਈ ਦੇਖਣ ਨੂੰ ਪੂਰੇ ਸਿੱਖੀ ਸਰੂਪ ਤਾਂ ਜ਼ਰੁਰ ਲਗਦੇ ਹਨ ਪਰ ਉਹ ਗ੍ਰੰਥ `ਤੇ ਪੰਥ (ਜੱਥੇਬੰਦਕ ਢਾਂਚੇ) ਤੋਂ ਬਹੁਤ ਦੂਰ ਬੈਠੇ ਹੋਏ ਹਨ।

ਗਿਆਨੀ ਦਿੱਤ ਸਿੰਘ ਪ੍ਰੋ. ਗੁਰਮੁਖ ਸਿੰਘ ਜੀ, ਭਾਈ ਕਾਹਨ ਸਿੰਘ ਨਾਭਾ, ਪ੍ਰੋਫੈਸਰ ਸਾਹਿਬ ਸਿੰਘ ਜੀ, ਭਾਈ ਕਰਮ ਸਿੰਘ ਹਿਸਟੋਰੀਅਨ ਤੇ ਹੋਰ ਬਹੁਤ ਸਾਰੇ ਨਾਮੀ ਸਿੱਖ ਵਿਦਵਾਨਾਂ ਨੇ ਨਿੱਠ ਕੇ ਗੁਰਮਤਿ ਸਿਧਾਂਤ ਲਈ ਕੰਮ ਕੀਤਾ ਹੈ। ਇਹਨਾਂ ਵਿਦਵਾਨਾਂ ਨੇ ਸਿੱਖ ਇਤਿਹਾਸ ਵਿੱਚ ਆਈਆਂ ਮਨਮਤਾਂ ਨੂੰ ਗੁਰਬਾਣੀ ਨਾਲ ਪਰਖ ਕੇ ਰੱਦ ਕੀਤਾ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਨੂੰ ਵਿਆਕਰਣਕ ਢੰਗ ਨਾਲ ਸਮਝਣ ਦੀ ਸੂਝ ਪੈਦਾ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪਹਿਲਾਂ ਗੁਰਬਾਣੀ ਦੇ ਕਿਸੇ ਸ਼ਬਦ ਦੀ ਵਿਚਾਰ ਸਮਝ ਵਿੱਚ ਨਹੀਂ ਆਉਂਦੀ ਸੀ ਤਾਂ ਸਾਡੇ ਡੇਰਵਾਦੀ ਜਾਂ ਗੁਰਬਾਣੀ ਸਿਧਾਂਤ ਦੀ ਸੂਝ ਨਾ ਰੱਖਣ ਵਾਲੇ ਗੈਰ ਕੁਦਰਤੀ ਸਾਖੀਆਂ ਬਣਾ ਕੇ ਪੇਸ਼ ਕਰ ਦੇਂਦੇ ਸਨ। ਏੱਥੋਂ ਹੀ ਗੈਰਕੁਦਰਤੀ ਸਾਖੀਆਂ ਨੂੰ ਸਿੱਖੀ ਵਿੱਚ ਥਾਂ ਮਿਲਣਾ ਸ਼ੁਰੂ ਹੋ ਗਿਆ। ਗੁਰ ਇਤਿਹਾਸ ਤੇ ਸਿੱਖ ਇਤਿਹਾਸ ਗੁਰਬਾਣੀ ਅਨੁਸਾਰ ਹੋਣਾ ਚਾਹੀਦਾ ਹੈ ਨਾ ਕਿ ਵੱਡੇ ਬਾਬਿਆਂ ਦੀਆਂ ਕੱਚ ਘਰੜ ਗੱਲ਼ਾਂ ਦਾ ਇਤਿਹਾਸ ਹੋਣਾ ਚਾਹੀਦਾ ਹੈ।

ਅੱਜ ਸਿੱਖੀ ਦੇ ਵਿਹੜੇ ਵਿੱਚ ਗੁਰੂ ਗ੍ਰੰਥ ਤੇ ਪੰਥ (ਜੱਥੇਬੰਦਕ ਢਾਂਚੇ) ਨੂੰ ਬਹੁਤ ਵੱਡੀਆਂ ਚਨੌਤੀਆਂ ਹਨ। ਜਿਹੜਾ ਵੀ ਗੁਰਬਾਣੀ ਦੇ ਅਰਥ ਭਾਵ ਸਮਝਣ ਜਾਂ ਸਮਝਾਉਣ ਦਾ ਯਤਨ ਕਰਦਾ ਹੈ ਤਾਂ ਸਾਧ ਲਾਣਾ ਵਿਰੋਧ ਵਿੱਚ ਉੱਤਰ ਆਉਂਦਾ ਹੈ। ਏਸੇ ਤਰ੍ਹਾਂ ਹੀ ਇਤਿਹਾਸ ਸਬੰਧੀ ਜਦੋਂ ਗੁਰਬਾਣੀ ਅਨੁਸਾਰ ਪਰਖ ਪੜਚੋਲ ਕਰਕੇ ਗੈਰ ਕੁਦਰਤੀ ਇਤਿਹਾਸ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਓਸੇ ਵੇਲੇ ਆਪੇ ਬਣੇ ਸਾਧ, ਸਿੱਖ ਵਿਦਵਾਨਾਂ ਦਾ ਵਿਰੋਧ ਕਰਨ ਵਿੱਚ ਖੜੇ ਹੋ ਜਾਂਦੇ ਹਨ। ਕਈ ਵਾਰੀ ਵਿਚਾਰ ਕਰਨ ਦੀ ਥਾਂ `ਤੇ ਪੱਗਾਂ ਉਤਾਰਨ ਤੱਕ ਚਲੇ ਜਾਂਦੇ ਹਨ ਜੋ ਕਿ ਅੱਜ ਬਹੁਤ ਹੀ ਦੁੱਖਦਾਈ ਪਹਿਲੂ ਹੈ।

ਗੈਲੈਲੀਓ ਨੇ ਜਦੋਂ ਕਿਹਾ ਸੀ ਧਰਤੀ ਗੋਲ ਹੈ ਤੇ ਸੂਰਜ ਦੁਆਲੇ ਚੱਕਰ ਕੱਟਦੀ ਹੈ ਤਾਂ ਧਰਮਕ ਆਗੂਆਂ ਨੇ ਕਿਹਾ ਸੀ ਗੈਲੈਲੀਓ ਤੂੰ ਝੂਠ ਬੋਲਦਾ ਏਂ। ਵਿਚਾਰੇ ਸਾਇੰਸਦਾਨ ਨੂੰ ਧਾਰਮਕ ਆਗੂਆਂ ਦੀ ਕਰੋਪੀ ਦਾ ਸ਼ਿਕਾਰ ਹੋ ਕੇ ਧੁੱਪੇ ਮੁਰਗਾ ਬਣਨਾ ਪਿਆ ਸੀ। ਧਾਰਮਕ ਆਗੂ ਕਹਿੰਦੇ ਸੀ ਸਾਡੇ ਗ੍ਰੰਥ ਤਾਂ ਇਹ ਮੰਨਦੇ ਹਨ ਕਿ ਸੂਰਜ ਧਰਤੀ ਦੁਆਲੇ ਘੂੰਮਦਾ ਹੈ। ਵਿਚਾਰਾ ਗੈਲੈਲੀਓ ਧਰਮ ਦੇ ਪੁਜਾਰੀਆਂ ਨੂੰ ਇੱਕ ਗੱਲ ਕਹਿ ਗਿਆ ਕਿ ਮੇਰੇ ਕਹਿਣ ਨਾਲ ਜਾਂ ਤੁਹਾਡੇ ਕਹਿਣ ਨਾਲ ਧਰਤੀ ਨੇ ਹੁਣ ਘੁੰਮਣ ਤੋਂ ਰੁਕਣਾ ਨਹੀਂ ਹੈ ਇਸ ਨੇ ਹੁਣ ਘੁੰਮੀ ਜਾਣਾ ਹੈ। ਏਸੇ ਤਰ੍ਹਾਂ ਸਿੱਖੀ ਪਹਿਰਾਵੇ ਵਿੱਚ ਬ੍ਰਾਹਮਣੀ ਮਤ ਨੂੰ ਪਰਵਾਨ ਕਰਨ ਵਾਲੇ ਸਾਧ ਸੰਤ ਪੁਰਾਣੀਆਂ ਮਿੱਥਾਂ ਨੂੰ ਹੀ ਮੰਨ ਕੇ ਚੱਲ ਰਹੇ ਹਨ। ਜਦੋਂ ਵੀ ਕੋਈ ਪਰਚਾਰਕ ਵਿਚਾਰ ਨਾਲ ਗੱਲ ਕਰਨ ਦਾ ਯਤਨ ਕਰਦਾ ਹੈ ਤਾਂ ਕੁੱਝ ਲੋਕ ਗੱਲ ਨੂੰ ਗਲਤ ਰੰਗਤ ਦੇ ਕੇ ਅਸਲੀਅਤ ਨਾਲੋਂ ਤੋੜਨ ਦੇ ਯਤਨ ਵਿੱਚ ਹੁੰਦੇ ਹਨ। ਕੁੱਝ ਦਿਨ ਹੋਏ ਹਨ ਇੱਕ ਵਿਚਾਰ ਚਰਚਾ ਚੱਲੀ ਕਿ ਜਲ ਨੂੰ ਪਾਣੀ ਕਿਉਂ ਕਿਹਾ। ਦੂਸਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਅਸਲੀ ਤੱਥ ਨੂੰ ਛਪਾਉਣ ਦਾ ਯਤਨ ਕਰਦਿਆਂ ਕੇਵਲ ਭੋਰੇ ਤੱਕ ਸੀਮਤ ਕਰਨਾ ਆਦਕ ਕੋਈ ਸਿੱਖੀ ਦੀ ਸੇਵਾ ਨਹੀਂ ਹੈ ਬਲ ਕੇ ਸਿਧਾਂਤ ਤੋਂ ਮੂੰਹ ਮੋੜਨਾ ਹੈ—ਪ੍ਰੋਫੈਸਰ ਹਰਜਿੰਦਰ ਸਿੰਘ ਸਭਰਾਅ ਦੀਆਂ ਬੜੀਆਂ ਭਾਵਪੂਰਤ ਸਤਰਾਂ ਹਨ—ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨਾਲ ਜਾਂ ਕੁੱਝ ਹੋਰ ਨਾਮਵਰ ਸਿੱਖ ਵਿਦਵਾਨਾਂ ਨਾਲ ਮੌਜੂਦਾ ਕੁੱਝ ਦਿਨਾਂ ਤੋਂ ਕੁੱਝ ਲੋਕਾਂ ਨੇ ਜੋ ਵਿਵਾਦ ਖੜਾ ਕੀਤਾ ਹੈ, ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਰੇ ਸਬੰਧੀ। ਇਹ ਬੇ-ਲੋੜਾ ਵਿਵਾਦ ਹੈ। ਭਾਈ ਰਣਜੀਤ ਸਿੰਘ ਜੀ ਨੇ ਇਤਿਹਾਸ ਵਿੱਚ ਲਿਖੇ ਤੱਥ ਹੀ ਸੰਗਤ ਸਾਹਮਣੇ ਰੱਖੇ ਹਨ ਕੋਈ ਕੋਲੋਂ ਘੜੀ ਹੋਈ ਗੱਲ ਨਹੀਂ ਕਹੀ। ਜਿਵੇਂ ਪਹਿਲਾਂ ਪਾਣੀ ਬਨਾਮ ਜਲ ਦਾ ਬੇ-ਲੋੜਾ ਝਗੜਾ ਪਾਇਆ ਗਿਆ ਸੀ ਓਵੇਂ ਹੀ ਇਹ ਵਿਵਾਦ ਖੜਾ ਕੀਤਾ ਗਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਬੰਧੀ ਕਿ ਬਾਬਾ ਬਕਾਲਾ ਨਗਰ ਵਿੱਚ ਲਗਾਤਾਰ ੨੬ ਸਾਲ ੯ ਮਹੀਨੇ ੧੩ ਦਿਨ ਨਾ ਟਿਕੇ ਹੋਣ ਦਾ ਵੀ ਲਿਖਾਰੀਆਂ ਨੇ ਜ਼ਿਕਰ ਕੀਤਾ ਹੈ ਜਿਸ ਦਾ ਹਵਾਲਾ ਭਾਈ ਰਣਜੀਤ ਸਿੰਘ ਨੇ ਵਿਖਿਆਨ ਦੌਰਾਨ ਦਿੱਤਾ ਹੈ—ਜਿਵੇਂ

  1. ਗਿਆਨੀ ਗਰਜਾ ਸਿੰਘ, ੨. ਪ੍ਰੋ. ਪਿਆਰਾ ਸਿੰਘ ਪਦਮ, ੩. ਭਾਈ ਮਹਿੰਦਰ ਸਿੰਘ ਜੋਸ਼, ੪. ਡਾ. ਹਰਜਿੰਦਰ ਸਿੰਘ ਦਿਲਗੀਰ, ੫. ਭਾਈ ਸੰਗਤ ਸਿੰਘ, ੬. ਡਾ. ਗੰਡਾ ਸਿੰਘ ਆਦਕ ਹੈ

ਇਨ੍ਹਾਂ ਲਿਖਾਰੀਆਂ ਦਾ ਸ੍ਰੋਤ ਭੱਟ ਦੁਆਰਾ ਲਿਖੀਆਂ ਵਹੀਆਂ ਹਨ।

ਇਤਿਹਾਸ ਰੇਤ `ਚ ਖਿਲਰੀ ਖੰਡ ਵਾਂਗ ਹੈ ਜੋ ਖੋਜ ਤੇ ਛਾਣਬੀਣ ਨਾਲ ਤੱਥ ਛਾਣ ਕੇ ਉਨ੍ਹਾਂ ਦੀ ਸਹੀ ਸੰਦਰਭ ਵਿੱਚ ਵਿਆਖਿਆ ਕੀਤੀ ਜਾਂਦੀ ਹੈ। ਗੁਰੂ ਤੇਗਬਹਾਦਰ ਸਾਹਿਬ ਜੀ ੨੬ ਸਾਲ ਤੋਂ ਵਧੀਕ ਸਮਾਂ ਬਾਬਾ ਬਕਾਲਾ ਰਹਿਣ ਦਾ ਜ਼ਿਕਰ ਵੀ ਕੁੱਝ ਲਿਖਾਰੀਆਂ ਹੀ ਕੀਤਾ ਹੈ ਜਿਸ ਤੋਂ ਵਿਸਵਾਸ਼ ਕਰਕੇ ਵਿਵਾਦ ਖੜਾ ਕੀਤਾ ਜਾ ਰਿਹਾ ਹੈ। ਭੱਟ ਵਹੀਆਂ ਇਨ੍ਹਾਂ ਲਿਖਾਰੀਆਂ ਨਾਲੋਂ ਪੁਰਾਣੀਆਂ ਲਿਖਤਾਂ ਹਨ ਤੇ ਤਥਾਂ ਦੀ ਸੋਹਣੀ ਤੇ ਸਪੱਸ਼ਟ ਵਿਆਖਿਆ ਕਰਦੀਆਂ ਹਨ। ਫਿਰ ਬਿਨਾ ਵਿਚਾਰ ਅਤੇ ਤੱਥਾਂ ਨੂੰ ਸਮਝੇ ਫਾਲਤੂ ਦਾ ਖੜਾ ਕੀਤਾ ਵਿਵਾਦ ਸਿੱਖਾਂ ਨੂੰ ਕਿਸ ਦਿਸ਼ਾ ਚ ਲਿਜਾਏਗਾ?

੧. ੨੬ਸਾਲ ਬਕਾਲੇ ਦਾ ਜ਼ਿਕਰ ਕਰਨ ਵਾਲੇ ਲਿਖਾਰੀ ਇਸ ਗੱਲ ਦਾ ਜਾਂ ਤਾਂ ਜ਼ਿਕਰ ਈ ਨਹੀਂ ਕਰਦੇ ਕਿ ਬਾਬਾ ਮੱਖਣ ਸ਼ਾਹ ਗੁਰੂ ਜੀ ਦੀ ਵਿਚਾਰਧਾਰਾ ਨਾਲ ਪਹਿਲਾਂ ਤੋਂ ਜੁੜਿਆ ਹੋਇਆ ਸੀ, ਕੋਈ ਸਹੀ ਵਿਆਖਿਆ ਨਹੀਂ ਕਰਦੇ। ਇਸ ਦਾ ਜ਼ਿਕਰ ਭੱਟ ਵਹੀਆਂ ਕਰਦੀਆਂ ਨੇ ਕਿ ਬਾਬਾ ਮੱਖਣ ਸ਼ਾਹ ਆਪਣੇ ਪਿਤਾ ਜੀ ਨਾਲ ਪੰਜਵੇਂ ਗੁਰੂ ਦਾ ਦਰਸ਼ਨ ਕਰ ਚੁੱਕਿਆ ਸੀ ਤੇ ਛੇਵੇਂ, ਸਤਵੇਂ ਗੁਰੂ ਜੀ ਦੀ ਸੰਗਤ ਵਿੱਚ ਉਨ੍ਹਾਂ ਦਾ ਊਘਾ ਨਾਂ ਸੀ।

੨. ਬਹੁਤੇ ਲਿਖਾਰੀਆਂ ਨੇ ਨੌਵੇਂ ਪਾਤਸ਼ਹ ਦੀ ਇੱਕ ਗ੍ਰਿਫਤਾਰੀ ਤੇ ਬਾਅਦ ਵਿੱਚ ਸ਼ਹੀਦੀ ਦਾ ਜ਼ਿਕਰ ਕਰਕੇ ਸਾਰਾ ਸੰਘਰਸ਼ਮਈ ਜੀਵਨ ਸੰਕੋਚ ਦਿੱਤਾ ਹੈ ਪਰ ਭੱਟ ਚਹੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਤਿੰਨ ਗ੍ਰਿਫਤਾਰੀਆਂ ਅਤੇ ਸ਼ਹੀਦੀ ਵਾਰਤਾ ਪੂਰੀ ਵਿਆਖਿਆ ਸਹਿਤ ਲਿਖੀ ਹੈ। ਖੈਰ ਅਜਿਹੇ ਕਈ ਹੋਰ ਇਤਿਹਾਸਕ ਭੁਲੇਖੇ ਦੂਰ ਹੋਏ ਹਨ। ਪਰ ਵੇਖਣ ਵਿੱਚ ਆ ਰਿਹਾ ਹੈ ਕਿ ਕੁੱਝ ਗੱਲਾਂ ਨੂੰ ਜਾਣ ਬੁਝ ਕੇ ਮਸਲਾ ਬਣਾਇਆ ਜਾ ਰਿਹਾ ਹੈ ਤਾਂ ਕਿ ਇਨ੍ਹਾਂ ਮਸਲਿਆਂ ਚ ਪਾ ਕੇ ਗੁਰਮਤ ਦੇ ਸਹੀ ਵਿਆਖਿਆਕਾਰਾਂ ਨੂੰ ਭੈਭੀਤ ਕਰਕੇ ਉਨ੍ਹਾਂ ਨੂੰ ਪੰਥ ਦੋਸ਼ੀ ਸਾਬਤ ਕੀਤਾ ਜਾ ਸਕੇ। ਅਜੇਹਾ ਉਨ੍ਹਾਂ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ ਜੋ ਡੇਰੇਦਾਰਾਂ ਦੀਆਂ ਲਿਖੀਆਂ ਗੁਰਮਤ ਵਿਰੋਧੀ ਲਿਖਤਾਂ ਜਿੰਨ੍ਹਾਂ ਦੇ ਉਹ ਉਪਾਸ਼ਕ ਹਨ ਤੇ ਕਦੇ ਰੌਲ਼ਾ ਨਹੀਂ ਪਉਂਦੇ।

੧. ਕੀ ਗੁਰਬਾਣੀ ਪਾਠ ਦਰਸ਼ਨ ਵਿੱਚ ਲਿਖਿਆ ਸਭ ਇੰਨ ਬਿੰਨ ਗੁਰਮਤ ਮੁਤਾਬਕ ਸਹੀ ਹੈ?

੨. ਕੀ ਡੇਰਦਾਰਾਂ ਦੀਆਂ ਲਿਖੀਆਂ ਲਿਖਤਾਂ ਤੇ ਮਰਯਾਦਾ ਬਿਲਕੁਲ ਗੁਰਮਤ ਆਸ਼ੇ ਅਨੁਸਾਰੀ ਹਨ?

੩. ਕੀ ਮਰ ਚੁੱਕੇ ਸਾਧਾਂ ਦੀਆਂ ਤਸਵੀਰਾਂ `ਤੇ ਚੌਰ ਕਰਨੇ ਗੁਰੂ ਦੀ ਸ਼ਰੀਕੀ ਨਹੀਂ ਜੋ ਕੀਤੀ ਜਾ ਚੁੱਕੀ ਹੈ?

੪. ਆਪਣੇ ਪੈਰ ਧੁਆ ਕੇ ਚੁਲ਼ੇ ਪਿਲਾਉਣ ਵਾਲੇ ਗੁਰਮਤ ਵਿਰੋਧੀ ਕਿਉਂ ਨਜ਼ਰ ਨਹੀਂ ਆਉਂਦੇ?

੫. ਆਪਣੇ ਬਾਬਿਆਂ ਦੀਆਂ ਫੋਟੋਆਂ ਦਾ ਨਗਰ ਕੀਰਤਨ ਕੱਢਣ ਵਾਲੇ ਦੋਸ਼ੀ ਕਿਉਂ ਨਹੀਂ ਦਿਸੇ? ਖ਼ੈਰ ਇੱਥੇ ਵੀ ਕਾਫੀ ਕੁੱਝ ਹੈ ਜੋ ਦੱਸਿਆ ਜਾ ਸਕਦਾ ਹੈ।

ਹੈ ਨਾ ਕਮਾਲ! ਲਾਲਾਂ ਵਾਲੇ ਪੀਰ ਤੋਂ ਲੈ ਕੇ ਬਿੱਪਰਵਾਦੀ ਕਥਾਵਾਂ ਤੱਕ ਅਤੇ ਇੱਕ ਸ਼ਖਸ਼ੀ ਪੂਜਾ ਵਾਲੇ ਡੇਰੇਦਾਰ ਦੀਆਂ ਸਭ ਹਰਕਤਾਂ ਉੱਤੇ ਚੁੱਪ ਵੱਟੀ ਰੱਖਣ ਵਾਲੇ ਕਦੇ ਉਸ ਦੀਆਂ ਬਰੂਹਾਂ ਤੇ ਜਾ ਕੇ ਪੁੱਛ ਨਾ ਸਕੇ ਕਿ ਸਿੱਖ ਹੋ ਕੇ ਸੰਤ ਅਖਵਾ ਕੇ ਆਹ ਕੀ ਕਰ ਰਿਹਾ ਹੈਂ? ਕੋਈ ਜੱਥੇਦਾਰ ਨਾ ਕੁਸਕਿਆ ਤੇ ਸਭ ਸ਼ੁਭ ਹੈ ਕਹਿ ਚਲਦਾ ਰਿਹਾ। ਜਦੋਂ ਸਾਧ ਸੀ ਤਾਂ ਕਿਸੇ ਡੇਰੇਵਾਲੇ ਨੂੰ ਕੋਈ ਇਤਰਾਜ਼ ਨਹੀਂ ਸੀ। ਹੁਣ ਭਾਈ ਬਣ ਕੇ ਵਿਚਰਣ ਅਤੇ ਬਿਬੇਕ ਸਹਿਤ ਗੱਲ ਕਰਨੀ ਸ਼ੁਰੂ ਕੀਤੀ ਹੈ ਤਾਂ ਨਾਲ ਗੋਲ਼ੀਆਂ, ਧਰਨਿਆਂ ਤੋਂ ਬੇ ਬੁਨਿਆਦ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਮਸਲਾ ਈਨ ਮਨਾਉਣ ਦਾ ਹੈ ਭੈਭੀਤ ਕਰਨ ਅਤੇ ਆਤਮ ਗਿਲਾਨੀ ਦੀ ਖੱਡ `ਚ ਧੱਕਾ ਦੇ ਕੇ ਧਰਮ ਦੇ ਨਾਂ `ਤੇ ਸਿੱਖ ਤੇ ਆਪਣੇ ਇਜਾਰੇਦਾਰੀ ਅਤੇ ਧੌਂਸ ਜਮਾਉਣ ਦਾ ਹੈ। ਅਜਿਹੀ ਧੌਂਸ ਵਿਰੁੱਧ ਹੀ ਬਾਬਾ ਰਵਿਦਾਸ ਜੀ ਫਰਮਾਇਆ ਸੀ—

ਆਪਨ ਬਾਪੈ ਨਾਹੀ ਕਿਸੀ ਭਾਵਨ ਕੋ ਹਰਿ ਰਾਜਾ।।

ਗੁਰਮਤ ਕਿਸੇ ਧੜੇ, ਸੰਪਰਦਾ, ਟਕਸਾਲ, ਸੰਸਥਾ ਜਾਂ ਕਿਸੇ ਇੱਕ ਜੱਥੇਬਦੀ ਦੀ ਗੁਲਾਮ ਨਹੀਂ ਕਿ ਕਿਸੇ ਦੀ ਗੁਲਾਮੀ ਕਬੂਲ ਕਰੇ।

ਪੰਥ ਦਾ ਭਾਵ ਸਿੱਖੀ ਦੇ ਜੱਥੇਬੰਦਕ ਢਾਂਚੇ ਤੋਂ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਰਪਤ ਹੋਵੇ। ਇਸ ਮਹੀਨੇ ਵਿੱਚ ਭਾਈ ਇਕਬਾਲ ਸਿੰਘ ਜੱਥੇਦਾਰ ਪਟਨਾ ਸਾਹਿਬ ਵਲੋਂ ਬਿੱਪਰਵਾਦੀ ਬਿਰਤੀ ਦਾ ਪ੍ਰਗਟਾਵਾ ਕਰਦਿਆਂ ਸਾਹਿਬਜ਼ਾਦਿਆਂ ਨੂੰ ਵਿਸ਼ਨੂ, ਮਹਾਂਦੇਵ, ਬ੍ਰਹਮਾ, ਤੇ ਇੰਦ੍ਰ ਦਾ ਅਵਤਾਰ ਦਸ ਕੇ ਸਿੱਖ ਸਿਧਾਂਤ ਦੀ ਜੜ੍ਹੀਂ ਤੇਲ ਦਿੱਤਾ ਹੈ। ਦੂਸਰਾ ਬੰਗਲਾ ਸਾਹਿਬ ਦੀ ਸਟੇਜ ਤੋਂ ਇੱਕ ਕਥਾਵਾਚਕ ਵਲੋਂ ਗੁਰੂ ਨਾਨਕ ਸਾਹਿਬ ਜੀ ਨੂੰ ਰਾਮ ਦਾ ਅਵਤਾਰ ਦੱਸਣਾ ਤੇ ਨਾਲ ਇਹ ਕਹਿਣਾ ਨਿਆਣਿਆਂ ਵਿੱਚ ਰਹਿ ਕੇ ਭਗਤੀ ਨਹੀਂ ਹੋ ਸਕਦੀ ਜੋ ਕਿ ਸਿੱਧੀ ਸਿੱਖ ਸਿਧਾਂਤ ਦੀ ਖੰਡਣਾ ਹੈ। ਸਿੱਖ ਕੌਮ ਨੂੰ ਜਦੋਂ ਬਾਹਰੋਂ ਚਨੌਤੀਆਂ ਮਿਲੀਆਂ ਹਨ ਤਾਂ ਮਰਜੀਵੜਿਆਂ ਨੇ ਖੰਡੇ ਦੀ ਧਾਰ `ਤੇ ਨੱਚ ਨੱਚ ਕੇ ਸਹੀਦੀਆਂ ਦਿੱਤੀਆਂ। ਪਰ ਜਦੋਂ ਸਿੱਖੀ ਪਹਿਰਾਵੇ ਵਿੱਚ ਸਿੱਖ ਸਿਧਾਂਤ ਨੂੰ ਚਨੌਤੀਆਂ ਮਿਲਣ ਲੱਗ ਜਾਣ ਤਾਂ ਬਹੁਤ ਵੱਡੇ ਖਤਰੇ ਦੀ ਘੰਟੀ ਵੱਜ ਰਹੀ ਹੈ ਜਿਸ ਤੋਂ ਸੰਭਲਣ ਦੀ ਲੋੜ ਹੈ।

ਇਸ ਜੱਥੇਬੰਦਕ ਕੌਮ ਨੂੰ ਕਿੰਨਾ ਮਾਣ ਬਖਸ਼ਿਆ ਹੈ-- ਇਹ ਗਰੀਬ ਸਿਖਨ ਨੂਂ ਮਿਲੀ ਪਾਤਸ਼ਾਹੀ ਹੈ।

ਹਾਲਾਤ ਕਿਧਰ ਨੂੰ ਜਾ ਰਹੇ। ਅੱਜ ਕੌਮ ਵਿੱਚ ੧੪ ਜੱਥੇਦਾਰ ਹਨ। ਹੁਣ ਇਨ੍ਹਾਂ ਜੱਥੇਦਾਰਾਂ ਕਰਕੇ ਕੌਮ ਵਿੱਚ ਬਹੁਤ ਵੱਡੀ ਦੁਬਿਧਾ ਖੜੀ ਹੋਈ ਹੈ। ਗੁਰੂ ਗ੍ਰੰਥ ਤੇ ਪੰਥ (ਜੱਥੇਬੰਦਕ ਢਾਂਚੇ) ਨੂੰ ਸਿਧਾਂਤਕ ਚਨੌਤੀਆਂ ਆ ਗਈਆਂ ਹਨ ਜਿੰਨ੍ਹਾ ਦਾ ਹੱਲ ਦਾ ਹੱਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰ ਨੂੰ ਸਮਝ ਕੇ ਕੱਢਿਆ ਜਾ ਸਕਦਾ ਹੈ।

ਪੰਥ ਕੀ ਰਹੀ, ਤੋ ਗ੍ਰੰਥ ਕੀ ਰਹੇਗੀ ਨਾਥ।

ਪੰਥ ਨਾ ਰਹਾ, ਤੋ ਤੇਰਾ ਗ੍ਰੰਥ ਕੌਣ ਮਾਨੇਗੋ।




.