ਖਾਲਸਾ ਪੰਥ ਬਨਾਮ ਡੇਰਾਵਾਦ
(ਭਾਗ ਅਠਤਾਲ੍ਹੀਵਾਂ)
ਡੇਰਿਆਂ ਦਾ ਸਮਾਜਿਕ ਪ੍ਰਭਾਵ:
ਸਰੀਰਕ ਅਤੇ ਨੈਤਿਕ ਸੋਸ਼ਣ (ਭਾਗ ੧) :
ਬ੍ਰਾਹਮਣਵਾਦੀ ਵਿਵਸਥਾ ਵਿੱਚ ਧਰਮ ਦੇ ਨਾਂ `ਤੇ ਮਨੁੱਖੀ ਸਮਾਜ ਦਾ ਸਰੀਰਕ
ਅਤੇ ਨੈਤਿਕ ਸੋਸ਼ਣ ਸਦੀਆਂ ਤੋਂ ਹੁੰਦਾ ਆਇਆ ਹੈ। ਉਂਝ ਤਾਂ ਇਸ ਸੋਸ਼ਣ ਤੋਂ ਕੋਈ ਵੀ ਨਹੀਂ ਬੱਚ ਸਕਿਆ
ਪਰ ਇਸ ਦਾ ਸਭ ਤੋਂ ਵਧੇਰੇ ਕਹਿਰ ਸ਼ੂਦਰ (ਦਲਿਤ ਸਮਾਜ) ਅਤੇ ਔਰਤ `ਤੇ ਵਾਪਰਿਆ ਹੈ। ਦਲਿਤ ਸਮਾਜ ਨੂੰ
ਜਿਥੇ ਅਛੂਤ ਗਰਦਾਨ ਕੇ ਸਮਾਜ ਵਿੱਚ ਸਦਾ ਲਈ ਨੀਵਾਂ ਕਰ ਦਿੱਤਾ ਗਿਆ ਉਥੇ ਉਸ ਦੇ ਕੁਦਰਤੀ ਮਨੁੱਖੀ
ਹੱਕ ਵੀ ਖੋਹ ਲਏ ਗਏ। ਉਸ ਨੂੰ ਕਿਸੇ ਇੱਕ ਮਨੁੱਖ ਦਾ ਨਹੀਂ ਸਗੋਂ ਸਮਾਜਕ ਬੰਧਕ ਮਜ਼ਦੂਰ ਬਣਾ ਦਿੱਤਾ
ਗਿਆ।
ਸ਼ੂਦਰ ਦਾ ਸਰੀਰਕ ਅਤੇ ਨੈਤਿਕ ਸੋਸ਼ਣ ਇਸ ਪੱਧਰ `ਤੇ ਹੁੰਦਾ ਆਇਆ ਹੈ ਕਿ
ਬ੍ਰਾਹਮਣ ਉਤੇ ਸ਼ੂਦਰ ਦਾ ਪ੍ਰਛਾਵਾਂ ਪੈਣ ਨਾਲ ਉਸ ਨੂੰ ਮਾਰਿਆ ਕੁੱਟਿਆ ਜਾਂਦਾ, ਧਾਰਮਿਕ ਬਚਨ ਸੁਣਨ
ਨਾਲ ਉਸ ਦੇ ਕੰਨਾਂ ਵਿੱਚ ਸਿੱਕਾ ਘੋਲ ਕੇ ਪਾ ਦਿੱਤਾ ਜਾਂਦਾ। ਭਾਵ ਉਸ ਨੂੰ ਮਾਰਨ ਕੁਟੱਣ ਅਤੇ ਦਬਾ
ਕੇ ਰੱਖਣ ਦਾ ਬਹਾਨਾ ਲੱਭਿਆ ਜਾਂਦਾ। ਕਹਿਣ ਨੂੰ ਤਾਂ ਭਾਰਤ ਵਿੱਚ ਹੁਣ ਬਹੁਤ ਸਮਾਜਕ ਤਬਦੀਲੀ ਆ ਗਈ
ਹੈ ਪਰ ਇਤਨੀ ਤਬਦੀਲੀ ਹੋ ਜਾਣ ਦੇ ਬਾਵਜੂਦ ਅੱਜ ਵੀ, ਦੇਸ਼ ਦੇ ਬਹੁਤੇ ਹਿੱਸਿਆ `ਚੋਂ ਦਲਿਤਾਂ ਉਤੇ
ਜ਼ੁਲਮ ਢਾਹੁਣ ਦੀਆਂ, ਦਲਿਤ ਔਰਤਾਂ ਦੇ ਸਮੂਿਹਕ ਬਲਾਤਕਾਰ ਦੀਆਂ ਖ਼ਬਰਾਂ ਰੋਜ਼ ਅਖਬਾਰਾਂ ਵਿੱਚ ਛਪਦੀਆਂ
ਰਹਿੰਦੀਆਂ ਹਨ। ਇਹ ਜ਼ੁਲਮ ਭਾਵੇਂ ਕਿਸੇ ਕੌਮ ਜਾਂ ਫਿਰਕੇ ਵਲੋਂ ਢਾਹਿਆ ਜਾਵੇ, ਇਸ ਦਾ ਅਸਲ
ਜ਼ਿੰਮੇਵਾਰ ਬ੍ਰਾਹਮਣ, ਅਰਥਾਤ ਹਿੰਦੂ ਕੌਮ ਦੀ ਪੁਜਾਰੀ ਸ਼੍ਰੇਣੀ ਹੈ, ਜਿਸ ਨੇ ਇਹ ਜ਼ਾਤ-ਪਾਤ, ਊਚ-ਨੀਚ
ਦੀ ਪ੍ਰਥਾ ਇਜਾਦ ਕੀਤੀ ਹੈ। ਇਹ ਹੈਰਾਨਗੀ ਦੀ ਗੱਲ ਹੈ ਕਿ ਜੋ ਉਚ ਜਾਤੀਏ ਸ਼ੂਦਰ ਦੇ ਪ੍ਰਛਾਵੇਂ ਨਾਲ
ਭਿਟ ਜਾਂਦੇ ਹਨ, ਉਹ ਸ਼ੂਦਰ ਔਰਤ ਨਾਲ ਬਲਾਤਕਾਰ ਕਰਦੇ ਹੋਏ, ਉਸ ਨਾਲ ਲਿਪਟ ਕੇ ਵੀ ਪਵਿੱਤਰ ਰਹਿੰਦੇ
ਹਨ।
ਸਿੱਖ ਕੌਮ ਵਿੱਚ ਇਹ ਡੇਰੇਦਾਰ ਪੂਰੀ ਕੋਸ਼ਿਸ਼ ਕਰ ਕੇ ਵੀ ਬ੍ਰਾਹਮਣੀ ਕਿਸਮ ਦਾ
ਸਰੀਰਕ ਸੋਸ਼ਣ ਤਾਂ ਨਹੀਂ ਕਮਾ ਸਕੇ, ਕਿਉਂਕਿ ਅਨਮੋਲ ਗੁਰਮਤਿ ਸਿਧਾਂਤ ਇਨ੍ਹਾਂ ਦੇ ਰਾਹ ਵਿੱਚ ਆ
ਜਾਂਦੇ ਹਨ। ਇਸ ਦੇ ਬਾਵਜੂਦ ਵੀ, ਭੁੱਚੋ ਕਲਾਂ ਵਿੱਚ ‘ਡੇਰਾ ਰੂਮੀ ਵਾਲਾ` ਵਰਗੇ ਡੇਰੇ ਹੋਂਦ ਵਿੱਚ
ਆ ਰਹੇ ਹਨ, ਜਿਥੇ ਪਹਿਲਾਂ ਦਲਿਤ ਸਿੱਖ ਨੂੰ ਜਾਣ ਦੀ ਇਜਾਜ਼ਤ ਨਹੀ ਸੀ। ਕੌਮ ਦੇ ਰੋਹ ਅੱਗੇ ਝੁੱਕ ਕੇ
ਇਨ੍ਹਾਂ ਨੂੰ ਆਪਣੀ ਇਹ ਮਰਿਯਾਦਾ ਖਤਮ ਕਰਨੀ ਪਈ ਪਰ ਅਜੇ ਵੀ ਉਥੇ ਜ਼ਿਮੀਂਦਾਰਾਂ ਦੇ ਭਾਂਡੇ ਅੱਡ
ਰੱਖੇ ਜਾਂਦੇ ਹਨ ਅਤੇ ਦਲਿਤ ਸਿੱਖਾਂ ਦੇ ਅਲੱਗ।
ਇਸੇ ਤਰ੍ਹਾਂ ਇੱਕ ਪਾਸੇ
ਤਾਂ ਜਥਾ ਭਿੰਡਰਾਂ-ਮਹਿਤਾ (ਅਖੌਤੀ ਦਮਦਮੀ ਟਕਸਾਲ) ਵਲੋਂ ਸਭ ਤੋਂ ਵਧ ਅੰਮ੍ਰਿਤ ਸੰਚਾਰ (ਪਾਹੁਲ
ਛਕਾਉਣ ਦੇ ਸਮਾਗਮ) ਕਰਾਉਣ ਦੇ ਦਾਵੇ ਭਰੇ ਜਾਂਦੇ ਹਨ, ਉਥੇ ਨਾਲ ਹੀ ਸਿੱਖ ਸਿਧਾਂਤਾਂ ਦੇ ਬਿਲਕੁਲ
ਉਲਟ, ਇਨ੍ਹਾਂ ਵਲੋਂ ਦਲਿਤ ਸਿੱਖਾਂ ਨੂੰ ਬਾਕੀ ਅਖੋਤੀ ਉੱਚੀਆਂ ਜਾਤਾਂ ਤੋਂ ਅਲੱਗ ਅੰਮ੍ਰਿਤ ਛਕਾਇਆ
ਜਾਂਦਾ ਹੈ। ਸਭ ਨੂੰ ਇਕੋ ਬਾਟੇ `ਚੋਂ ਪਾਹੁਲ ਛਕਾਉਣ ਦੇ ਮਹਾਨ ਕਾਰਜ ਦੁਆਰਾ, ਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਵਲੋਂ, ਗੁਰੂ ਨਾਨਕ ਪਾਤਿਸ਼ਾਹ ਦੇ ਜਾਤ-ਪਾਤ, ਊਚ-ਨੀਚ ਮੁਕਤ ਮਨੁੱਖੀ ਸਮਾਜ
ਦੇ ਜਿਸ ਸੁਫਨੇ ਨੂੰ ਅਮਲੀ ਰੂਪ ਦਿੱਤਾ ਗਿਆ ਸੀ, ਸਤਿਗੁਰੂ ਦੀ ਉਸੇ ਪਾਹੁਲ ਦੇ ਨਾਂ `ਤੇ ਮੁੜ ਸਮਾਜ
ਵਿੱਚ ਉਹੀ ਵੰਡੀਆਂ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਸਮਾਜ ਵਿੱਚ ਵੰਡੀਆਂ
ਪਾਉਣ ਵਾਲੀਆਂ, ਜਿਨ੍ਹਾਂ ਗੈਰ-ਮਨੁੱਖੀ ਦੀਵਾਰਾਂ ਨੂੰ ਢਾਹਿਆ ਸੀ, ਇਨ੍ਹਾਂ ਡੇਰੇਦਾਰਾਂ ਵਲੋਂ ਉਹ
ਅਤਿ ਮੰਦ ਭਾਗੀਆਂ ਬ੍ਰਾਹਮਣੀ ਦੀਵਾਰਾਂ ਮੁੜ ਤੋਂ ਖੜੀਆਂ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਡੇਰੇਦਾਰਾਂ ਨੇ ਆਪਣੇ ਸ਼ਰਧਾਲੂਆਂ ਦਾ ਸਰੀਰਕ ਸੋਸ਼ਣ ਕਰਨ ਦੇ ਹੋਰ ਵੀ
ਆਪਣੇ ਤਰੀਕੇ ਇਜਾਦ ਕਰ ਲਏ ਹਨ। ਕਾਰ ਸੇਵਾ ਵਾਲੇ ਡੇਰਿਆਂ ਵਲੋਂ ਆਰਥਿਕ ਦੇ ਨਾਲ ਸਰੀਰਕ ਸੋਸ਼ਣ ਕਰਨ
ਬਾਰੇ ਅਸੀਂ ਉਪਰ ਪੜ੍ਹ ਹੀ ਚੁੱਕੇ ਹਾਂ। ਬਾਕੀ ਡੇਰਿਆਂ ਵਲੋਂ ਵੀ ਬਹੁਤਾ ਸਰੀਰਕ ਸੋਸ਼ਣ ਸੇਵਾ ਦੇ
ਨਾਂ `ਤੇ ਹੀ ਕੀਤਾ ਜਾਂਦਾ ਹੈ। ਜਿਵੇਂ ਰਾਧਾ ਸੁਆਮੀਆਂ ਵਲੋਂ ਪਹਿਲਾਂ ਤਾਂ ਆਪਣੇ ਪੈਰੋਕਾਰਾਂ
ਕੋਲੋਂ ਆਪਣੇ ਡੇਰੇ ਦੇ ਨਾਂ `ਤੇ ਜ਼ਮੀਨਾਂ ਦਾਨ ਕਰਵਾਈਆਂ ਜਾਂਦੀਆਂ ਹਨ, ਫਿਰ ਉਨ੍ਹਾਂ ਜ਼ਮੀਨਾਂ `ਤੇ
ਸੇਵਾ ਦੇ ਨਾਂ `ਤੇ ਉਨ੍ਹਾਂ ਕੋਲੋਂ, ਉਨ੍ਹਾਂ ਜ਼ਮੀਨਾ ਵਿੱਚ ਕੰਮ ਕਰਵਾਇਆ ਜਾਂਦਾ ਹੈ। ਇਹ ਪੈਰੋਕਾਰ
ਸੇਵਾ ਦੀ ਪਵਿੱਤਰ ਭਾਵਨਾ ਨਾਲ ਇਹ ਕੰਮ ਬਹੁਤ ਚਾਈਂ ਚਾਈਂ ਕਰਦੇ ਹਨ।
ਕੁਝ ਪਾਠਕ ਕਹਿਣਗੇ ਕਿ ਮੈਂ ਸੇਵਾ ਦੇ ਸੁੰਦਰ ਸੰਕਲਪ ਨੂੰ ਇੰਝ ਨਾਹ ਪੱਖੀ
ਕਿਉਂ ਪੇਸ਼ ਕਰ ਰਿਹਾ ਹਾਂ? ਜੀ ਬਿਲਕੁਲ ਨਹੀਂ! ਸੇਵਾ ਤਾਂ ਮਨੁੱਖੀ ਸਮਾਜ ਦਾ ਇੱਕ ਸੁੰਦਰ ਗਹਿਣਾ
ਹੈ। ਪਰ ਸੇਵਾ ਦੇ ਸੰਕਲਪ ਨੂੰ ਸਮਝਣਾ ਪਵੇਗਾ। ਸੇਵਾ ਉਹ ਹੈ ਜੋ ਨਿਸ਼ਕਾਮ ਹੋ ਕੇ ਮਨੁੱਖਤਾ ਦੀ ਕੀਤੀ
ਜਾਵੇ। ਲੋੜਵੰਦ ਦੀ ਕੀਤੀ ਜਾਵੇ। ਸਮਾਜਿਕ ਦਰਦ ਵੰਡਾਇਆ ਜਾਵੇ। ਹਰ ਪ੍ਰਾਣੀ ਮਾਤਰ ਅੰਦਰ ਅਕਾਲ-ਪੁਰਖ
ਦੀ ਜੋਤਿ ਪਹਿਚਾਣ ਕੇ ਬਿਨਾ ਕਿਸੇ ਭੇਦ-ਭਾਵ ਦੇ ਕੀਤੀ ਜਾਵੇ। ਗੁਰਬਾਣੀ ਵਿੱਚ ਸਤਿਗੁਰੂ ਫੁਰਮਾਉਂਦੇ
ਹਨ:
"ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ।।
ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ
ਜੀ।। "
{ਗੂਜਰੀ ਮਹਲਾ ੩, ਪੰਨਾ ੪੯੦}
ਹੇ ਭਾਈ
!
ਸਿਰਫ਼ ਪਰਮਾਤਮਾ ਦੀ ਸੇਵਾ-ਭਗਤੀ ਕਰੋ ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ ਸੇਵਾ-ਪੂਜਾ ਨਾਹ ਕਰੋ।
ਪਰਮਾਤਮਾ ਦੀ ਸੇਵਾ ਭਗਤੀ ਕੀਤਿਆਂ ਮਨ-ਇੱਛਤ ਫਲ ਪਾ ਲਈਦਾ ਹੈ, ਕਿਸੇ ਹੋਰ (ਦੇਵੀ ਦੇਵਤੇ ਆਦਿਕ) ਦੀ
ਪੂਜਾ ਨਾਲ ਆਪਣੀ ਜ਼ਿੰਦਗੀ ਹੀ ਵਿਅਰਥ ਚਲੀ ਜਾਂਦੀ ਹੈ। ੧।
ਸਾਡੇ ਮਨ ਵਿੱਚ ਇਹ ਸੁਆਲ ਆਵੇਗਾ ਕਿ ਅਕਾਲ-ਪੁਰਖ ਤਾਂ ਨਿਰਾਕਾਰ ਹੈ ਫੇਰ ਉਸ
ਦੀ ਸੇਵਾ ਕਿਵੇਂ ਕੀਤੀ ਜਾ ਸਕਦੀ ਹੈ? ਇਸੇ ਲਈ ਸਤਿਗੁਰੂ ਸਮਝਾਉਂਦੇ ਹਨ ਕਿ ਅਕਾਲ-ਪੁਰਖ ਤਾਂ ਹਰ ਜੀ
ਵਿੱਚ ਵਸਦਾ ਹੈ, ਉਸ ਨੂੰ ਪਹਿਚਾਣ। ਪਾਵਨ ਗੁਰਬਾਣੀ ਦਾ ਉਪਦੇਸ਼ ਹੈ:
"ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੈ ਬ੍ਰਹਮ ਪਸਾਰੇ।।
ਏਕੁ ਪੁਰਖੁ ਇਕੁ ਨਦਰੀ ਆਵੈ ਸਭ ਏਕਾ ਨਦਰਿ ਨਿਹਾਰੇ।। " {ਨਟ ਮਹਲਾ ੪,
ਪੰਨਾ ੯੮੨}
ਹੇ ਭਾਈ
!
ਪ੍ਰਭੂ ਦਾ ਜਿਹੜਾ ਸੇਵਕ ਪ੍ਰਭੂ ਦੀ ਸੇਵਾ-ਭਗਤੀ ਵਿੱਚ ਲੱਗਦਾ ਹੈ, ਉਹ ਹਰ ਥਾਂ ਪ੍ਰਭੂ ਦਾ ਹੀ
ਪਸਾਰਾ ਵੇਖਦਾ ਹੈ, ਉਸ ਨੂੰ ਉਹੀ ਸਰਬ-ਵਿਆਪਕ ਹਰ ਥਾਂ ਦਿੱਸਦਾ ਹੈ (ਉਸ ਨੂੰ ਦਿੱਸਦਾ ਹੈ ਕਿ)
ਪ੍ਰਭੂ ਆਪ ਹੀ ਸਭ ਜੀਵਾਂ ਉਤੇ ਮਿਹਰ ਦੀ ਨਿਗਾਹ ਨਾਲ ਤੱਕ ਰਿਹਾ ਹੈ।
ਜੀਵਨ ਵਿੱਚ ਐਸੀ ਸਮਦ੍ਰਿਸ਼ਟੀ ਪੈਦਾ ਕਰਨੀ ਹੈ ਕਿ ਹਰ ਜੀਅ ਦੇ ਵਿੱਚ ਉਸ ਦੀ
ਜੋਤਿ ਸਾਖਸ਼ਾਤ ਨਜ਼ਰ ਆਵੇ। ਫਿਰ ਤਾਂ ਸੇਵਾ ਦਾ ਨਜ਼ਰੀਆ ਹੀ ਬਦਲ ਜਾਵੇਗਾ। ਫਿਰ ਹਰ ਪ੍ਰਾਣੀ ਮਾਤਰ ਦੀ
ਸੇਵਾ ਵਿਚੋਂ ਅਕਾਲ ਪੁਰਖ ਦੀ ਸੇਵਾ ਦਾ ਰਸ ਆਵੇਗਾ। ਇਸ ਸਬੰਧੀ ਗੁਰਬਾਣੀ ਵਿੱਚ ਭਗਤ ਰਵਿਦਾਸ ਜੀ ਦਾ
ਇੱਕ ਸੁੰਦਰ ਫੁਰਮਾਨ ਹੈ:
"ਜਹ ਜਹ ਜਾਉ ਤਹਾ ਤੇਰੀ ਸੇਵਾ।। ਤੁਮ ਸੋ ਠਾਕੁਰੁ ਅਉਰੁ ਨ ਦੇਵਾ।। "
{ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ, ਪੰਨਾ ੬੫੮}
ਹੇ ਮਾਧੋ
!
ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ
ਸੇਵਾ ਕਰਦਾ ਹਾਂ। ਹੇ ਦੇਵ !
ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ।
ਇਨ੍ਹਾਂ ਡੇਰਿਆਂ `ਤੇ ਕੀਤਾ ਜਾ ਰਿਹਾ ਕੰਮ ਕਿਸੇ ਇੱਕ ਵਿਅਕਤੀ ਜਾਂ ਸੰਸਥਾ
ਨੂੰ ਨਿਜੀ ਆਰਥਿਕ ਲਾਭ ਪਹੁੰਚਾਣ ਤੱਕ ਸੀਮਿਤ ਹੈ। ਹੁਣ ਇਹ ਕਿਹਾ ਜਾਵੇਗਾ ਕਿ ਸ਼ਰਧਾਲੂ ਆਪਣੀ ਭਾਵਨਾ
ਅਧੀਨ ਸ਼ਰਧਾ ਨਾਲ ਇਹ ਸੇਵਾ ਕਰਦੇ ਹਨ, ਉਨ੍ਹਾਂ ਨੂੰ ਕੋਈ ਮਜਬੂਰ ਥੋੜ੍ਹਾ ਕਰਦਾ ਹੈ? ਧਰਮ ਦੇ ਨਾਂ
`ਤੇ ਗੁੰਮਰਾਹ ਕਰ ਕੇ ਕਰਾਏ ਜਾ ਰਹੇ ਕਰਮਾਂ ਨੂੰ ਹੀ ਤਾਂ ਸੋਸ਼ਣ ਆਖਿਆ ਜਾਂਦਾ ਹੈ।
ਇਹੀ ਜੇ ਇਨ੍ਹਾਂ ਡੇਰੇਦਾਰਾਂ ਨੇ ਆਪਣੇ ਪੈਰੋਕਾਰਾਂ ਨੂੰ ਆਪਣੇ ਮਾਨਸਿਕ
ਬੰਧੁਆ ਮਜ਼ਦੂਰ ਬਨਾਉਣ ਦੀ ਬਜਾਏ, ਅਮੋਲਕ ਸਿੱਖੀ ਸਿਧਾਂਤਾਂ ਅਨੁਸਾਰ ਮਨੁੱਖਤਾ ਦੀ ਸੇਵਾ ਵਿੱਚ ਲਾਇਆ
ਹੁੰਦਾ ਤਾਂ ਅੱਜ ਮਨੁੱਖੀ ਸਮਾਜ ਵਿੱਚ ਸਿੱਖੀ ਦਾ ਸਤਿਕਾਰ ਅਤੇ ਰੁਤਬਾ ਕੁੱਝ ਹੋਰ ਹੀ ਹੁੰਦਾ।
ਬ੍ਰਾਹਮਣੀ ਵਿਵਸਥਾ ਵਿੱਚ ਔਰਤ ਨੂੰ ਵੀ ਸ਼ੂਦਰ ਦੇ ਬਰਾਬਰ ਗਰਦਾਨਿਆ ਗਿਆ ਅਤੇ
ਉਸ ਦੇ ਉਤੇ ਜ਼ੁਲਮ ਵੀ ਸ਼ੂਦਰ ਵਾਂਗ ਹੀ ਹੋਏ ਹਨ। ਸ਼ੂਦਰ ਦੀ ਤਰ੍ਹਾਂ ਹੀ ਔਰਤ ਨੂੰ ਹਿੰਦੂ ਕੌਮ ਵਿੱਚ
ਧਰਮ ਦਾ ਪ੍ਰਤੀਕ, ਜਨੇਊ ਪਾਉਣ ਦਾ ਅਧਿਕਾਰ ਨਹੀਂ। ਇੱਕ ਹਿੰਦੂ ਸੰਤ ਤੁਲਸੀ ਦਾਸ ਨੇ ਲਿਖਿਆ ਹੈ:
"ਢੋਲ ਗੰਵਾਰ ਸ਼ੂਦਰ ਪਸ਼ੂ ਨਾਰੀ, ਇਹ ਪਾਂਚੋ ਤਾੜਨ ਕੇ ਅਧਿਕਾਰੀ। "
ਇਨ੍ਹਾਂ ਮਹਾਪੁਰਖਾਂ ਨੇ ਔਰਤ ਅਤੇ ਸ਼ੂਦਰ ਨੂੰ ਪਸ਼ੂ ਨਾਲ ਮੇਲ ਦਿੱਤਾ ਹੈ।
ਐਸਾ ਲਿਖਦਿਆਂ ਉਸ ਨੂੰ ਆਪਣੀ ਮਾਂ ਦੇ ਸਨਮਾਨ ਦਾ ਖਿਆਲ ਵੀ ਨਹੀਂ ਆਇਆ। ਇਸੇ ਮਾਨਸਿਕਤਾ ਤਹਿਤ
ਹਿੰਦੂ ਕੌਮ ਵਿੱਚ ਔਰਤ ਨੂੰ ਇੱਕ ਵਸਤੂ ਵਾਂਗ ਸਮਝਿਆ ਜਾਂਦਾ ਹੈ, ਜਿਸ ਦਾ ਪਿਤਾ ਕੰਨਿਆਂ ਦਾਨ ਕਰਦਾ
ਹੈ, ਕੋਈ ਵੀ ਵਿਅਕਤੀ ਉਸ ਨੂੰ ਸਵੰਬਰ ਵਿੱਚ ਜਿੱਤ ਸਕਦਾ ਹੈ, ਪਤੀ ਜੂਏ ਵਿੱਚ ਹਾਰ ਸਕਦਾ ਹੈ ਅਤੇ
ਕਿਸੇ ਨੂੰ ਦਾਨ ਵੀ ਕਰ ਸਕਦਾ ਹੈ। ਬ੍ਰਾਹਮਣੀ ਵਿਵਸਥਾ ਵਿੱਚ ਵਰਤ ਰਹੇ ਇਸ ਵਰਤਾਰੇ ਬਾਰੇ ਗੁਰਬਾਣੀ
ਨੇ ਸੁਚੇਤ ਕੀਤਾ ਹੈ:
"ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ
ਕੀਜੈ।। "
ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ
ਪੂਜੈ।। {ਨਾਮਦੇਵ ਜੀ, ਪੰਨਾ ੯੭੩}
(ਹੇ ਮੇਰੇ ਮਨ
!)
{ਬ੍ਰਾਹਮਣ ਦੇ ਕਹੇ ਅਨੁਸਾਰ} ਜੇ ਘੋੜੇ ਦਾਨ ਕਰੀਏ, ਹਾਥੀ ਦਾਨ ਕਰੀਏ, ਸੇਜ ਦਾਨ ਕਰੀਏ, ਵਹੁਟੀ ਦਾਨ
ਕਰ ਦੇਈਏ, ਆਪਣੀ ਜ਼ਿਮੀਂ ਦਾਨ ਕਰ ਦੇਈਏ; ਜੇ ਸਦਾ ਹੀ ਅਜਿਹਾ (ਕੋਈ ਨ ਕੋਈ) ਦਾਨ ਕਰਦੇ ਹੀ ਰਹੀਏ;
ਜੇ ਆਪਣਾ ਆਪ ਭੀ ਭੇਟ ਕਰ ਦੇਈਏ; ਜੇ ਆਪਣੇ ਬਰਾਬਰ ਤੋਲ ਕੇ ਸੋਨਾ ਦਾਨ ਕਰੀਏ, ਤਾਂ ਭੀ (ਹੇ ਮਨ !)
ਇਹ ਸਾਰੇ ਕੰਮ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।
ਬਾਕੀਆਂ ਤੋਂ ਇਲਾਵਾ, ਸਤੀ ਪ੍ਰਥਾ ਅਤੇ ਦੇਵਦਾਸੀ ਪ੍ਰਥਾ ਦੋ ਵੱਡੇ ਜ਼ੁਲਮ ਹਨ
ਜੋ ਹਿੰਦੂ ਸਮਾਜ ਵਿੱਚ ਇਸਤ੍ਰੀ ਉਤੇ ਪੁਰਾਤਨ ਸਮੇਂ ਤੋਂ ਵਰਤਦੇ ਰਹੇ ਹਨ।
ਸਤੀ ਪ੍ਰਥਾ ਦਾ ਭਾਵ ਹੈ, ਜਦੋਂ ਕਿਸੇ ਔਰਤ ਦਾ ਪਤੀ ਮਰ ਜਾਵੇ ਤਾਂ ਉਸ ਨੂੰ
ਆਪਣੇ ਪਤੀ ਦੇ ਨਾਲ ਉਸ ਦੀ ਚਿਖਾ ਵਿੱਚ ਸੜ ਕੇ ਮਰ ਜਾਣਾ ਪੈਂਦਾ ਸੀ। ਇਸ ਗੈਰ ਮਨੁੱਖੀ ਕਾਰੇ ਨੂੰ
ਧਰਮ ਦਾ ਨਾਂ ਦਿੱਤਾ ਗਿਆ ਅਤੇ ਔਰਤ ਉਤੇ ਇਤਨਾ ਜ਼ੁਲਮ ਢਾਹ ਕੇ ਉਸ ਨੂੰ ਮਰਨ ਤੋਂ ਬਾਅਦ ਉਸੇ ਪਤੀ
ਨਾਲ ਸਤ ਜਨਮਾਂ ਤੱਕ ਸਾਥ ਦੇ ਵਾਅਦੇ ਕੀਤੇ ਗਏ, ਸੁਰਗਾਂ ਦੇ ਲਾਲਚ ਵਿਖਾਏ ਗਏ। ਗੁਰਬਾਣੀ ਨੇ ਇਸ
ਜ਼ੁਲਮ ਦੇ ਖਿਲਾਫ ਭਰਪੂਰ ਆਵਾਜ਼ ਉਠਾਈ। ਗੁਰਬਾਣੀ ਦੇ ਪਾਵਨ ਫੁਰਮਾਨ ਹਨ:
"ਜਲੈ ਨ ਪਾਈਐ ਰਾਮ ਸਨੇਹੀ।। ਕਿਰਤਿ ਸੰਜੋਗਿ ਸਤੀ ਉਠਿ ਹੋਈ।। ੧।।
ਰਹਾਉ।।
ਦੇਖਾ ਦੇਖੀ ਮਨ ਹਠਿ ਜਲਿ ਜਾਈਐ।। ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ
ਭਵਾਈਐ।। ੨।। {ਗਉੜੀ ਗੁਆਰੇਰੀ ਮਹਲਾ ੫, ਪੰਨਾ ੧੮੫}
(ਆਪਣੇ ਮਰੇ ਪਤੀ ਨਾਲ ਮੁੜ) ਕੀਤੇ ਜਾ ਸਕਣ ਵਾਲੇ ਮਿਲਾਪ ਦੀ ਖ਼ਾਤਰ
(ਇਸਤਰੀ) ਉੱਠ ਕੇ ਸਤੀ ਹੋ ਜਾਂਦੀ ਹੈ, (ਪਤੀ ਦੀ ਚਿਖ਼ਾ ਵਿੱਚ ਸੜ ਮਰਦੀ ਹੈ, ਪਰ ਅੱਗ ਵਿਚ) ਸੜਨ
ਨਾਲ ਪਿਆਰ ਕਰਨ ਵਾਲਾ ਪਤੀ ਨਹੀਂ ਮਿਲ ਸਕਦਾ। ੧। ਰਹਾਉ।
ਇਕ ਦੂਜੀ ਨੂੰ ਵੇਖ ਕੇ ਮਨ ਦੇ ਹਠ ਨਾਲ (ਹੀ) ਸੜ ਜਾਈਦਾ ਹੈ (ਪਰ ਮਰੇ ਪਤੀ
ਦੀ ਚਿਖ਼ਾ ਵਿੱਚ ਸੜ ਕੇ ਇਸਤਰੀ ਆਪਣੇ) ਪਿਆਰੇ ਦਾ ਸਾਥ ਨਹੀਂ ਪ੍ਰਾਪਤ ਕਰ ਸਕਦੀ। (ਇਸ ਤਰ੍ਹਾਂ
ਸਗੋਂ) ਕਈ ਜੂਨਾਂ ਵਿੱਚ ਹੀ ਭਟਕੀਦਾ ਹੈ। ੨।
"ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ।। ਨਾਨਕ ਸਤੀਆ
ਜਾਣੀਅਨਿੑ ਜਿ ਬਿਰਹੇ ਚੋਟ ਮਰੰਨਿੑ।। " {ਸਲੋਕੁ ਮਃ ੩, ਪੰਨਾ ੭੮੭}
ਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ
ਸੜ ਮਰਦੀਆਂ ਹਨ। ਹੇ ਨਾਨਕ
!
ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ
ਚਾਹੀਦਾ ਹੈ।
ਜਦੋਂ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਤਾਂ
ਸਤਿਗੁਰੂ ਦੀ ਇਲਾਹੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਕੇ, ਉਸ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਕਿ ਮੈਨੂੰ
ਕੋਈ ਸੇਵਾ ਦੱਸੋ? ਸਤਿਗੁਰੂ ਨੇ ਆਪਣੇ ਲਈ ਜਾਂ ਗੁਰੂ ਘਰ ਲਈ ਕੁੱਝ ਮੰਗਣ ਦੀ ਬਜਾਏ ਇਹ ਮੰਗ ਰੱਖੀ
ਕਿ ਇੱਕ ਤਾਂ ਹਿੰਦੂ ਕੌਮ ਉਤੇ ਆਪਣੇ ਧਰਮ ਸਥਾਨਾਂ `ਤੇ ਜਾਣ ਵੇਲੇ ਵਸੂਲਿਆ ਜਾਂਦਾ ਜਜ਼ੀਆਂ ਕਰ ਖਤਮ
ਕੀਤਾ ਜਾਵੇ ਅਤੇ ਦੂਸਰਾ ਔਰਤ ਦੇ ਸਤੀ ਹੋਣ ਦੀ ਜ਼ਾਲਮਾਨਾਂ ਰਸਮ `ਤੇ ਪਾਬੰਦੀ ਲਗਾਈ ਜਾਵੇ। ਜੋ
ਦੋਵੇਂ ਉਸ ਨੇ ਪ੍ਰਵਾਨ ਕਰ ਲਈਆਂ।
ਹਿੰਦੂ ਕੌਮ ਵਿੱਚ ਔਰਤ ਨੂੰ ਕੇਵਲ ਵਾਸਨਾ ਦੀ ਪੁਤਲੀ ਸਮਝਿਆ ਜਾਂਦਾ ਹੈ।
ਔਰਤ ਜਾਤੀ `ਤੇ ਢਾਹਿਆ ਜਾ ਰਿਹਾ ਦੂਸਰਾ ਵੱਡਾ ਜ਼ੁਲਮ ਸੀ ਦੇਵਦਾਸੀ ਪ੍ਰਥਾ। ਇਸ ਪ੍ਰਥਾ ਅਧੀਨ ਲੋਕ
ਧਰਮ ਦੇ ਨਾਂ `ਤੇ ਆਪਣੀਆਂ ਧੀਆਂ ਨੂੰ ਕੁੱਝ ਵੱਡੇ ਮੰਦਰਾਂ ਨੂੰ ਭੇਟ ਕਰ ਦੇਂਦੇ ਸਨ। ਵਿਖਾਵੇ ਦੇ
ਤੌਰ `ਤੇ ਉਸ ਦਾ ਭਗਵਾਨ ਦੀ ਮੂਰਤੀ ਨਾਲ ਵਿਆਹ ਕਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਉਹ ਮੰਦਰਾਂ ਦੇ
ਪੁਜਾਰੀਆਂ ਅਤੇ ਰਜਵਾੜਿਆਂ ਦੀ ਕਾਮ ਤ੍ਰਿਪਤੀ ਦੀ ਮਸ਼ੀਨ ਬਣ ਜਾਂਦੀਆਂ। ਉਨ੍ਹਾਂ ਦੀ ਸਾਰੀ ਜ਼ਿੰਦਗੀ
ਕਦੇ ਨੱਚ ਗਾ ਕੇ ਅਤੇ ਕਦੇ ਇਨ੍ਹਾਂ ਲੋਕਾਂ ਦੀ ਕਾਮਵਾਸਨਾ ਦੀ ਪੂਰਤੀ ਕਰ ਕੇ, ਉਨ੍ਹਾਂ ਦਾ ਮਨੋਰੰਜਨ
ਕਰਨ ਤੱਕ ਸੀਮਤ ਹੁੰਦੀ।
ਸਮਾਜ ਨੂੰ ਧਰਮ ਦੇ ਨਾਂ `ਤੇ ਕੀਤੇ ਜਾ ਰਹੇ ਇਸ ਅੱਣ ਮਨੁੱਖੀ ਪਾਪ ਤੋਂ
ਮੁਕਤੀ ਪਾਉਣ ਲਈ ਇੱਕ ਵੱਡਾ ਸੰਘਰਸ਼ ਕਰਨਾ ਪਿਆ। ਮਨੁੱਖੀ ਕਦਰਾਂ ਕੀਮਤਾਂ ਸਮਝਣ ਵਾਲੇ ਸਮਾਜ ਨੇ ਇਸ
ਦੇਵਦਾਸੀ ਨਾਮਕ ਪਾਪ ਪ੍ਰਥਾ ਦੇ ਖਿਲਾਫ ਕਾਨੂੰਨ ਬਣਾਇਆ।
ਅੱਜ ਸਿੱਖ ਕੌਮ ਅੰਦਰ ਡੇਰੇਦਾਰਾਂ ਨੇ ਥੋੜ੍ਹਾ ਜਿਹਾ ਰੂਪ ਬਦਲ ਕੇ, ਉਹੀ
ਦੇਵਦਾਸੀ ਪ੍ਰਥਾ ਨੂੰ ਵਾਪਸ ਲੈ ਆਂਦਾ ਹੈ। ਜਿਵੇਂ ਮੈਂ ਉਪਰ ਦੱਸ ਚੁੱਕਾ ਹਾਂ `ਦਿਵਿਆ ਜਯੋਤੀ
ਜਾਗਰਨ ਸੰਸਥਾਨ` ਦਾ ਮੁੱਖੀ ਆਸ਼ੂਤੋਸ਼ ਆਪਣੇ ਪੈਰੋਕਾਰਾਂ ਨੂੰ, ਉਹੀ ਧਰਮ ਦੇ ਨਾਂ `ਤੇ ਆਪਣੀਆਂ ਧੀਆਂ
ਉਸ ਦੇ ਡੇਰੇ `ਤੇ ਭੇਟ ਕਰਨ ਲਈ ਪ੍ਰੇਰਦਾ ਰਿਹਾ ਹੈ। ਉਸ ਦੇ ਮਰਨ ਤੋਂ ਪਹਿਲਾਂ ਇਸ ਡੇਰੇ `ਤੇ
੧੧੦੦ ਤੋਂ ਵੱਧ ਨੌਜੁਆਨ ਲੜਕੀਆਂ ਸਨ। ਫਰਕ ਸਿਰਫ ਇਤਨਾ ਹੈ ਕਿ ਉਨ੍ਹਾਂ ਨੂੰ ਦੇਵਦਾਸੀਆਂ
ਨਹੀਂ, ਸਾਧਵੀਆਂ ਕਿਹਾ ਜਾਂਦਾ ਹੈ। ਬਾਹਰੋਂ ਵਿਖਾਵਾ ਕੁੱਝ ਵੀ ਹੋਵੇ ਅੰਦਰੋਂ ਕਰਮ ਬਹੁਤੇ ਉਹੀ ਹੋ
ਰਹੇ ਹਨ।
ਇਸੇ ਤਰ੍ਹਾਂ ਡੇਰਾ ਸੱਚਾ ਸੌਦਾ ਵਿੱਚ ਵੀ ਆਪਣੇ ਪੈਰੋਕਾਰਾਂ ਕੋਲੋਂ ਆਪਣੀਆਂ
ਧੀਆਂ ਭੇਟ ਕਰਾਈਆਂ ਜਾਂਦੀਆਂ ਹਨ। ਜੋ ਕੁੱਝ ਉਥੇ ਵਾਪਰ ਰਿਹਾ ਹੈ, ਉਸ ਦੀ ਚਰਚਾ ਵੀ ਉਪਰ ਕੀਤੀ ਜਾ
ਚੁੱਕੀ ਹੈ।
ਜੇ ਇਨ੍ਹਾਂ ਦੇ ਧਰਮ ਪ੍ਰਚਾਰਕ ਹੋਣ ਦੀ ਦਲੀਲ ਦਿੱਤੀ ਜਾਵੇ ਤਾਂ ਕੀ ਪ੍ਰਚਾਰ
ਆਪਣੇ ਘਰ, ਆਪਣੇ ਮਾਂ-ਬਾਪ ਨਾਲ ਪਰਿਵਾਰ ਵਿੱਚ ਰਹਿ ਕੇ ਨਹੀਂ ਕੀਤਾ ਜਾ ਸਕਦਾ? ਉਨ੍ਹਾਂ ਦਾ ੨੪
ਘੰਟੇ ਡੇਰਿਆਂ ਵਿੱਚ ਰਹਿਣਾ ਅਤੇ ਆਪਣੇ ਮਾਤਾ-ਪਿਤਾ ਨਾਲੋਂ ਸਬੰਧ ਤੋੜ ਕੇ ਰਖਣਾ ਕਿਉਂ ਜ਼ਰੂਰੀ ਹੈ?
ਕੁਦਰਤ ਦੇ ਅਟੱਲ ਨੇਮਾਂ ਦੇ ਉਲਟ, ਉਨ੍ਹਾਂ ਬੱਚੀਆਂ ਦਾ ਕੁਆਰੇ ਰਹਿਣਾ ਹੀ ਕਿਉਂ ਜ਼ਰੂਰੀ ਹੈ? ਇਹ
ਕਿਹੋ ਜਿਹੀ ਧਰਮ ਸਾਧਨਾ ਹੈ ਜੋ ਕੁਦਰਤ ਦੇ ਨੇਮਾਂ ਦੇ ਹੀ ਉਲਟ ਹੈ?
ਹੈਰਾਨਗੀ ਦੀ ਗੱਲ ਹੈ ਕਿ ਦੇਵਦਾਸੀ ਪ੍ਰਥਾ `ਤੇ ਕਾਨੂੰਨੀ ਪਾਬੰਦੀ ਲੱਗੀ
ਹੋਣ ਦੇ ਬਾਵਜੂਦ, ਇਨ੍ਹਾਂ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰਕਾਰ, ਸਮਾਜ ਅਤੇ
ਕਾਨੂੰਨੀ ਅਦਾਰੇ ਸਭ ਸੁੱਤੇ ਪਏ ਹਨ। ਇਹ ਸਮਝ ਨਹੀਂ ਲੱਗ ਰਹੀ ਕਿ ਕਾਨੂੰਨ ਦੇਵਦਾਸੀ ਸ਼ਬਦ ਖਿਲਾਫ ਹੈ
ਜਾਂ ਪ੍ਰਥਾ ਖਿਲਾਫ? ਕੀ ਇਹ ਐਲਾਨ ਕਰਨਾ ਜ਼ਰੂਰੀ ਹੈ ਕਿ ਸਾਡੇ ਡੇਰੇ `ਤੇ ਬੱਚੀਆਂ ਦਾ ਕਾਮੁਕ ਸਰੀਰਕ
ਸੋਸ਼ਣ ਕੀਤਾ ਜਾ ਰਿਹਾ ਹੈ? ਕੀ ਇਹ ਗ਼ੈਰ-ਇਖਲਾਕੀ ਪਾਪ ਕਰਮ ਪੜਦੇ ਪਿਛੇ ਕਰਨ ਦੀ ਖੁਲ੍ਹ ਹੈ? ਕੀ
ਸਮਾਜ ਨੇ ਕਦੇ ਇਹ ਸੋਚਣ ਦੀ ਕੋਸ਼ਿਸ਼ ਕੀਤੀ ਕਿ ਜੁਆਨੀ ਦੀ ਉਮਰ ਲੰਘਣ ਤੋਂ ਬਾਅਦ ਉਨ੍ਹਾਂ ਬੱਚੀਆਂ ਦਾ
ਕੀ ਭਵਿਖ ਹੈ? ਇੰਝ ਜਾਪਦਾ ਹੈ ਕਿ ਸਰਕਾਰ, ਸਮਾਜ ਅਤੇ ਕਾਨੂੰਨੀ ਅਦਾਰੇ ਵੀ ਇਨ੍ਹਾਂ ਡੇਰੇਦਾਰਾਂ ਦੇ
ਮਾਨਸਿਕ ਗ਼ੁਲਾਮ ਬਣ ਗਏ ਹਨ।
ਇਥੇ ਇਹ ਵੀ ਨਾ ਸਮਝ ਲਿਆ ਜਾਵੇ ਕਿ ਬੱਚੀਆਂ ਦਾ ਇਹ ਸਰੀਰਕ ਅਤੇ ਨੈਤਿਕ
ਸੋਸ਼ਣ ਸਿਰਫ ਇਨ੍ਹਾਂ ਦੋ ਡੇਰਿਆਂ `ਤੇ ਹੀ ਹੋ ਰਿਹਾ ਹੈ। ਸ਼ਾਇਦ ਕੋਈ ਵਿਰਲਾ ਡੇਰਾ ਵੀ ਨਾ ਹੋਵੇ
ਜਿਥੇ ਧੀਆਂ, ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਨਾ ਹੋ ਰਿਹਾ ਹੋਵੇ। ਰੋਜ਼ ਹੀ ਕਿਸੇ ਨਾ ਕਿਸੇ ਮਹਾਪੁਰਖ
ਦੇ ਕਾਮਲੀਲਾ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਹਾਲਾਂਕਿ ਜੋ ਕੁੱਝ ਸਾਹਮਣੇ ਆ ਰਿਹਾ ਹੈ, ਉਹ
ਅਸਲ ਦਾ ਸ਼ਾਇਦ ੧-੨% ਵੀ ਨਾ ਹੋਵੇ।
ਦੁਨੀਆਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਕਰਨ ਦੀ ਬਜਾਏ ਮੈਂ ਉਹ ਦੋ ਪ੍ਰਮਾਣ
ਪਾਠਕਾਂ ਨਾਲ ਸਾਂਝੇ ਕਰਨਾ ਚਾਹਾਂਗਾ, ਜਿਨ੍ਹਾਂ ਦਾ ਸੰਤਾਪ ਮੈਂ ਆਪ ਹੰਡਾਇਆ ਹੈ। ਜਿਨ੍ਹਾਂ ਦਾ ਮੈਂ
ਆਪ ਗਵਾਹ ਹਾਂ।
ਪੰਜਾਬ ਦੇ ਨਵਾਂ ਸ਼ਹਿਰ ਤੋਂ ਹੁਸ਼ਿਆਰਪੁਰ ਵਾਲੀ ਸੜਕ `ਤੇ ਅੱਠ-ਦਸ ਕਿਲੋਮੀਟਰ
ਦੇ ਫਾਸਲੇ `ਤੇ ਇੱਕ ਪਿੰਡ ਹੈ ਪੱਲੀ ਝਿੱਕੀ। ਇਥੇ ਇੱਕ ਅਖੌਤੀ ਸੰਤ ਧਨਵੰਤ ਸਿੰਘ ਨੇ ਆਪਣਾ ਡੇਰਾ
ਬਣਾਇਆ ਹੋਇਆ ਸੀ, ਜਿਥੇ ਉਸ ਨੇ ਆਪਣੀ ਇੱਕ ਸੰਸਥਾ ਬਣਾਈ ਹੋਈ ਸੀ ਜਿਸ ਦਾ ਨਾਂ ਉਸ ਨੇ ਨੂਰ ਵਿਸ਼ਵ
ਰੁਹਾਨੀ ਚੈਰੀਟੇਬਲ ਟਰੱਸਟ ਰਖਿਆ ਹੋਇਆ ਸੀ। ਇਸ ਦਾ ਮੁੱਖ ਡੇਰਾ ਗੁਰਦਾਸਪੁਰ ਵਿੱਚ ਹੈ। ਨਾਲ ਲਗਦੇ
ਇਲਾਕੇ ਵਿੱਚ ਇਸ ਦਾ ਖੂਬ ਪ੍ਰਭਾਵ ਬਣਿਆ ਹੋਇਆ ਸੀ।
ਇਸ ਦੇ ਇੱਕ ਪੈਰੋਕਾਰ ਦੇ ਘਰ ਵਿੱਚ ਆਪਣੀ ਜੁਆਨ ਬੱਚੀ ਨਾਲ ਕੁੱਝ ਮਤਭੇਦ ਹੋ
ਗਏ। ਐਸੇ ਲੋਕ ਹਰ ਗੱਲ ਵਾਸਤੇ ਅਖੌਤੀ ਮਹਾਪੁਰਖਾਂ ਦਾ ਹੀ ਆਸਰਾ ਲੈਂਦੇ ਹਨ। ਮਾਤਾ ਪਿਤਾ ਨੇ ਆ ਕੇ
ਬਾਬੇ ਨੂੰ ਬੱਚੀ ਨੂੰ ਸਮਝਾਉਣ ਵਾਸਤੇ ਬੇਨਤੀ ਕੀਤੀ। ਬਾਬੇ ਨੇ ਸਮਾਂ ਪਛਾਣਦੇ ਹੋਏ ਝੱਟ ਕਿਹਾ ਕਿ
ਭਾਈ ਇਹ ਕੰਮ ਕਾਹਲੀ ਵਾਲਾ ਨਹੀਂ ਹੈ, ਤੁਸੀਂ ਬੱਚੀ ਨੂੰ ਇਥੇ ਹੀ ਛੱਡ ਜਾਓ, ਮੈਂ ਰਾਤ ਸਮਾਂ ਕੱਢ
ਕੇ ਇਸ ਨੂੰ ਚੰਗੀ ਤਰ੍ਹਾਂ ਸਮਝਾ ਦਿਆਂਗਾ। ਪਹਿਲਾਂ ਤਾਂ ਬਲਿਹਾਰ ਜਾਈਏ ਐਸੇ ਮਾਤਾ ਪਿਤਾ ਦੇ ਕਿ
ਬਾਲੜੀ ਜੁਆਨ ਧੀ ਨੂੰ ਰਾਤ ਲਈ ਉਥੇ ਛੱਡ ਆਏ।
ਰਾਤ ਦੇ ਦੂਜੇ ਪਹਿਰ ਬਾਬੇ ਨੇ ਬੱਚੀ ਨੂੰ ਸਮਝਾਉਣ ਦੇ ਬਹਾਨੇ ਬੁਲਾਇਆ ਅਤੇ
ਉਸ ਸਾਢੇ ਸੋਲ੍ਹਾਂ ਸਾਲਾਂ ਦੀ ਬਾਲੜੀ, ਜੋ ਬੱਚਪਨ ਵਿੱਚ ਉਸ ਦੀ ਗੋਦ ਵਿੱਚ ਖੇਡੀ ਸੀ, ਦੀ ਪੱਤ
ਲੁੱਟ ਲਈ। ਉਸ ਬੱਚੀ ਦਾ ਉਸ ਬਾਬੇ ਉਤੇ ਇਤਨਾ ਵਿਸ਼ਵਾਸ ਸੀ ਅਤੇ ਉਸ ਪ੍ਰਤੀ ਇਤਨਾ ਸਤਿਕਾਰ ਸੀ ਕਿ
ਪਹਿਲੇ ਤਾਂ ਉਹ ਇਹ ਹੀ ਨਾ ਸਮਝ ਸਕੀ ਕਿ ਉਸ ਨਾਲ ਕੀ ਵਾਪਰ ਰਿਹਾ ਹੈ। ਉਹ ਬੱਚੀ ਕਿਸੇ ਤਕਨੀਕੀ
ਸੰਸਥਾ ਵਿੱਚ ਪੜ੍ਹਦੀ, ਉਸ ਦੇ ਹੋਸਟਲ ਵਿੱਚ ਰਹਿੰਦੀ ਸੀ। ਅਗਲੀ ਸਵੇਰ ਉਹ ਆਪਣੇ ਹੋਸਟਲ ਚਲੀ ਗਈ
ਅਤੇ ਉਥੇ ਕਈ ਦਿਨ ਲੁੱਕ ਲੁੱਕ ਕੇ ਰੋਂਦੀ ਰਹੀ। ਉਸ ਦੇ ਨਾਲ ਰਹਿੰਦੀ ਲੜਕੀ ਜੋ ਉਸ ਦੀ ਚੰਗੀ ਸਹੇਲੀ
ਵੀ ਸੀ, ਨੇ ਉਸ ਦੀ ਇਸ ਹਾਲਤ ਨੂੰ ਵੇਖਿਆ ਤਾਂ ਉਸ ਕੋਲੋਂ ਕਾਰਨ ਪੁੱਛਿਆ, ਪਰ ਹਰ ਵਾਰੀ ਉਹ ਟਾਲਦੀ
ਰਹੀ। ਅਖੀਰ ਸਹੇਲੀ ਨੇ ਜ਼ੋਰ ਪਾ ਕੇ ਦੁੱਖ ਵੰਡਾਉਣ ਲਈ ਕਿਹਾ ਤਾਂ ਉਹ ਫੁੱਟ ਪਈ ਅਤੇ ਰੋਂਦੇ ਹੋਏ
ਸਾਰੀ ਵਿਥਿਆ ਦੱਸੀ। ਉਸ ਦੀ ਸਹੇਲੀ ਨੇ ਸਮਝਾਇਆ ਕਿ ਉਸ ਨੂੰ ਸਾਰੀ ਗੱਲ ਆਪਣੇ ਮਾਤਾ-ਪਿਤਾ ਨੂੰ
ਫੌਰਨ ਦੱਸਣੀ ਚਾਹੀਦੀ ਹੈ। ਉਸ ਬੱਚੀ ਨੇ ਕਿਹਾ ਕਿ ਉਸ ਦੇ ਮਾਤਾ ਪਿਤਾ ਨੂੰ ਉਸ ਬਾਬੇ `ਤੇ ਇਤਨਾ
ਵਿਸ਼ਵਾਸ ਹੈ ਕਿ ਉਨ੍ਹਾਂ ਉਸ ਦੀ ਗੱਲ `ਤੇ ਯਕੀਨ ਨਹੀਂ ਕਰਨਾ। ਸਹੇਲੀ ਬੜੀ ਹੈਰਾਨ ਹੋਈ ਕਿ ਇਹ
ਕਿਵੇਂ ਹੋ ਸਕਦਾ ਹੈ ਕਿ ਮਾਤਾ ਪਿਤਾ ਆਪਣੀ ਧੀ ਨਾਲੋਂ ਵਧੇਰੇ ਵਿਸ਼ਵਾਸ ਕਿਸੇ ਪਰਾਏ ਮਰਦ `ਤੇ ਰਖਦੇ
ਹਨ? ਉਸ ਸਹੇਲੀ ਨੇ ਪ੍ਰੇਰਿਆ ਕਿ ਕੁੱਝ ਵੀ ਕਾਰਨ ਹੋਵੇ, ਉਸ ਨੂੰ ਆਪਣੇ ਮਾਤਾ ਪਿਤਾ ਨੂੰ ਸੱਚਾਈ
ਦਸਣੀ ਚਾਹੀਦੀ ਹੈ, ਨਹੀਂ ਤਾਂ ਉਹ ਜਾਨਵਰ ਧਰਮ ਦੇ ਪਹਿਰਾਵੇ ਹੇਠ ਪਤਾ ਨਹੀਂ ਹੋਰ ਕਿਤਨੀਆਂ ਬੱਚੀਆਂ
ਦੇ ਜੀਵਨ ਨਾਲ ਖਿਲਵਾੜ ਕਰਦਾ ਰਹੇਗਾ।
ਉਹ ਸਹੇਲੀ ਉਸ ਦੇ ਨਾਲ ਆਈ ਅਤੇ ਸਾਰੀ ਗੱਲ ਪੀੜਿਤ ਬੱਚੀ ਦੇ ਮਾਤਾ ਪਿਤਾ
ਨੂੰ ਦੱਸੀ। ਉਹੀ ਗੱਲ ਹੋਈ ਕਿ ਪਹਿਲਾਂ ਮਾਤਾ ਪਿਤਾ ਗੱਲ `ਤੇ ਵਿਸ਼ਵਾਸ ਨਾ ਕਰਨ। ਅਖੀਰ ਫੈਸਲਾ ਹੋਇਆ
ਕਿ ਡੇਰੇ `ਤੇ ਜਾ ਕੇ ਅਖੌਤੀ ਮਹਾਪੁਰਖਾਂ ਤੋਂ ਸੱਚ ਪੁਛਿਆ ਜਾਵੇ। ਉਥੇ ਉਸ ਪਖੰਡੀ ਦੀਆਂ ਹੇਠਲੀਆਂ
ਉਤਲੀਆਂ ਤੋਂ ਸੱਚ ਸਾਮ੍ਹਣੇ ਆ ਗਿਆ। ਮਾਂ-ਬਾਪ `ਤੇ ਤਾਂ ਜਿਵੇਂ ਪਹਾੜ ਟੁੱਟ ਪਿਆ। ਕਿਸੇ ਜਾਣਕਾਰ
ਰਾਹੀਂ ਉਹ ਸਾਡੀ ਸੰਸਥਾ ਸ਼੍ਰੋਮਣੀ ਖਾਲਸਾ ਪੰਚਾਇਤ ਕੋਲ ਆ ਗਏ, ਅਤੇ ਸਾਰੀ ਵਿਥਿਆ ਸੁਣਾ ਕੇ ਧਨਵੰਤ
ਸਿੰਘ ਖਿਲਾਫ ਕਾਰਵਾਈ ਕਰਨ ਲਈ ਕਿਹਾ।
ਉਸ ਨਾਲ ਜੋ ਬੀਤਿਆ ਸੀ ਅਤਿ ਦੁਖਦਾਈ ਸੀ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ
ਮਦਦ ਕਰਨੀ ਬਣਦੀ ਸੀ। ਪਰ ਸਾਡੀ ਜਥੇਬੰਦੀ ਦੀ ਵੀ ਸੀਮਾਂ ਸੀ। ਮੈਂ ਉਨ੍ਹਾਂ ਨੂੰ ਇਹੀ ਬੇਨਤੀ ਕੀਤੀ
ਕਿ ਸਾਡੇ ਕੋਲ ਕੋਈ ਕਾਨੂੰਨੀ ਅਖਤਿਆਰ ਨਹੀਂ ਕਿ ਅਸੀਂ ਉਸ ਖਿਲਾਫ ਕੋਈ ਕਾਰਵਾਈ ਕਰ ਸਕੀਏ, ਇਸ ਲਈ
ਉਨ੍ਹਾਂ ਨੂੰ ਪੁਲੀਸ ਕੋਲ ਜਾਣਾ ਚਾਹੀਦਾ ਹੈ। ਉਥੇ ਅਸੀਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ
ਤਿਆਰ ਹਾਂ। ਉਹ ਕਹਿਣ ਲੱਗੇ ਕਿ ਪਹਿਲਾਂ ਹੀ ਸਾਡੀ ਇਜ਼ਤ ਲੁੱਟੀ ਜਾ ਚੁੱਕੀ ਹੈ, ਰਹਿੰਦੀ ਖੁਹੰਦੀ
ਥਾਣੇ, ਕਚਹਿਰੀਆਂ ਵਿੱਚ ਰੁਲ ਜਾਵੇਗੀ। ਜਿਵੇਂ ਕਿ ਐਸੇ ਬਹੁਤੇ ਕੇਸਾਂ ਵਿੱਚ ਹੁੰਦਾ ਹੈ ਕਿ ਹਰ ਕੋਈ
ਆਪਣੀ ਲੁੱਟੀ ਇਜ਼ਤ ਉਤੇ ਪੜਦਾ ਰਖਣਾ ਚਾਹੁੰਦਾ ਹੈ, ਉਹ ਥਾਣੇ ਜਾਣ ਤੋਂ ਬਹੁਤ ਡਰ ਰਹੇ ਸਨ।
ਮੇਰੇ ਮਨ ਵਿੱਚ ਵਿਚਾਰ ਆਇਆ ਕਿ ਸਾਡੇ ਕੋਲ ਤਾਂ ਆਪਣੀ ਬਹੁਤ ਮਜ਼ਬੂਤ ਸੰਸਥਾ
ਹੈ, ਅਕਾਲ ਤਖਤ ਸਾਹਿਬ। ਸਾਨੂੰ ਹੋਰ ਕਿਤੇ ਭਟਕਣ ਦੀ ਕੀ ਲੋੜ ਹੈ? ਮੈਂ ਉਨ੍ਹਾਂ ਨੂੰ ਸਲਾਹ ਦਿੱਤੀ
ਕਿ ਤੁਸੀਂ ਅਕਾਲ ਤਖਤ ਸਾਹਿਬ `ਤੇ ਜਾਓ, ਉਥੇ ਤੁਹਾਡੀ ਪੱਤ `ਤੇ ਵੀ ਪਰਦਾ ਪਿਆ ਰਹੇਗਾ ਅਤੇ ਜਥੇਦਾਰ
ਸਾਹਿਬ ਉਸ ਨੂੰ ਸਖਤ ਧਾਰਮਿਕ ਸਜ਼ਾ ਦੇ ਦੇਣਗੇ, ਜਿਸ ਨਾਲ ਘੱਟੋ ਘੱਟ ਉਸ ਦੇ ਪਾਪ ਕਰਮ ਨੰਗੇ ਹੋ
ਜਾਣਗੇ ਅਤੇ ਉਸ ਦੀ ਪਾਪ ਦੀ ਹੱਟੀ ਵੀ ਬੰਦ ਹੋ ਜਾਵੇਗੀ।
ਉਨ੍ਹਾਂ ਨੇ ੩ ਮਈ ੨੦੦੧ ਨੂੰ ਅਕਾਲ ਤਖਤ `ਤੇ ਫਰਿਯਾਦ ਪਾ ਦਿੱਤੀ। ਮੈਂ ਆਪ
ਵੀ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ, ਜਿਨ੍ਹਾਂ ਨਾਲ ਉਸ
ਵੇਲੇ ਮੇਰੇ ਚੰਗੇ ਸਬੰਧ ਸਨ, ਨੂੰ ਟੈਲੀਫੋਨ `ਤੇ ਖਾਸ ਖਿਆਲ ਰਖਣ ਲਈ ਬੇਨਤੀ ਕਰ ਦਿੱਤੀ। ਅਕਾਲ ਤਖਤ
ਸਾਹਿਬ ਨੇ ਵੀ ਫੌਰੀ ਕਾਰਵਾਈ ਕਰਦਿਆਂ, ਸੰਗਤ ਦੇ ਨਾਂ ਇੱਕ ਸੰਦੇਸ਼ ਜਾਰੀ ਕਰ ਦਿੱਤਾ ਕਿ ਜਿਤਨਾ ਚਿਰ
ਪਖੰਡੀ ਸਾਧ ਧਨਵੰਤ ਸਿੰਘ ਅਕਾਲ ਤਖਤ ਸਾਹਿਬ `ਤੇ ਪੇਸ਼ ਹੋ ਕੇ ਆਪਣੀ ਸਫਾਈ ਨਹੀਂ ਦੇਂਦਾ ਅਤੇ ਸਿੰਘ
ਸਾਹਿਬਾਨ ਵਲੋਂ ਇਸ ਕੇਸ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ, ਸੰਗਤਾਂ ਇਸ ਨਾਲ ਕਿਸੇ ਤਰ੍ਹਾਂ ਦਾ
ਮਿਲਵਰਤਣ ਨਾ ਰੱਖਣ।
੧੩ ਮਈ ਨੂੰ ਜਥੇਦਾਰ ਸਾਹਿਬ ਨੇ ਬੱਚੀ ਨੂੰ ਅਕਾਲ ਤਖ਼ਤ ਸਾਹਿਬ `ਤੇ ਬੁਲਾਇਆ
ਅਤੇ ਸਾਰੀ ਸੱਚੀ ਕਹਾਣੀ ਦਸਣ ਲਈ ਕਿਹਾ। ਆਪਣੀ ਵਿਥਿਆ ਸੁਣਾੳਂਦੀ ਹੋਈ ਬੱਚੀ ਨੇ ਮਨ ਭਰ ਲਿਆ ਤਾਂ
ਜਥੇਦਾਰ ਸਾਹਿਬ ਨੇ ਉਸ ਦੇ ਸਿਰ `ਤੇ ਹੱਥ ਰੱਖ ਕੇ ਕਿਹਾ ਕਿ ਬੇਟਾ ਤੂੰ ਫਿਕਰ ਨਾ ਕਰ ਮੈਂ ਧਨਵੰਤ
ਸਿੰਘ ਨੂੰ ਉਹ ਸਜ਼ਾ ਦਿਆਂਗਾ ਕਿ ਉਹ ਯਾਦ ਰਖੇਗਾ।
ਜੂਨ ਦੇ ਪਹਿਲੇ ਹਫਤੇ
ਧਨਵੰਤ ਸਿੰਘ ਦੇ ਇੱਕ ਰਿਸ਼ਤੇਦਾਰ ਨੇ ਖਬਰ ਦਿੱਤੀ ਕਿ ਤੁਹਾਨੂੰ ਨਿਆਂ ਨਹੀਂ ਮਿਲਣਾ ਕਿਉਂਕਿ ਧਨਵੰਤ
ਸਿੰਘ ਨੇ ਜਥੇਦਾਰ ਦੇ ਪੀ. ਏ. ਨੂੰ ਕੇਸ ਖੁਰਦ ਬੁਰਦ ਕਰਨ ਲਈ ਰਿਸ਼ਵਤ ਦੇ ਦਿੱਤੀ ਹੈ।
ਮੈਂ ਸੋਚਿਆ ਕਿ ਕਿਤੇ ਪੀ. ਏ. ਆਪਣੇ ਤੌਰ `ਤੇ ਹੀ
ਗੰਦ ਨਾ ਘੋਲ ਰਿਹਾ ਹੋਵੇ, ਸੋ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੇ ਇਸ ਬਾਰੇ ਜਾਣੂ ਕਰਵਾਇਆ। ਬਸ
ਫੇਰ ਕੀ ਸੀ ਜਥੇਦਾਰ ਜੀ ਨਾਰਾਜ਼ ਹੋ ਗਏ ਕਿ ਤੁਸੀਂ ਸਾਡੇ ਪੀ. ਏ. `ਤੇ ਤੋਹਮਤ ਲਾਈ ਹੈ। ਉਨ੍ਹਾਂ
ਨੂੰ ਇਤਰਾਜ ਇਹ ਸੀ ਕਿ ਮੈਂ ਚਿੱਠੀ ਕਿਉਂ ਲਿਖੀ ਹੈ, ਸ਼ਾਇਦ ਗੱਲ ਰਿਕਾਰਡ `ਤੇ ਆਉਣ ਦੀ ਚਿੰਤਾ ਸੀ।
ਮੈਂ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤੁਹਾਨੂੰ ਇਸ ਭਾਵਨਾ ਨਾਲ ਚਿੱਠੀ ਲਿਖੀ ਸੀ ਕਿ ਇਹ
ਤੁਹਾਡੇ ਧਿਆਨ ਵਿੱਚ ਲਿਆ ਦਿਆਂ ਕਿਤੇ ਤੁਹਾਡੇ ਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੋਵੇ ਅਤੇ ਅਣਭੋਲ
ਹੀ ਤੁਹਾਡਾ ਨਾਂ ਨਾ ਬਦਨਾਮ ਹੋਵੇ। ਪਰ ਜਥੇਦਾਰ ਸਾਹਿਬ ਦਾ ਗੁੱਸਾ ਆਪ ਹੀ ਸਾਰੀ ਸਚਾਈ ਬਿਆਨ ਕਰ
ਰਿਹਾ ਸੀ।
ਬਸ ਉਸ ਤੋਂ ਬਾਅਦ ਡਰਾਮਾ ਸ਼ੁਰੂ ਹੋ ਗਿਆ। ਪਹਿਲਾਂ ਸਚਾਈ ਦੀ ਪੜਤਾਲ ਕਰਾਉਣ
ਲਈ ਇੱਕ ਕਮੇਟੀ ਬਣਾਈ ਗਈ। ਉਸ ਕਮੇਟੀ ਨੇ ਧਨਵੰਤ ਸਿੰਘ ਨੂੰ ਪੂਰਾ ਦੋਸ਼ੀ ਪਾਇਆ। ਉਸ ਦੀ ਰਿਪੋਰਟ
ਨੂੰ ਅੱਖੋਂ ਪਰੋਖੇ ਕਰ ਕੇ ਦੂਸਰੀ ਕਮੇਟੀ ਬਣਾਈ ਗਈ, ਉਸ ਨੇ ਸਾਰੇ ਕੇਸ ਦੀ ਉੱਚ ਪੱਧਰੀ ਜਾਂਚ
ਕਰਾਉਣ ਦੀ ਸਿਫਾਰਸ਼ ਕੀਤੀ। ਫਿਰ ਇੱਕ ਤੀਸਰੀ ਜਾਂਚ ਕਮੇਟੀ ਬਣਾਈ ਗਈ, ਜਿਸ ਵਿੱਚ ਜਥੇਦਾਰ ਦੇ ਪੀ.
ਏ. ਪ੍ਰਿਤਪਾਲ ਸਿੰਘ ਸੰਧੂ, ਜੋ ਰਿਸ਼ਵਤ ਲੈਣ ਦਾ ਦੋਸ਼ੀ ਸੀ ਅਤੇ ਜਥੇਦਾਰ ਦਾ ਨੇੜਲਾ ਰਿਸ਼ਤੇਦਾਰ ਵੀ
ਹੈ, ਨੂੰ ਵੀ ਮੈਂਬਰ ਪਾਇਆ ਗਿਆ ਅਤੇ ਉਹ ਪੜਤਾਲ ਕਰਨ ਲਈ ਗਿਆ।
ਇਤਿਹਾਸ ਗੁਆਹ ਹੈ ਕਿ ਸਿੱਖ ਕੌਮ ਨੇ ਸਦਾ ਧੀਆਂ ਭੈਣਾਂ ਦੀ ਇਜ਼ਤ ਕੱਜੀ ਹੈ,
ਪਰ ਪ੍ਰਿਥੀਪਾਲ ਸਿੰਘ ਨੇ ਪੜਤਾਲ ਦੇ ਨਾਂ `ਤੇ ਪੀੜਤ ਬੱਚੀ ਦੀ ਇਜ਼ਤ ਉਛਾਲਣ ਦੀ ਕੋਸ਼ਿਸ਼ ਕੀਤੀ ਤਾਂ
ਕਿ ਉਹ ਡਰ ਕੇ ਚੁੱਪ ਕਰ ਜਾਣ। ਜਾਪਦਾ ਹੈ ਮਗਰਲੀਆਂ ਦੋ ਕਮੇਟੀਆਂ ਕੇਵਲ ਤੇ ਕੇਵਲ ਪਹਿਲੀ ਕਮੇਟੀ ਦੀ
ਰਿਪੋਰਟ ਨੂੰ ਪ੍ਰਭਾਵਹੀਣ ਕਰਨ ਲਈ ਬਣਾਈਆਂ ਗਈਆਂ ਸਨ।
ਇਕ ਸਾਲ ਤੋਂ ਵਧੇਰੇ ਸਮੇਂ ਦੀ ਖਜਲ ਖੁਆਰੀ ਕਰ ਕੇ ੧੦ ਮਈ ੨੦੦੨ ਨੂੰ ਧਨਵੰਤ
ਸਿੰਘ ਨੂੰ ਸ਼ਰਾਬ ਪੀਣ ਅਤੇ ਹੋਰ ਮਨਮਤੀ ਕਾਰਵਾਈਆਂ ਲਈ ਪੰਜਾਂ ਤਖਤਾਂ `ਤੇ ਇੱਕ ਇੱਕ ਹਫਤਾ ਸੇਵਾ
ਕਰਨ ਅਤੇ ਕੀਰਤਨ ਸੁਣਨ ਦੀ ਸਜ਼ਾ ਲਾਈ ਗਈ, ਪਰ ਬਲਾਤਕਾਰ ਦੇ ਅਸਲ ਦੋਸ਼ ਬਾਰੇ ਚੁੱਪੀ ਧਾਰ ਲਈ ਗਈ।
ਦੋ ਤਿੰਨ ਦਿਨਾਂ ਬਾਅਦ ਪੀੜਤ ਬੱਚੀ ਦਾ ਪਿਤਾ ਅਤੇ ਕੁੱਝ ਹੋਰ ਸਿੰਘ ਫਿਰ
ਖਾਲਸਾ ਪੰਚਾਇਤ ਕੋਲ ਚੰਡੀਗੜ੍ਹ ਆਏ ਅਤੇ ਦੁੱਖ ਜ਼ਾਹਰ ਕੀਤਾ ਕਿ ਅਕਾਲ-ਤਖਤ ਤੋਂ ਵੀ ਉਨ੍ਹਾਂ ਨੂੰ
ਨਿਆਂ ਨਹੀਂ ਮਿਲਿਆ। ਉਨ੍ਹਾਂ ਦੇ ਮਨਾਂ ਵਿੱਚ ਭਾਰੀ ਦਰਦ ਅਤੇ ਰੋਸ ਸੀ। ਜਥੇਬੰਦੀ ਦੇ ਮੁੱਖ
ਸੇਵਾਦਾਰ ਨਾਤੇ, ਮੈਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਸ਼੍ਰੋਮਣੀ
ਖਾਲਸਾ ਪੰਚਾਇਤ ਆਖਰੀ ਦੱਮ ਤੱਕ ਸੰਘਰਸ਼ ਕਰੇਗੀ। ਉਨ੍ਹਾਂ ਨੂੰ ਸਮਝਾਇਆ ਕਿ ਇਸ ਕੇਸ ਨੂੰ ਹੁਣ ਵਿੱਚ
ਛੱਡ ਦੇਣਾ ਕਿਸੇ ਤਰ੍ਹਾਂ ਵੀ ਯੋਗ ਨਹੀਂ ਹੋਵੇਗਾ, ਸਾਨੂੰ ਜ਼ਰੂਰੀ ਪੁਲਿਸ ਕੋਲ ਜਾਣਾ ਚਾਹੀਦਾ ਹੈ।
ਸਾਰਿਆਂ ਦੇ ਜ਼ੋਰ ਪਾਉਣ `ਤੇ ਪੀੜਤ ਬੱਚੀ ਦੇ ਪਿਤਾ ਇਸ ਗੱਲ ਲਈ ਮੰਨ ਗਏ। ਪਰ ਉਨ੍ਹਾਂ ਕਿਹਾ ਕਿ ਉਹ
ਘਰ ਪਰਿਵਾਰ ਨਾਲ ਅਤੇ ਬੱਚੀ ਨਾਲ ਵੀ ਸਲਾਹ ਕਰ ਲੈਣ।
ਅਖੀਰ ਅਗਸਤ ੨੦੦੨ ਵਿੱਚ
ਪੀੜਤ ਪਰਿਵਾਰ ਪੁਲੀਸ ਕੋਲ ਜਾ ਪਹੁੰਚਿਆ। ੨੯ ਅਗਸਤ ਨੂੰ ਧਨਵੰਤ ਸਿੰਘ ਨੂੰ ਗੁਰਦਾਸਪੁਰ ਤੋਂ
ਗ੍ਰਿਫਤਾਰ ਕਰ ਲਿਆ ਗਿਆ। ਉਸ ਸਮੇਂ ਦੀ ਨਵਾਂ ਸ਼ਹਿਰ ਦੀ ਐਸ. ਐਸ. ਪੀ. ਮੈਡਮ ਨੀਰਜਾ ਜੀ ਨੇ ਜਿਵੇਂ
ਕੇਸ ਦੀ ਪੁੱਛ ਪੜਤਾਲ ਇੰਝ ਕਰਵਾਈ ਕਿ ਪੀੜਤ ਬੱਚੀ ਨੂੰ ਹੋਰ ਘੱਟੋ ਘੱਟ ਪੀੜਾ ਵਿਚੋਂ ਲੰਘਣਾ ਪਵੇ,
ਉਸ ਦੀ ਸ਼ਲਾਘਾ ਤਾਂ ਕਰਨੀ ਬਣਦੀ ਹੀ ਹੈ, ਉਨ੍ਹਾਂ ਨੇ ਸਾਰੇ ਕੇਸ ਦੀ ਪੜਤਾਲ ਵੀ ਕਮਾਲ ਦੀ ਕੀਤੀ ਕਿ
ਸਾਰਾ ਸੱਚ ਨਿਤਰ ਕੇ ਸਾਮ੍ਹਣੇ ਆ ਗਿਆ। ਪੁੱਛ ਪੜਤਾਲ ਵਿੱਚ ਧਨਵੰਤ ਸਿੰਘ ਨੇ ਜਥੇਦਾਰ ਅਕਾਲ ਤਖਤ
ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਨੂੰ ਉਸ ਦੇ ਪੀ. ਏ. ਪ੍ਰਿਥੀਪਾਲ ਸਿੰਘ ਰਾਹੀ ੭੦੦੦੦/- (ਸੱਤਰ
ਹਜ਼ਾਰ ਰੁਪਏ) ਰਿਸ਼ਵਤ ਦੇਣ ਦੀ ਗੱਲ ਵੀ ਮੰਨੀ ਅਤੇ ਸੱਤ ਹੋਰ ਬੀਬੀਆਂ ਨਾਲ ਵਿਭਚਾਰ ਕਰਨ ਦੀ ਗੱਲ ਵੀ
ਮੰਨੀ, ਜਿਨ੍ਹਾਂ ਵਿਚੋਂ ਤਿੰਨ ਇਸ ਦੇ ਸੇਵਕਾਂ ਪੈਰੋਕਾਰਾਂ ਦੀਆਂ ਕੁਆਰੀਆਂ ਧੀਆਂ ਸਨ ਅਤੇ ਬਾਕੀ
ਪਤਨੀਆਂ। ਇਹ ਖਬਰ ੨ ਸਤੰਬਰ ੨੦੦੨ ਦੇ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਵਿੱਚ ਵੀ ਛਪੀ।
ਧਰਮੀ ਪਹਿਰਾਵੇ ਵਿੱਚ ਲੁਕੇ ਇਨ੍ਹਾਂ ਸ਼ੈਤਾਨਾਂ ਦੀ ਮਾਨਸਿਕਤਾ ਕੈਸੀ ਹੈ, ਇਹ
ਦਸਣ ਲਈ ਇੱਕ ਹੋਰ ਗੱਲ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਇਹ ਗੱਲ ਮੈਨੂੰ ਪੁਲਿਸ ਦੇ ਉਸ
ਐਸ. ਆਈ. ਨੇ ਦੱਸੀ ਜਿਸ ਨੇ ਧਨਵੰਤ ਸਿੰਘ ਤੋਂ ਪੁੱਛ ਪੜਤਾਲ ਕੀਤੀ ਸੀ। ਉਸ ਦੱਸਿਆ ਕਿ ਸਾਡਾ ਇੱਕ
ਤਰੀਕਾ ਹੈ ਕਿ ਜੋ ਪੁੱਛ ਪੜਤਾਲ ਕਰੜਾਈ ਨਾਲ ਕਰਨੀ ਹੈ, ਉਹ ਕਰਨ ਤੋਂ ਬਾਅਦ ਅਸੀ ਮੁਜਰਮ ਨਾਲ ਦੋਸਤੀ
ਜਿਹੀ ਪਾ ਲੈਂਦੇ ਹਾਂ। ਇਸ ਨਾਲ ਕਈ ਵਾਰੀ ਮੁਜਰਮ ਉਹ ਗੱਲਾਂ ਵੀ ਦੱਸ ਜਾਂਦਾ ਹੈ, ਜੋ ਉਸ ਨੇ
ਪਹਿਲਾਂ ਲੁਕਾ ਲਈਆਂ ਹੁੰਦੀਆਂ ਹਨ। ਉਸ ਦੱਸਿਆ ਕਿ ਪੁੱਛ ਪੜਤਾਲ ਤੋਂ ਬਾਅਦ ਧਨਵੰਤ ਸਿੰਘ ਨੂੰ ਚਾਹ
ਪਿਆ ਕੇ ਮੈਂ ਮਸਖਰੀ ਕੀਤੀ ਕਿ ਬਾਬਾ ਤੂੰ ਤਾਂ ਬੜਾ ਛੁੱਪਿਆ ਰੁਸਤਮ ਨਿਕਲਿਆ ਹੈਂ।
ਜਿਸ ਦੇ ਜੁਆਬ ਵਿੱਚ ਧਨਵੰਤ ਸਿੰਘ ਨੇ
ਕਿਹਾ ਕਿ ਜੇ "ਸੋਲ੍ਹਾਂ ਸੋਲ੍ਹਾਂ ਸਾਲ ਦੀਆਂ ਕੱਚੀਆਂ ਕੁੜੀਆਂ ਨਹੀਂ? ? ? , ਤਾਂ ਬਾਬਾ ਬਣਨ ਦਾ
ਕੀ ਫਾਇਦਾ ਹੈ? " (? ? ? ਇਥੇ ਜੋ ਘੱਟੀਆ ਅਤੇ ਅਸ਼ਲੀਲ ਸ਼ਬਦ ਬਾਬੇ ਨੇ ਵਰਤਿਆ, ਉਹ ਲਿਖਣਾ ਸੰਭਵ
ਨਹੀਂ ਹੈ)
੨੯ ਜਨਵਰੀ ੨੦੦੫ ਨੂੰ ਹੁਸ਼ਿਆਰਪੂਰ ਦੀ ਫਾਸਟ ਟਰੈਕ ਅਦਾਲਤ ਦੇ ਜੱਜ ਆਰ. ਐਲ.
ਆਹੂਜਾ ਜੀ ਨੇ ਧਨਵੰਤ ਸਿੰਘ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਬਾਬੇ ਦੇ ਅਪੀਲ ਪਾਉਣ `ਤੇ ਹਾਈ
ਕੋਰਟ ਨੇ ਵੀ ਇਸ ਸਜ਼ਾ ਦੀ ਪ੍ਰੋੜਤਾ ਕਰ ਦਿੱਤੀ। ਧਨਵੰਤ ਸਿੰਘ ਨੇ ਸੁਪਰੀਮ ਕੋਰਟ ਵਿੱਚ ਅਪੀਲ ਪਾਈ।
ਤੀਜਾ ਹਿੱਸਾ, ਸਾਢੇ ਤਿੰਨ ਸਾਲ ਜੇਲ੍ਹ ਵਿੱਚ ਕਟਣ ਤੋਂ ਬਾਅਦ ਸੁਪਰੀਮ ਕੋਰਟ ਨੇ ਧਨਵੰਤ ਸਿੰਘ ਨੂੰ
ਜਮਾਨਤ ਦੇ ਦਿੱਤੀ। ਇਸ ਵੇਲੇ ਧਨਵੰਤ ਸਿੰਘ ਜਮਾਨਤ `ਤੇ ਹੈ ਅਤੇ ਕੇਸ ਅਜੇ ਸੁਪਰੀਮ ਕੋਰਟ ਵਿੱਚ
ਬਾਕੀ ਹੈ।
(ਚਲਦਾ ….)
(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)
ਰਾਜਿੰਦਰ ਸਿੰਘ
(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)
email: [email protected]