ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਕਿਵੇਂ ਮਨਾਈਏ
ਗੁਰੂ ਅਰਜਨ ਦੇਵ ਜੀ ਦੇ ਸਮੇਂ ਮੁਸਲਮਾਨ ਤੇ ਹਿੰਦੂ ਗੁਰੂ ਜੀ ਦੇ ਸਿੱਖਾਂ
ਨੂੰ ਤਾਨ੍ਹਾ ਮਾਰ ਕੇ ਕਹਿੰਦੇ ਸਨ ਕਿ ਤੁਹਾਡੇ ਕੋਲ ਨਾ ਤਾਂ ਕੋਈ ਤੀਰਥ ਅਸਥਾਨ ਹੈ ਤੇ ਨਾ ਹੀ ਕੋਈ
ਧਾਰਮਕ ਗ੍ਰੰਥ (ਸ਼ੁਮਾ ਨਾ ਅਹੲਲ ਕਿਤਾਬ ਅਸਤ ਨਾ ਅਹਲਿ ਮਕਾਮ)। ਗੁਰੂ ਅਰਜਨ ਦੇਵ ਨੇ ਅਸਾਨੂੰ ਇੱਕ
ਅਦੁੱਤੀ ਤੀਰਥ ਅਸਥਾਨ, ਹਰਿਮੰਦਰ ਸਾਹਿਬ, ਜਿਸ ਦੇ ਦਰਵਾਜ਼ੇ ਹਰ ਇੱਕ ਲਈ ਖੁਲ੍ਹੇ ਹਨ ਦਿੱਤਾ ਸਗੋਂ
ੳਨ੍ਹਾਂ ਨੇ ਅਸਾਨੂੰ ਇੱਕ ਅਜਿਹਾ ਧਾਰਮਕ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਵੀ ਬਖਸ਼ਿਆ ਜਿਸ ਵਰਗਾ ਸਾਰੇ
ਸੰਸਾਰ ਵਿੱਚ ਹੋਰ ਕੋਈ ਧਾਰਮਕ ਗ੍ਰੰਥ ਨਹੀਂ ਹੈ। ਜਿਸ ਵਿੱਚ ਗੁਰੂਆ ਤੋਂ ਛੁਟ ਹਿੰਦੂ, ਮੁਸਲਮਾਨ,
ਸ਼ੂਦਰ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਅਤੇ ਜਿਸ ਦੀ ਸਿੱਖਿਆ ਸਾਰਿਆ ਲਈ ਸਾਂਝੀ ਹੈ:
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ।। (ਅੰਗ: ੭੪੭)
ਆਪ ਨੇ ਕੁਰਬਾਨੀ ਦੇ ਸਿਧਾਂਤ ਨੂੰ ਨਿਸ਼ਕਾਮ ਕੁਰਬਾਨੀ ਦੇ ਕੇ ਇੱਕ ਨਵੀਂ ਲੀਹ
ਪਾਈ ਅਤੇ ਕੁਰਬਾਨੀ ਦੇ ਸਿਧਾਂਤ ਨੂੰ ਨਵੀਂ ਸਿਖਰਾਂ ਤੇ ਪਹੁੰਚਾਇਆ। ਆਪ ਨੇ ਸਚਾਈ, ਵਿਚਾਰਾਂ ਤੇ
ਧਰਮ ਦੀ ਆਜ਼ਾਦੀ ਦੇ ਵਾਸਤੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਅਤੇ ਆਪਣੇ ਅਸੂਲਾਂ ਤੇ ਡਟੇ ਰਹੇ।
ਆਪ ਨੇ ਵਾਹਿਗੁਰੂ ਦੇ ਭਾਣੇ ਨੂੰ ਖੁਸ਼ੀ ੨ ਇਹ ਕਹਿ ਕੇ ਮਿੱਠਾ ਕਰ ਕੇ ਮੰਨਿਆ: ਤੇ ਕੇਵਲ ਨਾਮ ਦੀ
ਮੰਗ ਕੀਤੀ:
ਤੇਰਾ ਕੀਆ ਮੀਠਾ ਲਾਗੈ।। ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।। (ਅੰਗ: ੩੯੪)
ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥
ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗੁ ॥ (ਅੰਗ: ੨੭੫)
(ਆਤਮ—ਆਪਣੇ ਅੰਦਰ। ਹਿਤਾਵੈ— ਮਿੱਠੀ ਕਰ ਕੇ ਮੰਨੇ। ਹਰਖੁ—ਖ਼ੁਸ਼ੀ।
ਬਿਓਗੁ—ਵਿਛੋੜਾ।)
ਅਸੀਂ ਹਰ ਸਾਲ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾਂਦੇ ਹਾਂ ਅਤੇ ਕਈ
ਨਗਰਾਂ ਵਿੱਚ ਨਗਰ ਕੀਰਤਨ ਵੀ ਕਢਦੇ ਹਾਂ। ਕਈ ਸ਼ਰਧਾਲੂ ਪਾਠੀਆਂ ਨੂੰ ਮਾਇਆ ਦੇ ਕੇ ਅਖੰਡ ਪਾਠ ਵੀ
ਕਰਵਾਂਦੇ ਹਨ, ਪਰ ਆਪ ਪਾਠ ਸੁਣਨਾ ਜਾਂ ਕਰਨਾ ਜ਼ਰੂਰੀ ਨਹੀਂ ਸਮਝਦੇ। ਕਈ ਸਜਣ ਲੰਗਰ ਕਰਵਾਉਂਦੇ ਹਨ,
ਪਰ ਹਥੀਂ ਸੇਵਾ ਕਰਨ ਤੋਂ ਕਤਰਾਉਂਦੇ ਹਨ। ਅਸੀਂ ਗੁਰੂ ਜੀ ਦੀ ਸਿੱਖਿਆ ਨੂੰ ਭੁੱਲ ਰਹੇ ਹਾਂ। ਅਸੀਂ
ਗੁਰੂ ਗ੍ਰੰਥ ਸਾਹਿਬ ਅੱਗੇ ਕੇਵਲ ਸੀਸ ਨਿਆਉਣਾ ਹੀ ਕਾਫੀ ਸਮਝਦੇ ਹਾਂ ਅਤੇ ਗੁਰਬਾਣੀ ਨੂੰ ਸਮਝਣ ਦੀ
ਕੋਸ਼ਿਸ ਹੀ ਨਹੀਂ ਕਰਦੇ। ਚਾਹੀਦਾ ਤਾਂ ਇਹ ਹੈ ਕਿ ਗੁਰਬਾਣੀ ਨੂੰ ਸਮਝ ਕੇ ਉਸ ਦੀ ਸਿੱਖਿਆ ਤੇ ਅਮਲ
ਕਰਨ ਦਾ ਯਤਨ ਕਰੀਏ। ਮੇਰੀ ਤੁੱਛ ਰਾਏ ਅਨੁਸਾਰ ਗੁਰੂ ਜੀ ਦੀ ਬਾਣੀ ਨੂੰ ਸਮਝਣ ਤੇ ਉਸ ਤੇ ਅਮਲ ਕਰਨਾ
ਹੋਰ ਗਲਾਂ ਨਾਲੋਂ ਜ਼ਿਆਦਾ ਜ਼ਰੂਰੀ ਹੈ। ਕਈ ਗੁਰਦੁਆਰਿਆਂ ਵਿੱਚ ਤਾਂ ਸਕਰੀਨ ਤੇ ਸ਼ਬਦ ਦੇ ਅਰਥ ਵੀ ਨਜ਼ਰ
ਆਉਂਦੇ ਹਨ। ਮੇਰੀ ਅਰਦਾਸ ਹੈ ਕਿ ਵਾਹਿਗੁਰੂ ਅਸਾਨੂੰ ਗੁਰਬਾਣੀ ਨੂੰ ਸਮਣ ਤੇ ਉਸ ਤੇ ਚਲਣ ਦੀ ਸ਼ਕਤੀ
ਬਖਸ਼ੇ।
ਮੈਂ ਗੁਰਬਾਣੀ ਵਿਚੋਂ ਗੁਰੂ ਅਰਜਨ ਦੇਵ ਜੀ ਦੀਆ ਕੁੱਝ ਤੁਕਾਂ ਲਿਖ ਰਿਹਾ
ਹਾਂ। ਤੁਸੀਂ ਵੇਖੋ ਗੇ ਕਿ ਹਰ ਇੱਕ ਤੁਕ ਸੌਖੇ ਸ਼ਬਦਾਂ ਵਿੱਚ ਅਸਾਨੂੰ ਜੀਵਨ ਸੇਧ ਦਿੰਦੀ ਹੈ। ਲੋੜ
ਹੈ ਕਿ ਅਸੀਂ ਉਸ ਤੇ ਵਿਚਾਰ ਕਰੀਏ ਤੇ ਉਨ੍ਹਾਂ ਤੇ ਅਮਲ ਕਰੀਏ:
ਗੁਰੂ ਜੀ ਸਰਲ ਸ਼ਬਦਾਂ ਵਿੱਚ ਅਸਾਨੂੰ ਜਵਿਨ ਵਿੱਚ ਚੰਗੇ ਕੰਮ ਕਰਨ ਲਈ
ਪ੍ਰੇਰਦੇ ਹੋਏ ਲਿਖਦੇ ਹਨ:
ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥ (ਅੰਗ: ੧੩)
(ਈਹਾ- ਇਸ ਜਨਮ ਵਿਚ। ਖਾਟਿ—ਖੱਟ ਕੇ। ਲਾਹਾ—ਲਾਭ। ਆਗੈ—ਪਰਲੋਕ ਵਿਚ।
ਬਸਨੁ—ਵੱਸਣਾ। ਸੁਹੇਲਾ—ਸੌਖਾ।
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ।। (ਅੰਗ: ੫੦)
(ਚਜੁ—ਕੰਮ ਕਰਨ ਦੀ ਜਾਚ, ਜੀਵਨ-ਜਾਚ। ਅਚਾਰੁ—ਚੰਗਾ ਚਲਨ।)
ਇਹ ਤੱਕ ਅਸਾਨੂੰ ਅਹੰਕਾਰ ਵਿੱਚ ਦੂਜਿਆ ਨੂੰ ਦੁਖੀ ਕਰਨ ਤੋਂ ਵਰਜਦੀ ਹੈ:
ਗਰੀਬਾ ਉਪਰਿ ਜਿ ਖਿੰਜੈ ਦਾੜੀ।। ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ।। (ਅੰਗ:
੧੯੯)
(ਖਿੰਜੈ
—ਖਿੱਝਦੀ
ਹੈ (ਅਹੰਕਾਰ ਵਿੱਚ ਆ ਕੇ ਦੁੱਖੀ ਕਰਦਾ ਹੈ।) ਪਾਰਬ੍ਰਹਮਿ—ਪ੍ਰਭੂ ਨੇ।)
ਅਗਲੀ ਤੁਕ ਨਿਮਰਤਾ ਦੇ ਗੁਣ ਦਰਸਾ ਕੇ ਉਸ ਨੂੰ ਅਪਨਾਉਣ ਦੀ ਸਿੱਖਿਆ ਦਿੰਦੀ
ਹੈ:
ਆਪਸ ਕਉ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥ (ਅੰਗ: ੨੬੬)
ਹੇਠ ਲਿਖੀ ਤੁਕ ਦਰਸਾਉਂਦੀ ਹੈ ਕਿ ਨਿਸ਼ਕਾਮ ਸੇਵਾ ਕਰਨ ਨਾਲ ਪ੍ਰਭੂ ਤਕ
ਪਹੁੰਚ ਸਕੀਦਾ ਹੈ:
ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ (ਅੰਗ: ੨੮੬
(ਨਿਹਕਾਮੀ—ਕਾਮਨਾ-ਰਹਿਤ, ਫਲ ਦੀ ਇੱਛਾ ਨਾਹ ਰੱਖਣ ਵਾਲਾ। ਸੁਆਮੀ
-
ਪ੍ਰਭੂ।)
ਅਗਲੀ ਤੁਕ ਅਸਾਨੂੰ ਮਾਇਆ ਲਈ ਲਾਲਚ ਦਾ ਤਿਆਗ ਕਰਨ ਲਈ ਪ੍ਰੇਰਦੀ ਹੈ:
ਸੰਗਿ ਨ ਚਾਲਸਿ ਤੇਰੈ ਧਨਾ ॥ ਤੂੰ ਕਿਆ ਲਪਟਾਵਹਿ ਮੂਰਖ ਮਨਾ ॥ (ਅੰਗ: ੨੮੮)
ਗੁਰੂ ਜੀ ਨੇ ਮਿੱਠੇ ਬਚਨ ਬੋਲਣ ਦਾ ਉਪਦੇਸ਼ ਦਿੱਤਾ ਹੈ ਤੇ ਲਿਖਿਆ ਹੈ:
ਕੋਮਲ (ਮਿੱਠੀ) ਬਾਣੀ ਸਭ ਕਉ ਸੰਤੋਖੈ ॥ (ਅੰਗ: ੨੯੯)
ਗੁਰੂ ਜੀ ਨਿੰਦਿਆ ਕਰਨ ਦੇ ਔਗੁਣ ਦਰਸਾ ਕੇ ਸਾਨੂੰ ਸੁਚੇਤ ਕਰਦੇ ਹਨ:
ਨਿੰਦਕਿ ਅਹਿਲਾ (ਕੀਮਤੀ)
ਜਨਮੁ ਗਵਾਇਆ ॥ (ਅੰਗ: ੩੮੦) ਇਸ ਤੁਕ ਵਿੱਚ ਗੁਰੂ ਜੀ ਨੇ ਪਖੰਡ ਕਰਨ ਦੇ ਨੁਕਸਾਨ ਦਰਸਾਏ ਹਨ:
ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥ (ਅੰਗ: ੩੮੧)
(ਦੁਇ ਠਉਰ- ਲੋਕ ਪਰਲੋਕ)
ਗੁਰੂ ਜੀ ਅਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਵਾਹਿਗੁਰੂ ਨੂੰ ਭੁਲਣ ਨਾਲ
ਦੁਖ ਪਾਈਦਾ ਹੈ:
ਸਰਬ ਦੂਖ ਜਬ ਬਿਸਰਹਿ ਸੁਆਮੀ।। (ਅੰਗ: ੩੯੪)
ਵਹਿਮਾਂ ਭਰਮਾਂ ਤੋਂ ਬਚਣ ਲਈ ਵਾਹਿਗੁਰੂ ਨੂੰ ਯਾਦ ਰਖਣ ਦੀ ਚਿਤਾਵਨੀ ਦਿੱਤੀ
ਹੈ:
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ (ਅੰਗ: ੪੦੧)
ਵਿਭਚਾਰੀਆਂ ਨੂੰ ਤਾੜਨਾ ਕਰਨ ਲਈ ਗੁਰੂ ਜੀ ਨੇ ਫਰਮਾਇਆ ਹੈ:
ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ ॥ (ਅੰਗ: ੪੦੩)
( ਬਿਸੀਅਰ—ਸੱਪ। ਪਰ ਗ੍ਰਿਹੁ—ਪਰਾਇਆ ਘਰ, ਪਰਾਈ ਇਸਤ੍ਰੀ ਦਾ ਸੰਗ।)
ਹੇਠਲੀ ਤੁੱਕ ਰਾਹੀਂ ਗੁਰੂ ਜੀ ਨੇ ਫਰਮਾਇਆ ਹੈ ਕਿ ਅਸਾਨੂੰ ਆਪਣੇ ਕੀਤੇ ਦਾ
ਫਲ ਭੁਗਤਣਾ ਪੈਣਾ ਹੈ:
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥ (ਅੰਗ: ੪੭੦)
ਅਸਾਡਾ ਧਿਆਨ ਨਾਸ਼ਮਾਨਤਾ ਵੱਲ ਦਿਵਾ ਕੇ ਕਿਖਦੇ ਹਨ:
ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥ (ਅੰਗ: ੬੦੮)
ਦਾਤਿ ਪਿਆਰੀ ਵਿਸਰਿਆ
ਦਾਤਾਰਾ (ਪ੍ਰਭੂ) ॥ (ਅੰਗ: ੬੭੬)
ਗੁਰੂ ਜੀ ਨੇ ਸਾਨੂੰ ਜੀਵਨ ਵਿੱਚ ਸਚਾਈ ਤੇ ਦਇਆ ਨੂੰ ਅਪਨਾਉਣ ਤੇ ਰੱਬ ਤੇ
ਭਰੋਸਾ ਕਰਨ ਦੀ ਸਿੱਖਿਆ ਦਿੱਤੀ ਹੈ ਅਤੇ ਅਸਾਨੂੰ ਆਪਣੀ ਇਛਿਆਵਾਂ ਨੂੰ ਸੀਮਤ ਰਖਣ ਲਈ ਪ੍ਰੇਰਿਆ
ਹੈ::
ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥ (ਅੰਗ: ੮੧੨)
ਸਭ ਤਜਹੁ (ਛੱਡ ਕੇ) ਦੂਜੀ ਆਸੜੀ ਰਖੁ ਆਸ ਇਕ ਨਿਰੰਕਾਰ ॥ (ਅੰਗ: ੯੮੬)
ਛਾਡਿ ਵਿਡਾਣੀ ਤਾਤਿ ਮੂੜੇ ॥ (ਅੰਗ: ੮੮੯)
(ਵਿਡਾਣੀ-ਦੂਜਿਆਂ ਨਾਲ, ਤਾਤਿ-ਈਰਖਾ. ਮੂੜੇ-ਹੇ ਮੂਰਖ)
ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥ (ਅੰਗ: ੯੧੯) ਗੁਰੂ ਜੀ
ਨਸ਼ਿਆਂ ਤੇ ਫਜ਼ੂਲ ਵਰਤਾਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਹਨ ਤੇ ਫਰਮਾਂਦੇ ਹਨ:
ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥ (ਅੰਗ: ੧੦੦੧)
(ਹੋਛਾ—ਛੇਤੀ ਮੁੱਕ ਜਾਣ ਵਾਲਾ। ਮਦੁ—ਨਸ਼ਾ। ਬਾਵਰ—ਝੱਲਾ। ਅਕਾਰਥ—ਵਿਅਰਥ।)
ਵਰਤ ਕਰਹਿ ਚੰਦ੍ਰਾਇਣਾ
ਸੇ ਕਿਤੈ ਨ ਲੇਖੰ ॥ (ਅੰਗ: ੧੦੯੯)
(ਚੰਦ੍ਰਾਇਣ ਵਰਤ—ਚੰਦ੍ਰਮਾ ਨਾਲ ਸੰਬੰਧ ਰੱਖਣ ਵਾਲੇ ਵਰਤ। ਕਿਤੈ ਨ
ਲੇਖੰ-ਕੋਈ ਲਾਭ ਨਹੀ।) ਂ
ਗੁਰੂ ਜੀ ਸਚਾਈ ਤੇ ਕੂੜ ਦਾ ਟਾਕਰਾ ਕਰ ਕੇ ਸਚਾਈ ਅਪਨਾਣ ਦਾ ਸੰਦੇਸ਼ ਦਿੰਦੇ
ਹਨ:
ਸਚੁ
ਸੁਹਾਵਾ
(ਸੁਖਾਵਾਂ) ਕਾਢੀਐ ਕੂੜੈ ਕੂੜੀ ਸੋਇ ॥ (ਅੰਗ:
੧੧੦੦)
ਨਾਨਕ ਕਚੜਿਆ ਸਿਉ ਤੋੜਿ
ਢੂਢਿ ਸਜਣ ਸੰਤ ਪਕਿਆ ॥ (ਅੰਗ: ੧੧੦੨)
(ਕਚੜਿਆ ਸਿਉ-ਉਹਨਾਂ ਨਾਲੋਂ ਜਿਨ੍ਹਾਂ ਦੀ ਪ੍ਰੀਤ ਸਿਰਫ਼ ਮਾਇਆ ਦੇ ਸੰਬੰਧ
ਕਰਕੇ ਹੁੰਦੀ ਹੈ।)
ਆਪ ਨੇ ਮੂਰਤੀ ਪੂਜਾ ਨੂੰ ਨਿਸਫਲ ਦਰਸਾਇਆ ਹੈ:
ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ (ਨਿਸਫਲ) ਹੋਵੈ ਸੇਵ ॥ (ਅੰਗ:
੧੧੬੦)
ਇਸ ਵਿੱਚ ਕੋਈ ਸੰਦੇਹ ਨਹੀੰ ਕਿ ਗੁਰੂ ਅਰਜਨ ਦੇਵ ਨੇ ਤਾਨਾਸ਼ਾਹ ਮੁਗਲ ਸਮਰਾਟ
ਦੀ ਤਾਕਤ ਦਾ ਮੁਕਾਬਲਾ ਕਰ ਕੇ ਦਲੇਰੀ ਤੇ ਹੌਸਲੇ ਦੀ ਇੱਕ ਬਹੁਤ ਉੱਚੀ ਮਿਸਾਲ ਕਾਇਮ ਕੀਤੀ ਅਤੇ ਇਸ
ਤਰ੍ਹਾਂ ਉਹ ਬੀਜ ਬੀਜਿਆ ਜਿਸ ਨੇ ਸਿੱਖ ਇਤਿਹਾਸ ਵਿੱਚ ਚੰਗਾ ਫਲ ਦਿੱਤਾ। ਆਪ ਦੀ ਅਦੁੱਤੀ ਕੁਰਬਾਨੀ
ਸੰਸਾਰ ਦੇ ਇਤਿਹਾਸ ਵਿੱਚ ਸੁਨਹਿਰੀ ਅਖਰਾਂ ਵਿੱਚ ਲਿਖੀ ਜਾਣੀ ਚਾਹੀਦੀ ਹੈ। ਲੋੜ ਹੈ ਕਿ ਅਸੀਂ
ਉਨ੍ਹੀਂ ਦੀ ਬਾਣੀ ਪੜ੍ਹੀਏ, ਵਿਚਾਰੀਏ ਅਤੇ ਉਸ ਅਨੁਸਾਰ ਜੀਵੀਏ। ਕਈ ਪਾਠਕ ਕਹਿਣਗੇ ਕਿ ਕਹਿਣਾ ਤੇ
ਲਿਖਣਾ ਸੌਖਾ ਹੈ, ਪਰ ਕਰਨਾ ਕਠਨ ਹੈ। ਉਨ੍ਹਾਂ ਅਗੇ ਮੇਰੀ ਬੇਨਤੀ ਹੈ ਕਿ ਇੱਕ ਵੇਰ ਯਤਨ ਕਰਨ। ਪਾਠ
ਜਾਂ ਸ਼ਬਦ ਨੂੰ ਸੁਣਨ ਉਪਰੰਤ ਉਸ ਤੇ ਵਿਚਾਰ ਕਰਨ ਦੀ ਖੇਚਲ ਕਰਨ।
ਸਾਵਣ ਸਿੰਘ