. |
|
ਯਾਤਰਾ ਨਕੋਦਰ ਦੀ
ਸਤੰਬਰ ੧੯੮੩ ਵਾਲ਼ੀ ਅੰਮ੍ਰਿਤਸਰ ਦੀ
ਯਾਤਰਾ ਦੌਰਾਨ, ਇਹ ਅਹਿਸਾਸ ਹੋ ਗਿਆ ਸੀ ਕਿ ਮੈਂ ਹੁਣ ਪੰਜਾਬ ਦੇ ਫਿੱਟ ਨਹੀਂ ਰਿਹਾ। ਪੰਜਾਬ ਬਹੁਤ
ਅੱਗੇ ਲੰਘ ਗਿਆ ਹੈ ਤੇ ਮੈਂ ਬਹੁਤ ਪਿੱਛੇ ਰਹਿ ਗਿਆ ਹਾਂ। ਏਸੇ ਤੇ ਹੀ ਸਬਰ ਕਰ ਲਆ ਕਿ ਜਦੋਂ ਰੱਬ
ਤੌਫੀਕ ਦਊਗਾ ਓਦੋਂ ਹਰ ਸਾਲ ਦੇਸ ਦੀ ਯਾਤਰਾ ਕਰਕੇ, ਸੱਜਣਾਂ ਮਿੱਤਰਾਂ ਦੇ ਦਰਸ਼ਨ ਮੇਲੇ ਕਰ ਜਾਇਆ
ਕਰਾਂਗਾ। ਬਾਕੀ ਰਹਿਣਾ ਹੁਣ ਸਿਡਨੀ ਵਿੱਚ ਹੀ ਪੈਣਾ ਹੈ।
ਸਮੇ ਨਾਲ਼ ਬੱਚੇ ਪੜ੍ਹ ਕੇ ਵਿਆਹੇ ਗਏ, ਕੰਮਾਂ ਤੇ ਲੱਗ ਗਏ ਤੇ ਆਪੋ ਆਪਣੇ ਘਰੀਂ ਜਾ ਵੜੇ। ਸਰਕਾਰ ਨੇ
ਵੀ ਮੈਨੂੰ ਬੁਢਾਪੇ ਦੀ ਪੈਨਸ਼ਨ ਲਾ ਦਿਤੀ ਜਿਸ ਨੂੰ ਸੰਜਮ ਨਾਲ਼ ਵਰਤਦਿਆਂ ਹੋਇਆਂ ਹਵਾਈ ਜਹਾਜ ਦੇ
ਕਰਾਏ ਜੋਗੀ ਗੁੰਜਾਇਸ਼ ਨਿਕਲ਼ ਹੀ ਆਉਂਦੀ ਹੈ ਤੇ ਓਥੇ ਸੇਵਾ ਸਿੰਘ ਵਰਗੇ ਛੋਟੇ ਭਰਾ ਤੇ ਸ. ਕੁਲਜੀਤ
ਸਿੰਘ ਤਲਵਾੜ ਵਰਗੇ ਸੁਹਿਰਦ ਸੱਜਣਾਂ ਕੋਲ਼ੋਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਫਿਰ ਤੁਰ ਕੇ ਮੁੜ ਆਈਦਾ
ਹੈ। ਤਕਰੀਬਨ ਹਰੇਕ ਸਾਲ ਹੀ ਅਜਿਹੀ ਯਾਤਰਾ ਹੋ ਜਾਂਦੀ ਹੈ।
੨੦੧੬ ਦੀ ਸਤੰਬਰ ਵਿੱਚ ਬਿਹਾਰ ਸਕਰਾਰ ਨੇ ਸੱਦ ਲਿਆ ਸੀ ਤੇ ੩੦ ਨਵੰਬਰ ਨੂੰ ਦੇਸੋਂ ਵਾਪਸ ਮੁੜਨ
ਕਰਕੇ, ੨੦੧੭ ਵਿੱਚ ਚੱਕਰ ਨਾ ਲੱਗ ਸਕਿਆ। ਫਿਰ ਕੰਮ ਵੀ ਕੋਈ ਖਾਸ ਨਹੀਂ ਸੀ। ਨਾਲ਼ੇ ਇਕੀਵੀਂ ਸਦੀ ਦਾ
ਸਤਾਰਵਾਂ ਸਾਲ ‘ਦਿਲ ਦੇ ਮਾਮਲੇ’ ਵਿੱਚ ਉਲ਼ਝੇ ਰਹਿਣ ਕਰਕੇ ਵੀ ਜਾਣ ਦਾ ਪ੍ਰੋਗਰਾਮ ਨਾ ਬਣ ਸਕਿਆ। ਇਸ
ਦਿਲ ਨੇ ਮੇਰਾ ਤਕਰੀਬਨ ਇੱਕ ਸਾਲ ਹੀ ਖਾ ਲਿਆ। ਹੁਣ ੨੦੧੮ ਵਿੱਚ ਪੰਜਾਬੀ ਲੋਕਧਾਰਾ ਫ਼ੇਸਬੁੱਕੀ ਗਰੁਪ
ਵੱਲੋਂ, ਸਾਲਾਨਾ ਇਕੱਠ ਕਰਨ ਦੀ ਖ਼ਬਰ ਆ ਗਈ ਪਰ ਉਹਨਾਂ ਨੇ ਤਰੀਕ, ਸਮਾ, ਸਥਾਨ ਵਾਲ਼ੀ ਗੱਲ ਨੂੰ ਗੁਪਤ
ਰੱਖਿਆ। ਇਸ ਤੋਂ ਇਲਾਵਾ ਵੀ ਕੁੱਝ ਹੋਰ ਨਿੱਕੇ ਮੋਟੇ ਬਹਾਨੇ ਆਪੇ ਹੀ ਘੜ ਲਏ। ਸੋਚਿਆ ਕਿ ਸਦਾ ਦੀ
ਤਰ੍ਹਾਂ ਇੱਕ ਨਵੀਂ ਕਿਤਾਬ ਵੀ ਛਪਵਾ ਲਿਆਊਂਗਾ। ਕੁੱਝ ਵਿਆਹ ਆ ਗਏ, ਕੁੱਝ ਸੋਗ ਸਮਾਗਮ ਆ ਗਏ। ਕੁੱਝ
ਵੈਸੇ ਹੀ ਖ਼ੁਸ਼ੀ ਦੇ ਸਮਾਗਮ ਆ ਗਏ। ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਇੱਕ ਪੰਜਾਬੀ
ਸਬੰਧੀ ਸਮਾਗਮ ਸੀ। ਉਸ ਵਿੱਚ ਸ਼ਾਮਲ ਹੋਣ ਲਈ ਵੀ, ਉਹਨਾਂ ਦੇ ਸੱਦੇ ਉਪਰ, ਉਤਸ਼ਾਹ ਪੈਦਾ ਹੋਇਆ। ਸਭ
ਤੋਂ ਵੱਡੀ ਗੱਲ ਕਿ ਵਾਹਵਾ ਚਿਰ ਪਹਿਲਾਂ ਬੁੱਕ ਕਰਨ ਤੇ ਟਿਕਟ ਵੀ ਵਾਹਵਾ ਸਸਤੀ ਮਿਲ਼ ਗਈ। ਥਾਈ
ਏਅਰਵੇਜ਼ ਨੇ ਸਿਡਨੀ ਤੋਂ ਦਿੱਲੀ ਤੱਕ ਆਉਣ ਜਾਣ ਵਾਸਤੇ ੭੫੦ ਵਿੱਚ ਹੀ ਮੇਰਾ ਕਾਰਜ ਰਾਸ ਕਰ ਦਿਤਾ।
ਮੈਂ ਬੜਾ ਖ਼ੁਸ਼ ਕਿ ਏਨੀ ਸਸਤੀ ਟਿਕਟ ਮਿਲ਼ ਗਈ ਹੈ। ਪਰ ਇੱਕ ਦਿਨ ਮੇਰੀ ਇਸ ਖ਼ੁਸ਼ੀ ਦੇ ਸਿਰ, ਗਿ.
ਹਰਜਿੰਦਰ ਸਿੰਘ ਹੰਬੜਾਂ ਵਾਲ਼ੇ ਨੇ, ਪਾਣੀ ਪਾ ਦਿਤਾ, ਇਹ ਦੱਸ ਕੇ ਉਸ ਨੇ ਸਾਰੇ ਟੱਬਰ ਦੀਆਂ
ਟਿਕਟਾਂ, ਪਰ ਟਿਕਟ, ਸਾਢੇ ਪੰਜ ਸੌ ਖ਼ਰਚਿਆ ਹੈ ਤੇ ਉਤਰਨਾ ਚੜ੍ਹਨਾ ਵੀ ਦਿੱਲੀ ਨਹੀਂ ਬਲਕਿ
ਅੰਮ੍ਰਿਤਸਰ ਤੋਂ ਹੈ।
ਇਸ ਲਈ ਪਿਛਲੀ ਯਾਤਰਾ ਤੋਂ ਠੀਕ ਚੌਦਾਂ ਮਹੀਨੇ ਬਾਅਦ ਅੰਮ੍ਰਿਤਸਰ ਨੂੰ ਜਾਣ ਦੀ ਮਾਨਸਿਕ ਤੌਰ ਤੇ
ਤਿਆਰੀ ਹੋ ਗਈ। ੩੧ ਜਨਵਰੀ ਨੂੰ ਥਾਈ ਵਾਲ਼ਿਆਂ ਮੈਨੂੰ ਸ਼ਾਮ ਦੇ ਚਾਰ ਵਜੇ ਸਿਡਨੀ ਤੋਂ ਚੁੱਕਿਆ ਤੇ
ਸਾਢੇ ਨੌ ਘੰਟਿਆਂ ਵਿਚ, ਰਾਤ ਬੈਂਕਾਕ ਜਾ ਉਤਾਰਿਆ। ਓਥੋਂ ਚੁੱਕਿਆ ਤੇ ਸਾਢੇ ਚਾਰ ਘੰਟੇ ਵਿੱਚ
ਦਿੱਲੀ ਜਾ ਉਤਾਰਿਆ। ਇੱਕ ਫਰਵਰੀ ਵਾਲ਼ੇ ਦਿਨ ਦਿੱਲੀ ਹਵਾਈ ਅੱਡੇ ਤੋਂ ਬਾਹਰ ਨਿਕਲ਼ ਕੇ, ਇੰਡੋ
ਕੈਨੇਡੀਅਨ ਦੀ ਬੱਸ ਵਾਲ਼ਿਆਂ ਕੋਲ਼ ਗਿਆ ਤਾਂ ਉਹਨਾਂ ਆਦਰ ਮਾਣ ਤਾਂ ਕੀਤਾ ਤੇ ਜਦੋਂ ਕਰਾਇਆ ਪੁੱਛਿਆ
ਤਾਂ ਬਾਈ ਸੌ ਤੇ ਵਧੀਆ ਕਲਾਸ ਦਾ ਬੱਤੀ ਸੌ ਦੱਸਿਆ। ਮੇਰੇ ਕੋਲ਼ ਸਿਰਫ ਦੋ ਹਜਾਰ ਰੁਪਏ ਹੀ ਸਨ ਜੋ
ਮੈਂ ਏਥੋਂ ਆਪਣੇ ਛੋਟੇ ਭਰਾ ਸ. ਦਲਬੀਰ ਸਿੰਘ ਪਾਸੋਂ ਲੈ ਕੇ ਗਿਆ ਸਾਂ। ਫਿਰ ਰਾਹ ਵਿੱਚ ਜਲ ਪਾਣੀ
ਛਕਣ ਤੇ ਵੀ ਖ਼ਰਚ ਹੋਣੇ ਸਨ। ਇਸ ਲਈ ਕੁੱਝ ਦੂਰੀ ਤੇ ਹਟਵੀਂ ਖਲੋਤੀ ਪਨਬਸ ਵਾਲ਼ਿਆਂ ਕੋਲ਼ ਗਿਆ ਤਾਂ
ਉਹਨਾਂ ਨੇ ਜਲੰਧਰ ਤੱਕ ਦਾ ਕਰਾਇਆ ਸਿਰਫ ਇੱਕ ਹਜਾਰ ਪੰਦਰਾਂ ਰੁਪਏ ਹੀ ਦੱਸਿਆ। ਮੈਂ ਇੰਡੋ
ਕੈਨੇਡੀਆਨ ਬੱਸ ਵਿੱਚ ਰੱਖਿਆ ਆਪਣਾ ਟਿੰਡ ਫਹੁੜੀ ਚੁੱਕਿਆ ਤੇ ਪਨਬਸ ਵਿੱਚ ਜਾ ਬੈਠਾ। ਉਸ ਨੇ ਜਲੰਧਰ
ਜਾ ਲਾਹਿਆ ਤੇ ਓਥੋਂ ਜਲੰਧਰ ਤੋਂ ਅੰਮ੍ਰਿਤਸਰ ਵਾਲ਼ੀ ਲੋਕਲ ਬੱਸ ਰਾਹੀਂ ਅੰਮ੍ਰਿਤਸਰ ਜਾ ਪੁੱਜਾ। ਬੱਸ
ਅੱਡੇ ਤੋਂ ਥਰੀ ਵੀਲ੍ਹਰ ਰਾਹੀਂ, ਗੁਰਦੁਆਰਾ ਸ਼ਹੀਦਾਂ ਦੇ ਨੇੜੇ, ਛੋਟੇ ਭਰਾ ਸੇਵਾ ਸਿੰਘ ਦੇ ਘਰ ਜਾ
‘ਵਾਹਿਗੁਰੂ ਜੀ ਕੀ ਫ਼ਤਿਹ’ ਗਜਾਈ।
ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਉਪ੍ਰੰਤ ਕਿਤਾਬਾਂ ਵਾਲ਼ੇ ਪਾਸੇ ਹੋਇਆ। ਸ. ਕੁਲਦੀਪ ਸਿੰਘ, ਆਜ਼ਾਦ
ਬੁੱਕ ਡੀਪੂ ਵਾਲ਼ਿਆਂ ਕੋਲ਼ ਪਿਛਲੇ ਸਾਲ ਦੀਆਂ ਪਈਆਂ ਕੁੱਝ ਪੁਸਤਕਾਂ ਚੁੱਕ ਕੇ ਪਾਠਕਾਂ ਦੇ ਹੱਥੀਂ
ਅਪੜਾਉਣ ਦਾ ਉਦਮ ਆਰੰਭਿਆ ਤੇ ਇਸ ਦੇ ਨਾਲ਼ ਹੀ ਪਿਛਲੇ ਸਾਲ ਦੇ ਲਿਖੇ ਲੇਖ, ਪੇਜ ਮੇਕਰ ਵਾਲ਼ੇ ਦੇ
ਹਵਾਲੇ ਕੀਤੇ। ਉਸ ਨੇ ਜੋੜ ਤੋੜ ਲਾ ਕੇ ਦੱਸਿਆ ਕਿ ਕੁੱਲ ਸੱਠ ਕੁ ਪੰਨੇ ਹੀ ਬਣਦੇ ਹਨ। ਇਹ ਸੋਚ ਕੇ
ਕਿ ਏਨੇ ਲੇਖਾਂ ਨਾਲ਼ ਤੇ ਛੋਟਾ ਜਿਹਾ ਕਿਤਾਬਚਾ ਹੀ ਬਣੂਗਾ ਕਿਤਾਬ ਨਹੀਂ। ਕਿਤਾਬ ਦਾ ਕੱਦ ਬੁੱਤ ਤਾਂ
ਹੀ ਬਣਦਾ ਹੈ ਜੇ ਇਸ ਦੇ ਤਕਰੀਬਨ ਦੋ ਕੁ ਸੌ ਪੰਨੇ ਹੋਣ। ਕਿਤਾਬ ਛਾਪਣ ਦਾ ਪ੍ਰੋਗਰਾਮ ਮੁਲਤਵੀ ਕਰ
ਦਿਤਾ। ਆਜ਼ਾਦ ਬੁੱਕ ਡੀਪੂ ਵਾਲ਼ਿਆਂ ਪਾਸ ਪਈਆਂ ਸਾਰੀਆਂ ਕਿਤਾਬਾਂ ਹੀ ਹੌਲ਼ੀ ਹੌਲ਼ੀ ਲੈ ਕੇ ਪਾਠਕਾਂ
ਤੱਕ ਪੁਚਾ ਦਿਤੀਆਂ। ਇਸ ਤੋਂ ਇਲਾਵਾ ਸ. ਗੁਰ ਸਾਗਰ ਸਿੰਘ ਹੋਰਾਂ ਨੂੰ ਆਪਣੀ ਪਹਿਲੀ ਕਿਤਾਬ ‘ਸਚੇ
ਦਾ ਸਚਾ ਢੋਆ’ ਦੀ ਛੇਵੀਂ ਐਡੀਸ਼ਨ ਦੀਆਂ ਇੱਕ ਹਜ਼ਾਰ ਕਾਪੀਆਂ ਛਾਪਣ ਵਾਸਤੇ ਆਖ ਦਿਤਾ ਜੋ ਕਿ ਉਹਨਾਂ
ਨੇ ਆਪਣੀ ਪਸੰਦ ਅਨੁਸਾਰ, ਮੋਟੀ ਜਿਲਦ ਲਾ ਕੇ ਛਾਪ ਦਿਤੀ।
ਮੇਰੇ ਐਡੀਲੇਡ ਤੋਂ ਬਣੇ ਭਤੀਜੇ ਸ. ਮਨਪ੍ਰੀਤ ਸਿੰਘ ਟਾਹਲੀ ਤੇ ਸਰਬਜੀਤ ਸਿੰਘ ਟਾਹਲੀ ਵੀ ਸਮੇਤ
ਟੱਬਰ ਟੀਹਰ ਦੇ ਆਪਣੇ ਪਿੰਡ ਗਏ ਹੋਏ ਸਨ। ਛੋਟੇ ਸਰਬਜੀਤ ਸਿੰਘ ਦਾ ਵਿਆਹ ਰੱਖਿਆ ਹੋਇਆ ਸੀ। ਚਲਾਕ
ਏਨੇ ਕਿ ਮੈਨੂੰ ਦੱਸਿਆ ਈ ਨਹੀਂ ਸੀ। ਜਦੋਂ ਮੈਂ ਫ਼ੋਨ ਕੀਤਾ ਤਾਂ ਫੇਰ ਮੈਨੂੰ ਸੱਦਿਆ। ਖੈਰ, ਮੈਂ
ਨਡਾਲਾ ਲੰਘ ਕੇ ਬੇਗੋਵਾਲ ਤੱਕ, ਬੱਸ ਰਾਹੀਂ ਪਹੁੰਚ ਗਿਆ ਤੇ ਓਥੋਂ ਮਨਪ੍ਰੀਤ ਸਿੰਘ ਨੇ ਆਪਣੀ ਕਾਰ
ਵਿੱਚ ਮੈਨੂੰ ਲੱਦ ਕੇ ਆਪਣੇ ਘਰ ਜਾ ਲਾਹਿਆ। ਉਹਨਾਂ ਦੇ ਪਿਤਾ ਸ. ਨਿਰੰਜਨ ਸਿੰਘ ਜੀ ਵੀ ਜਰਮਨੀ ਤੋਂ
ਆਏ ਹੋਏ ਸਨ। ਵਿਆਹ ਵਿੱਚ ਸ਼ਾਮਲ ਹੋਇਆ। ਅਨੰਦ ਕਾਰਜ ਸਮੇ ਕੁੱਝ ਸ਼ਬਦ ਵੀ ਬੋਲੇ ਤੇ ਛੋਟੇ ਭਤੀਜੇ
ਦੀਆਂ ਕੁੱਝ ਸ਼ਰਾਰਤਾਂ ਦਾ ਵੀ ਜ਼ਿਕਰ ਕੀਤਾ। ਹਾਸਾ ਤੇ ਪੈਣਾ ਹੀ ਸੀ। ਇਹ ਮੇਰਾ ਆਪਣੀ ਬਰਾਦਰੀ ਤੋਂ
ਬਾਹਰਲਾ ਸ਼ਾਇਦ ਪਹਿਲਾ ਹੀ ਵਿਆਹ ਸੀ। ਲੁਬਾਣਿਆਂ ਦੇ ਭਾਈਚਾਰੇ ਦੀਆਂ ਕੁੱਝ ਵਿਕੋਲਿੱਤਰੀਆਂ ਰਸਮਾਂ
ਵੀ ਵੇਖੀਆਂ। ਰਾਤ ਨੂੰ ਸਾਰਾ ਲੁਬਾਣਾ ਭਾਈਚਾਰਾ ਨਿਉਂਦਾ ਪਾਉਣ ਲਈ ਘਰ ਵਿੱਚ ਇਕੱਠਾ ਹੋਇਆ।
ਰਿਸ਼ਤੇਦਾਰਾਂ ਨੇ ਬੜਾ ਨਿਕ ਸੁਕ ਕੱਪੜਿਆਂ ਸਮੇਤ ਲਿਆਂਦਾ ਤੇ ਨਕਦ ਨਾਰਾਇਣ ਵੀ ਸੱਬਰਕੱਤਾ ਪਾਇਆ।
ਡਰਦੇ ਡਰਦੇ ਨੇ ਮੈਂ ਵੀ ਇਸ ਯੱਗ ਵਿੱਚ ਆਪਣੇ ਵੱਲੋਂ ਤਿਲ ਫੁਲ ਪਾਉਣ ਦਾ ਯਤਨ ਕੀਤਾ ਪਰ ਸ. ਨਿਰੰਜਨ
ਸਿੰਘ ਜੀ ਨੇ ਮੈਨੂੰ ਸਖ਼ਤੀ ਨਾਲ਼ ਰੋਕ ਦਿਤਾ। ਮੈਂ ਵੀ ਬਹੁਤਾ ਜੋਰ ਨਾ ਦਿਤਾ ਤੇ ਆਪਣੀ ਮਾਇਆ ਮੋੜ ਕੇ
ਆਪਣੀ ਜੇਬ ਵਿੱਚ ਪਾ ਲਈ। ਸ਼ਾਇਦ ਏਸੇ ਕਰਕੇ ਹੀ ਮਨਪ੍ਰੀਤ ਸਿੰਘ ਮੈਨੂੰ ਤਾਇਆ ਕੰਜੂਸ ਆਖਦਾ ਹੈ।
ਬਹੁਤ ਰੌਣਕ ਮੇਲਾ ਹੋਇਆ। ਬੜਾ ਆਨੰਦ ਮਾਣਿਆਂ। ਸਾਰੇ ਸਮਾਗਮ ਦੀ ਸਮਾਪਤੀ ਮਗਰੋਂ ਮੈਨੂੰ ਵੱਡਾ
ਭਤੀਜਾ ਫਿਰ ਬੇਗੋਵਾਲ਼ ਤੋਂ ਅੰਮ੍ਰਿਤਸਰ ਵਾਲ਼ੀ ਬੱਸੇ ਬਹਾ ਗਿਆ।
ਏਧਰ ਓਧਰ ਕੁੱਝ ਸੱਜਣਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਦੁਆਰਿਆਂ ਦੇ ਚੱਕਰ ਕੱਟੇ। ਕੁੱਝ ਵਿਆਹ
ਭੁਗਤਾਏ, ਕੁੱਝ ਅਖੰਡਪਾਠਾਂ ਦੇ ਸਮਾਗਮਾਂ ਵਿੱਚ ਹਾਜਰੀ ਭਰੀ, ਕੁੱਝ ਧਾਰਮਿਕ ਦੀਵਾਨਾਂ ਵਿੱਚ
ਸ਼ਮੂਲੀਅਤ ਕੀਤੀ, ਕੁੱਝ ਦੁਰਾਡੇ ਸੱਜਣਾਂ ਦੇ ਵੀ ਦਰਸ਼ਨ ਕੀਤੇ। ਚਾਹਨਾ ਦੇ ਬਾਵਜੂਦ ਵੀ ਨਾ ਪਟਿਆਲੇ,
ਨਾ ਚੰਡੀਗੜ੍ਹ, ਨਾ ਅਲਵਰ, ਨਾ ਬੁਢਾ ਜੌਹੜ ਆਦਿ ਸਥਾਨਾਂ ਦੀ ਯਾਤਰਾ ਕਰ ਸਕਿਆ। ਕਾਰਨ ਆਪਣੇ ਦਿਲ ਦਾ
ਡਰ ਹੀ ਸੀ। ਸੋਚਦਾ ਸਾਂ ਕਿ ਬੇਲੋੜੇ ਵਾਧੂ ਦੇ ਸਫ਼ਰ ਕਰਕੇ, ਕਿਸੇ ਸੱਜਣ ਕੋਲ਼ ਗਏ ਹੋਣ ਸਮੇ ਹੀ, ਉਸ
ਸੱਜਣ ਨੂੰ, ਇਸ ਬੁਢੇ ਤੇ ਜਰਜਰੇ ਹੋ ਚੁੱਕੇ ਸਰੀਰ ਦੀ ਸੰਭਾਲ਼ ਕਰਨ ਦੀ ਖੇਚਲ਼ ਨਾ ਕਰਨੀ ਪੈ ਜਾਵੇ!
ਸਿਡਨੀ ਵਾਸੀ ਸ. ਸੁਰਿੰਦਰ ਸਿੰਘ ਜੀ ਜਗਰਾਉਂ ਤੋਂ ਮੁੜ ਮੁੜ ਜੋਰ ਦੇ ਰਹੇ ਸਨ ਕਿ ਉਹਨਾਂ ਪਾਸ
ਪੁੱਜਾਂ ਤਾਂ ਕਿ ਉਹ ਮੈਨੂੰ ਇੱਕ ਧਾਰਮਿਕ ਸਥਾਨ ਉਪਰ ਲੈ ਕੇ ਜਾਣ। ਫੀਰੋਜ਼ਪੁਰੋਂ ਸ. ਸੰਤੋਖ ਸਿੰਘ
ਭੁੱਲਰ ਜੀ ਵੀ ਓਸੇ ਸਥਾਨ ਦੀ ਯਾਤਰਾ ਵਾਸਤੇ ਜੋਰ ਪਾ ਰਹੇ ਸਨ। ਓਥੇ ਸਾਲਾਨਾ ਸਮਾਗਮ ਵੀ ਹੋ ਰਿਹਾ
ਸੀ ਤੇ ਮੇਰੀ ਵੀ ਭਰਪੂਰ ਇੱਛਾ ਸੀ ਕਿ ਦਰਸ਼ਨ ਕੀਤੇ ਜਾਣ ਪਰ ਸਮੇ ਸਿਰ ਨਾ ਜਾ ਸਕਿਆ। ਇੱਕ ਦਿਨ ਫਿਰ
ਮੈਂ ਸ. ਸੁਰਿੰਦਰ ਸਿੰਘ ਹੋਰਾਂ ਦੇ ਘਰ ਜਗਰਾਉਂ ਚਲਿਆ ਹੀ ਗਿਆ ਤੇ ਰਾਤ ਰਹਿ ਕੇ ਅਗਲੇ ਦਿਨ ਅਸੀਂ
ਦੋਵੇਂ ਮਹਿਤਪੁਰ ਨੇੜੇ ਉਸ ਸਥਾਨ ਦੀ ਯਾਤਰਾ ਲਈ ਚਲੇ ਗਏ। ਸਥਾਨ ਵਾਕਿਆ ਹੀ ਯਾਤਰਾ ਕਰਨ ਦੇ ਯੋਗ
ਹੈ। “ਕਲਜੁਗ ਵਿੱਚ ਸਤਿਜੁਗ ਵਾਰਤਾਇਆ” ਵਾਲ਼ੀ ਗੱਲ ਹੀ ਲੱਗਦੀ ਹੈ। ਦਰਸ਼ਨ ਕਰ ਕੇ ਗ਼ਦ ਗ਼ਦ ਹੋ ਗਏ। ਸ.
ਸੁਰਿੰਦਰ ਸਿੰਘ ਜੀ ਵਾਪਸ ਜਗਰਾਉਂ ਨੂੰ ਮੁੜ ਗਏ ਤੇ ਮੈਂ ਅੰਮ੍ਰਿਤਸਰ ਵੱਲ ਨੂੰ ਚਾਲ ਪਾ ਦਿਤੇ।
ਹਾਂ ਸੱਚ ਇੱਕ ਜਰੂਰੀ ਕਾਰਜ ਸੀ ਜੋ ਇਸ ਸਮੇ ਕਰਨਾ ਸੀ। ਮੈਂ ਟੀਨ ਏਜਰ ਸਮੇ ੧੯੬੧ ਵਿਚ, ਸ੍ਰੀ ਅਕਾਲ
ਤਖ਼ਤ ਸਾਹਿਬ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਪਿਛਲੇ ਪੰਜ ਛੇ ਦਹਾਕਿਆਂ ਦੌਰਾਨ ਦੇਸ
ਪਰਦੇਸ ਵਿੱਚ ਵਿਚਰਦਿਆਂ ਬੇਅੰਤ ਢਿੱਲਾਂ ਤੇ ਖ਼ੁਨਾਮੀਆਂ, ਜਾਣੇ ਵਿੱਚ ਵੀ ਤੇ ਅਣਜਾਣੇ ਵਿੱਚ ਵੀ
ਹੋਈਆਂ। ਰਹਿਤ ਬਹਿਤ ਵਿੱਚ ਢਿਲਿਆਈ ਆਈ। ਫਿਰ ਪਿਛਲੇ ਸਾਲ ਮੇਰੇ ਦਿਲ ਦਾ ਬਾਈਪਾਸ ਕਰਨ ਸਮੇ,
ਡਾਕਟਰਾਂ ਨੇ ਸਰੀਰ ਖੋਹਲਣ ਤੋਂ ਪਹਿਲਾਂ ਸਰੀਰ ਦੇ ਰੋਮ ਲਾਹੇ ਸਨ। ਇਸ ਲਈ ਸੋਚਿਆ ਕਿ ਪੰਜ ਪਿਆਰੇ
ਸਾਹਿਬਾਨ ਦੇ ਸਨਮੁਖ ਪੇਸ਼ ਹੋ ਕੇ ਆਪਣੀਆਂ ਭੁੱਲਾਂ ਦੀ ਤਲਾਫੀ ਕਰਵਾ ਲਈ ਜਾਵੇ। ਜਦੋਂ ਦਾ ਮੈਨੂੰ
ਯਾਦ ਹੈ ਓਦੋਂ ਤੋਂ ਹਰੇਕ ਐਤਵਾਰ ਤੇ ਬੁਧਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ
ਹੁੰਦਾ ਹੈ। ਅਰਥਾਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਇੱਕ ਬੁਧਵਾਰ ਮੈਂ ਇਸ ਕਾਰਜ ਲਈ
ਰਾਖਵਾਂ ਰੱਖ ਲਿਆ। ਪੁੱਛਣ ਤੇ ਮੈਨੂੰ ਦੱਸਿਆ ਗਿਆ ਕਿ ਸਾਢੇ ਯਾਰਾਂ ਵਜੇ ਪਹੁੰਚਾਂ। ਮੈਂ ਸਣ ਕੇਸੀਂ
ਇਸ਼ਨਾਨ ਕਰਕੇ ਯਾਰਾਂ ਵਜੇ ਹੀ ਜਾ ਕੇ ਬੈਠ ਗਿਆ। ਬਾਰਾਂ ਵਜੇ ਤੋਂ ਬਾਅਦ ਤਿਆਰੀ ਆਰੰਭ ਹੋਈ। ਪਹਿਲਾਂ
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਤੀਸਰੀ ਮੰਜ਼ਲ ਉਪਰ ਇਹ ਕਾਰਜ ਹੁੰਦਾ ਸੀ। ਹੁਣ ੧੯੮੫ ਵਿੱਚ ਤਖ਼ਤ
ਸਾਹਿਬ ਦੀ ਨਵੀਂ ਇਮਾਰਤ ਬਣਨ ਪਿੱਛੋਂ ਇਹ ਕਾਰਜ ਹੇਠਾਂ ਖੁਲ੍ਹੇ ਬਣੇ ਬੇਸਮੈਂਟ ਵਿੱਚ ਹੁੰਦਾ ਹੈ।
ਬੇਅੰਤ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਪਹੁੰਚੀਆਂ। ਜਿਨ੍ਹਾਂ ਨੇ ਸਰਟੀਫੀਕੇਟ ਲੈਣੇ ਸਨ ਉਹਨਾਂ ਦੇ
ਨਾਂ ਰਜਿਸਟਰ ਉਪਰ ਲਿਖੇ ਗਏ। ਮੈਨੂੰ ਸਰਟੀਫੀਕੇਟ ਦੀ ਲੋੜ ਨਾ ਹੋਣ ਕਰਕੇ, ਮੈਂ ਆਪਣਾ ਨਾਂ ਦਰਜ ਨਾ
ਕਰਵਾਇਆ।
ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਰਾ ਆਇਆ ਤੇ ਪ੍ਰਕਾਸ਼ ਕੀਤਾ ਗਿਆ। ਫਿਰ ਜਿਨ੍ਹਾਂ ਪਾਸੋਂ
ਰਹਿਤ ਵਿੱਚ ਢਿੱਲਾਂ ਹੋਈਆਂ ਸਨ ਉਹਨਾਂ ਨੂੰ ਸੱਦਿਆ ਗਿਆ। ਮੇਰੀ ਸੋਚ ਸੀ ਕਿ ਮੈਨੂੰ ਸ਼ਾਇਦ ਕੋਈ
‘ਤਨਖਾਹ’ ਲਾ ਕੇ ਹੀ ਬਖ਼ਸ਼ ਦਿਤਾ ਜਾਵੇਗਾ ਤੇ ਦੁਬਾਰਾ ਅੰਮ੍ਰਿਤ ਨਹੀਂ ਛਕਾਉਣ ਗੇ। ਮੇਰੇ ਵਰਗੇ ਕੁੱਝ
ਹੋਰ ਵੀ ਤਨਖਾਹੀਏ ਸਨ। ਉਹਨਾਂ ਨੂੰ ਪੰਜ ਪਿਆਰਿਆਂ ਵੱਲੋਂ, ਉਹਨਾਂ ਦੀਆਂ ਭੁੱਲਾਂ ਪੁੱਛ ਕੇ ਹਰੇਕ
ਨੂੰ ਪੰਜਾਹ ਰੁਪਏ ਗੋਲਕ ਵਿੱਚ ਪਾਉਣ ਲਈ ਆਖਿਆ ਗਿਆ ਤੇ ਆਪਣੇ ਨਿਤਨੇਮ ਤੋਂ ਇਲਾਵਾ ਇੱਕ ਇੱਕ ਜਪੁ
ਸਾਹਿਬ ਦਾ ਹੋਰ ਪਾਠ ਤੇ ਸੱਤ ਦਿਨ ਵਾਸਤੇ ਕਿਸੇ ਵੀ ਗੁਰਦੁਆਰੇ ਵਿੱਚ ਜੋੜੇ ਝਾੜਨ ਜਾਂ ਝਾੜੂ ਦੇਣ
ਦੀ ਸੇਵਾ ਕਰਨ ਲਈ ਹੁਕਮ ਲਾਇਆ। ਸੇਵਾ ਪੂਰੀ ਕਰਨ ਪਿੱਛੋਂ ਕਿਸੇ ਵੀ ਗੁਰਦੁਆਰੇ ਵਿੱਚ ਕੜਾਹ ਪ੍ਰਸ਼ਾਦ
ਦੀ ਦੇਗ ਲੈ ਕੇ, ਭੁੱਲ ਦੀ ਅਰਦਾਸ ਕਰਵਾਉਣੀ ਜਾਂ ਖ਼ੁਦ ਕਰਨੀ ਦੱਸੀ। ਸਭ ਨੇ ਸੱਤ ਬਚਨ ਕਰਕੇ, ਗੁਰੂ
ਜੀ ਦਾ ਹੁਕਮ ਸਮਝ ਕੇ ਮੰਨ ਲਿਆ।
ਜਦੋਂ ਮੇਰੀ ਵਾਰੀ ਆਈ ਤਾਂ ਮੈਨੂੰ ਮੇਰਾ ਕੰਮ ਪੁੱਛਿਆ ਤੇ ਨਾਲ਼ੇ ਕੁਰਹਿਤ ਕੀ ਕੀਤੀ ਬਾਰੇ ਪੁੱਛਿਆ।
ਕੰਮ ਦੀ ਪੁੱਛ ਬਾਰੇ ਮੈਂ ਲੰਮੇ ਲੇਖੇ ਵਿੱਚ ਪੈਣ ਨਾਲ਼ੋਂ ਏਨਾ ਹੀ ਦੱਸਿਆ ਕਿ ਮੈਂ ਲੇਖਕ ਹਾਂ ਤੇ
ਮੇਰੇ ਓਪ੍ਰੇਸ਼ਨ ਸਮੇ ਰੋਮ ਕੱਟੇ ਗਏ ਸਨ। ਨਸ਼ੇ ਬਾਰੇ ਪੁੱਛਿਆ ਤਾਂ ਮੈਂ ਕਿਹਾ ਕਿ ਕਈ ਪ੍ਰਕਾਰ ਦਾ
ਨਸ਼ਾ ਸਮੇ ਸਮੇ ਕੀਤਾ ਗਿਆ। ਮਾਸ ਸੇਵਨ ਬਾਰੇ ਪੁੱਛਿਆ ਤਾਂ ਉਸ ਬਾਰੇ ਵੀ ਮੇਰੀ ਹਾਂ ਸੀ। ਫਿਰ ਮੈਨੂੰ
ਕਿਹਾ ਗਿਆ ਕਿ ਮੈਂ ਲੇਖਕ ਹੋ ਕੇ ਗ਼ਲਤੀ ਕੀਤੀ ਹੈ ਇਸ ਲਈ ਮੈਨੂੰ ਸੌ ਰੁਪਏ ਗੋਲਕ ਵਿੱਚ ਪਾਉਣ ਲਈ
ਆਖਿਆ ਤੇ ਪੰਦਰਾਂ ਦਿਨ ਜਪੁ ਸਾਹਿਬ ਦਾ ਪਾਠ, ਨਿਤਨੇਮ ਤੋਂ ਇਲਾਵਾ ਕਰਨ ਲਈ ਹੁਕਮ ਸੁਣਾਇਆ ਗਿਆ।
ਪੰਦਰਾਂ ਦਿਨ ਝਾੜੂ ਦੇਣ ਜਾਂ ਸੰਗਤ ਦੇ ਜੋੜੇ ਝਾੜਨ ਲਈ ਹੁਕਮ ਕੀਤਾ। ਅਰਥਾਤ ਬਾਕੀ ਲੋਕਾਂ ਨਾਲ਼ੋਂ
ਮੈਨੂੰ ਦੂਣੀ ‘ਤਨਖਾਹ’ ਲਾਈ ਗਈ। ਦੁਬਾਰਾ ਅੰਮ੍ਰਿਤ ਛਕਣ ਲਈ ਹੁਕਮ ਕੀਤਾ ਗਿਆ। ਉਹਨਾਂ ਨੇ ਇਹ ਵੀ
ਹਿਦਾਇਤ ਕੀਤੀ ਕਿ ਮੈਂ ਕਿਤੇ ਦਸਮ ਗ੍ਰੰਥ ਦੇ ਖ਼ਿਲਾਫ਼ ਤੇ ਨਹੀਂ ਲਿਖਦਾ! ਮੇਰੇ ਨਾਂਹ ਕਰਨ ਤੇ ਆਖਿਆ
ਕਿ ਗੁਰੂ ਤੇ ਗੁਰੂ ਦੀ ਬਾਣੀ ਤੋਂ ਸ਼ਰਧਾ ਤੋੜਨ ਵਾਲ਼ੀ ਗੱਲ ਕਦੇ ਲਿਖਣੀ ਵੀ ਨਹੀਂ। ਸਿੰਘ, ਜੋ ਕਿ
ਸਰੀਰਕ ਉਮਰ ਵਿੱਚ ਭਾਵੇਂ ਮੇਰੇ ਬੱਚਿਆਂ ਦੇ ਹਾਣੀ ਸਨ, ਉਹਨਾਂ ਦਾ ਹੁਕਮ ਗੁਰੂ ਦਾ ਹੁਕਮ ਜਾਣ ਕੇ
ਸਿਰ ਝੁਕਾਇਆ। ਸੱਤ ਬਚਨ ਆਖ ਕੇ ਹੁਕਮ ਮੰਨਿਆ ਤੇ ਅੰਮ੍ਰਿਤ ਅਭਿਲਾਖੀਆਂ ਦੀ ਕਤਾਰ ਵਿੱਚ ਸਭ ਤੋਂ
ਪਿੱਛੇ ਜਾ ਬੈਠਾ। ਫਿਰ ਹੁਕਮ ਹੋਇਆ ਕਿ ਸਾਰੇ ਅਭਿਲਾਖੀ ਆਪੋ ਆਪਣੇ ਪਜਾਮੇ ਤੇ ਪੈਂਟਾਂ ਉਤਾਰ ਕੇ
ਹੱਥ ਜੋੜ ਕੇ ਖੜ੍ਹੇ ਹੋ ਜਾਉ ਤੇ ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦੇ ਰਹੋ। ਬੀਬੀਆਂ
ਉਪਰ ਪਜਾਮੇ ਉਤਾਰਨ ਵਾਲ਼ਾ ਹੁਕਮ ਲਾਗੂ ਨਹੀਂ ਹੋਇਆ। ਪੰਜ ਪਿਆਰਿਆਂ ਨੇ ਪੰਜ ਬਾਣੀਆਂ ਦਾ ਉਚਾਰਨ
ਕਰਕੇ ਅਰਦਾਸਾ ਸੋਧ ਕੇ ਅੰਮ੍ਰਿਤ ਛਕਾਉਣਾ ਸ਼ੁਰੂ ਕਰ ਦਿਤਾ ਜੋ ਕਿ ਵਾਹਵਾ ਸਮਾ ਚੱਲਦਾ ਰਿਹਾ।
ਜੋ ਵੀ ਹੋਇਆ ਮੈਂ ਵੀ ਗੁਰੂ ਜੀ ਦਾ ਹੁਕਮ ਸਮਝ ਕੇ ਸਵੀਕਾਰ ਕੀਤਾ ਅਤੇ ਇਸ ਉਪਰ ਅਮਲ ਵੀ ਕੀਤਾ ਪਰ
ਨਿਮਰਤਾ ਸਹਿਤ ਦੋ ਸ਼ੰਕਾਵਾਂ ਹਨ। ਇਹ ਸਾਰਾ ਸਮਾ ਬਿਨਾ ਪਜਾਮੇ ਤੋਂ ਰਹਿਣਾ ਵੀ ਸਰਦੀਆਂ ਦੇ ਦਿਨਾਂ
ਵਿੱਚ ਮੈਨੂੰ ਬਹੁਤਾ ਸੁਖਦਾਈ ਨਹੀਂ ਲੱਗਿਆ। ਇਸ ਬਾਰੇ ਪੰਥ ਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ
ਅੰਮ੍ਰਿਤ ਛਕਣ ਸਮੇ ਪਜਾਮਾ ਉਤਰਨਾ ਕਿਉਂ ਜਰੂਰੀ ਹੈ! ਦੂਜੀ ਸ਼ੰਕਾ ਇਹ ਹੋਈ ਕਿ ਮਾਸ ਖਾਣਾ ਨਾ ਖਾਣਾ,
ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਅਨੁਸਾਰ ਕੋਈ ਮਸਲਾ ਨਹੀਂ ਹੈ। ਸਿਰਫ ਕੁੱਠਾ ਖਾਣਾ
ਵਰਜਤ ਹੈ। ਇਸ ਬਾਰੇ ਕਿਉਂ ਤੇ ਕਦੋਂ ਤੋਂ ਪੁੱਛ ਹੋਣੀ ਸ਼ੁਰੂ ਹੋਈ ਹੈ!
ਇਕ ਬੇਨਤੀ ਇਹ ਹੈ ਕਿ ਬਾਕੀ ਅੰਮ੍ਰਿਤ ਅਭਿਲਾਖੀਆਂ ਦੀ ਗਿਣਤੀ ਬਹੁਤੀ ਹੋਣ ਕਰਕੇ, ਸਾਰੀ ਮਰਯਾਦਾ
ਨੂੰ ਸਰੰਜਾਮ ਦੇਣ ਸਮੇ ਸਪੀਕਰ ਚੱਲਦਾ ਰਿਹਾ ਪਰ ਅੰਮ੍ਰਿਤ ਤਿਆਰ ਕਰਨ ਸਮੇ ਪੜ੍ਹੀਆਂ ਜਾਣ ਵਾਲ਼ੀਆਂ
ਪੰਜ ਬਾਣੀਆਂ ਦਾ ਪਾਠ ਕਰਨ ਸਮੇ ਸਪੀਕਰ ਬੰਦ ਕਰ ਦਿਤਾ ਗਿਆ। ਕੀ ਇਸ ਦੀ ਕੋਈ ਖਾਸ ਵਜਾਹ ਹੈ? ਮੇਰੇ
ਖਿਆਲ ਵਿੱਚ ਪੰਜ ਬਾਣੀਆਂ ਦਾ ਪਾਠ ਵੀ ਸਪੀਕਰ ਵਿੱਚ ਹੀ ਹੋਵੇ ਤਾਂ ਵਧੇਰੇ ਜਚੇਗਾ।
ਇਸ ਸਮੇ ਇਸ ਸੰਸਾਰ ਵਿੱਚ ਵਸਦੇ ਸਭ ਤੋਂ ਪੁਰਾਣੇ ਆਪਣੇ ਇਕੋ ਇੱਕ ਮਿੱਤਰ, ਬਟਾਲਾ ਨਿਵਾਸੀ ਸ.
ਹਰਭਜਨ ਸਿੰਘ ਬਾਜਵਾ ਪਾਸ ਗਿਆ। ਕੁੱਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਜੀਵਨ ਸਾਥਣ ਉਹਨਾਂ ਨੂੰ
ਸਦੀਵੀ ਵਿਛੋੜਾ ਦੇ ਗਈ ਸੀ। ਹਰਚੋਵਾਲ਼ ਵਿੱਚ ਹੋ ਰਹੇ ਸਾਹਿਤਕ ਸਮਾਗਮ ਵਿੱਚ ਹਾਜਰੀ ਭਰੀ। ਗੁਰੂ
ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋ ਰਹੇ ਦੋ ਕੁ ਸੈਮੀਨਾਰਾਂ ਵਿੱਚ ਮੈਂ ਗਿਆ ਵੀ ਪਰ ਇਹ ਸੈਮੀਨਾਰਾਂ
ਵਾਲ਼ਾ ਕਾਰਜ ਫਿੱਕਾ ਫਿੱਕਾ ਜਿਹਾ ਹੀ ਲੱਗਿਆ। ਇਸ ਬਾਰੇ ਯੂਨੀਵਰਸਿਟੀ ਦੇ ਇੱਕ ਸਾਬਕ ਡੀਨ ਡਾ.
ਬਿਕਰਮ ਸਿੰਘ ਘੁਮਣ ਜੀ ਨਾਲ਼ ਇਸ ਬਾਰੇ ਵਿਚਾਰ ਹੋਈ ਤਾਂ ਉਹਨਾਂ ਨੇ ਇਹਨਾਂ ਸੈਮੀਨਾਰਾਂ ਦੀ ਅਸਲੀਅਤ
ਉਪਰ ਵਾਹਵਾ ਚਾਨਣਾ ਪਾਇਆ। ਇਸ ਜਾਣਕਾਰੀ ਤੋਂ ਬਾਅਦ, ਮੇਰਾ ਇਹਨਾਂ ਸੈਮੀਨਾਰਾਂ ਬਾਰੇ ਮੋਹ ਭੰਗ ਹੋ
ਗਿਆ ਤੇ ਅਗਲੇ ਹੋਣ ਵਾਲ਼ੇ ਇਹਨਾਂ ਸਮਾਗਮਾਂ ਵਿੱਚ ਜਾਣੋ ਮੈਂ ਹਟ ਹੀ ਗਿਆ। ਪਹਿਲਾਂ ਮੇਰਾ ਵਿਚਾਰ
ਹੁੰਦਾ ਸੀ ਕਿ ਅਜਿਹੇ ਸਮਾਗਮਾਂ ਵਿੱਚ ਵਿਦਵਾਨ ਸੱਜਣਾਂ ਦੇ ਵਿਦਵਤਾ ਭਰਪੂਰ ਵਿਚਾਰ ਸੁਣੇ ਜਾਣ ਤੇ
ਖ਼ੁਦ ਨੂੰ ਵੀ ਉਸ ਸਮੇ ‘ਪੰਜਾਂ ਸਵਾਰਾਂ’ ਵਿੱਚ ਸ਼ਾਮਲ ਸਮਝਿਆ ਜਾਵੇ। ਅਕਾਲੀ ਸਰਕਾਰ ਨੇ ਜਦੋਂ ੧੯੬੯
ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਈ ਸੀ ਤਾਂ ਕਿਸੇ ਸਜੱਣ ਨੇ ਮੇਰਾ ਨਾਂ ਵੀ ਸਰੋਤਿਆਂ ਦੀ
ਲਿਸਟ ਵਿੱਚ ਸ਼ਾਮਲ ਕਰ ਦਿਤਾ ਸੀ ਤੇ ਹਰੇਕ ਬਾਹਰੋਂ ਆਏ ਗੈਸਟ ਵਿਦਵਾਨ ਦੇ ਭਾਸ਼ਨ ਦੀ ਤਰੀਕ ਤੇ ਸਮਾ
ਦੱਸਣ ਵਾਲ਼ੀ ਚਿੱਠੀ ਤੇ ਸੱਦਾ ਮੈਨੂੰ ਵੀ ਆ ਜਾਇਆ ਕਰਦਾ ਸੀ। ਉਹਨੀਂ ਦਿਨੀਂ ਡਾ. ਭਾਈ ਜੋਧ ਸਿੰਘ
ਵਰਗੇ ਵਕਤਿਆਂ ਨੂੰ ਸੁਣਨ ਦਾ ਆਪਣਾ ਹੀ ਆਨੰਦ ਹੁੰਦਾ ਸੀ।
ਨਕੋਦਰ ਵਿੱਚ ਪੰਜਾਬੀ ਲੋਕਧਾਰਾ ਵਾਲ਼ੀ ਮਿਲਣੀ
ਇਸ ਦੌਰੇ ਦੌਰਾਨ ਸਭ ਤੋਂ ਵਧੇਰੇ ਖਿੱਚ ਮੈਨੂੰ ‘ਪੰਜਾਬੀ ਲੋਕਧਾਰਾ’ ਦੇ ਸਮਾਗਮ ਵਿੱਚ ਸ਼ਾਮਲ
ਹੋਣ ਦੀ ਸੀ। ਆਏ ਦਿਨ ਫ਼ੇਸਬੁੱਕ ਉਪਰ ਇਸ ਮਿਲਣੀ ਬਾਰੇ ਉਤਸੁਕਤਾ ਪੂਰਣ ਖ਼ਬਰਾਂ ਪ੍ਰਕਾਸ਼ਤ ਹੋ ਰਹੀਆਂ
ਸਨ। ਦੇਹ ਪੋਸਟ ਤੇ ਪੋਸਟ ਪਾਈ ਜਾ ਰਹੀ ਸੀ ਪਰ ਨਾ ਤੇ ਪ੍ਰਬੰਧਕ ਥਾਂ ਬਾਰੇ ਦੱਸਦੇ ਸਨ ਤੇ ਨਾ ਹੀ
ਤਰੀਕ ਬਾਰੇ ਚਾਨਣਾ ਪਾਇਆ ਜਾ ਰਿਹਾ ਸੀ। ਬਹੁਤ ਸਮੇ ਪਿੱਛੋਂ ਨਕੋਦਰ ਸ਼ਹਿਰ ਦਾ ਜ਼ਿਕਰ ਹੋਇਆ। “ਕੁਫ਼ਰ
ਟੂਟਾ ਖ਼ੁਦਾ ਖ਼ੁਦਾ ਕਰਕੇ। “ਆਖਰ ਸਮਾਗਮ ਤੋਂ ਕੁੱਝ ਦਿਨ ਪਹਿਲਾਂ ਤਰੀਕ ਦਾ ਵੀ ਨਾਂ ਪਰਗਟ ਕਰ ਦਿਤਾ
ਗਿਆ ਕਿ ੧੮ ਮਾਰਚ ਵਾਲ਼ੇ ਦਿਨ ਇਹ ਅਦਭੁਤ ਜੋੜ ਮੇਲਾ ਹੋਵੇਗਾ। ਮੈਂ ਇਸ ਵਿੱਚ ਸ਼ਾਮਲ ਹੋਣ ਲਈ ਏਨਾ
ਉਤਾਵਲਾ ਸਾਂ ਕਿ ਫਰਵਰੀ ਦੀ ਅਠਾਰਾਂ ਨੂੰ ਹੀ ਤਿਆਰੀ ਕਰ ਬੈਠਾ ਸਾਂ। ਹੋਰ ਸਾਰੇ ਪ੍ਰੋਗਰਾਮ ਰੱਦ ਕਰ
ਦਿਤੇ ਤੇ ਜੇ ਕੋਈ ਉਸ ਦਿਨ ਵਾਸਤੇ ਕਿਸੇ ਪ੍ਰੋਗਰਾਮ ਦੀ ਗੱਲ ਵੀ ਕਰੇ ਤਾਂ ਮੈਂ ਆਖਣਾ ਕਿ ਬਈ ੧੭ ਤੇ
ਅਠਾਰਾਂ ਤਰੀਕ ਨੂੰ ਮੈਂ ਵੇਹਲਾ ਨਹੀਂ। ਫਿਰ ਇੱਕ ਸ਼ੰਕਾ ਜਿਹੀ ਉਪਜੀ ਕਿ ਸ਼ਾਇਦ ਮੈਨੂੰ ਮਹੀਨੇ ਦਾ
ਫਰਕ ਲੱਗਦਾ ਹੈ। ਮੈਂ ਫ਼ੇਸਬੁੱਕ ਖੋਹਲ ਕੇ ਵੇਖੀ ਤਾਂ ਮਹੀਨਾ ਮਾਰਚ ਸੀ ਤੇ ਮੈਂ ਮਹੀਨਾ ਫਰਵਰੀ ਵਿੱਚ
ਵਿਚਰ ਰਿਹਾ ਸਾਂ। ਮਨ ਹੀ ਮਨ ਪ੍ਰੋਗਰਾਮ ਬਣਾ ਲਿਆ ਕਿ ੧੭ ਮਾਰਚ ਨੂੰ ਮੈਂ ਜਲੰਧਰ ਚਲਿਆ ਜਾਵਾਂਗਾ
ਤੇ ਨਕੋਦਰ ਰੋਡ ਉਪਰ ਵਾਕਿਆ ਮਲਕੋ ਗੇਟ ਦੇ ਅੰਦਰ ਬਣੇ ਉਪਲ ਸਕੂਲ ਦੇ ਮਾਲਕ, ਆਪਣੇ ਪੁਰਾਣੇ ਮਿੱਤਰ,
ਸ. ਬਲਵੰਤ ਸਿੰਘ ਪਾਸ ਰਾਤ ਰਹਿ ਕੇ ਗੱਪ ਸ਼ੱਪ ਮਾਰਾਂਗਾ ਤੇ ਓਥੋਂ ਸਵੇਰੇ ਬੱਸ ਰਾਹੀਂ ਨਕੋਦਰ ਅੱਪੜ
ਜਾਵਾਂਗਾ। ਇਹ ਸ. ਬਲਵੰਤ ਸਿੰਘ ਜੀ ਆਸਟ੍ਰੇਲੀਆ ਦੀ ਪਰਥ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹੋਣ ਦੇ
ਨਾਲ਼ ਨਾਲ਼ ਬਿਜਲੀ ਕੰਪਨੀ ਵਿੱਚ ਇੰਜੀਨੀਅਰ ਸਨ। ਓਥੋਂ ਸਮੇ ਤੋਂ ਪਹਿਲਾਂ ਰਿਟਾਇਰਮੈਂਟ ਲੈ ਕੇ ਜਲੰਧਰ
ਆ ਕੇ, ਆਪਣਾ ਸਕੂਲ ਚਲਾ ਰਹੇ ਹਨ ਜਿਥੇ ਆਸਟ੍ਰੇਲੀਆ ਦੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾਈ ਜਾ ਰਹੀ
ਹੈ ਤਾਂ ਕਿ ਉਸ ਸਕੂਲ ਵਿੱਚ ਪੜ੍ਹੇ ਬੱਚਿਆਂ ਨੂੰ ਆਸਟ੍ਰੇਲੀਆ, ਨਿਊ ਜ਼ੀਲੈਂਡ ਆਦਿ ਮੁਲਕਾਂ ਦੀ
ਇਮੀਗ੍ਰੇਸ਼ਨ ਲੈਣ ਵਿੱਚ ਸੌਖ ਰਹੇ।
ਅਜਿਹੀਆਂ ਸਕੀਮਾਂ ਦਿਲ ਹੀ ਦਿਲ ਵਿੱਚ ਬਣਾ ਹੀ ਰਿਹਾ ਸਾਂ ਕਿ ਇੱਕ ਦਿਨ, ਪ੍ਰਸਿਧ ਵਿੱਦਵਾਨ ਗਿਆਨੀ
ਜੋਗਿੰਦਰ ਆਜ਼ਾਦ ਜੀ ਦਾ ਫ਼ੋਨ ਆ ਗਿਆ ਤੇ ਸਕੀਮ ਬਣੀ ਕਿ ਆਪਾਂ ਅੰਮ੍ਰਿਤਸਰੋਂ ਸਵੇਰੇ ਅਠਾਰਾਂ ਤਰੀਕ
ਨੂੰ ਹੀ ਤੁਰਾਂਗੇ ਤੇ ਉਹਨਾਂ ਦੇ ਕਿਸੇ ਮਿੱਤਰ ਦੀ ਕਾਰ ਤੇ ਚੱਲਾਂਗੇ। ਇਸ ਨਾਲ਼ ਮੇਰੀ ਤੇ ਸਮੱਸਿਆ
ਹੀ ਸਾਰੀ ਹੱਲ ਹੋ ਗਈ ਕਿਉਂਕਿ ਮੈਂ ਆਪਣੀਆਂ ਕੁੱਝ ਕਿਤਾਬਾਂ ਓਥੇ ਵਿੱਦਵਾਨ ਸੱਜਣਾਂ ਦੀ ਨਜ਼ਰ ਕਰਨ
ਵਾਸਤੇ ਲਿਜਾਣਾ ਚਾਹੁੰਦਾ ਸਾਂ ਤੇ ਫਿਕਰਮੰਦ ਸਾਂ ਕਿ ਕਿਵੇਂ ਉਹਨਾਂ ਨੂੰ ਲੈ ਕੇ ਓਥੇ ਜਾਇਆ ਜਾਵੇ!
ਇਹ ਪਤਾ ਲੱਗਣ ਤੇ ਮੈਂ ਆਜ਼ਾਦ ਬੁੱਕ ਡੀਪੋ ਤੋਂ ਸੌ ਕੁ ਕਿਤਾਬਾਂ ਦੇ ਦੋ ਬੰਡਲ ਰਿਕਸ਼ੇ ਉਪਰ ਲੱਦ ਕੇ,
ਦੋ ਕੁ ਦਿਨ ਪਹਿਲਾਂ ਹੀ ਲੈ ਆਇਆ। ਮੈਂ ਸੋਚ ਰਿਹਾ ਸੀ ਕਿ ਗਿਆਨੀ ਆਜ਼ਾਦ ਜੀ ਮੇਰੇ ਭਰਾ ਦੇ ਘਰੋਂ
ਮੈਨੂੰ ਕਾਰ ਉਪਰ ਚੁੱਕ ਲੈਣਗੇ ਪਰ ਉਹਨਾਂ ਨੇ ਕਿਹਾ ਕਿ ਅਜਿਹਾ ਕਰਨ ਨਾਲ਼ ਆਪਾਂ ਬਹੁਤ ਲੇਟ ਹੋ
ਜਾਵਾਂਗੇ। ਇਸ ਲਈ ਮੈਂ ਹੀ ਦਿਤੇ ਸਮੇ ਤੋਂ ਪਹਿਲਾਂ ਉਹਨਾਂ ਦੇ ਘਰ, ਰਾਣਾ ਗਾਰਡਨ ਵਿਖੇ ਜਾ ਡੇਰਾ
ਲਾਇਆ। ਚਾਹ ਪਾਣੀ ਛਕਿਆ। ਏਨੇ ਨੂੰ ਉਹਨਾਂ ਦੇ ਮਿੱਤਰ ਸ. ਹਰਦੇਵ ਸਿੰਘ ਨਾਮਧਾਰੀ ਜੀ ਆਪਣੀ ਕਾਰ ਲੈ
ਕੇ ਆ ਗਏ ਤੇ ਅਸੀਂ ਤਿੰਨਾਂ ਨੇ ਨਕੋਦਰ ਵੱਲ ਮੂੰਹ ਕਰਕੇ ਚਾਲੇ ਪਾ ਦਿਤੇ। ਰਸਤੇ ਵਿੱਚ ਜੰਡਿਆਲੇ
ਤੋਂ ਇੱਕ ਹੋਰ ਨੌਜਵਾਨ, ਵੀਰ ਲਖਵਿੰਦਰ ਸਿੰਘ ਨੂੰ ਕਾਰ ਵਿੱਚ ਬਿਠਾਇਆ ਤੇ ਢੋਲੇ ਦੀਆਂ ਲਾਉਂਦੇ
ਤੁਰੇ ਗਏ। ਰਾਹ ਵਿੱਚ ਨਕੋਦਰ ਦੇ ਰਾਹ ਦਾ ਪੁੱਛ ਪੁਛਈਆ ਕਰਦੇ ਕਰਦੇ ਪੂਰੇ ਪੌਣੇ ਬਾਰਾਂ ਵਜੇ,
ਸਮਾਗਮ ਵਾਲ਼ਾ ਸਥਾਨ ਲਭਣ ਵਿੱਚ ਸਫਲ ਹੋ ਗਏ। ‘ਪੰਜਾਬ ਪੈਲਸ’ ਵਿੱਚ ਸਮਾਗਮ ਚੱਲ ਰਿਹਾ ਸੀ। ਕਾਰ
ਘਲਿਆਰ ਕੇ ਹਾਲ ਦੇ ਅੰਦਰ ਵੜਨ ਸਮੇ ਵੇਖਿਆ ਕਿ ਅੱਗੇ ਇੱਕ ਨੌਜਵਾਨ ਖਲੋਤਾ ਸੀ। ਉਸ ਨੇ ਦੱਸਿਆ ਕਿ
ਉਹ ਗੁਰਸੇਵਕ ਸਿੰਘ ਧੌਲਾ ਹੈ ਪਰ ਫ਼ੇਸਬੁੱਕ ਵਾਲ਼ੇ ਧੌਲੇ ਨਾਲ਼ੋਂ ਵਾਹਵਾ ਸਾਰਾ ਗੰਭੀਰ ਨਜ਼ਰ ਆਇਆ। ਇਸ
ਗੱਲ ਦਾ ਕਲ੍ਹ ਪਰਸੋਂ ਫ਼ੇਸਬੁੱਕ ਤੋਂ ਹੀ ਪਤਾ ਲੱਗਾ ਕਿ ਅਜਿਹਾ ਕਿਉਂ ਸੀ! ਇਸ ਗੰਭੀਰਤਾ ਦੇ ਕਾਰਨ
ਦਾ ਜ਼ਿਕਰ ਫਿਰ ਕਰਾਂਗੇ।
ਅਸੀਂ ਆਪਣੀਆਂ ਆਪਣੀਆਂ ਕਿਤਾਬਾਂ ਚੁੱਕੀਆਂ ਤੇ ਧੌਲਾ ਜੀ ਦੀ ਹਿਦਾਇਤ ਅਨੁਸਾਰ ਸਟੇਜ ਤੇ ਜਾ
ਰੱਖੀਆਂ। ਉਹਨਾਂ ਨੂੰ ਪਤਾ ਸੀ ਕਿ ਅਸੀਂ ਕਿਤਾਬਾਂ ਲੈ ਕੇ ਆਵਾਂਗੇ। ਕਿਤਾਬਾਂ ਰੱਖ ਕੇ ਸਟੇਜ ਤੋਂ
ਉਤਰ ਕੇ ਅਸੀਂ ਚਾਰੇ ਜਣੇ ਕੁਰਸੀਆਂ ਵੱਲ ਤੁਰ ਪਏ ਤਾਂ ਕਿ ਖਾਲੀ ਵੇਖ ਕੇ ਉਹਨਾਂ ਉਪਰ ਬੈਠ ਜਾਈਏ।
ਏਨੇ ਨੂੰ ਇੱਕ ਨੌਜਵਾਨ ਆਪਣੀ ਕੁਰਸੀ ਤੋਂ ਉਠਿਆ ਤੇ ਮੇਰੇ ਅੱਗੇ ਆ ਫ਼ਤਿਹ ਬੁਲਾਈ। ਉਸ ਨੇ ਦੱਸਿਆ ਕਿ
ਉਹ ਸਤਿੰਦਰ ਸਿੰਘ ਓਠੀ ਹੈ ਤੇ ਮੈਨੂੰ ਉਸ ਨੇ ਆਪਣੇ ਨਾਲ਼ ਦੀ ਕੁਰਸੀ ਉਪਰ ਬਿਠਾ ਲਿਆ। ਮੇਰੇ ਨਾਲ਼ ਦੇ
ਤਿੰਨੇ ਸਾਥੀ ਪਿੱਛੇ ਨੂੰ ਤੁਰੀ ਗਏ। ਮੈਂ ਉਸ ਨੌਜਵਾਨ ਦੇ ਆਖਣ ਤੇ ਬੈਠ ਤੇ ਗਿਆ ਪਰ ਧਿਆਨ ਮੇਰਾ
ਸਾਥੀਆਂ ਵੱਲ ਹੀ। ਓਠੀ ਨੇ ਪੁੱਛਿਆ ਕਿ ਕੀ ਮੇਰਾ ਵੀ ਸਮਾ ਹੈ ਸਟੇਜ ਤੇ ਬੋਲਣ ਦਾ! ਮੈਂ ਕਿਹਾ ਕਿ
ਮੈਨੂੰ ਤੇ ਕਿਸੇ ਨੇ ਸਟੇਜ ਤੇ ਬੋਲਣ ਲਈ ਨਹੀਂ ਆਖਿਆ। ਉਸ ਨੇ ਕਿਹਾ, “ਮੈਂ ਪਤਾ ਕਰਦਾ ਹਾਂ। “ਉਸ
ਨੇ ਇੱਕ ਨੌਜਵਾਨ ਵਾਲੰਟੀਅਰ ਨੂੰ ਮੇਰੇ ਬਾਰੇ ਦੱਸਿਆ। ਉਹ ਅੱਗੋਂ ਧੌਲਾ ਜੀ ਨੂੰ ਸੱਦ ਲਿਆਇਆ। ਧੌਲਾ
ਜੀ ਨੇ ਪੁੱਛਿਆ ਕਿ ਮੈਂ ਕਿੰਨੇ ਮਿੰਟ ਬੋਲਾਂਗਾ! ਮੈਂ ਕਿਹਾ ਕਿ ਜਿੰਨੇ ਮਿੰਟ ਮੈਨੂੰ ਮਿਲਣਗੇ ਉਸ
ਤੋਂ ਅਧਾ ਮਿੰਟ ਘੱਟ।
ਕੁਝ ਮਿੰਟ ਓਠੀ ਨੇੜਲੀ ਕੁਰਸੀ ਉਪਰ ਉਸਲਵੱਟੇ ਜਿਹੇ ਲੈਣ ਪਿੱਛੋਂ ਮੈਂ ਆਜ਼ਾਦ ਜੀ ਹੋਰਾਂ ਨੂੰ ਲਭ ਕੇ
ਉਹਨਾਂ ਦੇ ਨੇੜੇ ਜਾ ਬੈਠਾ। ਕੁੱਝ ਚਿਰ ਪਿੱਛੋਂ ਯਾਦ ਆਈ ਕਿ ਗਿਆਨੀ ਆਜ਼ਾਦ ਜੀ ਦੇ ਘਰੋਂ ਨੌਂ ਕੁ
ਵਜੇ ਇੱਕ ਕੱਪ ਚਾਹ ਦਾ ਪੀਤਾ ਸੀ ਤੇ ਹੁਣ ਢਿਡ ਕੁੱਝ ਮੰਗਣ ਲੱਗ ਪਿਆ ਸੀ। ਮੈਂ ਹਾਲ ਦੇ ਵਿਚਕਾਰਲੇ,
ਸੇਜ ਵੱਲੋਂ ਸੱਜੀ ਵੱਖੀ ਵਾਲ਼ੇ ਦਰਵਾਜ਼ੇ ਥਾਣੀਂ ਬਾਹਰ ਨਿਕਲ਼ਿਆ ਤਾਂ ਓਥੇ ਚਾਹ ਪਾਣੀ ਆਦਿ ਸਭ ਕੁੱਝ
ਮੌਜੂਦ ਸੀ, ਜਿਸ ਬਾਰੇ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਸੀ। ਸਭ ਤੋਂ ਪਹਿਲਾਂ ਤੇ ਮੈਂ ਪਾਣੀ
ਪੀਤਾ। ਫਿਰ ਇੱਕ ਪਕੌੜਾ ਖਾਧਾ ਤੇ ਫਿਰ ਇੱਕ ਵੱਡਾ ਸਾਰਾ ਲੱਡੂ। ਅਧਾ ਕੁ ਕੱਪ ਚਾਹ ਦਾ ਪੀ ਕੇ ਮੈਂ
ਫਿਰ ਇਹ ਖ਼ਬਰ ਅੰਦਰ ਆ ਕੇ ਆਪਣੇ ਸਾਥੀਆਂ ਨੂੰ ਸੁਣਾਈ ਕਿ ਬਾਹਰ ਤੇ ਸਭ ਕੁੱਝ ਟੇਬਲਾਂ ਤੇ ਰੱਖਿਆ
ਹੋਇਆ ਵਾ ਤੇ ਤੁਸੀਂ ਏਥੇ ਭੁੱਕ ਤਿਹਾਏ, ਖਾਲੀ ਢਿਡ ਲਈ ਬੈਠੇ ਹੋ। ਮੈਂ ਤੇ ਪੇਟ ਪੂਜਾ ਕਰ ਆਇਆ
ਹਾਂ। ਉਹ ਵੀ ਤਿੰਨੇ ਜਣੇ ਉਠ ਕੇ ਪੇਟ ਪੂਜਾ ਕਰ ਆਏ। ਇਸ ਦੌਰਾਨ ਸਟੇਜ ਦੀ ਕਾਰਵਾਈ ਸਵੇਰੇ ੧੦ ਵਜੇ
ਤੋਂ ਜਾਰੀ ਹੋ ਕੇ, ਸਫਲਤਾ ਸਹਿਤ ਜਾਰੀ ਸੀ। ਹਰ ਕੋਈ ਵਾਰੀ ਵਾਰੀ ਆਪੋ ਆਪਣੀ ਫ਼ਨ ਦਾ ਪ੍ਰਦਰਸ਼ਨ ਕਰ
ਰਿਹਾ ਸੀ। ਕੁੱਝ ਮਿੰਟਾਂ ਪਿੱਛੋਂ ਸ. ਗੁਰਸੇਵਕ ਸਿੰਘ ਧੌਲਾ ਜੀ ਆਏ ਤੇ ਮੈਨੂੰ ਬਾਂਹ ਤੋਂ ਫੜ ਕੇ
ਸਟੇਜ ਉਪਰ ਲੈ ਗਏ ਤੇ ਪ੍ਰਧਾਨਗੀ ਮੰਡਲ ਦੀ ਇੱਕ ਕੁਰਸੀ ਉਪਰ ਜਾ ਧਰਿਆ। ਮੈਂ ਦਿਲ ਵਿੱਚ ਸੋਚਾਂ ਕਿ
ਸਾਥੀਆਂ ਨੂੰ ਛੱਡ ਕੇ ਮੈਂ ਇਕੱਲਾ ਹੀ ਸਟੇਜ ਉਪਰ ਆ ਬਿਰਾਜਿਆਂ ਹਾਂ, ਇਹ ਗੱਲ ਸੋਭਦੀ ਨਹੀਂ। ਫਿਰ
ਸੋਚਿਆ ਕਿ ਚਲੋ, ਥੋਹੜਾ ਚਿਰ, ਧੌਲਾ ਜੀ ਵੱਲੋਂ ਦਿਤੇ ਗਏ ਮਾਣ ਦਾ ਮਾਣ ਰੱਖ ਕੇ, ਫਿਰ ਸਾਥੀਆਂ ਕੋਲ਼
ਜਾ ਬੈਠਾਂਗਾ। ਤਾਹੀਉਂ ਕੀ ਵੇਖਦਾ ਹਾਂ ਕਿ ਧੌਲਾ ਜੀ ਗਿਆਨੀ ਆਜ਼ਾਦ ਜੀ ਅਤੇ ਸ. ਹਰਦੇਵ ਸਿੰਘ
ਨਾਮਧਾਰੀ ਜੀ ਨੂੰ ਵੀ ਧੂਹੀ ਆਉਣ ਤੇ ਉਹਨਾਂ ਨੂੰ ਵੀ ਮੇਰੇ ਨਾਲ਼ ਦੀਆਂ ਕੁਰਸੀਆਂ ਉਪਰ ਸਜਾ ਦਿਤਾ।
ਅਸੀਂ ਉਸ ਪਿਛੋਂ ਸਾਰਾ ਸਮਾ ਸਟੇਜ ਉਪਰ ਸਜੇ ਹੋਏ ਹੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਰਹੇ।
ਕੁੱਝ ਕਿਤਾਬਾਂ ਵੀ ਰੀਲੀਜ਼ ਹੋਈਆਂ। ਉਹਨਾਂ ਵਿੱਚ ਗਿਆਨੀ ਆਜ਼ਾਦ ਜੀ ਦੀ ਗਹਿਰ ਗੰਭੀਰ ਲੇਖਾਂ ਦੀ
ਕਿਤਾਬ ‘ਬਿਬੇਕ ਵਿਗਾਸ’ ਅਤੇ, “…. . ਵਿੱਚ ਸਾਡਾ ਵੀ ਵਿੱਚ ਨਾਂ ਬੋਲੇ” ਦੀ ਤਰਜ਼ `ਤੇ, ਮੇਰੀ ਵੀ
ਪਹਿਲੀ ਕਿਤਾਬ ‘ਸਚੇ ਦਾ ਸਚਾ ਢੋਆ’ ਦੀ ਛੇਵੀਂ ਐਡੀਸ਼ਨ ਰੀਲੀਜ਼ ਕਰ ਦਿਤੀ ਗਈ।
ਇਸ ਰੀਲੀਜ਼ ਸਮਾਗਮ ਬਾਰੇ ਗਿ. ਜੋਗਿੰਦਰ ਸਿੰਘ ਆਜ਼ਾਦ ਜੀ ਨੇ ਇਕ ਬੜਾ ਢੁਕਵਾਂ ਸੁਝਾ ਦਿਤਾ ਹੈ ਕਿ
ਕਿਤਾਬ ਦੇ ਲਿਖਾਰੀ ਨੂੰ, ਭਾਵੇਂ ਥੋਹੜੇ ਤੋਂ ਥੋਹੜਾ ਹੀ, ਪਰ ਸਮਾ ਜਰੂਰ ਦਿਤਾ ਜਾਵੇ, ਆਪਣੀ ਕਿਤਾਬ
ਬਾਰੇ ਪਾਠਕਾਂ ਨੂੰ ਕੁੱਝ ਦੱਸਣ ਦਾ। ਮੇਰਾ ਖਿਆਲ ਹੈ ਕਿ ਅੱਗੇ ਤੋਂ ਪ੍ਰਬੰਧਕ ਇਸ ਗੱਲ ਦਾ ਧਿਆਨ
ਰੱਖਣਗੇ। ਸਰਬ ਗੁਣ ਸੰਪੂਰਨ ਨਾ ਕੋਈ ਮਨੁਖ ਹੁੰਦਾ ਹੈ ਤੇ ਨਾ ਹੀ ਕੋਈ ਕਾਰਜ। ਹਰੇਕ ਥਾਂ, ਹਰੇਕ
ਸਮੇ ਚੰਗੇ ਨੂੰ ਚੰਗੇਰਾ ਬਣਾਉਣ ਦੀ ਗੁੰਜਾਇਸ਼ ਹੁੰਦੀ ਹੀ ਹੈ। ਬਿਨਾ ਕਿਸੇ ਮਾਇਕ ਉਗ੍ਰਾਹੀ ਜਾਂ
ਕਿਸੇ ਸੰਸਥਾ ਦੀ ਸਹਾਇਤਾ ਦੇ, ਏਨਾ ਸਫਲ ਸਮਾਗਮ ਰਚ ਲੈਣਾ, ਕੇਵਲ ਤੇ ਕੇਵਲ ਪ੍ਰਬੰਧਕਾਂ ਦਾ ਹੀ ਉਦਮ
ਹੈ। ਇਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਸਾਰਾ ਸਮਾ ਸਟੇਜ ਉਪਰ ਟੰਗੇ ਰਹਿਣ ਦਾ ਇੱਕ ਨੁਕਸਾਨ ਤਾਂ ਇਹ ਹੋਇਆ ਕਿ ਸਾਰੇ ਲੋਕਾਂ ਦੀ ਨਿਗਾਹ
ਵਿੱਚ ਹੋਣ ਕਰਕੇ, ਆਕੜ ਕੇ ਬੈਠਣਾ ਪਿਆ। ਏਧਰ ਓਧਰ ਉਸਲਵੱਟੇ ਲੈਣ ਸਮੇ ਵੀ ਧਿਆਨ ਰੱਖਣਾ ਪੈਂਦਾ ਸੀ
ਕਿ ਲੋਕ ਕੀ ਕਹਿਣਗੇ! ਦੂਜਾ ਨੁਕਸਾਨ ਇਹ ਹੋਇਆ ਕਿ ਮੈਂ ਆਪਣੀਆਂ ਤਿੰਨ ਕਿਤਾਬਾਂ ਦੇ ਦੋ ਬੰਡਲ, ਓਥੇ
ਵਿਦਵਾਨਾਂ ਨੂੰ ਵੰਡਣ ਵਾਸਤੇ ਲੈ ਕੇ ਗਿਆ ਸਾਂ, ਜੋ ਸੌ ਕੁ ਦੇ ਕਰੀਬ ਕਿਤਾਬਾਂ ਸਨ। ਉਹਨਾਂ ਵਿਚੋਂ
ਅਧੀਆਂ ਹੀ ਵੰਡੀਆਂ ਜਾ ਸਕੀਆਂ ਤੇ ਦੂਜਾ ਬੰਡਲ ਬਿਨਾ ਖੋਹਲਿਆਂ ਹੀ ਵਾਪਸ ਲਿਆਉਣਾ ਪਿਆ। ਜੇ ਸਟੇਜ
ਉਪਰ ਨਾ ਆਕੜ ਕੇ ਬੈਠਾ ਹੁੰਦਾ ਤਾਂ ਇਹ ਸਾਰੀਆਂ ਕਿਤਾਬਾਂ ਮੈਂ ਪਾਠਕਾਂ ਦੇ ਹੱਥਾਂ ਤੱਕ ਅਪੜਾ
ਦੇਣੀਆਂ ਸਨ।
ਸਟੇਜ ਉਪਰ ਬੈਠਿਆਂ ਹੀ ਮੇਰੀ ਨਿਗਾਹ ਕੁਰਸੀਆਂ ਦੀ ਪਹਿਲੀ ਕਤਾਰ ਉਪਰ ਪਈ ਤੇ ਮੈਨੂੰ ਝੌਲ਼ਾ ਜਿਹਾ
ਪਿਆ ਕਿ ਜਿਵੇਂ ਇੱਕ ਪਤਲੇ ਜਿਹੇ ਤੇ ਲੰਮੇ ਸਰੀਰ, ਚਿੱਟੀ ਦਾਹੜੀ ਵਾਲ਼ੇ ਸੱਜਣ, ਸ. ਲਾਲ ਸਿੰਘ
ਸੁਲਹਾਣੀ ਹੁੰਦੇ ਹਨ! ਇਹ ਸੱਜਣ ਛਿਆਲ਼ੀ ਕੁ ਸਾਲ ਪਹਿਲਾਂ, ਮੇਰੇ ਵਾਂਗ ਹੀ ਸ਼੍ਰੋਮਣੀ ਗੁ. ਪ੍ਰ.
ਕਮੇਟੀ ਦੀ ਸੇਵਾ ਵਿੱਚ ਹੁੰਦੇ ਸਨ। ਓਦੋਂ ਅਜੇ ਇਹਨਾਂ ਨੂੰ ਦਾਹੜੀ ਵੀ ਨਹੀਂ ਸੀ ਆਈ। ਜਦੋਂ ਇਹਨਾਂ
ਦਾ ਛੁਹਾਰਾ ਪਿਆ ਤਾਂ ਉਸ ਰੌਣਕ ਮੇਲੇ ਵਿੱਚ ਇਹਨਾਂ ਨੇ ਮੈਨੂੰ ਵੀ ਸ਼ਾਮਲ ਹੋਣ ਦਾ ਮਾਣ ਦਿਤਾ ਸੀ।
ਕੁੱਝ ਦਿਨ ਪਹਿਲਾਂ ਇਹਨਾਂ ਨੇ ਮੈਨੂੰ ਫੇਸਬੁੱਕ ਤੋਂ ਲਭਿਆ ਸੀ। ੧੯੭੩ ਵਿੱਚ ਮੇਰੇ ਦੇਸ਼ ਛੱਡਣ
ਉਪ੍ਰੰਤ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਕ ਦੀ ਨਿਯੁਕਤੀ ਮਿਲ਼ੀ ਤੇ ਓਧਰੋਂ ਭਾਰਤ ਸਰਕਾਰ
ਵੱਲੋਂ ਵੀ ਕਲੱਰਕੀ ਦੀ ਨੌਕਰੀ ਦੀ ਪੇਸ਼ਕਸ਼ ਆ ਗਈ ਪਰ ਇਹਨਾਂ ਨੇ ਇਹਨਾਂ ਦੋਵੇਂ ਥਾਵਾਂ ਤੇ ਜਾਣ ਦੀ
ਬਜਾਇ, ਉਸ ਸਮੇ ਸ਼੍ਰੀ ਕਾਂਸ਼ੀ ਰਾਮ ਜੀ ਦੀ ਅਗਵਾਈ ਹੇਠ, ਸਿਆਸਤ ਵਿੱਚ ਜਾਣ ਦਾ ਫੈਸਲਾ ਕੀਤਾ। ਸਮਾਗਮ
ਦੀ ਸਮਾਪਤੀ ਤੇ ਅਸੀਂ ਮਿਲ਼ੇ। ਉਹਨਾਂ ਦਾ ਪਰਵਾਰ ਵੀ ਨਾਲ਼ ਸੀ। ਮੈਨੂੰ ਬੜੇ ਮਾਣ ਨਾਲ਼ ਪਰਵਾਰ ਦੇ
ਸਾਰੇ ਜੀਆਂ ਨਾਲ਼ ਮਿਲਾਇਆ। ਉਹਨਾਂ ਦੀ ਬੱਚੀ ਗੁਰਲਗਨ ਕੌਰ ਨੇ ਸਟੇਜ ਉਪਰ ਮਨੋਹਰ ਗੀਤ ਗਾਇਆ। ਇਸ
ਬੱਚੀ ਉਪਰ ਕੁਦਰਤ ਮੇਹਰਬਾਨ ਹੈ। ਉਹ ਏਨਾ ਸੁੰਦਰ ਗਾਉਂਦੀ ਹੈ ਕਿ ਸਰੋਤੇ ਸਮਝਦੇ ਹਨ ਕਿ ਸੁਰਿੰਦਰ
ਕੌਰ ਗਾ ਰਹੀ ਹੈ। ਬੱਚੀ ਗੁਰਲਗਨ ਕੌਰ ਦੇ ਕੰਠ ਵਿਚ, ਕਲਾ ਦੀ ਦੇਵੀ ਸਰਸਵਤੀ ਦਾ ਵਾਸਾ ਹੈ। ਰੱਬ
ਬੱਚੀ ਨੂੰ ਹੋਰ ਤਰੱਕੀ ਬਖ਼ਸ਼ੇ!
ਹਰ ਪੱਖੋਂ ਸਮਾਗਮ ਸੰਪੂਰਣ ਤੌਰ ਤੇ ਸਫ਼ਲ ਸੀ। ਫਿਰ ਸਵੇਰ ਤੋਂ ਸਟੇਜ ਉਪਰ ਟੰਗੇ ਸੱਜਣਾਂ ਤੇ
ਸੱਜਣੀਆਂ ਨੂੰ ਰਿਹਾਈ ਬਖ਼ਸ਼ੀ ਗਈ, ਇਹ ਆਖ ਕੇ, “ਹੁਣ ਨਾਟਕ ਵਾਸਤੇ ਸਟੇਜ ਖਾਲੀ ਕਰ ਦਿਓ। “
ਅੰਤ ਵਿੱਚ ਜਗੀਰ ਕੌਰ ਕੌਰ ਦੀ ਅਗਵਾਈ ਵਿੱਚ ਬੜਾ ਸਫ਼ਲਤਾ ਪੂਰਨ ਨਾਟਕ ਪੇਸ਼ ਕੀਤਾ ਗਿਆ। ਇਸ ਨਾਟਕ
ਰਾਹੀਂ ਪੰਜਾਬ ਵਿੱਚ ਨਸ਼ੇ ਦੁਆਰਾ ਨੌਜਵਾਨੀ ਦੀ ਹੋ ਰਹੀ ਦੁਰਦਸ਼ਾ ਬਾਰੇ ਸੁਨੇਹਾ ਦਿਤਾ ਗਿਆ। ਇਸ ਦੀ
ਭਰਪੂਰ ਪ੍ਰਸੰਸਾ ਹੋਈ।
ਪਹਿਲਾਂ ਮੈਂ ਕਿਤੇ ਲਿਖਿਆ ਸੀ ਕਿ ਧੌਲਾ ਜੀ ਲੋੜੋਂ ਵਧ ਫਿਕਰਮੰਦੀ ਵਾਲ਼ੀ ਅਵੱਸਥਾ ਵਿੱਚ ਵਿਚਰ ਰਹੇ
ਮੈਨੂੰ ਲੱਗੇ। ਸਮਾਗਮ ਪਿੱਛੋਂ ਥੋਹੜੇ ਕੁ ਦਿਨ ਹੋਏ ਫੇਸਬੁੱਕ ਤੋਂ ਹੀ ਪਤਾ ਲੱਗਾ ਕਿ ਪ੍ਰਬੰਧਕਾਂ
ਨੂੰ ਸਿਰਫ ਸਮਾਗਮ ਦੇ ਪ੍ਰਬੰਧ ਕਰਨ ਦਾ ਹੀ ਫਿਕਰ ਨਹੀਂ ਸੀ ਬਲਕਿ ਇਸ ਪ੍ਰਬੰਧ ਵਿੱਚ ਵਿਘਨ ਪਾਉਣ
ਵਾਲ਼ਿਆਂ ਤੋਂ ਇਸ ਦੀ ਰੱਖਿਆ ਕਰਨ ਦਾ ਵੀ ਫਿਕਰ ਸੀ। ਕੋਈ ਪਤਾ ਨਹੀਂ ਹੁੰਦਾ ਕਿ ਕਿਸ ਨੇ, ਕਦੋਂ ਤੇ
ਕੇਹੜੇ ਪਾਸਿਉਂ ਹੋ ਰਹੇ ਚੰਗੇ ਕਾਰਜ ਵਿੱਚ ਵਿਘਨ ਪਾਉਣ ਆ ਜਾਣਾ ਹੈ। ਇਹ ਵੈਸੇ ਹੀ ਮਨੁਖ ਦੀ ਰੁਚੀ
ਹੈ ਕਿ ਚੰਗੇ ਕੰਮ ਵਿੱਚ ਘੜੰਮ ਪਾ ਕੇ ਬੇਰਸੀ ਪੈਦਾ ਕਰੇ। ਕਦੀ ਤਾਂ ਉਸ ਦੀ ਰੁਚੀ ਅਨੁਸਾਰ ਕਾਰਜ
ਨਹੀਂ ਹੋ ਰਿਹਾ ਹੁੰਦਾ ਤਾਂ, ਕਦੀ ਉਸ ਨੂੰ ਉਸ ਅਨੁਸਾਰ ਢੁਕਵੀਂ ਮਹੱਤਤਾ ਨਹੀਂ ਦਿਤੀ ਗਈ ਹੁੰਦੀ
ਜਾਂ ਫਿਰ ਪ੍ਰਬੰਧ ਕਰਨ ਵਾਲ਼ਿਆਂ ਨਾਲ ਵੈਸੇ ਹੀ ਈਰਖਾ। ਕੁੱਝ ਵੀ ਕਾਰਨ ਹੋ ਸਕਦਾ ਹੈ, ਵਿਘਨ ਪਾਉਣ
ਦਾ ਬਹਾਨਾ ਲਭਣ ਲਈ। ਚੰਗਾ ਕੰਮ ਕਰਨਾ ਔਖਾ ਪਰ ਚੰਗੇ ਕਾਰਜ ਵਿੱਚ ਵਿਘਨ ਪਾਉਣਾ ਬਹੁਤ ਸੌਖਾ ਹੁੰਦਾ
ਹੈ। ਕਈ ਲੋਕਾਂ ਦੀ ਸੋਚ ਹੀ ਅਜਿਹੀ ਹੁੰਦੀ ਹੈ:
ਕਾਫ਼ ਕਾਣਿਆਂ ਰਲ਼ ਸਲਾਹ ਕੀਤੀ
ਚਲੋ ਰਾਹ ਵਿੱਚ ਕੰਡੇ ਖਲਾਰੀਏ ਜੀ।
ਲੋਟਾ ਭੰਨ ਮਸੀਤ ਦਾ ਦੌੜ ਚੱਲੀਏ
ਨਹੀਂ ਤੇ ਘੁਗੀਆਂ ਦੇ ਬੱਚੇ ਮਾਰੀਏ ਜੀ।
ਜਿੰਨਾ ਫੇਸਬੁੱਕ ਉਪਰ ਇਸ ਸਮਾਗਮ ਦਾ ਉਤਸ਼ਾਹਪੂਰਣ ਰੌਲ਼ਾ ਰੱਪਾ ਸੀ ਓਨਾ ਖੁਲ੍ਹਾਪਣ ਤੇ ਰੌਣਕ ਮੇਲਾ
ਓਥੇ ਨਜ਼ਰ ਨਾ ਆਇਆ। ਗੁਰਸੇਵਕ ਸਿੰਘ ਧੌਲਾ ਤੇ ਮਨਜੀਤ ਸਿੰਘ ਮੰਨੀ ਵੀ ਫੇਸਬੁੱਕੀ ਸ਼ਖ਼ਸੀਅਤ ਦੇ
ਮੁਕਬਲੇ ਫਿਕਰਮੰਦੀ ਜਿਹੀ ਵਿੱਚ ਵਿਚਰਦੇ ਹੀ ਦਿਸੇ। ਇਸ ਦਾ ਕਾਰਨ ਮੈਂ ਉਪਰ ਬਿਆਨ ਕਰ ਦਿਤਾ ਹੈ।
ਵੈਸੇ ਹਾਲ ਸਾਰਾ ਦਰਸ਼ਕਾਂ ਨਾਲ਼ ਭਰਿਆ ਹੋਇਆ ਸੀ। ਸਟੇਜ ਉਪਰ ਸਜੇ ਹੋਏ ਸੱਜਣਾਂ ਦੀ ਵੀ ਕੋਈ ਕਮੀ
ਨਹੀਂ ਸੀ।
ਸਮਾਗਮ ਦੇ ਅੰਤ ਤੇ ਪ੍ਰਸ਼ਾਦੇ ਦਾ ਬੜਾ ਸੋਹਣਾ ਪ੍ਰਬੰਧ ਸੀ। ਸਾਰਿਆਂ ਨਾਲ਼ ਮੈਂ ਵੀ ਇਸ ਦਾ ਆਨੰਦ
ਮਾਣਿਆਂ। ਇੱਕ ਲੱਡੂ ਦੁਪਹਿਰੇ ਚਾਹ ਨਾਲ਼ ਖਾ ਗਿਆ ਸਾਂ ਤੇ ਇੱਕ ਹੁਣ ਰੋਟੀ ਦੇ ਪਿੱਛੋਂ ਹੋਰ ਖਾ
ਲਿਆ। ਜਾਣ ਤੋਂ ਪਹਿਲਾਂ ਕੁੱਝ ਸੁਨੇਹਾ ਦੇਣ ਲਈ ਧੌਲਾ ਜੀ ਨੇ ਆਵਾਜ਼ ਮਾਰ ਲਈ। ਉਹਨਾਂ ਦੇ ਦੁਆਲ਼ੇ
ਹੋਰ ਬਹੁਤ ਸਾਰੇ ਸੱਜਣ/ਸੱਜਣੀਆਂ ਸਨ ਪਰ ਉਹ ਮੇਰੇ ਨਾਲ਼ ਵੱਖਰੇ ਹੋ ਕੇ ਕੋਈ ਗੱਲ ਕਰਨੀ ਚਾਹੁੰਦੇ
ਸਨ। ਓਧਰ ਆਜ਼ਾਦ ਜੀ ਹੋਰਾਂ ਨੇ ਤੁਰਨ ਲਈ ਕਾਹਲ਼ੀ ਪਾਈ ਹੋਈ ਸੀ। ਸੋ ਛੇਤੀ ਛੇਤੀ ਧੌਲਾ ਜੀ ਦੀ ਗੱਲ
ਸੁਣ ਕੇ ਮੈਂ ਵੀ ਕਾਰ ਵਿੱਚ ਜਾ ਵੜਿਆ। ਜਿਸ ਰਸਤੇ ਪਹਿਲਾਂ ਆਏ ਸਾਂ ਉਸ ਤੋਂ ਵੱਖਰੇ ਰਾਹ ਥਾਣੀ
ਵਾਪਸ ਮੁੜੇ। ਰਸਤੇ ਵਿੱਚ ਇੱਕ ਥਾਂ ਚਾਹ ਪੀਣ ਲਈ ਰੁਕੇ ਤਾਂ ਆਜ਼ਾਦ ਜੀ ਨੇ ਟਿਸ਼ੂ ਵਿੱਚ ਵਲੇਟਿਆ
ਹੋਇਆ ਇੱਕ ਹੋਰ ਲੱਡੂ ਮੇਰੇ ਸਾਹਮਣੇ ਟੇਬਲ ਉਪਰ ਸਜਾ ਦਿਤਾ, ਇਹ ਆਖਦਿਆਂ ਹੋਇਆਂ, “ਇਹ ਮੈਂ ਤੇਰੇ
ਵਾਸਤੇ ਹੀ ਓਥੋਂ ਚੋਰੀ ਕਰਕੇ ਲਿਆਂਦਾ ਵਾ। “ਮੈਂ ਵਾਹਿਗੁਰੂ ਆਖ ਕੇ ਉਹ ਵੀ ਛੱਕ ਲਿਆ। ਇਸ ਤਰ੍ਹਾਂ
ਮੈਂ ਵਾਹਵਾ ਵੱਡੇ ਸਾਰੇ ਸਾਈਜ਼ ਦੇ ਤਿੰਨ ਲੱਡੂ ਇਕੋ ਦਿਨ ਵਿੱਚ ਛਕ ਗਿਆ।
ਵੀਰ ਲਖਵਿੰਦਰ ਸਿੰਘ ਨੂੰ ਜੰਡਿਆਲੇ ਲਾਹ ਕੇ, ਸ. ਹਰਦੇਵ ਸਿੰਘ ਜੀ ਗਿਆਨੀ ਆਜ਼ਾਦ ਜੀ ਨੂੰ ਉਹਨਾਂ ਦੇ
ਘਰ ਉਤਾਰ ਕੇ ਤੇ ਮੈਨੂੰ ਬੱਸ ਅੱਡੇ ਉਪਰ ਡੋਹਲ ਕੇ, ਆਪਣੇ ਟਿਕਾਣੇ ਨੂੰ ਤੁਰ ਗਏ। ਏਨੀ ਮੇਰੀ ਬਾਤ
…. . ।
ਇਸ ਤਰ੍ਹਾਂ ਇਹ ਆਪਣੀ ਤਰ੍ਹਾਂ ਦੇ ਨਿਵੇਕਲੇ, ਖ਼ੁਸ਼ੀਆਂ ਭਰੇ, ਨਿਰਇੱਛਤ, ਨਿਸ਼ਕਾਮ ਸਮਾਗਮ ਦੇ ਆਨੰਦ
ਵਿੱਚ ਇੱਕ ਦਿਨ ਸਾਡਾ ਸਾਰਾ ਦਿਨ ਤੀਆਂ ਵਰਗਾ ਲੰਘਿਆ। ਰੱਬ ਕਰੇ, ਇਹੋ ਜਿਹੇ ਸਮਾਗਮ ਗਾਹੇ ਬਗਾਹੇ
ਹੁੰਦੇ ਰਹਿਣ ਤੇ ਖ਼ੁਸ਼ੀਆਂ ਵੰਡਦੇ ਰਹਿਣ, ਜਿਨ੍ਹਾਂ ਦੀ ਕਿ ਇਸ ਸਮੇ `ਚੂਹਾ ਦੌੜ’ ਵਿੱਚ ਗ੍ਰਸੇ ਹੋਏ
ਸੱਜਣਾਂ ਨੂੰ ਬੜੀ ਭਾਰੀ ਲੋੜ ਹੈ।
ਮੇਰੇ ਅੰਮ੍ਰਿਤਸਰ ਪਹੁੰਚਣ ਦੇ ਸਮੇ ਤੋਂ ਹੀ, ਸ. ਬਲਵਿੰਦਰ ਸਿੰਘ ਧਾਲੀਵਾਲ ਦੀ ਖਿੱਚ ਸੀ ਕਿ ਮੈਂ
ਉਹਨਾਂ ਪਾਸ, ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ, ਭਾਗਾਂ ਭਰੀ ਧਰਤ, ਸ੍ਰੀ ਸੁਲਤਨ
ਪੁਰ ਲੋਧੀ ਜਰੂਰ ਪਹੁੰਚਾਂ। ਉਹ ਮੈਨੂੰ ਸੰਤ ਬਲਬੀਰ ਸਿੰਘ ਜੀ ਸੀਂਚੇਵਾਲ ਵੱਲੋਂ ਵੇਈਂ ਨਦੀ ਦੀ
ਸਫਾਈ ਅਤੇ ਹੋਰ ਬਹੁਤ ਸਾਰੇ ਉਹਨਾਂ ਵੱਲੋਂ ਕੀਤੇ ਗਏ ਸੇਵਾ ਦੇ ਕਾਰਜਾਂ ਦੀ ਯਾਤਰਾ ਕਰਵਾਉਣ ਗੇ। ਇਸ
ਤੋਂ ਇਲਾਵਾ ਸੰਤ ਜੀ ਵੱਲੋਂ ਚੱਲ ਰਹੇ ਅਵਤਾਰ ਰੇਡੀਉ ਸਟੇਸ਼ਨ ਉਪਰ, ਸਰੋਤਿਆਂ ਨਾਲ਼ ਮੇਰੀ ਸਾਂਝ
ਪਵਾਉਣ ਗੇ। ਯਾਦ ਰਹੇ ਕਿ ਇਹ ਰੋਸ਼ਨ ਦਿਮਾਗ ਅਤੇ ਉਤਸ਼ਾਹੀ ਨੌਜਵਾਨ, ਸ. ਬਲਵਿੰਦਰ ਸਿੰਘ ਧਾਲੀਵਾਲ ਜੀ
ਵਾਹਵਾ ਸਾਲ ਸਿਡਨੀ ਵਿੱਚ ਰਹਿ ਕੇ ਵਾਪਸ ਦੇਸ ਗਏ ਹਨ ਤੇ ਓਥੇ ਬਾਬਾ ਸੀਂਚੇਵਾਲ ਜੀ ਦੀ ਅਗਵਾਈ ਹੇਠ
ਚੱਲ ਰਹੇ ਸੇਵਾ ਦੇ ਕਾਰਜਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣ ਦੇ ਪ੍ਰਚਾਰ ਦੀ ਨਿਸ਼ਕਾਮ ਸੇਵਾ ਕਰ
ਰਹੇ ਹਨ। ਸਿਡਨੀ ਵਿੱਚ ਰਹਿੰਦਿਆਂ ਹੋਇਆਂ ਵੀ ਉਹਨਾਂ ਨੇ ‘ਆਸਟ੍ਰੇਲੀਅਨ ਪੰਜਾਬੀ ਮੀਡੀਆ ਕਲੱਬ’ ਦੇ
ਗਠਨ ਵਿੱਚ ਮੋਹਰੀ ਹਿੱਸਾ ਪਾਇਆ ਸੀ।
ਆਖਰ ਉਹ ਦਿਨ ਇੱਕ ਦਿਨ ਆ ਹੀ ਗਿਆ। ਮੈਂ ਸੁਲਤਾਨਪੁਰ ਲੋਧੀ ਜਾਣ ਦੀ ਤਿਆਰੀ ਕਰ ਲਈ। ਭਾਵੇਂ ਕਿ ਸ.
ਬਲਵਿੰਦਰ ਸਿੰਘ ਜੀ ਨੇ ਆਖਿਆ ਹੋਇਆ ਸੀ ਕਿ ਮੇਰੀ ਰਿਹਾਇਸ਼ ਵਾਸਤੇ ਕਮਰੇ ਅਤੇ ਪ੍ਰਸ਼ਾਦੇ ਦਾ ਪ੍ਰਬੰਧ
ਕੀਤਾ ਹੋਇਆ ਹੈ, ਪਰ ਫਿਰ ਵੀ ਮੈਂ ਗੁਰਦੁਆਰਾ ਬੇਰ ਸਾਹਿਬ ਵਿੱਚ ਹੀ ਡੇਰਾ ਲਾਉਣ ਦਾ ਵਿਚਾਰ ਬਣਾਇਆ।
ਇਸ ਕਾਰਜ ਵਾਸਤੇ ਮੈਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਸਕੱਤਰ, ਸ. ਬਿਜੈ ਸਿੰਘ ਜੀ ਨੂੰ ਬੇਨਤੀ
ਕੀਤੀ ਕਿ ਉਹ ਗੁਰਦੁਆਰਾ ਬੇਰ ਸਾਹਿਬ ਜੀ ਦੇ ਮੈਨੇਜਰ ਸਾਹਿਬ ਨੂੰ ਫ਼ੋਨ ਕਰਕੇ, ਮੇਰੇ ਵਾਸਤੇ ਕਮਰੇ
ਅਤੇ ਪ੍ਰਸ਼ਾਦੇ ਦਾ ਪ੍ਰਬੰਧ ਕਰਵਾ ਦੇਣ। ਉਹਨਾਂ ਨੇ ਅਜਿਹਾ ਕਰ ਦਿਤਾ। ਮੈਂ ਬਲਵਿੰਦਰ ਸਿੰਘ ਦੇ ਸੱਦੇ
ਤੋਂ ਇੱਕ ਦਿਨ ਪਹਿਲਾਂ ਹੀ ਪਹੁੰਚ ਗਿਆ। ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿੱਚ ਜਾ ਅਲ਼ਖ ਜਗਾਈ। ਰਿਹਾਇਸ਼
ਦੇ ਇਨਚਾਰਜ ਜੀ ਨੇ ਮੈਨੇਜਰ ਸਾਹਿਬ ਨੂੰ ਫ਼ੋਨ ਰਾਹੀਂ ਸੰਪਰਕ ਕਰਕੇ, ਮੈਨੂੰ ਦਫ਼ਤਰ ਦੇ ਨਾਲ਼ ਹੀ ਤਿੰਨ
ਨੰਬਰ ਵਾਲ਼ਾ ਕਮਰਾ ਖੋਹਲ ਦਿਤਾ। ਜਲ ਪਾਣੀ ਅਤੇ ਪ੍ਰਸ਼ਾਦੇ ਦਾ ਵੀ ਮੇਰੀ ਰੁਚੀ ਅਨੁਸਾਰ ਪ੍ਰਬੰਧ ਹੋ
ਗਿਆ। ਮੈਂ ਦੋ ਰਾਤਾਂ ਓਥੇ ਹੀ ਡੇਰਾ ਲਾਈ ਰੱਖਿਆ। ਮੈਨੇਜਰ ਸਾਹਿਬ ਜੀ ਦੇ ਦਰਸ਼ਨ ਤਾਂ ਨਾ ਹੋ ਸਕੇ
ਪਰ ਮੈਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਈ। ਅਗਲੇ ਦਿਨ ਕਥਾਵਾਚਕ ਗਿਆਨੀ ਗੁਰਪ੍ਰੀਤ ਸਿੰਘ ਜੀ ਨੇ
ਮੈਨੂੰ ਸੰਤ ਸੀਂਚੇਵਾਲ਼ ਜੀ ਦੀ ਕੁਟੀਆ ਵਿੱਚ ਲੈ ਗਏ ਜਿਥੇ ਬਲਵਿੰਦਰ ਸਿੰਘ ਧਾਲੀਵਾਲ ਸਨ। ਓਥੇ ਹੋਰ
ਸੱਜਣਾਂ ਨਾਲ਼ ਵੀ ਮੇਲ ਮੁਲਾਕਾਤਾਂ ਹੋਈਆਂ। ਸੰਤ ਜੀ ਨੇ ਆਪਣੇ ਬਣੇ ਪ੍ਰੋਗਰਾਮ ਅਨੁਸਾਰ ਲੁਧਿਆਣੇ
ਜਾਣਾ ਸੀ ਪਰ ਕੁੱਝ ਮਿੰਟ ਕਢ ਕੇ ਉਹਨਾਂ ਨੇ ਮੈਨੂੰ ਦਰਸ਼ਨ ਦੇਣ ਦੀ ਕਿਰਪਾ ਕੀਤੀ। ਰਲ਼ ਕੇ ਜਲ ਪਾਣੀ
ਛਕਿਆ ਤੇ ਸਿਰੋਪਾ ਬਖ਼ਸ਼ ਕੇ ਮੇਰਾ ਮਾਣ ਵਧਾਇਆ। ਅਵਤਾਰ ਰੇਡੀਉ ਉਪਰ ਇੱਕ ਲਾਈਵ ਤੇ ਇੱਕ ਰੀਕਾਰਡ ਦੋ
ਪ੍ਰੋਗਰਾਮ ਕੀਤੇ ਗਏ। ਨਾਲ਼ ਹੋਰ ਸੱਜਣ ਵੀ ਸ਼ਾਮਲ ਸਨ। ਬੜਾ ਰੰਗ ਬਝਿਆ। ਸਤਿਗੁਰਾਂ ਤੋਂ ਵਰੋਸਾਈ ਹੋਈ
ਵੇਈਂ ਨਦੀ ਦਾ ਜੋ ਸੁਧਾਰ ਸੰਤ ਜੀ ਨੇ ਕੀਤਾ ਹੈ, ਉਹ ਤਾਂ, “ਕਹਿਬੇ ਕਉ ਸੋਭਾ ਨਹੀ ਦੇਖਾ ਹੀ
ਪਰਵਾਨ॥” ਵਾਲ਼ੀ ਗੱਲ ਹੀ ਹੈ। ਨਦੀ ਤੋਂ ਇਲਾਵਾ ਪਿੰਡ ਸੀਂਚੇਵਾਲ਼ ਵਿੱਚ ਇੱਕ ਕਾਲਜ ਚੱਲਦਾ ਹੈ ਤੇ
ਸਾਰੇ ਪਿੰਡ ਦੇ ਗੰਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਲਾ ਕੇ, ਪਾਣੀ ਨੂੰ ਸਾਫ ਕਰਕੇ, ਪਿੰਡ ਦੇ
ਖੇਤਾਂ ਨੂੰ ਲਾਇਆ ਜਾਂਦਾ ਹੈ। ਇਸ ਕਾਰਜ ਦੇ ਕਰਨ ਤੋਂ ਪਹਿਲਾਂ ਸੰਤ ਜੀ ਨੇਹ ਸਰਕਾਰੀ ਮਾਹਰਾਂ ਨੂੰ
ਸੱਦ ਕੇ ਰਾਇ ਲਈ। ਉਹਨਾਂ ਅਨੁਮਾਨਤ ਖ਼ਰਚ ਪੰਜਾਹ ਤੋਂ ਸੱਠ ਲੱਖ ਦੱਸਿਆ। ਸੰਤ ਜੀ ਨੇ ਖ਼ੁਦ ਇਹ ਕਾਰਜ
ਬਾਰਾਂ ਲੱਖ ਵਿੱਚ ਕਰਵਾ ਲਿਆ। ਸ. ਬਲਵਿੰਦਰ ਸਿੰਘ ਜੀ ਮੈਨੂੰ ਆਪਣੇ ਮੋਟਰ ਸਾਈਕਲ ਤੇ ਪਿੰਡ
ਸੀਂਚੇਵਾਲ ਵੀ ਲੈ ਗਏ। ਸੀਵਰਿਜ ਦਾ ਕਾਰਜ ਵਿਖਾਇਆ। ਓਥੇ ਅਵਤਾਰ ਰੇਡੀਉ ਦੇ ਮੁਖ ਸਟੁਡੀਉ ਵਿੱਚ
ਸਰੋਤਿਆਂ ਨਾਲ਼ ਸਾਂਝ ਪਾਉਣ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਨਾਲ਼ ਵੀ ਗੁਫ਼ਤਗੂ ਹੋਈ।
“ਸੇਵਾ ਕਉ ਦੋਇ ਭਲੇ ਇੱਕ ਸੰਤ ਇੱਕ ਰਾਮ॥ ਰਾਮ ਜੋ ਦਾਤਾ ਮੁਕਤਿ ਕਾ ਸੰਤ ਜਪਾਵੇ ਨਾਮੁ॥” (ਭਗਤ
ਕਬੀਰ ਜੀ) ਉਕਤ ਗੁਰਬਾਣੀ ਦੇ ਕਥਨ ਅਨੁਸਾਰ ਜੋ ਮਨੁਖਤਾ ਦੀ ਸੇਵਾ ਸੰਤ ਕਰ ਸਕਦੇ ਹਨ ਕੋਈ ਸਰਕਾਰ
ਨਹੀਂ ਕਰ ਸਕਦੀ। ਭਾਵੇਂ ਭਾਰਤ ਸਰਕਾਰ ਨੇ ਸੰਤ ਜੀ ਨੂੰ ਪਦਮ ਸ਼੍ਰੀ ਨਾਲ਼ ਸਨਮਾਨਤ ਤਾਂ ਕੀਤਾ ਹੈ ਤੇ
ਭਾਰਤ ਦੇ ਰਾਸ਼ਟਰਪਤੀ ਤੋਂ ਲੈ ਕੇ ਹੇਠਾਂ ਤੱਕ, ਬਹੁਤ ਸਾਰੇ ਸਰਕਾਰੀ ਅਧਿਕਾਰੀ ਸਮੇ ਸਮੇ, ਸੰਤ ਜੀ
ਦਾ ਕਾਰਜ ਵੇਖਣ ਆਉਂਦੇ ਹਨ ਤੇ ਪ੍ਰਭਾਵਤ ਵੀ ਹੁੰਦੇ ਹਨ ਪਰ ਕੋਈ ਸਰਕਾਰ ਸੰਤ ਜੀ ਨੂੰ ਖੁਲ੍ਹੀ ਮਾਇਕ
ਸਹਾਇਤਾ ਦੇ ਕੇ ਸੇਵਾ ਦਾ ਕਾਰਜ ਕਰਵਾਉਣ ਬਾਰੇ ਉਦਮ ਨਹੀਂ ਕਰਦੀ। ਯੂ. ਪੀ ਸਰਕਾਰ ਨੇ ਸੰਤ ਜੀ ਤੋਂ
ਸੇਵਾ ਲੈ ਕੇ ਸ਼ਾਹ ਜਹਾਨਪੁਰ ਵਿੱਚ ਅਜਿਹਾ ਕਾਰਜ ਸ਼ੁਰੂ ਕਰਵਾਇਆ ਹੈ। ਬਿਹਾਰ ਦੇ ਮੁਖ ਮੰਤਰੀ ਨਿਤਿਸ਼
ਕੁਮਾਰ ਜੀ ਨੇ ਵੀ ਸੰਤ ਜੀ ਤੋਂ ਸੇਵਾ ਲਈ ਹੈ। ਸੜਕਾਂ, ਰਸਤੇ, ਵਿੱਦਿਆ, ਨਦੀਆਂ ਸਮੇਤ ਸੰਤ
ਸੀਂਚੇਵਾਲ ਜੀ ਦਾ ਸੇਵਾ ਦਾ ਦਾਇਰਾ ਬੜਾ ਵਿਸ਼ਾਲ ਹੈ। ਕੁੱਝ ਸਮਾ ਪਹਿਲਾਂ ਆਪ ਜੀ ਸਿਡਨੀ ਵਿੱਚ ਵੀ
ਆਏ ਸਨ। ਏਥੇ ਦੀਆਂ ਸੰਗਤਾਂ ਵੱਲੋਂ, ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੀ ਅਗਵਾਈ ਹੇਠ, ਨਿਊ ਸਾਊਥ
ਵੇਲ਼ਜ਼ ਦੇ ਪਾਰਲੀਮੈਂਟ ਹਾਊਸ ਵਿੱਚ ਆਪ ਜੀ ਦਾ ਸਨਮਾਨ ਕੀਤਾ ਗਿਆ ਸੀ। ਘਟ ਤੋਂ ਘਟ ਪੰਜਾਬ ਸਰਕਾਰ ਹੀ
ਸੰਤ ਜੀ ਨੂੰ ਆਪਣੇ ਬਜਟ ਵਿਚੋਂ ਖੁਲ੍ਹੀ ਮਾਇਕ ਸਹਾਇਤਾ ਦੇ ਕੇ, ਪੰਜਾਬ ਦੇ ਪਿੰਡਾਂ ਵਿੱਚ ਸੀਵਰਿਜ
ਪਲਾਂਟ ਲਗਵਾਵੇ ਅਤੇ ਨਦੀਆਂ ਦੀ ਸਫਾਈ ਦਾ ਕਾਰਜ ਵੀ ਕਰਵਾਵੇ। ਸਮਾ ਆਉਣ ਤੇ ਮੈਂ ਸੰਤ ਜੀ ਦੀ ਸੇਵਾ
ਬਾਰੇ ਇੱਕ ਉਚੇਚਾ ਲੇਖ ਵੀ ਲਿਖਾਂਗਾ।
ਗੁਰਦੁਆਰਾ ਸਾਹਿਬ ਜੀ ਦੇ ਕਥਾਵਾਚਕ ਨੌਜਵਾਨ ਵਿੱਦਵਾਨ, ਗਿ. ਗੁਰਪ੍ਰੀਤ ਸਿੰਘ ਜੀ ਦੀ ਦੋ ਦਿਨ ਕਥਾ
ਸੁਣੀ। ਬੜਾ ਆਨੰਦ ਆਇਆ। ਦੂਜੀ ਰਾਤ ਗਿਆਨੀ ਜੀ ਮੇਰੇ ਕਮਰੇ ਵਿੱਚ ਆਏ ਤੇ ਦੇਰ ਰਾਤ ਤੱਕ ਬਚਨ ਬਿਲਾਸ
ਚੱਲਦੇ ਰਹੇ। ਮੈਨੂੰ ਕੁੱਝ ਪਛਤਾਵਾ ਵੀ ਹੋਇਆ ਕਿ ਪਹਿਲੀ ਰਾਤ ਐਵੇਂ ਇਕੱਲੇ ਨੇ ਹੀ ਚੁੱਪ ਚਾਪ
ਗੁਜਾਰ ਦਿਤੀ। ਗਿਆਨੀ ਜੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੱਲ ਰਹੇ
ਵਿੱਦਿਅਕ ਅਦਾਰੇ, ਮਿਸ਼ਨਰੀ ਕਾਲਜ ਦੇ ਮੁਖੀ, ਸ. ਦਇਆ ਸਿੰਘ ਜੀ ਵੱਲੋਂ ਸੱਦਾ ਆਇਆ ਹੈ ਕਿ ਗਿਆਨੀ ਜੀ
ਨੂੰ ਲੈ ਕੇ ਆਵੋ ਤੇ ਉਹ ਵਿਦਿਆਰਥੀਆਂ ਨਾਲ਼ ਆਪਣੇ ਵਿਚਾਰ ਸਾਂਝੇ ਕਰਨ। ਕਾਲਜ ਵਿੱਚ ਗਏ। ਉਸ ਸਮੇ
ਅੰਮ੍ਰਿਤਸਰੋਂ ਪ੍ਰੋ. ਸੁਖਦੇਵ ਸਿੰਘ ਜੀ ਵੀ ਆ ਗਏ। ਰਲ਼ ਕੇ ਵਿਦਿਆਰਥੀਆਂ ਨਾਲ਼ ਵਿਚਾਰ ਵਟਾਂਦਰਾ
ਹੋਇਆ, ਪ੍ਰਸ਼ਾਦਾ ਛਕਿਆ ਤੇ ਪ੍ਰੋ. ਸੁਖਦੇਵ ਸਿੰਘ ਜੀ ਆਪਣੀ ਕਾਰ ਵਿੱਚ ਹੀ ਮੈਨੂੰ ਵਾਪਸ ਲੈ ਆਏ।
ਫਿਰ ਦੋ ਮਹੀਨੇ ਹੋ ਚੱਲੇ ਸਨ ਤੇ ਮੇਰੇ ਵਾਪਸ ਮੁੜਨ ਦਾ ਸਮਾ ਨੇੜੇ ਆ ਗਿਆ ਸੀ। ਮਨ ਵੀ ਮੁੜਨ ਲਈ
ਕਾਹਲ਼ਾ ਪੈਣ ਲੱਗ ਪਿਆ। ਜਰੂਰੀ ਤਿਆਰੀ ਸੋਧੀ ਗਈ। ੨੬ ਮਾਰਚ ਨੂੰ ਸਵੇਰੇ ਹੀ ਸਾਢੇ ਪੰਜ ਘਰੋਂ ਨਿਕਲ਼
ਕੇ ਇੰਡੋ ਕੈਨੇਡੀਅਨ ਬੱਸ ਦੇ ਦਫ਼ਤਰ ਪਹੁੰਚ ਗਏ। ਬੱਸ ਵਾਲ਼ਿਆਂ ਨੇ ੬ ਵਜੇ ਸਾਨੂੰ ਕਾਰ ਵਿੱਚ ਲੱਦਿਆ
ਤੇ ਜਲੰਧਰ ਲੈ ਆਏ। ਓਥੋਂ ਅੱਠ ਵਜੇ ਤੁਰੀ ਬੱਸ ਨੇ ਸਾਨੂੰ ੧੧ ਵਜੇ ਹਵਾਈ ਅੱਡੇ ਦੇ ਬੂਹੇ ਅੱਗੇ ਜਾ
ਲਾਹਿਆ। ਰਾਤ ਦੇ ਸਾਢੇ ਯਾਰਾਂ ਵਜੇ ਜਹਾਜ ਨੇ ਦਿੱਲੀਉਂ ਉਡ ਕੇ, ਸਾਨੂੰ ਸਾਢੇ ਚਾਰ ਘੰਟਿਆਂ ਵਿੱਚ
ਬੈਂਕਾਕ ਤੇ ਓਥੋਂ ਸਾਢੇ ਨੌਂ ਘੰਟਿਆਂ ਵਿਚ, ੨੭ ਮਾਰਚ ਰਾਤ ਦੇ ਤਕਰੀਬਨ ਸਵਾ ਨੌ ਵਜੇ ਸਾਨੂੰ ਸਿਡਨੀ
ਪੁਚਾ ਦਿਤਾ। ਅੱਗੋਂ ਸਿੰਘਣੀ ਕਾਰ ਲਈ ਖਲੋਤੀ ਸੀ। ਰਾਤ ਦੇ ਸਵਾ ਕੁ ਯਾਰਾਂ ਵਜੇ ਝੌਂਪੜੇ ਵਿੱਚ
ਪ੍ਰਵੇਸ਼ ਕਰ ਲਿਆ। ਏਨੀ ਮੇਰੀ ਬਾਤ …. .
ਗਿ: ਸੰਤੋਖ ਸਿੰਘ ਅਸਟ੍ਰੇਲੀਆ
|
. |