"ਲੋਹੇ ਨੂੰ ਘੁਣ ਖਾ ਗਿਆ ਬਨਾਮ ਪੰਜਾਬ ਦੀ ਜਵਾਨੀ"
ਅੱਜ ਦੇ ਦੌਰ ਵਿੱਚ ਪੰਜਾਬ ਦੀ
ਧਰਤੀ ਕੁਝ ਕੁ ਅਲਾਮਤਾਂ ਦਾ ਸ਼ਿਕਾਰ ਹੋ ਗਈ ਹੈ ਜਾਂ ਹੋ ਰਹੀ ਹੈ। ਇਕ ਉਹ ਪੰਜਾਬ ਸੀ, ਜਿਸਦੇ
'ਜੰਮਿਆਂ ਨੂੰ ਨਿੱਤ ਮੁਹਿੰਮਾਂ' ਸਨ ਤੇ ਇਕ ਅਜੋਕਾ ਪੰਜਾਬ ਹੈ, ਜਿੱਥੇ ਅੱਜ ਦੇ ਨੌਜਵਾਨ ਨੂੰ ਆਪਣੀ
ਹੀ ਹੋਂਦ ਦਾ ਪਤਾ ਨਹੀਂ । ਉਹ ਇਸ ਗੱਲ ਨੂੰ ਭੁੱਲ ਬੈਠਾ ਹੈ ਕਿ ਉਸਨੂੰ ਕੁਦਰਤ ਨੇ ਮਾਨਸਿਕ ਤੇ
ਸਰੀਰਕ ਤੌਰ 'ਤੇ ਕਿੰਨਾ ਸ਼ਕਤੀਸ਼ਾਲੀ ਬਣਾਇਆ ਹੈ । ਜਿਸ ਜ਼ਮੀਨ ਉੱਤੇ ਉਸਨੇ ਜਨਮ ਲਿਆ ਉਸ ਜ਼ਮੀਨ
ਨੇ ਪਤਾ ਨਹੀਂ ਕਿੰਨੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ੋਸ਼ਣ ਦੇ ਦਰਦ ਨੂੰ ਆਪਣੇ ਪਿੰਡੇ 'ਤੇ
ਹੰਢਾਇਆ ਹੈ। ਉਸ ਦਰਦ ਨੂੰ ਜਰ ਕੇ ਇਸਨੇ ਅਨੇਕਾਂ ਸੂਰਬੀਰ, ਯੋਧੇ ਤੇ ਜਰਵਾਣੇ ਪੈਦਾ ਕੀਤੇ।
ਜਿਨ੍ਹਾਂ ਨੇ ਕੇਵਲ ਮੌਜੂਦਾ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਪਾਕਿਸਤਾਨ ਤੋਂ ਅਗਾਂਹ ਅਫ਼ਗ਼ਾਨਿਸਤਾਨ
ਦੀ ਸਰਹੱਦ ਉਤੇ ਕੇਸਰੀ ਨਿਸ਼ਾਨ ਝੁਲਾਏ ਤੇ ਗੌਰਵਮਈ ਇਤਿਹਾਸ ਦੀ ਸਿਰਜਣਾ ਕੀਤੀ। ਸ਼ਾਇਦ ਇਸੇ ਲਈ
ਆਸਟ੍ਰੇਲੀਆ ਦੇ ਮੈਗਜ਼ੀਨ 'Billionaire'
ਨੇ ਸਰਦਾਰ ਹਰੀ ਸਿੰਘ ਨਲੂਏ ਨੂੰ ਵਿਸ਼ਵ ਦੇ ੧੦ ਮਹਾਨ ਜਰਨੈਲਾਂ ਵਿੱਚੋਂ ਪਹਿਲੇ ਸਥਾਨ 'ਤੇ ਰੱਖਿਆ
ਹੈ।
ਪਰ ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਉਹ ਨੌਜਵਾਨ ਜੋ ਨਸ਼ਿਆਂ ਦਾ ਰਾਹ ਫੜ ਚੁੱਕੇ ਹਨ,
ਉਨ੍ਹਾਂ ਦੀ ਸੋਚ ਤੇ ਸਰੂਪ ਵੇਖ ਕੇ ਬੜੀ ਹੈਰਾਨਗੀ ਤੇ ਚਿੰਤਾ ਹੁੰਦੀ ਹੈ। ਜਦੋਂ ਕਿਸੇ ਮਰਜੀਵੜੀ
ਕੌਮ ਦੇ ਵਾਰਿਸ ਅਧੋਗਤੀ ਦਾ ਰਾਹ ਫੜ ਲੈਣ ਤਾਂ 'ਲੋਹੇ ਨੂੰ ਘੁਣ ਖਾ ਜਾਣ' ਵਾਲੀ ਗੱਲ ਬਿਲਕੁਲ ਸੱਚ
ਪ੍ਰਤੀਤ ਹੁੰਦੀ ਲਗਦੀ ਹੈ।
ਅੱਜ ਦੇ ਕੁਝ ਨੌਜਵਾਨ ਨਸ਼ਿਆਂ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਨਸ਼ੇ ਦੀ ਪੂਰਤੀ ਕਰਨ
ਲਈ ਸਾਰੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ।
ਪੰਜਾਬ ਵਿੱਚ 'ਚਿੱਟੇ' ਦੇ ਨਾਮ ਨਾਲ ਜਾਣੀ ਜਾਂਦੀ 'ਹੈਰੋਇਨ' ਨੇ ਪਤਾ ਨਹੀਂ ਕਿੰਨੇ ਘਰ ਉਜਾੜ ਛੱਡੇ
ਹਨ। ਕਈਆਂ ਮਾਂਵਾਂ ਦੇ ਪੁੱਤ, ਭੈਣਾਂ ਦੇ ਭਰਾ ਅਤੇ ਸੁਹਾਗਣਾਂ ਦੇ ਸੁਹਾਗ ਇਸ ਚਿੱਟੇ ਦੀ ਭੇਟ ਚੜ੍ਹ
ਚੁੱਕੇ ਹਨ।
ਕੀ ਹੈ ਹੈਰੋਇਨ?
ਹੈਰੋਇਨ ਵਿੱਚ ਮਾਰਫ਼ੀਨ ਦੇ ਤੱਤ ਹੁੰਦੇ ਹਨ, ਜਿਨ੍ਹਾਂ ਨੂੰ ਪਹਿਲੀ ਵਾਰ ਦੂਸਰੀ ਵਿਸ਼ਵ ਜੰਗ
(1939-1945ਈ.) ਵਿੱਚ ਜ਼ਖ਼ਮੀ ਹੋਣ ਵਾਲੇ ਸੈਨਿਕਾਂ ਲਈ ਦਰਦ ਨਿਵਾਰਕ ਦੇ ਰੂਪ ਵਿੱਚ ਵਰਤਿਆ ਗਿਆ
ਸੀ। ਉਸਤੋਂ ਬਾਅਦ ਇਸਦਾ ਸੇਵਨ ਵਿਸ਼ਵ ਪੱਧਰ 'ਤੇ ਨਸ਼ੇ ਦੇ ਰੂਪ ਵਿੱਚ ਹੋਣਾ ਸ਼ੁਰੂ ਹੋ ਗਿਆ।
ਪੰਜਾਬ ਵਿੱਚ ਇਸਦਾ ਪ੍ਰਭਾਵ-
ਥੋੜਾ ਕੁ ਸਮਾਂ ਪਹਿਲਾਂ "All India institute of
medical science Delhi" ਵੱਲੋਂ ਕੁਝ ਅੰਕੜੇ
ਪ੍ਰਕਾਸ਼ਿਤ ਕੀਤੇ ਗਏ। ਜਿਸ ਅਨੁਸਾਰ ਪੰਜਾਬ ਵਿੱਚ ਤਕਰੀਬਨ 76% ਲੋਕ ਕਿਸੇ ਨਾ ਕਿਸੇ ਨਸ਼ੀਲੇ
ਪਦਾਰਥ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਦੀ ਉਮਰ ਕੇਵਲ 18 ਤੋਂ 35 ਸਾਲ ਦੇ ਦਰਮਿਆਨ ਹੈ। ਵੱਡੀ
ਹੈਰਾਨਗੀ ਤੇ ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ 53% ਨੌਜਵਾਨ ਹੈਰੋਇਨ ਦੀ ਵਰਤੋਂ ਕਰ ਰਹੇ
ਹਨ।ਇਸਦੇ ਅਸਰ ਇੰਨੇ ਘਾਤਕ ਤੇ ਮਾਰੂ ਹਨ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਨੌਜਵਾਨ ਆਪਣੀ
ਸੰਤਾਨ ਪੈਦਾ ਕਰਨ ਤੋਂ ਵੀ ਅਯੋਗ ਹੋ ਜਾਣਗੇ।
ਸੋ ਲੋੜ ਹੈ ਸਮੇਂ ਸਿਰ ਜਾਗਣ ਦੀ, ਤੇ ਵੇਲਾ ਸੰਭਾਲਣ ਦੀ। ਨਸ਼ਾ ਜਿੱਥੇ ਸਾਡੇ ਮਾਨਸਿਕ ਤੇ ਸਰੀਰਕ
ਪੱਧਰ ਨੂੰ ਕਮਜ਼ੋਰ ਕਰ ਰਿਹਾ ਹੈ, ਉੱਥੇ ਹੀ ਇਹ ਪੰਜਾਬ ਦੀ ਆਰਥਿਕ ਬਰਬਾਦੀ ਨੂੰ ਵੀ ਵਧਾਵਾ ਦੇ
ਰਿਹਾ ਹੈ। ਇਸ ਲਈ ਨੌਜਵਾਨ ਵੀਰਾਂ ਨੂੰ ਹੰਭਲਾ ਮਾਰਨ ਦੀ ਲੋੜ ਹੈ ਤੇ ਨਾਲ ਹੀ ਸਮਾਜ ਸੇਵੀ
ਸੰਸਥਾਵਾਂ, ਬੁੱਧੀਜੀਵੀ ਵਰਗ ਆਦਿ ਨੂੰ ਵੀ ਇਸ ਬਿਖਮ ਘੜੀ ਵਿੱਚ ਰਲ ਮਿਲ ਕੇ ਇਕ ਦੂਜੇ ਦਾ ਸਾਥ
ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਪੰਜਾਬ ਦਾ ਆਰਥਿਕ, ਸੱਭਿਆਚਾਰਕ ਤੇ ਨੈਤਿਕ ਪਤਨ ਹੋਣ ਤੋਂ ਬਚ
ਸਕੇ।
(ਸਮਾਪਤ)
ਧੰਨਵਾਦ ਸਹਿਤ- ਸੁਖਪਾਲ ਸਿੰਘ ਪ੍ਰਚਾਰਕ
MA,
MPhil(Religious study)
(ਸ਼੍ਰੋ.ਗੁ.ਪ੍ਰ. ਕਮੇਟੀ ਸ਼੍ਰੀ ਅੰਮ੍ਰਿਤਸਰ)
9815843548