. |
|
ਰੱਬੀ ਮਿਲਨ ਦੀ ਬਾਣੀ
ਸਲੋਕ ਮ: ੯
ਦੀ ਵਿਚਾਰ
ਭਾਗ - 14
ਵੀਰ ਭੁਪਿੰਦਰ ਸਿੰਘ
12. ਬਾਰਵਾਂ ਸਲੋਕ -
ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥12॥
ਧਿਆਨ ਦੇਣ ਜੋਗ ਗਲ ਹੈ ਕਿ ‘ਸੰਤਨ’ ਦਾ ਨਨਾ ਮੁਕਤਾ ਹੈ। ਜਿਸ ਕਰਕੇ ਇਹ
ਬਹੁਵਚਨ ਹੈ। ਚੰਗੇ-ਚੰਗੇ ਗੁਣਾਂ ਨੂੰ ਸੰਤਨ ਕਹਿੰਦੇ ਹਨ। ਜਦੋਂ ਇਨ੍ਹਾਂ ਗੁਣਾਂ ਨੂੰ ਜਿਊਂਦੇ ਹਾਂ
ਤਾਂ ਸੰਤਨ ਸੰਗ ਕਿਹਾ ਜਾਂਦਾ ਹੈ। ਜੇ ਹਰ ਮਨੁੱਖ ਵਿਚ ਰੱਬ ਨਾ ਵੇਖਿਆ ਤਾਂ ਤੂੰ ਉੱਚੀ ਨੀਵੀਂ
ਜਾਤ-ਪਾਤ ਦਾ ਵਿਤਕਰਾ ਕਰੇਂਗਾ। ਅਸੀਂ ਰਲ ਕੇ ਹੀ ਸੋਚਣਾ ਹੈ ਕਿ ਜਦੋਂ ‘ਘਟ ਘਟ ਮੈ ਹਰਿ ਜੂ ਬਸੈ’
ਸਮਝ ਨਹੀਂ ਆਇਆ ਤਾਂ ਹੀ ਜ਼ਾਤ ਪਾਤ ਲਗਾ ਕੇ ਅਸੀਂ ਉੱਚੇ ਨੀਵੇ ਹੋ ਗਏ।
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥
ਇਸ ਸਲੋਕ ਵਿਚ
‘ਭਉ ਨਿਧਿ’ ਤੋਂ ਪਾਰ ਲੰਘਣਾ ਸਿਖਾਇਆ ਗਿਆ
ਹੈ। ਜਿਹੜਾ ਮਨੁੱਖ ‘ਭਉ ਨਿਧਿ’ ਤੋਂ ਪਾਰ ਉਤਰ ਚੁਕਾ ਹੈ ਉਸਨੂੰ ਮੁਕਤ ਅਵਸਥਾ ਕਹਿੰਦੇ ਹਨ। ‘ਭਉ
ਨਿਧਿ’ ਪਾਰ ਦਾ ਅਰਥ ਕਿਸੇ ਸਮੁੰਦਰ ਤੋਂ ਪਾਰ ਲੰਘਣਾ ਨਹੀਂ ਹੈ। ‘ਭਉ ਨਿਧ’ ਹੁੰਦਾ ਹੈ ਡਰ ਦਾ
ਖਜ਼ਾਨਾ। ਸਰੀਰਕ ਤੌਰ ਤੇ ਜਿੱਥੇ ਅਸੀਂ ਹਾਂ ਉਸੇ ਥਾਂ ਆਤਮਕ ਤੋਰ ਤੇ ਕਾਮ, ਕ੍ਰੋਧ ਆਦਿ ਵਿਕਾਰਾਂ
ਕਾਰਨ ਮਨੁੱਖ ਨੂੰ ਅਸੁਰੱਖਿਆ ਪੈਦਾ ਹੁੰਦੀ ਹੈ। ਡਰ ਦੇ ਕਾਰਨ ਹੀ ਈਰਖਾ, ਤ੍ਰਿਸ਼ਨਾ, ਦੂਜੇ ਅੱਗੇ ਨਾ
ਲੰਘ ਜਾਣ, ਜੋ ਹੈ ਉਹ ਹੱਥੋਂ ਖੁਸ ਨਾ ਜਾਵੇ ਆਦਿ ਦੀ ਚਿੰਤਾ ਜੈਸੇ ਮਾੜੇ ਖਿਆਲ ਉਪਜਦੇ ਹਨ।
ਗੁਰੂ ਪਾਤਸ਼ਾਹ ਸਾਨੂੰ ਇਸ
‘ਭਉ ਨਿਧ’
ਤੋਂ ਪਾਰ ਲਿਜਾਉਣ ਦੀ ਸੁਮਤ ਬਖਸ਼ਦੇ ਹਨ ਕਿ ਤੂੰ ਇਸ ਤੋਂ ਪਾਰ ਜਾਣਾ ਹੈ। ਕਾਮ, ਕ੍ਰੋਧ ਆਦਿ
ਵਿਕਾਰਾਂ ਤੋਂ ਪਾਰ ਜਾਣ ਦਾ ਅਰਥ ਇਹ ਕਿ ਇਨ੍ਹਾਂ ਨੂੰ ਕਾਬੂ ਕਰ ਲੈਣਾ।
|
. |