ਅਖੀ ਬਾਝਹੁ ਵੇਖਣਾ
ਸਤਿੰਦਰਜੀਤ ਸਿੰਘ
ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਜੋ ਉਪਦੇਸ਼ ਦਿੱਤਾ ਹੈ, ਉਸ ਵਿੱਚ ਰੱਬ ਨੂੰ
ਜਾਂ ਪ੍ਰਮਾਤਮਾ ਨੂੰ ਖੁਸ਼ ਕਰਨ ਲਈ ਅਤੇ ਦੁਨੀਆਂ ਵਿੱਚ ਵਡਿਆਈ ਖੱਟਣ ਲਈ ਬਾਹਰੀ ਤੌਰ ‘ਤੇ ਕੀਤੇ
ਜਾਂਦੇ ਕੰਮਾਂ ਨੂੰ ਬੇਅਰਥ ਅਤੇ ਫਜ਼ੂਲ ਦੱਸਿਆ ਹੈ। ਗੁਰੂ ਸਾਹਿਬ ਨੇ ਮਨੁੱਖ ਨੂੰ ਮਾਨਸਿਕ ਤਲ ‘ਤੇ
ਉੱਚਾ ਉੱਠਣ ਅਤੇ ਪ੍ਰਮਾਤਮਾ ਦੇ ਗੁਣਾਂ ਨੂੰ ਜੀਵਨ ਵਿੱਚ ਧਾਰ ਕੇ ਜੀਵਨ ਨੂੰ ਸਚਿਆਰਾ ਬਣਾਉਣ ਦਾ
ਉਪਦੇਸ਼ ਦਿੱਤਾ ਹੈ, ਜਿਵੇਂ:
ਅਖੀ ਬਾਝਹੁ ਵੇਖਣਾ
ਗੁਰੂ ਅੰਗਦ ਸਾਹਿਬ ਆਖ ਰਹੇ ਹਨ ਕਿ ਉਸ ਪ੍ਰਮਾਤਮਾ ਨੂੰ ਪਾਉਣ ਦੀ ਜੁਗਤ ਹੈ
ਕਿ ਉਸਨੂੰ ਅੱਖਾਂ ਤੋਂ ਬਿਨ੍ਹਾਂ ਦੇਖਿਆ ਜਾਵੇ ਭਾਵ ਕਿ ਬਾਹਰੀ ਦਿਖਾਵੇ ਨੂੰ ਛੱਡ ਕੇ ਉਸਦੇ ਗੁਣਾਂ
ਨੂੰ ਅਪਣਾਇਆ ਜਾਵੇ,ਬਿਗਾਨੇ ਧਨ-ਦੌਲਤ ਵੱਲ ਲਲਚਾਉਣ ਦੀ ਥਾਂ ਉਸ ਪ੍ਰਮਾਤਮਾ ਦੇ ਗੁਣਾਂ ਨਾਲ ਪਿਆਰ
ਕੀਤਾ ਜਾਵੇ,
ਵਿਣੁ ਕੰਨਾ ਸੁਨਣਾ ॥
ਕੰਨਾਂ ਤੋਂ ਬਿਨ੍ਹਾਂ ਸੁਣਿਆ ਜਾਵੇ ਭਾਵ ਕਿ ਕਿਸੇ ਦੀ ਨਿੰਦਿਆ-ਚੁਗਲੀ ਆਦਿ
ਨੂੰ ਛੱਡ ਕੇ ਉਸ ਪ੍ਰਮਾਤਮਾ ਦੇ ਗੁਣਾਂ ਰੂਪੀ ਹੁਕਮ ਨੂੰ ਚੇਤੇ ਵਿੱਚ ਵਸਾ ਲਿਆ ਜਾਵੇ,
ਪੈਰਾ ਬਾਝਹੁ ਚਲਣਾ
ਪੈਰ੍ਹਾਂ ਤੋਂ ਬਿਨ੍ਹਾਂ ਚੱਲ ਕਿ ਉਸ ਤੱਕ ਜਾਇਆ ਜਾਵੇ ਭਾਵ ਕਿ ਬਾਹਰੀ
ਦਿਖਾਵੇ ਲਈ ਸਿਰਫ ਧਾਰਮਿਕ ਅਸਥਾਨ ਤੇ ਜਾਣ ਦੇ ਦਿਖਾਵੇ ਨੂੰ ਛੱਡ ਕੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ
ਧਾਰ ਕੇ ਜੀਵਨ ਨੂੰ ਉੱਚਾ-ਸੁੱਚਾ ਬਣਾਇਆ ਜਾਵੇ,
ਵਿਣੁ ਹਥਾ ਕਰਣਾ ॥
ਹੱਥਾਂ ਤੋਂ ਬਿਨ੍ਹਾਂ ਉਸਦੇ ਨਾਮ ਨੂੰ ਧਾਰਨ ਦੀ ਕਾਰ ਕੀਤੀ ਜਾਵੇ ਭਾਵ ਕਿ
ਇਹਨਾਂ ਹੱਥਾਂ ਨੂੰ ਗਲਤ ਕੰਮਾਂ ਤੋਂ ਰੋਕ ਕੇ, ਪ੍ਰਮਾਤਮਾ ਦੇ ਗੁਣਾਂ ਅਨੁਸਾਰ ਕਾਰ ਕੀਤੀ ਜਾਵੇ,
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ॥
ਜੀਭ ਤੋਂ ਬਿਨ੍ਹਾਂ ਬੋਲਿਆ ਜਾਵੇ ਭਾਵ ਕਿ ਸਿਰਫ ਦਿਖਾਵੇ ਲਈ ਪ੍ਰਮਾਤਮਾ ਦਾ
ਨਾਮ ਸਿਮਰਨ ਨਾ ਕੀਤਾ ਜਾਵੇ ਅਤੇ ਉਸਦੇ ਗੁਣ ਦਿਖਾਵੇ ਮਾਤਰ ਨਾ ਗਾਏ ਜਾਣ, ਸਗੋਂ ਉਸਦੇ ਗੁਣਾਂ ਦਾ
ਪ੍ਰਗਟਾਵਾ ਮਨੁੱਖ ਦੇ ਕਿਰਦਾਰ ਅਤੇ ਸੋਚ ਵਿੱਚੋਂ ਹੋਵੇ, ਇਸ ਤਰ੍ਹਾਂ ਜਿਉਂਦੇ-ਜੀਅ ਵਿਕਾਰਾਂ ਵੱਲੋਂ
ਮਰ ਕੇ ਗੁਣਾਂ ਵਿੱਚ ਜਨਮ ਹੋ ਸਕਦਾ ਹੈ,
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ॥੧॥
{ ਸਲੋਕੁ ਮਃ ੨, ਪੰਨਾ 139}
ਅੱਗੇ ਗੁਰੂ ਸਾਹਿਬ ਆਖਦੇ ਹਨ ਕਿ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਸ਼ਬਦ ਰਾਹੀਂ
ਪਹਿਚਾਣ ਕੇ ਜੀਵਨ ਵਿੱਚ ਧਾਰ ਲਿਆ ਜਾਵੇ ਤਾਂ ਸਮਝੋ ਉਸ ਦੀ ਪ੍ਰਾਪਤੀ ਹੋ ਗਈ ਹੈ।
ਗੁਰੂ ਸਾਹਿਬ ਬਾਹਰੀ ਤੰਗਾਂ ਦੀ ਗੱਲ ਕਰਦੇ ਹੋਏ ਆਖਦੇ ਹਨ ਕਿ ਇਹਨਾਂ ਨਾਲ
ਉਸ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਨਾਂ ਰੱਬੀ ਗੁਣਾਂ ਨੂੰ ਧਾਰ ਕੇ ਹੀ ਉਸ ਪ੍ਰਮਾਤਮਾ
ਦੀ ਹੋਂਦ ਦਾ ਅਹਿਸਾਸ ਕੀਤਾ ਜਾ ਸਕਦਾ ਹੈ:
ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ॥
ਗੁਰੂ ਸਾਹਿਬ ਆਖ ਰਹੇ ਹਨ ਕਿ ਮਨੁੱਖ ਨੂੰ ਇਸ ਸੰਸਾਰ ਦੀ ਰਚਨਾ ਵਿੱਚ ਉਹ
ਪ੍ਰਮਾਤਮਾ ਦਿਸਦਾ ਹੈ, ਉਸਦੀ ਜੀਵਨ ਰੌਂ ਸਾਰੀ ਕਾਇਨਾਤ ਵਿੱਚ ਸੁਣਾਈ ਦਿੰਦੀ ਹੈ, ਸੰਸਾਰ ਵਿੱਚ
ਉਸਦੇ ਕੰਮਾਂ ਨਾਲ ਭਾਵ ਸੰਸਾਰਿਕ ਪੱਧਰ ‘ਤੇ ਬਣੀ ਇਸ ਸਾਰੀ ਸ਼੍ਰਿਸ਼ਟੀ ਨੂੰ ਦੇਖ ਕੇ ‘ਉਹ’ ਕਾਇਨਾਤ
ਵਿੱਚ ਮੌਜੂਦ ਲਗਦਾ ਹੈ ਪਰ ਉਸਦੇ ਮਿਲਾਪ ਦਾ ਸਵਾਦ(ਸਾਉ) ਨਹੀਂ ਆਉਂਦਾ, ਇੰਝ ਨਹੀਂ ਲਗਦਾ ਕਿ ਉਹ
ਮਿਲ ਗਿਆ ਹੈ, ਕਿਉਂਕਿ:
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ॥
ਅੱਗੇ ਗੁਰੂ ਸਾਹਿਬ ਆਖ ਰਹੇ ਹਨ ਕਿਉਂਕਿ ਇਹ ਮਨੁੱਖ ਲੰਗੜਾ(ਰੁਹਲਾ) ਹੈ,
ਭਾਵ ਕਿ ਮਨੁੱਖ ਵਿਕਾਰਾਂ ਵੱਲ ਭੱਜਦਾ ਹੈ, ਗੁਣਾਂ ਵੱਲ ਨਹੀਂ ਜਾ ਰਿਹਾ, ਇਸਦੇ ਬਾਹਵਾਂ ਵੀ ਨਹੀਂ
(ਟੁੰਡਾ) ਹਨ ਭਾਵ ਕਿ ਚੰਗੇ ਕੰਮ ਨਹੀਂ ਕਰ ਰਿਹਾ ਅਤੇ ਅੱਖਾਂ ਵੀ ਨਹੀਂ ਹਨ (ਅੰਧੁਲਾ) ਭਾਵ ਕਿ
ਅੱਖਾਂ ਨਾਲ ਇਹ ਪਰਾਏ ਧਨ-ਦੌਲਤ, ਰੂਪ ਨੂੰ ਤੱਕਦਾ ਹੈ, ਇਸਦੀ ਨਜ਼ਰ ਵਿੱਚ ਲਾਲਚ ਦਿਖਾਈ ਦਿੰਦਾ ਹੈ,
ਇਸ ਲਈ ਇਹ ਉਸ ਦੇ ਭੱਜ ਕੇ ਗਲ ਕਿਵੇਂ ਲੱਗੇ, ਭਾਵ ਕਿ ਇਹ ਉਸ ਪ੍ਰਮਾਤਮਾ ਦੇ ‘ਦਰਸ਼ਨ’ ਕਿਵੇਂ
ਕਰੇ...?? ਸ਼ਬਦ ਦੇ ਅੰਤ ਵਿੱਚ ਉਸ ਪ੍ਰਮਾਤਮਾ ਨੂੰ ਪਾਉਣ ਬਾਰੇ ਉਪਦੇਸ਼ ਹੈ ਕਿ:
ਭੈ ਕੇ ਚਰਣ
ਅੱਗੇ ਗੁਰੂ' ਸਾਹਿਬ ਸਮਝਾ ਰਹੇ ਹਨ ਕਿ ਜੇ ਮਨੁੱਖ ਉਸਦੇ ਨਿਰਮਲ ਭਉ (ਭੈ)
ਨੂੰ ਆਪਣੇ ਮਨ ਦੇ ਪੈਰ ਬਣਾਵੇ ਭਾਵ ਕਿ ਗੁਣਾਂ ਨਾਲ ਪਿਆਰ ਪਾਵੇ, ਸੱਚ ਦੇ ਰਸਤੇ ‘ਤੇ ਚੱਲੇ
ਕਰ ਭਾਵ ਕੇ
ਉਸਦੇ ਪਿਆਰ (ਭਾਵ) ਨੂੰ ਆਪਣੇ ਹੱਥ (ਕਰ) ਬਣਾਵੇ ਅਤੇ ਚੰਗੇ ਕੰਮ ਕਰੇ,
ਸੱਚੀ ਅਤੇ ਮਿਹਨਤ ਦੀ ਕਿਰਤ ਕਰੇ,
ਲੋਇਣ ਸੁਰਤਿ ਕਰੇਇ॥
ਉਸਦੀ ਯਾਦ ਵਿੱਚ ਜੁੜਨ ਨੂੰ ਆਪਣੀਆਂ ਅੱਖਾਂ ਬਣਾਵੇ ਭਾਵ ਕਿ ਉਸਦੇ ਗੁਣਾਂ
ਨੂੰ ਹਮੇਸ਼ਾ ਯਾਦ ਕਰੇ, ਗੁਣਾਂ ਨਾਲ, ਸੱਚੀ ਨਿਯਤ ਨਾਲ ਇਸ ਸੰਸਾਰ ਨੂੰ ਦੇਖੇ
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥
(ਮ:੨,ਪੰਨਾ ੧੩੯)
ਤਾਂ ਹੀ ਸਿਆਣੀਏ ਇਸਤਰੀਏ (ਭਾਵ ਕਿ ਹੇ ਜੀਵ) ਉਸ ਪਤੀ ਪ੍ਰਮਾਤਮਾ ਨਾਲ
ਮਿਲਾਪ ਦਾ ਅਹਿਸਾਸ ਹੋ ਸਕਦਾ ਹੈ ਭਾਵ ਕਿ ਉਸਦੇ ਗੁਣ ਤੇਰੇ ਜੀਵਨ ਵਿੱਚ ਆ ਸਕਦੇ ਹਨ ਅਤੇ ਤੂੰ ਉਸਦੀ
ਪ੍ਰਾਪਤੀ ਦਾ ਅਹਿਸਾਸ ਕਰ ਸਕਦਾ ਹੈਂ.....!!!!
ਭੁੱਲ-ਚੁੱਕਾਂ ਖਿਮਾਂ...!