.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਉਨੰਜਵਾਂ)

ਡੇਰਿਆਂ ਦਾ ਸਮਾਜਿਕ ਪ੍ਰਭਾਵ:

ਸਰੀਰਕ ਅਤੇ ਨੈਤਿਕ ਸੋਸ਼ਣ (ਭਾਗ ੨):

ਦੂਸਰਾ ਮਹਾਨ ਕਾਰਾ ਦਲਜੀਤ ਸਿੰਘ ਸ਼ਿਕਾਗੋ ਦਾ ਹੈ। ਇਹ ਮਹਾਪੁਰਖ ਆਨੰਦਪੁਰ ਸਾਹਿਬ ਵਿੱਚ ਗੁਰਦੁਆਰੇ ਵਿੱਚ ਪ੍ਰਚਾਰਕ ਸੀ ਪਰ ਸਮੇਂ ਨਾਲ ਇਸ ਨੇ ਬਾਬੇ ਵਾਲਾ ਭੇਖ ਧਾਰਨ ਕਰ ਲਿਆ। ਅਮਰੀਕਾ ਜਾ ਕੇ ਸ਼ਿਕਾਗੋ ਵਿੱਚ ਆਪਣਾ ਡੇਰਾ ਬਣਾ ਕੇ ‘ਸੰਤ ਬਾਬਾ ਦਲਜੀਤ ਸਿੰਘ ਜੀ ਸ਼ਿਕਾਗੋ ਵਾਲੇ` ਬਣ ਗਿਆ। ਇਹ ਵਿਆਹਿਆ ਹੋਇਆ ਹੈ ਅਤੇ ਇਸ ਦਾ ਇੱਕ ਬੇਟਾ ਵੀ ਹੈ। ਪਹਿਲਾਂ ਤਾਂ ਇਹ ਆਪਣੇ ਪਰਿਵਾਰ ਨੂੰ ਉਥੇ ਆਪਣੇ ਕੋਲ ਲੈ ਜਾਣ ਵਿੱਚ ਆਨਾਕਾਨੀ ਕਰ ਰਿਹਾ ਸੀ ਪਰ ਕੁੱਝ ਪਰਿਵਾਰਕ ਅਤੇ ਕੁੱਝ ਸਮਾਜਿਕ ਜ਼ੋਰ ਪੈਣ ਤੇ, ਇਹ ਉਨ੍ਹਾਂ ਨੂੰ ਉਥੇ ਆਪਣੇ ਕੋਲ ਲੈ ਗਿਆ।

ਉਥੇ ਜਾ ਕੇ ਪਤਨੀ ਨੇ ਵੇਖਿਆ ਕਿ ਬਾਬਾ ਤਾਂ ਧਰਮ ਦੇ ਨਾਂ `ਤੇ ਕਈ ਰਾਸਲੀਲਾ ਰਚਾ ਰਿਹਾ ਹੈ। ਕਿਹੜੀ ਸਵੈਮਾਨੀ ਔਰਤ ਹੈ ਜੋ ਅਖੀਂ ਵੇਖ ਕੇ ਆਪਣੇ ਪਤੀ ਦੀਆਂ ਐਸੀਆਂ ਗ਼ੈਰ ਇਖਲਾਕੀ ਹਰਕਤਾਂ ਨੂੰ ਬਰਦਾਸ਼ਤ ਕਰ ਸਕੇ? ਉਸ ਨੇ ਇਤਰਾਜ਼ ਕੀਤਾ ਤਾਂ ਇਸ ਨੇ ਪਹਿਲਾਂ ਉਨ੍ਹਾਂ ਨਾਲ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਫੇਰ ਉਨ੍ਹਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ। ਵਾਪਸ ਭੇਜਣ ਤੋਂ ਬਾਅਦ ਉਨ੍ਹਾਂ ਦੀ ਬਾਤ ਪੁੱਛਣੀ ਹੀ ਬੰਦ ਕਰ ਦਿੱਤੀ। ਇਸ ਦੀ ਪਤਨੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਕਈ ਜਗ੍ਹਾ `ਤੇ ਮੱਦਦ ਵਾਸਤੇ ਪੁਕਾਰ ਕੀਤੀ ਪਰ ਉਸ ਦੀ ਕਿਤੇ ਨਾ ਸੁਣੀ ਗਈ। ਜਿਹੜੇ ਅਮਰੀਕਾ ਜਾ ਕੇ ਦਲਜੀਤ ਸਿੰਘ ਕੋਲ ਰਹਿੰਦੇ ਅਤੇ ਡਾਲਰ ਇਕੱਠੇ ਕਰਦੇ ਸਨ, ਉਨ੍ਹਾਂ ਉਸ ਖਿਲਾਫ ਕੋਈ ਸ਼ਿਕਾਇਤ ਕਿਵੇ ਸਨੁਣੀ ਸੀ ਜਾਂ ਉਸ ਉਤੇ ਕੋਈ ਕਾਰਵਾਈ ਕਿਵੇਂ ਕਰਨੀ ਸੀ?

ਕਿਸੇ ਮਿੱਤਰ ਰਾਹੀਂ ਉਹ ਦੁਖਿਆਰੀ ਬੀਬੀ ਸਾਡੀ ਜਥੇਬੰਦੀ ਸ਼੍ਰੋਮਣੀ ਖ਼ਾਲਸਾ ਪੰਚਾਇਤ ਕੋਲ ਪਹੁੰਚੀ ਅਤੇ ਸਾਰੀ ਵਿਥਿਆ ਸੁਣਾਈ। ਉਸ ਦੀ ਦਰਦ ਭਰੀ ਕਹਾਣੀ ਸੁਣ ਕੇ ਜਥੇਬੰਦੀ ਨੇ ਉਸ ਦੀ ਮੱਦਦ ਕਰਨ ਦਾ ਫੈਸਲਾ ਲਿਆ। ਸਾਡੇ ਕੋਲ ਕੋਈ ਕਾਨੂੰਨੀ ਤਾਕਤ ਤਾਂ ਨਹੀਂ ਸੀ ਕਿ ਅਸੀਂ ਦਲਜੀਤ ਸਿੰਘ ਖਿਲਾਫ ਕੋਈ ਕਰੜੀ ਕਾਰਵਾਈ ਕਰ ਸਕਦੇ ਪਰ ਅਸੀਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਹੁੰਗਾਰਾ ਨਾ ਮਿਲਣ `ਤੇ ਬੁਲੰਦ ਅਵਾਜ਼ ਨਾਲ ਉਸ ਦੇ ਕੁਕਰਮਾਂ ਨੂੰ ਜੱਗ ਜ਼ਾਹਿਰ ਕਰਨਾ ਸ਼ੁਰੂ ਕੀਤਾ।

ਕੁਝ ਦਿਨਾਂ ਬਾਅਦ ਦਲਜੀਤ ਸਿੰਘ ਸ਼ਿਕਾਗੋ ਵਾਲਾ ਸ੍ਰ. ਅਮਰਿੰਦਰ ਸਿੰਘ ਜੋ ਉਸ ਸਮੇਂ ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਸੀ, ਨੂੰ ਨਾਲ ਲੈ ਕੇ ਮੇਰੇ ਘਰ ਆਇਆ ਅਤੇ ਪੁੱਛਿਆ ਕਿ ਅਸੀਂ ਉਸ ਦਾ ਖਹਿੜਾ ਕਿਵੇਂ ਛੱਡਾਂਗੇ? ਮੈਂ ਉਸ ਨੂੰ ਸਮਝਾਇਆ ਕਿ ਸਾਡਾ ਉਸ ਨਾਲ ਕੋਈ ਨਿਜੀ ਝਗੜਾ ਨਹੀਂ, ਉਹ ਆਪਣੀ ਪਤਨੀ ਅਤੇ ਬੱਚੇ ਨੂੰ ਨਾਲ ਲੈ ਜਾਵੇ ਅਤੇ ਬਾਹਰ ਧੱਕੇ ਖਾਣ ਦੀ ਬਜਾਏ ਆਪਣਾ ਸੁੱਖੀ ਗ੍ਰਿਹਸਤ ਜੀਵਨ ਬਿਤਾਏ, ਸਾਡੀ ਬਸ ਇਤਨੀ ਮੰਗ ਹੈ। ਉਹ ਕਹਿਣ ਲੱਗਾ ਕਿ ਇਹ ਤਾਂ ਸੰਭਵ ਨਹੀਂ ਪਰ ਉਹ ਸਾਡੀ ਹੋਰ ਹਰ ਸੇਵਾ ਕਰਨ ਨੂੰ ਤਿਆਰ ਹੈ। ਭਾਵ ਸਪੱਸ਼ਟ ਸੀ ਕਿ ਉਹ ਮੈਨੂੰ ਰਿਸ਼ਵਤ ਦੇ ਕੇ ਰਾਜੀ ਕਰਨਾ ਚਾਹੁੰਦਾ ਸੀ।

ਮੈਂ ਉਸ ਨੂੰ ਖੂਬ ਝਾੜਿਆ ਅਤੇ ਦੱਸਿਆ ਕਿ ਜੇ ਉਹ ਮੇਰੇ ਚੰਗੇ ਮਿਤਰ ਨੂੰ ਨਾਲ ਲੈ ਕੇ ਨਾ ਆਇਆ ਹੁੰਦਾ ਤਾਂ ਮੈਂ ਉਸ ਨਾਲ ਹੋਰ ਮਾੜਾ ਵਰਤਾਰਾ ਕਰਦਾ। ਉਸ ਨੇ ਆਪਣੀ ਪਤਨੀ ਵਲੋਂ ਉਸ ਉਪਰ ਲੱਗਾਏ ਸਾਰੇ ਇਲਜ਼ਾਮਾਂ ਨੂੰ ਨਾਕਾਰ ਦਿੱਤਾ ਅਤੇ ਦਲੀਲ ਦਿੱਤੀ ਕਿ ਉਹ ਆਪਣੀ ਪਤਨੀ ਦੇ ਇਸੇ ਸ਼ੱਕੀ ਸੁਭਾ ਕਾਰਨ ਉਸ ਨੂੰ ਨਾਲ ਨਹੀਂ ਰਖਣਾ ਚਾਹੁੰਦਾ।

ਉਸ ਨੇ ਕਿਹਾ ਕਿ ਉਹ ਡਾਕਟਰੀ ਮੁਆਇਨਾ ਕਰਾਉਣ ਲਈ ਤਿਆਰ ਹੈ, ਜੇ ਉਸ ਨੇ ਕਿਸੇ ਔਰਤ ਨਾਲ ਸਬੰਧ ਬਣਾਏ ਹੋਣ। ਮੈਂ ਉਸ ਨੂੰ ਪੁੱਛਿਆ ਕਿ ਐਸਾ ਕਿਹੜਾ ਡਾਕਟਰੀ ਮੁਆਇਨਾ ਬਣਿਆ ਹੈ ਜਿਸ ਨਾਲ ਕਿਸੇ ਮਰਦ ਦੇ ਔਰਤਾਂ ਨਾਲ ਸਰੀਰਕ ਸਬੰਧ ਬਨਾਉਣ ਬਾਰੇ ਪਤਾ ਲਗਦਾ ਹੋਵੇ? ਮੈਂ ਉਸ ਨੂੰ ਕਿਹਾ ਕਿ ਕੀ ਉਹ ਮੈਨੂੰ ਇਹ ਦਸਣਾ ਚਾਹੁੰਦਾ ਹੈ ਕਿ ਉਹ ਬੜਾ ਜਤੀ ਸਤੀ ਹੈ, ਜੋ ਔਰਤਾਂ ਵਿੱਚ ਰਹਿੰਦਾ ਹੋਇਆ, ਨਿਰਲੇਪ ਰਹਿੰਦਾ ਹੈ? ਉਸ ਨੇ ਬੜੀ ਜੁਰਅਤ ਨਾਲ ‘ਹਾਂ` ਕਿਹਾ।

ਮੇਰੇ ਕੋਲੋਂ ਜਾਣ ਤੋਂ ਕੁੱਝ ਹਫਤਿਆਂ ਬਾਅਦ ਹੀ ਉਹ ਦਲਜੀਤ ਸਿੰਘ ਸ਼ਿਕਾਗੋ ਵਾਲਾ, ੧੭-੧੮ ਨਵੰਬਰ, ਸੰਨ ੨੦੦੫ ਦੀ ਰਾਤ ਨੂੰ ਸ਼ਿਕਾਗੋ ਸ਼ਹਿਰ ਵਿੱਚ ਮਕਾਡੋ ਮੋਟਲ ਦੇ ਕਮਰਾ ਨੰਬਰ ੫ ਤੋਂ ਮੀਨਾ ਸਿੰਘ ਨਾਮ ਦੀ ਲੜਕੀ ਦੇ ਨਾਲ ਖੇਹ ਖਾਂਦਾ ਹੋਇਆ ਰੰਗੇ ਹੱਥੀ ਪਕੜਿਆ ਗਿਆ। ਕਿਉਂਕਿ ਉਥੇ ਦੇ ਕਾਨੂੰਨ ਮੁਤਾਬਕ ਆਪਣੀ ਮਰਜ਼ੀ ਨਾਲ ਕਿਸੇ ਨਾਲ ਹਮ-ਬਿਸਤਰ ਹੋਣਾ ਗੁਨਾਹ ਨਹੀਂ ਹੈ, ਇਸ ਲਈ ਉਸ ਉਤੇ ਕੋਈ ਕੇਸ ਨਹੀਂ ਬਣਿਆ ਪਰ ਅਗਲੇ ਦਿਨ ਉਸ ਦੀ ਸਾਰੀ ਸੱਚਾਈ ਜਗ ਜ਼ਾਹਰ ਹੋ ਗਈ। ਇਸ ਦੀ ਰਾਸਲੀਲਾ ਦੀ ਇਹ ਕਹਾਣੀ ਇੰਟਰਨੈਟ `ਤੇ http://panthic.org/articles/2016 ਵੈਬ ਸਾਈਟ `ਤੇ EXCLUSIVE* CAUGHT RED HANDED: BABA DALJEET SINGH ਸਿਰਲੇਖ ਹੇਠ ਪੜ੍ਹੀ ਜਾ ਸਕਦੀ ਹੈ:

ਔਰਤ ਦਾ ਸਰੀਰਕ ਸੋਸ਼ਣ ਅਜ ਹਰ ਡੇਰੇ `ਤੇ ਹੋ ਰਿਹਾ ਹੈ। ਕਿਤੇ ਅਖੌਤੀ ਮਹਾਪੁਰਖ ਆਪ ਕਰ ਰਹੇ ਹਨ, ਕਿਤੇ ਉਨ੍ਹਾਂ ਦੇ ਚੇਲੇ ਚਾਟੜੇ ਰੰਗਰੱਲੀਆਂ ਮਨਾ ਰਹੇ ਹਨ ਤਾਂ ਕਿਤੇ ਪਿਆਦੇ ਮੌਜਾਂ ਲੁੱਟ ਰਹੇ ਹਨ। ਕਿਤੇ ਪੂਰਾ ਕੁਨਬਾ ਹੀ ਧਰਮ ਦੇ ਨਾਂ `ਤੇ ਐਯਾਸ਼ੀ ਦਾ ਡੇਰਾ ਬਣਾਈ ਬੈਠਾ ਹੈ।

ਕਿਤੇ ਜ਼ਬਰਦਸਤੀ ਕੀਤੀ ਜਾ ਰਹੀ ਹੈ, ਕਿਤੇ ਕਿਸੇ ਮਜਬੂਰ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ, ਕਿਤੇ ਅੰਧੀ ਸ਼ਰਧਾ ਵਿੱਚ ਪਾਪ ਹੋ ਰਿਹਾ ਹੈ ਕਿ ਇਤਨੇ ਵੱਡੇ ਮਹਾਪੁਰਖਾਂ ਨੇ ਮੈਨੂੰ ਆਪਣੇ ਅੰਗ ਲਾ ਲਿਆ ਹੈ, ਕਿਤੇ ਪੁਤਰ ਦੇਣ ਦੇ ਧੋਖੇ ਵਿੱਚ ਹੋ ਰਿਹਾ ਹੈ ਤਾਂ ਕਿਤੇ ਨਿਰੋਲ ਕਾਮਲੀਲਾ ਰਚੀ ਜਾ ਰਹੀ ਹੈ।

ਇਹ ਸੋਸ਼ਣ ਇਸ ਪੱਧਰ `ਤੇ ਹੈ ਕਿ ਧਰਮ ਦੇ ਨਾਂ `ਤੇ ਕਈ ਆਪਣੀਆਂ ਪਤਨੀਆਂ ਸਥਾਈ ਤੌਰ `ਤੇ ਗੁਆ ਬੈਠਦੇ ਹਨ। ਕਈ ਮਹਾਪੁਰਖਾਂ ਦੇ ਕਾਮ ਰੰਗ ਤੋਂ ਇਤਨੀਆਂ ਪ੍ਰਭਾਵਤ ਹੋ ਜਾਂਦੀਆਂ ਹਨ ਕਿ ਫਿਰ ਉਨ੍ਹਾਂ ਨੂੰ ਆਪਣੇ ਪਤੀ ਚੰਗੇ ਨਹੀਂ ਲਗਦੇ ਤਾਂ ਕਈ ਆਪਣੀਆਂ ਪਤਨੀਆਂ ਨੂੰ ਗਊ, ਮੱਝਾਂ ਸਮਝ ਕੇ ਆਪ ਅਖੌਤੀ ਮਹਾਪੁਰਖਾਂ ਨੂੰ ਭੇਟ ਕਰ ਦੇਂਦੇ ਹਨ।

ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਇੱਕ ਨਰਿੰਦਰ ਗਰੇਵਾਲ ਨਾਂ ਦਾ ਪਖੰਡੀ ਸੰਤ ਬਣਿਆ ਹੋਇਆ ਸੀ। ਉਸ ਦਾ ਇੱਕ ਸ਼ਰਧਾਲੂ ਵਿਆਹ ਕਰਾ ਕੇ ਪਤਨੀ ਨੂੰ ਬਾਬੇ ਕੋਲ ਮੱਥਾ ਟਿਕਾਉਣ ਲਈ ਲਿਆਇਆ। ਬਾਬਾ ਉਸ ਔਰਤ ਨੂੰ ਵੇਖ ਕੇ ਕਹਿਣ ਲੱਗਾ ਕਿ ਇਹ ਮੇਰੀ ਪਿੱਛਲੇ ਜਨਮ ਦੀ ਪਤਨੀ ਹੈ। ਪਿਛਲੇ ਜਨਮ ਵਿੱਚ ਤੂੰ ਇਸ ਨੂੰ ਮੇਰੇ ਕੋਲੋਂ ਖੋਹ ਕੇ ਲੈ ਗਿਆ ਸੈਂ। ਤੇਰਾ ਜਨਮ ਹੁਣ ਇਸ ਵਾਸਤੇ ਹੋਇਆ ਹੈ, ਅਤੇ ਮੇਰੇ ਨਾਲ ਸਬੰਧ ਵੀ ਇਸ ਵਾਸਤੇ ਬਣਿਆ ਹੈ ਤਾਂਕਿ ਤੂੰ ਮੇਰੀ ਅਮਾਨਤ ਮੈਨੂੰ ਵਾਪਸ ਕਰ ਸਕੇਂ। ਅੰਧ ਵਿਸ਼ਵਾਸ ਦੀ ਹੱਦ ਉਸ ਵੇਲੇ ਹੋ ਗਈ ਜਦੋਂ ਉਹ ਸ਼ਰਧਾਲੂ ਆਪਣੀ ਨਵ ਵਿਆਹੀ ਪਤਨੀ ਉਸ ਵਡੇਰੀ ਉਮਰ ਦੇ ਬਾਬੇ ਨੂੰ ਸਉਪਣ ਲਈ ਤਿਆਰ ਹੋ ਗਿਆ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਬਹੁਤ ਸਮਝਾਇਆ ਕਿ ਇਹ ਮੂਰਖਤਾ ਨਾ ਕਰ ਪਰ ਉਹ ਕਹਿਣ ਲੱਗਾ ਕਿ ਤੁਹਾਨੂੰ ਕੀ ਹੈ? ਇਹ ਸਬੰਧ ਮੇਰੇ ਅਤੇ ਮਹਾਪੁਰਖਾਂ (?) ਵਿਚਕਾਰ ਹੈ।

ਜੋ ਡੇਰੇਦਾਰ ਬ੍ਰਹਮਚਾਰੀ ਹੋਣ ਦੇ ਦਾਅਵੇ ਭਰਦੇ ਹਨ, ਜਿਵੇਂ ਕਿ ਨਾਨਕਸਰੀਏ ਬਿਹੰਗਮ (ਬ੍ਰਹਮਚਾਰੀ ਦੇ ਬਦਲੇ ਇਨ੍ਹਾਂ ਵੱਲੋਂ ਖੋਜਿਆ ਸ਼ਬਦ) ਹੋਣ ਦਾ ਮਾਣ ਕਰਦੇ ਹਨ, ਉਥੇ ਗੰਦਗੀ ਕਿਤੇ ਵਧੇਰੇ ਹੈ। ਨਾਨਕਸਰੀਆਂ ਦੀ ਫਿਰੋਜ਼ਪੁਰ ਰੋਡ, ਲੁਧਿਆਣਾ, ਵਿਖੇ ਸਥਾਪਤ ਠਾਠ (ਗੁਰਦੁਆਰਾ) ਵਿੱਚ ਮਈ ੨੦੦੨ ਦੇ ਆਖਰੀ ਹਫਤੇ ਇੱਕ ਬੀਬੀ ਨਾਲ ਤਿੰਨ ਦਿਨ ਲਗਾਤਾਰ ਸਮੂਹਿਕ ਬਲਾਤਕਾਰ ਕੀਤਾ ਗਿਆ। ਇਹ ਦੁਖਿਆਰੀ ਬੀਬੀ ਪਤੀ ਨਾਲ ਕੁੱਝ ਮਤਭੇਦ ਹੋ ਜਾਣ ਕਾਰਨ ਇੱਕ ਰਾਤ ਲਈ ਗੁਰਦੁਆਰੇ ਠਾਹਰ ਲੱਭਣ ਆਈ ਸੀ। ਠਾਠ ਦੇ ਮਹਾਪੁਰਖ ਤਿੰਨ ਦਿਨ ਉਸ ਨੂੰ ਨਸ਼ੇ ਦੇ ਟੀਕੇ ਲਾਉਂਦੇ ਰਹੇ ਅਤੇ ਅਸ਼ਲੀਲ ਫੋਟੋਆਂ ਅਤੇ ਪੋਰਨੋ ਮੂਵੀਆਂ ਵਿਖਾ ਕੇ ਦਿਨ ਰਾਤ ਉਸ ਦੀ ਪੱਤ ਲੁਟਦੇ ਰਹੇ। ਉਸ ਬੀਬੀ ਨੇ ਦੱਸਿਆ ਕਿ ਜਿਸ ਤਰ੍ਹਾਂ ਹੀ ਉਹ ਕੁੱਝ ਹੋਸ਼ ਵਿੱਚ ਆਉਣ ਲਗਦੀ ਸੀ, ਉਸ ਨੂੰ ਹੋਰ ਨਸ਼ੇ ਦਾ ਟੀਕਾ ਠੋਕ ਦਿੱਤਾ ਜਾਂਦਾ। ਪਹਿਲੀ ਜੂਨ ਨੂੰ ਉਸ ਨੇ ਥੋੜ੍ਹੀ ਜਿਹੀ ਸੁਰਤ ਸੰਭਾਲਣ `ਤੇ ਬੰਦ ਕਮਰੇ ਦੀ ਖਿੜਕੀ ਵਿਚੋਂ ਰਾਹਗੀਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਇਸ ਤਰ੍ਹਾਂ ਉਥੋਂ ਨਿਕਲਣ ਵਿੱਚ ਕਾਮਯਾਬ ਹੋਈ ਅਤੇ ਸਾਰੀ ਵਿਥਿਆ ਦੱਸੀ। ਪੁਲੀਸ ਵਲੋਂ ਜਿਸ ਪੱਧਰ `ਤੇ ਅਸ਼ਲੀਲ ਪੋਰਨੋ ਮੂਵੀਆਂ, ਉਨ੍ਹਾਂ ਨੂੰ ਵਿਖਾਣ ਦੇ ਸਾਧਨ ਅਤੇ ਨਸ਼ਿਆਂ ਦੇ ਟੀਕੇ ਉਥੋਂ ਬਰਾਮਦ ਕੀਤੇ ਗਏ, ਉਸ ਤੋਂ ਸਾਫ ਪਤਾ ਲਗਦਾ ਹੈ ਕਿ ਇਹ ਉਨ੍ਹਾਂ ਵਾਸਤੇ ਕੋਈ ਨਵਾਂ ਕੰਮ ਨਹੀਂ, ਸਗੋਂ ਨਿੱਤ ਦਾ ਕਰਮ ਸੀ।

ਗੁਰਨਾਮ ਸਿੰਘ ਅਤੇ ਸੁਖਦੇਵ ਸਿੰਘ ਨਾਂ ਦੇ ਦੋ ਟਕਸਾਲੀਆਂ ਨੇ ਅਕਤੂਬਰ ੨੦੧੨ ਵਿਚ, ਇੰਗਲੈਂਡ ਦੇ ਸਕਾਟਲੈਂਡ ਵਿੱਚ ਆਪਣੀ ਕਾਮ ਤ੍ਰਿਪਤੀ ਲਈ ਇੱਕ ਅੰਗਰੇਜ਼ ਔਰਤ ਨਾਲ ਜ਼ਬਰਦਸਤੀ ਕੀਤੀ, ਜਿਸ ਦੀ ਸਾਰੀ ਕਹਾਣੀ "Sikh priests raped prostitute after she turned down sex demands ... www.dailyrecord.co.uk › News › Scottish News › Courts" `ਤੇ ਪੜ੍ਹੀ ਜਾ ਸਕਦੀ ਹੈ।

ਇਸੇ ਤਰ੍ਹਾ ਕੁਲਜੀਤ ਸਿੰਘ ਖਾਲਸਾ ਨਾਂ ਦੇ ਇੱਕ ਪਖੰਡੀ ਸੰਤ ਦੇ ਕੁਕਰਮਾਂ ਦੀ ਕਹਾਣੀ ਪੀੜਤ ਬੱਚੀ ਦੀ ਜ਼ੁਬਾਨੀ ਇਸ ਸੰਪਰਕ `ਤੇ ਵੇਖੀ ਸੁਣੀ ਜਾ ਸਕਦੀ ਹੈ: "https://youtu.be/EyDgiZzEO1w sant kuljit singh khalsa Rape with 17 year old girl 2013"

ਜੇ ਇਨ੍ਹਾਂ ਅਖੌਤੀ ਸੰਤਾਂ ਦੀਆਂ ਕਾਮਲੀਲਾਵਾਂ ਦੀਆਂ ਕਹਾਣੀਆਂ ਦੀ ਖੋਜ ਕਰ ਕੇ ਕਿਤਾਬ ਲਿੱਖੀ ਜਾਵੇ ਤਾਂ ‘ਦੀਵਾਨ ਜਰਮਨੀ ਦਾਸ` ਦੀ ਲਿੱਖੀ ਕਿਤਾਬ "ਮਹਾਰਾਜਾ" ਬਹੁਤ ਪਿੱਛੇ ਰਹਿ ਜਾਵੇਗੀ।

ਗੱਲ ਦਾ ਸਾਰ ਇਹ ਹੈ ਕਿ ਇਹ ਡੇਰੇ ਧਰਮ ਦੇ ਪੜਦੇ ਪਿੱਛੇ ਐਯਾਸ਼ੀ ਦੇ ਉਹ ਅੱਡੇ ਹਨ, ਜਿਥੇ ਹਰ ਤਰ੍ਹਾਂ ਦਾ ਮਨੁੱਖੀ ਸਰੀਰਕ ਸੋਸ਼ਣ ਹੋ ਰਿਹਾ ਹੈ।

ਜਿਸ ਵੇਲੇ ਗੱਲ ਸਰੀਰਕ ਸੋਸ਼ਣ ਦੀ ਆਉਂਦੀ ਹੈ ਤਾਂ ਨੈਤਿਕਤਾ ਨੂੰ ਉਸ ਤੋਂ ਅੱਡ ਨਹੀਂ ਕੀਤਾ ਜਾ ਸਕਦਾ। ਸੋਸ਼ਣ ਕਰਨ ਵਾਲਾ ਤਾਂ ਹੁੰਦਾ ਹੀ ਆਚਰਣ ਹੀਨ ਅਤੇ ਅਨੈਤਿਕ ਹੈ ਪਰ ਸਰੀਰਕ ਸੋਸ਼ਣ ਸੋਸ਼ਿਤ ਦੇ ਅੰਦਰ ਵੀ ਬਹੁਤੀ ਵਾਰੀ ਆਚਰਣ ਹੀਨਤਾ ਅਤੇ ਅਨੈਕਿਤਤਾ ਲਿਆਉਂਦਾ ਹੈ। ਇੱਕ ਆਚਰਣ ਹੀਨ ਵਿਅਕਤੀ ਨੈਤਿਕਤਾ ਦੀਆਂ ਗੱਲਾਂ ਤਾਂ ਕਰ ਸਕਦਾ ਹੈ, ਪਰ ਸੱਚਮੁੱਚ ਉੱਚੇ ਸੁੱਚੇ ਜੀਵਨ ਵਾਲਾ ਹੋ ਨਹੀਂ ਸਕਦਾ। ਗੱਲਾਂ ਨਾ ਆਚਰਣ ਹਨ ਅਤੇ ਨਾ ਹੀ ਨੈਤਿਕਤਾ ਦਾ ਪੈਮਾਨਾ। ਨੈਤਿਕਤਾ ਤਾਂ ਜੀਵਨ ਦਾ ਇਹ ਸੱਚ ਹੈ ਕਿ ਅਸੀਂ ਜੀਵਣ ਵਿੱਚ ਕਮਾ ਕੀ ਰਹੇ ਹਾਂ।

ਸਿੱਖੀ ਸੱਚ ਦਾ ਧਰਮ ਹੈ। ਮੂਲ ਮੰਤਰ ਵਿੱਚ ੴ ਤੋਂ ਬਾਅਦ ਅਗਲਾ ਸ਼ਬਦ ਸਤਿ ਆਉਂਦਾ ਹੈ। ਪਰ ਗੁਰਬਾਣੀ ਵਿੱਚ ਸਤਿਗੁਰੂ ਨੇ ਜਿਥੇ ਸੱਚ ਨੂੰ ਸਭ ਤੋਂ ਉਪਰ ਦੱਸਿਆ ਹੈ, ਉਥੇ ਸੱਚੇ ਆਚਰਣ ਨੂੰ ਸੱਚ ਤੋਂ ਵੀ ਉਪਰ ਸਥਾਨ ਦਿੱਤਾ ਹੈ। ਗੁਰਬਾਣੀ ਦੇ ਪਾਵਨ ਬਚਨ ਹਨ:

"ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ।। " {ਸਿਰੀ ਰਾਗੁ ਮਹਲਾ ੧, ਪੰਨਾ ੬੨}

ਸੱਚ ਦੀ ਪਰਿਭਾਸ਼ਾ ਸਮਝਾਉਂਦੇ ਹੋਏ ਸਤਿਗੁਰੂ ਫੁਰਮਾਉਂਦੇ ਹਨ:

ਮਃ ੧।। ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ।। ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ।। ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ।। ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ।। ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ।। ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ।। ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ।। ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ।। ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ।। ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ।। ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।। ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ।। ੨।। {ਪੰਨਾ ੪੬੮}

(ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿੱਚ ਟਿਕ ਜਾਏ। ਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ।

(ਮਾਇਆ ਛਲ ਵਲੋਂ ਮਨ ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿੱਚ ਮਨ ਜੋੜਦਾ ਹੈ, (ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ।

ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ, ਭਾਵ, ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿੱਚ ਪ੍ਰਭੂ ਦਾ ਨਾਮ ਬੀਜ ਦੇਵੇ।

ਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ ਸਿੱਖਿਆ (ਗੁਰੂ ਪਾਸੋਂ) ਲਏ ਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ (ਲੋੜਵੰਦਾਂ ਨੂੰ) ਕੁੱਝ ਦਾਨ ਪੁੰਨ ਕਰੇ।

ਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ, ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ।

ਨਾਨਕ ਅਰਜ਼ ਕਰਦਾ ਹੈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ, ਉਨ੍ਹਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ) ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ)। ੨।

ਜੇ ਗੁਰਬਾਣੀ ਦੇ ਇਸ ਸੱਚ ਅਨੁਸਾਰ ਜੀਵਨ ਨੂੰ ਸਾਧਿਆ ਹੈ ਤਾਂ ਹੀ ਸਚਿਆਰ ਜੀਵਨ ਦੀ ਗੱਲ ਆਉਂਦੀ ਹੈ। ਐਸੇ ਸਚਿਆਰ ਜੀਵਨ ਵਿੱਚ ਆਚਰਣ-ਹੀਨਤਾ ਅਤੇ ਅਨੈਤਿਕਤਾ ਲਈ ਕੋਈ ਸਥਾਨ ਨਹੀਂ ਹੋ ਸਕਦਾ।

ਆਚਰਣ ਹੀਣਤਾ ਨੂੰ ਗੁਰਮਤਿ ਨੇ ਕਦੇ ਪਰਵਾਨ ਨਹੀਂ ਕੀਤਾ। ਪਰਾਈ ਇਸਤ੍ਰੀ ਜਾਂ ਪਰਾਏ ਪੁਰਸ਼ ਨਾਲ ਸਰੀਰਕ ਸਬੰਧ ਬਨਾਉੇਣ ਨੂੰ ਸਭਿਆ ਸਮਾਜ ਵਿੱਚ ਵੱਡੀ ਆਚਰਣ ਹੀਣਤਾ ਮੰਨਿਆਂ ਜਾਂਦਾ ਹੈ। ਸਤਿਗੁਰੂ ਨੇ ਸਮਝਾਜਿਆ ਹੈ:

"ਪਲਕ ਦ੍ਰਿਸਟਿ ਦੇਖਿ ਭੂਲੋ ਆਕ ਨੀਮ ਕੋ ਤੂੰਮਰੁ।।

ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।। " {ਆਸਾ ਮਹਲਾ ੫, ਪੰਨਾ ੪੦੩}

ਹੇ ਅੰਨ੍ਹੇ ਮਨੁੱਖ ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ। ਹੇ ਅੰਨ੍ਹੇ ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ।

ਗੁਰਬਾਣੀ ਸਾਨੂੰ ਚੇਤੰਨ ਕਰਦੀ ਹੈ ਕਿ ਹੇ ਮਨੁੱਖ! ਤੂੰ ਕਾਮ ਵਿੱਚ ਗਲਤਾਨ ਹੋ ਕੇ, ਜਿਥੇ ਜੀਵਨ ਨੂੰ ਵਿਕਾਰੀ ਬਣਾ ਲਿਆ ਹੈ, ਉਥੇ ਪ੍ਰਮੇਸਰ ਨੂੰ ਵਿਸਾਰ ਕੇ ਆਪਣੀ ਮਤ ਵੀ ਭ੍ਰਿਸ਼ਟ ਕਰ ਲਈ ਹੈ ਅਤੇ ਆਪਣੀ ਇਜ਼ਤ ਗੁਆ ਬੈਠਾ ਹੈਂ। ਪਰਾਏ ਮਰਦ ਜਾਂ ਇਸਤ੍ਰੀ ਨੂੰ ਵੇਖ ਕੇ ਮਨ ਵਿੱਚ ਵਿਕਾਰ ਲਿਆਉਣ ਵਾਲੇ ਵਿਅਕਤੀ ਨੂੰ ਸਤਿਗੁਰੂ ਸਮਝਾਉਂਦੇ ਹਨ ਕਿ ਇਹ ਤੂੰ ਆਪਣੇ ਜੀਵਨ ਨੂੰ ਜੰਜੀਰਾਂ ਵਿੱਚ ਜਕੜ ਰਿਹਾ ਹੈਂ। ਗੁਰਬਾਣੀ ਦਾ ਪਾਵਨ ਉਪਦੇਸ਼ ਹੈ:

"ਕਾਮੁ ਚਿਤੈ ਕਾਮਣਿ ਹਿਤਕਾਰੀ।। ਕ੍ਰੋਧੁ ਬਿਨਾਸੈ ਸਗਲ ਵਿਕਾਰੀ।।

ਪਤਿ ਮਤਿ ਖੋਵਹਿ ਨਾਮੁ ਵਿਸਾਰੀ।। ੪।।

ਪਰ ਘਰਿ ਚੀਤੁ ਮਨਮੁਖਿ ਡੋਲਾਇ।। ਗਲਿ ਜੇਵਰੀ ਧੰਧੈ ਲਪਟਾਇ।।

ਗੁਰਮੁਖਿ ਛੂਟਸਿ ਹਰਿ ਗੁਣ ਗਾਇ।। ੫।। " {ਗਉੜੀ ਮਹਲਾ ੧, ਪੰਨਾ ੨੨੬}

(ਦੁਰਮਤਿ ਦੇ ਅਧੀਨ ਹੋ ਕੇ) ਇਸਤ੍ਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ-ਵਾਸਨਾ ਹੀ ਚਿਤਵਦਾ ਹੈ। (ਫਿਰ) ਕ੍ਰੋਧ ਸਾਰੇ ਵਿਕਾਰੀਆਂ (ਦੇ ਆਤਮਕ ਜੀਵਨ) ਨੂੰ ਤਬਾਹ ਕਰਦਾ ਹੈ। ਅਜੇਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਹਨ। ੪।

ਆਪਣੇ ਮਨ ਦਾ ਮੁਰੀਦ ਮਨੁੱਖ ਪਰਾਏ ਘਰ ਵਿੱਚ ਆਪਣੇ ਚਿਤ ਨੂੰ ਡੁਲਾਂਦਾ ਹੈ (ਨਤੀਜਾ ਇਹ ਨਿਕਲਦਾ ਹੈ ਕਿ ਵਿਕਾਰਾਂ ਦੇ) ਜੰਜਾਲ ਵਿੱਚ ਉਹ ਫਸਦਾ ਹੈ ਤੇ ਉਸ ਦੇ ਗਲ ਵਿੱਚ ਵਿਕਾਰਾਂ ਦੀ ਫਾਹੀ (ਪੱਕੀ ਹੁੰਦੀ ਜਾਂਦੀ ਹੈ)। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਇਸ ਜੰਜਾਲ ਵਿਚੋਂ ਬਚ ਨਿਕਲਦਾ ਹੈ। ੫।

ਸਤਿਗੁਰੂ ਫੁਰਮਾਉਂਦੇ ਹਨ ਕਿ ਜੋ ਪਰਾਈਆਂ ਇਸਤ੍ਰੀਆਂ ਭੋਗਦੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਸੰਸਾਰ ਕੋਲੋਂ ਭਾਵੇਂ ਕੁੱਝ ਪੜਦੇ ਪਾ ਲੈਣ ਪਰ ਉਸ ਅਕਾਲ ਪੁਰਖ ਕੋਲੋਂ ਤਾਂ ਕੁੱਝ ਨਹੀਂ ਲੁਕਾਇਆ ਜਾ ਸਕਦਾ, ਸੋ ਉਸ ਦੀ ਦਰਗਾਹ ਵਿੱਚ ਤਾਂ ਸ਼ਰਮਿੰਦਾ ਹੋਣਾ ਹੀ ਪਵੇਗਾ। ਸਤਿਗੁਰੂ ਦਾ ਪਾਵਨ ਉਪਦੇਸ਼ ਹੈ:

"ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ।।

ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ।। " (ਫੁਨਹੇ ਮਹਲਾ ੫, ਪੰਨਾ ੧੩੬੨)

ਹੇ ਭਾਈ! ਜਿਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਜ਼ਰੂਰ ਸ਼ਰਮਸਾਰ ਹੁੰਦੇ ਹਨ। ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹਿੰਦੇ ਹਨ (ਹੇ ਭਾਈ! ਉਹਨਾਂ ਦੇ ਇਹ) ਕੁਕਰਮ ਕਿੱਥੇ ਲੁਕੇ ਰਹਿ ਸਕਦੇ ਹਨ?

ਇਸੇ ਤਰ੍ਹਾਂ ਗੁਰਬਾਣੀ ਨੇ ਮੇਰੀਆਂ ਭੈਣਾਂ ਬੱਚੀਆਂ ਨੂੰ ਵੀ ਸਮਝਾਇਆ ਹੈ ਕਿ ਆਪਣੇ ਪਤੀ ਨੂੰ ਛੱਡ ਕੇ ਹੋਰ ਕਿਸੇ ਪਰਾਏ ਮਰਦ ਵੱਲ ਝਾਕ ਨਹੀਂ ਰਖਣੀ। ਗੁਰਬਾਣੀ ਦਾ ਪਾਵਨ ਫੁਰਮਾਨ ਹੈ:

"ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ।।

ਜਿਨਾੑ ਨਾਉ ਸੁਹਾਗਣੀ ਤਿਨਾੑ ਝਾਕ ਨ ਹੋਰ।। ੧੧੪।। " {ਸਲੋਕ ਸੇਖ ਫਰੀਦ ਕੇ, ਪੰਨਾ ੧੩੮੪}

ਸੁਹਾਗ (-ਪਰਮਾਤਮਾ) ਨੂੰ ਭਾਲਣ ਵਾਲੀਏ (ਹੇ ਜੀਵ ਇਸਤ੍ਰੀਏ!) (ਤੂੰ ਅੰਮ੍ਰਿਤ ਵੇਲੇ ਉੱਠ ਕੇ ਪਤੀ-ਪਰਮਾਤਮਾ ਨੂੰ ਮਿਲਣ ਲਈ ਬੰਦਗੀ ਕਰਦੀ ਹੈਂ ਪਰ ਤੈਨੂੰ ਅਜੇ ਭੀ ਨਹੀਂ ਮਿਲਿਆ) ਤੇਰੇ ਆਪਣੇ ਅੰਦਰ ਹੀ ਕੋਈ ਕਸਰ ਹੈ। ਜਿਨ੍ਹਾਂ ਦਾ ਨਾਮ ‘ਸੋਹਾਗਣਾਂ` ਹੈ ਉਹਨਾਂ ਦੇ ਅੰਦਰ ਕੋਈ ਹੋਰ ਟੇਕ ਨਹੀਂ ਹੁੰਦੀ (ਭਾਵ, ਪਤੀ-ਮਿਲਾਪ ਦੀ ‘ਦਾਤਿ` ਉਹਨਾਂ ਨੂੰ ਹੀ ਮਿਲਦੀ ਹੈ ਜੋ ਅੰਮ੍ਰਿਤ ਵੇਲੇ ਉੱਠਣ ਦਾ ਕੋਈ ‘ਹੱਕ` ਨਹੀਂ ਜਮਾਂਦੀਆਂ)।

ਇਹ ਆਚਰਣ ਹੀਨ ਡੇਰੇਦਾਰ ਕੌਮ ਵਿੱਚ ਵੀ ਆਚਰਣ ਹੀਨਤਾ ਫੈਲਾ ਰਹੇ ਹਨ। ਜਿਨ੍ਹਾਂ ਬੱਚੀਆਂ ਨਾਲ ਜ਼ਬਰਦੱਸਤੀ ਹੋ ਰਹੀ ਹੈ, ਉਹ ਤਾਂ ਗੁਨਹਗਾਰ ਨਹੀਂ ਸਗੋਂ ਮਜ਼ਲੂਮ ਹਨ। ਉਂਝ ਜਿਹੜੀਆਂ ਕਿਸੇ ਸ਼ਰਮ ਜਾਂ ਡਰ ਕਾਰਨ ਇਨ੍ਹਾਂ ਦੇ ਪਾਪ ਕਰਮਾਂ ਨੂੰ ਲੁਕਾਈ ਰਖਦੀਆਂ ਹਨ, ਉਹ ਵੀ ਕੁੱਝ ਹੱਦ ਤੱਕ ਅਣਭੋਲ ਹੀ ਗੁਨਹਗਾਰ ਬਣ ਜਾਂਦੀਆਂ ਹਨ, ਪਰ ਉਨ੍ਹਾਂ ਦਾ ਕੀ ਕਹਾਂਗੇ ਜੋ ਕਿਸੇ ਲਾਲਚ, ਸੁਆਰਥ ਜਾਂ ਅੰਧੀ ਸ਼ਰਧਾ ਵਿੱਚ ਇਨ੍ਹਾਂ ਦੇ ਚੰਗੁਲ ਵਿੱਚ ਫਸ ਜਾਂਦੀਆਂ ਹਨ? ਮੈਂ ਇਹ ਗੱਲ ਮੰਨਦਾਂ ਹਾਂ ਕਿ ਉਨ੍ਹਾਂ ਦਾ ਵੀ ਮਾਨਸਿਕ ਸੋਸ਼ਣ ਹੋਣ ਕਾਰਨ, ਉਹ ਆਪਣਾ ਭਲਾ ਬੁਰਾ ਸਮਝਣ ਦੇ ਸਮਰੱਥ ਨਹੀਂ ਰਹਿੰਦੀਆਂ। ਪਰ ਕੀ ਉਨ੍ਹਾਂ ਦਾ ਪਰਿਵਾਰ ਜਾਂ ਸਮਾਜ ਇਸ ਗੱਲ ਨੂੰ ਇੰਝ ਪ੍ਰਵਾਨ ਕਰਨ ਲਈ ਤਿਆਰ ਹੋ ਜਾਵੇਗਾ? ਇਸ ਬਾਰੇ ਇੱਕ ਪ੍ਰਮਾਣ ਦੇ ਕੇ ਮੈਂ ਇਸ ਵਿਚਾਰ ਨੂੰ ਖਤਮ ਕਰਦਾ ਹਾਂ।

ਜਿਵੇਂ ਉਪਰ ਦੱਸਿਆ ਹੈ, ਧਨਵੰਤ ਸਿੰਘ ਨੇ ਉਸ ਬੱਚੀ ਤੋਂ ਇਲਾਵਾ ਹੋਰ ਛੇ ਬੀਬੀਆਂ ਦੀ ਪੱਤ ਲੁਟਣਾ ਵੀ ਮੰਨਿਆਂ। ਇਹ ਸਭ ਉਸ ਦੇ ਸ਼ਰਧਾਲੂਆਂ ਦੀਆਂ ਪਤਨੀਆਂ ਜਾਂ ਬੱਚੀਆਂ ਸਨ। ਇਨ੍ਹਾਂ ਸਭ ਬੀਬੀਆਂ ਨੂੰ ਅਗਲੇ ਦਿਨ ਪੁਲੀਸ ਨੇ ਥਾਣੇ ਬੁਲਾ ਲਿਆ ਕਿ ਧਨਵੰਤ ਸਿੰਘ ਖਿਲਾਫ ਹੋਰ ਕੇਸ ਬਣਾਏ ਜਾ ਸਕਣ। ਉਨ੍ਹਾਂ ਵਿਚੋਂ ਇਸ ਦੇ ਇੱਕ ਹੋਰ ਸ਼ਰਧਾਲੂ ਨੂੰ ਜਦੋਂ ਆਪਣੀ ਪਤਨੀ ਬਾਰੇ ਪਤਾ ਲੱਗਾ ਤਾਂ ਉਸ ਦਾ ਪਹਿਲਾਂ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ। ਉਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਪਰਵਾਰ ਨੂੰ ਮੈਂ ਨਿਜੀ ਤੌਰ `ਤੇ ਜਾਣਦਾ ਸਾਂ ਕਿਉਂਕਿ ਉਹ ਵੀਰ ਸਾਡੀ ਸੰਸਥਾ ਖਾਲਸਾ ਪੰਚਾਇਤ ਨਾਲ ਜੁੜਿਆ ਹੋਇਆ ਸੀ ਅਤੇ ਪੀੜਤ ਪਰਿਵਾਰ ਨੂੰ ਸਾਡੇ ਕੋਲ ਲਿਆਉਣ ਵਿੱਚ ਉਸ ਦਾ ਵੀ ਹਿੱਸਾ ਸੀ। ਮੈਨੂੰ ਪਤਾ ਲੱਗਣ `ਤੇ ਮੈਂ ਉਸੇ ਵੇਲੇ ਨਵਾਂ ਸ਼ਹਿਰ ਦੌੜਿਆ ਗਿਆ ਤੇ ਜਾ ਕੇ ਸਾਰੀ ਗੱਲ ਪਤਾ ਕੀਤੀ, ਜੋ ਇੰਝ ਸੀ:

ਪਰਿਵਾਰ ਕਾਫੀ ਸਮਾਂ ਬਾਬੇ ਦਾ ਪੱਕਾ ਸ਼ਰਧਾਲੂ ਰਿਹਾ ਸੀ, ਅਤੇ ਇਸ ਬੱਚੀ ਦੀ ਪੱਤ ਲੁੱਟਣ ਦੀ ਗੱਲ ਸਾਮ੍ਹਣੇ ਆਉਣ `ਤੇ ਹੀ ਉਸ ਤੋਂ ਟੁੱਟਾ ਸੀ। ਇੱਕ ਦਿਨ ਉਹ ਬਾਬਾ ਉਸ ਦੇ ਘਰ ਪਹੁੰਚਿਆ ਅਤੇ ਦੱਸਿਆ ਕਿ ਉਸ ਦੀ ਤਬੀਅਤ ਬਹੁਤ ਖਰਾਬ ਹੈ। ਬਸ ਫੇਰ ਕੀ ਸੀ ਆਪਣੇ ਸੌਣ ਵਾਲੇ ਕਮਰੇ ਵਿਚ, ਪਲੰਘ `ਤੇ ਲਿਟਾ ਕੇ ਦੋਵੇਂ ਪਤੀ ਪਤਨੀ ਉਸ ਦੀ ਸੇਵਾ ਵਿੱਚ ਲੱਗ ਗਏ। ਉਸ ਨੇ ਪੁੱਛਿਆ ਕਿ ਬਾਬਾ ਜੀ ਕਿਸੇ ਡਾਕਟਰ ਨੂੰ ਬੁਲਾਈਏ? ਤਾਂ ਬਾਬਾ ਕਹਿਣ ਲੱਗਾ ਕਿ ਨਹੀਂ, ਦੁਆਈ ਤਾਂ ਡਾਕਟਰ ਕੋਲੋਂ ਲਿਖਾਈ ਹੋਈ ਹੈ ਪਰ ਮਿਲਦੀ ਔਖੀ ਹੈ। ਉਸ ਨੇ ਕਿਹਾ ਕਿ ਕੋਈ ਨਹੀਂ ਮੈਨੂੰ ਦੱਸੋ, ਮੈਂ ਲੱਭ ਕੇ ਲਿਆਉਂਦਾ ਹਾਂ। ਪਤਨੀ ਨੂੰ ਮਹਾਪੁਰਖਾਂ ਦੀਆਂ ਲੱਤਾਂ ਘੁੱਟਣ ਲਈ ਕਹਿ ਕੇ ਉਹ ਦਵਾਈ ਲਭਣ ਲਈ ਚਲਾ ਗਿਆ।

ਪਿੱਛੋਂ ਬਾਬੇ ਨੇ ਲੱਤਾਂ ਘੁਟਦੀ ਬੀਬੀ ਨੂੰ ਵਸ ਕਰ ਲਿਆ। ਇੱਕ ਵਾਰੀ ਰਾਹ ਖੁਲ੍ਹ ਗਿਆ ਤਾਂ ਬਾਬੇ ਦੀ ਮਰਜ਼ੀ `ਤੇ ਹੋ ਗਿਆ ਕਿ ਮਹਾਪੁਰਖ ਜਦੋਂ ਮਰਜ਼ੀ ਆ ਕੇ ਭੋਗ ਲਾ ਜਾਣ।

ਸਾਰੀ ਗੱਲ ਸੁਣ ਕੇ ਮੈਂ ਉਸ ਵੀਰ ਨੂੰ ਸਮਝਾਇਆ ਕਿ ਤੇਰੀ ਪਤਨੀ ਗੁਨਾਹਗਾਰ ਨਹੀਂ ਸਗੋਂ ਮਜ਼ਲੂਮ ਹੈ। ਉਸ `ਤੇ ਜ਼ੁਲਮ ਹੋਇਆ ਹੈ। ਨਾਲੇ ਜੇ ਉਸ ਕੋਲੋਂ ਗੁਨਾਹ ਹੋਇਆ ਹੈ ਤਾਂ ਉਸ ਗੁਨਾਹ ਵਿੱਚ ਤੂੰ ਵੀ ਬਰਾਬਰ ਦਾ ਭਾਈਵਾਲ ਹੈਂ, ਜੋ ਆਪਣੀ ਪਤਨੀ ਨੂੰ ਇੱਕ ਪਰਾਏ ਮਰਦ ਦੀਆਂ ਲੱਤਾਂ ਘੁਟਣ ਲਈ ਕਹਿ ਕੇ ਆਪ ਘਰੋਂ ਚਲਾ ਗਿਆ। ਬੜੀ ਮੁਸ਼ਕਿਲ ਨਾਲ ਉਹ ਇਸ ਗੱਲ ਲਈ ਮੰਨਿਆਂ ਕਿ ਚਲੋ, ਕੁੱਝ ਦਿਨਾਂ ਲਈ ਇਹ ਪੇਕੇ ਚਲੀ ਜਾਵੇ, ਫਿਰ ਮੈਂ ਇਸ ਨੂੰ ਬਾਅਦ ਵਿੱਚ ਲੈ ਆਵਾਂਗਾ।

ਕੁਝ ਹੱਦ ਤੱਕ ਉਨ੍ਹਾਂ ਦਾ ਮਸਲਾ ਹੱਲ ਕਰ ਕੇ, ਮੈਂ ਉਥੇ ਦੀ ਐਸ. ਐਸ. ਪੀ ਨੀਰਜਾ ਜੀ ਨੂੰ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਬਾਬਾ ਅਜੇ ਪੂਰਾ ਸੱਚ ਨਹੀਂ ਬੋਲਿਆ। ਅਜੇ ਉਸ ਨੇ ਸਿਰਫ ਉਨ੍ਹਾਂ ਬੀਬੀਆਂ ਬਾਰੇ ਦੱਸਿਆ ਹੈ ਜਿਨ੍ਹਾਂ ਬਾਰੇ ਉਸ ਨੂੰ ਸ਼ੱਕ ਸੀ ਕਿ ਸਾਨੂੰ ਪਹਿਲਾਂ ਹੀ ਪਤਾ ਹੈ, ਅਜੇ ਰਾਤੀਂ ਇਸ ਦੀ ਹੋਰ ਪੁੱਛ ਪੜਤਾਲ ਹੋਵੇਗੀ ਤਾਂ ਅਸਲ ਸੱਚ ਸਾਮ੍ਹਣੇ ਆਵੇਗਾ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਸਾਨੂੰ ਆਪਣੇ ਕੇਸ ਵਾਸਤੇ ਹੋਰ ਪੀੜਤਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ? ਤਾਂ ਉਹ ਕਹਿਣ ਲੱਗੇ ਕਿ ਨਹੀਂ ਸਾਡਾ ਕੇਸ ਤਾਂ ਪੂਰਾ ਮਜ਼ਬੂਤ ਹੈ, ਪਰ ਹੋਰ ਕੇਸ ਵੀ ਬਣਾਏ ਜਾ ਸਕਦੇ ਹਨ। ਇਸ `ਤੇ ਮੈਂ ਉਨ੍ਹਾਂ ਨੂੰ ਪੂਰੀ ਕਹਾਣੀ ਦੱਸ ਕੇ ਬੇਨਤੀ ਕੀਤੀ ਕਿ ਇੱਕ ਪਰਿਵਾਰ ਤਾਂ ਟੁੱਟ ਗਿਆ, ਸਾਮ੍ਹਣੇ ਆ ਗਿਆ ਹੈ, ਇਸ ਨਾਲ ਪਤਾ ਨਹੀਂ ਹੋਰ ਕਿਤਨੇ ਪਰਿਵਾਰ ਬਰਬਾਦ ਹੋ ਜਾਣਗੇ। ਉਨ੍ਹਾਂ ਮੇਰਾ ਭਾਵ ਸਮਝਦੇ ਹੋਏ ਫੌਰੀ ਜੁਆਬ ਦਿੱਤਾ ਕਿ, ਇਹ ਵਾਕਿਆ ਹੀ ਗ਼ਲਤ ਹੋ ਗਿਆ ਹੈ, ਹੁਣ ਅਸੀ ਉਸ ਤੋਂ ਹੋਰ ਪੁੱਛ ਪੜਤਾਲ ਤਾਂ ਕਰਾਂਗੇ ਪਰ ਉਸ ਨੂੰ ਜੱਗ ਜ਼ਾਹਿਰ ਨਹੀਂ ਕਰਾਂਗੇ ਅਤੇ ਹੋਰ ਕੇਸ ਵੀ ਨਹੀਂ ਬਣਾਵਾਂਗੇ ਤਾਂ ਕਿ ਕਿਸੇ ਦੇ ਪਰਿਵਾਰਕ ਜੀਵਨ `ਤੇ ਅਸਰ ਨਾ ਪਵੇ।

ਧਰਮ ਦੇ ਭੇਖ ਵਿੱਚ ਤੁਰੇ ਫਿਰਦੇ ਇਹ ਲਫੰਡਰ ਸਿੱਖ ਸਮਾਜ ਨੂੰ ਨੈਤਿਕ ਤੌਰ `ਤੇ ਵੀ ਕੰਗਾਲ ਕਰ ਰਹੇ ਹਨ। ਜੇ ਸਿੱਖ ਕੌਮ ਨੇ ਇਨ੍ਹਾਂ ਦੇ ਅਸਲ ਚਿਹਰੇ ਨੂੰ ਨਾ ਪਹਿਚਾਣਿਆਂ ਤਾਂ ਇਹ ਨੈਤਿਕ ਸੋਸ਼ਣ ਸਾਰੇ ਅਮੋਲਕ ਸਿੱਖ ਸਿਧਾਤਾਂ ਦੇ ਪਤਨ ਦਾ ਕਾਰਨ ਬਣ ਸਕਦਾ ਹੈ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.