.

ਗੁਰੂ ਗੋਬਿੰਦ ਸਿੰਘ ਸਬੰਧੀ ਗ਼ੈਰ-ਸਿੱਖ ਇਤਿਹਾਸਕਾਰਾਂ ਦੇ ਵਿਚਾਰ

ਪ੍ਰਸਿੱਧ ਇਤਿਹਾਸਕਾਰ ਸੱਯਦ ਮੁਹੰਮਦ ਲਤੀਫ ਨੇ ਆਪਣੀ ਪੁਸਤਕ ਹਿਸਟਰੀ ਆਫ ਪੰਜਾਬ (੧੯੮੯) ਵਿੱਚ ਲਿਖਿਆ ਹੈ:

ਸਾਰੇ ਇਤਿਹਾਸਕਾਰ ਗੁਰੂ ਗੋਬਿੰਦ ਸਿੰਘ ਦੇ ਮਹਾਨ ਗੁਣਾਂ ਦੀ ਸ਼ਲਾਘਾ ਕਰਦੇ ਹਨ। ਉਨ੍ਹਾਂ ਵਿੱਚ ਧਾਰਮਕ ਆਗੂ ਤੇ ਉੱਚ ਪਾਏ ਦੇ ਯੋਧੇ ਦੇ ਗੁਣਾਂ ਦਾ ਸੁਮੇਲ ਸੀ। ਉਹ ਉੱਚ ਕੋਟੀ ਦੇ ਧਰਮ ਉਪਦੇਸ਼ਕ ਤੇ ਮਹਾਂਬਲੀ ਸਨ; ਉਹ ਮਸਨਦ ਤੇ ਬੈਠੇ ਪਾਤਸ਼ਾਹ ਲਗਦੇ ਸਨ ਤੇ ਖਾਲਸ ੇਦੇ ਵਿਚਕਾਰ ਇੱਕ ਫਕੀਰ ਜਾਪਦੇ ਸਨ। ਗੁਰੂ ਜੀ ਸਮੇਂ ਦੀ ਲੋੜ ਨੂੰ ਭਲੀ ਭਾਂਤ ਸਮਝਦੇ ਸਨ। (ਪੰਨਾ ੨੭੦)

ਗੁਰੂ ਜੀ ਵਿੱਚ ਅਤਿ ਦੀ ਮੁਸੀਬਤਾਂ ਵੇਲੇ ਵੀ ਡੱਟੇ ਰਹਿਣ ਤੇ ਸਹਿਨ ਸ਼ਕਤੀ ਦੇ ਗੁਣ ਸਨ। ਉਹ ਸੰਕਟ ਕਾਲ ਵਿੱਚ ਵੀ ਸੂਰਮਤਾਈ ਨਾਲ ਪੇਸ਼ ਆਏ। ਭਾਵੇਂ ਉਹ ਆਪਣੀ ਪ੍ਰਾਪਤੀ ਨੁੰ ਅਖੀਂ ਨਹੀਂ ਵੇਖ ਸਕੇ, ਪਰ ਇਹ ਉਨ੍ਹਾਂ ਦੀ ਉੱਚ-ਪ੍ਰਾਪਤੀ ਹੀ ਸੀ ਜਿਸ ਨੇ ਖੇਤੀ ਕਰਨ ਵਾਲੇ, ਉਜੱਡ ਤੇ ਅਨੁਸ਼ਾਸਨ -ਹੀਨ ਜੱਟਾਂ ਨੂੰ ਰਾਜ ਕਰਨ ਦੀ ਸ਼ਕਤੀ ਬਖਸ਼ੀ। ਇਨ੍ਹਾਂ ਲੋਕਾਂ ਨੂੰ ਇੱਕ ਅਜਿੱਤ ਕੌਮ ਦਾ ਇਹਸਾਸ ਕਰਾ ਦੇਣਾ ਇਹ ਗੁਰੂ ਸਾਹਿਬ ਦੀ ਅਦੁੱਤੀ ਪ੍ਰਾਪਤੀ ਸੀ। (ਪੰਨਾ ੨੭੧)

ਮਸ਼ਹੂਰ ਇਤਿਹਾਸਕਾਰ, ਜੇ ਡੀ ਕਨਿੰਘਮ, ਆਪਣੀ ਪੁਸਤਕ, ਹਿਸਟਰੀ ਆਫ ਦੀ ਸਿੱਖਸ, ਵਿੱਚ ਲਿਖਦਾ ਹੈ:

"ਬੇਸ਼ੱਕ ਸਿੱਖਾਂ ਦੇ ਆਖਰੀ ਗੁਰੂ ਆਪਣੀ ਪ੍ਰਾਪਤੀਆਂ ਨੂੰ ਆਪਣੀ ਅਖੀਂ ਵੇਖ ਨਹੀਂ ਸਕੇ, ਪ੍ਰੰਤੂ ਉਨ੍ਹਾਂ ਆਪਣੇ ਕਾਰਨਾਮਿਆਂ ਰਾਹੀਂ ਹਾਰੇ ਹੋਏ ਲੋਕਾਂ ਦੀਆਂ ਸੁਤੀਆਂ ਸ਼ਕਤੀਆਂ ਨੂੰ ਜਗਾ ਦਿੱਤਾ। ਉਨ੍ਹਾਂ ਲਈ ਸਮਾਜਕ ਆਜ਼ਾਦੀ ਦੇ ਉੱਚੇ ਤੇ ਲਾਭਦਾਇਕ ਆਸ਼ੇ ਅਤੇ ਕੌਮੀ ਜਿੱਤ ਦੀ ਪ੍ਰਾਪਤੀ ਵਾਸਤੇ ਰਾਹ ਪਧਰਾ ਕਰ ਦਿੱਤਾ। ਗੁਰੂ ਨਾਨਕ ਦੇਵ ਜਿ ਨੇ ਵੀ ਇਹੋ ਰਾਹ ਦਿਖਾਇਆ ਸੀ"। (ਪੰਨਾ੭੫)

ਲੈਫ. ਕਰਨਲ ਮੈਲਕਾਲਮ ਆਪਣੀ ਪੁਸਤਕ ਸਕੈਚ ਆਫ ਦੀ ਸਿੱਖਸ (੧੮੧੨) ਵਿੱਚ ਲਿਖਦਾ ਹੈ:

"ਗੁਰੂ ਜੀ ਨੇ ਹਿੰਦੂਆਂ ਨੂੰ ਪੱਖਪਾਤ ਅਤੇ ਕਟੜਪੁਣੇ ਦੇ ਸੰਗਲ ਤੋੜਨ ਦੀ ਤਾਕੀਦ ਕੀਤੀ ਅਤੇ ਕਿਹਾ ਕਿ ਹਥਿਆਰਾਂ ਦੀ ਵਰਤੋਂ ਕਰਕੇ ਜ਼ਾਲਮ ਮੁਗ਼ਲ ਹਕੂਮਤ ਦੇ ਅਤਿਆਚਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਪ ਨੇ ਉਨ੍ਹਾਂ ਨੂੰ ਸਮਝਾਇਆ ਕਿ ਜ਼ੁਲਮ ਵਿਰੁਧ ਇਹ ਜੰਗ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਦੇ ਧਾਰਮਕ ਆਦੇਸ਼ ਮਨੁੱਖੀ ਬਰਾਦਰੀ ਦਾ ਸੰਦੇਸ਼ ਦਿੰਦੇ ਹਨ। ਇਸ ਕਰਕੇ ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦਰ ਦਾ ਭੇਦ ਭਾਵ ਖਤਮ ਹੋ ਗਿਆ"। (ਪੰਨਾ ੧੪੯-੧੫੦)

ਮਸ਼ਹੂਰ ਇਤਿਹਾਸਕਾਰ Duncan Greenless ਅਪਣੀ ਪੁਸਤਕ The Gospel of the Guru Granth Sahib (੧੯੭੫) ਵਿੱਚ ਲਿਖਦਾ ਹੈ:

"ਹਾਲਾਤ ਬਹੁਤ ਬਦਲ ਚੁਕੇ ਸਨ; ਹਿੰਦੁਸਤਾਨ ਵਿੱਚ ਇੱਕ ਹਠਧਰਮੀ ਤੇ ਨਿਰਦੱਈ ਬਾਦਸ਼ਾਹ, ਔਰੰਗਜ਼ੇਬ, ਦਾ ਰਾਜ ਸੀ। ਦੇਸ਼ ਦਾ ਕੋਈ ਵਿਧਾਨ ਨਹੀਂ ਸੀ ਜੋ ਹਿੰਦੂਆਂ ਨੂੰ ਉਸ ਦੇ ਜ਼ੁਲਮਾਂ ਤੋਂ ਬਚਾ ਸਕਦਾ। ਉਸ ਦੇ ਰਾਜ ਵਿੱਚ ਹਿੰਦੂਆਂ ਲਈ ਕੋਈ ਕਾਨੂਨੀ ਅਧਿਕਾਰ ਨਹੀਂ ਸੀ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਸਾੜਿਆ ਜਾ ਰਿਹਾ ਸੀ। ਉਨ੍ਹਾਂ ਲਈ ਡਰਪੋਕਾਂ ਵਾਂਗ ਈਨ ਮੰਨਣ ਜਾਂ ਬਹਾਦਰ ਪੁਰਸ਼ਾਂ ਵਾਂਗ ਮੁਕਾਬਲਾ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਮਜਬੂਰ ਹੋ ਕੇ ਗੁਰੂ ਜੀ ਨੇ ਈਰਖਾਲੂ ਪਹਾੜੀ ਰਾਜਿਆਂ ਦੇ ਲਗਾਤਾਰ ਹਮਲਿਆਂ ਦਾ ਮੁਕਾਬਲਾ ਕੀਤਾ। ਇਹ ਰਾਜੇ ਆਪਣੇ ਇਲਾਕੇ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਜਿਵੇਂ ਡਾਕਟਰ ਮਜਬੂਰ ਹੋਕੇ ਆਪਰੇਸ਼ਨ ਕਰਦਾ ਹੈ ਉਸੇ ਤਰ੍ਹਾਂ ਗੁਰੂ ਜੀ ਨੇ ਮਜਬੂਰ ਹ ੋਕੇ ਲੜਾਈ ਲਈ ਕਿਰਪਾਨ ਉਠਾਈ। ਉਸ ਸਮੇਂ ਬੁਰਾਈ ਦੇ ਟਾਕਰੇ ਦਾ ਕੇਵਲ ਇਹੋ ਇੱਕ ਰਾਹ ਸੀ"। (ਪੰਨਾ ਯਛਯਿ)

W. Owen Cole ਆਪਣੀ ਪੁਸਤਕ Sikhism and its Indian Context (੧੯੮੪) ਵਿੱਚ ਲਿਖਦਾ ਹੈ:

"ਗੁਰੂ ਜੀ ਦੇ ਜੀਵਨ ਵਿੱਚ ਧਰਮ ਜਾਂ ਆਜ਼ਾਦੀ ਲਈ ਸੰਘਰਸ਼ ਦੀ ਮਹਤੱਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਗੁਰੂ ਜੀ ਦੀ ਤੀਬਰ ਇੱਛਾ ਸੀ ਕਿ ਉਨ੍ਹਾਂ ਦੇ ਸਿੱਖ ਸ਼ਾਂਤੀ ਨਾਲ ਆਪਣੇ ਧਾਰਮਕ ਕਰਤਵ ਨਿਭਾਉਣ ਤੇ ਪ੍ਰਫੁਲਤ ਹੌਣ"। (ਪੰਨਾ ੨੬੬)

ਡਾ. ਗੋਕਲ ਚੰਦ ਨਾਰੰਗ ਨੇ ਆਪਣੀ ਪੁਸਤਕ ਸਿੱਖ ਮਤ ਦਾ ਪਰਿਵਰਤਨ (੧੯੯੦) ਵਿੱਚ ਲਿਖਿਆ ਹੈ:

"ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਵਿਗਸਣ ਵਾਲਾ ਬੀਜ ਗੁਰੂ ਨਾਨਕ ਨੇ ਬੀਜਿਆ ਸੀ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੇ ਸਿੰਜਿਆ ਸੀ। ਉਹ ਤੇਗ ਜਿਸ ਨੇ ਖਾਲਸੇ ਦੀ ਪ੍ਰਤਿਸ਼ਠਾ ਦਾ ਮਾਰਗ ਬਣਾਇਆ ਨਿਰਸੰਦੇਹ ਗੁਰੂ ਗੋਬਿੰਦ ਸਿੰਘ ਨੇ ਢਾਲੀ ਸੀ ਪਰੰਤੂ ਉਸ ਦਾ ਫੋਲਾਦ ਗੁਰੂ ਨਾਨਕ ਨੇ ਪ੍ਰਦਾਨ ਕੀਤਾ ਸੀ---" (ਪੰਨਾ ੧)

ਪੰਜਾਬ ਦੇ ਨਾਮੀ ਇਤਿਹਾਸਕਾਰ ਦੌਲਤ ਰਾਏ ਨੇ ਆਪਣੀ ਪੁਸਤਕ ` ਸਾਹਿਬੇ ਕਮਾਲ` ਵਿੱਚ ਲਿਖਿਆ ਹੈ:

"ਇਕੋ ਹੀ ਵਿਅਕਤੀ ਵਿੱਚ ਸਾਰੇ ਗੁਣ ਮਿਲਣੇ ਅਸੰਭਵ ਹਨ, ਪਰ ਗੁਰੂ ਜੀ ਹਰ ਪੱਖੋਂ ਕਾਮਿਲ ਸਨ। ਉੱਚ ਕੋਟੀ ਦੇ ਕਵੀ, ਧਾਰਮਿਕ ਆਗੂ, ਧਰਮ ਸੁਧਾਰਕ ਤੇ ਪਾਰਦਰਸ਼ਕ ਸਿਪਾਹ-ਸਾਲਾਰ, ਭਾਵ ਫੋਜੀ ਜਰਨੈਲ ਸਨ। ਕਵੀ ਵੀ ਐਸੇ ਕਿ ਕਵਿਤਾ ਵਿੱਚ ਵਿਸ਼ੇ -ਵਸਤੂ ਤੇ ਵਲਵਲੇ ਅਨੇਕ ਪਰਕਾਰ ਦੇ ਸਨ। ਬੜੀ ਸੂਝ ਤੇ ਤੀਖਣ ਬੁਧੀ ਵਾਲੇ ਰੀਫਾਰਮਰ ਸਨ, ਜੋ ਬੁਨਿਆਦੀ ਕਮਜ਼ੋਰੀ ਦੀ ਜੜ੍ਹ ਨੂੰ ਹੀ ਪਛਾਣਦੇ ਤੇ ਪਕੜਦੇ ਸਨ, ਅਤੇ ਉਸ ਨੂੰ ਜੜ੍ਹੋਂ ਹੀ ਉਖੜਦੇ ਸਨ। ਧਾਰਮਕ ਆਗੂ ਅਜਿਹੇ ਹਰ-ਮਨ ਪਿਅਰੇ ਕਿ ਉਨ੍ਹਾਂ ਦੇ ਅਨੇਕ ਸਿੱਖ ਸੇਵਕ ਉਨ੍ਹਾਂ ਤੋਂ ਪ੍ਰਾਣ ਨਿਛਾਵਰ ਕਰ ਗਏ। ਰਣ-ਖੇਤਰ ਦੇ ਅਦੁੱਤੀ ਤੇ ਨਿਡੱਰ ਫੋਜੀ ਕਮਾਂਡਰ। ਦੂਰ-ਦ੍ਰਿਸ਼ਟੀ ਵਾਲੇ ਸੂਝਵਾਨ। ਸੱਚੇ ਤੇ ਸੁੱਚੇ ਦੇਸ਼ ਭਗਤ, ਕੌਮ ਤੋਂ ਆਪਾ ਵਾਰਣ ਵਾਲੇ, ਸਭ ਕੁੱਝ ਘੋਲ ਘੁਮਾਣ ਵਾਲੇ ਸੱਚੇ ਆਸ਼ਕ, ਅਣਥੱਕ ਕੌਮੀ ਉਸਰਈਏ, ਸ਼ਹੀਦਾਂ ਵਿੱਚ ਸ਼ਹੀਦ"। (ਪੰਨਾ ੨੨੫)

"ਗੁਰੂ ਜੀ ਨੇ ਹਿੰਦੂਆਂ ਦੀ ਮੁਰਦਾ ਕੌਮ ਵਿੱਚ ਜੀਵਨ ਜੋਤ ਜਗਾਈ, ਜਿਸ ਨੇ ਐਸੇ ਕ੍ਰਿਸ਼ਮੇ ਕਰ ਵਿਖਾਏ, ਜੋ ਬਿਆਨ ਤੋਂ ਬਾਹਰ ਹਨ। ਮੁਰਦਾ ਹੋ ਚੁਕੀ ਹਿੰਦੂ ਜਾਤੀ ਦੀਆਂ ਰਗਾਂ- ਰੇਸ਼ਿਆਂ ਵਿੱਚ ਸਦੀਆਂ ਦਾ ਜੰਮਿਆ ਖੂਨ ਪਿਘਲ ਪਿਆ ਅਤੇ ਬਹਾਦਰੀ ਤੇ ਵੀਰਤਾ ਉਨ੍ਹਾਂ ਅੰਦਰੋਂ ਆਪ-ਮੁਹਾਰੇ ਜਵਾਲਾ ਰੂਪ ਹੋ ਕੇ ਲਾਵੇ ਵਾਂਗ ਫੁਟ ਨਿਕਲੀ"। (ਪੰਨਾ ੨੬੨)

ਹਰੀ ਰਾਮ ਗੁਪਤਾ ਆਪਣੀ ਪੁਸਤਕ ਹਿਸਟਰੀ ਆਫ ਦੀ ਸਿੱਖਸ ਭਾਗ ਪਹਿਲਾ (੧੯੮੪) ਵਿੱਚ ਲਿਖਦਾ ਹੈ:

"ਗੁਰੂ ਗੋਬਿੰਦ ਸਿੰਗ ਜੀ ਨੇ ਖਾਲਸੇ ਨੂੰ ਬਰਾਬਰੀ ਤੇ ਨਿਘੇ ਭਾਈਚਾਰੇ ਦਾ ਵਰਦਾਨ ਦਿੱਤਾ। ਉਨ੍ਹਾਂ ਵਿੱਚ ਜਨਮ, ਜ਼ਾਤ, ਸ਼੍ਰੈਣੀ ਜਾਂ ਰੰਗ ਦਾ ਕੋਈ ਭੇਦ ਭਾਵ ਨਹੀਂ ਸੀ। ਸਮਾਜ ਵਿੱਚ ਸਾਰਿਆਂ ਦਾ ਇੱਕੋ ਜਿਹਾ ਆਦਰ ਸਤਿਕਾਰ ਸੀ ਅਤੇ ਹਰ ਇੱਕ ਦੇ ਬਰਾਬਰ ਦੇ ਹੱਕ ਤੇ ਅਧਿਕਾਰ ਸਨ। ਆਪ ਨੇ ਫਰਾਂਸੀਸੀ ਇਨਕਲਾਬ ਤੋਂ ੯੦ ਸਾਲ ਪਹਿਲੇ ਉਸ ਦੇ ਮੁਢਲੇ ਸਿਧਾਤਾਂ- ਬਰਾਬਰੀ, ਆਜ਼ਾਦੀ ਤੇ ਭਾਈਚਾਰਾ- ਨੂੰ ਸਪਸ਼ਟ ਰੂਪ ਵਿੱਚ ਅਮਲ ਵਿੱਚ ਲੈ ਆਂਦਾ"। (ਪੰਨਾ੨੮੨)

"ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਮਹਾਨ ਕਾਰਨਾਮੇ ਇਸ ਪ੍ਰਕਾਰ ਹਨ: ੧. ਖਾਲਸੇ ਦੀ ਸਾਜਨਾ. ੨, ਖਾਲਸੇ ਨੂੰ ਰਾਜਸੀ ਸ਼ਕਤੀ ਦਾ ਵਰਦਾਨ. ੩. ਖਾਲਸਾ ਰਾਜ ਦੀ ਸਥਾਪਤੀ ਲਈ ਬੰਦਾ ਬਹਾਦਰ ਦੀ ਚੋਣ. ੪. ਪਵਿਤਰ ਗ੍ਰੰਥ ਨੂੰ ਸਦੀਵੀ ਗੁਰੂ ਦੀ ਪਦਵੀ ਦੇਣਾ"। (ਪੰਨਾ ੩੩੭)

ਬੰਗਾਲ ਦੇ ਮਸ਼ਹੂਰ ਇਤਿਹਾਸਕਾਰ ਅਨਿਲ ਚੰਦਰ ਬੈਨਰਜੀ ਆਪਣੀ ਪੁਸਤਕ ਗੁਰੂ ਨਾਨਕ ਐਂਡ ਹਿਜ਼ ਟਾਈਮਜ਼ (੧੯੮੪) ਵਿੱਚ ਲਿਖਦੇ ਹਨ:

"ਲੜਾਈ ਦੇ ਮੈਦਾਨ ਵਿੱਚ ਗੁਰੂ ਜੀ ਦੇ ਪ੍ਰਦਰਸ਼ਨ ਦਾ ਅੰਦਾਜ਼ਾ ਉਨ੍ਹਾਂ ਦੀ ਦੁਸ਼ਮਣ ਨੂੰ ਨੀਵਾਂ ਦਿਖਾਣ ਵਿੱਚ ਜ਼ਾਹਰੀ ਅਸਫਲਤਾ ਨੂੰ ਮੁੱਖ ਰਖ ਕੇ ਨਹੀਂ ਲਾਉਣਾ ਚਾਹੀਦਾ। ਉਨ੍ਹਾਂ ਨੇ ਆਜ਼ਾਦੀ ਦੀ ਜੰਗ ਲਈ ਤੇ ਆਪਣੇ ਅਕਾਲ ਚਲਾਣੇ ਤੋਂ ਬਾਅਦ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਲਈ ਰਾਹ ਪਧਰਾ ਕਰ ਦਿੱਤਾ ਸੀ"। ਪੰਨਾ (੩੪੧)

ਗੁਰੂ ਗੋਬਿੰਦ ਸਿੰਘ ਦਾ ਧਰਮ ਵਿੱਚ ਪ੍ਰਵੇਸ਼ ਕਰਾਨ ਦਾ ਨਵਾਂ ਢੰਗ, ਮਸੰਦ ਪਰਨਾਲੀ ਦਾ ਖਾਤਮਾ, ਵਿਅਕਤੀਗਤ ਗੁਰੂਪੁਣੇ ਦਾ ਅੰਤ ਅਤੇ ਪੰਥ ਦੀ ਸ਼ਕਤੀ ਨੂੰ ਸਵੀਕਾਰਨਾ ਇਹ ਇਨਕਲਾਬੀ ਉਪਾਅ ਸਨ ਭਾਵੇਂ ਇਨ੍ਹਾਂ

ਦੀ ਬੁਨਿਆਦ ਭੂਤ ਕਾਲ ਵਿੱਚ ਹੈ"। ਪੰਨਾ (੩੪੮)

(ਸੰਪਾਦਕ ਤੇ ਉਲਥਾਕਾਰ ਰੀਟਾਇਰਡ ਪ੍ਰਿੰਸੀਪਲ ਸਾਵਣ ਸਿੰਘ ਫੋਨ ਨੰਬਰ ੭੧੪ ੩੯੭ ੬੩੧੬) [email protected]




.