.

ਖਾਲਸਾ ਪੰਥ ਬਨਾਮ ਡੇਰਾਵਾਦ

(ਭਾਗ ਪੰਜ੍ਹਾਵਾਂ)

ਡੇਰਿਆਂ ਦਾ ਸਮਾਜਿਕ ਪ੍ਰਭਾਵ:

ਸਮਾਜਕ/ਕੌਮੀ ਸੇਵਾ?

ਇਹ ਅਕਸਰ ਆਖਿਆ ਜਾਂਦਾ ਹੈ ਜਾਂ ਇੰਝ ਕਹਿ ਲਓ ਕਿ ਇਹ ਭਰਮ ਪਾਲਿਆ ਜਾਂਦਾ ਹੈ ਕਿ ਇਨ੍ਹਾਂ ਡੇਰੇਦਾਰ ਸੰਤਾਂ, ਮਹਾਪੁਰਖਾਂ (?) ਵਲੋਂ ਸਮਾਜ ਦੀ ਅਤੇ ਕੌਮ ਦੀ ਬਹੁਤ ਸੇਵਾ ਕੀਤੀ ਜਾਂਦੀ ਹੈ। ਜੋ ਗੁਰਮਤਿ ਪ੍ਰਚਾਰ ਦੀ ਸੇਵਾ ਇਨ੍ਹਾਂ ਵਲੋਂ ਨਿਭਾਈ ਜਾਂਦੀ ਹੈ, ਉਸ ਨੂੰ ਤਾਂ ਅਸੀਂ ਉਪਰ ਚੰਗੀ ਤਰ੍ਹਾਂ ਵਿਚਾਰ ਹੀ ਚੁੱਕੇ ਹਾਂ, ਆਓ! ਹੁਣ ਸਮਾਜ ਅਤੇ ਕੌਮੀ ਸੇਵਾ ਦੀ ਸੱਚਾਈ ਵੀ ਸਮਝਣ ਦੀ ਕੋਸ਼ਿਸ਼ ਕਰੀਏ।

ਸਭ ਤੋਂ ਪਹਿਲੇ, ਸਕੂਲ ਕਾਲਜ ਆਦਿ ਖੋਲ੍ਹਣ ਦੀ ਗੱਲ ਕਰਦੇ ਹਾਂ। ਬੇਸ਼ਕ ਸਮਾਜ ਨੂੰ ਸਿਖਿਅਕ ਕਰਨਾ ਇੱਕ ਵੱਡੀ ਸੇਵਾ ਹੈ। ਅਸਲ ਵਿੱਚ ਅਜੋਕੇ ਸਮਾਜ ਵਿੱਚ ਸਮੇਂ ਦੀ ਸਰਕਾਰ ਦਾ ਇਹ ਸਭ ਤੋਂ ਵੱਡਾ ਫਰਜ਼ ਹੈ ਕਿ ਆਪਣੇ ਲੋਕਾਂ ਨੂੰ ਮੁੱਢਲੀ, ਉੱਚ ਪੱਧਰੀ ਅਤੇ ਮੁਫਤ ਵਿਦਿਆ ਮੁਹੱਈਆ ਕਰਾਵੇ ਤਾਂ ਜੋ ਸਾਰਾ ਸਮਾਜ ਇੱਕ ਬਰਾਬਰ ਵਿਦਿਆ ਹਾਸਲ ਕਰਕੇ, ਇਕਸਾਰਤਾ ਵਿੱਚ ਸਭਯ ਸਮਾਜ ਦੇ ਰੂਪ ਵਿੱਚ ਵਿਕਸਤ ਹੋ ਸਕੇ। ਦੁਨੀਆਂ ਦੇ ਮੁਲਕਾਂ ਦੀਆਂ ਜਿਨ੍ਹਾਂ ਸਰਕਾਰਾਂ ਨੇ ਇਹ ਫਰਜ਼ ਪਹਿਲ ਦੇ ਤੌਰ `ਤੇ ਨੇਕਨੀਤੀ ਨਾਲ ਨਿਭਾਇਆ ਹੈ, ਉਹ ਦੇਸ਼ ਬਹੁਤ ਤਰੱਕੀ ਕਰ ਗਏ ਹਨ ਪਰ ਬਦ-ਕਿਸਮਤੀ ਨਾਲ ਭਾਰਤੀ ਤੰਤ੍ਰ ਅਤੇ ਖਾਸ ਕਰ ਕੇ ਪੰਜਾਬ ਸਰਕਾਰ ਵੀ, ਆਪਣੀ ਸੌੜੀ ਅਤੇ ਸੁਆਰਥੀ ਸੋਚ ਕਾਰਨ ਆਪਣੇ ਇਸ ਮੁੱਢਲੇ ਫਰਜ਼ ਨੂੰ ਨਿਭਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਏ ਹਨ। ਜਿਸ ਦਾ ਨਤੀਜਾ ਇਹ ਹੈ ਕਿ ਭਾਰਤ ਵਿਕਾਸ ਪੱਖੋਂ ਬਹੁਤ ਪੱਛੜ ਗਿਆ ਹੈ। ਆਪਣੀ ਜਨਤਾ ਵਾਸਤੇ ਮਿਆਰੀ ਸਿਖਿਆ ਨੂੰ ਪਹਿਲ ਦੇਣ ਨਾਲ ਕਈ ਦੇਸ਼ ਜੋ ਭਾਰਤ ਤੋਂ ਬਾਅਦ ਆਜ਼ਾਦ ਹੋਏ ਹਨ, ਵਿਕਾਸ ਪੱਖੋਂ ਭਾਰਤ ਤੋਂ ਬਹੁਤ ਅੱਗੇ ਨਿਕਲ ਗਏ ਹਨ। ਪਹਿਲੇ ਕੁੱਝ ਸਮਾਜ ਸੇਵੀ ਸੰਸਥਾਵਾਂ ਨੇ ਅੱਗੇ ਆ ਕੇ ਇਸ ਕਮੀ ਨੂੰ ਪੂਰਨ ਦੀ ਕੋਸ਼ਿਸ਼ ਕੀਤੀ। ਇਸੇ ਲੜੀ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਨਾਲ ਵੀ ਸਕੂਲ ਬਨਾਉਣ ਦੀ ਚੰਗੀ ਰਵਾਇਤ ਚਲੀ ਆਉਂਦੀ ਹੈ। ਅੱਜ ਦਾ ਸਮਾਜ ਬੇਸ਼ਕ ਵਿੱਦਿਆ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਹੈ, ਇਸ ਲਈ ਉੱਚ ਪੱਧਰੀ ਵਿਦਿਆ ਦੀ ਮੰਗ ਹਰ ਦਿਨ ਵਧ ਰਹੀ ਹੈ। ਸਰਕਾਰੀ ਢਾਂਚੇ ਦੀ ਅਸਫਲਤਾ ਦੇ ਨਤੀਜੇ ਵੱਜੋਂ ਵਪਾਰੀਆਂ ਨੇ ਇਸ ਨੂੰ ਧੰਦੇ ਵੱਜੋਂ ਵਧੇਰੇ ਲਾਹੇਵਦ ਮਹਿਸੂਸ ਕੀਤਾ ਅਤੇ ਅੱਜ ਵਿਦਿਆ ਦਾ ਵਪਾਰ, ਭਾਰਤ ਵਿੱਚ ਵੱਡੇ ਕਾਰੋਬਾਰਾਂ ਦੇ ਬਰਾਬਰ ਇੱਕ ਵੱਡਾ ਵਪਾਰ ਬਣ ਚੁੱਕਾ ਹੈ। ਅੱਜ ਬਹੁਤੇ ਸਕੂਲ ਕਾਲਜ ਅਤੇ ਯੂਨੀਵਰਸਟੀਆਂ, ਵੱਡੇ ਕਾਰੋਬਾਰੀ ਅਦਾਰਿਆਂ ਵਲੋਂ ਨਿਰੋਲ ਇੱਕ ਵਪਾਰ ਦੇ ਤੌਰ `ਤੇ ਸਥਾਪਤ ਕੀਤੇ ਜਾ ਰਹੇ ਹਨ। ਹਰ ਮਾਂ ਬਾਪ ਆਪਣੇ ਬੱਚੇ ਨੂੰ ਚੰਗੀ ਤੋਂ ਚੰਗੀ ਸਿੱਖਿਆ ਦਿਵਾਉਣੀ ਚਾਹੁੰਦਾ ਹੈ, ਇਸ ਲਈ ਉਹ ਦਿਨ ਰਾਤ ਮਿਹਨਤ ਕਰ ਕੇ, ਆਪਣਾ ਪੇਟ ਕੱਟ ਕੇ ਵੀ ਮਹਿੰਗੀਆਂ ਫੀਸਾਂ ਭਰਨ ਲਈ ਮਜਬੂਰ ਹੈ। ਕਹਿਣ ਨੂੰ ਇਹ ਸਾਰੇ ਅਦਾਰੇ ਸਮਾਜ ਸੇਵਾ ਕਰ ਰਹੇ ਹਨ ਪਰ ਅਸਲੀਅਤ ਵਿੱਚ ਆਮ ਲੋਕਾਈ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਸ ਦਾ ਭਰਵਾਂ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ।

ਸਾਡੇ ਬਹੁਤੇ ਅਖੌਤੀ ਮਹਾਪੁਰਖਾਂ ਨੇ ਵੀ ਸਮੇਂ ਦਾ ਲਾਹਾ ਲੈ ਕੇ, ਵਗਦੀ ਗੰਗਾ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਵੱਡੇ ਕਾਰੋਬਾਰੀ ਅਦਾਰੇ ਤਾਂ ਪਹਿਲਾਂ ਕਰੋੜਾਂ ਦੀ ਮਾਲੀ ਪੂੰਜੀ ਲਗਾ ਕੇ ਢਾਂਚਾ ਉਸਾਰਦੇ ਹਨ, ਕਈ ਵਾਰੀ ਤਾਂ ਉਨ੍ਹਾਂ ਨੂੰ ਆਰਥਿਕ ਕਮੀ ਪੂਰੀ ਕਰਨ ਲਈ ਬੈਂਕਾਂ ਆਦਿ ਤੋਂ ਕਰਜੇ ਵੀ ਲੈਣੇ ਪੈਂਦੇ ਹਨ ਅਤੇ ਫਿਰ ਬਾਅਦ ਵਿੱਚ ਉਸ ਦਾ ਲਾਭ ਖੱਟਦੇ ਹਨ। ਪਰ ਇਨ੍ਹਾਂ ਬਾਬਿਆਂ ਦੇ ਤਾਂ ਦੋਹਾਂ ਹੱਥਾਂ ਵਿੱਚ ਲੱਡੂ ਹਨ। ਸੰਗਤ ਕੋਲੋਂ ਮਾਇਆ ਇਕੱਠੀ ਕਰ ਕੇ ਵਿਦਿਅਕ ਅਦਾਰੇ ਉਸਾਰੇ ਜਾਂਦੇ ਹਨ। ਉਥੇ ਪੜ੍ਹਦੇ ਵਿਦਿਆਰਥੀਆਂ ਤੋਂ ਪੂਰੀਆਂ ਦੂਸਰੇ ਸਕੂਲਾਂ ਬਰਾਬਰ ਫੀਸਾਂ ਲਈਆਂ ਜਾਂਦੀਆਂ ਹਨ। ਉਸ ਤੋਂ ਬਾਅਦ ਵੀ ਸਕੂਲ ਦੇ ਨਾਂ `ਤੇ ਸੰਗਤ ਕੋਲੋਂ ਮਾਇਆ ਇਕੱਤਰ ਕਰਨ ਦਾ ਸਿਲਸਿਲਾ ਨਾਲ ਨਾਲ ਜਾਰੀ ਰਹਿੰਦਾ ਹੈ। ਕਈ ਫਿਰ ਨਾਲ ਹੋਰ ਸਕੂਲ, ਕਾਲਜ, ਯੂਨੀਵਰਸਿਟੀਆਂ ਉਸਾਰਨਾ ਸ਼ੁਰੂ ਕਰ ਦੇਂਦੇ ਹਨ। ਦਸੋ ਭਲਾ! ਹੋਰ ਇਸ ਤੋਂ ਵਧ ਲਾਹੇਵੰਦਾ ਧੰਦਾ ਕਿਹੜਾ ਹੋ ਸਕਦਾ ਹੈ? ਵੱਡਾ ਲਾਭ, ਸੇਵਾ ਕਰਨ ਦੀ ਸ਼ੋਹਰਤ, ਸਿੱਖੀ ਸੇਵਕੀ ਵਿੱਚ ਵਾਧਾ ਅਤੇ ਮਹਾਪੁਰਖਾਂ (?) ਦੀ ਜਾਇਦਾਦ ਵਿੱਚ ਹਰ ਦਿਨ ਅਥਾਹ ਵਾਧਾ।

ਸਰਕਾਰੀ ਵਿਦਿਅਕ ਪ੍ਰਨਾਲੀ ਦੇ ਫੇਲ੍ਹ ਹੋਣ ਕਾਰਨ ਪਏ ਖੱਪੇ ਦੀ, ਕੁੱਝ ਹੱਦ ਤੱਕ ਪੂਰਤੀ ਦੇ ਤੌਰ ਤੇ, ਮੈਂ ਇਸ ਸਭ ਨੂੰ ਵੀ ਇੱਕ ਸੇਵਾ ਦੇ ਤੌਰ `ਤੇ ਪ੍ਰਵਾਨ ਕਰ ਲੈਂਦਾ ਪਰ ਜਿਵੇਂ ਬਚਪਨ ਤੋਂ ਹੀ ਸਿੱਖ ਬੱਚਿਆਂ ਨੂੰ ਮਾਨਸਿਕ ਗੁਲਾਮੀ ਵਿੱਚ ਜਕੜਿਆ ਜਾ ਰਿਹਾ ਹੈ, ਉਹ ਵਧੇਰੇ ਚਿੰਤਾ ਦਾ ਵਿਸ਼ਾ ਹੈ। ਇਥੇ ਪੜ੍ਹਨ ਵਾਲੇ ਬੱਚੇ ਸਿੱਖੀ ਦੇ ਭਰਮ ਵਿਚ, ਹਰ ਦਿਨ, ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਤੋਂ ਦੂਰ ਹੋ ਕੇ ਇਨ੍ਹਾਂ ਡੇਰਿਆਂ ਦੇ ਸਿੱਖ ਬਣ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਰੋਜ਼ ਗੁਰਮਤਿ ਦਾ ਇਲਾਹੀ ਗਿਆਨ ਦੇਣ ਦੀ ਬਜਾਏ, ਅਖੌਤੀ ਮਹਾਪੁਰਖਾਂ ਦੇ ਗੁਣ ਗਾਇਨ ਹੁੰਦੇ ਹਨ, ਉਨ੍ਹਾਂ ਦੇ ਪੈਰਾਂ `ਤੇ ਮੱਥੇ ਟਿਕਾਏ ਜਾਂਦੇ ਹਨ, ਸਕੂਲਾਂ ਕਾਲਜਾਂ ਵਿੱਚ ਅਖੌਤੀ ਮਹਾਪੁਰਖਾਂ ਦੀਆਂ ਵੱਡੀਆਂ ਵੱਡੀਆਂ ਫੌਟੋ ਟੰਗੀਆਂ ਜਾਂਦੀਆਂ ਹਨ, ਨਾਲ ਕਿਸੇ ਨੁੱਕਰ ਵਿੱਚ ਕੋਈ ਛੌਟੀ ਜਹੀ ਮਨੋ-ਕਲਪਿਤ ਫੋਟੋ ਗੁਰੂ ਨਾਨਕ ਸਾਹਿਬ ਦੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਟੰਗ ਦਿੱਤੀ ਜਾਂਦੀ ਹੈ। ਸ਼ੁਰੂ ਤੋਂ ਹੀ ਬੱਚਾ ਗੁਰੂ ਸ਼ਬਦ ਗਿਆਨ ਤੋਂ ਸੱਖਣਾ ਮੂਰਤੀ ਪੂਜਾ ਸਿਖਦਾ ਹੈ, ਨਾਲ ਉਸ ਦੇ ਮਨ ਸਥਲ `ਤੇ ਗੁਰੂ ਸਾਹਿਬਾਨ ਤੋਂ ਵਧੇਰੇ ਸਤਿਕਾਰ ਅਖੌਤੀ ਸੰਤ ਮਹਾਰਾਜ ਜੀ ਦਾ ਵਧਦਾ ਹੈ।

ਫਿਰ ਸਿੱਖੀ ਦੇ ਨਾਂ `ਤੇ ਹੀ ਬੱਚਿਆਂ ਨੂੰ ਐਸਾ ਕਰੜਾ, ਹੱਠ-ਕਰਮੀ ਜੀਵਨ ਜੀਣ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੂੰ ਸਿੱਖੀ ਜਾਂ ਇੱਕ ਤਮਾਸ਼ਾ ਜਾਂ ਮੁਸੀਬਤ ਨਜ਼ਰ ਆਉਣ ਲੱਗ ਪੈਂਦੀ ਹੈ। ਹਿਮਾਚਲ ਵਿੱਚ ਸੋਲਨ ਤੋਂ ਕੁੱਝ ਅੱਗੇ ਸੱਜੇ ਪਾਸੇ ਵੱਲ ਬੜੂ ਦੇ ਸਥਾਨ `ਤੇ ਇੱਕ ਡੇਰੇਦਾਰ ਵਲੋਂ ਬਣਾਏ ਗਏ ਇੱਕ ਵੱਡੇ ਵਿਦਿਅਕ ਅਦਾਰੇ ਵਿੱਚ ਭਾਓ ਭਾਵਨਾ ਵਾਲੇ ਸਿੱਖ ਆਪਣੇ ਬੱਚਿਆਂ ਨੂੰ, ਵੱਡੀਆਂ ਫੀਸਾਂ ਭਰ ਕੇ ਭੇਜਦੇ ਹਨ ਕਿ ਸਾਡਾ ਬੱਚਾ ਚੰਗਾ ਗੁਰਸਿੱਖ ਬਣੇਗਾ। ਉਹ ਉਨ੍ਹਾਂ ਦੇ ਸਿਰ ਬੱਝੀ ਗੋਲ ਪੱਗ ਅਤੇ ਚਿੱਟੇ ਕੁੜਤੇ ਪਜਾਮੇ ਨੂੰ ਵੇਖ ਕੇ ਬੜੇ ਖੁਸ਼ ਵੀ ਹੁੰਦੇ ਹਨ ਕਿ ਸ਼ਾਇਦ ਉਨ੍ਹਾਂ ਦੀ ਘਾਲਨਾ ਪੂਰੀ ਹੋ ਰਹੀ ਹੈ। ਪਰ ਇਸ ਵਿਦਿਅਕ ਅਦਾਰੇ ਵਿੱਚ ਪੜ੍ਹਨ ਵਾਲੇ ਕੁਲ ਬੱਚਿਆਂ ਵਿਚੋਂ ੯੦% ਬਾਗ਼ੀ ਪਰਵਿਰਤੀ ਵਾਲੇ ਪੈਦਾ ਹੁੰਦੇ ਹਨ ਅਤੇ ਸਿੱਖੀ ਸਰੂਪ ਤੋਂ ਹੀ ਬੇਮੁਖ ਹੋ ਜਾਂਦੇ ਹਨ। ਪੰਜ ਪ੍ਰਤੀਸ਼ਤ ਕੱਟੜਵਾਦੀ ਬਣ ਜਾਂਦੇ ਹਨ ਅਤੇ ਪੰਜ ਪ੍ਰਤੀਸ਼ਤ ਦੁਬਿਧਾ ਵਿੱਚ ਫਸੇ ਰਹਿੰਦੇ ਹਨ। ਮੇਰਾ ਇਹ ਨਤੀਜਾ ਇਸ ਸਕੂਲ ਵਿੱਚ ਪੜ੍ਹੇ ਬਹੁਤ ਵਿਦਿਆਰਥੀਆਂ ਨੂੰ ਮਿਲਣ ਤੋਂ ਬਾਅਦ ਦਾ ਹੈ। ਪਿਛਲੇ ਦਿਨੀ ਹੀ ਮੇਰੀ ਅਮਰੀਕਾ ਫੇਰੀ ਦੌਰਾਨ ਉਥੇ ਕੈਲੀਫੋਰਨੀਆਂ ਦੇ ਫਰੈਜ਼ਨੋ ਸ਼ਹਿਰ ਵਿਚ, ਇਸ ਸਕੂਲ ਦੇ ਹੀ ਇੱਕ ਸਾਬਕਾ ਵਿਦਿਆਰਥੀ ਇਕਬਾਲ ਸਿੰਘ ਜੋ ਖੁਦ ਸਾਬਤ ਸੂਰਤ ਹੈ, ਕੋਲੋਂ ਮੈਂ ਇਸ ਦਾ ਕਾਰਨ ਜਾਨਣਾ ਚਾਹਿਆ ਤਾਂ ਉਸ ਜੁਆਬ ਦੇ ਰੂਪ ਵਿੱਚ ਅੱਗੋਂ ਸੁਆਲ ਕਰ ਦਿੱਤਾ ਕਿ ਜਿਸ ਸਕੂਲ ਵਿੱਚ ਸਿੱਖੀ ਦੇ ਨਾਂ `ਤੇ ਬੱਚਿਆਂ ਦੇ ਬਚਪਨ `ਤੇ ਜ਼ੁਲਮ ਢਾਹਿਆ ਜਾਂਦਾ ਹੈ, ਹੁਣ ਤੁਸੀਂ ਹੀ ਦੱਸੋ ਕਿ ਉਸ ਸਕੂਲ ਵਿੱਚ ਪੜ੍ਹੇ ਬੱਚੇ ਚੰਗੇ ਸਿੱਖ ਬਣਨਗੇ ਜਾਂ ਬਾਗ਼ੀ? ਉਸ ਦਾ ਕਹਿਣਾ ਸੀ ਕਿ ਇਹ ਵਾਹਿਗੁਰੂ ਦੀ ਮਿਹਰ ਹੈ ਕਿ ਉਨ੍ਹਾਂ ਦਾ ਪਰਿਵਾਰਕ ਮਹੌਲ ਸਿੱਖੀ ਵਾਲਾ ਹੈ ਅਤੇ ਮਾਤਾ ਪਿਤਾ ਵਿੱਚ ਸਿੱਖੀ ਪ੍ਰਤੀ ਦ੍ਰਿੜਤਾ ਵੀ ਹੈ, ਜਿਸ ਕਰ ਕੇ ਉਹ ਸਿੱਖੀ ਸਰੂਪ ਵਿੱਚ ਬਚਿਆ ਹੋਇਆ ਹੈ, ਨਹੀਂ ਤਾਂ …. ! ਉਨ੍ਹਾਂ ਵੱਲੋਂ ਤਾਂ ਕੋਈ ਕਸਰ ਨਹੀਂ ਸੀ ਛੱਡੀ ਗਈ।

ਬਿਲਕੁਲ ਇਹੀ ਹਾਲਤ ਇਨ੍ਹਾਂ ਵੱਲੋਂ ਉਸਾਰੇ ਗਏ ਹਸਪਤਾਲਾਂ ਦੀ ਹੈ। ਸਿਹਤ ਦਾ ਇਹ ਵੱਡਾ ਮਹੱਤਵਪੂਰਨ ਅਤੇ ਸੇਵਾ ਵਾਲਾ ਵਿਭਾਗ ਵੀ ਅੱਜ, ਸਮੇਂ ਦੀ ਸਰਕਾਰ ਦੀ ਨਾਕਾਮੀ ਕਾਰਨ ਇੱਕ ਵੱਡਾ ਧੰਦਾ ਬਣ ਗਿਆ ਹੈ। ਸੰਗਤਾਂ ਦੇ ਪੈਸੇ ਨਾਲ ਉਸਾਰੇ ਗਏ ਇਨ੍ਹਾਂ ਹਸਪਤਾਲਾਂ ਵਿੱਚ ਕਿਸੇ ਗਰੀਬ ਸਿੱਖ ਵਾਸਤੇ ਵੀ ਮੁਫਤ ਇਲਾਜ ਨਹੀਂ ਹੈ, ਸਗੋਂ ਧਰਮ ਦੇ ਨਾਂ `ਤੇ ਉਨ੍ਹਾਂ ਦੀ ਸ਼ਰਧਾ ਨੂੰ ਆਰਥਕ ਲੁੱਟ ਦੇ ਤੌਰ `ਤੇ ਵਰਤਿਆ ਜਾਂਦਾ ਹੈ। ਚੰਡੀਗੜ੍ਹ ਦੇ ਬਾਹਰਵਾਰ ਇੱਕ ਧਾਰਮਿਕ ਸ਼ਖਸੀਅਤ ਵਲੋਂ ਇੱਕ ਵੱਡਾ ਹਸਪਤਾਲ ਉਸਾਰਿਆ ਗਿਆ। ਇਹ ਧਾਰਮਿਕ ਸ਼ਖਸੀਅਤ ਆਪਣੇ ਆਪ ਨੂੰ ਸੰਤ, ਮਹਾਪੁਰਖ ਆਦਿ ਨਹੀਂ ਕਹਾਉਂਦਾ ਸੀ, ਪਰ ਡੇਰਾ ਉਸ ਵੀ ਬਣਾਇਆ ਹੋਇਆ ਸੀ। ਬਸ ਇਹ ਸਮਝ ਲਉ ਕਿ ਸੰਤ, ਮਹਾਪੁਰਖ ਆਦਿ ਨਾਵਾਂ ਦੇ ਭਰਮ ਤੋਂ ਸਿਵਾ ਬਾਕੀ ਸਭ ਕੁੱਝ ਡੇਰੇਦਾਰੀ ਵਾਲਾ ਹੀ ਸੀ। ਮੇਰੀ ਜਾਣਕਾਰ ਇੱਕ ਡਾਕਟਰ ਬੱਚੀ ਜੋ ਉਸ ਦੀ ਵੱਡੀ ਸ਼ਰਧਾਲੂ ਵੀ ਸੀ, ਬੜੀ ਸੇਵਾ ਭਾਵਨਾ ਨਾਲ ਉਥੇ ਨੌਕਰੀ `ਤੇ ਲੱਗ ਗਈ। ਕੁੱਝ ਦਿਨਾਂ ਵਿੱਚ ਉਸ ਨੇ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਇਸ ਹਸਪਤਾਲ ਵਿੱਚ ਫੀਸ ਦੂਸਰੇ ਗ਼ੈਰ-ਸਰਕਾਰੀ ਹਸਪਤਾਲਾਂ ਨਾਲੋਂ ਬਹੁਤ ਵਧੇਰੇ ਸੀ। ਉਸ ਸੋਚਿਆ ਕਿ ਸ਼ਾਇਦ ਉਸ ਧਾਰਮਿਕ ਸ਼ਖਸੀਅਤ ਨੂੰ ਇਸ ਦਾ ਪਤਾ ਨਾ ਹੋਵੇ, ਸੋ ਉਸ ਨੇ ਮਿਲ ਕੇ ਉਸ ਨਾਲ ਗੱਲ ਕੀਤੀ। ਉਸ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਧਾਰਮਿਕ ਸ਼ਖਸੀਅਤ ਨੇ ਅੱਗੋਂ ਕੋਰਾ ਜਿਹਾ ਜੁਆਬ ਦਿੱਤਾ ਕਿ ਬੀਬੀ ਇਹ ਸੋਚਣਾ ਤੁਹਾਡਾ ਕੰਮ ਨਹੀ। ਤੁਸੀ ਬਸ ਆਪਣੀ ਡਿਊਟੀ ਕਰੋ। ਸਭ ਤੋਂ ਵਧ ਚੋਟ ਜੋ ਉਸ ਡਾਕਟਰ ਬੱਚੀ ਦੇ ਮਨ `ਤੇ ਉਸ ਸ਼ਖਸੀਅਤ ਦੇ ਬੋਲਾਂ ਨੇ ਮਾਰੀ ਉਹ ਇਹ ਸਨ, "ਇਥੇ ਲੋਕ ਇਲਾਜ ਕਰਾਉਣ ਹਸਪਤਾਲ ਕਰ ਕੇ ਨਹੀ, ਸਾਡੇ ਪ੍ਰਤੀ ਸ਼ਰਧਾ ਕਰ ਕੇ ਆਉਂਦੇ ਹਨ। ਇਸ ਲਈ ਇਥੇ ਦੂਸਰੇ ਹਸਪਤਾਲਾਂ ਵਾਲੇ ਫੀਸ ਨੇਮ ਲਾਗੂ ਨਹੀਂ ਹੁੰਦੇ। ਇਹ ਅਸੀ ਵੇਖਣਾ ਹੈ ਕਿ ਅਸੀ ਉਨ੍ਹਾਂ ਤੋਂ ਕਿਤਨੇ ਪੈਸੇ ਲੈਣੇ ਹਨ"। ਗੱਲ ਬੜੀ ਸਪੱਸ਼ਟ ਸੀ ਕਿ ਇਹ ਅਸੀਂ ਵੇਖਣਾ ਹੈ ਕਿ ਉਨ੍ਹਾਂ ਦੀ ਅੰਧੀ ਸ਼ਰਧਾ ਨੂੰ ਅਸੀਂ ਕਿਵੇਂ ਲੁੱਟਣਾ ਹੈ।

ਇਹ ਗੱਲ ਮੈਨੂੰ ਦਸਦਿਆਂ ਉਸ ਡਾਕਟਰ ਬੱਚੀ ਦੀਆਂ ਅੱਖਾਂ ਭਰ ਆਈਆਂ, ਸ਼ਾਇਦ ਉਸ ਦੀ, ਉਸ ਸ਼ਖਸੀਅਤ ਪ੍ਰਤੀ ਭਾਵਨਾਵਾਂ ਨੂੰ ਭਾਰੀ ਚੋਟ ਪਹੁੰਚੀ ਸੀ।

ਬਿਲਕੁਲ ਕੁੱਝ ਇਹੋ ਜਿਹੀ ਹੀ ਹਾਲਤ ਇਨ੍ਹਾਂ ਹਸਪਤਾਲਾਂ ਵਲੋਂ ਲਾਏ ਜਾਂਦੇ ਮੈਡੀਕਲ ਕੈਂਪਾਂ ਦੀ ਵੀ ਹੈ। ਇਥੇ ਇੱਕ ਗੱਲ ਪਹਿਲਾਂ ਸਪੱਸ਼ਟ ਕਰ ਦੇਣੀ ਜ਼ਰੂਰੀ ਹੈ ਕਿ ਬੇਸ਼ਕ ਕੁੱਝ ਸਵੈਸੇਵੀ ਸੰਸਥਾਵਾਂ ਬੜੀ ਨੇਕ ਭਾਵਨਾ ਨਾਲ ਮੈਡੀਕਲ ਕੈਂਪ ਲਾਉਂਦੀਆਂ ਹਨ, ਮਰੀਜ਼ਾਂ ਵਾਸਤੇ ਦੁਆਈਆਂ ਆਦਿ ਦਾ ਪ੍ਰਬੰਧ ਵੀ ਕਰਦੀਆਂ ਹਨ ਅਤੇ ਕੁੱਝ ਨਿਸ਼ਕਾਮ ਸੇਵਕ ਡਾਕਟਰ ਅਤੇ ਵਰਕਰ ਵੀ ਬੜੀ ਨਿਸ਼ਕਾਮਤਾ ਨਾਲ ਉਥੇ ਸੇਵਾ ਨਿਭਾਉਂਦੇ ਹਨ। ਪਰ ਆਮ ਤੌਰ `ਤੇ ਇਨ੍ਹਾਂ ਹਸਪਤਾਲਾਂ ਵਲੋਂ ਲਗਾਏ ਜਾਂਦੇ ਮੈਡੀਕਲ ਕੈਂਪ ਕੇਵਲ ਨਵੇਂ ਗ੍ਰਾਹਕ ਖਿਚਣ ਦਾ ਤਰੀਕਾ ਹੈ। ਕਿਸੇ ਦੀ ਸੁਣੀ ਸੁਣਾਈ ਗੱਲ ਕਰਨ ਨਾਲੋਂ ਜ਼ਿੰਦਗੀ ਦੇ ਤਜਰਬੇ `ਚੋਂ ਦਸਣਾ ਹੀ ਠੀਕ ਹੈ।

ਸਾਡੀ ਸੰਸਥਾ ਵਲੋਂ ਕੁੱਝ ਅਲੱਗ ਅਲੱਗ ਗੁਰਦੁਆਰਿਆਂ ਵਿੱਚ ਸਾਲਾਨਾ ਗੁਰਮਤਿ ਸਮਾਗਮ ਕਰਵਾਏ ਜਾਂਦੇ ਸਨ। ਇਸ ਧਾਰਮਿਕ ਸ਼ਖਸੀਅਤ ਵਲੋਂ ਇਹ ਸੁਝਾ ਦਿੱਤਾ ਗਿਆ ਕਿ ਅਸੀਂ ਨਾਲ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਵੀ ਲਗਾ ਲਿਆ ਕਰੀਏ। ਉਹ ਡਾਕਟਰਾਂ ਦੀ ਟੀਮ ਅਤੇ ਮੁਫਤ ਦੁਆਈਆਂ ਭੇਜ ਦਿਆ ਕਰਨਗੇ। ਮੈਨੂੰ ਗੱਲ ਬੜੀ ਠੀਕ ਜਾਪੀ ਕਿ ਗੁਰਮਤਿ ਪ੍ਰਚਾਰ ਦੇ ਨਾਲ ਲੋੜਵੰਦ ਸੰਗਤ ਦੀ ਕੁੱਝ ਸੇਵਾ ਵੀ ਹੋ ਜਾਵੇਗੀ। ਅਗਲੇ ਸਮਾਗਮ `ਤੇ ਉਨ੍ਹਾਂ ਦੇ ਦੋ ਡਾਕਟਰਾਂ ਦੀ ਟੀਮ ਨਾਲ ਕੁੱਝ ਦੁਆਈਆਂ ਅਤੇ ਆਪਣੇ ਹਸਪਤਾਲ ਦੇ ਬੈਨਰ ਆਦਿ ਲੈ ਕੇ ਪਹੁੰਚ ਗਈ। ਬਾਕੀ ਸਾਜੋ ਸਮਾਨ ਅਤੇ ਵਰਕਰਾਂ ਦੀ ਟੀਮ ਦਾ ਪ੍ਰਬੰਧ ਅਸੀਂ ਕੀਤਾ ਹੋਇਆ ਸੀ। ਡਾਕਟਰਾਂ ਨੇ ਸੌ ਦੇ ਕਰੀਬ ਮਰੀਜ਼ਾਂ ਦਾ ਮੁਆਇਨਾ ਇਕੋ ਦਿਨ ਵਿੱਚ ਕੀਤਾ। ਲੋੜਵੰਦਾਂ ਨੂੰ ਦੁਆਈਆਂ, ਜੋ ਉਨ੍ਹਾਂ ਨੂੰ ਮੁਫਤ ਸੈਂਪਲਾਂ ਦੇ ਤੌਰ `ਤੇ ਆਈਆਂ ਹੋਈਆਂ ਸਨ, ਮੁਫਤ ਵੰਡੀਆਂ। ਜਿਨ੍ਹਾਂ ਮਰੀਜ਼ਾਂ ਦਾ ਇਲਾਜ ਕੁੱਝ ਗੰਭੀਰ ਪੜਤਾਲ ਅਤੇ ਵਧੇਰੇ ਸਮਾਂ ਮੰਗਦਾ ਸੀ, ਉਨ੍ਹਾਂ ਨੂੰ ਹਸਪਤਾਲ ਆਉਣ ਲਈ ਆਖ ਦਿੱਤਾ।

ਬੜਾ ਚੰਗਾ ਮਹਿਸੂਸ ਹੋ ਰਿਹਾ ਸੀ ਕਿ ਗੁਰਮਤਿ ਪ੍ਰਚਾਰ ਨਾਲ ਅਸੀਂ ਕੁੱਝ ਲੋੜਵੰਦਾਂ ਦੀ ਸੇਵਾ ਕਰ ਸਕੇ ਹਾਂ। ਦੋ-ਤਿੰਨ ਹਫਤੇ ਬਾਅਦ ਇੱਕ ਗਰੀਬੜਾ ਜਿਹਾ ਵਿਅਕਤੀ ਮੇਰੇ ਕੋਲ ਆਇਆ ਅਤੇ ਦੱਸਿਆ ਕਿ ਉਹ ਸਾਡੇ ਇਸ ਮੁਫਤ ਮੈਡੀਕਲ ਕੈਂਪ ਵਿੱਚ ਆਪਣੇ ਪਿਤਾ ਨੂੰ ਲੈ ਕੇ ਆਇਆ ਸੀ ਤਾਂ ਡਾਕਟਰਾਂ ਨੇ ਉਸ ਨੂੰ ਹਸਪਤਾਲ ਲੈ ਕੇ ਆਉਣ ਲਈ ਆਖਿਆ ਸੀ। ਉਹ ਪਿਤਾ ਨੂੰ ਹਸਪਤਾਲ ਲੈ ਕੇ ਗਿਆ ਤਾਂ ਦੋ ਤਿੰਨ ਫੇਰੀਆਂ ਅਤੇ ਕੁੱਝ ਟੈਸਟਾਂ, ਜਿਨ੍ਹਾਂ ਦੀ ਉਸ ਨੇ ਭਰਵੀਂ ਫੀਸ ਵੀ ਭਰੀ, ਦੇ ਬਾਅਦ ਉਨ੍ਹਾਂ ਕਿਹਾ ਕਿ ਉਸ ਦੇ ਪਿਤਾ ਦਾ ਅੱਖਾਂ ਦਾ ਅਪਰੇਸ਼ਨ ਹੋਣਾ ਹੈ, ਜਿਸ ਵਾਸਤੇ ਤਕਰੀਬਨ ਇੱਕ ਲੱਖ ਰੁਪਿਆ ਖਰਚ ਹੋਣਾ ਹੈ, ਉਹ ਪ੍ਰਬੰਧ ਕਰੇ। ਉਹ ਵਿਅਕਤੀ ਮਨ ਭਰ ਕੇ ਕਹਿਣ ਲੱਗਾ ਕਿ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਰਿਕਸ਼ਾ ਚਲਾਉਂਦਾ ਹਾਂ ਅਤੇ ਮੇਰੇ ਤਿੰਨ ਬੱਚੇ ਹਨ। ਸਾਰੇ ਪ੍ਰਵਾਰ ਦਾ ਪਾਲਨਾ ਮੈਂ ਇਕੱਲੇ ਕਰਨੀ ਹੁੰਦੀ ਹੈ, ਮੇਰੇ ਵਾਸਤੇ ਇਤਨੇ ਪੈਸੇ ਇਕੱਠੇ ਕਰਨੇ ਸੰਭਵ ਨਹੀਂ ਹੈ। ਉਨ੍ਹਾਂ ਨੇ ਮੈਨੂੰ ਬੜੇ ਕੌੜੇ ਲਫਜ਼ਾਂ ਵਿੱਚ ਜ਼ਲੀਲ ਕਰਨ ਦੇ ਭਾਵ ਨਾਲ ਕਿਹਾ ਕਿ ਤੂੰ ਕੈਸਾ ਪੁੱਤਰ ਹੈ, ਜੋ ਆਪਣੇ ਪਿਤਾ ਦਾ ਇਲਾਜ ਕਰਾਉਣ ਦਾ ਫਰਜ਼ ਪੂਰਾ ਨਹੀਂ ਕਰ ਰਿਹਾ? ਜਿਵੇਂ ਮਰਜ਼ੀ ਕਰ ਤੈਨੂੰ ਇਹ ਪ੍ਰਬੰਧ ਕਰਨਾ ਹੀ ਪਵੇਗਾ। ਇਸ ਦਸਦਿਆਂ ਉਸ ਨੇ ਫਿਰ ਮਨ ਭਰ ਲਿਆ।

ਮੈਂ ਤਾਂ ਸਮਝ ਰਿਹਾ ਸਾਂ ਕਿ ਜੋ ਮਰੀਜ਼ ਉਨ੍ਹਾਂ ਮੁਫਤ ਮੈਡੀਕਲ ਕੈਂਪ ਤੋਂ ਬੁਲਾਏ ਹਨ, ਉਨ੍ਹਾਂ ਦਾ ਮੁਫਤ ਇਲਾਜ ਨਹੀਂ ਤਾਂ ਘੱਟੋ-ਘੱਟ ਬਹੁਤ ਸਸਤਾ ਇਲਾਜ ਹੋ ਰਿਹਾ ਹੋਵੇਗਾ। ਉਸ ਦੀ ਗੱਲ ਸੁਣਕੇ ਮੈਂ ਹੈਰਾਨ ਰਹਿ ਗਿਆ। ਮੈਂ ਹੋਰ ਤਾਂ ਕੁੱਝ ਨਾ ਕਰ ਸਕਿਆ, ਆਪਣੇ ਕੋਲੋਂ ਕੁੱਝ ਮਾਇਆ ਉਸ ਦੀ ਮੁੱਠੀ ਵਿੱਚ ਦੇਕੇ ਆਖਿਆ ਕਿ ਜਾਹ ਆਪਣੇ ਪਿਤਾ ਦਾ ਅਪਰੇਸ਼ਨ ਕਿਸੇ ਸਰਕਾਰੀ ਹਸਪਤਾਲ ਤੋਂ ਕਰਵਾ ਲੈ, ਸ਼ਾਇਦ ਉਥੇ ਕਾਫੀ ਸਸਤਾ ਹੋ ਜਾਵੇਗਾ। ਇਹ ਹੈ ਇਨ੍ਹਾਂ ਧਰਮ ਦੇ ਨਾਂ `ਤੇ ਉਸਾਰੇ ਗਏ ਹਸਪਤਾਲਾਂ ਅਤੇ ਇਨ੍ਹਾਂ ਵਲੋਂ ਲਗਾਏ ਜਾਂਦੇ ਮੁਫਤ ਡਾਕਟਰੀ ਕੈਂਪਾਂ ਦੀ ਸੇਵਾ ਦੀ ਸੱਚਾਈ।

ਇਨ੍ਹਾਂ ਦੀਆਂ ਸੇਵਾਵਾਂ ਦੀਆਂ ਕਹਾਣੀਆਂ ਤਾਂ ਬਹੁਤ ਹਨ, ਪਰ ਇੱਕ ਹੋਰ ਸੰਗਤ ਨਾਲ ਸਾਂਝੀ ਕਰ ਕੇ ਵਿਸ਼ੇ ਨੂੰ ਸਮਾਪਤ ਕਰਾਂਗਾ। ਕੁੱਝ ਸਾਲ ਪਹਿਲੇ ਉੜੀਸਾ ਵਿੱਚ ਇੱਕ ਬਹੁਤ ਭਾਰੀ ਤੁਫਾਨ ਆਇਆ ਸੀ। ਸਾਡੇ ਇੱਕ ਅਖੋਤੀ ਮਹਾਪੁਰਖਾਂ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਰਾਹਤ ਸਮੱਗਰੀ ਲੈ ਕੇ ਪੀੜਤਾਂ ਦੀ ਮਦਦ ਲਈ ਜਾਣਗੇ। ਸ਼ਰਧਾਲੂਆਂ ਨੇ ਦੋ ਦਿਨਾਂ ਵਿੱਚ ਹੀ ਸਮੱਗਰੀ ਦੇ ਕਈ ਟਰੱਕ ਭਰ ਦਿੱਤੇ ਅਤੇ ਮਾਇਆ ਦੇ ਵੀ ਭੰਡਾਰ ਲਾ ਦਿੱਤੇ। ਮਾਇਆ ਆਪ ਸੰਭਾਲ ਕੇ, ਰਾਹਤ ਸਮੱਗਰੀ ਦੇ ਟਰੱਕ ਅਤੇ ਕੁੱਝ ਸੇਵਾਦਾਰ ਨਾਲ ਲੈ ਕੇ ਮਹਾਪੁਰਖ ਜੀ ਉੜੀਸਾ ਪਹੁੰਚ ਗਏ। ਸੇਵਾ ਨਿਭਾ ਕੇ ਉਥੋਂ ਇੱਕ ਨਾਬਾਲਗ ਬੱਚੀ, ਜਿਸ ਦਾ ਸਾਰਾ ਪਰਿਵਾਰ ਇਸ ਤੁਫਾਨ ਦੀ ਭੇਂਟ ਚੜ੍ਹ ਚੁਕਾ ਸੀ, ਨੂੰ ਨਾਲ ਲੈ ਕੇ ਵਾਪਸ ਮੁੜ ਆਏ ਕਿ ਉਸ ਬੱਚੀ ਦੀ ਪਾਲਨਾ ਕਰਨਗੇ। ਇਨ੍ਹਾਂ ਦੇ ਇੱਕ ਪੁਰਾਣੇ ਨੇੜਲੇ ਸਾਥੀ ਜੋ ਕਈ ਸਾਲ ਇਨ੍ਹਾਂ ਦੇ ਨਾਲ ਰਿਹਾ ਹੈ ਪਰ ਹੁਣ ਇਨ੍ਹਾਂ ਤੋਂ ਟੁੱਟ ਚੁੱਕਾ ਹੈ ਨੇ ਮੈਂਨੂੰ ਜਿਥੇ ਇਨ੍ਹਾਂ ਦੀਆਂ ਹੋਰ ਕਈ ਰਾਸਲੀਲਾਵਾਂ ਬਾਰੇ ਦੱਸਿਆ, ਉਥੇ ਇਹ ਵੀ ਦੱਸਿਆ ਕਿ ਇਹ ਕਈ ਸਾਲ ਉਸ ਬਾਲੜੀ ਦੀ ਪੱਤ ਨਾਲ ਖੇਡਦਾ ਰਿਹਾ। ਕੁੱਝ ਸਾਲਾਂ ਬਾਅਦ ਉਸ ਬਾਲੜੀ ਨੇ ਉਸ ਨਾਲ ਹੋ ਰਹੇ ਜ਼ੁਲਮ ਖਿਲਾਫ ਕੁੱਝ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਧਰੇ ਗਾਇਬ ਕਰ ਦਿੱਤਾ ਗਿਆ। ਇਹ ਹੈ ਇਨ੍ਹਾਂ ਦੇ ਜੀਵਨ ਦੀ ਅਤੇ ਸੇਵਾ ਦੀ ਅਸਲੀ ਸੱਚਾਈ। ਹੁਣ ਆਪ ਹੀ ਸੋਚ ਲਓ ਕਿ ਕੋਈ ਵੱਡੀ ਤੋਂ ਵੱਡੀ ਸੇਵਾ ਵੀ ਕੀ ਉਸ ਬਾਲੜੀ ਦਾ ਬਚਪਨਾ ਉਸ ਨੂੰ ਵਾਪਸ ਮੋੜ ਸਕਦੀ ਹੈ? ਉਸ ਸੇਵਾਦਾਰ ਦੇ ਬਿਆਨ ਵੀਡੀਓ ਰੂਪ ਵਿੱਚ ਅੱਜ ਵੀ ਮੇਰੇ ਕੋਲ ਸੰਭਾਲੇ ਪਏ ਹਨ।

ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੇ ਗੱਲ ਸਿਰਫ ਇਨ੍ਹਾਂ ਦੇ ਮਾਇਆ ਇਕੱਤਰ ਕਰਨ ਤੱਕ ਸੀਮਿਤ ਹੁੰਦੀ ਤਾਂ ਮੈਂ ਇਸ ਨੂੰ ਪ੍ਰਵਾਨ ਵੀ ਕਰ ਲੈਂਦਾ ਕਿ ਚਲੋ ਜਿਵੇਂ ਕਿਵੇਂ ਸਮਾਜ ਦਾ ਕੁੱਝ ਭਲਾ ਹੋ ਰਿਹਾ ਹੈ। ਜਿਵੇਂ ਸੀਚੇਵਾਲ ਨਾਂ ਦੇ ਅਖੌਤੀ ਸੰਤ ਵਲੋਂ ਆਪਣੇ ਇਲਾਕੇ ਵਿੱਚ ਬਹੁਤ ਸਾਰੇ ਦਰਖਤ ਲੁਆਉਣੇ, ਇੱਕ ਨਦੀ ਦੀ ਸਫਾਈ ਦੀ ਸੇਵਾ ਕਰਵਾਉਣੀ ਆਦਿ ਸੱਚਮੁੱਚ ਇੱਕ ਵੱਡੀ ਸਮਾਜਕ ਸੇਵਾ ਹੈ, ਜਿਸ ਦੀ ਤਾਰੀਫ ਕਰਨੀ ਬਣਦੀ ਹੈ। ਪਰ ਜੇ ਮੈਂ ਇਸ ਦੀ ਸਿੱਖ ਕੌਮ ਪ੍ਰਤੀ ਸੇਵਾ ਦੀ ਗੱਲ ਕਰਾਂ ਤਾਂ ਇਹ ਆਪਣੇ ਉਦਾਸੀ ਪਿਛੋਕੜ ਕਾਰਨ, ਕੌਮ ਦੀ ਵਿਚਾਰਧਾਰਕ ਬੇੜੀ ਵਿੱਚ ਬਿਪਰਵਾਦ ਦੇ ਕਰਮਕਾਂਡੀ ਪੱਥਰ ਪਾਕੇ ਉਸ ਨੂੰ ਡੋਬਣ ਵਿੱਚ ਆਪਣਾ ਪੂਰਾ ਹਿੱਸਾ ਪਾ ਰਿਹਾ ਹੈ।

ਇਸ ਤੋਂ ਇਲਾਵਾ ਵੀ ਕੁੱਝ ਹੋਰ ਅਖੌਤੀ ਸੇਵਾਵਾਂ ਦੀ ਗੱਲ ਕੀਤੇ ਬਗੈਰ ਕਿਤਾਬ ਦਾ ਇਹ ਭਾਗ ਪੂਰਾ ਨਹੀਂ ਹੋਣਾ। ਜਿਵੇਂ ਲੋਕਾਂ ਦਾ ਸ਼ਰਾਬ ਪੀਣਾ ਜਾਂ ਹੋਰ ਨਸ਼ੇ ਛੁੜਾਉਣਾ, ਗਰੀਬ ਲੜਕੀਆਂ ਦੇ ਵਿਆਹ ਕਰਾਉਣੇ ਅਤੇ ਅੱਜਕੱਲ ਇੱਕ ਨਵੀ ਸੇਵਾ, ਸ਼ਹਿਰ ਦੀ ਜਾਂ ਮੁਹੱਲੇ ਦੀ ਸਫਾਈ ਆਦਿ ਕਰਾਉਣੀ … ਵਗੈਰਾ. . ਵਗੈਰਾ. . ।

ਆਓ ਪਹਿਲਾਂ ਸ਼ਰਾਬ ਜਾਂ ਨਸ਼ਿਆਂ ਦੀ ਗੱਲ ਕਰ ਲਈਏ। ਗੁਰਬਾਣੀ ਮਨੁੱਖ ਨੂੰ ਇੱਕ ਨਿਰਮਲ ਜੀਵਨ ਜਿਊਣ ਦੀ ਪ੍ਰੇਰਨਾ ਦੇਂਦੀ ਹੈ, ਜਿਸ ਵਿੱਚ ਨਸ਼ਿਆਂ ਲਈ ਕੋਈ ਸਥਾਨ ਹੀ ਨਹੀਂ। ਗੁਰਬਾਣੀ ਵਿੱਚ ਬੇਅੰਤ ਪ੍ਰਮਾਣ ਹਨ, ਜਿਹੜੇ ਨਸ਼ਿਆਂ ਤੋਂ ਬੱਚ ਕੇ ਰਹਿਣ ਅਤੇ ਇਨ੍ਹਾਂ ਦਾ ਪੂਰਨ ਤਿਆਗ ਕਰਨ ਦੀ ਹਿਦਾਇਤ ਕਰਦੇ ਹਨ। ਜਿਵੇਂ ਕਿ:

"ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।। " {ਮਰਦਾਨਾ ੧, ਪੰਨਾ ੫੫੩}

ਹੇ ਨਾਨਕ ! ਇਸ ਸ਼ਰਾਬ ਦੇ ਪੀਤਿਆਂ ਬਹੁਤੇ ਵਿਕਾਰ ਖੱਟੇ ਜਾਂਦੇ ਹਨ।

"ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ।।

ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ।। " {ਆਸਾ ਮਹਲਾ ੫, ਪੰਨਾ ੩੯੯}

ਖੋਟੀ ਮਤਿ ਕਾਰਨ ਜੋ ਮਨੁੱਖ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ। ਪਰ, ਹੇ ਨਾਨਕ ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿੱਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ।

"ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।।

ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ।।

ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ।।

ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ।। " {ਸਲੋਕ ਮਃ ੩, ਪੰਨਾ ੫੫੪}

ਸ਼ਰਾਬ ਆਦਿਕ ਕੁਕਰਮ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਬਕਣ ਦਾ ਜੋਸ਼ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਮਾਲਕ ਵੱਲੋਂ ਧੱਕੇ ਪੈਂਦੇ ਹਨ, ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਦਰਗਾਹ ਵਿੱਚ ਸਜ਼ਾ ਮਿਲਦੀ ਹੈ, ਐਸੀ ਚੰਦਰੀ ਸ਼ਰਾਬ, ਕਦੇ ਨਹੀਂ ਪੀਣੀ ਚਾਹੀਦੀ।

ਇਹ ਤਾਂ ਐਵੇਂ ਕਿਨਕਾ ਕੁ ਮਾਤਰ ਪ੍ਰਮਾਣ ਹਨ, ਗੁਰਬਾਣੀ ਨਸ਼ਿਆਂ ਨੂੰ ਵਿਵਰਜਿਤ ਕਰਨ ਵਾਲੇ ਐਸੇ ਪ੍ਰਮਾਣਾਂ ਨਾਲ ਭਰੀ ਪਈ ਹੈ। ਸਮੱਸਿਆ ਤਾਂ ਇਹ ਹੈ ਕਿ ਅਵੱਲ ਤਾਂ ਅਸੀਂ ਗੁਰਬਾਣੀ ਪੜ੍ਹਦੇ ਹੀ ਨਹੀਂ ਅਤੇ ਜੇ ਕੁੱਝ ਪੜ੍ਹਦੇ ਵੀ ਹਾਂ ਤਾਂ ਵਿਚਾਰਦੇ ਨਹੀਂ। ਫਿਰ ਸਾਨੂੰ ਪਤਾ ਕਿਵੇਂ ਲੱਗੇ ਕਿ ਸਤਿਗੁਰੂ ਨੇ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਮਨ੍ਹਾ ਕੀਤਾ ਹੈ? ਇਹ ਸਾਡੇ ਪ੍ਰਚਾਰਕਾਂ ਦੀ ਵੀ ਵੱਡੀ ਨਲਾਇਕੀ ਹੈ ਕਿ ਉਹ ਅਖੌਤੀ ਨਾਮ ਜਪਣ ਦੇ ਰੱਟੇ ਤਾਂ ਸਾਰੀ ਦਿਹਾੜੀ ਲੁਆ ਰਹੇ ਹਨ, ਪਰ ਸਤਿਗੁਰੂ ਨੇ ਸਾਨੂੰ ਦੁਨਿਆਵੀ ਨਿਰਮਲ ਜੀਵਨ ਜਿਊਣ ਲਈ ਕੀ ਉਪਦੇਸ਼ ਦਿੱਤੇ ਹਨ, ਉਹ ਘੱਟ ਹੀ ਸਮਝਾਉਂਦੇ ਹਨ, ਜੋ ਕਿ ਅਸਲ ਨਾਮ ਜਪਣਾ ਹੈ। ਇਸ ਸਭ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਕੁੱਝ ਅਗਿਆਨੀ ਲੋਕਾਂ ਨੂੰ ਸਤਿਗੁਰੂ ਦੇ ਉਪਦੇਸ਼ ਨਾਲੋਂ ਅਖੋਤੀ ਮਹਾਪੁਰਖਾਂ ਦਾ ਕਹਿਆ ਵਧੇਰੇ ਪ੍ਰਵਾਨ ਹੁੰਦਾ ਹੈ। ਜੇ ਸਾਰੀ ਸਿੱਖ ਕੌਮ ਦ੍ਰਿੜਤਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਉਪਦੇਸ਼ਾਂ ਅਨੁਸਾਰ ਜੀਵਨ ਜੀਉਣ ਦਾ ਸੰਕਲਪ ਲੈਂਦੀ ਤਾਂ ਸ਼ਾਇਦ ਅੱਜ ਸਿੱਖ ਕੌਮ ਵਿੱਚ ਇੱਕ ਵੀ ਨਸ਼ੇੜੀ ਨਾ ਹੁੰਦਾ।

ਅੱਜ ਨਤੀਜਾ ਇਹ ਹੈ ਕਿ ਸਿੱਖਿਆ ਗੁਰੂ ਗ੍ਰੰਥ ਸਾਹਿਬ ਦੀ ਅਤੇ ਉਸ ਦਾ ਮਾਣ ਅਖੌਤੀ ਸੰਤਾਂ ਨੂੰ ਮਿਲ ਰਿਹਾ ਹੈ, ਜਦਕਿ ਦੂਸਰਿਆਂ ਦੇ ਨਸ਼ੇ ਛੁੜਾਉਣ ਵਾਲੇ ਆਪ ਲੁੱਕ ਲੁੱਕ ਕੇ ਅੰਦਰ ਖਾਤੇ ਵਲੈਤੀ ਸ਼ਰਾਬਾਂ ਪੀਂਦੇ ਹਨ। ਪ੍ਰਮਾਣ ਦੇ ਤੌਰ ਤੇ ਬਲਾਤਕਾਰੀ ਧਨਵੰਤ ਸਿੰਘ ਨੇ ਇਹ ਗੱਲ ਆਪ ਮੰਨੀ ਅਤੇ ਅਕਾਲ ਤਖਤ ਦੇ ਅਖੋਤੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਉਸ ਨੂੰ ਸ਼ਰਾਬ ਪੀਣ ਅਤੇ ਹੋਰ ਮਨਮਤੀ ਕੰਮਾਂ ਵਾਸਤੇ ਤਨਖਾਹ ਵੀ ਲਾਈ ਗਈ ਪਰ ਬਲਾਤਕਾਰ ਦੇ ਕੇਸ ਨੂੰ ਛੱਡ ਦਿੱਤਾ ਗਿਆ।

ਦੂਸਰੀ ਗੱਲ ਗਰੀਬ ਲੜਕੀਆ ਦੇ ਵਿਆਹ ਕਰਾਉਣ ਦੀ ਵੀ ਕਰ ਲਈਏ। ਇਹ ਮਹਾਨ ਸੇਵਾ ਸਿਰਫ ਇਨ੍ਹਾਂ ਅਖੋਤੀ ਸਾਧਾਂ ਵਲੋਂ ਹੀ ਨਹੀਂ ਕੀਤੀ ਜਾਂਦੀ, ਸਗੋਂ ਕਈ ਸਮਾਜਸੇਵੀ ਸੰਸਥਾਵਾਂ ਜਾਂ ਵਿਸ਼ੇਸ਼ ਵਿਅਕਤੀਆਂ ਵੱਲੋਂ ਵੀ ਕੀਤੀ ਜਾਂਦੀ ਹੈ। ਜਿਵੇਂ ਇੱਕ ਮਸ਼ਹੂਰ ਰਾਗੀ ਬਲਵਿੰਦਰ ਸਿੰਘ ਰੰਗੀਲਾ ਵੀ ਕਈ ਸਾਲ ਸਲਾਨਾ ਇਹ ਵਿਆਹ ਸਮਾਰੋਹ ਕਰਾਉਂਦਾ ਰਿਹਾ ਹੈ। ਪੂਰਾ ਸਾਲ ਦੇਸ਼-ਵਿਦੇਸ਼ਾਂ ਵਿੱਚ ਘੁੰਮ ਕੇ, ਗਰੀਬ ਲੜਕੀਆਂ ਦੇ ਵਿਆਹ ਕਰਾਉਣ ਦੇ ਨਾਂ `ਤੇ ਸੰਗਤ ਕੋਲੋਂ ਪੈਸਾ ਇਕੱਠਾ ਕੀਤਾ ਜਾਂਦਾ ਅਤੇ ਬਾਅਦ ਵਿੱਚ ਇਸ ਵਿਚੋਂ ਕੁੱਝ ਖਰਚ ਕੇ ਨਾਮਣਾ ਖੱਟ ਲਿਆ ਜਾਂਦਾ ਕਿ ਬਹੁਤ ਮਹਾਨ ਸੇਵਾ ਕੀਤੀ ਹੈ। ਕੋਈ ਇਸ ਰਾਗੀ ਕੋਲੋਂ ਪੁੱਛੇ ਕਿ ਕੀ ਕਦੀਂ ਤੂੰ ਸੰਗਤਾਂ ਨੂੰ ਹਿਸਾਬ ਵੀ ਦਿੱਤਾ ਹੈ ਕਿ ਇਸ ਵਾਸਤੇ ਤੂੰ ਕਿਤਨਾ ਪੈਸਾ ਇਕੱਠਾ ਕੀਤਾ ਹੈ ਅਤੇ ਕਿਤਨਾ ਖਰਚ ਕੀਤਾ ਹੈ? ਇਹੀ ਕੰਮ ਕੁੱਝ ਅਖੌਤੀ ਸੰਤ ਕਰ ਰਹੇ ਹਨ। ਗਰੀਬ ਲੜਕੀਆਂ ਦੇ ਨਾਂ ਤੇ ਇਹ ਵੀ ਇੱਕ ਕਮਾਈ ਦਾ ਹੋਰ ਸਾਧਨ ਬਣ ਗਿਆ ਹੈ। ਉਂਝ ਵੀ ਕੋਈ ਪੁੱਛੇ ਕਿ ਜੇ ਤੁਸੀਂ ਸੇਵਾ ਕਰਨੀ ਹੈ ਤਾਂ ਇਤਨਾ ਵਿਖਾਵਾ ਅਤੇ ਮਸ਼ਹੂਰੀ ਕਰਨ ਦੀ ਕੀ ਲੋੜ ਹੈ? ਅਸਲ ਵਿੱਚ ਇਸ ਵਿਖਾਵੇ ਰਾਹੀਂ ਹੀ ਤਾਂ ਮਾਇਆ ਆਉਂਦੀ ਹੈ।

ਸਭ ਤੋਂ ਵੱਡੀ ਗੱਲ ਇਹ ਵਿਖਾਵੇ ਦੀਆਂ ਸੇਵਾਵਾਂ ਕਰ ਕੇ, ਇਨ੍ਹਾਂ ਦੁਸ਼ਟ ਲੋਕਾਂ ਵਲੋਂ ਆਪਣੇ ਪਾਪ ਕਰਮਾਂ ਤੇ ਪੜਦਾ ਪਾ ਲਿਆ ਜਾਂਦਾ ਹੈ। ਭੋਲੇ-ਭਾਲੇ ਲੋਕ ਕਹਿੰਦੇ ਹਨ ਕਿ ਜੀ ਦੇਖੋ! ਇਤਨੀ ਸੇਵਾ ਕਰਨ ਵਾਲੇ ਆਪ ਐਸਾ ਪਾਪ ਕਿਵੇਂ ਕਰ ਸਕਦੇ ਹਨ? ਜਿਵੇਂ ਕਿ ਪਖੰਡੀ (ਹ) ਰਾਮ ਰਹੀਮ ਦੇ ਪੈਰੋਕਾਰਾਂ ਵੱਲੋਂ ਵੀ ਇਹ ਦਲੀਲ ਦਿੱਤੀ ਗਈ ਕਿ ਵੇਸ਼ਵਾਵਾਂ ਦੇ ਵਿਆਹ ਕਰਾਉਣ ਵਾਲੇ ਮਹਾਪੁਰਖ ਆਪ ਬਲਾਤਕਾਰ ਕਿਵੇਂ ਕਰ ਸਕਦੇ ਹਨ? ਪਹਿਲਾਂ ਤਾਂ ਇਹ ਵੇਸ਼ਵਾਵਾਂ ਉਸ ਨੂੰ ਕਿਥੋਂ ਮਿੱਲ ਗਈਆਂ ਕਿਉਂਕਿ ਪੰਜਾਬ, ਹਰਿਆਣਾ ਦੇ ਵਿੱਚ ਤਾਂ ਅਧਿਕਾਰਤ ਤੌਰ ਤੇ ਇਹ ਧੰਦਾ ਕਰਨ ਦੀ ਕੋਈ ਵਿਵਸਥਾ ਹੀ ਨਹੀਂ ਹੈ? ਫਿਰ ਸਭ ਤੋਂ ਉਪਰ ਕੁੱਝ ਮਜਬੂਰ, ਮਾਸੂਮ ਬੱਚੀਆਂ ਦਾ ਜੀਵਨ ਬਰਬਾਦ ਕਰਕੇ, ਉਨ੍ਹਾਂ ਨੂੰ ਵੇਸ਼ਵਾਵਾਂ ਵਰਗਾ ਜੀਵਨ ਜੀਣ ਲਈ ਮਜਬੂਰ ਕਰ ਕੇ, ਕੁੱਝ ਇੱਕ ਵਿਖਾਵੇ ਦੇ ਵਿਆਹ ਕਰਵਾ ਦਿੱਤੇ ਤੇ ਧਰਮੀ ਬਣ ਗਏ।

ਜੇ ਇਨ੍ਹਾਂ ਵਿਚੋਂ ਕੁੱਝ ਇੱਕ ਨੂੰ ਸੇਵਾਵਾਂ ਮੰਨ ਵੀ ਲਿਆ ਜਾਵੇ, ਤਾਂ ਅਸਲ ਸਮਝਣ ਵਾਲੀ ਵੱਡੀ ਗੱਲ ਇਹ ਹੈ ਕਿ ਇਹ ਸੇਵਾਵਾਂ ਕਰਾਉਣ ਵਾਲਾ ਇੱਕ ਸਮਾਜਸੇਵੀ ਹੈ। ਇੱਕ ਸਮਾਜਸੇਵੀ ਦੇ ਤੌਰ `ਤੇ ਉਸ ਨੂੰ ਬਣਦਾ ਸਤਿਕਾਰ ਦਿੱਤਾ ਜਾ ਸਕਦਾ ਹੈ ਪਰ ਜਦੋਂ ਅਸੀਂ ਉਸ ਨੂੰ ਧਰਮ ਦਾ ਠੇਕੇਦਾਰ ਬਣਾ ਕੇ ਸੰਤ, ਮਾਹਾਪੁਰਖ, ਬ੍ਰਹਮਗਿਆਨੀ ਆਦਿ ਦੀਆਂ ਡਿਗਰੀਆਂ ਨਾਲ ਅਲੰਕਤ ਕਰ ਦੇਂਦੇ ਹਾਂ ਤਾਂ ਉਸ ਵਿਚੋਂ ਵਿਅਕਤੀਵਾਦ ਉਭਰਦਾ ਹੈ, ਉਸ ਵਿਚੋਂ ਪੁਜਾਰੀਵਾਦ ਦਾ ਬਦਲਵਾਂ ਰੂਪ ਨਿਕਲ ਕੇ ਆਉਂਦਾ ਹੈ, ਜੋ ਸਮਾਜ ਵਾਸਤੇ ਮਿੱਠਾ ਜ਼ਹਿਰ ਹੈ। ਜੋ ਕਿਸੇ ਇੱਕ ਵਿਅਕਤੀ ਨੂੰ ਹੀ ਪ੍ਰਭਾਵਤ ਨਹੀਂ ਕਰਦਾ ਸਗੋਂ ਸਾਰੇ ਸਮਾਜ ਨੂੰ ਮਾਨਸਿਕ ਗ਼ੁਲਾਮ ਬਣਾਉਂਦਾ ਅਤੇ ਕਮਜ਼ੋਰ ਕਰਦਾ ਹੈ।

(ਚਲਦਾ ….)

(ਦਾਸ ਦੀ ਨਵੀਂ ਕਿਤਾਬ "ਖਾਲਸਾ ਪੰਥ ਬਨਾਮ ਡੇਰਾਵਾਦ" ਵਿਚੋਂ)

ਰਾਜਿੰਦਰ ਸਿੰਘ

(ਮੁੱਖ ਸੇਵਾਦਾਰ, ਸ਼੍ਰੋਮਣੀ ਖਾਲਸਾ ਪੰਚਾਇਤ)

email: [email protected]




.