.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਜੇ ਮਿਸ਼ਨਰੀ ਲਹਿਰ ਪਾਸੇ ਹੋ ਜਾਏ ਤਾਂ ਪਿੱਛੇ ਕੀ ਬਚੇਗਾ?

ਜਦੋਂ ਗੁਰਦੁਆਰਾ ਨਨਕਾਣਾ ਸਾਹਿਬ ਮਹੰਤਾਂ ਦੇ ਕਬਜ਼ੇ ਵਿਚੋਂ ਅਜ਼ਾਦ ਕਰਾਇਆ ਸੀ ਤਾਂ ਲਗ ਪਗ ਇੱਕ ਸੌ ਪੰਜਾਹ ਦੇ ਕਰੀਬ ਸਿੰਘਾਂ ਨੂੰ ਸ਼ਹੀਦੀ ਦੇਣੀ ਪਈ ਸੀ। ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਪਹਿਲਾ ਮਿਸ਼ਨਰੀ ਕਾਲਜ ੧੯੨੭ ਨੂੰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਹੋਂਦ ਵਿੱਚ ਆਇਆ ਸੀ। ਇਹ ਉਹ ਸਮਾਂ ਸੀ ਜਦੋਂ ਸਿੱਖ ਕੌਮ ਦੀਆਂ ਸਮਾਜਕ ਤੇ ਧਾਰਮਕ ਰਹੁਰੀਤੀਆਂ ਜ਼ਿਆਦਾਤਰ ਬ੍ਰਾਹਮਣੀ ਕਰਮ ਕਾਂਡ ਹੇਠ ਨਿਭਾਈਆਂ ਜਾਂਦੀਆਂ ਸਨ। ਉਂਜ ੧੮੭੩ ਈਸਵੀ ਨੂੰ ਸਿੰਘ ਸਭਾ ਲਹਿਰ ਦੇ ਹੋਂਦ ਵਿੱਚ ਆਉਣ ਨਾਲ ਸਿੱਖੀ ਵਿੱਚ ਨਵੀਂ ਜਾਗਰਤੀ ਲਹਿਰ ਪੈਦਾ ਹੋ ਗਈ ਸੀ। ਚੀਫ਼ ਖਾਲਸਾ ਦੀਵਾਨ ਦੀ ਹੋਂਦ ਨਾਲ ਸਿੱਖ ਕੌਮ ਵਿੱਚ ਵਿਦਿਅਕ ਪ੍ਰਣਾਲ਼ੀ ਨੇ ਨਵੇਂ ਸਿਰੇ ਤੋਂ ਅੰਗੜਾਈ ਲਈ ਸੀ। ੧੯੨੦ ਵਿੱਚ ਗੁਰਦੁਆਰਾ ਸੁਧਾਰ ਲਹਿਰ ਦਾ ਜਨਮ ਹੋਇਆ। ੧੯੨੫ ਈਸਵੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਸਰਕਾਰੀ ਤੌਰ `ਤੇ ਮਾਨਤਾ ਮਿਲ ਗਈ ਸੀ। ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਹਿਸੂਸ ਕੀਤਾ ਕਿ ਸਿੱਖ ਕੌਮ ਕੋਲ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਗ੍ਰੰਥ ਹੋਣ ਦੇ ਬਾਵਜੂਦ ਵੀ ਸਾਡੀਆਂ ਸਮਾਜਕ ਅਤੇ ਧਾਰਮਕ ਰਸਮਾਂ ਬ੍ਰਾਹਮਣੀ ਕਰਮ ਕਾਂਡ ਹੇਠ ਨਿਭਾਈਆਂ ਜਾ ਰਹੀਆਂ ਹਨ। ਜੇ ਇਹ ਸਾਰੀਆਂ ਬ੍ਰਾਹਮਣੀ ਕਰਮ ਕਾਂਡ ਅਨੁਸਾਰ ਹੀ ਚਲਣੀਆਂ ਹਨ ਤਾਂ ਫਿਰ ਅਸੀਂ ਨਿਆਰੇ ਖਾਲਸਾ ਕਿਵੇਂ ਹੋਏ। ਅਜੇਹੀ ਸੋਚ ਵਿਚੋਂ ਇਸ ਸੋਚ ਨੇ ਜਨਮ ਲਿਆ ਕਿ ਸਾਨੂੰ ਧਾਰਮਕ ਤੇ ਸਮਾਜਕ ਰਹੁ-ਰੀਤੀਆਂ ਨਿਬਾਹੁੰਣ ਲਈ ਵੱਖਰੀ ਨਿਯਮਾਵਲੀ ਤਿਆਰ ਕਰਨੀ ਚਾਹੀਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਹੁ-ਰੀਤੀਆਂ ਨਿਬਾਹੁੰਣ ਲਈ ਇੱਕ ਵੱਖਰੀ ਸਬ ਕਮੇਟੀ ਬਣਾਈ, ਜਿਸ ਨੇ ਨਿੱਜੀ, ਧਾਰਮ ਦੀ ਮਰਯਾਦਾ ਤੇ ਸਮਾਜ ਨੂੰ ਇੱਕ ਬੰਧਾਨ ਵਿੱਚ ਬੰਨਣ ਲਈ ਨਿਯਮਾਵਲੀ ਤਿਆਰ ਕਰਾਈ। ਇਸ ਰਹੁਰੀਤ ਨੂੰ ਲਗ-ਪਗ ਸਾਰੇ ਸਿੱਖ ਜਗਤ ਨੇ ਪ੍ਰਵਾਨ ਕੀਤਾ। ਹਾਂ ਜਦੋਂ ਇਹ ਨਿਯਮਾਵਲੀ ਬਣਾਈ ਗਈ ਸੀ ਤਾਂ ਓਦੋਂ ਸਿੱਖ ਸਿਧਾਂਤ ਨੂੰ ਸਮਝਣ ਵਾਲੇ ਕੁੱਝ ਵਿਦਵਾਨਾਂ ਨੇ ਸਿਧਾਂਤਕ ਇਤਰਾਜ਼ ਉਠਾਏ ਸਨ। ਉਹ ਇਤਰਾਜ਼ ਅੱਜ ਵੀ ਵਿਚਾਰ ਮੰਗਦੇ ਹਨ। ਰਹਿਤ ਮਰਯਾਦਾ ਕੋਈ ਗੁਰਬਾਣੀ ਨਹੀਂ ਹੈ ਕਿ ਇਸ ਵਿੱਚ ਕੋਈ ਬਦਲਾਅ ਨਹੀਂ ਹੋ ਸਕਦਾ। ਇਹ ਸਿੱਖ ਵਿਦਵਾਨਾਂ ਵਲੋਂ ਤਿਆਰ ਕੀਤਾ ਹੋਇਆ ਉਹ ਦਸਤਾਵੇਜ਼ ਹੈ ਜਿਹੜਾ ਸਾਰੇ ਸਿੱਖ ਸਮਾਜ ਨੂੰ ਇੱਕ ਬੰਧਾਨ ਵਿੱਚ ਬੰਨ੍ਹਦਾ ਹੈ। ਇਸ ਨਿਯਮਾਵਲੀ ਵਿੱਚ ਵਿਧੀ-ਵਿਧਾਨ ਦੁਆਰਾ ਸਿਧਾਂਤਕ ਸੋਧ ਕੀਤੀ ਜਾ ਸਕਦੀ ਹੈ। ਜਦੋਂ ਇਹ ਨਿਯਮਾਵਲੀ ਤਿਆਰ ਕੀਤੀ ਜਾ ਰਹੀ ਸੀ ਤਾਂ ਓਦੋਂ ਵਿਦਵਾਨਾਂ ਵਲੋਂ ਕੁੱਝ ਮਦਾਂ `ਤੇ ਇਤਰਾਜ਼ ਵੀ ਉਠਾਏ ਸਨ ਪਰ ਨਾਲ ਇਹ ਵੀ ਖ਼ਿਆਲ ਕੀਤਾ ਜਾਂਦਾ ਹੈ ਕਿ ਚਲੋ ਜਿੰਨੀ ਕੁ ਸਹਿਮਤੀ ਹੁੰਦੀ ਹੈ ਓਨੀ ਤਾਂ ਕਰ ਲਓ ਬਾਕੀ ਫਿਰ ਦੇਖਿਆ ਜਾਏਗਾ।
ਮੁੱਕਦੀ ਗੱਲ ਕੇ ੧੯੨੦ ਤੱਕ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਓਦੋਂ ਕੇਵਲ ਸੇਵਕ ਜੱਥੇ ਤੋਂ ਅਕਾਲੀ ਦਲ ਹੀ ਹੋਂਦ ਵਿੱਚ ਆਇਆ ਸੀ ਤਾਂ ਕੋਈ ਹੋਰ ਡੇਰਾ ਟਕਸਾਲ ਜਾਂ ਕੋਈ ਹੋਰ ਪੰਥ ਨਾਲ ਸਬੰਧ ਰੱਖਣ ਵਾਲੀ ਜੱਥੇਬੰਦੀ ਨਹੀਂ ਸੀ। ਏੱਥੋਂ ਤਕ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਨੂੰ ਸਮਾਜਕ ਧਾਰਮਕ ਨਿਯਮਾਵਲੀ ਦਿੱਤੀ ਸੀ ਤਾਂ ਓਦੋਂ ਕਿਸੇ ਸਾਧ ਸੰਤ ਦੀ ਕੋਈ ਹੋਂਦ ਹੀ ਨਹੀਂ ਸੀ। ਜੇ ਕੋਈ ਮਾੜਾ ਮੋਟਾ ਸਾਧ ਹੋਏਗਾ ਵੀ ਤਾਂ ਉਹ ਬਹੁਤਾ ਖਤਰਨਾਕ ਨਹੀਂ ਸੀ। ਉਂਜ ਸਿੱਖਾਂ ਦੀ ਇਹ ਕੰਮਜ਼ੋਰੀ ਰਹੀ ਹੈ ਕਿ ਇਹ ਝੱਟ ਠੱਗੇ ਜਾਂਦੇ ਹਨ। ਥੋੜੀ ਜੇਹੀ ਵੀ ਕੋਈ ਗੁਰਬਾਣੀ ਦੀ ਗੱਲ ਜਾਂ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਸੁਣਾ ਦੇਵੇ ਪਰ ਬਾਕੀ ਭਾਂਵੇਂ ਸਾਰੀ ਮਨਮਤ ਹੀ ਸੁਣਾਈ ਜਾਏ ਅਸੀਂ ਫੱਟ ਯਕੀਨ ਕਰ ਲੈਂਦੇ ਹਾਂ। ਫਿਰ ਅਸੀਂ ਆਪਣੀ ਰਾਏ ਕਾਇਮ ਕਰ ਲੈਂਦੇ ਹਾਂ ਕਿ ਦੇਖੋ ਜੀ ਇਹ ਤੇ ਗੁਰਬਾਣੀ ਦੀ ਹੀ ਗੱਲ ਕਰ ਰਿਹਾ ਹੈ। ਅਸਲ ਪਤਾ ਓਦੋਂ ਲਗਦਾ ਹੈ ਜਦੋਂ ਉਹ ਸਿੱਖ ਸਿਧਾਂਤ ਨਾਲ ਖਿਲਵਾੜ ਕਰਕੇ ਤੁਰਦਾ ਬਣਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਟੀਕਾ ਫਰੀਦਕੋਟੀਆਂ ਦਾ ਚਲਦਾ ਰਿਹਾ ਹੈ। ਫਿਰ ਕੁੱਝ ਹੋਰ ਟੀਕੇ ਵੀ ਹੋਂਦ ਵਿੱਚ ਆਏ ਸਨ। ਇਹਨਾਂ ਸਾਰਿਆਂ ਟੀਕਿਆਂ ਵਿੱਚ ਗੁਰਬਾਣੀ ਅਰਥਾਂ ਨੂੰ ਸਨਾਤਨੀ ਮਤ ਦੁਆਰਾ ਪੇਸ਼ ਕੀਤਾ ਗਿਆ ਹੈ। ਦੂਸਰਾ ਕਿਸੇ ਸ਼ਬਦ ਦੇ ਅਰਥ ਬੋਧ ਦਾ ਪਤਾ ਨਾ ਲੱਗਿਆ ਤਾਂ ਉਸ ਸ਼ਬਦ ਜਾਂ ਸਲੋਕ `ਤੇ ਕਹਾਣੀਆਂ ਘੜ ਲਈਆਂ ਗਈਆਂ। ਜਦੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਹੋਂਦ ਵਿੱਚ ਆਇਆ ਤਾਂ ਇਸ ਦੇ ਪ੍ਰਿੰਸੀਪਲ ਗੰਗਾ ਸਿੰਘ ਸਨ ਜਿੰਨ੍ਹਾਂ ਨੇ ਸਿੱਖ ਫਿਲਾਸਫੀ `ਤੇ ਪੁਸਤਕਾਂ ਲਿਖ ਕੇ ਸਿੱਖੀ ਨੂੰ ਬ੍ਰਹਾਮਣੀ ਜੂਲ਼ੇ ਥੱਲਿਓਂ ਕੱਢਣ ਦੇ ਨਿਗਰ ਉਪਰਾਲੇ ਕੀਤੇ। ਭਾਈ ਕਰਮ ਸਿੰਘ ਹਿਟੋਰੀਅਨ ਵਰਗਿਆਂ ਨੇ ਵਿਚੇ ਪੜ੍ਹਾਈ ਛੱਡ ਕੇ ਗੁਰ-ਇਤਿਹਾਸ ਅਤੇ ਸਿੱਖ ਇਤਿਹਾਸ ਨੂੰ ਵਿਗਿਆਨਕ ਲੀਹਾਂ `ਤੇ ਲਿਖਣ ਦਾ ਬੀੜਾ ਚੁੱਕਿਆ। ਇਹ ਕਦਮ ਬਹੁਤ ਜ਼ੋਖ਼ਮ ਭਰਿਆ ਸੀ। ਭਾਈ ਕਾਹਨ ਸਿੰਘ ਜੀ ਨਾਭਾ, ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਵਿਦਵਾਨਾਂ ਨੇ ਨੰਗੇ ਧੜ੍ਹ ਸਿੱਖ ਸਿਧਾਂਤ ਲਈ ਸ਼ੰਘਰਸ਼ ਸ਼ੁਰੂ ਕੀਤਾ। ਭਾਈ ਸਰਦੂਲ ਸਿੰਘ ਕਵੀਸ਼ਰ, ਮਾਸਟਰ ਤਾਰਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ, ਬਾਵਾ ਬੁੱਧ ਸਿੰਘ, ਗਿਆਨੀ ਪ੍ਰਤਾਪ ਸਿੰਘ ਅਤੇ ਬਹੁਤ ਸਾਰੇ ਸੁਹਿਰਦ ਵਿਦਾਵਾਨਾਂ ਨੇ ਸਿੱਖ ਸਿਧਾਂਤ ਨੂੰ ਨਿਖਾਰ ਕੇ ਪੇਸ਼ ਕੀਤਾ।
ਭਾਈ ਸੋਹਣ ਸਿੰਘ ਸੀਤਲ ਵਰਗੇ ਵਿਦਵਾਨ ਢਾਡੀਆਂ ਨੇ ਆਮ ਪਿੰਡਾਂ ਵਿੱਚ ਇਤਿਹਾਸ ਪ੍ਰਤੀ ਇੱਕ ਨਵੀਂ ਰੂਹ ਫੂਕੀ। ਸਭ ਤੋਂ ਵੱਧ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਕਾਲੀ ਕਾਨਫ੍ਰੰਸਾਂ ਕਰਕੇ ਕਰਕੇ ਸਿੱਖ ਸਿਧਾਂਤ ਲਈ ਬਹੁਤ ਉਪਰਾਲੇ ਕੀਤੇ। ਇਹ `ਤੇ ਸਾਡੇ ਵੇਖਣ ਦੀਆਂ ਗੱਲਾਂ ਹਨ ਕਿ ਜਿਹੜੇ ਅਕਾਲੀ ਦਲ ਵਾਲੇ ਰਾਜਨੀਤਕਿ ਲੋਕ ਸਨ ਉਹ ਵੀ ਸਿੱਖ ਰਹਿਤ ਮਰਯਾਦਾ ਅਤੇ ਸਿੱਖ ਫਲਸਫੇ ਦੀ ਗੱਲ ਕਰਦੇ ਸਨ। ਹੋਰ ਤਾਂ ਹੋਰ ਮਾਸਟਰ ਤਾਰਾ ਸਿੰਘ ਵਰਗੇ ਪੰਥਕ ਨੇਤਾਜਨਾਂ ਦਾ ਕੱਦ ਏਡਾ ਵੱਡਾ ਸੀ ਇਹ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਆਪ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੁੰਦੇ ਸਨ। ਸ਼੍ਰੋਮਣੀ ਅਕਾਲੀ ਦਲ ਸਾਰੇ ਸੇਵਾਦਾਰਾਂ ਦੇ ਧਾਰਮਕ ਕੈੰਪ ਲਗਦੇ ਰਹੇ ਹਨ। ਦੁਖਾਂਤ ਹੈ ਇਹ ਪ੍ਰਥਾ ਮੌਜੂਦਾ ਅਕਾਲੀ ਦਲ ਵਿਚੋਂ ਖਤਮ ਹੋ ਗਈ ਹੈ ਤੇ ਹੁਣ ਸਿਰਫ ਚਾਪਲੂਸਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸੁੱਚਾ ਸਿੰਘ ਲੰਗਾਹ ਵਰਗਿਆ ਦੀਆਂ ਕਾਲ਼ੀਆਂ ਕਰਤੂਤਾਂ ਕਰਕੇ ਅਕਾਲੀ ਦਲ ਨੂੰ ਨਮੋਸ਼ੀ ਸਹਿਣੀ ਪੈ ਰਹੀ ਹੈ।
ਸਮਾਂ ਆਪਣੀ ਚਾਲ ਨਾਲ ਚੱਲਦਾ ਗਿਆ ਤੇ ਸਿੱਖੀ ਭੇਸ ਵਿੱਚ ਡੇਰੇ ਸਥਾਪਤ ਹੋਣੇ ਸ਼ੁਰੂ ਹੋ ਗਏ ਸਨ। ਦੂਰਅੰਦੇਸ਼ ਸਿੱਖ ਵਿਦਵਾਨਾਂ ਦੀ ਰਾਏ ਸਹੀ ਸਾਬਤ ਹੋਣੀ ਸ਼ੂਰੂ ਹੋਈ ਕਿ ਇਨ੍ਹਾਂ ਡੇਰਿਆਂ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ। ਇਨ੍ਹਾਂ ਡੇਰੇ ਵਾਲਿਆਂ ਦੀ ਸਰਕਾਰੇ ਦਰਬਾਰੇ ਬਹੁਤ ਚਲਦੀ ਹੈ। ਸਿੱਖ ਸਿਧਾਂਤ ਸਮਝਣ ਵਾਲਿਆਂ ਨੇ ਕਦੇ ਵੀ ਕਿਸੇ ਡੇਰੇ ਨੂੰ ਮਾਨਤਾ ਨਹੀਂ ਦਿੱਤੀ ਸੀ। ਆਮ ਕਰਕੇ ਡੇਰੇ ਵਾਲ਼ਿਆਂ ਦੇ ਸ਼ਰਧਾਲੂਆਂ ਦੀ ਇਕੋ ਗੱਲ ਹੁੰਦੀ ਸੀ ਕਿ ਆਹ ਸ਼੍ਰੋਮਣੀ ਕਮੇਟੀ ਵਾਲੇ ਡੇਰਿਆਂ ਨੂੰ ਨਹੀਂ ਮੰਨਦੇ, ਸਾਡੇ ਬਾਬਿਆਂ ਦੀ ਨਿੰਦਿਆ ਬਹੁਤ ਕਰਦੇ ਹਨ। ਆ ਮਿਸ਼ਨੀਰੀ ਨਵੇਂ ਹੀ ਪੈਦਾ ਹੋ ਗਏ ਹਨ ਜਿਹੜੇ ਹਰ ਗੱਲ `ਤੇ ਤਰਕ ਕਰਦੇ ਹਨ। ਸਾਡੇ ਬਾਬਾ ਜੀ ਤਾਂ ਬੰਦਗੀ ਬਹੁਤ ਕਰਦੇ ਹਨ। ਹੌਲ਼ੀ ਹੌਲ਼ੀ ਇਹ ਡੇਰੇ ਸਥਾਪਤ ਹੀ ਨਹੀਂ ਹੋਏ ਸਗੋਂ ਇਹਨਾਂ ਨੇ ਆਪਣੀ ਆਪਣੀ ਰਹਿਤ ਮਰਯਾਦਾ ਬਣਾਉਂਦਿਆਂ ਹੋਇਆ ਸਿੱਖ ਸੰਗਤ `ਤੇ ਆਪਣੀ ਪਕੜ ਵੀ ਮਜ਼ਬੂਤ ਬਣਾ ਲਈ। ਇਹਨਾਂ ਡੇਰਿਆਂ ਨੇ ਸਭ ਤੋਂ ਪਹਿਲਾਂ ਇਹ ਕੰਮ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਹੜੀ ਆਪਣੇ ਸਮਾਜ ਵਿੱਚ ਇਕਸਰਤਾ ਲਿਆਉਣ ਰਹਿਤ ਮਰਯਾਦਾ ਭਾਵ ਸਿੱਖ ਨਿਯਮਾਵਲੀ ਬਣਾਈ ਗਈ ਸੀ ਉਸ ਦਾ ਖੰਡਣ ਕਰਨਾ ਸ਼ੁਰੂ ਕਰ ਦਿੱਤਾ। ਰਹਿਤ ਮਰਯਦਾ ਵਿੱਚ ਬੜੇ ਸਪਸ਼ਟ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ ਮੰਗਲਾ ਚਰਣ ਕਿੱਥੋਂ ਤੱਕ ਮੰਨਿਆ ਗਿਆ ਹੈ, ਕੁੱਠਾ ਨਹੀਂ ਖਾਣਾ, ਰਾਗ ਮਾਲਾ ਕੋਈ ਪੜ੍ਹੇ ਜਾਂ ਨਾ ਪੜ੍ਹੇ ਇਸ `ਤੇ ਵਿਵਾਦ ਨਹੀਂ ਕਰਨਾ ਤੇ ਨਾ ਹੀ ਰਾਗ ਮਾਲ਼ਾ ਤੋਂ ਬਿਨਾ ਕੋਈ ਗੁਰੂ ਗ੍ਰੰਥ ਸਾਹਿਬ ਛਾਪਣ ਦਾ ਹੀਆ ਕਰੇ। ਰਹਿਤ ਮਰਯਾਦਾ ਵਿੱਚ ਤਰਤੀਬ ਵਿੱਚ ਨਿੱਤ ਨੇਮ ਦੀਆਂ ਤੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਲਿਖੀਆਂ ਹੋਈਆਂ ਹਨ ਪਰ ਡੇਰੇ ਵਾਲੇ ਕਹਿੰਦੇ ਹਨ ਕਿ ਜੀ ਸ਼੍ਰੋਮਣੀ ਕਮੇਟੀ ਨੇ ਨਿੱਤ ਨੇਮ ਦੀ ਬਾਣੀ ਘਟਾ ਦਿੱਤੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਅਜੇਹੀਆਂ ਢੁੱਚਰਾਂ ਹਨ ਜਿਹੜੀਆਂ ਦਲੀਲ ਤੋਂ ਪੂਰੀ ਤਰ੍ਹਾਂ ਖਾਲੀ ਹਨ।
ਹੁਣ ਵਿਚਾਰ ਕਰਦੇ ਹਾਂ ਡੇਰਿਆਂ ਵਾਲੀ ਮਰਯਾਦਾ ਦੀ ਜਿਹੜੀ ਉਹਨਾਂ ਦਿਆਂ ਡੇਰਿਆਂ ਵਿੱਚ ਨਿਭਾਈ ਜਾ ਰਹੀ ਹੈ। ਹਜ਼ੂਰ ਸਾਹਿਬ ਸ਼ਰੇਆਮ ਬੱਕਰੇ ਝਟਕਾਏ ਜਾਂਦੇ ਹਨ ਪਰ ਇਹਨਾਂ ਡੇਰਿਆਂ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤ ਦਰਸ਼ਨ ਦੀਦਾਰੇ ਕਰਨ ਜਾ ਰਹੀਆਂ ਹਨ। ਸ਼ਸ਼ਤਰਾਂ ਨੂੰ ਤਿਲਕ ਲਗਾਇਆ ਜਾਂਦਾ ਹੈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਨਾ ਹੀ ਕੋਈ ਇਤਰਾਜ਼ ਜਿਤਾਉਂਦਾ ਹੈ। ਦੀਵੇ ਬਾਲ਼ ਕੇ ਆਰਤੀ ਕੀਤੀ ਜਾਂਦੀ ਹੈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ। ਹੋਰ ਹਨੇਰ ਸਾਂਈ ਦਾ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤ੍ਰ ਨਾਟਕ ਗ੍ਰੰਥ ਦਾ ਵੀ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਬਕਾਇਦਾ ਉਸ ਦੇ ਅਖੰਡਪਾਠ ਦੀ ਭੇਟਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡਪਾਠ ਦੀ ਭੇਟਾ ਨਾਲੋਂ ਕਿਤੇ ਜ਼ਿਆਦਾ ਹੈ। ਏਹੀ ਸੋਚਣ ਵਾਲਾ ਮੁੱਦਾ ਹੈ ਕਿ ਸਾਡਿਆਂ ਇਤਿਹਾਸਕ ਅਸਥਾਨਾਂ `ਤੇ ਹੁੰਦੀ ਮਨਮਤ ਬਾਰੇ ਦੂਜੇ ਡੇਰਿਆਂ ਨੇ ਕੀ ਬੋਲਣਾ ਸੀ ਸਿੱਖ ਬੁੱਧੀਜੀਵੀਏ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੋਲਣ ਲਈ ਤਿਆਰ ਨਹੀਂ ਹੈ।
ਹੁਣ ਲਈਏ ਪੰਥਕ ਰਹਿਤ ਮਰਯਾਦਾ ਦੀ ਗੱਲ ਉਸ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਦੀਵੇ ਮਚਾ ਕੇ ਆਰਤੀ ਕਰਨੀ ਮਨ੍ਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੁੱਲ ਕਿਸੇ ਹੋਰ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਪ੍ਰਕਾਸ਼ ਨਹੀਂ ਹੋ ਸਕਦਾ। ਕਕਾਰਾਂ ਬਾਰੇ ਪੂਰਾ ਵੇਰਵਾ ਲਿਖਿਆ ਹੋਇਆ ਮਿਲਦਾ ਹੈ।
ਹਰੇਕ ਡੇਰੇ ਤੇ ਜੱਥੇਬੰਦੀ ਦੀ ਆਪਣੀ ਆਪਣੀ ਮਰਯਾਦਾ ਹੈ। ਪੰਥ ਜਿੱਥੇ ਜਾਂਦਾ ਹੈ ਜਾਏ ਅਸਾਂ `ਤੇ ਆਪਣੇ ਡੇਰੇ ਨੂੰ ਮੰਨਣਾ ਹੈ। ਇੱਕ ਜੱਥੇਬੰਦੀ ਕੇਸਕੀ ਨੂੰ ਕਕਾਰ ਮੰਨਦੀ ਹੈ ਤੇ ਗੁਰਬਾਣੀ ਕੀਰਤਨ ਵਿੱਚ ਵਾਹਗੁਰੂ ਸ਼ਬਦ ਲਗਾ ਰਹੀ ਹੈ ਤੇ ਕਥਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ ਸਿਰਫ ਨਾਮ ਸਿਮਰਣ `ਤੇ ਹੀ ਜ਼ੋਰ ਦੇ ਰਹੀ ਹੈ। ਬਾਕੀ ਕੋਈ ਮਸਲਾ ਹੱਲ ਹੋਵੇ ਜਾਂ ਨਾ ਹੋਵੇ ਇਹ ਵੀਰ ਕੇਵਲ ਨਾਮ ਜੱਪਣ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਇਹ ਜੱਥੇ ਵਾਲੇ ਸਿਰਫ ਆਪਣੇ ਜੱਥੇਵਾਲੇ ਦੇ ਹੱਥੋਂ ਹੀ ਕੜਾਹ ਪ੍ਰਸਾਦ ਲੈਂਦੇ ਹਨ ਕਿਸੇ ਦੂਜੇ ਦੇ ਹੱਥ ਦਾ ਇਹ ਵੀਰ ਛੱਕਦੇ ਨਹੀਂ ਹਨ ਭਾਂਵੇ ਕਿਸੇ ਅੰਮ੍ਰਿਤਧਾਰੀ ਨੇ ਹੀ ਕੜਾਹ ਪਰਸਾਦ ਕਿਉਂ ਨਾ ਤਿਆਰ ਕੀਤਾ ਹੋਵੇ। ਇਸ ਜੱਥੇਬੰਦੀ ਦੇ ਵੀਰ ਰਾਗ ਮਾਲਾ ਨੂੰ ਬਿਲਕੁੱਲ ਨਹੀਂ ਮੰਨਦੇ। ਬੜੀ ਕੋਸ਼ਿਸ਼ ਵੀ ਕਰ ਰਹੇ ਹਨ ਰਾਗ ਮਾਲ਼ਾ ਤੋਂ ਬਿਨਾ ਗੁਰੂ ਗ੍ਰੰਥ ਛਾਪਿਆ ਜਾਏ।
ਸਿੱਖਾਂ ਵਿੱਚ ਇੱਕ ਹੋਰ ਜੱਥੇਬੰਦੀ ਵੀ ਪੂਰੀ ਤਰ੍ਹਾਂ ਸਥਾਪਤ ਹੋ ਚੁੱਕੀ ਹੈ ਇਸ ਦੀਆਂ ਆਪਸ ਵਿੱਚ ਵੀ ਅਗਾਂਹ ਕਈ ਵੰਡੀਆਂ ਪੈ ਗਈਆਂ ਹਨ। ਇਹ ਵੀਰ ਇੱਕ ਦੂਸਰੇ ਨਾਲ ਪਰਨਾ ਰੱਖ ਕੇ ਹੱਥ ਮਿਲਾਉਂਦੇ ਹਨ। ਇਹ ਵੀ ਕਿਸੇ ਦੂਸਰੇ ਦੇ ਹੱਥ ਦਾ ਬਣਿਆ ਹੋਇਆ ਭੋਜਨ ਛੱਕਣ ਵਾਸਤੇ ਤਿਆਰ ਨਹੀਂ ਹਨ ਤੇ ਰਾਗ ਮਾਲਾ ਨੂੰ ਬਾਣੀ ਮੰਨ ਕੇ ਚਲਦੇ ਹਨ। ਸਾਰੇ ਬਚਿੱਤ੍ਰ ਨਾਟਕ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦਸਦੇ ਹਨ `ਤੇ ਪਿੱਛੇ ਜੇਹੇ ਇਸ ਜੱਥੇਬੰਦੀ ਦੇ ਕਾਰਕੁੰਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤ੍ਰ ਨਾਟਕ ਦਾ ਪਰਕਾਸ਼ ਕਰਕੇ ਸਿੱਖੀ ਦੇ ਵਿਹੜੇ ਵਿੱਚ ਸੇਹ ਦਾ ਤਕਲ਼ਾ ਗੱਡਿਆ ਹੈ। ਗੁਰਬਾਣੀ ਅਰਥਾਂ ਵਿੱਚ ਸਾਖੀ ਪ੍ਰਮਾਣ ਨੂੰ ਜ਼ਿਆਦਾ ਤਰਜੀਹ ਦੇਂਦੇ ਹਨ।
ਹੋਰ ਸੌਖਾ ਸਮਝਣ ਲਈ ਇਸ ਤਰ੍ਹਾਂ ਵੀ ਵਿਚਾਰਿਆ ਜਾ ਸਕਦਾ ਹੈ। ਸਮੁੱਚੇ ਪੰਥ ਦੀਆਂ ਸਮਾਜਕ ਤੇ ਧਾਰਮਕ ਰਹੁਰੀਤਾਂ ਵਿੱਚ ਇਕਸਾਰਤਾ ਲਿਆਉਣ ਲਈ ਰਹਿਤ ਮਰਯਾਦਾ ਬਹੁਤ ਸਹਾਈ ਹੈ। ਇਸ ਦਾ ਬਦਲ ਕਿਸੇ ਹੋਰ ਜੱਥੇਬੰਦੀ ਕੋਲ ਨਹੀਂ ਹੈ। ਦੂਜਾ ਇਹਨਾਂ ਜੱਥੇਬੰਦੀਆਂ ਤੇ ਸਾਧਾਂ ਦੀਆਂ ਆਪਸ ਵਿੱਚ ਮਰਯਾਦਾਵਾਂ ਰਲ਼ਦੀਆਂ ਵੀ ਨਹੀਂ ਹਨ।
ਹੈਰਾਨਗੀ ਦੀ ਗੱਲ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਹੇਠ ਚੱਲ ਰਹੀਆਂ ਸੰਸਥਾਵਾਂ ਵਿੱਚ ਵੀ ਇਕਸਾਰਤਾ ਨਹੀਂ ਹੈ। ਦਰਬਾਰ ਸਾਹਿਬ ਦੋਹਰਾ ਨਹੀਂ ਪੜ੍ਹਿਆ ਜਾਂਦਾ ਜਦ ਕਿ ੭੦-੭੫ ਗਜ਼ ਦੀ ਦੂਰੀ `ਤੇ ਅਕਾਲ ਤੱਖਤ `ਤੇ ਆਗਿਆ ਭਈ ਅਕਾਲ ਕੀ ਵਾਲਾ ਦੋਹਰਾ ਪੜ੍ਹਿਆ ਜਾਂਦਾ ਹੈ। ਅਰਦਾਸ ਉਪਰੰਤ ਦਰਬਾਰ ਸਾਹਿਬ ਜੈਕਾਰਾ ਨਹੀਂ ਲਗਾਇਆ ਜਾਂਦਾ ਜਦ ਕਿ ਅਕਾਲ ਤੱਖਤ ਪੂਰੀ ਤਰ੍ਹਾਂ ਖੁਲ੍ਹ ਹੈ ਭਾਂਵੇ ਪੰਜ ਪੰਜ ਇਕੱਠੇ ਜੈਕਾਰੇ ਲਗਾਏ ਜਾਣ। ਇੱਕ ਜਗ੍ਹਾ ਰਾਗ ਮਾਲਾ ਪੜ੍ਹੀ ਜਾਂਦੀ ਹੈ `ਤੇ ਦੂਜੀ ਜਗ੍ਹਾ ਰਾਗ ਮਾਲਾ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ ਜਾਂਦਾ ਹੈ।
ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਰਾਤ ਦੇ ਹਨੇਰੇ ਨੂੰ ਦੂਰ ਕਰਨ ਲਈ ਚਾਨਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ ਜਦ ਕਿ ਹਿੰਦੂ ਮੰਦਰਾਂ ਵਾਂਗ ਜੋਤਾਂ ਜਗਾਉਣੀਆਂ ਪੂਰੀ ਤਰ੍ਹਾਂ ਮਨਮਤ ਹੈ। ਦੂਜੇ ਪਾਸੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੋਂ ਲੈ ਕੇ ਦੁਨੀਆਂ ਦੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੀ ਮਨੌਤ ਹੀ ਜੋਤ `ਤੇ ਟਿਕੀ ਹੋਈ ਹੈ। ਆਮ ਸੰਗਤਾਂ ਗੁਰਬਾਣੀ ਘੱਟ ਤੇ ਜੋਤ ਦੇ ਧੂੰਏਂ ਨੂੰ ਜ਼ਿਆਦਾ ਸ਼ਰਧਾ ਨਾਲ ਮੱਥੇ ਟੇਕਦੀ ਹੈ।
ਇਹ ਕੋਈ ਦਲੀਲ ਥੋੜੀ ਹੈ ਕਿ ਜੀ ਕਿਸੇ ਦੀ ਸ਼ਰਧਾ ਨਾ ਤੋੜੋ। ਹੁਣ ਦੇਖਿਆ ਜਾਏ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਲਹਿੰਦੇ ਵਲ ਪਾਣੀ ਸੁੱਟ ਕਿ ਉਸ ਸਮੇਂ ਦੇ ਧਾਰਮਕ ਆਗੂਆਂ ਦੀ ਬਣੀ ਹੋਈ ਸ਼ਰਧਾ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਸੀ। ਏਦਾਂ ਦੀ ਅੰਨ੍ਹੀ ਸ਼ਰਧਾ ਘਟਨਾਵਾਂ ਜਗਰਾਓਂ ਨੇੜੇ ਇੱਕ ਸਥਾਪਤ ਹੋ ਚੁੱਕੇ ਡੇਰੇ ਵਿਚੋਂ ਆਮ ਦੇਖੀਆਂ ਜਾ ਸਕਦੀਆਂ ਹਨ। ਇਹ ਚਿੱਟੇ ਚੋਲ਼ਿਆਂ ਨੂੰ ਧਰਮ ਦਾ ਜ਼ਰੂਰੀ ਅੰਗ ਸਮਝਦੇ ਹਨ। ਭੋਰਿਆਂ ਦੀ ਬੰਦਗੀ ਨੂੰ ਵੱਧ ਤਰਜੀਹ ਦੇਂਦੇ ਹਨ। ਮੰਦਰਾਂ ਦੀ ਤਰਜ਼ `ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰੇਆਮ ਲੰਗਰ ਦੀ ਹਰੇਕ ਵਸਤੂ ਦਾ ਭੋਗ ਲਗਾਉਣ ਨੂੰ ਸਿੱਖੀ ਦਾ ਮੱਢਲ਼ਾ ਸਿਧਾਂਤ ਗਿਣਦੇ ਹਨ। ਇਹ ਭੱਦਰ ਪੁਰਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਚਾਰ ਕਰਨ ਦੀ ਥਾਂ `ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ `ਤੇ ਚੁੱਕ ਕੇ ਬਾਹਰ ਸੈਰ ਕਰਾਉਣ ਨੂੰ ਪਰਮ ਧਰਮ ਸਮਝਦੇ ਹਨ। ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਹੈ ਕਿ ਗੁਰਬਾਣੀ ਕੀਰਤਨ ਵਿੱਚ ਕੋਈ ਬਾਹਰਲੀ ਧਾਰਨਾ ਨਹੀਂ ਲਗਾਉਣੀ, ਧਾਰਨਾ ਕੇਵਲ ਗੁਰਬਾਣੀ ਸ਼ਬਦ ਦੀ ਹੀ ਹੋਣੀ ਚਾਹੀਦੀ ਹੈ ਪਰ ਇਹ ਕੀਰਤਨ ਹੀ ਆਪਣੀਆਂ ਮਨ ਘੜਤ ਧਰਾਨਾਵਾਂ ਦਾ ਕਰਦੇ ਹਨ। ਹੋਰ ਜੱਗੋਂ ਤੇਹਰਵੀਂ ਕਰਦਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਬਲਦਣ ਲੱਗਿਆਂ ਚਾਰ ਚੁਫੇਰੇ ਪਰਦੇ ਕਰਦੇ ਹਨ। ਜਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨੁੱਖੀ ਸਰੀਰ ਵਾਂਗ ਸਮਝਦੇ ਹਨ। ਇਹਨਾਂ ਨੇ ਆਪਣੇ ਡੇਰਿਆਂ ਨੂੰ ਠਾਠ ਆਖਣਾ ਸ਼ੁਰੂ ਕੀਤਾ ਹੋਇਆ ਹੈ। ਸੱਚ ਖੰਡ ਹਿਰਦੇ ਵਿੱਚ ਬਣਾਉਣ ਦੀ ਥਾਂ `ਤੇ ਇਹਨਾਂ ਭਲੇ ਮਾਣਸਾਂ ਨੇ ਇੱਕ ਕਮਰੇ ਨੂੰ ਹੀ ਸੱਚ ਖੰਡ ਕਹਿਣਾ ਸ਼ੁਰੂ ਕਰ ਦਿੱਤਾ ਹੈ।
ਇਹਨਾਂ ਦੀ ਆਪਣੀ ਹੀ ਮਰਯਾਦਾ ਤਿਆਰ ਕੀਤੀ ਹੋਈ ਹੈ ਕਿ ਕੇਵਲ ਸੁਖਮਨੀ ਸਾਹਿਬ ਦੇ ਪਾਠ ਹੀ ਕਰਨੇ ਹਨ ਜਾਂ ਸੰਪਟ ਪਾਠ ਕਰਨੇ ਹਨ। ਇਹ ਡੇਰੇ ਵਾਲੇ ਕਿਸੇ ਕੰਮ ਦੀ ਸਿਧੀ ਕਰਨ ਵਾਸਤੇ ਜਾਂ ਕੋਈ ਸਮੱਸਿਆ ਹੱਲ ਕਰਨ ਲਈ ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਨ ਨੂੰ ਆਖਦੇ ਹਨ। ਇਹਨਾਂ ਦਾ ਇੱਕ ਮਹਾਂ ਪੁਰਸ਼ ਮਰਦਾ ਹੈ ਤਾਂ ਪੰਜ ਸਤ ਨਾਲ ਹੀ ਹੋਰ ਜੰਮ ਪੈਂਦੇ ਹਨ। ਇਸ ਡੇਰੇ ਵਾਲ਼ਿਆਂ ਦੀ ਖੂਬੀ ਹੈ ਕਿ ਇਹ ਰਹਿਤ ਮਰਯਾਦਾ ਦੀ ਇੱਕ ਮਦ ਵੀ ਮੰਨਣ ਲਈ ਤਿਆਰ ਨਹੀਂ ਹਨ। ਇਹਨਾਂ ਨੇ ਅਰਦਾਸ ਵੀ ਬੜੀ ਲੰਬੀ ਚੌੜੀ ਆਪਣੀ ਹੀ ਬਣਾਈ ਹੋਈ ਹੈ। ਇਹਨਾਂ ਨੇ ਸਿੱਖੀ ਦੇ ਨਾਂ `ਤੇ ਆਪਣਾ ਹੀ ਪੰਥ ਤਿਆਰ ਕਰ ਲਿਆ ਹੈ। ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਤੇ ਉਹਨਾਂ ਦੇ ਜਨਮ ਦਿਹਾੜੇ ਗੁਰੂਆਂ ਦੀ ਤਰਜ਼ `ਤੇ ਮਨਾਉਂਦੇ ਹਨ। ਹਨ੍ਹੇਰ ਸਾਂਈਂ ਦਾ ਇਹ ਗਏ ਗੁਜ਼ਰੇ ਸਾਧਾਂ ਦੀਆਂ ਵਰਤੀਆਂ ਹੋਈਆਂ ਚੀਜ਼ਾਂ ਨੂੰ ਭੋਲ਼ੀ ਜਨਤਾ ਕੋਲੋਂ ਮੱਥੇ ਟਿਕਾਉਣ ਨੂੰ ਭੋਰਾ ਬੁਰਾ ਨਹੀਂ ਗਿਣਦੇ। ਜਗੋਂ ਤੇਹਰਵੀਂ ਕਰਦਿਆਂ ਆਪਣੇ ਮਰ ਚੁੱਕੇ ਸਾਧਾਂ ਦੀਆਂ ਤਸਵੀਰਾਂ ਦਾ ਨਗਰ ਕੀਰਤਨ ਵੀ ਕੱਢਦੇ ਹਨ। ਹੋਰ ਤਾਂ ਹੋਰ ਮਾਲਵੇ ਦੇ ਆਮ ਗੁਰਦੁਆਰਿਆਂ ਵਿੱਚ ਸਾਧਾਂ ਦੀਆਂ ਫੋਟੋਆਂ `ਤੇ ਹੀ ਰੁਮਾਲੇ ਚੜ੍ਹਾਏ ਹੋਏ ਹਨ ਜਿਵੇਂ ਫੋਟੋ ਨੂੰ ਠੰਡ ਲੱਗਦੀ ਹੋਵੇ।
ਕਈ ਵਾਰੀ ਹਾਸਾ ਹੀ ਆਉਂਦਾ ਹੈ ਕਿ ਇਹਨਾਂ ਸਾਰਿਆ ਦੀ ਮਰਯਾਦਾ ਵੱਖਰੀ ਵੱਖਰੀ ਹੈ ਪਰ ਸਿੱਖ ਰਹਿਤ ਮਰਯਾਦਾ ਦੇ ਵਿਰੋਧ ਵਿੱਚ ਇਹ ਸਾਰੇ ਇਕੱਠੇ ਖੜੇ ਹੁੰਦੇ ਹਨ। ਜਦੋਂ ਗੁਰੂ ਗ੍ਰੰਥ ਸਾਹਿਬ ਤੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਦੀ ਮਿਸ਼ਨਰੀ ਗੱਲ ਕਰਦੇ ਤਾਂ ਕਹਿੰਦੇ ਹਨ ਤਾਂ ਇਹ ਸਾਧ ਵਿਰੋਧ ਕਰਦੇ ਹਨ। ਜੇ ਸਾਧ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਮੰਨਣ ਲਈ ਤਿਆਰ ਨਹੀਂ ਹਨ ਤਾਂ ਫਿਰ ਸਵਾਲ ਪੈਦਾ ਹੁੰਦਾ ਕੀ ਇਹਨਾਂ ਪਾਸ ਕੋਈ ਹੋਰ ਮਰਯਾਦਾ ਹੈ ਜਿਹੜੀ ਪੰਥ ਨੂੰ ਏਕੇ ਵਿੱਚ ਪਰੋਅ ਸਕੇ।
ਜੇ ਨਿਹੰਗ ਸਿੰਘਾਂ ਨੇ ਬਕਰੇ ਝਟਕਾਏ ਤਾਂ ਅੱਧਿਆਂ ਸਾਧਾਂ ਨੂੰ ਉਂਜ ਹੀ ਗਸ਼ ਪੈ ਜਾਣੀ ਹੈ। ਕੋਈ ਵੀ ਡੇਰਾ ਨਿਹੰਗ ਸਿੰਘ ਦੀ ਮਰਯਾਦਾ ਨੂੰ ਮੰਨਣ ਲਈ ਤਿਆਰ ਨਹੀਂ ਹੈ। ਸਾਧ ਤਾਂ ਕੌਮ ਨੂੰ ਬਿੱਪਰ ਮਤ ਦੀ ਪੁੱਠ ਚਾੜ੍ਹਦਿਆਂ ਵੈਸ਼ਨੂੰ ਬਣਾਉਣ `ਤੇ ਤੁਲੇ ਹੋਏ ਹਨ। ਨਿਹੰਗ ਸਿੰਘ ਸ਼ਰੇਆਮ ਬੱਕਰੇ ਝਟਕਾਉਂਦੇ ਹਨ ਜਦ ਕਿ ਬਾਕੀ ਦੇ ਡੇਰੇ ਮਾਸ ਖਾਣ ਦੀ ਸਖਤ ਮਨਾਈ ਕਰਦੇ ਹਨ।
ਜੇ ਮਿਸ਼ਨਰੀ ਲਹਿਰ ਨੂੰ ਇੱਕ ਪਾਸੇ ਕਰ ਦਈਏ ਤਾਂ ਦੱਸੋ ਪਿੱਛੇ ਕੀ ਬਚੇਗਾ?
ਕੀ ਕਿਸੇ ਕੋਲ ਇਸ ਰਹਿਤ ਮਰਯਾਦਾ ਦਾ ਕੋਈ ਬਦਲ ਹੈ ਜਿਹੜਾ ਸਾਰੇ ਪੰਥ ਨੂੰ ਏਕੇ ਵਿੱਚ ਰੱਖ ਸਕੇ?
ਕੀ ਕਿਸੇ ਵੀ ਡੇਰੇ ਦੀ ਆਪਸ ਕੋਈ ਮਰਯਾਦਾ ਰਲ਼ਦੀ ਹੈ?
ਮਿਸ਼ਨਰੀ ਲਹਿਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਅਤੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਮੰਨ ਕੇ ਚਲ ਰਹੀ ਹੈ।
ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਭਾਵਾਂ ਅਤੇ ਹੋਰ ਪੰਥ ਹਤੈਸ਼ੀ ਜੱਥੇਬੰਦੀਆਂ ਨੂੰ ਬੇਨਤੀ ਹੈ ਕਿ ਆਓ ਆਪਾਂ ਸਾਰੇ ਆਪਣੇ ਵੱਖਰਵੇਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਅਤੇ ਪੰਥ ਰਹਿਤ ਮਰਯਾਦਾ ਅਨੁਸਾਰੀ ਹੋਣ ਦਾ ਯਤਨ ਕਰੀਏ।
ਸ਼੍ਰੋਮਣੀ ਗੁਰਦੁਆਰਾ ਪ੍ਰੰਬੰਧਕ ਕਮੇਟੀ ਨੂੰ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਦਾ ਉਚੇਚਾ ਉਪਰਾਲਾ ਕਰਨਾ ਚਾਹੀਦਾ ਹੈ।
ਇਸ ਵੇਲੇ ਸਿੱਖ ਕੌਮ ਦੇ ਸਾਹਮਣੇ ਹੋਰ ਵੱਡੀਆਂ ਚਨੌਤੀਆਂ ਹਨ ਜਿੰਨ੍ਹਾਂ ਦਾ ਮੁਕਾਬਲਾ ਸਾਨੂੰ ਸਿਰ ਜੋੜ ਕੇ ਕਰਨਾ ਚਾਹੀਦਾ ਹੈ।
ਪਾਣੀਆਂ ਦੀ ਕਾਣੀ ਵੰਡ, ਪੰਜਾਬੀ ਬੋਲੀ ਪ੍ਰਤੀ ਬੇਵਫਾਈ, ਕੇਂਦਰੀ ਸਰਕਾਰ ਦੀ ਪੰਜਾਬ ਪ੍ਰਤੀ ਬੇਰੁਖੀ, ਸਿੱਖ ਕੌਮ ਦੇ ਕਤਲੇਆਮ ਹੋਣ `ਤੇ ਕੋਈ ਸੁਣਾਈ ਨਹੀਂ ਆਦ ਬਹੁਤ ਸਾਰੇ ਸਾਡੇ ਆਪਣੇ ਆਪਣੀ ਕੌਮ ਦੇ ਮੁੱਦੇ ਹਨ ਜਿੰਨ੍ਹਾਂ ਵਲ ਸਾਨੂੰ ਫੌਰੀ ਧਿਆਨ ਦੇਣ ਦੀ ਲੋੜ ਹੈ।
ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਰਕੇ ਹੀ ਅੱਜ ਗੁਰਦੁਆਰਿਆਂ ਚਾਰ ਕੈੰਲਡਰ ਲੱਗੇ ਹੋਏ ਹਨ।
ਏਕ ਚਾਕ ਹੋ ਤੋ ਸੀ ਲੂੰ, ਹਮਦਮ ਗਿਰੇਬਾਂ ਆਪਨਾ,
ਜ਼ਾਲਮ ਨੇ ਫਾੜ ਡਾਲਾ ਹੈ ਯਿਹ ਤਾਰ ਤਾਰ ਕਰਕੇ।




.