ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ
ਖ਼ੁਦਕਸ਼ੀਆਂ ਕੋਈ ਹੱਲ ਨਹੀਂ
ਮੀਡੀਆ ਦੀਆਂ ਰੀਪੋਰਟਾਂ ਅਨੁਸਾਰ
ਕੇਂਦਰ ਦੀ ਬੀ. ਜੇ. ਪੀ. ਸਰਕਾਰ ਦੇ ਪਹਿਲੇ ਤਿੰਨ ਸਾਲਾਂ ਦੇ ਕਾਰਜ ਕਾਲ ਦੌਰਾਨ ਦੇਸ਼ ਦੇ ਚਾਲ਼ੀ
ਹਜ਼ਾਰ ਕਿਰਸਾਨਾਂ ਨੇ ਖ਼ੁਦਕਸ਼ੀ ਕੀਤੀ ਹੈ। ਸੰਨ ੨੦੦੦ ਤੋਂ ੨੦੧੭ ਤੱਕ ਲਗਪਗ ਚਾਰ ਲੱਖ ਕਿਰਸਾਨਾਂ ਨੇ
ਖ਼ੁਦਕਸ਼ੀ ਕੀਤੀ। ਪੰਜਾਬ ਦੇ ਮੌਜੂਦਾ ਮੁੱਖ ਮੰਤ੍ਰੀ ਕਹਿੰਦੇ ਹਨ ਕਿ ਅਕਾਲੀ ਭਾਜਪਾ ਸਰਕਾਰ ਦੇ ਦਸ
ਸਾਲਾਂ ਦੌਰਾਨ ਸੱਤ ਹਜ਼ਾਰ ਕਿਰਸਾਨਾਂ ਨੇ ਖ਼ੁਦਕਸ਼ੀ ਕੀਤੀ। ਜੋ ਕਰਜ਼ਾ ਕਿਰਸਾਨਾਂ ਸਿਰ ਹੈ ਤਾਂ ਇੱਕ
ਸ਼ਾਹੂਕਾਰ ਸਿਰ ਵੀ, ਕਾਰਖਾਨੇ ਸਿਰ ਵੀ, ਉਦਯੋਗਪਤੀ ਅਤੇ ਅਮੀਰ ਕਾਰਪੋਰੇਟ ਘਰਾਣਿਆਂ ਸਿਰ ਵੀ ਕਰਜ਼ਾ
ਹੈ। ਫਿਰ ਸਵਾਲ ਇਹ ਹੈ ਕਿ ਕਿਰਸਾਨ ਹੀ ਖ਼ੁਦਕਸ਼ੀ ਹੀ ਕਿਉਂ ਕਰਦਾ ਹੈ? ਕਦੇ ਵੀ ਕਿਸੇ ਅਮੀਰ ਕਰਜ਼ਾਈ
ਦੀ ਖ਼ੁਦਕਸ਼ੀ ਨਹੀਂ ਸੁਣੀ। ਪੰਜਾਬ ਵਿੱਚ ਹੁਣ ਵੀ ਖ਼ੁਦਕਸ਼ੀਆਂ ਦੀ ਔਸਤ ਰੋਜ਼ਾਨਾ ਦੋ ਤਿੰਨ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਮਿਹਨਤਕਸ਼ ਮੰਨੇ ਗਏ ਹਨ। ਪੰਜਾਬੀ ਦੁਨੀਆਂ ਦੇ ਜਿਸ ਵੀ
ਖਿੱਤੇ ਵਿੱਚ ਗਏ ਹਨ, ਬਰਫਾਂ ਮਿੱਧਦਿਆਂ, ਜੰਗਲ਼ ਅਬਾਦ ਕਰਦਿਆਂ, ਪਹਾੜਾਂ ਨੂੰ ਪੁੱਟਦਿਆਂ ਖੂਨ
ਪਸੀਨਾ ਵਹੁੰਦਿਆਂ ਤਨ ਮਨ ਨਾਲ ਮਿਹਨਤ ਕਰਕੇ ਮਾਣ ਹਾਸਲ ਕੀਤਾ ਹੈ। ਸਿੱਖਾਂ ਦੇ ਸੰਘਰਸ਼ ਅਤੇ ਯੋਧਿਆਂ
ਦੀਆਂ ਵਾਰਾਂ ਗੁਰਦੁਆਰਿਆਂ ਵਿੱਚ ਰਾਗੀ-ਢਾਡੀ, ਕਵੀਸ਼ਰ ਅਤੇ ਪ੍ਰਚਾਰਕ ਸਣਾਉਂਦੇ ਹਨ। ਸਭਰਾਵਾਂ ਦੀ
ਜੰਗ ਵਿੱਚ ਇੱਕ ਸਿੱਖ ਫੌਜੀ ਜ਼ਖ਼ਮੀ ਪਿਆ ਹੈ ਤੇ ਕੈਪਟਨ ਮਰੇ ਉਸ ਨੂੰ ਹਥਿਆਰ ਸੁੱਟਣ ਲਈ ਆਖਦਾ ਹੈ ਪਰ
ਸਿੱਖ ਯੋਧਾ ਕਹਿ ਰਿਹਾ ਹੈ ਅਜੇ ਪੰਥ ਦਾ ਹੁਕਮ ਨਹੀਂ ਆਇਆ। ਕੈਪਟਨ ਮਰੇ ਜ਼ਰਾ ਕੁ ਨੇੜੇ ਹੋਣ ਦਾ ਯਤਨ
ਕਰਦਾ ਹੈ ਤਾਂ ਹਰ ਪਾਸੇ ਤੋਂ ਜ਼ਖ਼ਮੀ ਹੋਇਆ ਸਿੱਖ ਯੋਧਾ ਅੱਗੋਂ ਟੁੱਟ ਕੇ ਪੈ ਜਾਂਦਾ ਹੈ। ਜਨੀ ਕਿ
ਮਰਨ ਦੇ ਕਿਨਾਰੇ `ਤੇ ਪਿਆ ਹੋਇਆ ਵੀ ਯੋਧਾ ਹਾਰ ਮੰਨਣ ਲਈ ਤਿਆਰ ਨਹੀਂ ਹੈ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਬੱਚੇ ਨੂੰ ਉਸ ਦੇ ਪੱਟਾਂ `ਤੇ ਰੱਖ ਕੇ ਜਲਾਦ ਸੀਨਾ ਚੀਰਦਾ ਹੈ ਪਰ
ਬੰਦਾ ਸਿੰਘ ਬਹਾਦਰ ਨੇ ਸੀਅ ਤਕ ਨਾ ਉਚਾਰੀ ਤੇ ਨਾਹੀ ਹਕੂਮਤ ਕੋਲੋਂ ਬੱਚੇ ਦੀ ਜਾਨ ਦੀ ਭੀਖ ਮੰਗੀ
ਸੀ। ਪੰਜਾਬੀਆਂ ਨਾਲ ਸੰਘਰਸ਼ ਦਾ ਨੰਹੁ ਮਾਸ ਦਾ ਰਿਸ਼ਤਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫਲਸਫਾ ਹੀ
ਏਦਾਂ ਦਾ ਹੈ ਕਿ ਪੰਜਾਬੀ ਹਾਰ ਮੰਨਣ ਲਈ ਤਿਆਰ ਨਹੀਂ ਹਨ। ਕਾਹਨੂੰਵਾਨ ਦਾ ਛੰਭ ਹੋਵੇ ਜਾਂ
ਕੁੱਪਰਹੀੜੇ ਦਾ ਮੈਦਾਨ ਹੋਵੇ ਸ਼ਹੀਦੀਆਂ ਦੇ ਕੇ ਫਿਰ ਚੜ੍ਹਦੀ ਕਲ੍ਹਾ ਦੀ ਅਰਦਾਸ ਕਰਦੇ ਹਨ। ਘੁੱਗ
ਵੱਸਦੇ ਦੇਸ਼ ਪੰਜਾਬ ਨੂੰ ਅੰਗਰੇਜ਼ਾਂ ਦੇ ਦੇਸੀ ਨੇਤਾਵਾਂ ਨੇ ਬੇਈਮਾਨੀ ਕਰਕੇ ਦੋ ਹਿੱਸਿਆਂ ਵਿੱਚ ਵੰਡ
ਦਿੱਤਾ। ਸੋਹਣੀਆਂ ਹਵੇਲੀਆਂ, ਵੱਸਦੇ ਘਰ-ਬਾਰ, ਜ਼ਮੀਨਾਂ ਜਾਇਦਾਦਾਂ, ਅੱਖਾਂ ਦੇ ਸਾਹਮਣੇ ਮਾਰੇ ਗਏ
ਪਰਵਾਰਾਂ ਦੇ ਜੀਅ ਅਤੇ ਜਾਨ ਨਾਲੋਂ ਪਿਆਰੇ ਗੁਰਦੁਆਰੇ ਛੱਡ ਆਏ ਸਨ। ਨਵੇਂ ਸਿਰੇ ਤੋਂ ਪੰਜਾਬੀਆਂ ਨੇ
ਆਪਣੀ ਜ਼ਿੰਦਗੀ ਅਰੰਭ ਕੀਤੀ ਕੁੱਝ ਸਾਲਾਂ ਵਿੱਚ ਹੀ ਮੁੜ ਆਪਣੇ ਪੈਰਾਂ `ਤੇ ਖੜੇ ਹੋ ਗਏ ਸਨ ਪਰ
ਪੰਜਾਬ ਦੀ ਗੈਰ ਕੁਦਰਤੀ ਵੰਡ ਦੀ ਚੀਸ ਕਦੇ ਖਤਮ ਨਾ ਹੋਈ। ਇਸ ਸੰਘਰਸ਼ ਵਿਚੋਂ ਦੀ ਲੰਘਦਿਆਂ ਹੋਇਆਂ
ਪੰਜਾਬੀਆਂ ਨੇ ਹਾਰ ਨਹੀਂ ਮੰਨੀ ਤੇ ਹਰ ਪ੍ਰਕਾਰ ਦੀ ਮੁਸੀਬਤ ਨਾਲ ਟੱਕਰ ਲਈ ਹੈ।
ਨਵੀਆਂ ਖੋਜਾਂ ਵਾਲੀ ਹਰੀ ਕ੍ਰਾਂਤੀ
ਵਿਗਿਆਨ ਨੇ ਹਰ ਖੇਤਰ ਵਿੱਚ ਤਰੱਕੀ ਕਰਦਿਆਂ ਸਮਾਜ ਨੂੰ ਬੇਓੜਕਾ ਲਾਭ ਦਿੱਤਾ ਹੈ। ਪੁਰਾਣੇ ਢੰਗ
ਤਰੀਕਿਆਂ ਦੀ ਥਾਂ `ਤੇ ਖੇਤੀ ਦੀ ਨਵੀਂ ਤਕਨੀਕ ਨੇ ਜਨਮ ਲਿਆ। ਜਿਸ ਦੁਆਰਾ ਖੇਤੀ ਪੈਦਾਵਾਰ ਵਿੱਚ
ਵਾਧਾ ਹੋਇਆ। ਇੱਕ ਵਾਰੀ ਤਾਂ ਕਿਸਾਨ ਮਾਲਾਮਾਲ ਹੋਏ। ਹਰ ਪਾਸੇ ਖੇਤੀ ਵਿਗਿਆਨੀਆਂ ਦੀ ਜੈ ਜੈਕਾਰ
ਹੋਣ ਲੱਗ ਪਈ। ਕਿਸੇ ਹੱਦ ਤੱਕ ਕਿਰਸਾਨ ਆਰਥਕ ਪੱਖੋਂ ਸੌਖਾ ਹੋਇਆ। ਇਸ ਦੇ ਨਾਲ ਸਹਾਇਕ ਕਿੱਤਿਆਂ ਨੇ
ਵੀ ਜਨਮ ਲਿਆ ਜਿਸ ਤਰ੍ਹਾਂ ਦੁੱਧ ਦੀ ਪੈਦਾਵਾਰ, ਮੁਰਗੀ ਫਾਰਮ, ਸੂਰ ਫਾਰਮ ਜਾਂ ਮੱਛੀ ਫਾਰਮ ਹੋਂਦ
ਵਿੱਚ ਆਏ। ਇਹਨਾਂ ਕਿੱਤਿਆਂ ਵਿਚੋਂ ਬਹੁਤੇ ਕਿੱਤੇ ਸਰਕਾਰ ਦੀ ਲਾ-ਪਰਵਾਹੀ ਕਰਕੇ ਛੇਤੀ ਹੀ ਦਮ ਤੋੜ
ਗਏ। ਨਵੀਆਂ ਤਕਨੀਕਾਂ ਵਾਲ਼ੀ ਖੇਤੀ ਦਿਨ-ਬ-ਦਿਨ ਮਹਿੰਗੀ ਹੋ ਗਈ ਹੈ। ਹਰੀ ਕ੍ਰਾਂਤੀ ਨੇ ਆਰਥਕ
ਹੁਲਾਰਾ ਤਾਂ ਮਾਰਿਆ ਹੈ ਪਰ ਉਸ ਹਿਸਾਬ ਨਾਲ ਖੇਤੀ ਲਾਗਤ ਵੀ ਵੱਧ ਗਈ ਤੇ ਅਗਾਂਹ ਪਰਵਾਰਾਂ ਦੇ ਵਾਧੇ
ਨਾਲ ਜ਼ਮੀਨਾਂ ਵੀ ਵੰਡੀਆਂ ਗਈਆਂ ਜਿਸ ਨਾਲ ਕਿਰਸਾਨਾਂ ਦੇ ਸਿਰ ਦਿਨ-ਦ-ਦਿਨ ਕਰਜ਼ਿਆਂ ਦੀ ਪੰਡ ਭਾਰੀ
ਹੁੰਦੀ ਗਈ।
ਦੂਰ ਅੰਦੇਸ਼ੀ ਦੀ ਵੱਡੀ ਘਾਟ
ਇਹ ਠੀਕ ਹੈ ਵਿਗਿਆਨ ਨੇ ਬਹੁਤ ਨਵੀਆਂ ਨਵੀਆਂ ਖੋਜਾਂ ਕਰਕੇ ਮਨੁੱਖਤਾ ਨੂੰ ਲਾਭ ਦਿੱਤਾ ਹੈ ਪਰ
ਸਾਡੇ ਮੁਲਕ ਦੇ ਵਿਗਿਆਨੀ ਬਹੁਤੀ ਵਾਰੀ ਡੰਗ ਟਪਾਊ ਨੀਤੀ ਨਾਲ ਚੱਲਦੇ ਹਨ। ਹਰੀ ਕ੍ਰਾਂਤੀ ਨਾਲ ਇੱਕ
ਵਾਰੀ ਤਾਂ ਲੋਕ ਖੁਸ਼ ਹੋ ਗਏ ਪਰ ਖੇਤੀ ਦੀ ਨਵੀਂ ਤਕਨੀਕ ਦਾ ਹੌਲ਼ੀ ਹੌਲ਼ੀ ਉਲਟਾ ਅਸਰ ਵੀ ਦੇਖਣ ਨੂੰ
ਮਿਲਣ ਲੱਗ ਗਿਆ ਹੈ। ਖੇਤੀ ਵਿਗਿਆਨੀਆਂ ਨੇ ਪੰਜਾਬ ਦੀਆਂ ਪ੍ਰੰਪਰਾ-ਗਤ ਫਸਲਾਂ ਨੂੰ ਛੱਡ ਕੇ ਜ਼ਿਆਦਾ
ਪਾਣੀਆਂ ਵਾਲੀ ਫਸਲ ਨੂੰ ਤਰਜੀਹ ਦਿੱਤੀ ਭਾਵ ਮਿੱਡੇ ਝੋਨੇ ਦੀ ਖੇਤੀ `ਤੇ ਜ਼ੋਰ ਦਿੱਤਾ। ਇਹ ਠੀਕ ਹੈ
ਝੋਨੇ ਦੀ ਜ਼ਿਆਦਾ ਪੈਦਾਵਰ ਨੇ ਕਿਸਾਨ ਦਾ ਆਰਥਕ ਪੱਖ ਕੁੱਝ ਠੀਕ ਕੀਤਾ ਪਰ ਦੂਜੇ ਪਾਸੇ ਇਸ ਝੋਨੇ ਦੀ
ਫਸਲ `ਤੇ ਲਾਗਤ ਕੀਮਤ ਵੀ ਵੱਧ ਗਈ। ਸਭ ਤੋਂ ਵੱਧ ਨੁਕਸਾਨ ਪੰਜਾਬ ਦੇ ਧਰਤੀ ਹੇਠਲ਼ੇ ਪਾਣੀ ਦਾ ਹੋਇਆ।
ਜਿਉਂ ਜਿਉਂ ਪਾਣੀ ਡੂੰਘਾ ਹੋਣਾ ਸ਼ੁਰੂ ਹੋਇਆ ਤਿਉਂ ਤਿਉਂ ਪਾਣੀ ਕੱਢਣ ਵਾਲੇ ਬੋਰ ਵੀ ਮਹਿੰਗੇ ਹੁੰਦੇ
ਗਏ। ਕੀੜੇ ਮਾਰਨ ਵਾਲੀਆਂ ਦਵਾਈਆਂ ਦੀ ਵਰਤੋਂ ਹੱਦੋਂ ਵੱਧ ਹੋਣੀ ਸ਼ੁਰੂ ਹੋ ਗਈ ਜਿਸ ਨਾਲ ਮਨੁੱਖੀ
ਸਿਹਤ `ਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਹਮਲਾ ਹੋਣਾ ਸ਼ੂਰੂ ਹੋ ਗਿਆ। ਨਵੀਆਂ ਤਕਨੀਕਾਂ ਦੀ ਵਰਤੋਂ
ਕਰਦਿਆਂ ਦੂਰ ਦੀ ਨਹੀਂ ਸੋਚੀ ਕੇਵਲ ਡੰਗ ਟਪਾੳ ਨੀਤੀਆਂ ਨਾਲ ਆਰਥਕਤਾ ਤਬਾਹੀ ਵਲ਼ ਨੂੰ ਵਧੀ ਹੈ।
ਝੋਨੇ ਦੀ ਫਸਲ ਪੈਦਾ ਕਰਨ ਲਈ ਜਿੱਥੇ ਬਿਜਲੀ ਮੋਟਰਾਂ ਦਾ ਪ੍ਰਬੰਧ ਨਹੀਂ ਹੋ ਸਕਦਾ ਓੱਥੇ ਕਿਰਸਾਨਾਂ
ਨੇ ਆੜ੍ਹਤੀਆਂ ਕੋਲੋਂ ਕਰਜ਼ਾ ਚੁੱਕ ਚੁੱਕ ਡੀਜ਼ਲ ਖਰੀਦਿਆ ਤੇ ਮਹਿੰਗੇ ਭਾਅ ਝੋਨੇ ਦੀ ਪੈਦਾਵਰ ਕੀਤੀ।
ਹਰ ਫਸਲ ਦਾ ਮੰਡੀਕਰਣ ਨਾ ਹੋਣਾ ਤਬਾਹੀ ਦਾ ਕਾਰਨ
ਹਰੇਕ ਕੇਂਦਰੀ ਸਰਕਾਰਾਂ ਹਮੇਸ਼ਾਂ ਪੰਜਾਬ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕਰਦੀਆਂ ਆਈਆਂ ਹਨ। ਊਂ
ਹਰ ਰੋਜ਼ ਅਖ਼ਬਾਰਾਂ ਵਿੱਚ ਬਿਆਨ ਆਉਂਦੇ ਰਹਿੰਦੇ ਹਨ ਕਿ ਖੇਤੀ ਵਿੱਚ ਵਿਭਿੰਨਤਾ ਹੋਣੀ ਚਾਹੀਦੀ ਹੈ।
ਭਾਵ ਫਸਲਾਂ ਬਦਲ ਬਦਲ ਕੇ ਬੀਜਣੀਆਂ ਚਾਹੀਦੀਆਂ ਹਨ। ਪਰ ਦੁਖਾਂਤ ਇਹ ਹੈ ਕਿ ਕੁੱਝ ਫਸਲਾਂ ਹੀ ਸਰਕਾਰ
ਖਰੀਦ ਦੀ ਹੈ ਬਾਕੀ ਦੀਆਂ ਫਸਲਾਂ ਮੰਡੀਆਂ ਵਿੱਚ ਰੁਲ਼ਦੀਆਂ ਰਹਿੰਦੀਆਂ ਹਨ। ਗੰਨੇ ਦੀ ਅਦਾਇਗੀ ਲਈ
ਬਹੁਤ ਵਾਰੀ ਕਿਸਾਨਾਂ ਨੂੰ ਸੜਕਾਂ `ਤੇ ਉਤਰਨਾ ਪੈਂਦਾ ਹੈ। ਖੇਤੀ ਤਬਦੀਲੀ ਦੀ ਨਾਂ `ਤੇ ਪੰਜਾਬ ਦੇ
ਕਿਸਾਨਾਂ ਪਾਸੋਂ ਘਟੀਆ ਕਿਸਮ ਦੇ ਅੰਗੂਰਾਂ ਦੀ ਖੇਤੀ ਕਰਾ ਤਾਂ ਦਿੱਤੀ ਪਰ ਕਿਸਾਨਾਂ ਨੂੰ ਪੱਲਿਓਂ
ਪੈਸੇ ਖਰਚ ਕਰਕੇ ਅੰਗੂਰਾਂ ਦੀਆਂ ਵੇਲਾਂ ਪਟਾਉਣੀਆਂ ਪਈਆਂ ਕਿਉਂ ਕਿ ਸਮੇਂ ਸਿਰ ਅੰਗੂਰਾਂ ਦੀ ਫਸਲ
ਚੁੱਕਣ ਵਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਪੰਜਾਬ ਵਿੱਚ ਕਦੇ ਆਲੂਆਂ ਦੀ ਫਸਲ ਰੁਲ਼ਦੀ ਹੈ ਤੇ
ਕਦੇ ਅਗਲੇ ਸਾਲ ਟਮਾਟਰਾਂ ਦੀ ਫਸਲ ਰੁਲ਼ਦੀ ਦੇਖੀ ਜਾ ਸਕਦੀ ਹੈ। ਹੈਰਾਨਗੀ ਦੀ ਗੱਲ ਦੇਖੋ ਆਲੂ ਜਦੋਂ
ਪੰਜਾਹ ਰੁਪਏ ਕਵਿੰਟਲ ਹੁੰਦੇ ਹਨ ਤਾਂ ਵੀ ਵਪਾਰੀ ਚਿਪਸ ਦੇ ਪੈਕਟ ਦਾ ਕਦੇ ਰੇਟ ਨਹੀਂ ਘਟਾਉਂਦਾ। ਇਸ
ਸਾਲ ਆਲੂ ਸੜਕਾਂ `ਤੇ ਰੁਲ਼ਦੇ ਰਹੇ ਪਰ ਚਿਪਸ ਦੇ ਰੇਟ ਵਿੱਚ ਕੋਈ ਕਮੀ ਨਹੀਂ ਆਈ। ਲਿਫਾਫੇ ਵਿੱਚ ਵੀਹ
ਪੱਚੀ ਚਿਪਸ ਹੁੰਦੇ ਹਨ ਕੀਮਤ ਉਸ ਦੀ ਵੀਹ ਰੁਪਏ ਹੁੰਦੀ ਹੈ। ਵਿਚਾਰੇ ਕਿਰਸਾਨ ਨੂੰ ਅਜੇਹੇ ਹਲਾਤਾਂ
ਵਿਚੋਂ ਸੰਭਲ਼ਣ ਲਈ ਕੋਈ ਰਾਹ ਹੀ ਨਹੀਂ ਦਿਸਦਾ।
ਖੇਤੀ ਸੰਦਾਂ ਦਾ ਮਹਿੰਗੇ ਹੋਣਾ
ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਵਿੱਚ ਕਿਰਸਾਨ ਮਸ਼ੀਨ ਤੋਂ ਬਿਨਾ ਖੇਤੀ ਨਹੀਂ ਕਰ ਸਕਦਾ। ਇਸ ਨੂੰ
ਟ੍ਰੈਕਟਰ ਦੀ ਲੋੜ ਹੈ ਪਰ ਖੇਤੀ ਨਾਲ ਸਬੰਧਤ ਸੰਦ ਮਹਿੰਗੇ ਹਨ। ਟ੍ਰੈਕਟਰ ਅਤੇ ਇਸ ਨਾਲ ਹੋਰ ਸੰਬਧਤ
ਕਈ ਸੰਦ ਤਾਂ ਸਾਲ ਵਿੱਚ ਇੱਕ ਵਾਰ ਹੀ ਵਰਤੇ ਜਾਂਦੇ ਹਨ ਬਾਕੀ ਸਾਰਾ ਸਾਲ ਪਏ ਰਹਿੰਦੇ ਹਨ। ਟ੍ਰੈਕਟਰ
ਕਿਸਤਾਂ ਵਿੱਚ ਲੈ ਤਾਂ, ਲਿਆ ਜਾਂਦਾ ਹੈ ਪਰ ਇੱਕ ਫਸਲ ਮਾਰੀ ਜਾਏ ਤਾਂ ਟ੍ਰੈਕਟਰ ਦੀ ਕਿਸ਼ਤ ਉਤਾਰਨੀ
ਮੁਸ਼ਕਲ ਹੋ ਜਾਂਦੀ ਹੈ।
ਕੀੜੇ ਮਾਰ ਦਵਾਈਆਂ ਅਤੇ ਖਾਦਾਂ ਦਾ ਨਕਲੀ ਹੋਣਾ-
ਪਿੱਛਲਿਆਂ ਸਾਲਾਂ ਵਿੱਚ ਨਕਲੀ ਦਵਾਈਆਂ ਦੇ ਬਹੁਤ ਸਾਰੇ ਕੇਸ ਸਾਹਮਣੇ ਆਏ ਹਨ ਜਿਸ ਵਿੱਚ ਪੂਰਾ
ਖੇਤੀ ਮਹਿਕਮਾ, ਰਾਜਨੀਤਕ ਨੇਤਾਜਨ ਅਤੇ ਵਪਾਰੀ ਲੋਕ ਜ਼ਿੰਮੇਵਾਰ ਹਨ। ਸਭ ਤੋਂ ਵੱਡੀ ਕਿਰਦਾਰ ਵਿੱਚ
ਗਿਰਾਵਟ ਹੈ ਕਿ ਹਾਕਮਾਂ ਦੇ ਨੱਕ ਹੇਠ ਆਪਣੇ ਮੁਲਕ ਦੇ ਕਿਰਸਾਨਾਂ ਨੂੰ ਨਕਲੀ ਦਵਾਈਆਂ ਮਿਲਣ। ਜੇ
ਮਾਂ ਹੀ ਆਪਣੇ ਪੁੱਤ ਨੂੰ ਜ਼ਹਿਰ ਦੇ ਰਹੀ ਹੋਵੇ ਤਾਂ ਉਸ ਪੁੱਤ ਨੂੰ ਕੋਈ ਨਹੀਂ ਬਚਾ ਸਕਦਾ। ਜਦੋਂ
ਕੀੜੇ ਮਾਰ ਦਵਾਈਆਂ ਤੇ ਖਾਦਾਂ ਕਿਸਾਨ ਨੂੰ ਨਕਲੀ ਮਿਲਣਗੀਆਂ ਤਾਂ ਕੀ ਕਿਸਾਨ ਕਿਸ਼ਤ ਮੋੜ ਸਕੇਗਾ?
ਕਿਸਾਨ ਅਬਾਦ ਹੋਣ ਦੀ ਥਾਂ `ਤੇ ਬਰਬਾਦ ਹੀ ਹੋਏਗਾ। ਦੁੱਖੀ ਕਿਰਸਾਨ ਨੂੰ ਜਦੋਂ ਕੋਈ ਰਾਹ ਨਹੀਂ
ਦਿਸਦਾ ਤਾਂ ਉਹ ਅਜੇਹਾ ਕਦਮ ਚੁੱਕ ਲੈਂਦਾ ਹੈ ਜਿਸ ਨਾਲ ਆਪਣੀ ਜਾਨ ਗਵਾ ਲੈਂਦਾ ਹੈ ਤੇ ਪਿੱਛੇ
ਪਰਵਾਰ ਲਈ ਪਹਾੜਾਂ ਜਿੱਡ੍ਹੀਆਂ ਮੁਸ਼ਕਲਾਂ ਖੜੀਆਂ ਕਰ ਜਾਂਦਾ ਹੈ। ਖ਼ੁਦਕਸ਼ੀਆਂ ਜ਼ਿਆਦਾ ਮਾਲਵੇ ਵਿੱਚ
ਹੈਣ ਜਿਸ ਦਾ ਜ਼ਿਆਦਾ ਕਾਰਣ ਨਰਮੇ ਲਈ ਨਕਲੀ ਦਵਾਈਆਂ ਦਾ ਹੋਣਾ ਮੰਨਿਆ ਗਿਆ।
ਖੇਤੀ ਨਾਲ ਸਬੰਧਤ ਕਾਰਖਾਨਿਆਂ ਦੀ ਵੱਡੀ ਘਾਟ
ਜਿੱਥੇ ਕੱਚਾ ਮਾਲ ਮਿਲਦਾ ਹੋਵੇ ਓੱਥੇ ਹੀ ਕਾਰਖਾਨੇ ਅਕਸਰ ਲਗਾਏ ਜਾਂਦੇ ਹਨ ਪਰ ਪੰਜਾਬ ਵਿੱਚ
ਅਜੇਹਾ ਨਹੀਂ ਹੋਇਆ। ਕਪਾਹ ਮਾਲਵੇ ਵਿੱਚ ਪੈਦਾ ਹੁੰਦੀ ਹੈ ਪਰ ਕਪੜੇ ਦੀਆਂ ਮਿੱਲਾਂ ਗੁਜਰਾਤ ਵਿੱਚ
ਲੱਗੀਆਂ ਹੋਈਆਂ ਹਨ। ਕਣਕ ਪੰਜਾਬ ਵਿੱਚ ਪੈਦਾ ਹੁੰਦੀ ਹੈ ਪਰ ਬਿਸਕਟਾਂ ਵਾਲੇ ਕਾਰਖਾਨੇ ਬਾਹਰਲੇ
ਸੂਬਿਆਂ ਵਿੱਚ ਲੱਗੇ ਹੋਏ ਹਨ। ਖੇਤੀ ਨਾਲ ਸੰਬਧਤ ਕਾਰਖਾਨਿਆਂ ਦੀ ਵੱਡੀ ਘਾਟ ਹੋਣ ਕਰਕੇ ਕਿਸਾਨਾਂ
ਨੂੰ ਆਪਣੀ ਪੁੱਤਾਂ ਵਾਂਗ ਪਾਲ਼ੀ ਫਸਲ ਨੂੰ ਬਾਹਰਲੇ ਵਪਾਰੀਆਂ ਅੱਗੇ ਕੌਡੀਆਂ ਦੇ ਭਾਅ ਵੇਚਣ ਲਈ
ਮਜ਼ਬੂਰ ਹੋਣਾ ਪੈਂਦਾ ਹੈ। ਕੀ ਖੇਤੀ ਨਾਲ ਸੰਬਧਤ ਕਾਰਖਾਨੇ ਭਲਾ ਪੰਜਾਬ ਵਿੱਚ ਨਹੀਂ ਲਗਾਏ ਜਾ ਸਕਦੇ?
ਇਸ ਪਰਥਾਏ ਡਾਕਟਰ ਸਰਦਾਰਾ ਸਿੰਘ ਜੋਹਲ ਦੀ ਟਿੱਪਣੀ ਬਹੁਤ ਮਹੱਤਵ ਪੂਰਨ ਹੈ—ਉਹ ਲਿਖਦੇ ਹਨ ਕਿ
ਪੰਜਾਬ ਵਿੱਚ ਬਿੱਗ ਇੰਡਸਟਰੀ ਤਬਾਹੀ ਦਾ ਕਾਰਨ ਹੈ ਕਿਉਂ ਵੱਡੀਆਂ ਫੈਕਟਰੀਆਂ ਵਿੱਚ ਮਜ਼ਦੂਰ ਬਾਹਰਲੇ
ਸੂਬਿਆਂ ਤੋਂ ਆਉਂਦੇ ਹਨ ਤੇ ਉਨ੍ਹਾਂ ਦੀਆਂ ਲੋੜਾਂ ਸੀਮਤ ਹੁੰਦੀਆਂ। ਉਹ ਇੱਕ ਕਮਰੇ ਵਿੱਚ ਹੀ ਕਈ
ਜਣੇ ਰਹਿ ਸਕਦੇ ਹਨ। ਉਹ ਕਹਿੰਦੇ ਹਨ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇੰਡਸਟਰੀ ਪਿੰਡਾਂ ਵਿੱਚ
ਲੈ ਕੇ ਜਾਓ। ਪਿੰਡਾਂ ਵਿੱਚ ਐਗਰੋ-ਇੰਡਸਟਰੀ ਲਾਉਣ ਵਾਲਿਆਂ ਤੋ ਘੱਟੋ ਘੱਟ ਵੀਹ ਸਾਲ ਤੱਕ ਟੈਕਸ ਨਾ
ਲਏ ਜਾਣ ਜਾਂ ਟੈਕਸਾਂ ਵਿੱਚ ਛੋਟ ਦਿੱਤੀ ਜਾਏ।
ਫੌਜ ਅਤੇ ਹੋਰ ਸਰਕਾਰੀ ਮਹਿਕਮਿਆਂ ਵਿੱਚ ਨੌਕਰੀਆਂ ਦੀ ਵੱਡੀ ਘਾਟ
ਪੰਜਾਬ ਵਿੱਚ ਰਹਿਣ ਵਾਲਾ ਪੇਂਡੂ ਭਾਈ ਚਾਰਾ ਅਕਸਰ ਫੌਜ ਦੀ ਨੋਕਰੀ ਨੂੰ ਪਹਿਲ ਦੇਂਦਾ ਆਇਆ ਹੈ।
ਇਸ ਦੇ ਦੋ ਕਾਰਨ ਸਨ ਇੱਕ ਤਾਂ ਪੰਦਰ੍ਹਾਂ ਵੀਹ ਸਾਲ ਦੀ ਨੌਕਰੀ ਕਰਕੇ ਬੰਦਾ ਆਪਣੇ ਪਰਵਾਰ ਵਿੱਚ ਆ
ਕੇ ਕੋਈ ਨਾ ਕੋਈ ਹੋਰ ਧੰਦਾ ਜਾਂ ਖੇਤੀ ਕਰ ਲੈਂਦਾ ਸੀ ਦੂਜਾ ਉਸ ਨੂੰ ਪੈਨਸ਼ਨ ਮਿਲਦੀ ਸੀ ਜਿਸ ਨਾਲ
ਪਰਵਾਰ ਦਾ ਗੁਜ਼ਾਰਾ ਸੌਖਾ ਚਲ ਪੈਂਦਾ ਸੀ। ਪਰ ਕੇਂਦਰੀ ਸਰਕਾਰ ਦੀ ਬੇਈਮਾਨੀ ਕਰਕੇ ਪੰਜਾਬ ਦੇ
ਸਿੱਖਾਂ ਦਾ ਕੋਟਾ ਬਹੁਤ ਘੱਟ ਨਿਰਧਾਰਤ ਕੀਤਾ ਗਿਆ ਹੈ ਜਿਸ ਨਾਲ ਫੌਜ ਵਿੱਚ ਨੌਕਰੀ ਦੇ ਬਹੁਤ ਸਾਰੇ
ਮੌਕੇ ਘੱਟ ਗਏ ਹਨ। ਉਂਜ ਸਿਆਣੇ ਕਹਿੰਦੇ ਸਨ ਕਿ ਕਿਸਾਨ ਉਹ ਹੀ ਕਾਮਯਾਬ ਹੈ ਜਿਹੜਾ ਖਾਦ ਤੇ ਦਵਾਈਆਂ
ਨਗਦ ਪੈਸਿਆਂ ਦੀ ਪਾ ਲੈਂਦਾ ਹੈ। ਨਗਦ ਪੈਸਿਆਂ ਦੀ ਖਾਦ ਤੇ ਦਵਾਈ ਉਹ ਹੀ ਕਿਸਾਨ ਪਾ ਸਕਦਾ ਹੈ ਜਿਸ
ਦਾ ਕੋਈ ਬੱਚਾ ਨੌਕਰੀ ਆਦਿ ਕਰਦਾ ਹੋਵੇਗਾ। ਨਿਰ ਸੰਦੇਹ ਉਸ ਪ੍ਰਵਾਰ ਦਾ ਆਰਥੱਕ ਪੱਖ ਸੌਖਾ ਹੈ ਜਿਸ
ਦੇ ਪਰਵਾਰ ਦੇ ਜੀਅ ਨੌਕਰੀ ਆਦਿ ਕਰਦੇ ਹੋਣ। ਨਿਰਾ ਪੁਰਾ ਖੇਤੀ `ਤੇ ਨਿਰਭਰ ਹੋਣਾ ਪਰਵਾਰ ਲਈ ਅੱਜ
ਦੇ ਯੁੱਗ ਵਿੱਚ ਬਹੁਤ ਔਖਾ ਹੈ।
ਖੇਤੀ ਯੋਜਨਾ ਦੀ ਵੱਡੀ ਘਾਟ
ਠੰਡਿਆਂ ਕਮਰਿਆਂ ਵਿੱਚ ਬੈਠ ਕੇ ਖੇਤੀ ਨਾਲ ਸਬੰਧਤ ਵਿਚਾਰ ਦੇਣੇ ਜਾਂ ਉਸ ਦਾ ਭਾਅ ਮਿੱਥਣਾ
ਬਹੁਤ ਸੌਖਾ ਹੈ ਪਰ ਜ਼ਮੀਨੀ ਤਲ਼ `ਤੇ ਕੰਮ ਕਰਨਾ ਹੋਰ ਗੱਲ ਹੈ। ਭਾਅ ਮਿੱਥਣ ਵਾਲੇ ਸੂਚਕ ਅੰਕ ਨਾਲ
ਕਦੇ ਵੀ ਮੇਲ ਕਰਕੇ ਭਾਅ ਨਹੀਂ ਵਧਾਉਂਦੇ। ਮੋਟੀ ਜੇਹੀ ਮਿਸਾਲ ਹੀ ਲੈ ਲੈਂਦੇ ਹਾਂ ਕਿ ਕਿਰਸਾਨ
ਅੰਦੋਲਨ ਕਰਦੇ ਹਨ ਕਪਾਹ ਦੀ ਕੀਮਤ ਵਿੱਚ ਵਾਧਾ ਕੀਤਾ ਜਾਏ। ਮੰਨ ਲਓ ਸਰਕਾਰ ਪੰਜਾਹ ਰੁਪਏ ਵਧਾ
ਦੇਂਦੀ ਹੈ ਤਾਂ ਕਪੜੇ ਵਾਲੀਆਂ ਮਿੱਲਾਂ ਤੇ ਵਪਾਰੀ ਮੀਟਰ ਮੀਟਰ `ਤੇ ਭਾਅ ਵਧਾ ਦੇਂਦਾ ਹੈ ਅਖੇ ਕਪਾਹ
ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਕਈ ਵਾਰੀ ਤਾਂ ਇਹ ਅਹਿਸਾਸ ਹੁੰਦਾ ਹੈ ਇਸ ਮੁਲਕ ਦਾ ਬਾਬਾ
ਆਦਮ ਹੀ ਨਿਰਾਲਾ ਹੈ। ਪ੍ਰੰਪਰਾਗਤ ਫਸਲਾਂ ਦੀ ਥਾਂ `ਤੇ ਚਾਹੀਦਾ ਤਾਂ ਇਹ ਸੀ ਕਿ ਪੰਜਾਬ ਵਿੱਚ
ਹਰੀਆਂ ਸਬਜ਼ੀਆਂ ਦੀਆਂ ਫਸਲਾਂ ਉਗਾਈਆਂ ਜਾਣ ਤੇ ਉਹ ਅਰਬ ਮੁਲਕਾਂ ਵਿੱਚ ਭੇਜੀਆਂ ਜਾਣ ਦਾ ਉਚੇਚਾ
ਪ੍ਰਬੰਧ ਕੀਤਾ ਜਾਏ। ਪੰਜਾਬ ਵਿੱਚ ਸਬਜ਼ੀਆਂ ਦੀਆਂ ਫਸਲਾਂ ਦੀਆਂ ਕੋਈ ਬਹੁਤੀਆਂ ਢੁੱਕਵੀਆਂ ਮੰਡੀਆਂ
ਨਹੀਂ ਹਨ। ਪਿੱਛੇ ਜੇਹੇ ਕੁੱਝ ਉੱਚਕੋਟੀ ਦੇ ਰਾਜਨੀਤਿਕਾਂ ਦੇ ਖਿਆਲ ਆਏ ਸਨ ਕਿ ਪੰਜਾਬ ਦੀ ਖੇਤੀ
ਵਿੱਚ ਪੋਸਤ ਦੀ ਖੇਤੀ ਨੂੰ ਸ਼ਾਮਲ ਕੀਤਾ ਜਾਏ ਸਰਕਾਰ ਇਸ ਦੇ ਲਾਇਸੈਂਸ ਦੇਵੇ। ਸਰਕਾਰ ਆਪ ਪੋਸਤ ਦੀ
ਖੇਤੀ ਕਰਾਏ ਜਿਸ ਨਾਲ ਆਮਦਨ ਵੱਧ ਹੋਏਗੀ ਤੇ ਕਿਸਾਨਾਂ ਦਾ ਅਰਥਕ ਪੱਖ ਸੌਖਾ ਹੋਏਗਾ। ਖੈਰ ਇਹ
ਸਰਕਾਰੀ ਨੀਤੀਆਂ ਹਨ ਕਿ ਉਨ੍ਹਾਂ ਨੇ ਕਿਹੜੀ ਨੀਤੀ ਬਣਾਉਣੀ ਹੈ। ਜੇ ਭਾਰਤ ਦੇ ਬਾਕੀ ਸੂਬਿਆਂ ਵਿੱਚ
ਪੋਸਤ ਦੀ ਖੇਤੀ ਜਾ ਸਕਦੀ ਹੈ ਤਾਂ ਫਿਰ ਪਜਾਬ ਵਿੱਚ ਅਜੇਹੀ ਖੇਤੀ ਕਿਉਂ ਨਹੀਂ ਕੀਤੀ ਜਾ ਸਕਦੀ?
ਮੈਰਜ ਪੈਲਸਾਂ ਦੀ ਡਾਢੀ ਮਾਰ
ਸਿਆਣਿਆਂ ਦਾ ਕਥਨ ਹੈ ਜਦੋਂ ਕਿਰਸਾਨ ਕਣਕ ਬੀਜਦਾ ਹੈ ਤਾਂ ਘਾਹ ਆਪਣੇ ਆਪ ਆ ਜਾਂਦਾ ਹੈ ਤੇ ਘਾਹ
ਨੂੰ ਖਤਮ ਕਰਨ ਲਈ ਦਵਾਈ ਜਾਂ ਗੋਡੀ ਦੀ ਜ਼ਰੂਰਤ ਹੁੰਦੀ ਹੈ। ਏਸੇ ਤਰ੍ਹਾਂ ਹੀ ਜਦੋਂ ਮਨੁੱਖ ਪਾਸ ਚਾਰ
ਪੈਸੇ ਆਉਂਦੇ ਹਨ ਤਾਂ ਸਮਾਜਕ ਬੁਰਾਈਆਂ ਆਪਣੇ ਆਪ ਹੀ ਜਨਮ ਲੈ ਲੈਂਦੀਆਂ ਹਨ। ਇਨ੍ਹਾਂ ਸਮਾਜਕ
ਬੁਰਾਈਆਂ ਨੂੰ ਖਤਮ ਕਰਨ ਲਈ ਸਮਾਜਕ ਸੂਝ ਦਾ ਹੋਣਾ ਬੜਾ ਜ਼ਰੂਰੀ ਹੈ। ਦੇਖਣ ਵਿੱਚ ਆਇਆ ਹੈ ਕਿ ਅੱਜ
ਸਮਾਜ ਵਿੱਚ ਇੱਕ ਦੂਜੇ ਨਾਲੋਂ ਵੱਧ ਅਮੀਰ ਹੋਣ ਦਾ ਭਰਮ ਪੈਦਾ ਕਰ ਰਿਹਾ ਹੈ। ਇੱਕ ਪੱਖ ਇਹ ਵੀ ਹੈ
ਕਿ ਸਾਡੀ ਧੀ ਜ਼ਰੂਰ ਸੌਖੀ ਵੱਸਣੀ ਚਾਹੀਦੀ ਹੈ ਤੇ ਔਖਿਆਂ ਹੋ ਕੇ ਵੀ ਭਾਵ ਕਰਜ਼ਾ ਚੁੱਕ ਕੇ ਅਸੀਂ
ਮਹਿੰਗੇ ਤੋਂ ਮਹਿੰਗਾ ਮੈਰਜ ਪੈਲਸ ਕਰਕੇ ਆਪਣੇ ਬੱਚਿਆਂ ਦੇ ਵਿਆਹ ਕਰਦੇ ਹਾਂ। ਕਈ ਵਾਰੀ ਇਹ ਵੀ
ਦੇਖਣ ਵਿੱਚ ਆਇਆ ਹੈ ਕਿ ਟ੍ਰੈਕਟਰ ਕਿਸ਼ਤਾਂ `ਤੇ ਲਿਆ ਹੁੰਦਾ ਹੈ ਜਿਸ ਨੂੰ ਸਸਤਾ ਵੇਚ ਕੇ ਆਪਣੇ
ਬੱਚਿਆਂ ਦੇ ਵਿਆਹ ਕਰ ਲੈਂਦੇ ਹਾਂ ਜਿਸ ਨਾਲ ਬੰਦਾ ਹੋਰ ਕਰਜ਼ਾਈ ਹੁੰਦਾ ਹੈ। ਲੋਕਾਂ ਨੂੰ ਜਾਗਰੁਕ
ਕਰਨ ਦੀ ਲੋੜ ਹੈ ਕਿ ਦੁਨਿਆਵੀ ਫੋਕੀ ਚਮਕ ਦਮਕ ਤੋਂ ਬਚਿਆ ਜਾਣਾ ਚਾਹੀਦਾ ਹੈ। ਫੋਕੀ ਸ਼ਾਨ ਨੇ ਵੀ
ਸਾਡਾ ਪੂਰਾ ਜਲੂਸ ਕੱਢਿਆ ਹੋਇਆ ਹੈ।
ਧਾਰਮ ਦਾ ਪ੍ਰਚਾਰ ਕਰਨ ਵਾਲੇ ਦਿਸ਼ਾ ਹੀਣ
ਜਿਵੇਂ ਹਰੀ ਕ੍ਰਾਂਤੀ ਆਈ ਲੋਕਾਂ ਦਾ ਅਰਥਕ ਪੱਖ ਥੋੜਾ ਸੌਖਾ ਹੋਇਆ ਤਾਂ ਪੰਜਾਬ ਵਿੱਚ ਵਿਹਲੜ
ਸਾਧਾਂ ਦਾ ਜਨਮ ਹੁੰਦਾ ਹੈ। ਇਹਨਾਂ ਵਿਹਲੜ ਸਾਧਾਂ ਨੇ ਪਰਵਾਰਕ ਜ਼ਿੰਮੇਵਾਰੀਆਂ ਜਾਂ ਸਮਾਜ ਪ੍ਰਤੀ
ਚੇਤੰਤਾ ਨਿੱਜੀ ਜੀਵਨ ਨੂੰ ਸਵਾਰਨ ਦੀ ਥਾਂ ਬਿਨਾ ਸਿਰ ਪੈਰ ਦੀਆਂ ਸਾਖੀਆਂ ਨਾਮ, ਸਿਮਰਣ ਤੇ ਕੇਵਲ
ਅੱਗਾ ਸਵਾਰਨ ਦੀਆਂ ਝੂਠ ਕਹਾਣੀਆਂ ਨੇ ਸਮਾਜ ਨੂੰ ਜ਼ਿੰਦਗੀ ਦੀ ਲੀਹ ਤੋਂ ਥੱਲੇ ਲਾ ਦਿੱਤਾ ਹੈ।
ਮਸਲਿਆਂ ਦੇ ਹੱਲ ਲੱਭਣ ਦੀ ਥਾਂ `ਤੇ ਜੇ ਕੋਈ ਵਿਆਕਤੀ ਆਤਮ ਹੱਤਿਆ ਕਰ ਲੈਂਦਾ ਹੈ ਤਾਂ ਸਾਧ ਲਾਣਾ
ਜਾਂ ਅਧੂਰੇ ਧਰਮੀਆਂ ਨੇ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਇਸ ਦੇ ਕਰਮਾਂ ਵਿੱਚ ਏਦਾਂ
ਹੀ ਲਿਖਿਆ ਹੋਇਆ ਸੀ। ਚਾਲੂ ਕਿਸਮ ਦੇ ਨੇਤਾਵਾਂ ਦੀ ਘਟੀਆ ਸੋਚਣੀ ਵੀ ਕਿਰਸਾਨ ਦਾ ਹੀ ਲਹੂ ਪੀਂਦੀ
ਦਿਸਦੀ ਹੈ। ਆਤਮਕ ਬੱਲ ਨੂੰ ਉੱਚਾ ਚੁੱਕਣ ਦੀ ਥਾਂ `ਤੇ ਨਾਮ ਧਰੀਕ ਪਰਚਾਰਕ ਸ਼੍ਰੇਣੀ ਨੇ ਕੇਵਲ ਨਾਮ
ਜੱਪਣ ਤੱਕ ਲੋਕਾਂ ਨੂੰ ਸੀਮਤ ਕਰਕੇ ਰੱਖ ਦਿੱਤਾ ਹੈ। ਧਾਰਮਕ ਆਗੂਆਂ ਨੇ ਆਪਣਾ ਬਣਦਾ ਰੋਲ ਵਧੀਆ
ਨਹੀਂ ਨਿਭਾਇਆ।
ਲੱਚਰ ਗਾਇਕੀ ਦੀ ਮਾਰ
ਪੰਜਾਬ ਨਾਲ ਧੱਕੇ ਤੇ ਧੱਕਾ ਹੁੰਦਾ ਆਇਆ ਹੈ। ਜਿੱਥੇ ਇਸ ਦੀ ਗੈਰ ਕੁਦਰਤੀ ਵੰਡ ਹੋਈ ਹੈ ਓੱਥੇ
ਦੇਸੀ ਨੇਤਾਵਾਂ ਨੇ ਸਾਰੇ ਭਾਰਤ ਵਿੱਚ ਦੇਸ਼ ਦੀ ਸੁਰੱਖਿਆ ਦੇ ਨਾਂ `ਤੇ ਖਤਰਾ ਦੱਸ ਕੇ ਹਰ ਸਾਲ
ਵੋਟਾਂ ਦੀ ਗੰਦੀ ਰਾਜਨੀਤੀ ਖੇਡਦੇ ਰਹੇ ਹਨ। ਦੂਸਰਿਆਂ ਸੂਬਿਆਂ ਨੂੰ ਖੁਸ਼ ਕਰਨ ਲਈ ਪੰਜਾਬ ਦੀ
ਕੁਦਰਤੀ ਦਾਤ ਪਾਣੀ ਦਿਨ ਦੀਵੀਂ ਲੁਟਿਆ ਗਿਆ। ਪਾਣੀਆਂ ਦੀ ਇਸ ਲੁੱਟ ਵਿਰੱਧ ਸਿੱਖ ਆਗੂਆਂ ਨੇ ਮੋਰਚਾ
ਲਗਾਇਆ ਪਰ ਉਹ ਮੋਰਚਾ ਫੇਲ੍ਹ ਕਰਨ ਲਈ ਵੱਡ ਕੱਟ ਦੀ ਨੀਤੀ ਨੇ ਪੰਜਾਬ ਦੀ ਨੌਜਵਾਨੀ ਨੂੰ ਕੋਹ ਕੋਹ
ਕੇ ਮਾਰਿਆ ਗਿਆ। ਦੇਖਿਆ ਗਿਆ ਜਿ ਜਦੋਂ ਸਿੱਖ ਜਵਾਨੀ ਨੂੰ ਤਾਕਤ ਨਾਲ ਨਹੀਂ ਦਬਾਇਆ ਜਾ ਸਕਦਾ ਤਾਂ
ਬੜੀ ਕੋਝੀ ਚਾਲ ਚਲਦਿਆਂ ਅਣਖ਼ੀ, ਤੇ ਗੈਰਤਮੰਦ ਪੰਜਾਬੀਆਂ ਨੂੰ ਲੱਚਰ ਗਾਇਕੀ ਵਲ ਮੋੜਾ ਦੇ ਦਿੱਤਾ।
ਹੋਇਆ ਇਹ ਹਰ ਵਿਆਹ ਸ਼ਾਦੀ ਵਿੱਚ ਲੱਚਰ ਗਾਇਕੀ ਗਉਣ ਵਾਲਿਆਂ ਦੀਆਂ ਭੀੜਾਂ ਇਕੱਠੀਆਂ ਹੋਣੀਆਂ ਸ਼ੁਰੂ
ਹੋ ਗਈਆਂ। ਇਸ ਗਾਇਕੀ ਨੇ ਕਚਿਹਰੀਆਂ ਵਿੱਚ ਮੇਲੇ ਲੱਗਦੇ ਘਰ ਦੀ ਸ਼ਰਾਬ ਰਫਲ ਦੋ ਨਾਲੀ ਜਾਂ ਪੱਕੇ
ਬੋਰ ਵਾਲੀ ਮਹਿੰਗੀਆਂ ਗੱਡੀਆਂ ਦੇ ਸ਼ੌਕ ਆਦ ਪੰਜਾਬੀ ਜਵਾਨਾਂ ਦੀ ਮਾਨਸਕਤਾ ਵਿੱਚ ਭਰ ਦਿੱਤੇ ਜਿਸ ਦਾ
ਨਤੀਜਾ ਇਹ ਨਿਕਲਿਆ ਕਿ, ਇਹ ਸਾਰੀਆਂ ਗੱਲਾਂ ਵੱਸ ਗਈਆਂ ਤੇ ਕਰਜ਼ੇ ਚੁੱਕ ਕੇ ਕਾਰਾਂ, ਹਥਿਆਰ ਖਰੀਦਣੇ
ਮੈਰਜ ਪੈਲਸਾਂ ਵਿੱਚ ਸ਼ਰਾਬਾਂ ਦੇ ਦੋਰ ਚੱਲਣੇ ਅਰੰਭ ਹੋ ਗਏ। ਅਜੇਹੇ ਵਾਤਵਰਨ ਵਿੱਚ ਘਰਾਂ ਦੀ
ਆਰਥਕਤਾ ਡਗਡਮਾਉਣ ਲੱਗ ਗਈ।
ਵਿਆਹਾਂ ਤੋਂ ਪਹਿਲਾਂ ਬੇਲੋੜੀਆਂ ਰਸਮਾਂ
ਅਨੰਦ ਕਾਰਜ ਤੋਂ ਪਹਿਲਾਂ ਰੋਕ, ਠਾਕਾ, ਮੁੰਦਰੀ, ਸਗਨ, ਫੇਰਾ ਪਉਣਾ, ਚੁੰਨੀ ਚੜ੍ਹਾਉਣੀ,
ਮਹਿੰਦੀ ਦੀ ਰਸਮ ਭਾਵ ਮਨ ਘੜਤ ਰਸਮਾਂ ਆਪਣੀ ਕਮਾਈ ਹੋਈ ਪੂੰਜੀ ਜਾਂ ਕਰਜ਼ਾ ਚੁੱਕ ਕੇ ਔਖਿਆਂ ਹੋ ਕਟ
ਨਿਭਾਅ ਰਹੇ ਹਾਂ। ਘਰਾਂ ਦੀ ਆਰਥਕ ਹਾਲਤ ਡਗਮਗਾ ਗਈ ਹੈ।
ਸਮਾਜ ਵਿੱਚ ਦਿਖਾਵੇ ਖਾਤਰ ਵੱਡੇ ਹੋਣ ਦਾ ਭਰਮ ਪਾਲਣਾ
ਦੇਸ ਵਿਦੇਸ ਵਿੱਚ ਰਹਿੰਦੇ ਪੰਜਾਬੀਆਂ ਨੂੰ ਇੱਕ ਵਹਿਮ ਹੋ ਚੁਕਿਆ ਹੈ ਕਿ ਮਹਿੰਗੇ ਤੋਂ ਮਹਿੰਗੇ
ਮੈਰਜ ਪੈਲਸ ਵਿੱਚ ਚਾਰ ਤੋਂ ਪੰਜ-ਛੇ ਘੰਟਿਆਂ ਦੀ ਖਾਤਰ ਤਿੰਨ ਲੱਖ ਤੋਂ ਵੀਹ ਲੱਖ ਰੁਪਏ ਖਰਚ ਕਰਕੇ
ਅਸੀਂ ਸਮਾਜ ਵਿੱਚ ਵੱਡੇ ਹੋਣ ਦਾ ਪ੍ਰਭਾਵ, ਭਾਵ ਅਮੀਰ ਹੋਣ ਦਾ ਦਾਅਵਾ ਕਰ ਸਕਦੇ ਹਾਂ। ਮੇਰੇ ਇੱਕ
ਜਾਣ ਪਛਾਣ ਵਾਲੇ ਪਰਵਾਰ ਦੀ ਕਹਾਣੀ ਹੈ ਕਿ ੳਨ੍ਹਾਂ ਦੀ ਲੜਕੀ ਲਈ ਆਸਟ੍ਰੇਲੀਆ ਤੋਂ ਲੜਕਾ ਮਿਲ ਗਿਆ।
ਲੜਕੀ ਚੰਗੀ ਪੜ੍ਹੀ ਲਿਖੀ ਸੀ ਪਰ ਲੜਕੇ ਵਾਲਿਆਂ ਨੇ ਕਿਹਾ ਕਿ ਸਾਨੂੰ ਦਾਜ ਦੀ ਜ਼ਰੂਰਤ ਨਹੀਂ ਪਰ
ਮੈਰਿਜ ਪੈਲਸ ਜ਼ਰੂਰ ਵੱਡਾ ਹੋਣਾ ਚਾਹੀਦਾ ਹੈ ਕਿਉਂ ਕਿ ਸਾਡੇ ਲੜਕੇ ਦੇ ਦੋਸਤ ਚੰਡੀਗੜ੍ਹੋਂ ਆਉਣੇ ਹਨ
ਤੇ ਅਸੀਂ ਗਉਣ ਵਾਲਾ ਵੀ ਮਹਿੰਗਾ ਕੀਤਾ ਹੋਇਆ ਹੈ। ਇਸ ਲਈ ਮੈਰਿਜ ਪੈਲਸ ਸਾਡੀ ਹੈਸੀਅਤ ਅਨੁਸਾਰ
ਹੋਣਾ ਚਾਹੀਦਾ ਹੈ। ਲੜਕੀ ਵਾਲਿਆਂ ਨੇ ਆਪਣੀ ਲੜਕੀ ਦੇ ਭਵਿੱਖਤ ਨੂੰ ਮੁੱਖ ਰੱਖਦਿਆਂ ਇੱਕ ਦਮ ਮੈਰਿਜ
ਪੈਲਿਸ ਵੱਡਾ ਬੁੱਕ ਕੀਤਾ ਜਿਹੜਾ ਮੈਰਿਜ ਪੈਲਿਸ ਤਿੰਨ ਲੱਖ ਦਾ ਕੀਤਾ ਸੀ ਉਸ ਦੀ ਥਾਂ `ਤੇ ਉਨ੍ਹਾਂ
ਨੂੰ ਖੜੇ ਪੈਰ ਚੌਦਾਂ ਲੱਖ ਵਿੱਚ ਕਰਨਾ ਪਿਆ। ਲੜਕੀ ਤਾਂ ਆਸਟ੍ਰੇਲੀਆ ਚਲੀ ਗਈ ਪਰ ਪਿੱਛਲਾ ਪਰਵਾਰ
ਕਰਜ਼ੇ ਵਿੱਚ ਡੁੱਬ ਗਿਆ ਜਿਹੜਾ ਅਜੇ ਤੱਕ ਮੈਰਿਜ ਪੈਲਿਸ ਲਈ ਚੁੱਕੇ ਕਰਜ਼ੇ ਦੀਆਂ ਕਿਸ਼ਤਾਂ ਲਾਹ ਰਿਹਾ
ਹੈ। ਬਾਹਰ ਰਹਿੰਦੇ ਪਰਵਾਰਾਂ ਨੂੰ ਸਾਦਗੀ ਵਾਲੇ ਵਿਆਹਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪੰਜਾਬ
ਵਿੱਚ ਆ ਕੇ ਸਮਾਜਕ ਦਿਖਾਵੇ ਨੂੰ ਬੜ੍ਹਾਵਾ ਨਹੀਂ ਦੇਣਾ ਚਾਹੀਦਾ। ਸਮਾਜ ਵਿੱਚ ਭੱਲ ਬਣਾਉਂਦਿਆਂ
ਬਣਾਉਂਦਿਆਂ ਪਰਵਾਰ ਕਰਜ਼ਾਈ ਹੋ ਜਾਂਦੇ ਹਨ ਜਿਸ ਕਰਕੇ ਪਰਵਾਰ ਦਾ ਮੁੱਖੀਆ ਜਾਨ ਗਵਾ ਬੈਠਦਾ ਹੈ।
ਫੋਕੀ ਸ਼ਾਨ ਲਈ ਕਰਜ਼ੇ ਚੁੱਕ ਕੇ ਅਸੀਂ ਅਮੀਰ ਹੋਣ ਦਾ ਭਰਮ ਪਾਲ਼ ਰਹੇ ਹਾਂ।
ਪੜ੍ਹਾਈ ਦੇ ਮਿਆਰ ਵਿੱਚ ਗਿਰਾਵਟ
ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਏਨ੍ਹਾਂ ਨੀਵਾਂ ਹੋ ਗਿਆ ਹੈ ਕਿ ਬਹੁਤੇ ਵਿਦਿਆਰਥੀਆਂ
ਨੂੰ ਚੰਗੀ ਤਰ੍ਹਾਂ ਪੰਜਾਬੀ ਪੜ੍ਹਨੀ ਵੀ ਨਹੀਂ ਆਉਂਦੀ। ਪਬਲਿਕ ਸਕੂਲਾਂ ਦੀ ਪੜ੍ਹਾਈ ਬਹੁਤ ਮਹਿੰਗੀ
ਹੈ। ਦਰਮਿਆਨੇ ਪਬਲਿਕ ਸਕੂਲ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਇਸ ਦਾ ਸਿੱਧਾ ਨਤੀਜਾ
ਹੈ ਮੁਕਬਾਲੇ ਦੇ ਇਮਤਿਹਾਨ ਵਿਚੋਂ ਬਹੁਤ ਬੱਚੇ ਬਾਹਰ ਹੋ ਜਾਂਦੇ ਹਨ।
ਕਿਸਾਨ ਦੇ ਨਾਲ ਮਜ਼ਦੂਰ ਵੀ ਖ਼ੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ। ਇੱਕ ਮਜ਼ਦੂਰ ਦੀਆਂ ਵੀ ਲਗ ਪਗ ਇਕੋ
ਜੇਹੀਆਂ ਮਜ਼ਬੂਰੀਆਂ ਹਨ। ਜਿਸ ਹਿਸਾਬ ਨਾਲ ਮਹਿੰਗਾਈ ਵੱਧ ਰਹੀ ਹੈ ਉਸ ਹਿਸਾਬ ਨਾਲ ਮਜ਼ਦੂਰੀ ਨਹੀਂ
ਵੱਧਦੀ ਪਰ ਲੋੜਾਂ ਜ਼ਰੂਰ ਵੱਧ ਜਾਂਦੀਆਂ ਹਨ।
ਆੜ੍ਹਤੀਆਂ ਦੇ ਕਰਜ਼ੇ ਅਮਰ ਵੇਲ ਵਾਂਗ ਵੱਧਦੇ ਹਨ
ਇਹ ਠੀਕ ਹੈ ਕਿ ਸਰਕਾਰੀ ਕਰਜ਼ੇ ਲੈਂਦਿਆਂ ਲੈਂਦਿਆਂ ਕਈ ਵਾਰੀ ਮਨੁੱਖ ਬੁੱਢਾ ਹੋ ਜਾਂਦਾ ਹੈ।
ਇੱਕ ਵਾਰੀ ਕਿਸੇ ਨੇ ਵਿਅੰਗ ਲਿਖਿਆ ਸੀ ਕਿ ਕਿਸੇ ਮਨੁੱਖ ਨੇ ਬੈਂਕ ਤੋਂ ਕਰਜ਼ਾ ਲੈਣ ਲਈ ਬੈਂਕ
ਵਾਲਿਆਂ ਕੋਲ ਪਹੁੰਚ ਕੀਤੀ। ਬੈਂਕ ਵਾਲੇ ਕਹਿੰਦੇ ਕਿ ਪਹਿਲਾਂ ਜ਼ਮੀਨ ਦੇ ਨੰਬਰ ਲੈ ਕੇ ਆ। ਵਿਚਾਰਾ
ਕਿਰਸਾਨ ਜ਼ਮੀਨ ਦੇ ਨੰਬਰ ਲੈਂਦਾ ਲੈਂਦਾ ਕਰਜ਼ੇ ਦਾ ਥੋੜਾ ਹਿੱਸਾ ਪਟਵਾਰੀ ਤਥਾ ਮਾਲ ਮਹਿਕਮੇ ਵਾਲਿਆਂ
ਨੂੰ ਦੇ ਆਇਆ। ਅੱਗੇ ਬੈਂਕ ਵਿੱਚ ਬੈਠੇ ਦਲਾਲ ਅਤੇ ਹੋਰ ਅਧਿਕਾਰੀ ਵੀ ਆਪਣਾ ਆਪਣਾ ਹਿੱਸਾ ਵਸੂਲ ਕਰ
ਰਹੇ ਸਨ। ਜਦੋਂ ਕਰਜ਼ਾ ਮਿਲਿਆ ਤਾਂ ਵਿਚਾਰੇ ਕਿਰਸਾਨ ਦੇ ਹੱਥ ਕਿਸ਼ਤਾਂ ਵਾਲਾ ਕਾਗਜ਼ ਹੀ ਰਹਿ ਗਿਆ ਸੀ।
ਅੱਧਿਓਂ ਵੱਧ ਪੈਸੇ ਵਿਚਕਾਰਲੇ ਬੰਦੇ ਹੀ ਖਾ ਗਏ ਸਨ। ਅਜੇਹੀ ਹਕੀਕਤ ਵਿੱਚ ਪਿੰਡਾਂ ਦਿਆਂ ਲੋਕਾਂ
ਦੀਆਂ ਜ਼ਰੂਰਤਾਂ ਅਕਸਰ ਸ਼ਾਹੂਕਾਰ ਅੱਜ ਕਲ੍ਹ ਦੀ ਬੋਲੀ ਵਿੱਚ ਆੜ੍ਹਤੀਏ ਪੂਰੀਆਂ ਕਰਦੇ ਦਿਖਾਈ ਦੇਂਦੇ
ਹਨ। ਹਰੇਕ ਆੜ੍ਹਤੀਏ ਦੀ ਕਿਸ਼ਤ ਆਪੋ ਆਪਣੇ ਹਿਸਾਬ ਨਾਲ ਹੁੰਦੀ ਹੈ। ਆੜ੍ਹਤੀਆਂ ਦਾ ਵਿਆਜ ਸੂੰਦਾ ਹੈ।
ਜੇ ਇੱਕ ਅੱਧ ਫਸਲ ਮਾਰੀ ਗਈ ਤਾਂ ਕਰਜ਼ੇ ਦੀ ਰਕਮ ਹੋਰ ਵੱਧ ਜਾਂਦੀ ਹੈ। ਕਈ ਆੜ੍ਹਤੀਆਂ ਨੇ ਜ਼ਮੀਨ
ਲਿਖਾਈ ਹੁੰਦੀ ਹੈ। ਜਦੋਂ ਆੜ੍ਹਤੀਆ ਨੂੰ ਪੈਸੇ ਨਹੀਂ ਮਿਲਦੇ ਤਾਂ ਕੀਤੇ ਇਕਰਾਰ ਅਨੁਸਾਰ ਜ਼ਮੀਨ ਦਾ
ਕਬਜ਼ਾ ਲੈਣ ਲਈ ਜਾਂਦਾ ਹੈ ਤਾਂ ਜ਼ਮੀਨ ਦਾ ਮਾਲਕ ਸਦਮਾ ਨਾ ਸਹਾਰਦਾ ਹੋਇਆ ਆਪਣੀ ਜਾਨ ਤੋਂ ਹੱਥ ਬੈਠਦਾ
ਹੈ।
ਭਾਈਚਾਰਕ ਦੀ ਸਾਂਝ ਦੀ ਵੱਡੀ ਘਾਟ
ਮੈਰਿਜ ਪੈਲਿਸ ਦੇ ਸਭਿਆਚਾਰ ਤੋਂ ਪਹਿਲਾਂ ਪਿੰਡ ਵਿੱਚ ਜਦੋਂ ਵਿਆਹ ਹੁੰਦਾ ਸੀ ਤਾਂ ਪਰਵਾਰ
ਦੀਆਂ ਬਹੁਤ ਸਾਰੀਆਂ ਲੋੜਾਂ ਆਪਣੇ ਸ਼ਰੀਕੇ ਵਿਚੋਂ ਪੂਰੀਆਂ ਹੋ ਜਾਂਦੀਆਂ ਸਨ। ਸਾਰਾ ਭਾਈ ਚਾਰਾ ਇੱਕ
ਦੂਜੇ ਲਈ ਸਹਾਈ ਹੁੰਦਾ ਸੀ ਹੁਣ ਹਰ ਮਨੁੱਖ ਦੀ ਸੋਚਣੀ ਏੱਥੇ ਕੁ ਆ ਖੜੀ ਹੋਈ ਹੈ ਕਿ ਸਾਰਾ ਕੰਮ
ਠੇਕੇ ਤੇ ਕਰਾ ਲਓ ਪੈਸਿਆਂ ਦੀ ਕੋਈ ਗੱਲ ਨਹੀਂ। ਮੈਰਜ ਪੈਲਸ ਵਾਲੇ ਜਿੱਥੇ ਆਪਣੇ ਮੈਰਜ ਪੈਲਸ ਦਾ
ਖਰਚਾ ਵਸੂਲ ਕਰਦੇ ਹਨ ਓੱਥੇ ਕਈ ਹੋਰ ਕਿਸਮ ਦੀ ਡੈਕੋਰੇਸ਼ਨ ਦੇ ਖਰਚੇ ਪਾ ਕੇ ਪਰਵਾਰਾਂ ਨੂੰ ਪੂਰਾ
ਨਚੋੜ ਲੈਂਦਾ ਹੈ।
ਹੱਥੀ ਕਿਰਤ ਛੱਡ ਗਏ ਹਾਂ
ਅੱਜ ਪੰਜਾਬ ਵਿੱਚ ਬਾਹਰੋਂ ਆਏ ਪ੍ਰਵਾਸੀ ਮਜ਼ਦੂਰਾਂ ਨੇ ਹਰ ਕਿਸਮ ਦੇ ਧੰਦੇ `ਤੇ ਕਬਜ਼ਾ ਕਰ ਲਿਆ
ਹੈ। ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੇ ਆਮ ਧੰਦਿਆਂ ਵਲੋਂ ਪਾਸਾ ਵੱਟ ਲਿਆ ਹੋਇਆ ਹੈ। ਜਨੀ ਕਿ
ਛੋਟੇ ਮੋਟੇ ਧੰਦੇ ਸਾਡੇ ਸੁਭਾਓ ਵਿਚੋਂ ਨਿਕਲ ਗਏ ਹਨ। ਜਿੱਥੋਂ ਕੁ ਅਸੀਂ ਕਿਰਸ ਕਰ ਸਕਦੇ ਸੀ ਓੱਥੇ
ਵੀ ਅਸੀ ਮਜ਼ਦੂਰੀ ਦੇ ਕੰਮ ਕਰਾਉਣ ਨੂੰ ਪਹਿਲ ਦਿੱਤੀ ਹੈ।
ਬਾਹਰਲੇ ਮੁਲਕਾਂ ਵਿੱਚ ਜਾਣ ਦੀ ਹੋੜ
ਪੰਜਾਬ ਦੀ ਵੰਡ ਨੇ ਪੰਜਾਬੀਆਂ ਦਾ ਲੱਕ ਤੋੜਨ ਵਿੱਚ ਕੋਈ ਕਸਰ ਨਹੀਂ ਛੱਡੀ। ਹੌਲ਼ੀ ਹੌਲ਼ੀ ਜ਼ਮੀਨਾਂ
ਘੱਟ ਗਈਆਂ ਸਰਕਾਰੀ ਨੌਕਰੀਆਂ ਘੱਟ ਗਈਆਂ ਪੰਜਾਬ ਦੇ ਮਿਹਨਤ ਕੱਸ਼ ਲੋਕਾਂ ਨੇ ਬਾਹਰਲੇ ਮੁਲਕਾਂ ਵਲ
ਨੂੰ ਜਾਣਾ ਸ਼ੂਰੂ ਕੀਤਾ ਬਾਹਰ ਜਾਣਾ ਕੋਈ ਮਾੜਾ ਨਹੀਂ ਹੈ। ਪਰ ਕਈ ਵਾਰੀ ਕਈ ਏੰਜਟਾਂ ਦੇ ਢੲ੍ਹੇ
ਚੜ੍ਹ ਕੇ ਬਹੁਤ ਪੈਸੇ ਬਰਬਾਦ ਕਰ ਲੈਂਦੇ ਹਨ ਪਰ ਆਮਦਨ ਦਾ ਕੋਈ ਸਾਧਨ ਨਹੀਂ ਹੁੰਦਾ। ਕਰਜ਼ਾ ਨਾ
ਉਤਰਦਾ ਦੇਖ ਕੇ ਕਈ ਬੰਦੇ ਆਪਣਾ ਮਾਨਸਕ ਬਲ ਗਵਾ ਬੈਠਦੇ ਹਨ।
ਨਸ਼ਿਆਂ ਦੀ ਲਤ
ਪਿੱਛਲੇ ਕੁੱਝ ਸਮੇਂ ਤੋਂ ਦੁਨੀਆਂ ਵਿੱਚ ਸੰਥੈਟਿਕ ਡਰੱਗਜ਼ ਦਾ ਬਹੁਤ ਬੋਲ ਬਾਲਾ ਹੋਇਆ ਹੈ।
ਪੂਰੇ ਭਾਰਤ ਵਿੱਚ ਨਸ਼ਿਆਂ ਦਾ ਆਪਣਾ ਨੈੱਟ ਵਰਕ ਚੱਲ ਰਿਹਾ ਹੈ ਤੇ ਪੰਜਾਬ ਵੀ ਇਨ੍ਹਾਂ ਨਸ਼ਿਆਂ ਦੀ
ਮਾਰ ਤੋਂ ਨਹੀਂ ਬਚਿਆ ਹੋਇਆ। ਸੰਥੈਟਿਕ ਤੇ ਮਹਿੰਗੇ ਨਸ਼ਿਆਂ ਦਾ ਸੇਵਨ ਕਰਨ ਵਾਲਾ ਜ਼ਿੰਦਗੀ ਤੋਂ ਅੱਕ
ਜਾਂਦਾ ਹੈ ਜਿਸ ਦਾ ਨਤੀਜਾ ਖ਼ੁਦਕਸ਼ੀ ਵਿੱਚ ਨਿਕਲਦਾ ਹੈ।
ਕਰਨਾ ਕੀ ਚਾਹੀਦਾ ਹੈ
ਸਰਾਕਰ ਨੂੰ ਠੋਸ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ। ਇਹ ਇੱਕ ਬਹੁਤ ਡੰਘਾ ਵਿਸ਼ਾ ਹੈ ਤੇ
ਖ਼ੁਦਕਸ਼ੀਆਂ ਦੀ ਤਹਿ ਤੱਕ ਜਾਣਾ ਚਾਹੀਦਾ ਹੈ। ਖ਼ੁਦਕਸ਼ੀਆਂ ਲਈ ਕਈ ਪਹਿਲੂ ਕੰਮ ਕਰਦੇ ਹਨ।
ਸਮਾਜ ਸੇਵੀ ਜੱਥੇਬੰਦੀਆਂ, ਸਕੂਲਾਂ-ਕਾਲਜਾਂ, ਯੂਨੀਵਰਸਟੀਆਂ ਤੇ ਹੋਰ ਸੁਹਿਰਦ ਸਭਾ ਸੁਸਾਇਟੀਆਂ ਨੂੰ
ਅੱਗੇ ਆਉਣਾ ਚਾਹੀਦਾ ਹੈ। ਗੁਰਦੁਆਰੇ ਤਾਂ ਜ਼ਰੂਰ ਬਣਾਏ ਹਨ ਪਰ ਗੁਰਦੁਆਰੇ ਵਿਚੋਂ ਦੁਨੀਆਂ ਦੀ ਸੇਵਾ
ਦਾ ਜੋ ਸੰਕਲਪ ਪੈਦਾ ਹੁੰਦਾ ਹੈ ਉਸ ਵਲੋਂ ਅਸਾਂ ਮੂੰਹ ਮੋੜਿਆ ਹੋਇਆ ਹੈ। ਸਵਾਲਾਂ ਦਾ ਸਵਾਲ ਹੈ ਕਿ
ਕੀ ਨਗਰ-ਪਿੰਡਾਂ ਵਾਲੇ ਆਪਣੇ ਪਿੰਡਾਂ ਵਿਚੋਂ ਕੁੱਝ ਪਰਵਾਰਾਂ ਦੀ ਵੀ ਸੰਭਾਲ਼ ਨਹੀਂ ਕਰ ਸਕਦੇ? ਕੀ
ਕਾਰ ਸੇਵਾ ਵਾਲੇ ਬਾਬੇ ਦੁਖਤ ਪਰਵਾਰਾਂ ਦੀ ਸਾਰ ਲੈਣ ਦਾ ਯਤਨ ਕਰਨਗੇ?
ਛੋਟੇ ਛੋਟੇ ਧੰਦਿਆਂ ਵਲ ਨੌਜਵਾਨਾਂ ਨੂੰ ਪ੍ਰੇਰਤ ਕਰਨਾ ਚਾਹੀਦਾ ਹੈ। ਦੁਨੀਆਂ ਦੀ ਕੋਈ ਵੀ ਐਸੀ
ਸਮੱਸਿਆ ਨਹੀਂ ਹੈ ਜਿਸ ਦਾ ਕੋਈ ਹੱਲ ਨਾ ਹੋਵੇ
ਲਾਹੇਵੰਦ ਫਸਲਾਂ ਦੀ ਯੋਗ ਮੰਡੀਆਂ ਹੋਣੀਆਂ ਚਾਹੀਦੀਆਂ ਹਨ। ਖੇਤੀ ਨਾਲ ਸਹਾਇਕ ਧੰਦਿਆਂ ਦੀ ਪਹਿਚਾਨ
ਕਰਕੇ ਉਸ ਨੂੰ ਬੜ੍ਹਾਵਾ ਦੇਣਾ ਚਾਹੀਦਾ ਹੈ। ਧਾਰਮਕ ਆਗੂਆਂ ਨੂੰ ਆਤਮਕ ਬਲ ਵਾਲੀਆਂ ਵਿਚਾਰਾਂ ਤੇ
ਪਰਵਾਰਾਂ ਨੂੰ ਸੰਭਾਲਣ ਦਾ ਯਤਨ ਕਰਨਾ ਚਾਹੀਦਾ ਹੈ। ਕਿਰਤ ਕੋਈ ਵੀ ਮਾੜੀ ਨਹੀਂ ਹੱਥੀਂ ਕਿਰਤ ਕਰਨ
ਨੂੰ ਤਰਜੀਹ ਦੇਣੀ ਚਾਹੀਦੀ ਹੈ। ਬਹੁਤ ਐਸੇ ਧੰਦੇ ਹਨ ਜਿਹੜੇ ਪੰਜਾਬੀ ਛੱਡ ਬੈਠੇ ਹਨ ਤੇ ਬਾਹਰੋਂ ਆਏ
ਪ੍ਰਵਾਸੀਆਂ ਨੇ ਸੰਭਾਲ਼ ਲਏ ਹਨ ੳਨ੍ਹਾਂ ਵਲ ਤਵੱਜੋਂ ਦੇਣੀ ਚਾਹੀਦੀ ਹੈ। ਪਿੰਡਾਂ ਵਿੱਚ ਖੇਤੀ ਸੰਦ
ਸਾਂਝੇ ਹੋਣੇ ਚਾਹੀਦੇ ਹਨ। ਭਾਈਚਾਰਕ ਸਾਂਝ ਨੂੰ ਕਾਇਮ ਕਰਨਾ ਚਾਹੀਦਾ ਹੈ। ਵਿਆਹ ਸ਼ਾਦੀਆਂ ਵਿੱਚ
ਸਾਦਗੀ ਲਿਆਉਣੀ ਚਾਹੀਦੀ ਹੈ। ਇਹ ਕੰਮ ਪਿੰਡਾਂ ਦੀਆਂ ਪੰਚਾਇਤਾਂ ਕਰ ਸਕਦੀਆਂ ਹਨ। ਬਹੁਤ ਸਾਰੇ
ਪਿੰਡਾਂ ਵਿੱਚ ਨੌਜਵਾਨਾਂ ਦੇ ਕਲੱਬ ਬਣੇ ਹੋਏ ਹਨ ਜਿਸ ਬਹੁਤ ਸੂਝਵਾਨ ਨੌਜਵਾਨ ਕੰਮ ਕਰ ਰਹੇ ਹਨ
ਉਨ੍ਹਾਂ ਨੌਜਵਾਨਾਂ ਨੂੰ ਉਸਾਰੂ ਭੂਮਕਾ ਨਿਭਾਉਣੀ ਚਾਹੀਦੀ ਹੈ। ਦੇਸ ਵਿਦੇਸ਼ ਸਭ ਸਹਿੰਦੇ ਪਰਵਾਰਾਂ
ਨੂੰ ਬੇਨਤੀ ਹੈ ਕਿ ਸੜਕਾਂ `ਤੇ ਬੇ ਲੋੜੇ ਗੇਟ ਬਣਾਉਣ ਦੀ ਥਾਂ `ਤੇ ਪਿੰਡ ਦੇ ਨੌਜਵਾਨਾਂ ਨੂੰ ਮੋੜਨ
ਯੋਗ ਪੈਸੇ ਦੇ ਕੇ ਉਨ੍ਹਾਂ ਨੂੰ ਕੋਈ ਕਿਰਤ ਸ਼ੂਰੂ ਕਰਾਓ ਤਾਂ ਕੇ ਉਹ ਆਪਣੇ ਪਰਵਾਰਾਂ ਦੀ ਸੰਭਾਲ਼ ਕਰ
ਸਕਣ।
ਪਿੰਡਾਂ ਦਿਆਂ ਬੱਚਿਆਂ ਲਈ ਸਾਰਥਕ ਯਤਨ।
ਡਾਕਟਰ ਸਰਦਾਰਾ ਸਿੰਘ ਜੋਹਲ ਜ਼ਿੰਦਗੀ ਦਾ ਜ਼ਿਆਦਾ ਸਮਾਂ ਖੇਤੀ ਬਾੜੀ ਦੇ ਮਹਿਕਮੇ ਦੇ ਉੱਚ
ਅਹੁਦਿਆਂ `ਤੇ ਰਹਿ ਕੇ ਬਹੁਤ ਕੰਮ ਕੀਤਾ ਹੈ। ਇਹ ਇੱਕ ਵੱਖਰਾ ਮੁੱਦਾ ਹੈ ਕਿ ਸਰਕਾਰ ਨੇ ਉਨ੍ਹਾਂ
ਪਾਸੋ ਰਾਏ ਜ਼ਰੂਰੀ ਲਈਆਂ ਹਨ ਪਰ ਲਾਗੂ ਕੋਈ ਵੀ ਨਹੀਂ ਕੀਤੀ—ਉਹ ਲਿਖਦੇ ਹਨ—ਅੱਜ ਕਲ੍ਹ ਜ਼ਮਾਨਾ
ਮਸ਼ੀਨਰੀ ਦਾ ਹੈ। ਸਹਿਕਾਰੀ ਸਰਵਿਸ ਸੈਂਟਰ ਬਣਾਏ ਜਾ ਸਕਦੇ ਹਨ। ਪ੍ਰਾਈਵੇਟ ਸੈਂਟਰ ਵੀ ਹੋ ਸਕਦੇ ਹਨ।
ਕਿਸੇ ਨੂੰ ਹਲ਼ ਦੀ ਲੋੜ ਹੈ, ਕਿਸੇ ਨੂੰ ਕਰਾਹੇ ਦੀ, ਕਿਸੇ ਨੂੰ ਟਰਾਲੀ ਦੀ ਜਾਂ ਕੰਬਾਇਨ ਦੀ। ਹਰ
ਕਿਰਸਾਨ ਨੂੰ ਸੰਦ ਰੱਖਣ ਦੀ ਲੋੜ ਨਹੀਂ। ਕਰਾਏ ਤੇ ਲੈ ਕੇ ਕੰਮ ਸਾਰਿਆ ਜਾ ਸਕਦਾ ਹੈ। ਵਹਾਈ ਢੁਹਾਈ
ਕਿਰਾਏ ਦੇ ਟ੍ਰੈਕਟਰਾਂ ਨਾਲ ਕੀਤੀ ਜਾ ਸਕਦੀ ਹੈ। ਵਾਹੀ ਖੇਤੀ ਦੇ ਨਿੱਕੇ ਨਿੱਕੇ ਕੰਮ ਆਪਣੇ ਹੱਥੀਂ
ਕਰਨੇ ਚਾਹੀਦੇ ਹਨ। ਇਹਦੇ ਲਈ ਲੇਬਰ ਦੀ ਲੋੜ ਨਹੀਂ ਹੁੰਦੀ। ਮੁੰਡੇ ਕੰਮ ਕਰਨਗੇ ਤਾਂ ਨਸ਼ਿਆਂ ਤੋਂ
ਬਚੇ ਰਹਿਣਗੇ।
ਪਿੰਡਾਂ ਵਿੱਚ ਖੇਡ ਮੈਦਾਨ ਬਣਾਓ, ਦੇਸੀ ਤੇ ਸਸਤੀਆਂ ਖੇਡਾਂ ਰੱਖੋ। ਘੋਲ਼ ਕਬੱਡੀ, ਦੌੜਾਂ, ਨਿਜ਼ਾ
ਸੁੱਟਣਾ, ਪਾਥੀ ਸੁਟਣੀ, ਭਾਰ ਚੁੱਕਣਾ, ਫੁੱਟਬਾਲ, ਵਾਲੀਬਾਲ, ਤੇ ਬਾਸਕਟਬਾਲ ਬਗੈਰਾ ਬਹੁਤੇ ਖਰਚੇ
ਨਹੀਂ ਮੰਗਦੀਆਂ। ਨਾਲ ਹਰ ਪਿੰਡ ਵਿੱਚ ਲਾਇਬ੍ਰੇਰੀ ਹੋਵੇ। ਜਦੋਂ ਇਹ ਸਾਰੇ ਕੰਮ ਹੋਣਗੇ ਤਾਂ ਪੈਸਾ
ਖੇਤੀ ਵਿੱਚ ਫਲੋਅ ਕਰੇਗਾ ਤੇ ਕਿਸਾਨ ਦੀ ਜੇਬ `ਚ ਆਏਗਾ। ਜੇ ਕੋਈ ਕਹੇ ਸਾਰੀ ਸਮੱਸਿਆ ਖੇਤੀ ਨਾਲ
ਹੱਲ ਹੋ ਜਾਏ ਉਹ ਨਹੀਂ ਹੋ ਸਕਦੀ। ਸੰਘਰਸ਼ ਚਲਦੇ ਰਹਿਣਗੇ। ਕਈ ਵਾਰੀ ਖੇਤੀ ਕੁਦਰਤ ਦੀ ਕਰੋਪੀ ਦਾ ਵੀ
ਸ਼ਿਕਾਰ ਹੋ ਜਾਂਦੀ ਹੈ ਤਾਂ ਜੇ ਮਾਨਸਕ ਬਲ ਤਕੜਾ ਹੈ ਤਾਂ ਹੁਣ ਵਾਂਗ ਖੁਦਕਸ਼ੀ ਨਹੀਂ ਕਰੇਗਾ।
ਡਾਕਟਰ ਜੋਹਲ ਕਹਿੰਦੇ ਹਨ ਕਿ ਇੱਕ ਵੀ ਖੁਦਕਸ਼ੀ ਕਿਉਂ ਹੋਵੇ? ਇਸ ਦਾ ਇਲਾਜ ਮੈਂ ਦਸ ਚੁੱਕਾ ਹਾਂ।
ਯੂਨੀਅਨਿਸਟ ਗੌਰਮਿੰਟ ਦੇ ਜ਼ਮਾਨੇ ਵਿੱਚ ਸਰਕਾਰ ਨੇ ਇੱਕ ਰੀਕਨਸੀਲੇਸ਼ਨ ਬੋਰਡ ਬਣਾ ਦਿੱਤਾ ਸੀ ਜੀਹਦਾ
ਹੈੱਡ ਜੱਜ ਹੁੰਦਾ ਸੀ। ਉਹ ਕਰਜ਼ਾ ਲੈਣ ਤੇ ਦੇਣ ਵਾਲੇ ਦੀ ਸੈਟਲਮੈਂਟ ਕਰਵਾ ਦੇਂਦਾ ਸੀ। ਕਿਰਸਾਨ ਕੋਲ
ਉਹ ਆਖ਼ਰੀ ਦਰਵਾਜ਼ਾ ਸੀ। ਹੁਣ ਵੀ ਐਸਾ ਹੋਣਾ ਚਾਹੀਦਾ ਹੈ, ਜੇ ਐਸਾ ਹੁੰਦਾ ਹੈ ਤਾਂ ਕਰਜ਼ਾਈ ਕਿਰਸਾਨ
ਖੁਦਕਸ਼ੀ ਨਹੀਂ ਕਰੇਗਾ। ਉਹ ਸਿੱਧਾ ਬੋਰਡ ਕੋਲ ਜਾਏਗਾ। ਮੈਂ ਇਹ ਤਾਂ ਨਹੀਂ ਕਹਿੰਦਾ ਬਈ ਖੁਦਕਸ਼ੀਆਂ
ਬਿਲਕੁਲ ਬੰਦ ਹੋ ਜਾਣਗੀਆਂ ਕਿਉਂਕਿ ਖੁਦਕਸ਼ੀਆਂ ਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ। ਘਰੇਲੂ ਝਗੜੇ ਵੀ
ਹੋ ਸਕਦੇ ਨੇ। ਕੋਈ ਜਨੈਟਿਕ ਕਾਰਨ ਵੀ ਹੋ ਸਕਦਾ ਹੈ।