(੧) ਜਗਤ-ਰੂਪ ਤਖ਼ਤ ਪ੍ਰਭੂ ਨੇ ਆਪ ਬਣਾਇਆ ਹੈ, ਧਰਤੀ ਜੀਵਾਂ ਦੇ ਧਰਮ ਕਮਾਣ
ਲਈ ਰਚੀ ਹੈ; ਸਭ ਜੀਵਾਂ ਨੂੰ ਰਿਜ਼ਕ ਆਪ ਹੀ ਅਪੜਾਂਦਾ ਹੈ।
(੨) ਆਪਣੇ ਹੁਕਮ ਵਿੱਚ ਉਸ ਨੇ ਰੰਗਾ ਰੰਗ ਦੀ ਸ੍ਰਿਸ਼ਟੀ ਰਚੀ ਹੈ; ਕਈ ਜੀਵਾਂ
ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਨਾਲ ਜੋੜੀ ਰੱਖਦਾ ਹੈ, ਉਹਨਾਂ ਨੂੰ ਸੱਚੇ ਵਪਾਰੀ ਜਾਣੋ।
(੩) ਸਾਰੇ ਜੀਵ ਪ੍ਰਭੂ ਨੇ ਆਪ ਪੈਦਾ ਕੀਤੇ ਹਨ; ਮਾਇਆ ਦਾ ਮੋਹ-ਰੂਪ ਹਨੇਰਾ
ਭੀ ਉਸੇ ਨੇ ਬਣਾਇਆ ਹੈ ਤੇ ਇਸ ਵਿੱਚ ਆਪ ਹੀ ਜੀਵਾਂ ਨੂੰ ਭਟਕਾ ਰਿਹਾ ਹੈ। ਇਸ ਭਟਕਣਾ ਵਿੱਚ ਪਏ
ਮਨਮੁਖ ਸਦਾ ਜੰਮਣ ਮਰਨ ਦੇ ਗੇੜ ਵਿੱਚ ਰਹਿੰਦੇ ਹਨ।
(੪) ਜਗਤ ਦੀ ਅਚਰਜ ਰਚਨਾ ਪ੍ਰਭੂ ਨੇ ਆਪ ਰਚੀ ਹੈ; ਇਸ ਵਿੱਚ ਮੋਹ, ਝੂਠ ਤੇ
ਅਹੰਕਾਰ ਭੀ ਉਸ ਨੇ ਆਪ ਹੀ ਪੈਦਾ ਕੀਤਾ, ਮਨਮੁਖ ਇਸ ਮੋਹ ਵਿੱਚ ਫਸ ਜਾਂਦਾ ਹੈ; ਪਰ ਕਈ ਜੀਵਾਂ ਨੂੰ
ਗੁਰੂ ਦੀ ਸਰਨ ਪਾ ਕੇ ‘ਨਾਮ’ ਦਾ ਖ਼ਜ਼ਾਨਾ ਬਖ਼ਸ਼ਦਾ ਹੈ।
(੫) ਮਨਮੁਖ ਮੋਹ ਵਿੱਚ ਫਸਣ ਕਰਕੇ "ਮੈਂ, ਮੇਰੀ" ਵਿੱਚ ਖ਼ੁਆਰ ਹੁੰਦਾ ਹੈ;
ਮੌਤ ਨੂੰ ਵਿਸਾਰ ਕੇ ਮਨੁੱਖਾ ਜਨਮ ਨੂੰ ਵਿਕਾਰਾਂ ਵਿੱਚ ਅਜਾਈਂ ਗਵਾ ਲੈਂਦਾ ਹੈ ਤੇ ਏਸ ਗੇੜ ਵਿੱਚ
ਪਿਆ ਰਹਿੰਦਾ ਹੈ।
(੬) ਜੀਵਾਂ ਲਈ ਪ੍ਰਭੂ ਦੀ ਸਭ ਤੋਂ ਉਚੀ ਬਖ਼ਸ਼ਸ਼ ਉਸ ਦਾ ‘ਨਾਮ’ ਹੈ; ਜਿਸ ਨੂੰ
ਗੁਰੂ ਦੀ ਰਾਹੀਂ ਇਹ ਖ਼ਜ਼ਾਨਾ ਮਿਲਦਾ ਹੈ ਉਸ ਨੂੰ ਫਿਰ ਤੋਟ ਨਹੀਂ ਆਉਂਦੀ ਤੇ ਉਸ ਦਾ ਮੋਹ ਦਾ ਗੇੜ
ਮੁੱਕ ਜਾਂਦਾ ਹੈ।
(੭) ਜਿਨ੍ਹਾਂ ਨੂੰ ਸਤਿਗੁਰੂ ਨੇ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ ਪ੍ਰਭੂ ਦਾ
ਦੀਦਾਰ ਕਰਾ ਦਿੱਤਾ ਹੈ ਉਹਨਾਂ ਦੇ ਮਨ ਤਨ ਵਿੱਚ ਸਦਾ ਠੰਢ ਵਰਤੀ ਰਹਿੰਦੀ ਹੈ; ਜਿਉਂ ਜਿਉਂ ਉਹ ਗੁਰੂ
ਦੇ ਰਾਹ ਤੇ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਹਨ ਤਿਉਂ ਤਿਉਂ ਪ੍ਰਭੂ ਦੀ ਰਜ਼ਾ ਵਿੱਚ ਪ੍ਰਸੰਨ ਰਹਿੰਦੇ
ਹਨ।
(੮) ਗੁਰ-ਸ਼ਬਦ ਦੀ ਰਾਹੀਂ ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਪ੍ਰਭੂ
ਨਾਲ ਇਕ-ਮਿਕ ਹੋ ਜਾਂਦੇ ਹਨ, "ਮੈਂ, ਮੇਰੀ" ਤਿਆਗ ਕੇ ਮਨ ਉਹਨਾਂ ਦਾ ਪਵਿਤ੍ਰ ਹੋ ਜਾਂਦਾ ਹੈ।
ਪਰ ਮਨਮੁਖ "ਮੈਂ, ਮੇਰੀ" ਵਿੱਚ ਪੈ ਕੇ ਦਾਤਾਰ ਨੂੰ ਭੁਲਾ ਬੈਠਦੇ ਹਨ।
(੯) ਪਰਮਾਤਮਾ ਦੇ ਡਰ ਤੋਂ ਬਿਨਾ ਉਸ ਦੀ ਭਗਤੀ ਨਹੀਂ ਹੋ ਸਕਦੀ; ਤੇ ਇਹ ਡਰ
ਤਦੋਂ ਹੀ ਪੈਦਾ ਹੁੰਦਾ ਹੈ ਜੇ ਸਤਿਗੁਰੂ ਦੀ ਸਰਨ ਆਵੀਏ।
(੧੦) ਗੁਰ-ਸ਼ਬਦ ਦੀ ਰਾਹੀਂ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਗੁਰੂ
ਦੀ ਰਾਹੀਂ ਹੀ ਤਨ ਮਨ ਅਰਪ ਕੇ ਸਿਫ਼ਤਿ-ਸਾਲਾਹ ਕਰਨ ਦੀ ਜਾਚ ਆਉਂਦੀ ਹੈ।
(੧੧) ‘ਬੰਦਗੀ’ ਦਾ ਨੇਮ ਪ੍ਰਭੂ ਨੇ ਧੁਰੋਂ ਹੀ ਜੀਵ ਲਈ ਬਣਾ ਦਿੱਤਾ ਹੈ, ਪਰ
ਬੰਦਗੀ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦੀ ਹੈ; ਸ਼ਬਦ ਦੀ ਰਾਹੀਂ ਉਸ ਦੇ ਦਰ ਤੇ ਅੱਪੜਨ ਦਾ ਪਰਵਾਨਾ
ਮਿਲਦਾ ਹੈ।
(੧੨) ਮਨੁੱਖ ਦਾ ਮਨ ਜਗਤ ਦੇ ਧੰਧਿਆਂ ਵਿੱਚ ਦਸੀਂ ਪਾਸੀਂ ਦੌੜਦਾ ਹੈ, ਜੇ
ਇਹ ਕਦੇ ਬੰਦਗੀ ਦੀ ਤਾਂਘ ਭੀ ਕਰੇ ਤਾਂ ਭੀ ਨਹੀਂ ਕਰ ਸਕਦਾ ਕਿਉਂਕਿ ਮਨ ਨਹੀਂ ਟਿਕਦਾ। ਸਤਿਗੁਰੂ ਮਨ
ਨੂੰ ਰੋਕਦਾ ਹੈ, ਸੋ ਗੁਰੂ ਦੀ ਮਤਿ ਨਾਲ ਹੀ ‘ਨਾਮ’ ਮਿਲਦਾ ਹੈ।
(੧੩) ਜੋ ਮਨੁੱਖ ਪ੍ਰਭੂ ਨੂੰ ਵਿਸਾਰ ਕੇ ਮਾਇਆ ਵਿੱਚ ਪਿਆਰ ਪਾਂਦੇ ਹਨ ਉਹ
‘ਹਉਮੈ’ ਵਿੱਚ ਫਸ ਕੇ ਖ਼ੁਆਰ ਹੁੰਦੇ ਹਨ ਤੇ ਮਨੁੱਖਾ-ਜਨਮ ਅਜਾਈਂ ਗਵਾਂਦੇ ਹਨ।
(੧੪) ਭਾਵੇਂ ਮਾਇਆ ਦਾ ਮੋਹ ਝੂਠਾ ਹੈ ਪਰ ਜਗਤ ਇਸ ਵਿੱਚ ਫਸਿਆ ਪਿਆ ਹੈ ਤੇ
"ਹਉਮੈ" ਦੇ ਲੰਮੇ ਗੇੜ ਵਿੱਚ ਪੈ ਕੇ ਦੁਖੀ ਹੋ ਰਿਹਾ ਹੈ।
(੧੫) ਜੋ ਮਨੁੱਖ ਗੁਰੂ ਦੀ ਰਾਹੀਂ ਪ੍ਰਭੂ ਦੇ ਦਰ ਤੇ ‘ਨਾਮ’ ਦੀ ਦਾਤਿ
ਮੰਗਦਾ ਹੈ, ਉਹ ਹਿਰਦੇ ਵਿੱਚ ‘ਨਾਮ’ ਪ੍ਰੋ ਕੇ, ਜੋਤਿ ਮਿਲਾ ਕੇ, ਸਿਫ਼ਤਿ-ਸਾਲਾਹ ਦਾ ਇਕ-ਰਸ ਆਨੰਦ
ਮਾਣਦਾ ਹੈ।
(੧੬) ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ ਜਨਮ ਸਫਲਾ ਕਰ ਲੈਂਦਾ ਹੈ, ਪ੍ਰਭੂ
ਨੂੰ ਹਿਰਦੇ ਵਿੱਚ ਵਸਾਂਦਾ ਹੈ ਤੇ ਪ੍ਰਭੂ ਦਾ ਦਰ-ਰੂਪ ਨਿਰੋਲ ਆਪਣਾ ਘਰ ਲੱਭ ਲੈਂਦਾ ਹੈ ਜਿਥੋਂ ਕਦੇ
ਭਟਕਦਾ ਨਹੀਂ
(੧੭) ਸਿਫ਼ਤਿ-ਸਾਲਾਹ ਕਰਨ ਵਾਲਾ ਅੰਦਰੋਂ ‘ਹਉਮੈ’ ਦੀ ਮੈਲ ਧੋ ਲੈਂਦਾ ਹੈ,
ਜਗ ਵਿੱਚ ਸੋਭਾ ਪਾਂਦਾ ਹੈ ਤੇ ਚਿਰੀਂ ਵਿਛੁੜੇ ਦਾ ਮਾਲਕ ਨਾਲ ਮੇਲ ਹੋ ਜਾਂਦਾ ਹੈ।
(੧੮) ਸਿਫ਼ਤਿ-ਸਾਲਾਹ ਨਾਲ ਮਨ ਦੀਆਂ ਵਾਸਨਾਂ ਮੁੱਕ ਜਾਂਦੀਆਂ ਹਨ, ਮਨ ਪ੍ਰਭੂ
ਵਿੱਚ ਪਤੀਜ ਜਾਂਦਾ ਹੈ।
(੧੯) ਜਿਉਂ ਜਿਉਂ ‘ਨਾਮ’ ਦਾ ਰਸ ਆਉਂਦਾ ਹੈ। ਤਿਉਂ ਤਿਉਂ ਹੋਰ ਲਗਨ ਵਧਦੀ
ਹੈ; ਗੁਰ-ਸ਼ਬਦ ਦੀ ਰਾਹੀਂ ‘ਨਾਮ’ ਵਿੱਚ ਹੀ ਜੁੜਿਆ ਰਹਿੰਦਾ ਹੈ।
(੨੦) ਆਖ਼ਰ, ਪ੍ਰਭੂ ਤੋਂ ਬਿਨਾ ਹੋਰ ਕੋਈ ਬੇਲੀ ਨਹੀਂ ਜਾਪਦਾ, ਇੱਕ ਉਹੋ ਹੀ
ਰਾਖਾ ਦਿੱਸਦਾ ਹੈ, ਕਿਸੇ ਹੋਰ ਦੀ ਆਸ ਨਹੀਂ ਰਹਿ ਜਾਂਦੀ।
(੧) ਜਗਤ-ਰੂਪ ਤਖ਼ਤ ਰਚ ਕੇ ਪ੍ਰਭੂ ਨੇ ਇਸ ਵਿੱਚ ਧਰਤੀ ਜੀਵਾਂ ਦੇ ਧਰਮ ਕਮਾਣ ਲਈ ਬਣਾਈ। ਇਸ ਵਿੱਚ
ਮੋਹ ਝੂਠ ਅਹੰਕਾਰ ਆਦਿਕ ਹਨੇਰਾ ਭੀ ਉਸ ਨੇ ਆਪ ਹੀ ਬਣਾਇਆ। ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ
‘ਮੋਹ’ ਵਿੱਚ ਫਸ ਕੇ "ਮੈਂ, ਮੇਰੀ" ਵਿੱਚ ਖ਼ੁਆਰ ਹੁੰਦਾ ਹੈ ਤੇ ਵਿਕਾਰਾਂ ਦੇ ਗੇੜ ਵਿੱਚ ਪਿਆ
ਰਹਿੰਦਾ ਹੈ।
(੨) ਸਭ ਤੋਂ ਉੱਚੀ ਦਾਤਿ ‘ਨਾਮ’ ਹੈ; ਜੋ ਗੁਰੂ ਦੇ ਸਨਮੁਖ ਹੋ ਕੇ ਜਪਦੇ ਹਨ
ਉਹਨਾਂ ਦਾ ਮੋਹ ਦਾ ਗੇੜ ਮੁੱਕ ਜਾਂਦਾ ਹੈ, ਉਹਨਾਂ ਦੇ ਤਨ ਮਨ ਵਿੱਚ ਠੰਢ ਰਹਿੰਦੀ ਹੈ, ਉਹ ਰਜ਼ਾ
ਵਿੱਚ ਪ੍ਰਸੰਨ ਰਹਿੰਦੇ ਹਨ, ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ, "ਮੈਂ, ਮੇਰੀ" ਛੱਡਣ ਕਰਕੇ ਉਹਨਾਂ
ਦਾ ਮਨ ਪਵਿਤ੍ਰ ਹੋ ਜਾਂਦਾ ਹੈ।
(੩) ਬੰਦਗੀ ਗੁਰੂ ਦੀ ਰਾਹੀਂ ਹੀ ਹੋ ਸਕਦੀ ਹੈ ਕਿਉਂਕਿ ਪ੍ਰਭੂ ਦੇ ਡਰ ਤੋਂ
ਬਿਨਾ ਭਗਤੀ ਨਹੀਂ ਹੁੰਦੀ ਤੇ ਇਸ ਡਰ ਦੀ ਸੂਝ ਗੁਰੂ ਤੋਂ ਹੀ ਪੈਂਦੀ ਹੈ, ਗੁਰੂ ਦੀ ਰਾਹੀਂ ਹੀ ਤਨ
ਮਨ ਅਰਪ ਕੇ ਸਿਫ਼ਤਿ-ਸਾਲਾਹ ਕਰਨ ਦੀ ਜਾਚ ਆਉਂਦੀ ਹੈ, ਗੁਰੂ-ਸ਼ਬਦ ਦੀ ਰਾਹੀਂ ਹੀ ਉਸ ਦੇ ਦਰ ਤੇ
ਅੱਪੜਨ ਦਾ ਪਰਵਾਨਾ ਮਿਲਦਾ ਹੈ, ਗੁਰੂ ਹੀ ਮਨ ਨੂੰ ਰੋਕਣ ਦੀ ਜਾਚ ਸਿਖਾਂਦਾ ਹੈ ਤੇ ਮਨ ਰੋਕਣ ਤੋਂ
ਬਿਨਾ ਭਗਤੀ ਵਿੱਚ ਲੱਗ ਨਹੀਂ ਸਕੀਦਾ।
(੪) ‘ਨਾਮ’ ਵਿਸਾਰਿਆਂ ਮਾਇਆ ਦੇ ਮੋਹ ਵਿੱਚ ਫਸੀਦਾ ਹੈ ਤੇ ‘ਹਉਮੈ’ ਦੇ
ਲੰਮੇ ਗੇੜ ਵਿੱਚ ਪੈ ਕੇ ਖ਼ੁਆਰ ਹੋਈਦਾ ਹੈ।
(੫) ‘ਨਾਮ’ ਸਿਮਰਨ ਵਾਲਾ ਇਕ-ਰਸ ਆਨੰਦ ਵਿੱਚ ਰਹਿੰਦਾ ਹੈ, ਸ੍ਵੈ-ਸਰੂਪ
ਵਿੱਚ ਟਿਕਦਾ ਹੈ, ਹਉਮੈ ਦੀ ਮੈਲ ਧੋ ਲੈਂਦਾ ਹੈ, ਮਨ ਦੀਆਂ ਵਾਸਨਾ ਮੁੱਕ ਜਾਂਦੀਆਂ ਹਨ, ‘ਨਾਮ’ ਵਲ
ਲਗਨ ਵਧਦੀ ਜਾਂਦੀ ਹੈ, ਆਖ਼ਰ ਪ੍ਰਭੂ ਹੀ ਹਰ ਥਾਂ ਬੇਲੀ ਤੇ ਰਾਖਾ ਜਾਪਦਾ ਹੈ।